Thu, 21 November 2024
Your Visitor Number :-   7256701
SuhisaverSuhisaver Suhisaver

ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ

Posted on:- 09-02-2016

suhisaver

ਮੁਲਾਕਾਤੀ: ਸੁਖਵੰਤ ਹੁੰਦਲ

? ਸੈਮੂਅਲ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ। ਤੁਹਾਡਾ ਜਨਮ ਕਿੱਥੇ ਹੋਇਆ? ਤੁਸੀਂ ਕਿਸ ਤਰ੍ਹਾਂ ਦੇ ਮਾਹੌਲ ਵਿੱਚ ਜੰਮੇ-ਪਲੇ? ਬਚਪਨ ਵਿੱਚ ਤੁਹਾਡਾ ਆਲਾ ਦੁਆਲਾ ਕਿਸ ਤਰ੍ਹਾਂ ਦਾ ਸੀ?
- ਭਾਅ ਜੀ ਮੇਰਾ ਪਿੰਡ ਢਿਲਵਾਂ ਕਲਾਂ ਹੈ, ਕੋਟ ਕਪੂਰੇ ਕੋਲ, ਫਰੀਦਕੋਟ ਜ਼ਿਲ੍ਹੇ ਵਿੱਚ। ਉੱਥੇ ਮੈਂ ਜੰਮਿਆਂ ਪਲਿਆ। ਮੈਂ ਨਾਨਕੀ ਪੜ੍ਹਿਆਂ। ਮੈਂ ਪਹਿਲਾਂ ਪੜ੍ਹਦਾ ਨਹੀਂ ਸੀ, ਥੋੜ੍ਹਾ ਜਿਹਾ ਘੱਟ ਧਿਆਨ ਸੀ ਮੇਰਾ ਪੜ੍ਹਾਈ ਵੱਲ। ਘਰਦਿਆਂ ਨੂੰ ਇਹ ਸੀ ਕਿ ਚਲੋ ਨਾਨਕੀ ਛੱਡ ਦਿੰਨੇ ਆਂ, ਕੀ ਪਤਾ ਉੱਥੇ ਪੜ੍ਹ ਪੁੜ੍ਹ ਲਏ। ਪਰ ਪੰਜਵੀਂ ਤੋਂ ਬਾਅਦ ਮੈਂ ਫਿਰ ਪਿੰਡ ਆ ਗਿਆ, ਢਿਲਵਾਂ ਕਲਾਂ `ਚ। ਉੱਥੇ ਫਿਰ ਆ ਕੇ ਮੈਂ ਛੇਵੀਂ `ਚ ਲੱਗ ਗਿਆ, ਹਾਈ ਸਕੂਲ `ਚ। ਉਸ ਤੋਂ ਬਾਅਦ ਫਿਰ ਮੈਂ ਕਾਲਜ ਗਿਆ ਅਤੇ ਫਿਰ ਯੂਨੀਵਰਸਿਟੀ ਆ ਗਿਆ।

ਜੰਮਿਆਂ ਮੈਂ ਮਜ਼ਦੂਰਾਂ ਦੇ ਘਰ `ਚ ਹੀ ਹਾਂ। ਮੇਰੇ ਤਾਏ ਚਾਚੇ ਜਿਹੜੇ ਹੈਗੇ ਨੇ, ਉਨ੍ਹਾਂ ਕੋਲ ਥੋੜ੍ਹਾ ਥੋੜ੍ਹਾ ਵਾਹਣ ਅਜੇ ਹੈਗਾ, ਖੇਤੀ ਹੈਗੀ ਆ। ਮੈਂ ਸੁਣਿਆ, ਆਸਿਓਂ ਪਾਸਿਓਂ ਬਈ ਸਾਡੇ ਦਾਦੇ ਹੁਰਾਂ ਕੋਲ ਵਾਹਣ ਹੁੰਦਾ ਸੀ। ਮੇਰੇ ਪਿਤਾ ਸ਼੍ਰੀ ਵੀ ਕਹਿੰਦੇ ਨੇ। ਮੈਂ ਉਨ੍ਹਾਂ ਨੂੰ ਬਾਈ ਜੀ ਕਹਿਨਾਂ। ਪਰ ਜਦੋਂ ਤੱਕ ਮੇਰੀ ਸੁਰਤ ਸੰਭਲੀ ਉਦੋਂ ਵਾਹਣ ਹੈ ਨਹੀਂ ਸੀ। ਮੈਂ ਮਜ਼ਦੂਰੀ ਵੀ ਕਰਦਾ ਰਿਹਾਂ ਤੇ ਠੇਕੇ `ਤੇ ਵਾਹਣ ਲੈ ਕੇ ਖੇਤੀ ਵੀ। ਖੇਤੀ ਦਾ ਮੈਨੂੰ ਬਹੁਤ ਸ਼ੌਕ ਸੀ। ਐਂ ਸੋਚਦਾ ਸੀ ਬਈ ਮੈਂ ਖੇਤੀ ਕਰਾਂ ਤੇ ਨਾਲੇ ਸ਼ਾਮ ਨੂੰ ਰੀਹਰਸਲਾਂ ਕਰਾਂ, ਨਾਟਕ ਕਰਾਂ। ਹੁਣ ਵੀ ਕਈ ਵਾਰੀ ਜੇ ਕੋਈ ਮੈਨੂੰ ਕੋਈ ਪੁੱਛ ਲੈਂਦਾ ਹੈ ਬਈ ਤੇਰੇ ਸੁਫਨੇ ਕਿਹੋ ਜਿਹੇ ਸੀ, ਤਾਂ ਮੈਂ ਕਹਿੰਦਾ ਬਈ ਬਸ ਏਨਾ ਹੀ ਸੀ ਕਿ ਨਾਟਕ ਕਰਾਂ ਤੇ ਖੇਤੀ।

? ਤੁਸੀਂ ਗੱਲ ਕੀਤੀ ਹੈ ਬਈ ਤੁਹਾਡਾ ਸ਼ੌਕ ਸੀ ਬਈ ਖੇਤੀ ਕਰਾਂ ਤੇ ਨਾਟਕ ਕਰਾਂ। ਇਹ ਨਾਟਕ ਦਾ ਸ਼ੌਕ ਕਿੱਦਾਂ ਪੈ ਗਿਆ, ਇਹ ਨਾਟਕ ਵੱਲ ਨੂੰ ਕਿਵੇਂ ਰੁਚੀ ਹੋ ਗਈ? ਨਾਟਕ ਨਾਲ ਕਿੱਦਾਂ ਲਿੰਕ ਬਣ ਗਿਆ?
- ਹੁੰਦਲ ਭਾਅ ਜੀ ਇਹ ਕਾਮਰੇਡ ਧਾਰਾ ਦੇ ਜਿਹੜੇ ਲੋਕ ਹਨ, ਇਹ ਸਾਡੇ ਪਿੰਡਾਂ `ਚ ਬਹੁਤ ਆਉਂਦੇ ਰਹੇ ਹਨ। ਹੁਣ ਵੀ ਹੈਗੇ ਨੇ, ਪਰ ਮੈਂ ਜਦੋਂ ਛੋਟਾ ਸੀਗਾ, ਜਦੋਂ ਸੁਰਤ ਸੰਭਲੀ ਸੀ, ਜਦੋਂ ਬੱਚੇ ਸੀ ਉਸ ਸਮੇਂ ਮੈਂ ਆਪਣੇ ਪਿੰਡ ਦੇ ਵਿੱਚ ਲਾਲ ਝੰਡੇ ਦੇਖੇ ਸਨ। ਇਹੋ ਜਿਹਾ ਵਕਤ ਵੀ ਸੀ ਕਿ ਲਾਲ ਝੰਡਾ ਹਰ ਇਕ ਘਰ `ਤੇ ਲੱਗਾ ਹੁੰਦਾ ਸੀ ਅਤੇ ਕਾਮਰੇਡ ਵਿਚਾਰਧਾਰਾ ਵਾਲਿਆਂ ਦੀ, ਕਾਮਰੇਡਾਂ ਦੀ ਬੜੀ ਇੱਜ਼ਤ ਹੁੰਦੀ ਸੀ। ਇਹਨਾਂ ਦੀਆਂ ਨਾਟਕ ਮੰਡਲੀਆਂ ਪਿੰਡਾਂ `ਚ ਨਾਟਕ ਕਰਨ ਆਉਂਦੀਆਂ ਸਨ। ਮੇਰੇ ਅਜੇ ਤੱਕ ਉਹੋ ਸਾਰੀ ਗੱਲਬਾਤ ਯਾਦ ਹੈ। ਇਕ ਦ੍ਰਿਸ਼ ਯਾਦ ਹੈ ਅਜੇ ਤੱਕ ਜਿਹੜਾ ਮੇਰੇ ਅੰਦਰ ਬੈਠਾ ਹੈ ਤੇ ਜਿਹੜਾ ਮੈਨੂੰ ਨਾਟਕ ਕਲਾ ਵੱਲ ਲੈ ਕੇ ਗਿਆ। ਇਕ ਦਿਨ ਮਜ਼ਦੂਰਾਂ ਦੇ ਵਿਹੜੇ ਵਿੱਚ ਨਾਟਕ ਖੇਡਿਆ ਜਾ ਰਿਹਾ ਸੀ। ਸਾਰੇ ਮਜ਼ਦੂਰ ਸਨ, ਹਾਲਾਂਕਿ ਛੋਟੇ ਕਿਸਾਨ ਵੀ ਥੋੜ੍ਹੇ ਬਹੁਤੇ ਆਏ ਹੋਏ ਸਨ। ਝੰਡੇ ਲੱਗੇ ਹੋਏ ਸਨ, ਸੱਜੇ ਪਾਸੇ ਖੱਬੇ ਪਾਸੇ ਲਮਕ ਰਹੇ ਸਨ ਅਤੇ ਨਾਲ ਲਾਟੂ ਲਟਕ ਰਿਹਾ ਸੀ। ਉਨ੍ਹਾਂ ਟਾਇਮਾਂ `ਚ ਬਲਬ ਐਂ ਤਾਰ ਪਾ ਕੇ ਲਮਕਾ ਦਿੰਦੇ ਸੀ, ਥੱਲੇ ਨੂੰ। ਛੋਟੀ ਜਿਹੀ ਸਟੇਜ ਸੀ। ਪਹਿਲਾਂ ਨਾ ਉਹੋ ਟਿੱਕੀਆਂ ਜਿਹੀਆਂ ਬਣੀਆਂ ਹੁੰਦੀਆਂ ਸੀ, ਲਾਲ ਪੀਲੀਆਂ। ਚਾਨਣੀਆਂ। ਉਹ ਪਿੱਛੇ ਲੱਗਦੀਆਂ ਸੀ। ਬੰਦੇ ਤਿਆਰ ਹੋ ਕੇ ਚਾਨਣੀ ਦਿਉਂ ਪਿੱਛਲੇ ਪਾਸਿਓਂ ਆ ਜਾਂਦੇ ਸੀ। ਜਦੋਂ ਨਾਟਕ ਸ਼ੁਰੂ ਕੀਤਾ ਗਿਆ ਤਾਂ ਦੋ ਬੰਦੇ ਆਏ। ਇਕ ਅਮੀਰ ਬੰਦਾ ਅੱਗੇ ਅੱਗੇ ਤੁਰਿਆ ਆ ਰਿਹਾ ਸੀ। ਉਹ ਆ ਕੇ ਬੈਠ ਗਿਆ। ਉਨ੍ਹਾਂ ਨੇ ਕੁਰਸੀ ਲਾਈ ਹੋਈ ਸੀ। ਇਕ ਨਾਲ ਸੀ, ਚਪੜਾਸੀ ਟਾਇਪ ਬੰਦਾ। ਉਨ੍ਹਾਂ ਨੇ ਸਰਦੀ ਜਿਹੀ ਦਾ ਮੌਸਮ ਦਿਖਾਇਆ ਸੀ। ਉਹ ਅਫਸਰ ਬੈਠ ਗਿਆ ਤੇ ਫਿਰ ਨਾਲ ਦੇ ਨੂੰ ਕਹਿੰਦਾ ਬਈ ਐਂ ਕਰ ਸਾਹਮਣੇ ਦੁਕਾਨ `ਤੇ ਜਾਹ ਤੇ ਆਂਡੇ ਲੈ ਕੇ ਆ। ਉਹ ਕਹਿੰਦਾ ਠੀਕ ਹੈ ਜੀ। ਉਹ ਬੰਦਾ ਆਂਡੇ ਲੈਣ ਤੁਰ ਗਿਆ। ਆਂਡੇ ਲੈ ਆਇਆ ਤੇ ਸਾਹਿਬ ਨੂੰ ਦੇ ਦਿੱਤੇ ਤਾਂ ਉਹਨੇ ਖਾਣੇ ਸ਼ੁਰੂ ਕਰ ਦਿੱਤੇ। ਸਾਹਿਬ ਆਂਡੇ ਖਾ ਰਿਹਾ ਸੀ। ਇਹ ਬੰਦਾ ਕੋਲ ਖੜ੍ਹਾ ਸੀ। ਕੋਲ ਖੜ੍ਹੇ ਬੰਦੇ ਦਾ ਵੀ ਆਂਡੇ ਖਾਣ ਨੂੰ ਜੀਅ ਕਰਦਾ ਸੀ। ਉਹ ਕਹਿੰਦਾ, “ਜਨਾਬ ਆਂਡੇ ਸੁਆਦ ਤਾਂ ਬਹੁਤ ਹੋਣਗੇ ਜੀ”। ਇਹਦਾ ਮਤਲਬ ਤਾਂ ਇਹ ਹੀ ਸੀ ਬਈ ਮੈਨੂੰ ਵੀ ਦੇ ਦੇ ਯਾਰ ਇਕ ਅੱਧਾ। ਉਹ ਅਫਸਰ ਅੱਗੋਂ ਕਹਿੰਦਾ “ਹਾਂ ਹਾਂ ਬਹੁਤ ਸੁਆਦ ਆ” ਤੇ ਫਿਰ ਖਾਣ ਲੱਗ ਗਿਆ। ਦੂਜਾ ਬੰਦਾ ਫਿਰ ਕਹਿੰਦਾ “ਆਂਡੇ ਸੁਆਦ ਬਹੁਤ ਹੋਣਗੇ ਜੀ।” ਅਫਸਰ ਕਹਿੰਦਾ “ਹਾਂ ਹਾਂ ਸੁਆਦ ਆ” ਤੇ ਉਹ ਫਿਰ ਖਾਣ ਲੱਗ ਗਿਆ।

