ਸਵਾਲ: ਥੀਏਟਰ ਤੋਂ ਡਾਕੂਮੈਂਟਰੀ ਫਿਲਮਾਂ ਵੱਲ ਕਿਉਂ ਆਏ। ਕੀ ਇਸ ਤਰ੍ਹਾਂ ਲੱਗਿਆ ਸੀ ਕਿ ਤੁਸੀਂ ਇਸ ਵਿਧਾ ਰਾਹੀਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕਦੇ ਹੋ?ਜਵਾਬ: ਪਤਾ ਨਹੀਂ। ਥੀਏਟਰ ਵਿੱਚ ਮੈਂ ਡਾਇਰੈਕਟਰ ਦੇ ਤੌਰ 'ਤੇ ਥੋੜ੍ਹਾ ਜਿਹਾ ਠੀਕ ਸੀ ਪਰ ਮੈਂ ਇਕ ਚੰਗਾ ਐਕਟਰ ਨਹੀਂ ਸੀ। ਕੁੱਝ ਰੋਲ ਮੈਂ ਚੰਗੇ ਕਰ ਲੈਂਦਾ ਸੀ, ਪਰ ਮੈਂ ਕੋਈ ਏਡਾ ਚੰਗਾ ਐਕਟਰ ਨਹੀਂ ਸੀ। ਕਦੇ ਕਦੇ ਤੁਹਾਡੇ ਅੰਦਰ ਕੋਈ ਅੰਤਰ ਪ੍ਰੇਰਨਾ ਹੁੰਦੀ ਹੈ ਜਿਸ ਕਰਕੇ ਤੁਹਾਨੂੰ ਲਗਦਾ ਹੈ ਕਿ ਬਸ ਮੇਰੇ ਲਈ ਇਹ ਹੀ ਚੀਜ਼ ਹੈ, ਇਸ ਤੋਂ ਵੱਧ ਮੈਨੂੰ ਉਤਸ਼ਾਹਿਤ ਕਰਨ ਵਾਲੀ ਕੋਈ ਹੋਰ ਚੀਜ਼ ਨਹੀਂ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਕਾਲਜ ਵਿੱਚ ਸੀ ਤਾਂ ਉਸ ਸਮੇਂ ਗੁਜਰਾਤ ਵਾਪਰਿਆ ਸੀ। ਸੰਨ 2002 ਵਿੱਚ ਗੁਜਰਾਤ ਵਿੱਚ ਬਹੁਤ ਵੱਡਾ ਮਨੁੱਖੀ ਕਤਲੇਆਮ ਹੋਇਆ ਸੀ ਅਤੇ ਉਸ ਬਾਰੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਗਈਆਂ ਸਨ। ਕਾਲਜ ਵਿੱਚ ਹੁੰਦਿਆਂ ਮੈਂ ਪਹਿਲੀ ਵਾਰ ਆਨੰਦ ਪਟਵਰਧਨ ਦੀ ਫਿਲਮ ਰਾਮ ਕੇ ਨਾਮ ਦੇਖੀ। ਅਸੀਂ ਗੁਜਰਾਤ ਬਾਰੇ ਫਿਲਮਾਂ ਦੇਖੀਆਂ। ਅਸੀਂ ਕਈ ਹੋਰ ਡਾਕੂਮੈਂਟਰੀ ਫਿਲਮਾਂ ਵੀ ਦੇਖੀਆਂ। ਅਸੀਂ ਖੱਬੇ ਪੱਖੀ ਵਿਦਿਆਰਥੀ ਕਾਰਕੁੰਨ ਸੀ। ਮੈਂ ਐੱਸ ਐੱਫ ਆਈ ਵਿੱਚ ਹੁੰਦਾ ਸੀ। ਆਪਣੀਆਂ ਗਤੀਵਿਧੀਆਂ ਦੇ ਹਿੱਸੇ ਵੱਜੋਂ ਅਸੀਂ ਬਹੁਤ ਸਾਰੀਆਂ ਡਾਕੂਮੈਂਟਰੀ ਫਿਲਮਾਂ ਦਿਖਾਇਆ ਕਰਦੇ ਸੀ। ਡਾਕੂਮੈਂਟਰੀ ਫਿਲਮਾਂ ਨੇ ਸਾਨੂੰ ਅਸਲ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ । ਅਸੀਂ ਇਹਨਾਂ ਦੀ ਸ਼ਕਤੀ ਨੂੰ ਵੀ ਮਹਿਸੂਸ ਕੀਤਾ, ਘੱਟੋ ਘੱਟ ਮੈਂ ਜ਼ਰੂਰ ਇਸ ਨੂੰ ਮਹਿਸੂਸ ਕੀਤਾ ਸੀ। ਮੈਂ ਇਹਨਾਂ ਤੋਂ ਬਹੁਤ ਜ਼ਿਆਦਾ ਪ੍ਰੇਰਤ ਵੀ ਹੋਇਆ ਸੀ। ਇਸ ਲਈ ਮੈਂ ਮਹਿਸੂਸ ਕੀਤਾ ਹੈ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ, ਜ਼ਰੂਰ ਹੀ ਕਰਨਾ ਚਾਹੀਦਾ ਹੈ।
ਗੱਲ ਬਹੁਤ ਸਾਰੇ ਲੋਕਾਂ ਤੱਕ ਪਹੁੰਚਣ ਦੀ ਨਹੀਂ ਸੀ। ਜੇ ਗੱਲ ਜ਼ਿਆਦਾ ਲੋਕਾਂ ਤੱਕ ਪਹੁੰਚਣ ਦੀ ਹੁੰਦੀ ਤਾਂ ਅੱਜਕੱਲ੍ਹ ਹਿੰਦੁਸਤਾਨ ਵਿੱਚ ਫੀਚਰ ਫਿਲਮਾਂ ਬਹੁਤ ਜ਼ਿਆਦਾ ਲੋਕਾਂ ਤੱਕ ਪਹੁੰਚਦੀਆਂ ਹਨ। ਮੇਰਾ ਮਨ ਸਿਰਫ ਡਾਕੂਮੈਂਟਰੀ ਫਿਲਮਾਂ ਬਣਾਉਣ ਨੂੰ ਕਰਦਾ ਸੀ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਪਸੰਦ ਸਨ, ਜਿਹੜੀਆਂ ਸਾਰੀਆਂ ਡਾਕੂਮੈਂਟਰੀ ਫਿਲਮਾਂ ਵਿੱਚ ਮੌਜੂਦ ਸਨ। ਇਸ ਵਿੱਚ ਇਕ ਤਰ੍ਹਾਂ ਨਾਲ ਸਭਿਆਚਾਰ ਪ੍ਰਗਟਾਵੇ ਦੇ ਸਿਆਸੀ ਰੂਪਾਂ ਦਾ ਜੋਸ਼ ਸੀ। ਮੈਂ ਵੀ ਇਸ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ। ਇਸ ਦੇ ਨਾਲ ਹੀ ਮੈਨੂੰ ਸਫਰ ਕਰਨ ਦਾ ਸ਼ੌਕ ਸੀ, ਨਵੇਂ ਸਭਿਆਚਾਰਾਂ ਅਤੇ ਲੋਕਾਂ ਨੂੰ ਜਾਣਨ ਦਾ ਸ਼ੌਕ ਸੀ ਅਤੇ ਇਸ ਦੇ ਨਾਲ ਹੀ ਮੈਨੂੰ ਫਿਲਮਾਂ ਪਸੰਦ ਸਨ। ਮੇਰਾ ਖਿਆਲ ਹੈ ਕਿ ਮੇਰੀਆਂ ਸਾਰੀਆਂ ਪਸੰਦਾਂ ਡਾਕੂਮੈਂਟਰੀ ਫਿਲਮਾਂ ਵਿੱਚ ਇਕੱਠੀਆਂ ਹੋ ਗਈਆਂ ਸਨ। ਮੇਰਾ ਖਿਆਲ ਹੈ ਕਿ ਡਾਕੂਮੈਂਟਰੀ ਫਿਲਮਾਂ ਦਾ ਤੀਬਰ ਬਿਰਤਾਂਤ ਇਕ ਅਜਿਹੀ ਚੀਜ਼ ਸੀ ਜਿਹੜੀ ਮੈਨੂੰ ਬਹੁਤ ਚੰਗੀ ਲਗਦੀ ਸੀ। ਤੁਸੀਂ ਇਸ ਦੀ ਸਕਰਿਪਟ ਤਾਂ ਲਿਖਦੇ ਹੋ, ਪਰ ਤੁਹਾਡੀ ਸਕਰਿਪਟ ਦਾ ਬਹੁਤ ਸਾਰਾ ਹਿੱਸਾ ਇਸ ਗੱਲ ਨਾਲ ਘੜਿਆ ਜਾਂਦਾ ਹੈ ਕਿ ਤੁਹਾਡੇ ਆਲੇ-ਦੁਆਲੇ ਕੀ ਵਾਪਰਦਾ ਹੈ, ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਮਿਲਦੇ ਹਨ। ਇਸ ਦਾ ਬਹੁਤ ਹੀ ਦਿਲਚਸਪ ਕਿਸਮ ਦਾ ਬਿਰਤਾਂਤ ਹੁੰਦਾ ਹੈ। ਇਹ ਕਹਾਣੀ ਦੱਸਣ ਦਾ ਬਹੁਤ ਹੀ ਦਿਲਚਸਪ ਢੰਗ ਹੈ। ਬੇਸ਼ੱਕ ਇਕ ਫਿਲਮਸਾਜ਼ ਵੱਜੋਂ ਤੁਸੀਂ ਫੈਸਲਾ ਕਰਦੇ ਹੋ ਕਿ ਤੁਸੀਂ ਕਹਾਣੀ ਕਿਸ ਤਰ੍ਹਾਂ ਦੱਸਣੀ ਹੈ, ਪਰ ਬਹੁਤ ਹੱਦ ਤੱਕ ਇਸ ਦਾ ਫੈਸਲਾ ਇਸ ਗੱਲ ਨਾਲ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹੋ, ਤੁਸੀਂ ਕਿਹੜੀਆਂ ਥਾਂਵਾਂ 'ਤੇ ਜਾਂਦੇ ਹੋ। ਇਸ ਤਰ੍ਹਾਂ ਇਹ ਕਲਾ ਦਾ ਇਕ ਸਮੂਹਿਕ ਰੂਪ ਹੈ, ਸਿਰਫ ਫਿਲਮ ਬਣਾਉਣ ਵਿੱਚ ਹੀ ਨਹੀਂ ਸਗੋਂ ਵਿਸ਼ਾ-ਵਸਤੂ ਵਿੱਚ ਵੀ। ਡਾਕੂਮੈਂਟਰੀ ਦੀ ਵਿਧਾ ਬਾਰੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ।
ਸਵਾਲ: ਤੁਸੀਂ ਆਨੰਦ ਪਟਵਰਧਨ ਦਾ ਨਾਂ ਲਿਆ ਹੈ, ਹਿੰਦੁਸਤਾਨ ਦੇ ਜਾਂ ਬਾਹਰ ਦੇ ਹੋਰ ਵੀ ਕੋਈ ਡਾਕੂਮੈਂਟਰੀ ਫਿਲਮਸਾਜ਼ ਸਨ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੋਵੇ ਜਾਂ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਤ ਕੀਤਾ ਹੋਵੇ ਜਾਂ ਜਿਨ੍ਹਾਂ ਦਾ ਤੁਸੀਂ ਅਸਰ ਕਬੂਲ ਕੀਤਾ ਹੋਵੇ?
ਜਵਾਬ: ਬਹੁਤ ਸਾਰੇ ਲੋਕ ਹਨ। ਆਨੰਦ ਪਟਵਰਧਨ ਦੀਆਂ ਫਿਲਮਾਂ ਤਾਂ ਸਨ ਹੀ। ਰਾਹੁਲ ਰਾਏ ਦੀਆਂ ਕੁੱਝ ਫਿਲਮਾਂ, ਕਾਲਜ ਵਿੱਚ ਉਨ੍ਹਾਂ ਦੀ ਇਕ ਅੱਧੀ ਫਿਲਮ ਹੀ ਦੇਖੀ ਸੀ। ਗੁਜਰਾਤ ਨਾਲ ਸੰਬੰਧਤ ਗੋਪਾਲ ਮੈਨਨ ਦੀ ਫਿਲਮ ਆਈ ਸੀ ਹੇ ਰਾਮ। ਉਹ ਬਹੁਤ ਹੀ ਸ਼ਕਤੀਸ਼ਾਲੀ ਫਿਲਮ ਸੀ। ਗੁਜਰਾਤ ਦੀ ਹਿੰਸਾ ਦਾ ਜਿੰਨਾ ਵੱਡਾ ਪੱਧਰ ਸੀ, ਉਸ ਦੀ ਉਦੋਂ ਤੱਕ ਏਨੀ ਸਮਝ ਨਹੀਂ ਸੀ, ਜਦੋਂ ਤੱਕ ਅਸੀਂ ਹੇ ਰਾਮ ਨਹੀਂ ਦੇਖੀ ਸੀ। ਉਸ ਵੀਹ ਪੱਚੀ ਮਿੰਟ ਦੀ ਫਿਲਮ ਨੇ ਗੁਜਰਾਤ ਦੀ ਜੋ ਭਿਆਨਕਤਾ ਸੀ, ਉਹ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤੀ ਸਾਹਮਣੇ। ਉਸ ਤੋਂ ਬਾਅਦ ਰਾਕੇਸ਼ ਸਰਮਾ ਦੀ ਗੁਜਰਾਤ 'ਤੇ ਬਣੀ ਫਿਲਮ ਫਾਈਨਲ ਸੋਲੂਸ਼ਨ ਦੇਖੀ। ਸੰਜੇ ਕਾਕ ਦੀਆਂ ਫਿਲਮਾਂ ਦੇਖੀਆਂ। ਉਸ ਸਮੇਂ ਨਰਮਦਾ 'ਤੇ ਬਣੀ ਉਸ ਦੀ ਫਿਲਮ ਵਰਡਜ਼ ਆਨ ਵਾਟਰ ਆਈ ਸੀ। ਬਾਅਦ ਵਿੱਚ ਉਸ ਦੀ ਕਸ਼ਮੀਰ 'ਤੇ ਬਣੀ ਫਿਲਮ ਆਈ ਸੀ ਜਸ਼ਨੇ ਅਜ਼ਾਦੀ। ਪ੍ਰਭਾਵਿਤ ਕਰਨ ਵਾਲੀਆਂ ਤਾਂ ਬਹੁਤ ਫਿਲਮਾਂ ਸਨ। ਨਿੱਜੀ ਤੌਰ 'ਤੇ ਮੈਂ ਉਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਬਣਾਉਣਾ ਚਾਹੁੰਦਾ ਸੀ, ਪਰ ਉਹ ਫਿਲਮਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਸਨ। ਅਮਰ ਕੰਵਰ ਦੀਆਂ ਕੁਝ ਫਿਲਮਾਂ ਸਨ। ਬਾਅਦ 'ਚ ਕੁਝ ਸਾਲ ਬਾਅਦ ਕਵਿਤਾ ਜੋਸ਼ੀ ਦੀ ਫਿਲਮ ਆਈ ਸੀ ਮਨੀਪੁਰ 'ਤੇ, ਟੇਲਜ਼ ਫਰੌਮ ਦੀ ਮਾਰਜਿਨ। ਉਨ੍ਹਾਂ ਦਿਨਾਂ 'ਚ ਅਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖ ਰਹੇ ਸੀ। ਵੱਖ ਵੱਖ ਫਿਲਮਸਾਜ਼ਾਂ ਦੀਆਂ। ਬਹੁਤ ਸਾਲਾਂ ਬਾਅਦ ਮੰਜ਼ੀਰਾ ਦੱਤਾ ਦੀ ਫਿਲਮ ਦੇਖੀ ਸੀ ਬਾਬੂ ਲਾਲ ਭੂਈਆ ਕੀ ਕੁਰਬਾਨੀ। ਮੰਜ਼ੀਰਾ ਦੱਤਾ ਦੀ ਹੁਣੇ ਜਿਹੀ ਹੀ ਮੌਤ ਹੋਈ ਹੈ। ਇਸ ਤਰ੍ਹਾਂ ਮੈਂ ਬਹੁਤ ਸਾਰੀਆਂ ਹੋਰ ਫਿਲਮਾਂ ਦੇ ਨਾਂ ਦੱਸ ਸਕਦਾ ਹਾਂ। ਵੱਖ ਵੱਖ ਤਰ੍ਹਾਂ ਦੇ ਪ੍ਰਭਾਵ ਸਨ। ਸਪਸ਼ਟ ਹੈ ਕਿ ਸਾਡੀ ਪੀੜੀ ਵਿੱਚ, ਸ਼ਾਇਦ ਇੱਕ-ਅੱਧੀ ਪੀੜੀ ਪਹਿਲਾਂ ਵੀ ਡਾਕੂਮੈਂਟਰੀ ਫਿਲਮਾਂ ਬਣਾਉਣ ਵਾਲੇ ਜ਼ਿਆਦਾਤਰ ਲੋਕ ਬਹੁਤ ਵੱਡੀ ਪੱਧਰ 'ਤੇ ਆਨੰਦ ਪਟਵਰਧਨ ਦੀਆਂ ਫਿਲਮਾਂ ਤੋਂ ਪ੍ਰਭਾਵਿਤ ਹੁੰਦੇ ਸਨ। ਬਹੁਤ ਸਾਰੇ ਲੋਕਾਂ ਲਈ ਉਸ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਸੀ। ਇਕ ਤਰ੍ਹਾਂ ਨਾਲ ਉਸ ਦੀਆਂ ਫਿਲਮਾਂ ਤੁਹਾਡੀ ਡਾਕੂਮੈਂਟਰੀ ਫਿਲਮਾਂ ਨਾਲ ਜਾਣ-ਪਛਾਣ ਕਰਾਉਂਦੀਆਂ ਸਨ। ਉਸ ਤੋਂ ਬਾਅਦ ਦੀਪਾ ਧਨਰਾਜ ਦੀਆਂ ਫਿਲਮਾਂ ਦੇਖੀਆਂ, ਸਬ੍ਹਾ ਦੀਵਾਨ ਦੀਆਂ ਫਿਲਮਾਂ ਦੇਖੀਆਂ। ਉਨ੍ਹਾਂ ਨੂੰ ਦੇਖ ਕੇ ਲਿੰਗ ਆਧਾਰਤ ਵਿਤਕਰੇ ਬਾਰੇ ਇਕ ਵੱਖਰੀ ਤਰ੍ਹਾਂ ਦੀ ਸਮਝ ਆਈ। ਸੋ ਸਥਾਨਕ ਤੌਰ 'ਤੇ ਹਿੰਦੁਸਤਾਨ ਵਿੱਚ ਇਹ ਸਾਰੇ ਫਿਲਮਸਾਜ਼ ਸਨ, ਜਿਨ੍ਹਾਂ ਨੇ ਸਾਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ ਸੀ।
ਸਵਾਲ: ਤੁਹਾਡੀ ਜਿਹੜੀ ਸਭ ਤੋਂ ਪਹਿਲੀ ਵੱਡੀ ਫਿਲਮ ਹੈ, ਉਹ ਤੁਸੀਂ ਅੰਮ੍ਰਿਤਸਰ ਨੇੜੇ ਦੇ ਸ਼ਹਿਰ ਛੇਹਰਟੇ ਬਾਰੇ ਬਣਾਈ ਹੈ, ਉੱਥੇ ਜਿਹੜੇ ਲੋਕ ਟੈਕਸਟਾਈਲ ਮਿੱਲਾਂ ਵਿੱਚ ਕੰਮ ਕਰਦੇ ਸੀ, ਉਨ੍ਹਾਂ ਬਾਰੇ। ਉਸ ਬਾਰੇ ਦੱਸੋ?
