Thu, 21 November 2024
Your Visitor Number :-   7253911
SuhisaverSuhisaver Suhisaver

ਚੋਣ ਨਤੀਜਿਆਂ ਰਾਹੀਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ - ਸ਼ਿਵ ਇੰਦਰ ਸਿੰਘ

Posted on:- 16-06-2019

suhisaver

ਸੰਨ 2014 ਤੇ 2019 ਦੀਆਂ ਲੋਕ ਸਭਾ ਚੋਣਾਂ `ਚ  ਪੰਜਾਬ ਨੇ ਪੂਰੇ ਮੁਲਕ ਨਾਲੋਂ ਵੱਖਰਾ ਫਤਵਾ ਦਿੱਤਾ । ਦੋਵਾਂ ਚੋਣਾਂ `ਚ ਜਿਥੇ ਪੂਰਾ ਮੁਲਕ (ਗਿਣਤੀ ਦੇ ਚੰਦ ਰਾਜਾਂ ਨੂੰ ਛੱਡ ਕੇ )ਮੋਦੀ ਲਹਿਰ ਦੀ ਲਪੇਟ `ਚ ਆ ਗਿਆ, ਉੱਥੇ ਪੰਜਾਬ ਇਸ ਲਹਿਰ ਨੂੰ ਠੱਲ੍ਹਣ ਵਾਲਾ ਸੂਬਾ ਨਜ਼ਰ ਆਇਆ ।ਸੂਬੇ ਦੇ ਫਤਵੇ ਨੂੰ ਸਮਝਣ ਲਈ ਜ਼ਰੂਰੀ ਹੈ ਪਿਛਲੇ ਸਮਿਆਂ `ਚ ਪੰਜਾਬ ਵਿਚ ਆਏ ਰਾਜਸੀ , ਸੱਭਿਆਚਾਰਕ , ਆਰਥਿਕ ਪਰਿਵਰਤਨਾਂ ਨੂੰ ਸਮਝਣਾ ; ਲੋੜ ਪੰਜਾਬ ਦੇ ਬੌਧਿਕ ਹਿੱਸਿਆਂ `ਚ ਚੱਲ ਰਹੀਆਂ ਬਹਿਸਾਂ ਤੇ ਵਿਚਾਰਧਾਰਕ ਤੌਰ `ਤੇ ਰਿੱਝ ਰਹੇ ਪੰਜਾਬ ਨੂੰ ਸਮਝਣ ਤੇ ਜਾਨਣ ਦੀ ਵੀ ਹੈ । ਇਹਨਾਂ ਵਰਤਾਰਿਆਂ ਨੂੰ ਸਮਝੇ ਬਗੈਰ ਪੰਜਾਬ ਦੇ ਲੋਕ-ਫਤਵੇ ਦੀ ਥਾਹ ਪਾਉਣੀ ਮੁਸ਼ਕਿਲ ਹੈ ।
      
1947 ਤੋਂ ਹੁਣ ਤੱਕ ਪੰਜਾਬ ਨੇ ਬੜੀਆਂ ਵਿਚਾਰਧਾਰਕ ਤੇ ਸਿਆਸੀ ਘਟਨਾਵਾਂ ਨੂੰ ਘਟਦੇ ਦੇਖਿਆ । ਇਸ `ਚ ਸੰਤਾਲੀ ਦੀ ਵੰਡ ,ਕਮਿਊਨਿਸਟ ਲਹਿਰ ਦੀ ਚੜ੍ਹਦੀ ਤੇ ਢਹਿੰਦੀ ਕਲਾ , ਅਕਾਲੀ ਮੋਰਚੇ , `ਪੰਜਾਬੀ ਸੂਬਾ` ਲਹਿਰ ਤੇ ਉਸਦੇ ਵਿਰੋਧ `ਚ `ਮਹਾਂ ਪੰਜਾਬ`` ਲਹਿਰ, ਹਿੰਦੂ ਪੰਜਾਬੀਆਂ ਵੱਲੋਂ ਪੰਜਾਬੀ ਤੋਂ ਕਿਨਾਰਾ ਕਰਨਾ , ਨਕਸਲੀ ਲਹਿਰ ਨੂੰ ਦਬਾਉਣ ਦੇ ਨਾਂ ਥੱਲੇ ਸਰਕਾਰੀ  ਤਸ਼ੱਦਦ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਉੱਠਣੀ,ਐਮਰਜੈਂਸੀ ਵਿਰੁੱਧ ਪੰਜਾਬ ਵਿਚੋਂ ਆਵਾਜ਼ ਬੁਲੰਦ ਹੋਣੀ, ਗਰਮ -ਖਿਆਲੀ ਸਿੱਖ ਰਾਜਨੀਤੀ ਦਾ ਉਭਾਰ , ਦਰਬਾਰ ਸਾਹਿਬ `ਤੇ ਫ਼ੌਜੀ ਹਮਲਾ , ਦਿੱਲੀ ਸਿੱਖ ਕਤਲੇਆਮ , ਖਾਲਿਸਤਾਨੀ ਲਹਿਰ ਦਾ ਉਭਾਰ , ਅੱਤਵਾਦੀਆਂ ਵੱਲੋਂ ਪੰਜਾਬ ਦੇ ਹਿੰਦੂ ਘੱਟ -ਗਿਣਤੀ ਭਾਈਚਾਰੇ ਨੂੰ ਨਿਸ਼ਾਨਾਂ ਬਣਾਉਣਾ ਤੇ ਖੱਬੇ-ਪੱਖੀ ਸੋਚ ਦੇ ਲੋਕਾਂ ਦੇ ਕਤਲ ਕਰਨੇ । ਪੰਜਾਬ `ਚ ਪੈਦਾ ਹੋਏ ਕਾਸ਼ੀ ਰਾਮ ਵੱਲੋਂ ਭਾਰਤ ਪੱਧਰੀ ਦਲਿਤ ਪਾਰਟੀ ਬਣਾਉਣੀ ਆਦਿ ਸ਼ਾਮਿਲ ਹੈ ।

