ਇਹ ਦਾਅਵਾ ਤਾਂ ਨਾ ਕਦੇ ਮਾਰਕਸ ਨੇ ਕੀਤਾ ਹੈ ਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਸਮਾਜ ਦੇ ਵੱਖ-ਵੱਖ ਪਹਿਲੂਆਂ ਦੀ ਸਮਝ ਨਾ ਤਾਂ ਮਾਰਕਸ ਜਾਂ ਮਾਰਕਸਵਾਦ ਤੋਂ ਸ਼ੁਰੂ ਹੁੰਦੀ ਹੈ ਅਤੇ ਨਾ ਹੀ ਮਾਰਕਸ ‘ਤੇ ਆ ਕੇ ਰੁਕ ਜਾਂਦੀ ਹੈ। ਮਾਰਕਸ ਨੇ ਅਪਣੇ ਤੋਂ ਪਹਿਲੀਆਂ ਵਿਚਾਰਧਾਰਾਵਾਂ, ਸੰਕਲਪਾਂ, ਸਿਧਾਂਤਾਂ ਆਦਿ ਨੂੰ ਖੰਘਾਲਿਆ, ਪਰਖਿਆ, ਪੜਚੋਲਿਆ ਅਤੇ ਇਹਨਾਂ ਵਿਚਾਰਧਾਰਾਵਾਂ ਵਿਚੋਂ ਨਵੇਂ ਰਾਹ ਤਲਾਸ਼ਣ ਦੇ ਯਤਨ ਕੀਤੇ। ਜਿਵੇਂ ਕਿ ਏਂਗਲਜ਼ ਨੇ ਅਪਣੀ ਪ੍ਰਸਿੱਧ ਪੁਸਤਕ ‘ਐਂਟੀ ਡਿਯੂਰਿੰਗ’ ਵਿਚ ਕਿਹਾ ਸੀ ਕਿ, “ਭਵਿੱਖ ਦੀਆਂ ਪੀੜ੍ਹੀਆਂ ਸਾਡੀਆਂ ਗ਼ਲਤੀਆਂ ਨੂੰ ਉਸੇ ਤਰ੍ਹਾਂ ਸੁਧਾਰਨਗੀਆਂ, ਜਿਸ ਤਰ੍ਹਾਂ ਅਸੀਂ ਅਪਣੇ ਤੋਂ ਪਹਿਲੀਆਂ ਪੀੜ੍ਹੀਆਂ ਦੀਆਂ ਗ਼ਲਤੀਆਂ ਨੂੰ ਸੁਧਾਰਿਆ ਹੈ”। ਸੋ, ਕਹਿਣ ਦਾ ਭਾਵ ਹੈ ਕਿ ਮਾਰਕਸਵਾਦ ਇੱਕ ਸਮਰੱਥ, ਵਿਗਿਆਨਿਕ ਅਤੇ ਇਨਕਲਾਬੀ ਵਿਚਾਰਧਾਰਾ ਹੋਣ ਦੇ ਬਾਵਜੂਦ, ਸਮੁੱਚੇ ਸਮਾਜ ਦੀਆਂ ਸਮੁੱਚੀਆਂ ਸਮੱਸਿਆਵਾਂ ਦੇ ਹੱਲ ਦੀ ਗਾਰੰਟੀ ਨਹੀਂ ਦਿੰਦਾ, ਕਿਉਂਕਿ ਹਰ ਪੀੜ੍ਹੀ, ਹਰ ਸਮਾਜ, ਹਰ ਵਰਤਾਰੇ, ਹਰ ਸਮੇਂ ਦੇ ਅਪਣੇਅਪਣੇ ਸੰਕਟ ਹੁੰਦੇ ਹਨ। ਇਹਨਾਂ ਸੰਕਟਾਂ ਨੂੰ ਸਮਝ ਕਿ ਹੀ ਉਨ੍ਹਾਂ ਦੇ ਹੱਲ ਲੱਭੇ ਜਾ ਸਕਦੇ ਹਨ, ਕਿਉਂਕਿ ਅਜੋਕਾ ਸਮਾਂ, ਵਰਤਾਰਾ ਜਾਂ ਯੁੱਗ ਸਰਮਾਏਦਾਰੀ ਦਾ ਯੁੱਗ ਹੈ। ਇਸ ਕਰਕੇ ਸਰਮਾਏਦਾਰੀ ਦੀ ਚਾਲ, ਬਣਤਰ, ਅਸੂਲ ਤੇ ਨਤੀਜਿਆਂ ਨੂੰ ਸਮਝਣ ਲਈ ਸਾਨੂੰ ਅੱਜ ਵੀ ਮਾਰਕਸ ਜਾਂ ਮਾਰਕਸਵਾਦ ਦੇ ਅਧਿਐਨ ਵੱਲ ਜਾਣਾ ਪੈਂਦਾ ਹੈ। ਇਸ ਕਰਕੇ ਅਜੋਕੇ ਵਿਸ਼ਵੀਕਰਨ ਦੇ ਯੁੱਗ ਨੂੰ, ਜੋ ਕਿ ਸਰਮਾਏਦਾਰੀ ਦਾ ਹੀ ਅਗਲਾ ਪੜਾਅ ਹੈ, ਨੂੰ ਸਮਝਣ ਤੇ ਬਦਲਣ ਲਈ ਮਾਰਕਸਵਾਦ ਇੱਕ ਵਿਚਾਰਧਾਰਕ ਹਥਿਆਰ ਦਾ ਕਾਰਜ ਕਰ ਸਕਦਾ ਹੈ। ਮਾਰਕਸਵਾਦ ਦੀ ਇਸ ਅਣ-ਸਰਦੀ ਲੋੜ ਕਾਰਨ ਹੀ ਇਸ ਪੁਸਤਕ ਵਿਚਲੇ ਵੱਖ-ਵੱਖ ਲੇਖਾਂ ਨੂੰ ਸੰਕਲਿਤ ਕੀਤਾ ਗਿਆ ਹੈ ਤੇ ਮੈਨੂੰ ਲਗਦਾ ਹੈ ਕਿ ਪਾਠਕਾਂ ਦੁਆਰਾ ਇਸ ਪੁਸਤਕ ਨੂੰ ਮਿਲ ਰਿਹਾ ਹੁੰਗਾਰਾ ਸਾਡੀ ਇਸ ਕੋਸ਼ਿਸ਼ ਦੇ ਸਾਰਥਿਕ ਹੋਣ ਦੀ ਹਾਮੀ ਭਰਦਾ ਹੈ। ? ਇਸ ਆਧਾਰ ‘ਤੇ ਕੀ ਮਾਰਕਸਵਾਦ ਭਾਰਤੀ ਉਪ-ਮਹਾਂਦੀਪ, ਜਿੱਥੇ ਕਿ ਸਮੂਹਿਕ ਵਿਚਾਰਧਾਰਾਵਾਂ ਦਾ ਜਮਾਵਾੜਾ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ ਜਾਂ ਅਸੀਂ ਇਸ ਨੂੰ ਪੰਜਾਬ ਤੱਕ ਸੀਮਤ ਕਰ ਲਈਏ, ਜਿੱਥੇ ਸਿੱਖ ਵਿਚਾਰਧਾਰਾ ਦੇ ਰੂਪ ਵਿਚ ਪਹਿਲਾਂ ਹੀ ਇੱਕ ਤਾਕਤਵਰ ਲੋਕ-ਪੱਖੀ ਸਿਧਾਂਤ ਮੌਜੂਦ ਹੈ, ਨਾਲ ਤਾਲ-ਮੇਲ ਸਥਾਪਿਤ ਕਰਕੇ ਇੱਕ ਕ੍ਰਾਂਤੀਕਾਰੀ ਇਨਕਲਾਬ ਦੀ ਸਿਰਜਣਾ ਕਰ ਸਕਦਾ ਹੈ। ਜਿਸ ਤਰ੍ਹਾਂ ਲੈਟਿਨ ਅਮਰੀਕਾ ਵਿਚ ‘ਲਿਬਰੇਸ਼ਨ ਥਿਓਲੌਜ਼ੀ’ ਦਾ ਸਰੂਪ ਸਾਡੇ ਸਾਹਮਣੇ ਆਇਆ ਹੈ ਜਾਂ ਫਿਰ ਇੱਥੇ ਇਹਨਾਂ ਦੋਵਾਂ ਵਿਚਾਰਧਾਰਾਵਾਂ ਅੰਦਰ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਦੀ ਪੂਰੀ ਤਰ੍ਹਾਂ ਅਣਹੋਂਦ ਹੀ ਰਹੇਗੀ? - ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਉਪਮਹਾਂਦੀਪ ਵਿਚ ਵਿਕੋਲਿਤਰੀਆਂ ਵਿਚਾਰਧਾਰਾਵਾਂ ਦਾ ਬੋਲ-ਬਾਲਾ ਰਿਹਾ ਹੈ। ਉਦਾਹਰਨ ਦੇ ਤੌਰ ‘ਤੇ ਇੱਥੇ ਕਈ ਭਾਗਾਂ ਵਿਚ ਹਿੰਦੂ ਧਰਮ ਦੀਆਂ ਕੱਟੜਵਾਦੀ ਧਾਰਮਿਕ ਅਤੇ ਜਾਤੀਵਾਦੀ ਪਰੰਪਰਾਵਾਂ ਹਾਵੀ ਰਹੀਆਂ ਹਨ। ਕਈ ਥਾਵਾਂ ‘ਤੇ ਬੁੱਧ ਤੇ ਜੈਨ ਧਰਮਾਂ ਨੇ ਅਪਣੀ ਪਕੜ ਬਣਾਈ। ਕਈ ਇਲਾਕਿਆਂ ਵਿਚ ਸਿਰਫ਼ ਕ੍ਰਿਸ਼ਨ ਦੀ ਪੂਜਾ ਹੁੰਦੀ ਹੈ ਤੇ ਕਈ ਇਲਾਕਿਆਂ ਅੰਦਰ ਰਾਮ ਚੰਦਰ ਜੀ ਨੂੰ ਪੂਜਿਆ ਜਾਂਦਾ ਹੈ। ਕਈਆਂ ਥਾਵਾਂ ਤੇ ਹਨੂਮਾਨ ਜੀ ਦੀ ਵਧੇਰੇ ਅਰਾਧਨਾ ਕੀਤੀ ਜਾਂਦੀ ਹੈ ਤੇ ਦੱਖਣ ਵਿਚ ਕਈ ਅਜਿਹੀਆਂ ਥਾਵਾਂ ਵੀ ਹਨ ਜਿੱਥੇ ਰਾਵਣ ਨੂੰ ਵੱਡਾ ਸਤਿਕਾਰ ਦਿੱਤਾ ਜਾਂਦਾ ਹੈ। ਸੋ, ਕਹਿਣ ਦਾ ਭਾਵ ਹੈ ਕਿ ਭਾਰਤ ਸਿਰਫ਼ ਹਿੰਦੂ ਧਰਮ ਨੂੰ ਪੂਜਣ ਵਾਲੇ ਲੋਕਾਂ ਦਾ ਮੁਲਕ ਹੀ ਨਹੀਂ, ਸਗੋਂ ਇੱਥੇ ਹਿੰਦੂ ਧਰਮ ਦੀਆਂ ਵੱਖ-ਵੱਖ ਸ਼ਾਖਾਵਾਂ ਤੇ ਪਰੰਪਰਾਵਾਂ ਆਦਿ ਤੋਂ ਬਿਨਾਂ ਸ਼ੰਕਰਾਚਾਰੀਆ, ਲੋਕਾਇਤ, ਕਬੀਰ ਪੰਥ, ਸੂਫ਼ੀ ਸਿਲਸਿਲਿਆਂ ਆਦਿ ਅਨੇਕਾਂ ਛੋਟੇਵੱਡੇ ਮੱਠ ਆਦਿ ਮੌਜੂਦ ਰਹੇ ਹਨ ਜੋ ਵੱਖ-ਵੱਖ ਸਮਿਆਂ ਤੇ ਸਥਾਨਾਂ ਉੱਪਰ ਅਪਣਾ ਭਰਪੂਰ ਅਸਰ ਪਾਉਂਦੀਆਂ ਰਹੀਆਂ ਹਨ। ਪੰਜਾਬ ਵੀ ਇਹਨਾਂ ਤੋਂ ਅਛੂਤਾ ਨਹੀਂ ਰਿਹਾ ਹੈ। ਇੱਥੇ ਮੈਂ ਉਸ ਮਹਾਂਪੰਜਾਬ ਦੀ ਗੱਲ ਕਰ ਰਿਹਾ ਹਾਂ ਜੋ ਸੰਨ 1947 ਤੋਂ ਪਹਿਲਾਂ ਮੌਜੂਦ ਸੀ। ਇਸ ਮਹਾਂਪੰਜਾਬ ਵਿਚ ਮੁਸਲਿਮ, ਹਿੰਦੂ ਅਤੇ ਸਿੱਖ ਧਰਮ ਦੇ ਲੋਕ ਸਦੀਆਂ ਤੱਕ ਰਲ਼ਮਿਲ ਕਿ ਰਹਿ ਰਹੇ ਸਨ। ਅੰਗਰੇਜ਼ ਸਾਮਰਾਜ ਦੇ ਇਸ ਮਹਾਂਪੰਜਾਬ ‘ਤੇ ਕਾਬਜ਼ ਹੋਣ ਤੋਂ ਬਾਅਦ ਅੰਗਰੇਜ਼ ਹਾਕਮਾਂ ਨੇ ਅਪਣੀ ‘ਪਾੜੋ ਤੇ ਰਾਜ ਕਰੋ’ ਦੀ ਕੂਟਨੀਤੀ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਲੀਹਾਂ ‘ਤੇ ਵੰਡ ਦਿੱਤਾ। ਇਹੋ ਕਾਰਨ ਸੀ ਕਿ ਸ਼ਾਹ ਮੁਹੰਮਦ ਅਪਣੇ ਜੰਗਨਾਮੇ ਵਿਚ ਕੁਰਲਾ ਉੱਠਿਆ ਸੀ: ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ
ਸਿਰ ਦੋਹਾਂ ਦੇ ਉੱਤੇ ਆਫ਼ਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਕਦੇ ਨਹੀਂ ਸੀ ਤੀਸਰੀ ਜਾਤ ਆਈ।
ਸ਼ਾਹ ਮੁਹੰਮਦ ਜਾਣ ਗਿਆ ਸੀ ਕੇ ਪੰਜਾਬ ਦਾ ਭਵਿੱਖ ਹੁਣ ਸੁਰੱਖਿਅਤ ਨਹੀਂ ਰਹੇਗਾ। ਸ਼ਾਹ ਮੁਹੰਮਦ ਦੀ ਭਵਿੱਖਬਾਣੀ ਉਸ ਵਕਤ ਹੋਰ ਵੀ ਵਧੇਰੇ ਸੱਚ ਹੋ ਗਈ ਜਦੋਂ ਮਹਾਂਪੰਜਾਬ ਤਕਸੀਮ ਦਰ ਤਕਸੀਮ ਹੁੰਦਾ ਹੋਇਆ 1947 ਤੋਂ ਬਾਅਦ ਪੰਜਾਬੀ ਸੂਬੇ ਦੀ ਥਾਂ ਇੱਕ ‘ਸੂਬੀ’ ਜਿਹੀ ਬਣਾ ਦਿੱਤਾ ਗਿਆ। ਹਿੰਦੂ, ਸਿੱਖ ਤੇ ਮੁਸਲਮਾਨ ਹਾਕਮਾਂ ਨੇ ਪੰਜਾਬ ਨੂੰ ਵੱਢਣ, ਟੁੱਕਣ ਤੇ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਇਸ ਵੰਡ ਦੀ ਤਬਾਹੀ ਦਾ ਦਰਦ ਇੰਨਾ ਭਿਆਨਕ ਸੀ ਕਿ ਉਹ ਸਦੀਆਂ ਤੱਕ ਪੰਜਾਬੀਆਂ ਦਾ ਜ਼ਿਹਨ ਵਿਚ ਨਾਸੂਰ ਵਾਂਗ ਰਿਸਦਾ ਰਹੇਗਾ। ਆਜ਼ਾਦੀ ਤੋਂ ਬਾਅਦ ਕਾਂਗਰਸ ਤੇ ਅਕਾਲੀਆਂ ਦੀ ਸਿਆਸਤ ਨੇ ਪੰਜਾਬ ਨੂੰ ਸਿੱਖੀ ਪ੍ਰਧਾਨਤਾ ਵਾਲਾ ਸੂਬਾ (ਸੂਬੀ) ਬਣਾਉਣ ਦਾ ਯਤਨ ਕੀਤਾ, ਜਿੱਥੇ ਅਕਾਲੀ ਦਲ ਅਪਣੀ ਖ਼ੁਦ-ਮੁਖ਼ਤਿਆਰ ਸਰਕਾਰ ਬਣਾ ਸਕੇ। ਸੰਨ 1966 ਤੋਂ ਬਾਅਦ ਅਕਾਲੀ ਦਲ ਦਾ ਇਹ ਸੁਪਨਾ ਤਾਂ ਪੂਰਾ ਹੋ ਗਿਆ ਪਰ ਇਸ ਘਿਣਾਉਣੀ ਸਿਆਸਤ ਵਿਚ ਕਰੋੜਾਂ ਪੰਜਾਬੀਆਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਗਏ। ਤੁਹਾਡੇ ਸਵਾਲ ਤੋਂ ਲਗਦਾ ਹੈ ਕਿ ਤੁਸੀਂ ਇਸ ਸਿੱਖੀ ਪ੍ਰਧਾਨਤਾ ਵਾਲੇ ਪੰਜਾਬ ਭਾਵ ਅਜੋਕੇ ਭਾਰਤੀ ਪੰਜਾਬ ਦੀ ਗੱਲ ਕਰ ਰਹੇ ਹੋ। ਜਿੱਥੋਂ ਤੱਕ ਸਿੱਖ ਧਰਮ ਦਾ ਸਵਾਲ ਹੈ, ਇਹ ਧਰਮ ਹੁਣ ਤੱਕ ਦੇ ਪੈਦਾ ਹੋਏ ਸਮੂਹ ਧਰਮਾਂ ਵਿਚੋਂ ਇੱਕ ਇਨਕਲਾਬੀ ਧਰਮ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਕੇਵਲ ਸਿੱਖ ਗੁਰੂਆਂ ਨੇ ਹੀ ਨਹੀਂ ਸਗੋਂ ਅਨੇਕਾਂ ਹੋਰਨਾਂ ਸਿੱਖਾਂ ਨੇ ਵੀ ਅਪਣੇ ਸਮਾਜ ਦੇ ਲਿਤਾੜੇ, ਮਜ਼ਲੂਮ, ਦੱਬੇਕੁਚਲੇ ਲੋਕਾਂ ਦੀ ਬਿਹਤਰ ਜ਼ਿੰਦਗੀ ਲਈ ਬੇਹੱਦ ਕੁਰਬਾਨੀਆਂ ਕੀਤੀਆਂ ਸਨ। ਪੰਜਾਬ ਦੇ ਇਤਿਹਾਸਿਕ ਪਿਛੋਕੜ, ਧਾਰਮਿਕ, ਸਮਾਜਿਕ, ਸਭਿਆਚਾਰਕ ਪ੍ਰਸਥਿਤੀਆਂ ਨੇ ਸਿੱਖ ਧਰਮ ਦੇ ਪ੍ਰਫੁੱਲਿਤ ਹੋਣ ਲਈ ਜ਼ਮੀਨ ਤਿਆਰ ਕੀਤੀ। ਸਿੱਟੇ ਵਜੋਂ ਮਹਾਂ-ਪੰਜਾਬ ਦਾ ਵੱਡਾ ਹਿੱਸਾ ਸਿੱਖੀ ਰੰਗ ਵਿਚ ਰੰਗਿਆ ਗਿਆ। ਮੱਧਕਾਲ ਵਿਚ ਵੱਡੀ ਗਿਣਤੀ ਵਿਚ ਲੋਕ ਸਿੱਖ ਵਿਚਾਰਧਾਰਾ ਵੱਲ ਖਿੱਚੇ ਗਏ। ਵਿਸ਼ੇਸ਼ ਤੌਰ ‘ਤੇ ਕਿਸਾਨੀ ਅਤੇ ਹੋਰ ਕਿਰਤੀ ਜਮਾਤਾਂ, ਜਿਹੜੀਆਂ ਉਸ ਸਮੇਂ ਬ੍ਰਾਹਮਣਵਾਦ ਤੇ ਮੁਗ਼ਲ ਹਕੂਮਤ ਵੱਲੋਂ ਤੰਗ ਆ ਚੁੱਕੀਆਂ ਸਨ, ਨੇ ਸਿੱਖ ਧਰਮ ਅਪਣਾ ਲਿਆ। ਨਤੀਜੇ ਵਜੋਂ ਛੇਤੀ ਹੀ ਸਿੱਖਾਂ ਨੇ ਸਿਆਸੀ ਸੱਤਾ ਪ੍ਰਾਪਤ ਕਰਨ ਵੱਲ ਕਦਮ ਵਧਾਏ। ਬੰਦਾ ਬਹਾਦਰ ਤੋਂ ਬਾਅਦ ਸਿੱਖ ਮਿਸਲਾਂ ਅਤੇ ਰਣਜੀਤ ਸਿੰਘ ਤੱਕ ਪਹੁੰਚਦਿਆਂ ਸਿੱਖ ਪੰਜਾਬ ਅਤੇ ਹੋਰਨਾਂ ਇਲਾਕਿਆਂ ‘ਤੇ ਕਾਬਜ਼ ਹੋਣ ਵਿਚ ਕਾਮਯਾਬ ਹੋ ਗਏ। ਸਿਆਸੀ ਸੱਤਾ ਹਥਿਆਉਣ ਤੋਂ ਬਾਅਦ ਜਿਵੇਂ ਦੁਨੀਆਂ ਦੇ ਬਾਕੀ ਧਰਮਾਂ ਨਾਲ ਹੋਇਆ, ਸਿੱਖ ਧਰਮ ਨਾਲ ਵੀ ਉਸੇ ਤਰ੍ਹਾਂ ਵਾਪਰਿਆ। ਸਿੱਖੀ ਨੂੰ ਸੰਸਥਾਗਤ ਕਰ ਦਿੱਤਾ ਗਿਆ। ਜਿਹੜੇ ਅਸੂਲਾਂ, ਹਿਤਾਂ ਅਤੇ ਸਿਧਾਂਤਾਂ ‘ਤੇ ਸਿੱਖ ਗੁਰੂ ਸਾਹਿਬਾਨਾਂ ਨੇ ਇੱਕ ਵੱਡੀ ਲੋਕ ਲਹਿਰ ਸ਼ੁਰੂ ਕੀਤੀ ਸੀ, ਉਸ ਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ। ਰਣਜੀਤ ਸਿੰਘ ਦੇ ਰਾਜ ਅੰਦਰ ਸਿੱਖ ਸਿਧਾਂਤਾਂ ਨੂੰ ਪੁੱਠਾ ਗੇੜਾ ਦੇਣ ਦੀਆਂ ਭਰਪੂਰ ਕੋਸ਼ਿਸ਼ਾਂ ਹੋਈਆਂ। ਇਸ ਦਾ ਨਤੀਜਾ ਇਹ ਹੋਇਆ ਕਿ ਚਾਲੀ ਸਾਲ ਦੇ ਰਣਜੀਤ ਸਿੰਘ ਰਾਜ ਕਾਲ ਤੋਂ ਬਾਅਦ ‘ਸਿੱਖ ਰਾਜ’ ਖੇਰੂੰਖੇਰੂੰ ਹੋ ਗਿਆ। ਅੰਗਰੇਜ਼ ਸਾਮਰਾਜ ਨੇ ‘ਸਿੱਖ ਰਾਜ’ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਅੱਜ ਹਾਲਾਤ ਇਹ ਬਣ ਚੁੱਕੀ ਹੈ ਕਿ ਸਿੱਖਾਂ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਜਿਵੇਂ ਐੱਸ.ਜੀ.ਪੀ.ਸੀ., ਤਖ਼ਤਾਂ ਆਦਿ ਉੱਪਰ ਅਕਾਲੀ ਦਲ ਬਾਦਲ ਵੱਲੋਂ ਕਬਜ਼ਾ ਕੀਤਾ ਜਾ ਚੁੱਕਾ ਹੈ। ਇਹਨਾਂ ਤੋਂ ਇਲਾਵਾ ਵੱਖ-ਵੱਖ ਟਕਸਾਲਾਂ ਆਦਿ ‘ਤੇ ਕੱਟੜਪੰਥੀਆਂ ਜਾਂ ਸਿੱਧੇ ਅਤੇ ਅਸਿੱਧੇ ਤੌਰ ‘ਤੇ ਕਾਂਗਰਸ ਕਾਬਜ਼ ਹੈ। ਪਿਛਲੇ ਲੰਮੇ ਸਮੇਂ ਤੋਂ ਸਿੱਖ ਧਰਮ ‘ਪੂੰਜੀ’ ਦੀ ਪਕੜ ਵਿਚ ਹੈ। ਜੋ ਲੋਕ ਪੰਜਾਬ ਦੀ ਪੂੰਜੀ ‘ਤੇ ਕਾਬਜ਼ ਹਨ, ਲਗਭਗ ਉਹੀ ਲੋਕ ਸਿੱਖ ਧਰਮ ‘ਤੇ ਕਾਬਜ਼ ਹਨ।