ਜਵਾਬ: ਉਸ ਫਿਲਮ ਦਾ ਨਾਂ ਸੀ, ਵਨਸ ਅਪਾਉਣ ਏ ਟਾਇਮ ਇਨ ਛੇਹਰਟਾ (ਛੇਹਰਟਾ ਵਿੱਚ ਇਕ ਸਮੇਂ ਦੀ ਗੱਲ)। ਅਸਲ ਵਿੱਚ ਇੱਥੇ ਡਾਕੂਮੈਂਟਰੀ ਫਿਲਮਸਾਜ਼ਾਂ ਦੀ ਗੱਲ ਹੋ ਰਹੀ ਹੈ, ਪਰ ਮੇਰਾ ਖਿਆਲ ਹੈ ਸਿਆਸੀ ਤੌਰ 'ਤੇ ਅਵਚੇਤਨ ਜਾਂ ਚੇਤਨ ਰੂਪ ਵਿੱਚ ਜਿਸ ਸ਼ਖਸ ਦਾ ਮੇਰੇ 'ਤੇ ਇਕ ਵੱਡਾ ਪ੍ਰਭਾਵ ਰਿਹਾ ਹੈ, ਉਹ ਹੈ ਸਤਪਾਲ ਡਾਂਗ ਦਾ। ਉਹ ਮੇਰੇ ਨੇੜੇ ਦੇ ਰਿਸ਼ਤੇਦਾਰ ਸਨ, ਗਰੈਂਡ ਅੰਕਲ ਭਾਵ ਉਹ ਮੇਰੇ ਮਾਤਾ ਜੀ ਦੇ ਮਾਮਾ ਜੀ ਸਨ। ਮੇਰਾ ਖਿਆਲ ਹੈ ਕਿ ਉਸ ਸਮੇਂ ਮੈਂ ਸ਼ਾਇਦ 16 ਸਾਲਾਂ ਦਾ ਸੀ, ਜਦੋਂ ਮੈਂ ਪਹਿਲੀ ਵਾਰ ਅੰਮ੍ਰਿਤਸਰ ਗਿਆ ਸੀ। ਉਸ ਵੇਲੇ ਮੈਂ ਉਨ੍ਹਾਂ ਨੂੰ ਮਿਲਿਆ, ਵਿਮਲਾ ਨਾਨੀ, ਵਿਮਲਾ ਡਾਂਗ ਤੇ ਉਨ੍ਹਾਂ ਨੂੰ। ਮੇਰੀ ਜ਼ਿੰਦਗੀ ਦੇ ਇਹ ਸਭ ਤੋਂ ਵੱਧ ਪ੍ਰੇਰਨਾਦਾਇਕ ਪਲ ਸਨ, ਜਦੋਂ ਮੈਂ ਪਹਿਲੀ ਵਾਰ ਅੰਮ੍ਰਿਤਸਰ ਗਿਆ ਸੀ। ਇਸ ਫੇਰੀ ਦੀ ਅਜੇ ਵੀ ਮੇਰੇ ਦਿਮਾਗ ਵਿੱਚ ਇਕ ਵੱਡੀ ਛਾਪ ਹੈ। ਇਸ ਨੂੰ ਮੈਂ ਉਸ ਸਮੇਂ ਮਹਿਸੂਸ ਨਹੀਂ ਕੀਤਾ, ਪਰ ਮੈਂ ਸਮਝਦਾ ਹਾਂ ਕਿ ਇਸ ਨੇ ਮੈਨੂੰ ਸਦਾ ਲਈ ਬਦਲ ਦਿੱਤਾ। ਸਾਡਾ ਪਰਿਵਾਰ ਥੋੜ੍ਹਾ ਜਿਹਾ ਖੱਬੇ ਪੱਖੀ ਸੋਚ ਵਾਲਾ ਪਰਿਵਾਰ ਸੀ, ਪਰ ਉਨ੍ਹਾਂ ਵਿਚਾਰਾਂ ਅਨੁਸਾਰ ਕਿਸ ਤਰ੍ਹਾਂ ਰਹਿਣਾ ਹੈ, ਇਸ ਗੱਲ ਬਾਰੇ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਪ੍ਰੇਰਿਤ ਹੋਇਆ। ਉਸ ਸਮੇਂ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ। ਪਰ ਹੁਣ ਜਦੋਂ ਸਾਲਾਂ ਬਾਅਦ ਮੈਂ ਪਿੱਛੇ ਮੁੜ ਕੇ ਆਪਣੀ ਜ਼ਿੰਦਗੀ ਨੂੰ ਦੇਖਦਾ ਹਾਂ, ਤਾਂ ਮੇਰਾ ਖਿਆਲ ਹੈ ਕਿ ਉਹ ਇਕ ਪਲ ਸੀ, ਜਿਸ ਨੇ ਮੇਰੀ ਜ਼ਿੰਦਗੀ ਨੂੰ ਦੁਬਾਰਾ ਪਰਿਭਾਸ਼ਤ ਕੀਤਾ ਸੀ। ਮੇਰਾ ਖਿਆਲ ਹੈ ਕਿ ਇਹ ਅਜੇ ਵੀ ਮੇਰੇ 'ਤੇ ਬਹੁਤ ਵੱਡਾ ਪ੍ਰਭਾਵ ਪਾਉਂਦਾ ਆ ਰਿਹਾ ਹੈ। ਇਸ ਲਈ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਸੀ, ਕਿ ਪਹਿਲੀ ਫਿਲਮ ਉਨ੍ਹਾਂ 'ਤੇ ਹੀ ਬਣਾਉਣੀ ਹੈ। ਸੰਨ 2006 ਵਿੱਚ ਮੈਂ ਪੂਨੇ ਦੇ ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਨੂੰ ਪਾਸ ਕਰ ਲਿਆ ਸੀ। ਤਾਂ ਮੈਂ ਸੋਚਿਆ ਕਿ ਮੈਂ ਉਨ੍ਹਾਂ 'ਤੇ ਹੀ ਫਿਲਮ ਬਣਾਵਾਂਗਾ। ਪਰ ਜੇ ਤੁਸੀਂ ਡਾਂਗਾਂ ਤੋਂ ਵਾਕਫ਼ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਵਿਚਾਰ ਸਨ, ਜਿਨ੍ਹਾਂ ਨੂੰ ਉਹ ਕਦੇ ਵੀ ਛੱਡ ਨਹੀਂ ਸਕੇ। ਉਨ੍ਹਾਂ ਨੇ ਕਿਹਾ ਕਿ ਤੂੰ ਸਾਡੇ ਬਾਰੇ ਫਿਲਮ ਕਿਉਂ ਬਣਾਉਣੀ ਹੈ, ਸਾਡਾ ਜੱਸ ਕਿਉਂ ਗਾਉਣਾ ਹੈ। ਉਨ੍ਹਾਂ ਨੂੰ ਸਮਝਾਉਣ ਲਈ ਥੋੜ੍ਹਾ ਜਿਹਾ ਸਮਾਂ ਲੱਗਾ। ਮੈਨੂੰ ਇਹ ਵੀ ਲਗਦਾ ਸੀ ਕਿ ਉਹ ਡਾਕੂਮੈਂਟਰੀ ਫਿਲਮ ਦੇ ਰੂਪ ਤੋਂ ਵਾਕਫ ਨਹੀਂ ਸਨ। ਮੈਂ ਕਿਹਾ ਕਿ ਮੈਂ ਤੁਹਾਡੇ ਬਾਰੇ ਫਿਲਮ ਬਣਾ ਰਿਹਾ ਹਾਂ ਕਿਉਂਕਿ ਇਹ ਲੋਕਾਂ ਨੂੰ ਪ੍ਰੇਰਨਾ ਦੇਵੇਗੀ। ਉਨ੍ਹਾਂ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਤੂੰ ਫਿਲਮ ਬਣਾਉਣੀ ਹੀ ਹੈ, ਤਾਂ ਇਹ ਫਿਲਮ ਲਹਿਰ ਬਾਰੇ ਹੋਣੀ ਚਾਹੀਦੀ ਹੈ, ਨਾ ਕਿ ਸਾਡੇ ਬਾਰੇ। ਜੇ ਸਾਡੀ ਜ਼ਿੰਦਗੀ ਵੀ ਦਿਖਾਉਣੀ ਹੈ ਤਾਂ ਇਹ ਲਹਿਰ ਦੇ ਸੰਦਰਭ ਵਿੱਚ ਹੀ ਦਿਖਾਈ ਜਾਣੀ ਚਾਹੀਦੀ ਹੈ। ਮੈਂ ਕਿਹਾ ਚਲੋ ਠੀਕ ਹੈ। ਪਰ ਇਸ ਗੱਲ ਬਾਰੇ ਉਹ ਬਹੁਤ ਸਪਸ਼ਟ ਸਨ। ਅਤੇ ਇਸ ਬਾਰੇ ਮੈਂ ਉਨ੍ਹਾਂ ਨਾਲ ਵਿਸ਼ਵਾਸਘਾਤ ਨਹੀਂ ਕਰਨਾ ਚਾਹੁੰਦਾ ਸੀ। ਉਸ ਸਮੇਂ ਉਹ ਸਰਗਰਮ ਸਿਆਸਤ ਤੋਂ ਰਿਟਾਇਰ ਹੋ ਚੁੱਕੇ ਸਨ। ਸਤਪਾਲ ਡਾਂਗ ਕਦੇ ਕਦੇ ਲਿਖਦੇ ਸਨ। ਪਰ ਨਾਨੀ ਬਹੁਤ ਨਹੀਂ ਲਿਖਦੀ ਸੀ। ਉਹ ਸਰਗਰਮ ਸਿਆਸਤ ਤੋਂ ਰਿਟਾਇਰ ਹੋ ਚੁੱਕੀ ਸੀ । ਪਰ ਫਿਰ ਵੀ ਉਹ ਕਦੇ ਕਦੇ ਪਾਰਟੀ ਦੇ ਕਾਮਰੇਡਾਂ ਨਾਲ ਗੱਲਬਾਤ ਕਰਨ ਚਲੇ ਜਾਂਦੀ ਸੀ, ਕਦੇ ਕਦੇ ਪਬਲਿਕ ਪ੍ਰੋਗਰਾਮਾਂ ਵਿੱਚ ਵੀ ਚਲੀ ਜਾਂਦੀ ਸੀ। ਨਾਨੀ ਚਲੀ ਜਾਂਦੀ ਸੀ ਪਰ ਨਾਨਾ ਜੀ ਬਿਲਕੁਲ ਨਹੀਂ ਜਾਂਦੇ ਸਨ।
ਅਸਲ ਵਿੱਚ ਉਹ ਫਿਲਮ ਕਾਫੀ ਮਹੱਤਵਪੂਰਨ ਹੈ। ਉਸ ਨੂੰ ਬਣਾਉਂਦਿਆਂ ਮੈਨੂੰ ਖੱਬੀ ਲਹਿਰ ਬਾਰੇ ਬਹੁਤ ਕੁੱਝ ਪਤਾ ਲੱਗਾ। 1980ਵਿਆਂ ਵਿੱਚ, 1990ਵਿਆਂ ਵਿੱਚ ਡਾਂਗ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਸਨ। ਕਾਮਰੇਡ ਡਾਂਗ ਕਮਿਊਨਿਸਟ ਪਾਰਟੀ ਦੇ ਬੁਨਿਆਦੀ ਢਾਂਚੇ 'ਤੇ ਸਵਾਲ ਉਠਾ ਰਹੇ ਸਨ, ਜਮਹੂਰੀ ਕੇਂਦਰੀਵਾਦ ਬਾਰੇ ਸਵਾਲ ਪੁੱਛ ਰਹੇ ਸਨ, ਕਮਿਊਨਿਸਟ ਪਾਰਟੀ ਨਾਲ ਸੰਬੰਧਤ ਬਹੁਤ ਸਾਰੀਆਂ ਚੀਜ਼ਾਂ ਉੱਪਰ ਸਵਾਲ ਕਰ ਰਹੇ ਸਨ। ਮੈਨੂੰ ਉਸ ਵਕਤ ਲਗਦਾ ਸੀ ਕਿ ਉਹ ਸੋਧਵਾਦੀ ਗੱਲਾਂ ਸਨ, ਪਰ ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਉਹ ਕੀ ਕਹਿ ਰਹੇ ਸਨ, ਅਤੇ ਹੁਣ ਮੈਨੂੰ ਉਹ ਗੱਲਾਂ ਕਾਫੀ ਕੀਮਤੀ ਲੱਗਦੀਆਂ ਹਨ। ਉਸ ਸਮੇਂ ਮੈਂ ਸਾਫ ਤੌਰ ਉਹਨਾਂ ਨਾਲ ਕਈ ਗੱਲਾਂ 'ਤੇ ਅਸਹਿਮਤ ਸੀ। ਫਿਰ ਵੀ ਉਨ੍ਹਾਂ ਦੀ ਜ਼ਿੰਦਗੀ ਤੁਹਾਨੂੰ ਪ੍ਰਭਾਵਿਤ ਕਰਦੀ ਸੀ। ਪਰ ਬਦਕਿਸਮਤੀ ਨਾਲ ਮੈਂ ਉਹ ਫਿਲਮ ਬਹੁਤ ਹੀ ਨਿਗੂਣੇ ਬੱਜਟ 'ਤੇ ਬਣਾ ਰਿਹਾ ਸੀ। ਜੋ ਫਿਲਮ ਮੈਂ ਪਲੈਨ ਕਰ ਕੇ ਗਿਆ ਸੀ, ਉਹ ਉਸ ਤਰ੍ਹਾਂ ਦੀ ਫਿਲਮ ਨਾਲ ਸਹਿਮਤ ਨਹੀਂ ਸਨ। ਕਿਸ ਤਰ੍ਹਾਂ ਦੀ ਫਿਲਮ ਬਣਨੀ ਚਾਹੀਦੀ ਹੈ, ਇਸ ਬਾਰੇ ਉਨ੍ਹਾਂ ਦੀ ਵੱਖਰੀ ਰਾਇ ਸੀ। ਮੈਂ ਉੱਥੇ ਆਪਣੇ “ਕਰਿਊ” ਨੂੰ ਨਾਲ ਲੈ ਕੇ ਗਿਆ ਸੀ। ਫਿਰ ਮੈਨੂੰ ਸਾਰੀ ਫਿਲਮ ਬਾਰੇ ਦੁਬਾਰਾ ਪਲੈਨ ਬਣਾਉਣੀ ਪਈ। ਪਰ ਸਾਡਾ ਬੱਜਟ ਬਹੁਤ ਥੋੜ੍ਹਾ ਸੀ, ਸਾਡੇ ਕੋਲ ਬਹੁਤ ਥੋੜ੍ਹੇ ਪੈਸੇ ਸਨ, ਸਾਡੇ ਕੋਲ ਸਭ ਕੁਝ ਹੀ ਬਹੁਤ ਥੋੜ੍ਹਾ ਸੀ। ਇਸ ਲਈ ਉਹ ਫਿਲਮ ਚੰਗੀ ਤਰ੍ਹਾਂ ਨਹੀਂ ਬਣੀ। ਇਹ ਕਾਫੀ ਲੰਮੀ ਹੈ ਪਰ ਫਿਰ ਵੀ ਇਹ ਕਾਫੀ ਮਹੱਤਵਪੂਰਨ ਫਿਲਮ ਹੈ।
ਵਨਸ ਅਪਾਉਨ ਇਨ ਟਾਇਮ ਇਨ ਛੇਹਰਟਾ, ਛੇਹਰਟੇ ਵਿੱਚ 50 ਸਾਲ ਤੋਂ ਵੱਧ ਸਮੇਂ ਦੇ ਮਜ਼ਦੂਰ ਜਮਾਤ ਦੇ ਇਤਿਹਾਸ ਦਾ ਖਾਕਾ ਖਿੱਚਣ ਦਾ ਯਤਨ ਕਰਦੀ ਹੈ। ਸੰਨ 1955 ਵਿੱਚ ਹੋਈ ਪਹਿਲੀ ਜਨਰਲ ਸਟਰਾਈਕ ਤੋਂ ਲੈ ਕੇ 2005-6 ਤੱਕ ਦੇ ਇਤਿਹਾਸ ਨੂੰ। ਇਹਨਾਂ ਸਮਿਆਂ ਦੌਰਾਨ ਇਹ ਸਾਰਾ ਸ਼ਹਿਰ ਕਿਵੇਂ ਬਦਲਿਆ ਹੈ। ਅਤੇ ਉਸ ਸਮੇਂ ਦੀ ਛੇਹਰਟਾ ਦੀ ਮਜ਼ਦੂਰ ਲਹਿਰ ਵਿੱਚ ਬਹੁਤ ਹੀ ਵਿਲੱਖਣ ਚੀਜ਼ਾਂ ਹੋ ਰਹੀਆਂ ਸਨ। ਅਕਸਰ ਹੀ ਖੱਬੇ ਪੱਖੀ ਟ੍ਰੇਡ ਯੂਨੀਅਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਕਿ ਉਹ ਆਰਥਿਕਵਾਦ ਤੋਂ ਅਗਾਂਹ ਨਹੀਂ ਜਾਂਦੀਆਂ। ਪਰ ਛੇਹਰਟਾ ਵਿੱਚ ਇਸ ਤਰ੍ਹਾਂ ਨਹੀਂ ਸੀ। ਸੀ ਪੀ ਆਈ ਦੀ ਔਰਤਾਂ ਦੀ ਜਥੇਬੰਦੀ ਇਸਤਰੀ ਸਭਾ ਇੱਥੇ ਸਰਗਰਮੀ ਨਾਲ ਕੰਮ ਕਰਦੀ ਸੀ। ਇਸ ਲਈ 1950ਵਿਆਂ ਦੇ ਅਖੀਰ 'ਤੇ, 1960ਵਿਆਂ ਦੇ ਸ਼ੁਰੂ ਵਿੱਚ ਛੇਹਰਟੇ ਵਿੱਚ ਟ੍ਰੇਡ ਯੂਨੀਅਨ ਲਹਿਰ ਦਾਜ ਦੀ ਸਮੱਸਿਆ 'ਤੇ ਕੰਮ ਕਰ ਰਹੀ ਸੀ, ਇੱਥੋਂ ਤੱਕ ਕਿ ਆਪਣੀ ਮਨਮਰਜ਼ੀ ਨਾਲ ਵਿਆਹ ਕਰਵਾਉਣ ਵਰਗੇ ਮਸਲਿਆਂ 'ਤੇ ਕੰਮ ਕਰ ਰਹੀ ਸੀ, ਬੇਸ਼ੱਕ ਬਹੁਤ ਵੱਡੀ ਪੱਧਰ 'ਤੇ ਨਹੀਂ, ਪਰ ਫਿਰ ਵੀ ਇਨ੍ਹਾਂ ਮਸਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਸੀ। ਔਰਤਾਂ ਦੀ ਪੜ੍ਹਾਈ ਬਾਰੇ ਗੱਲ ਕਰ ਰਹੀ ਸੀ। ਇਹ ਸਾਰੇ ਸਵਾਲ ਟ੍ਰੇਡ ਯੂਨੀਅਨ ਲਹਿਰ ਦਾ ਅਟੁੱਟ ਹਿੱਸਾ ਸਨ। ਇਸ ਤਰ੍ਹਾਂ ਫਿਲਮ 1955 ਅਤੇ ਫਿਰ 1965 ਵਿੱਚ ਹੋਈਆਂ ਹੜਤਾਲਾਂ ਅਤੇ ਉਸ ਤੋਂ ਬਾਅਦ ਦੀਆਂ ਮਹੱਤਵਪੂਰਨ ਹੜਤਾਲਾਂ ਜਿਹੜੀਆਂ ਮੁੱਖ ਤੌਰ 'ਤੇ ਛੇਹਰਟੇ ਵਿਖੇ ਹੋਈਆਂ ਨੂੰ ਦੇਖਦੀ ਹੈ। ਇਸ ਦੇ ਨਾਲ ਨਾਲ ਫਿਲਮ ਲਹਿਰ ਦੇ ਇਨ੍ਹਾਂ ਪੱਖਾਂ 'ਤੇ ਵੀ ਧਿਆਨ ਦਿੰਦੀ ਹੈ। ਇਹ ਬਹੁਤ ਹੀ ਦਿਲਚਸਪ ਪੱਖ ਹਨ। ਉਸ ਸਮੇਂ ਛੇਹਰਟੇ ਸ਼ਹਿਰ ਦੀਆਂ ਮਿਉਂਸਪਲ ਇਲੈਕਸ਼ਨਾਂ ਵਿੱਚ ਉਹ ਨੌਂ ਦੀਆਂ ਨੌਂ ਸੀਟਾਂ ਜਿੱਤੇ ਸਨ। ਇਹ 1955 ਦੀ ਗੱਲ ਹੈ ਜਦੋਂ ਪਹਿਲੀ ਜਨਰਲ ਹੜਤਾਲ ਹੋਈ ਸੀ। ਇਹ ਹੜਤਾਲ ਵਿੱਚ ਉਨ੍ਹਾਂ ਨੂੰ ਹਾਰ ਹੋਈ ਸੀ। ਪਰ ਉਸ ਤੋਂ ਬਾਅਦ ਜਿਹੜੀ ਮਿਉਂਸਪਲ ਇਲੈਕਸ਼ਨ ਹੋਈ ਸੀ, ਉਸ ਵਿੱਚ ਉਨ੍ਹਾਂ ਦੀ ਨੌਂ ਦੀਆਂ ਨੌਂ ਸੀਟਾਂ 'ਤੇ ਹੂੰਝਾ ਫੇਰੂ ਜਿੱਤ ਹੋਈ ਸੀ। ਉਹ ਇਹ ਇਲੈਕਸ਼ਨਾਂ ਸੀ ਪੀ ਆਈ ਦੇ ਨਾਂ 'ਤੇ ਨਹੀਂ ਲੜਦੇ ਸਨ, ਸਗੋਂ ਮਜ਼ਦੂਰ ਮੁਹਾਜ਼ ਦੇ ਨਾਂ ਹੇਠ ਲੜਦੇ ਸਨ। ਜ਼ਿਆਦਾ ਉਮੀਦਵਾਰ ਸੀ ਪੀ ਆਈ ਦੇ ਸਨ, ਪਰ ਕੁਝ ਹੋਰ ਅਜ਼ਾਦ ਉਮੀਦਵਾਰ ਵੀ ਸਨ, ਜਿਹੜੇ ਕਿ ਥੋੜ੍ਹੇ ਜਿਹ ਮਜ਼ਦੂਰ ਪੱਖੀ ਸਨ।
ਮਜ਼ਦੂਰ ਮੁਹਾਜ਼ ਦੇ ਵਿਕਾਸ ਦੀ ਨੀਤੀ ਅਧੀਨ ਉਨ੍ਹਾਂ ਨੇ ਛੇਹਰਟਾ ਵਿੱਚ ਸਭ ਤੋਂ ਗਰੀਬ ਇਲਾਕੇ ਦੀ ਪਛਾਣ ਕੀਤੀ। ਇਹ ਦਲਿਤਾਂ ਦਾ ਇਲਾਕਾ ਸੀ। ਇਸ ਨੂੰ ਨਾਨਕ ਨਗਰ ਜਾਂ ਸ਼ਾਇਦ ਨਾਨਕ ਪੁਰਾ ਕਹਿੰਦੇ ਸਨ, ਮੈਨੂੰ ਪੱਕਾ ਯਾਦ ਨਹੀਂ ਕਿ ਇਸ ਦਾ ਨਾਂ ਨਾਨਕ ਨਗਰ ਸੀ ਜਾਂ ਨਾਨਕ ਪੁਰਾ। ਉਸ ਇਲਾਕੇ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ। ਉਸ ਇਲਾਕੇ ਦੀਆਂ ਲੋੜਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਕਈ ਦਿਲਚਸਪ ਗੱਲਾਂ ਕੀਤੀਆਂ। ਮੇਰਾ ਖਿਆਲ ਹੈ ਕਿ ਖੱਬੇਪੱਖੀਆਂ ਨੂੰ ਉਸ ਤੋਂ ਕੁਝ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਛੇਹਰਟੇ ਵਿੱਚ ਇਕ ਲਾਇਬ੍ਰੇਰੀ ਸਥਾਪਤ ਕੀਤੀ। ਉੱਥੇ ਕੋਈ ਮਹਿਲਾ ਡਾਕਟਰ ਨਹੀਂ ਸੀ, ਬੱਚਿਆਂ ਦੇ ਜਨਮ ਲਈ ਜਾਂ ਔਰਤਾਂ ਨਾਲ ਸੰਬੰਧਤ ਸਿਹਤ ਦੇ ਹੋਰ ਮਸਲਿਆਂ ਲਈ। ਤਾਂ ਮਿਉਂਸਪੈਲਟੀ ਨੇ ਉੱਥੇ ਇਕ ਮਹਿਲਾ ਡਾਕਟਰ ਲਿਆਂਦੀ। ਉਹ ਇਸ ਤਰ੍ਹਾਂ ਦੇ ਮਸਲਿਆਂ 'ਤੇ ਕੰਮ ਕਰ ਰਹੇ ਸਨ। ਅੱਜਕੱਲ੍ਹ ਖੱਬੇ ਪੱਖੀ ਥੋੜ੍ਹਾ ਜਿਹਾ ਇਸ ਤਰ੍ਹਾਂ ਦੇ ਮਸਲਿਆਂ ਵੱਲ ਧਿਆਨ ਦੇ ਰਹੇ ਹਨ, ਪੰਜਾਹਵਿਆਂ ਵਿੱਚ ਅਜਿਹਾ ਕਰਨਾ ਇਕ ਵੱਖਰੀ ਗੱਲ ਸੀ। ਉਹਨਾਂ ਨੇ ਇਹਨਾਂ ਸਾਰੇ ਮਸਲਿਆਂ ਨੂੰ ਜਮਾਤੀ ਮਸਲਿਆਂ ਨਾਲ ਜੋੜ ਕੇ ਕੰਮ ਕੀਤਾ, ਜਿਹੜਾ ਕਿ ਬਹੁਤ ਦਿਲਚਸਪ ਹੈ। ਇਸ ਤਰ੍ਹਾਂ ਇਹ ਫਿਲਮ ਇਸ ਤਰ੍ਹਾ ਦੇ ਵੱਖ ਵੱਖ ਪੱਖਾਂ 'ਤੇ ਧਿਆਨ ਦਿੰਦੀ ਹੈ। ਕਈ ਚੀਜ਼ਾਂ ਮੈਂ ਤੁਹਾਨੂੰ ਵੱਖਰੇ ਤੌਰ 'ਤੇ ਦੱਸ ਰਿਹਾ ਹਾਂ, ਜਿਹੜੀਆਂ ਇਸ ਫਿਲਮ ਵਿੱਚ ਨਹੀਂ ਹਨ। ਇਸ ਲਈ 1955 ਤੋਂ ਲੈ ਕੇ 2005 ਤੱਕ, ਜਦੋਂ ਮਿੱਲਾਂ ਬੰਦ ਹੋ ਗਈਆਂ ਸਨ, ਸਭ ਕੁੱਝ ਬੰਦ ਹੋ ਗਿਆ ਸੀ, ਅਤੇ ਸ਼ਹਿਰ ਦੀ ਖ਼ਸਲਤ ਬਦਲ ਗਈ ਸੀ। ਮਜ਼ਦੂਰ ਜਮਾਤ ਕੰਮ ਦੀ ਭਾਲ ਵਿੱਚ ਇਸ ਇਲਾਕੇ ਨੂੰ ਛੱਡ ਕੇ ਚਲੇ ਗਈ ਸੀ, ਅਤੇ ਪਾਰਟੀ ਢਹਿ ਢੇਰੀ ਹੋ ਗਈ ਸੀ। ਮੇਰਾ ਖਿਆਲ ਹੈ ਕਿ ਸਤਪਾਲ ਡਾਂਗ ਪਹਿਲੀ ਵਾਰ ਸੰਨ 1967 ਵਿੱਚ ਐੱਮ ਐੱਲ ਏ ਬਣੇ ਸਨ, ਉਹ ਬੜੀ ਅਦਭੁੱਤ ਇਲੈਕਸ਼ਨ ਸੀ, ਜਿਸ ਬਾਰੇ ਅਸੀਂ ਗੱਲ ਕਰਦੇ ਹਾਂ। ਉਸ ਸਮੇਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਗੁਰਮੁੱਖ ਸਿੰਘ ਮੁਸਾਫਰ ਨੂੰ ਹਰਾਇਆ ਸੀ।
ਸਵਾਲ: ਉਸ ਸਮੇਂ ਮਿੱਲਾਂ ਤਾਂ ਬੰਦ ਹੋ ਚੁੱਕੀਆਂ ਸਨ, ਇਸ ਲਈ ਫਿਲਮ ਬਣਾਉਣ ਲਈ ਤੁਸੀਂ ਕਿਸ ਤਰ੍ਹਾਂ ਦੀ ਸਮੱਗਰੀ ਦੀ ਵਰਤੋਂ ਕੀਤੀ? ਕਿਹਨਾਂ ਲੋਕਾਂ ਨਾਲ ਇੰਟਰਵਿਊਆਂ ਕੀਤੀਆਂ? ਕੀ ਉਨ੍ਹਾਂ ਸਮਿਆਂ ਦੇ ਕੁਝ ਲੋਕ ਉੱਥੇ ਸਨ?