ਇਸ ਦੌਰ `ਚ ਪੰਥਕ ਤੇ ਖੱਬੀ ਵਿਚਾਰਧਾਰਾ ਦਾ  ਪੰਜਾਬ  ਦੀ ਸਿਆਸਤ ਤੇ ਸਮਾਜ `ਤੇ ਡੂੰਘਾ ਪ੍ਰਭਾਵ ਸੀ । ਪੰਥਕ ਵਿਚਾਰਧਾਰਾ ਵਾਲੇ ਮੁੱਖ ਤੌਰ `ਤੇ ਧਨੀ ਜੱਟ ਜਮਾਤ ਦੇ ਨੁਮਾਇੰਦੇ ਸਨ ।ਕਿਰਤੀ ਤੇ ਦਲਿਤ ਵਰਗ ਉਹਨਾਂ ਦੇ ਏਜੰਡੇ `ਤੇ ਨਹੀਂ ਸੀ ।ਉਹਨਾਂ ਵੱਲੋਂ  ਰਾਜਾਂ ਨੂੰ ਵੱਧ ਅਧਿਕਾਰਾਂ ਦੀ ਉਠਾਈ  ਮੰਗ ਵੀ ਫਿਰਕੂ ਰੂਪ ਧਾਰਨ ਕਰ ਜਾਂਦੀ । ਉਹਨਾਂ ਦੀ ਵਿਚਾਰਧਾਰਾ ਪੰਜਾਬੀਅਤ ਦੀ ਆਤਮਾ ਦੇ ਉਲਟ ਤਾਂ ਸੀ ਹੀ ਸਗੋਂ ਸਿੱਖੀ ਦੇ ਮੂਲ ਸਿਧਾਂਤਾਂ ਦੇ ਵੀ ਵਿਰੁੱਧ ਸੀ ।  ਖੱਬੀ ਵਿਚਾਰਧਾਰਾ ਵਾਲੇ ਭਾਵੇਂ ਆਪਣੇ -ਆਪ ਨੂੰ ਕਿਰਤੀ ਤੇ ਕਿਸਾਨ ਵਰਗ ਦੇ  ਨੁਮਾਇੰਦੇ ਕਹਾਉਂਦੇ ਸਨ ,ਪਰ ਪਰ ਖੱਬੀ ਵਿਚਾਰਧਾਰਾ ਵਾਲੀਆਂ ਬਹੁਤੀਆਂ ਪਾਰਟੀਆਂ `ਚ  ਪੈਟੀ ਬੁਰਜੂਆ ( ਨਿਮਨ ਪੂੰਜੀਵਾਦੀ ) ਲੱਛਣ ਸਨ ।ਦਲਿਤ ਮਸਲਿਆਂ ਬਾਬਤ ਉਹਨਾਂ ਦੀ ਸੋਚ ਸਦਾ ਸਵਾਲਾਂ ਦੇ ਘੇਰੇ `ਚ ਰਹੀ ਹੈ । ਮੁੱਖ ਧਾਰਾ ਦੀਆਂ ਖੱਬੀਆਂ ਪਾਰਟੀਆਂ ਘੱਟ -ਗਿਣਤੀਆਂ ਦੇ ਮਸਲਿਆਂ ਨੂੰ ਸਹੀ ਢੰਗ ਨਾਲ ਸੰਬੋਧਨ ਨਹੀਂ ਹੋਈਆਂ, ਸਗੋਂ ਕਈ ਵਾਰ ਉਹ ਕਾਂਗਰਸ ਦੀ `ਬੀ`  ਟੀਮ ਹੀ ਨਜ਼ਰ ਆਉਂਦੀਆਂ  । 
          
ਮਨੁੱਖੀ ਅਧਿਕਾਰਾਂ ਦੇ ਮਾਮਲਿਆਂ `ਚ ਵੀ ਪੰਥਕ ਤੇ ਖੱਬੀਆਂ ਧਿਰਾਂ ਸੰਕੀਰਨਤਾ ਦਾ ਸ਼ਿਕਾਰ ਰਹੀਆਂ ਹਨ ।ਸੱਤਰਵਿਆਂ `ਚ ਜਦੋਂ ਨਕਸਲੀ ਲਹਿਰ ਨਾਲ ਜੁੜੇ ਕਾਰਕੁੰਨਾਂ   ਦੇ ਮਨੁੱਖੀ  ਅਧਿਕਾਰਾਂ ਦਾ ਘਾਣ ਕੀਤਾ ਗਿਆ ਤਾਂ ਕਿਸੇ ਪੰਥਕ ਧਿਰ ਨੇ ਆਵਾਜ਼ ਨਹੀਂ ਉਠਾਈ । ਇਸੇ ਤਰ੍ਹਾਂ` `84 ਤੋਂ ਬਾਅਦ ਜਦੋਂ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ `ਤੇ ਖਾਲਿਸਤਾਨੀ ਲਹਿਰ ਦੇ ਨਾਂ `ਤੇ ਜ਼ੁਲਮ ਹੋਇਆ ਤਾਂ ਦੋ -ਤਿੰਨ ਨੂੰ ਛੱਡ ਕੇ ਕਿਸੇ ਖੱਬੀ -ਧਿਰ ਨੇ ਆਵਾਜ਼ ਬੁਲੰਦ ਨਹੀਂ ਕੀਤੀ ।
              
 ਸੱਤਰਵਿਆਂ `ਚ ਕੁਝ ਵੱਡੇ ਅਖ਼ਬਾਰ ਸਮੂਹਾਂ ਨੇ ਪੰਜਾਬੀ `ਚ ਅਖ਼ਬਾਰ ਸ਼ੁਰੂ ਕੀਤੇ । `80 ਵਿਆਂ `ਚ ਮਾਲਵੇ ਤੋਂ ਪੰਜਾਬੀ ਸਾਹਿਤ ਪ੍ਰਕਾਸ਼ਨਾਂ ਦਾ ਕੰਮ ਕਈ ਹਿੰਦੂ ਲੋਕਾਂ ਨੇ ਸਾਂਭਿਆ ; 80 ਦੇ ਅਖੀਰ ਤੱਕ ਖੱਬੀ -ਵਿਚਾਰਧਾਰਾ ਵਾਲੇ ਸਾਹਿਤ (ਖਾਸਕਰ ਨਕਸਲੀ ਵਿਚਾਰ ਵਾਲੇ ) ਦੀ ਪੰਜਾਬੀ ਸਾਹਿਤ `ਤੇ ਤਕੜੀ ਜਕੜ ਰਹੀ । `90 ਵਿਆਂ `ਚ ਸੰਸਾਰ ਤੇ ਦੇਸ਼ ਵਿਆਪੀ ਵਾਪਰੀਆਂ ਘਟਨਾਵਾਂ ਨੇ ਪੰਜਾਬੀ ਸਮਾਜ `ਤੇ ਵੀ ਸਮਾਜਿਕ ,ਰਾਜਨੀਤਕ ਆਰਥਿਕ ,ਸੱਭਿਆਚਾਰਕ ਤੇ ਬੌਧਿਕ ਪੱਧਰ `ਤੇ ਪ੍ਰਭਾਵ ਪਾਇਆ । ਪੰਜਾਬੀ ਸਾਹਿਤ `ਚ `ਮਿਡਲ ਕਲਾਸੀ` ਸਾਹਿਤ ਦਾ ਆਗਮਨ ਹੋਇਆ  , ਜੋ ਆਪਣੇ ਅੰਦਰ ਤੱਕ ਸੀਮਤ ਰਹਿੰਦਾ  । ਘਰਾਂ ਨੂੰ ਛੱਡਣ ਤੇ ਮੌਤ ਨੂੰ ਮਖੌਲਾਂ ਕਰਨ ਵਾਲੀ ਪੰਜਾਬੀ ਕਵਿਤਾ ਹੁਣ ਘਰ `ਚ  ਸਿਮਟ ਜਾਣਾ  ਲੋਚਣ, ਲੱਗੀ, ਮੌਤ ਉਸ ਲਈ ਬੜੀ ਡਰਾਉਣੀ ਚੀਜ਼ ਬਣ ਗਈ । ਕਵੀ ਲਈ ਘਰ ਹੀ ਵੱਡਾ ਆਸਰਾ ਬਣ ਜਾਂਦਾ ਹੈ ।ਉਤਰ -ਆਧੁਨਿਕਤਾਵਾਦ , ਸਰੰਚਨਾਵਾਦ, ਨਾਰੀਵਾਦ , ਪ੍ਰਯੋਗਵਾਦ ਵਰਗੀਆਂ ਧਾਰਨਾਵਾਂ ਨੇ ਆਪਣੀ ਥਾਂ ਬਣਾ ਲਈ ।
         
