ਤੁਸੀਂ ਚਾਹੋ ਤਾਂ ਆਪਣੀ ਪ੍ਰੋਫਾਈਲ ਛੁਪਾ ਕੇ ਰੱਖ ਸਕਦੇ ਹੋ, ਇਹ ਸਿਰਫ਼ ਤੁਹਾਡੇ ਨਾਲ ਸਿੱਧੇ ਰੂਪ ਵਿਚ ਜੁੜੇ ਵਿਅਕਤੀ ਹੀ ਇਸ ਨੂੰ ਵੇਖ ਸਕਦੇ ਹਨ। ਇਸੇ ਤਰ੍ਹਾਂ ਤੁਸੀਂ ਆਪਣੀ ਪ੍ਰੋਫਾਈਲ ਨੂੰ ਨੈੱਟਵਰਕ (ਸਾਈਟ) ਨਾਲ ਜੁੜੇ ਸਾਰੇ ਵਰਤੋਂਕਾਰਾਂ ਦੇ ਦੇਖਣ ਲਈ ਰੱਖ ਸਕਦੇ ਹੋ। ਆਪਣੀ ਪ੍ਰੋਫਾਈਲ ਨੂੰ ਛੁਪਾਉਣਾ ਜਾਂ ਵਿਖਾਉਣਾ ਤੁਹਾਡੇ ਖ਼ੁਦ 'ਤੇ ਨਿਰਭਰ ਤਾਂ ਕਰਦਾ ਹੀ ਹੈ ਸਬੰਧਿਤ ਵੈੱਬਸਾਈਟ 'ਤੇ ਵੀ ਨਿਰਭਰ ਕਰਦਾ ਹੈ ਕਿ ਉਸ ਨੇ ਕਿਸ ਤਰ੍ਹਾਂ ਦੀ ਸਹੂਲਤ ਦਿਵਾਈ ਹੈ। ਮਿਸਾਲ ਵਜੋਂ ਜੇਕਰ ਫੇਸਬੁਕ ਦਾ ਵਰਤੋਂਕਾਰ ਚਾਹੇ ਤਾਂ ਆਪਣੀ ਪ੍ਰੋਫਾਈਲ ਸਾਈਟ ਨਾਲ ਜੁੜੇ ਸਭਨਾਂ ਵਰਤੋਂਕਾਰਾਂ ਦੇ ਵੇਖਣ ਲਈ ਰੱਖ ਸਕਦਾ ਹੈ।
ਟਿੱਪਣੀਆਂ
ਸਮਾਜਿਕ ਨੈੱਟਵਰਕ ਸਾਈਟਾਂ ਵਿਚ ਤੁਹਾਡੇ ਨਾਲ ਜੁੜੇ ਹੋਏ ਜਾਂ ਸਾਰੇ ਦੋਸਤਾਂ ਦੀ ਪ੍ਰੋਫਾਈਲ ਵਿਚ ਕੋਈ ਸੰਦੇਸ਼ ਛੱਡਣ ਦੀ ਖ਼ਾਸ ਵਿਸ਼ੇਸ਼ਤਾ ਹੁੰਦੀ ਹੈ। ਇਸ ਵਿਸ਼ੇਸ਼ਤਾ ਨੂੰ ਕਮੈਂਟਸ ਜਾਂ ਟਿੱਪਣੀਆਂ ਕਿਹਾ ਜਾਂਦਾ ਹੈ। ਓਰਕੁਟ ਵਿਚ ਇਸ ਵਿਸ਼ੇਸ਼ਤਾ ਨੂੰ ਸਕਰੈਪਬੁਕ ਕਿਹਾ ਜਾਂਦਾ ਹੈ। ਸਮਾਜਿਕ ਨੈੱਟਵਰਕ ਸਾਈਟਾਂ 'ਤੇ ਇੱਕ ਪਾਸੜ ਸੰਪਰਕ ਨੂੰ ਫੈਨਜ਼ (Fans) ਜਾਂ ਫੋਲਵਰਜ਼ (Followers) ਦੇ ਨਾਂ ਨਾਲ ਲੇਬਲ ਕੀਤਾ ਜਾਂਦਾ ਹੈ।
ਹੋਰ ਸੁਵਿਧਾਵਾਂ