ਜਵਾਬ: ਹਾਂ ਜੀ, ਕੁਛ ਲੋਕ ਸਨ, ਉਨ੍ਹਾਂ ਦੇ ਬੱਚੇ ਸਨ, ਕੁਝ ਪੁਰਾਣੇ ਵਰਕਰ ਵੀ ਸਨ। ਜਿਹਨਾਂ ਵਿੱਚੋਂ ਕੋਈ ਰਿਕਸ਼ਾ ਚਲਾ ਰਿਹਾ ਸੀ, ਜਾਂ ਕੋਈ ਕੱਪੜੇ ਪ੍ਰੈੱਸ ਕਰਨ ਦੀ ਦੁਕਾਨ ਚਲਾ ਰਿਹਾ ਸੀ ਜਾਂ ਕਿਸੇ ਨੇ ਪਾਨ ਬੀੜੀ ਦੀ ਦੁਕਾਨ ਖੋਲ੍ਹ ਲਈ ਸੀ। ਕੁਝ ਵਰਕਰ ਇਸ ਤਰ੍ਹਾਂ ਦੇ ਵੀ ਸਨ, ਜਿਹਨਾਂ ਨੇ ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਤਰੱਕੀ ਕਰ ਲਈ ਸੀ। ਕੁਝ ਟ੍ਰੇਡ ਯੂਨੀਅਨ ਦੇ ਲੀਡਰ ਵੀ ਸਨ, ਕੁਝ ਲੋਕਾਂ ਦੇ ਬੱਚੇ ਸਨ। ਇਸ ਲਈ ਫਿਲਮ ਉਨ੍ਹਾਂ ਰਾਹੀਂ ਬੀਤੇ ਸਮੇਂ ਨੂੰ ਸਾਹਮਣੇ ਲਿਆਉਂਦੀ ਹੈ।
ਸਵਾਲ: ਮੇਰਾ ਖਿਆਲ ਹੈ ਕਿ ਇਹ ਇਕ ਬਹੁਤ ਮਹੱਤਵਪੂਰਨ ਫਿਲਮ ਹੈ। ਸਾਡੇ ਕੋਲ ਇਸ ਤਰ੍ਹਾਂ ਦੀ ਇਤਿਹਾਸਕ ਜਾਣਕਾਰੀ ਨਹੀਂ ਹੈ। ਅਸੀਂ ਉਹਨੂੰ ਸਾਂਭ ਨਹੀਂ ਸਕੇ। ਮੇਰਾ ਖਿਆਲ ਹੈ ਉਹਨੂੰ ਰਿਕਾਰਡ ਕਰਨਾ ਬਹੁਤ ਜ਼ਰੂਰੀ ਹੈ।
ਜਵਾਬ: ਇਹ ਕਾਫੀ ਮਹੱਤਵਪੂਰਨ ਹੈ। ਮੈਂ ਕੁਝ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਮੈਂ ਇਸ ਨੂੰ ਦੁਬਾਰਾ ਐਡਿਟ ਕਰ ਸਕਾਂ। ਇਸ ਫਿਲਮ ਦਾ ਬਾਹਰ ਆਉਣਾ ਜ਼ਰੂਰੀ ਹੈ। ਬੇਸ਼ੱਕ ਹੁਣ ਇਹ ਫਿਲਮ ਥੋੜ੍ਹੀ ਪੁਰਾਣੀ ਹੋ ਗਈ ਹੈ, ਅਤੇ ਭਾਵੇਂ ਕਿ ਇਸ ਨੂੰ ਬਹੁਤ ਦਿਖਾਇਆ ਨਹੀਂ ਜਾ ਸਕਿਆ, ਫਿਰ ਵੀ ਉਸ ਫਿਲਮ ਦਾ ਇਕ ਰਿਕਾਰਡ ਚਾਹੀਦਾ ਹੈ। ਇਹਨੂੰ ਆਰਕਾਈਵ ਵਿੱਚ ਹੋਣਾ ਚਾਹੀਦਾ ਹੈ। ਇਹ ਕਾਫੀ ਮਹੱਤਵਪੂਰਨ ਹੈ। ਜੇ ਮੈਂ ਇਸ ਸੰਬੰਧ ਵਿੱਚ ਕੁਝ ਪੈਸੇ ਇਕੱਠੇ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਹੋ ਸਕਦਾ ਹੈ ਕਿ ਮੈਂ ਇਸ ਨੂੰ ਦੁਬਾਰਾ ਐਡਿਟ ਕਰਾਂਗਾ।
ਸਵਾਲ: ਉਸ ਤੋਂ ਬਾਅਦ ਆਈ ਤੁਹਾਡੀ ਫਿਲਮ ਹੈ ‘ਇੱਜ਼ਤਨਗਰ ਕੀ ਅਸੱਭਿਆ ਬੇਟੀਆਂ’। ਇਸ ਬਾਰੇ ਕਾਫੀ ਚਰਚਾ ਹੋਈ ਹੈ। ਉਹ ਫਿਲਮ ਤੁਸੀਂ 2012 ਵਿੱਚ ਬਣਾਈ ਸੀ। ਤੁਸੀਂ ਉਹ ਫਿਲਮ ਬਣਾਉਣ ਬਾਰੇ ਕਿਉਂ ਸੋਚਿਆ? ਉਸ ਪਿੱਛੇ ਕਿਹੜੇ ਕਾਰਨ ਸਨ?ਜਵਾਬ: ਸੰਨ 2012 ਵਿੱਚ ਮੈਂ ਤੀਹ ਸਾਲ ਦਾ ਸੀ। ਮਤਲਬ ਕਿ ਜਦੋਂ ਫਿਲਮ ਬਣਾਉਣੀ ਸ਼ੁਰੂ ਕੀਤੀ ਉਦੋਂ ਮੈਂ 27-28 ਸਾਲ ਦਾ ਸੀ। ਉਸ ਵੇਲੇ ਕੁਝ ਮਾੜੀਆਂ ਖਬਰਾਂ ਆ ਰਹੀਆਂ ਸਨ ਕਿ ਇੱਜ਼ਤ ਦੇ ਨਾਂ 'ਤੇ ਕਤਲ ਹੋ ਰਹੇ ਹਨ, ਅਣਖ ਦੇ ਨਾਂ 'ਤੇ ਕਤਲ ਹੋ ਰਹੇ ਹਨ। ਅਸੀਂ ਦਿੱਲੀ ਵਿੱਚ ਰਹਿੰਦੇ ਹਾਂ ਅਤੇ ਸਾਰਿਆਂ ਤੋਂ ਜ਼ਿਆਦਾ ਕੇਸ ਤਾਂ ਸਾਡੇ ਗੁਆਂਢ ਵਿੱਚੋਂ ਹੀ ਆ ਰਹੇ ਸੀ। ਉਹ ਹਰਿਆਣਾ ਹੋਵੇ ਜਾਂ ਪੱਛਮੀ ਯੂ ਪੀ। ਦਿੱਲੀ 'ਚ ਵੀ ਕਾਫੀ ਕੇਸ ਹੋ ਰਹੇ ਸਨ। ਇਸ ਨਾਲ ਕਾਫੀ ਹੈਰਾਨੀ ਹੋ ਰਹੀ ਸੀ। ਮੇਰੇ ਉਮਰ ਦੇ ਲੋਕਾਂ ਨੂੰ ਵੱਡੀ ਪੱਧਰ 'ਤੇ ਹੈਰਾਨੀ ਹੋ ਰਹੀ ਸੀ। ਲਗਦਾ ਸੀ ਕਿ ਅਸੀਂ ਕਿੰਨੇ ਕੱਟੇ ਹੋਏ ਹਾਂ। ਜਿਸ ਹਿੰਦੁਸਤਾਨ ਵਿੱਚ ਅਸੀਂ ਰਹਿ ਰਹੇ ਹਾਂ ਉਹ ਦੂਜੇ ਹਿੰਦੁਸਤਾਨ ਤੋਂ ਕਿੰਨਾ ਵੱਖਰਾ ਹੈ, ਜਿਸ ਵਿੱਚ ਅੱਜ ਵੀ ਇਨ੍ਹਾਂ ਮੁਢਲੇ ਸਵਾਲਾਂ 'ਤੇ ਲੜਾਈਆਂ ਹੋ ਰਹੀਆਂ ਹਨ, ਗਰਦਨਾਂ ਲਾਹੀਆਂ ਜਾ ਰਹੀਆਂ ਹਨ। ਮੇਰਾ ਖਿਆਲ ਹੈ ਕਿ ਇਹ ਇਕ ਅਜਿਹੀ ਚੀਜ਼ ਸੀ, ਜਿਸ ਬਾਰੇ ਮੈਂ ਹੋਰ ਜਾਣਨਾ ਚਾਹੁੰਦਾ ਸੀ। ਇਹ ਬਹੁਤ ਵਿਆਕੁਲ ਕਰਨ ਵਾਲੀ ਗੱਲ ਸੀ। ਮੇਰੇ ਮਾਪਿਆਂ ਦਾ ਵੀ ਅੰਤਰ-ਧਾਰਮਿਕ ਵਿਆਹ ਹੋਇਆ ਸੀ। ਇਸ ਲਈ ਇਸ ਸਵਾਲ ਬਾਰੇ ਮੈਂ ਬਹੁਤਾ ਕੁੱਝ ਸੋਚਿਆ ਨਹੀਂ ਸੀ। ਉਨ੍ਹਾਂ (ਮੇਰੀ ਮਾਤਾ ਅਤੇ ਪਿਤਾ) ਦੇ ਪਰਿਵਾਰਾਂ ਵੱਲੋਂ ਥੋੜ੍ਹੇ ਬਹੁਤ ਇਤਰਾਜ਼ ਹੋਏ ਸਨ, ਦੋਹਾਂ ਦੇ ਮਾਪਿਆਂ ਨੇ ਸ਼ਾਦੀ ਬਾਰੇ ਇਤਰਾਜ਼ ਕੀਤਾ ਸੀ। ਪਰ ਫਾਈਨਲੀ ਇਹ ਸ਼ਾਦੀ ਹੋ ਗਈ ਸੀ। ਇਸ ਲਈ ਸਾਡੇ ਲਈ ਇਹ ਇਕ ਬਹੁਤ ਔਖੇ ਪਲ ਸਨ, ਇਹ ਸਮਝਣ ਲਈ ਕਿ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ। ਇਸ ਬਾਰੇ ਗੱਲਾਂ ਤਾਂ ਬਹੁਤ ਹੋ ਰਹੀਆਂ ਸਨ। ਪਰ ਉਹ ਕਾਫੀ ਨਹੀਂ ਸਨ। ਗੱਲਬਾਤ ਇਕ ਬਹੁਤ ਹੀ ਸਤਹੀ ਪੱਧਰ 'ਤੇ ਹੁੰਦੀ ਸੀ। ਹਿੰਸਾ ਦੀ ਨਿਖੇਧੀ ਤਾਂ ਕੀਤੀ ਜਾਂਦੀ ਸੀ, ਪਰ ਗੱਲ ਨਿਖੇਧੀ ਤੱਕ ਹੀ ਸੀਮਤ ਰਹਿੰਦੀ ਸੀ। ਜਿਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਸਨ, ਜਿਵੇਂ ਕਿ ਅਸੱਭਿਆ ਲੋਕ, ਜਾਂਗਲੀ ਲੋਕ ਆਦਿ, ਉਹ ਮੇਰੇ ਲਈ ਕਾਫੀ ਨਹੀਂ ਸੀ। ਮਨ ਵਿੱਚ ਇਕ ਜਗਿਆਸਾ ਸੀ, ਕਿ ਇਸ ਬਾਰੇ ਹੋਰ ਜਾਣਨਾ ਹੈ ਕਿ ਕੀ ਹੋ ਰਿਹਾ ਹੈ।
ਸਵਾਲ: ਜਦੋਂ ਤੁਸੀਂ ਫਿਲਮ ਸ਼ੁਰੂ ਕੀਤੀ ਅਤੇ ਖਤਮ ਕੀਤੀ, ਇਸ ਸਾਰੇ ਅਮਲ ਦੌਰਾਨ ਤੁਸੀਂ ਕੀ ਸਮਝਿਆ। ਫਿਲਮ ਵਿੱਚ ਇਕ ਤਾਂ ਉਹ, ਖਾਪ ਪੰਚਾਇਤਾਂ ਵਾਲੇ, ਗੋਤ ਦੀ ਗੱਲ ਕਰਦੇ ਹਨ, ਅੰਤਰ-ਜਾਤੀ ਵਿਆਹਾਂ ਦੀ ਗੱਲ ਕਰਦੇ ਹਨ। ਹੋਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਸਨ, ਜੋ ਇਹਦੇ ਪਿੱਛੇ ਕੰਮ ਕਰ ਰਹੀਆਂ ਸਨ ਅਤੇ ਇਸ ਮਸਲੇ ਨੂੰ ਪ੍ਰਭਾਵਿਤ ਕਰ ਰਹੀਆਂ ਸਨ?ਜਵਾਬ: ਦੇਖੋ ਮੈਨੂੰ ਲਗਦਾ ਹੈ ਕਿ ਇਮਾਨਦਾਰੀ ਨਾਲ ਇਕ ਤਾਂ ਸਿਰਫ ਇਹ ਗੱਲ ਸੀ ਕਿ ਔਰਤਾਂ ਆਪਣੇ ਲਈ ਅਜ਼ਾਦ ਫੈਸਲੇ ਲੈ ਰਹੀਆਂ ਸਨ, ਇਹ ਇਕ ਗੱਲ ਹੀ ਉਨ੍ਹਾਂ ਨੂੰ ਕਾਫੀ ਗੁੱਸੇ ਕਰ ਰਹੀ ਸੀ। ਅਜ਼ਾਦ ਫੈਸਲੇ ਲੈਣ ਸਮੇਂ ਜਦੋਂ ਉਹ ਵਿਆਹ ਬਾਰੇ ਫੈਸਲੇ ਲੈਂਦੀਆਂ ਹਨ, ਅਤੇ ਜੇ ਉਹ ਭਾਈਚਰੇ ਤੋਂ ਬਾਹਰ ਵਾਲੇ ਨਾਲ ਵਿਆਹ ਕਰਨ ਦਾ ਫੈਸਲਾ ਹੋਵੇ ਤਾਂ ਉਹ ਤਾਂ ਫਿਰ ਬਹੁਤ ਹੀ ਬੇਅਦਬੀ ਵਾਲੀ ਗੱਲ ਹੋ ਜਾਂਦੀ ਹੈ, ਕਿਉਂਕਿ ਇਹ ਜਾਤਪਾਤ ਦੀ ਪੂਰੀ ਦੀ ਪੂਰੀ ਬੁਨਿਆਦ ਨੂੰ ਹੀ ਹਿਲਾ ਦਿੰਦਾ ਹੈ। ਦੂਸਰੀ ਗੱਲ, ਜਿਹੜੀ ਸਾਹਮਣੇ ਆਉਂਦੀ ਹੈ, ਜੇ ਤੁਸੀਂ ਜ਼ਮੀਨੀ ਸਤਰ 'ਤੇ ਦੇਖੋ, ਤਾਂ ਉਸ ਸਮੇਂ ਹਰਿਆਣਾ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਦਲਿਤ ਇਲਾਕਿਆਂ ਵਿੱਚ ਬਹੁਤ ਸਾਰੀ ਹਿੰਸਾ ਹੋਈ ਸੀ, ਦਲਿਤ ਵਿਰੋਧੀ ਹਿੰਸਾ ਹੋਈ ਸੀ, ਜਿਵੇਂ ਬਿਰਜਪੁਰ ਪਿੰਡ ਹੈ, ਗੁਹਾਣਾ ਪਿੰਡ ਹੈ, ਉੱਥੇ ਪੂਰੀਆਂ ਦੀਆਂ ਪੂਰੀਆਂ ਦਲਿਤ ਬਸਤੀਆਂ ਸਾੜ ਦਿੱਤੀਆਂ ਗਈਆਂ ਸਨ। ਦਲਿਤ ਵਿਰੋਧੀ ਹਿੰਸਾ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਸਨ। ਇਕ ਗੱਲ ਜਿਹੜੀ ਦਿਸ ਰਹੀ ਸੀ, ਉਹ ਇਹ ਸੀ ਕਿ ਜਾਤ ਅਤੇ ਲਿੰਗ ਆਧਾਰਤ ਜਿਹੜੀ ਸਰਦਾਰੀ ਸੀ, ਉਸ ਨੂੰ ਚੁਣੌਤੀ ਦਿੱਤੀ ਜਾ ਰਹੀ ਸੀ। ਦਲਿਤ ਲੋਕਾਂ ਦਾ ਇਕ ਹਿੱਸਾ ਆਪਣੇ ਹੱਕਾਂ ਲਈ ਖੜ੍ਹਾ ਹੋ ਰਿਹਾ ਸੀ, ਆਪਣੀ ਗੱਲ ਕਹਿਣ ਦੀ ਹਿੰਮਤ ਕਰ ਰਿਹਾ ਸੀ। ਜਿਹੜੇ ਦਲਿਤਾਂ ਦੇ ਰਵਾਇਤੀ ਕੰਮ ਮੰਨੇ ਜਾਂਦੇ ਹਨ, ਦਲਿਤਾਂ ਦਾ ਇਕ ਹਿੱਸਾ ਉਨ੍ਹਾਂ ਵਿੱਚੋਂ ਨਿਕਲ ਕੇ, ਭਾਵੇਂ ਰਿਜ਼ਰਵੇਸ਼ਨ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ, ਉਹਨਾਂ ਕੰਮਾਂ ਤੋਂ ਬਾਹਰ ਨਿਕਲ ਕੇ ਇਕ ਆਪਣੀ ਅਵਾਜ਼ ਬੁਲੰਦ ਕਰ ਰਿਹਾ ਸੀ। ਦਲਿਤਾਂ ਦੇ ਇਕ ਛੋਟੇ ਜਿਹੇ ਹਿੱਸੇ ਨੇ ਉੱਪਰ ਵੱਲ ਨੂੰ ਤਰੱਕੀ ਕੀਤੀ ਸੀ। ਇਸ ਦੇ ਨਾਲ ਨਾਲ ਔਰਤਾਂ ਵੀ ਆਪਣੇ ਹੱਕਾਂ ਲਈ ਖੜ੍ਹੀਆਂ ਹੋ ਰਹੀਆਂ ਸਨ। ਉਨ੍ਹਾਂ ਵਿੱਚ ਵੀ ਆਪਣੇ ਹੱਕਾਂ ਬਾਰੇ ਚੇਤਨਾ ਪੈਦਾ ਹੋ ਰਹੀ ਸੀ। ਇਸ ਚੇਤਨਾ ਕਰਕੇ ਕੁੜੀਆਂ ਅੱਗੇ ਪੜ੍ਹਨਾ ਚਾਹੁੰਦੀਆਂ ਸਨ, ਆਪਣੇ ਲਈ ਇਕ ਜ਼ਿੰਦਗੀ ਬਣਾਉਣਾ ਚਾਹੁੰਦੀਆਂ ਸਨ, ਅਜ਼ਾਦ ਹੋਣ ਦੀ ਇੱਛਾ ਕਰ ਰਹੀਆਂ ਸਨ। ਇਸ ਦੇ ਨਾਲ ਹੀ ਵਿਆਹ ਦਾ ਵੀ ਸਵਾਲ ਸੀ, ਕਿ ਵਿਆਹ ਕਰਨਾ ਹੈ ਜਾਂ ਨਹੀਂ ਜਾਂ ਫਿਰ ਕਰਨਾ ਹੈ ਤਾਂ ਆਪਣੀ ਮਰਜ਼ੀ ਨਾਲ ਕਰਨਾ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਇਸ ਤਰ੍ਹਾਂ ਦੇ ਕੇਸ ਬਹੁਤ ਜ਼ਿਆਦੇ ਸੀ। ਪਰ ਭਾਵੇਂ ਕੇਸ ਇਕ ਫੀਸਦੀ ਹੋਣ, ਦੋ ਫੀਸਦੀ ਹੋਣ ਜਾਂ ਦਸ ਫੀਸਦੀ ਹੋਣ, ਉਹ ਇਸ ਤਰ੍ਹਾਂ ਦੇ ਜਗੀਰੂ, ਜਾਤਪਾਤ ਦੀ ਪ੍ਰਥਾ ਵਿੱਚ ਗ੍ਰਸੇ, ਰੂੜੀਵਾਦੀ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਹਿਲਾ ਦਿੰਦੇ ਹਨ। ਇਸ ਦਾ ਪੂਰਾ ਡਰ ਤਾਂ ਬੈਠਦਾ ਹੀ ਹੈ। ਮੇਰੇ ਖਿਆਲ ਵਿੱਚ ਇਹ ਖਾਪਾਂ ਇਕ ਪੁਰਾਣੀ ਸੰਸਥਾ ਦਾ ਹਿੱਸਾ ਹਨ, ਅਤੇ ਹੁਣ ਹਰਿਆਣੇ ਵਿੱਚ ਇਸ ਸੰਸਥਾ ਦੀ ਕੋਈ ਵੱਡੀ ਪ੍ਰਸੰਗਤਾ ਨਹੀਂ ਰਹੀ ਸੀ, ਉਹ ਹੌਲੀ ਹੌਲੀ ਅਲੋਪ ਹੋ ਰਹੀ ਸੀ। ਪਰ ਖਾਪਾਂ ਨੂੰ ਫਿਰ ਤੋਂ ਜ਼ਿੰਦਾ ਕੀਤਾ ਗਿਆ ਅਤੇ ਇਸ ਸੰਸਥਾ 'ਤੇ ਸਮਾਜ ਦੇ ਚੌਧਰੀ ਬੈਠ ਗਏ ਅਤੇ ਆਪਣੀਆਂ ਸਿਆਸੀ ਖੇਡਾਂ ਵਿੱਚ ਹੋਰ ਚੀਜ਼ਾਂ ਦੇ ਨਾਲ ਇਸ ਸੰਸਥਾ ਦਾ ਵੀ ਫਾਇਦਾ ਉਠਾ ਕੇ ਇਸ ਤਰ੍ਹਾਂ ਮੁੱਦਿਆਂ ਨੂੰ ਉਛਾਲਣ ਲੱਗੇ। ਇਸ ਦੇ ਨਾਲ ਹੀ ਸਮਾਜ ਨੂੰ ਜਿਉਂ ਦਾ ਤਿਉਂ ਰੱਖਣ ਦੀ ਵੀ ਇਹ ਇਕ ਆਖਰੀ ਕੋਸ਼ਿਸ਼ ਸੀ। ਗੋਤ ਤਾਂ ਐਵੇਂ ਕਹਿਣ ਦੀ ਗੱਲ ਸੀ, ਇਕ ਬਹੁਤ ਛੋਟਾ ਜਿਹਾ ਤਬਕਾ ਗੋਤ ਦੀ ਉਲੰਘਣਾ ਕਰਦਾ ਸੀ। ਅਸਲੀ ਡਰ ਤਾਂ ਕੁਝ ਹੋਰ ਹੀ ਸੀ। ਗੋਤ ਦੀ ਗੱਲ ਕਰਨ ਨਾਲ ਤਾਂ ਸਮਾਜ ਵਿੱਚ ਥੋੜ੍ਹੀ ਜਿਹੀ ਪ੍ਰਮਾਣਕਤਾ ਮਿਲ ਜਾਂਦੀ ਸੀ। ਅਸਲੀ ਮੁੱਦਾ ਤਾਂ ਪਿੱਤਰਸੱਤਾ ਸੀ।
