ਸੋਸ਼ਲ ਸਾਇਟਸ ਦੀਆਂ ਬੁਰਾਈਆਂ ਪ੍ਰਤੀ ਜਾਗਰੂਕਤਾ ਜ਼ਰੂਰੀ -ਅਨਾਮਿਕਾ ਸੈਣੀ
Posted on:- 19-09-2014
ਆਧੁਨਿਕ ਯੁੱਗ ਤਰੱਕੀ ਦਾ ਯੁੱਗ ਹੈ। ਹਰ ਖੇਤਰ ਵਿੱਚ ਲਗਾਤਾਰ ਤਰੱਕੀ ਹੋ ਰਹੀ ਹੈ। ਟੈਕਨਾਲੋਜੀ ਦੇ ਬਦਲਣ ਨਾਲ ਬਹੁਤ ਕੁੱਝ ਨਵਾਂ ਦੇਖਣ ਨੂੰ ਮਿਲਦਾ ਹੈ। ਖਾਸ ਤੌਰ ’ਤੇ ਬਦਲ ਰਹੀਆਂ ਤਕਨੀਕਾਂ ਬੱਚਿਆਂ ਲਈ ਬਹੁਤ ਅਸਰਦਾਰ ਹੋ ਰਹੀਆਂ ਹਨ। ਜੇਕਰ ਕੁੱਝ ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਸੁਨੇਹਾ ਭੇਜਣ ਲਈ ਚਿੱਠੀ ਪੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਆਧੁਨਿਕ ਯੁੱਗ ਵਿੱਚ ਮੋਬਾਇਲ ਫ਼ੋਨ ਆ ਚੁੱਕਾ ਹੈ, ਜਿਸ ਦੀ ਮੱਦਦ ਨਾਲ ਅਸੀਂ ਬੜੀ ਆਸਾਨੀ ਨਾਲ ਇੱਕ ਦੂਜੇ ਨਾਲ ਜੁੜ ਚੁੱਕੇ ਹਾਂ।
ਮੋਬਾਇਲ ਫ਼ੋਨ ਦੇ ਆਉਣ ਨਾਲ ਇੰਟਰਨੈੱਟ ਦੀ ਵਰਤੋਂ ਆਮ ਹੋ ਗਈ ਹੈ। ਅੱਜ ਦਾ ਜੋ ਰੁਝਾਨ ਹੈ, ਉਸ ਮੁਤਾਬਕ ਇੱਕ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਮੋਬਾਇਲ ਫ਼ੋਨ ’ਤੇ ਇੰਟਰਨੈੱਟ ਦੀ ਵਰਤੋਂ ਵੱਖਰੇ-ਵੱਖਰੇ ਤੌਰ ’ਤੇ ਕਰਨ ਲੱਗ ਪਏ ਹਨ, ਜੋ ਕਿ ਸਮਾਜਿਕ ਤਾਣੇ ਬਾਣੇ ਸਬੰਧੀ ਸੋਚਣ ਵਾਲੀ ਗੱਲ ਹੈ। ਇੰਟਰਨੈੱਟ ਦੀ ਵਧ ਰਹੀ ਵਰਤੋਂ ਨੇ ਫੇਸ ਬੁੱਕ ਅਤੇ ਵਟਸਐਪ ਜਿਹੀਆਂ ਸਾਇਟਾਂ ਦੀ ਵਰਤੋਂ ਨੂੰ ਲਗਭਗ ਜ਼ਰੂਰੀ ਜਿਹਾ ਬਣਾ ਦਿੱਤਾ ਹੈ। ਅੱਜ ਹਰ ਛੋਟਾ ਵੱਡਾ ਹਰ ਕੋਈ ਇਨ੍ਹਾਂ ਸਾਇਟਾਂ ਦਾ ਦੀਵਾਨਾ ਹੈ।
ਭਾਵੇਂ ਹਰ ਕੋਈ ਇਨ੍ਹਾਂ ਸਾਇਟਾਂ ਦੇ ਰੁਝਾਨ ਤੋਂ ਬਚ ਨਹੀਂ ਸਕਿਆ ਪਰ 12 ਤੋਂ 20 ਸਾਲ ਦੇ ਅੱਲੜ੍ਹ ਅਤੇ ਨੌਜਵਾਨ ਤਾਂ ਇਸ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਹਨ। ਇਹੋ ਸਾਇਟਾਂ ਹਨ, ਜਿਨ੍ਹਾਂ ਰਾਹੀਂ ਅਸੀਂ ਕੋਈ ਵੀ ਤਸਵੀਰ, ਆਡੀਓ, ਵੀਡੀਓ ਡਾਟਾ ਬੜੀ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਭੇਜ ਸਕਦੇ ਹਾਂ। ਆਧੁਨਿਕ ਯੁੱਗ ਵਿੱਚ ਸੋਸ਼ਲ ਨੈਟਵਰਕਿੰਗ ਸਾਇਟਾਂ ਨੂੰ ਵਰਤਣਾ ਆਮ ਜਿਹੀ ਗੱਲ ਮੰਨੀ ਜਾਂਦੀ ਹੈ ਕਿਉਂਕਿ ਇਹ ਸਹੂਲਤ ਬਹੁਤ ਵੱਡੀ ਹੈ। ਘਰ ਬੈਠੇ ਹੀ ਅਸੀਂ ਪੂਰੇ ਸੰਸਾਰ ਨੂੰ ਆਪਣੀ ਜੇਬ ਵਿੱਚ ਰੱਖਦੇ ਹਾਂ। ਦੋਸਤਾਂ ਮਿੱਤਰਾਂ ਨਾਲ ਦਿਲ ਦੀਆਂ ਗੱਲਾਂ ਖੋਲ੍ਹ ਕੇ ਕਰ ਸਕਦੇ ਹਾਂ। ਆਪਣੇ ਵਿਚਾਰਾਂ ਤੋਂ ਬਾਕੀਆਂ ਨੂੰ ਸੌਖੇ ਤਰੀਕੇ ਨਾਲ ਜਾਣੂ ਕਰਵਾ ਸਕਦੇ ਹਾਂ। ਪਰ ਹਕੀਕਤ ਵਿੱਚ ਹੋ ਕੀ ਰਿਹਾ ਹੈ?