ਇਹ ਉਹ ਸਮਾਂ ਸੀ ਜਦੋਂ ਚੁਣਾਵੀ ਰਾਜਨੀਤੀ `ਚੋਂ ਖੱਬੀ -ਧਿਰ ਪੂਰੀ ਤਰ੍ਹਾਂ ਕਮਜ਼ੋਰ ਪੈ ਚੁੱਕੀ ਸੀ ਤੇ ਪੰਥਕ ਰਾਜਨੀਤੀ ਤੇ ਧਿਰਾਂ ਦਾ ਰਸਾਤਲ ਵੱਲ ਜਾਣਾ ਸ਼ੁਰੂ ਹੋ ਚੁੱਕਾ ਸੀ । 1997 `ਚ ਅਕਾਲੀ ਦਲ -ਭਾਜਪਾ ਨਾਲ ਗਠਜੋੜ ਕਰਕੇ ਸੱਤਾ `ਚ ਆਇਆ । ਇਸ ਗਠਜੋੜ ਨੇ 93 ਸੀਟਾਂ ਜਿੱਤੀਆਂ ( ਅਕਾਲੀ 75 , ਭਾਜਪਾ 18 ) ।ਇਹ ਉਹ ਸਮਾਂ  ਸੀ ਜਦੋਂ ਅਕਾਲੀ ਦਲ ਆਪਣੀ ਪ੍ਰੰਪਰਿਕ ਸਿਆਸੀ ਸੋਚ  ਛੱਡ ਕੇ ਨਵੀਂ ਤਰ੍ਹਾਂ ਦੀ ਸਿਆਸੀ ਸੋਚ ਵੱਲ ਵੱਧ ਰਿਹਾ ਸੀ ।ਸ਼ਾਇਦ ਇਸਦਾ ਕਾਰਨ ਇਹ ਵੀ ਸੀ ਜਿਸ ਧਨੀ ਵਰਗ ਦਾ ਉਹ ਤਰਜਮਾਨ ਸੀ ਉਸਨੂੰ ਸੱਤਾ `ਚ ਹਿੱਸਾ ਮਿਲ ਚੁੱਕਾ ਸੀ ।  ਫਰਜ਼ੀ ਮੁਕਾਬਲਿਆਂ ਦੀ ਜਾਂਚ ਦਾ ਕੀਤਾ ਵਾਅਦਾ ਉਸਨੇ ਠੰਡੇ ਬਸਤੇ `ਚ ਪਾ ਦਿੱਤਾ । ਜਿਸ ਕੁਰੱਪਸ਼ਨ ਦੇ ਵਿਰੋਧ ਦਾ ਨਾਟਕ ਅਕਾਲੀ ਸਰਕਾਰ ਨੇ ਸੱਤਾ ਦੇ ਮੁਢਲੇ ਦਿਨਾਂ `ਚ ਕੀਤਾ , ਓਹੀ ਕੁਰੱਪਸ਼ਨ ਦਾ ਸੇਕ ਉਸਦੇ 5 ਸਾਲਾਂ `ਚ ਅਕਾਲੀ ਵਿਧਾਇਕਾਂ ਮੰਤਰੀਆਂ ਤੋਂ ਹੁੰਦਾ ਹੋਇਆ ਤਤਕਾਲੀਨ ਮੁੱਖ ਮੰਤਰੀ ਬਾਦਲ ਦੇ ਘਰ ਤੱਕ ਚਲਾ ਗਿਆ ।
        
2002 `ਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੀ ਸ਼ੁਰੂਆਤ ਅਕਾਲੀ ਰਾਜ `ਚ ਹੋਈ ਕੁਰੱਪਸ਼ਨ ਨੂੰ ਨੰਗਾ ਕਰਕੇ ਕੀਤੀ । ਫੇਰ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਕੋਲੋਂ ਪੰਥਕ ਮੁੱਦੇ ਖੋਹੇ ਉਸ ਤੋਂ  ਬਾਅਦ ਪੰਜਾਬ ਨਾਲ ਸਬੰਧਤ ਮੁਦਿਆਂ `ਤੇ   ਵੀ ਕੈਪਟਨ ਨੇ ਅਕਾਲੀਆਂ ਨੂੰ ਕਮਜ਼ੋਰ ਕੀਤਾ । ਸਿੱਖ ਤੇ ਗਰਮ -ਖਿਆਲੀ ਸਫ਼ਾਂ `ਚ ਕੈਪਟਨ ਨੇ ਆਪਣੀ ਭੱਲ ਬਣਾਈ । ਕੈਪਟਨ ਸਰਕਾਰ ਨੇ ਖੇਤੀਬਾੜੀ ਦੀ ਥਾਂ ਸਨਅਤੀਕਰਨ ਨੂੰ ਤਰਜੀਹ ਦਿੱਤੀ । ਜ਼ਮੀਨਾਂ ਐਕੁਆਇਰ ਕਰਨ ਤੇ ਇਸਦੇ ਵਿਰੋਧ `ਚ ਕਿਸਾਨੀ ਸੰਘਰਸ਼ ਦਿਖਣ ਲੱਗਾ ।।ਨਿਜੀਕਰਨ ਉਦਾਰੀਕਰਨ ਨੇ ਆਪਣੇ ਪੈਰ ਹੋਰ ਪਸਾਰੇ । ਕਈ ਕਾਂਗਰਸੀ ਮੰਤਰੀਆਂ ਦੇ ਨਿੱਜੀ ਬਿਜ਼ਨਸ ਚਮਕਣ ਲਗੇ ।
                
