ਅਜੋਕੇ ਮਨੁੱਖ ਦੀ ਮਨੋਦਸ਼ਾ ਬਿਆਨਣ ਵਾਲਾ ਕੈਨੇਡੀਅਨ ਪੰਜਾਬੀ ਸ਼ਾਇਰ ਮਨਜੀਤ ਮੀਤ
Posted on:- 19-04-2013
ਮੁਲਾਕਾਤੀ: ਅਵਤਾਰ ਸਿੰਘ ਬਿਲਿੰਗ
ਭਾਰਤੀ ਪੰਜਾਬ ਤੋਂ ਸੱਤਰਵਿਆਂ ਵਿਚ ਕੈਨੇਡਾ ਗਿਆ ਮਨਜੀਤ ਮੀਤ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਸਮਰੱਥ ਸ਼ਾਇਰ ਹੈ ਜਿਸਨੂੰ ਕਵਿਤਾ ਆਕਾਸ਼ੋਂ ਆਹੁੜਦੀ ਹੈ।ਉਹ ਕੇਵਲ ਲਿਖਣ ਲਈ ਹੀ ਨਹੀਂ ਲਿਖਦਾ ਸਗੋਂ ਉਸ ਕੋਲ ਅਜੋਕੇ ਮਨੁੱਖ ਦੀ ਮਨੋਦਸ਼ਾ ਬਿਆਨਣ ਬਾਰੇ ਡੂੰਘਾ ਅਨੁਭਵ ਵੀ ਹੈ।ਉਹ ਕੇਂਦਰੀ ਪੰਜਾਬੀ ਲਿਖਾਰੀ ਸਭਾ ਉਤਰੀ ਅਮਰੀਕਾ ਦਾ ਪ੍ਰਧਾਨ ਹੈ।
ਇਸ ਪਹਿਲੀ ਅੰਤਰ ਰਾਸ਼ਟਰੀ ਸੰਸਥਾ ਦੇ ਮੋਢੀ ਅਤੇ ਉੱਘੇ ਸਾਹਿਤਕਾਰ ਰਵਿੰਦਰ ਰਵੀ ਨੂੰ ਉਹ ਆਪਣਾ ਪ੍ਰੇਰਨਾ ਸਰੋਤ ਮੰਨਦਾ ਹੈ।ਉਸਨੇ ਹੁਣ ਤਕ ਪੰਜ ਕਾਵਿ ਸੰਗ੍ਰਹਿ ਨਿਖੰਭੜੇ,ਸਵਾਲੀਆ ਨਿਸ਼ਾਨ,ਲੱਕੜ ਦੇ ਘੋੜੇ,ਕੰਕਰ ਕੰਕਰ ਗ਼ੁਲਦਾਨ ਅਤੇ ਨੰਗੇ ਪੈਰੀਂ ਪੌਣ-ਲਿਖੇ ਹਨ।ਸ਼ਬਦਾਂ ਦਾ ਮੌਸਮ ਉਸਦੀ ਸਮੁੱਚੀ ਕਵਿਤਾ ਦਾ ਸੰਗ੍ਰਹਿ ਹੈ ਜਿਸਨੂੰ ਨੈਸ਼ਨਲ ਸ਼ਾਪ ਦਿੱਲੀ ਨੇ 2012 ਵਿਚ ਛਾਪਿਆ ਹੈ ।ਅਧੂਰੇ ਪੈਗੰਬਰ (ਕਾਵਿ ਨਾਟਕ)ਲੈਂਪਸ ਔਵ ਬਲੱਡ ਅੰਗਰੇਜ਼ੀ ਕਵਿਤਾ ਅਤੇ ਕਵੀ ਰਵਿੰਦਰ ਰਵੀ (ਸੰਪਾਦਨਾ) ਹੈ।ਮੀਤ ਦੀ ਰਚਨਾ ਮੌਜੂਦਾ ਸਰਮਾਏਦਾਰੀ ਸਿਸਟਮ ਦੇ ਝੰਭੇ ਹੋਏ ਮਨੁੱਖ ਦੀ ਗਾਥਾ ਹੈ ਜੋ ਸੁੱਖ ਸਮਰਿੱਧੀ ਪੱਖੋਂ ਭਰਪੂਰ ਪਰ ਮਾਇਆ ਵਿਚ ਖੱਚਿਤ ਖਪਤ ਕਲਚਰ ਦੀ ਇਕ ਚੀਜ਼ ਵਸਤ ਬਣ ਕੇ ਰਹਿ ਗਿਆ ਹੈ।ਉਹ ਮਨੁੱਖ ਜੋ ਅੱਜ ਦੇ ਗੈਰ ਮਾਨਵੀ ਢੰਗ ਨਾਲ ਬਦਲ ਰਹੇ ਸੰਸਾਰ ਵਿਚ ਵਿਚਰਦਾ ਭੀੜ ਵਿਚ ਇਕੱਲਾ ,ਸਵੈਹੀਣ ,ਮਕੈਨਕੀ ਤਰਜ਼ ਦਾ ਇਕ ਕਲ਼-ਪੁਰਜ਼ਾ ਮਾਤਰ ਅਖਾਉਤੀ ਪ੍ਰਾਣੀ ਹੈ।
?ਮੀਤ ਸਾਹਬ,ਪਰਿਵਾਰਕ ਪਿਛੋਕੜ ਅਤੇ ਮੁਢਲੇ ਦਿਨਾਂ ਬਾਰੇ ਕੁਝ ਦੱਸਣਾਂ ਚਾਹੋਗੇ?
-ਜ਼ਰੂਰ ਬਿਲਿੰਗ ਜੀ।ਮੇਰਾ ਜਨਮ 12-4-54 ਨੂੰ ਪਿੰਡ ਸ਼ੇਖੂਪੁਰਾ(ਜਗਰਾਉਂ)ਲੁਧਿਆਣਾ ਵਿਖੇ ਹੋਇਆ। ਮੇਰੇ ਦਾਦਾ ਨੱਥਾ ਸਿੰਘ ਇਕ ਸਾਧਾਰਣ ਕਿਰਸਾਨ ਸਨ ਜੋ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਸਮੇਂ ਪੈਰਸ ਫਰਾਂਸ ਤਕ ਯਾਤਰਾ ਕਰ ਆਏ ਸਨ।ਉਹ ਸਾਨੂੰ ਉਧਰਲੇ ਬੰਧਨ ਮੁਕਤ ਢਾਂਚੇ ਬਾਰੇ ਅਨੇਕਾਂ ਕਹਾਣੀਆਂ ਸੁਨਾਇਆ ਕਰਦੇ ਸਨ।ਮੇਰੇ ਪਿਤਾ ਜੀ ਭਾਗ ਸਿੰਘ ਫੌਜੀ ਦੂਸਰੀ ਜੰਗ ਸਮੇਂ ਸਿੰਘਾਪੁਰ ਮਲਾਇਆ ਅਤੇ ਅਰਬ ਦੇਸਾਂ ਵਿਚ ਗਏ। ਉਹ ਵੀ ਮੈਨੂੰ ਤੇ ਮੇਰੇ ਛੋਟੇ ਭਰਾ ਦਰਸ਼ਨ ਨੂੰ ਅਨੇਕਾਂ ਕਹਾਣੀਆਂ ਸੁਣਾਉਂਦੇ।
?ਕੈਨੇਡਾ ਆਉਣ ਦਾ ਸਬੱਬ ਕਦੋਂ ਤੇ ਕਿਵੇਂ ਬਣਿਆ ?