ਇਨ੍ਹਾਂ ਸੋਸ਼ਲ ਸਾਇਟਾਂ ਦੇ ਫਾਇਦਿਆਂ ਦੇ ਨਾਲ ਹੀ ਵੱਡੇ ਨੁਕਸਾਨ ਮੂੰਹ ਅੱਡੀ ਖੜੇ੍ਹ ਹਨ। ਫੇਸ ਬੁੱਕ , ਵਟਸ ਐਪ ਅਤੇ ਟਵਿੱਟਰ ਜਿਹੀਆਂ ਸਾਇਟਾਂ ਰਾਹੀਂ ਨਵੇਂ-ਨਵੇਂ ਕਾਰੇ ਸਾਹਮਣੇ ਆ ਰਹੇ ਹਨ। ਲੋਕ ਗਲਤ ਅਤੇ ਅਸ਼ਲੀਲ ਸਮੱਗਰੀ ਅੱਪਲੋਡ ਕਰ ਕੇ ਸਮਾਜ ਅਤੇ ਨਵੀਂ ਪਨੀਰੀ ਨੂੰ ਡਾਵਾਂਡੋਲ ਕਰਨ ਲੱਗੇ ਹੋਏ ਹਨ। ਨੌਜਵਾਨ ਪੀੜ੍ਹੀ ਨੂੰ ਆਪਣੇ ਭਲੇ ਬੁਰੇ ਦੀ ਤਮੀਜ਼ ਨਹੀਂ ਹੁੰਦੀ। ਇਸ ਲਈ ਉਹ ਗ਼ਲਤ ਮਲਤ ਦੇ ਮੈਸਜਾਂ ਵਿੱਚ ਪੈ ਕੇ ਆਪਣਾ ਕੈਰੀਅਰ ਤਬਾਹ ਕਰ ਲੈਂਦੀ ਹੈ।
ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਇਨ੍ਹਾਂ ਸਾਇਟਾਂ ਕਾਰਨ ਸਾਡਾ ਆਪਸੀ ਭਾਈਚਾਰਾ ਵੀ ਕਾਫੀ ਘਟ ਗਿਆ ਹੈ। ਸਾਰਾ ਦਿਨ ਫ਼ੋਨ ਦੀ ਵਰਤੋਂ ਕਰ ਰਿਹਾ ਇੱਕ ਵਿਦਿਆਰਥੀ ਇਹ ਵੀ ਭੁੱਲ ਜਾਂਦਾ ਹੈ ਕਿ ਉਸ ਦੀ ਮਾਂ ਨੇ ਰੋਟੀ ਲਈ ਆਵਾਜ਼ ਲਗਾਈ ਸੀ। ਉਸ ਦੇ ਪਿਤਾ ਨੇ ਉਸ ਨੂੰ ਕੋਈ ਕੰਮ ਕਰ ਕੇ ਆਉਣ ਲਈ ਕਿਹਾ ਸੀ। ਦਿਮਾਗ ਦੇ ਦਰਵਾਜ਼ੇ ਬੰਦ ਕਰੀ ਬੈਠੀ ਇਹ ਪੀੜ੍ਹੀ ਇਨ੍ਹਾਂ ਸਾਇਟਾਂ ਦੀ ਗੁਲਾਮ ਬਣ ਕੇ ਚਿੜਚਿੜ੍ਹੀ ਹੋ ਰਹੀ ਹੈ। ਜਿਸ ਕਾਰਨ ਸਮਾਜ ਵਿੱਚ ਜੁਰਮ ਵਧ ਰਹੇ ਹਨ। ਸਾਡੇ ਰਿਸ਼ਤਿਆਂ ’ਚ ਕੜਵਾਹਟ ਘੁਲ ਰਹੀ ਹੈ। ਨੌਜਵਾਨ ਪੀੜ੍ਹੀ ਗਲਤ ਅਤੇ ਅਸ਼ਲੀਲ ਸਮੱਗਰੀ ਇੰਟਰਨੈੱਟ ਉੱਤੇ ਪਾਉਣ ਵਿੱਚ ਜ਼ਰਾ ਵੀ ਸੰਕੋਚ ਨਹੀਂ ਕਰਦੀ। ਹਾਲਾਂਕਿ ਸਰਕਾਰ ਨੇ ਇਹੋ ਜਿਹੇ ਅਪਰਾਧ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਹਨ ਪਰ ਉਨ੍ਹਾਂ ਦੀ ਪਾਲਣਾ ਕੌਣ ਕਰਦਾ ਹੈ? ਇਸ ਦੇ ਨਤੀਜੇ ਵਜੋਂ ਕਈਆਂ ਨੂੰ ਭਾਰੀ ਨੁਕਸਾਨ ਹੋ ਜਾਂਦਾ ਹੈ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸੋਸ਼ਲ ਸਾਇਟਾਂ ਦੀਆਂ ਬੁਰਾਈਆਂ ਤੋਂ ਆਉਣ ਵਾਲੀ ਨਸ਼ਲ ਨੂੰ ਸੁਚੇਤ ਕਰੀਏ।