2007  `ਚ ਬਣੀ ਅਕਾਲੀ -ਭਾਜਪਾ ਸਰਕਾਰ ਨੇ ਕੈਪਟਨ ਸਰਕਾਰ ਦੀਆਂ ਸਨਅਤੀਕਰਨ , ਉਦਾਰੀਕਰਨ ਤੇ ਨਿਜੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ ਤੇ ਦਸ ਸਾਲ (2007 ਤੋਂ 2017 ਤੱਕ ਦੇ ਸਮੇਂ `ਚ)ਚ  ਇਹ ਕੰਮ   ਹੋਰ  ਜ਼ੋਰ- ਸ਼ੋਰ ਨਾਲ ਹੁੰਦਾ ਗਿਆ । ਖੇਤੀ ਤੇ ਕਿਸਾਨ ਸਰਕਾਰੀ ਏਜੰਡੇ ਤੋਂ ਦੂਰ ਚਲੀ   ਗਏ । ਬਾਦਲ ਪਰਿਵਾਰ ਤੇ ਉਸਦੇ ਰਿਸ਼ਤੇਦਾਰਾਂ ਦਾ ਕਾਰੋਬਾਰ ਵਧਿਆ- ਫੁਲਿਆ । ਪੰਥਕ ਮੁੱਦੇ ਤੇ ਪੰਜਾਬ ਦੀਆਂ ਹੱਕੀ ਮੰਗਾਂ ਅਕਾਲੀਆਂ ਦੇ ਏਜੰਡੇ ਤੋਂ ਦੂਰ ਚਲੀਆਂ ਗਈਆਂ । ਬਾਦਲ ਪਰਿਵਾਰ ਤੇ ਉਸਦੇ ਰਿਸ਼ਤੇਦਾਰ ਇਸ ਗੱਲ ਲਈ ਬਦਨਾਮ ਹੋਣ ਲੱਗੇ ਕਿ ਉਹ ਆਪਣਾ ਕਾਰੋਬਾਰ ਵਧਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਟਰਾਂਸਪੋਰਟ `ਤੇ ਬਾਦਲ ਪਰਿਵਾਰ ਦੀ ਅਜਾਰੇਦਾਰੀ   ਚਰਚਾ ਦਾ ਵਿਸ਼ਾ ਬਣੀ ਰਹੀ ।ਰੇਤ  ਮਾਫੀਆ ,ਤੇ ਨਸ਼ਿਆਂ ਦੇ ਕਾਰੋਬਾਰੀਆਂ ਦੀ ਮਜ਼ਬੂਤ ਹੁੰਦੀ ਜਕੜ ਦਿਸਣ ਲੱਗੀ । ਲੋਕ ਵਿਰੋਧੀ ਸਰਕਾਰੀ ਨੀਤੀਆਂ ਤੋਂ ਹਰ ਵਰਗ `ਚ ਗੁੱਸੇ ਦੀ ਲਹਿਰ ਦਿਸਣ ਲੱਗੀ ।ਆਪਣੇ ਦਾਬੇ ਨੂੰ ਕਾਇਮ ਰੱਖਣ ਲਈ ਹੁਕਮਰਾਨਾਂ ਵੱਲੋਂ ਗੁੰਡਾ ਟੋਲਿਆਂ ਦਾ ਸਹਾਰਾ ਲਿਆ ਗਿਆ । ਗੈਂਗ ਟੋਲਿਆਂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ । ਫਰੀਦਕੋਟ ਅਗਵਾ  ਵਾਲੀ ਘਟਨਾ ਤੇ ਸ਼ੇਹਰਠਾ ਵਾਲੀ ਛੇੜਖਾਨੀ ਦੀ ਘਟਨਾ ਨੇ ਇਹ ਦਰਸਾ ਦਿੱਤਾ ਕਿ ਸੂਬੇ `ਚ ਔਰਤਾਂ ਮਹਿਫ਼ੂਜ਼ ਨਹੀਂ ਹਨ । ਲੋਕ ਅਕਾਲੀ ਦਲ ਦੇ ਯੂਥ ਲੀਡਰਾਂ ਨੂੰ ਗੁੰਡਿਆਂ ਦੇ ਤੌਰ `ਤੇ ਦੇਖਣ ਲੱਗੇ । ਇਸੇ  ਦੌਰ `ਚ ਹਤਾਸ਼ ਨੌਜਵਾਨਾਂ ਨੇ ਵੱਡੇ ਪੱਧਰ `ਤੇ  ਵਿਦੇਸ਼ਾਂ ਵੱਲ ਰੁੱਖ ਕੀਤਾ ।
       
ਇਸੇ ਦੌਰ `ਚ ਹੀ ਖੱਬੀਆਂ ਧਿਰਾਂ ਨੇ ਆਪਣੇ -ਆਪ ਨੂੰ ਘੋਖਣਾ ਸ਼ੁਰੂ ਕੀਤਾ । ਖਾਸਕਰ ਦਲਿਤ ਤੇ ਘੱਟ -ਗਿਣਤੀ ਮਸਲਿਆਂ ਪ੍ਰਤੀ ਆਪਣੀ ਪਹੁੰਚ `ਚ ਤਬਦੀਲੀ ਲਿਆਂਦੀ । ਖ਼ਤਮ ਹੋ ਚੁਕੀਆਂ ਜਾਂ ਆਪਣੀ ਹੋਂਦ ਲਈ ਜੂਝ ਰਹੀਆਂ ਪੰਥਕ ਧਿਰਾਂ `ਚੋਂ ਕਈਆਂ ਨੇ ਖਾਲਿਸਤਾਨ ਦੀ ਮੰਗ ਛੱਡ ਕੇ ਫੈਡਰਲ ਸਟੇਟ ਦੀ ਮੰਗ `ਤੇ ਜ਼ੋਰ ਦੇਣ ਲੱਗੀਆਂ ।ਕੁਝ  ਖੱਬੀਆਂ ਤੇ ਪੰਥਕ ਧਿਰਾਂ ਹਿੰਦੂ ਫਾਸੀਵਾਦ ਵਿਰੁੱਧ ਇੱਕ ਮੰਚ `ਤੇ ਦਿਸਣ ਲੱਗੀਆਂ ।ਹਤਾਸ਼ਾ ਤੇ ਨਿਰਾਸ਼ਾ ਵਾਲੇ ਦੌਰ `ਚ ਸੂਬੇ ਵਿਚ ਕਿਤੇ ਨਾ ਕਿਤੇ  ਸੂਬਾ ਚੰਗੇ ਲਈ ਜੂਝਦਾ ਵੀ ਨਜ਼ਰ ਆ ਰਿਹਾ ਸੀ  । ਇਸੇ  ਮਾਹੌਲ ਦਾ ਫਾਇਦਾ ਉਠਾ ਕੇ ਮਨਪ੍ਰੀਤ ਬਾਦਲ ਨੇ  ਭਗਤ ਸਿੰਘ ਦਾ ਨਾਂ ਲੈ ਕੇ ਨਵੀਂ ਪਾਰਟੀ ਪੀਪੀਪੀ ਬਣਾ ਕੇ 2012 ਦੀਆਂ ਵਿਧਾਨ ਸਭਾ ਚੋਣਾਂ `ਚ 5 ਫ਼ੀਸਦੀ ਵੋਟਾਂ ਹਾਸਲ ਕੀਤੀਆਂ  ।
        