ਅੰਤ ਦੇ ਉੱਤੇ ਉਹ ਅਫਸਰ ਸਾਰੇ ਆਂਡੇ ਖਾ ਗਿਆ, ਤੇ ਚਪੜਾਸੀ ਨੂੰ ਕਹਿੰਦਾ ਬਈ ਐਂ ਕਰ ਤੂੰ ਆਹ ਪਲੇਟ ਲੈ ਤੇ ਵਾਪਸ ਕਰ ਕੇ ਆ ਜਿਸ ਤੋਂ ਲੈ ਕੇ ਆਇਆਂ। ਚਪੜਾਸੀ ਕਹਿੰਦਾ ਠੀਕ ਹੈ ਜੀ। ਉਹ ਪਲੇਟ ਮੋੜਨ ਜਾ ਰਿਹਾ ਸੀ। ਜਾਂਦੇ ਜਾਂਦੇ ਨੇ ਉਸ ਨੇ ਕੀ ਕੀਤਾ ਕਿ ਪਲੇਟ ਚੱਟ ਲਈ, ਤੇ ਉਸ ਬੰਦੇ ਨੂੰ ਫੜਾ ਆਇਆ ਜਿਹਦੀ ਪਲੇਟ ਉਹ ਹੈ ਸੀ ਅਤੇ ਵਾਪਸ ਆ ਗਿਆ। ਅਫਸਰ ਕਹਿੰਦਾ “ਫੜਾ ਆਇਆਂ?” ਉਹ ਕਹਿੰਦਾ “ਹਾਂ ਜੀ”। ਇਸ ਦੇ ਨਾਲ ਹੀ ਉਸ ਨੇ ਡਾਇਲਾਗ ਬੋਲਿਆ, “ਜਨਾਬ ਆਂਡੇ ਸੁਆਦ ਬਹੁਤ ਹੁੰਦੇ ਆ।” ਉਸ ਦ੍ਰਿਸ਼ ਨੇ ਮੈਨੂੰ ਪੂਰੀ ਗੱਲ ਸਮਝਾ ਦਿੱਤੀ ਕਿ ਕਿਵੇਂ ਪੂਰੇ ਦਾ ਪੂਰਾ ਸਿਸਟਮ ਹੈ, ਕਿਵੇਂ ਪਾੜਾ ਹੈ ਸਮਾਜ ਦੇ ਵਿੱਚ, ਕਿਸੇ ਨੂੰ ਕੀ ਮਿਲਦਾ ਹੈ ਖਾਣ ਨੂੰ ਅਤੇ ਕਿਸੇ ਨੂੰ ਖਾਣ ਨੂੰ ਕੀ ਨਹੀਂ ਮਿਲਦਾ। ਉਸ ਚਾਰ ਪੰਜ ਮਿੰਟ ਦੇ ਦ੍ਰਿਸ਼ ਨੇ ਮੈਨੂੰ ਪੂਰੇ ਦਾ ਪੂਰਾ, ਧੁਰ ਅੰਦਰ ਤੱਕ ਹਿਲਾ ਦਿੱਤਾ। ਉਦੋਂ ਤੋਂ ਮੇਰੇ ਅੰਦਰ ਇਹ ਗੱਲ ਬੈਠ ਗਈ ਬਈ ਯਾਰ ਜੇ ਤੁਸੀਂ ਵਧੀਆ ਮਨੁੱਖ ਬਣਨਾ ਹੈ ਤਾਂ ਤੁਹਾਨੂੰ ਇਸ ਕਲਾ ਨਾਲ ਜੁੜਨਾ ਚਾਹੀਦਾ।

? ਤੁਹਾਨੂੰ ਉਸ ਕਲਾ ਦੀ ਜਿਹੜੀ ਤਾਕਤ ਹੈ, ਉਹ ਮਹਿਸੂਸ ਹੋਈ…?
- ਬਹੁਤ। ਕਮਾਲ ਦੀ ਤਾਕਤ। ਕਮਾਲ ਦੀ ਤਾਕਤ। ਔਰ ਇਕ ਛੋਟੇ ਬੱਚੇ, ਮੇਰੇ ਜ਼ਿਹਨ `ਤੇ, ਮੇਰੇ ਦਿਲੋ ਦਿਮਾਗ `ਤੇ ਉਸ ਨੇ ਏਨਾ ਅਸਰ ਕੀਤਾ। ਕਲਾ ਦਾ ਇਹ ਬਿਲਕੁਲ ਸਾਧਾਰਨ ਤਰੀਕਾ ਹੈ। ਕੋਈ ਲੈਕਚਰ ਨਹੀਂ। ਬਸ ਬਹੁਤ ਹੀ ਵਧੀਆ ਤਰੀਕੇ ਨਾਲ, ਵਿਜ਼ੂਅਲ ਢੰਗ ਨਾਲ ਗੱਲ ਸਮਝਾ ਦਿੱਤੀ। ਬੰਦਾ ਪਲੇਟ ਲੈ ਕੇ ਗਿਆ, ਫਿਰ ਉਸ ਨੇ ਉਹ ਪਲੇਟ ਚੱਟੀ। ਪਹਿਲਾਂ ਮੰਗੀ ਗਿਆ। ਉਹਨੇ ਇਹ ਵੀ ਨਹੀਂ ਕਿਹਾ ਕਿ ਮੈਨੂੰ ਆਂਡਾ ਦੇ ਦੇ। ਐਂ ਤਾਂ ਕਿਹਾ ਹੀ ਨਹੀਂ। ਇਹੀ ਤਾਂ ਉਹਦੀ ਕਲਾਤਮਕਤਾ ਹੈ। ਕਿਹਾ ਨਹੀਂ ਉਹਨੇ। ਊਂ ਕਹਿ ਦਿੱਤਾ ਕਿ ਸੁਆਦ ਬਹੁਤ ਹੋਣਗੇ। ਇਹਦਾ ਮਤਲਬ ਹੈ ਅਣਕਿਹਾ ਹੀ ਕਹਿ ਦਿੱਤਾ। ਅਣਕਿਹਾ ਕਹਿਣ ਵਿੱਚ ਵੀ ਵੱਡੀ ਕਲਾ ਹੈ।

? ਤੁਸੀਂ ਤਾਂ ਉਸ ਚੀਜ਼ ਨੂੰ ਦੇਖਿਆ ਸੀ ਤੇ ਤੁਸੀਂ ਹੁਣ ਉਹਨੂੰ ਬਿਆਨ ਕਰ ਰਹੇ ਹੋ। ਪਰ ਮੈਂ ਤੁਹਾਡੀ ਕਹਾਣੀ ਸੁਣਦਾ ਹੋਇਆ, ਉਹਦੇ ਤੋਂ ਅਹਿਸਾਸ ਕਰ ਸਕਦਾ ਹਾਂ ਕਿ ਉਹ ਦ੍ਰਿਸ਼ ਕਿੰਨਾ ਤਾਕਤਵਰ ਹੋਏਗਾ, ਜਿਹੜਾ ਏਨਿਆਂ ਸਾਲਾਂ ਬਾਅਦ ਵੀ ਤੁਹਾਨੂੰ ਚੇਤੇ ਹੈ। ਮੈਂ ਤੁਹਾਡੇ ਚਿਹਰੇ ਤੋਂ ਦੇਖ ਸਕਦਾ ਹਾਂ ਕਿ ਤੁਹਾਨੂੰ ਉਹ ਸੀਨ ਕਿਸ ਤਰ੍ਹਾਂ ਪੂਰੇ ਦਾ ਪੂਰਾ ਚੇਤਾ ਹੈ, ਤੇ ਤੁਸੀਂ ਉਸ ਨੂੰ ਹੂ-ਬਹੂ ਬਿਆਨ ਕਰ ਰਹੇ ਹੋ। ਅਤੇ ਉਹ ਹਾਲੇ ਤੱਕ ਵੀ ਤੁਹਾਨੂੰ ਟੱਚ ਕਰ ਰਿਹਾ ਹੈ। ਸੋ ਉਸ ਦੀ ਜਿਹੜੀ ਤਾਕਤ ਸੀ, ਉਹ ਮੈਂ ਮਹਿਸੂਸ ਕਰ ਸਕਦਾ ਹਾਂ। ਜਿਹੜੀ ਤਾਕਤ ਤੁਸੀਂ ਉਸ ਵੇਲੇ ਮਹਿਸੂਸ ਕੀਤੀ ਸੀ, ਤੁਸੀਂ ਉਹਨੂੰ ਹੁਣ ਤੱਕ ਆਪਣੇ ਨਾਲ ਲਈ ਫਿਰਦੇ ਹੋ।
- ਉਹ ਦ੍ਰਿਸ਼ ਮੇਰੇ ਅੰਦਰ ਬਹੁਤ ਗਹਿਰਾ ਉਤਰ ਗਿਆ ਸੀ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਮੈਂ ਮਹਿਸੂਸ ਕੀਤੀਆਂ ਉਹ ਹੁਣ ਵੀ ਮੇਰੇ ਨਾਲ ਹਨ। ਹੁਣ ਦੀ ਮੇਰੀ ਜਿਹੜੀ ਕਲਾ ਹੈ, ਜਿਸ ਤਰ੍ਹਾਂ ਦਾ ਰੰਗਮੰਚ ਮੈਂ ਕਰ ਰਿਹਾਂ ਹਾਂ, ਜਿਹੋ ਜਿਹੇ ਮੇਰੇ ਵਿਸ਼ੇ ਨੇ, ਉਹ ਮੈਨੂੰ ਲੱਗਦਾ ਹੈ ਬਈ ਉਹ ਬਚਪਨ ਤੋਂ ਹੀ ਮੇਰੇ ਨਾਲ ਤੁਰੇ ਆ ਰਹੇ ਹਨ, ਕਿਉਂਕਿ ਜਿ਼ੰਦਗੀ ਦਾ ਅਤੇ ਕਲਾ ਦਾ ਰਿਸ਼ਤਾ ਹੀ ਏਨਾ ਵੱਡਾ ਹੈ। ਕਲਾ ਕੋਈ ਵੱਖਰੀ ਚੀਜ਼ ਨਹੀਂ ਹੈ। ਕਲਾ ਕੋਈ ਬਾਹਰੋਂ ਨਹੀਂ ਉੱਤਰਦੀ। ਐਸਾ ਨਹੀਂ ਹੈ ਕੁਛ। ਜਿਹੋ ਜਿਹੀ ਜਿ਼ੰਦਗੀ ਅਸੀਂ ਜੀ ਰਹੇ ਹਾਂ, ਜਿਹੋ ਜਿਹੇ ਮਾਹੌਲ `ਚ ਅਸੀਂ ਜਿਉਂਦੇ ਹਾਂ, ਸਾਡੀ ਕਲਾ ਅਤੇ ਉਹਦੀ ਸ਼ੈਲੀ, ਉਹ ਸਾਰਾ ਕੁਝ ਉੱਥੋਂ ਹੀ ਨਿਕਲਦਾ ਹੈ। ਤੇ ਮੈਨੂੰ ਲੱਗਦਾ ਹੈ ਕਿ ਅਜੇ ਵੀ ਜਿਹੜੇ ਮੇਰੇ ਵਿਸ਼ੇ ਹਨ ਜਾਂ ਜਿਹੜੀ ਸਰਲਤਾ ਹੈ, ਸਾਧਾਰਣਤਾ ਹੈ, ਮੇਰੇ ਰੰਗਮੰਚ ਵਿੱਚ ਮੇਰੇ ਨਾਟਕਾਂ ਵਿੱਚ, ਮੈਨੂੰ ਲੱਗਦਾ ਹੈ ਕਿ ਉਹ ਪਿੱਛੋਂ ਕਿਤੇ ਐਂ ਨਾਲ ਤੁਰੀ ਆ ਰਹੀ ਹੈ। ਤੇ ਟਾਇਮ ਆਉਣ `ਤੇ ਉੱਗ ਪਈ ਹੈ ਉਹ।

