ਨਰਿੰਦਰ ਦਾਭੋਲਕਰ ਦੀ ਮੌਤ ਦੇ ਅਰਥ -ਸ਼ਿਵ ਇੰਦਰ ਸਿੰਘ
Posted on:- 24-08-2013
ਮਹਾਂਰਾਸ਼ਟਰ ਦੇ ਤਰਕਸ਼ੀਲ ਕਾਰਕੁੰਨ ਨਰਿੰਦਰ ਦਾਭੋਲਕਰ, ਜਿਨ੍ਹਾਂ ਨੂੰ ਦੋ ਅਗਿਆਤ ਵਿਅਕਤੀਆਂ ਨੇ ਗੋਲ਼ੀਆਂ ਨਾਲ਼ ਮਾਰ ਮੁਕਾਇਆ, ਮਹਾਰਾਸ਼ਟਰ ਦੇ ਅਗਾਂਹਵਧੂ ਚਿੰਤਕ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਅੰਧ-ਵਿਸ਼ਵਾਸ, ਕਾਲ਼ੇ ਇਲਮ, ਜਾਦੂ ਟੂਣੇ ਆਦਿ ’ਚੋਂ ਕੱਢਣ ਤੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਸਾਰ ਕਰਨ ’ਚ ਲਗਾਇਆ। ਦਾਭੋਲਕਰ ਨੇ ਆਪਣੇ ਸਾਥੀਆਂ ਨਾਲ਼ ਮਿਲ਼ ਕੇ ‘ਅੰਧਸ਼ਰਧਾ ਨਿਰਮੂਲ ਸੰਸਥਾ’ ਬਣਾਈ, ਜਿਸ ਦੀਆਂ ਮਹਾਰਾਸ਼ਟਰ ਦੇ ਕਸਬਿਆਂ ਤੇ ਪਿੰਡਾਂ ’ਚ 200 ਦੇ ਕਰੀਬ ਸ਼ਾਖਾਵਾਂ ਹਨ ਤੇ ਜਿਸ ਦੇ ਕੰਮ ਦੀਆਂ ਗੱਲਾਂ ਪੰਜਾਬ ਦੀ ਤਰਕਸ਼ੀਲ ਤਹਿਰੀਕ ਵਾਂਗ ਹੀ ਮਹਾਂਰਾਸ਼ਟਰ ’ਚ ਹੁੰਦੀਆਂ ਹਨ।
69 ਸਾਲਾ ਨਰਿੰਦਰ ਦਾਭੋਲਕਰ ਨੇ ‘ਕਾਲ਼ੇ ਇਲਮ ਵਿਰੋਧੀ’ ਸਖ਼ਤ ਕਾਨੂੰਨ ਨੂੰ ਵੀ ਮਹਾਂਰਾਸ਼ਟਰ ਵਿਧਾਨ ਸਭਾ ’ਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਬਿਲ ਕਦੇ ਵਿਧਾਨ ਸਭਾ ’ਚ ਅਟਕ ਜਾਂਦਾ ਤੇ ਕਦੇ ਵਿਧਾਨ ਪ੍ਰੀਸ਼ਦ ਵਿੱਚ। ਉਨ੍ਹਾਂ ਦੇ ਅਜਿਹੇ ਕਦਮਾਂ ਕਰਕੇ ਉਹ ਸ਼ਿਵ ਸੇਨਾ, ਆਰਐੱਸਐੱਸ, ਭਾਜਪਾ, ਜੋਤਸ਼ੀਆਂ, ਪੰਡਿਤਾਂ ਤੇ ਧਰਮ-ਗੁਰੂਆਂ ਦੀਆਂ ਅੱਖਾਂ ’ਚ ਰੜਕਣ ਲੱਗੇ।
ਇਸ ਤੋਂ ਬਿਨਾ ਇਸ ਮਹਾਨ ਹਸਤੀ ਨੇ 2008 ’ਚ ਜੋਤਸ਼ੀ ਤੇ ਪੰਡਿਤਾਂ ਨੂੰ ਸ਼ਰੇਆਮ ਚੈਲੇਂਜ ਕੀਤਾ। ਜਿਨ੍ਹਾਂ ਮੰਦਰਾਂ ’ਚ ਔਰਤਾਂ ਦੇ ਜਾਣ ’ਤੇ ਮਨਾਹੀ ਸੀ, ਉਨ੍ਹਾਂ ਦੇ ਹੱਕ ’ਚ ਅੰਦੋਲਨ ਚਲਾਇਆ। ‘ਇੱਕ ਪਿੰਡ, ਇੱਕ ਖੂਹ’ ਦੀ ਲਹਿਰ ਨੂੰ ਲੈ ਕੇ ਮੁਹਿੰਮ ਚਲਾਈ, ਜੋ ਉਨ੍ਹਾਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਹੱਕ ’ਚ ਸੀ, ਜਿਨ੍ਹਾਂ ਨੂੰ ਅਖੌਤੀ ਉੱਚੀ ਜਾਤ ਵਾਲ਼ੇ ਪਾਣੀ ਨਹੀਂ ਭਰਨ ਦਿੰਦੇ ਸਨ।