ਰਾਜ ਦਾ ਇਹੀ ਮਾਹੌਲ ਅੰਨਾ ਅੰਦੋਲਨ `ਚੋਂ ਨਿਕਲੀ ਆਮ ਆਦਮੀ ਪਾਰਟੀ ਲਈ ਕਾਰਗਰ ਸਾਬਤ ਹੁੰਦਾ ਹੈ ।

47 ਦਿਨਾਂ ਕੇਜਰੀਵਾਲ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਚੁੱਕੇ ਕਦਮ ,ਜਨ ਲੋਕਪਾਲ ਬਿਲ , 1984 ਕਤਲੇਆਮ ਮਾਮਲੇ ਦੀ ਜਾਂਚ ਲਈ ਸਿੱਟ ਦੀ ਕਾਇਮੀ  ਉਹ ਤਮਾਮ ਫੈਸਲੇ ਸਨ ਜਿਸਨੇ ਦੇਸ਼ਾਂ ਵਿਦੇਸ਼ਾਂ `ਚ ਵਸਦੇ ਪੰਜਾਬੀਆਂ ਦੇ ਦਿਲ ਜਿੱਤੇ । ਹਤਾਸ਼ ਤੇ ਨਿਰਾਸ਼ ਨੌਜਵਾਨੀ ਨੂੰ ਕੇਜਰੀਵਾਲ ਤੇ ਉਸਦੇ ਸਾਥੀਆਂ ਵੱਲੋਂ ਭਗਤ ਸਿੰਘ ਨੂੰ ਯਾਦ ਕਰਨ , ਇਨਕਲਾਬ ਜ਼ਿੰਦਾਬਾਦ ,ਤੇ ਵਿਵਸਥਾ ਪਰਿਵਰਤਨ ਦੇ ਦਿੱਤੇ ਨਾਅਰੇ ਛੂਹਣ ਲੱਗੇ । ਖੱਬੀ ਸੋਚ ਦੇ ਪਿਛੋਕੜ ਵਾਲੇ ਤੇ ਮਨੁੱਖੀ ਅਧਿਕਾਰਾਂ ਦੇ  ਕਾਰਕੁੰਨਾਂ ਵਜੋਂ   ਜਾਣੇ ਜਾਂਦੇ `ਆਪ` ਦੇ ਨੇਤਾਵਾਂ ਨੇ ਅਸੰਤੁਸ਼ਟ ਹੋਏ ਕਾਮਰੇਡਾਂ ਤੇ ਥੱਕ -ਹਾਰ ਚੁਕੀਆਂ ਸਿੱਖ ਜਥੇਬੰਦੀਆਂ ਨੂੰ ਵੀ ਆਪਣੇ ਨਾਲ ਜੋੜਿਆ । ਡਾ. ਧਰਮਵੀਰ ਗਾਂਧੀ ,  ਐੱਚ.ਐੱਸ.ਫੂਲਕਾ ਤੇ ਥੋੜ੍ਹੇ ਸਮੇਂ ਲਈ ਪਾਰਟੀ `ਚ ਆਏ ਸਾਬਕਾ ਡੀ.ਜੀ .ਪੀ. ਸ਼ਸ਼ੀ ਕਾਂਤ ਦੇ ਪਾਰਟੀ ਨਾਲ ਜੁੜਨ ਕਰਕੇ ਪਾਰਟੀ ਨੂੰ ਹੋਰ ਵੀ ਹੁਲਾਰਾ ਮਿਲਣ ਲੱਗਾ । ਬੜੇ ਸਾਲਾਂ ਬਾਅਦ ਖੱਬੇ ਤੇ ਪੰਥਕ ਇੱਕ ਝੰਡੇ ਥੱਲੇ  ਇਕੱਠੇ ਦਿਸਣ ਲੱਗੇ । ਕਈਆਂ ਨੂੰ ਇੰਝ ਲੱਗਾ ਜਿਵੇਂ ਪੰਜਾਬ ਦਾ ਦਿੱਲੀ ਨਾਲ ਲੰਮੇ ਸਮੇਂ ਤੋਂ ਟੁਟਿਆ ਸੰਵਾਦ ਜੁੜਨ ਲੱਗਾ ਹੋਵੇ । ਕੇਜਰੀਵਾਲ ਤੇ ਉਸਦੇ ਜੋਟੀਦਾਰ ਪੰਜਾਬੀਆਂ ਦੇ ਹੀਰੋ ਬਣ ਗਏ । ਸਿੱਟੇ ਵਜੋਂ ਜਿਥੇ `ਆਪ` ਨੂੰ ਪੂਰੇ ਮੁਲਕ `ਚੋਂ  ਹਾਰ ਮਿਲੀ ਉੱਥੇ ਪੰਜਾਬ ਵਾਲਿਆਂ ਨੇ ਉਸਦੀ ਝੋਲੀ ਚਾਰ ਸੀਟਾਂ ਪਾ ਦਿੱਤੀਆਂ ।ਬਹੁਤੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਜੇ `ਆਪ` ਨੇਤਾਵਾਂ ਨੇ ਪੰਜਾਬ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਹੁੰਦਾ ਤਾਂ ਸੀਟਾਂ ਦੀ ਗਿਣਤੀ ਹੋਰ ਵੀ  ਵੱਧ  ਸਕਦੀ ਸੀ ।
      
ਪੰਜਾਬ ਦੇ ਲੋਕ ਜਾਤਾਂ ਧਰਮਾਂ ਤੋਂ ਉਪਰ ਉੱਠ ਕੇ ਸੋਹਣੇ ਪੰਜਾਬ ਦੇ ਸੁਪਨੇ ਮਨ` ਚ ਸੰਜੋਈ `ਆਪ` ਵਾਲਿਆਂ `ਤੇ ਫ਼ਿਦਾ ਸਨ । ਕਿਸੇ ਸਪਸ਼ਟ ਵਿਚਾਰਧਾਰਾ ਦੀ ਅਣਹੋਂਦ ਵਾਲੀ ਇਸ ਪਾਰਟੀ `ਚ   ਥੋੜੀ- ਮੋਟੀ ਤੂੰ -ਤੂੰ ਮੈਂ -ਮੈਂ ਦਿਖਾਈ ਦੇਣ ਲੱਗੀ ਪਰ ਇਸਦੇ ਬਾਵਜੂਦ ਪਾਰਟੀ ਨੇ 2015 `ਚ ਦਿੱਲੀ ਵਿਧਾਨ ਸਭਾ `ਚ 70 `ਚੋਂ 67 ਸੀਟਾਂ ਜਿੱਤ ਕੇ ਮਿਸਾਲੀ ਜਿੱਤ ਦਰਜ ਕੀਤੀ । ਦੇਸ਼ਾਂ -ਵਿਦੇਸ਼ਾਂ `ਚ ਵਸਦੇ ਪੰਜਾਬੀਆਂ ਦਾ ਇਸ ਜਿੱਤ `ਚ ਅਹਿਮ ਯੋਗਦਾਨ ਹੈ । ਪੰਜਾਬੀਆਂ ਨੇ ਦਿੱਲੀ ਜਾ ਕੇ `ਆਪ` ਲਈ ਪ੍ਰਚਾਰ ਏਦਾਂ ਕੀਤਾ ਜਿਵੇਂ ਉਹ ਕੋਈ ਇਨਕਲਾਬ ਦੀ ਲੜਾਈ ਲੜ ਰਹੇ ਹੋਣ । ਜਿਸ ਨੇ  ਦਿੱਲੀ ਤੋਂ ਹੋ ਕੇ ਪੰਜਾਬ ਆਉਣਾ ਹੋਵੇ । ਬਹੁਤੇ ਪੰਜਾਬੀ  ਗੈਰ -ਪੰਜਾਬੀ ਤੇ ਗੈਰ ਸਿੱਖ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਸਨ । ਅਜਿਹਾ ਚਾਹੁਣ ਵਾਲਿਆਂ `ਚ ਵਿਦੇਸ਼ਾਂ ਵਿਚ ਵਸਦੇ `ਕੱਟੜ ਸਿੱਖ ` ਵੀ ਸ਼ਾਮਿਲ ਸਨ । ਪੂਰਾ ਮੁਲਕ ਪੰਜਾਬ ਦੀ ਇਸ ਧਰਮ -ਨਿਰਪੱਖਤਾ ਨੂੰ ਗਹੁ ਨਾਲ ਦੇਖ ਰਿਹਾ ਸੀ ।
          