? ਸੋ ਇਹ ਗੱਲ ਤਾਂ ਸਾਫ ਹੋ ਗਈ ਕਿ ਉਸ ਦ੍ਰਿਸ਼ ਨੇ ਤੁਹਾਨੂੰ ਕਲਾ ਦੀ ਇਸ ਤਾਕਤ ਦਾ ਅਹਿਸਾਸ ਕਰਵਾ ਦਿੱਤਾ। ਪਹਿਲੀ ਵਾਰੀ ਤੁਸੀਂ ਇਸ ਤਾਕਤ ਨੂੰ ਆਪ ਕਦੋਂ ਵਰਤਿਆ, ਕਦੋਂ ਤੁਸੀਂ ਨਾਟਕ ਕੀਤਾ ਆਪ ਪਹਿਲੀ ਵਾਰ? ਜਾਂ ਨਾਟਕ ਕਰਨ ਤੱਕ ਦੀ ਸਥਿਤੀ ਤੱਕ ਤੁਸੀਂ ਕਿੱਦਾਂ ਪਹੁੰਚੇ?
- ਇਹ ਕਰਦੇ ਕਰਾਉਂਦੇ ਅੰਦਰ ਗੱਲਾਂ ਤਾਂ ਚੱਲਦੀਆਂ ਰਹੀਆਂ। ਪਰ ਇਹ ਸੀ ਕਿ ਸਕੂਲਾਂ ਦੇ ਵਿੱਚ ਉਹਨਾਂ ਟਾਇਮਾਂ `ਚ ਨਾਟਕਾਂ ਦੇ ਮੌਕੇ ਨਹੀਂ ਸੀਗੇ। ਅਸੀਂ ਸਕੂਲ ਦੇ ਵਿੱਚ ਇਹ ਸ਼ੁਰੂਆਤ ਕਰ ਲਈ। ਅਸੀਂ ਚਾਰ ਪੰਜ ਬੰਦਿਆਂ ਨੇ ਮਿਲ ਕੇ ਸੋਚਿਆ ਬਈ ਨਾਟਕ ਬਣਾਈਏ। ਕੋਈ ਸਕਿੱਟ ਟਾਇਪ ਛੋਟਾ ਜਿਹਾ। ਪਰ ਅਧਿਆਪਕ ਨਹੀਂ ਸੀ ਚਾਹੁੰਦੇ ਹੁੰਦੇ ਸੀ ਕਿ ਬੱਚੇ ਐਂ ਕਰਨ। ਉਹਨਾਂ ਨੂੰ ਹੁੰਦਾ ਸੀ ਕਿ ਇਹ ਪੜ੍ਹਦੇ ਨਹੀਂ। ਪਰ ਫਿਰ ਵੀ ਅਸੀਂ ਉਹ ਛੋਟਾ ਜਿਹਾ ਨਾਟਕ-ਸਕਿੱਟ, ਨਸਿ਼ਆਂ ਦੇ ਬਾਰੇ, ਤਿਆਰ ਕੀਤਾ। ਉਸ ਬੰਦੇ ਦਾ ਨਾਮ ਰਾਮ ਸਿੰਘ ਸੀ, ਜਿਸ ਨੇ ਉਹ ਸਕਿੱਟ ਤਿਆਰ ਕਰਵਾਇਆ। ਉਹ ਸਾਡੇ ਪਿੰਡ ਦਾ ਹੀ ਸੀ, ਬਾਅਦ ਦੇ ਵਿੱਚ ਉਹ ਕਿਸੇ ਨੌਕਰੀ `ਤੇ ਚਲਾ ਗਿਆ ਸੀ। ਪਾਰਟੀ ਸੀ ਸਕੂਲ `ਚ, ਜਿਹੜੀ ਨੌਂਵੀਂ ਵਾਲੇ ਦਸਵੀਂ ਵਾਲਿਆਂ ਨੂੰ ਦਿੰਦੇ ਸੀ, ਵਿਦਾਇਗੀ ਪਾਰਟੀ। ਉਹਦੇ ਵਿੱਚ ਕੀਤਾ ਸੀ ਉਹ ਸਕਿੱਟ। ਵਰਕਸ਼ਾਪ ਹੁੰਦੀ ਆ ਸਕੂਲ ਵਿੱਚ ਇੱਕ। ਵਰਕਸ਼ਾਪ ਜਿਵੇਂ ਦਸਤਕਾਰੀ ਦਾ ਕੰਮ ਸਿਖਾਉਂਦੇ ਸੀ, ਰੇਡੀਓ ਦਾ ਜਾਂ ਕੁਰਸੀਆਂ ਬਣਾਉਣ ਦਾ। ਪਿੰਡਾਂ ਦੇ ਵਿੱਚ ਪਹਿਲਾਂ ਸਕੂਲਾਂ `ਚ ਇਸ ਤਰ੍ਹਾਂ ਹੁੰਦਾ ਸੀ। ਤੇ ਉੱਥੇ ਅਸੀਂ ਇਹ ਸਕਿੱਟ ਕਰ ਰਹੇ ਸੀ, ਸਟੇਜ ਲੱਗੀ ਹੋਈ ਸੀ ਤੇ ਨਾਲ ਮੀਂਹ ਪੈਣ ਲੱਗ ਪਿਆ। ਮੀਂਹ ਪਿਆ ਤਾਂ ਸਾਰਾ ਕੁਝ ਹਿੱਲ ਗਿਆ, ਬਈ ਹੁਣ ਕੀ ਕਰੀਏ। ਤੇ ਉਹ ਜਿਹੜੀ ਵਰਕਸ਼ਾਪ ਸੀ, ਉਹਦੇ ਵਿੱਚ ਫਿਰ ਇਹ ਕੰਮ ਸ਼ੁਰੂ ਹੋ ਗਿਆ। ਮੈਂ ਕਿਹਾ ਜੀ ਅੰਦਰ ਕਰ ਦਿਆਂਗੇ ਆਪਾਂ। ਕੀ ਹੁੰਦਾ ਇਹਦੇ `ਚ ਕੀ ਹੁੰਦਾ ਆਪਾਂ ਅੰਦਰ ਕਰ ਦਿੰਨੇ ਹਾਂ। ਕਈ ਕਹਿੰਦੇ ਜੀ ਰਹਿਣ ਦਿਉ। ਕਈ ਚਲੇ ਗਏ। ਫਿਰ ਵੀ ਅਸੀਂ ਜ਼ੋਰ ਪਾ ਕੇ ਉਹ ਸਕਿੱਟ ਕਰ ਦਿੱਤਾ। ਮੈਂ ਕਿਹਾ ਕਿ ਕੁਝ ਨਹੀਂ ਹੁੰਦਾ ਆਪਾਂ ਅੰਦਰ ਕਰਦੇ ਹਾਂ। ਕੋਈ ਐਂ ਉਹਦੇ `ਤੇ ਬੈਠ ਗਿਆ, ਬੈਂਚ ਜਿਹੇ ਵੱਡੇ ਵੱਡੇ ਸੀ, ਕੋਈ ਥੱਲੇ ਬੈਠ ਗਿਆ। ਤੇ ਉੱਥੇ ਅੰਦਰ ਅਸੀਂ ਫਿਰ ਉਹ ਜਿਹੜੀ ਸਕਿੱਟ ਸੀ ਖੇਡ ਦਿੱਤੀ ਬਿਨਾਂ ਸਪੀਕਰਾਂ ਤੋਂ। ਕਿਉਂਕਿ ਅੰਦਰ ਫਿਰ ਲੋੜ ਵੀ ਨਹੀਂ ਸੀ। ਨਾਲੇ ਲਾਈਟ ਲੂਟ ਚਲੇ ਜਾਂਦੀ ਹੈ ਮੀਂਹ `ਚ। ਆਉਂਦੀ ਨਹੀਂ ਫਿਰ ਛੇਤੀ। ਉੱਥੋਂ ਮੇਰੇ ਖਿਆਲ `ਚ ਇਹ ਸ਼ੁਰੂਆਤ ਹੋ ਗਈ।

? ਇਹ ਕਿਹੜੇ ਸਾਲ ਦੀ ਗੱਲ ਹੈ, ਤੇ ਇਹ ਕਿਹੜੇ ਸਕੂਲ `ਚ ਕੀਤਾ ਸੀ ਤੁਸੀਂ?
- ਸੰਨ ਤਾਂ ਮੇਰੇ ਯਾਦ ਨਹੀਂ ਹੁਣ। ਪਰ ਇਸ ਤਰ੍ਹਾਂ ਹੈ ਕਿ ਮੈਂ ਨੱਬੇ ਤੱਕ ਮੈਂ ਕਾਲਜ `ਚ ਰਿਹਾਂ। ਉਦੋਂ ਮੇਰਾ ਖਿਆਲ ਸ਼ਾਇਦ ਮੈਂ ਨੌਂਵੀਂ ਦੇ ਵਿੱਚ ਸੀ। 1990 ਤੋਂ ਪਾਸ ਆਊਟ ਹੋਇਆਂ। 1991 ਦੇ ਵਿੱਚ ਯੂਨੀਵਰਸਿਟੀ `ਚ ਆ ਗਿਆ।

? ਸੋ ਨੱਬੇ ਤੋਂ ਪਹਿਲਾਂ ਦੀ ਗੱਲ ਹੈ?
- ਨੱਬੇ ਤੋਂ ਪਹਿਲਾਂ ਦੇ ਚਾਰ ਪੰਜ ਸਾਲਾਂ ਦੀ ਗੱਲ ਹੈ। ਚੁਰਾਸੀ ਪੰਜਾਸੀ ਦੇ ਕਰੀਬ ਹੀ ਹੋਏਗਾ।

? `ਤੇ ਕਿਹੜੇ ਪਿੰਡ?
- ਢਿੱਲਵਾਂ ਕਲਾਂ।

? ਉਦੋਂ ਸ਼ੁਰੂ ਹੋ ਕੇ ਫਿਰ ਨਾਟਕ ਮੰਡਲੀ ਕਿੱਦਾਂ ਚਲਦੀ ਰਹੀ?
- ਉਦੋਂ ਇਸ ਤਰ੍ਹਾਂ ਹੋਇਆ ਕਿ ਉਹ ਬੰਦੇ ਤਾਂ ਕੰਮ `ਤੇ ਲੱਗ ਗਏ। ਰਾਮ ਸਿੰਘ ਹੁਰੀਂ ਆਪੋ ਆਪਣੇ, ਅਗਾਂਹ ਅੱਗੇ ਪਿੱਛੇ ਚਲੇ ਗਏ। ਤੇ ਮੇਰੀ ਜਿ਼ੰਦਗੀ `ਚ ਇਹ ਹੋਇਆ ਕਿ ਮੈਂ ਅੱਗੇ ਨਹੀਂ ਸੀ ਪੜ੍ਹਨਾ ਚਾਹੁੰਦਾ। ਕਿਤੇ ਨਾ ਕਿਤੇ ਮੇਰੇ ਦਿਮਾਗ `ਚ ਇਹ ਗੱਲਾਂ ਬੈਠੀਆਂ ਹੋਈਆਂ ਸਨ, ਪਤਾ ਨਹੀਂ ਕਿੱਥੋਂ ਬੈਠ ਗਈਆਂ, ਕਿ ਇਹ ਜਿਹੜੀ ਪੜ੍ਹਾਈ ਲਿਖਾਈ ਹੈ, ਇਹ ਜਿਹੜੇ ਪੜ੍ਹੇ ਲਿਖੇ ਬੰਦੇ ਹੁੰਦੇ ਹਨ ਉਹ ਜਾਅਲੀ ਜਿਹੇ ਬਹੁਤ ਹੁੰਦੇ ਹਨ, ਇਹ ਆਪ ਦੀ ਗੱਲ ਨੂੰ ਲੁਕੋ ਲੈਂਦੇ ਹਨ ਅਤੇ ਇਹ ਆਪਣੇ ਅੰਦਰਲੇ ਦਿਲ ਦੀ ਗੱਲ ਨਹੀਂ ਕਹਿੰਦੇ। ਬਚਪਨ `ਚ ਕਿਤੇ ਇਹ ਚੀਜ਼ਾਂ ਅੰਦਰ ਸਨ। ਮੈਨੂੰ ਪਤਾਂ ਨਹੀਂ ਇਹ ਗੱਲ ਕਿਵੇਂ ਬੈਠ ਗਈ ਮੇਰੇ ਦਿਮਾਗ `ਚ ਬਈ ਇਹ ਜਿਹੜੇ ਪੜ੍ਹੇ ਲਿਖੇ ਆ ਇਹ ਹੋਰ ਕੋਈ ਗੱਲ ਕਹਿ ਦਿੰਦੇ ਆ, ਅੰਦਰ ਦੀ ਗੱਲ ਦੱਬ ਲੈਂਦੇ ਹਨ। ਇਸ ਲਈ ਮੈਂ ਪੜ੍ਹਨਾ ਨਹੀਂ ਸੀ ਚਾਹੁੰਦਾ। ਪਰ ਜਦੋਂ ਦਸਵੀਂ `ਚ ਸੀ ਮੈਂ, ਜਦੋਂ ਮੈਂ ਇਹ ਸਕਿੱਟ ਕੀਤੀ ਸੀ, ਮੈਨੂੰ ਲੱਗਾ…। ਮੈਂ ਆਪਣੇ ਆਪ ਨੂੰ ਕਿਹਾ ਕਿ ਯਾਰ ਜੇ ਇਸ ਪਾਸੇ ਨੂੰ ਆਉਣਾ ਹੈ ਤਾਂ ਤਾਂ ਪੜ੍ਹਨਾ ਪਊ। ਫਿਰ ਦਸਵੀਂ ਪਾਸ ਕੀਤੀ ਮੈਂ। ਫਿਲਮਾਂ ਬਹੁਤ ਦੇਖਦਾ ਹੁੰਦਾ ਸੀ ਮੈਂ। ਸਕੂਲ ਚੋਂ ਭੱਜ ਜਾਣਾ, ਬਸਤਾ ਕਿਸੇ ਹੋਰ ਨੂੰ ਫੜਾ ਜਾਣਾ। ਫਿਰ ਬਾਹਰ ਪੂਰੇ ਚਾਰ ਵਜੇ ਮਿਲ ਲੈਣਾ। ਕੋਟਕਪੂਰੇ, ਚਾਰ -ਪੰਜ ਕਿਲੋਮੀਟਰ `ਤੇ - ਉੱਥੇ ਫਿਲਮ ਦੇਖਣ ਚਲੇ ਜਾਣਾ। ਬਸਤਾ ਕੋਈ ਨਾ ਕੋਈ ਯਾਰ ਬੇਲੀ ਚੁੱਕ ਲਿਆਉਂਦਾ ਸੀ।