ਸਵਾਲ: ਤੁਸੀਂ ਜਿਹੜੀ ਫਿਲਮ ਬਣਾਈ ਹੈ, ਉਸ ਵਿੱਚ ਖਾਪ ਪੰਚਾਇਤਾਂ ਦੇ ਬਹੁਤ ਸਾਰੇ ਲੀਡਰਾਂ ਨਾਲ ਇੰਟਰਵਿਊਆਂ ਹਨ, ਪਰ ਤੁਹਾਡੀ ਫਿਲਮ ਦੇ ਕੇਂਦਰ ਵਿੱਚ ਪੰਜ ਕੁੜੀਆਂ ਹਨ, ਜੋ ਪਿੱਤਰਸੱਤਾ ਅਤੇ ਇਨ੍ਹਾਂ ਖਾਪ ਪੰਚਾਇਤਾਂ ਦੇ ਫੁਰਮਾਨਾਂ ਵਿਰੁੱਧ ਲੜ ਰਹੀਆਂ ਹਨ। ਇਸ ਤਰ੍ਹਾਂ ਕਰਨ ਦਾ ਫੈਸਲਾ ਤੁਸੀਂ ਉਸ ਵੇਲੇ ਹੀ ਕਰ ਲਿਆ ਸੀ ਜਦੋਂ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ, ਜਾਂ ਜਦੋਂ ਤੁਸੀਂ ਉੱਥੇ ਗਏ, ਲੋਕਾਂ ਨਾਲ ਇੰਟਰਵਿਊਆਂ ਕੀਤਆਂ, ਉਦੋਂ ਤੁਸੀਂ ਇਸ ਤਰ੍ਹਾਂ ਕਰਨ ਦਾ ਫੈਸਲਾ ਕੀਤਾ?ਜਵਾਬ: ਨਹੀਂ, ਅਸਲ ਵਿੱਚ ਪਹਿਲਾਂ ਤਾਂ ਅਸੀਂ ਖੋਜ ਕਰ ਰਹੇ ਸੀ। ਅਸੀਂ ਹਰਿਆਣੇ ਵਿੱਚ ਕਾਫੀ ਘੁੰਮੇ। ਕਈ ਪੀੜਤ ਲੋਕਾਂ ਨੂੰ ਮਿਲੇ, ਕਈ ਹੋਰ ਲੋਕਾਂ ਨੂੰ ਮਿਲੇ, ਸਮਾਜ ਦੇ ਵੱਖ ਵੱਖ ਹਿੱਸਿਆਂ ਦੇ ਲੋਕਾਂ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ, ਕਈ ਔਰਤਾਂ ਨਾਲ ਗੱਲਬਾਤ ਕੀਤੀ। ਉਸ ਵਿੱਚੋਂ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ, ਕਾਫੀ ਕੁਝ ਸਮਝਣ ਨੂੰ ਮਿਲਿਆ ਕਿ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਕਿਸ ਤਰ੍ਹਾਂ ਹੋ ਰਿਹਾ ਹੈ। ਫਿਰ ਸਾਨੂੰ ਲੱਗਿਆ ਕਿ ਉਨ੍ਹਾਂ ਲੋਕਾਂ (ਖਾਪ ਪੰਚਾਇਤਾਂ ਨਾਲ ਸੰਬੰਧਤ ਲੋਕਾਂ) ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਸਮਝਣਾ ਚਾਹੀਦਾ ਹੈ ਕਿ ਉਹ ਕੀ ਚਾਹੁੰਦੇ ਹਨ, ਉਨ੍ਹਾਂ ਦੀ ਕੀ ਸਮਝ ਹੈ ਇਸ ਬਾਰੇ। ਮੀਡੀਏ ਦੇ ਸਾਹਮਣੇ ਤਾਂ ਉਹ ਬਹੁਤ ਦਬੀ ਅਵਾਜ਼ ਵਿੱਚ ਕਹਿੰਦੇ ਸੀ ਕਿ ਸਾਨੂੰ ਅੰਤਰ-ਜਾਤੀ ਵਿਆਹਾਂ ਨਾਲ ਕੋਈ ਸਮੱਸਿਆ ਨਹੀਂ ਹੈ, ਅਸੀਂ ਤਾਂ ਸਿਰਫ ਇਕੋ ਗੋਤ ਵਿੱਚ ਹੋਣ ਵਾਲੇ ਵਿਆਹਾਂ ਦਾ ਵਿਰੋਧ ਕਰ ਰਹੇ ਹਾਂ। ਪਰ ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਸਾਰੀਆਂ ਗੱਲਾਂ ਬਹੁਤ ਖੁੱਲ੍ਹ ਕੇ ਕਹੀਆਂ। ਇਸ ਤੋਂ ਮੈਂ ਕਾਫੀ ਹੈਰਾਨ ਸੀ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਕਿਸੇ ਮੀਡੀਏ ਨਾਲ ਸੰਬੰਧਤ ਨਹੀਂ ਹਾਂ। ਉਹ ਲੋਕ ਮੀਡੀਆ ਨਾਲ ਨਾਰਾਜ਼ ਸਨ। ਕਹਿੰਦੇ ਸੀ ਕਿ ਮੀਡੀਆ ਤਾਂ ਬੱਸ ਸਾਡੀ ਸਾਊਂਡ ਬਾਈਟ (ਖਬਰ 'ਚ ਪਾਉਣ ਲਈ ਛੋਟਾ ਜਿਹਾ ਕਲਿੱਪ) ਲੈਣ ਹੀ ਆਉਂਦਾ ਹੈ। ਉਨ੍ਹਾਂ ਦੀ ਗੱਲ ਕੁੱਝ ਹੱਦ ਤੱਕ ਸਹੀ ਸੀ। ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਉਸ ਤਰ੍ਹਾਂ ਦੇ ਮੀਡੀਏ ਵਿੱਚੋਂ ਨਹੀਂ ਹਾਂ। ਮੈਂ ਤੁਹਾਡੇ ਨਾਲ ਕੁਝ ਸਮਾਂ ਬਿਤਾਵਾਂਗਾ। ਚੰਗੀਆਂ ਇੰਟਰਵਿਊਆਂ ਲੈਣੀਆਂ ਹਨ। ਸਭ ਕੁਝ ਕਰਨਾ ਹੈ। ਇਸ 'ਤੇ ਉਹ ਇੰਟਰਵਿਊਆਂ ਦੇਣ ਲਈ ਸਹਿਮਤ ਹੋ ਗਏ। ਮੇਰੇ ਖਿਆਲ ਵਿੱਚ ਕੈਮਰੇ ਦੀ ਵੀ ਥੋੜ੍ਹੀ ਜਿਹੀ ਖਿੱਚ ਹੁੰਦੀ ਹੈ। ਫਿਰ ਉਹ ਬਹੁਤ ਹੀ ਖੁੱਲ੍ਹ ਕੇ ਗੱਲਾਂ ਕਰਨ ਲੱਗੇ। ਬਹੁਤ ਹੀ ਘਿਰਨਾਜਨਕ ਗੱਲਾਂ ਕਰਨ ਲੱਗੇ, ਦਲਿਤਾਂ ਬਾਰੇ, ਔਰਤਾਂ ਬਾਰੇ।
ਸਵਾਲ: ਤੇ ਜਦੋਂ ਤੁਹਾਡੀ ਫਿਲਮ ਬਣ ਗਈ, ਕੀ ਤੁਸੀਂ ਫਿਰ ਇਹ ਫਿਲਮ ਉਨ੍ਹਾਂ ਨੂੰ ਦਿਖਾਈ। ਉਸ ਤੋਂ ਬਾਅਦ ਉਨ੍ਹਾਂ ਦਾ ਕਿਸ ਕਿਸਮ ਦਾ ਪ੍ਰਤੀਕਰਮ ਸੀ? ਉਨ੍ਹਾਂ ਦਾ ਜਾਂ ਦੂਜੇ ਲੋਕਾਂ ਦਾ?ਜਵਾਬ: ਉਨ੍ਹਾਂ ਤੱਕ ਤਾਂ ਪਤਾ ਨਹੀਂ ਫਿਲਮ ਪਹੁੰਚੀ ਹੈ ਜਾਂ ਨਹੀਂ। ਉਂਝ ਲਗਦਾ ਹੈ ਕਿ ਉਨ੍ਹਾਂ ਤੱਕ ਜ਼ਰੂਰ ਪਹੁੰਚੀ ਹੋਵੇਗੀ। ਸਮਾਜ ਦੇ ਬੜੇ ਰਲਵੇਂ ਮਿਲਵੇਂ ਪ੍ਰਤੀਕਰਮ ਰਹੇ ਹਨ। ਫਿਲਮ ਕੈਥਲ ਜ਼ਿਲ੍ਹੇ ਵਿੱਚ ਵੀ ਦਿਖਾਈ ਗਈ ਹੈ। ਕੈਥਲ ਉਹ ਜ਼ਿਲ੍ਹਾ ਹੈ ਜਿਸ ਵਿੱਚ ਇਹ ਕਰੋੜਾ ਪਿੰਡ ਹੈ, ਜਿੱਥੇ ਮਨੋਜ ਅਤੇ ਬਬਲੀ ਦਾ ਕੇਸ ਹੋਇਆ ਸੀ। ਉੱਥੇ ਵੀ ਇਹ ਫਿਲਮ ਦਿਖਾਈ ਗਈ ਸੀ, ਇਕ ਛੋਟੇ ਫਿਲਮ ਫੈਸਟੀਵਲ ਵਿੱਚ। ਇਸ ਤਰ੍ਹਾਂ ਦੇ ਕਈ ਹੋਰ ਛੋਟੇ ਫੈਸਟੀਵਲਾਂ ਵਿੱਚ ਵੀ ਫਿਲਮ ਦਿਖਾਈ ਗਈ ਸੀ। ਹਰਿਆਣੇ ਵਿੱਚ ਔਰਤਾਂ ਦੀਆਂ ਸੰਸਥਾਂਵਾਂ ਨੇ, ਵਿਦਿਆਰਥੀਆਂ ਦੀਆਂ ਸੰਸਥਾਂਵਾਂ ਨੇ ਇਹ ਫਿਲਮ ਕਾਫੀ ਦਿਖਾਈ ਹੈ। ਉਨ੍ਹਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਹੈ। ਪਰ ਕਈ ਥਾਂਵਾਂ 'ਤੇ ਗੋਤ ਦੇ ਸਵਾਲ 'ਤੇ ਥੋੜ੍ਹਾ ਜਿਹਾ ਪ੍ਰਤੀਕਰਮ ਹੋਇਆ ਸੀ, ਇਸ ਦੇ ਨਾਲ ਹੀ ਆਪਣੀ ਮਰਜ਼ੀ ਨਾਲ ਵਿਆਹ ਦੇ ਸਵਾਲ 'ਤੇ ਵੀ ਪ੍ਰਤੀਕਰਮ ਆਇਆ ਸੀ। ਭਾਈਚਾਰੇ ਵਿੱਚ ਵੱਖ ਵੱਖ ਪੀੜੀਆਂ ਵਿਚਕਾਰ ਇਕ ਵਖਰੇਵਾਂ ਨਜ਼ਰ ਆ ਰਿਹਾ ਸੀ। ਵੱਡੀ ਉਮਰ ਦੇ ਲੋਕ ਕਾਫੀ ਅਪਸੈੱਟ ਸਨ। ਭਾਵੇਂ ਕਿ ਕੁਝ ਲੋਕ ਫਿਲਮ ਦੇ ਸਮਰਥਕ ਵੀ ਸਨ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਨੇ ਪਿਆਰ ਨਾਲ, ਇੰਨੀ ਮਿਹਨਤ ਨਾਲ ਪਾਲਦੇ ਪੋਸਦੇ ਹਾਂ, ਤੇ ਜਦੋਂ ਉਹ ਇਸ ਤਰ੍ਹਾਂ ਕਰਦੇ ਹਨ ਤਾਂ ਗੁੱਸਾ ਤਾਂ ਆਉਂਦਾ ਹੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ। ਪਰ ਮੇਰਾ ਖਿਆਲ ਹੈ ਕਿ ਗੋਤ ਨਾਲੋਂ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦਾ ਸਵਾਲ, ਬਹੁਤ ਲੋਕਾਂ ਲਈ ਮੰਨਣਾ ਔਖਾ ਹੋ ਰਿਹਾ ਸੀ। ਪਰ ਇਸ ਦੇ ਨਾਲ ਹੀ ਨੌਜਵਾਨਾਂ, ਖਾਸ ਕਰਕੇ ਨੌਜਵਾਨ ਔਰਤਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ। ਇਕੱਲੇ ਹਰਿਆਣੇ ਵਿੱਚ ਹੀ ਨਹੀਂ, ਬਾਹਰ ਵੀ। ਹਰਿਆਣੇ ਤੋਂ ਬਾਹਰ ਵੀ ਬਹੁਤ ਥਾਂਵਾਂ 'ਤੇ ਇਹ ਫਿਲਮ ਦਿਖਾਈ ਗਈ ਹੈ, ਜਿਸ ਨੂੰ ਨੌਜਵਾਨਾਂ ਨੇ ਕਾਫੀ ਪਸੰਦ ਕੀਤਾ ਹੈ। ਹਾਂ ਨੌਜਵਾਨ ਜਾਟ ਮਰਦਾਂ ਵੱਲੋਂ ਫਿਲਮ ਦੇ ਵਿਰੁੱਧ ਕਾਫੀ ਜ਼ੋਰਦਾਰ ਪ੍ਰਤੀਕਰਮ ਹੋਇਆ ਸੀ।
ਸਵਾਲ: ਕੋਈ ਅਜਿਹੀ ਥਾਂ ਵੀ ਸੀ, ਜਿੱਥੇ ਉਹਨਾਂ ਨੇ ਫਿਲਮ ਦੇ ਸ਼ੋਅ ਨੂੰ ਰੁਕਵਾਉਣ ਦੀ ਜਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੋਵੇ? ਜਵਾਬ: ਨਹੀਂ, ਇਸ ਫਿਲਮ ਨਾਲ ਇਸ ਤਰ੍ਹਾਂ ਨਹੀਂ ਹੋਇਆ। ਇਹਨੂੰ ਦੇਖ ਕੇ ਇਕ ਤਬਕਾ ਨਾਰਾਜ਼ ਤਾਂ ਬਹੁਤ ਹੁੰਦਾ ਸੀ, ਪਰ ਫਿਲਮ ਦੇ ਸ਼ੋਅ ਨੂੰ ਸਿੱਧੇ ਤੌਰ 'ਤੇ ਰੁਕਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਸਵਾਲ: ਡਾਕੂਮੈਂਟਰੀ ਫਿਲਮਾਂ ਨੂੰ ਦਿਖਾਉਣ ਲਈ ਹਿੰਦੁਸਤਾਨ ਵਿੱਚ ਕੋਈ ਪੱਕਾ ਨੈੱਟਵਰਕ ਤਾਂ ਨਹੀਂ ਹੈ, ਸੋ ਕਿਸ ਤਰ੍ਹਾਂ ਦੇ ਨੈੱਟਵਰਕ ਰਾਹੀਂ ਤੁਸੀਂ ਇਹ ਫਿਲਮ ਲੋਕਾਂ ਵਿੱਚ ਲੈ ਕੇ ਗਏ?ਜਵਾਬ: ਤੁਸੀਂ ਠੀਕ ਕਿਹਾ ਹੈ ਕਿ ਅਜ਼ਾਦ ਫਿਲਮਸਾਜ਼ ਲਈ ਫਿਲਮ ਲੋਕਾਂ ਤੱਕ ਲੈ ਕੇ ਜਾਣ ਦਾ ਕੋਈ ਪੱਕਾ ਨੈੱਟਵਰਕ, ਕੋਈ ਰਸਮੀ ਢਾਂਚਾ ਤਾਂ ਹੈ ਨਹੀਂ। ਮੇਰਾ ਖਿਆਲ ਹੈ ਕਿ ਇਹ ਇਕ ਤਰੀਕੇ ਨਾਲ ਫਾਇਦੇ ਵਾਲੀ ਗੱਲ ਵੀ ਹੈ। ਜਿਸ ਤਰ੍ਹਾਂ ਅੱਜ ਤਕਨੌਲੌਜੀ ਬਦਲ ਰਹੀ ਹੈ। ਇਹ ਤਕਨੌਲੌਜੀ ਹੁਣ ਬਹੁਤ ਜ਼ਿਆਦਾ ਲੋਕਾਂ ਦੀ ਪਹੁੰਚ ਵਿੱਚ ਹੋ ਗਈ ਹੈ। ਫਿਲਮ ਨੂੰ ਦਿਖਾਉਣ ਦਾ ਅਮਲ ਕਾਫੀ ਆਸਾਨ ਹੋ ਗਿਆ ਹੈ, ਵੀਹ ਸਾਲ ਪਹਿਲਾਂ ਦੇ ਮੁਕਾਬਲੇ। ਹੁਣ ਇਸ ਤਰ੍ਹਾਂ ਦੇ ਪ੍ਰੋਜੈਕਟਰ ਹਨ, ਡਿਜੀਟਲ ਪ੍ਰੋਜੈਕਟਰ ਹਨ ਕਿ ਤੁਸੀਂ ਇਕ ਹਾਲ ਵਿੱਚ, ਕਿਸੇ ਵੀ ਹਾਲ ਵਿੱਚ, ਕਿਸੇ ਵੱਡੇ ਰੂਮ ਵਿੱਚ ਇਕ ਪ੍ਰੋਜੈਕਟਰ ਅਤੇ ਥੋੜ੍ਹੇ ਜਿਹੇ ਚੱਜ ਦੇ ਸਪੀਕਰ ਲਾ ਲਵੋ ਤਾਂ ਠੀਕ ਠਾਕ ਸਕਰੀਨਿੰਗ ਹੋ ਜਾਂਦੀ ਹੈ। ਵੀਹ ਸਾਲ ਪਹਿਲਾਂ ਇਸ ਤਰ੍ਹਾਂ ਦੀ ਤਕਨੌਲੌਜੀ ਉਪਲਬਧ ਨਹੀਂ ਸੀ। ਪ੍ਰੋਜੈਕਟਰ ਕਾਫੀ ਵੱਡੇ ਅਤੇ ਮਹਿੰਗੇ ਹੁੰਦੇ ਸਨ। ਪਰ ਹੁਣ ਫਿਲਮ ਦਿਖਾਉਣ ਲਈ ਇਕ ਬਹੁਤ ਹੀ ਅਨੋਖੇ ਚੈਨਲ ਸਾਹਮਣੇ ਆ ਗਏ ਹਨ। ਜਿਹਨਾਂ ਨੂੰ ਐਕਟਵਿਸਟ ਲੋਕ ਵੀ ਵਰਤਦੇ ਹਨ। ਜਿਵੇਂ ਅਸੀਂ ਚਲ-ਚਿੱਤਰ ਅਭਿਆਨ ਲਈ ਪਿੰਡ, ਪਿੰਡ ਵਿੱਚ ਸ਼ੋਅ ਕਰਵਾਉਂਦੇ ਹਾਂ, ਛੋਟੇ ਸ਼ਹਿਰਾਂ ਵਿੱਚ ਸ਼ੋਅ ਕਰਵਾਉਂਦੇ ਹਾਂ, ਮਹੱਲਿਆਂ ਵਿੱਚ ਸ਼ੋਅ ਕਰਵਾਉਂਦੇ ਹਾਂ, ਉਸ ਹੀ ਤਰ੍ਹਾਂ ਕਈ ਹੋਰ ਗਰੁੱਪ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ। ਸਿਨੇਮਾ ਆਫ ਰਿਜ਼ਿਸਟੈਂਸ (ਵਿਰੋਧ ਦਾ ਸਿਨੇਮਾ) ਨਾਂ ਦੀ ਇਕ ਬਹੁਤ ਵਧੀਆ ਖੱਬੇਪੱਖੀ ਸਭਿਆਚਾਰਕ ਲਹਿਰ ਸ਼ੁਰੂ ਹੋਈ ਹੈ। ਇਹਨੂੰ ਐੱਮ ਐੱਲ ਦੇ ਕੁਝ ਲੋਕਾਂ ਨੇ ਸ਼ੁਰੂ ਕੀਤਾ ਸੀ। ਇਹ ਬਹੁਤ ਹੀ ਵਧੀਆ ਉੱਦਮ ਹੈ। ਬਹੁਤ ਛੋਟੇ ਸ਼ਹਿਰਾਂ ਵਿੱਚ ਇਹ ਫਿਲਮ ਫੈਸਟੀਵਲ ਸ਼ੁਰੂ ਕੀਤੇ ਗਏ, ਡਾਕੂਮੈਂਟਰੀ ਫਿਲਮਾਂ ਦੇ, ਅਜ਼ਾਦ ਫਿਲਮਾਂ ਦੇ। ਇਹਨੂੰ ਬਹੁਤ ਹੀ ਦਿਲਚਸਪ ਹੁੰਗਾਰਾ ਮਿਲ ਰਿਹਾ ਹੈ। ਇਹ ਗੋਰਖਪੁਰ ਵਿੱਚ ਸ਼ੁਰੂ ਹੋਇਆ। ਗੋਰਖਪੁਰ ਵਿੱਚ ਉਹ ਯੋਗੀ ਦੀ ਨੱਕ ਦੇ ਹੇਠਾਂ ਕਰਦੇ ਹਨ, ਅੱਜ ਵੀ ਕਰਦੇ ਹਨ। ਹੌਲੀ ਹੌਲੀ ਇਹ ਸਭ ਥਾਂਵਾਂ ਤੱਕ ਫੈਲ ਗਿਆ ਹੈ। ਆਜ਼ਮਗੜ੍ਹ, ਗੋਰਖਪੁਰ, ਉਦੇਪੁਰ, ਬਨਾਰਸ, ਨੈਨੀਤਾਲ ਤੱਕ ਪਹੁੰਚ ਗਿਆ ਹੈ। ਹੋਰ ਵੀ ਕਈ ਥਾਂਵੀਂ ਸ਼ੁਰੂ ਹੋਇਆ, ਬੰਦ ਹੋ ਗਿਆ। ਇਸ ਦਾ ਇਕ ਚੈਪਟਰ ਕੋਲਕੱਤਾ ਵਿੱਚ ਸੀ। ਫਿਰ ਉਹ ਅਲੱਗ ਹੋ ਗਏ। ਹੁਣ ਉਹ ਆਪਣੀ ਕੋਲਕੱਤਾ ਪੀਪਲਜ਼ ਫਿਲਮ ਸੁਸਾਇਟੀ ਚਲਾਉਂਦੇ ਹਨ। ਸੋ ਅੱਜ ਇਸ ਤਰ੍ਹਾਂ ਦੇ ਗੈਰਰਸਮੀ ਨੈੱਟਵਰਕ ਕਾਫੀ ਖੁੱਲ੍ਹ ਗਏ ਹਨ। ਇਹ ਬਹੁਤ ਹੀ ਉਤਸ਼ਾਹਜਨਕ ਹੈ। ਤਾਮਿਲਨਾਡੂ ਵਿੱਚ ਜਿਵੇਂ ਅਮੋਦਨ ਹੈ ਜਾਂ ਕੇਰਲਾ ਵਿੱਚ ਵਿਬਗਿਓਰ ਹੈ। ਉੱਥੇ ਤਾਂ ਪਹਿਲਾਂ ਹੀ ਬੜੇ ਦਿਲਚਸਪ ਨੈੱਟਵਰਕ ਸਨ, ਪਰ ਉੱਤਰੀ ਹਿੰਦੁਸਤਾਨ ਵਿੱਚ ਇਹ ਹੁਣ ਇਕ ਨਵੀਂ ਲਹਿਰ ਵਾਂਗ ਸ਼ੁਰੂ ਹੋ ਰਿਹਾ ਹੈ। ਕਈ ਵਾਰੀ ਜਦੋਂ ਮੈਂ ਕਿਸੇ ਨੂੰ ਮਿਲਦਾ ਹਾਂ, ਤਾਂ ਉਹ ਕਹਿੰਦੇ ਹਨ ਜੀ ਅਸੀਂ ਤੁਹਾਡੀ ਫਿਲਮ ਉੱਥੇ ਦੇਖੀ ਸੀ ਅਤੇ ਮੈਨੂੰ ਪਤਾ ਵੀ ਨਹੀਂ ਹੁੰਦਾ ਕਿ ਉੱਥੇ ਕਦੇ ਫਿਲਮ ਦੀ ਸਕਰੀਨਿੰਗ ਹੋਈ ਸੀ। ਸੋ ਡਾਕੂਮੈਂਟਰੀ ਫਿਲਮਾਂ ਦੀ ਰਿਲੀਜ਼ ਲਈ ਇਸ ਤਰ੍ਹਾਂ ਦੇ ਦਿਲਚਸਪ ਨੈੱਟਵਰਕ ਬਣ ਗਏ ਹਨ। ਇਹ ਕਾਫੀ ਵੱਡੀ ਗੱਲ ਹੈ।
