ਕੀ ਭਾਜਪਾ ਤੇ ਮੋਦੀ ਸੱਚਮੁੱਚ ਸਿੱਖ ਹਿਤੈਸ਼ੀ ਹਨ ? - ਸ਼ਿਵ ਇੰਦਰ ਸਿੰਘ
Posted on:- 18-05-2019
1984 ਦਾ ਸਿੱਖ ਕਤਲੇਆਮ ਭਾਰਤੀ ਲੋਕਤੰਤਰ ਦਾ ਕਾਲਾ ਅਧਿਆਏ ਹੈ । ਮਨੁੱਖੀ ਅਧਿਕਾਰਾਂ ਦੇ ਚਿੰਤਕਾਂ ਦਾ ਮੰਨਣਾ ਹੈ ਕਿ ਜੇ 84 ਨਾ ਵਾਪਰਦਾ ਤਾਂ ਨਾ ਹੀ 92 ਵਾਪਰਨਾ ਸੀ ਤੇ ਨਾ ਹੀ 2002 ; ਚੋਣਾਂ `ਚ ਹਰ ਵਾਰ 1984 ਤੇ 2002 ਦੇ ਕਤਲੇਆਮ ਚਰਚਾ ਦਾ ਵਿਸ਼ਾ ਬਣਦੇ ਹਨ । ਪੰਜਾਬ ਦੇ ਅਵਾਮ `ਚ ਸੂਬੇ ਦੀ ਸੱਤਾਧਾਰੀ ਧਿਰ ਵਿਰੁੱਧ ਰੋਸ ਹੋਣ ਦੇ ਬਾਵਜੂਦ ਨਾ ਤਾਂ ਅਕਾਲੀ ਦਲ ਦਾ ਪਿੱਛਾ ਬੇਅਦਬੀ ਮਾਮਲਾ ਛੱਡ ਰਿਹਾ ਹੈ ਨਾ ਹੀ ਪੰਜਾਬ `ਚ `ਮੋਦੀ ਲਹਿਰ` ਨਾਂ ਦੀ ਕੋਈ ਚੀਜ਼ ਹੈ । ਅਜਿਹੇ `ਚ ਦੋਵੇਂ ਭਾਈਵਾਲਾਂ ਨੇ 1984 ਦੇ ਮੁੱਦੇ ਨੂੰ ਜ਼ੋਰ -ਸ਼ੋਰ ਨਾਲ ਉਠਾਇਆ ਹੈ । ਭਾਜਪਾ ਨੇਤਾ ਪੂਰੇ ਦੇਸ਼ `ਚ 2002 ਦੇ ਸਵਾਲਾਂ ਤੋਂ ਬਚਣ ਲਈ 1984 ਨੂੰ ਢਾਲ ਵਜੋਂ ਵਰਤਦੇ ਹਨ । ਆਪਣੀ ਪੰਜਾਬ ਰੈਲੀ ਦੌਰਾਨ ਮੋਦੀ ਆਖਦਾ ਹੈ ਕਿ ਉਸਨੇ 84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਈਆਂ ਹਨ , ਕਾਂਗਰਸ ਨੂੰ ਸਿਖਾਂ ਦੀ ਦੁਸ਼ਮਣ ਜਮਾਤ ਆਖਦਾ ਉਹ ਸੈਮ ਪਿਤਰੋਦਾ ਦੀ `ਹੂਆ ਤੋ ਹੂਆ ` ਵਾਲੀ ਟਿੱਪਣੀ ਦਾ ਜ਼ਿਕਰ ਕਰਦਾ ਹੈ (ਭਾਵੇਂ ਕਿ ਪਿਤਰੋਦਾ ਇਸ ਗੱਲ ਤੇ ਮੁਆਫੀ ਮੰਗ ਚੁੱਕਾ ਹੈ ।ਕਾਂਗਰਸ ਪ੍ਰਧਾਨ ਵੀ ਪਿਤਰੋਦਾ ਦੀ ਟਿਪਣੀ ਨੂੰ ਗ਼ਲਤ ਆਖ ਚੁੱਕਾ ਹੈ )। ਅਮਿਤ ਸ਼ਾਹ ਆਪਣੀ ਪੰਜਾਬ ਰੈਲੀ `ਚ ਭਾਜਪਾ ਤੇ ਮੋਦੀ ਨੂੰ ਪੰਜਾਬ ਤੇ ਸਿਖਾਂ ਦਾ ਹਿਤੈਸ਼ੀ ਆਖਦਾ ਹੈ ।
ਸਵਾਲ ਪੈਦਾ ਹੁੰਦੈ ਕਿ ਕੀ ਭਾਜਪਾ ਤੇ ਨਰਿੰਦਰ ਮੋਦੀ , ਜਿਸਦੇ ਦਾਮਨ `ਤੇ 2002 ਦੇ ਕਤਲੇਆਮ ਦੇ ਦਾਗ ਹਨ , ਨੂੰ 84 ਦੇ ਕਤਲੇਆਮ ਦੀ ਗੱਲ ਕਰਨ ਦਾ ਕੋਈ ਨੈਤਿਕ ਅਧਿਕਾਰ ਹੈ ?ਭਾਜਪਾ ਤੇ ਉਸਦੀ ਮਾਈਬਾਪ ਆਰ.ਐੱਸ .ਐੱਸ. ਜੋ ਪੂਰੇ ਭਾਰਤ ਨੂੰ ਇੱਕ ਰੰਗ, ਇੱਕ ਵਿਚਾਰ , ਇੱਕ ਸੱਭਿਆਚਾਰ `ਚ ਰੰਗਿਆ ਦੇਖਣਾ ਚਾਹੁੰਦੇ ਹਨ , ਘੱਟ -ਗਿਣਤੀਆਂ ਵਿਰੁੱਧ ਉਹਨਾਂ ਦੇ ਛੋਟੇ -ਵੱਡੇ ਨੇਤਾ ਨਫ਼ਰਤੀ ਤਕਰੀਰਾਂ ਕਰਦੇ ਕਰਦੇ ਹਨ, ਕੀ ਉਹ ਸੱਚਮੁੱਚ ਸਿੱਖ ਹਿਤੈਸ਼ੀ ਹਨ ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਲੋੜ ਵੀ ਹੈ ਕਿ ਜਦੋਂ ਪੰਜਾਬ ਬਲ ਰਿਹਾ ਸੀ ਤੇ 1984 ਦੇ ਕਤਲੇਆਮ ਸਮੇਂ ਭਾਜਪਾ ਅਤੇ ਸੰਘ ਦੀ ਕੀ ਪੁਜ਼ੀਸ਼ਨ ਸੀ ?
ਜਦੋਂ ਪੰਜਾਬੀ ਸੂਬਾ ਮੂਵਮੈਂਟ ਚੱਲ ਰਹੀ ਸੀ ਤਾਂ ਅੱਜ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਦਾ ਪਹਿਲਾ ਅਵਤਾਰ ਜਨ -ਸੰਘ ਮਹਾਂ-ਪੰਜਾਬ ਲਹਿਰ ਚਲਾ ਕੇ ਪੰਜਾਬ ਦੇ ਦੋ ਵੱਡੇ ਭਾਈਚਾਰਿਆਂ ਨੂੰ ਆਪਸ `ਚ ਲੜਾਉਣ ਦਾ ਕੰਮ ਕਰ ਰਿਹਾ ਸੀ । ਪੰਜਾਬੀ ਹਿੰਦੂਆਂ ਨੂੰ ਮਾਤ -ਭਾਸ਼ਾ ਹਿੰਦੀ ਲਿਖਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ । ਅੰਮ੍ਰਿਤਸਰ `ਚ ਦਰਬਾਰ ਸਾਹਿਬ ਨੇੜੇ ਬੀੜੀ ,ਗੁਟਖਾ ਤੇ ਤੰਬਾਕੂ ਦੀਆਂ ਦੁਕਾਨਾਂ ਲਗਵਾਉਣ ਦੀ ਮੰਗ ਕਰਨ ਵਾਲਿਆਂ ਨੂੰ ਵੀ ਇਹਨਾਂ ਸੰਗਠਨਾਂ ਦੀ ਹਮਾਇਤ ਪ੍ਰਾਪਤ ਸੀ । ਦਰਬਾਰ ਸਾਹਿਬ ਦਾ ਮਾਡਲ ਤੋੜਨ ਵਾਲਾ ਹਰਬੰਸ ਲਾਲ ਖੰਨਾ ਭਾਜਪਾ ਦਾ ਸੂਬਾ ਪੱਧਰੀ ਲੀਡਰ ਸੀ । ਅਪਰੇਸ਼ਨ ਬਲਿਊ ਸਟਾਰ ਲਈ ਸਰਕਾਰ `ਤੇ ਜ਼ੋਰ ਪਾਉਣ ਵਾਲਿਆਂ `ਚੋਂ ਰਾਸ਼ਟਰੀ ਸੋਇਮ ਸੇਵਕ ਸੰਘ ਤੇ ਭਾਰਤੀ ਜਨਤਾ ਪਾਰਟੀ ਦਾ ਨਾਮ ਮੋਹਰੀ ਸੀ । ਅਪਰੇਸ਼ਨ ਬਲਿਊ ਸਟਾਰ ਤੋਂ ਕੁਝ ਦਿਨ ਪਹਿਲਾਂ ਤੱਕ ਲਾਲ ਕ੍ਰਿਸ਼ਨ ਅਡਵਾਨੀ ਤੇ ਅਟਲ ਬਿਹਾਰੀ ਵਾਜਪਾਈ ਇਸ ਗੱਲ ਨੂੰ ਲਈ ਕੇ ਧਰਨੇ `ਤੇ ਬੈਠੇ ਸਨ ਕਿ ਦਰਬਾਰ ਸਾਹਿਬ ਫ਼ੌਜ ਭੇਜੀ ਜਾਵੇ । ਅਡਵਾਨੀ ਆਪਣੀ ਸਵੈ-ਜੀਵਨੀ ``ਮਾਈ ਕੰਟਰੀ ਮਾਈ ਲਾਈਫ `` `ਚ ਇਸ ਗੱਲ ਨੂੰ ਸਵੀਕਾਰਦਾ ਹੈ ਤੇ ਫ਼ੌਜੀ ਕਾਰਵਾਈ ਦੀ ਸਰਾਹਨਾ ਵੀ ਕਰਦਾ ਹੈ । ਫ਼ੌਜੀ ਕਾਰਵਾਈ ਤੋਂ ਬਾਅਦ ਆਰ.ਐੱਸ .ਐੱਸ. ਵੱਲੋਂ ਲੱਡੂ ਵੰਡੇ ਜਾਣ ਦੀਆਂ ਖਬਰਾਂ ਵੀ ਆਈਆਂ ਸਨ । ਮੋਦੀ ਸਰਕਾਰ ਨੇ ਜਿਸ ਨਾਨਜੀ ਦੇਸ਼ਮੁਖ ਨੂੰ ਭਾਰਤ ਰਤਨ ਨਾਲ ਸਨਮਾਨਿਆ ਹੈ ਉਸਨੇ ਆਪਣੇ ਇੱਕ ਲੇਖ `ਮੂਵਮੈਂਟ ਆਫ਼ ਸੋਲ ਸਰਚਿੰਗ` `ਚ ਦਰਬਾਰ ਸਾਹਿਬ `ਤੇ ਕੀਤੀ ਫ਼ੌਜੀ ਕਾਰਵਾਈ ਲਈ ਇੰਦਰਾ ਗਾਂਧੀ ਦੀ ਸਿਫਤ ਕੀਤੀ ਹੈ ,ਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਇਹ ਕਹਿ ਕੇ ਸਹੀ ਠਹਿਰਾਇਆ ਕਿ ਇਹ ਸਿੱਖ ਨੇਤਾਵਾਂ ਦੀਆਂ ਗਲਤੀਆਂ ਦਾ ਹੀ ਸਿੱਟਾ ਹੈ । ਅੱਜ -ਕੱਲ੍ਹ ਭਾਜਪਾ ਨਾਲ ਰੁੱਸੇ ਤੇ ਵਾਜਪਾਈ ਸਰਕਾਰ `ਚ ਮੰਤਰੀ ਰਹਿ ਚੁੱਕੇ ਅਰੁਣ ਸ਼ੋਰੀ ਵੀ ਆਪਣੇ ਲੇਖ `ਲੈਸਨਜ਼ ਫਰੋਮ ਦਾ ਪੰਜਾਬ ` `ਚ ਵੀ ਕੁਝ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ । ਭਾਜਪਾ `ਚ ਅਜਿਹੇ ਨੇਤਾਵਾਂ ਦੀ ਵੀ ਘਾਟ ਨਹੀਂ ਜੋ ਰਾਜੀਵ ਗਾਂਧੀ ਸਮੇਂ ਕਾਂਗਰਸੀ ਸਨ ਜਿਵੇਂ ਸੁਬਰਾਮਨੀਅਮ ਸਵਾਮੀ , ਐਮ ਐੱਸ ਆਹਲੂਵਾਲੀਆ ਤੇ ਮਰਹੂਮ ਬੂਟਾ ਸਿੰਘ (ਬੂਟਾ ਸਿੰਘ ਵਾਜਪਾਈ ਦੀ ਸਰਕਾਰ `ਚ ਮੰਤਰੀ ਰਿਹਾ ਹੈ । ਉਸਨੇ ਆਜ਼ਾਦ ਉਮੀਦਵਾਰ ਵਜੋਂ ਭਾਜਪਾ ਨੂੰ ਹਮਾਇਤ ਦਿੱਤੀ ਸੀ ) 1984 ਦੇ ਸਿੱਖ ਵਿਰੋਧੀ ਕਤਲੇਆਮ `ਚ ਭਾਜਪਾ ਤੇ ਆਰ.