ਫਿਰ ਹਾਇਰ ਸੈਕੰਡਰੀ ਸਕੂਲ ਦੇ ਵਿੱਚ ਚਲਾ ਗਿਆ। ਉੱਥੇ ਨਹੀਂ ਮੈਨੂੰ ਕੋਈ ਮੌਕਾ ਮਿਲਿਆ। ਹਾਇਰ ਸੈਕੰਡਰੀ ਕਰਨ ਤੋਂ ਬਾਅਦ ਫਿਰ ਕਾਲਜ ਵਿੱਚ ਆ ਗਿਆ। ਕਾਲਜ ਦੇ ਵਿੱਚ ਆ ਕੇ ਵੀ ਮੈਨੂੰ ਛੇਤੀ ਨਾਟਕਾਂ ਦੇ ਵਿੱਚ ਕੰਮ ਨਹੀਂ ਮਿਲਿਆ। ਉਹਦਾ ਕਾਰਨ ਇਹ ਸੀ ਕਿ ਜਿਹੜੇ ਸੀਨੀਅਰ ਸੀਗੇ, ਉਹ ਬੀ ਏ ਤੱਕ ਰਹਿੰਦੇ ਸੀ। ਪੁਰਾਣੇ ਮੁੰਡੇ ਹੁੰਦੇ ਸੀ, ਇਕ ਅੱਧੇ ਨਵੇਂ ਮੁੰਡੇ ਦੀ ਲੋੜ ਪੈਂਦੀ ਸੀ। ਮੇਰੀ ਏਨੀ ਜਾਣ-ਪਛਾਣ ਵੀ ਨਹੀਂ ਸੀ ਉਸ ਕਿਸਮ ਦੀ ਬਣ ਪਾਈ। ਪਰ ਅਸੀਂ ਦੋ ਚਾਰ ਜਣੇ ਇਹੋ ਜਿਹੇ ਹੁੰਦੇ ਸੀ ਜਿਹੜੇ ਉਨ੍ਹਾਂ ਦੀਆਂ ਰਿਹਰਸਲਾਂ ਦੇਖਦੇ ਰਹਿੰਦੇ ਸੀ। ਉਨ੍ਹਾਂ ਨੇ ਸਾਨੂੰ ਭਜਾ ਦੇਣਾ ਕਿ ਰਿਹਰਸਲ `ਚ ਡਿਸਟਰਬੈਂਸ ਹੁੰਦੀ ਹੈ। ਇਕ ਦਿਨ ਇਸ ਤਰ੍ਹਾਂ ਹੋਇਆ ਕਿ ਮੈਂ ਉੱਥੇ ਪਹੁੰਚ ਗਿਆ, ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ। ਤਾਂ ਉੱਥੇ ਜਦੋਂ ਪੜ੍ਹਦੇ ਸੀ ਤਾਂ ਰਿਹਰਸਲ ਚਲਦੀ ਹੁੰਦੀ ਸੀ। ਉਹ ਸ਼ਾਮ ਨੂੰ ਵੀ ਕਰਦੇ ਰਹਿੰਦੇ ਸੀ ਕਾਲਜ ਤੋਂ ਬਾਅਦ। ਮੈਂ ਉਹਨਾਂ ਨੂੰ ਕਹਿਣਾ ਯਾਰ ਮੈਂ ਤੁਹਾਨੂ ਚਾਹ ਲਿਆ ਕੇ ਦੇਵਾਂ ਜਾਂ ਮੈਂ ਪਾਣੀ ਲੈ ਕੇ ਆਵਾਂ ਬਾਈ। ਅਸੀਂ ਕੰਟੀਨ ਤੋਂ ਚਾਹ ਚੂਹ ਲੈ ਜਾਣੀ ਅਤੇ ਉਹਨਾਂ ਨੂੰ ਪਿਆਉਣੀ, ਗਲਾਸ ਧੋ ਧੂ ਦੇਣੇ ਫਟਾ ਫੱਟ। ਮੈਂ ਐਂ ਸੋਚਦਾ ਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਇਹਨਾਂ ਦੇ ਨਾਲ ਰਲ ਜਾਵਾਂ, ਇਹਨਾਂ ਦਾ ਹਿੱਸਾ ਬਣ ਜਾਵਾਂ। ਮੈਨੂੰ ਮੌਕਾ ਮਿਲ ਜਾਏ। ਇਕ ਦਿਨ ਮੈਨੂੰ ਮੌਕਾ ਮਿਲ ਗਿਆ। ਨਾਟਕ ਦਾ ਡਾਇਰੈਕਟਰ ਉਸ ਦਿਨ ਖਾਸਾ ਦੁਖੀ ਹੋ ਗਿਆ, ਇਕ ਕਲਾਕਾਰ ਤੋਂ। ਕਹਿੰਦਾ ਯਾਰ ਤੂੰ ਉੱਚੀ ਕਿਉਂ ਨਹੀਂ ਬੋਲਦਾ, ਤੈਨੂੰ ਬੋਲਣਾ ਨਹੀਂ ਆਉਂਦਾ, ਉੱਚੀ ਬੋਲ। ਉਹਦੀ ਅਵਾਜ਼ ਨਾ ਨਿਕਲੇ। ਮੈਂ ਬੜੀ ਦੇਰ ਤੋਂ ਰਿਹਰਸਲਾਂ ਦੇਖੀ ਜਾ ਰਿਹਾ ਸੀ। ਮੈਂ ਬੈਠੇ ਬੈਠੇ ਨੇ ਕਿਹਾ “ਜੀ ਮੈਂ ਬੋਲਾਂ?” ਜਦੋਂ ਮੈਂ ਕਿਹਾ ਕਿ “ਮੈਂ ਬੋਲਾਂ ਜੀ”। ਡਾਇਰੈਕਟਰ ਖਿੱਝ ਗਿਆ ਤੇ ਕਹਿੰਦਾ ਤੂੰ ਬੋਲ ਲੈ ਯਾਰ। ਮੈਂ ਕਿਹਾ ਜੀ ਮੈਨੂੰ ਦਸ ਦਿਉ ਕਿ ਮੈਂ ਕਿਵੇਂ ਜਿਹੇ ਬੋਲਾਂ? ਉਹ ਕਹਿੰਦਾ “ਮੈਨੂੰ ਨਹੀਂ ਪਤਾ ਯਾਰ, ਤੂੰ ਆਪੇ ਹੀ ਬੋਲ ਲੈ।” ਮੇਰੇ ਅੰਦਰ ਭਰਿਆ ਪਿਆ ਸੀ ਸਾਰਾ ਕੁਝ। ਮੈਂ ਸਟੇਜ `ਤੇ ਚੜ੍ਹ ਗਿਆ। ਡਾਇਲਾਗ ਮੈਂ ਮਾੜੇ ਜਿਹੇ ਦਿਮਾਗ ਵਿੱਚ ਦੁਹਰਾਏ। ਸਾਡਾ ਕਾਲਜ ਖੁੱਲ੍ਹਾ ਬਹੁਤ ਹੈ। 15-20 ਕਿੱਲੇ, ਬਾਹਰ ਆਸੇ ਪਾਸੇ ਖੇਤ ਸੀ। ਜਦੋਂ ਮੈਂ ਸਟੇਜ `ਤੇ ਚੜ੍ਹ ਕੇ ਬੋਲਿਆ - ਕੰਧਾਂ ਦੇ ਉੱਪਰੋਂ ਦੀ ਪਾਰ ਖੇਤਾਂ `ਚ ਅਵਾਜ਼ ਫੈਲ ਗਈ। ਫਿਰ ਉਸ ਤੋਂ ਬਾਅਦ ਮੈਨੂੰ ਕੰਮ ਮਿਲ ਗਿਆ। ਉਹ ਸਿਉਂਕਿ ਨਾਟਕ ਸੀ ਗੁਰਸ਼ਰਨ ਭਾਅ ਜੀ ਦਾ। ਬੇਰੁਜ਼ਗਾਰੀ ਬਾਰੇ। ਉਸ ਸਿਉਂਕ ਨਾਟਕ ਦੇ ਵਿੱਚ ਮੈਨੂੰ ਪਹਿਲਾ ਮੌਕਾ ਮਿਲਿਆ। ਫਿਰ ਇਕ ਹੋਰ ਬੰਦਾ ਸੀ ਕਰਮਜੀਤ ਭਲੂਰੀਆ। ਉਸ ਬੰਦੇ ਦੇ ਨਾਲ ਮੈਨੂੰ ਨਾਟਕ ਖੇਡਣ ਦਾ ਮੌਕਾ ਮਿਲ ਗਿਆ। ਅੱਗੇ ਫਿਰ ਸਿਲਸਿਲਾ ਚਲਦਾ ਰਿਹਾ ਇਸ ਕਿਸਮ ਦਾ।

? ਤੇ ਕਾਲਜ ਪੜ੍ਹਦਿਆਂ, ਉਸ ਤੋਂ ਬਾਅਦ ਨਾਟਕ ਕਰਨ ਲੱਗ ਪਏ।
- ਹਾਂ। ਉਸ ਤੋਂ ਬਾਅਦ ਫਿਰ ਇਹ ਹੋ ਗਿਆ ਕਿ ਕੋਟਕਪੂਰੇ ਵਿੱਚ ਇਕ ਟੀਮ ਬਣ ਗਈ ਨਾਟਕਾਂ ਦੀ। ਉਸ ਟੀਮ ਦੇ ਵਿੱਚ ਅਸੀਂ ਮੂਵ ਕਰਦੇ ਰਹਿੰਦੇ ਸੀ। ਕਦੇ ਨੁੱਕੜ ਨਾਟਕ ਕਰ ਲੈਣਾ, ਕਦੇ ਸਟੇਜ `ਤੇ ਨਾਟਕ ਕਰ ਲੈਣਾ।

? ਕਿੰਨਾ ਕੁ ਚਿਰ ਤੁਸੀਂ ਉਸ ਟੀਮ ਦੇ ਨਾਲ ਨਾਟਕ ਕੀਤੇ ਉੱਥੇ?
- ਮੈਂ ਬੀ ਏ ਦੌਰਾਨ ਸਾਰਾ ਸਮਾਂ ਕਰਦਾ ਰਿਹਾ। ਔਰ ਉਸ ਤੋਂ ਬਾਅਦ ਇਕ ਦਿਨ ਮੈਂ ਨਾ (ਮੇਰੇ ਅੰਦਰ ਪਤਾ ਨਹੀਂ ਇਹ ਗੱਲਾਂ ਕੀ ਚੱਲਦੀਆਂ ਰਹੀਆਂ) ਭੰਗੀਆਂ ਵਾਲੇ ਪਾਸੇ ਗਿਆ। ਸੁਰਗਾਪੁਰੀ ਕੋਟਕਪੂਰੇ `ਚ। ਭੰਗੀਆਂ ਦਾ ਵਿਹੜਾ ਉਹ, ਉਹਨਾਂ ਦੀ ਬਸਤੀ ਹੈ। ਉੱਥੇ ਮੈਂ ਗਿਆ ਤਾਂ ਮੈਂ ਦੇਖਿਆ ਬਈ ਉਹਨਾਂ ਦੇ ਚਿੱਕੜ ਝਾਉਲਾ ਬਹੁਤ ਸੀ, ਮੀਂਹ ਪੈ ਰਿਹਾ ਸੀ ਉਸ ਦਿਨ। ਬਹੁਤ ਹੀ ਚਿੱਕੜ ਝਾਉਲਾ ਤੇ ਐਂ ਬੋਅ ਮਾਰ ਰਹੀ ਸੀ, ਮੱਖੀਆਂ ਭਿਣਕੀ ਜਾਂਦੀਆਂ ਸਨ। ਮੇਰੇ ਦਿਮਾਗ `ਚ ਆਇਆ ਯਾਰ ਐਥੇ ਨਾਟਕ ਕੀਤਾ ਜਾ ਸਕਦਾ ਹੈ। ਬਈ ਇਹ ਬੰਦੇ ਸਾਰੇ ਸ਼ਹਿਰ ਦਾ ਗੰਦ ਸਾਫ ਕਰਦੇ ਹਨ, ਆਪ ਕਿਹੋ ਜਿਹੇ ਹਾਲਤ ਵਿੱਚ, ਕਿਹੋ ਜਿਹੇ ਥਾਂਵਾਂ `ਤੇ ਰਹਿ ਰਹੇ ਹਨ।

ਮੈਂ ਆਪਦੇ ਨਾਲਦਿਆਂ ਨੂੰ ਕਿਹਾ ਆ ਕੇ। ਮੈਂ ਕਿਹਾ ਯਾਰ ਆਪਾਂ ਐਂ ਕਰਦੇ ਆਂ ਬਈ ਆਪਾਂ ਨਾਟਕ ਤਿਆਰ ਕਰਦੇ ਆਂ ਜਾਂ ਤਾਂ ਉਹਨਾਂ ਨੂੰ ਮਿਲ ਕੇ ਜਾਂ ਆਪਾਂ ਆਪਣੇ ਆਪ ਬਣਾਉਂਦੇ ਆਂ ਅਤੇ ਫਿਰ ਉਹਨਾਂ ਦੀ ਬਸਤੀ `ਚ ਖੇਡ ਕੇ ਆਉਂਦੇ ਹਾਂ। ਉਹ ਮੁੰਡੇ ਮੁੱਕਰ ਗਏ। ਜ਼ਿਆਦਾ ਜੱਟਾਂ ਦੇ ਹੀ ਸਨ ਉਹਨਾਂ `ਚੋਂ। ਹਾਲਾਂਕਿ ਉਹ ਵਧੀਆ ਸਨ। ਮੇਰੇ ਨਾਲ ਕਦੇ ਉਹਨਾਂ ਨੇ ਕਦੇ ਕੋਈ ਵਿਤਕਰੇਬਾਜ਼ੀ, ਜਾਤ ਦੇ ਆਧਾਰ `ਤੇ ਜਾਂ ਕਦੇ ਐਂ ਨਹੀਂ ਸੀ ਕੀਤੀ। ਮੇਰੇ ਨਾਲ ਮੇਰੇ ਘਰ ਜਾਂਦੇ ਸੀ, ਰੋਟੀ ਪਾਣੀ ਖਾਂਦੇ ਸੀ, ਇਕੱਠੇ ਰਹਿੰਦੇ ਸੀ। ਪਰ ਪਤਾ ਨਹੀਂ ਕੀ ਹੋਇਆ ਕਿ ਉੱਥੇ ਕਹਿੰਦੇ ਨਹੀਂ ਯਾਰ ਸਾਡਾ ਤਾਂ ਬਾਪੂ ਕੁੱਟੂ ਆ ਕੇ। ਉਹ ਬੰਦੇ ਨਹੀਂ ਸੀ ਚਾਹੁੰਦੇ ਕਿ ਅਸੀਂ ਉੱਥੇ ਜਾਈਏ, ਨਾਟਕ ਕਰੀਏ। ਮੈਂ ਇਕ ਸਾਲ ਵਿਹਲਾ ਰਿਹਾ ਬੀ ਏ ਤੋਂ ਬਾਅਦ। ਮੈਂ ਕੋਸਿ਼ਸ਼ ਕਰਦਾ ਰਿਹਾ, 1990 `ਚ, ਕਿ ਮੈਂ ਆਪਦੀ ਟੀਮ ਬਣਾਵਾਂ ਤੇ ਇਹੋ ਜਿਹੀਆਂ ਥਾਂਵਾਂ `ਤੇ ਜਾਵਾਂ, ਗਰੀਬ ਗੁਰਬੇ ਜਿੱਥੇ ਰਹਿ ਰਹੇ ਹੋਣ। ਪਰ ਉਹ ਟੀਮ ਨਹੀਂ ਬਣ ਸਕੀ। ਕਿਉਂਕਿ ਜਦੋਂ ਅਸੀਂ ਇਕੋ ਜਿਹੀ ਉਮਰ ਦੇ ਹੁੰਦੇ ਹਾਂ ਲੱਗਭਗ ਸਾਰੇ ਫਿਰ ਇਕੋ ਦੂਜੇ ਨੂੰ ਮਾਨਤਾ ਦੇਣੀ ਔਖੀ ਹੁੰਦੀ ਹੈ। ਇਕ ਸਾਲ ਵਿਹਲਾ ਰਹਿਣ ਤੋਂ ਬਾਅਦ ਕੁਝ ਨਹੀਂ ਬਣਿਆ। ਫਿਰ ਮੈਨੂੰ ਲੱਗਾ ਕਿ ਯਾਰ ਫਿਰ ਕੋਈ ਗੱਲ ਬਣੇਗੀ, ਅੱਗੇ ਪੜ੍ਹਨਾ ਚਾਹੀਦਾ। ਫਿਰ ਮੈਂ ਯੂਨੀਵਰਸਿਟੀ ਆ ਗਿਆ।

? ਅੱਛਾ ਦੋ ਗੱਲਾਂ। ਪਹਿਲੀ ਗੱਲ ਤਾਂ ਇਹ ਬਈ ਜਦੋਂ ਤੁਸੀਂ ਇਕ ਸਾਲ ਵਿਹਲੇ ਰਹੇ, ਉਸ ਵੇਲੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਇਆ ਕਿ ਬੀ ਏ ਕਰ ਲਈ ਹੈ ਕੋਈ ਰੁਜ਼ਗਾਰ ਲੱਭੀਏ, ਕੋਈ ਨੌਕਰੀ ਲੱਭੀਏ? ਜਾਂ ਮਨ `ਚ ਸਿਰਫ ਇਹ ਹੀ ਰਿਹਾ ਕਿ ਨਾਟਕ ਹੀ ਕਰਨਾ ਹੈ।
- ਨਹੀਂ । ਉਸ ਟਾਇਮ ਖੇਤੀ ਚੱਲ ਰਹੀ ਸੀ ਮੇਰੀ ਠੇਕੇ `ਤੇ।