ਡਾ. ਨਰਿੰਦਰ ਦਾਭੋਲਕਰ ਦੇ ਭਰਾ ਦੱਤਾ ਪ੍ਰਸ਼ਾਦ ਅਨੁਸਾਰ ਰੂੜੀਵਾਦੀ ਅਨਸਰਾਂ ਦੀਆਂ ਧਮਕੀਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੁਰੱਖਿਆ ਲੈਣ ਲਈ ਵੀ ਕਿਹਾ ਗਿਆ, ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਦੀ ਜਾਨ ਦੀ ਫਿਕਰ ਹੈ।
ਕੁਦਰਤ ’ਚ ਮਨੁੱਖ ਇੱਕ ਅਜਿਹਾ ਜੀਵ ਹੈ, ਜਿਸ ਨੇ ਨਿਰੰਤਰ ਸੰਘਰਸ਼ ਅਤੇ ਆਪਣੀ ਸੂਝ ਸਦਕਾ ਅਜੋਕੇ ਯੁੱਗ ਤੱਕ ਵਿਕਾਸ ਤੈਅ ਕੀਤਾ ਹੈ। ਆਦਿ ਮਾਨਵ ਕਾਲ ਤੋਂ ਜਿੱਥੇ ਮਨੁੱਖ ਨੇ ਆਪਣੀ ਕਿਰਤ ਤੇ ਸੂਝ ਨਾਲ ਆਪਣੇ ਰਹਿਣ-ਸਹਿਣ ਲਈ ਔਜਾਰਾਂ ਦੀਆਂ ਕਾਢਾਂ ਕੱਢੀਆਂ, ਉੱਥੇ ਬਹੁਤ ਸਾਰੇ ਅਜਿਹੇ ਵਰਤਾਰੇ, ਜੋ ਉਸ ਦੀ ਸਮਝ ’ਚੋਂ ਬਾਹਰ ਸਨ ਜਾਂ ਜਿਨ੍ਹਾਂ ਤੋਂ ਉਹ ਡਰਦਾ ਸੀ,ਉਨ੍ਹਾਂ ਪ੍ਰਤੀ ਮਿੱਥਾਂ ਸਿਰਜੀਆਂ, ਜਿਨ੍ਹਾਂ ਨੇ ਅੰਧ-ਵਿਸ਼ਵਾਸ ਦਾ ਰੂਪ ਧਾਰ ਲਿਆ ਤੇ ਬਾਅਦ ਵਿੱਚ ਚਲਾਕ ਸ਼ਾਸਕ ਵਰਗ ਨੇ ਅੰਨ੍ਹੇ ਵਿਸ਼ਵਾਸ ਸਦਕਾ ਉਨ੍ਹਾਂ ਦਾ ਸ਼ੋਸ਼ਣ ਕੀਤਾ।
ਕਹਿਣ ਨੂੰ ਭਾਵੇਂ ਅਜੋਕੇ ਯੁੱਗ ’ਚ ਮਨੁੱਖ ਨੇ ਕਾਫ਼ੀ ਵਿਕਾਸ ਕਰ ਲਿਆ ਹੈ ਤੇ ਵਿਗਿਆਨ ਨੇ ਕਾਫ਼ੀ ਸਾਰੇ ਪੁਰਾਣੇ ਵਿਸ਼ਵਾਸਾਂ ਨੂੰ ਮੂਲੋਂ ਰੱਦ ਕੀਤਾ ਹੈ। ਕੱਲ੍ਹ ਤੱਕ ਜਿਨ੍ਹਾਂ ਵਰਤਾਰਿਆਂ ਤੋਂ ਮਨੁੱਖ ਡਰਦਾ ਸੀ, ਸਾਇੰਸ ਨੇ ਅੱਜ ਉਨ੍ਹਾਂ ਦੀ ਥਾਹ ਵੀ ਪਾ ਲਈ ਹੈ। ਮਨੁੱਖ ਨੇ ਇਨ੍ਹਾਂ ਵਰਤਾਰਿਆਂ ਬਾਰੇ ਸਮਝਾਇਆ ਵੀ ਹੈ। ਭਾਵੇਂ ਤਕਨੀਕ ਨੇ ਦੇਵੀ-ਦੇਵਤਿਆਂ ਤੇ ‘ਚੰਨ ਮਾਮੇ ਅੰਦਰ ਬੈਠੀ ਬੁੱਢੀ ਮਾਈ’ ਦਾ ਸੱਚ ਵੀ ਲੋਕਾਂ ਨੂੰ ਦੱਸਿਆ, ਪਰ ਅਫ਼ਸੋਸ ਕਿ ਮਨੁੱਖੀ ਸੋਚ ਅਜੇ ਵੀ ਉਸ ਸੂਝ ਦੇ ਮੇਚ ਦੀ ਨਹੀਂ ਹੋ ਸਕੀ।