 ਦਿੱਲੀ ਫਤਿਹ ਕਰਨ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਕਲੇਸ਼ ਨੰਗੇ -ਚਿੱਟੇ ਤੌਰ `ਤੇ ਦਿਖਾਈ ਦੇਣ ਲੱਗਾ ।ਕੇਜਰੀਵਾਲ ਦੇ ਤਾਨਾਸ਼ਾਹੀ ਰਵੱਈਏ ਨੇ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਵਰਗੀਆਂ ਹਸਤੀਆਂ ਨੂੰ ਬੜੇ ਅਪਮਾਨਜਨਕ ਢੰਗ ਨਾਲ ਪਾਰਟੀ `ਚੋਂ ਬਾਹਰ ਕੱਢਿਆ ਗਿਆ ।ਉਹਨਾਂ ਦੇ ਬਾਹਰ ਜਾਣ ਨਾਲ ਹੀ ਸਮਾਜਕ -ਰਾਜਨੀਤਕ ਕਾਰਕੁੰਨਾਂ ਤੇ ਸਿਆਣੇ ਸਮਝੇ ਜਾਂਦੇ ਲੋਕਾਂ /ਨੇਤਾਵਾਂ ਨੇ ਪਾਰਟੀ ਤੋਂ ਕੰਡ ਕਰਨੀ ਸ਼ੁਰੂ ਕਰ ਦਿੱਤੀ । ਇਸਦਾ ਸੇਕ ਪੰਜਾਬ ਤੱਕ ਵੀ ਪਹੁੰਚਿਆ । ਪਾਰਟੀ `ਚ ਅੰਦਰੂਨੀ ਲੋਕਤੰਤਰ ਦੀ ਮੰਗ ਜ਼ੋਰ ਫੜਨ ਲੱਗੀ । ਇਸ ਟੁੱਟ -ਭੱਜ ਤੋਂ ਪੰਜਾਬੀਆਂ ਦਾ ਮਨ ਖੱਟਾ ਹੋਇਆ ਪਰ ਪਾਰਟੀ ਤੋਂ ਆਸ ਫਿਰ ਵੀ ਲਾਈ ਹੋਈ ਸੀ । ਪਾਰਟੀ `ਚ ਟੁੱਟ -ਭੱਜ ਹੁੰਦੀ ਰਹੀ ਲੀਡਰ ਲੋਕ ਆਉਂਦੇ ਜਾਂਦੇ ਰਹੇ । ਪਾਰਟੀ ਦੂਜੀਆਂ ਪਾਰਟੀਆਂ ਵਰਗੀ ਹੀ ਲੱਗਣ ਲੱਗੀ।  ਪਾਰਟੀ ਨੇਤਾਵਾਂ ਦੀ ਚੌਧਰ ਦੀ ਲੜਾਈ ਦਿਖਣ ਲੱਗੀ । 2017  ਦੀਆਂ ਵਿਧਾਨ ਸਭਾ ਚੋਣਾਂ ਤੱਕ ਕੇਜਰੀਵਾਲ ਸਣੇ ਮੁੱਖ ਮੰਤਰੀ ਦੇ ਕਈ ਦਾਅਵੇਦਾਰ ਦਿਖਾਈ ਦੇਣ ਲੱਗੇ ।
        
ਆਪਣੀਆਂ ਨਾਲਾਇਕੀਆਂ ਕਾਰਨ ਪਾਰਟੀ ਸੱਤਾ` `ਚ ਨਾ ਆ ਸਕੀ ਪਰ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰਨ `ਚ ਕਾਮਯਾਬ ਹੋ ਗਈ । ਆਪ ਦੇ ਨੇਤਾਵਾਂ ਦੀਆਂ ਲਾਲਸਾਵਾਂ ਵੱਡੀਆਂ ਸਨ ।ਆਪਣੇ  ਸੁਆਰਥਾਂ ਲਈ ਪਾਰਟੀ `ਚ ਆਏ ਲੋਕ ਪਾਰਟੀ ਤੋਂ ਕਿਨਾਰਾ ਕਰਨ ਲੱਗੇ । ਰਹਿੰਦੀ ਕਸਰ `ਦਿੱਲੀ ਵਾਲਿਆਂ ਦੀ ਪੰਜਾਬ `ਤੇ ਚੌਧਰ` ਨੇ  ਪੂਰੀ ਕਰ  ਦਿੱਤੀ । ਖਹਿਰਾ ਧੜੇ ਦੇ ਬਾਹਰ ਜਾਣ ਪਾਰਟੀ ਕਮਜ਼ੋਰ ਹੋ ਗਈ । ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾ ਕੇ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ , ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ , ਦੋ ਖੱਬੀਆਂ ਪਾਰਟੀਆਂ ਸੀ .ਪੀ .ਆਈ . ਤੇ ਆਰ .ਐਮ .ਪੀ . ਅਤੇ ਬਸਪਾ ਨਾਲ ਗਠਜੋੜ ਕਰਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਾ ਕੇ ਚੋਣ ਲੜੀ ।
         
ਮੌਜੂਦਾ ਚੋਣ ਨਤੀਜੇ ਦਰਸਾ ਰਹੇ ਹਨ ਕਿ ਪੰਜਾਬੀਆਂ ਨੇ ਜਿਥੇ ਪੂਰੇ ਮੁਲਕ `ਚ ਛਾਈ ਭਗਵੀਂ ਸੋਚ ਨੂੰ ਠੁੱਡਾ ਮਾਰਿਆ ਹੈ ਉੱਥੇ ਪੰਜਾਬ ਦੀਆਂ ਤਮਾਮ ਸਿਆਸੀ ਧਿਰਾਂ ਪ੍ਰਤੀ ਨਾਰਾਜ਼ਗੀ ਵੀ ਦਿਖਾਈ ਹੈ ।ਇਸਦੀ ਠੋਸ ਉਦਹਾਰਣ ਨੋਟਾ ਨੂੰ ਪਈਆਂ 154430 ਵੋਟਾਂ ਹਨ । ਜੋ ਪਿਛਲੀ ਲੋਕ ਸਭਾ ਨਾਲੋਂ ਦੁੱਗਣੀਆਂ ਹਨ । ਤੇਰ੍ਹਾਂ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਕਾਂਗਰਸ 8 ਸੀਟਾਂ ਤੱਕ ਹੀ ਪਹੁੰਚ ਸਕੀ । ਬਹੁਤੀਆਂ ਸੀਟਾਂ `ਤੇ ਜਿੱਤ ਦਾ ਅੰਤਰ ਵੀ ਘੱਟ ਰਿਹਾ ।ਪਿਛਲੀ ਵਾਰ 4 ਸੀਟਾਂ ਜਿੱਤਣ ਵਾਲੀ `ਆਪ` ਸਿਰਫ ਭਗਵੰਤ ਮਾਨ ਵਾਲੀ ਸੀਟ ਹੀ ਬਚਾ ਸਕੀ । ਅਕਾਲੀਆਂ ਨਾਲੋਂ ਲੋਕਾਂ ਦਾ ਰੋਸਾ ਦੂਰ ਨਹੀਂ ਹੋਇਆ । ਬਾਦਲ ਪਰਿਵਾਰ ਵਾਲੀਆਂ ਦੋ ਸੀਟਾਂ ਹੀ ਪੱਲੇ ਪਈਆਂ । ਬਠਿੰਡਾ ਸੀਟ ਹਰਸਿਮਰਤ ਬਾਦਲ ਮਸਾਂ ਕੱਢ ਸਕੀ ।ਇਸੇ ਹਲਕੇ `ਚੋਂ ਆਪ ਨੂੰ ਪਈਆਂ 134398 , ਪੰਜਾਬ ਏਕਤਾ ਪਾਰਟੀ ਨੂੰ ਪਈਆਂ 38199 ,ਤੇ ਨੋਟਾ ਨੂੰ ਪਈਆਂ 13323 ਵੋਟਾਂ ਬੜਾ ਕੁਝ ਬਿਆਨ ਕਰ ਜਾਂਦੀਆਂ ਹਨ । ਭਾਜਪਾ ਨੇ ਭਾਵੇਂ 3 `ਚੋਂ 2 ਸੀਟਾਂ ਜਿੱਤੀਆਂ ਨੇ ਪਰ ਗੁਰਦਸਪੂਰ `ਚ ਮੋਦੀ ਲਹਿਰ ਨਹੀਂ ਬਲਕਿ ਸਨੀ ਦਿਉਲ ਫੈਕਟਰ ਤੇ ਕਾਂਗਰਸ ਫੁੱਟ ਜਿੱਤ ਦਾ ਕਾਰਨ ਰਹੀ ਹੈ ।
     
