ਇਹ ਖ਼ਤਰਨਾਕ ਸਮਾਂ ਇੱਕਮੁਠ ਹੋ ਕੇ ਸਾਂਝੇ ਸੰਘਰਸ਼ ਵਿੱਢਣ ਦਾ ਹੈ : ਕਨ੍ਹਈਆ ਕੁਮਾਰ
Posted on:- 19-03-2016
ਮੁਲਾਕਾਤੀ - ਸੁਕੀਰਤ
?- ਕਨ੍ਹਈਆ, ਪਿਛਲੇ ਡੇਢ ਮਹੀਨੇ ਦੀਆਂ ਘਟਨਾਵਾਂ ਨੇ ਤੁਹਾਡੇ ਨਾਂਅ ਨਾਲ ਦੇਸ਼ ਭਰ ਦੇ ਲੋਕਾਂ ਨੂੰ ਜਾਣੂ ਕਰਾ ਦਿੱਤਾ ਹੈ। ਤੁਹਾਡੇ ਪਹਿਲੇ ਭਾਸ਼ਣ ਦਾ ਉਤਾਰਾ ਅਸੀ ਅਖ਼ਬਾਰ ਵਿੱਚ ਛਾਪਿਆ ਵੀ ਸੀ। ਰਿਹਾਈ ਤੋਂ ਬਾਅਦ ਤੁਹਾਡੇ ਕੀਤੇ ਭਾਸ਼ਣ ਦੀ ਵੀ ਏਨੀ ਚਰਚਾ ਹੋਈ ਹੈ ਕਿ ਅਖਬਾਰਾਂ ਪੜ੍ਹਨ ਵਾਲਾ ਜਾਂ ਸੋਸ਼ਲ ਮੀਡੀਆ ਉੱਤੇ ਨਜ਼ਰ ਮਾਰਨ ਵਾਲਾ ਹਰ ਕੋਈ ਤੁਹਾਡੇ ਵਿਚਾਰਾਂ ਨਾਲ ਵਾਕਫ਼ ਹੋ ਚੁੱਕਾ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀ ਕਿਸ ਮਾਹੌਲ ਵਿੱਚ ਪਲੇ,ਪੜ੍ਹੇ? ਜਿਸ ਕਨ੍ਹਈਆ ਨੂੰ ਅੱਜ ਅਸੀ ਦੇਖ ਰਹੇ ਹਾਂ, ਉਹ ਬਣਿਆ ਕਿਵੇਂ?- ਮੇਰੇ ਉੱਤੇ ਸਭ ਤੋਂ ਵੱਡੀ ਛਾਪ ਮੇਰੀ ਮਾਂ ਦੀ ਹੈ। ਜਦੋਂ ਮੈਂ ਕਹਿੰਦਾ ਹਾਂ ਕਿ ਮੇਰੀ ਮਾਂ ਮੇਰਾ ਪ੍ਰੇਰਨਾ ਸ੍ਰੋਤ ਰਹੀ ਹੈ ਤਾਂ ਮੈਂ ਕੋਈ ਫਿਲਮੀ ਡਾਇਲਾਗ ਨਹੀਂ ਕਹਿ ਰਿਹਾ। ਮੇਰੀ ਮਾਂ ਛੇਵੀਂ ਜਮਾਤ ਤਕ ਪੜ੍ਹੀ ਸੀ, ਤੇ ਫੇਰ ਉਸਦਾ ਵਿਆਹ ਹੋ ਗਿਆ, ਜਿਵੇਂ ਬਿਹਾਰ ਦੇ ਪਿੰਡਾਂ ਵਿੱਚ ਹੁੰਦਾ ਹੈ। ਮੇਰੇ ਦਾਦਾ ਜੀ ਕਮਿਊਨਿਸਟ ਵਿਚਾਰਾਂ ਦੇ ਪਰਭਾਵ ਹੇਠ ਸਨ, ਜਿਸ ਕਾਰਨ ਸਾਡੇ ਪਰਵਾਰ ਵਿੱਚ ਇੱਕ ਅਗਾਂਹਵਧੂ ਮਾਹੌਲ ਸੀ, ਹਾਲਾਂਕਿ ਬਹੁਤ ਸਾਰੀਆਂ ਰੂੜ੍ਹੀਆਂ ਵੀ ਮੌਜੂਦ ਸਨ, ਜਿਵੇਂ ਧਾਰਮਕ ਰੀਤੀ ਰਿਵਾਜਾਂ, ਕੁਝ ਦਕਿਆਨੂਸੀ ਪਰੰਪਰਾਵਾਂ ਦੀ ਪਾਲਣਾ। ਪਰ ਸਾਡੇ ਪਿੰਡ ਉਤੇ ਕਮਿਊਨਿਸਟ ਨੇਤਾ ਚੰਦਰਸ਼ੇਖਰ ਸਿੰਘ ਜੀ ਦਾ ਬਹੁਤ ਪਰਭਾਵ ਸੀ ਜਿਨ੍ਹਾਂ ਦੇ ਨਾਂਅ ਉਤੇ ਉਥੇ ਪੁਸਤਕਾਲਾ ਵੀ ਹੈ। ਉਸ ਕਿਸਮ ਦੇ ਮਾਹੌਲ ਵਿੱਚ ਮੇਰੇ ਦਾਦਾ ਜੀ ਨੇ ਮੇਰੀ ਮਾਂ ਨੂੰ ਅੱਗੇ ਵੀ ਪੜ੍ਹਾਇਆ, ਦਸਵੀਂ ਤਕ। ਘਰ ਦੀ ਆਰਥਕਤਾ ਠੀਕ ਠੀਕ ਸੀ, ਪਰ ਪਿਛੋਂ ਜਾਕੇ ਮੇਰੇ ਪਿਤਾ ਜੀ ਨੂੰ ਲਕਵਾ ਮਾਰ ਗਿਆ ਅਤੇ ਉਹ ਕੰਮ ਕਰਨ ਜੋਗੇ ਨਾ ਰਹੇ। ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਮਾਂ ‘ਤੇ ਆਣ ਪਈ।
? ਤੁਸੀ ਛੋਟੇ ਸੋ ਅਜੇ?
-ਨਹੀਂ ਮੈਂ ਬੱਚਾ ਵੀ ਨਹੀਂ ਸਾਂ।ਵੈਸੇ ਅਸੀ ਚਾਰ ਬੱਚੇ ਹਾਂ, ਮੈਂ ਤੀਜੇ ਥਾਂ ਹਾਂ। ਮੇਰੇ ਤੋਂ ਇੱਕ ਵੱਡਾ ਭਰਾ ਤੇ ਭੈਣ ਹਨ ਅਤੇ ਇੱਕ ਭਰਾ ਮੇਰੇ ਤੋਂ ਬਾਅਦ ਹੈ।ਪਿਤਾ ਜੀ ਦੀ ਬੀਮਾਰੀ ਅਤੇ ਘਰ ਵਿੱਚ ਆਰਥਕ ਤੰਗੀ ਦੇ ਬਾਵਜੂਦ ਸਾਡੀ ਮਾਂ ਨੂੰ ਸਪੱਸ਼ਟ ਸੀ ਕਿ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰ ਹੈ। ਉਹ ਹਰ ਹੀਲੇ ਸਾਨੂੰ ਸਕੂਲ ਭੇਜਦੀ ਰਹੀ। ਸਕੂਲ ਵਿੱਚ ਮੈਂ ਠੀਕ ਠਾਕ ਸੀ, ਅਧਿਆਪਕਾਂ ਦਾ ਦਬਾਅ ਸੀ ਕਿ ਇਸਨੂੰ ਕਿਸੇ ਚੰਗੇ ਸਕੂਲ ਵਿੱਚ ਭੇਜੋ ਪਰ ਆਰਥਕ ਹਾਲਤ ਇਸਦੀ ਇਜਾਜ਼ਤ ਨਹੀਂ ਸੀ ਦੇਂਦੀ। ਫੇਰ ਮੈਨੂੰ ਤਿੰਨ ਸਾਲ ਲਈ ਪਿੰਡ ਦੇ ਹੀ ਨਿੱਜੀ ਸਕੂਲ ਵਿੱਚ ਦਾਖਲ ਕਰਾਇਆ ਗਿਆ। ਪੰਜਵੀਂ, ਛੇਵੀਂ ਤੇ ਸਤਵੀਂ ਮੈਂ ਉਸ ਸਕੂਲ ਵਿੱਚ ਪੜ੍ਹਿਆ ਤੇ ਬਾਅਦ ਵਿੱਚ ਮੁੜ ਸਰਕਾਰੀ ਸਕੂਲ ਵਿੱਚ ਆ ਗਿਆ। ਨਿੱਜੀ ਸਕੂਲ ਵਿੱਚ ਫੀਸ ਦੇ ਸਕਣ ਦੀ ਹਾਲਤ ਨਹੀਂ ਸੀ । ਪ੍ਰਾਇਮਰੀ ਸਕੂਲ ਵਿੱਚ ਤੁਸੀ ਕੋਚਿੰਗ ਨਾ ਵੀ ਲਓ ਤਾਂ ਕੰਮ ਚੱਲ ਜਾਂਦਾ ਹੈ। ਓਨੀ ਕੁ ਤਾਂ ਮੇਰੀ ਮਾਂ ਵੀ ਪੜ੍ਹੀ-ਲਿਖੀ ਸੀ.. ਰੋਟੀ ਪਕਾਂਦੀ ਰਹਿੰਦੀ ਸੀ ਤੇ ਮੈਂ ਚੁੱਲ੍ਹੇ ਕੋਲ ਬੈਠਾ ਰਹਿੰਦਾ ਸਾਂ। ਉਹ ਕਹਿੰਦੀ ਸੀ ਕਿ ਬੋਲ ਬੋਲ ਕੇ ਪੜ੍ਹਿਆ ਕਰ, ਜੇ ਮੈਂ ਗੱਲਤ ਬੋਲਦਾ ਸਾਂ ਤਾਂ ਉਹ ਟੋਕ ਦੇਂਦੀ ਸੀ ।ਮੇਰੇ ਦਾਦਾ ਜੀ ਨੇ ਮੇਰੀ ਮਾਂ ਨੂੰ ਪੜ੍ਹਾਉਣ ਦਾ ਜਿਹੜਾ ਫੈਸਲਾ ਲਿਆ ਸੀ , ਉਸਦਾ ਫ਼ਾਇਦਾ ਮੈਨੂੰ ਇਹ ਹੋਇਆ ਕਿ ਪ੍ਰਾਇਮਰੀ ਦੀ ਪੱਧਰ ਤੱਕ ਸਾਡੀ ਮਾਂ ਆਪਣੇ ਬੱਚਿਆਂ ਨੂੰ ਖੁਦ ਪੜ੍ਹਾ ਸਕਣ ਦੇ ਸਮਰਥ ਸੀ। ਪਰ ਇਸਤਂਂ ਮਗਰੋਂ ਜਦੋਂ ਤੁਸੀ ਸੈਕੰਡਰੀ ਸਕੂਲ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਟਿਊਸ਼ਨ ਦੀ ਲੋੜ ਪੈਂਦੀ ਹੈ। ਮੇਰੀ ਮਾਂ ਤਾਂ ਦਸਵੀਂ ਪਾਸ ਹੀ ਸੀ, ਜਦੋਂ ਮੈਂ ਅਠਵੀਂ ਵਿੱਚ ਚਲਾ ਗਿਆ ਤਾਂ ਨਵਾਂ ਸਿਲੇਬਸ, ਨਵੀਆਂ ਚੀਜ਼ਾਂ ਉਹ ਪੜ੍ਹਾ ਨਹੀਂ ਸੀ ਸਕਦੀ, ਟਿਊਸ਼ਨ ਜੋਗੀ ਵੁੱਕਤ ਨਹੀਂ ਸੀ । ਉਦੋਂ ਇਸ ਮੁਫ਼ਲਿਸੀ ਕਾਰਨ ਮੇਰਾ ਦਿਮਾਗ ਸਾਇੰਸ ਦੀ ਥਾਂ ਸਾਹਿਤ ਵੱਲ ਮੁੜਨਾ ਸ਼ੁਰੂ ਹੋਇਆ, ਮੈਂ ਸਾਇੰਸ ਤੋਂ ਹਿਊਮੈਨਟੀ ਵੱਲ ਮੋੜਾ ਕੱਟਿਆ। ਉਦੋਂ ਤੱਕ ਮੈਂ ਸਾਇੰਸ, ਹਿੱਸਾਬ, ਅੰਗਰੇਜ਼ੀ ਜ਼ਿਆਦਾ ਪੜ੍ਹਦਾ ਸਾਂ। ਪਰ ਦੇਖੋ ਮੁਫ਼ਲਿਸੀ, ਜਾਂ ਆਲੇ ਦੁਆਲੇ ਦੇ ਹਾਲਾਤ ਇਨਸਾਨ ਨੂੰ ਕਿਵੇਂ ਤਿਆਰ ਕਰਦੇ ਹਨ। ਹੁਣ ਸਾਇੰਸ ਤੋਂ ਲਾਂਭੇ ਹੋ ਕੇ ਆਰਟਸ ਵੱਲ ਜਾਣ ਨਾਲ ਹੋਇਆ ਇਹ ਕਿ ਮੇਰੇ ਵਿੱਚ ਪੜ੍ਹਨ ਦੀ ਸਮਰੱਥਾ ਤਾਂ ਬਹੁਤ ਸੀ, ਪਰ ਸਿਲੇਬਸ ਬਹੁਤ ਘੱਟ ਸੀ। ਮੈਂ ਖੇਡਣ-ਕੁਦਣ ਵਿੱਚ ਵੀ ਦਿਲਚਸਪੀ ਨਹੀਂ ਸੀ ਰਖਦਾ। ਮੇਰੇ ਪਰਵਾਰ ਵਿੱਚ ਮੇਰੇ ਭਰਾ , ਜੋ ਫੌਜ ਵਿੱਚ ਹਨ, ਚੋਖੇ ਹੱਟੇ ਕੱਟੇ ਹਨ, ਸ਼ੁਰੂ ਤੋਂ ਖੇਡਣ ਵਿੱਚ ਅਗੇ ਰਹੇ ਹਨ, ਪਰ ਮੈਂ ਖੇਡਦਾ-ਸ਼ੇਡਦਾ ਨਹੀਂ ਸਾਂ, ਸ਼ੁਰੂ ਤੋਂ ਹੀ ਪੜ੍ਹਦੇ ਰਹਿਣ ਦੀ ਆਦਤ ਸੀ। ਸੋ ਇਮਤਿਹਾਨ ਮੁੱਕਣ ਅਤੇ ਅਗਲੇ ਦਾਖਲਿਆਂ ਵਿੱਚਲੇ ਵਕਫ਼ੇ ਦੌਰਾਨ ਮੈਂ ਹਿੰਦੀ ਦੀ ਕਹਾਣੀ, ਕਵਿਤਾ ਪੜ੍ਹਦਾ ਰਹਿੰਦਾ ਸਾਂ। ਕਲਾਸਾਂ ਸ਼ੁਰੂ ਹੋਣ ਤੇ ਮੁੱਢਲੇ ਮਹੀਨਿਆਂ ਵਿੱਚ ਹੀ ਸਮਾਜਕ ਵਿਗਿਆਨ ਦੀਆਂ, ਇਤਿਹਾਸ ਦੀਆਂ ਕਿਤਾਬਾਂ ਮੈਂ ਪੜ੍ਹ ਜਾਂਦਾ ਸਾਂ। ਤਿੰਨ ਚਾਰ ਮਹੀਨੇ ਬਾਅਦ ਮੇਰੇ ਕੋਲ ਪੜ੍ਹਨ ਲਈ ਕੁਝ ਨਹੀਂ ਸੀ ਬਚਦਾ। ਸੋ ਹਾਈ ਸਕੂਲ ਤੋਂ ਹੀ ਮੈਂ ਸਾਹਿਤ ਪੜ੍ਹਨ ਲੱਗ ਪਿਆ।ਪ੍ਰੇਮ ਚੰਦ, ਗੋਰਕੀ...ਜੋ ਕੁਝ ਵੀ ਉਸ ਵੇਲੇ ਹੱਥ ਆਇਆ …ਬਲਕਿ ਮੈਨੂੰ ਚੇਤੇ ਹੈ ਕਿ ਮੈਂ ਨੌਵੀਂ ਵਿੱਚ ਸਾਂ ਤਾਂ ਲੋਲਿਤਾ ਵੀ ਪੜ੍ਹ ਲਿਆ।
?ਲੋਲਿਤਾ ਜ਼ਰੂਰ ਨੌਵੀਂ ਦੇ ਬੱਚੇ ਦੇ ਹੱਥ ਲੱਗਣ ਤੋਂ ਰਤਾ ਪਰੇ ਰੱਖਣ ਵਾਲਾ ਨਾਵੱਲ ਹੈ...
-ਪਰ ਮੈਂ ਪੜ੍ਹ ਲਿਆ। ਤੇ ਮੇਰੇ ਚੰਗੇ ਭਾਗੀਂ , ਕਿਉਂਕਿ ਮੇਰੇ ਪਿੰਡ ਦਾ ਮਾਹੌਲ ਅਗਾਂਹਵਧੂ ਸੀ, ਮੇਰੇ ਮੁਹੱਲੇ ਵਿੱਚ ਹੀ ਪੁਸਤਕਾਲਾ ਸੀ।
? ਤੁਹਾਡੇ ਪਿੰਡ ਦਾ ਨਾਂਅ ਕੀ ਹੈ?
-ਬੀਹਟ, ਤੋਲਾ ਮਸਨਦਪੁਰ। ਤੇ ਓਥੇ ਚੰਦਰਸ਼ੇਖਰ ਯਾਦਗਾਰੀ ਪੁਸਤਕਾਲਾ ਹੈ। ਉਹੀ ਚੰਦਰਸ਼ੇਖਰ ਸਿੰਘ ਜੋ ਬਿਹਾਰ ਵਿੱਚ ਮੰਤਰੀ ਵੀ ਰਹੇ, ਸੀ ਪੀ ਆਈ ਵੱਲੋਂ।
?ਸੋ ਪਿੰਡ ਵਿੱਚ ਕਿਤਾਬਾਂ ਦੀ ਘਾਟ ਨਹੀਂ ਸੀ?
- ਬਿਲਕੁਲ, ਕੋਈ ਘਾਟ ਨਹੀਂ ਸੀ, ਖਰੀਦਣੀਆਂ ਨਹੀਂ ਸੀ ਪੈਂਦੀਆਂ। ਪੁਸਤਕਾਲੇ ਵਿੱਚ ਅਖ਼ਬਾਰ ਆਂਦਾ ਸੀ। ਸਵੇਰੇ ਜਾਣਾ, ਨਾਸ਼ਤਾ ਕਰਕੇ ਪੁਸਤਕਾਲੇ ਵਿੱਚ ਅਖ਼ਬਾਰ ਪੜ੍ਹਨਾ। ਫੇਰ ਰੋਟੀ ਖਾਣ ਘਰ ਆਣਾ, ਤੇ ਵਾਪਸ ਜਾ ਕੇ ਮੁੜ ਕਿਤਾਬਾਂ ਪੜ੍ਹਨ ਬਹਿ ਜਾਣਾ। ਇਹੀ ਮੇਰਾ ਨਿਤਨੇਮ ਸੀ। ਸਾਹਿਤ ਪੜ੍ਹਨ ਨਾਲ ਕੀ ਹੋਇਆ ਕਿ ਮੇਰੀ ਸੰਵੇਦਨਾ ਬਦਲਣ ਲੱਗੀ। ਹੁਣ ਮੇਰੇ ਭਰਾਵਾਂ ਨੂੰ ਲਓ: ਕੋਈ ਜੇਕਰ ਦੂਜੀ ਜਾਤ ਦਾ ਆਦਮੀ ਸਾਡੇ ਘਰ ਆਂਦਾ ਸੀ ਤਾਂ ਉਹ ਗੱਲਬਾਤ ਕਰਦਿਆਂ ਮਾਲਿਕ ਕਹਿ ਕੇ ਸੰਬੋਧਨ ਕਰਦਾ ਸੀ, ਜਾਂ ਫੇਰ ਬਰਾਬਰ ਦੀ ਕੁਰਸੀ ਤੇ ਨਹੀਂ ਸੀ ਬਹਿੰਦਾ, ਮੈਨੂੰ ਇਹ ਮੰਦਾ ਲੱਗਣ ਲੱਗ ਪਿਆ। ਮੈਂ ਵੱਡਾ ਹੋ ਰਿਹਾ ਸਾਂ, ਮੇਰੀ ਦਾਦੀ ਨਾਲ ਜੇਕਰ ਕਿਸੇ ਦੂਜੀ ਜਾਤ ਦੀ ਵੀ ਬੁੱਢੀ ਹੁੰਦੀ ਤਾਂ ਮੈਂ ਉਸਨੂੰ ਪਰਣਾਮ ਕਰਦਾ ਸਾਂ। ਪਰ ਮੇਰੇ ਭਰਾ ਇਸ ਗੱਲ ਤੇ ਹੱਸਦੇ ਸਨ। ‘ਤੂੰ ਉਸ ਬੁੜ੍ਹੀ ਨੂੰ ਪਰਣਾਮ ਕਿਉਂ ਕਰਦਾ ਹੈਂ?’ ਪਰ ਮੇਰਾ ਮਨ ਕਹਿੰਦਾ ਸੀ ਕਿ ਉਹ ਮੇਰੀ ਦਾਦੀ ਦੇ ਹਾਣ ਦੀ ਹੈ, ਉਹ ਵੀ ਤਾਂ ਦਾਦੀ ਹੋਈ ਨਾ, ਜਾਤ ਭਾਵੇਂ ਕੋਈ ਵੀ ਹੋਵੇ।
? ਸੋ ਤੁਹਾਡੇ ਮੁਤਾਬਕ ਇਹ ਸੰਵੇਦਨਾ ਘਰ ਦੇ ਮਾਹੌਲ ਤੋਂ ਵੀ ਵੱਧ ਸਾਹਿਤ ਰਾਹੀਂ ਪੈਦਾ ਹੋਈ।
- ਬਿਲਕੁਲ। ਅਤੇ ਜਦੋਂ ਇਹੋ ਜਿਹੀ ਸੰਵੇਦਨਾ ਪੈਦਾ ਹੋ ਜਾਂਦੀ ਹੈ ਤਾਂ ਉਹ ਬਾਹਰ ਵੀ ਫੁੱਟ ਨਿਕਲਦੀ ਹੈ। ਦੂਜਿਆਂ ਨਾਲ ਉਠਣਾ ਬਹਿਣਾ, ਪਰਣਾਮ ਕਰਨਾ, ਉਨ੍ਹਾਂ ਨੂੰ ਆਪਣੇ ਵਰਗਾ ਸਮਝਣਾ , ਇਹ ਸਭ ਵਿਹਾਰ ਦੀਆਂ ਗੱਲਾਂ ਹਨ। ਪਰ ਸਿਰਫ਼ ਏਨੇ ਨਾਲ ਤੁਹਾਡੇ ਅੰਦਰ ਪੈਦਾ ਹੋਈ ਬੇਚੈਨੀ ਨੂੰ ਠੱਲ੍ਹ ਨਹੀਂ ਪੈਂਦੀ। ਮੈਂ ਆਪਣੇ ਵਰਗੇ ਲੋਕ ਭਾਲਦਾ ਸਾਂ, ਤੇ ਫੇਰ ਮੇਰਾ ਮੇਲ ਇਪਟਾ ਨਾਲ ਹੋਇਆ। ਮੈਂ ਇੰਡੀਅਨ ਪੀਪਲਜ਼ ਥੀਏਟਰ ਨਾਲ ਜੁੜ ਕੇ ਨਾਟਕ ਕਰਨ ਲੱਗਾ। ਨਾਟਕ ਕਰਨਾ . ਗਾਣਾ, ਚੋਣ-ਮੁਹਿੰਮਾਂ ਵਿੱਚ ਜਾ ਕੇ ਡਫ਼ਲੀ ਵਜਾਉਣਾ…
? ਇਹ ਨਾਤਾ ਕਾਲਜ ਪਹੁੰਚ ਕੇ ਬਣਿਆ?