-1974 ਵਿਚ ਬੀ.ਏ. ਕਰਨ ਤੋਂ ਬਾਅਦ ਮੈਂ ਵਕਾਲਤ ਕਰਨੀ ਚਾਹੁੰਦਾ ਸਾਂ ਕਿ ਕੈਨੇਡਾ ਦੀ ਜੰਮਪਲ ਇਕ ਕੁੜੀ ਜੋ ਉਹਨੀਂ ਦਿਨੀਂ ਇੰਡੀਆ ਗਈ ਹੋਈ ਸੀ,ਉਸ ਨਾਲ ਮੇਰਾ ਵਿਆਹ ਹੋ ਗਿਆ।ਇਸ ਤੋਂ ਤਿੰਨ ਮਹੀਨੇ ਦੇ ਅੰਦਰ ਮੈਂ ਕੈਨੇਡਾ ਆ ਉਤਰਿਆ।ਇਹ 12 ਅਕਤੂਬਰ 1974 ਦਾ ਦਿਨ ਸੀ।ਮੇਰੇ ਖਿਆਲ ਅਨੁਸਾਰ ਇਹ ਇਕ ਅਗਿਆਤ ਸਫ਼ਰ ਸੀ,ਤੁਸੀਂ ਏਹਨੂੰ ਸਬੱਬ ਆਖ ਲਵੋ।
?ਇਧਰ ਆਕੇ ਕਿੰਨੇ ਕੁ ਕਸ਼ਟ ਝੱਲਣੇ ਪਏ?
-ਬਿਲਿੰਗ ਜੀ ,ਕਸ਼ਟ ਤਾਂ ਨਾ ਕਹੀਏ।ਕਰੜੀ ਮੁਸ਼ੱਕਤ ਵਾਲਾ ਰਾਹ ਜ਼ਰੂਰ ਅਪਨਾਉਣਾ ਪਿਆ।ਮੈਂ ਸਿਰਫ ਇਕ ਵਿਦਿਆਰਥੀ ਸਾਂ।ਕੋਈ ਹੁਨਰ ਕੋਲ ਨਹੀਂ ਸੀ।ਤੰਗੀਆਂ ਤੁਰਸ਼ੀਆਂ ਸਨ।ਸੋ ਹੋਰਾਂ ਵਾਂਗ ਮਜ਼ਦੂਰੀ ਮੈਂ ਵੀ ਕੀਤੀ।ਕੰਮ ਦੀ ਕਦਰ ਕਰਕੇ ਇਥੇ ਤਨਖਾਹ ਚੰਗੀ ਸੀ,ਗੁਜ਼ਾਰਾ ਚੰਗਾ ਚਲ ਪਿਆ।ਬਾਪੂ ਦੀ ਇਹ ਤਾਕੀਦ ਕਿ ਪਿੱਛੇ ਵੀ ਦੇਖਦਾ ਰਹੀਂ,ਹਰ ਕੰਮ ਲਈ ਮਜਬੂਰ ਕਰਦੀ ਰਹੀ।
?ਤੁਸੀਂ ਵੀਹ ਸਾਲ ਦੀ ਕੱਚੀ ਉਮਰ ਵਿਚ ਇਧਰ ਆ ਗਏ ਸੀ,ਕਿਵੇਂ ਮਹਿਸੂਸ ਕਰਦੇ ਹੋ-ਕੀ ਖੱਟਿਆ ਕੀ ਗਵਾਇਆ ?
-ਮਾਇਕ ਪੱਖੋਂ ਤਾਂ ਖੱਟਿਆ ਹੀ ਹੈ ਜੀ।ਪਰ ਕੱਚੀ ਉਮਰੇ ਵਿਆਹਿਆ ਜਾਣ ਕਰਕੇ ਅਪਣਾ ਚਿਰ ਚਿਤਵਿਆ ਕੈਰੀਅਰ ਨਹੀਂ ਚੁਣ ਸਕਿਆ।ਮਨ ਭਾਉਂਦਾ ਕਿੱਤਾ ਨਾ ਮਿਲੇ ਤਾਂ ਬੰਦਾ ਸਾਰੀ ਉਮਰ ਤ੍ਰਿਸ਼ੰਕੂ ਵਾਂਗ ਅੱਧ ਵਿਚਕਾਰ ਲਟਕਦਾ ਮਹਿਸੂਸ ਕਰਦਾ ਹੈ।
?ਕੀ ਤੁਸੀਂ ਅਪਣੀ ਸ਼ਾਦੀ ਤੋਂ ਮਾਯੂਸ ਹੋ?
-ਨਹੀਂ ਇਹ ਗੱਲ ਵੀ ਨਹੀਂ ,ਬਿਲਿੰਗ ਜੀ।ਜੀਵਨ ਨੂੰ ਹੋਰ ਚੰਗੇਰਾ ਬਣਾਉਣ ,ਹੋਰ ਸਾਰਥਕ ਬਣਾਉਣ ਦੀ ਰੀਝ ਪੂਰੀ ਨਹੀਂ ਕਰ ਸਕਿਆ।ਤੁਸੀਂ ਪੁਛਿਆ ਹੈ ਕਿ ਖੱਟਿਆ ਕੀ ਹੈ।ਪੱਛਮੀ ਜਗਤ ਵਿਚ ਖੱਟਣ ਲਈ ਹੈ ਵੀ ਕੀ?ਦੋ ਵਕਤ ਦੀ ਰੋਟੀ ਲਈ ਜੱਦੋ ਜਹਿਦ ਹੈ ਜੋ ਇਨਸਾਨ ਸਾਰੀ ਉਮਰ ਕਰਦਾ ਰਹਿੰਦਾ ਹੈ।ਕੌਰੂ ਬਾਦਸ਼ਾਹ ਵਾਂਗ ਧਜਾਂ ਜੋੜ ਕੇ ਵੀ ਅਖ਼ੀਰ ਖ਼ਾਲੀ ਹੱਥ ਜਾਣਾ ਪੈਂਦਾ ਹੈ। ਮੈਂ ਆਪਣੀ ਸਾਰੀ ਜਵਾਨੀ,ਸਾਰੇ ਸੁਪਨੇ,ਸਾਰੇ ਜਜ਼ਬਾਤ ਗਵਾਏ ਹਨ।ਇਥੇ ਆਕੇ ਇਕ ਪੂਰਾ ਪਿੰਡ,ਪੂਰਾ ਪਰਿਵਾਰ ਤੇ ਆਪਣਾ ਦੇਸ ਗਵਾਇਆ ਹੈ ਜਿਸਦਾ ਕੋਈ ਬਦਲ ਨਹੀਂ ,ਬਿਲਿੰਗ ਸਾਹਿਬ।
?ਕੀ ਤੁਸੀਂ ਆਪਣੇ ਆਪ ਨੂੰ ਸੋਨੇ ਦੇ ਪਿੰਜਰੇ ਵਿਚ ਕੈਦ ਹੋਣ ਦੀ ਇਜਾਜ਼ਤ ਦੇ ਦਿੱਤੀ ?