ਸਮਾਜਿਕ ਨੈੱਟਵਰਕ ਸਾਈਟਾਂ ਵਿਚ ਪ੍ਰੋਫਾਈਲ ਅਤੇ ਟਿੱਪਣੀਆਂ ਦੇ ਨਾਲ-ਨਾਲ ਫਰੈਂਡਜ਼, ਕਮੈਂਟਸ ਅਤੇ ਪ੍ਰਾਈਵੇਟ ਮੈਸੇਜਿੰਗ ਦੀ ਵਿਸ਼ੇਸ਼ਤਾ ਵੀ ਹੁੰਦੀ ਹੈ। ਕਈ ਸਾਈਟਾਂ ਵਿਚ ਤਾਂ ਫ਼ੋਟੋ ਅਤੇ ਵੀਡੀਓ ਸਾਂਝਦਾਰੀ (sharing) ਅਤੇ ਵਾਇਸ ਚੈਟਿੰਗ ਦੀ ਸੁਵਿਧਾ ਵੀ ਸ਼ੁਮਾਰ ਹੋ ਗਈ ਹੈ। ਹੋਰ ਤਾਂ ਹੋਰ ਕਈਆਂ ਵਿਚ ਬਲੌਗਿੰਗ ਅਤੇ ਇਨਸਟੈਂਟ ਮੈਸੇਜਿੰਗ ਦੀ ਸੁਵਿਧਾ ਵੀ ਉਪਲਬਧ ਹੈ। ਕਈਆਂ ਵਿਚ ਮੋਬਾਈਲ ਫ਼ੋਨ ਦੇ ਜ਼ਰੀਏ ਸਮਾਜਿਕ ਨੈੱਟਵਰਕ ਸਾਈਟਾਂ ਨਾਲ ਜੁੜਨ ਦੀ ਸੁਵਿਧਾ ਹੈ। ਕਈ ਵੈੱਬਸਾਈਟਾਂ ਜਿਵੇਂ ਕਿ ਫੇਸਬੁਕ ਅਤੇ ਓਰਕੁਟ 'ਤੇ ਅਸੀਂ ਆਪਣਾ ਇਸ਼ਤਿਹਾਰ ਵੀ ਦੇ ਸਕਦੇ ਹਾਂ।
ਵਰਗੀਕਰਨ
ਆਮ ਤੌਰ 'ਤੇ ਸਮਾਜਿਕ ਨੈੱਟਵਰਕ ਸਾਈਟਾਂ ਨੂੰ ਕਿੱਤਾ, ਭੂਗੋਲਿਕ ਪਸਾਰਾ, ਧਰਮ ਜਾਂ ਭਾਸ਼ਾਈ ਖ਼ਿੱਤੇ ਦੇ ਆਧਾਰ 'ਤੇ ਵਰਗੀਕਰਨ ਕੀਤਾ ਜਾ ਸਕਦਾ ਹੈ। ਮਿਸਾਲ ਵਜੋਂ ਓਰਕੁਟ ਅਮਰੀਕਾ ਵਿਚ ਆਰੰਭ ਕੀਤੀ ਗਈ ਜਿਸ ਕਾਰਨ ਇਸ 'ਤੇ ਬਹੁਗਿਣਤੀ ਵਰਤੋਂਕਾਰ ਅੰਗਰੇਜ਼ੀ ਜਾਣਨ ਵਾਲੇ ਹੀ ਹਨ। ਸੋ ਸਪਸ਼ਟ ਹੈ ਕਿ ਅਜਿਹੀਆਂ ਅਨੇਕਾਂ ਵੈੱਬਸਾਈਟਾਂ ਨੂੰ ਜਾਤੀ, ਨਸਲ, ਧਰਮ, ਲਿੰਗ, ਰਾਜਨੀਤੀ ਜਾਂ ਹੋਰਨਾਂ ਪਛਾਣ ਚਿੰਨ੍ਹਾਂ ਦੇ ਆਧਾਰ 'ਤੇ ਵਰਗੀਕਰਨ ਕਰ ਕੇ ਸਥਾਪਿਤ ਕੀਤਾ ਗਿਆ ਹੈ। ਇੱਥੋਂ ਤੱਕ ਕਿ ਜਾਨਵਰਾਂ ਦੇ ਰੰਗ, ਨਸਲ, ਕੱਦ ਆਦਿ ਨਾਲ ਸਬੰਧਿਤ ਪ੍ਰੋਫਾਈਲ ਨੂੰ ਇੰਟਰਨੈੱਟ 'ਤੇ ਪਾਉਣ ਲਈ ਕਈ ਵੱਖਰੀਆਂ ਸਮਾਜਿਕ ਨੈੱਟਵਰਕਿੰਗ ਸਾਈਟਾਂ ਬਣਾਈਆਂ ਗਈਆਂ ਹਨ। ਮਿਸਾਲ ਵਜੋਂ ਅਜਿਹੀਆਂ ਸਾਈਟਾਂ 'ਤੇ ਕੁੱਤਿਆਂ (Dogster), ਬਿੱਲੀਆਂ (Catster) ਦੀਆਂ ਪ੍ਰੋਫਾਈਲਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਬੜੀ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਹੋਇਆ ਹੈ।
ਆਪਣੀ ਭਾਸ਼ਾ ਵਿਚ ਲਿਖੋ
ਤੁਸੀਂ ਫੇਸਬੁਕ, ਓਰਕੁਟ, ਟਵੀਟਰ ਆਦਿ ਵੈੱਬਸਾਈਟਾਂ ਉੱਤੇ ਆਪਣੀ ਖੇਤਰੀ ਭਾਸ਼ਾ ਵਿਚ ਕੰਮ ਕਰ ਸਕਦੇ ਹੋ। ਇਹ ਵੈੱਬਸਾਈਟਾਂ ਅੰਗਰੇਜ਼ੀ ਦੇ ਨਾਲ-ਨਾਲ ਅਰਬੀ, ਚੀਨੀ, ਹਿੰਦੀ, ਪੰਜਾਬੀ ਆਦਿ ਭਾਸ਼ਾਵਾਂ ਨੂੰ ਪੂਰਾ ਸਮਰਥਨ ਦਿੰਦੀਆਂ ਹਨ। ਆਪਣੀ ਖੇਤਰੀ ਭਾਸ਼ਾ ਵਿਚ ਕੰਮ ਕਰਨ ਲਈ ਇੱਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਤੁਹਾਡਾ ਕੰਪਿਊਟਰ ਯੂਨੀਕੋਡ ਵਿਚ ਕੰਮ ਕਰਨ ਦੇ ਯੋਗ ਹੋਵੇ।
ਸਰਵੇਖਣ ਦੀ ਰਿਪੋਰਟ
ਈ-ਵਪਾਰ ਅਤੇ ਐਮ. ਬੀ. ਏ. ਬਾਰੇ ਵੈੱਬਸਾਈਟ ਈ.ਬਿਜ਼.ਐਮ.ਬੀ.ਏ. ਡਾਟ ਕਾਮ (ebizmba.com) 'ਤੇ ਸਮਾਜਿਕ ਨੈੱਟਵਰਕ ਸਾਈਟਾਂ ਦੀ ਲੋਕਪ੍ਰਿਅਤਾ ਬਾਰੇ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਦੀ ਅਪ੍ਰੈਲ 2011 ਵਿਚ ਛਾਇਆ ਹੋਈ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਫੇਸਬੁਕ ਸਭ ਤੋਂ ਹਰਮਨ-ਪਿਆਰੀ ਵੈੱਬਸਾਈਟ ਹੈ। ਰਿਪੋਰਟ ਅਨੁਸਾਰ ਫੇਸਬੁਕ 'ਤੇ 60 ਕਰੋੜ ਲੋਕ ਜੁੜੇ ਹੋਏ ਹਨ। ਇਸ ਰਿਪੋਰਟ ਵਿਚ ਟਵੀਟਰ ਨੂੰ ਦੂਸਰਾ ਦਰਜਾ ਦਿੱਤਾ ਗਿਆ ਜਿਸ 'ਤੇ 9 ਕਰੋੜ 58 ਲੱਖ ਲੋਕ ਜੁੜੇ ਹੋਏ ਹਨ। ਇਸੇ ਪ੍ਰਕਾਰ ਮਾਈ ਸਪੇਸ (8 ਕਰੋੜ 5 ਲੱਖ), ਕਲਾਸ ਮੇਟ (2 ਕਰੋੜ 90 ਲੱਖ), ਫਰੈਂਡਸਟਰ (5 ਕਰੋੜ) ਅਤੇ ਓਰਕੁਟ (4 ਕਰੋੜ 50 ਲੱਖ) ਦੀ ਸਾਈਟ ਵੀ 15 ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਵੈੱਬਸਾਈਟਾਂ ਦੀ ਸੂਚੀ ਵਿਚ ਸ਼ਾਮਿਲ ਹੈ।
ਸੁਰੱਖਿਆ ਦਾ ਮੁੱਦਾ
ਸਮਾਜਿਕ ਨੈੱਟਵਰਕ ਸਾਈਟਾਂ 'ਤੇ ਸੁਰੱਖਿਆ ਲਈ ਹੇਠਾਂ ਲਿਖੇ ਕੁੱਝ ਸਿੱਕੇਬੰਦ ਤਰੀਕੇ ਅਪਣਾਉਣੇ ਚਾਹੀਦੇ ਹਨ:
• ਸਿੱਧੇ ਸੰਦੇਸ਼ ਰਾਹੀਂ ਆਏ ਕਿਸੇ ਅਣਪਛਾਤੇ/ਸ਼ੱਕੀ ਲਿੰਕ ਨੂੰ ਨਾ ਖੋਲ੍ਹੋ। ਸਾਈਬਰ ਅਪਰਾਧੀ ਵਰਤੋਂਕਾਰਾਂ ਨੂੰ ਝਾਂਸਾ ਦੇ ਕੇ ਉਨ੍ਹਾਂ ਦਾ ਨਾਂ ਅਤੇ ਪਾਸਵਰਡ ਚੋਰੀ ਕਰ ਸਕਦੇ ਹਨ। ਕਈ ਵਾਰ ਸ਼ੱਕੀ ਲਿੰਕ ਤੇ ਕਲਿੱਕ ਕਰਦਿਆਂ ਵਰਤੋਂਕਾਰ ਕਿਸੇ ਫ਼ਰਜ਼ੀ ਵੈੱਬਸਾਈਟ ਤੇ ਪਹੁੰਚ ਜਾਂਦਾ ਹੈ। ਇਹ ਵੀ ਹੋ ਸਕਦਾ ਹੈ ਕਿ ਵੈੱਬਸਾਈਟ ਦਾ ਇਹ ਪੰਨਾ ਤੁਹਾਡੀ ਵੈੱਬਸਾਈਟ ਦੇ ਹੋਮ ਪੰਨੇ ਵਰਗਾ ਹੀ ਨਜ਼ਰ ਆਵੇ ਤੇ ਤੁਹਾਨੂੰ ਧੋਖੇ ਦੀ ਵਾਰਦਾਤ ਦੀ ਭੋਰਾ ਵੀ ਭਿਣਕ ਨਾ ਪਵੇ।
• ਵਰਤੋਂਕਾਰ ਨੂੰ ਆਪਣੇ ਖਾਤੇ ਦਾ ਪਾਸਵਰਡ ਔਖਾ ਰੱਖਣਾ ਚਾਹੀਦਾ ਹੈ। ਇਹ ਇੰਨਾ ਔਖਾ ਵੀ ਨਾ ਹੋਵੇ ਕਿ ਤੁਹਾਨੂੰ ਖ਼ੁਦ ਨੂੰ ਭੁੱਲ ਜਾਵੇ ਤੇ ਦੂਜੇ ਪਾਸੇ ਇੰਨਾ ਸੌਖਾ ਵੀ ਨਾ ਹੋਵੇ ਕਿ ਇਹ ਹਰੇਕ ਨੂੰ ਪਤਾ ਲੱਗ ਜਾਵੇ।