ਜਿਹੜੀ ਮੇਰੀ ਅਗਲੀ ਫਿਲਮ ਸੀ, ‘ਮੁਜ਼ੱਫਰਨਗਰ ਬਾਕੀ ਹੈ’ ਉਸ 'ਤੇ ਦਿੱਲੀ ਯੂਨੀਵਰਸਿਟੀ ਦੇ ਕਰੋੜੀਮਲ ਕਾਲਜ ਵਿੱਚ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਸਿਨੇਮਾ ਆਫ ਰਿਜ਼ਿਸਟੈਂਸ ਵਾਲਿਆਂ ਨੇ ਉਸ ਹਮਲੇ ਦੇ ਵਿਰੋਧ ਵਿੱਚ ਫਿਲਮ ਦਿਖਾਉਣ ਲਈ ਇਕ ਕਾਲ ਦਿੱਤੀ ਸੀ। ਸਾਨੂੰ ਉਮੀਦ ਨਹੀਂ ਸੀ ਕਿ ਇੰਨੇ ਲੋਕ ਹੁੰਗਾਰਾ ਦੇਣਗੇ। ਉਸ ਵਿਰੋਧ ਦੇ ਦਿਨ ਵਿੱਚ ਪੂਰੇ ਹਿੰਦੁਸਤਾਨ ਵਿੱਚ ਫਿਲਮ 80 ਥਾਂਵਾਂ 'ਤੇ ਦਿਖਾਈ ਗਈ। ਹੁਣ ਮੈਨੂੰ ਇੱਥੇ ਆ ਕੇ ਪਤਾ ਲੱਗਾ ਹੈ ਕਿ ਫਿਲਮ ਦਾ ਇਕ ਸ਼ੋਅ ਇੱਥੇ ਸਰੀ ਵਿੱਚ ਵੀ ਹੋਇਆ ਸੀ। ਸੋ ਇਸ ਤਰ੍ਹਾਂ ਦੇ ਨੈੱਟਵਰਕ ਬਣ ਗਏ ਹਨ। ਸਾਨੂੰ ਨਹੀਂ ਪਤਾ ਕਿ ਫਿਲਮ ਕਿੱਥੇ ਕਿੱਥੇ ਪਹੁੰਚੀ ਹੈ। ਮੇਰਾ ਖਿਆਲ ਹੈ ਕਿ ਇਹ ਡਾਕੂਮੈਂਟਰੀ ਫਿਲਮਾਂ ਦੀ ਖੂਬਸੂਰਤੀ ਹੈ। ਖਾਸ ਕਰਕੇ ਜਿਹੜੀਆਂ ਸਿਆਸੀ ਡਾਕੂਮੈਂਟਰੀ ਫਿਲਮਾਂ ਹੁੰਦੀਆਂ ਹਨ, ਜਿਹੜੀਆਂ ਲੋਕਾਂ ਦੀਆਂ ਲਹਿਰਾਂ 'ਤੇ ਬਣਾਈਆਂ ਜਾਂਦੀਆਂ ਹਨ, ਜ਼ਰੂਰੀ ਨਹੀਂ ਕਿ ਉਹ ਲੋਕਾਂ ਦੀਆਂ ਲਹਿਰਾਂ 'ਤੇ ਬਣਾਈਆਂ ਗਈਆਂ ਹੋਣ, ਪਰ ਜੋ ਮੇਰੇ ਖਿਆਲ ਵਿੱਚ ਵੱਡੀ ਲਹਿਰ ਦਾ ਹਿੱਸਾ ਹੋਣ, ਵੱਡੀਆਂ ਲੋਕ ਲਹਿਰਾਂ ਦਾ ਹਿੱਸਾ ਹੋਣ ਤਾਂ ਫਿਲਮਾਂ ਬਣਨ ਤੋਂ ਬਾਅਦ ਆਪਣੇ ਆਪ ਵਿੱਚ ਇਕ ਅਜਿਹੀ ਜ਼ਿੰਦਗੀ ਹਾਸਲ ਕਰ ਲੈਂਦੀਆਂ ਹਨ, ਜੋ ਮਾਰਕੀਟ ਦੇ ਬੰਧਨਾਂ ਤੋਂ ਬਾਹਰ ਹੋ ਜਾਂਦੀਆਂ ਹਨ। ਅਤੇ ਫਿਰ ਇਹ ਫਿਲਮਾਂ ਲਹਿਰ ਰਾਹੀਂ ਦਿਖਾਈਆਂ ਅਤੇ ਵੰਡੀਆਂ ਜਾਂਦੀਆਂ ਹਨ। ਇਸ ਤਰ੍ਹਾਂ ਫਿਲਮ ਵਿਤਰਣ ਦੇ ਹਿਸਾਬ ਨਾਲ ਫਿਲਮ ਲਹਿਰ ਦੀ ਬਣ ਜਾਂਦੀ ਹੈ। ਇਸ ਤਰ੍ਹਾਂ ਉਸ ਖਿਆਲ ਨਾਲ ਇਹ ਇਕ ਬਹੁਤ ਦਿਲਚਸਪ ਵਰਤਾਰਾ ਹੈ। ਜਿਵੇਂ ਤੁਸੀਂ ਕੱਲ੍ਹ ਦਰਸ਼ਕਾਂ ਵਿੱਚ ਬਾਲਟੀ ਘੁਮਾਈ ਸੀ, ਲੋਕ ਉਸ ਤਰ੍ਹਾਂ ਕਰਦੇ ਹਨ ਅਤੇ ਬਿਨਾਂ ਕਿਹਾਂ ਹੀ ਪੈਸੇ ਇਕੱਠੇ ਕਰ ਰਹੇ ਹਨ, ਆਪਣਾ ਯੋਗਦਾਨ ਪਾਉਣ ਲਈ ਤਾਂ ਕਿ ਉਹ ਸਾਡੀ ਆਪਣਾ ਕੰਮ ਅੱਗੇ ਲਿਜਾਣ ਵਿੱਚ ਮਦਦ ਕਰ ਸਕਣ। ਇਹ ਵੀ ਇਕ ਲਹਿਰ ਹੈ। ਲੋਕਾਂ ਵੱਲੋਂ ਪੈਸਾ ਮਿਲ ਰਿਹਾ ਹੈ।
ਜਿਵੇਂ ਮੈਂ ਕਿਹਾ ਸੀ ਕਿ ਡਾਕੂਮੈਂਟਰੀ ਫਿਲਮ ਬਣਾਉਣਾ ਇਕ ਬਹੁਤ ਹੀ ਸਮੂਹਿਕ ਕੰਮ ਹੈ। ਭਾਵੇਂ ਤੁਸੀਂ ਚਾਹੋ ਜਾਂ ਨਾ। ਫੀਚਰ ਫਿਲਮਾਂ ਦੇ ਉਲਟ, ਜਿਨ੍ਹਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਟੋਲੀ ਕਾਫੀ ਵੱਡੀ ਹੁੰਦੀ ਹੈ। ਪਰ ਇੱਥੇ ਤਾਂ ਇਹ ਟੋਲੀ ਬਹੁਤ ਛੋਟੀ ਹੁੰਦੀ ਹੈ। ਕਈ ਵਾਰ ਤਾਂ ਇਕੱਲਾ ਆਦਮੀ ਹੀ ਨਿਕਲਿਆ ਹੁੰਦਾ ਹੈ ਕੈਮਰੇ ਦੇ ਨਾਲ। ਫਿਰ ਵੀ ਇਸ ਦੇ ਮੁਢਲੇ ਰੂਪ ਵਿੱਚ ਇਕ ਵਿਰੋਧ (ਰਿਜ਼ਿਸਟੈਂਸ) ਹੁੰਦਾ ਹੈ, ਅਜ਼ਾਦ ਡਾਕੂਮੈਂਟਰੀ ਫਿਲਮ ਦੇ ਰੂਪ ਵਿੱਚ ਇਕ ਵਿਰੋਧ (ਰਿਜ਼ਿਸਟੈਂਸ) ਹੁੰਦਾ ਹੈ, ਇਸ ਦੇ ਰੂਪ ਵਿੱਚ ਹੀ ਇਕ ਸਮੂਹਿਕ ਸਾਂਝ ਹੁੰਦੀ ਹੈ। ਅਤੇ ਡਾਕੂਮੈਂਟਰੀ ਦੇ ਸੰਕਲਪ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ, ਸ਼ੂਟਿੰਗ ਤੱਕ, ਪੋਸਟ ਪ੍ਰੋਡਕਸ਼ਨ ਤੱਕ, ਫਿਲਮ ਵਿਤਰਣ ਤੱਕ, ਫਿਲਮ ਦੇ ਹਰ ਪੱਖ ਵਿੱਚ ਇਕ ਤਰ੍ਹਾਂ ਦਾ ਵਿਰੋਧ ਅਤੇ ਸਮੂਹਿਕ ਸਾਂਝ ਹੁੰਦੀ ਹੈ। ਜਿਸ ਤਰ੍ਹਾਂ ਇਸ ਦੀ ਸ਼ੂਟਿੰਗ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਇਸ ਦਾ ਵਿਤਰਣ ਕੀਤਾ ਜਾਂਦਾ ਹੈ, ਹਰ ਇਕ ਪੱਖ ਵਿੱਚ। ਇਹ ਬਹੁਤ ਹੀ ਦਿਲਚਸਪ ਹੈ। ਸੋ ਅੱਜਕੱਲ੍ਹ ਇਸ ਤਰ੍ਹਾਂ ਦੇ ਨੈੱਟਵਰਕ ਬਣ ਗਏ ਹਨ। ਸਾਨੂੰ ਨਹੀਂ ਪਤਾ ਕਿ ਕਿੱਥੇ ਕਿੱਥੇ ਜਾ ਰਹੀ ਹੈ ਫਿਲਮ। ਅਤੇ ਇਸ ਤਰ੍ਹਾਂ ਇਹ ਅਸਲ ਵਿੱਚ ਇਕ ਸਮੂਹਿਕ ਜਿਣਸ (ਕਮਾਡਟੀ) ਬਣ ਜਾਂਦੀ ਹੈ। ਅਸਲੀਅਤ ਵਿੱਚ ਇਹ ਲੋਕਾਂ ਦੀ ਮਲਕੀਅਤ ਬਣ ਜਾਂਦੀ ਹੈ ਅਤੇ ਸਿਰਫ ਲੋਕ ਹੀ ਇਸ ਨੂੰ ਅਗਾਂਹ ਲੈ ਕੇ ਜਾਂਦੇ ਹਨ।
ਸਵਾਲ: ਤੁਸੀਂ ਆਪਣੀ ਅਗਲੀ ਫਿਲਮ ‘ਮੁਜ਼ੱਫਰਨਗਰ ਬਾਕੀ ਹੈ’ ਦਾ ਜ਼ਿਕਰ ਕੀਤਾ ਹੈ। ਉਹ ਫਿਲਮ 2013 ਵਿੱਚ ਜੋ ਮੁਜ਼ੱਫਰ ਨਗਰ ਵਿੱਚ ਮੁਸਲਮਾਨਾਂ ਦੇ ਵਿਰੁੱਧ ਹਿੰਸਾ ਹੋਈ ਸੀ, ਉਸ ਦੇ ਬਾਰੇ ਹੈ। ਉਸ ਫਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਥੋੜ੍ਹਾ ਜਿਹਾ ਮੁਜ਼ੱਫਰ ਨਗਰ ਦਾ ਜਿਹੜਾ ਇਲਾਕਾ ਹੈ, ਉਸ ਦੇ ਬਾਰੇ ਦੱਸੋ। ਅਬਾਦੀ ਦੀ ਕੀ ਬਣਤਰ ਹੈ- ਹਿੰਦੂਆਂ, ਮੁਸਲਮਾਨਾਂ ਦੀ ਅਬਾਦੀ ਦੀ ਬਣਤਰ ਬਾਰੇ। ਤਾਂ ਕਿ ਜਿਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੁਜ਼ੱਫਰ ਨਗਰ ਕੀ ਹੈ, ਉਨ੍ਹਾਂ ਨੂੰ ਇਸ ਬਾਰੇ ਪਤਾ ਲਗ ਸਕੇ। ਉਸ ਤੋਂ ਬਾਅਦ ਆਪਾਂ ਉਸ ਫਿਲਮ ਬਾਰੇ ਗੱਲ ਕਰਦੇ ਹਾਂ। ਜਵਾਬ: ਮੁਜ਼ੱਫਰਨਗਰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਕ ਜਿਲ੍ਹਾ ਹੈ। ਇਹ ਹਿੰਸਾ ਅਸਲ ਵਿੱਚ ਮੁਜ਼ੱਫਰਨਗਰ ਅਤੇ ਸ਼ਾਮਲੀ ਜ਼ਿਲ੍ਹਿਆਂ ਵਿੱਚ ਹੋਈ ਸੀ। ਦੋ ਜ਼ਿਲ੍ਹਿਆਂ ਵਿੱਚ ਹੋਈ ਸੀ। ਇੱਥੋਂ ਦੀ ਵਸੋਂ ਕਾਫੀ ਖੁਸ਼ਹਾਲ ਰਹੀ ਹੈ। ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਇੱਥੇ ਸਿਆਸਤ ਦਾ ਆਧਾਰ ਗੰਨੇ ਦੀ ਖੇਤੀ ਹੀ ਨਿਰਧਾਰਤ ਕਰਦੀ ਸੀ। ਇਹ ਇਕ ਪੂਰਾ ਬੈਲਟ ਹੈ ਜਿਸ ਵਿੱਚ ਬਾਗਪੱਥ, ਮੁਜ਼ੱਫਰਨਗਰ, ਸ਼ਾਮਲੀ ਆਉਂਦੇ ਹਨ ਅਤੇ ਇੱਥੇ ਜਾਟਾਂ ਦੀ ਭਾਰੀ ਵਸੋਂ ਹੈ। ਜਾਟ ਅਤੇ ਮੁਸਲਮਾਨ, ਦੋਵੇਂ ਹੀ ਵੱਡੀ ਗਿਣਤੀ ਵਿੱਚ ਹਨ। ਵੱਡੀ ਗਿਣਤੀ ਦੇ ਵੱਖ ਵੱਖ ਵਸੋਂ ਦੇ ਲੋਕ ਹਨ। ਇਤਿਹਾਸਕ ਤੌਰ 'ਤੇ ਇੱਥੇ ਚੌਧਰੀ ਚਰਨ ਸਿੰਘ ਅਤੇ ਲੋਕ ਦਲ ਵਰਗੀਆਂ ਪਾਰਟੀਆਂ ਦਾ ਬੋਲਬਾਲਾ ਰਿਹਾ ਹੈ। ਸਿਆਸਤ ਜਾਟ-ਮੁਸਲਮਾਨ ਜੋੜ ਦੇ ਆਧਾਰ 'ਤੇ ਚਲਦੀ ਸੀ। ਇਸ ਦੇ ਨਾਲ ਨਾਲ ਇਹ ਉਹ ਇਲਾਕੇ ਵੀ ਹਨ, ਜਿਹੜੇ ਮਾਇਆਵਤੀ ਦਾ ਗੜ੍ਹ ਬਣੇ। ਦਲਿਤ ਵਸੋਂ ਵੀ ਕਾਫੀ ਜ਼ਿਆਦਾ ਹੈ। ਮੁਜ਼ੱਫਰਨਗਰ, ਸ਼ਾਮਲੀ, ਬਾਗਪੱਥ, ਬਾਗਪੱਥ ਵਿੱਚ ਏਨੇ ਨਹੀਂ ਪਰ ਉੱਥੇ ਵੀ ਠੀਕ ਠਾਕ ਹੈ, ਮੇਰਠ, ਸਹਾਰਨਪੁਰ, ਇੱਥੇ ਦਲਿਤ ਵਸੋਂ ਕਾਫੀ ਜ਼ਿਆਦਾ ਹੈ। ਬਹੁਤ ਵੱਡੀ ਦਲਿਤ ਵਸੋਂ ਹੈ। 1984 ਵਿੱਚ ਮਾਇਆਵਤੀ ਵੀ ਆਪਣੀ ਪਹਿਲੀ ਚੋਣ ਇੱਥੋਂ ਸ਼ਾਮਲੀ ਤੋਂ ਹੀ ਲੜੀ ਸੀ। ਇਸ ਤਰ੍ਹਾਂ ਇਕ ਤਰ੍ਹਾਂ ਨਾਲ ਬਹੁਜਨ ਸਿਆਸਤ ਦਾ, ਜੋ ਸਭ ਤੋਂ ਵੱਡਾ ਕੇਂਦਰ ਸੀ, ਉਹ ਇੱਥੇ ਪੱਛਮੀ ਯੂæਪੀæ ਵਿੱਚ ਸੀ। ਇਸ ਤਰ੍ਹਾਂ ਇੱਥੇ ਸਿਆਸਤ ਦੀਆਂ ਬੜੀਆਂ ਦਿਲਚਸਪ ਧਾਰਾਵਾਂ ਰਹੀਆਂ ਹਨ। ਇਹ ਬਹੁਤ ਹੀ ਜ਼ਿਆਦਾ ਜਗੀਰੂ ਇਲਾਕਾ ਹੈ। ਬਹੁਤ ਮਜ਼ਬੂਤ ਜਗੀਰੂ ਪਿੱਤਰਸੱਤਾ ਦੀ ਹੋਂਦ ਦਿਖਾਈ ਦਿੰਦੀ ਹੈ। ਇੱਥੇ ਕਿਸੇ ਤਰ੍ਹਾਂ ਦੀ ਸੁਧਾਰ-ਲਹਿਰ ਦਾ ਇਤਿਹਾਸ ਨਜ਼ਰ ਨਹੀਂ ਆਉਂਦਾ। ਇੱਥੇ ਵੀ ਅਤੇ ਹਰਿਆਣਾ ਵਿੱਚ ਵੀ, ਪੂਰੀ ਜਾਟ ਬੈਲਟ ਵਿੱਚ। ਇਸ ਲਈ ਮੈਨੂੰ ਇਹ ਸਭਿਆਚਾਰਕ ਤੌਰ 'ਤੇ ਵੀ ਬਹੁਤ ਸੁੱਕਾ ਇਲਾਕਾ ਲਗਦਾ ਹੈ। ਤੁਸੀਂ ਹਰਿਆਣੇ ਦੇ ਗਵਾਂਢੀ ਪੰਜਾਬ ਨੂੰ ਹੀ ਦੇਖ ਲਉ, ਉੱਥੇ ਸਭਿਆਚਾਰਕ ਤੌਰ 'ਤੇ ਕਾਫੀ ਅਮੀਰੀ ਰਹੀ ਹੈ, ਸੁਧਾਰ ਲਹਿਰਾਂ ਦਾ ਇਤਿਹਾਸ ਰਿਹਾ ਹੈ, ਸਭ ਕੁੱਛ ਰਿਹਾ ਹੈ। ਪਰ ਇਸ ਇਲਾਕੇ ਵਿੱਚ ਇਸ ਸੰਬੰਧ ਵਿੱਚ ਥੋੜ੍ਹੀ ਘਾਟ ਰਹੀ ਹੈ।