-ਨਹੀਂ,ਇਹ ਗੱਲ ਵੀ ਨਹੀਂ ਬਿਲਿੰਗ ਜੀ।ਪੰਜਾਬ ਵਿਚ ਉਦੋਂ ਤੇ ਹੁਣ ਵੀ ਕਿਰਸਾਨੀ ਦੀ ਹਾਲਤ ਚੰਗੀ ਨਹੀਂ ਰਹੀ।ਰੋਜ਼ੀ ਰੋਟੀ ਕਮਾਉਣ ਦਾ ਮਸਲਾ ਸੀ,ਬੇਰੁਜ਼ਗਾਰੀ ਮੂੰਹ ਅੱਡੀਂ ਖੜੀ੍ਹ ਸੀ।ਹੁਣ ਵੀ ਪੰਜਾਬੀ ਆਪਣਾ ਭਵਿੱਖ ਸੁਆਰਨ ਲਈ ਲੱਖਾਂ ਡਾਲਰ ਖਰਚ ਕੇ ਸੋਨੇ ਦੇ ਪਿੰਜਰੇ ਵਿਚ ਕੈਦ ਹੋਣ ਲਈ ਤਤਪਰ ਹਨ।
?ਜੇ ਤੁਸੀਂ ਭਾਰਤ ਵਿਚ ਹੀ ਰਹਿੰਦੇ ਤਾਂ ਇਕ ਚੰਗੇ ਟਰਾਂਸਪੋਰਟਰ ਨਹੀਂ ਸੀ ਬਣ ਸਕਦੇ ?
-ਬਣ ਸਕਦਾ ਸੀ ।ਪਰ ਜੇ ਮੈਂ ਉਧਰ ਰੰਿਹੰਦਾ ਤਾਂ ਇਕ ਵਕੀਲ ਜਾਂ ਪ੍ਰੋਫੈਸਰ ਬਣਨਾ ਚਾਹੁੰਦਾ।ਇਹ ਵੀ ਜ਼ਰੂਰੀ ਨਹੀਂ ਸੀ।ਕਿਸਮਤ ਸਾਨੂੰ ਕੀ ਬਣਾ ਦਿੰਦੀ ਹੈ,ਇਸਦਾ ਕਿਸੇ ਨੂੰ ਕੋਈ ਇਲਮ ਨਹੀਂ।ਜ਼ਿੰਦਗੀ ਦੇ ਹਾਲਾਤ ਹੀ ਦਰਿਆ ਵਾਂਗ ਉਸ ਦਾ ਰਸਤਾ ਨਿਰਧਾਰਤ ਕਰਦੇ ਹਨ।
?ਕੀ ਤੁਸੀਂ ਕਿਸਮਤ ਨੂੰ ਮੰਨਦੇ ਹੋ ?
-ਕਿਸਮਤ ਮੇਰੇ ਮੂੰਹ ਵਿਚ ਆਪੇ ਪਾਏਗੀ ,ਅਜਿਹੀ ਕਿਸਮਤ ਨੂੰ ਮੈਂ ਨਹੀਂ ਮੰਨਦਾ ।ਮਿਹਨਤ ਕਰਕੇ ਆਪ ਬਣਾਈ ਕਿਸਮਤ ਵਿਚ ਵੀ ਅਚਾਨਕ ਵਾਪਰਨ ਵਾਲੇ ਕ੍ਰਿਸ਼ਮੇ ਤਾਂ ਹੁੰਦੇ ਹੀ ਨੇ ,ਸਬੱਬ ਆਖ ਲਵੋ।
?ਤੁਹਾਡੀ ਪਤਨੀ,ਬੱਚਿਆਂ ਅਤੇ ਤੁਹਾਡੇ ਵਿਚਕਾਰ ਸਭਿਆਚਾਰਕ ਪਾੜਾ ਕਿੰਨਾ ਕੁ ਹੈ?
-ਮੇਰੀ ਪਤਨੀ ਦਮਿੰਦਰ ਕੌਰ,ਮੇਰੀ ਬੇਟੀ ਰਵਿੰਦਰ ਅਤੇ ਪੁੱਤਰ ਅਮਨਜੀਤ-ਧਰਮਜੀਤ ਚਾਰੇ ਇਧਰਲੇ ਜੰਮਪਲ ਹਨ।ਉਹ ਪੰਜਾਬੀ ਪੜ੍ਹ ਲਿਖ ਨਹੀਂ ਸਕਦੇ ,ਬੋਲਦੇ ਸਮਝਦੇ ਜ਼ਰੂਰ ਹਨ।ਸੋ ਕਿਸੇ ਖਿੱਤੇ ਦੀ ਬੋਲੀ ਬਗੈਰ ਸਭਿਆਚਾਰ ਦੀ ਪੇਤਲੀ ਸਮਝ ਹੀ ਹੋਵੇਗੀ।ਪਾੜੇ ਨੂੰ ਬਿਆਨਣਾ ਮੁਸ਼ਕਲ ਹੈ।
?ਤੁਹਾਡੀ ਪਹਿਲੀ ਕਾਵਿ ਪੁਸਤਕ ਨਿਖੰਭੜੇ-ਸੱਤਰਵਿਆਂ ਵਿਚ ਰਚੀ ਜਾਂਦੀ ਲੈਅ ਬੱਧ ਕਵਿਤਾ ਹੀ ਕਿਉਂ ਹੈ?
-ਇਹੋ ਜਿਹੀ ਕਵਿਤਾ ਹੀ ਮੈਂ ਪੜ੍ਹਦਾ ਆ ਰਿਹਾ ਸੀ।ਨਾਹੀ ਅਜੇ ਕਿਸੇ ਮੁਰਸ਼ਦ ਨੇ ਚੰਡਿਆ ਸੀ ।
?ਫੇਰ ਇਕ ਦਮ ਖੁੱਲ੍ਹੀ ਕਵਿਤਾ ਵਲ ਮੋੜਾ ਕਿਉਂ ਕਟ ਲਿਆ ?