• ਸਾਰੀਆਂ ਥਾਵਾਂ ਤੇ ਇੱਕੋ ਜਿਹੇ ਪਾਸਵਰਡ ਦੀ ਵਰਤੋਂ ਨਾ ਕਰੋ।
• ਜੇਕਰ ਇਹ ਸ਼ੱਕ ਪੈ ਜਾਵੇ ਕਿ ਸਾਡੇ ਖਾਤੇ ਰਾਹੀਂ ਕੋਈ ਇਤਰਾਜ਼ਯੋਗ ਸੰਦੇਸ਼ ਭੇਜਿਆ ਗਿਆ ਹੈ ਤਾਂ ਆਪਣਾ ਪਾਸਵਰਡ ਫ਼ੌਰਨ ਬਦਲ ਲਓ। ਖਾਤਾ ਖੋਲ੍ਹਦੇ ਸਮੇਂ ਆਮ ਵਰਤੋਂਕਾਰ ਪਾਸਵਰਡ 1234 ਜਾਂ Password ਰੱਖ ਲੈਂਦੇ ਹਨ ਜਿਸ ਦਾ ਸਹਿਜੇ ਹੀ ਪਤਾ ਲਗਾਇਆ ਜਾ ਸਕਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਟਵੀਟਰ ਦੀ ਸੁਰੱਖਿਆ ਟੀਮ ਨੇ ਪਾਸਵਰਡ 1234 ਜਾਂ Password ਰੱਖਣ ਤੇ ਰੋਕ ਲਗਾ ਦਿੱਤੀ ਹੈ।
• ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
• ਆਪਣਾ ਖਾਤਾ ਖੋਲ੍ਹਣ ਲਈ ਕਿਸੇ ਹੋਰ ਦਾ ਪੀ. ਸੀ. ਜਾਂ ਲੈਪਟਾਪ ਨਾ ਵਰਤੋ।
• ਖਾਤਾ ਖੋਲ੍ਹਣ ਸਮੇਂ ਆਪ ਵੱਲੋਂ ਸੁਰੱਖਿਆ ਸਬੰਧੀ ਪੁੱਛਿਆ ਗਿਆ ਸਵਾਲ (Security question) ਹਮੇਸ਼ਾ ਯਾਦ ਰੱਖੋ।
• ਖਾਤਾ ਖੋਲ੍ਹਣ ਸਮੇਂ ਸੈਕੰਡਰੀ ਪਤਾ ਦੇਣਾ ਨਾ ਭੁੱਲੋ।
ਫੇਸਬੁਕ
ਫੇਸਬੁਕ ਦੁਨੀਆ ਭਰ ਦੀਆਂ ਸਮਾਜਿਕ ਨੈੱਟਵਰਕ ਸਾਈਟਾਂ ਵਿਚੋਂ ਸਭ ਤੋਂ ਵੱਧ ਹਰਮਨ-ਪਿਆਰੀ ਵੈੱਬਸਾਈਟ ਹੈ। ਇਸ ਵੈੱਬਸਾਈਟ ਨਾਲ 60 ਕਰੋੜ ਦੇ ਕਰੀਬ ਵਰਤੋਂਕਾਰ ਜੁੜੇ ਹੋਏ ਹਨ।
ਫੇਸਬੁਕ 'ਤੇ ਸੰਪਰਕ ਸੇਜੋ।
ਸੰਪਰਕ ਸੂਚੀ ਦੇ ਕਿਸੇ ਵੀ ਨਾਂ 'ਤੇ,
ਕਲਿੱਕ ਕਰ ਕੇ ਸੰਦੇਸ਼ ਭੇਜੋ।
ਲੱਭਣਾ ਚਾਹੋ ਜੇ ਕੋਈ ਮਿੱਤਰ।