ਆਜ਼ਾਦ ਭਾਰਤ ਦਾ ਸੰਵਿਧਾਨ ਭਾਵੇਂ ਧਾਰਾ 51 (ਏ) ’ਚ ਵਿਗਿਆਨ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕਰਦਾ ਹੈ, ਪਰ ਇਸ ਆਜ਼ਾਦ ਤੇ ਵਿਗਿਆਨਕ ਸੋਚ ਦੀ ਹਾਮੀ ਭਰਨ ਵਾਲ਼ੇ ਦੇਸ਼ ’ਚ ਅਜੇ ਵੀ ਬਹੁਤ ਸਾਰੇ ਮੱਧ-ਯੁਗੀ ਅੰਧ-ਵਿਸ਼ਵਾਸ ਉਸੇ ਤਰ੍ਹਾਂ ਜਾਰੀ ਹਨ। ਭਾਰਤ ’ਚ ਮਾਨਿਕ ਸਰਕਾਰ ਵਰਗੇ ਅੰਧ-ਵਿਸ਼ਵਾਸ ਵਿਰੁੱਧ ਕਰੜੇ ਕਾਨੂੰਨ ਬਣਾਉਣ ਵਾਲ਼ੇ ਮੁੱਖ ਮੰਤਰੀ ਜਾਂ ਨੇਤਾ ਵਿਰਲੇ ਟਾਵੇਂ ਹੀ ਹਨ, ਪਰ ਇਸ ਤਰ੍ਹਾਂ ਦੇ ਵਧੇਰੇ ਨ, ਜਿਨ੍ਹਾਂ ਦੇ ਰਾਜ ’ਚ ਡੇਰੇ, ਜਾਦੂ-ਟੂਣੇ, ਕਾਲ਼ਾ ਇਲਮ, ਡਾਇਣ ਪ੍ਰਥਾ ਵਰਗੀਆਂ ਕੁਰੀਤੀਆਂ ਵਧ-ਫੁਲ ਰਹੀਆਂ ਹਨ। ਇਸ ਗੱਲ ਦਾ ਵੀ ਸਹਿਜੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਦਾ ਭਵਿੱਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਇੱਕ ਅਜਿਹਾ ਵਿਸ਼ੇਸ਼ ਫੰਡ ਆਪਣੇ ਮੁਲਾਜ਼ਮਾਂ ਲਈ ਰੱਖਦਾ ਹੈ, ਜਿਸ ’ਚੋਂ ਉਹ ਬ੍ਰਾਹਮਣ ਨੂੰ ਦਾਨ ਦੇ ਸਕਣ ਜਾਂ ਉਹ ‘ਕਰਮ ਧਰਮ ਜਾਂ ਪਿਛਲੇ ਜਨਮ ਦੇ ਕਰਮਾਂ ਕਰਕੇ’ ਗ਼ਰੀਬ ਕਹਾਉਂਦੇ ਤੇ ਮੈਲਾ ਢੋਂਹਦੇ ਲੋਕਾਂ ਨੂੰ ਆਖਦਾ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਉਹ ਗ਼ਰੀਬ ਹੋਣ ਕਰਕੇ ਅਜਿਹਾ ਕਰਦੇ ਹਨ, ਸਗੋਂ ਅਜਿਹਾ ਕੰਮ ਰਦੇ ਸਮੇਂ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲ਼ਦਾ ਹੈ।