-ਨਹੀਂ ਜੀ ,ਅਜਿਹੀ ਗੱਲ ਨਹੀਂ।ਮੇਰਾ ਦੂਜਾ ਕਾਵਿ ਸੰਗ੍ਰਹਿ ਸਵਾਲੀਆ ਨਿਸ਼ਾਨ- ਸੱਤ ਵਰ੍ਹਿਆਂ ਬਾਅਦ ਛਪਿਆ ਸੀ।ਇਸ ਵਿਚ ਸਾਰਾ ਬਿੰਬ ਵਿਧਾਨ ਮੂਲੋਂ ਹੀ ਨਵਾਂ ਸੀ।ਵਿਸ਼ਾ ਵਸਤੂ ਵੀ ਨਵਾਂ ਨਕੋਰ ਸੀ।
?ਇਹ ਸਵਾਲੀਆ ਨਿਸ਼ਾਨ ਕਿਵੇਂ ਹੈ ?
-ਜੀਵਨ ਕੀ ਹੈ।ਵਿਵੇਕ ਕੀ ਹੈ।ਸੱਪਣੀ ਕੀ ਹੈ। ਕੀਲਣਾ ਕੀ ਹੈ-ਇਸ ਵਿਚ ਅਨੇਕ ਸਵਾਲ ਹਨ ਜੋ ਮਨੁੱਖੀ ਮਨੋ ਵਿਗਿਆਨ ਤੇ ਮਾਨਸਿਕਤਾ ਨਾਲ ਜੁੜੇ ਹਨ।
?ਨਜ਼ਮ ਜੋ ਪੰਜਾਬੀ ਵਿਚ ਆਮ ਲਿਖੀ ਜਾਂਦੀ ਹੈ ਉਹ ਸੁਰਜੀਤ ਪਾਤਰ, ਪਰਮਿੰਦਰ ਜੀਤ, ਮੋਹਨਜੀਤ ਵਰਗੇ ਸ਼ਾਇਰਾਂ ਨੂੰ ਛੱਡ ਕੇ ਬਹੁ ਗਿਣਤੀ ਦੇ ਹੱਥਾਂ ਵਿਚ ਕਵਿਤਾ ਨੁਮਾ ਵਾਰਤਕ ਹੀ ਬਣ ਕੇ ਰਹਿ ਗਈ ਹੈ।ਕੀ ਤੁਸੀਂ ਸਹਿਮਤ ਹੋ ?
-ਹਾਂ ਜੀ।ਖੁੱਲ੍ਹੀ ਕਵਿਤਾ ਤੇ ਗ਼ਜ਼ਲ ਲਿਖਣ ਦੀ ਤਾਂ ਜਿਵੇਂ ਅੱਜ ਮੈਰਾਥਨ ਦੌੜ ਲੱਗੀ ਹੋਈ ਹੈ।ਸਾਰੇ ਦੌੜ ਰਹੇ ਨੇ।ਚੰਦ ਕੁ ਚਰਚਿਤ ਨਾਮ ਹਨ ਜਿਹਨਾਂ ਕੋਲ ਪੁਖ਼ਤਗੀ ਹੈ,ਜਿਹੜੇ ਵਿਚਾਰ ਪ੍ਰਧਾਨ ਕਵਿਤਾ ਲਿਖਦੇ ਹੋਏ ਲੈਅ ਸੁਰ ਨੂੰ ਵੀ ਧਿਆਨ ਵਿਚ ਰਖਦੇ ਹਨ।
?ਉਹਨਾਂ ਚੰਦ ਕੁ ਸ਼ਾਇਰਾਂ ਦੇ ਨਾਂ ਨਹੀਂ ਲਉਗੇ?
-ਕਿਉਂ ਨਹੀਂ ਜੀ।ਆਪੋ ਅਪਣੀ ਥਾਂ ਸਭੇ ਮਹਾਨ ਹਨ ਪਰ ਸੁਰਜੀਤ ਪਾਤਰ ,ਬੂਟਾ ਸਿੰਘ ਚੌਹਾਨ,ਜਸਵਿੰਦਰ,ਸੁਖਵਿੰਦਰ ਅੰਮ੍ਰਿਤ,ਸੁਰਜੀਤ ਜੱਜ _ ਗ਼ਜ਼ਲਗੋ ਅਤੇ ਦੂਜੇ ਪਾਸੇ ਪਰਮਿੰਦਰਜੀਤ,ਮੋਹਨਜੀਤ,ਰਵਿੰਦਰ ਭੱਠਲ ਵਰਗੇ ਸਮਰੱਥ ਸ਼ਾਇਰ ਵੀ ਹਨ।ਸਾਡੇ ਜਗਰਾਉਂ ਦਾ ਉਸਤਾਦ ਗ਼ਜ਼ਲਗੋ ਪ੍ਰਿੰਸੀਪਲ ਤਖ਼ਤ ਸਿੰਘ ਵੀ ਹੋਇਆ ਹੈ।
?ਹਾਂ ਜੀ।ਉਹ ਅਸਲ ਵਿਚ ਈਸੜੂ ਦੇ ਸਨ।ਪਰ ਇਸ ਤੋਂ ਸਪਸ਼ਟ ਹੈਕਿ ਤੁਸੀਂ ਪੰਜਾਬੀ ਕਵਿਤਾ ਦੀ ਮੁਖਧਾਰਾ ਨਾਲ ਜੁੜੇ ਹੋਏ ਹੋ?
-ਬਿਲਿੰਗ ਜੀ,ਮੇਰੀਆਂ ਸਾਰੀਆਂ ਰਚਨਾਵਾਂ ਮੁਖ ਧਾਰਾ ਦੇ ਪਰਚਿਆਂ ਵਿਚ ਹੀ ਛਪਦੀਆਂ ਹਨ।ਨਾਗਮਣੀ ਤੇ ਲੋਅ ਵਿਚ ਛਪਿਆ ਹਾਂ।ਸਿਰਜਣਾ,ਅੱਖਰ,ਜਨਸਾਹਿਤ ਨਾਲ ਹੁਣ ਵੀ ਜੁੜਿਆ ਹੋਇਆ ਹਾਂ।ਮੁੱਖਧਾਰਾ ਦੀ ਕਸਵੱਟੀ ਉਤੇ ਲਗ ਕੇ ਹੀ ਕਵਿਤਾ ਦੀਅਸਲੀ ਨਿਰਖ ਪਰਖ ਹੋ ਸਕਦੀ ਹੈ।
?ਨਿਖੰਭੜੇ ਵਿਚ ਨਿਰਾਸ਼ਾ ਹੈ,ਵਿਛੋੜਾ ਹੈ,ਰੋਮਾਂਸ ਹੈ ਪਰ ਰੌਚਕਤਾ ਵੀ ਹੈ ਜਿਹੜੀ ਥੋਡੀ ਅਗਲੀ ਕਵਿਤਾ ਵਿਚੋਂ ਗ਼ਾਇਬ ਹੈ । ਕਾਰਨ ਦੱਸੋਗੇ ?