- ਨਹੀਂ ਨਹੀਂ ਅਜੇ ਮੈਂ ਸਕੂਲ ਵਿੱਚ ਹੀ ਸਾਂ। ਨੌਵੀਂ ਦਸਵੀਂ ਦੇ ਸਮੇਂ ਦੀ ਗੱਲ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਚੱਲ ਰਹੀ ਹੈ : ਬਰਧਨ ਜੀ ਇਨਾਮ ਵਜੋਂ ਮੈਨੂੰ ਇੱਕ ਬੈਗ ਦੇ ਰਹੇ ਹਨ।ਉਹ ਇੱਕ ਨਾਟਕ ਵਿੱਚ ਹਿੱਸਾ ਲੈਣ ਕਾਰਨ ਮਿਲਿਆ ਸੀ। ਮੈਂ ਭਾਸ਼ਣ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗ ਪਿਆ : ਕਦੇ ਮਦਰ ਟੇਰੇਜ਼ਾ ਤੇ ਬੋਲਣਾ, ਕਦੇ ਭਗਤ ਸਿੰਘ ਤੇ ਬੋਲਣਾ : ਇਨ੍ਹਾਂ ਕੰਮਾਂ ਵਿੱਚ ਮੇਰੀ ਸ਼ਮੂਲੀਅਤ ਵੱਧਦੀ ਗਈ। ਇਹ ਜਿਹੜਾ ਮੈਂ ਸਾਇੰਸ ਛੱਡ ਕੇ ਹਿਊਮੈਨਿਟੀਜ਼ ਦੇ ਵਿਸ਼ੇ ਲੈ ਲਏ, ਇਹ ਗੱਲ ਮੈਟਰਿਕ ਕਰਦਿਆਂ ਮੇਰੇ ਪਹਿਲੇ ਦਰਜੇ ਵਿੱਚ ਪਾਸ ਹੋਣ ਬਹੁਤ ਸਹਾਈ ਹੋਈ। ਮੈਨੂੰ ਚੋਖੇ ਨੰਬਰ ਮਿਲੇ: ਹਿੰਦੀ ਵਿੱਚ, ਜੁਗਰਾਫ਼ੀਏ ਵਿੱਚ, ਇਤਿਹਾਸ ਵਿੱਚ, ਨਾਗਰਿਕ ਸ਼ਾਸਤਰ ਵਿੱਚ ਬਹੁਤ ਨੰਬਰ ਮਿਲੇ। ਪਰ ਸਾਇੰਸ ਦੇ ਵਿਸ਼ਿਆਂ ਵਿੱਚ ਹਾਲਤ ਪਤਲੀ ਸੀ: ਗਣਿਤ ਵਿੱਚ ਸਿਰਫ਼ 47 ਨੰਬਰ ਆਏ। ਤਾਂ ਵੀ ਕੁਲ ਮਿਲਾ ਕੇ ਪਹਿਲੇ ਦਰਜੇ ਵਿੱਚ ਪਾਸ ਹੋਇਆ। ਪਹਿਲੇ ਦਰਜੇ ਵਿੱਚ ਪਾਸ ਹੋਣ ‘ਤੇ ਬਿਹਾਰ ਵਿੱਚ ਇੱਕ ਕਲਚਰ ਹੈ ਕਿ ਬੱਚਾ ਜਾਂ ਤਾਂ ਡਾਕਟਰੀ ਕਰੇ ਜਾਂ ਇੰਜੀਨੀਅਰ ਬਣੇ, ਕਿਸੇ ਹੋਰ ਤੀਜੇ ਵਿਕਲਪ ਬਾਰੇ ਬਿਹਾਰ ਵਿੱਚ ਨਹੀਂ ਸੋਚਦੇ..
? ਬਿਹਾਰ ਤਾਂ ਕੀ ਸਾਰੇ ਹਿੰਦੁਸਤਾਨ ਵਿੱਚ ਇਹੋ ਕਲਚਰ ਹੈ..
- ਉਨ੍ਹੀ ਦਿਨੀਂ ਹੀ ਮੇਰੇ ਨਾਨਕੇ ਰਿਸ਼ਤੇਦਾਰਾਂ ਵਿੱਚੋਂ ਇੱਕ ਨੇ ਆਈ ਆਈ ਟੀ ਦਾ ਇਮਤਿਹਾਨ ਦਿੱਤਾ। ਉਨ੍ਹਾਂ ਦਿਨਾਂ ਵਿੱਚ ਕੰਪਿਊਟਰ ਦਾ ਬੜਾ ਕ੍ਰੇਜ਼ ਸੀ । ਉਸਨੂੰ ਦਿੱਲੀ ਵਿੱਚ ਦਾਖਲਾ ਮਿਲਿਆ ਤਾਂ ਪਿਤਾ ਜੀ ਨੂੰ ਜਾਪਿਆ ਕਿ ਮੇਰੇ ਮੁੰਡੇ ਨੂੰ ਵੀ ਆਈ ਆਈ ਟੀ ਲਈ ਤਿਆਰੀ ਕਰਨੀ ਚਾਹੀਦੀ ਹੈ। ਖੈਰ ਮੈਨੂੰ ਪਟਨਾ ਭੇਜ ਦਿੱਤਾ ਗਿਆ, ਇਕੇਰਾਂ ਮੁੜ ਮੇਰਾ ਸਾਇੰਸ ਵੱਲ ਮੋੜਾ ਕਟਾਉਣ ਲਈ। ਪਰ ਜੇ ਤੁਸੀ ਅਠਵੀਂ, ਨੌਵੀਂ ਦਸਵੀਂ ਵਿੱਚ ਵਿਗਿਆਨ ਦੇ ਵਿਸ਼ੇ ਨਾ ਪੜੇ੍ਹ ਹੋਣ ਤਾਂ ਤੁਹਾਡੇ ਕੋਲੋਂ ਬਹੁਤਾ ਕੁਝ ਹੁੰਦਾ ਨਹੀਂ। ਵਿਗਿਆਨ ਦੀਆਂ ਮੂਲ ਧਾਰਨਾਵਾਂ ਸਮਝਣ ਵਿੱਚ ਹੀ ਤੁਹਾਡੇ ਦੋ ਵਰ੍ਹੇ ਲੰਘ ਜਾਣਗੇ। ਇੱਕ ਸਾਲ ਵਿੱਚ ਹੀ ਮੈਨੂੰ ਅੰਦਾਜ਼ਾ ਹੋ ਗਿਆ ਕਿ ਏਥੇ ਮੈਂ ਸਮਾਂ ਬਰਬਾਦ ਕਰ ਰਿਹਾ ਹਾਂ। ਡੋਨੇਸ਼ਨ ਦੇ ਕੇ ਇੰਜੀਨੀਅਰ ਦੀ ਡਿਗਰੀ ਹਾਸਲ ਕਰਨ ਦਾ ਕੋਈ ਮਤਲਬ ਨਹੀਂ, ਅਤੇ ਨਾ ਹੀ ਸਮਰੱਥਾ ਹੈ। ਇਹ 2004 ਦੀ ਗੱਲ ਹੈ। ਮੈਂ ਇਸ ਖਿਆਲ ਨੂੰ ਛੱਡ ਦਿੱਤਾ। ਪਰ ਸੋਚਿਆ ਕਿ ਕਿਤੇ ਕੋਈ ਚੰਗੀ ਨੌਕਰੀ ਤਾਂ ਕਰਨੀ ਪਵੇਗੀ। ਬਿਹਾਰ ਵਿੱਚ ਚੰਗੀ ਨੌਕਰੀ ਦਾ ਮਤਲਬ ਹੈ ਕਲਕਟਰ ਬਣਨਾ। ਸੋ ਯੂ.ਪੀ.ਐੱਸ.ਸੀ ਦੀ ਤਿਆਰੀ ਲਈ ਮੈਂ ਬੀ.ਏ. ਵਾਸਤੇ ਜੁਗਰਾਫ਼ੀਆ, ਇਤਿਹਾਸ ਅਤੇ ਸਮਾਜ ਸ਼ਾਸਤਰ ਵਿਸ਼ੇ ਚੁਣੇ। ਜੁਗਰਾਫ਼ੀਆ ਮੇਰਾ ਔਨਰਜ਼ ਦਾ ਵਿਸ਼ਾ ਸੀ ਅਤੇ ਹਿੰਦੀ ਸਾਹਿਤ ਆਪਸ਼ਨਲ। ਸੋ ਇਹ ਮੇਰੀ ਸਾਹਿਤ ਵੱਲ ਮੁੜ ਵਾਪਸੀ ਦਾ ਮੋੜ ਹੈ। ਇਸੇ ਦੌਰਾਨ ਕਾਲਜ ਵਿੱਚ ਮੇਰੀ ਮੁਲਾਕਾਤ ਏ. ਆਈ. ਐਸ. ਐਫ਼. ਵਾਲਿਆਂ ਨਾਲ ਹੋਈ। ਮੈਂ ਉਸਦਾ ਮੈਂਬਰ ਬਣਿਆ ਅਤੇ ਕਾਲਜ ਦੇ ਨਿਕੇ ਨਿਕੇ ਸਵਾਲਾਂ ਉਤੇ; ਜਿਵੇਂ ਕਿਸੇ ਮੁੰਡੇ ਦਾ ਕਿਸੇ ਕੁੜੀ ਨੂੰ ਛੇੜਨਾ, ਲਾਇਬਰੇਰੀ ਵਿੱਚ ਕਿਤਾਬਾਂ ਨਹੀਂ ਹਨ, ਲੋੜੀਂਦਾ ਟਾਇਲਟ ਨਹੀਂ ਹੈ , ਪਾਣੀ ਦੀ ਵਿਵਸਥਾ ਨਹੀਂ ਹੈ, ਕੰਟੀਨ ਨਹੀਂ ਹੈ, ਕਾਲਜ ਦੀ ਪਾਰਕਿੰਗ ਵਿੱਚੋਂ ਸਾਈਕਲ ਚੋਰੀ ਹੋ ਜਾਂਦੇ ਹਨ, ਇਹੋ ਜਿਹੇ ਨਿੱਕੇ ਨਿੱਕੇ ਸਵਾਲਾਂ ਉਤੇ ਏ. ਆਈ. ਐਸ. ਐਫ਼. ਕਾਲਜ ਵਿੱਚ ਜੋ ਮੁਹਿੰਮਾਂ ਵਿੱਢਦੀ ਸੀ ਮੈਂ ਉਨ੍ਹਾਂ ਵਿੱਚ ਸ਼ਾਮਲ ਹੋਣ ਲੱਗਾ। ਉਨ੍ਹੀਂ ਹੀ ਦਿਨੀਂ, ਕਾਫ਼ੀ ਸਮੇਂ ਬਾਦ ਪਟਨਾ ਵਿੱਚ ਕੁਝ ਇਹੋ ਜਿਹੇ ਹਾਲਾਤ ਮੁੜ ਬਣੇ ਕਿ ਏ. ਆਈ. ਐਸ. ਐਫ਼. ਕਿਸੇ ਕਾਲਜ ਵਿੱਚ ਕਾਨਫ਼ਰੰਸ ਕਰਾ ਸਕਣ ਦੇ ਸਮਰਥ ਹੋਈ। ਉਸ ਕਾਨਫਰੰਸ ਵਿੱਚ ਮੈਨੂੰ ਯੂਨਿਟ ਦਾ ਪਰਧਾਨ ਥਾਪ ਦਿੱਤਾ ਗਿਆ। ਮੇਰਾ ਕਹਿਣਾ ਸੀ ਕਿ ਮੈਂ ਜ਼ਿਆਦਾ ਅਤੇ ਲੱਗਾਤਾਰ ਸਮਾਂ ਨਹੀਂ ਦੇ ਸਕਾਂਗਾ ਕਿਉਂਕਿ ਮੈਂ ਪੜ੍ਹਨ ਵੱਲ ਵੀ ਧਿਆਨ ਦੇਣਾ ਹੈ, ਪਰ ਮੈਂ ਮੀਟਿੰਗਾਂ ਵਿੱਚ ਆਵਾਂਗਾ ਅਤੇ ਰੋਸ-ਮੁਜ਼ਾਹਰਿਆਂ ਵਿੱਚ ਸ਼ਾਮਲ ਹੋਵਾਂਗਾ। ਏ. ਆਈ. ਐਸ. ਐਫ਼. ਵਿੱਚ ਮੁੱਖ ਅਹੁਦਾ ਸਕੱਤਰ ਦਾ ਹੁੰਦਾ ਹੈ, ਪਰਧਾਨ ਦਾ ਕੰਮ ਮੀਟੰਗਾਂ ਵਿੱਚ ਪਰਧਾਨਗੀ ਕਰਨ ਦਾ ਹੁੰਦਾ ਹੈ। ਉਨ੍ਹਾਂ ਨੇ ਦੋ ਟਰਮਾਂ ਤੱਕ ਮੈਨੂੰ ਇਹ ਅਹੁਦਾ ਦੇਈ ਰੱਖਿਆ । ਉਸੇ ਦੌਰ ਵਿੱਚ ਮੈਂ ਕਾਲਜ ਵੱਲੋਂ ਡਿਬੇਟ, ਭਾਸ਼ਣ ਮੁਕਾਬਲਿਆਂ, ਕਵਿਤਾ ਪਾਠ ਵਿੱਚ ਹਿੱਸਾ ਲੈਂਦਾ ਰਿਹਾ ਅਤੇ ਇਵੇਂ ਦੋਵੇਂ ਕੰਮ ਨਾਲੋ ਨਾਲ ਜਾਰੀ ਰਹੇ। ਇੱਕ ਪਾਸਿਓਂ ਨੌਕਰੀ ਦੀ ਮਨਸ਼ਾ ਨਾਲ ਪੜ੍ਹਾਈ, ਤੇ ਦੂਜੇ ਪਾਸੇ ਸਮਾਜ ਨੂੰ ਦੇਖਣ ਸਮਝਣ ਲਈ ਮਨੁਖਵਾਦੀ ਨਜ਼ਰ ਦਾ ਵਿਕਾਸ। ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਜੁੜਨਾ। ਦਿੱਲੀ ਵੀ ਮੈਂ ਯੂ. ਪੀ. ਐਸ. ਸੀ. ਦੇ ਖਿਆਲ ਨਾਲ ਹੀ ਆਇਆ ਸਾਂ। ਮੇਰੇ ਏਥੇ ਆਣ ਤੋਂ ਬਾਦ ਯੂ. ਪੀ. ਐਸ. ਸੀ ਵਿੱਚ ਇੱਕ ਵਡੀ ਤਬਦੀਲੀ ਆਈ। ਉਸ ਸਮੇਂ ਤੱਕ ਸੀ-ਸੈਟ ਨਹੀਂ ਸੀ: ਸੀ ਸੈਟ ਐਪਟਿਚਿਊਡ ਟੈਸਟ ਬਾਦ ਵਿੱਚ ਸ਼ੁਰੂ ਕੀਤਾ ਗਿਆ। ਦੂਜੇ ਪਾਸੇ ਮੇਰੇ ਅੰਦਰ ਵੀ ਇੱਕ ਟੁੱਟ-ਭੱਜ ਸ਼ੁਰੂ ਹੋ ਚੁੱਕੀ ਸੀ। ਜਦੋਂ ਤੁਸੀ ਵਿਵਸਥਾ ਨੂੰ ਜਾਨਣ ਸਮਝਣ ਲਗਦੇ ਹੋ ; ਇਹ ਤੈਅ ਨਹੀਂ ਕਰ ਪਾਂਦੇ ਕਿ ਗੱਡੀ ਵਿੱਚ ਹਾਰਨ ਵੱਧ ਮਹੱਤਵ ਰੱਖਦਾ ਹੈ ਜਾਂ ਗੀਅਰ । ਪਰ ਫੇਰ ਲੱਗਣ ਲੱਗਦਾ ਹੈ ਕਿ ਸਭ ਦਾ ਆਪੋ-ਆਪਣਾ ਮਹੱਤਵ ਹੁੰਦਾ ਹੈ। ਅਤੇ ਮੇਰਾ ਅਕਾਦਮਿਕਤਾ ਵੱਲ ਝੁਕਾਅ ਵੱਧਣ ਲੱਗਾ ।ਇੱਕ ਸੰਸਥਾ ਹੈ ਆਲ ਇੰਡੀਆ ਪ੍ਰੋਗ੍ਰੈਸਿਵ ਫੋਰਮ, ਜਿਸ ਨਾਲ ਇਸ ਸਮੇਂ ਦੌਰਾਨ ਮੇਰਾ ਰਾਬਤਾ ਬਣਿਆ। ਹਰ ਮਹੀਨੇ ਦੇ ਇੱਕ ਸਨਿਚਰਵਾਰ ਉਹ ਸੈਮੀਨਾਰ ਕਰਦੇ ਸਨ। ਮੈਂ ਓਥੇ ਹਾਜ਼ਰੀ ਲੁਆਣੀ ਸ਼ੁਰੂ ਕੀਤੀ। ਮੈਨੂੰ ਲਗਦਾ ਹੈ ਅਕਾਦਮਿਕ ਖੇਤਰ ਵਿੱਚ ਇਹ ਮੇਰੇ ਪਰਵੇਸ਼ ਦਾ ਬਾਇਸ ਬਣਿਆ, ਜਦੋਂ ਮੈਂ ਬੇਰੁਜ਼ਗਾਰੀ ਉਤੇ ਓਥੇ ਇੱਕ ਪੇਪਰ ਪੜ੍ਹਿਆ। ਓਥੇ ਹੀ ਜੇ.ਐੱਨ.ਯੂ. ਦੇ ਇੱਕ ਪ੍ਰੋਫੈਸਰ ਐਸ. ਐੱਨ.ਮਾਲਾਕਾਰ ਨਾਲ ਮੁਲਾਕਾਤ ਹੋਈ, ਜਿਨ੍ਹਾਂ ਦੇ ਬੋਲਣ ਢੰਗ ਨੇ ਮੈਨੂੰ ਬਹੁਤ ਪਰਭਾਵਤ ਕੀਤਾ। ਮੈਂ ਦਿੱਲੀ ਵਿੱਚ ਸਾਂ ਪਰ ਜੇ.ਐੱਨ.ਯੂ. ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਖੱਬੇ ਪੱਖੀ ਲਹਿਰ ਨਾਲ ਜੁੜਿਆ ਸਾਂ, ਅਜਿਹੇ ਪਰਵਾਰ ਵਿੱਚੋਂ ਸਾਂ ਪਰ ਜੇ.ਐੱਨ.ਯੂ. ਦੇ ਬਾਰੇ ਨਹੀਂ ਸੀ ਜਾਣਦਾ। ਦੋ ਸਾਲ ਤੋਂ ਦਿੱਲੀ ਰਹਿੰਦਿਆਂ ਹੋਣ ਦੇ ਬਾਵਜੂਦ ਕਦੇ ਜੇ.ਐੱਨ.ਯੂ. ਆ ਕੇ ਨਹੀਂ ਸੀ ਦੇਖਿਆ। ਉਹ ਪਲੈਟਫਾਰਮ ਮੇਰੇ ਜੇ.ਐੱਨ.ਯੂ. ਵਿੱਚ ਪਹਿਲੇ ਦਾਖਲੇ ਦਾ ਬਾਇਸ ਬਣਿਆ, ਕਿ ਜੇ ਮੈਂ ਅਕਾਦਮਿਕ ਖੇਤਰ ਵਿੱਚ ਜਾਣਾ ਹੈ ਤਾਂ ਮੈਨੂੰ ਜੇ.ਐੱਨ.ਯੂ. ਵਿੱਚ ਹੀ ਹੋਣਾ ਚਾਹੀਦਾ ਹੈ। ਉਹ ਜਿਹੜਾ ਬੇਰੁਜ਼ਗਾਰੀ ਬਾਰੇ ਪੇਪਰ ਮੈਂ ਪੇਸ਼ ਕੀਤਾ ਸੀ ਉਸਨੇ ਬਹੁਤ ਸਾਰੇ ਕਲਾਸਕੀ ਮਾਰਕਸੀ ਵਿਚਾਰਧਾਰਾ ਰਖਣ ਵਾਲੇ ਲੋਕਾਂ ਨੂੰ ਕੁਝ ਬੇਆਰਾਮ ਵੀ ਕੀਤਾ ਸੀ । ਉਸ ਵਿੱਚ ਮੈਂ ਜਨਸੰਖਿਆ ਅਤੇ ਪਰਿਆਵਰਣ ਦੇ ਸਵਾਲਾਂ ਨੂੰ ਜੋੜ ਰਿਹਾ ਸਾਂ।ਮੇਰੀ ਧਾਰਨਾ ਸੀ ਕਿ ਇੱਕ ਪੱਧਰ ਤੇ ਜਾ ਕੇ ਵੱਧਦੀ ਜਨਸੰਖਿਆ ਵੀ ਸਮੱਸਿਆ ਬਣ ਕੇ ਉੱਭਰ ਸਕਦੀ ਹੈ ਕਿਉਂਕਿ ਤੁਸੀ ਪਰਿਆਵਰਣ ਉੱਤੇ ਉਸਦਾ ਅਸਰ ਦੇਖ ਰਹੇ ਹੋ। ਜਾਂ ਸਨਅਤੀ ਇਨਕਲਾਬ ਦੇ ਬਾਅਦ ਪੂੰਜੀਵਾਦ ਦਾ ਜਿਹੜਾ ਵਿਕਾਸ ਹੋਇਆ ਹੈ , ਉਸਦੇ ਮਾਡਲ ਦੇ ਆਧਾਰ ਉਤੇ ਹੀ ਅਸੀ ਦੁਨੀਆ ਨੂੰ ਦੇਖਦੇ ਹਾਂ। ਪਰ ਅਜ ਪੋਸਟ ਇੰਡਸਟਰੀਅਲ ਸੁਸਾਇਟੀ ਦਾ ਵੀ ਵਿਕਾਸ ਹੋ ਰਿਹਾ ਹੈ , ਉਸਦੇ ਨਾਲ ਹੁਣ ਤੁਸੀ ਦੁਨੀਆ ਵਿੱਚ ਕਿਹੜੀਆਂ ਹੋਰ ਤਬਦੀਲੀਆਂ ਨੂੰ ਦੇਖ ਰਹੇ ਹੋ। ਸੋ ਇਹ ਸਾਰੀਆਂ ਕੁਝ ਕੁਝ ਚੀਜ਼ਾਂ ਸਨ ਜਿਨ੍ਹਾਂ ਉਤੇ ਗੱਲਬਾਤ ਹੋਈ। ਖੈਰ, ਮੈਂ ਜੇ.ਐੱਨ.ਯੂ. ਵਿੱਚ ਦੋ ਸੈਂਟਰਾਂ ਵਿੱਚ ਦਾਖਲੇ ਲਈ ਇਮਤਿਹਾਨ ਦਿੱਤਾ, ਦੋਹਾਂ ਵਿੱਚ ਸਿਲੈਕਟ ਹੋ ਗਿਆ। ਪਰ ਮੇਰੀ ਤਰਜੀਹ ਅਫ਼ਰੀਕਨ ਸਟਡੀਜ਼ ਦੇ ਵਿਭਾਗ ਨੂੰ ਸੀ, ਸੋ ਮੈਂ ਇਸ ਵਿੱਚ ਹੀ ਦਾਖਲਾ ਲਿਆ।
? ਅਫ਼ਰੀਕਾ ਬਹੁਤ ਅਣਗੌਲਿਆ ਮਹਾਂਦੀਪ ਹੈ। ਇਸ ਵਿਸ਼ੇਸ਼ ਦਿਲਚਸਪੀ ਪਿੱਛੇ ਕੀ ਕਾਰਣ ਸੀ?