ਸਵਾਲ: ਜਦੋਂ ਤੁਸੀਂ ਇਹ ਫਿਲਮ ਬਣਾਈ ਤਾਂ ਤੁਸੀਂ ਕੀ ਸੋਚਿਆ ਸੀ? ਕੀ ਤੁਸੀਂ ਇਸ ਹਿੰਸਾ ਤੋਂ ਪੀੜਤ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸੀ, ਉਨ੍ਹਾਂ ਦੇ ਦੁਖ ਦਰਦ ਨੂੰ ਜਾਂ ਤੁਸੀਂ ਇਸ ਹਿੰਸਾ ਬਾਰੇ ਕੁਛ ਹੋਰ ਵੀ ਸਮਝਣਾ ਚਾਹੁੰਦੇ ਸੀ?ਜਵਾਬ: ਇਮਾਨਦਾਰੀ ਨਾਲ ਜਦੋਂ ਅਸੀਂ ਪਹਿਲੀ ਵਾਰ ਉੱਥੇ ਗਏ ਸੀ, ਮੈਂ ਆਪਣੀ ਪਤਨੀ ਨੇਹਾ ਦੇ ਨਾਲ ਗਿਆ ਸੀ। ਅਸੀਂ ਇਕੱਠੇ ਗਏ ਸੀ। ਨੇਹਾ ਨੇ ਵੀ ਮੁਜ਼ੱਫਰਨਗਰ ਬਾਰੇ ਕਾਫੀ ਜ਼ਿਆਦਾ ਰਿਪੋਰਟਿੰਗ ਕੀਤੀ ਸੀ। ਜੋ ਇਸ ਹਿੰਸਾ ਦੌਰਾਨ ਲਿੰਗਕ ਹਿੰਸਾ ਹੋਈ ਸੀ, ਉਸ ਬਾਰੇ। ਜਦੋਂ ਅਸੀਂ ਉੱਥੇ ਪਹਿਲੀ ਵਾਰ ਗਏ ਤਾਂ ਕੋਈ ਸਪਸ਼ਟਤਾ ਨਹੀਂ ਸੀ ਕਿ ਅਸੀਂ ਕਿਉਂ ਜਾ ਰਹੇ ਹਾਂ। ਬੇਸ਼ੱਕ ਅਸੀਂ ਫਿਲਮ ਸ਼ੂਟ ਕਰਨਾ ਚਾਹੁੰਦੇ ਸੀ, ਨੇਹਾ ਆਪਣੀ ਇਕ ਰਿਪੋਰਟ ਲਿਖਣਾ ਚਾਹੁੰਦੀ ਸੀ। ਇਸ 'ਤੇ ਏਨੀ ਵੱਡੀ ਫਿਲਮ ਬਣੇਗੀ, ਮੈਂ ਇਹ ਨਹੀਂ ਸੋਚਿਆ ਸੀ। ਜਦੋਂ ਮੈਂ ਮੁੱਜ਼ਫਰਨਗਰ ਗਿਆ ਉਦੋਂ ਮੈਂ ਕਾਫੀ ਹੈਰਾਨ ਸੀ। ਜੇ ਤੁਹਾਨੂੰ ਯਾਦ ਹੋਵੇ ਉਦੋਂ ਇਹ ਕਾਫੀ ਹਵਾ ਬਣ ਗਈ ਸੀ, ਕਿ ਮੋਦੀ ਪ੍ਰਧਾਨ ਮੰਤਰੀ ਲਈ ਇਲੈਕਸ਼ਨ ਲੜੇਗਾ। ਸੰਨ 2013 ਵਿੱਚ ਯੂ ਪੀ ਇਨ੍ਹਾਂ (ਭਾਜਪਾ) ਲਈ ਇਕ ਕਮਜ਼ੋਰ ਇਲਾਕਾ ਸੀ। ਉਦੋਂ ਜਦੋਂ ਮੈਂ ਪਹਿਲੀ ਵਾਰ ਮੁਜ਼ੱਫਰਨਗਰ ਗਿਆ, ਤਾਂ ਜਿਹੜੀ ਪਹਿਲੀ ਗੱਲ ਮੈਨੂੰ ਮਹਿਸੂਸ ਹੋਈ, ਉਹ ਇਹ ਸੀ ਕਿ ਬੀ ਜੇ ਪੀ ਦੀ ਸਰਕਾਰ ਆਉਣ ਵਾਲੀ ਹੈ। ਦੇਸ਼ ਵਿੱਚ ਬੇ ਜੀ ਪੀ ਦੀ ਸਰਕਾਰ ਬਣਨ ਵਾਲੀ ਹੈ ਅਤੇ ਮੋਦੀ ਪ੍ਰਧਾਨ ਮੰਤਰੀ ਬਣਨ ਵਾਲਾ ਹੈ। ਇਸ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਹ ਇਕ ਬਹੁਤ ਹੀ ਮਹੱਤਵਪੂਰਨ ਮੋੜ ਸੀ। ਇਸ ਨੇ ਹਿੰਦੁਸਤਾਨ ਨੂੰ ਬਦਲ ਦੇਣਾ ਸੀ, ਕਿਉਂਕਿ ਇਹ ਸਪਸ਼ਟ ਸੀ ਕਿ ਜੇ ਇਕ ਵਾਰ ਬੇ ਜੀ ਪੀ ਪੂਰਨ ਬਹੁਮੱਤ ਨਾਲ ਤਾਕਤ ਵਿੱਚ ਆ ਗਈ ਅਤੇ ਮੋਦੀ ਵਰਗਾ ਕੋਈ ਪ੍ਰਧਾਨ ਮੰਤਰੀ ਬਣ ਗਿਆ ਤਾਂ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆਏਗੀ, ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ। ਜਿਹੜਾ ਸਿਆਸੀ ਵਿਆਕਰਣ ਸਾਡੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਸ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋਣਗੀਆਂ। ਅੱਜ ਅਸੀਂ ਇਹ ਸਭ ਕੁਝ ਦੇਖ ਰਹੇ ਹਾਂ। ਇਸ ਤਰ੍ਹਾਂ ਮੈਨੂੰ ਲਗਦਾ ਹੈ ਕਿ ਇਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਕ ਬਹੁਤ ਵੱਡਾ ਮੋੜ ਵੀ ਸੀ ਅਤੇ ਇਸ ਨੂੰ ਰਿਕਾਰਡ ਕਰਨਾ ਬਹੁਤ ਜ਼ਰੂਰੀ ਸੀ। ਅਤੇ ਅਸੀਂ ਕੈਮਰਾ ਲੈ ਕੇ ਨਿਕਲ ਪਏ।
ਸਵਾਲ: ਫਿਲਮ ਦੇਖ ਕੇ ਲਗਦਾ ਹੈ ਕਿ ਉਹ ਜਿਹੜੀ ਹਿੰਸਾ ਹੋਈ ਸੀ, ਉਹ ਕੋਈ ਅਚਾਨਕ ਵਾਪਰੀ ਹਿੰਸਾ ਨਹੀਂ ਸੀ। ਚਾਰ ਪੰਜ ਮਹੀਨਿਆਂ ਤੋਂ ਕੁਛ ਇਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਸਨ ਜਾਂ ਦਿਖਾਈਆਂ ਜਾ ਰਹੀਆਂ ਸਨ, ਜਿਹਨਾਂ ਕਾਰਨ ਹਾਲਾਤ ਹਿੰਸਾ ਤੱਕ ਪਹੁੰਚੇ। ਉਹ ਕਿਸ ਤਰ੍ਹਾਂ ਦਾ ਅਮਲ ਸੀ? Aਹਨਾਂ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਅਤੇ ਕਹਾਣੀਆਂ ਦੀ ਵਰਤੋਂ ਕੀਤੀ?ਜਵਾਬ: ਮੇਰਾ ਖਿਆਲ ਹੈ ਕਿ ਇਹ ਕਿਤੇ ਨਾ ਕਿਤੇ ਮੇਰੀ ਪਿਛਲੀ ਫਿਲਮ ਨਾਲ ਜੁੜਿਆ ਹੋਇਆ ਹੈ। ਜਦੋਂ ਅਸੀਂ ‘ਇੱਜ਼ਤਨਗਰ ਕੀ ਅਸੱਭਿਆ ਬੇਟੀਆਂ’ 'ਤੇ ਕੰਮ ਕਰ ਰਹੇ ਸੀ, ਅਸੀਂ ਉਦੋਂ ਵੀ ਮੁਜ਼ੱਫਰਨਗਰ ਗਏ ਸੀ। ਅਸੀਂ ਉਸ ਫਿਲਮ ਵਿੱਚ ਇਹ ਨਹੀਂ ਦਿਖਾਉਂਦੇ ਕਿ ਅਸੀਂ ਮੁਜ਼ੱਫਰਨਗਰ ਗਏ ਸੀ। ਪਰ ਆਮ ਤੌਰ 'ਤੇ ਹਰਿਆਣਾ ਤੋਂ ਬਾਹਰ ਦੀ ਜਾਟ ਬੈਲਟ ਵਿੱਚ ਕੀ ਹੋ ਰਿਹਾ ਸੀ, ਉਹ ਉਸ ਨੂੰ ਸਮਝਣ ਦੀ ਕੋਸ਼ਿਸ਼ ਸੀ। ਅਤੇ ਉਸ ਵਿੱਚ ਇਕ ਪੂਰੀ ਜਾਟਾਂ ਦੀ ਪਛਾਣ ਦੀ ਸਿਆਸਤ ਹੈ। ਸਿਰਫ ਜਾਟਾਂ ਦੀ ਪਛਾਣ ਦੀ ਸਿਆਸਤ ਹੀ ਨਹੀਂ, ਪਰ ਗਾਲਬ ਜਾਤ ਦੀ ਜੋ ਸਿਆਸਤ ਹੁੰਦੀ ਹੈ, ਉਸ ਦਾ ਆਪਣਾ ਸੁਭਾਅ ਹੀ ਔਰਤ ਵਿਰੋਧੀ ਹੁੰਦਾ ਹੈ, ਉਸ ਦਾ ਸੁਭਾਅ ਦਲਿਤ ਵਿਰੋਧੀ ਹੁੰਦਾ ਹੈ। ਇਸ ਲਈ ਇਹ ਸਮਝਣ ਦੀ ਕੋਸ਼ਿਸ਼ ਕਰਨਾ ਸੀ ਕਿ ਇਹ ਕਿਸ ਤਰ੍ਹਾਂ ਹੋ ਰਿਹਾ ਹੈ। ਇਕ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਕਿ ਇੱਥੇ ਮੁਸਲਮਾਨਾਂ ਦੀ ਵਸੋਂ ਵੀ ਕਾਫੀ ਜ਼ਿਆਦਾ ਹੈ। ਪੂਰੇ ਪੱਛਮੀ ਯੂ ਪੀ ਦੇ ਕਈ ਜ਼ਿਲ੍ਹਿਆਂ ਵਿੱਚ, ਮੈਂ ਤੁਹਾਨੂੰ ਪਹਿਲਾਂ ਸ਼ਹਿਰਾਂ/ਕਸਬਿਆਂ ਦੇ ਨਾਂ ਦੱਸੇ ਹਨ, ਉੱਥੇ 30-40 ਫੀਸਦੀ, ਕਈ ਵਾਰ ਉਸ ਤੋਂ ਵੀ ਜ਼ਿਆਦਾ ਮੁਸਲਮਾਨ ਵਸੋਂ ਹੈ। ਇਸ ਤਰ੍ਹਾਂ ਇਹਨਾਂ ਦਾ ਕਾਫੀ ਵੱਡਾ ਭਾਈਚਾਰਾ ਹੈ। ਇਹ ਵੱਡਾ ਭਾਈਚਾਰਾ ਹੈ ਪਰ ਸਮਾਜ ਬਾਰੇ ਦੱਸਣ ਵਾਲੇ ਕਈ ਸੂਚਕਾਂ ਦੇ ਅਨੁਸਾਰ ਇਹਨਾਂ ਦਾ ਹਾਲ ਬਹੁਤ ਵਧੀਆ ਨਹੀਂ ਹੈ, ਜਿਵੇਂ ਵਿਦਿਆ ਦੇ ਖੇਤਰ ਵਿੱਚ, ਰੁਜ਼ਗਾਰ ਦੇ ਖੇਤਰ ਵਿੱਚ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਵਿੱਚ। ਤਾਂ ਇਕ ਚੀਜ਼ ਤਾਂ ਸਮਝ ਆ ਰਹੀ ਸੀ ਕਿ ਜਾਟਾਂ ਦੀ ਪਛਾਣ ਦੇ ਸੰਬੰਧ ਵਿੱਚ ਜਿਹੜੇ ਖਾਪ ਪੰਚਾਇਤਾਂ ਦੇ ਫਤਵੇ ਆ ਰਹੇ ਸਨ, ਜਿਹਨਾਂ ਵਿੱਚੋਂ 30-40 ਫੀਸਦੀ ਵਿੱਚ ਉਨ੍ਹਾਂ ਤੋਂ ਅੰਤਰ-ਜਾਤੀ ਵਿਆਹ ਨਹੀਂ ਸਹੇ ਜਾ ਰਹੇ ਸਨ। ਇੱਥੇ 30-40 ਫੀਸਦੀ ਮੁਸਲਮਾਨ ਵਸੋਂ ਹੈ, ਅਤੇ ਜੇ ਇੱਥੇ ਕੁੜੀਆਂ ਆਪਣੀ ਮਨਮਰਜ਼ੀ ਕਰ ਰਹੀਆਂ ਹੋਣਗੀਆਂ ਤਾਂ ਉਨ੍ਹਾਂ ਵਿੱਚੋਂ ਕੁੱਝ ਅੰਤਰ-ਧਾਰਮਿਕ ਵਿਆਹ ਵੀ ਹੋ ਰਹੇ ਹੋਣਗੇ। ਇਹ ਗੱਲ ਸਾਨੂੰ ਉਦੋਂ ਨਜ਼ਰ ਆਈ ਸੀ, ਜਦੋਂ ਅਸੀਂ 2010 ਵਿੱਚ ਉੱਥੇ ਗਏ ਸੀ ਕਿ ਇਹ ਜਿਹੜੀ ਗਲਬਾ ਜਾਤ ਦੀ ਸਿਆਸਤ ਹੈ, ਇਹ ਬਹੁਤ ਛੇਤੀ ਹਿੰਦੂਤਵ ਦੇ ਵੱਡੇ ਬਿਰਤਾਂਤ ਦਾ ਹਿੱਸਾ ਬਣ ਜਾਵੇਗੀ। ਕਿਉਂਕਿ ਜਿਹੜੇ ਅੰਤਰ-ਜਾਤੀ ਵਿਆਹਾਂ ਦੇ ਖਿਲਾਫ ਫਤਵੇ ਆ ਰਹੇ ਸਨ, ਉਹ ਲਵ-ਜਿਹਾਦ ਦੇ ਪ੍ਰਾਪੇਗੰਢੇ ਨਾਲ ਜਾ ਜੁੜਦੇ ਸਨ ਅਤੇ ਮੁਜ਼ੱਫਰਨਗਰ ਵਿੱਚ ਇਹ ਹੀ ਹੋਇਆ। ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਉਹ ਸਾਡੀਆਂ ਕੁੜੀਆਂ ਨੂੰ ਛੇੜਦੇ ਹਨ, ਉਹ ਸਾਡੀਆਂ ਕੁੜੀਆਂ 'ਤੇ ਡੋਰੇ ਪਾ ਰਹੇ ਹਨ। ਕਿਸੇ ਵੀ ਰੂੜੀਵਾਦੀ ਸਮਾਜ ਵਿੱਚ ਜਿਹੜੀ ਆਪਣੀਆਂ ਧੀਆਂ ਅਤੇ ਭੈਣਾਂ ਨੂੰ ਲੈ ਕੇ ਅਸੁਰੱਖਿਅਤਾ ਹੁੰਦੀ ਹੈ, ਉਸ ਨੂੰ ਉਹ ਬਹੁਤ ਤੂਲ ਦਿੰਦੇ ਸਨ। ਅਤੇ ਪਹੁੰਚਦੇ ਪਹੁੰਚਦੇ ਗੱਲ ਇੱਥੋਂ ਤੱਕ ਪਹੁੰਚ ਗਈ। ਅਤੇ ਏਡੀ ਵੱਡੀ ਪੱਧਰ ਦੀ ਹਿੰਸਾ, ਮੇਰੇ ਖਿਆਲ ਵਿੱਚ ਕਦੇ ਵੀ ਅਚਾਨਕ ਨਹੀਂ ਹੁੰਦੀ, ਇਸ ਵਿੱਚ ਰਾਜਸੱਤਾ ਦਾ ਪੂਰਾ ਹੱਥ ਹੁੰਦਾ ਹੈ, ਤਾਕਤਵਰ ਸਿਆਸੀ ਪਾਰਟੀਆਂ ਦਾ ਹੱਥ ਹੁੰਦਾ ਹੈ, ਸਥਾਨਕ ਪ੍ਰਸ਼ਾਸਨ ਦਾ ਹੱਥ ਹੁੰਦਾ ਹੈ। ਕਿਤੇ ਨਾ ਕਿਤੇ ਇਸ ਲਈ ਸਾਰੇ ਜ਼ਿੰਮੇਵਾਰ ਹੁੰਦੇ ਹਨ।
ਸਵਾਲ: ਇਸ ਫਿਲਮ ਵਿੱਚੋਂ ਇਕ ਹੋਰ ਗੱਲ ਜਿਹੜੀ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਜਿਹੜੀ ਵੋਟਾਂ ਦੀ ਸਿਆਸਤ ਹੈ, ਉਸ ਦਾ ਵੀ ਇਹ ਹਿੰਸਾ ਕਰਵਾਉਣ ਵਿੱਚ ਅਤੇ ਇਸ ਹਿੰਸਾ ਤੋਂ ਬਾਅਦ ਵਿੱਚ ਵੀ ਕਾਫੀ ਵੱਡੀ ਭੂਮਿਕਾ ਸੀ। ਇਸ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਵੋਟਾਂ ਦੀ ਸਿਆਸਤ ਦਾ ਇਸ ਵਿੱਚ ਕੀ ਰੋਲ ਸੀ? ਬੇ ਜੀ ਪੀ ਦੀ ਸਿਆਸਤ ਨੇ, ਦੂਜੀਆਂ ਸਿਆਸੀ ਪਾਰਟੀਆਂ ਦੀ ਸਿਆਸਤ ਨੇ, ਹਿੰਸਾ ਫੈਲਾਉਣ ਵਿੱਚ ਅਤੇ ਹਿੰਸਾ ਤੋਂ ਬਾਅਦ ਜਿਹੜਾ ਰਾਹਤ ਦਾ ਕੰਮ ਸੀ, ਉਸ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਇਆ? ਜਵਾਬ: ਸਾਰੀਆਂ ਸਿਆਸੀ ਪਾਰਟੀਆਂ ਨੂੰ ਦੋਸ਼ ਦੇਣ ਦੀ ਜ਼ਰੂਰਤ ਹੈ। ਉਸ ਵੇਲੇ ਤਾਕਤ ਵਿੱਚ ਤਾਂ ਸਮਾਜਵਾਦੀ ਪਾਰਟੀ ਸੀ। ਪੱਛਮੀ ਯੂ ਪੀ ਵਿੱਚ ਸਮਾਜਵਾਦੀ ਪਾਰਟੀ ਅਤੇ ਭਾਜਪਾ ਦੋਨੋ ਹੀ ਕਮਜ਼ੋਰ ਹੁੰਦੀਆਂ ਸਨ। ਅੱਜ ਦੋਹਾਂ ਦਾ ਵੋਟ-ਆਧਾਰ ਬਣ ਗਿਆ ਹੈ। ਦੋਹਾਂ ਨੂੰ ਹੀ ਫਾਇਦਾ ਹੋਇਆ ਹੈ, ਇਸ ਹਿੰਸਾ ਤੋਂ। ਇਸ ਦੇ ਨਾਲ ਹੀ ਬੀ ਐੱਸ ਪੀ ਵੀ ਸ਼ਾਂਤ ਰਹੀ। ਹਿੰਸਾ ਤੋਂ ਬਾਅਦ ਉਨ੍ਹਾਂ ਵੱਲੋਂ ਕੋਈ ਨਿਖੇਧੀ ਦਾ ਸ਼ਬਦ ਨਹੀਂ ਬੋਲਿਆ ਗਿਆ, ਬੀ ਐੱਸ ਪੀ ਦੀ ਸੁਪਰੀਮੋ ਮਾਇਆਵਤੀ ਵੱਲੋਂ। ਰਾਸ਼ਟਰੀ ਲੋਕ ਦਲ ਦਾ ਪੱਛਮੀ ਯੂ ਪੀ ਦੇ ਜਾਟਾਂ ਅਤੇ ਮੁਸਲਮਾਨਾਂ ਵਿੱਚ ਸਭ ਤੋਂ ਵੱਡਾ ਆਧਾਰ ਸੀ। ਜਾਟਾਂ ਅਤੇ ਮੁਸਲਮਾਨਾਂ ਵਿੱਚ ਹਿੰਸਾ ਕਰਵਾਈ ਜਾ ਰਹੀ ਹੈ ਅਤੇ ਉਹ ਸ਼ਾਂਤ ਹਨ। ਉਨ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਮੇਰੇ ਖਿਆਲ ਵਿੱਚ ਕਿਤੇ ਨਾ ਕਿਤੇ ਇਹ ਸਾਰੀ ਸੈਕੂਲਰ ਸਿਆਸਤ ਦੀ ਨਾਕਾਮੀ ਹੈ, ਇਹ ਸਭ ਤਰ੍ਹਾਂ ਦੀ ਪ੍ਰੋਗਰੈਸਿਵ ਸਿਆਸਤ ਦੀ ਨਾਕਾਮੀ ਹੈ। ਮੈਨੂੰ ਲਗਦਾ ਹੈ ਕਿ ਵੋਟ ਤਾਂ ਸਪਸ਼ਟ ਰੂਪ ਵਿੱਚ ਬੇ ਜੀ ਪੀ ਦੀਆਂ ਹੀ ਵਧਣਗੀਆਂ। ਇਕ ਵਾਰ ਜਦੋਂ ਇੰਨੇ ਵੱਡੇ ਪੱਧਰ 'ਤੇ ਹਿੰਸਾ ਹੁੰਦੀ ਹੈ ਤਾਂ ਇਸ ਵਿੱਚ ਕਿਸੇ ਦਾ ਫਾਇਦਾ ਨਹੀਂ ਹੁੰਦਾ। ਇਸ ਵਿੱਚ ਸਿਰਫ ਭਾਜਪਾ ਵਰਗੀਆਂ ਪਾਰਟੀਆਂ ਦਾ ਹੀ ਫਾਇਦਾ ਹੁੰਦਾ ਹੈ। ਉਸ ਤੋਂ ਬਿਨਾਂ ਕਿਸੇ ਹੋਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਸਵਾਲ: ਤੁਸੀਂ ਫਿਲਮ ਵਿੱਚ ਨੌਜਵਾਨ ਭਾਰਤ ਸਭਾ ਦੇ ਲੋਕਾਂ ਨੂੰ ਦਿਖਾਇਆ ਹੈ। ਉਹ ਪਿੰਡ ਪਿੰਡ ਜਾ ਰਹੇ ਹਨ ਅਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਕਿ ਇਹ ਜਿਹੜੀ ਹਿੰਸਾ, ਉਸ ਦੇ ਉਹਲੇ ਤੁਹਾਡੇ (ਲੋਕਾਂ ਦੇ) ਅਸਲੀ ਮੁੱਦੇ ਗਵਾਚ ਜਾਂਦੇ ਹਨ। ਇਸ ਤਰ੍ਹਾਂ ਦੀਆਂ ਤਾਕਤਾਂ ਕਿੰਨੀਆਂ ਕੁ ਵੱਡੀਆਂ ਹਨ, ਉਹਨਾਂ ਦਾ ਕੀ ਪ੍ਰਭਾਵ ਹੈ?