Thu, 21 November 2024
Your Visitor Number :-   7254757
SuhisaverSuhisaver Suhisaver

ਲੋਕ ਦਿਲਾਂ ਉੱਤੇ ਰਾਜ ਪੈਸੇ ਦੇ ਸਿਰ ’ਤੇ ਨਹੀਂ ਕਲਾ ਸਿਰ ’ਤੇ ਹੁੰਦਾ ਹੈ:ਇੰਦਰਜੀਤ ਹਸਨਪੁਰੀ

Posted on:- 28-05-2013

suhisaver

ਮੁਲਾਕਾਤੀ: ਸ਼ਿਵ ਇੰਦਰ ਸਿੰਘ

ਮਰਹੂਮ
ਇੰਦਰਜੀਤ ਹਸਨਪੁਰੀ ਦਾ ਨਾਂ ਪੰਜ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀਆਂ ਦੇ ਦਿਲੋ-ਦਿਮਾਗ ’ਤੇ ਰਾਜ ਕਰ ਰਿਹਾ ਹੈ। ਉਸਦੇ ਗੀਤ ਲੋਕ-ਮਨਾਂ ’ਚ ਲੋਕ-ਗੀਤਾਂ ਵਾਂਗੂੰ ਸਥਾਨ ਬਣਾ ਚੁੱਕੇ ਹਨ। ਭਾਵੇਂ ਨਵੀਂ ਪੀੜ੍ਹੀ ਹੋਵੇ ਜਾਂ ਪੁਰਾਣੀ ‘ਗੜਵਾ ਚਾਂਦੀ ਦਾ’ ਦਾ ਜਾਦੂ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਦਾ ਹੈ। ਹਸਨਪੁਰੀ ਨੇ ਫ਼ਿਲਮਾਂ ਲਈ ਵੀ ਗੀਤ ਲਿਖੇ, ਫ਼ਿਲਮਾਂ ਦੀ ਕਹਾਣੀ, ਸਕਰਿੱਪਟ ਲਿਖੀ ’ਤੇ ਸਾਹਿਤ ਦੇ ਖੇਤਰ ਵਿੱਚ ਵੀ ਕਈ ਕਿਤਾਬਾਂ ਲਿਖ ਕੇ ਮਾਂ-ਬੋਲੀ ਦੀ ਝੋਲੀ ਪਾਈਆਂ। ਉਨ੍ਹਾਂ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਕੁਝ ਸਮਾਂ ਪਹਿਲਾਂ ਕੀਤੀ ਇਹ ਮੁਲਾਕਾਤ ਪੇਸ਼ ਹੈ...


? ਸਵਾਲ- ਹਸਨਪੁਰੀ ਸਾਹਿਬ, ਸਭ ਤੋਂ ਪਹਿਲਾਂ ਰਵਾਇਤੀ ਜਿਹਾ ਸਵਾਲ, ਆਪਣੇ ਜਨਮ, ਮਾਤਾ-ਪਿਤਾ, ਪੜ੍ਹਾਈ ਤੇ ਪਰਿਵਾਰ ਬਾਰੇ ਦੱਸੋ।

ਜਵਾਬ- ਮੇਰੇ ਪਿਤਾ ਸਵ. ਸ. ਜਸਵੰਤ ਸਿੰਘ ਦਿੱਲੀ ’ਚ ਠੇਕੇਦਾਰ (1924-47)। ਇਸ ਸਮੇਂ ਅਸੀਂ ਵੀ ਦਿੱਲੀ ਰਹੇ। ਪਿਤਾ ਜੀ ਨੇ ਖੁਸ਼ਵੰਤ ਸਿੰਘ ਦੇ ਪਿਤਾ ਸਰ ਸ਼ੋਭਾ ਸਿੰਘ ਦੀਆਂ ਕਈ ਇਮਾਰਤਾਂ ਬਣਾਈਆਂ ਤੇ ਹੋਰ ਉਸਾਰੀ ਦੇ ਕੰਮ ਕੀਤੇ। ਰੰਧਾਵਾ ਉਸ ਸਮੇਂ ਡੀ. ਸੀ. ਸਨ ਤੇ ਪਿਤਾ ਜੀ ਦੇ ਦੋਸਤ ਸਨ। ਉੱਥੇ ਹੀ ਅੱਠਵੀਂ ਤੱਕ ਪੜ੍ਹਾਈ ਹੋਈ।

? ਸਵਾਲ- ਇੰਦਰਜੀਤ ਤੋਂ ਇੰਦਰਜੀਤ ਹਸਨਪੁਰੀ ਕਿਵੇਂ ਬਣੇ?

ਜਵਾਬ- ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ, ਕਿਉਂਕਿ ਸਾਡੇ ਘਰ ਤਵਿਆਂ ਵਾਲੀ ਮਸ਼ੀਨ ਸੀ। ਮੈਂ ਵੀ ਪਿਤਾ ਜੀ ਨਾਲ ਸੁਣਦਾ ਰਿਹਾ। ਮੇਰੇ ਮਾਤਾ ਸ਼੍ਰੀਮਤੀ ਭਗਵਾਨ ਕੌਰ ਜੀ ਗਾਉਣ ਦਾ ਸ਼ੌਕ ਰੱਖਦੇ ਸਨ। ਮਾਂ ਨੂੰ ਹਰ ਵਿਆਹ-ਸ਼ਾਦੀ ’ਚ ਗਿੱਧੇ ’ਚ ਬੁਲਾ ਲਿਆ ਜਾਂਦਾ ਸੀ। ਪਿਤਾ ਜੀ ਸਾਹਿਤਕ ਰੁਚੀ ਵਾਲੇ ਸਨ। ਸੋ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਬਲੱਡ ’ਚ ਹੀ ਇਹ ਸਭ ਰੁਚੀਆਂ ਸਨ। ਇਸਨੂੰ ਸ਼ਿਅਰ ’ਚ ਕੁਝ ਇਸ ਤਰ੍ਹਾਂ ਬਿਆਨ ਕਰਾਂਗਾ,

ਮਾਂ ਦੀ ਲੋਰੀ ਨੇ ਸੁਰ ਦਿੱਤਾ

ਥਾਪੜ-ਥਾਪੜ ਤਾਲ ਸਿਖਾਈ

ਇੰਝ ਲੱਗਦਾ ਹੈ ਮੈਨੂੰ ਏਦਾਂ

ਗੀਤ ਲਿਖਣ ਦੀ ਸੋਝੀ ਆਈ।


ਪਹਿਲਾਂ ਤਾਂ ਮੈਨੂੰ ਡਰਾਇੰਗ ਦਾ ਸ਼ੌਕ ਸੀ ਫਿਰ ਗੀਤ ਸੁਣ ਕੇ ਲਿਖਣ ਦਾ ਵੀ ਪੈਦਾ ਹੋ ਗਿਆ। ਪਿਤਾ ਜੀ ਦੀ ਮੌਤ 1947 ’ਚ ਹੋਈ। ਸੰਤਾਲੀ ਤੋਂ ਬਾਅਦ ਸਾਡਾ ਇਧਰ ਹੀ ਪਾਕਿਸਤਾਨ ਬਣ ਗਿਆ। ਹਿੰਦੁਸਤਾਨ ’ਚ ਰਹਿੰਦੇ ਹੀ ਅਸੀਂ ਸ਼ਰਨਾਰਥੀ ਹੋ ਗਏ। ਕਾਰੋਬਾਰ ਤਬਾਹ ਹੋ ਗਿਆ। ਰਿਸ਼ਤੇਦਾਰਾਂ ਨੇ ਤਾਂ ਮਾਂ ਤੋਂ ਸਾਈਨ ਕਰਵਾ ਕੇ ਘਰ ਲੈ ਲਿਆ ਤੇ ਪਿੰਡ ਹਸਨਪੁਰ ਰਹਿਣਾ ਪਿਆ। ਮੇਰੀਆਂ ਤਿੰਨ ਛੋਟੀਆਂ ਭੈਣਾਂ, ਮਾਂ ਤੇ ਮੈਂ ਹਸਨਪੁਰ ਆ ਗਏ। ਮੇਰੀ ਉਮਰ ਉਦੋਂ ਪੰਦਰਾਂ ਸਾਲ ਸੀ। ਇਥੇ ਆ ਕੇ ਮੈਂ ਪੇਂਟਿੰਗ ਦਾ ਕੰਮ ਸ਼ੁਰੂ ਕੀਤਾ ਤੇ ਨਾਲ ਦੀ ਨਾਲ ਗੀਤ ਲਿਖਣ ਦਾ ਸ਼ੌਕ ਵੀ ਚੱਲਦਾ ਗਿਆ। ਲੋਕ ਮਖੌਲ ਵੀ ਕਰਦੇ ਸਨ। ਪਿੰਡ ਕੋਈ ਜ਼ਮੀਨ-ਜਾਇਦਾਦ ਨਹੀਂ ਸੀ ਸਿਰਫ਼ ਛੋਟਾ ਜਿਹਾ ਘਰ ਸੀ. ਬਚਪਨ ਦੀ ਜੋ ਸਰਦਾਰੀ ਦੇਖੀ ਤੇ ਮਾਂ-ਬਾਪ ਦੀ ਟੌਹਰ ਵੇਖੀ, ਪਿੰਡ ਆ ਕੇ ਉਹੀ ਮਾਂ ਨੂੰ ਵੀ ਲੋਕਾਂ ਦੇ ਕੱਪੜੇ ਸੀਣੇ ਪਏ, ਮਿਹਨਤ ਕਰਨੀ ਪਈ। ਮੈਂ ਪੇਂਟਿੰਗ ਦਾ ਕੰਮ ਸ਼ੁਰੂ ਕੀਤਾ। ਹੌਲੀ-ਹੌਲੀ ਦੁਕਾਨ ਪਾ ਲਈ। ਨੌਕਰੀ ਵੀ ਕੀਤੀ। ਇੱਕ ਵਾਰ ਮੈਂ ਤੇ ਮੇਰੇ ਦੋਸਤ ਈਸ਼ਰਪਾਲ ਨੇ ਰਲ਼ ਕੇ ਰਾਏਕੋਟ ਦੇ ਮੇਲੇ ’ਤੇ ਚਾਹ ਦੀ ਦੁਕਾਨ ਪਾ ਲਈ। ਉਥੇ ਚਾਹ ਵੇਚੀ ਪਰ ਕੰਮ ਨਾ ਰੁੜ੍ਹਿਆ।

 ਜਦੋਂ ਅਸੀਂ ਰਾਏਕੋਟ ਮੇਲੇ ’ਤੇ ਚਾਹ ਦੀ ਦੁਕਾਨ ਕੀਤੀ ਹੋਈ ਸੀ ਤਾਂ ਉਹਨੀਂ ਦਿਨੀਂ ਸ਼ਾਦੀ-ਬਖ਼ਸ਼ੀ, ਜੋ ਉਸ ਸਮੇਂ ਦੇ ਮਸ਼ਹੂਰ ਸਿੰਗਰ ਸਨ, ਰਾਏਕੋਟ ਮੇਲੇ ’ਤੇ ਆਏ ਹੋਏ ਸਨ। ਉਹ ਸਾਡੇ ਕੋਲ ਚਾਹ ਪੀਣ ਆਏ। ਮੈਂ ਦੱਸਿਆ ਕਿ ਮੈਨੂੰ ਗੀਤ ਲਿਖਣ ਦਾ ਸ਼ੌਕ ਹੈ। ਮੇਰੇ ਕੋਲ ਪਈ ਕਾਪੀ ’ਚੋਂ ਉਹਨਾਂ ਇੱਕ ਗੀਤ ਚੁਣਿਆਂ,

ਸਾਧੂ ਹੁੰਦੇ ਰੱਬ ਵਰਗੇ,

ਘੁੰਡ ਕੱਢ ਕੇ ਖ਼ੈਰ ਨਾ ਪਾਈਏ।

ਇਸੇ ਗੀਤ ਨੇ ਮੈਨੂੰ ਰਾਤੋ-ਰਾਤੋ ਇੰਦਰਜੀਤ ਤੋਂ ਇੰਦਰਜੀਤ ਹਸਨਪੁਰੀ ਬਣਾ ਦਿੱਤਾ।

? ਸਵਾਲ- ਹਸਨਪੁਰੀ ਪ੍ਰੋਡਿਸਰ ਕਿਵੇਂ ਬਣਿਆ?

ਜਵਾਬ- ਉਹਨਾਂ ਦਿਨਾਂ ’ਚ ਮੇਰਾ ਗੀਤ ਬੜਾ ਮਸ਼ਹੂਰ ਹੋਇਆ,

ਲੈ ਜਾ ਛੱਲੀਆਂ,

ਭੁਨਾ ਲਈਂ ਦਾਣੇ,

ਮਿੱਤਰਾ ਦੂਰ ਦਿਆ।

ਉਹਨਾਂ ਹੀ ਦਿਨਾਂ ’ਚ ਬੰਬੇ ਤੋਂ ਪ੍ਰੋਡਿਸਰ ਸਾਹਿਬ ਦੀਪਕ ਜਲੰਧਰੀ ਰਾਹੀਂ ਮੇਰੇ ਕੋਲ ਪਹੁੰਚੇ। ਉਨ੍ਹਾਂ ਮੈਨੂੰ ਆਪਣੀ ਫ਼ਿਲਮ ਲਈ ਦੋ ਗੀਤ ਲਿਖਣ ਨੂੰ ਕਿਹਾ। ਫਿਲਮ ਸੀ ‘ਨਹੀਂ ਰੀਸਾਂ ਪੰਜਾਬ ਦੀਆਂ’ ਪ੍ਰੋਡਿਸਰ ਸਨ ਮਿਸਟਰ ਦੱਤਾ ਤੇ ਫਾਇਨੈਂਸਰ ਸੀ ਸ੍ਰੀ ਰਾਮ। ਮੇਰੇ ਦੋਹੇਂ ਗੀਤ ਮੁਹੰਮਦ ਰਫ਼ੀ ਸਾਹਿਬ ਨੇ ਗਾਏ। ਮਿਜ਼ਕ ਸੀ ਅੱਲਾ ਰੱਖਾ ਖ਼ਾਂ ਦਾ। ਗੀਤਾਂ ਦੇ ਬੋਲ ਸਨ,

ਨਹੀਂ ਰੀਸਾਂ ਪੰਜਾਬ ਦੀਆਂ,

ਕਰਦਾ ਏ ਸਿਫ਼ਤਾਂ ਮਹਿਕਾਂ ਭਰੇ ਗੁਲਾਬ ਦੀਆਂ।

...

ਤੇਰੇ ਜਿਹੀ ਸੋਹਣੀ ਕੋਈ ਨਾ,

ਅਸੀਂ ਵੇਖੀਆਂ ਬਹੁਤ ਮੁਟਿਆਰਾਂ।

ਇਸ ਫਿਲਮ ’ਚ ਮੈਥੋਂ ਬਿਨਾਂ ਬਾਕੀ ਦੇ ਗੀਤਕਾਰ ਸਨ, ਸ੍ਰੀ ਨੰਦ ਲਾਲ ਨੂਰਪੁਰੀ, ਪ੍ਰੇਮ ਭੂਸ਼ਨ ਸ਼ਾਹਕੋਟੀ ਤੇ ਨਕਸ਼ ਲਾਇਲਪੁਰੀ। ਮੈਨੂੰ ਨੂਰਪੁਰੀ ਸਾਹਿਬ ਨਾਲ ਆਪਣਾ ਨਾਂ ਆਉਣ ਅਤੇ ਰਫ਼ੀ ਸਾਹਿਬ ਦੇ ਗਾਉਣ ਦੀ ਖੁਸ਼ੀ ਸੀ।

ਜਦੋਂ ਪ੍ਰੋਡਿੳੂਸਰ ਤੇ ਫਾਇਨੈਂਸਰ ਗੱਲਾਂ ਕਰਦੇ ਕਿ ਉਨ੍ਹਾਂ ਨੂੰ ਦੋ-ਦੋ ਲੱਖ ਦਾ ਫਾਇਦਾ ਹੋਵੇਗਾ ਤਾਂ ਮਨ ’ਚ ਪ੍ਰੋਡਿਸਰ ਬਣਨ ਦਾ ਖਿਆਲ ਆਇਆ।

? ਸਵਾਲ- ਪੰਜਾਬੀ ਫਿਲਮਾਂ ’ਚ ਜ਼ਿਆਦਾਤਰ ਉਹੀ ਹੀਰੋ ਕਾਮਯਾਬ ਰਹੇ ਜੋ ਹਿੰਦੀ ਫਿਲਮਾਂ ’ਚ ਸੁਪਰ ਫਲਾਪ, ਜਿਵੇਂ ਸਤੀਸ਼ ਕੌਲ, ‘ਮਨ ਜੀਤੈ ਜਗ ਜੀਤ’ ਵਾਲੀ ਰਾਧਾ ਸਾਲੂਜਾ। ਇਹਨੂੰ ਪੰਜਾਬੀ ਫਿਲਮਾਂ ਜਾਂ ਫਿਲਮ ਨਿਰਮਾਤਾਵਾਂ ਦਾ ਗੁਣ ਕਹੋਗੇ ਜਾਂ ਅੰਨਿਆਂ ’ਚ ਕਾਣੇ ਰਾਜੇ ਵਾਲੀ ਗੱਲ?

ਜਵਾਬ- ਨਹੀਂ, ਅਸਲ ’ਚ ਇਹ ਪੰਜਾਬੀ ਪ੍ਰੋਡਿਸਰਾਂ ਤੇ ਪੰਜਾਬੀ ਫਿਲਮ ਬਣਾਉਣ ਵਾਲਿਆਂ ਦਾ ਕਮਾਲ ਹੈ। ਹਿੰਦੀ ਫਿਲਮਾਂ ’ਚੋਂ ਨਕਾਰੇ ਕਲਾਕਾਰਾਂ ਨੂੰ ਪੰਜਾਬੀ ਫਿਲਮਾਂ ਵਿੱਚ ਲੈਣ ਲਈ ਮਜਬੂਰ ਸੀ ਕਿਉਂਕਿ ਪੰਜਾਬੀ ਫਿਲਮਾਂ ਘੱਟ ਬਜਟ ਵਾਲੀਆਂ ਹੁੰਦੀਆਂ ਸਨ। ਹਿੰਦੀ ਫਿਲਮਾਂ ’ਚੋਂ ਨਕਾਰੇ ਕਲਾਕਾਰ ਘੱਟ ਪੈਸੇ ’ਤੇ ਕੰਮ ਰਨ ਲਈ ਰਾਜ਼ੀ ਹੋ ਜਾਂਦੇ ਸਨ। ਪੰਜਾਬੀ ਫਿਲਾਂ ਬਣਾਉਣ ਵਾਲਿਆਂ ਨੇ ਅਨੇਕਾਂ ਹੀ ਹਿੰਦੀ ਫਿਲਮਾਂ ’ਚ ਫਲਾਪ ਹੋਏ ਅਭਿਨੇਤਾ ਅਤੇ ਅਭਿਨੇਤਰੀਆਂ ਨੂੰ ਫਿਲਮ ਦੀ ਕਹਾਣੀ ਤੇ ਗੀਤਾਂ ਦੇ ਸਿਰ ’ਤੇ ਸੁਪਰਸਟਾਰ ਬਣਾ ਦਿੱਤਾ।

? ਸਵਾਲ- ਪੰਜਾਬੀ ਫਿਲਮਾਂ ਦੱਖਣ ਭਾਰਤ ਦੀਆਂ ਫਿਲਮਾਂ ਦੀ ਤਰ੍ਹਾਂ ਕਾਮਯਾਬ ਕਿਉਂ ਨਹੀਂ ਹੋ ਸਕੀਆਂ? ਜਦਕਿ ਪੰਜਾਬੀ ਦਰਸ਼ਕਾਂ ਦੀ ਕਮੀ ਨਹੀਂ ਹੈ?

ਜਵਾਬ- ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ। ਸਾਡੇ ਪੰਜਾਬੀ ਫਿਲਮਾਂ ਬਹੁਤ ਕਾਮਯਾਬ ਰਹੀਆਂ। ਮੇਰੇ ਤੋ ਪਹਿਲਾਂ ਦੇ ਦੌਰ ਤੋਂ ਲੈ ਕੇ ਵਰਿੰਦਰ ਦੇ ਸਮੇਂ ਤੱਕ ਚੰਗੀਆਂ ਫਿਲਮਾਂ ਬਣੀਆਂ। ਮੇਰੀਆਂ ਫਿਲਮਾਂ ‘ਤੇਰੀ ਮੇਰੀ ਇੱਕ ਜਿੰਦੜੀ’ ਤੇ ‘ਦਾਜ’ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਅਸਲ ’ਚ ਪੰਜਾਬ ਵੰਡਣ ਕਰਕੇ ਵੀ ਪੰਜਾਬੀ ਫਿਲਮਾਂ ਦਾ ਬਹੁਤ ਨੁਕਸਾਨ ਹੋਇਆ ਹੈ। ਜੋ ਪੰਜਾਬੀ ਤੋਂ ਬੇਮੁੱਖ ਹੋ ਗਏ ਉਨ੍ਹਾਂ ਪੰਜਾਬੀ ਵੱਲ ਘੱਟ ਧਿਆਨ ਦਿੱਤਾ ਹੈ। ਇੱਕ ਗੱਲ ਹੋਰ ਕਿ ਪੰਜਾਬੀ ਹਿੰਦੀ ਦੇ ਬਹੁਤ ਨੇੜੇ ਹੈ, ਅਨਪੜ੍ਹ ਵਿਅਕਤੀ ਵੀ (ਪੰਜਾਬ ਦਾ) ਹਿੰਦੀ ਫਿਲਮਾਂ ਨੂੰ ਚੰਗੀ ਤਰ੍ਹਾਂ ਦੇਖ ਅਤੇ ਸਮਝ ਸਕਦਾ ਹੈ। ਇਸ ਗੱਲ ਨੇ ਪੰਜਾਬੀ ਫਿਲਮਾਂ ਨੂੰ ਨੁਕਸਾਨ ਪਹੁੰਚਾਇਆ ਤੇ ਹਿੰਦੀ ਫਿਲਮਾਂ ਨੂੰ ਫਾਇਦਾ। ਸਾਥ ਵਿੱਚ ਗੱਲ ਵੱਖਰੀ ਹੈ, ਉਥੇ ਬਹੁਤਿਆਂ ਨੂੰ ਹਿੰਦੀ ਨਹੀਂ ਆਉਂਦੀ ਅਤੇ ਨਾ ਹਿੰਦੀ ਪਸੰਦ ਕਰਦੇ ਹਨ। ਏਰੀਆ ਵੀ ਵੱਡਾ ਹੈ।