-ਅੱਗੇ ਤੁਰਨ ਲਈ ਭਾਵ ਪ੍ਰਧਾਨ ਕਵਿਤਾ ਲਿਖਣੀ ਜ਼ਰੂਰੀ ਸੀ।ਹੁਣ ਸਦਾ ਲਈ ਕਵੀਸ਼ਰੀ ਕਰ ਕੇ ਨਵੀਨ ਕਵੀ ਨ੍ਹੀਂ ਬਣਿਆ ਜਾ ਸਕਦਾ।
?ਸਹਿਮਤ ਹਾਂ। ਪਰ ਕੀ ਨਵੀਨਤਾ ਦੀ ਕੀਮਤ ਉੱਤੇ ਰੌਚਕਤਾ ਨੂੰ ਤਿਆਗਣਾ ਵਾਜਬ ਹੈ ?
-ਰਿਦਮ ਦਾ ਹੋਣਾ ਤਾਂ ਜ਼ਰੂਰੀ ਹੈ।
?ਨਿਖੰਭੜੇ ਦੀਆਂ ਟਿੰਡਾਂ,ਖੂਹਾਂ,ਰੋਹੀਆਂ,ਟੂਣਿਆਂ,ਚਰਖਿਆਂ ਤੋਂ ਤੁਸੀਂ ਗਰਭਵਤੀ ਸਿੱਪੀ,ਗਵਾਚੀ ਪਤੰਗ,ਸਮੁੰਦਰਾਂ,ਮਲਾਹਾਂ,ਕਿਸ਼ਤੀਆਂ ਦੀਆਂ ਬਾਤਾਂ ਪਾਉਣ ਲਗ ਪਏ।ਸਵਾਲੀਆ ਨਿਸ਼ਾਨ ਦੇ ਸੰਦਰਭ ਵਿਚ ਦੱਸੋਗੇ ?
-ਦੂਸਰੇ ਦੇਸ ਦੀ ਆਬੋਹਵਾ,ਆਲੇਦੁਆਲੇ ਕਰਕੇ ਇਹ ਜ਼ਰੂਰੀ ਸੀ, ਬਿਲਿੰਗ ਜੀ।ਪਹਿਲੀ ਪੀਹੜੀ ਦੇ ਲੋਕ ਸਭ ਕੁਝ ਪੰਜਾਬ ਦਾ ਚੁੱਕੀਂ ਫਿਰਦੇ ਸਨ ਪਰ ਨਵੀਂ ਪੀ੍ਹੜੀ ਦਾ ਮਨੋਵਿਗਿਆਨ ਆਲਾ ਦੁਆਲਾ ਵਖਰਾ ਸੀ ਜੋ ਮੇਰੇ ਅੰਦਰ ਰਚਣ ਲਗ ਪਿਆ।
?ਮੁੱਖ ਧਾਰਾ ਦੇ ਕਿੰਨੇ ਕੁ ਕਵੀਆਂ ਨੂੰ ਪੜ੍ਹਿਆ ਹੈ।ਕੋਈ ਗਿਲਾ ਹੋਵੇ ?
-ਮੈਂ ਭਾਰਤੀ ਪੰਜਾਬ ਦੀ ਕਵਿਤਾ ਨੂੰ ਹੀ ਮੁੱਖ ਧਾਰਾ ਮੰਨਦਾ ਹਾਂ। ਸ਼ੇਖ ਫ਼ਰੀਦ ਤੋਂ ਲੈਕੇ ਅਜੋਕੇ ਕਵੀਆਂ ਨੂੰ ਪੜ੍ਹਦਾ ਹਾਂ।ਪਰ ਉਸ ਵਿਚ ਵੀ ਬਹੁਤ ਬੇਹੂਦਾ ਲਿਖਿਆ ਜਾ ਰਿਹਾ ਹੈ।ਵੀਹ ਸ਼ਾਇਰ ਇਕੋ ਨਜ਼ਮ ਲਿਖ ਰਹੇ ਪ੍ਰਤੀਤ ਹੁੰਦੇ ਹਨ।
?ਮੁੱਖ ਧਾਰਾ ਦੀ ਕਵਿਤਾ ਅਤੇ ਪਰਵਾਸ ਦੀ ਸ਼ਾਇਰੀ ਵਿਚ ਕੀ ਅੰਤਰ ਹੈ ?
-ਭਾਰਤ ਤੋਂ ਬਾਹਰ ਲਿਖੀ ਜਾ ਰਹੀ ਕਵਿਤਾ ਦਾ ਕੈਨਵਸ ਮੁੱਖਧਾਰਾ ਦੀ ਕਵਿਤਾ ਨਾਲੋਂ ਕਿਤੇ ਵਸੀਹ ਹੈ।ਬਾਹਰਲੇ ਕਵੀਆਂ ਦੇ ਵਿਲੱਖਣ ਅਨੁਭਵ ਹਨ ।ਨਵੀਆਂ ਸੰਭਾਵਨਾਵਾਂ ਹੋਣ ਕਰਕੇ ਬਾਹਰਲਿਆਂ ਦਾ ਪੱਲੜਾ ਭਾਰੀ ਹੈ।ਨਿਰਪੱਖ ਪਰਖ ਜ਼ਰੂਰੀ ਹੈ।
?ਸੰਸਾਰ ਭਰ ਵਿਚ ਵੱਸੇ ਅਜਿਹੇ ਵਿਲੱਖਣ ਅਨੁਭਵ ਵਾਲੇ ਸ਼ਾਇਰਾਂ ਦੇ ਨਾਂ ਨਹੀਂ ਲਉਗੇ ?
-ਕਿਉਂ ਨਹੀਂ ਜੀ।ਰਵਿੰਦਰ ਰਵੀ,ਚਰਨ ਸਿੰਘ ,ਸੁਖਿੰਦਰ,ਇਕਬਾਲ ਰਾਮੂਵਾਲੀਆ ਕੈਨੇਡਾ-ਡਾ ਗੁਰੂਮੇਲ,ਸੁਖਵਿੰਦਰ ਕੰਬੋਜ,ਰਵਿੰਦਰ ਸਹਿਰਾਅ,ਸੁਰਜੀਤ ਸਖੀ ਅਮਰੀਕਾ-ਅਵਤਾਰ ਜੰਡਿਆਲਵੀ,ਜਗਤਾਰ ਢਾਹ,ਰਾਜਿੰਦਰਜੀਤ ਇੰਗਲੈਂਡ-ਅਤੇ ਦੇਵ ਸਵਿਟਜ਼ਰਲੈਂਡ।
?ਲੱਕੜ ਦੇ ਘੋੜੇ ਦੀਆਂ ਕਵਿਤਾਵਾਂ ਥੋਨੂੰ ਨਿਰਾਸ਼ਾਵਾਦੀ ਨਹੀਂ ਲਗਦੀਆਂ ?