ਐੱਸ .ਐੱਸ ਦੇ ਨੇਤਾਵਾਂ ਦੀ ਸ਼ਮਹੂਲੀਅਤ ਦੇ ਵੀ ਚਰਚੇ ਰਹੇ ਹਨ । ਦਿੱਲੀ ਸਿਟੀ ਪੁਲਿਸ `ਚ ਦਰਜ 14 ਐਫ਼.ਆਈ.ਆਰ. `ਚ 49 ਭਾਜਪਾ ਤੇ ਸੰਘ ਨਾਲ ਸਬੰਧਤ ਵਿਅਕਤੀਆਂ ਦੇ ਨਾਮ ਦਰਜ ਹਨ । ਸ੍ਰੀਨਿਵਾਸਪੁਰ ਪੁਲਿਸ ਸਟੇਸ਼ਨ ਸਾਊਥ ਦਿੱਲੀ `ਚ ਵੱਧ ਮਾਮਲੇ ਦਰਜ ਹਨ । ਐਫ਼.ਆਈ.ਆਰ ਤੋਂ ਪਤਾ ਲਗਦਾ ਹੈ ਹਰੀ ਨਗਰ ,ਆਸ਼ਰਮ , ਭਗਵਾਨ ਨਗਰ , ਸਨਲਾਈਟ ਕਲੋਨੀ `ਚ ਭਾਜਪਾ ਤੇ ਆਰ.ਐੱਸ .ਐੱਸ ਨੇਤਾਵਾਂ ਨੇ ਹੱਤਿਆ , ਅਗਜ਼ਨੀ , ਲੁੱਟ -ਖੋਹ ਦੇ ਮਾਮਲਿਆਂ ਨੂੰ ਅੰਜ਼ਾਮ ਦਿੱਤਾ । ਜਿਨ੍ਹਾਂ ਵਿਅਕਤੀਆਂ ਦੇ ਨਾਮ ਦਰਜ ਹਨ ਉਹਨਾਂ `ਚੋਂ ਇੱਕ ਹੈ ਰਾਮ ਕੁਮਾਰ ਜੈਨ ਜੋ 1980 ਦੀ ਲੋਕ ਸਭਾ ਚੋਣ `ਚ ਅਟਲ ਬਿਹਾਰੀ ਵਾਜਪਾਈ ਦਾ ਚੋਣ ਏਜੰਟ ਸੀ । ਅਗਸਤ 2005 `ਚ ਸੰਸਦ ਦੇ ਜਿਸ ਸੈਸ਼ਨ `ਚ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 84 ਦੇ ਦੁਖਾਂਤ ਲਈ ਮਾਫ਼ੀ ਮੰਗੀ ਸੀ ਉਸੇ ਸੈਸ਼ਨ `ਚ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਭਾਜਪਾ ਨੇਤਾਵਾਂ ਨੂੰ ਆਖਿਆ ਕਿ ਮੈਂ ਦੱਸਾਂ ਉਸ ਵੇਲੇ ਭਾਜਪਾ ਤੇ ਸੰਘ ਦੇ ਕਿਹੜੇ ਨੇਤਾ ਸ਼ਾਮਿਲ ਸਨ । ਉਘੇ ਵਿਦਵਾਨ ਸਮਸੁਲ ਇਸਲਾਮ ਦਾ ਕਹਿਣਾ ਹੈ , ``ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਨੇ ਚੋਣ ਰਾਸ਼ਟਰਵਾਦ ਦੇ ਨਾਮ `ਤੇ ਜਿਸ ਢੰਗ ਨਾਲ ਬਹੁਗਿਣਤੀ ਦੀਆਂ ਭਾਵਨਾਵਾਂ ਉਕਸਾ ਕੇ ਜਿੱਤੀ , ਉਸ ਤੋਂ ਇਹ ਗੱਲ ਸਾਫ ਹੈ ਕਿ ਕੱਟੜਵਾਦੀ ਹਿੰਦੂ ਸੰਗਠਨ ਪੂਰੀ ਤਰ੍ਹਾਂ ਕਾਂਗਰਸ ਨਾਲ ਸਨ `` 1991 `ਚ ਯੂ .