- ਇਸ ਖੇਤਰ ਨੂੰ ਚੁਣਨ ਵਿੱਚ ਦੋ ਗੱਲਾਂ ਜੁੜ ਗਈਆਂ।ਇੱਕ ਤਾਂ ਜਿਹੜੇ ਪ੍ਰੋਫੈਸਰ ਮਾਲਾਕਾਰ ਦਾ ਮੈਂ ਜ਼ਿਕਰ ਕੀਤਾ ਹੈ ਉਹ ਅਫ਼ਰੀਕਨ ਸਟੱਡੀਜ਼ ਦੇ ਸਨ। ਉਨ੍ਹਾਂ ਨੇ ਆਪਣੇ ਵਿਭਾਗ ਵਿੱਚ ਆਣ ਦੀ ਸਲਾਹ ਦਿਤੀ। ਪਰ ਹਰ ਪ੍ਰੋਫੈਸਰ ਵਿਦਿਆਰਥੀਆਂ ਨੂੰ ਆਪਣੇ ਵਿਭਾਗ ਵੱਲ ਖਿੱਚਣ ਦੀ ਚਾਹਨਾ ਰਖਦਾ ਹੈ , ਸੋ ਇਹ ਇੱਕਮਾਤਰ ਕਾਰਨ ਨਹੀਂ ਹੋ ਸਕਦਾ। ਗ੍ਰੈਜੁਏਸ਼ਨ ਦੇ ਸਮੇਂ ਤੋਂ ਹੀ ਮੇਰੀ ਦਿਲਚਸਪੀ ਅਫ਼ਰੀਕੀ ਮਹਾਂਦੀਪ ਵਿੱਚ ਰਹੀ ਹੈ। ਤੁਹਾਡਾ ਇਹੋ ਸਵਾਲ ਦਾਖਲੇ ਸਮੇਂ ਮੇਰੀ ਇੰਟਰਵਿਊ ਕਮੇਟੀ ਨੇ ਵੀ ਕੀਤਾ ਸੀ। ਬਿਹਾਰ ਵਿੱਚ ਜੁਗਰਾਫ਼ੀਏ ਆਨਰਜ਼ ਵਿੱਚ ਬਾਕਾਇਦਾ ਇੱਕ ਪੇਪਰ ਹੁੰਦਾ ਹੈ : ਤਿੰਨ ਦਖਣੀ ਮਹਾਂਦੀਪ। ਉਨ੍ਹਾਂ ਵਿੱਚੋਂ ਅਫ਼ਰੀਕਾ ਮੈਨੂੰ ਸਭ ਤੋਂ ਵੱਧ ਦਿਲਚਸਪ ਮਹਾਂਦੀਪ ਲਗਦਾ ਸੀ। ਇੱਕ ਤਾਂ ਜੁਗਰਾਫ਼ੀਏ ਦੀਆਂ ਤਿੰਨੇ ਰੇਖਾਵਾਂ ਅਫ਼ਰੀਕੀ ਮਹਾਂਦੀਪ ਵਿੱਚੋਂ ਲੰਘਦੀਆਂ ਹਨ। ਸੋ ਮੌਸਮ ਦੇ ਹਿੱਸਾਬ ਨਾਲ ਅਫਰੀਕਾ ਵਿੱਚ ਇੱਕ ਜ਼ਬਰਦਸਤ ਵਿਵਿਧਤਾ ਹੈ। ਦੂਸਰੇ,ਮੈਂ ਸਮਾਜ ਸ਼ਾਸਤਰ ਦਾ ਵਿਦਿਆਰਥੀ ਹਾਂ, ਮੰਨਿਆਂ ਜਾਂਦਾ ਹੈ ਕਿ ਮਨੁਖ ਜਾਤੀ ਦਾ ਵਿਕਾਸ ਅਫ਼ਰੀਕਾ ਤੋਂ ਹੀ ਸ਼ੁਰੂ ਹੋਇਆ। ਫੇਰ ਜੇ ਤੁਸੀ ਸਮਾਜ ਸ਼ਾਸਤਰ ਪੜ੍ਹ ਰਹੇ ਹੋ ਤਾਂ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਅਫ਼ਰੀਕਾ ਦੀ ਮਿਸਰ ਦੀ ਸਭਿਅਤਾ ਹੈ। ਭਾਂਵੇਂ ਹੋਵੇ ਇਤਿਹਾਸ, ਭਾਂਵੇਂ ਜੁਗਰਾਫ਼ੀਆ, ਤੇ ਭਾਂਵੇਂ ਸਮਾਜ ਸ਼ਾਸਤਰ, ਹਰ ਪੱਖੋਂ ਅਫ਼ਰੀਕਾ ਬਹੁਤ ਦਿਲਚਸਪ ਹੈ। ਬਾਦ ਵਿੱਚ ਜਾ ਕੇ ਯੂ. ਪੀ. ਐਸ. ਸੀ. ਦੀ ਤਿਆਰੀ ਦੌਰਾਨ ਜਦੋਂ ਸੁਤੰਤਰਤਾ ਸੰਗਰਾਮ ਦਾ ਇਤਿਹਾਸ ਪੜ੍ਹਿਆ, ਗਾਂਧੀ ਜੀ ਬਾਰੇ ਪੜ੍ਹਿਆ, ਉਸ ਸਮੇਂ ਵੀ ਦਖਣੀ ਅਫ਼ਰੀਕਾ ਦਾ ਜ਼ਿਕਰ ਅਇਆ। ਦਖਣੀ ਅਫ਼ਰੀਕਾ ਦੀਆਂ ਭਾਰਤੀ ਸਮਾਜ ਨਾਲ ਬਹੁਤ ਸਮਾਤਨਤਾਵਾਂ ਹਨ। ਫੇਰ ਜਦੋਂ ਮੈਂ ਐੱਮ.ਫਿਲ. ਕਰਨੀ ਸ਼ੁਰੂ ਕੀਤੀ ਤਾਂ ਮੇਰੇ ਅਧਿਆਪਕ ਨੇ ਪੁੱਛਿਆ ਕਿ ਕਿਸ ਖੇਤਰ ਤੇ ਕੰਮ ਕਰਨਾ ਚਾਹੇਂਗਾ। ਮੈਂ ਫ੍ਰਾਂਸੀਸੀ ਅਧਿਕਾਰ ਹੇਠ ਰਹਿ ਚੁੱਕੇ ਤਕਰੀਬਨ 29 ਅਫਰੀਕੀ ਦੇਸ, ਜਿਨ੍ਹਾਂ ਦੀ ਗਿਣਤੀ ਅਫ਼ਰੀਕਾ ਵਿੱਚ ਸਭ ਤੋਂ ਵੱਧ ਹੈ ਅਤੇ ਅਫ਼ਰੀਕਾ ਦਾ ਵਡਾ ਖੇਤਰ ਅਜਿਹੇ ਦੇਸਾਂ ਹੇਠ ਪੈਂਦਾ ਹੈ, ਉਸ ਖਿਤੇ ਨੂੰ ਚੁਣਿਆ। ਇਨ੍ਹਾਂ ਵਿੱਚੋਂ ਪਛਮੀ ਅਫ਼ਰੀਕਾ ਦੇ ਦੇਸ ਸੇਨੇਗਾਲ ਵਿੱਚ ਸਮਾਜਕ ਤਬਦੀਲੀ ਮੇਰੀ ਖੋਜ ਦਾ ਕੇਂਦਰੀ ਧੁਰਾ ਸੀ। ਇਸ ਸਮੇਂ ਮੈਂ ਆਪਣੀ ਪੁਰਾਣੀ ਦਿਲਚਸਪੀ ਕਾਰਨ ਦੱਖਣੀ ਅਫ਼ਰੀਕਾ ਉਤੇ ਕੰਮ ਕਰ ਰਿਹਾ ਹਾਂ, ਅਤੇ ਇਸ ਤਰ੍ਹਾਂ ਅਫ਼ਰੀਕੀ ਮਹਾਂਦੀਪ ਦਾ ਚੋਖਾ ਵੱਡਾ ਹਿੱਸਾ ਕਵਰ ਹੋ ਜਾਂਦਾ ਹੈ। ਨਾਲੇ ਦੱਖਣੀ ਅਫ਼ਰੀਕਾ ਦਾ ਸਮਾਂ ਕਾਲ ਕਈ ਪੱਖਾਂ ਤੋਂ ਬਹੁਤ ਦਿਲਚਸਪ ਦਿਸਦਾ ਹੈ । ਇੱਕ ਪਾਸੇ, 1991 ਵਿੱਚ ਪੂਰੀ ਦੁਨੀਆ ਵਿੱਚ ਨਵ-ਉਦਾਰਵਾਦ ਨੂੰ ਲਿਆਂਦਾ ਜਾ ਰਿਹਾ ਹੈ, ਤੇ ਐਨ ਉਸੇ ਵੇਲੇ ਦੱਖਣੀ ਅਫ਼ਰੀਕਾ ਵਿੱਚ ਨਸਲੀ ਵਿਤਕਰੇ ਦੇ ਆਪਾਰਥਾਈਡ ਆਧਾਰਤ ਸ਼ਾਸਨ ਦਾ ਅੰਤ ਹੋ ਰਿਹਾ ਹੈ । ਅਤੇ ਉਥੇ ਜਿਸ ਸਟੇਟ ਦੀ ਉਸਾਰੀ ਹੋ ਰਹੀ ਹੈ ਉਹ ਵੈਲਫ਼ੇਅਰ ਸਟੇਟ ਹੈ। ਵੈਲਫ਼ੇਅਰ ਸਟੇਟ ਅਤੇ ਨਵ-ਉਦਾਰਵਾਦ ਦਾ ਆਪਸ ਵਿੱਚ ਸਖਤ ਅੰਤਰ-ਵਿਰੋਧ ਹੈ। ਉਸ ਦੇਸ ਵਿੱਚ ਕਾਲੇ ਲੋਕਾਂ ਦਾ ਪੱਧਰ ਉਤਾਂਹ ਚੁੱਕਣ ਲਈ ਹਾਂ-ਪੱਖੀ ਸਰਗਰਮੀਆਂ ਦੀ ਸ਼ੁਰੂਆਤ ਵੀ ਕਰਨੀ ਹੈ। ਸੋ ਰਾਜਨੀਤਕ, ਸਮਾਜਕ ਅਤੇ ਆਰਥਕ ਲਿਹਾਜ਼ ਨਾਲ ਓਥੇ ਬਹੁਤ ਦਿਲਚਸਪ ਤਬਦੀਲੀਆਂ ਵਾਪਰ ਰਹੀਆਂ ਸਨ। ਸੋ ਏਸੇ ਸੰਦਰਭ ਵਿੱਚ ਮੈਂ ਅਪਣੀ ਪੀਐਚ. ਡੀ. ਲਈ ਸਮਾਜਕ ਤਬਦੀਲੀ ਦੇ ਵਿਸ਼ੇ ਉਤੇ ਕੰਮ ਕਰ ਰਿਹਾ ਹਾਂ।
?ਤੁਹਾਡੀ ਪਿਛਲੇ ਕੁਝ ਦਿਨਾਂ ਵਿੱਚ ਏਨੀ ਤਾਰੀਫ਼ ਹੋ ਚੁਕੀ ਹੈ ਕਿ ਹੁਣ ਤੁਹਾਡੀ ਤਾਰੀਫ਼ ਕਰਦਿਆਂ ਡਰ ਜਿਹਾ ਲਗਦਾ ਹੈ। ਕਿਤੇ ਸਿਰ ਨੂੰ ਨਾ ਚੜ੍ਹਦੀ ਹੋਵੇ। ਪਰ ਤੁਹਾਡੇ ਨਾਲ ਗੱਲਾਂ ਕਰਕੇ ਤਾਰੀਫ਼ ਕਰਨੋਂ ਰਹਿ ਵੀ ਨਹੀਂ ਹੁੰਦਾ ਕਿਉਂਕਿ ਏਨੀ ਘਟ ਉਮਰ ਵਿੱਚ ਏਨੀ ਸਧੀ ਹੋਈ ਸੋਝੀ ਅਤੇ ਸੂਝ ਦਾ ਅਜਿਹਾ ਪ੍ਰਗਟਾਵਾ ਕਿਸੇ ਵਿਰਲੇ ਵਿੱਚ ਹੀ ਦਿਸਦਾ ਹੈ। ਆਪਣੀ ਰਿਹਾਈ ਤੋਂ ਬਾਅਦ ਵਾਲੇ ਆਪਣੇ ਭਾਸ਼ਣ ਵਿੱਚ ਲਾਲ ਅਤੇ ਨੀਲੀ ਕਟੋਰੀ ਵਾਲੀ ਗੱਲ ਤੁਸੀ ਜਿਸ ਖੂਬਸੂਰਤੀ ਨਾਲ ਕਹੀ ਉਸ ਵਿੱਚ ਭਾਰਤੀ ਰਾਜਨੀਤੀ ਦੀ ਅਹਿਮ ਲੋੜ ਲੁਕੀ ਹੋਈ ਹੈ। ਭਾਰਤ ਵਿੱਚ ਬੁਨਿਆਦੀ ਸਮਾਜਕ ਤਬਦੀਲੀ ਲਿਆਉਣ ਦੇ ਸੰਦਰਭ ਵਿੱਚ ਅੰਬੇਡਕਰਵਾਦੀ ਅਤੇ ਮਾਰਕਸਵਾਦੀ ਤਾਕਤਾਂ ਦੇ ਰਲ ਕੇ ਤੁਰਨ ਦੀ ਅਹਿਮੀਅਤ ਦੀ ਗੱਲ। ਇਸ ਪ੍ਰਗਟਾਵੇ ਪਿੱਛੇ ਤੁਹਾਡੀ ਮਾਨਸਕ ਉਥਲ ਪੁਥਲ ਜ਼ਰੂਰ ਪਹਿਲਾਂ ਤੋਂ ਚੱਲ ਰਹੀ ਹੋਵੇਗੀ ਜਿਸਨੇ ਏਨੇ ਥੋੜੇ ਸ਼ਬਦਾਂ ਰਾਹੀਂ ਇੱਕ ਸਿਆਸੀ ਪੈਂਤੜੇ ਨੂੰ ਸੂਤਰਬੱਧ ਕਰਨ ਵਿੱਚ ਤੁਹਾਡੀ ਮਦਦ ਕੀਤੀ। ਇਸ ਨਿਰਣੇ ‘ਤੇ ਪੁਜਣ ਦੇ ਆਪਣੇ ਸਫ਼ਰ ਬਾਰੇ ਦੱਸੋ।
- ਜਦੋਂ ਮੈਂ ਬਿਹਾਰ ਵਿੱਚ ਸੀ ਤਾਂ ਬਿਲਕੁਲ ਕਲਾਸਕੀ ਮਾਰਕਸਵਾਦ ਪੜ੍ਹ ਰਿਹਾ ਸਾਂ; ਕਲਾਸ, ਕ੍ਰਾਂਤੀ। ਤੇ ਕਈ ਵਾਰ ਬੜੀ ਮੁਸ਼ਕਲ ਆਉਂਦੀ ਸੀ ਕਿਉਂਕਿ ਸਮਾਜ ਵਿੱਚ ਜਾ ਕੇ ਹਰ ਗੱਲ ਨੂੰ ਹਾਲਾਤ ਨਾਲ ਜੋੜ ਕੇ ਦੇਖਣ ਵਿੱਚ ਦਿੱਕਤ ਆਂਦੀ ਸੀ। ਜਦੋਂ ਦਿੱਲੀ ਆਇਆ ਤਾਂ ਮੇਰਾ ਵਾਹ ਉਨ੍ਹਾਂ ਧਾਰਨਾਵਾਂ ਅਤੇ ਵਿਚਾਰਾਂ ਨਾਲ ਪਿਆ ਜਿਨ੍ਹਾਂ ਨੂੰ ਨਵ-ਮਾਰਕਸਵਾਦ ਕਹਿੰਦੇ ਹਨ, ਜਿਹੜਾ ਆਲੋਚਨਾਤਮਕ ਕ੍ਰਿਟੀਕਲ ਥਾਟ ਦਾ ਸਕੂਲ ਹੈ । ਅਤੇ ਮੈਂ ਦੇਖਿਆ ਕਿ ਸਾਰੀਆਂ ਕਲਾਸਕੀ ਧਾਰਨਾਵਾਂ ਬਦਲ ਰਹੀਆਂ ਹਨ। ਕਮਿਊਨਿਸਟ ਪਾਰਟੀ ਦੀ ਕਲਾਸਕੀ ਧਾਰਨਾ ਇਹੋ ਸੀ ਕਿ ਸਮਾਜ ਵਿੱਚ ਜਮਾਤਾਂ ਹਨ। ਏਥੇ ਆਕੇ ਮੈਂ ਜਾਤ ਦੇ ਸਵਾਲ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ, ਅੰਬੇਡਕਰ ਨੂੰ ਪੜ੍ਹਿਆ, ਬਹਿਸਾਂ ਮੁਬਾਹਸਿਆਂ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ। ਪਰ ਪੜ੍ਹਨ ਤੋਂ ਵੀ ਵੱਧ, ਜਦੋਂ ਮੈਂ ਜੇ.ਐੱਨ.ਯੂ. ਆਇਆ ਤਾਂ ਮੈਨੂੰ ਕੁਝ ਚੀਜ਼ਾਂ ਅਮਲੀ ਤੌਰ ਤੇ ਮਹਿਸੂਸ ਹੋਈਆਂ। ਮੈਂ ਮਹਿਸੂਸ ਕੀਤਾ ਕਿ ਜੇ.ਐੱਨ.ਯੂ. ਦੇ ਅੰਦਰ ਸਾਰੇ ਖੱਬੇ ਪੱਖੀ ਆਪਸ ਵਿੱਚ ਵੰਡੇ ਹੋਏ ਹਨ, ਅੰਬੇਡਕਰਵਾਦੀ ਅੱਡ ਹਨ, ਮੁਸਲਮਾਨ ਸੰਗਠਨ ਅੱਡ ਹਨ। ਅੰਬੇਡਕਰਵਾਦੀਆਂ ਦੇ ਅੰਦਰ ਵੀ ਵਖਰੇਵੇਂ ਹਨ; ਇੱਕ ਉਹ ਜੋ ਚੋਣਾਂ ਲੜਦੇ ਹਨ, ਦੂਜੇ ਜੋ ਚੋਣਾਂ ਨਹੀਂ ਲੜਦੇ। ਏਨੀਆਂ ਵੰਡੀਆਂ ਮੈਂ ਦੇਖੀਆਂ ਪਰ ਇਨ੍ਹਾਂ ਸਾਰਿਆਂ ਦੇ ਖਿਲਾਫ਼ ਇੱਕ ਤਾਕਤ ਇੱਕਮੁਠ ਹੋ ਕੇ ਖੜੀ ਦਿਸਦੀ ਸੀ: ਏ ਬੀ ਵੀ ਪੀ। ਇਹ ਗੱਲ ਮੈਨੂੰ ਦਿਸ ਰਹੀ ਸੀ, ਅਤੇ ਇਹ ਚੀਜ਼ਾਂ ਲੱਗਾਤਾਰ ਚੱਲ ਰਹੀਆਂ ਸਨ। ਮੈਂ ਦੇਖ ਰਿਹਾ ਸੀ ਕਿ ਬਿਹਾਰ ਅੰਦਰ ਕਿਵੇਂ ਜਾਤੀਵਾਦ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਏ ਬੀ ਵੀ ਪੀ ਨਾਲ ਯਾਨੀ ਭਾਜਪਾ ਨਾਲ ਗਠਬੰਧਨ ਕਰ ਰਹੀਆਂ ਹਨ। ਕਿਵੇਂ ਕਸ਼ਮੀਰ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਪੀਡੀਪੀ ਭਾਜਪਾ ਨਾਲ ਗਠਬੰਧਨ ਕਰ ਰਹੀ ਹੈ, ਕਿਵੇਂ ਕਦੇ ਖਾਲਿਸਤਾਨ ਦੀ ਗੱਲ ਕਰਣ ਵਾਲਾ ਅਕਾਲੀ ਦਲ ਹਿੰਦੂ ਰਾਸ਼ਟਰ ਮੰਗਣ ਵਾਲੀ ਭਾਜਪਾ ਨਾਲ ਗਠਬੰਧਨ ਕਰ ਰਿਹਾ ਹੈ, ਕਿਵੇਂ ਸ਼ਿਵ ਸੈਨਾ ਜਿਹੜੀ ਬਿਹਾਰੀਆਂ ਨਾਲ ਕੁਟ-ਮਾਰ ਕਰਦੀ ਹੈ ਭਾਜਪਾ ਨਾਲ ਮਹਾਰਾਸ਼ਟਰ ਵਿੱਚ ਗਠਬੰਧਨ ਕਰ ਰਹੀ ਹੈ, ਕਿਵੇਂ ਬਿਹਾਰੀ ਸਵੈ-ਮਾਣ ਦੇ ਨਾਂਅ ਉਤੇ ਵੋਟ ਮੰਗਣ ਵਾਲੀ ਨਿਤੀਸ਼ ਜੀ ਦੀ ਪਾਰਟੀ ਬਿਹਾਰ ਵਿੱਚ ਭਾਜਪਾ ਨਾਲ ਗਠਬੰਧਨ ਕਰ ਰਹੀ ਹੈ ।ਮੈਂ ਇਹ ਸਭ ਦੇਖ ਸਕਣ ਦੇ ਦੌਰ ਵਿੱਚੋਂ ਲੰਘ ਰਿਹਾ ਸਾਂ ਕਿ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਆਰ ਐਸ ਐਸ ਦਾ ਏਜੰਡਾ ਹੈ, ਉਸਨੂੰ ਸਿਆਸੀ ਤੌਰ ਉਤੇ ਉਹ ਕਿਵੇਂ ਅਗਾਂਹ ਵਧਾ ਰਹੇ ਹਨ। ਭਾਜਪਾ ਦੀ ਸਟ੍ਰੈਟਿਜੀ ਕਿੰਨੀ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਵਿੱਚ ਕਿਤੇ ਵੀ ਕੋਈ ਖੜੋਤ ਨਹੀਂ ਹੈ, ਲੋੜ ਮੁਤਾਬਕ ਉਹ ਹਰ ਥਾਂ ਆਪਣੇ ਆਪ ਨੂੰ ਬਦਲ ਰਹੇ ਹਨ, ਬਦਲ ਲੈਂਦੇ ਹਨ। ਜਿੱਥੇ ਵੀ ਸੱਤਾ ਤਕ ਪਹੁੰਚਣ ਲਈ ਢੁਕਵਾਂ ਭਾਗੀਦਾਰ ਮਿਲ ਰਿਹਾ ਹੈ, ਜੋ ਉਨ੍ਹਾਂ ਨੂੰ ਸੱਤਾ ਤੱਕ ਪੁਚਾ ਸਕਦਾ ਹੈ, ਉਸ ਨਾਲ ਹੋ ਜਾਂਦੇ ਹਨ ਪਰ ਟੀਚਾ ਸਭ ਕੁਝ ਆਪਣੇ ਕੰਟਰੋਲ ਹੇਠ ਕਰਨ ਦਾ ਹੈ। ਦੂਜੇ ਪਾਸੇ, ਜੋ ਇਨ੍ਹਾਂ ਨਾਲ ਲੜਣ ਦਾ ਦਾਅਵਾ ਕਰਨ ਵਾਲੀਆਂ ਤਾਕਤਾਂ ਹਨ, ਉਹ ਕੀ ਕਰ ਰਹੀਆਂ ਹਨ? ਜਦੋਂ ਵੀ ਕੋਈ ਅਗਾਂਹਵਧੂ ਆਦਮੀ ਬੋਲਣਾ ਸ਼ੁਰੂ ਕਰਦਾ ਹੈ, ਤਾਂ ਉਹ ਭਾਜਪਾ ਦੀ ਆਲੋਚਨਾ ਤੋਂ ਗੱਲ ਸ਼ੁਰੂ ਨਹੀਂ ਕਰਦਾ, ਉਹ ਕਾਂਗਰਸ ਦੀ ਆਲੋਚਨਾ ਤੋਂ ਗੱਲ ਕਰਨੀ ਸ਼ੁਰੂ ਕਰਦਾ ਹੈ, ਅਤੇ ਪਿਛੋਂ ਜਾ ਕੇ ਭਾਜਪਾ ਦੀ ਆਲੋਚਨਾ ਵੱਲ ਮੁੜਦਾ ਹੈ। ਫੇਰ ਆਪਣੀ ਹੀ ਧਾਰਾ ਦੇ ਅੰਦਰ ਜੋ ਅੱਡੋ-ਅੱਡ ਤਾਕਤਾਂ ਹਨ, ਸੰਗਠਨ ਹਨ, ਉਨ੍ਹਾਂ ਦੀ ਆਲੋਚਨਾ ਕਰਦਾ ਹੈ। ਅਕਾਦਮਿਕ ਤੌਰ ਤੇ ਇਹ ਠੀਕ ਹੈ, ਅੰਦਰੂਨੀ ਬਹਿਸਾਂ ਹੋਣ ਦੇ ਪੱਖੋਂ ਵੀ ਇਹ ਗੱਲ ਠੀਕ ਹੈ, ਪਰ ਸਿਆਸੀ ਤੌਰ ਤੇ, ਅਮਲੀ ਸਿਆਸਤ ਦੇ ਪਿੜ ਵਿੱਚ ਜੇ ਇਹ ਕਰ ਰਹੇ ਹੋ ਤਾਂ ਰਤਾ ਸੋਚੋ ਕਿ ਇਸ ਆਪਸੀ ਛਿੱਟਾਕਸ਼ੀ, ਇਨ੍ਹਾਂ ਮਤਭੇਦਾਂ ਦਾ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ? ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਇਸ ਨਜ਼ਰੀਏ ਨਾਲ ਦੇਖਣਾ-ਪੜਚੋਲਣਾ ਸ਼ੁਰੂ ਕੀਤਾ। ਹੁਣ ਵੀ ਮੋਦੀ ਸ਼ਾਸਨ ਨੂੰ ਕਈ ਵਾਰ ਇੰਦਰਾ ਗਾਂਧੀ ਦੇ ਨਾਲ ਜੋੜਿਆ ਜਾਂਦਾ ਹੈ। ਪਰ ਦੁਹਾਂ ਵਿੱਚ ਇੱਕ ਬੁਨਿਆਦੀ ਫ਼ਰਕ ਹੈ ਅਤੇ ਉਹ ਇਹ ਕਿ ਇੰਦਰਾ ਗਾਂਧੀ ਦੇ ਸਮੇਂ ਵਿੱਚ ਜੇ ਮੈਂ ਆਲੋਚਨਾ ਕੀਤੀ, ਸ਼ਾਸਨ ਦੇ ਨਜ਼ਰੀਏ ਨਾਲ ਗ਼ਲਤੀ ਕੀਤੀ ਤਾਂ ਮੈਨੂੰ ਜੇਲ ਵਿੱਚ ਸੁਟਿਆ ਜਾਵੇਗਾ , ਮੇਰੇ ਨਾਲ ਫੋਟੋ ਖਿਚਾਉਣ ਵਾਲੀ ਲੜਕੀ ਦੇ ਚਰਿਤਰ ਉਤੇ ਹਮਲਾ ਨਹੀਂ ਕੀਤਾ ਜਾਵੇਗਾ । (ਏਥੇ ਕਨ੍ਹਈਆ ਦਾ ਇਸ਼ਾਰਾ ਪਿਛਲੇ ਦਿਨੀਂ ਸੋਸ਼ਲ ਮੀਡੀਆ ਉਤੇ ਕੀਤੇ ਗਏ ਲਗਭਗ ਅਸ਼ਲੀਲ ਪਰਚਾਰ ਵੱਲ ਹੈ। ਕਨ੍ਹਈਆ ਅਤੇ ਉਸਦੀ ਇੱਕ ਔਰਤ ਦੋਸਤ ਦੀ ਸਧਾਰਨ ਜਿਹੀ ਤਸਵੀਰ ਨੂੰ ਲੈ ਕੇ ਬਹੁਤ ਘਟੀਆ ਟਿਪਣੀਆਂ ਹੋਈਆਂ ਹਨ- ਸੁਕੀਰਤ) ਇਹ ਇੱਕ ਬੁਨਿਆਦੀ ਫ਼ਰਕ ਹੈ । ਕਿਉਂਕਿ ਇਨ੍ਹਾਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਅਗਾਂਹਵਧੂ ਵਿਚਾਰਾਂ ਨੂੰ ਜੜ੍ਹੋਂ ਪੁੱਟ ਕੇ ਹਟਣਾ ਹੈ। ਇਸ ਦੇਸ ਦੀ ਮੂਲ ਧਾਰਨਾ ਦਾ, ਇਸ ਦੇਸ ਵਿੱਚ ਕੌਮ ਦੀ ਪਰਿਭਾਸ਼ਾ ਦੀ ਧਾਰਨਾ ਨੂੰ ਬੁਨਿਆਦੀ ਤੌਰ ਤੇ ਖਤਮ ਕਰਕੇ ਛੱਡਣਾ ਹੈ।
?- ਤੁਹਾਡੀ ਇਸ ਗੱਲ ਤੋਂ ਮੈਨੂੰ ਸਭ ਤੋਂ ਪਹਿਲਾਂ ਸਾਹਿਤ ਅਕਾਦਮੀ ਦਾ ਪੁਰਸਕਾਰ ਵਾਪਸ ਕਰਨ ਵਾਲੀ ਲੇਖਕ ਨਯਨਤਾਰਾ ਸਹਿਗੱਲ ਦਾ ਕਥਨ ਚੇਤੇ ਆਉਂਦਾ ਹੈ। ਉਸਦੀ ਟਿੱਪਣੀ ਸੀ: ‘ ਇੰਦਰਾ ਜਮਹੂਰੀਅਤ-ਵਾਦੀ ਜੋ ਬੁਰੀ ਤਰ੍ਹਾਂ ਭਟਕ ਗਈ, ਪਰ ਮੋਦੀ ਜਮਾਂਦਰੂ ਫ਼ਾਸ਼ੀਵਾਦੀ ਹੈ”।
-ਮੈਨੂੰ ਲੱਗਦਾ ਹੈ ਕਿ ਮੋਦੀ ਜੀ ਤੇ ਇੰਦਰਾ ਜੀ ਵਿੱਚ ਇੱਕ ਹੋਰ ਫਰਕ ਵੀ ਹੈ ਜਿਸਨੂੰ ਸਮਝਣ ਦੀ ਲੋੜ ਹੈ। ਇੰਦਰਾ ਜੀ ਦੇ ਸਮੇਂ ਵਿੱਚ ਜਿਹੜਾ ਪੂੰਜੀਵਾਦ ਸੀ , ਉਸ ਵਿੱਚ ਜੋ ਸਰਪਲਸ ਪੈਦਾ ਹੋ ਰਿਹਾ ਸੀ ਉਹ ਵਾਪਸ ਉਤਪਾਦਨ ਵਿੱਚ ਲਗ ਰਿਹਾ ਸੀ। ਪਰ ਹੁਣ ਜਿਹੜਾ ਪੂੰਜੀਵਾਦ ਹੈ, ਇਸ ਵਿੱਚ ਜੋ ਸਰਪਲਸ ਪੈਦਾ ਹੋ ਰਿਹਾ ਹੈ, ਉਹ ਤਾਂ ਫ਼ਿਕਟੀਸ਼ਿਅਸ ਸਰਮਾਇਆ ਹੈ, ਹਵਾਈ ਹੈ ਕਿਉਂਕਿ ਉਹ ਸੱਟਾ ਬਾਜ਼ਾਰ ਵਿੱਚ ਜਾ ਰਿਹਾ ਹੈ, ਇਹ ਯਾਰੀ-ਬਾਸ਼ੀ ਦਾ ਯਾਨੀ ਕਰੋਨੀ ਪੂੰਜੀਵਾਦ ਹੈ, ਸਾਰਾ ਸਰਮਾਇਆ ਗੇਣਵੇਂ ਹੱਥਾਂ ਵਿੱਚ ਇਕੱਤਰ ਹੋ ਰਿਹਾ ਹੈ । ਇਸ ਰਾਹੀਂ ਸਰਪਲਸ ਨਹੀਂ ਜਨਰੇਟ ਹੋ ਰਿਹਾ। ਇਨ੍ਹਾਂ ਹਾਲਾਤ ਵਿੱਚ ਸਮਾਜ ਨੇ ਅੱਗੇ ਤਾਂ ਕੀ ਵੱਧਣਾ ਹੈ, ਸਗੋਂ ਇਹ ਸਮਾਜ ਨੂੰ ਪਿਛਾਂਹ ਵੱਲ ਧੱਕਣ ਦੀ ਸਥਿਤੀ ਹੈ।ਆਰਥਕ ਆਧਾਰ ਉਤੇ ਦੋਨਾਂ ਵਿੱਚ ਇਹ ਵਖਰੇਵਾਂ ਹੈ; ਭਾਵੇਂ ਦੋਨੋ ਪੂੰਜੀਵਾਦੀ ਹਨ, ਦੋਵੇਂ ਬੁਰਜੂਆ ਪਾਰਟੀਆਂ ਹਨ। ਨਾਲ ਹੀ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਦੋਹਾਂ ਦੇ ਖਾਸੇ ਅਤੇ ਏਜੰਡੇ ਵਿੱਚ ਫਰਕ ਹੈ। ਏਸੇ ਲਈ ਇਹ ਪ੍ਰਸ਼ਾਸਨ ਏਨਾ ਹਮਲਾਵਰੀ ਸੁਰ ਵਾਲਾ ਹੈ। ਕਿਉਂਕਿ ਇਸ ਪੂੰਜੀਵਾਦ ਨੇ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਲਾਗੂ ਕਰਨਾ ਹੈ। 2025 ਵਿੱਚ ਆਰ ਐਸ ਐਸ ਦੇ ਸੌ ਸਾਲ ਪੂਰੇ ਹੋ ਰਹੇ ਹਨ। ਇਹ 2025 ਵਿੱਚ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਤਿਆਰੀ ਵਿੱਚ ਹਨ। ਏਸੇ ਲਈ ਮੇਰਾ ਮੰਨਣਾ ਹੈ ਕਿ ਜੇਕਰ ਸਾਰੇ ਲੋਕ ਇੱਕਮੁਠ ਨਹੀਂ ਹੁੰਦੇ , ਦੇਸ ਨੂੰ ਬਚਾਉਣ ਦੇ ਸਵਾਲ ਉਤੇ… ਆਰ ਐਸ ਐਸ ਦੇ ਖਿਲਾਫ਼ ਲੜਨ ਦਾ ਸਵਾਲ ਨਹੀਂ ਹੈ, ਸਵਾਲ ਦੇਸ ਨੂੰ ਬਚਾਣ ਦਾ, ਲੋਕਤੰਤਰ ਨੂੰ ਬਚਾਣ ਦਾ ਹੈ, ਸੰਵਿਧਾਨ ਨੂੰ ਬਚਾਣ ਦਾ ਹੈ । ਇਹ ਇੱਕਮੁਠਤਾ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਰਾਸ਼ਟਰ-ਵਿਰੋਧੀ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ… ਪੂਰੇ ਸੰਵਿਧਾਨ ਵਿੱਚ ਕਿਤੇ ਨੈਸ਼ਨਲ ਸ਼ਬਦ ਦੀ ਵਰਤੋਂ ਹੀ ਨਹੀਂ, ਅਤੇ ਸਿਰਫ਼ ਇੱਕ ਥਾਂ ਹੀ ਨੇਸ਼ਨ ਸ਼ਬਦ ਵਰਤਿਆ ਗਿਆ ਹੈ, ਬਾਕੀ ਹਰ ਥਾਂ ਇੰਡੀਅਨ ਸਟੇਟ ਸ਼ਬਦ ਵਰਤਿਆ ਗਿਆ ਹੈ। ਜੇ ਇੰਡੀਅਨ ਸਟੇਟ ਦੇ ਖਿਲਾਫ਼ ਤੁਸੀ ਕੋਈ ਕੰਮ ਕਰਦੇ ਹੋ ਤਾਂ ਉਹ ਸੈਡੀਸ਼ਨ ਹੁੰਦਾ ਹੈ, ਐਂਟੀ ਨੈਸ਼ਨਲ ਨਹੀਂ। ਨੈਸ਼ਨਲਿਜ਼ਮ ਦਾ ਇਹ ਏਜੰਡਾ ਤਾਂ ਦੇਸ ਨੂੰ ਹੋਲੋਕਾਸਟ ਦੀ ਸਥਿਤੀ ਵੱਲ ਧੱਕਣ ਦਾ ਹੈ। ਮੈਨੂੰ ਜਾਪਦਾ ਹੈ ਕਿ ਜੇ ਅਸੀ ਦ੍ਰਿੜਤਾ ਨਾਲ ਇਸਦਾ ਮੁਕਾਬਲਾ ਨਹੀਂ ਕਰਦੇ ਤਾਂ ਜੋ ਕੁਝ ਯੋਰਪ ਵਿੱਚ ਹੋਇਆ ਸੀ , ਜਿਵੇਂ ਤਾਨਾਸ਼ਾਹਾਂ ਨੇ ਇੱਕ ਇੱਕ ਕਰਕੇ, ਵਾਰੋ-ਵਾਰ ਆਪਣੇ ਦੁਸ਼ਮਣਾਂ ਨੂੰ ਖਤਮ ਕੀਤਾ ਸੀ , ਉਹੋ ਕੁਝ ਹੁਣ ਸਾਡੇ ਦੇਸ ਵਿੱਚ ਵਾਪਰ ਸਕਦਾ ਹੈ।
? ਤੁਸੀ ਆਪਸੀ ਵੰਡੀਆਂ ਦੀ ਗੱਲ ਕੀਤੀ ਹੈ। ਇਹ ਵਖਰੇਵੇਂ ਵਿਚਾਰਧਾਰਕ ਹਨ ਜਾਂ ਆਗੂਆਂ ਦੀ ਹਉਮੈ ਕਾਰਨ? । ਤੇ ਤੁਹਾਡੇ ਖਿਆਲ ਵਿੱਚ ਕੀ ਦਿਕਤ ਹੈ ਜੋ ਸਾਰਿਆਂ ਨੂੰ ਇੱਕਮੁਠ ਕਰਨ ਦੇ ਰਾਹ ਵਿੱਚ ਅੜਿਕਾ ਬਣੀ ਹੋਈ ਹੈ?