? ਸਵਾਲ- ਪਹਿਲੀਆਂ ਫਿਲਮਾਂ ’ਤੇ ਇਹ ਦੋਸ਼ ਵੀ ਲੱਗਦੇ ਰਹੇ ਕਿ ਇਹ ਪਾਕਿਸਤਾਨੀ ਫਿਲਮਾਂ ਦੀ ਨਕਲ ਹਨ। ਇਥੋਂ ਤੱਕ ਕਿ ਇਨ੍ਹਾਂ ਫਿਲਮਾਂ ਦੇ ਨਾਂ ਵੀ ਪਾਕਿਸਤਾਨੀ ਫਿਲਮਾਂ ਦੇ ਆਧਾਰ ’ਤੇ ਹੀ ਰੱਖੇ ਗਏ, ਜਿਵੇਂ ‘ਜੱਟ’ ਦੇ ਨਾਂ ’ਤੇ ਕਈ ਫਿਲਮਾਂ ਬਣੀਆਂ ਹਨ।

ਜਵਾਬ- ਨਹੀਂ ਅਜਿਹਾ ਦੌਰ ਕੇਵਲ ਵਰਿੰਦਰ ਦੀ ਮੌਤ ਤੋਂ ਬਾਅਦ ਹੀ ਆਇਆ ਜਦੋਂ ਪਾਕਿਸਤਾਨੀ ਫਿਲਮਾਂ ਦੀ ਨਕਲ ਕਰਕੇ ਫਿਲਮਾਂ ਬਣੀਆਂ ਸਨ, ਪਹਿਲਾਂ ਨਹੀਂ।

? ਸਵਾਲ- ਹੁਣ ਫੇਰ ਕੁਝ ਸਾਲਾਂ ਤੋਂ ਪੰਜਾਬੀ ਸਿਨੇਮਾ ਆਪਣੀ ਪਛਾਣ ਬਣਾਉਣ ਲੱਗਾ ਹੈ, ਹੁਣ ਦੀਆਂ ਫਿਲਮਾਂ ਦੀ ਚੜ੍ਹਤ ਦੇ ਕਾਰਨ ਸਿਰਫ ਆਰਥਿਕ ਹੀ ਹਨ ਜਾਂ ਕਲਾ ਪੱਖੋਂ ਵੀ ਪਹਿਲੀਆਂ ਨਾਲੋਂ ਚੰਗੀਆਂ ਹਨ?

ਜਵਾਬ- ਹਾਂ, ਬਿਲਕੁਲ ਹੁਣ ਪੰਜਾਬੀ ਸਿਨੇਮਾ ਆਪਣੀ ਪਛਾਣ ਬਣਾ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਬਜਟ ਦਾ ਹੋਣਾ ਹੈ। ਪਹਿਲਾਂ ਜਿੱਥੇ ਚਾਰ-ਪੰਜ ਲੱਖ ਦੀਆਂ ਫਿਲਮਾਂ ਬਣਦੀਆਂ ਸਨ, ਉਥੇ ਹੁਣ ਪੰਜ ਕਰੋੜ ਤੱਕ ਬਜਟ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚੰਗੇ ਡਾਇਰੈਕਟਰ, ਟੈਕਨੀਸ਼ਰ ਤੇ ਵੱਡੇ ਕਲਾਕਾਰ ਆਉਣੇ ਸ਼ੁਰੂ ਹੋ ਗਏ ਹਨ। ਕੁਝ ਬਾਹਰਲੀ ਦੁਨੀਆਂ ਦੀ ਸ਼ੂਟਿੰਗ ਹੁੰਦੀ ਹੈ, ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਹੀਰੋ ਪਹਿਲਾਂ ਹੀ ਐਜ਼ ਏ ਸਿੰਗਰ ਲੋਕਾਂ ’ਚ ਹੀਰੋ ਹਨ।

? ਸਵਾਲ- ਇਥੇ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ, ਕਿ ਪੰਜਾਬੀ ਫਿਲਮਾਂ ’ਚ ਪੰਜਾਬੀ ਗਾਇਕ ਹੀ ਅਭਿਨੈ ਕਰੀ ਜਾਂਦੇ ਨੇ। ਕੀ ਸਾਡੇ ਕੋਲ ਪੰਜਾਬੀ ਅਭਿਨੇਤਾਵਾਂ ਦੀ ਘਾਟ ਹੈ?

ਜਵਾਬ- ਨਹੀਂ, ਘਾਟ ਨਹੀਂ ਹੈ। ਅਸਲ ’ਚ ਬਿਜ਼ਨੈਸਮੈਨ ਫਾਇਦਾ ਉਠਾ ਰਿਹਾ ਹੈ, ਕਿਉਂਕਿ ਇਨ੍ਹਾਂ ਗਾਇਕਾਂ ਦੇ ਗੀਤਾਂ ਦੀ (ਜੋ ਫਿਲਮਾਂ ’ਚ ਗਾਏ ਨੇ) ਕੈਸਿਟ ਹੀ ਲੱਖਾਂ ’ਚ ਵਿੱਕ ਜਾਵੇਗੀ।

? ਸਵਾਲ- ਹੁਣ ਪੰਜਾਬੀ ਫਿਲਮਾਂ ਦਾ ਭਵਿੱਖ ਕਿਹੋ ਜਿਹਾ ਨਜ਼ਰ ਆ ਰਿਹਾ ਹੈ?

ਜਵਾਬ- ਚੰਗਾ ਨਜ਼ਰ ਆ ਰਿਹਾ ਹੈ, ਕਿਉਂਕਿ ਵੱਡੀਆਂ-ਵੱਡੀਆਂ ਪਾਰਟੀਆਂ ਪੰਜਾਬੀ ਫਿਲਮਾਂ ਬਣਾਉਣ ’ਚ ਦਿਲਚਸਪੀ ਲੈ ਰਹੀਆਂ ਹਨ। ਇੱਕ ਸਮਾਂ ਸੀ ਜਦੋਂ ਗੇਮ ਕਲਾਕਾਰਾਂ ਦੇ ਹੱਥ ਹੁੰਦੀ ਸੀ, ਅੱਜ ਗੇਮ ਸਰਮਾਏਦਾਰਾਂ ਦੇ ਹੱਥ ਆ ਚੁੱਕੀ ਹੈ। ਅੱਜ ਕਲਾਕਾਰਾਂ ਦੀ ਮਰਜ਼ੀ ਘੱਟ ਹੈ।

? ਸਵਾਲ- ਹਸਨਪੁਰੀ ਨੇ ਕਿਹਨਾਂ-ਕਿਹਨਾਂ ਨੂੰ ਸਟਾਰ ਬਣਾਇਆ?

ਜਵਾਬ- ਬਥੇਰੇ ਨੇ ਜਿਵੇਂ ਵਰਿੰਦਰ, ਮੇਹਰ ਮਿੱਤਲ, ਦਲਜੀਤ ਕੌਰ, ਵਿਜੈ ਟੰਡਨ, ਦਰਸ਼ਨ ਬੱਗਾ, ਧੀਰਜ ਕੁਮਾਰ, ਸਰਬਜੀਤ ਮਾਂਗਟ, ਜਗਮੋਹਨ ਕੌਰ, ਨਰਿੰਦਰ ਬੀਬਾ, ਕੇ.ਦੀਪ, ਸੀਤਲ ਸਿੰਘ ਸੀਤਲ, ਜਸਪਿੰਦਰ ਨਰੂਲਾ ਤੇ ਜਗਜੀਤ ਸਿੰਘ (ਚਿੱਤਰਾ)। ਸਭ ਤੋਂ ਪਹਿਲਾਂ ਮੈਂ ਹੀ ਪੰਜਾਬ ਦੇ ਕਲਾਕਾਰਾਂ ਨੂੰ ਮੁੰਬਈ ਲੈ ਕੇ ਗਿਆ, ਪੰਜਾਬੀ ਫਿਲਮਾਂ ਲਈ।

? ਸਵਾਲ- ਕਿਨ੍ਹਾਂ ਪ੍ਰਸਿੱਧ ਹਸਤੀਆਂ ਦੇ ਨੇੜੇ ਹੋਣ ਦਾ ਮੌਕਾ ਮਿਲਿਆ?

ਜਵਾਬ- ਧਰਮਿੰਦਰ ਨੇ ਮੇਰੀਆਂ ਫਿਲਮਾਂ ਲਈ ਕੰਮ ਕੀਤਾ ਹੈ। ਪੰਜਾਬੀ ਬੋਲੀ ਨਾਲ ਉਸਨੂੰ ਪਿਆਰ ਹੈ। ਹੋਰ ਹਨ ਰਾਜਿੰਦਰ ਕੁਮਾਰ, ਦਲੀਪ ਕੁਮਾਰ, ਰਾਜ ਕਪੂਰ, ਦੇਵ ਕੁਮਾਰ ਤੇ ਰਫ਼ੀ ਸਾਹਿਬ।

? ਸਵਾਲ- ਫਿਲਮਾਂ ਨਾਲ ਜੁੜੀ ਕੋਈ ਖੱਟੀ-ਮਿੱਠੀ ਯਾਦ ਤਾਜ਼ਾ ਕਰੋ।

ਜਵਾਬ- ਜਦੋਂ ਫਿਲਮ ‘ਤੇਰੀ ਮੇਰੀ ਇੱਕ ਜਿੰਦੜ’ ਬਣ ਰਹੀ ਸੀ ਉਦੋਂ ਪੈਸੇ ਨਹੀਂ ਸਨ। ਮੈਂ ਬੰਬੇ ਇੱਕ ਗੰਜੇ ਜਿਹੇ ਬੰਦੇ ਤੋਂ ਟੈਕਸੀ ’ਚ ਲਿਫਟ ਮੰਗੀ। ਮੈਂ ਉਸਨੂੰ ਕਿਹਾ, ‘‘ਜੇ ਤੁਸੀਂ ਮਹਾਂਲਕਸ਼ਮੀ ਸਟੂਡੀਓ ਵੱਲ ਜਾਣਾ ਹੈ ਤਾਂ ਲਿਫਟ ਦੇ ਦਿਉ’’

ਮੈਂ ਉਥੇ ਨਹੀਂ ਜਾਣਾ ਪਰ ਉਹਦੇ ਨੇੜੇ ਹੀ ਜਾਣਾ ਹੈ ਉਥੋਂ ਤੁਹਾਨੂੰ ਨੇੜੇ ਪਏਗਾ। ਅੱਗੇ ਡਰਾਈਵਰ ਕੋਲ ਬੈਠ ਜਾਓ।’’

ਜਦੋਂ ਥੋੜੀ ਦੂਰ ਗਏ ਤਾਂ ਉਸਨੇ ਪੁੱਛਿਆ ਕਿ ਕੀ ਕੰਮ ਕਰਦੇ ਹੋ? ਤਾਂ ਮੈਂ ਕਿਹਾ ਕਿ ਮੈਂ ਪੰਜਾਬੀ ਸ਼ਾਇਰ ਹਾਂ, ਹਸਨਪੁਰੀ ਮੇਰਾ ਨਾਂ ਹੈ। ਮੇਰੀ ਗੱਲ ਸੁਣਦੇ ਹੀ ਉਸਨੇ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ। ਭੀੜ ਹੋਣ ਕਰਕੇ ਗੱਡੀ ਨਾ ਰੁਕ ਸਕੀ ਤਾਂ ਉਸਨੇ ਘੂਰ ਕੇ ਡਰਾਈਵਰ ਨੂੰ ਰੋਕਣ ਲਈ ਕਿਹਾ। ਗੱਡੀ ਰੁਕੀ ਤਾਂ ਉਹ ਪਿਛੋਂ ਉਤਰ ਹੇਠਾਂ ਆਇਆ ਤੇ ਮੇਰੀ ਖਿੜਕੀ ਖੋਲ੍ਹ ਕੇ ਹੇਠਾਂ ਆਉਣ ਨੂੰ ਕਿਹਾ। ਉਸਨੇ ਆਪਣੇ ਕੋਲ ਮਗਰ ਬੈਠਣ ਲਈ ਕਿਹਾ, ਆਪ ਬੈਠੀਏ,ਆਪ ਮੁਝੇ ਨਹੀਂ ਜਾਨਤੇ। ਮੈਂ ਇੰਦੀਵਰ ਹੂੰ (ਪ੍ਰਸਿੱਧ ਹਿੰਦੀ ਫਿਲਮੀ ਸ਼ਾਇਰ)। ਮਾਫ਼ ਕਰਨਾ ਮੈਂ ਪਹਿਚਾਣ ਨਹੀਂ ਸਕਾ। ਹਮ ਪਹਿਲੇ ਕਭੀ ਮਿਲੇ ਨਹੀਂ ਨਾ। ਮੈਂ ਪੰਜਾਬ ਕੇ ਸਿਰਫ਼ ਦੋ ਸ਼ਾਇਰੋਂ ਕੋ ਹੀ ਜਾਨਤਾ ਹੂੰ, ਨੂਰਪੁਰੀ ਔਰ ਹਸਨਪੁਰੀ। ਮੇਰੇ ਪਾਸ ਆਪ ਕੇ ਬਹੁਤ ਰਿਕਾਰਡ ਹੈਂ।