ਪੀ ਦੇ ਪੀਲੀ ਭੀਤ `ਚ ਭਾਜਪਾ ਦੀ ਕਲਿਆਣ ਸਿੰਘ ਸਰਕਾਰ ਵੇਲੇ 10 ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਆਖ ਕੇ ਪੁਲਿਸ ਮੁਕਾਬਲੇ `ਚ ਮਾਰਿਆ ਗਿਆ । ਜਿਸ ਮੋਦੀ ਨੂੰ ਅਮਿਤ ਸ਼ਾਹ ਸਿੱਖ ਹਿਤੈਸ਼ੀ ਆਖਦਾ ਹੈ ਓਹੀ ਮੋਦੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਹਾਨੇ ਸਿੱਖ ਭਾਈਚਾਰੇ ਦੀ ਬੇਇਜ਼ਤੀ ਕਰਦਾ ਹੈ । ਇਕ ਵਾਰ ਮੋਦੀ ਮਨਮੋਹਨ ਸਿੰਘ ਨੂੰ `ਸ਼ਿਖੰਡੀ` ਆਖਦਾ ਹੈ । ਦੂਜੀ ਵਾਰ ਉਸਨੇ ਡਾ . ਸਿੰਘ `ਤੇ `ਬਾਰ੍ਹਾਂ ਵੱਜਣ ਵਾਲਾ ` ਵਿਅੰਗ ਕੀਤਾ ਸੀ । ਜਿਸਦਾ ਸਿੱਖ ਹਲਕਿਆਂ `ਚ ਵਿਰੋਧ ਪਾਇਆ ਗਿਆ । ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਨੇ ਸਾਲਾਂ ਤੋਂ ਗੁਜਰਾਤ ਦੇ ਕੱਛ ਤੇ ਭੁੱਜ ਇਲਾਕੇ ਚ ਵਸਦੇ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਲਾ ਬਿੱਲ ਲੈ ਆਂਦਾ ਜਦੋਂ ਸਰਕਾਰ ਹਾਈ ਕੋਰਟ `ਚੋਂ ਹਾਰ ਗਈ ਤਾਂ ਉਹ ਮਾਮਲਾ ਸੁਪਰੀਮ ਕੋਰਟ `ਚ ਲੈ ਗਈ । ਗੁਜਰਾਤ ਵਸਦੇ ਪੰਜਾਬੀ ਕਿਸਾਨਾਂ ਦੇ ਆਗੂ ਸੁਰਿੰਦਰ ਸਿੰਘ ਭੁੱਲਰ ਅਨੁਸਾਰ , ``ਹੁਣ ਭਾਜਪਾ ਦੇ ਸਥਾਨਕ ਲੀਡਰ ਸਾਡੇ ਨਾਲ ਗੁੰਡਾਗਰਦੀ ਕਰਦੇ ਹਨ । ਸਾਨੂੰ ਧੱਕੇ ਨਾਲ ਇਥੋਂ ਕੱਢਣਾ ਚਾਹੁੰਦੇ ਹਨ । ਅਸਲ `ਚ ਮੋਦੀ ਕੇਵਲ ਮੁਸਲਮਾਨਾਂ ਦੇ ਹੀ ਨਹੀਂ ਸਗੋਂ ਸਮੁੱਚੀਆਂ ਘੱਟ -ਗਿਣਤੀਆਂ ਦੇ ਵਿਰੋਧੀ ਹੈ `` ਭਾਜਪਾ ਦੇ ਕਈ ਨੇਤਾ ਸ਼ਰ੍ਹੇਆਮ ਸਿੱਖ ਭਾਈਚਾਰੇ ਬਾਰੇ ਵੀ ਊਲ ਜਲੂਲ ਬੋਲਦੇ ਰਹੇ ਹਨ । 