? ਅੱਛਾ। ਖੇਤੀ ਕਰਦੇ ਸੀ। ਨੌਕਰੀ ਦੀ ਲੋੜ ਨਹੀਂ ਸੀ ਉਸ ਵੇਲੇ ਮਹਿਸੂਸ ਹੋ ਰਹੀ।
- ਦਿਮਾਗ `ਚ ਹੀ ਨਹੀਂ ਆਇਆ ਸੱਚੀਂ। ਪਤਾ ਨਹੀਂ ਕਿਉਂ। ਜਾਂ ਤਾਂ ਮੇਰਾ ਖੇਤੀ ਵਲ ਜ਼ਿਆਦਾ ਧਿਆਨ ਰਿਹਾ ਹੋਏਗਾ। ਇਕ ਮੇਰਾ ਭਰਾ ਹੈ ਉਹਦਾ ਨਾਂ ਮੰਦਰ ਹੈ। ਬਾਈ ਜੀ ਤਾਂ ਮੇਰੇ ਪੀ ਡਬਲਿਊ ਡੀ `ਚ ਬੇਲਦਾਰ ਸੀਗੇ ਉਹਨਾਂ ਟਾਇਮਾਂ `ਚ। ਹੁਣ ਰਿਟਾਇਰ ਹੋ ਗਏ ਹਨ। ਉਹਨਾਂ (ਭਰਾ) ਨੇ ਨਾ ਛੋਟੀ ਜਿਹੀ ਇਕ ਦੁਕਾਨ ਪਾ ਲਈ ਸੀ। ਦੁਕਾਨ ਕੀ ਇਕ ਤੰਬੂ ਲਾ ਲਿਆ ਸੀ ਚਾਹ ਵਾਲਾ। ਨਹਿਰ ਦੇ ਕੰਢੇ `ਤੇ, ਸਾਡੇ ਪਿੰਡ ਢਿੱਲਵਾਂ ਕਲਾਂ ਇਕ ਨਹਿਰ ਹੈ। ਮੈਂ ਵੀ ਉੱਥੇ ਵਿੱਚ ਵਿੱਚ ਕਈ ਵਾਰ ਚਲਾ ਜਾਂਦਾ ਸੀ। ਸ਼ਾਮ ਸ਼ੂਮ ਨੂੰ, ਜਾ ਕੇ ਬਹਿ ਜਾਣਾ ਜਾਂ ਛੁੱਟੀ ਵਾਲੇ ਦਿਨ ਜਾ ਕੇ ਬਹਿ ਜਾਣਾ। ਉੱਥੇ ਚਾਹ ਚੂਹ ਬਣਾਉਂਦੇ ਰਹਿਣਾ। ਕਾਲਜ ਵਾਲੇ ਮੁੰਡੇ ਵੀ ਆ ਜਾਂਦੇ ਸੀ ਉੱਥੇ। ਮੈਂ ਕਾਲਜ ਦੇ ਦੌਰਾਨ ਦਿਹਾੜੀ ਵੀ ਜਾਂਦਾ ਰਿਹਾ, ਕਣਕ ਵੱਢਣ ਵੀ ਜਾਂਦਾ ਰਿਹਾ, ਇੱਥੋਂ ਤੱਕ ਕਿ ਮੈਂ ਕੋਟ ਕਪੂਰੇ ਲੇਬਰ ਚੌਂਕ `ਚ ਵੀ ਖੜ੍ਹਾ ਹੁੰਦਾ ਸੀ। ਤੇ ਕਾਲਜ ਦੇ ਮੁੰਡੇ ਕੁੜੀਆਂ ਨੇ ਕਈ ਵਾਰ ਉੱਥੇ ਆ ਜਾਣਾ ਲੇਬਰ ਚੌਂਕ `ਚ। ਮੈਨੂੰ ਚਾਹ ਪਾਣੀ ਪਿਆ ਕੇ ਜਾਣਾ। ਹੀਣ ਭਾਵਨਾ `ਚ ਨਹੀਂ ਮੈਂ ਰਿਹਾ ਕਦੇ।


? ਮੈਂ ਇਹ ਹੀ ਸਵਾਲ ਪੁੱਛਣਾ ਚਾਹੁੰਦਾ ਸੀ, ਕਿਉਂਕਿ ਆਮ ਤੌਰ `ਤੇ ਜਿਹੜੀ ਸਾਡੀ ਪੜ੍ਹਾਈ ਹੈ, ਉਹ ਪੜ੍ਹਨ ਵਾਲੇ ਦੇ ਅੰਦਰ ਇਕ ਕਿਸਮ ਦੀ ਕੰਮ ਤੋਂ ਨਫਰਤ ਪੈਦਾ ਕਰ ਦਿੰਦੀ ਹੈ, ਖਾਸ ਕਰਕੇ ਜਦੋਂ ਬੰਦਾ ਬੀ ਏ ਕਰ ਲੈਂਦਾ ਹੈ। ਆਮ ਕੰਮ ਤੋਂ ਜਿਵੇਂ ਤੁਸੀਂ ਚਾਹ ਦੀ ਦੁਕਾਨ `ਤੇ ਕੰਮ ਕਰਦੇ ਸੀ। ਇਸ ਤਰ੍ਹਾਂ ਦਾ ਕੰਮ ਕਰਦਾ ਬੰਦਾ ਆਪਣੀ ਬੇਇਜ਼ਤੀ ਮਹਿਸੂਸ ਕਰਨ ਲੱਗ ਪੈਂਦਾ। ਤੁਹਾਨੂੰ ਇਸ ਕਿਸਮ ਦਾ ਕੁਝ ਮਹਿਸੂਸ ਨਹੀਂ ਹੋਇਆ…
- ਨਹੀਂ ਮੇਰੇ ਨਹੀਂ ਅੰਦਰ ਇਹ ਆਇਆ। ਪਤਾ ਨਹੀਂ ਕਿਵੇਂ, ਇਹ ਕਿੱਥੋਂ ਆਈਆਂ ਚੀਜ਼ਾਂ। ਸ਼ਾਇਦ ਜਾਂ ਤਾਂ ਪਿੱਛੋਂ ਕਿਤੇ ਉਹ ਹੀ ਚੀਜ਼ਾਂ ਹਨ ਥੋੜ੍ਹੀਆਂ ਬਹੁਤੀਆਂ। ਇਕ ਤਾਂ ਮੈਨੂੰ ਲੱਗਦਾ ਹੁਣ ਜਦੋਂ ਚੀਜ਼ਾਂ ਨੂੰ ਮੁੜ ਕੇ ਦੇਖਦਾ ਹਾਂ, ਇਕ ਤਾਂ ਬਾਬੇ ਨਾਨਕ ਦਾ ਸਿਧਾਂਤ ਸੀ ਕਿਰਤ ਵਾਲਾ। ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕ ਹਨ, ਉਹ ਸਿੱਖ ਧਰਮ ਨਾਲ ਹੀ ਸੰਬੰਧਤ ਹੈਗੇ ਹਨ। ਜੇ ਨਹੀਂ ਵੀ ਤਾਂ ਵੀ ਉਹ ਉਸ ਨੂੰ ਮੰਨਦੇ ਜ਼ਰੂਰ ਹਨ। ਤੇ ਉਹ ਕਿਰਤ ਵਾਲਾ ਸਿਧਾਂਤ ਸੀ। ਤੇ ਦੂਜਾ ਮੇਰਾ ਖਿਆਲ ਜਿਹੜੇ ਇਨਕਲਾਬੀ ਵਿਚਾਰਧਾਰਾ ਦੇ ਲੋਕ ਸਨ, ਉਹਨਾਂ ਦਾ ਅਸਰ ਸੀ। ਕਿਉਂਕਿ ਕਾਮਰੇਡਾਂ ਦੇ ਵਿੱਚ ਉਸ ਕਿਸਮ ਦਾ ਕੋਈ ਮੱਤਭੇਦ ਹੈ ਨਹੀਂ ਸੀ, ਮਜ਼ਦੂਰ ਅਤੇ ਕਿਸਾਨ ਦਾ। ਕਿਤੇ ਨਾ ਕਿਤੇ ਇਕ ਦੂਜੇ ਦੀ ਰਿਸਪੈਕਟ ਜਿਹੀ ਹੈ ਸੀ।

? ਉਦੋਂ ਤੁਹਾਡਾ ਕਾਮਰੇਡਾਂ ਨਾਲ ਜਾਂ ਉਸ ਕਿਸਮ ਦੇ ਹੋਰ ਲੋਕਾਂ ਨਾਲ ਸੰਬੰਧ ਸੀ…
- ਨਹੀਂ ਸੰਬੰਧ ਕੋਈ ਨਹੀਂ ਸੀ।

? ਤੁਸੀਂ ਸਿਰਫ ਉਦਾਂ ਉਹਨਾਂ ਨੂੰ ਵਿਚਰਦਿਆਂ ਦੇਖਿਆ ਸੀ?
- ਹਾਂ ਦੇਖੇ ਸੀ ਅਤੇ ਐਂ ਸਮਝਦਾ ਸੀ ਕਿ ਇਹ ਚੰਗੇ ਬੰਦੇ ਹੁੰਦੇ ਹਨ।

? ਦੂਸਰੀ ਗੱਲ, ਜਿਹੜੀ ਤੁਸੀਂ ਪਹਿਲਾਂ ਗੱਲ ਕਰਦੇ ਸੀ, ਤੁਸੀਂ ਕਹਿੰਦੇ ਸੀ ਕਿ ਮੇਰਾ ਪੜ੍ਹਨ ਨੂੰ ਬਿਲਕੁਲ ਜੀਅ ਨਹੀਂ ਸੀ ਕਰਦਾ। ਬਾਅਦ ਦੇ ਵਿੱਚ ਤੁਸੀਂ ਕਿਹਾ ਕਿ ਤੁਹਾਨੂੰ ਲੱਗਾ ਜੇ ਮੈਂ ਨਾਟਕ ਕਰਨੇ ਹਨ ਤਾਂ ਮੇਰੇ ਲਈ ਪੜ੍ਹਨਾ ਜ਼ਰੂਰੀ ਹੈ। ਇਹ ਜਿਹੜਾ ਅਹਿਸਾਸ ਹੈ, ਜਿਹੜੀ ਤੁਹਾਡੇ ਅੰਦਰ ਇਹ ਤਬਦੀਲੀ ਹੋਈ ਬਈ ਪਹਿਲਾਂ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ ਸੀ, ਫਿਰ ਤੁਹਾਨੂੰ ਲੱਗਾ ਕਿ ਨਾਟਕ ਕਰਨ ਲਈ ਪੜ੍ਹਨਾ ਜ਼ਰੂਰੀ ਹੈ, ਇਹ ਤੁਹਾਨੂੰ ਕਿੱਥੋਂ ਮਹਿਸੂਸ ਹੋਇਆ?
- ਮੈਨੂੰ ਇਹ ਲੱਗਾ ਕਿ ਸਮਾਜ ਦੇ ਵਿੱਚ ਨਾ ਜਿੱਡਾ ਮਰਜ਼ੀ ਬੰਦਾ ਚੰਗਾ ਹੈ ਜਿਵੇਂ ਹੁਣ ਦਿਹਾੜੀ ਕਰਨ ਵਾਲਾ ਹੈ, ਥੋੜ੍ਹਾ ਪੜ੍ਹਿਆ ਲਿਖਿਆ ਨਹੀਂ ਹੈ। ਸਾਡੇ ਹਿੰਦੁਸਤਾਨ ਦੇ ਸਮਾਜ `ਚ ਅਜੇ ਅਸੀਂ ਇਹ ਗੱਲ ਨਹੀਂ ਪੈਦਾ ਕਰ ਸਕੇ ਕਿ ਜਿਹੜਾ ਕਿਰਤ ਕਰਨ ਵਾਲਾ ਹੈ ਉਹ ਸਭ ਤੋਂ ਮਹਾਨ ਹੁੰਦਾ ਹੈ, ਭਵਾਂ ਉਹਦੇ ਕੋਲ ਕੋਈ ਅੱਖਰ ਗਿਆਨ ਹੈ ਜਾਂ ਨਹੀਂ। ਮੈਨੂੰ ਅੱਜ ਇਹ ਗੱਲ ਮਹਿਸੂਸ ਹੁੰਦੀ ਹੈ। ਵੈਸੇ ਵੀ ਤੁਸੀਂ ਦੇਖੋਗੋ ਆਮ ਜਿ਼ੰਦਗੀ `ਚ ਕਿ ਜੇ ਕੋਈ ਬੰਦਾ ਚਾਰ ਪੜ੍ਹਿਆ ਹੋਇਆ ਹੈ ਤਾਂ ਉਹਦੀ ਗੱਲ ਨੂੰ ਕੁਝ ਤੁਸੀਂ ਕੁਝ ਵੱਧ ਮਹਾਨਤਾ ਦੇਣ ਲੱਗੇ ਜਾਂਦੇ ਹੋ ਬਈ ਇਹ ਤਾਂ ਬਹੁਤ ਹੀ ਮਹਾਨ ਹੈ। ਉਹਨੂੰ ਸਲਾਮ ਵੱਧ ਕਰਦੇ ਹੋ। ਜਿਵੇਂ ਮੈਂ ਹੁਣ ਪੜ੍ਹਨਾ ਨਹੀਂ ਸੀ ਚਾਹ ਰਿਹਾ ਤੇ ਉਸ ਕਿਸਮ ਦੀ ਮਾਨਤਾ ਹੀ ਨਹੀਂ ਸੀ ਦੇ ਰਹੇ ਲੋਕ। ਮਾਨਤਾ ਹੀ ਨਹੀਂ ਸੀ ਮਿਲ ਪਾ ਰਹੀ। ਨਾ ਤਾਂ ਦਸਵੀਂ ਤੱਕ ਮਿਲ ਪਾ ਰਹੀ ਸੀ। ਸਭ ਤੋਂ ਵੱਡਾ ਝਟਕਾ ਤਾਂ ਮੈਨੂੰ ਇੱਥੇ ਹੀ ਲੱਗ ਗਿਆ ਨਾ ਕਿ ਮੈਂ ਭੰਗੀਆਂ ਦੇ ਵਿਹੜੇ `ਚ ਜਾਣਾ ਚਾਹੁੰਦਾ ਹਾਂ ਤੇ ਮੇਰਾ ਕੋਈ ਸਾਥ ਹੀ ਨਹੀਂ ਦੇ ਰਿਹਾ। ਇੱਥੇ ਮੈਨੂੰ ਬਹੁਤ ਵੱਡਾ ਝਟਕਾ ਲੱਗ ਗਿਆ। ਫਿਰ ਮੈਨੂੰ ਲੱਗਾ ਕਿ ਜੇ ਮੈਂ ਅੱਗੇ ਪੜ੍ਹਿਆ, ਤਾਂ ਕੀ ਆ ਕਿ ਇੱਥੋਂ ਦੇ ਲੋਕ ਇਹ ਸਮਝਣ, ਜਾਂ ਬਾਕੀ ਲੋਕ ਮੇਰਾ ਸਾਥ ਦੇ ਦੇਣ ਬਈ ਨਹੀਂ ਯਾਰ ਪੜ੍ਹ ਲਿਖ ਆਇਆ, ਇਹਨੂੰ ਪਤਾ ਬਈ ਕਿੱਦਾਂ ਚੀਜ਼ਾਂ ਕਰਨੀਆ ਹਨ। ਫਿਰ ਮੇਰਾ ਮਨ ਬਦਲਿਆ ਤੇ ਫਿਰ ਮੈਂ ਯੂਨੀਵਰਸਿਟੀ ਚਲਾ ਗਿਆ। ਆਪਣੀ ਮਾਂ ਦੀ ਮੈਂ ਰਿੰਗ ਵੇਚ ਕੇ ਗਿਆ। ਹੈ ਨਹੀਂ ਸੀ ਕੋਈ ਪੈਸਾ ਧੇਲਾ।