ਹੁਣ ਸਵਾਲ ਇਸ ਲੋਕ-ਪੱਖੀ ਧਰਮ ਨੂੰ ਸਰਮਾਏਦਾਰ ਤੇ ਰਸੂਖਦਾਰ ਲੋਕਾਂ ਤੋਂ ਛੁਡਾਉਣ ਦਾ ਹੈ। ਇਹ ਕਸ਼ਮਕਸ਼ ਕੱਟੜਪੰਥੀ (ਗਰਮ ਦਲੀਏ) ਅਤੇ ਅਕਾਲੀ ਦਲ ਦੇ ਸਰਮਾਏਦਾਰ/ਜਾਗੀਰੂ ਦਿੱਖ ਵਾਲੇ ਲੀਡਰਾਂ ਵਿਚਕਾਰ ਚਲਦੀ ਰਹਿੰਦੀ ਹੈ। ਇਸ ਸੰਘਰਸ਼ ਵਿਚੋਂ ਕਮਿਊਨਿਸਟ ਜਾਂ ਹੋਰ ਉਦਾਰਵਾਦੀ ਪਾਰਟੀਆਂ ਗ਼ਾਇਬ ਰਹਿੰਦੀਆਂ ਹਨ। ਇਸ ਦਾ ਪ੍ਰਮੁੱਖ ਕਾਰਨ ਹੈ ਕਿ ਭਾਰਤੀ ਕਮਿਊਨਿਸਟਾਂ ਨੇ ਭਾਰਤ ਵਿਚ ਧਰਮ ਦੀ ਅਹਿਮੀਅਤ ਨੂੰ ਬਹੁਤ ਘਟਾ ਕੇ ਵੇਖਿਆ ਹੈ। ਗ਼ਦਰੀ ਬਾਬਿਆਂ ਨੇ ਸਾਰਥਿਕ ਯਤਨ ਕੀਤੇ ਸਨ ਪਰ ਭਾਰਤ ਵਿਚ ਕਮਿਊਨਿਸਟ ਪਾਰਟੀ ਜਾਂ ਪਾਰਟੀਆਂ ਬਣਨ ਤੋਂ ਬਾਅਦ ਅਜਿਹੇ ਯਤਨ ਨਹੀਂ ਹੋਏ। ਸਿੱਟੇ ਵਜੋਂ ਧਰਮ ਨੂੰ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਜਾਣ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਜੋ ਧਰਮ ਦੇ ਸਿਧਾਂਤਾਂ ਤੋਂ ਉਲਟ ਖਲੋਤੇ ਸਨ। ਸਿਰਫ਼ ਪੰਜਾਬ ਵਿਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ਵਿਚ ਹੀ ਧਰਮ ਬਾਰੇ ਕਮਿਊਨਿਸਟਾਂ ਦਾ ਨਜ਼ਰੀਆ ਬਹੁਤਾ ਵਿਦਵਤਾ ਵਾਲਾ ਨਹੀਂ ਰਿਹਾ, ਸਗੋਂ ਕਈ ਵਾਰ ਇਹ ਕੱਟੜਤਾ ਦੀ ਹੱਦ ਤੱਕ ਭਾਰੂ ਰਿਹਾ ਹੈ। ਇਸ ਦਾ ਖ਼ਮਿਆਜ਼ਾ ਸਦੀਆਂ ਤੋਂ ਧਰਮ ਨਾਲ ਜੁੜੇ ਗਰੀਬ, ਦਲਿਤ ਅਤੇ ਲੁੱਟੇ ਜਾ ਰਹੇ ਲੋਕ ਭੁਗਤਦੇ ਰਹੇ ਹਨ। ਕਮਿਊਨਿਸਟਾਂ ਨੂੰ ਲੋੜ ਹੈ ਕਿ ਉਹ ਧਰਮ ਦੇ ਇਨਕਲਾਬ, ਲੋਕ ਹਿਤੂ ਅਤੇ ਕੁਰਬਾਨੀਆਂ ਵਾਲੇ ਇਤਿਹਾਸ ਤੋਂ ਜਾਣੂੰ ਹੋ ਕਿ ਪੰਜਾਬ ਦੀ ਰਹਿਤਲ ਨੂੰ ਪਛਾਣਨ। ਜੇਕਰ ਭਾਰਤੀ ਪੰਜਾਬ ਵਿਚ ਕੋਈ ਤਬਦੀਲੀ ਲਿਆਉਣੀ ਹੈ ਤਾਂ ਕਮਿਊਨਿਸਟਾਂ ਨੂੰ ਪੰਜਾਬ ਦੀ ਵਿਰਾਸਤ ਨੂੰ ਨਾਲ ਲੈ ਕਿ ਚੱਲਣਾ ਪਵੇਗਾ। ਸਿੱਖ ਧਰਮ ਨੂੰ ਮਾਰਕਸਵਾਦੀ ਨਜ਼ਰੀਏ ਤੋਂ ਸਮਝ ਕਿ ਹੀ ਇੱਥੇ ਲੈਟਿਨ ਅਮਰੀਕਾ ਵਰਗੀਆਂ ਇਨਕਲਾਬੀ ਲੜਾਈਆਂ ਲੜੀਆਂ ਜਾ ਸਕਦੀਆਂ ਹਨ। ਹੁਣ ਪੁਰਾਣੀਆਂ ਗ਼ਲਤੀਆਂ ਤੋਂ ਸਿੱਖ ਕਿ ਨਵੇਂ ਪੈਂਤੜੇ ਅਪਣਾਉਣੇ ਹੋਣਗੇ। ਇਸ ਦਾ ਭਾਵ ਇਹ ਵੀ ਨਹੀਂ ਕਿ ਨਵੀਆਂ ਲਹਿਰਾਂ ਦੀ ਦਿੱਖ ਧਾਰਮਿਕ ਹੋਵੇਗੀ। ਇਹ ਲਹਿਰਾਂ ਉਦਾਰਵਾਦੀ ਹੋਣੀਆਂ ਚਾਹੀਦੀਆਂ ਹਨ। ਜਿਨ੍ਹਾਂ ਵਿਚੋਂ ਧਾਰਮਿਕਤਾ ਨੂੰ ਬਿਲਕੁਲ ਨਕਾਰਿਆ ਨਹੀਂ ਜਾਣਾ ਚਾਹੀਦਾ। ? ਇਹਨਾਂ ਤੱਥਾਂ ਦੇ ਮੱਦੇਨਜ਼ਰ ‘ਤੇ ਕੀ ਅਸੀਂ ਇਹ ਆਖ ਸਕਦੇ ਹਾਂ ਕਿ ਭਾਰਤੀ ਕਮਿਊਨਿਸਟ ਪਾਰਟੀਆਂ ਭਾਰਤੀ ਸੰਦਰਭਾਂ ਵਿਚ ਜ਼ਮੀਨੀ ਧਰਾਤਲਾਂ ਨੂੰ ਸਮਝਣ ਵਿਚ ਨਾਕਾਮ ਰਹੀਆਂ ਹਨ। ਇਸ ਲਈ ਉਨ੍ਹਾਂ ਦਾ ਸੰਸਥਾਗਤ ਵਿਕਾਸ ਇੱਥੇ ਦਿਨੋਂਦਿਨੀਂ ਰਸਾਤਲ ਵੱਲ ਜਾ ਰਿਹਾ ਹੈ?- ਕਾਫੀ ਹੱਦ ਤੱਕ ਤੁਹਾਡੀ ਗੱਲ ਠੀਕ ਹੈ। ਭਾਰਤੀ ਕਮਿਊਨਿਸਟ ਪਾਰਟੀਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਭਾਰਤ ਨੂੰ ਆਰਥਿਕ ਆਧਾਰ ‘ਤੇ ਵੇਖਣ ਦੀ ਰਹੀ ਹੈ। ਭਾਰਤ ਦੀਆਂ ਭਾਸ਼ਾਈ, ਜਾਤੀਗਤ, ਸਭਿਆਚਾਰਕ, ਧਾਰਮਿਕ ਆਦਿ ਖ਼ੂਬੀਆਂਖ਼ਾਮੀਆਂ ਦਾ ਕਮਿਊਨਿਸਟ ਪਾਰਟੀਆਂ ਉਸ ਗਹਿਰਾਈ ਨਾਲ ਮੁਲਾਂਕਣ ਨਾ ਕਰ ਸਕੀਆਂ, ਜਿਸ ਗਹਿਰਾਈ ਨਾਲ ਇਹ ਮੰਗ ਕਰਦੀਆਂ ਸਨ। ਦੂਸਰੇ ਪਾਸੇ ਭਾਰਤ ਦੀਆਂ ਬਾਕੀ ਪਾਰਟੀਆਂ ਨੇ ਇੱਥੇ ਸਰਮਾਏਦਾਰੀ ਢਾਂਚੇ ਨੂੰ ਪ੍ਰਫੁੱਲਿਤ ਕਰਨ ਲਈ ਆਰਥਿਕ ਕਾਣੀ-ਵੰਡ ਨੂੰ ਨਕਾਰਦਿਆਂ ਕਦੇ ਧਰਮ, ਜਾਤ ਆਦਿ ਦੇ ਨਾਲ ਅਪਣੀ ਸਿਆਸੀ ਖੇਡ ਜਾਰੀ ਰੱਖੀ। ਸੋ, ਕਮਿਊਨਿਸਟ ਪਾਰਟੀਆਂ ਨੂੰ ਭਾਰਤ ਜਾਂ ਪੰਜਾਬ ਵਿਚ ਆਰਥਿਕਤਾ ਤੇ ਸਭਿਆਚਾਰਕ ਪਰਉਸਾਰ ਦਾ ਜੋ ਤਵਾਜ਼ਨ ਬਿਠਾਉਣ ਦੀ ਲੋੜ ਸੀ, ਉਸ ਦੀ 1925 ਈਸਵੀ ਤੋਂ ਲੈ ਕਿ ਹੁਣ ਤੱਕ ਲਗਭਗ ਅਣਹੋਂਦ ਹੀ ਰਹੀ ਹੈ। ਗ਼ਦਰੀ ਬਾਬਿਆਂ ਨੇ ਕਿਤਾਬੀ ਅਨਪੜ੍ਹਤਾ ਦੇ ਬਾਵਜੂਦ ਅਪਣੀ ਵਿਚਾਰਧਾਰਕ ਦੂਰਅੰਦੇਸ਼ੀ ਸਦਕਾ ਇਹ ਤਵਾਜ਼ਨ ਬਿਠਾਉਣ ਦਾ ਯਤਨ ਕੀਤਾ ਸੀ। ਜਦੋਂ ਤੱਕ ਕਮਿਊਨਿਸਟ ਪਾਰਟੀਆਂ ਅਪਣੀ ਸਿਆਸਤ ਰਾਹੀਂ ਇਹ ਤਵਾਜ਼ਨ ਨਹੀਂ ਬਿਠਾਉਂਦੀਆਂ, ਉਦੋਂ ਤੱਕ ਪੰਜਾਬ ਜਾਂ ਭਾਰਤ ਵਿਚ ਹਰ ਦਿਨ ਇਹ ਰਸਾਤਲ ਵੱਲ ਹੀ ਜਾਂਦੀਆਂ ਰਹਿਣਗੀਆਂ। ਇਸ ਕਰਕੇ ਅੱਜ ਲੋੜ ਹੈ ਕਿ ਕਮਿਊਨਿਸਟ ਪਾਰਟੀਆਂ ਰੂਸ ਜਾਂ ਚੀਨ ਦੀਆਂ ਕਮਿਊਨਿਸਟ ਪਾਰਟੀਆਂ ਦੇ ਉਧਾਰੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਮਾਰਕਸਵਾਦ ਦੀ ਰਚਨਾਤਮਿਕਤਾ ਨੂੰ ਪਛਾਣਨ ਅਤੇ ਅਪਣੇ ਮੌਲਿਕ ਮਾਰਕਸਵਾਦੀ ਵਿਚਾਰ ਉਤਪੰਨ ਕਰਨ। ਜਿੰਨੀ ਦੇਰ ਮਾਰਕਸਵਾਦੀ ਪਾਰਟੀਆਂ ਵਿਚ ਮੌਲਿਕਤਾ ਅਤੇ ਰਚਨਾਤਮਿਕਤਾ ਨਹੀਂ ਲਿਆਂਦੀ ਜਾਂਦੀ ਉਦੋਂ ਤੱਕ ਭਾਰਤ ਦੀਆਂ ਮਾਰਕਸਵਾਦੀ ਪਾਰਟੀਆਂ, ਗਰੁੱਪ ਜਾਂ ਗੁੱਟ ਆਦਿ ਲੋਕਾਂ ਵਿਚ ਆਧਾਰ ਸਥਾਪਿਤ ਨਹੀਂ ਕਰ ਸਕਣਗੀਆਂ। ਇਸ ਵਿਚ ਜਥੇਬੰਧਕ ਢਾਂਚੇ ਦੀਆਂ ਪੇਚੀਦਗੀਆਂ ਨੂੰ ਵੀ ਸਰਲ ਬਣਾਉਣਾ ਹੋਵੇਗਾ। ? ਇਹਨਾਂ ਸਮੁੱਚੀਆਂ ਹਾਲਤਾਂ ਵਿਚ ਤੁਸੀਂ ਭਾਰਤ ਅੰਦਰ ਮਾਰਕਸਵਾਦ ਦਾ ਕੀ ਭਵਿੱਖ ਵੇਖਦੇ ਹੋ?- ਮਾਰਕਸਵਾਦ ਦਾ ਭਾਰਤ ਵਿਚ ਉਨ੍ਹਾਂ ਹੀ ਭਵਿੱਖ ਹੈ ਜਿੰਨਾਂ ਦੁਨੀਆਂ ਦੇ ਹੋਰਨਾਂ ਮੁਲਕਾਂ ਵਿਚ। ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਬਾਅਦ ਪੂਰੀ ਦੁਨੀਆਂ ਵਿਚ ਜਿਵੇਂਜਿਵੇਂ ਅਮੀਰੀ ਅਤੇ ਗਰੀਬੀ ਵਿਚਕਾਰਲੀ ਖਾਈ ਵਧ ਰਹੀ ਹੈ, ਤਿਵੇਂਤਿਵੇਂ ਦੁਨੀਆਂ ਨੂੰ ਮਾਰਕਸਵਾਦ ਦੀ ਲੋੜ ਮਹਿਸੂਸ ਹੋ ਰਹੀ ਹੈ, ਕਿਉਂਕਿ ਇਸ ਵਧ ਰਹੀ ਖਾਈ ਤੋਂ ਵਿਸ਼ਵ ਨੂੰ ਮਾਰਕਸਵਾਦ ਹੀ ਬਚਾਅ ਸਕਦਾ ਹੈ। ਇਸ ਕਰਕੇ ਭਾਰਤ ਵਿਚ ਵੀ ਵਿਸ਼ਵੀਕਰਨ ਦੀਆਂ ਨੀਤੀਆਂ ਉਪਰੰਤ ਦੋ ਭਾਰਤ ਬਣੇ ਹਨ। ਇੱਕ ਪਾਸੇ ਡਿਜੀਟਲ ਇੰਡੀਆ ਹੈ ਅਤੇ ਦੂਸਰੇ ਪਾਸੇ ਗਰੀਬੀ ਤੇ ਭੁੱਖਮਰੀ ਨਾਲ ਮਰ ਰਿਹਾ ਭਾਰਤ। ਜੇਕਰ ਇਸ ਵੱਡੇ ਅੰਤਰ ਨੂੰ ਮਿਟਾਉਣਾ ਹੈ ਤਾਂ ਲਾਜ਼ਮੀ ਤੌਰ ‘ਤੇ ਭਾਰਤੀ ਲੋਕਾਂ ਨੂੰ ਮਾਰਕਸਵਾਦ ਵੱਲ ਮੁੜਨਾ ਪਵੇਗਾ। ਭਾਵੇਂ ਕਿ ਇੱਥੋਂ ਦੀਆਂ ਮਾਰਕਸੀ ਪਾਰਟੀਆਂ ਮਾਰਕਸ ਤੋਂ ਦੂਰ ਜਾ ਚੁੱਕੀਆਂ ਹਨ ਪਰ ਭਾਰਤ ਦੇ ਗਰੀਬ ਲੋਕਾਂ ਨੂੰ ਮਾਰਕਸ ਦੇ ਨੇੜੇ ਜਾਣ ਦੀ ਲੋੜ ਹਰ ਦਿਨ ਵਧ ਰਹੀ ਹੈ। ਕੇਵਲ ਭਾਰਤ ਦਾ ਹੀ ਨਹੀਂ ਸਗੋਂ ਪੂਰੀ ਦੁਨੀਆਂ, ਮਨੁੱਖ ਅਤੇ ਕੁਦਰਤ ਦਾ ਭਵਿੱਖ ਹੀ ਮਾਰਕਸਵਾਦੀ ਹੋਣ ਵਿਚ ਛੁਪਿਆ ਹੋਇਆ ਹੈ। ?ਅਸੀਂ ਇਸ ਗੱਲ ਨਾਲ ਤਾਂ ਸਭ ਸਹਿਮਤੀ ਹੀ ਰੱਖਦੇ ਹਾਂ ਕਿ ਕਿਸੇ ਵੀ ਖ਼ਿੱਤੇ ਅੰਦਰ ਲੋਕਪੱਖੀ ਇਨਕਲਾਬ ਦੀ ਪੈਦਾਇਸ਼ ਵਿਚ ਇੱਕ ਉੱਚ ਕੋਟੀ ਦੇ ਲੋਕ ਮਸਲਿਆਂ ਅਤੇ ਸਮੱਸਿਆਵਾਂ ਦੀ ਦੱਸ ਦੇ ਨਾਲਨਾਲ ਉਸ ਦੇ ਹੱਲ ਸੁਝਾਉਣ ਵਾਲੇ ਸਾਹਿਤ ਦੀ ਬਹੁਤ ਜ਼ਰੂਰਤ ਹੁੰਦੀ ਹੈ, ਭਾਵੇਂ ਕਿ ਲੁਟੇਰੀ ਜਮਾਤ ਖ਼ਿਲਾਫ਼ ਕ੍ਰਾਂਤੀ ਕਰਨ ਹਿਤ ਸਾਹਿਤ ਹੀ ਸਮਝ ਕੁਝ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਵਰਤਮਾਨ ਪੰਜਾਬੀ ਸਾਹਿਤ ਪਾਸੋਂ ਅਜਿਹੀ ਕਿੰਨੀ ‘ਕੁ ਉਮੀਦ ਰੱਖ ਸਕਦੇ ਹਾਂ ਕਿ ਉਹ ਜਨਸਾਧਾਰਨ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਸਾਹਿਤ ਹੈ? - ਕਿਸੇ ਵੀ ਖ਼ਿੱਤੇ ਅੰਦਰ ਲੋਕਪੱਖੀ ਇਨਕਲਾਬ ਦੀ ਪੈਦਾਇਸ਼ ਵਿਚ ਤਿੰਨ ਚੀਜ਼ਾਂ ਦਾ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ ਜਿਵੇਂ - ਸਿਧਾਂਤ, ਸਿਆਸਤ ਅਤੇ ਸਾਹਿਤ। ਲੋਕਪੱਖੀ ਸਿਧਾਂਤ ਤੋਂ ਬਿਨਾਂ ਲੋਕਪੱਖੀ ਸਿਆਸਤ ਅਧੂਰੀ ਹੈ ਅਤੇ ਲੋਕਪੱਖੀ ਸਿਆਸਤ ਤੋਂ ਬਿਨਾਂ ਲੋਕਪੱਖੀ ਸਾਹਿਤ ਅਧੂਰਾ ਹੈ। ਇਸ ਕਰਕੇ ਸਾਹਿਤ ਅਤੇ ਸਿਆਸਤ ਦਾ ਸਬੰਧ ਹਮੇਸ਼ਾ ਪ੍ਰਮੁੱਖਤਾ ਹਾਸਿਲ ਕਰਦਾ ਰਿਹਾ ਹੈ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਵੇਦਾਂ, ਰਾਮਾਇਣ, ਮਹਾਂਭਾਰਤ, ਸੂਫ਼ੀ ਸਾਹਿਤ, ਭਗਤੀ ਸਾਹਿਤ, ਇੱਥੋਂ ਤੱਕ ਕਿ ਲੋਕ ਸਾਹਿਤ ਵਿਚ ਵੀ ਸਿਆਸਤ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪੇਸ਼ ਹੁੰਦੀ ਆਈ ਹੈ। ਗੁਰਬਾਣੀ ਅੰਦਰ ਵੀ ਸਿਆਸਤ ਦੇ ਅੰਸ਼ ਬਹੁਤ ਖ਼ੂਬਸੂਰਤੀ ਨਾਲ ਪੇਸ਼ ਹੋਏ ਹਨ। ਇਸੇ ਤਰ੍ਹਾਂ ਆਧੁਨਿਕ ਸਾਹਿਤ ਵਿਚ ਵੱਖ-ਵੱਖ ਸਿਆਸੀ ਲਹਿਰਾਂ ਦਾ ਚਿਤਰਨ ਬਾਖ਼ੂਬੀ ਹੋਇਆ ਮਿਲਦਾ ਹੈ। ਕਹਿਣ ਦਾ ਭਾਵ, ਜਦੋਂ ਵੀ ਸਮਾਜ ਕੋਈ ਨਵਾਂ ਮੋੜ ਕੱਟਦਾ ਹੈ ਤਾਂ ਸਾਹਿਤਕਾਰ ਸਿਆਸਤ ਨੂੰ ਪ੍ਰਮੁੱਖਤਾ ਤੇ ਪੁਖ਼ਤਗੀ ਨਾਲ ਚਿਤਰਨਾ ਸ਼ੁਰੂ ਕਰ ਦਿੰਦੇ ਹਨ। ਸਾਹਿਤਕਾਰ ਹਮੇਸ਼ਾ ਕੋਸ਼ਿਸ਼ ਕਰਦੇ ਹਨ ਕਿ ਲੋਕਪੱਖੀ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਅਪਣੇ ਪਾਠਕਾਂ ਨੂੰ ਆਗਾਹ ਕੀਤਾ ਜਾਵੇ। ਸਾਹਿਤਕਾਰ ਦਾ ਇਹ ਕਰਤੱਵ ਵੀ ਹੁੰਦਾ ਹੈ। ਜਿੱਥੋਂ ਤੱਕ ਵਰਤਮਾਨ ਸਾਹਿਤਕਾਰ ਦੀ ਗੱਲ ਹੈ, ਅਜੋਕੇ ਦੌਰ ਦਾ ਸਾਹਿਤਕਾਰ ਵੀ ਨਵੀਆਂ ਪਰਿਸਥਿਤੀਆਂ ਨੂੰ ਪਛਾਣਨ, ਸਮਝਣ ਤੇ ਇਸ ਦੇ ਹੱਲ ਵੱਲ ਵਧਣ ਦਾ ਯਤਨ ਕਰ ਰਿਹਾ ਹੈ। ਪੰਜਾਬੀ ਵਿਚ ਇਸ ਸਮੇਂ ਲਿਖਿਆ ਜਾ ਰਿਹਾ ਸਾਹਿਤ ਵੱਖ-ਵੱਖ ਸਮਾਜਿਕ, ਸਿਆਸੀ, ਸਭਿਆਚਾਰਕ, ਧਾਰਮਿਕ ਅਤੇ ਆਰਥਿਕ ਆਦਿ ਸਮੱਸਿਆਵਾਂ ਬਾਰੇ ਬਹੁਤ ਹੀ ਗੰਭੀਰਤਾ ਨਾਲ ਸਵਾਲ ਉਠਾ ਰਿਹਾ ਹੈ। ਪੰਜਾਬੀ ਨਾਵਲਕਾਰ, ਕਹਾਣੀਕਾਰ, ਗ਼ਜ਼ਲਕਾਰ ਆਦਿ ਪੰਜਾਬ ਦੇ ਹਰ ਦਿਨ ਗੰਭੀਰ ਹੋ ਰਹੇ ਸੰਕਟ ਬਾਰੇ ਲਿਖ ਰਹੇ ਹਨ। ਪਿੱਛੇ ਜਿਹੇ ਭਾਰਤ ਵਿਚ ਜਿਸ ਕਿਸਮ ਦਾ ਫ਼ਾਸ਼ੀਵਾਦੀ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਸ ਦੇ ਪ੍ਰਤੀਕਰਮ ਵਜੋਂ ਪੰਜਾਬੀ ਸਾਹਿਤਕਾਰਾਂ ਨੇ ਅਪਣੇ ਪੁਰਸਕਾਰ ਵਾਪਸ ਕਰਨ ਵਿਚ ਦਿਖਾਈ ਪਹਿਲ-ਕਦਮੀ ਸ਼ਲਾਘਾਯੋਗ ਹੈ। ਇਹ ਦਰਸਾਉਂਦਾ ਹੈ ਕਿ ਸਾਡਾ ਸਾਹਿਤਕਾਰ ਅਜੋਕੀ ਸਿਆਸਤ ਨਾਲ ਨੇੜਿਉਂ ਜੁੜਿਆ ਹੋਇਆ ਹੈ। ਜਿਉਂਜਿਉਂ ਭਵਿੱਖ ਵਿਚ ਲੋਕਪੱਖੀ ਲਹਿਰਾਂ ਸੁਦ੍ਰਿੜ ਤੇ ਵਿਸ਼ਾਲ ਹੋਣਗੀਆਂ, ਤਿਉਂ ਤਿਉਂ ਸਾਹਿਤ ਪਾਸੋਂ ਜਨ-ਸਾਧਾਰਨ ਦੇ ਹੱਕਾਂ ਦੀ ਤਰਜਮਾਨੀ ਦੀ ਤਵੱਕੋ ਵੀ ਵਧ ਜਾਵੇਗੀ। ਇਸ ਸਮੇਂ ਸਾਹਿਤ ਦੀਆਂ ਬਾਕੀ ਸਿਨਫ਼ਾਂ ਦੇ ਨਾਲਨਾਲ ਪੰਜਾਬੀ ਨਾਟਕ ਤੇ ਰੰਗਮੰਚ ਅਪਣੀ ਬਣਦੀ ਭੂਮਿਕਾ ਨਿਭਾ ਰਿਹਾ ਹੈ। ਗੁਰਸ਼ਰਨ ਭਾਅ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਹੀ ਪੈੜਾਂ ‘ਤੇ ਪੰਜਾਬੀ ਨਾਟਕਕਾਰ ਤੇ ਰੰਗਕਰਮੀ ਬਾਖ਼ੂਬੀ ਤੁਰ ਰਹੇ ਹਨ। ਅਜਮੇਰ ਔਲਖ ਤੋਂ ਬਿਨਾਂ ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਦਵਿੰਦਰ ਦਮਨ ਆਦਿ ਨੇ ਬਾਖ਼ੂਬੀ ਅਪਣੀ ਜ਼ਿੰਮੇਵਾਰੀ ਨੂੰ ਪਛਾਣਿਆ ਹੈ ਅਤੇ ਸਮਾਜ ਵਿਚ ਨਵੀਆਂ ਕਦਰਾਂਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਅਪਣਾ ਯੋਗਦਾਨ ਪਾਇਆ ਹੈ। ਇਹਨਾਂ ਤੋਂ ਇਲਾਵਾ ਪੰਜਾਬੀ ਦੇ ਹੋਰ ਬਹੁਤ ਸਾਰੇ ਸਾਹਿਤਕਾਰ ਹਨ ਜੋ ਸਮਕਾਲ ਵਿਚ ਸਰਮਾਏਦਾਰੀ ਦੇ ਸਿੱਟੇ ਵਜੋਂ ਉਤਪੰਨ ਸਮੱਸਿਆਵਾਂ ਦਾ ਨੋਟਿਸ ਲੈ ਰਹੇ ਹਨ। ? ਜਿਸ ਸੰਦਰਭ ਵਿਚ ਤੁਸੀਂ ਪੁਰਸਕਾਰਾਂ ਦੀ ਗੱਲ ਕੀਤੀ ਹੈ, ਅਸੀਂ ਸਭ ਜਾਣਦੇ ਹਾਂ ਕਿ ਬੀਤੇ ਦਿਨੀਂ ਭਾਰਤ ਅੰਦਰ ਅਸਹਿਣਸ਼ੀਲਤਾ ਦਾ ਮੁੱਦਾ ਕਾਫੀ ਚਰਚਾ ਅਧੀਨ ਰਿਹਾ ਹੈ, ਪਰ ਸਚਾਈ ਇਹ ਵੀ ਹੈ ਕਿ ਪੰਜਾਬੀ ਸਾਹਿਤਕਾਰ ਇਸ ਮਸਲੇ ਵਿਚ ਕੋਈ ਖ਼ਾਸ ਭੂਮਿਕਾ ਅਦਾ ਨਹੀਂ ਕਰ ਪਾਏ, ਕੁਝ ‘ਕੁ ਸਾਹਿਤਕਾਰਾਂ ਨੇ ਕਾਹਲੀ-ਕਾਹਲੀ ‘ਚ ਇਸ ਦੌਰਾਨ ਅਪਣੇ ਸਨਮਾਨ ਚਿੰਨ੍ਹ ਵਾਪਸ ਕਰਦੇ ਹੋਏ ਜ਼ਰੂਰ ਅਪਣਾ ਵਿਰੋਧ ਪ੍ਰਗਟ ਕੀਤਾ ਹੈ ਪਰ ਇਸ ਤੋਂ ਅਗਾਂਹ ਉਨ੍ਹਾਂ ਦੀਆਂ ਪ੍ਰਾਪਤੀਆਂ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਦੇ ਮੁਕਾਬਲੇ ਨਿਗੂਣੀਆਂ ਹੀ ਵੇਖੀਆਂ ਗਈਆਂ ਹਨ। ਪੰਜਾਬੀ ਸਾਹਿਤਕਾਰਾਂ ਦੀ ਰਾਸ਼ਟਰੀ ਮਸਲਿਆਂ ਪ੍ਰਤੀ ਜ਼ਿਆਦਾਤਰ ਪਹੁੰਚ ਪਿੱਛ-ਲੱਗੂ ਜਿਹੀ ਹੀ ਜਾਪਦੀ ਰਹਿੰਦੀ ਹੈ, ਜਿਹਾ ਕਿ ਸੋਸ਼ਲ ਮੀਡੀਆ ਵਿਚ ਇਹ ਖਿਆਲ ਸਾਂਝਾ ਹੋਇਆ। ਤੁਹਾਡੀ ਇਸ ਮਸਲੇ ਬਾਬਤ ਕੀ ਰਾਏ ਹੈ? -ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਵਧ ਰਹੀ ਅਸਹਿਣਸ਼ੀਲਤਾ ਕਾਰਨ ਇਨਾਮ ਵਾਪਸ ਕਰਨ ਵਾਲੇ ਸਾਹਿਤਕਾਰਾਂ ਵਿਚ ਅਪਣਾ ਬਣਦਾ ਯੋਗਦਾਨ ਪਾਇਆ ਹੈ। ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦੇ ਸਾਹਿਤਕਾਰਾਂ ਦੇ ਮੁਕਾਬਲੇ ਪੰਜਾਬੀ ਸਾਹਿਤਕਾਰਾਂ ਦੀ ਗਿਣਤੀ ਕੋਈ ਘੱਟ ਨਹੀਂ ਸੀ। ਪੰਜਾਬੀ ਸਾਹਿਤਕਾਰਾਂ ਨੇ ਪਦਮ ਸ਼੍ਰੀ ਤੋਂ ਲੈ ਕਿ ਸਾਹਿਤ ਅਕਾਦਮੀ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੇ ਇਨਾਮ ਵਾਪਸ ਕੀਤੇ ਹਨ। ਅੰਗਰੇਜ਼ੀ ਜਾਂ ਹਿੰਦੀ ਵਿਚ ਲਿਖਣ ਵਾਲੇ ਸਾਹਿਤਕਾਰ ਇਸ ਕਰਕੇ ਵੱਧ ਸੁਰਖ਼ੀਆਂ ਬਟੋਰ ਜਾਂਦੇ ਹਨ ਕਿਉਂ ਕਿ ਹਿੰਦੀ ਜਾਂ ਅੰਗਰੇਜ਼ੀ ਮੀਡੀਆ ਅਪਣੀਅਪਣੀ ਭਾਸ਼ਾ ਵਿਚ ਲਿਖਣ ਵਾਲੇ ਸਾਹਿਤਕਾਰਾਂ ਨੂੰ ਹੀ ਵਧੇਰੇ ਅਹਿਮੀਅਤ ਦਿੰਦਾ ਹੈ। ਇਹੋ ਕਾਰਨ ਹੈ ਕਿ ਭਾਰਤ ਦੀਆਂ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿਚ ਲਿਖਣ ਵਾਲੇ ਸਾਹਿਤਕਾਰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਹੀ ਰਹਿੰਦੇ ਹਨ। ਇਸ ਕਰਕੇ ਸੋਸ਼ਲ ਮੀਡੀਆ ਵਿਚ ਭਾਗ ਲੈਣ ਵਾਲੇ ਲੋਕਾਂ ਨੂੰ ਲਗਦਾ ਹੈ ਕਿ ਸ਼ਾਇਦ ਖੇਤਰੀ ਭਾਸ਼ਾਵਾਂ ਦੇ ਸਾਹਿਤ ਪਿੱਛੇ ਰਹਿ ਜਾਂਦੇ ਹਨ। ਹਾਲਾਂਕਿ ਅਜਿਹੀ ਕੋਈ ਗੱਲ ਮੈਨੂੰ ਨਜ਼ਰੀਂ ਨਹੀਂ ਆਉਂਦੀ। ?ਡਾ. ਸਾਬ ਤੁਸੀਂ ਅਪਣੇ ਇੱਕ ਲੇਖ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਮਸਲਿਆਂ ਨੂੰ ਬੁਨਿਆਦੀ ਤੌਰ ‘ਤੇ ਸਿਆਸਤ ਨਾਲ ਸਬੰਧਿਤ ਕੀਤਾ ਹੈ ਪਰ ਵੇਖਣ ਵਿਚ ਇਹ ਵੀ ਆਉਂਦਾ ਹੈ ਕਿ ਪ੍ਰਾਈਵੇਟੇਸ਼ਨ ਦੇ ਦੌਰ ਵਿਚ ਇਹਨਾਂ ਦਾ ਵਧੇਰੇ ਝੁਕਾਅ ਆਰਥਿਕਤਾ ਨਾਲ ਜੁੜਦਾ ਜਾ ਰਿਹਾ ਹੈ। ਕੀ ਇਹਨਾਂ ਮਸਲਿਆਂ ਦਾ ਪੂੰਜੀਵਾਦੀ ਪ੍ਰਬੰਧਕ ਢਾਂਚੇ ਅਤੇ ਗੈਰਜ਼ਿੰਮੇਵਾਰ ਸਿਆਸਤ ਦੇ ਪਾਸਾਰ ਅੰਦਰ ਕੋਈ ਹੱਲ ਨਿਕਲ ਸਕੇਗਾ ਜਾਂ ਫਿਰ ਪੋਸਟ-ਕਲਚਰਲ ਮਾਹੌਲ ਵਿਚਕਾਰ ਭਾਸ਼ਾ ਤੇ ਬੋਲੀ ਦੇ ਮੁੱਦਿਆਂ ਤੇ ਦਿੱਤੀਆਂ ਯੂਨੈਸਕੋ ਦੀਆਂ ਚੇਤਾਵਨੀਆਂ ਸੱਚ ਹੋ ਸਕਦੀਆਂ ਹਨ?- ਪੰਜਾਬੀ ਭਾਸ਼ਾ ਦਾ ਮਸਲਾ ਬੁਨਿਆਦੀ ਤੌਰ ‘ਤੇ ਸਿਆਸਤ ਨਾਲ ਹੀ ਜੁੜਿਆ ਹੋਇਆ ਹੈ। ਸਾਡੇ ਸਮਾਜ ਦਾ ਧੁਰਾ ਸਿਆਸਤ ਹੋਣ ਕਰਕੇ ਸਿਆਸਤ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਪ੍ਰਾਈਵੇਟੇਸ਼ਨਲ ਅਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਸਿੱਟੇ ਵਜੋਂ ਪੰਜਾਬੀ ਭਾਸ਼ਾ ਉੱਪਰ ਸਾਮਰਾਜੀ ਭਾਸ਼ਾਈ ਹਮਲਾ ਜਾਰੀ ਹੈ। ਇਸ ਹਮਲੇ ਨੇ ‘ਸ਼ਬਦ’ ਦੀ ਮਹੱਤਤਾ ਨੂੰ ਗੌਣ ਕਰ ਦਿੱਤਾ ਹੈ। ਵਿਸ਼ਵੀਕਰਨ ਦੇ ਅਜੋਕੇ ਦੌਰ ਵਿਚ ਸੂਚਨਾ ਕ੍ਰਾਂਤੀ ਅੰਦਰ ਆਏ ਵਿਸਫੋਟ ਨੇ ਸਿਰਫ਼ ਪੰਜਾਬੀ ਭਾਸ਼ਾ ਨੂੰ ਹੀ ਨਹੀਂ ਸਗੋਂ ਦੁਨੀਆਂ ਦੀਆਂ ਤਮਾਮ ਭਾਸ਼ਾਈ ਖ਼ੂਬਸੂਰਤੀਆਂ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਹਰ ਭਾਸ਼ਾ ਦੀ ਅਪਣੀ ਵਿਸ਼ੇਸ਼ਤਾ ਹੁੰਦੀ ਹੈ। ਜੇਕਰ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਰਹਿੰਦੀਆਂ ਹਨ ਤਾਂ ਇਹ ਵਿਸ਼ੇਸ਼ਤਾਵਾਂ ਖ਼ਤਮ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ ਅਤੇ ਜਿਵੇਂ ਤੁਸੀਂ ਕਿਹਾ ਯੂਨੈਸਕੋ ਦੀਆਂ ਭਵਿੱਖ ਬਾਣੀਆਂ ਦੇ ਸੱਚ ਹੋਣ ਤੋਂ ਸਿਵਾਏ ਕੋਈ ਹੋਰ ਚਾਰਾ ਨਹੀਂ ਬਚੇਗਾ। ਇਸ ਸਭ ਤੋਂ ਕੇਵਲ ਲੋਕਪੱਖੀ ਸੰਘਰਸ਼ ਹੀ ਬਚਾਅ ਸਕਦੇ ਹਨ। ਅੱਜ ਲੋੜ ਹੈ ਕਿ ਸਮਾਜ ਵਿਚ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਜਾਗਰੂਕ ਕਰਕੇ ਇੱਕ ਵੱਡਾ ਸਿਆਸੀ ਅੰਦੋਲਨ ਖੜਾ ਕੀਤਾ ਜਾਵੇ। ਜਿਸ ਵਿਚ ਕੇਵਲ ਭਾਸ਼ਾ ਨੂੰ ਹੀ ਨਹੀਂ ਸਗੋਂ ਮਨੁੱਖ ਅਤੇ ਕੁਦਰਤ ਨੂੰ ਬਚਾਉਣ ਦੇ ਮੁੱਦੇ ਵੀ ਉਭਾਰੇ ਜਾਣ।