-ਅਸੀਂ ਸਰਕਸ ਦੀ ਚੰਡੋਲ ਚ ਘੁੰਮਦੇ/ ਲੱਕੜ ਦੇ ਘੋੜੇ ਹਾਂ
ਉਹ ਜੋ ਲੜ ਰਿਹਾ ਹੈ/ਉਡਦੇ ਪੰਛੀਆਂ ਦੇ ਪ੍ਰਛਾਵੇਂ ਨੇ
ਜੋ ਉਹ ਫੜ ਰਿਹਾ ਹੈ
ਇਹ ਅਸਲੀਅਤ ਹੈ ,ਬਿਲਿੰਗ ਜੀ-ਮਨੁੱਖ ਦੀ ਅਸਲੀ ਮਾਨਸਿਕ ਸਥਿਤੀ ਦਾ ਵਰਨਣ!ਜੇ ਉਹ ਉਦਾਸ ਹੈ ,ਤੁਸੀਂ ਆਸ਼ਾਵਾਦੀ ਨਜ਼ਮ ਲਿਖ ਕੇ ਖਾਹਮਖਾਹ ਆਸ਼ਾਵਾਦ ਦਾ ਲੇਪ ਕਿਵੇਂ ਚੜ੍ਹਾ ਸਕਦੇ ਹੋ।ਆਸ ਬਨ੍ਹਾਣੀ ਸ਼ਾਇਰ ਦਾ ਕੰਮ ਨਹੀਂ।ਉਸ ਨੇ ਇਸ਼ਾਰਾ ਮਾਤਰ ਉਸਨੂੰ ਆਗਾਹ ਕਰਨਾ ਹੈ।
?ਤੁਸੀਂ ਪੰਜਾਬੀ ਬ੍ਰਿਛ ਜੰਡ ਦੇ ਪ੍ਰਤੀਕ ਰਾਹੀਂ ਕਿਤੇ ਪੱਛਮੀ ਮਨੁੱਖਤਾ ਨੂੰ ਪੂਰਬ ਵਲੋਂ ਰੁੱਖਾਂ ਦੀ ਜੀਰਾਂਦ ਵਾਲਾ ਲੁਕਵਾਂ ਸੁਝਾਅ ਤਾਂ ਨਹੀਂ ਦੇ ਰਹੇ ?
-ਤੁਹਾਡੀ ਅਪਣੀ ਪੜ੍ਹਤ ਹੋ ਸਕਦੀ ਹੈ ਜੀ।ਜੰਡ ਬ੍ਰਿਛ ਜ਼ਰੂਰ ਸਾਡੇ ਭਾਰਤੀ ਕਲਚਰ ਵਿਚ ਸਬਰ,ਸਹਿਣਸ਼ੀਲਤਾ, ਹਮਦਰਦੀ ਰੱਖਣ ਅਤੇ ਮਾੜੇ ਹਾਲਾਤ ਵਿਚ ਅਡੋਲ ਰਹਿਣ ਦਾ ਪ੍ਰਤੀਕ ਹੈ।
?ਜ਼ਿੰਦਗੀ ਕਿਧਰੇ ਕਾਲੀ ਸੱਪਣੀ ਹੈ ,ਕਿਧਰੇ ਸ਼ੂਕਦਾ ਦਰਿਆ!ਕੀ ਇੰਝ ਤੁਸੀਂ ਆਪਣੇ ਕਾਵਿ ਰਾਹੀਂ ਵਿਰੋਧਾਭਾਸ ਨਹੀਂ ਸਿਰਜ ਰਹੇ ?
-ਜ਼ਿੰਦਗੀ ਦੇ ਅਨੇਕ ਰੰਗ ਹਨ।ਅਨੇਕ ਸੂਤਰ ਹਨ ਜੋ ਸਾਡੇ ਮਾਨਸਿਕ ਤਾਲਿਆਂ ਨੂੰ ਖੋਹਲਦੇ ਹਨ।ਜ਼ਿੰਦਗੀ ਜੋ ਇਕ ਵਾਰ ਕਾਲੀ ਸੱਪਣੀ ਲਗਦੀ ਹੈ,ਉਹੀ ਸ਼ੂਕਦਾ ਦਰਿਆ ਹੈ।ਸਾਰਾ ਜੀਵਨ ਹੀ ਵਿਰੋਧਾਭਾਸ ਹੈ।ਦਿਨ ਰਾਤ,ਔਰਤ ਮਰਦ,ਨੈਗੇਟਿਵ ਪੌਜ਼ਿਟਿਵ।ਸੋ ਤੁਸੀਂ ਵੱਖਰੇ ਜ਼ਾਵੀਏ ਤੋਂ ਹਰੇਕ ਸਮੱਸਿਆ ਨੂੰ ਪਰਖ ਪੜਚੋਲ ਸਕੋ ।
?ਤੁਹਾਡੀ ਸਮੁੱਚੀ ਕਵਿਤਾ ਸ਼ਬਦਾਂ ਦੇ ਮੌਸਮ ਨੂੰ ਪੜ੍ਹਨ ਤੋਂ ਜਾਪਦਾ ਹੈ ਜਿਵੇਂ ਤੁਹਾਨੂੰ ਪਰਵਾਸ ਕਰਨ ਬਦਲੇ
ਗੁੱਝਾ ਪਛਤਾਵਾ ਜ਼ਰੂਰ ਹੈ ਤੇ ਥੋੜਾ ਉਦਰੇਵਾਂ ਵੀ?