ਪਰ ਬਹੁਤ ਸਾਰੇ ਵਿਅਕਤੀ ਅਤੇ ਸੰਸਥਾਵਾਂ ਅਜਿਹੀਆਂ ਵੀ ਹਨ, ਜੋ ਅੰਧ-ਵਿਸ਼ਵਾਸੀ ਪ੍ਰੰਪਰਾਵਾਂ ਦਾ ਵਿਰੋਧ ਕਰਦੀਆਂ ਹਨ। ਉਹ ਲੋਕਾਂ ਨੂੰ ਵਹਿਮਾਂ-ਭਰਮਾਂ ਤੇ ਜਾਦੂ-ਟੂਣਿਆਂ ’ਚੋਂ ਕੱਢਣ ਅਤੇ ੳੂਚ-ਨੀਚ ਖ਼ਤਮ ਕਰਨ ਲਈ ਜੱਦੋ-ਜਹਿਦ ਕਰਦੇ ਹਨ। ਕਦੇ-ਕਦਾਈਂ ਉਨ੍ਹਾਂ ਨੂੰ ਇਸ ਦਾ ਮੁੱਲ ਵੀ ਤਾਰਨਾ ਪੈਂਦਾ ਹੈ।
ਦਾਭੋਲਕਰ ਦੀ ਮੌਤ ’ਤੇ ਭਾਵੇਂ ਹੁਣ ਵੱਖ-ਵੱਖ ਲੀਡਰ ਅਫ਼ਸੋਸ ਪ੍ਰਗਟ ਕਰ ਰਹੇ ਹਨ ਤੇ ਆਪਣੇ ਬਿਆਨ ਦਾਗ਼ ਰਹੇ ਹਨ, ਪਰ ਇਸ ਮੌਤ ਦਾ ਸੁਨੇਹਾ ਤੇ ਅਰਥ ਬੜੇ ਡੂੰਘੇ ਹਨ। ਇਹ ਮੌਤ ਭਾਰਤੀ ਲੋਕਤੰਤਰ ਨੂੰ ਕਈ ਸਵਾਲਾਂ ਦੇ ਸਨਮੁੱਖ ਕਰਦੀ ਹੈ ਕਿ ਇਸ ਮੌਤ ਨਾਲ਼ ਕਿੰਨਾਂ ਤਾਕਤਾਂ ਦੀ ਜਿੱਤ ਹੋਈ ਹੈ? ਕੀ ਧਰਮ-ਨਿਰਪੱਖਤਾ ਤੇ ਵਿਗਿਆਨਕ ਸੋਚ ਦਾ ਦਾਅਵਾ ਕਰਨ ਵਾਲ਼ੇ ਦੇਸ਼ ’ਚ ਨਵੀਆਂ ਲੀਹਾਂ ’ਤੇ ਲਿਜਾਣ ਵਾਲ਼ਿਆਂ ਦਾ ਇਹੋ ਹਾਲ ਹੋਵੇਗਾ? ਕੀ ਮੁਲਕ ਦੀਆਂ ਸਰਕਾਰਾਂ ਦੇਸ਼ ਨੂੰ ਮੱਧ-ਯੁੱਗ ਵੱਲ ਲਿਜਾਣ ਵਾਲ਼ੇ ਲੋਕਾਂ ਨਾਲ਼ ਖੜ੍ਹੀਆਂ ਹਨ?
ਹੁਣ ਨਰਿੰਦਰ ਦਾਭੋਲਕਰ ਦੀ ਹੱਤਿਆ ਤੋਂ ਬਾਅਦ ਮਹਾਰਾਸ਼ਟਰ ਦੀ ਕੈਬਨਿਟ ਨੇ ਵਹਿਮਾਂ-ਭਰਮਾਂ ਤੇ ਕਾਲ਼ੇ ਜਾਦੂ ਵਿਰੁੱਧ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜੇਕਰ ਅਜਿਹਾ ਹੀ ਕੋਈ ਕਦਮ ਕੁਝ ਸਮਾਂ ਪਹਿਲਾਂ ਚੁੱਕ ਲਿਆ ਜਾਂਦਾ ਤਾਂ ਹੋ ਸਕਦਾ ਸੀ ਕਿ ਨਰਿੰਦਰ ਦਾਭੋਲਕਰ ਦੀ ਜਾਨ ਬਚ ਜਾਂਦੀ। ਇਹ ਬਿਲ ਪਿਛਲੇ 18 ਸਾਲਾਂ ਤੋਂ ਲਟਕਿਆ ਹੋਇਆ ਸੀ। ਇਸੇ ਲਈ ਦਾਭੋਲਕਰ ਲਗਾਤਾਰ ਸੰਘਰਸ਼ ਕਰ ਰਿਹਾ ਸੀ। ਪਹਿਲਾਂ ਜਦੋਂ ਪਿਛਲੀ ਸਦੀ ਦੇ 1990ਵਿਆਂ ’ਚ ਇਹ ਬਿਲ ਵਿਧਾਨ ਸਭਾ ’ਚ ਪੇਸ਼ ਕੀਤਾ ਗਿਆ ਸੀ ਤਾਂ ਭਾਜਪਾ ਤੇ ਸ਼ਿਵ ਸੈਨਾ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਸੀ, ਭਾਵੇਂ ਕਿ ਇਹ ਬਿਲ ਮਹਾਰਾਸ਼ਟਰ ਦੀ ਜਯੋਤੀਬਾ ਫੂਲੇ, ਢੋਂਡੋ ਕੇਸਵ ਕਾਰਵੇ, ਗੋਪਾਲ ਅਗਾਰਕਰ, ਗੋਬਿੰਦ ਰਨਾਡੇ ਤੇ ਬੀ.ਆਰ. ਅੰਬੇਦਕਰ ਆਦਿ ਦੇ ਅਗਾਂਹਵਧੂ ਸਿਧਾਂਤਾ ਦੇ ਅਨੁਸਾਰ ਸੀ।