? ਸਵਾਲ- ਹੁਣ ਆਉਂਦੇ ਹਾਂ ਤੁਹਾਡੀ ਗੀਤਕਾਰੀ ਵੱਲੀਂ, ਤੁਸੀਂ ਕਦੇ ਸਮਾਜਵਾਦੀ ਹੋਣ ਦਾ ਨਾਅਰਾ ਲਾਉਂਦੇ ਹੋ, ਰੂੜ੍ਹੀਵਾਦੀ ਰਵਾਇਤਾਂ ਦਾ ਵਿਰੋਧ ਕਰਦੇ ਹੋ ਪਰ ਕਦੇ ਅਤਿ-ਅੰਧਵਿਸ਼ਵਾਸੀ ਫਿਲਮਾਂ ਲਈ ਗੀਤ ਵੀ ਲਿਖੇ ਹਨ, ਧਾਰਮਿਕ ਗੀਤ ਵੀ ਅਜਿਹਾ ਕਿਉਂ?

ਜਵਾਬ- ਸ਼ਾਇਰ ਦੋ ਪ੍ਰਕਾਰ ਦੇ ਹੁੰਦੇ ਹਨ, ਇੱਕ ਘਾੜਤੀ ਤੇ ਦੂਜੇ ਮਨਾਮਤੀ। ਘਾੜਤੀ ਮੌਕੇ ਤੇ ਸਥਿਤੀ ਮੁਕਾਬਿਕ ਗੀਤ ਘੜਦੇ ਹਨ, ਮਨਾਮਤੀ ਮਨ ਆਈ ਗੱਲ ਕਰਦੇ ਹਨ। ਫਿਲਮੀ ਸ਼ਾਇਰ ਫਿਲਮੀ ਸਟੋਰੀ, ਸਥਿਤੀ ਤੇ ਮੌਕੇ ਮੁਤਾਬਕ ਗੀਤ ਘੜਦੇ ਹਨ। ਪਰ ਮੈਂ ਤਾਂ ਫਿਲਮਾਂ ’ਚ ਵੀ ਇਹੋ ਜਿਹੇ ਗੀਤ ਲਿਖੇ ਹਨ-

ਅੱਗ ਲੱਗੇ ਮੰਦਰਾਂ ਨੂੰ

ਕੁੱਲੀ ਯਾਰ ਦੀ ਸੁਰਗ ਦਾ ਝੂਟਾ।

...

ੳ, ਅ, ੲ, ਸ, ਹ ਬੋਲਣਾ

ਕਦੇ ਨਾ ਡੋਲਣਾ।

? ਸਵਾਲ- ਲਿਖਣ ਵੇਲੇ ਕਿਹੋ ਜਿਹਾ ਮਾਹੌਲ ਭਾਲਦੇ ਹੋ?

ਜਵਾਬ- ਕੋਈ ਖਾਸ ਨਹੀਂ, ਉਞ ਮੈਂ ਜ਼ਿਆਦਾ ਗੀਤ ਸਫਰ ਕਰਦੇ ਨੇ ਲਿਖੇ ਹਨ।

? ਸਵਾਲ- ਤੁਹਾਡੇ ਸੰਸਾਰ ਪ੍ਰਸਿੱਧ ਗੀਤ ‘ਗੜਵਾ ਚਾਂਦੀ ਦਾ’ ਦੀ ਸਿਰਜਣਾ ਕਿਹੜੇ ਹਾਲਤਾਂ ’ਚ ਹੋਈ ਸੀ।

ਜਵਾਬ- ਖ਼ਾਸ ਨਹੀਂ, ‘‘ਮੈਂ ਇੱਕ ਲੋਕ-ਕਥਾ ਸੁਣੀ ਸੀ, ਜਿਸ ’ਚ ਨਾਇਕਾ ਨਾਇਕ ਨੂੰ ਕਹਿੰਦੀ ਹੈ ਕਿ ਉਸਦੀਆਂ ਸਹੇਲੀਆਂ ਕੋਲ ਪਿੱਤਲ ਦੇ ਗੜ੍ਹਵੇ ਹਨ। ਮੇਰੇ ਕੋਲ ਵੱਖਰਾ ਹੋਣਾ ਚਾਹੀਦਾ ਹੈ, ਤਾਂ ਜੁ ਮੇਰੀ ਟ੍ਹੌਰ ਬਣ ਸਕੇ। ਤੂੰ ਮੈਨੂੰ ਚਾਂਦੀ ਦਾ ਗੜ੍ਹਵਾ ਲੈ ਕੇ ਦੇ ਸ੍ਰੀ ਮਹਿੰਦਰ ਸਿੰਘ ਚੀਮਾਂ ਨੇ ਮੇਰੇ ਇਸ ਗੀਤ ਨੂੰ ਡੂੰਘਾਈ ਨਾਲ ਵਾਚਦਿਆਂ ਦੱਸਿਆ ਕਿ ਇਸ ’ਚ ਨਾਇਕ ਦੀ ਆਰਥਿਕਤਾ ਲੁਕੀ ਹੋਈ ਹੈ। ਇਸੇ ਲਈ ਉਹ ਆਪਣੀ ਗ਼ਰੀਬੀ ਨੂੰ ਛੁਪਾਉਂਦਾ ਹੋਇਆ ਕਹਿੰਦਾ ਹੈ (ਆਪਣੀ ਪ੍ਰੇਮਿਕਾ ਨੂੰ)

ਨੀ ਕੁੜੀਏ ਅਸਾਂ ਤੇਰੀ ਤੋਰ ਨੀ ਵੇਖਣੀ

ਅੱਗ ਲਾਉਣਾ ਗੜ੍ਹਵਾ ਚਾਂਦੀ ਦਾ

ਲੱਕ ਟੁੱਟ ਜੂ ਹੁਲਾਰੇ ਖਾਂਦੀ ਦਾ।

? ਸਵਾਲ- ਤੁਸੀਂ ਫਿਲਮੀ ਗੀਤ ਵੀ ਲਿਖੇ ਤੇ ਗ਼ੈਰ-ਫਿਲਮੀ ਵੀ। ਦੋਹਾਂ ਦੀ ਰਚਨਾ ’ਚ ਕੀ ਫਰਕ ਹੈ? ਦੋਹਾਂ ਦੀ ਰਚਨਾ ਸਮੇਂ ਕਿਹੜੇ-ਕਿਹੜੇ ਮਾਹੌਲ ਦੀ ਲੋੜ ਹੈ? ਤੁਹਾਨੂੰ ਕਿਹੜੇ ਗੀਤ ਲਿਖ ਕੇ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ?

ਜਵਾਬ- ਦੋਹੇਂ ਲਿਖ ਕੇ ਸੰਤੁਸ਼ਟੀ ਹੁੰਦੀ ਹੈ। ਗ਼ੈਰ-ਫਿਲਮੀ ਗੀਤਾਂ ਨਾਲੋਂ ਫਿਲਮੀ ਗੀਤਾਂ ’ਚ ਸਿਰਫ ਏਨਾ ਫਰਕ ਹੁੰਦਾ ਹੈ ਕਿ ਏਨਾ ’ਚ ਇਹ ਵੇਖਣਾ ਪੈਂਦਾ ਹੈ ਕਿ ਕਹਾਣੀ ਕੀ ਹੈ? ਕਹਾਣੀ ਕੀ ਡੀਮਾਂਡ ਕਰਦੀ ਹੈ? ਇਹ ਸਭ ਮਨ ’ਚ ਸਮਾਉਣਾ ਪੈਂਦਾ ਹੈ। ਜਿਸਨੇ ਗਾਉਣਾ ਹੁੰਦਾ ਹੈ ਉਹਦੀ ਥਾਂ ’ਤੇ ਆਪ ਖੜ੍ਹ ਕੇ ਸੋਚਣਾ ਪੈਂਦਾ ਹੈ। ਮੈਂ ਸਮਝਦਾ ਹਾਂ ਕਿ ਹਰ ਕੋਈ ਫਿਲਮੀ ਗੀਤ ਨਹੀਂ ਲਿਖ ਸਕਦਾ।

? ਸਵਾਲ- ਆਲੋਚਕ ਗੀਤਾਂ ਨੂੰ ਸਾਹਿਤਕ ਵਿਧਾ ਨਹੀਂ ਮੰਨਦੇ, ਜਦਕਿ ਅੱਜ ਦੇ ਸਮੇਂ ’ਚ ਵੀ ਰਚੇ ਜਾਣ ਵਾਲੇ ਕਈ ਗੀਤ ਸਾਹਿਤਕ ਵਿਸ਼ੇਸ਼ਤਾਵਾਂ ਰੱਖਦੇ ਹਨ ਬਲਕਿ ਕਈ ਸਾਹਿਤਕ ਮੰਨੀਆਂ ਜਾਣ ਵਾਲੀਆਂ ਬਹੁਤੀਆਂ ਰਚਨਾਵਾਂ ਸਾਹਿਤਕ ਮੁੱਲਾਂ ’ਤੇ ਖਰੀਆਂ ਨਹੀਂ ਉੱਤਰਦੀਆਂ। ਕੀ ਕਹੋਗੇ ਇਸ ਬਾਰੇ?

ਜਵਾਬ- ਤੁਸੀਂ ਬਿਲਕੁਲ ਠੀਕ ਹਿ ਰਹੇ ਹੋ। ਪਰ ਹੁਣ ਕੁਝ ਆਲੋਚਕ, ਗੀਤਾਂ ਵੱਲ ਧਿਆਨ ਦੇਣ ਲੱਗੇ ਹਨ। ਪਿੱਛੇ ਜਿਹੇ ਕੇਂਦਰੀ ਪੰਜਾਬੀ ਲੇਖਕ ਸਭਾ , ਰਾਮਪੁਰ ਲਿਖਾਰੀ ਸਭਾ ਤੇ ਕੁਝ ਹੋਰ ਸਭਾਵਾਂ ਨੇ ਚੰਗੀ ਗੀਤਕਾਰੀ ਨੂੰ ਮਾਣ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕਵਿਤਾ ਦੀ ਸ਼ਬਦਾਵਲੀ ਜਿੰਨੀ ਸਾਦੀ, ਸਰਲ ਤੇ ਸਪੱਸ਼ਟ ਹੋਵੇ ਚੰਗਾ ਹੋਵੇ, ਤਾਂ ਜੋ ਜਿਹੜੀ ਕਵਿਤਾ ਲੋਕਾਂ ਤੋਂ ਦੂਰ ਹੋ ਗਈ ਉਹ ਨੇੜੇ ਹੋ ਸਕੇ।

ਗੀਤ ਜ਼ਿੰਦਗੀ ਦੀ ਸਭ ਤੋਂ ਨੇੜੇ ਦੀ ਵਿਧਾ ਹੈ। ਜੇ ਕਿਸੇ ਵੀ ਗੀਤ ਦੀ ਸਿਫਤ ਕਰਨੀ ਹੋਵੇ ਤਾਂ ਉਸਨੂੰ ‘‘ਲੋਕ-ਗੀਤ’’ ਵਰਗਾ ਕਿਹਾ ਜਾਂਦਾ ਹੈ।

? ਸਵਾਲ- ਬਹੁਤ ਸਾਰੇ ਗੀਤਕਾਰ ਦੋਸ਼ ਲਾਉਂਦੇ ਨੇ ਕਿ ਉਨ੍ਹਾਂ ਦੁਆਰਾ ਲਿਖਿਆ ਗੀਤ ਫਲਾਣੇ ਨੇ ਚੋਰੀ ਕਰ ਲਿਆ। ਤੁਹਾਡੇ ਨਾਲ ਕਦੇ ਅਜਿਹਾ ਭਾਣਾ ਵਰਤਿਆ?

ਜਵਾਬ- ਬਥੇਰੀ ਵਾਰ, ਵਰਤਦਾ ਹੀ ਰਹਿੰਦਾ ਹੈ।

? ਸਵਾਲ- ਪੰਜਾਬੀ ਗਾਇਕੀ ਦੇ ਖੇਤਰ ਵਿੱਚ ਗੀਤਕਾਰੀ ਦੀ ਕੀ ਹਾਲਤ ਹੈ?

ਜਵਾਬ- ਜੇ ਚੰਗੀ ਹੁੰਦੀ ਤਾਂ ਨੂਰਪੁਰੀ ਖੂਹ ’ਚ ਛਾਲ ਮਾਰ ਕੇ ਨਾ ਮਰਦਾ।

? ਸਵਾਲ- ਗੀਤਕਾਰ ਨੂੰ ਬਹੁਤ ਵਾਰ ਕੰਪਨੀਆਂ ਦੇ ਕਹੇ ’ਤੇ ਜਾਂ ਫਿਲਮੀ ਪ੍ਰੋਡਿਸਰਾਂ ਦੇ ਕਹੇ ’ਤੇ ਆਪਣੀ ਸ਼ਾਇਰੀ ਨਾਲ ਸਮਝੌਤਾ ਕਰਨਾ ਪੈਂਦਾ ਹੈ। ਤੁਹਾਨੂੰ ਇਹ ਸਮੱਸਿਆ ਕਿੰਨੀ ਕੁ ਵਾਰ ਆਈ?

ਜਵਾਬ- ਕੰਪਨੀਆਂ ਲਈ ਨਹੀਂ ਕੰਮ ਕੀਤਾ ਸਿਰਫ਼ ਫਿਲਮਾਂ ਲਈ ਕੀਤਾ ਹੈ। ਮੈਂ ਫਿਲਮਾਂ ’ਚ ਸਮਝੌਤਾ ਵੀ ਕੀਤਾ ਹੈ ਪਰ ਉਸ ਹੱਦ ਤੱਕ ਨਹੀਂ ਕਿ ਕੋਈ ਮੇਰੇ ’ਤੇ ਉਂਗਲ਼ ਉਠਾ ਸਕੇ।

? ਸਵਾਲ- ਅਜੋਕੀ ਗੀਤਕਾਰੀ ਤੇ ਗਾਇਕੀ ਬਾਰੇ ਕੀ ਕਹੋਗੇ?

ਜਵਾਬ- ਗੀਤਕਾਰੀ ਦੀ ਹਾਲਤ ਬਹੁਤੀ ਚੰਗੀ ਨਹੀਂ। ਹੁਣ ਲੋਕ ਗੀਤ ਸੁਣਦੇ ਨਹੀਂ ਦੇਖਦੇ ਹਨ। ਹੁਣ ਢੋਲ ਵੱਜ ਰਿਹਾ ਹੈ ਤੇ ਗੀਤ ਭੱਜ ਰਿਹਾ ਹੈ।

? ਸਵਾਲ- ਬਹੁਤ ਸਾਰੇ ਪ੍ਰਵਾਸੀ ਪੈਸੇ ਦੇ ਜ਼ੋਰ ਤੇ ਆਪਣੀਆਂ ਕੈਸਿਟਾਂ ਤੇ ਵੀਡੀਓਜ਼ ਕਢਵਾਉਂਦੇ ਨ। ਆਪਣੇ ਗੀਤ ਰਿਕਾਰਡ ਕਰਵਾਉਂਦੇ ਹਨ। ਇਸ ਨਾਲ ਪ੍ਰਤਿਭਾਵਾਨ ਗਾਇਕਾਂ ਅਤੇ ਗੀਤਕਾਰਾਂ ਨੂੰ ਬੜਾ ਨੁਕਸਾਨ ਹੋ ਰਿਹਾ ਹੈ। ਆਖਿਰ ਇਹ ਹਵਾ ਕਦੋਂ ਤੱਕ ਚੱਲੇਗੀ?

ਜਵਾਬ- ਜਿੰਨਾਂ ਚਿਰ ਤੁਸੀਂ ਪੈਸੇ ਦਿੰਦੇ ਹੋ, ਉਨਾਂ ਚਿਰ ਹੀ ਤੁਹਾਡਾ ਰਾਜ ਰਹਿੰਦਾ ਹੈ, ਪਰ ਲੋਕ ਦਿਲਾਂ ’ਤੇ ਰਾਜ ਪੈਸੇ ਦੇ ਸਿਰ ’ਤੇ ਨਹੀਂ, ਕਲਾ ਦੇ ਸਿਰ ’ਤੇ ਹੋਵੇਗਾ।

? ਸਵਾਲ- ਅਸ਼ਲੀਲ ਗਾਇਕੀ ਤੇ ਵੀਡੀਓਜ਼ ਦਾ ਬੜਾ ਰੌਲਾ ਪਾਇਆ ਜਾ ਰਿਹਾ ਹੈ। ਕੀ ਕਹੋਗੇ ਇਸ ਬਾਬਤ?

ਜਵਾਬ- ਅਜਿਹਾ ਨਹੀਂ ਹੋਣਾ ਚਾਹੀਦਾ। ਕਲਾਕਰਾਂ ਤੇ ਕੰਪਨੀਆਂ ਵਾਲਿਆਂ ਸਭ ਦਾ ਫ਼ਰਜ਼ ਬਣਦਾ ਹੈ ਕਿ ਉਹ ਪੈਸੇ ਨੂੰ ਹੀ ਮੁੱਖ ਨਾ ਰੱਖਣ ਸਗੋਂ ਸਮਾਜ ਤੇ ਸੱਭਿਆਚਾਰ ਪ੍ਰਤੀ ਵੀ ਆਪਣਾ ਬਣਦਾ ਫ਼ਰਜ਼ ਪਛਾਨਣ।

? ਸਵਾਲ- ਜੇਕਰ ਤੁਹਾਡੀ ਸ਼ਾਇਰੀ ਵੱਲ ਆਈਏ ਤਾਂ ਪਤਾ ਲੱਗਦਾ ਹੈ ਕਿ ਤੁਸੀਂ ਉਰਦੂ ’ਚ ਵੀ ਲਿਖਿਆ ਹੈ। ਜ਼ਰਾ ਇਹਦੇ ਬਾਰੇ ਦੱਸੋ?


ਜਵਾਬ- ਹਾਂ, ਛਪਿਆ ਬਥੇਰਾ ਹੈ, ਪਰ ਕਿਤਾਬ ਕੋਈ ਨਹੀਂ ਆਈ।

? ਸਵਾਲ- ਕਈ ਲੇਖਕ ਤੇ ਆਲੋਚਕ ਕਹਿੰਦੇ ਹਨ ਕਿ ਹਸਨਪੁਰੀ ਤਾਂ ਫਿਲਮਾਂ ਵਾਲਾ ਬੰਦਾ ਹੈ ਜਾਂ ਉਹ ਤਾਂ ਗੀਤਕਾਰ ਹੈ, ਉਹ ਕਿਧਰੋਂ ਸਾਹਿਤਕਾਰ ਹੋ ਗਿਆ। ਕੀ ਕਹੋਗੇ?


ਜਵਾਬ- ਮੈਂ ਕੀ ਕਹਿਣਾ ਹਰ ਬੰਦੇ ਦੀ ਆਪੋ-ਆਪਣੀ ਸਮਝ ਹੈ, ਤੇ ਆਪੋ-ਆਪਣਾ ਖ਼ਿਆਲ ਹੈ। ਅਸੀਂ ਕਿਸ ਦੀ ਜ਼ੁਬਾਨ ਫੜ ਸਕਦੇ ਹਾਂ।

? ਸਵਾਲ- ਤੁਹਾਡੀ ਕਿਤਾਬ ‘ਕਿਥੇ ਗਏ ਉਹ ਦਿਨ’ ਬੜੀ ਮਕਬੂਲ ਹੋਈ। ਇਹਦੇ ਬਾਰੇ ਕੀ ਕਹੋਗੇ?

ਜਵਾਬ- ਇਹ ਲੰਮੀ ਕਵਿਤਾ ਦੀ ਕਿਤਾਬ ਹੈ। 1947 ਦੀ ਵੰਡ ਬਾਰੇ ਹੈ। ਇਸ ਵੰਡ ’ਚ ਦੋ ਦੋਸਤ ਵਿਛੜ ਜਾਂਦੇ ਹਨ। ਮੇਰੀ ਇਹ ਕਿਤਾਬ ਅਸਲ ’ਚ ਕਲਪਨਾ ’ਤੇ ਆਧਾਰਤ ਹੈ। ਮੇਰਾ ਅਸਲਮ ਨਾਂ ਦਾ ਕੋਈ ਦੋਸਤ ਨਹੀਂ ਸੀ।

? ਸਵਾਲ- ਗੀਤਕਾਰੀ ਤੋਂ ਸਾਹਿਤਕਾਰੀ ਵੱਲ ਕਿਵੇਂ ਆਏ?

ਜਵਾਬ- ਮੈਂ ਤਾਂ ਗੀਤਕਾਰੀ ਹੀ ਕੀਤੀ ਹੈ, ਇਹਨੂੰ ਜੋ ਮਰਜ਼ੀ ਸਮਝੋ।

? ਸਵਾਲ- ਤੁਹਾਡੀ ਸ਼ਾਇਰੀ ’ਚ ਤੁਸੀਂ ਇਕੋ ਵੇਲੇ ਆਸ਼ਾਵਾਦੀ ਵੀ ਨਜ਼ਰ ਆਉਂਦੇ ਹੋ ਤੇ ਨਿਰਾਸ਼ਾਵਾਦੀ ਵੀ, ਜਿਵੇਂ ‘ਹੰਝੂਆਂ ਨੇ ਤਕਦੀਰਾਂ ਕਦ ਪਲਟੀਆਂ ਨੇ’ ’ਚ ਤੁਸੀਂ ਆਸ਼ਾਵਾਦੀ ਹੋ। ‘ਨੀ ਕੁੜੀਏ ਤੂੰ ਆਜ਼ਾਦੀ ਏਂ, ਸਾਡੇ ਖਾਬ੍ਹਾਂ ਦੀ ਸ਼ਹਿਜ਼ਾਦੀ ਏਂ, ਲੋਟੂਆਂ ’ਤੇ ਤੂੰ ਹੋਈ ਦਿਆਲ, ਗੱਲ ਨਾ ਕਰੇਂ ਸਾਡੇ ਨਾਲ।’ ’ਚ ਤੁਸੀਂ ਨਿਰਾਸ਼ਾਵਾਦੀ ਹੋ। ਇਸੇ ਤਰ੍ਹਾਂ ਹੀ,

ਕਹਿੰਦੇ ਦੇਸ਼ ਆਜ਼ਾਦ ਹੋ ਗਿਆ

ਮੈਂ ਕਹਿਨਾ ਬਰਬਾਦ ਹੋ ਗਿਆ।

ਇਸੇ ਗੀਤ ਦੀ ਹੋਰ ਸਤਰ ਹੈ...