ਪੀ ਡੀ ਏ `ਚ ਸ਼ਾਮਿਲ ਹੋ ਕੇ ਬਸਪਾ ਨੇ ਆਪਣੀ ਹਾਲਤ ਸੁਧਾਰੀ ਹੈ ।ਆਨੰਦਪੁਰ ਸਾਹਿਬ ਤੋਂ 1 ਲੱਖ ਛਿਆਲੀ ਹਜ਼ਾਰ ਵੋਟਾਂ ,ਹੁਸ਼ਿਆਰਪੁਰ ਤੋਂ 1 ਲੱਖ ਅਠਾਈ ਹਜ਼ਾਰ ਤੋਂ ਵਧੇਰੇ ਤੇ ਜਲੰਧਰ ਤੋਂ 2 ਲੱਖ ਤੋਂ ਵੱਧ ਵੋਟਾਂ  ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ   । ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਲੁਧਿਆਣਾ ਤੋਂ ਦੂਜੇ ਨੰਬਰ `ਤੇ ਫਤਿਹਗੜ੍ਹ ਸਾਹਿਬ ਤੋਂ 1 ਲੱਖ 42 ਹਜ਼ਾਰ ਵੋਟ ਲਈ ਕੇ ਤੀਜੇ ਸਥਾਨ `ਤੇ ਰਹੀ । ਪਟਿਆਲੇ ਤੋਂ ਡਾ. ਗਾਂਧੀ ਇੱਕ ਲੱਖ ਇਕਾਹਠ ਹਜ਼ਾਰ ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹੇ ਫਰੀਦਕੋਟ ਤੋਂ `ਆਪ` ਇੱਕ ਲੱਖ ਤੋਂ ਵਧੇਰੇ ਵੋਟਾਂ ਲੈ ਕੇ ਤੀਜੇ ਸਥਾਨ `ਤੇ ਰਹਿਣਾ , ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦਾ   ੨ ਲੱਖ ਤੋਂ ਵਧੇਰੇ ਵੋਟ ਲੈ ਕੇ ਤੀਜੇ ਸਥਾਨ `ਤੇ ਰਹਿਣਾ ਦਰਸਾਉਂਦਾ ਹੈ ਕਿ ਪੰਜਾਬ `ਚ ਤੀਜੇ ਬਦਲ ਦੀ ਸਪੇਸ ਹਾਲੇ ਪਈ ਹੈ ।
         
ਖਡੂਰ ਸਾਹਿਬ ਵਾਲੀ ਸੀਟ ਜਿਥੋਂ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਚੋਣ ਲੜ ਰਹੇ ਸਨ, ਦੇ ਹੱਕ `ਚ ਸਿੱਖ ਜਥੇਬੰਦੀਆਂ ਤੇ ਖੱਬੀਆਂ ਧਿਰਾਂ ਨੇ ਰਲ ਕੇ ਜ਼ੋਰ ਲਾਇਆ ਜੋ ਕੇ ਇੱਕ ਸ਼ੁਭ ਸ਼ਗਨ ਹੈ ।
    
 ਪੰਜਾਬ ਨੇ 1947 ਤੋਂ ਹੁਣ ਤੱਕ ਲੰਮਾ ਸਫ਼ਰ ਤੈਅ ਕੀਤਾ ਹੈ । ਬੜੇ ਉਤਰਾਅ ਚੜਾਅ ਦੇਖੇ । ਸਰਕਾਰੀ ਤੇ ਗੈਰ -ਸਰਕਾਰੀ ਹਰ ਤਰ੍ਹਾਂ ਦਾ ਤਸ਼ੱਦਦ ਸਹਿਆ। `ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ` ਵਾਂਗ ਨਵੀਆਂ ਵੰਗਾਰਾਂ ਦਾ ਸਾਹਮਣਾ ਕਰਕੇ ਇਸਦਾ ਰੂਪ ਨਿਖਰਿਆ ਹੈ ।  ਸਥਾਪਤੀ ਬਾਬਤ ਰੋਹ ਵੀ ਤਿੱਖਾ ਹੋਇਆ ਹੈ । ਇਸ ਸੰਘਰਸ਼ਮਈ ਸਫ਼ਰ ਸਦਕਾ ਇਥੇ ਪ੍ਰਚਲਤ ਬੌਧਿਕ ਹਲਕਿਆਂ ਨੇ ਵੀ ਆਪਣੀ ਸੋਚ ਨੂੰ ਨਿਖਾਰਿਆ ਹੈ ।ਖਾਸਕਰ  ਖੱਬੀਆਂ ਤੇ ਪੰਥਕ ਧਿਰਾਂ ਨੇ । ਪੰਜਾਬ ਲਗਾਤਾਰ ਰਿੱਝ ਰਿਹਾ ਤੇ ਕੁਝ ਨਵਾਂ ਘਟਿਤ ਕਰਨ ਵਾਲਾ ਸੂਬਾ ਹੈ । ਇਹੀ ਇਹਦਾ ਨਿਆਰਾਪਣ ਹੈ ।    
           
ਪਰ ਇਹਦੇ ਨਾਲ- ਨਾਲ ਖਦਸ਼ੇ ਤੇ ਚੁਣੌਤੀਆਂ ਵੀ ਬਹੁਤ ਹਨ । ਲੋਕਾਂ `ਚ ਵਰਤਮਾਨ ਪਾਰਟੀਆਂ ਪ੍ਰਤੀ ਉਦਾਸੀਨਤਾ ਤੇ `ਆਪ` ਵਰਗੇ ਵਰਤਾਰੇ ਨੇ ਜਿਸ ਤਰ੍ਹਾਂ ਲੋਕਾਂ ਦੇ ਸੁਪਨੇ ਚਕਨਾਚੂਰ ਕੀਤੇ ਉਸ ਤੋਂ  ਡਰ ਹੈ ਕਿ ਕਿਤੇ ਚਾਲਬਾਜ਼ ਸਿਆਸਤਦਾਨ ਇਸ ਹਾਲਾਤ ਦਾ  ਮੂੰਹ ਫਿਰਕਾਪ੍ਰਸਤੀ ਵੱਲ ਨਾ ਮੋੜ ਦੇਣ ।ਸੰਘ ਪਰਿਵਾਰ ਵੱਲੋਂ ਸਿੱਖੀ ਨਾਲ ਟੁਟੇ ਤਬਕਿਆਂ ਤੇ ਦਲਿਤਾਂ ਭਰਮਾਉਣ ਲਈ ਹੱਥਕੰਢੇ ਅਪਨਾਉਣੇ  , ਡੇਰਾ ਬਿਆਸ ਵੱਲ  ਮੋਹਨ ਭਾਗਵਤ ਦੇ ਦੌਰੇ , ਫੂਲਕਾ ਵਰਗੀ ਹਸਤੀ ਦਾ ਭਾਜਪਾ ਵੱਲ ਉਦਾਰ ਦਿਖਣਾ ਸ਼ੁਭ ਸੰਕੇਤ ਨਹੀਂ ਹਨ  ।
       