ਪਰ ਪਿਛਲੇ ਸਮਿਆਂ ਤੋਂ ਭਾਰਤ ਅੰਦਰ ਮੂਲਵਾਦੀ ਤੇ ਅੰਧ-ਵਿਸ਼ਵਾਸੀ ਤਾਕਤਾਂ ਦਾ ਵਾਧਾ ਹੋਇਆ ਹੈ। ਇਸ ਲਈ ਕੁਝ ਸਿਆਸੀ ਪਾਰਟੀਆਂ ਵੀ ਜ਼ਿੰਮੇਵਾਰ ਹਨ, ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਆਪਣੇ ਵੋਟ ਬੈਂਕ ਪੱਕੇ ਕਰਦੀਆਂ ਹਨ। ਅਜਿਹੀਆਂ ਸਾਰੀਆਂ ਪਿਛਾਂਹ ਖਿੱਚੂ ਕਾਲ਼ੀਆਂ ਤਾਕਤਾਂ ਦਾ ਹਰ ਸੂਝਵਾਨ ਵਿਅਕਤੀ ਨੂੰ ਵਿਰੋਧ ਕਰਨਾ ਚਾਹੀਦਾ ਹੈ। ਦੇਸ਼ ਦੇ ਬਹੁਤ ਸਾਰੇ ਭਾਗਾਂ ’ਚ ਆਯੋਜਿਤ ਤਰਕਸ਼ੀਲ ਸੁਸਾਇਟੀਆਂ ਤੇ ਹੋਰ ਵਿਗਿਆਨਕ ਸੋਚ ਵਾਲ਼ੇ ਵਿਅਕਤੀਆਂ ਨੂੰ ਦਾਭੋਲਕਰ ਦੇ ਕਤਲ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਉਸ ਦੀ ਇਸ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਖਿਲਾਫ਼ ਮੁਹਿੰਮ ਨੂੰ ਵਧੇਰੇ ਸ਼ਿੱਦਤ ਨਾਲ਼ ਅੱਗੇ ਲੈ ਕੇ ਜਾਣਾ ਹੀ ਦਾਭੋਲਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਭਾਰਤ ਦੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਦੇਸ਼ ਵਿੱਚ ਚੱਲ ਰਹੀ ਕਾਲ਼ੇ ਵਿਸ਼ਵਾਸਾਂ ਦੀ ਸਨਅਤ ਦੇ ਖਿਲਾਫ਼ ਕਾਨੂੰਨ ਪਾਸ ਕਰਕੇ ਇਨ੍ਹਾਂ ’ਤੇ ਪੂਰਨ ਪਾਬੰਦੀ ਲਾਉਣੀ ਚਾਹੀਦੀ ਹੈ। ਤਰਕਸ਼ੀਲ ਤੇ ਵਿਗਿਆਨਕ ਅਦਾਰਿਆਂ ਤੇ ਸੰਗਠਨਾਂ ਨੂੰ ਇਸ ਲਈ ਵਧੇਰੇ ਜੱਥੇਬੰਦ ਹੋਣਾ ਪਵੇਗਾ ਤੇ ਇਨ੍ਹਾਂ ਕਾਲ਼ੀਆਂ ਤਾਕਤਾਂ ਦੇ ਸਿਆਸੀ ਰਹਿਬਰਾਂ ਨੂੰ ਵੀ ਬੇਨਕਾਬ ਕਰਨਾ ਹੋਵੇਗਾ।
Swaran Singh
The fight for truth is perilous.