- ਮੈਂ ਸਮਝਦਾ ਹਾਂ ਵਿਚਾਰਧਾਰਾ ਦੀ ਹੀ ਦਿੱਕਤ ਹੈ। ਭਾਵੇਂ ਮਾਰਕਸਵਾਦੀ ਹੋਣ, ਭਾਵੇਂ ਅੰਬੇਡਕਰਵਾਦੀ ਤੇ ਭਾਵੇਂ ਸਮਾਜਵਾਦੀ .. ਦਿੱਕਤ ਵਿਚਾਰਧਾਰਾ ਨੂੰ ਲੈ ਕੇ ਹੀ ਹੈ। ਸਾਰੇ ਇੱਕ ਸੈਕਟੇਰੀਅਨ ਲਾਈਨ ਨੂੰ ਲੈ ਕੇ ਤੁਰਦੇ ਹਨ। ਮੇਰੀ ਜਾਚੇ ਸੈਕਟੇਰੀਅਨ ਲਾਈਨ, ਵਿਚਾਰਧਾਰਕ ਸ਼ੁੱਧਤਾ ਦੀ ਇਹ ਅੜੀ, ਇੱਕ ਪਿਓਰਿਸਟਿਕ ਐਟੀਚਿਊਡ ਵਿੱਚੋਂ ਪੈਦਾ ਹੁੰਦੀ ਹੈ। ਕਿ ਜੋ ਕੁਝ ਅਸੀ ਕਹਿ ਰਹੇ ਹਾਂ ਉਹੀ ਖਾਲਸ ਹੈ, ਇਸ ਤੋਂ ਰਤਾ ਲਾਂਭੇ ਹੋ ਕੇ ਜੋ ਗੱਲ ਕਹੀ ਜਾ ਰਹੀ ਹੈ , ਉਹ ਗ਼ਲਤ ਹੈ, ਅਸ਼ੁੱਧ ਹੈ। ਭਾਰਤ ਦੀ ਰਾਜਨੀਤੀ ਦੇ ਅੰਦਰਲੇ ਵਿਚਾਰਧਾਰਾਕ ਮਤਭੇਦ ਇੱਕ ਕਿਸਮ ਨਾਲ ਛੂਆ-ਛੂਤ ਦਾ ਸ਼ਿਕਾਰ ਹਨ। ਮੈਂ ਇੱਕ ਗੱਲ ਸਿਧੀ ਜਿਹੀ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਸਮਾਜ ਵਿੱਚ ਕਿਸੇ ਵੀ ਕਿਸਮ ਦਾ ਅਤਵਾਦ ਨਹੀਂ ਚੱਲ ਸਕਦਾ ਭਾਵੇਂ ਉਹ ਵਾਮਪੰਥੀ ਅਤਵਾਦ ਹੋਵੇ ਤੇ ਭਾਂਵੇ ਦਖਣਪੰਥੀ , ਭਾਂਵੇਂ ਉਹ ਦਲਿਤ ਅਤਵਾਦ ਹੋਵੇ ਭਾਵੇਂ ਉਹ ਪੱਛੜਿਆਂ ਦਾ, ਜਾਂ ਫੇਰ ਘਟਗਿਣਤੀਆਂ ਦਾ ਅਤਵਾਦ। ਭਾਵੇਂ ਉਹ ਉੇਵੈਸੀ ਹੋਵੇ, ਜਾਂ ਫੇਰ ਮੋਦੀ ਤੇ ਭਾਂਵੇਂ ਉਹ ਕੋਈ ਨਕਸਲੀ ਆਗੂ ਹੋਵੇ । ਦਰਅਸਲ ਇਹ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਹਨ। ਇਨ੍ਹਾਂ ਦੀ ਬੋਲ-ਬਾਣੀ ਨਾਲ ਇੱਕ ਦੂਜੇ ਦੇ ਕੰਮਾਂ ਨੂੰ ਹੁਲਾਰਾ ਮਿਲਦਾ ਹੈ ਸਗੋਂ। ਕਿਉਂਕਿ ਇਸ ਬੋਲਬਾਣੀ, ਆਪਣੇ ਵਿਰੋਧੀਆਂ ਦੇ ਇਨ੍ਹਾਂ ਅੱਤਵਾਦੀ ਕਥਨਾਂ ਨੂੰ ਉਹ ਆਪੋ-ਆਪਣੇ ਪੈਰੋਕਾਰਾਂ ਜਾਂ ਭਗਤਾਂ ਨੂੰ ਚਾਰਨ ਲਈ ਵਰਤਦੇ ਹਨ। ਪਰ ਇਨ੍ਹਾਂ ਸਭਨਾਂ ਦੇ ਵਿੱਚਕਾਰ ਵੱਡੀ ਗਿਣਤੀ ਆਮ ਜਨਤਾ ਦੀ ਹੈ , ਜੋ ਉਦਾਰਵਾਦੀ ਹੈ, ਜੋ ਦੋ ਜੂਨ ਦੀ ਰੋਟੀ ਚਾਹੁੰਦੀ ਹੈ, ਆਪਣੇ ਬਾਲਾਂ ਨੂੰ ਸਕੂਲੀ ਸਿੱਖਿਆ ਦੇਣਾ ਚਾਹੁੰਦੀ ਹੈ, ਸ਼ਾਂਤੀ ਨਾਲ ਜ਼ਿੰਦਗੀ ਬਸਰ ਕਰਨਾ ਚਾਹੁੰਦੀ ਹੈ, ਕਿਸੇ ਕਿਸਮ ਦਾ ਅਤਵਾਦ ਨਹੀਂ ਚਾਹੁੰਦੀ। ਉਹ ਜੇ ਧਰਮ ਨੂੰ ਮੰਨਦੀ ਹੈ ਤਾਂ ਅਤਵਾਦ ਤੋਂ ਬਿਨਾਂ। ਉਹ ਆਪਣੇ ਰੱਬ ਨੂੰ ਮੰਨਦੀ ਹੈ, ਪਰ ਦੂਜੇ ਰਬ ਨੂੰ ਮੰਨਣ ਵਾਲਿਆਂ ਦੇ ਖਿਲਾਫ਼ ਤਲਵਾਰ ਨਹੀਂ ਚੁੱਕੀ ਫਿਰਦੀ। ਭਾਰਤੀ ਸਮਾਜ ਵਿੱਚ ਜਿੰਨੀਆਂ ਵੀ ਅੱਤਵਾਦੀ ਵਿਚਾਰਧਾਰਾਵਾਂ ਹਨ, ਜੋ ਸੰਕੀਰਣਤਾ ਹੈ , ਉਸਨੇ ਲਿਬਰਲ ਲੋਕਾਂ ਨੂੰ ਇੱਕਮੁਠ ਨਹੀਂ ਹੋਣ ਦਿੱਤਾ । ਕਿਉਂਕਿ ਲਿਬਰਲ ਲੋਕ ਕਨਫ਼ਿਊਜ਼ਡ ਰਹੇ ਹਨ। ਜੋ ਖੱਬੇਪੱਖੀ ਲਿਬਰਲ ਹਨ ਉਹ ਕਨਫ਼ਿਊਜ਼ਡ ਰਹੇ ਹਨ ਕਾਂਗਰਸ ਅਤੇ ਭਾਜਪਾ ਵਿੱਚਕਾਰ, ਜੋ ਕਾਂਗਰਸੀ ਹੈ ਉਹ ਕਨਫ਼ਿਊਜ਼ਡ ਰਿਹਾ ਹੈ ਦੋ ਧਾਰਾਵਾਂ ਦੇ ਵਾਮ-ਪੰਥ ਵਿੱਚਕਾਰ। ਸੋ ਇਹ ਜਿਹੜਾ ਉਦਾਰਵਾਦੀ ਲੋਕਾਂ ਦਾ ਵੱਡਾ ਹਿੱਸਾ ਹੈ ਉਸ ਅੰਦਰ ਇੱਕ ਭ੍ਰਮ ਦੀ ਸਥਿਤੀ ਹੈ । ਇਸ ਆਪਸੀ ਵੰਡਾਰੇ ਕਾਰਨ , ਜਿਹੜਾ-ਪਹਿਲੇ ਨੰਬਰ-ਤੇ- ਉਹੋ -ਜੇਤੂ ਵਾਲੀ ਚੋਣ-ਪ੍ਰਣਾਲੀ ਕਾਰਨ ਸਿਰਫ਼ ਇੱਕ ਵੋਟ ਵੱਧ ਲਿਜਾਣ ਵਾਲਾ ਜੇਤੂ ਹੋ ਜਾਂਦਾ ਹੈ, ਨਾਇਕ ਬਣ ਜਾਂਦਾ ਹੈ। ਜੇਕਰ ਅੱਜ ਇਸ ਦੇਸ ਵਿੱਚ ਅਨੁਪਾਤੀ ਨੁਮਾਇੰਦਗੀ ਦੀ ਲੜਾਈ ਲੜੀ ਜਾਏ , ਚੋਣ-ਸੁਧਾਰਾਂ ਦੀ ਲੜਾਈ ਲੜੀ ਜਾਏ, ਤਾਂ ਵੀ ਇਸ ਦੇਸ ਵਿੱਚ ਫ਼ਾਸ਼ਿਜ਼ਮ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਇਸ ਦੇਸ ਵਿੱਚ ਅਗਾਂਹਵਧੂ ਤਬਕਾ ਬਹੁਤ ਵੱਡਾ ਹੈ ਅਤੇ ਅਜ ਵੀ ਬਹੁਗਿਣਤੀ ਵਿੱਚ ਹੈ।ਸੋ ਕਿਸੇ ਵੀ ਬੁਨਿਆਦੀ ਸੁਧਾਰ ਨੂੰ ਲੈ ਕੇ ਜੇਕਰ ਸਾਡੇ ਦੇਸ ਦੀ ਜਨਤਾ ਇੱਕ ਸੰਘਰਸ਼ ਵਿਢ ਲਵੇ, ਭਾਵੇਂ ਉਹ ਸਿਖਿਆ ਵਿੱਚ ਬਰਾਬਰ ਅਧਿਕਾਰਾਂ ਦੀ ਗੱਲ ਹੋਵੇ ਕਿ ਜੇ ਸਾਡਾ ਤੇ ਤੁਹਾਡਾ ਵੋਟ ਬਰਾਬਰ ਹੈ ਤਾਂ ਤੁਹਾਡੇ ਅਤੇ ਮੇਰੇ ਬੱਚੇ ਲਈ ਸਿਖਿਆ ਦੇ ਮੌਖੇ ਬਰਾਬਰ ਕਿਉਂ ਨਹੀਂ? ਸਿਰਫ਼ ਇਸ ਸਵਾਲ ਉੱਤੇ , ਜਾਂ ਫੇਰ ਚੋਣ-ਪ੍ਰਣਾਲੀ ਵਿੱਚ ਬੁਨਿਆਦੀ ਸੁਧਾਰਾਂ ਲਈ ਇੱਕ ਲੜਾਈ ਛੇੜ ਦਿੱਤੀ ਜਾਵੇ ਤਾਂ ਦੇਸ ਵਿੱਚ ਇੱਕ ਵਡੀ ਤਬਦੀਲੀ ਸੰਭਵ ਹੈ। ਅਜੋਕੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਸਮੇਂ ਪਹਿਲ ਇੱਕਮੁਠ ਹੋ ਕੇ ਇਹੋ ਜਿਹੇ ਸਾਂਝੇ ਸੰਘਰਸ਼ ਵਿਢਣ ਨੂੰ ਦਿੱਤੀ ਜਾਣੀ ਚਾਹੀਦੀ ਹੈ , ਬਾਕੀ ਗੱਲਾਂ ਬਾਅਦ ਵਿੱਚ ਵੀ ਹੋ ਸਕਦੀਆਂ ਹਨ, ਹੋਣਗੀਆਂ।
?ਤੁਹਾਡੇ ਸਾਥੀ ਮੈਨੂੰ ਮੁੜ ਮੁੜ ਇਸ਼ਾਰਾ ਕਰ ਰਹੇ ਹਨ ਕਿ ਮੈਂ ਆਪਣੀ ਗੱਲ ਮੁਕਾਵਾਂ ਕਿਉਂਕਿ ਮੇਰੇ ਤੋਂ ਇਲਾਵਾ ਕਈ ਹੋਰ ਲੋਕ ਤੁਹਾਡੇ ਨਾਲ ਗੱਲਬਾਤ ਕਰਨ ਲਈ ਪਾਲ ਵਿੱਚ ਹਨ। ਤੁਹਾਡੇ ਹੀ ਇੱਕ ਕਥਨ ਨਾਲ ਗੱਲ ਮੁਕਾਉਂਦਾ ਹਾਂ। ਰਿਹਾਈ ਮਗਰੋਂ ਰਵੀਸ਼ ਕੁਮਾਰ ਦੇ ਪੁੱਛਣ ਉੱਤੇ ਕਿ ਜੇਲ੍ਹ ਵਿੱਚ ਡਰ ਤਾਂ ਨਹੀਂ ਸੀ ਲਗਦਾ, ਤੁਹਾਡਾ ਜਵਾਬ ਸੀ ਡਰ ਤਾਂ ਲਗਦਾ ਹੈ, ਪਰ ਉਹੋ ਡਰ ਲੜਾਈ ਲੜਨ ਦੀ ਤਾਕਤ ਵੀ ਬਖਸ਼ਦਾ ਹੈ: ‘ਡਰਾਂਗੇ, ਤਾਂ ਹੀ ਲੜਾਂਗੇ’। ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਜੋ ਕੁਝ ਤੁਹਾਡੇ ਨਾਲ ਹੋਇਆ, ਉਮਰ ਖਾਲਿਦ ਅਤੇ ਹੋਰਨਾ ਨਾਲ ਹੋ ਰਿਹਾ ਹੈ , ਜੋ ਕੁਝ ਭਾਰਤ ਦੀਆਂ ਯੂਨੀਵਰਸਟੀਆਂ ਵਿੱਚ ਹੋ ਰਿਹਾ ਹੈ , ਉਸਨੇ ਦੇਸ ਵਿਚਲੇ ਹਾਲਾਤ ਪ੍ਰਤੀ ਸਭ ਖੱਬੇ-ਪੱਖੀਆਂ ਨੂੰ ਸੁਚੇਤ ਕੀਤਾ ਹੈ, ਝੰਜੋੜਿਆ ਹੈ। ਮੇਰੇ ਸ਼ਹਿਰ ਜਲੰਧਰ ਵਿੱਚ ਪਿਛਲੇ ਦਿਨੀਂ ਹਰ ਵਿਚਾਰਧਾਰਕ ਮੱਤਭੇਦ ਨੂੰ ਲਾਂਭੇ ਰੱਖ ਕੇ ਪੰਜਾਬ ਦੇ ਸਾਰੇ ਖੱਬੇ ਦਲਾਂ ਨੇ ਸਾਂਝੀ ਰੈਲੀ ਕੀਤੀ। ਸਾਨੂੰ ਸਾਰਿਆਂ ਨੂੰ ਝੰਜੋੜਨ ਲਈ, ਇੱਕ ਪਲੈਟਫਾਰਮ ’ਤੇ ਇਕੱਤਰ ਕਰਨ ਦਾ ਬਾਇਸ ਬਣਨ ਲਈ ਤੁਹਾਡਾ ਧੰਨਵਾਦ।
parminder Thind
kanahia Banda killlll a je apni jameeeeer di awaz hamesha sunda rave mai ardas kardan k jo oh bol riha ohde te kyam rahe 🏻🏻🏻🏻