ਫੇਸਬੁਕ ਵਿਚ ਖਾਤਾ ਖੋਲ੍ਹੋ,
ਤੇ ਬਣਾਓ ਇਸ 'ਤੇ ਰੇਖਾ-ਚਿੱਤਰ।
ਫੇਸਬੁੱਕ ਇੱਕ ਸਮਾਜਿਕ ਨੈੱਟਵਰਕ ਸਾਈਟ ਹੈ। ਇਸ ਦੀ ਸ਼ੁਰੂਆਤ ਫਰਵਰੀ 2004 ਵਿਚ ਅਮਰੀਕਾ ਵਿਚ ਹੋਈ। ਫੇਸਬੁੱਕ ਵਿਚ ਕੋਈ ਵਿਅਕਤੀ ਆਪਣੀ ਪ੍ਰੋਫਾਈਲ ਬਣਾ ਸਕਦਾ ਹੈ, ਦੋਸਤਾਂ-ਮਿੱਤਰਾਂ ਦੀ ਸੂਚੀ ਤਿਆਰ ਕਰ ਸਕਦਾ ਹੈ ਤੇ ਉਨ੍ਹਾਂ ਨੂੰ ਸੰਦੇਸ਼ ਭੇਜ ਸਕਦਾ ਹੈ।ਫੇਸਬੁਕ 'ਤੇ ਆਪਣਾ ਗਰੁੱਪ ਜਾਂ ਪੇਜ ਬਣਾ ਕੇ ਕਿਸੇ ਧਰਮ, ਭਾਈਚਾਰੇ ਭਾਸ਼ਾ, ਤਕਨੀਕ ਆਦਿ ਬਾਰੇ ਖੁੱਲ੍ਹੀ ਚਰਚਾ ਕਰ ਸਕਦੇ ਹੋ। ਫੇਸਬੁਕ ਸਾਨੂੰ ਫਲੈਸ਼ ਗੇਮਾਂ ਦੀ ਸੁਵਿਧਾ ਵੀ ਮੁਹੱਈਆ ਕਰਵਾਉਂਦੀ ਹੈ।
ਫੇਸਬੁਕ ਨੇ ਮਨੁੱਖੀ ਜ਼ਿੰਦਗੀ ਨੂੰ ਬੜਾ ਨੇੜਿਉਂ ਪ੍ਰਭਾਵਿਤ ਕੀਤਾ ਹੈ। ਇਸ ਨੇ ਦੁਨੀਆ ਦੇ ਕਈ ਵਿੱਛੜੇ ਵਿਅਕਤੀਆਂ ਨੂੰ ਮਿਲਾਇਆ ਹੈ, ਬਿਗਾਨਿਆਂ ਨੂੰ ਗਲਵੱਕੜੀ ਪਾ ਕੇ ਆਪਣਾ ਬਣਾਇਆ ਹੈ ਤੇ ਪਾਕ-ਪਵਿੱਤਰ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ।
ਟਵੀਟਰ
ਟਵੀਟਰ ਇੱਕ ਅਜਿਹੀ ਵੈੱਬਸਾਈਟ ਹੈ ਜੋ ਸਮਾਜਿਕ ਨੈੱਟਵਰਕਿੰਗ ਅਤੇ ਮਾਈਕ੍ਰੋ-ਬਲੌਗਿੰਗ (ਲਘੂ ਸੰਦੇਸ਼) ਦੀ ਸੇਵਾ ਮੁਹੱਈਆ ਕਰਾਉਂਦੀ ਹੈ। ਇਸ ਦੀ ਮਦਦ ਨਾਲ ਲਘੂ ਸੰਦੇਸ਼ ਭੇਜੇ ਅਤੇ ਪੜ੍ਹੇ ਜਾ ਸਕਦੇ ਹਨ। ਜਿਨ੍ਹਾਂ ਨੂੰ ਟਵੀਟਸ (Tweets) ਜਾਂ ਰਿਰਵਰ ਕਿਹਾ ਜਾਂਦਾ ਹੈ। ਟਵੀਟਸ ਪਾਠ ਆਧਾਰਿਤ ਸੰਦੇਸ਼ ਹੁੰਦੇ ਹਨ। ਜਿਨ੍ਹਾਂ ਦਾ ਆਕਾਰ 140 ਅੱਖਰ ਤੱਕ ਹੁੰਦਾ ਹੈ ਤੇ ਇਹ ਸਾਡੀ ਪ੍ਰੋਫਾਈਲ ਦੇ ਪੰਨੇ 'ਤੇ ਨਜ਼ਰ ਆਉਂਦੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਹ (ਟਵੀਟਸ) ਵਰਤੋਂਕਾਰ ਦੇ ਫਲੋਅਰ ਨੂੰ ਭੇਜੇ ਜਾਂਦੇ ਹਨ।ਟਵੀਟਰ ਉੱਤੇ ਟਵੀਟਸ ਭੇਜਣ ਦੀ ਸੁਵਿਧਾ ਮੁਫ਼ਤ ਹੈ ਪਰ SMS ਭੇਜਣ ਦੀ ਸੁਰਤ ਵਿਚ ਫ਼ੋਨ ਸੇਵਾ ਵਰਤਣ ਵਾਲੇ ਨੂੰ ਕੀਮਤ ਤਾਰਨੀ ਪੈਂਦੀ ਹੈ।
ਟਵੀਟਰ ਮਾਰਚ 2006 ਵਿਚ ਜੈਕ ਡੋਰਸੇਈ ਵੱਲੋਂ ਤਿਆਰ ਕੀਤੀ ਗਈ ਤੇ ਤਿੰਨ ਮਹੀਨਿਆਂ ਮਗਰੋਂ ਜਾਰੀ ਕੀਤੀ ਗਈ। ਟਵੀਟਰ ਸਾਨੂੰ ਇੰਟਰਨੈੱਟ ਰਿਲੇ-ਚਾਟ (IRC) ਦੀ ਸੇਵਾ ਵੀ ਮੁਹੱਈਆ ਕਰਵਾਉਂਦੀ ਹੈ। ਟਵੀਟਰ ਦਾ ਵਰਤੋਂਕਾਰਾਂ ਨਾਲ ਸੰਪਰਕ 'ਰੁਬੀ ਆਨ ਰੇਲਜ਼' (Ruby on Rails) ਫਰੇਮ ਵਰਕ 'ਤੇ ਆਧਾਰਿਤ ਹੈ। 30 ਅਪ੍ਰੈਲ 2009 ਵਿਚ ਟਵੀਟਰ ਨੇ ਆਪਣੇ ਪੰਨੇ ਤੇ ਸਰਚ ਬਾਰ (ਖੋਜ ਪੱਟੀ) ਅਤੇ ਸਾਈਡ ਬਾਰ ਦੀ ਸੁਵਿਧਾ ਪ੍ਰਦਾਨ ਕਰਵਾਈ।
ਟਵੀਟਰ ਉੱਤੇ ਭੇਜੇ ਜਾਣ ਵਾਲੇ ਸੰਦੇਸ਼ ਜਨਤਕ ਹੁੰਦੇ ਹਨ ਪਰ ਜੇਕਰ ਵਰਤੋਂਕਾਰ ਚਾਹੇ ਤਾਂ ਪ੍ਰਾਈਵੇਟ (ਨਿੱਜੀ) ਸੰਦੇਸ਼ ਵੀ ਭੇਜੇ ਜਾ ਸਕਦੇ ਹਨ। ਟਵੀਟਰ ਦਾ ਜਾਦੂ ਦੂਸਰੀਆਂ ਸਮਾਜਿਕ ਨੈੱਟਵਰਕ ਸਾਈਟਾਂ ਜਿਵੇਂ ਕਿ ਫੇਸਬੁਕ, ਮਾਈ ਸਪੇਸ ਆਦਿ 'ਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਟਵੀਟਰ ਦਾ ਮੁੱਖ ਕੰਮ ਇਹ ਪਤਾ ਕਰਨਾ ਹੁੰਦਾ ਹੈ ਕਿ ਕਿਸੇ ਖ਼ਾਸ ਸਮੇਂ ਕੋਈ ਵਿਅਕਤੀ ਕੀ ਕਰ ਰਿਹਾ ਹੈ।