ਜਵਾਬ: ਸਾਫ ਹੈ ਕਿ ਜੇ ਇਸ ਤਰ੍ਹਾਂ ਦੀਆਂ ਤਾਕਤਾਂ ਵੱਡੀਆਂ ਹੁੰਦੀਆਂ ਤਾਂ ਸ਼ਾਇਦ ਇਹ ਹਿੰਸਾ ਹੁੰਦੀ ਹੀ ਨਾ। ਅਸਲ ਵਿੱਚ ਅਸੀਂ ਨੌਜਵਾਨ ਭਾਰਤ ਸਭਾ ਨੂੰ ਇੰਨਾ ਜ਼ਿਆਦਾ ਇਕ ਜਥੇਬੰਦੀ ਦੇ ਤੌਰ 'ਤੇ ਨਹੀਂ ਦਿਖਾ ਰਹੇ ਸੀ, ਜਿਸ ਚੀਜ਼ ਦੀ ਇਹ ਪ੍ਰਤੀਨਿਧਤਾ ਕਰਦੇ ਹਨ, ਉਹ ਦਿਖਾਉਣਾ ਜ਼ਰੂਰੀ ਸੀ। ਦਲੀਲ ਦੀ ਇਕ ਛੋਟੀ ਜਿਹੀ ਅਵਾਜ਼, ਤਰਕ ਦੀ ਇਕ ਛੋਟੀ ਜਿਹੀ ਅਵਾਜ਼ ਅਤੇ ਵਿਰੋਧ ਦੀ ਇਕ ਛੋਟੀ ਜਿਹੀ ਅਵਾਜ਼। ਉਹ ਬਹੁਤ ਜ਼ਰੂਰੀ ਸੀ। ਦੇਖੋ ਇਤਿਹਾਸਕ ਤੌਰ 'ਤੇ, ਵੱਧ ਤੋਂ ਵੱਧ ਬਦਤਰ ਹਾਲਤਾਂ ਵਿੱਚ ਵੀ, ਵਿਰੋਧ ਦੀ ਅਵਾਜ਼ ਹਮੇਸ਼ਾਂ ਹੁੰਦੀ ਹੈ। ਨਾਜੀ ਜਰਮਨੀ ਵਿੱਚ ਹਿਟਲਰ ਦੇ ਖਿਲਾਫ ਅੰਡਰਗਰਾਊਂਡ ਲਹਿਰ ਹੋਈ ਸੀ। ਜਦੋਂ ਅਫਗਾਨਿਸਤਾਨ ਵਿੱਚ ਤਾਲਬਨ ਸਨ, ਉਸ ਸਮੇਂ ਉੱਥੇ ਰਾਵਾ (ਰੈਵਲੂਸ਼ਨਰੀ ਐਸੋਸੀਏਸ਼ਨ ਆਫ ਅਫਗਾਨਿਸਤਾਨ) ਵਰਗੀ ਇਕ ਜਥੇਬੰਦੀ ਕੰਮ ਕਰਦੀ ਰਹੀ ਸੀ, ਉਨ੍ਹਾਂ ਹਾਲਤਾਂ ਵਿੱਚ ਵੀ। ਮੇਰਾ ਖਿਆਲ ਹੈ ਕਿ ਵਿਰੋਧ ਦੀ ਇਕ ਅਵਾਜ਼ ਹਮੇਸ਼ਾਂ ਰਹੀ ਹੈ। ਉਹ ਕਦੇ ਖਤਮ ਨਹੀਂ ਹੁੰਦੀ। ਮੇਰਾ ਖਿਆਲ ਹੈ ਕਿ ਕਿਸੇ ਵੀ ਸਮਾਜ ਵਿੱਚ ਅਤੇ ਕਿਸੇ ਤਰ੍ਹਾਂ ਦੀਆਂ ਹਾਲਤਾਂ ਵਿੱਚ ਇਕ ਵਿਰੋਧ ਦੀ ਅਵਾਜ਼, ਇਕ ਦਲੀਲ ਦੀ ਅਵਾਜ਼, ਇਕ ਤਰਕ ਦੀ ਅਵਾਜ਼ ਦਿਖਾਉਣ ਦੀ ਬਹੁਤ ਜ਼ਰੂਰਤ ਹੈ। ਫਿਲਮ ਵਿੱਚ ਆਉਣ ਵਾਲੀ ਬਰਬਾਦੀ ਤਾਂ ਦਿਖਾਈ ਦਿੰਦੀ ਹੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਭ ਕੁਛ ਹੀ ਖਤਮ ਹੋ ਗਿਆ ਹੈ। ਇਸ ਤਰ੍ਹਾਂ ਦੀਆਂ ਤਾਕਤਾਂ ਦਾ ਜੋ ਅਸਰ ਹੈ, ਉਹ ਘੱਟ ਹੀ ਹੈ, ਪਰ ਉਹ ਵੱਧ ਵੀ ਰਿਹਾ ਹੈ। ਮੈਂ ਇਹ ਦੇਖਿਆ ਹੈ। ਜਿਵੇਂ ਸਾਡਾ ਚੱਲ-ਚਿੱਤਰ ਅਭਿਆਨ ਉੱਥੇ ਸ਼ੁਰੂ ਹੋਇਆ ਹੈ, ਨੌਜਵਾਨ ਭਾਰਤ ਸਭਾ ਹੈ, ਅਤੇ ਇਸ ਹਿੰਸਾ ਵਿੱਚ ਇਕ ਅੱਧ ਪ੍ਰੋਗਰੈਸਿਵ ਐੱਨ ਜੀ ਓ ਨੇ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਹੈ। ਉਸ ਦੇ ਕਾਰਨ ਪੱਛਮੀ ਯੂ ਪੀ ਵਿੱਚ ਕੁਝ ਨਵੀਂਆਂ ਅਵਾਜ਼ਾਂ ਵੀ ਹੋਂਦ ਵਿੱਚ ਆਈਆਂ ਹਨ। ਦਲਿਤ ਨੌਜਵਾਨਾਂ ਵੱਲੋਂ ਖਾੜਕੂ ਤਰ੍ਹਾਂ ਦਾ ਵਿਰੋਧ ਉੱਥੇ ਦੇਖਣ ਨੂੰ ਮਿਲਿਆ ਹੈ। ਇਸ ਲਈ ਮੈਂ ਨਹੀਂ ਸਮਝਦਾ ਕਿ ਸਭ ਕੁੱਝ ਖਤਮ ਹੋ ਗਿਆ ਹੈ। ਇਹ ਹੈ ਉਹ ਮੁੱਦਾ। ਦਲੀਲ ਦੀ ਇਹ ਅਵਾਜ਼ ਸਦਾ ਰਹੇਗੀ, ਤਰਕ ਦੀ ਇਹ ਅਵਾਜ਼ ਸਦਾ ਰਹੇਗੀ, ਜਿਹੜੀ ਬਦਤਰ ਤੋਂ ਬਦਤਰ ਹਾਲਤਾਂ ਵਿੱਚ ਵੀ ਸਾਹਮਣੇ ਆ ਕੇ ਰਹੇਗੀ।
ਸਵਾਲ: ਤੁਸੀਂ ਮੁਜ਼ੱਫਰਨਗਰ ਬਾਕੀ ਹੈ ਦੇ ਵਿਤਰਣ ਬਾਰੇ ਥੋੜ੍ਹੀ ਜਿਹੀ ਗੱਲ ਕੀਤੀ ਹੈ ਕਿ ਇਕ ਥਾਂ 'ਤੇ ਦਿੱਲੀ ਯੂਨੀਵਰਸਿਟੀ ਵਿੱਚ ਜਦੋਂ ਇਹ ਫਿਲਮ ਦਿਖਾਈ ਜਾ ਰਹੀ ਸੀ ਤਾਂ ਇਸ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਿਨਾਂ ਮੁਜ਼ੱਫਰਨਗਰ ਬਾਕੀ ਹੈ ਦੇ ਵਿਤਰਣ ਵਿੱਚ ਜਾਂ ਇਸ ਨੂੰ ਦਿਖਾਏ ਜਾਣ ਵਿੱਚ ਹੋਰ ਵੀ ਮੁਸ਼ਕਿਲਾਂ ਆਈਆਂ ਜਾਂ ਆ ਰਹੀਆਂ ਹਨ। ਇਸ ਦਾ ਵਿਤਰਣ ਕਿਵੇਂ ਚੱਲ ਰਿਹਾ ਹੈ। ਜਵਾਬ: ਦੇਖੋ, ਸਕਰੀਨਿੰਗ ਤਾਂ ਕਈ ਥਾਂਵਾਂ 'ਤੇ ਰੋਕੀ ਗਈ ਹੈ। ਖਾਸ ਕਰਕੇ ਆਰ ਐੱਸ ਐੱਸ ਦੀ ਸਟੂਡੈਂਟ ਜਥੇਬੰਦੀ ਏ ਬੀ ਪੀ ਵਾਲਿਆਂ ਵੱਲੋਂ। ਜਿੱਥੇ ਆਪ ਨਹੀਂ ਆ ਸਕਦੇ ਉੱਥੇ ਪੁਲਿਸ ਭੇਜ ਦਿੰਦੇ ਹਨ। ਜੇ. ਐੱਨ. ਯੂ. ਵਿੱਚ ਰੋਕੀ। ਉਧਰ ਹੈਦਰਾਬਾਦ ਵਿੱਚ ਅੰਬੇਡਕਰ ਸਟੂਡੈਂਟਸ ਆਰਗੇਨਾਈਜੇਸ਼ਨ ਵਾਲੇ ਦਿਖਾਉਣ ਜਾ ਰਹੇ ਸੀ, ਜਿਸ ਵਿੱਚ ਰੋਹਿਤ ਵੇਮੂਲਾ ਵੀ ਫਿਲਮ ਸਕਰੀਨਿੰਗ ਵਿੱਚ ਸ਼ਾਮਲ ਸੀ, ਤਾਂ ਵੀ ਇਨ੍ਹਾਂ ਨੇ ਬਦਤਮੀਜ਼ੀ ਕੀਤੀ। ਪ੍ਰਸ਼ਾਸਣ ਨੇ ਉਸ ਨੂੰ ਟਰਮੀਨੇਟ ਕਰ ਦੀਆ, ਉਸ ਦਾ ਜੋ ਨਤੀਜਾ ਹੈ, ਉਹ ਤਾਂ ਦੇਸ਼ ਦੇ ਸਾਹਮਣੇ ਹੀ ਹੈ। ਚੇਨਈ ਵਿੱਚ ਪੁਲਿਸ ਨੇ ਇਕ ਦੋ ਥਾਂਵਾਂ 'ਤੇ ਰੋਕੀ। ਫਿਰ ਉਨ੍ਹਾਂ ਨੇ ਇਕ ਹੋਰ ਥਾਂ 'ਤੇ ਇਸ ਦਾ ਸ਼ੋਅ ਰੱਖਿਆ ਜਿੱਥੇ ਦਰਸ਼ਕ ਦੁੱਗਣੀ ਗਿਣਤੀ ਵਿੱਚ ਆ ਗਏ। ਉਸ ਤੋਂ ਬਾਅਦ ਪੁਲਿਸ ਨੇ ਸ਼ਾਂਤੀਨਿਕੇਤਨ ਵਿੱਚ ਇਸ ਦੀ ਸਕਰੀਨਿੰਗ ਰੋਕੀ। ਮੁੰਬਈ ਵਿੱਚ ਇਕ ਦੋ ਥਾਂਵਾਂ 'ਤੇ ਰੋਕੀ। ਮਤਲਬ ਕਿ ਜਿੱਥੇ ਕਿਤੇ ਵੀ ਰੋਕੀ ਗਈ, ਉੱਥੇ ਲੋਕਾਂ ਨੇ ਫਿਰ ਬਦਲਵੀਆਂ ਥਾਂਵਾਂ 'ਤੇ ਇਸ ਦੇ ਸ਼ੋਅ ਕਰਵਾਏ। ਇਸ ਦੇ ਵੱਡੇ ਵੱਡੇ ਸ਼ੋਅ ਹੋਏ ਹਨ। ਇਸ ਤਰ੍ਹਾਂ ਨਹੀਂ ਕਿ 15-20 ਜਾਂ 50 ਲੋਕਾਂ ਦੇ ਸ਼ੋਅ ਹੋਣ, ਉਸ ਤੋਂ ਵੱਡੇ ਸ਼ੋਅ ਹੋਏ ਹਨ। ਕਲਕੱਤੇ ਵਿੱਚ ਇਕ ਥਾਂ 'ਤੇ ਸੜਕ ਦੇ ਵਿਚਕਾਰ ਸਕਰੀਨਿੰਗ ਕੀਤੀ ਗਈ। ਇਸ ਤਰ੍ਹਾਂ ਛੋਟੇ ਸ਼ੋਆਂ ਤੋਂ ਲੈ ਕੇ ਵੱਡੇ ਸ਼ੋਅ ਹੋਏ ਹਨ। ਲੋਕਾਂ ਨੇ ਇਸ ਤਰ੍ਹਾਂ ਵੀ ਕੀਤਾ ਹੈ ਕਿ ਡੀ ਵੀ ਡੀਆਂ ਮੰਗਵਾ ਕੇ ਆਪਣੇ ਘਰਾਂ ਵਿੱਚ 15-20 ਲੋਕਾਂ ਨੂੰ ਸੱਦ ਕੇ ਇਸ ਦੇ ਸ਼ੋਅ ਕੀਤੇ ਹਨ। ਘਰ ਵਿੱਚ ਇਕ ਛੋਟੇ ਜਿਹੇ ਟੀ ਵੀ 'ਤੇ ਜਾਂ ਸਕਰੀਨ ਮੰਗਵਾ ਕੇ, ਪ੍ਰੋਜੈਕਟਰ ਮੰਗਵਾ ਕੇ ਸਕਰੀਨਿੰਗ ਕੀਤੀਆਂ ਗਈਆਂ ਹਨ। ਅਸਲ ਵਿੱਚ ਇਹ ਕਾਫੀ ਦਿਲਚਸਪ ਹੈ। ਛੋਟੇ ਸ਼ੋਆਂ ਤੋਂ ਲੈ ਕੇ ਵੱਡੇ ਵੱਡੈ ਸ਼ੋਅ ਕੀਤੇ ਗਏ ਹਨ, ਲੋਕਾਂ ਦੇ ਡਰਾਇੰਗ ਰੂਮਾਂ ਤੋਂ ਲੈ ਕੇ ਵੱਡੇ ਵੱਡੇ ਹਾਲਾਂ ਵਿੱਚ, ਓਪਨ ਏਅਰ ਥੀਏਟਰਾਂ ਵਿੱਚ। ਇਸ ਤਰ੍ਹਾਂ ਇਸ ਫਿਲਮ ਨੂੰ ਦਿਖਾਲਣ ਦਾ ਅਮਲ ਇਕ ਬਹੁਤ ਹੀ ਦਿਲਚਸਪ ਲਹਿਰ ਬਣ ਗਿਆ ਸੀ। ਅਤੇ ਫਿਲਮ ਦਿਖਾਉਣਾ ਹੀ ਵਿਰੋਧ ਦਾ ਐਕਸ਼ਨ ਬਣ ਗਿਆ। ਜਿਵੇਂ ਮੈਂ ਕਹਿ ਰਿਹਾ ਸੀ ਕਿ ਅਜ਼ਾਦ ਡਾਕੂਮੈਂਟਰੀ ਦਾ ਰੂਪ ਹੀ ਆਪਣੇ ਆਪ ਵਿੱਚ ਵਿਰੋਧ ਦਾ ਐਕਸ਼ਨ ਹੈ, ਇਸ ਦੇ ਖਿਆਲ ਦਾ ਜਨਮ ਹੋਣ ਤੋਂ ਲੈ ਕੇ ਇਸ ਦੇ ਵਿਤਰਣ ਤੱਕ। ਅਤੇ ਇਸ ਫਿਲਮ ਦਾ ਵਿਤਰਣ ਆਪਣੇ ਆਪ ਵਿੱਚ ਵਿਰੋਧ ਦਾ ਰੂਪ ਸੀ।
ਸਵਾਲ: ਤੁਸੀਂ ਜਿਸ ਕਿਸਮ ਦਾ ਕੰਮ ਕਰ ਰਹੇ ਹੋ, ਜਿਸ ਕਿਸਮ ਦੀਆਂ ਡਾਕੂਮੈਂਟਰੀਆਂ ਬਣਾ ਰਹੇ ਹੋ, ਇਸ ਲਈ ਜੋ ਪੈਸੇ ਚਾਹੀਦੇ ਹਨ, ਉਹ ਕਿੱਥੋਂ ਆਉਂਦੇ ਹਨ, ਤੁਸੀਂ ਉਸ ਦਾ ਕਿਸ ਤਰ੍ਹਾਂ ਪ੍ਰਬੰਧ ਕਰਦੇ ਹੋ? ਕੀ ਇਹ ਸੌਖਾ ਕੰਮ ਹੈ ਜਾਂ ਮੁਸ਼ਕਿਲ?ਜਵਾਬ: ਸੌਖਾ ਤਾਂ ਨਹੀਂ ਹੈ। ਬਹੁਤ ਹੀ ਔਖਾ ਕੰਮ ਹੈ। ਇਸ ਲਈ ਪੈਸਿਆਂ ਦਾ ਪ੍ਰਬੰਧ ਕਰਨਾ ਤਾਂ ਬਹੁਤ ਹੀ ਔਖਾ ਕੰਮ ਹੈ। ਪਰ ਇਸ ਲਈ ਕਈ ਰਸਤੇ ਹਨ। ਹੁਣ ਤਾਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਾਫੀ ਸੰਸਥਾਂਵਾਂ ਵਗੈਰਾ ਹਨ, ਜੋ ਡਾਕੂਮੈਂਟਰੀ ਫਿਲਮਾਂ ਬਣਾਉਣ ਵਿੱਚ ਮਦਦ ਕਰਨਾ ਚਾਹੁੰਦੀਆਂ ਹਨ। ਪਹਿਲਾਂ ਤਾਂ ਇਹ ਦੋ ਹੀ ਸ੍ਰੋਤ ਹੁੰਦੇ ਸਨ, ਪੀ ਐੱਸ ਬੀ ਟੀ (ਪਬਲਿਕ ਸਰਵਿਸ ਬ੍ਰੌਡਕਾਸਟਿੰਗ ਟ੍ਰਸਟ) ਅਤੇ ਫਿਲਮ ਡਿਵੀਜ਼ਨ। ਕਾਫੀ ਖੁਦਮੁਖਤਾਰੀ ਵੀ ਸੀ। ਇਸ ਤਰ੍ਹਾਂ ਦੇ ਮਸਲੇ ਤਾਂ ਸਨ ਕਿ ਇਕ ਖਾਸ ਸਮੇਂ ਦੇ ਵਿੱਚ ਫਿਲਮਾਂ ਬਣਨੀਆਂ ਚਾਹੀਦੀਆਂ ਸਨ। ਸੋ ਇਹ ਦੋ ਥਾਂਵਾਂ ਸਨ। ਬੇਸ਼ੱਕ ਇਹਨਾਂ ਲਈ ਪੈਸੇ ਸਰਕਾਰ ਵੱਲੋਂ ਦਿੱਤੇ ਜਾਂਦੇ ਸਨ, ਪਰ ਕਾਫੀ ਹੱਦ ਤੱਕ ਖੁਦਮੁਖਤਾਰੀ ਸੀ। ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਉਦੋਂ ਤੋਂ ਹੌਲੀ ਹੌਲੀ ਇਹ ਹੱਥ 'ਚੋਂ ਨਿਕਲ ਗਈਆਂ ਹਨ। ਹੌਲੀ ਹੌਲੀ ਉਨ੍ਹਾਂ ਨੇ ਇਨ੍ਹਾਂ 'ਤੇ ਕਬਜ਼ਾ ਕਰ ਲਿਆ ਹੈ। ਇਹ ਇਹਨਾਂ ਨੂੰ ਵੀ ਬਰਬਾਦ ਕਰ ਰਹੇ ਹਨ। ਪਰ ਫੰਡਿੰਗ ਦੇ ਕੁਝ ਹੋਰ ਸ੍ਰੋਤ ਵੀ ਹਨ। ਪਰ ਉਨ੍ਹਾਂ ਵਿੱਚ ਵੀ ਕਾਫੀ ਸਮੱਸਿਆਵਾਂ ਹੁੰਦੀਆਂ ਹਨ। ਕਈ ਇਸ ਤਰ੍ਹਾਂ ਦੇ ਸ੍ਰੋਤ ਹਨ ਜਿਹਨਾਂ ਵਿੱਚ ਐਡੀਟੌਰੀਅਲ ਪੱਧਰ 'ਤੇ ਉਨ੍ਹਾਂ ਦਾ ਬਹੁਤ ਕੰਟਰੋਲ ਹੁੰਦਾ ਹੈ। ਖਾਸ ਕਰਕੇ ਜਦੋਂ ਕੋਈ ਫਿਲਮ ਤੀਜੀ ਦੁਨੀਆ 'ਤੇ ਹੋਵੇ। ਉਹ ਇਸ ਤਰ੍ਹਾਂ ਦੀ ਫਿਲਮ ਚਾਹੁੰਦੇ ਹਨ ਕਿ ਜਿਸ ਦਾ ਬਹੁਤ ਜ਼ਿਆਦਾ ਸਰਲੀਕਰਨ ਕੀਤਾ ਗਿਆ ਹੋਵੇ। ਉਹ ਥੋੜ੍ਹਾ ਜਿਹਾ ਚਾਹੁੰਦੇ ਹਨ ਕਿ ਫਿਲਮ ਪਹਿਲੀ ਦੁਨੀਆ ਦੇ ਦਰਸ਼ਕਾਂ ਦੇ ਦੇਖਣ ਲਈ ਬਣਾਈ ਗਈ ਹੋਵੇ। ਉਹ ਫਿਲਮ ਵਿੱਚ ਸੂਖਮਤਾ ਨਹੀਂ ਚਾਹੁੰਦੇ। ਇਸ ਤਰ੍ਹਾਂ ਦੀ ਫੰਡਿੰਗ ਦੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਮੁਜ਼ੱਫਰਨਗਰ ਬਾਕੀ ਹੈ ਲਈ ਤਾਂ ਵੱਡੇ ਪੱਧਰ 'ਤੇ ਲੋਕਾਂ ਨੇ ਪੈਸੇ ਦਿੱਤੇ ਸਨ (ਇਹ ਕਰਾਊਡ ਫੰਡਿਡ ਸੀ)। ਫਿਲਮ ਲਈ ਪੈਸੇ ਇਕੱਠੇ ਕਰਨ ਦਾ ਕੋਈ ਇਕ ਢੰਗ ਨਹੀਂ ਹੈ। ਜਿਵੇਂ ਮੈਂ ਕਿਹਾ ਹੈ ਕਿ ਇਸ ਦੇ ਕਈ ਸ੍ਰੋਤ ਹਨ। ਅਤੇ ਕਈ ਵਾਰ ਤੁਹਾਨੂੰ ਚੁਸਤ ਬਣਨਾ ਪੈਂਦਾ ਹੈ, ਤੁਹਾਨੂੰ ਆਪਣੇ ਢੰਗ ਦੀ ਫਿਲਮ ਬਣਾਉਣ ਲਈ ਕਈ ਵਾਰ ਪੈਸੇ ਦੇਣ ਵਾਲਿਆਂ ਨਾਲ ਹੁਸ਼ਿਆਰੀ ਨਾਲ ਵਰਤਣਾ ਪੈਂਦਾ ਹੈ।