ਅੱਜ ਜਦੋਂ ਪੂਰੀ ਦੁਨੀਆਂ ਵਿਚ ਸਭਿਆਚਾਰਕ ਉਤਪਾਦਾਂ ਰਾਹੀਂ ਵਿਸ਼ਵ ਬਾਜ਼ਾਰ ‘ਤੇ ਸਾਮਰਾਜੀ ਸ਼ਕਤੀਆਂ ਕਾਬਜ਼ ਹੋ ਚੁੱਕੀਆਂ ਹਨ, ਅਜਿਹੇ ਦੌਰ ਵਿਚ ਮੰਡੀ ਆਧਾਰਿਤ ਨਵੇਂ ਭਾਸ਼ਾਈ ਮਾਡਲ ਹੋਂਦ ਵਿਚ ਆ ਰਹੇ ਹਨ। ਇਹ ਭਾਸ਼ਾਈ ਮਾਡਲ ਉਸ ਹੱਦ ਤੱਕ ਹੀ ਸਥਾਨਿਕ ਭਾਸ਼ਾਵਾਂ ਨੂੰ ਗ੍ਰਹਿਣ ਕਰ ਰਹੇ ਹਨ ਜਿਸ ਹੱਦ ਤੱਕ ਇਹਨਾਂ ਨੂੰ ਅਪਣਾ ਮਾਲ ਵੇਚਣ ਹਿਤ ਇਹਨਾਂ ਭਾਸ਼ਾਵਾਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਭਾਸ਼ਾਈ ਮਾਡਲਾਂ ਵਿਚ ਸਥਾਨਿਕ ਭਾਸ਼ਾਵਾਂ ਦਾ ਦਰਜਾ ਗੌਣ ਹੀ ਬਣਿਆ ਹੋਇਆ ਹੈ। ਸੋ, ਵਿਸ਼ਵ ਵਿਚ ਜਦੋਂ ਤੋਂ ਸਭਿਆਚਾਰਕ ਉਤਪਾਦਾਂ ਦੀ ਵਿੱਕਰੀ ਵਿਚ ਇਜ਼ਾਫਾ ਹੋਇਆ ਹੈ ਉਦੋਂ ਤੋਂ ਸਥਾਨਿਕ ਭਾਸ਼ਾਵਾਂ ਦੀ ਹੋਂਦ ਵੀ ਖ਼ਤਰੇ ਵਿਚ ਚਲੀ ਗਈ ਹੈ। ?ਬੁਨਿਆਦੀ ਤੌਰ ‘ਤੇ ਤੁਸੀਂ ਇੱਕ ਆਲੋਚਕ ਹੋ, ਇੱਕ ਆਲੋਚਕ ਦੇ ਰੂਪ ਵਿਚ ਇਸ ਗੱਲ ਨੂੰ ਲੈ ਕਿ ਤੁਹਾਡੇ ਕੀ ਵਿਚਾਰ ਹਨ ਕਿ ਪੰਜਾਬੀ ਆਲੋਚਨਾ ਦਾ ਉਹ ਆਰੰਭਿਕ ਦੌਰ, ਜਿਹੜਾ ਕਿ ਸਾਡੇ ਮੁੱਢਲੇ ਆਲੋਚਕਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਰਥਾਤ ਪ੍ਰਸੰਸਾਮਈ ਜਾਂ ਫਿਰ ਲਿਹਾਜ਼ਦਾਰੀ ਵਾਲੀ ਆਲੋਚਨਾ, ਕੀ ਉਹ ਮੁੜ ਸਾਡੀ ਆਲੋਚਨਾ ਉੱਪਰ ਭਾਰੂ ਹੋ ਰਿਹਾ ਹੈ ਜਾਂ ਫਿਰ ਪੰਜਾਬੀ ਆਲੋਚਨਾ ਹੁਣ ਗਿਣਾਤਮਿਕ ਪ੍ਰਧਾਨਤਾ ਵਾਲੀ ਹੋ ਚੱਲੀ ਹੈ, ਜਿਸ ਵਿਚ ਗੁਣਾਤਮਿਕ ਪਹੁੰਚਾਂ ਦੀ ਭਾਰੀ ਘਾਟ ਰੜਕ ਰਹੀ ਹੈ। ਇਸ ਪ੍ਰਸੰਗ ਵਿਚ ਅਸੀਂ ਪੰਜਾਬੀ ਆਲੋਚਨਾ ਨੂੰ ਵਿਸ਼ਵ ਅਤੇ ਭਾਰਤੀ ਆਲੋਚਨਾ ਦੇ ਦਰਮਿਆਨ ਕਿੱਥੇ ‘ਕੁ ਖੜਾ ਪਾਉਂਦੇ ਹਾਂ? - ਸਾਹਿਤ ਅਤੇ ਸਾਹਿਤ ਆਲੋਚਨਾ ਸਮਾਜਿਕ ਪ੍ਰਸਥਿਤੀਆਂ ਅਨੁਸਾਰ ਹੀ ਪਰਿਵਰਤਿਤ ਹੁੰਦੀ ਹੈ। ਜੇਕਰ ਸਮਾਜ ਗਿਰਾਵਟ ਵੱਲ ਜਾ ਰਿਹਾ ਹੈ ਤਾਂ ਸਾਹਿਤ ਤੇ ਸਾਹਿਤ ਆਲੋਚਨਾ ਦਾ ਵੀ ਗਿਰਾਵਟ ਵੱਲ ਜਾਣਾ ਲਾਜ਼ਮੀ ਹੈ। ਜਦੋਂ ਤੋਂ ਵਿਸ਼ਵੀਕਰਨ ਦੀਆਂ ਨੀਤੀਆਂ ਸਾਡੇ ਸਮਾਜ ਉੱਪਰ ਥੋਪੀਆਂ ਗਈਆਂ ਹਨ, ਉਦੋਂ ਤੋਂ ਹੀ ਪੰਜਾਬੀ ਸਮਾਜ ਵਿਚ ਆਰਥਿਕ, ਸਿਆਸੀ, ਸਮਾਜਿਕ ਤੇ ਮਾਨਸਿਕ ਬਦਲਾਅ ਉੱਘੜਵੇਂ ਰੂਪ ਵਿਚ ਪ੍ਰਗਟ ਹੋਣੇ ਸ਼ੁਰੂ ਹੋਏ ਹਨ। ਇਹਨਾਂ ਬਦਲਾਵਾਂ ਨੇ ਪੰਜਾਬੀ ਅਕਾਦਮਿਕਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਿਸ਼ਾਹੀਣਤਾ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਸਭਿਆਚਾਰਕ ਹਮਲੇ, ਸੂਚਨਾ ਵਿਸਫੋਟ (ਇੰਟਰਨੈੱਟ), ਵਿਚਾਰਹੀਣਤਾ ਆਦਿ ਨੇ ਪੰਜਾਬ ਦੇ ਮੱਧਵਰਗੀ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਅਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਅੱਜ ਦੇ ਨੌਜਵਾਨ ਕੋਲ ਕੋਈ ਸਿਆਸੀ ਸੰਘਰਸ਼ ਦਾ ਸੁਪਨਾ ਨਾ ਹੋਣ ਕਾਰਨ ਵਿਚਾਰਹੀਣਤਾ ਦਾ ਮਾਹੌਲ ਜਾਰੀ ਹੈ। ਉਹ ਛੇਤੀ ਹੀ ਮੰਡੀ ਦੀ ਮਾਰ ਹੇਠ ਆ ਜਾਂਦਾ ਹੈ। ਅਜਿਹੇ ਮਾਹੌਲ ਵਿਚ ਉਸ ਕੋਲੋਂ ਕਿਸੇ ਗੰਭੀਰ ਵਿਚਾਰਧਾਰਾਈ ਆਲੋਚਨਾ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਮੰਡੀ ਆਰਥਿਕਤਾ ਨੇ ਉਸ ਨੂੰ ਡਿਗਰੀ ਹਾਸਿਲ ਕਰਨ ਅਤੇ ਚਲੰਤ ਸਾਹਿਤ ਆਲੋਚਨਾ ਨਾਲ ਜੋੜ ਦਿੱਤਾ ਹੈ। ਇਸ ਕਾਰਨ ਹੀ ਅਜੋਕੀ ਸਾਹਿਤ ਆਲੋਚਨਾ ਪ੍ਰਸੰਸਾਮਈ, ਲਿਹਾਜ਼ਦਾਰੀ ਅਤੇ ਗਿਣਾਤਮਿਕ ਪ੍ਰਧਾਨਤਾ ਵਾਲੀ ਹੋ ਚੁੱਕੀ ਹੈ। ਅਜਿਹੀ ਸਾਹਿਤ ਆਲੋਚਨਾ ਵਿਚ ਗੁਣਾਤਮਿਕਤਾ ਦੀ ਘਾਟ ਰੜਕਣੀ ਯਕੀਨੀ ਹੈ। ਇਸ ਪ੍ਰਸੰਗ ਵਿਚ ਪੰਜਾਬੀ ਆਲੋਚਨਾ ਦਾ ਦਾਇਰਾ ਹੋਰ ਸੀਮਤ ਹੋਇਆ ਹੈ। ਇਸ ਲਈ ਅੰਗਰੇਜ਼ੀ ਅਤੇ ਹਿੰਦੀ ਆਲੋਚਨਾ ਨਾਲ ਇਸ ਦਾ ਮੁਕਾਬਲਾ ਕਰਨਾ ਉਚਿੱਤ ਨਹੀਂ ਹੈ। ? ਪੰਜਾਬੀ ਆਲੋਚਨਾ ਅੰਦਰ ਆਈ ਇਸ ਖੜੋਤ ਸਬੰਧੀ ਇਹ ਵੀ ਚਰਚਾ ਚਲਦੀ ਹੀ ਰਹਿੰਦੀ ਹੈ ਕਿ ਪੰਜਾਬੀ ਆਲੋਚਨਾ ਸ਼ੁਰੂ ਤੋਂ ਹੀ ਪੱਛਮੀ ਅਤੇ ਭਾਰਤੀ ਆਲੋਚਨਾ ਦ੍ਰਿਸ਼ਟੀਆਂ ਅਤੇ ਸੰਕਲਪਾਂ ਦੀ ਮੁਥਾਜ ਰਹੀ ਹੈ ਤੇ ਇੰਨਾ ਲੰਮਾ ਸਮਾਂ ਗੁਜ਼ਰ ਜਾਣ ਦੇ ਬਾਅਦ ਵੀ ਇਸ ਨੇ ਅਪਣੀ ਕੋਈ ਮੌਲਿਕ ਆਲੋਚਨਾ ਵਿਧੀ ਜਾਂ ਸਿਧਾਂਤ ਨਹੀਂ ਸਿਰਜਿਆ ਹੈ। ਤੁਸੀਂ ਇਸ ਗੱਲ ਨਾਲ ਕਿੰਨਾ ‘ਕੁ ਇਤਫ਼ਾਕ ਰੱਖਦੇ ਹੋ ਕਿ ਪੰਜਾਬੀ ਆਲੋਚਨਾ ਦੇ ਨਿਵਾਣਾਂ ਵੱਲ ਜਾਣ ਦਾ ਇਹ ਵੀ ਇੱਕ ਅਹਿਮ ਕਾਰਨ ਹੈ?- ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ 1947 ਦੀ ਵੰਡ ਦੌਰਾਨ ਪੰਜਾਬ ਦਾ ਇੱਕ ਵੱਡਾ ਹਿੱਸਾ ਭਾਰਤੀ ਪੰਜਾਬ ਨਾਲੋਂ ਵੱਖ ਹੋ ਗਿਆ। ਪਾਕਿਸਤਾਨੀ ਪੰਜਾਬ ਵਿਚ ਵੱਡੇ ਪੱਧਰ ‘ਤੇ ਪੰਜਾਬੀ ਸਾਹਿਤ ਰਚਿਆ ਜਾਂਦਾ ਰਿਹਾ ਹੈ। ਪੰਜਾਬ ਵਿਚ ਚੱਲੀ ਸਿਆਸੀ ਖੇਡ ਨੇ ਪੰਜਾਬੀ ਭਾਸ਼ਾ ਦਾ ਹੀ ਨੁਕਸਾਨ ਨਹੀਂ ਕੀਤਾ ਸਗੋਂ ਇਸ ਦੀਆਂ ਲਿੱਪੀਆਂ ਦੀ ਵੀ ਵੰਡ ਕਰ ਦਿੱਤੀ ਹੈ। ਜਿਸ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਤਕਸੀਮ ਦਰ ਤਕਸੀਮ ਕਰ ਦਿੱਤਾ ਗਿਆ ਹੋਵੇ ਉੱਥੇ ਪੰਜਾਬੀ ਆਲੋਚਨਾ ਦੀਆਂ ਆਪਣੀਆਂ ਦ੍ਰਿਸ਼ਟੀਆਂ ਅਤੇ ਸੰਕਲਪਾਂ ਦਾ ਉੱਭਰਨਾ ਔਖਾ ਹੰਦਾ ਹੈ। ਵੰਡ ਤੋਂ ਪਹਿਲਾਂ ਅਤੇ ਬਾਅਦ ਦੀ ਸਿਆਸਤ ਨੇ ਪੰਜਾਬੀ ਭਾਸ਼ਾ ਨੂੰ ਪੜਣਲਿਖਣ ਤੇ ਬੋਲਣ ਵਾਲਿਆਂ ਵਿਚ ਵੰਡੀਆਂ ਪਾਈਆਂ ਰੱਖੀਆਂ। ਸਿੱਟੇ ਵਜੋਂ ਪੰਜਾਬੀਆਂ ਦੀ ਆਬਾਦੀ ਦਾ ਵੱਡਾ ਹਿੱਸਾ ਪੰਜਾਬੀ ਸਾਹਿਤ ਲੇੇਖਣ ਤੇ ਪੜਣ ਤੋਂ ਇਨਕਾਰੀ ਹੁੰਦਾ ਰਿਹਾ। ਇਸ ਦੇ ਨਾਲ ਹੀ ਇੱਧਰਲੇ ਪੰਜਾਬ ਵਿਚਲੇ ਇੱਕ ਵਿਸ਼ੇਸ਼ ਧਰਮ ਨਾਲ ਸਬੰਧਿਤ ਵਰਗ ਹੀ ਪੰਜਾਬੀ ਪੜਣਪੜਾਉਣ ਵੱਲ ਰੁਚਿਤ ਹੁੰਦੇ ਰਹੇ। ਇਹਨਾਂ ਇਤਿਹਾਸਿਕ ਤੇ ਸਿਆਸੀ ਕਾਰਨਾਂ ਕਰਕੇ ਪੰਜਾਬੀ ਆਲੋਚਨਾ ਦਾ ਅਪਣਾ ਕੋਈ ਮੂੰਹਮੁਹਾਂਦਰਾ ਸਾਡੇ ਸਾਹਮਣੇ ਨਾ ਆ ਸਕਿਆ। ਨਤੀਜੇ ਵਜੋਂ ਪੰਜਾਬੀ ਆਲੋਚਨਾ ਲੋੜ ਨਾਲੋਂ ਵੱਧ ਭਾਰਤੀ ਅਤੇ ਪੱਛਮੀ ਆਲੋਚਨਾ ਪ੍ਰਣਾਲੀਆਂ, ਦ੍ਰਿਸ਼ਟੀਆਂ ਤੇ ਸੰਕਲਪਾਂ ਦੀ ਮੁਥਾਜ ਹੁੰਦੀ ਰਹੀ। ਇਸ ਦੇ ਬਾਵਜੂਦ ਕੁਝ ਪੰਜਾਬੀ ਆਲੋਚਕਾਂ ਨੇ ਇਸ ਨੂੰ ਇਹਨਾਂ ਵਖਰੇਵਿਆਂ ਵਿਚੋਂ ਕੱਢਣ ਦੇ ਇਮਾਨਦਾਰ ਯਤਨ ਕੀਤੇ, ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ?ਇਸ ਸਭ ਦੇ ਬਾਵਜੂਦ ਵੀ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੇ ਨੁਕਤਾ ਨਿਗਾਹ ਤੋਂ ਪੱਛਮੀ ਅਤੇ ਭਾਰਤੀ ਆਲੋਚਨਾ ਸਿਧਾਂਤਾਂ ਰਾਹੀਂ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਕਰਨਾ ਕਿੰਨਾ ‘ਕੁ ਸਹੀ ਹੈ? - ਜਿੰਨੀਆਂ ਵੀ ਵੱਧ ਤੋਂ ਵੱਧ ਆਲੋਚਨਾ ਪ੍ਰਣਾਲੀਆਂ ਦਾ ਅਧਿਐਨ ਤੇ ਮੁਲਾਂਕਣ ਹੋਵੇਗਾ ਤੇ ਜਿੰਨਾਂ ਵੀ ਇਹਨਾਂ ਸਿਧਾਂਤਾਂ ਰਾਹੀਂ ਸਾਹਿਤ ਦੀ ਪਰਖ-ਪੜਚੋਲ ਹੋਵੇਗੀ, ਉਨ੍ਹਾਂ ਹੀ ਚੰਗਾ ਹੋਵੇਗਾ ਪਰ ਇਸ ਵਿਚ ਵਿਸ਼ੇਸ਼ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਪਣੇ ਸਾਹਿਤ ਸਭਿਆਚਾਰ ਦੀ ਤਾਸੀਰ ਨੂੰ ਨਹੀਂ ਛੱਡਿਆ ਜਾ ਸਕਦਾ। ਜੇਕਰ ਅਸੀਂ ਪੰਜਾਬੀ ਸਾਹਿਤ, ਇਤਿਹਾਸ, ਸਭਿਆਚਾਰ, ਆਰਥਿਕਤਾ, ਸਿਆਸਤ ਆਦਿ ਨੂੰ ਛੱਡ ਕਿ ਕੇਵਲ ਪੱਛਮੀ ਅਤੇ ਭਾਰਤੀ ਆਲੋਚਨਾ ਸਿਧਾਂਤਾਂ ਰਾਹੀ ਪੰਜਾਬੀ ਸਾਹਿਤ ਦੀ ਪਰਖ-ਪੜਚੋਲ ਕਰਾਂਗੇ ਤਾਂ ਅਸੀਂ ਲਾਜ਼ਮੀ ਤੌਰ ‘ਤੇ ਗ਼ਲਤ ਸਿੱਟਿਆਂ ‘ਤੇ ਪਹੁੰਚਾਂਗੇ। ? ਇਹ ਇੱਕ ਸਰਬਪ੍ਰਵਾਨਿਤ ਧਾਰਨਾ ਹੈ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਤੇ ਸਾਹਿਤਕਾਰ ਇਸ ਦਰਪਣ ਵਿਚੋਂ ਸਮਾਜ ਦੀ ਤਸਵੀਰ ਉਲੀਕਦਾ ਹੈ ਤੇ ਇਸ ਆਧਾਰ ‘ਤੇ ਭਵਿੱਖੀ ਸਮਾਜ ਦੀਆਂ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ ਪਰ ਅਕਸਰ ਵੇਖਿਆ ਜਾਂਦਾ ਹੈ ਕਿ ਸਾਹਿਤਕਾਰ ਇੱਕ ਖ਼ਾਸ ਵਿਚਾਰਧਾਰਾ ਤੇ ਸਿਧਾਂਤ ਦੀ ਤਰਜਮਾਨੀ ਹੀ ਕਰ ਰਿਹਾ ਹੁੰਦਾ ਹੈ। ਉਸ ਦੀ ਇਹ ਤਰਜਮਾਨੀ ਕਈ ਵਾਰ ਵਿਰੋਧੀ ਵਿਚਾਰਾਂ ਦੀ ਬੇਲੋੜੀ ਖਿੱਲੀ ਉਡਾਉਣ ਤੱਕ ਹੀ ਅਪਣੀ ਪਹੁੰਚ ਰੱਖਦੀ ਹੈ। ਇਸ ਆਧਾਰ ‘ਤੇ ਜੇਕਰ ਸਾਹਿਤਕਾਰ ਨੂੰ ਸਮਾਜ ਦਾ ਚਿਤੇਰਾ ਕਹਿਣ ਦੀ ਬਜਾਏ, ਵਰਗ ਵਿਸ਼ੇਸ਼ ਦਾ ਚਿਤੇਰਾ ਕਿਹਾ ਜਾਵੇ, ਕੀ ਇਹ ਸਹੀ ਨਹੀਂ ਰਹੇਗਾ? ਜਿਹਾ ਕਿ ਬੀਤੇ ਕੁਝ ਸਮੇਂ ਦੌਰਾਨ ਮਹਿਸੂਸ ਵੀ ਹੋਇਆ ਹੈ ਜਾਂ ਫਿਰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਾਹਿਤਕਾਰ ਹੁਣ ਅਪਣੀ ਪ੍ਰਤੀਬੱਧਤਾ ਜ਼ਿਆਦਾਤਰ ਸਮਾਜ ਨਾਲ ਨਹੀਂ, ਸਗੋਂ ਅਪਣੇ ਵਰਗ ਨਾਲ ਰੱਖਦਾ ਹੈ? - ਸਾਹਿਤਕਾਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸੇ ਨਾ ਕਿਸੇ ਵਰਗ ਦੇ ਹੱਕ ਜਾਂ ਵਿਰੋਧ ਵਿਚ ਹੀ ਭੁਗਤ ਰਿਹਾ ਹੁੰਦਾ ਹੈ। ਕਈ ਇਸ ਨੂੰ ਸੁਚੇਤ ਤੌਰ ‘ਤੇ ਭੁਗਤਾਉਂਦੇ ਹਨ ਅਤੇ ਕਈ ਅਚੇਤ ਤੌਰ ‘ਤੇ। ਸਾਹਿਤਕਾਰ ਕਦੇ ਵੀ ਨਿਰਪੱਖ ਨਹੀਂ ਹੋ ਸਕਦਾ। ਜੋ ਸਾਹਿਤਕਾਰ ਅਪਣੀ ਨਿਰਪੱਖਤਾ ਦਾ ਇਜ਼ਹਾਰ ਕਰਦੇ ਹਨ ਉਹ ਝੂਠ ਬੋਲ ਰਹੇ ਹੁੰਦੇ ਹਨ। ਗੁਰੂ ਨਾਨਕ ਸਾਹਿਬ ਨੇ ਤਾਂ ਸਿੱਧੇ ਤੌਰ ‘ਤੇ ਅਪਣੇਆਪ ਨੂੰ ਗ਼ਰੀਬਾਂ, ਦਲਿਤਾਂ, ਅਛੂਤਾਂ ਅਤੇ ਦੱਬੇ ਕੁਚਲੇ ਲੋਕਾਂ ਨਾਲ ਜੋੜਿਆ ਹੈ। ਉਨ੍ਹਾਂ ਦਾ ਪ੍ਰਸਿੱਧ ਕਥਨ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਸੋ, ਉਸੇ ਸਾਹਿਤਕਾਰ ਨੂੰ ਵੱਡਾ ਮੰਨਿਆ ਜਾਂਦਾ ਹੈ, ਜੋ ਗਰੀਬ ਵਰਗ ਦੇ ਨਾਲ ਖੜਦਾ ਹੈ। ਗ਼ਰੀਬਾਂ ਨਾਲ ਹਮਦਰਦੀ ਅਤੇ ਇਸ ਹਮਦਰਦੀ ਨੂੰ ਕਲਾਤਮਿਕ ਪੁੱਠ ਰਾਹੀਂ ਪੇਸ਼ ਕੀਤੀ ਗਈ ਉਸ ਦੀ ਕਿਰਤ ਦੀ ਕਦਰ ਤਾਂ ਹੀ ਹੁੰਦੀ ਹੈ ਜੇਕਰ ਉਸ ਦੀ ਕਿਰਤ ਨਾਅਰਾ ਨਾ ਬਣੇ। ਸੋ, ਸਾਹਿਤ ਨੂੰ ਸਭ ਤੋਂ ਪਹਿਲਾਂ ਸਾਹਿਤ ਹੋਣਾ ਅਵੱਸ਼ਕ ਹੈ। ਜਿਹੜਾ ਸਾਹਿਤ ਸਥਾਪਤੀ ਜਾਂ ਅਮੀਰ ਲੋਕਾਂ ਦੇ ਮਨੋਰੰਜਨ ਲਈ ਲਿਖਿਆ ਜਾਂਦਾ ਹੈ, ਉਸ ਦੀ ਹੋਂਦ ਛਿਣ-ਭੰਘਰੀ ਜਾਂ ਥੋੜ੍ਹ ਚਿਰੀ ਹੁੰਦੀ ਹੈ। ਸਾਹਿਤ ਬੁਨਿਆਦੀ ਤੌਰ ‘ਤੇ ਸਮਾਜ ਨੂੰ ਸੁਨੱਖਾ ਬਣਾਉਣ ਦਾ ਕਾਰਜ ਕਰਦਾ ਹੈ। ਇਸ ਕਰਕੇ ਸਾਹਿਤਕਾਰ ਦੀ ਮੁੱਖ ਜ਼ਿੰਮੇਵਾਰੀ ਦੱਬੇ ਕੁਚਲੇ ਲੋਕਾਂ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਵਾਉਣਾ ਅਤੇ ਉਨ੍ਹਾਂ ਦੀ ਜ਼ਿੰਦਗੀ ਲਈ ਬਿਹਤਰ ਹਾਲਤਾਂ ਲਈ ਮਾਹੌਲ ਤਿਆਰ ਕਰਨਾ ਆਦਿ ਬਣਦੀ ਹੈ। ?ਰਾਜਨੀਤੀ, ਆਰਥਿਕਤਾ, ਧਰਮ ਅਤੇ ਸਭਿਆਚਾਰ ਆਦਿ ਅਕਸਰ ਸਾਹਿਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਕਰਦੇ ਅਤੇ ਇਸ ਤੋਂ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਇਸ ਸਬੰਧੀ ਤੁਹਾਡਾ ਕੀ ਨਜ਼ਰੀਆ ਹੈ ਕਿ ਮੌਜੂਦਾ ਦੌਰ ਦਾ ਸਾਡਾ ਪੰਜਾਬੀ ਸਾਹਿਤ ਵੀ ਉਪਰੋਕਤ ਸਾਰਿਆਂ ਨੂੰ ਪ੍ਰਭਾਵਿਤ ਕਰਨ ਦਾ ਮਾਦਾ ਰੱਖਦਾ ਹੈ? - ਇਹਨਾਂ ਸਾਰਿਆਂ ਦਾ ਆਪਸ ਵਿਚ ਦਵੰਦਵਾਦੀ ਰਿਸ਼ਤਾ ਹੈ। ਸਾਹਿਤ ਹਮੇਸ਼ਾ ਉਪਰੋਕਤ ਮੁੱਦਿਆਂ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ ਅਤੇ ਬੇਸ਼ੱਕ ਇਹਨਾਂ ਨੂੰ ਪ੍ਰਭਾਵਿਤ ਵੀ ਕਰਦਾ ਰਹਿੰਦਾ ਹੈ। ਜਦੋਂ ਵੀ ਕੋਈ ਲੋਕਪੱਖੀ ਲਹਿਰ ਉੱਭਰਦੀ ਹੈ, ਉਸ ਵਿਚ ਸਾਹਿਤ ਦੀ ਮਹੱਤਵਪੂਰਨ ਭੂਮਿਕਾ ਦਾ ਆਸਾਰ ਬਣੇ ਰਹਿੰਦੇ ਹਨ। ਅੱਜ ਭਾਵੇਂ ਸਾਡਾ ਸਮਾਜ ਕਿਸੇ ਵੱਡੀ ਲੋਕਲਹਿਰ ਵਿਹੂਣੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਇਸ ਦੇ ਬਾਵਜੂਦ ਪੰਜਾਬੀ ਦੇ ਬਹੁਤ ਸਾਰੇ ਲੇਖਕ ਪੰਜਾਬ ਦੀਆਂ ਵੱਖ-ਵੱਖ ਸਮੱਸਿਆਵਾਂ ਨਾਲ ਸਬੰਧਿਤ ਆਪਣੀਆਂ ਰਚਨਾਵਾਂ ਲਿਖ ਰਹੇ ਹਨ। ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਸਾਹਿਤਕਾਰ ਉਹੀ ਲੰਮਾ ਸਮਾਂ ਯਾਦ ਰੱਖਿਆ ਜਾਂਦਾ ਹੈ, ਜੋ ਪ੍ਰਚੱਲਿਤ ਪ੍ਰਸਥਿਤੀਆਂ ਨੂੰ ਸਮਝ ਕਿ ਬਦਲਣ ਦਾ ਸੰਦੇਸ਼ ਬਹੁਤ ਹੀ ਜ਼ੋਰ ਅਤੇ ਕਲਾਤਮਿਕਤਾ ਨਾਲ ਦਿੰਦਾ ਹੋਵੇ। ਅੱਜ ਵੀ ਮੈਨੂੰ ਪੰਜਾਬੀ ਸਾਹਿਤਕਾਰਾਂ ਕੋਲੋਂ ਪੂਰੀਆਂ ਉਮੀਦਾਂ ਹਨ।
?ਪੰਜਾਬ ਦਾ ਮਾਹੌਲ ਬੀਤੇ ਕੁਝ ਸਮੇਂ ਤੋਂ ਇੱਕ ਵਾਰ ਫਿਰ ਕਾਫੀ ਗੰਭੀਰ ਬਣਿਆ ਹੋਇਆ ਹੈ। ਇੱਕ ਚਿੰਤਕ ਦੇ ਰੂਪ ਵਿਚ ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? -ਪੰਜਾਬ ਹਮੇਸ਼ਾ ਹੀ ਇੱਕ ਸੁਲਗਦਾ ਸੂਬਾ ਰਿਹਾ ਹੈ। ਅਪਣੇ ਭੂਗੋਲਿਕ ਅਤੇ ਇਤਿਹਾਸਿਕ ਕਾਰਨਾਂ ਕਰਕੇ ਪੰਜਾਬੀ ਅਕਸਰ ਵੱਖ-ਵੱਖ ਮੁਹਿੰਮਾਂ ਵਿਚ ਸਰਗਰਮ ਰਹੇ ਹਨ। ਪੰਜਾਬ ਦੇ ਹਾਕਮਾਂ ਨੇ ਪੰਜਾਬੀਆਂ ਦੇ ਇਸ ਅੱਥਰੇ ਸੁਭਾਅ ਨੂੰ ਕਾਬੂ ਕਰਨ ਲਈ ਆਪਣੀਆਂ ਕੁਚਾਲਾਂ ਦਾ ਸਹਾਰਾ ਲਿਆ ਹੈ। ਇਸ ਕਿਸਮ ਦੀਆਂ ਕੁਚਾਲਾਂ ਹੀ ਹੁਣ ਦੇ ਹਾਕਮ ਪੰਜਾਬੀਆਂ ਨਾਲ ਚੱਲਣਾ ਚਾਹੁੰਦੇ ਹਨ। ਅੱਜ ਪੰਜਾਬ ਦੀ ਕਿਸਾਨੀ, ਨੌਜਵਾਨੀ, ਵਾਤਾਵਰਨ ਆਦਿ ਸੰਕਟ ਵਿਚ ਹਨ। ਪੰਜਾਬ ਦੇ ਹਾਕਮ ਇਹਨਾਂ ਸੰਕਟਾਂ ‘ਤੇ ਮਿੱਟੀ ਪਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਚਾਹੁੰਦੇ ਹਨ। ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਨੇ ਪੰਜਾਬੀਆਂ ਨੂੰ ਧਾਰਮਿਕ ਲਿਹਾਜ਼ ਨਾਲ ਮੁੜ ਵੰਡਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਲੋਕਾਂ ਨੇ ਉਨ੍ਹਾਂ ਦੀ ਕੁਚਾਲਾਂ ਦਾ ਪਰਦਾਫਾਸ਼ ਕਰ ਦਿੱਤਾ। ਇਸ ਕਾਰਨ ਪੰਜਾਬ ਦੀ ਅਕਾਲੀ ਪਾਰਟੀ ਭਾਵ ਬਾਦਲ ਸਰਕਾਰ ਲੋਕਾਂ ਦੀਆਂ ਨਜ਼ਰਾਂ ਵਿਚ ਪੂਰੀ ਤਰ੍ਹਾਂ ਡਿਗ ਗਈ ਹੈ। ਆਪਣੀਆਂ ਗ਼ਲਤੀਆਂ ਤੇ ਪਰਦਾ ਪਾਉਣ ਲਈ ਬਾਦਲ ਸਰਕਾਰ ਨੂੰ ਸਦਭਾਵਨਾਵਾਂ ਰੈਲੀਆਂ ਕਰਨ ਦਾ ਢਕੌਂਸਲਾ ਕਰਨਾ ਪਿਆ। ਮੈਨੂੰ ਨਹੀਂ ਲਗਦਾ ਕਿ ਪੰਜਾਬੀ ਹਾਕਮਾਂ ਦੀਆਂ ਇਹਨਾਂ ਕੁਚਾਲਾਂ ਦਾ ਦੁਬਾਰਾ ਸ਼ਿਕਾਰ ਹੋਣਗੇ। ਸਿਆਸੀ ਤੌਰ ‘ਤੇ ਪੰਜਾਬੀ ਹੁਣ ਕਿਸੇ ਨਵੇਂ ਬਦਲ ਦੀ ਤਲਾਸ਼ ਵਿਚ ਹਨ। ***
Ramandeep singh
Very interesting. ਖੱਟ-ਮਿੱਠਾ ਪਰ ਖੱਬੇ ਪੱਖੀ ਕਲਮ ਵਿੱਚੋ ਨਿਕਲਿਆ ਬਹੁਤਾ ਨਾ-ਵਾਚਕ ਲੇਖ ਨਹੀਂ ਕਨੇਡਾ ਵਿੱਚ ਵੱਸਦੇ ਪੰਜਾਬੀ ਮਾਰਕਸਵਾਦੀਆਂ ਨੇ ਸਿੱਖੀ ਤੋਂ ਦੂਰ ਰਹਿ ਕੇ ਆਪਣੀ ਪਹਿਚਾਣ ਬਣਾਉਣ ਨਾਲ਼ੋਂ ਸਿੱਖੀ ਵਿੱਚ ਵੜ ਕੇ ਗੰਧਲ਼ਾ ਕਰਨ ਦੀ ਰਣਨੀਤੀ ਰੱਖੀ। ਭਾਵੇ ਵੈਨਕੂਵਰ ਵਿੱਚ ਦੇਸ਼-ਭਗਤਾਂ ਦੇ ਗੁਰਦਵਾਰੇ ਦੇ ਨਾਂ ਥੱਲੇ ਆਪਣਾ ਗੁਰਦਵਾਰਾ ਬਣਾ ਕੇ ਬਰਾਬਰ ਪ੍ਰਚਾਰ ਕਰਕੇ ਫੇਲ ਹੋਣ ਦਾ ਪੈਂਤੜਾ ਹੋਵੇ ਭਾਵੇ ਖਾਲਸਾ ਦਿਵਾਨ ਸੋਸਾਇਟੀ ਵਿੱਚ ਸਿੱਧੇ ਦਖ਼ਲ ਅੱਜ ਤੱਕ ਚੱਲ ਰਹੇ ਹੋਣ