? ਤੇ ਤੁਸੀਂ ਪਹਿਲਾਂ ਸਿਉਂਕ ਦਾ ਨਾਂ ਲਿਆ ਜਿਸ ਨਾਟਕ ਤੋਂ ਤੁਸੀਂ ਸ਼ੁਰੂ ਕੀਤਾ। ਸੋ ਜਿੰਨਾ ਚਿਰ ਤੁਸੀਂ ਕੋਟਕਪੂਰੇ ਕਾਲਜ ਦੇ ਵਿੱਚ ਰਹੇ ਹੋ, ਜਿਹੜੇ ਤੁਸੀਂ ਨੁੱਕੜ ਨਾਟਕ ਕਰਦੇ ਰਹੇ ਹੋ, ਉਹ ਕਿਹੜੇ ਨਾਟਕ ਹੁੰਦੇ ਸਨ? ਕਿਸ ਕਿਸਮ ਦੇ ਨਾਟਕ ਕਰਦੇ ਸੀ ਉਦੋਂ ਤੁਸੀਂ?
- ਉਹਨਾਂ ਟਾਇਮਾਂ `ਚ ਪਾਲੀ ਭੁਪਿੰਦਰ ਜ਼ਿਆਦਾ ਫੈਸਟੀਵਲਾਂ ਦੇ ਨਾਟਕ ਕਰਦਾ ਸੀ ਜਾਂ ਉਹਦੇ ਆਪਦੇ ਵੀ ਨਾਟਕ ਸੀਗੇ, ਡਾ: ਆਤਮਜੀਤ ਦੇ ਵੀ ਨਾਟਕ ਸੀਗੇ, ਦਮਨ ਦਾ ਪਲੇਅ ਵੀ ਉਹਨਾਂ ਟਾਇਮਾਂ `ਚ ਖੇਡਿਆ ਗਿਆ। ਉਹ ਨਾਟਕ ਕੋਈ ਸਿੱਧੇ ਤੌਰ `ਤੇ ਕਿਸੇ ਇਨਕਲਾਬੀ ਵਿਚਾਰਧਾਰਾ ਦੇ ਨਾਟਕ ਨਹੀਂ ਸਨ। ਉਹ ਜਿਵੇਂ ਕੋਈ ਰੰਗਮੰਚ ਦੀ ਇਕ ਵਿਧਾ ਹੈਗੀ ਹੈ, ਕਿ ਉਹਨਾਂ ਵਿੱਚ ਥੋੜ੍ਹਾ ਜਿਹਾ ਕਲਾ ਨਾਲ ਜਾਂ ਉਹਨਾਂ ਦੇ ਵਿਸ਼ੇ ਆਮ ਸਮਾਜ ਲਈ ਹੁੰਦੇ ਸੀ। ਪਰ ਕੋਈ ਰੈਵੋਲੂਸ਼ਨਰੀ ਜਾਂ ਇਸ ਕਿਸਮ ਦੇ ਨਹੀਂ ਸੀ ਉਹ ਨਾਟਕ।

? ਸੁਧਾਰਕ, ਸਮਾਜਕ ਮਸਲਿਆਂ ਬਾਰੇ।
- ਬੱਸ ਇਸ ਕਿਸਮ ਦੇ ਸੀਗੇ। ਵਿਰੋਧ `ਚ ਨਹੀਂ ਸੀ ਕਿਸੇ ਦੇ ਵੀ ਐਂ ਕਿਸੇ ਦੇ ਜਾਂਦੇ ਹੋਣ। ਕਿਸੇ ਖਾਸ ਧਿਰ ਦੇ ਹੱਕ `ਚ ਭੁਗਤਦੇ ਹੋਣ। ਉਹ ਨਹੀਂ ਸੀ।

? ਫਿਰ ਜਦੋਂ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਗਏ, ਉੱਥੇ ਆ ਕੇ ਤੁਸੀਂ ਕੀ ਪੜ੍ਹਨਾ ਸ਼ੁਰੂ ਕੀਤਾ?
- ਇੱਥੇ ਮੇਰਾ ਸੰਬੰਧ ਥੋੜ੍ਹਾ ਥੋੜ੍ਹਾ ਇਨਕਲਾਬੀ ਵਿਚਾਰਧਾਰਾ ਦੇ ਬੰਦਿਆਂ ਨਾਲ ਬਣ ਗਿਆ, ਥੋੜ੍ਹਾ ਬਹੁਤਾ। ਇਕ ਤਾਂ ਮੇਰਾ ਦੋਸਤ ਸੀ ਇੱਥੇ ਬਲਰਾਮ। ਉਹ ਪਹਿਲਾਂ ਸੀ ਪੀ ਆਈ ਵਿੱਚ ਰਿਹਾ ਸੀ। ਪਰ ਉਹ ਨਿਰਾਸ਼ ਜਿਹਾ ਹੋ ਗਿਆ ਸੀ। ਪਰ ਫਿਰ ਵੀ ਉਹਦੇ `ਚੋਂ ਇਨਕਲਾਬੀ ਤੱਤ ਤਾਂ ਝਲਕਦਾ ਹੀ ਸੀ, ਸਾਰੀਆਂ ਗੱਲਾਂਬਾਤਾਂ `ਚੋਂ। ਇਕ ਦੋ ਬੰਦੇ ਹੋਰ ਵੀ ਸੀ ਆਸੇ ਪਾਸੇ। ਮਾਹੌਲ ਇਸ ਤਰ੍ਹਾਂ ਦਾ ਸੀਗਾ। ਇੱਥੇ ਮੈਨੂੰ ਚੀਜ਼ਾਂ ਨੂੰ ਪੜ੍ਹਨ ਲਿਖਣ ਦਾ ਥੋੜ੍ਹਾ ਜਿਹਾ ਹੋਰ ਵੱਧ ਮੌਕਾ ਮਿਲ ਗਿਆ। ਪਰ ਜਿਹੜੀ ਇੱਥੋਂ ਦੀ ਯੂਨੀਵਰਸਿਟੀ ਦੀ ਪੜ੍ਹਾਈ ਸੀ, ਉਹਨੇ ਮੈਨੂੰ ਥੋੜ੍ਹਾ ਜਿਹਾ ਤੋੜ ਦਿੱਤਾ ਉਸ ਪਾਸਿਓਂ ਜਿਸ ਪਾਸੇ ਮੈਂ ਜਾਣਾ ਚਾਹੁੰਦਾ ਸੀ। ਜਿਹੜੀ ਮੈਂ ਕੋਈ ਸਮਾਜਕ ਤਬਦੀਲੀ ਵਾਲੀ ਗੱਲ ਕਰਨਾ ਚਾਹੁੰਦਾ ਸੀ, ਮੈਂ ਭੰਗੀਆਂ ਦੇ ਵਿਹੜੇ `ਚ ਜਾਣਾ ਚਾਹੁੰਦਾ ਸੀ, ਮੈਂ ਗਰੀਬਾਂ ਲਈ ਨਾਟਕ ਕਰਨਾ ਚਾਹੁੰਦਾ ਸੀ, ਉਹ ਮੇਰੀ ਗੱਲ ਪਿੱਛੇ ਰਹਿ ਗਈ ਕਿਤੇ। ਤੇ ਮੇਰੇ ਅੰਦਰ ਜਿਹੜੀ ਚੀਜ਼ ਪੈਦਾ ਹੋ ਗਈ, ਉਹ ਸੀ ਕਿ ਵੱਡੇ ਵੱਡੇ ਨਾਟਕ ਕਰੋ, ਉਹਦੇ ਵਿੱਚ ਐਕਟਿੰਗ ਕਰੋ ਤੇ ਤੁਹਾਡਾ ਪਤਾ ਲੱਗੇ ਬਈ ਹਾਂ ਬਈ ਤੁਸੀਂ ਰੰਗਮੰਚ ਦੀ ਸਮਝ ਰੱਖਣ ਵਾਲੇ ਹੋ, ਮਤਲਬ ਕਿ ਚੰਗੇ ਐਕਟਰ ਹੋ।

? ਤੁਸੀਂ ਸਥਾਪਤ ਹੋਣਾ ਚਾਹੁੰਦੇ ਸੀ…
- ਬੱਸ ਇਸ ਕਿਸਮ ਦੀ ਗੱਲ ਸੀ। ਬੰਦਾ ਇੰਡਿਵਿਜੁਅਲ ਨਹੀਂ ਹੋ ਜਾਂਦਾ ਐਵੇਂ ਨਿੱਜੀ ਜਿਹਾ, ਮੈਂ ਓਧਰ ਨੂੰ ਵੱਧ ਹੋ ਗਿਆ ਸੀ। ਪਰ ਇਹ ਸਾਰੇ ਕਰਦੇ ਕਰਦਿਆਂ ਅਯੁਧਿਆ ਦੀ ਘਟਨਾ ਵਾਪਰ ਗਈ, ਮਸਜਿਦ ਢਾਹੀ ਗਈ ਉੱਥੇ। ਮੇਰਾ ਦੋਸਤ ਬਲਰਾਮ, ਭਵਾਂ ਕਾਮਰੇਡਾਂ ਤੋਂ ਨਿਰਾਸ਼ ਹੋ ਗਿਆ ਸੀ ਪਰ ਮਨੁੱਖਤਾ ਵਾਲੀਆਂ ਚੀਜ਼ਾਂ ਬਹੁਤ ਸੋਹਣੀਆਂ ਸਨ ਉਹਦੇ ਅੰਦਰ। ਉਹ ਮੈਨੂੰ ਕਹਿੰਦਾ ਯਾਰ ਸੈਮੂਅਲ ਆਪਾਂ ਕਰਨਾ ਇਹ ਹੈ ਕਿ ਆਪਾਂ ਨਾਟਕ ਲੈ ਕੇ ਜਾਣਾ। ਯਾਰ ਜੇ ਕਿਸੇ ਦਾ ਵੀ ਕੋਈ ਵੀ ਭਗਵਾਨ ਹੈ, ਮੰਨ ਲਉ ਜੇ ਹੈਗਾ ਤਾਂ, ਉਹ ਤਾਂ ਕਣ ਕਣ `ਚ ਹੈ। ਇਹ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਦੀ ਮਸਜਿਦ ਢਾਹ ਦਿਉਂਗੋ ਜਾਂ ਤੁਸੀਂ ਕਿਸੇ ਦਾ ਕੋਈ ਮੰਦਰ ਢਾਹ ਦਿਉਂਗੇ, ਤੇ ਉੱਥੋਂ ਤੁਸੀਂ ਆਪਣੇ ਭਗਵਾਨ ਨੂੰ ਹਾਸਲ ਕਰ ਲਉਗੇ। ਇਹੋ ਜਿਹੀਆਂ ਗੱਲਾਂ ਉਹ ਕਰਦਾ ਹੁੰਦਾ ਸੀ। ਕਹਿੰਦਾ ਨਹੀਂ ਯਾਰ ਉਹ ਤਾਂ ਹਵਾ `ਚ ਹੈ, ਉਹ ਕੁਦਰਤ ਦੇ ਵਿੱਚ ਹੈ ਇਹ ਚੀਜ਼ਾਂ ਸੀਗੀਆਂ। ਤੇ ਮਸਜਦ ਢਾਹੁਣ ਦੀ ਗੱਲ ਸਾਨੂੰ ਬੁਰੀ ਲੱਗੀ ਬਈ ਮਸਜਿਦ ਨਹੀਂ ਢਾਹੁਣੀ ਚਾਹੀਦੀ ਸੀ। ਅਸੀਂ ਫਿਰ ਇਕ ਨਾਟਕ ਲਿਖਿਆ ਸੀ। ਬਲਰਾਮ ਨੇ ਹੀ ਲਿਖਿਆ। ਉਹ ਹਿੰਦੁਸਤਾਨੀ ਦੇ ਵਿੱਚ ਸੀ। ਉਹ ਨਾਟਕ ਫਿਰ ਅਸੀਂ ਅਯੁੱਧਿਆ ਦੇ ਵਿੱਚ ਕਰਨ ਗਏ। ਉਦੂੰ ਬਾਅਦ ਫੇਰ ਕਿਤੇ ਮੇਰੇ `ਚ ਚੀਜ਼ਾਂ ਡਿਵੈਲਪ ਹੋਣੀਆਂ ਸ਼ੁਰੂ ਹੋਈਆਂ।

? ਅੱਛਾ ਤੁਸੀਂ ਨਾਟਕ ਪੰਜਾਬ ਬੈਠਿਆਂ ਨੇ ਲਿਖਿਆ ਤੇ ਤੁਸੀਂ ਉਸ ਨੂੰ ਅਯੁੱਧਿਆ ਕਰਨ ਗਏ?
- ਅਯੁੱਧਿਆ ਕਰਨ ਗਏ ਪੰਜ ਸੱਤ ਜਣੇ। ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਲੈ ਕੇ ਗਏ। ਫਿਰ ਉੱਥੇ ਜਾ ਕੇ ਅਸੀਂ ਨਾਟਕ ਖੇਡਿਆ। ਫਿਰ ਅਸੀਂ ਕਪੂਰਥਲੇ ਵੀ ਖੇਡਿਆ। ਪੰਜਾਬ ਦੇ ਵਿੱਚ ਵੀ ਕੁਝ ਕੁ ਥਾਂਵਾਂ `ਤੇ ਖੇਡਿਆ।

? ਨਾਟਕ ਦਾ ਨਾਂ ਕੀ ਸੀ?
- ਨਾਟਕ ਦਾ ਨਾਮ ਸੀ… ਨਾਟਕ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ।

? ਅੱਛਾ ਚਲੋ। ਤੁਸੀਂ ਅਯੁੱਧਿਆ ਜਾ ਕੇ ਕੀ ਕੀਤਾ। ਕੀ ਉੱਥੇ ਕੋਈ ਸੰਸਥਾਂ ਸੀ ਜਾਂ ਕੋਈ ਥਾਂ ਸੀ ਜਿੱਥੇ ਨਾਟਕ ਹੋ ਰਹੇ ਸਨ, ਜਿੱਥੇ ਜਾ ਕੇ ਤੁਸੀਂ ਹਿੱਸਾ ਲਿਆ ਜਾਂ ਉਦਾਂ ਹੀ ਕਰਨ ਚਲੇ ਗਏ?
- ਨਹੀਂ ਨਹੀਂ ਆਪਣੇ ਆਪ…