ਸਵਾਲ: ਤਾਂ ਇਸ ਕਿਸਮ ਦੀ ਸਥਿਤੀ ਵਿੱਚ, ਇਕ ਡਾਕੂਮੈਂਟਰੀ ਫਿਲਮਸਾਜ਼ ਵੱਲੋਂ ਆਪਣੇ ਆਪ ਨੂੰ ਕਾਇਮ ਰੱਖਣ ਦਾ ਅਮਲ ਕਿਸ ਤਰ੍ਹਾਂ ਦਾ ਹੈ? ਕੀ ਤੁਸੀਂ ਪੂਰੇ ਸਮੇਂ ਲਈ ਡਾਕੂਮੈਂਟਰੀ ਫਿਲਮਸਾਜ਼ੀ ਕਰਦੇ ਹੋ, ਜਾਂ ਤੁਹਾਨੂੰ ਕੁਛ ਹੋਰ ਵੀ ਕਰਨਾ ਪੈਂਦਾ ਹੈ।ਜਵਾਬ: ਮੈਂ ਪਾਰਟ ਟਾਇਮ ਪੜ੍ਹਾਉਂਦਾ ਵੀ ਹਾਂ। ਕਦੇ ਕਦੇ ਅਸੀਂ ਸਾਈਡ 'ਤੇ ਕੋਈ ਹੋਰ ਫਿਲਮ ਬਣਾਉਣ ਦੇ ਪ੍ਰੋਜੈਕਟ ਵੀ ਕਰ ਲੈਂਦੇ ਹਾਂ। ਮਤਲਬ ਕਿ ਕਿਸੇ ਐੱਨ ਜੀ ਓ ਜਾਂ ਕਿਸੇ ਕਾਰਪੋਰੇਸ਼ਨ ਲਈ ਕੋਈ ਸਾਈਡ 'ਤੇ ਫਿਲਮ ਬਣਾ ਦਿੱਤੀ ਚੁੱਪ ਚਾਪ। ਮੈਂ ਪੜ੍ਹਾਉਂਦਾ ਹਾਂ। ਮੇਰਾ ਮਤਲਬ ਹੈ ਕਿ ਅਸੀਂ ਪੈਸੇ ਇਕੱਠੇ ਕਰਨ ਲਈ ਹੋਰ ਛੋਟੀਆਂ ਛੋਟੀਆਂ ਚੀਜ਼ਾਂ ਕਰਦੇ ਹਾਂ। ਕੰਮ ਕਰਨ ਦਾ ਕੋਈ ਇਕ ਢੰਗ ਨਹੀਂ ਹੈ।
ਸਵਾਲ: ਤੁਹਾਡਾ ਜਿਹੜਾ ਚੱਲਚਿੱਤਰ ਅਭਿਆਨ ਦਾ ਪ੍ਰੋਜੈਕਟ ਹੈ, ਉਸ ਬਾਰੇ ਦੱਸੋ? ਇਹ ਕੀ ਹੈ ਅਤੇ ਇਸ ਦੀ ਕਿਉਂ ਜ਼ਰੂਰਤ ਹੈ?ਜਵਾਬ: ਜਦੋਂ ਸੰਨ 2013 ਵਿੱਚ ਅਸੀਂ ਮੁਜ਼ੱਫਰਨਗਰ ਬਾਕੀ ਹੈ ਫਿਲਮ ਬਣਾਉਣੀ ਸ਼ੁਰੂ ਕੀਤੀ, ਉਸ ਹਿੰਸਾ ਦੇ ਬਾਅਦ, ਤਾਂ ਅਸੀਂ ਮਹਿਸੂਸ ਕੀਤਾ ਕਿ ਝੂਠੀਆਂ ਵੀਡੀਓ ਰਾਹੀਂ ਬਹੁਤ ਸਾਰਾ ਝੂਠ ਸੋਸ਼ਲ ਮੀਡੀਏ 'ਤੇ ਫੈਲਾਇਆ ਜਾ ਰਿਹਾ ਸੀ, ਅਤੇ ਮੇਨ ਸਟਰੀਮ ਮੀਡੀਏ 'ਤੇ ਵੀ। ਇਕ ਬਹੁਤ ਹੀ ਝੂਠਾ ਵਾਤਾਵਰਨ ਪੈਦਾ ਕਰਨ ਵਿੱਚ ਮੇਨ ਸਟਰੀਮ ਮੀਡੀਏ ਦਾ ਵੀ ਬਹੁਤ ਵੱਡਾ ਹੱਥ ਸੀ। ਸੋਸ਼ਲ ਮੀਡੀਏ 'ਤੇ ਵੀ ਇਹ ਹੀ ਖੇਡ ਖੇਡੀ ਜਾ ਰਹੀ ਸੀ। ਮਾਹੌਲ ਨੂੰ ਖਰਾਬ ਕਰਨ ਲਈ ਇਹ ਸਭ ਕੁਝ ਫੈਲਾਇਆ ਜਾ ਰਿਹਾ ਸੀ। ਮੁੱਜ਼ਫਰਨਗਰ ਦੀ ਹਿੰਸਾ ਦੇ ਪਿੱਛੇ, ਫੌਰੀ ਕਾਰਨ, ਕਾਰਨ ਤਾਂ ਕਈ ਹੋਰ ਵੀ ਸੀਨ, ਪਰ ਫੌਰੀ ਕਾਰਨ ਇਸ ਤਰ੍ਹਾਂ ਦੀਆਂ ਝੂਠੀਆਂ ਵੀਡੀਓ ਸਨ। ਇਨ੍ਹਾਂ 'ਤੇ ਕੋਈ ਰੋਕ ਟੋਕ ਨਹੀਂ ਸੀ। ਇਸ ਦਾ ਕੋਈ ਬਦਲ ਨਹੀਂ ਸੀ, ਇਕ ਖਲਾਅ ਸੀ। ਸਥਾਨਕ ਕਾਰਕੁੰਨਾਂ ਨੂੰ ਵੀ ਲਗਦਾ ਸੀ ਕਿ ਇਸ ਕਿਸਮ ਦਾ ਕੋਈ ਅਲਟਰਨੇਟਿਵ ਮੀਡੀਆ ਖੜ੍ਹਾ ਹੋਣਾ ਚਾਹੀਦਾ ਹੈ। ਉਸ ਖਲਾਅ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ। ਅਸੀਂ ਆਪਣੀ ਸੰਸਥਾ ਹੌਲੀ ਹੌਲੀ ਸੈੱਟ ਕੀਤੀ। ਇਸ ਦਾ ਇਕ ਬਹੁਤ ਮਹੱਤਵਪੂਰਨ ਪੱਖ ਇਹ ਸੀ ਕਿ ਜਿਹੜੇ ਭਾਈਚਾਰੇ ਹਾਸ਼ੀਏ 'ਤੇ ਸਨ, ਉਨ੍ਹਾਂ ਦੇ ਨੌਜਵਾਨਾਂ ਨੂੰ ਅਸੀਂ ਫਿਲਮ ਬਣਾਉਣ ਦੀ ਸਿਖਲਾਈ ਦੇਈਏ। ਅਤੇ ਇਸ ਤਰ੍ਹਾਂ ਦਾ ਖਿਆਲ ਸੀ ਕਿ ਚੱਲ ਚਿੱਤਰ ਅਭਿਆਨ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਹੋਣਾ ਚਾਹੀਦਾ ਕਿ ਇਸ ਦਾ ਸੈੱਟ ਅੱਪ ਦਿੱਲੀ ਵਿੱਚ ਹੋਵੇ। ਮੇਰਾ ਖਿਆਲ ਹੈ ਕਿ ਸਾਨੂੰ ਜੋ ਕੁੱਝ ਸਥਾਨਕ ਪੱਧਰ 'ਤੇ ਹੋ ਰਿਹਾ ਹੈ, ਉਸ ਦਾ ਹਿੱਸਾ ਹੋਣਾ ਚਾਹੀਦਾ ਹੈ। ਜੋ ਕੁੱਝ ਸਥਾਨਕ ਪੱਧਰ 'ਤੇ ਹੋ ਰਿਹਾ ਹੈ, ਉਸ ਨੂੰ ਡਾਕੂਮੈਂਟ ਕਰਨਾ ਚਾਹੀਦਾ ਹੈ, ਉਸ ਨੂੰ ਸ਼ੁਟ ਕਰਨਾ ਚਾਹੀਦਾ ਹੈ। ਜਿਵੇਂ ਮੈਂ ਕਿਹਾ ਹਾਸ਼ੀਏ 'ਤੇ ਮੌਜੂਦ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਿਖਲਾਈ ਦੇਣੀ। ਇਸ ਦੇ ਨਾਲ ਨਾਲ ਉੱਥੇ ਸਭਿਆਚਾਰਕ ਲਹਿਰ ਦੀ ਬਹੁਤ ਘਾਟ ਹੈ। ਅਸੀਂ ਫਿਲਮ ਸ਼ੋਆਂ ਨੂੰ ਗਲੀ ਗਲੀ, ਪਿੰਡ ਪਿੰਡ ਅਤੇ ਮੁਹੱਲੇ ਮੁਹੱਲੇ ਲੈ ਕੇ ਗਏ ਹਾਂ। ਅਜੇ ਵੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਤੱਕ ਤਿੰਨ ਸਾਲ ਹੋ ਗਏ ਹਨ, ਸਥਾਨਕ ਸਿਆਸੀ ਮਾਹੌਲ ਵਿੱਚ ਸਾਡੀ ਇਕ ਹਾਂ-ਪੱਖੀ ਦਖਲਅੰਦਾਜ਼ੀ ਰਹੀ ਹੈ।
ਸਵਾਲ: ਇਸ ਅਭਿਆਨ ਵਿੱਚ ਕਿੰਨੇ ਲੋਕ ਸ਼ਾਮਲ ਹਨ?ਜਵਾਬ: ਇਸ ਸਮੇਂ ਫੁੱਲ ਟਾਇਮ ਤਾਂ ਪੰਜ-ਛੇ ਲੋਕ ਕੰਮ ਕਰਦੇ ਹਨ। ਸਾਡੇ ਵਾਲੰਟੀਅਰ ਬਹੁਤ ਹਨ।
ਸਵਾਲ: ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਤਕਨੌਲੌਜੀ ਵਿੱਚ ਤਬਦੀਲੀ ਆਉਣ ਕਰਕੇ ਡਾਕੂਮੈਂਟਰੀ ਫਿਲਮ ਬਣਾਉਣੀ, ਪਹਿਲਾਂ ਨਾਲੋਂ ਥੋੜ੍ਹੀ ਸੌਖੀ ਹੋ ਗਈ ਹੈ, ਇਸ ਵੇਲੇ ਜੇ ਕਿਸੇ ਨੇ ਡਾਕੂਮੈਂਟਰੀ ਫਿਲਮ ਬਣਾਉਣੀ ਹੋਵੇ ਤਾਂ ਉਹਦੇ ਕੋਲ ਕੀ ਹੋਣਾ ਚਾਹੀਦਾ ਹੈ, ਤਕਨੀਕੀ ਗਿਆਨ, ਜਾਂ ਕੁਛ ਹੋਰ ਵੀ? ਜਵਾਬ: ਤਕਨੀਕੀ ਗਿਆਨ ਦਾ ਮਹੱਤਵਪੂਰਨ ਹੈ ਹੀ। ਪਰ ਮੇਰਾ ਖਿਆਲ ਹੈ ਕਿ ਇਸ ਦੇ ਨਾਲ ਹੀ ਦਿਲਚਸਪੀ, ਸਿਆਸੀ ਦਿਲਚਸਪੀ ਵੀ ਹੋਣੀ ਜ਼ਰੂਰੀ ਹੈ, ਸਮਾਜਕ ਦਿਲਚਸਪੀ ਵੀ ਹੋਣੀ ਜ਼ਰੂਰੀ ਹੈ, ਭਾਵ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ, ਉਹਦੇ ਬਾਰੇ ਇਕ ਦਿਲਚਸਪੀ, ਇਕ ਉਤਸ਼ਾਹ ਹੋਣਾ ਜ਼ਰੂਰੀ ਹੈ, ਸਿਰਫ ਇਕ ਕਾਰਕੁੰਨ (ਐਕਟਵਿਸਟ) ਹੋਣਾ ਕਾਫੀ ਨਹੀਂ। ਜੇ ਤੁਸੀਂ ਇਕ ਕਾਰਕੁੰਨ ਹੋ ਤਾਂ ਹੋਰ ਵੀ ਤਰੀਕੇ ਹੁੰਦੇ ਹਨ ਆਪਣਾ ਕੰਮ ਕਰਨ ਦੇ, ਕਈਆਂ ਨੂੰ ਲਿਖਣਾ ਪਸੰਦ ਹੁੰਦਾ ਹੈ, ਕਿਸੇ ਨੂੰ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ। ਇਸ ਲਈ ਤੁਹਾਨੂੰ ਆਪਣਾ ਨਿੱਜੀ ਦਿਲਚਸਪੀ ਬਾਰੇ ਵੀ ਸੋਚਣਾ ਪਵੇਗਾ। ਜੇ ਤੁਹਾਡੀ ਡਾਕੂਮੈਂਟਰੀ ਫਿਲਮ ਬਣਾਉਣ ਵਿੱਚ ਦਿਲਚਸਪੀ ਨਹੀਂ ਹੋ, ਅਤੇ ਤੁਸੀਂ ਸਿਰਫ ਆਪਣੇ ਮੁੱਦੇ ਨੂੰ ਲੈ ਕੇ ਉਤਸ਼ਾਹਿਤ ਹੋ ਅਤੇ ਕੈਮਰਾ ਚੁੱਕ ਕੇ ਤੁਰ ਪਵੋ, ਤਾਂ ਮੇਰੇ ਖਿਆਲ ਵਿੱਚ ਇਹ ਕਾਫੀ ਨਹੀਂ ਹੈ। ਮੇਰਾ ਖਿਆਲ ਹੈ ਕਿ ਰੂਪ ਅਤੇ ਸਿਆਸਤ, ਦੋਵੇਂ ਇਕ ਦੂਜੇ 'ਤੇ ਨਿਰਭਰ ਹਨ ਅਤੇ ਇਨ੍ਹਾਂ ਦਾ ਇਕ ਦਾ ਦੂਸਰੇ ਤੋਂ ਅਜ਼ਾਦ ਹੋਣਾ ਸੰਭਵ ਨਹੀਂ। ਸਫਦਰ ਹਾਸ਼ਮੀ ਨੇ ਵੀ ਕਿਹਾ ਹੈ ਕਿ ਜੇ ਤੁਸੀਂ ਲੋਕਾਂ ਤੱਕ ਥੀਏਟਰ ਲੈ ਕੇ ਜਾ ਰਹੇ ਹੋ ਤਾਂ ਲੋਕਾਂ ਤੱਕ ਚੰਗਾ ਥੀਏਟਰ, ਮੁਕਾਬਲਤਨ ਚੰਗਾ ਥੀਏਟਰ, ਲੈ ਕੇ ਜਾਉ। ਲੋਕਾਂ ਤੱਕ ਚੰਗੀਆਂ ਫਿਲਮਾਂ ਲੈ ਕੇ ਜਾਉ। ਇਹ ਨਹੀਂ ਹੋ ਸਕਦਾ ਕਿ ਤੁਸੀਂ ਕਿਉਂਕਿ ਇਕ ਬਹੁਤ ਹੀ ਪ੍ਰਸੰਗਕ ਸਿਆਸੀ ਮੁੱਦੇ 'ਤੇ ਫਿਲਮ ਬਣਾ ਲਈ, ਜਿਵੇਂ ਕਿਵੇਂ ਵੀ ਸ਼ੂਟ ਕਰ ਲਈ, ਜਿਵੇਂ ਕਿਵੇਂ ਵੀ ਐਡਿਟ ਕਰ ਲਈ ਅਤੇ ਲੈ ਗਏ ਲੋਕਾਂ ਦੇ ਸਾਹਮਣੇ। ਸਾਫ ਹੈ ਕਿ ਇਸ ਤਰ੍ਹਾਂ ਕਰਨ ਨਾਲ ਮਾੜੀ ਫਿਲਮ ਹੀ ਬਣੇਗੀ।
ਸਵਾਲ: ਇਸ ਸਮੇਂ ਹਿੰਦੁਸਤਾਨ ਵਿੱਚ ਜਿਸ ਤਰ੍ਹਾਂ ਦੀ ਹਾਲਤ ਹੈ, ਤੁਹਾਡੇ ਵਰਗੇ ਫਿਲਮਸਾਜ਼ਾਂ, ਕਲਾਕਾਰਾਂ ਅਤੇ ਲੇਖਕਾਂ ਦਾ ਕੀ ਰੋਲ ਹੈ? ਤੁਹਾਡੇ ਵਰਗੇ ਲੋਕ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਸਕਦੇ ਹਨ ਅਤੇ ਨਿਭਾ ਰਹੇ ਹਨ?ਜਵਾਬ: ਕੀ ਹਨ੍ਹੇਰੇ ਸਮਿਆਂ ਵਿੱਚ ਗੀਤ ਗਾਏ ਜਾਣਗੇ? ਇਸ ਸਵਾਲ ਦਾ ਜੁਆਬ ਦਿੰਦਿਆਂ ਬ੍ਰਤੋਲਤ ਬ੍ਰੈਖਤ ਨੇ ਕਿਹਾ ਸੀ, ਹਾਂ ਜੀ ਹਨ੍ਹੇਰੇ ਸਮਿਆਂ ਵਿੱਚ ਹਨ੍ਹੇਰੇ ਸਮਿਆਂ ਬਾਰੇ ਗੀਤ ਜਾਣਗੇ। ਅੱਜ ਦੇ ਦੌਰ ਵਿੱਚ ਹਿੰਦੁਸਤਾਨ ਵਿੱਚ ਸੱਚ ਬੋਲਣਾ ਹੀ ਵਿਰੋਧ ਦਾ ਅਮਲ ਹੋ ਗਿਆ ਹੈ, ਅਤੇ ਉਹ ਸਾਡਾ ਕੰਮ ਹੈ। ਉਸ ਤੋਂ ਪਿੱਛੇ ਨਹੀਂ ਹਟਣਾ। ਲੜਦੇ ਰਹਿਣਾ ਹੈ। ਮੇਰਾ ਖਿਆਲ ਹੈ ਕਿ ਹੌਲੀ ਹੌਲੀ ਲੋਕਾਂ ਤੱਕ ਪਹੁੰਚਣ ਦੇ ਰਸਤੇ ਬੰਦ ਹੁੰਦੇ ਜਾ ਰਹੇ ਹਨ, ਅਤੇ ਮੇਰਾ ਖਿਆਲ ਹੈ ਕਿ ਹੋਰ ਰਸਤੇ ਵੀ ਲੱਭੇ ਜਾ ਰਹੇ ਹਨ, ਲੱਭੇ ਜਾਂਦੇ ਰਹਿਣਗੇ, ਉਹ ਤਾਂ ਅਸੀਂ ਕਰਦੇ ਹੀ ਰਹਾਂਗੇ। ਕੁਛ ਨਾ ਕੁਛ ਤਾਂ ਕਰਦੇ ਹੀ ਰਹਾਂਗੇ। ਮੇਰਾ ਖਿਆਲ ਹੈ ਕਿ ਲੋਕਤੰਤਰ ਬਾਰੇ ਇਕ ਬਹੁਤ ਵੱਡਾ ਭੁਲੇਖਾ ਹੈ ਕਿ ਲੋਕਤੰਤਰ ਦਾ ਮਤਲਬ ਸਿਰਫ ਪੰਜਾਂ ਸਾਲਾਂ ਬਾਅਦ ਇਕ ਵਾਰ ਵੋਟ ਪਾਉਣਾ ਹੀ ਹੈ। ਨਹੀਂ ਮੇਰਾ ਖਿਆਲ ਹੈ ਕਿ ਲੋਕਤੰਤਰ ਤਾਂ ਇਕ ਬਹੁਤ ਵੱਡਾ ਅਤੇ ਗੁੰਝਲਦਾਰ ਅਮਲ ਹੈ, ਬਹੁਤ ਹੀ ਸਖਤ ਅਮਲ ਹੈ, ਅਸਲੀ ਲੋਕਤੰਤਰ ਦਾ। ਲੋਕਤੰਤਰ ਵਿੱਚ ਤੁਸੀਂ ਲੋਕਾਂ ਦੀ ਅਸਲੀ ਸ਼ਮੂਲੀਅਤ ਕਿਸ ਤਰ੍ਹਾਂ ਯਕੀਨੀ ਬਣਾਉਗੇ। ਮੇਰਾ ਖਿਆਲ ਹੈ ਕਿ ਅਸਹਿਮਤੀ ਅਤੇ ਵਿਰੋਧ ਲੋਕਤੰਤਰ ਦੇ ਮਹੱਤਵਪੂਰਨ ਆਧਾਰ ਹਨ। ਅੱਜ ਮੈਨੂੰ ਲਗਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਜ਼ਿੰਦਾ ਕਰਨਾ ਬਹੁਤ ਜ਼ਰੂਰੀ ਹੈ। ਇਸ ਸਮੇਂ ਜਦੋਂ ਸਾਡਾ ਲੋਕਤੰਤਰ ਗੁਆਚ ਰਿਹਾ ਹੈ, ਮੇਰਾ ਖਿਆਲ ਹੈ ਕਿ ਇਸ ਸਮੇਂ ਇਹ ਜਿਹੜੀ ਲੋਕਾਂ ਦੀ ਕਲਾ ਹੈ, ਉਹ ਇਕ ਤਰ੍ਹਾਂ ਨਾਲ, ਕਿਸੇ ਨਾ ਕਿਸੇ ਰੂਪ ਵਿੱਚ, ਲੋਕਤੰਤਰ ਨੂੰ ਦੁਬਾਰਾ ਜ਼ਿੰਦਾ ਕਰਦੀ ਹੈ। ਇਕ ਤਰ੍ਹਾਂ ਨਾਲ ਅੱਜ ਕੁਛ ਲਿਖਣਾ ਅਤੇ ਕੁਛ ਬੋਲਣਾ ਹੀ ਜਾਂ ਕੋਈ ਫਿਲਮ ਬਣਾਉਣਾ ਹੀ ਜਾਂ ਕੋਈ ਨਾਟਕ ਕਰਨਾ ਹੀ, ਆਪਣੇ ਆਪ ਵਿੱਚ ਵਿਰੋਧ ਦਾ ਇਕ ਬਹੁਤ ਵੱਡਾ ਅਮਲ ਹੋ ਜਾਂਦਾ ਹੈ, ਉਸ ਵਿਰੋਧ ਨੂੰ ਜ਼ਿੰਦਾ ਰੱਖਣਾ ਹੈ।