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਐਮ .ਪੀ . ਵਰੁਣ ਗਾਂਧੀ ਨੇ ਆਪਣੇ ਵਿਰੋਧੀ ਸਿੱਖ ਉਮੀਦਵਾਰ ਨੂੰ `ਪਾਗਲ ਸਰਦਾਰ` ਕਿਹਾ ਸੀ । ਕੁਝ ਦਿਨ ਪਹਿਲਾਂ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਵੀ ਸਿੱਖ ਭਾਈਚਾਰੇ ਨੂੰ ਗਾਲ੍ਹਾਂ ਕੱਢੀਆਂ ਸਨ । ਬਹੁਤ ਸਾਰੇ ਸਿੱਖ ਬੁਧੀਜੀਵੀ ਤੇ ਲੀਡਰ ਮੰਨਦੇ ਹਨ ਕਿ ਆਰ .ਐੱਸ .ਐੱਸ . ਉਹਨਾਂ ਦੇ ਧਰਮ ਨੂੰ ਹਿੰਦੂ ਧਰਮ `ਚ ਜਜ਼ਬ ਕਰਨਾ ਚਾਹੁੰਦੀ ਹੈ ।ਇਸਦੀਆਂ ਸਮੇਂ -ਸਮੇਂ ਮਿਸਾਲਾਂ ਵੀ ਮਿਲੀਆਂ ਹਨ । ਆਰ .ਐੱਸ .ਐੱਸ ਦੇ ਪ੍ਰਕਾਸ਼ਨਾਂ ਜਾਂ ਉਸਦੀ ਸੋਚ ਵਾਲੇ ਪ੍ਰਕਾਸ਼ਨਾਂ ਦੁਆਰਾ ਸਿੱਖ ਇਤਿਹਾਸ ਤੋੜ -ਮਰੋੜ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ । ਸਿੱਖ ਗੁਰੂਆਂ ਦੀਆਂ ਮਨੁੱਖਤਾ ਲਈ ਲੜੀਆਂ ਲੜਾਈਆਂ ਨੂੰ ਮੁਸਲਿਮ ਵਿਰੋਧ ਵਜੋਂ ਦਿਖਾਇਆ ਗਿਆ । ਕਈ ਕਿਤਾਬਾਂ `ਚ ਸਿੱਖ ਗੁਰੂਆਂ ਦੀ ਕਿਰਦਾਰਕੁਸ਼ੀ ਵੀ ਕੀਤੀ ਗਈ ਹੈ । ਸੰਨ 2006 `ਚ ਗੁਰੂ ਅਰਜਨ ਦੇਵ ਜੀ ਦੇ 400 ਸ਼ਹੀਦੀ ਦਿਵਸ ਮੌਕੇ ਰੱਖੇ ਸਮਾਗਮ `ਚ ਭਾਜਪਾ ਨੇਤਾ ਸੁਸ਼ਮਾ ਸਵਰਾਜ ਨੇ ਤਾਂ ਗੁਰੂ ਸਾਹਿਬ ਦੀ ਸ਼ਹੀਦੀ ਨਾਲ ਜੁੜੇ ਚੰਦੂ ਦੇ ਨਾਮ `ਤੇ ਵੀ ਇਤਰਾਜ਼ ਪ੍ਰਗਟ ਕੀਤਾ । ਉਸੇ ਸਮਾਗਮ `ਚ ਰਾਸ਼ਟਰੀ ਸਿੱਖ ਸੰਗਤ ਤੇ ਲੱਗੀ ਰੋਕ ਹਟਾਉਣ ਦੀ ਮੰਗ ਵੀ ਭਾਜਪਾਈਆਂ ਨੇ ਚੁੱਕੀ । ਕੈਨੇਡਾ ਵਸਦੇ ਪੰਜਾਬੀ ਮੂਲ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਸਿਖਾਂ ਨਾਲ ਝੂਠਾ ਹੇਜ ਜਿਤਾ ਕੇ ਪ੍ਰਵਾਸੀ ਸਿਖਾਂ ਵਿਚ ਆਪਣੀ ਭੱਲ ਬਣਾਉਣਾ ਚਾਹੁੰਦੀ ਹੈ ਕਿਉਂ ਕਿ ਦੁਨੀਆਂ ਦੇ ਕੋਨੇ ਕੋਨੇ ਚ ਵਸਦੇ ਸਿੱਖਾਂ ਦਾ ਆਪਣੇ ਮੁਲਕਾਂ `ਚ ਚੰਗਾ ਰੁਤਬਾ ਹੈ ਇਸਦੇ ਸਹਾਰੇ ਉਹ ਦੁਨੀਆਂ `ਚ ਆਪਣੀ ਸਾਖ਼ ਉਦਾਰ ਬਣਾਉਣਾ ਚਾਹੁੰਦੀ ਹੈ ਪੂਰੇ ਮੁਲਕ ਨੂੰ ਇੱਕ ਰੰਗ `ਚ ਰੰਗਣ ਦਾ ਵਿਚਾਰ ਰੱਖਣ ਵਾਲੇ ਸੰਘ ਦੀ ਬਗਲਬਚੀ ਭਾਜਪਾ ਪੂਰੀ ਤਰ੍ਹਾਂ ਮੁਸਲਿਮ ,ਈਸਾਈ ,ਦਲਿਤ ਤੇ ਆਦਿਵਾਸੀ ਵਿਰੋਧੀ ਹੈ । ਬਾਕੀ ਜੋ ਧਰਮਾਂ ਨੂੰ ਉਹ ਆਪਣੇ ਵਿਚਾਰਾਂ ਰਾਹੀਂ ਜਜ਼ਬ ਕਰਨਾ ਚਾਹੁੰਦੀ ਹੈ । ਇਸਨੂੰ ਭਾਰਤੀ ਲੋਕਤੰਤਰ ਦੀ ਤ੍ਰਾਸਦੀ ਹੀ ਮੰਨ ਸਕਦੇ ਹਾਂ ਕਿ 1984 ਇੱਕ ਵਿਅਕਤੀ ਘੱਟ ਗਿਣਤੀ ਦੇ ਕਤਲਾਂ ਦੀ ਤੁਲਨਾ `ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ` ਨਾਲ ਕਰ ਬਹੁ ਗਿਣਤੀ ਦੀਆਂ ਭਾਵਨਾਵਾਂ ਰਾਸ਼ਟਰਵਾਦ ਦੇ ਰੰਗ `ਚ ਰੰਗ ਕੇ ਪ੍ਰਧਾਨ ਮੰਤਰੀ ਬਣ ਜਾਂਦਾ ਹੈ । ਪੂਰੇ 30 ਸਾਲ ਬਾਅਦ ਉਹ ਵਿਆਕਤੀ ਪ੍ਰਧਾਨ ਮੰਤਰੀ ਬਣਦਾ ਹੈ ਜੋ ਦੂਜੀ ਘੱਟ -ਗਿਣਤੀ ਦੇ ਕਤਲਾਂ ਦੀ ਤੁਲਨਾ `ਨਿਊਟਨ ਦੇ ਤੀਜੇ ਗਤੀ ਨਿਯਮ` ਨਾਲ ਕਰਦਾ ਹੈ । ਆਪਣੇ ਪੰਜਾਂ ਸਾਲਾਂ ਦੇ ਰਾਜ ਚ ਉਹ ਅਜਿਹਾ ਮਹੌਲ ਤਿਆਰ ਕਰ ਦਿੰਦਾ ਹੈ ਜਿਥੇ ਘੱਟ -ਗਿਣਤੀ ਦੇ ਕਤਲ , ਮਾਰਕੁਟਾਈ ਆਮ ਵਰਤਾਰਾ ਬਣ ਗਿਆ ਹੋਵੇ । ਕਾਤਲਾਂ ਨੂੰ ਸਲਾਮੀਆਂ ਦਿੱਤੀਆਂ ਜਾਂਦੀਆਂ ਹਨ ।ਘੱਟ ਗਿਣਤੀਆਂ ਲਈ ਗਾਲ੍ਹਾਂ ਬਕਣਾ ਬਹਾਦਰੀ ਵਾਲੀ ਗੱਲ ਬਣ ਗਈ । ਭੀੜਾਂ ਦੁਆਰਾ ਕੀਤੀ ਹਿੰਸਾ `ਲੋਕਾਂ ਦੁਆਰਾ ਕੀਤਾ ਇਨਸਾਫ ਹੋ ਗਿਆ ਹੋਵੇ। ` ਰਾਬਤਾ: 9915411894