---------

ਮੋਢੀ ਮੈਂਬਰ ਜੇ ਘਰ ਦਾ

ਫਿਰਦਾ ਠੱਗੀ-ਠੱਗੀ ਕਰਦਾ।

ਹਸਨਪੁਰੀ ਕੀ ਅੰਤ ਹੋਏਗਾ

ਜਿਥੇ ਐਸਾ ਆਦਿ ਹੋ ਗਿਆ।

ਅਜਿਹਾ ਕਿਉਂ ਹੈ?

ਜਵਾਬ- ਸ਼ਿਵ ਇੰਦਰ ਮੈਂ ਨਿਰਾਸ਼ਾਵਾਦੀ ਨਹੀਂ ਆਸ਼ਾਵਾਦੀ ਹਾਂ। ਤੂੰ ਜੋ ਤੁਕਾਂ ਬੋਲੀਆਂ ਹਨ ਇਸ ’ਚ ਮੈਂ ਨਿਰਾਸ਼ ਨਹੀਂ ਅਸੰਤੁਸ਼ਟ ਹਾਂ। ਨਿਰਾਸ਼ ਹੋਣ ਤੇ ਅਸੰਤੁਸ਼ਟਹੋਣ ’ਚ ਫਰਕ ਹੁੰਦਾ ਹੈ। ਮੈਂ ਇਹ ਗੱਲਾਂ ਲੋਕਾਂ ਨੂੰ ਜਗਾਉਣ ਲਈ ਕੀਤੀਆਂ ਹਨ।

? ਸਵਾਲ- ਕੀ ਤੁਸੀਂ ਸਿਰਜਣ ਪ੍ਰਕਿਰਿਆ ਨੂੰ ਰੱਬੀ ਦਾਤ ਮੰਨਦੇ ਹੋ?

ਜਵਾਬ- ਮੈਂ ਇਸ ਸਵਾਲ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ।

? ਸਵਾਲ- ਪਰਿਵਾਰ ਦੀ ਕੀ ਪ੍ਰਤੀਕਿਰਿਆ ਰਹੀ?

ਜਵਾਬ- ਠੀਕ ਹੈ ਪਹਿਲਾਂ ਤਾਂ ਐਵੇਂ ਸਮਝਦੇ ਸਨ। ਪਰ ਜਦੋਂ ਮਸ਼ਹੂਰੀ ਹੋਣ ਲੱਗੀ ਤਾਂ ਸਭ ਠੀਕ ਹੋ ਗਿਆ।

? ਸਵਾਲ- ਤੁਸੀਂ ਲੇਖਕ ਸਭਾਵਾਂ ਦੀਆਂ ਚੋਣਾਂ ਲੜਦੇ ਹੋ। ਹੁਣ ‘ਪੰਜਾਬੀ ਸਾਹਿਤ ਅਕਾਦਮੀ’ ਦੇ ਮੀਤ ਪ੍ਰਧਾਨ ਹੋ। ਕੀ ਤੁਹਾਨੂੰ ਇਹ ਕੰਮ ਠੀਕ ਲੱਗਦਾ ਹੈ ਕਿ ਕਿਸੇ ਸ਼ਾਇਰ ਦਾ ਇਸ ਤਰ੍ਹਾਂ ਚੋਣ ਲੜਨਾ? ਇਥੇ ਸੌ ਤਰ੍ਹਾਂ ਦੀ ਸਿਆਸਤ ਖੇਡੀ ਜਾਂਦੀ ਹੈ। ਕੀ ਇਸ ਨਾਲ ਤੁਹਾਡੇ ਸੂਖਮ ਮਨ ’ਤੇ ਕੋਈ ਅਸਰ ਨਹੀਂ ਹੁੰਦਾ?

ਜਵਾਬ- ਜੇਕਰ ਤੁਸੀਂ ਅਜਿਹਾ ਸੋਚ ਕੇ ਘਰ ਬੈਠ ਜਾਵੋਗੇ ਤਾਂ ਚੰਗੇ ਬੰਦੇ ਅੱਗੇ ਨਹੀਂ ਆਉਣਗੇ। ਸੰਸਥਾਵਾਂ ਕਿਵੇਂ ਚੱਲਣਗੀਆਂ? ਹਾਂ, ਇਹ ਠੀਕ ਹੈ ਕਿ ਅਜਿਹੀਆਂ ਸੰਸਥਾਵਾਂ ’ਚ ਚੋਣ ਨਾ ਹੋਵੇ ਤਾਂ ਚੰਗੀ ਗੱਲ ਹੈ ਕਿਉਂਕਿ ਜੇਕਰ ਲੋਕਾਂ ਨੂੰ ਮੱਤਾਂ ਦੇਣ ਵਾਲੇ ਲੇਖਕ ਅਜਿਹੀਆਂ ਗੱਲਾਂ ਕਰਨਗੇ ਤਾਂ ਗੱਲ ਜੱਚਦੀ ਨਹੀਂ।

? ਸਵਾਲ- ਲੇਖਕ ਸਭਾਵਾਂ ਛੱਤੀ ਤਰ੍ਹਾਂ ਦੇ ਧੜਿਆਂ ’ਚ ਵੰਡੀਆਂ ਪਈਆਂ ਹਨ। ਕੀ ਤੁਹਾਨੂੰ ਆਸ ਹੈ ਕਿ ਇਬ ਮਾਂ-ਬੋਲੀ ਦੀ ਸੇਵਾ ਕਰਨਗੀਆਂ?

ਜਵਾਬ- (ਕੁਝ ਸੋਚਕੇ) ਦੇਖੋ ਮੈਂ ਮੰਨਦਾ ਹਾਂ ਕਿ ਲੇਖਕ ਵੀ ਸਮਾਜ ਦੀ ਹੀ ਅੰਗ ਹਨ। ਰੌਲਾ ਪਾ ਕੇ ਅਸਈ ਵਕਤੀ ਤੌਰ ’ਤੇ ਤਾਂ ਅੱਗੇ ਆ ਸਕਦੇ ਹਾਂ ਪਰ ਸਦਾ ਲਈ ਨਹੀਂ। ਮੈਨੂੰ ਲੱਗਦਾ ਹੈ ਕਿ ਸਭਾਵਾਂ ਰਾਹੀਂ ਨੌਜਵਾਨ ਅਦੀਬਾਂ ਨੂੰ ਸ਼ਿੰਗਾਰਿਆ ਜਾ ਸਕਦਾ ਹੈ ਤੇ ਨੌਜਵਾਨ ਵੀ ਜੁੜਦੇ ਹਨ। ਸਭਾਵਾਂ ਚੰਗੀ ਕੋਸ਼ਿਸ਼ ਰ ਰਹੀਆਂ ਹਨ।

? ਸਵਾਲ- ਤੁਹਾਡੇ ਸ਼੍ਰੋਮਣੀ ਪੁਰਸਕਾਰ ਪ੍ਰਾਪਤ ਕਰਨ ’ਤੇ ਕਈ ਤਰ੍ਹਾਂ ਦੀਆਂ ਉਂਗਲਾਂ ਉਠਾਈਆਂ ਗਈਆਂ ਹਨ। ਆਖਿਆ ਜਾਂਦਾ ਹੈ ਕਿ ਹਸਨਪੁਰੀ ਉਸ ਸਮੇਂ ਦੀ ਉਪ-ਮੁੱਖ ਮੰਤਰੀ ਦੇ ਬਹੁਤ ਨੇੜੇ ਹੋ ਗਿਆ ਸੀ। ਇਹ ਵੀ ਆਖਿਆ ਜਾਂਦਾ ਹੈ ਕਿ ਹਸਨਪੁਰੀ ਨੇ ਉੱਚਾ ਪਿੰਡ ਸੰਘੋਲ ਆਪਣੇ ਖ਼ਰਚੇ ’ਤੇ ਇੱਕ ਸਮਾਗਮ ਕਰਵਾਇਆ ਤੇ ਉਸ ਸਮੇਂ ਭਾਸ਼ਾ ਵਿਭਾਗ ਦੇ ਤਤਕਾਲੀਨ ਡਾਇਰੈਕਟਰ ਨੂੰ ਬੁਲਾਇਆ ਤਾਂ ਜੋ ਡਾਇਰੈਕਟਰ ਸਾਹਿਬ ਦੀ ਨਿਗ੍ਹਾ ’ਚ ਆ ਸਕੋ?

ਜਵਾਬ- ਇਹ ਸਭ ਬੇਬੁਨਿਆਦੀ ਗੱਲਾਂ ਹਨ। ਉਸ ਸਮੇਂ ਡਾਇਰੈਕਟਰ ਨਹੀਂ ਸੀ ਆਇਆ। ਮੈਂ ਕਦੇ ਇਨਾਮਾਂ ਵੱਲ ਨਹੀਂ ਵੇਖਿਆ, ਨਾ ਕਦੇ ਆਲੋਚਕਾਂ ਵੱਲ ਭੱਜਿਆ ਹਾਂ। ਅੱਧੀ ਸਦੀ ਤੋਂ ਉੱਪਰ ਹੋ ਗਿਆ ਗੀਤ ਲਿਖਦੇ ਨੂੰ ਤੇ ਆਖਰੀ ਸਾਹ ਤੱਕ ਲਿਖਦਾ ਰਹਾਂਗਾ। ਮੈ ਫਿਲਮ ਵੀ ਸਮਾਜਿਕ ਬਣਾਈਆਂ ਹਨ ਤੇ ਬਣਾ ਵੀ ਰਿਹਾ ਹਾਂ।

? ਸਵਾਲ- ਪੰਜਾਬੀ ਸੱਭਿਆਚਾਰ, ਗੀਤਕਾਰੀ, ਗਾਇਕੀ ਤੇ ਜ਼ੁਬਾਨ ਦਾ ਕੀ ਭਵਿੱਖ ਨਜ਼ਰ ਆ ਰਿਹਾ ਹੈ?

ਜਵਾਬ- ਸੱਭਿਆਚਾਰ ਦਾ ਬਦਲਣਾ ਕੁਦਰਤੀ ਹੈ ਪਰ ਫਿਰ ਵੀ ਸੱਭਿਆਚਾਰ ਦੀਆਂ ਪਾਏਦਾਰ ਕੀਮਤਾਂ ਨੂੰ ਬਣਾਏ ਰੱਖਣ ਦੀ ਲੋੜ ਹੈ। ਇਸੇ ਤਰਾਂ ਲੋਕ-ਸੰਗੀਤ ਹਮੇਸ਼ਾ ਜਿਦਾ ਰਹੂਗਾ। ਬੋਲੀ ਨੂੰ ਬਚਾਉਣ ਲਈ ਇਸਦੇ ਦਰਦਮੰਦਾਂ ਨੂੰ ਅੱਗੇ ਆਉਣਾ ਹੋਵੇਗਾ।

? ਸਵਾਲ- ਪਿਆਰ ਦੇ ਗੀਤ ਲਿਖਣ ਵਾਲੇ ਹਸਨਪੁਰੀ ਦੀਆਂ ਕਦੇ ਅੱਖਾਂ ਚਾਰ ਹੋਈਆਂ?