 ਕਮਿਊਨਿਸਟ ਭਾਵੇਂ ਵੋਟਾਂ ਦੀ ਰਾਜਨੀਤੀ `ਚ ਕਮਜ਼ੋਰ ਹੋ ਗਏ ।ਪਰ ਕਮਿਊਨਿਸਟ ਵਿਚਾਰਧਾਰਾ ਦਾ ਪੰਜਾਬ ਦੀ ਫਿਜ਼ਾ `ਚ ਹਾਲੇ ਵੀ ਰੰਗ ਦਿਖਦਾ ਹੈ । ਚਾਹੇ ਜਥੇਬੰਧਕ ਘੋਲ ਹੋਣ , ਸਾਹਿਤ ਹੋਵੇ ,ਜਾ ਉਹ ਹਸਤੀਆਂ ਜਿਨ੍ਹਾਂ ਨੇ  ਮੂਵਮੈਂਟ ਦੇ ਕਮਜ਼ੋਰ ਹੋਣ ਕਾਰਨ ਨਿਰਾਸ਼ ਹੋ ਕੇ  ਸਰਗਰਮ ਸਿਆਸਤ ਤੋਂ ਕਿਨਾਰਾ ਕਰ ਕੇ ਆਪਣੇ- ਆਪ ਨੂੰ ਸਮਾਜਿਕ ਜਾਂ ਸਾਹਿਤਕ ਕੰਮਾਂ ਤੱਕ ਮਹਿਦੂਦ ਕਰ ਲਿਆ ਪਰ  ਉਹਨਾਂ ਦਾ ਸਮਾਜ `ਚ ਬਹੁਤ ਮਾਣ- ਸਤਿਕਾਰ ਹੈ । ਇਹ ਗੱਲ ਵੀ ਯਾਦ ਰੱਖਣ ਵਾਲੀ ਹੈ `ਆਪ` ਨੇ ਪਿਛਲੀ ਵਾਰ  ਚਾਰ ਸੀਟਾਂ  ਉਹਨਾਂ  ਇਲਾਕਿਆਂ `ਚੋਂ ਹੀ  ਜਿੱਤੀਆਂ ਸਨ ਜੋ ਖੱਬੇ ਪੱਖੀ ਘੋਲਾਂ ਵਾਲੇ ਸਨ ।
          
ਇਹ ਨੰਗੀ ਚਿੱਟੀ ਸਚਾਈ ਹੈ ਕਿ ਅਜੋਕੇ ਸਮੇਂ ਫਾਸੀਵਾਦੀ ਤਾਕਤਾਂ ਦਾ ਟਾਕਰਾ ਸਿਰਫ ਖੱਬੀ ਵਿਚਾਰਧਾਰਾ ਰਾਹੀਂ ਹੀ ਕੀਤਾ ਜਾ ਸਕਦਾ ਹੈ । ਇਸੇ ਕਰਕੇ ਖੱਬਿਆਂ ਲਈ ਇਹ ਵੱਡਾ ਸਵਾਲ ਹੈ ਕਿ ਮੁਕਾਬਲਾ ਕਰਨਾ ਕਿਵੇਂ ਹੈ ? ਦਲਿਤਾਂ ਤੇ ਘੱਟ -ਗਿਣਤੀਆਂ ਬਾਰੇ ਉਹਨਾਂ ਨੂੰ ਆਪਣੀ ਬਚੀ -ਖੁਚੀ ਸੰਕੀਰਨ  ਸੋਚ ਛੱਡਣੀ ਪਵੇਗੀ ।ਪੰਜਾਬ ਦੇ ਕਾਮਰੇਡਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਪਵੇਗੀ ਜਿਸ ਭਗਤ ਸਿੰਘ ਦਾ ਨਾਮ  ਲੈ ਕੇ ਮਨਪ੍ਰੀਤ ਬਾਦਲ ਪੰਜਾਬੀਆਂ ਨੂੰ ਆਪਣੇ ਮਗਰ ਲਾ ਸਕਦਾ ਹੈ , ਜੇ `ਆਪ` ਵਾਲੇ ਭਗਤ ਸਿੰਘ ਤੇ ਇਨਕਲਾਬ ਦਾ ਨਾ ਲੈ ਕੇ ਪੰਜਾਬੀਆਂ    ਦੇ ਦਿਲਾਂ ਵੜ  ਸਕਦੇ ਹਨ (ਭਾਵੇਂ ਵਿਚਾਰਧਾਰਾ ਪੱਖੋਂ ਦੋਵਾਂ ਦਾ ਭਗਤ ਸਿੰਘ ਨਾਲ ਦੂਰ ਤੱਕ ਦਾ ਰਿਸ਼ਤਾ ਨਹੀਂ ) ਫੇਰ ਕਾਮਰੇਡ ਕਿਉਂ ਨਹੀਂ ਅਜਿਹਾ ਕਰ ਸਕਦੇ ?
       
ਕਿਤੇ ਇਸ ਲਈ ਤਾਂ ਨਹੀਂ ਜਿਸ ਭਗਤ ਸਿੰਘ ਨੂੰ ਉਹ ਸਿਰਫ `ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋਇਆ ਨੌਜਵਾਨ ` ਹੀ ਮੰਨਦੇ ਹਨ ,ਜੇ ਉਸਨੂੰ ਕਮਿਊਨਿਸਟ ਵਿਚਾਰਕ ਵਜੋਂ ਅੱਗੇ ਲਿਉਣਗੇ ਤਾਂ ਉਹਨਾਂ ਦੀਆਂ ਪਾਰਟੀਆਂ ਦੇ ਸੰਸਥਾਪਕਾਂ ਦਾ ਕੱਦ ਘਟਿਆ ਹੋਇਆ  ਨਜ਼ਰ ਆਉਣ ਲੱਗੇਗਾ   ?
        
 ਇਹ ਗੱਲ ਧਿਆਨ ਦੇਣ ਵਾਲੀ ਹੈ ਜਦੋਂ ਤ੍ਰਿਪੁਰਾ `ਚ ਫਾਸੀਵਾਦੀ ਲੈਨਿਨ ਦਾ ਬੁੱਤ ਤੋੜਦੇ ਹਨ ਉਦੋਂ ਆਮ ਲੋਕਾਂ ਨੂੰ ਦੱਸਣ ਲਈ  ਭਗਤ ਸਿੰਘ ਹੀ ਚੇਤੇ  ਆਉਂਦਾ ਹੈ ``ਅਖੇ ਇਹ ਓਹੀ ਲੈਨਿਨ ਹੈ ਜਿਸਦੀ ਸੋਚ ਤੋਂ ਭਗਤ ਸਿੰਘ ਪ੍ਰਭਾਵਤ ਸੀ ` ਉਸ ਸਮੇਂ ਕਿਸੇ ਵੀ ਖੱਬੀ ਧਿਰ ਦੇ ਲਬਾਂ `ਤੇ ਉਹਨਾਂ ਦੀ ਆਪਣੀ ਪਾਰਟੀ ਦੇ ਸੰਸਥਾਪਕ ਜਾਂ ਨੇਤਾ ਦਾ ਨਾਮ ਨਹੀਂ ਆਉਂਦਾ ।
                                                                   
ਰਾਬਤਾ : +91 99154 11894

Comments

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