ਓਰਕੁਟ
ਓਰਕੁਟ ਪ੍ਰਸਿੱਧ ਸਮਾਜਿਕ ਨੈੱਟਵਰਕ ਹੈ ਜੋ ਗੂਗਲ ਸਮੂਹ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ। ਇਸ ਦਾ ਨਾਂ ਗੂਗਲ ਸਮੂਹ ਦੇ ਇੱਕ ਕਰਮਚਾਰੀ ਓਰਕੁਟ ਬਿਊ-ਕਾਕਟੇਨ ਦੇ ਨਾਂ 'ਤੇ ਰੱਖਿਆ ਗਿਆ। ਇਹ ਵਰਤੋਂਕਾਰਾਂ ਲਈ ਨਵੇਂ ਦੋਸਤ ਬਣਾਉਣ ਅਤੇ ਵਰਤਮਾਨ ਸਬੰਧ ਬਣਾਈ ਰੱਖਣ ਲਈ ਮਦਦਗਾਰ ਸਾਬਤ ਹੋਈ ਹੈ। ਇਹ ਵੈੱਬਸਾਈਟ ਕਰੀਬ 5 ਕਰੋੜ ਦੇ ਲੋਕਾਂ ਦੁਆਰਾ ਵਰਤੀ ਜਾ ਰਹੀ ਹੈ। ਓਰਕੁਟ ਦੀ ਸਭ ਤੋਂ ਵੱਧ ਵਰਤੋਂ ਬਰਾਜ਼ੀਲ ਵਿਚ ਕੀਤੀ ਜਾਂਦੀ ਹੈ ਤੇ ਭਾਰਤ ਦੂਸਰੇ ਸਥਾਨ 'ਤੇ ਆਉਂਦਾ ਹੈ। ਪਹਿਲਾਂ ਪਹਿਲ ਓਰਕੁਟ ਵਿਚ ਖਾਤਾ ਖੋਲ੍ਹਣ ਲਈ ਕਿਸੇ ਪੁਰਾਣੇ ਮੈਂਬਰ ਦੀ ਜ਼ਾਮਨੀ ਦੇਣੀ ਪੈਂਦੀ ਸੀ ਪਰ ਬਾਅਦ ਵਿਚ ਬਿਨਾਂ ਕਿਸੇ ਦੀ ਜ਼ਾਮਨੀ ਦੇ ਖਾਤਾ ਖੋਲ੍ਹਣ ਦੀ ਸੁਵਿਧਾ ਮੁਹੱਈਆ ਕਰਵਾਈ ਗਈ।
ਸਮੁਦਾਏ ਜਾਂ ਸਮੂਹ ਓਰਕੁਟ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇਸ ਸੇਵਾ ਤਹਿਤ ਕੋਈ ਮੈਂਬਰ ਆਪਣਾ ਵੱਖਰਾ ਖਾਤਾ ਬਣਾ ਸਕਦਾ ਹੈ। ਇਹ ਸਮੂਹ ਇੱਕੋ ਜਿਹੀ ਭਾਸ਼ਾ ਬੋਲਣ ਵਾਲਿਆਂ ਦਾ , ਇੱਕੋ ਭੂਗੋਲਿਕ ਖੇਤਰ ਵਿਚ ਰਹਿਣ ਵਾਲਿਆਂ ਦਾ, ਕਿਸੇ ਇੱਕ ਸਾਂਝੇ ਟੀਚੇ ਲਈ ਕੰਮ ਕਰਨ ਵਾਲੇ ਵਿਅਕਤੀਆਂ ਆਦਿ ਹੋ ਸਕਦਾ ਹੈ। ਓਰਕੁਟ ਵਿਚ ਇਸ ਸਮੇਂ ਲੱਖਾਂ ਸਮੂਹ ਹਨ।
Gurnam Shergill
Useful information indeed !