-ਨਿੱਜੀ ਤੌਰ ਤੇ ਕੋਈ ਪਛਤਾਵਾ ਨਹੀਂ ਨਾਹੀ ਕੋਈ ਉਦਰੇਵਾਂ ਹੈ।ਤੁਸੀਂ ਇਸ ਨਜ਼ਮ ਨੂੰ ਮੁੜ ਵਿਚਾਰੋ;
ਦੂਰ ਦੁਰੇਡੀਂ ਵਸਦੇ ਪਰਦੇਸੀ /ਜੋ ਘਰਾਂ ਤੇ ਦਰਾਂ ਦੀ / ਸਲਾਮਤੀ ਲਈ ਗਏ /
ਸਦਾ ਲਈ ਘਰੋਂ ਬੇਘਰ ਹੋ ਗਏ/ ਉਹਨਾਂ ਦੀ ਜ਼ਿੰਦਗੀ ਦੀਆਂ/ ਸ਼ਾਮਾਂ/ਉਦਾਸ ਉਦਾਸ/
ਅਕਸਰ ਬੇਕਫ਼ਨ ਮੋਇਆ ਕਰਦੀਆਂ ਨੇ/ ਅੱਖਾਂ /ਰੇਤ ਦੇ ਹੰਝੂ ਰੋਇਆ ਕਰਦੀਆਂ ਨੇ /
ਏਹ ਅੱਜ ਦੇ ਰਾਮ /ਇਹ ਚੌਦਾਂ ਵਰਸ ਤਾਂ ਕੀ /
ਉਮਰਾਂ ਦਾ ਬਨਵਾਸ ਹੰਢਾਉਂਦੇ ਨੇ / - ਮੈਂ ਹਰ ਪਰਵਾਸੀ ਦੀ ਮਾਨਸਿਕ ਅਵਸਥਾ ਦੀ ਗੱਲ ਕੀਤੀ ਹੈ।ਪਰਵਾਸੀਆਂ ਦਾ ਪਰਵਾਸ ਤਾਂ ਉਮਰਾਂ ਜਿੱਡਾ ਹੈ।ਮੈਂ ਅਠਾਰਾਂ ਸਾਲਾਂ ਬਾਅਦ ਘਰ ਪਰਤਿਆ ਤਾਂ ਮੈਨੂੰ ਰਾਮ ਬਨਵਾਸ ਨੇ ਅਚੰਭੇ ਵਿਚ ਨਹੀਂ ਪਾਇਆ।ਅਚੰਭਾ ਹੈ ਉਹਨਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਜੋ ਪਰਤ ਹੀ ਨਹੀਂ ਸਕੇ।ਵਾਪਸ ਗਏ ਤਾਂ ਖੁੰਡੀਆਂ ਨਾਲ ਤੁਰ ਰਹੇ ਸਨ।ਇਹ ਕੌੜਾ ਤੇ ਇਕੋ ਇਕ ਨੰਗਾ ਸੱਚ ਹੈ।
?ਕੀ ਇਹਨਾਂ ਖ਼ੂਬਸੂਰਤ ਸਤਰਾਂ ਵਿਚ ਉਦਰੇਵਾਂ ਨਹੀਂ;
ਲਿਖਿਆ ਗੁਆਂਢੀਆਂ ਨੇ/ ਕੋਠਾ ਫਿੱਸ ਚੱਲਿਆ/ ਸੁੱਕੀ ਤ੍ਰਿਵੈਣੀ/ ਤੇਰੀ ਯਾਦ ਵਿਚ ਬੱਲਿਆ/
ਪਿਤਰਾਂ ਦਾ ਰਿਣ ਤਾਂ/ਚੁਕਾ ਜਾਹ ਕਦੇ ਝੱਲਿਆ/ ਅਸੀਂ/ ਸੁੱਤਿਆਂ ਘਰਾਂ ਨੂੰ ਛੱਡ/
ਟੁਰ ਆਏ ਸਾਝਰੇ/ ………ਡਿਗਦੇ ਘਰਾਂ ਨੂੰ /ਚੱਲੋ ! ਦੇ ਆਈਏ ਆਸਰੇ /
ਪਤਾ ਨਹੀਂ ਕੀ ਸੋਚਦੇ/ ਉਹ ਹੋਣਗੇ ਨਿਆਸਰੇ।?
ਇਹ ਇਕ ਸਥਿਤੀ ਨੂੰ ਬਿਆਨਿਆ ਗਿਆ ਸੀ,ਬਿਲਿੰਗ ਜੀ।
?ਸਮੇਂ ਦਾ ਰਾਵਣ ਕੌਣ ਹੈ?
-ਸਮੇਂ ਦਾ ਰਾਵਣ ਸਰਮਾਏਦਾਰੀ ਤੋਂ ਵੀ ਭੈੜਾ ਹੈ ਜੋ ਇਨਸਾਨ ਸਮੇਤ ਸਭ ਨੂੰ ਨਿਗਲ ਲੈਂਦਾ ਹੈ। ਕਾਲ ਚੱਕਰ ਆਖ ਲਵੋ।
?ਤੁਹਾਡੀ ਕਵਿਤਾ ਅਨੁਸਾਰ ਤੁਹਾਡੇ ਸਾਸ਼ਕ ਵੀ ਬੇਕਿਰਕ ਹਨ।ਕੁੱਤਿਆਂ ਵਾਂਗ ਵੱਢਦੇ ਹਨ।ਫੇਰ ਜਿਥੋਂ ਪਰਵਾਸੀ ਆਏ ਸਨ ,ਉਹਨਾਂ ਹਾਕਿਮਾਂ ਦਾ ਕੀ ਹਾਲ ?
-ਮੈਂ ਕਿਸੇ ਇਕ ਮੁਲਕ ਦੀ ਗੱਲ ਨਹੀਂ ਕਰ ਰਿਹਾ।ਇਹ ਨਜ਼ਮ ਨਾਵਾਂ,ਥਾਵਾਂ ਤੇ ਕਾਲ ਤੋਂ ਮੁਕਤ ਹੈ।ਕਿਤੇ ਵੀ ਘਟ ਸਕਦੀ ਹੈ,ਘਟਦੀ ਹੈ,ਘਟਦੀ ਰਹੇਗੀ।ਅਗਾਂਹਵਧੂ ਦੇਸਾਂ ਬਾਰੇ ਵੀ ਤੁਸੀਂ ਇਕ ਭਰਮ ਪਾਲ ਰੱਖਿਆ ਹੈ।ਫੇਰ ਏਨੇ ਵਿਦਰੋਹ ਕਿਉਂ ਉੱਠ ਰਹੇ ਨੇ।
?ਕੰਕਰ ਕੰਕਰ ਗ਼ੁਲਦਾਨ ਕਿਸ ਸਥਿਤੀ ਵਲ ਇਸ਼ਾਰਾ ਕਰ ਰਿਹਾ ਹੈ?
-ਜ਼ਿੰਦਗੀ ਜੋ ਗ਼ੁਲਦਾਨ ਹੋਣੀ ਚਾਹੀਦੀ ਹੈ,ਹਾਲਾਤ ਵੱਸ ਗ਼ੁਲਦਾਨ ਨਹੀਂ ਰਹੀ।ਖੁਸ਼ੀਆਂ ਖੁਸ਼ਬੋਆਂ ,ਰਿਸ਼ਤੇ ਨਾਤੇ ਸਭ ਬਿਖਰ ਗਏ ਹਨ।ਮਨੋਵਿਗਿਆਨ ਬਦਲਣ ਦੀ ਲੋੜ ਹੈ;
ਬਾਹਰੋਂ ਸੜ ਕੁਝ ਸਾਲਮ ਸਬੂਤਾ ਲਗਦਾ ਹੈ/
ਅੰਦਰੋ ਅੰਦਰੀ ਬੜਾ ਕੁਝ ਟੁਟਣ ਲਗ ਜਾਂਦਾ ਹੈ/
ਜਦ ਚੇਤਨਤਾ ਅਪਣੇ ਪਰ ਫੈਲਾਉਂਦੀ ਹੈ/
ਦਿਸਹੱਦਿਆਂ ਤੋਂ ਨਵੀਂ ਕਿਰਨ ਉਭਰ ਆਉਂਦੀ ਹੈ/
?ਅੰਨ੍ਹੀਆਂ ਹਨੇਰੀਆਂ ਵਿਚ ਉਡਦੇ ਪੰਛੀਆਂ ਦੀ ਕੋਈ ਦਿਸ਼ਾ ਨਹੀਂ ਹੁੰਦੀ ਕਿਹੜੀ ਉਮੀਦ ਹੈ ਜੋ ਸੰਘਰਸ਼ ਦਾ ਰਾਹ ਦਿਖਾਉਂਦੀ ਹੈ ?