? ਉਥੇ ਜਾ ਕੇ ਕੀ ਕੀਤਾ, ਕਿਹਨਾਂ ਨੂੰ ਮਿਲੇ, ਕਿੱਥੇ ਨਾਟਕ ਕੀਤਾ?
- ਉੱਥੇ ਸਾਡਾ ਕੋਈ ਪ੍ਰਬੰਧਕ ਵੀ ਹੈ ਨਹੀਂ ਸੀ। ਇਹ ਜਿਹੜਾ ਮਿੱਤਰ ਮੇਰਾ ਬਲਰਾਮ ਸੀ, ਬੱਸ ਸਾਨੂੰ ਲੈ ਕੇ ਚਲੇ ਗਿਆ। ਕਹਿੰਦਾ ਬਈ ਚਲੋ। ਜਦੋਂ ਉੱਥੇ ਗਏ ਅਸੀ ਉੱਥੇ ਸਰਜੂ ਨਦੀ `ਤੇ। ਉਹਨੀ ਦਿਨੀ ਅਰਜਨ ਸਿੰਘ ਆਇਆ। ਮੰਤਰੀ ਸੀ। ਨੇਤਾ ਜੀ ਅਰਜਨ ਸਿੰਘ। ਸਿਤਾਰਾ ਦੇਵੀ ਵੀ। ਉੱਥੇ ਕਲਾਕਾਰਾਂ ਦਾ ਇਕ ਹਜੂਮ ਹੀ ਇਕੱਠਾ ਹੋਇਆ ਹੋਇਆ ਸੀ ਕਿ ਸਦਭਾਵਨਾ ਕਾਇਮ ਕੀਤੀ ਜਾਵੇ ਸਾਰੇ ਭਾਈਚਾਰੇ `ਚ। ਉਹਦੇ ਕਰਕੇ ਇਕੱਠੇ ਹੋਏ ਸੀ। ਸਾਡਾ ਉਸ ਕਿਸਮ ਦਾ ਲਿੰਕ ਤਾਂ ਹੈ ਨਹੀਂ ਸੀ ਕਿਸੇ ਨਾਲ। ਉਹ ਬਲਰਾਮ ਦੀ ਹੀ ਸੀ ਮਾੜੀ ਮੋਟੀ ਜਾਣ ਪਛਾਣ। ਅਸੀਂ ਜਾ ਕੇ ਉੱਥੇ ਨਾਟਕ ਖੇਡਣਾ ਸੀ, ਆਪਣੇ ਲੈਵਲ `ਤੇ। ਉੱਥੇ ਸ਼ਾਇਦ ਫਿਰ ਗੋਲੀ ਗਾਲੀ ਚੱਲ ਗਈ। ਪਤਾ ਨਹੀਂ ਕਿਵੇਂ ਭੱਜਦੜ ਪੈ ਗਈ। ਅਸੀਂ ਫਿਰ ਵਾਪਸ ਆ ਗਏ। ਫਿਰ ਦਿੱਲੀ ਆ ਕੇ ਉਹ ਨਾਟਕ ਖੇਡਿਆ। ਲਾਲ ਕਿਲੇ `ਚ। ਫਿਰ ਇੱਥੇ ਪੰਜਾਬ ਦੇ ਵਿੱਚ ਵੀ ਵੱਖ ਵੱਖ ਥਾਂਵਾਂ `ਤੇ।

? ਤੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਦੇ ਦੌਰਾਨ… ਤੁਸੀਂ ਕਹਿੰਦੇ ਹੋ ਕਿ ਯੂਨੀਵਰਸਿਟੀ ਦੀ ਪੜ੍ਹਾਈ ਨੇ ਤੁਹਾਨੂੰ ਉਸ ਨਾਲੋਂ ਤੋੜ ਦਿੱਤਾ ਜਿਸ ਕਿਸਮ ਦੇ ਨਾਟਕ ਤੁਸੀਂ ਕਰਨਾ ਚਾਹੁੰਦੇ ਸੀ। ਕੀ ਪੜ੍ਹਾਉਂਦੇ ਸੀ, ਜਿਸ ਨਾਲ ਇਹ ਰਿਸ਼ਤਾ ਟੁੱਟ ਗਿਆ? ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਕੀ ਪੜ੍ਹਾਇਆ ਜਾਂਦਾ ਸੀ? ਨਾਟਕ ਦੇ ਨਾਲ ਕਿੰਨਾ ਕੁ ਜੋੜਿਆ ਕਿੰਨਾ ਕੁ ਤੋੜਿਆ ਉਸ ਪੜ੍ਹਾਈ ਨੇ ਤੁਹਾਨੂੰ?
- ਉਹਦੇ `ਚ ਇਹ ਹੈ ਕਿ ਯੂਨੀਵਰਸਿਟੀ ਦੇ ਵਿੱਚ ਮੰਨ ਲਉ ਸਾਨੂੰ ਥਿਏਟਰ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਸਾਨੂੰ ਐਕਟਿੰਗ ਦੀ ਥਿਊਰੀ ਪੜ੍ਹਾਈ ਜਾਂਦੀ ਹੈ, ਸਾਨੂੰ ਸਟੇਜ ਕਰਾਫਟ ਪੜ੍ਹਾਇਆ ਜਾਂਦਾ ਹੈ, ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਹਨ। ਪੜ੍ਹਾਉਣ ਵਾਲੇ ਕੌਣ ਨੇ ਇਹਦੇ `ਤੇ ਨਿਰਭਰ ਕਰਦਾ ਹੈ। ਮੈਨੂੰ ਲੱਗਦਾ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਐਸਾ ਪ੍ਰੋਫੈਸਰ ਨਹੀਂ ਸੀ ਜਿਹੜਾ ਥਿਏਟਰ ਦੇ ਨਾਲ ਸਮਾਜਕ ਸਮਝ ਵੀ ਰੱਖਦਾ ਹੋਵੇ। ਉਹ ਕਲਾਵਾਂ ਨੂੰ ਕਲਾ ਲਈ ਵਾਲੇ ਸਿਸਟਮ ਵਿੱਚ ਹੀ ਵੱਧ ਬਿਲੀਵ ਕਰਦੇ ਸਨ। ਅੱਜ ਵੀ… ਉਹ ਕਈ ਵਾਰੀ ਮੇਰੇ ਡਿਪਾਰਟਮੈਂਟ ਵਾਲੇ ਨੁੱਕੜ ਨਾਟਕ ਨੂੰ ਮੰਨਦੇ ਹੀ ਨਹੀਂ, ਬਈ ਇਹ ਨਾਟਕ ਹੁੰਦਾ ਹੈ। ਇਹ ਕੀ ਹੁੰਦਾ। ਕਹਿੰਦੇ ਸਟੇਜ `ਤੇ ਪ੍ਰੋਸੀਨੀਅਮ ਕਰੋ, ਯਿਹ ਕਰੋ, ਵੁਹ ਕਰੋ।

? ਜਾਨੀਕਿ ਉਹ ਪੜ੍ਹਾਈ ਜਿਹੜੀ ਸੀ ਉਹ ਇਕ ਕਿਸਮ ਦੇ ਵੈਕਿਊਮ (ਖਲਾਅ) ਦੇ ਵਿੱਚ ਕਰਾਈ ਜਾਂਦੀ ਸੀ, ਅੱਜ ਨਾਲ ਤੋੜ ਕੇ … ਜੋ ਕੁਝ ਅੱਜ ਵਾਪਰ ਰਿਹਾ ਉਹਨੂੰ ਉਹਦੇ ਨਾਲ ਜੋੜ ਕੇ, ਉਹਦੇ ਨਾਲ ਸੰਬੰਧ ਜੋੜ ਕੇ ਨਹੀਂ ਸੀ ਪੜ੍ਹਾ ਰਹੇ?
- ਨਹੀਂ ਉਹਦੇ ਨਾਲ ਕੋਈ ਸੰਬੰਧ ਹੀ ਨਹੀਂ। ਇਹ ਹੀ ਤਾਂ ਮੇਨ ਸਮੱਸਿਆ ਆ ਰਹੀ ਹੈ ਕਿ ਡਿਪਾਰਟਮੈਂਟਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਅੱਜ ਦੇ ਸਮਾਜ ਵਿੱਚ ਕਿਵੇਂ ਜਿ਼ੰਦਗੀ ਜੀਅ ਰਹੇ ਹਨ ਸਾਰੇ ਲੋਕ, ਜਾਂ ਕਿਹੋ ਜਿਹਾ ਸਾਡੇ ਸਿਸਟਮ ਬਣ ਗਿਆ ਹੈ, ਅਸੀਂ ਕਿਵੇਂ ਇੱਥੇ ਜੀਅ ਪਾ ਰਹੇ ਹਾਂ, ਇਹੋ ਜਿਹੇ ਨਾਲ ਕੋਈ ਮਤਲਬ ਹੀ ਨਹੀਂ। ਔਰ ਕਲਾਵਾਂ ਤੁਸੀਂ ਕਿਵੇਂ ਕਰ ਸਕਦੇ ਹੋ ਸਮਾਜ ਤੋਂ ਬਾਹਰ। ਚਾਰ ਪੰਜ ਕਿਤਾਬਾਂ ਕਿਸੇ ਬੰਦਿਆਂ ਨੇ ਲਿਖ ਦਿੱਤੀਆਂ ਅਤੇ ਉਸੇ ਨੂੰ ਹੀ ਅਸੀਂ ਸਿਰਾਂ `ਤੇ ਲੱਦ ਕੇ ਤੁਰੇ ਫਿਰਾਂਗੇ। ਇਹ ਕਿਵੇਂ ਹੋ ਸਕਦਾ ਹੈ? ਜਿਹੜਾ ਨਾਟਯ ਸ਼ਾਸਤਰ ਹੈ। ਉਹ ਠੀਕ ਹੈ ਕਿ ਉਹ ਭਲਿਆਂ ਵੇਲਿਆਂ `ਚ ਲਿਖਿਆ ਗਿਆ। ਬਈ ਅੱਜ ਦਾ ਕੋਈ ਹੋਰ ਨਾਟਯ ਸ਼ਾਸਤਰ ਲਿਖੋ। ਅੱਜ ਦੀ ਥਿਊਰੀ ਕੋਈ ਨਵੀਂ ਕ੍ਰੀਏਟ ਕਰੋ। ਹੁਣ ਦਾ ਨਾਟਯ ਸ਼ਾਸਤਰ ਤਾਂ ਹੋਰ ਤਰੀਕੇ ਦਾ ਹੋਵੇਗਾ। ਉੱਥੇ ਕਿਵੇਂ ਆਪਾਂ ਕਹਿ ਦਿਆਂਗੇ ਕਿ ਐਸ ਟੈਕਸਚਰ ਦਾ ਹੀ ਹੋਵੇ ਕੁੜਤਾ ਫਲਾਣੇ ਦੇ, ਜਿਹੜਾ ਮੰਨ ਲਉ ਦਲਿਤ ਹੈ, ਉਹਦੇ ਐਸ ਰੰਗ ਦਾ ਕੁੜਤਾ ਹੋਵੇ, ਉਹਨੂੰ ਤਾਂ ਖਬਰੇ ਜੱਟ ਨੇ ਆਪਣਾ ਲਾਹਿਆ ਹੋਇਆ ਦੇ ਦਿੱਤਾ ਹੋਵੇ। ਨਾਟਕ ਦੇ ਵਿੱਚ ਇਸ ਕਿਸਮ ਦੀ ਨਿਯਮਾਵਲੀ ਨਹੀਂ ਨਾ ਚੱਲਣੀ। ਸੋ ਉਹ ਤਾਂ ਬਿਲਕੁਲ ਹੀ ਚੀਜ਼ਾਂ ਟੁੱਟੀਆਂ ਹੋਈਆਂ ਸੀ, ਯੂਨੀਵਰਸਿਟੀ `ਚ। ਪਰ ਸਿਰਫ ਉਹਨਾਂ ਦਾ ਇਕ ਫਾਇਦਾ ਸੀ ਕਿ ਜਿਵੇਂ ਯੂਨੀਵਰਸਿਟੀ ਦਾ ਪਲੇਟਫਾਰਮ ਹੈ ਉੱਥੇ ਤੁਹਾਨੂੰ ਦੋਸਤ ਮਿੱਤਰ ਮਿਲ ਜਾਂਦੇ ਹਨ, ਥੋੜ੍ਹਾ ਜਿਹਾ ਉਹ ਸਰਕਲ ਜ਼ਰੂਰ ਬਣ ਜਾਂਦਾ ਹੈ। ਏਨਾ ਕੁ ਸੀ ਬੱਸ ਉੱਥੇ।