ਜਵਾਬ- ਮਹਿੰਦਰ ਸਿੰਘ ਚੀਮਾਂ ਹੀ ਕਹਿੰਦਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਹਸਨਪੁਰੀ 15 ਤੋਂ 65 ਸਾਲ ਦਾ ਹੋ ਗਿਆ। ਫੇਰ ਅੱਖਾਂ ਚਾਰ ਕਰਨ ਦਾ ਸਮਾਂ ਹੀ ਕਦੋਂ ਸੀ ਮੇਰੇ ਕੋਲ। ਘਰ ਦੀਆਂ ਕਬੀਲਦਾਰੀਆਂ ’ਚੋਂ ਹੀ ਨਹੀਂ ਨਿਕਲ ਸਕਿਆ ਸੀ। ਜ਼ਰੂਰੀ ਨਹੀਂ ਪਿਆਰ ਮਰਦ-ਔਰਤ ’ਚ ਹੀ ਹੋਵੇ। ਮੈਂ ਆਪਣੀ ਮਾਂ ਨੂੰ ਪਿਆਰ ਕੀਤਾ ਹੈ, ਭੈਣਾਂ ਨੂੰ ਪਿਆਰ ਕੀਤਾ ਹੈ, ਸ਼ਾਇਦ ਮੈਨੂੰ ਇਸੇ ਮਾਂ ਤੇ ਭੈਣਾਂ ਦੇ ਪਿਆਰ ਨੇ ਹੀ ਅਸ਼ਲੀਲ ਨਹੀਂ ਹੋਣ ਦਿੱਤਾ।

? ਸਵਾਲ- ਬੱਚਿਆਂ ਲਈ ਵੀ ਲਿਖਿਆ ਹੈ?

ਜਵਾਬ- ਹਾਂ, ਪੰਜ-ਛੇ ਕਿਤਾਬਾਂ ਲਿਖੀਆਂ ਹਨ।

? ਸਵਾਲ- ਭਵਿੱਖ ’ਚ ਕਿਸੇ ਫਿਲਮ ਬਾਰੇ ਸੋਚਿਆ?

ਜਵਾਬ- ਹਾਂ, ਇੱਕ ਫਿਲਮ ‘ਨਾ ਜਾਈਂ ਪ੍ਰਦੇਸ’ ਦੀ ਸਟੋਰੀ ਲਿਖ ਰਿਹਾ ਹਾਂ।

? ਸਵਾਲ- ਜੀਵਨ ਦੇ ਇਸ ਪੰਧ ’ਤੇ ਹਸਨਪੁਰੀ ਕੀ ਸੋਚਦਾ ਹੈ?

ਜਵਾਬ- ਸੋਚਦਾ ਵੱਧ ਤੋਂ ਵੱਧ ਲਿਖ ਸਕੇ। ਤੁਰਦੇ ਹੀ ਰਹੀਏ। ਕੋਈ ਵਧੀਆ ਫ਼ਿਲਮ ਬਣ ਸਕੇ। ਜਦੋਂ ਮੌਤ ਹੋਵੇ ਤਾਂ ਹੱਥ ਵਿੱਚ ਕਲਮ ਹੋਵੇ ਜਾਂ ਫਿਲਮ ਪ੍ਰੋਡਕਸ਼ਨ।

? ਸਵਾਲ- ਪੰਜਾਬੀ ਬੋਲੀ ਦੇ ਪਾਠਕਾਂ, ਕਲਾਕਾਰਾਂ ਤੇ ਸਰੋਤਿਆਂ ਨੂੰ ਕੀ ਸੁਨੇਹਾ ਦਿਓਗੇ?

ਜਵਾਬ- ਸਭ ਨੂੰ ਆਪੋ-ਆਪਣਾ ਫਰਜ਼ ਸਮਝ ਕੇ ਚੱਲਣਾ ਚਾਹੀਦਾ ਹੈ। ਮਾੜੀ ਚੀਜ਼ ਲਿਖਣੀ-ਗਾਉਣੀ ਨਹੀਂ ਚਾਹੀਦੀ ਤੇ ਲੋਕਾਂ ਨੂੰ ਮਾੜੀ ਨੂੰ ਨਕਾਰਨਾ ਚਾਹੀਦਾ ਹੈ, ਚੰਗੇ ਨੂੰ ਸਤਿਕਾਰ ਦੇਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀ ਨਸਲ ਲਈ ਵੀ ਕੁਝ ਚੰਗਾ ਛੱਡਿਆ ਜਾ ਸਕੇ।

? ਸਵਾਲ- ਕੁਝ ਹੋਰ ਕਹਿਣਾ ਚਾਹੋਗੇ?

ਜਵਾਬ- ਮੇਰੇ ਖ਼ਿਆਲ ਵਿੱਚ ਸਭ ਕੁਝ ਹੋ ਗਿਆ ਹੈ। ਫੇਰ ਵੀ ਇਹੀ ਕਹਾਂਗਾ ਕਿ ਇਨਸਾਨ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਆਸਾ ਦੀ ਬੇੜੀ ’ਤੇ ਬਹਿ ਕੇ ਦੁੱਖਾਂ-ਮੁਸੀਬਤਾਂ ਦੇ ਸਾਗਰ ਤਰੇ ਜਾ ਸਕਦੇ ਹਨ। ਮੈਂ ਇੱਕ ਸ਼ਿਅਰ ਨਾਲ ਗੱਲ ਮੁਕਾਉਂਦਾ ਹਾਂ,

ਆਸ਼ਾ ਨਾਲ ਯਾਰਾਨਾ ਮੇਰਾ,

ਨਾਲ ਨਿਰਾਸ਼ਾ ਵੈਰ,

ਇਸੇ ਲਈ ਜੀਵਨ ’ਚ ਮੇਰੇ,

ਕਦੇ ਨਾ ਥਿੜ੍ਹਕੇ ਪੈਰ।

ਜਿਨ੍ਹਾਂ ਫਿਲਮਾਂ ਲਈ ਹਸਨਪੁਰੀ ਨੇ ਗੀਤ ਲਿਖੇ

    ਮਨ ਜੀਤੈ ਜਗ ਜੀਤ।                ਚੋਰਾਂ ਨੂੰ ਮੋਰ।
    ਦੁੱਖ ਭੰਜਨ ਤੇਰਾ ਨਾਮ।              11. ਮੋਟਰ ਮਿੱਤਰਾਂ ਦੀ।
    ਪਾਪੀ ਤਰੇ ਅਨੇਕ।                 12. ਲੌਂਗ ਦਾ ਲਿਸ਼ਕਾਰਾ।
    ਧਰਮਜੀਤ।                        13. ਨਹੀਂ ਰੀਸਾਂ ਪੰਜਾਬ ਦੀਆਂ।
    ਫੌਜੀ ਚਾਚਾ।                             14. ਮਾਹੌਲ ਠੀਕ ਹੈ।
    ਯਮਲਾ ਜੱਟ।            15. ਪੰਜਾਬ ਕੌਰ (ਕਹਾਣੀ, ਵਾਰਤਾਲਾਪ ਤੇ ਪਟਕਥ ਲਿਖੇ)।
    ਗੋਰੀ ਦੀਆਂ ਝਾਂਜਰਾਂ।             16. ਮੱਸਿਆ ਦੀ ਰਾਤ।
    ਜੈ ਮਾਤਾ ਦੀ।
    ਮਾਂ ਦਾ ਲਾਡਲਾ।

ਜਿਨ੍ਹਾਂ ਹਿੰਦੀ ਫਿਲਮਾਂ ਲਈ ਗੀਤ ਲਿਖੇ

1. ਦਹੇਜ 2. ਸੰਗਰਾਮ 3. ਵਰਤ ਕੇ ਸ਼ਹਿਜ਼ਾਦੇ 4. ਛੋਟਾ ਸਾ ਮੌਸਮ 5. ਦੂਰਦਰਸ਼ਨ ਦਿੱਲੀ ਲਈ ਹਿੰਦੀ ਸੀਰੀਅਲ ਵਾਸਤੇ ਗੀਤ, ਕਟੀ ਪਤੰਗ (ਹਿੰਦੀ)।

ਜਿਨ੍ਹਾਂ ਫਿਲਮਾਂ ਦਾ ਨਿਰਮਾਣ ਕੀਤਾ

ਕਹਾਣੀ, ਪਟਕਥਾ, ਵਾਰਤਾਲਾਪ ਤੇ ਗੀਤ ਲਿਖੇ,

1. ਤੇਰੀ ਮੇਰੀ ਇੱਕ ਜਿੰਦੜੀ 2. ਦਾਜ 3. ਸੁਖੀ ਪਰਿਵਾਰ 4. ਦਹੇਜ (ਹਿੰਦੀ ਫਿਲਮ)।

ਦੂਰਦਰਸ਼ਨ ਲਈ ਟੈਲੀ ਫਿਲਮਾਂ

    ਸਾਡਾ ਪਿੰਡ 2. ਉਜਾੜ ਦਾ ਸਫ਼ਰ (ਕਹਾਣੀ ਸੁਰਿੰਦਰ ਰਾਮਪੁਰੀ) 3. ਪੰਜਾਬੀ ਫਿਲਮਾਂ ਦਾ ਪਹਿਲਾ ਦੌਰ 4. ਪੰਜਾਬੀ ਫਿਲਮਾਂ ਦਾ ਦੂਜਾ ਦੌਰ।

ਪੀ. ਏ. ਯੂ. ਲਈ ਡਾਕੂਮੈਂਟਰੀ ਫਿਲਮਾਂ


1, ਮਛਲੀ ਪਾਲਣ 2. ਗੰਨਾ ਕਾਸ਼ਤ 3. ਕੰਢੀ ਏਰੀਏ ਦੀ ਉੱਨਤੀ।

ਹਸਨਪੁਰੀ ਦੀਆਂ ਪ੍ਰਸਿੱਧ ਪੁਸਤਕਾਂ


    ਔਸੀਆਂ (ਗੀਤ ਸੰਗ੍ਰਹਿ)
    ਜ਼ਿੰਦਗੀ ਦੇ ਗੀਤ (ਗੀਤ ਸੰਗ੍ਰਹਿ)
    ਸਮੇਂ ਦੀ ਆਵਾਜ਼ (ਗੀਤ ਸੰਗ੍ਰਹਿ)
    ਜੋਬਨ ਨਵਾਂ ਨਕੋਰ (ਗੀਤ ਸੰਗ੍ਰਹਿ)
    ਰੂਪ ਤੇਰਾ ਰੱਬ ਵਰਗਾ (ਗੀਤ ਸੰਗ੍ਰਹਿ)
    ਮੇਰੇ ਜਿਹੀ ਕੋਈ ਜੱਟੀ ਨਾ (ਗੀਤ ਸੰਗ੍ਰਹਿ)
    ਗੀਤ ਮੇਰੇ ਗੀਤ (ਗੀਤ ਸੰਗਰਹਿ)
    ਕਿਥੇ ਗਏ ਉਹ ਦਿਨ (ਲੰਬੀ ਕਵਿਤਾ)
    ਰੰਗ ਖ਼ੁਸ਼ਬੋ ਰੌਸ਼ਨੀ (ਗਜ਼ਲ ਸੰਗ੍ਰਹਿ)

10. ਗੁਰੂ ਦਰਸ਼ਨ (ਬਾਲ ਗੀਤ) (ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ)

11. ਘੁੰਮ ਨੀ ਭੰਮੀਰੀਏ (ਬਾਲ ਗੀਤ) (ਖਰੜੇ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਨਾਮ 1989 ’ਚ)

12. ਝੜ ਰਹੇ ਪੱਤੇ ਹਰੇ (ਅੱਤਵਾਦ ਦਾ ਸੰਤਾਪ ਭੋਗਦੇ ਗੀਤ)