_ ਉਡਦੇ ਰਹਿਣਾ ਹੈ ਧਰਮ ਪੰਖੇਰੂਆਂ ਦਾ/
ਬੇਸ਼ੱਕ ਲੱਗੀ ਹੋਵੇ ਅੱਗ ਪਰਾਂ/
ਨਿਰੰਤਰ ਉਡਣ ਵਿਚ ਹੀ ਮੰਜ਼ਲ ਦਾ ਸੁਰਾਗ਼ ਹੈ।ਕਰਮਸ਼ੀਲ ਰਹਿਣਾ ਹੀ ਸੰਘਰਸ਼ ਹੈ।
?ਤੁਹਾਡਾ ਮਨ ਵਿਵੇਕੀ ਹੋ ਕੇ ਇਸ ਕਾਵਿ ਤੋਂ ਕੁਝ ਅਲੱਗ ਵੀ ਭਾਲਦਾ ਹੈ ?
-ਮੇਰੀ ਕਵਿਤਾ ਜਿਥੇ ਵਿਵੇਕੀ ਬਣਾਉਂਦੀ ਹੈ ਉਥੇ ਪਾਠਕ ਨੂੰ ਚੇਤਨਤਾ ਨਾਲ ਵੀ ਜੋੜਦੀ ਹੈ।ਅਵਚੇਤਨਾ ਤੋਂ ਚੇਤਨਾ,ਚੇਤਨਾ ਤੋਂ ਪਰਚੇਤਨਾ-ਏਹੀ ਮੇਰੀ ਲੋਚਾ ਤੇ ਭਾਲ ਹੈ ਕਿ ਪਾਠਕ ਅਪਣੇ ਮਸਤਕ ਵਿਚ ਲੋਅ ਮਹਿਸੂਸ ਕਰੇ।
?ਸਾਡੇ ਭਾਰਤੀ ਪੰਜਾਬ ਦੇ ਮੁਕਾਬਲੇ ਤੁਹਾਡਾ ਪਰਵਾਸੀ ਜੀਵਨ ਬਹੁਤ ਖੁਸ਼ਹਾਲ ਹੈ।ਪਰ ਫੇਰ ਵੀ ਕਦੇ ਭਗਤ ਧੰਨੇ ਵਾਂਗ ਹੋਰ ਦੁਨਿਆਵੀ ਲੋੜਾਂ ਪੂਰੀਆਂ ਕਰਨ ਦਾ ਸੰਕਲਪ ਮਨ ਵਿਚ ਹੈ? ਜਾਂ ਭਗਤ ਰਵਿਦਾਸ ਦੇ ਬੇਗਮਪੁਰੇ ਹਰ ਪੱਖੋਂ ਭਰਪੂਰਤਾ ਵਾਲਾ ਸੰਕਲਪ ਮਨ ਵਿਚ ਹੋਵੇ?
-ਮੈਂ ਕੰਕਰ ਦੀ ਨਹੀਂ ,ਸਮੁੱਚੇ ਅਰਥਚਾਰੇ ਦੀ ਗ਼ੁਲਦਾਨ ਦੀ ਗੱਲ ਕਰਦਾ ਹਾਂ।ਆਰਥਿਕਤਾ ਜੀਵਨ ਦੀ ਰੀੜ ਦੀ ਹੱਡੀ ਹੈ।ਇਸ ਬਗੈਰ ਸਭ ਅਸੰਭਵ ਹੈ।ਪਰ ਭਰਪੂਰਤਾ ਵੀ ਆਲਸ ਹੈ।ਭਰਪੂਰ ਗਏ,ਬੈਠ ਗਏ,ਆਰਾਮਤਲਬ ਹੋ ਗਏ।ਇਹ ਵੀ ਜੀਵਨ ਨਹੀਂ ਹੈ,ਬਿਲਿੰਗ ਜੀ।
?ਮੇਰਾ ਮਤਲਬ ਹੈ ਕਿ ਤੁਸੀਂ ਕੋਈ ਵਿਸ਼ੇਸ਼ ਆਦਰਸ਼ ਤਾਂ ਨਹੀਂ ਸੁਝਾਉਣਾ ਚਾਹੁੰਦੇ ?
-ਨਹੀਂ ਜੀ। ਹਰ ਆਦਮੀ ਅੰਦਰੋਂ ਉੱਚਾ ਸੁੱਚਾ ਹੋਵੇ,ਚੇਤੰਨ ਹੋਵੇ।
?ਪਰ ਤੁਹਾਡੇ ਸ਼ਬਦਾਂ ਦੇ ਮੌਸਮ ਤੋਂ ਅਜਿਹਾ ਪ੍ਰਭਾਵ ਪੈਂਦਾ ਹੈ।ਕਿਸੇ ਚੰਨ ਦੀ ਕਾਤਰ ਵਰਗੀ ਸਵਰਗ ਭਾਲਦੀ ਕੁੜੀ ਨੂੰ ਪਰਵਾਸ ਦੀ ਧੁੰਦ ਨੇ ਕਿਵੇਂ ਨਿਗਲ ਲਿਆ ਹੈ ?
-ਕਿਉਂਕਿ ਪਰਵਾਸ ਇਕ ਛਲੇਡਾ ਹੈ,ਮਾਇਆ ਜਾਲ ਹੈ,ਮ੍ਰਿਗ ਤ੍ਰਿਸ਼ਨਾ ਹੈ।ਚੰਨ ਦੀ ਕਾਤਰ ਵਰਗੀ ਕੁੜੀ ਜੋ ਸਵਰਗ ਦਾ ਸੁਪਨਾ ਲੈਂਦੀ ਹੈ,ਸਭ ਭਰਮ ਸਿੱਧ ਹੁੰਦਾ ਹੈ।ਮੇਰੇ ਮਨ ਨੂੰ ਕਿਸੇ ਯੂਟੋਪੀਏ ਦੀ ਝਾਕ ਨਹੀਂ।ਸਿਰਫ ਜਾਗ ਕੇ ਜ਼ਿਦੀ ਦੀ ਹਕੀਕਤ ਨੂੰ ਅਨੁਭਵ ਕਰਨਾ, ਉਸ ਨਾਲ ਦੋ ਚਾਰ ਹੋਣਾ,ਉਸ ਵਿਚੋਂ ਕੁਝ ਸਾਰਥਿਕ ਸੰਭਾਵਨਾਵਾਂ ਤਲਾਸ਼ਣੀਆਂ ਹੀ ਮੇਰੇ ਕਾਵਿ ਦਾ ਉਦੇਸ਼ ਹੈ।ਮੈਂ ਤੁਹਾਡੀ ਜਗਿਆਸਾ ਨੂੰ ਅੱਗੇ ਹੋ ਕੇ ਮਿਲ ਸਕਿਆਂ ਹਾਂ ਜਾਂ ਨਹੀਂ-ਇਹ ਮੈਂ ਤੁਹਾਡੀ ਤੇ ਪਾਠਕਾਂ ਦੀ ਪਰਖ ਉੱਤੇ ਹੀ ਛੱਡਦਾ ਹਾਂ ।
Jiwan jot Kaur
Sahi kiha bahrle mulkan bare kafi bhulekha he