ਹਸਨਪੁਰੀ ਦੇ ਕੁਝ ਪ੍ਰਸਿੱਧ ਗੀਤ


    ਜੇ ਮੁੰਡਿਆ ਵੇ ਤੂੰ ਸਾਡੀ ਤੋਰ ਹੈ ਵੇਖਣੀ,

ਗੜ੍ਹਵਾ ਲੈ ਦੇ ਚਾਂਦੀ ਦਾ, ਲੱਕ ਹਿਲੇ ਮਜਾਜਣ ਜਾਂਦੀ ਦਾ।

    ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖੈਰ ਨਾ ਪਾਈਏ।
    ਲੈ ਜਾ ਛੱਲੀਆਂ, ਭੁਨਾ ਲਈਂ ਦਾਣੇ ਮਿੱਤਰਾ ਦੂਰ ਦਿਆ।
    ਹੋਇਆ ਕੀ ਜੇ ਤੂੰ ਕੁੜੀ ਏਂ ਦਿੱਲੀ ਸ਼ਹਿਰ ਦੀ,

ਮੈਂ ਵੀ ਜੱਟ ਲੁਧਿਆਣੇ ਦਾ।

    ਬੋਤਾ ਹੌਲੀ ਤੋਰ ਮਿੱਤਰਾ, ਮੇਰਾ ਨਰਮ ਕਾਲਜਾ ਧੜਕੇ।
    ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਮੈਂ ਕੀ ਕਰਾਂ,

ਸ਼ਰੇਆਮ ਛੱਜ ਵਿੱਚ ਪਾ ਛੱਜਿਆ, ਦੱਸ ਮੈਂ ਕੀ ਕਰਾਂ।

    ਜਦੋਂ-ਜਦੋਂ ਵੀ ਬਨੇਰੇ ਬੋਲੇ ਕਾਂ (ਮੇਰਿਆ ਸੱਜਣਾਂ),

ਮੈਂ ਔਂਸੀਆਂ ਪਾਉਣੀ ਆਂ। (ਮਨ ਜੀਤੈ ਜਗ ਜੀਤ ’ਚ)

    ਜੱਗ ਨੂੰ ਤੂੰ ਲੁੱਟਣਾ ਏ ਡਾਕੂਆ,

ਜੇ ਕੋਈ ਦਿਲ ਲੁੱਟ ਕੇ ਵਿਖਾਵੇਂ ਤੈਨੂੰ ਤਾਂ ਮੰਨੀਏ,

ਕਿਸੇ ਨੂੰ ਮਿਟਾਣਾ ਕੋਈ ਔਖਾ ਨਹੀਂ,

ਜੇ ਆਪ ਮਿਟ ਜਾਵੇਂ ਤੈਨੂੰ ਤਾਂ ਮੰਨੀਏ।

(ਇਹ ਕਵਾਲੀ ਵੀ ਮਨ ਜੀਤੈ ਜਗ ਜੀਤ ’ਚੋਂ ਹੈ।

ਜਿਨ੍ਹਾਂ ਪ੍ਰਸਿੱਧ ਗਾਇਕਾਂ-ਗਾਇਕਾਵਾਂ ਨੇ ਹਸਨਪੁਰੀ ਦੇ

ਫਿਲਮੀ ਤੇ ਗ਼ੈਰ-ਫਿਲਮੀ ਗੀਤ ਗਾਏ


1. ਮਲਿਕਾ-ਏ-ਤਰੰਨਮ ਨੂਰਜਹਾਂ (ਗੜ੍ਹਵਾ ਚਾਂਦੀ ਦਾ ਆਪਣੇ ਅੰਦਾਜ਼ ’ਚ ਗਾਇਆ)

2. ਮੁਹੰਮਦ ਰਫ਼ੀ

3. ਆਸ਼ਾ ਭੌਸਲੇ

4. ਸ਼ਮਸ਼ਾਦ ਬੇਗਮ

5. ਅਨੁਰਾਧਾ ਪੌਡਵਾਲ

6. ਸੁਮਨ ਕਲਿਆਣਪੁਰੀ

7. ਮਹਿੰਦਰ ਕਪੂਰ

8. ਮਨੂੰ ਪਰਸ਼ੋਤਮ

9. ਦਿਲਰਾਜ ਕੌਰ

10. ਸੁਰੇਸ਼ ਵਾਡੇਕਰ

11. ਜਗਜੀਤ ਸਿੰਘ

12. ਕੇ. ਦੀਪ

13. ਸੁਰਿੰਦਰ ਕੌਰ

14. ਆਸਾ ਸਿੰਘ ਮਸਤਾਨਾ

15. ਨਰਿੰਦਰ ਬੀਬਾ

16. ਜਗਮੋਹਨ ਕੌਰ

17. ਗੁਰਮੀਤ ਬਾਵਾ

18. ਜਸਪਿੰਦਰ ਨਰੂਲਾ

19. ਹਰਚਰਨ ਗਰੇਵਾਲ

20. ਹੰਸ ਰਾਜ ਹੰਸ

21. ਸੁਰਿੰਦਰ ਛਿੰਦਾ

22. ਨਰਿੰਦਰ ਚੰਚਲ

23. ਅਮਰ ਨੂਰੀ

24. ਸਰਦੂਲ ਸਿਕੰਦਰ

25. ਸੁਖਵਿੰਦਰ

26.ਹਰਿਭਜਨ ਸਿੰਘ ਰਤਨ

27. ਪਿਨਾਜ਼ ਮਸਾਨੀ

28. ਐਸ਼ ਬਲਵੀਰ

29. ਦਿਲਸ਼ਾਦ ਅਖਤਰ

30. ਡਾ. ਸੁਖ ਨੈਨ

31. ਚਾਂਦੀ ਰਾਮ

32. ਸੁਦੇਸ਼ ਕਪੂਰ

33. ਖੁਸ਼ਦਿਲ

34. ਕੁਲਦੀਪ ਕੌਰ

35. ਸੁਖਵੰਤ ਕੌਰ

36. ਗੁਰਪਾਲ ਸਿੰਘ ਪਾਲ

37. ਸਨੇਹ ਲਤਾ

38. ਗੋਲਡਨ ਸਟਾਰ ਮਲਕੀਤ ਸਿੰਘ

Comments

ਕਮਾਲ ਦੀ ਮੁਲਾਕਾਤ ਹੈ ਸ਼ਿਵ ਵਲੋ ਪੰਜਾਬੀ ਗੀਤਾਂ ਦੇ ਚਾਂਦੀ ਦੇ ਗੜਵੇ ਸਰਦਾਰ ਇੰਦਰਜੀਤ ਹਸਨਪੁਰੀ ਨਾਲ. ਇੱਕ ਗੱਲ ਖਾਸ਼ ਇਸ ਮੁਲਾਕਾਤ ਵਿਚੋਂ ਪਤਾ ਲੱਗੀ ਹੈ ਕਲਾਕਾਰੀ ਦੇ ਨਾਲ ਨਾਲ ਤੁਹਾਨੰੂ ਆਪਣੇ ਸਮਾਜੀ ਸਿਆਸੀ ਤੇ ਵਿਉਪਾਰਕ ਨੁੱਕਤੇ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ. ਕੱਲਾਂ ਗੀਤਕਾਰ ਹੋਣਾ ਆਪਣੇ ਆਪ ਵਿੱਚ ਕੁੱਛ ਨਹੀਂ ਹੈ ਚੰਗੇ ਗੀਤਕਾਰ ਕਲਾਕਾਰ ਹੋਣ ਦੇ ਨਾਲ ਨਾਲ ਅਪਣਾ ਵਿਉਪਾਰਕ ਮੁੱਲ ਪਛਾਨਣਾ ਵੀ ਬਹੁਤ ਜਰੂਰੀ ਹੈ ਇੰਦਰਜੀਤ ਹਸਨਪੁਰੀ ਇਸ ਗੱਲ ਨੰੂ ਬਾਖੂਬੀ ਜਾਣਦਾ ਸੀ ਵਰਨਾ ਉਹ ਵੀ ਲਾ਼ਲ ਸਿੰਘ ਦਿਲ ਵਾਂਗ ਸਿ੍ਰਫ ਚੰਗਾਂ ਕਵੀ ਹੀ ਰਹਿ ਜਾਂਦਾ, ਤੇ ਭੁੱਖ ਨੰਗ ਤੇ ਗਰੀਬੀ ਵਿੱਚ ਕਦੀ ਮੁਸਲਮਾਨ ਕਦੀ ਚਾਹ ਦੀ ਦੁਕਾਨ ਪਾ ਕੇ ਆਪਣਾ ਮਜਾਕ ਬਣਾਊਂਦਾ. ਇਹ ਕਲਾ ਹਰ ਇੱਕ ਦੇ ਵੱਸ ਦੀ ਨਹੀਂ ?ਹਸਨਪੁਰੀ ਇਸੇ ਕਰਕੇ ਹਸਨਪੁਰੀ ਹੈ ਉਹ ਕਲਈ ਗੁਰ ਜਾਣਦਾ ਸੀ. ਇਸੇ ਕਰਕੇ ਉਹ ਪੰਜਾਬ ਦਾ ਅਸਲੀ ਗੀਤਕਾਰ ਹੈ, ਫਿਲਮ ਮੇਕਰ ਹੈ ਤੇ ਪਿੰਡ ਹਸਨਪੁਰ ਵਿੱਚ ਵੱਡੇ ਗੜਵੇ ਵਾਲੀ ਕੋਠੀ ਦਾ ਮਾਲਕ ਹੈ. ਵਕਤ ਹਰ ਕਲਾਕਾਰ ਨੰੂ ਐਸੀ ਸੋਹਰਤ ਦੌਲਤ ਦੇਵੇ ਤਾ ਜੋ ਨੰਦ ਲਾਲ ਨੂਰਪੁਰੀ ਵਾਂਗੂੰ ਕੋਈ ਖੂਹ ਟੋਭੇ ਨੰੂ ਗੰਦਾ ਨਾ ਕਰੇ ਤੇ ਨਾ ਹੀ ਲਾਲ ਸਿੰਘ ਦਿਲ ਵਰਗੇ ਹੋਰ ਅਨੇਕਾਂ ਲੋਕ ਕਵੀ ਗੁਰਬਤ ਵਿੱਚ ਨਸ਼ਈ ਹੋਣ ਦੀ ਇਲਜਾਮ ਬਾਜੀ ਵਿੱਚ ਨਿਮੋਸ਼ੀ ਵਾਲੀ ਮੌਤ ਮਰਨ.

ਸਰਦਾਰ ਇੰਦਰਜੀਤ ਹਸਨਪੁਰੀ ਇਸ ਦੁਨੀਆਂ ਵਿੱਚ ਨਹੀ ਹਨ ਕਿ੍ਰਪਾ ਕਰਕੇ ਜਿੱਥੇ ਮੇਰੇ ਕੁੰਮੈਂਟ ਤੇ ਹੈ ਸੀ ਪ੍ਹੜ ਲੈਣਾ. ਮੁਆਫੀ ਸਾਹਿਤ

daljit boparai

ਢੋਲ ਵੱਜ ਰਿਹਾ ਹੈ ਤੇ ਗੀਤ ਭੱਜ ਰਿਹਾ ਹੈ।

Raj Singh

ਸ਼ੁਕਰੀਆ sr ਜੀ ,,ਇੰਦ੍ਜੀਤ ਹਸਨਪੁਰੀ ਜੀ ਨਾਲ ਮੁਲਾਕਾਤ ,,,ਬਾ - ਕਮਾਲ ,,,

Manga Basi

This is very educational mulakat.

Myfreecams

One or two to rembreem, that is.

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