? ਤੇ ਯੂਨੀਵਰਸਿਟੀ ਦੀ ਐਮ ਏ ਪੂਰੀ ਕਰਨ ਬਾਅਦ ਫੇਰ ਕਿੱਧਰ ਨੂੰ ਵਹੀਰਾਂ ਘੱਤੀਆਂ?
- ਐਮ ਏ ਤੋਂ ਬਾਅਦ ਸਾਡੇ ਇਕ ਰੈਪਰਟਰੀ ਹੁੰਦੀ ਹੈ। ਜਿਹਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਸਟਾਈਪਿੰਡ (ਵਜ਼ੀਫਾ) ਦਿੱਤਾ ਜਾਂਦਾ ਹੈ ਤੇ ਐਕਟਰਾਂ ਨੂੰ ਰੱਖ ਲੈਂਦੇ ਹਨ ਅਤੇ ਉਹ ਫਿਰ ਵੱਡੇ ਵੱਡੇ ਨਾਟਕ ਤਿਆਰ ਕਰਦੇ ਹਨ। ਉਹ ਯੂਨੀਵਰਸਿਟੀ ਦੇ ਵਿੱਚ ਵੀ ਖੇਡਣੇ ਹੁੰਦੇ ਹਨ ਅਤੇ ਕਈ ਵਾਰ ਬਾਹਰ ਅੰਦਰ ਜਾ ਕੇ ਵੀ। ਐਮ ਏ ਤੋਂ ਬਾਅਦ ਫਿਰ ਮੈਂ ਉਹਦੇ `ਚ ਰਿਹਾ ਦੋ ਕੁ ਸਾਲ। ਫਿਰ ਅਚਾਨਕ ਹੀ 1995 ਦੇ ਕਰੀਬ, ਇਕ ਮੇਰਾ ਦੋਸਤ ਬੰਬੇ ਨੂੰ ਜਾ ਰਿਹਾ ਸੀ। ਮੈਨੂੰ ਕਹਿੰਦਾ ਕਿ ਕਾਰ ਇੱਥੋਂ ਪਟਿਆਲੇ ਤੋਂ ਜਾਣੀ ਹੈ ਲੁਧਿਆਣੇ। ਉਹ ਪਟਿਆਲੇ ਦਾ ਸੀ। ਸਾਡੇ ਡਿਪਾਰਟਮੈਂਟ ਵਿੱਚ ਪੜ੍ਹਦਾ ਹੁੰਦਾ ਸੀ। ਉਹ ਕਹਿੰਦਾ ਬਈ ਮੈਂ ਜਾਣਾ ਬੰਬੇ ਨਾਲ ਮੇਰੇ ਵਾਈਫ ਹੈ, ਪਰਿਵਾਰ ਸੀ। ਉਹ ਸਟਰਗਲ ਕਰਨ ਜਾ ਰਿਹਾ ਸੀ ਕਿ ਉੱਥੇ ਮੈਂ ਫਿਲਮਾਂ `ਚ ਫਿਟ ਹੋਣਾ। ਕਹਿੰਦੇ ਕਿ ਲੁਧਿਆਣੇ ਸਾਮਾਨ ਛੱਡ ਕੇ ਕਾਰ ਵਾਪਸ ਪਟਿਆਲੇ ਆਊਗੀ। ਤੂੰ ਉਹਦੇ ਵਿੱਚ ਆ ਜਾਈਂ। ਮੈਂ ਥੋੜ੍ਹਾ ਜਿਹਾ ਉਹਨੀ ਦਿਨੀ ਸਿਗਟ ਸੁਗਟ ਪੀ ਲੈਂਦਾ ਸੀ। ਮੈਂ ਕਿਹਾ ਮੈਂ ਦੋ ਪੈਕਟ ਲਊਂਗਾ, ਇਕ ਆਉਣ ਦਾ ਇਕ ਜਾਣ ਦਾ। ਉਹ ਬੰਦਾ ਮੰਨ ਗਿਆ। ਮੈਨੂੰ ਇਹ ਸੀ ਕਿ ਚੱਲ ਮਸਤੀ ਨਾਲ ਪੀਵਾਂਗੇ। ਮਾਹੌਲ ਜਿਹਾ ਹੁੰਦਾ, ਲੱਗ ਗਿਆ ਸੀ ਪੀਣ ਮੈਂ ਉਦੋਂ। ਤਾਂ ਉਹ ਬੰਦਾ ਮੰਨ ਗਿਆ। ਉੱਥੇ ਜਦੋਂ ਲੁਧਿਆਣੇ ਪਹੁੰਚੇ ਆਂ, ਉੱਥੇ ਜਾ ਕੇ ਉਹ ਵੀਹਰ ਗਿਆ। ਕਹਿੰਦਾ ਯਾਰ ਕੁਛ ਨਹੀਂ ਹੁੰਦਾ। ਤੂੰ ਪੰਦਰਾਂ ਕੁ ਦਿਨਾਂ ਬਾਅਦ ਮੁੜ ਆਈਂ। ਤੂੰ ਨਾਲ ਹੀ ਚੱਲ, ਆਂਹਦਾ ਅਸੀਂ ਇਕੱਲੇ ਆਂ। ਮੈਂ ਕਿਹਾ ਮੈਂ ਨਹੀਂ ਯਾਰ ਜਾਣਾ। ਉਹ ਕਹਿੰਦਾ ਨਹੀਂ ਨਹੀਂ ਚੱਲ। ਉਹਨਾਂ ਟਾਇਮਾਂ ਦੇ ਵਿੱਚ ਮੇਰੇ ਬੂਟ ਟੁੱਟੇ ਹੋਏ ਹੁੰਦੇ ਸਨ। ਅੰਦਰ ਬੱਜਰੀ ਫਸ ਜਾਂਦੀ ਸੀ। ਉਹ ਮੈਂ ਕੱਢਦਾ ਨਹੀਂ ਸੀ ਹੁੰਦਾ। ਕਿਉਂਕਿ ਭੁੱਖ ਨੰਗ ਗਰੀਬੀ `ਚ ਬੰਦਾ ਕਈ ਵਾਰ ਅੜੀਅਲ ਜਿਹਾ ਹੋ ਜਾਂਦਾ। ਮੈਨੂੰ ਲੱਗਾ ਕਿ ਇਹ ਕਿੰਨਾ ਕੁ ਤੰਗ ਕਰ ਸਕਦੀ ਹੈ ਕਰਨ ਦਿਉ। ਜ਼ਖਮ ਹੋ ਜਾਂਦਾ ਸੀ ਅੰਦਰ। ਅੱਠ ਰੁਪਈਏ ਸੀ ਮੇਰੀ ਜੇਬ `ਚ। ਮੈਂ ਚੜ੍ਹ ਗਿਆ ਗੱਡੀ `ਚ। ਮੈਂ ਕਿਹਾ ਚੱਲ ਫਿਰ ਚਲਦੇ ਆਂ। ਪੰਦਰਾਂ ਵੀਹਾਂ ਦਿਨਾਂ ਬਾਅਦ ਉਹਨੇ ਮੈਨੂੰ ਮੋੜਨਾ ਸੀ। ਤੇ ਫਿਰ ਉੱਥੇ ਜਾ ਕੇ ਕਹਿੰਦਾ ਕੋਈ ਨਹੀਂ ਚਲਾ ਜਾਈਂ, ਕੋਈ ਨਹੀਂ ਚਲਾ ਜਾਈਂ। ਢਾਈ ਤਿੰਨ ਮਹੀਨਿਆਂ ਬਾਅਦ ਪੰਜਾਬ `ਚ ਪਤਾ ਲੱਗਾ ਕਿ ਬੰਦਾ ਕਿੱਥੇ ਗਿਆ। ਕਿਸੇ ਨੂੰ ਦੱਸਿਆ ਹੀ ਨਹੀਂ ਸੀ ਮੈਂ। ਤੇ ਫੇਰ ਢਾਈ-ਤਿੰਨ ਸਾਲ ਮੈਂ ਬੰਬੇ ਰਿਹਾ।

? ਫਿਰ ਉੱਥੇ ਕੀ ਕੀਤਾ?
- ਵਾਰ ਵਾਰ ਮੈਂ ਵਾਪਸ ਆਉਣ ਦੀ ਟ੍ਰਾਈ ਕਰਦਾ ਰਿਹਾ। ਫਿਰ ਕਿਤੇ ਨਾ ਕਿਤੇ ਵਿਚਾਰ ਆ ਗਿਆ। ਵੈਸੇ ਕਦੇ ਮੇਰੇ ਮਨ `ਚ ਨਹੀਂ ਸੀ ਆਇਆ ਕਿ ਮੈਂ ਫਿਲਮਾਂ `ਚ ਜਾਵਾਂ। ਕੱਟੜਤਾ ਨਾਲ ਨਹੀਂ ਸੀ ਸ਼ਾਇਦ ਕੋਈ ਮਾੜਾ ਮੋਟਾ ਇਕ ਅੱਧਾ ਵਿਚਾਰ ਆਉਂਦਾ ਹੋਵੇ। ਪਰ ਇਹ ਜ਼ਰੂਰ ਸੀ ਕਿ ਇੰਡਸਟਰੀ ਨੂੰ ਦੇਖਾਂ। ਬੰਬੇ ਨੂੰ ਦੇਖਾਂ ਕਿ ਯਾਰ ਇੱਥੇ ਹੈ ਕੀ? ਤੇ ਉਹ ਦੇਖਦਿਆਂ ਦਿਖਾਉਂਦਿਆਂ ਮੈਂ ਬੰਬੇ ਵਿੱਚ ਰਿਹਾ। ਕੁਝ ਕੁ ਲੋਕਾਂ ਨੂੰ ਮਿਲਦੇ ਮਿਲਾਉਂਦੇ ਵੀ ਰਹੇ। ਪ੍ਰਿਥਵੀ ਥਿਏਟਰ ਜਾਣਾ ਘੁੰਮਣ। ਉੱਥੇ ਨਾਟਕ ਵੀ ਦੇਖਣੇ। ਤਾਂ ਹੌਲੀ ਹੌਲੀ ਫਿਰ ਮੈਂ ਜਦੋਂ ਵਾਪਸ ਨਾ ਆਇਆ ਤਾਂ ਮੇਰੇ ਨਾਲ ਦੇ ਵੀ ਕਹਿੰਦੇ ਕੋਈ ਨਹੀਂ ਰਹਿ ਪਾ ਰਹਿ ਪਾ। ਫਿਰ ਉੱਥੇ ਮੈਂ ਬੱਚਿਆਂ ਦਾ ਥਿਏਟਰ ਸ਼ੁਰੂ ਕਰ ਲਿਆ। ਗੋਰੇ ਗਾਉਂ ਮਹਾਡਾ ਬੰਨਾ ਰਾਇ। ਉੱਥੇ ਕੁਝ ਕੁ ਬੱਚੇ ਬਾਹਲੇ ਗਰੀਬ ਸੀਗੇ। ਕੁਝ ਕੁ ਬਿਲਡਿੰਗ ਦੇ ਵਿੱਚ ਰਹਿੰਦੇ ਸੀ ਕੁਝ ਸਾਹਮਣੇ ਰਹਿੰਦੇ ਸੀ, ਸੜਕ ਦੇ ਪਾਰ ਦੂਜੇ ਪਾਸੇ। ਉਹ ਇਕੱਠੇ ਨਹੀਂ ਸੀ ਖੇਡਦੇ। ਮੈਨੂੰ ਲੱਗਾ ਕਿ ਯਾਰ ਇਹਨਾਂ ਨੂੰ ਇਕੱਠੇ ਖੇਡਣ ਲਾਉਂਦੇ ਆਂ। ਤੇ ਇਕ ਕਮਰੇ ਦਾ ਫਲੈਟ ਸੀ ਸਾਡੇ ਕੋਲ। ਮੈਂ ਆਪਣਾ ਕੰਮ ਸ਼ੁਰੂ ਕਰ ਲਿਆ। ਬਾਕੀ ਕੰਮ ਧੰਦੇ ਲਈ, ਇਧਰ ਉਧਰ ਸਟਰਗਲ ਕਰਨ ਨਿਕਲ ਜਾਂਦੇ ਸੀ। ਮੈਂ ਉਹਨਾਂ ਨਾਟਕਾਂ ਵਾਲੇ ਜੁਆਕਾਂ ਨਾਲ ਲੱਗਾ ਰਹਿੰਦਾ। ਰਿਹਰਸਲ-ਰਿਹਰਸੁਲ ਕਰਨ। ਤੇ ਉਹਨਾਂ ਬੱਚਿਆਂ ਨਾਲ ਫਿਰ ਮੈਂ ਨਾਟਕ ਸ਼ੁਰੂ ਕੀਤਾ।

ਉਹਨੀਂ ਦਿਨੀ, ਨਾਟਕ ਸ਼ੁਰੂ ਕਰਨ ਤੋਂ ਕੁਝ ਦੇਰ ਪਹਿਲਾਂ ਉੱਥੇ ਬੰਬ ਬੁੰਬ ਫਟੇ ਸੀ, ਦੰਗੇ ਫਸਾਦ ਹੋਏ ਸੀ ਬੰਬੇ `ਚ। ਮੈਂ ਬੱਚਿਆਂ ਨੂੰ ਪੁੱਛਿਆ ‘ਆਪ ਕੋ ਕੈਸਾ ਲਗਤਾ ਹੈ ਜਬ ਯਿਹ ਬੰਬ ਫਟਤੇ ਹੈਂ?’ ਬੱਚਿਆਂ ਨੇ ਇਕ ਲਾਈਨ ਬੋਲੀ। ਕਹਿੰਦੇ ‘ਹਮ ਖੇਲ ਨਹੀਂ ਸਕਤੇ’। ਭਾਵ ਜਦੋਂ ਬੰਬ ਫਟਦੇ ਨੇ ਉਹ ਖੇਡ ਨਹੀਂ ਸਕਦੇ। ਮੈਨੂੰ ਲੱਗਾ ਯਾਰ ਆਹ ਤਾਂ ਇਕ ਲਾਈਨ ਹੀ ਪੂਰੀ ਦੀ ਪੂਰੀ ਜਿ਼ੰਦਗੀ ਹੈ ਇਹਨਾਂ ਬੱਚਿਆਂ ਦੀ। ਫਿਰ ਮੈਂ ਇੰਪਰੋਵਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਬਈ ਤੁਹਾਡੀਆਂ ਕਿਹੋ ਜਿਹੀਆਂ ਖੇਡਾਂ ਨੇ, ਕਿਵੇਂ ਤੁਸੀਂ ਖੇਡ ਨਹੀਂ ਸਕਦੇ, ਕਿਵੇਂ ਡਰ ਪੈਦਾ ਹੋ ਜਾਂਦਾ, ਕਿਵੇਂ ਤੁਸੀਂ ਸੁੰਗੜ ਜਾਂਦੇ ਹੋ? ਜੇ ਬਾਹਰ ਦੰਗਾ ਹੋ ਰਿਹਾ ਹੈ ਤਾਂ ਤੁਸੀਂ ਸੁੰਗੜਦੇ ਕਿਵੇਂ ਹੋ? ਉਹ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਨੇ ਅਸੀਂ ਨਾਟਕ ਬਣਾ ਲਿਆ। ਤੇ ਉਸ ਨਾਟਕ ਦੇ ਦੌਰਾਨ ਰਿਹਰਸਲਾਂ-ਰਿਹਰਸੁਲਾਂ ਚਲਦੀਆਂ ਰਹੀਆਂ। ਕਈ ਵਾਰ ਛੱਡ ਵੀ ਜਾਂਦੇ ਸੀ ਬੱਚੇ, ਬਹੁਤ ਸਾਰੇ ਹੱਟ ਜਾਂਦੇ ਸੀ, ਫਿਰ ਲੱਗ ਜਾਂਦੇ ਸੀ। ਐਂ ਮੈਨੂੰ ਟਾਇਮ ਲੱਗ ਗਿਆ। ਪਰ ਜਿਸ ਦਿਨ ਉਹ ਨਾਟਕ ਖੇਡਿਆ ਗਿਆ, ਤਾਂ ਉਹਦੇ ਵਿੱਚ 45 ਬੱਚੇ ਸਨ, ਨੁੱਕੜ ਨਾਟਕ ਵਿੱਚ। ਫਿਰ ਉਹ ਜਦੋਂ ਖੇਡਿਆ ਗਿਆ, ਉਹਦੇ ਵਿੱਚ ਕੁਝ ਰਿੜਨ ਵਾਲੇ ਬੱਚੇ ਵੀ ਸੀ, ਉਦੂੰ ਥੋੜ੍ਹੇ ਵੱਡੇ ਵੀ ਸੀ, ਉਦੂੰ ਕੁਝ ਹੋਰ ਥੋੜੇ ਵੱਡੇ ਵੀ। ਜਦੋਂ ਖੇਡਿਆ ਗਿਆ, ਲੋਕਾਂ ਨੇ ਪਤਾ ਨਹੀਂ ਚਲਦੇ ਨਾਟਕ ਵਿੱਚ ਕਿਹੜੇ ਵੇਲੇ ਉੱਥੇ ਟੌਫੀਆਂ ਲਿਆ ਕੇ ਰੱਖ ਦਿੱਤੀਆਂ, ਸਟੂਲ ਲਿਆ ਕੇ ਰੱਖ ਦਿੱਤੇ, ਕਿਸੇ ਨੇ ਦੁੱਧ ਲਿਆ ਕੇ ਰੱਖ ਦਿੱਤਾ, ਕਿਸੇ ਨੇ ਪਾਣੀ ਲਿਆ ਕੇ ਰੱਖ ਦਿੱਤਾ, ਚਾਰ ਛੁਪੇਰੇ ਤੇ ਵਿਚਕਾਰ ਨਾਟਕ ਚੱਲ ਰਿਹਾ ਰਾਤ ਨੂੰ। ਬਹੁਤ ਅੱਛਾ ਉਹਦਾ ਰਿਸਪਾਂਸ ਰਿਹਾ। ਅਸੀਂ ਉਸ ਨਾਟਕ ਦਾ ਨਾਂ ਰੱਖਿਆ ਸੀ, “ਹਮ ਤੋਂ ਖੇਲੇਂਗੇ”। ਹਿੰਦੁਸਤਾਨੀ ਦੇ ਵਿੱਚ ਕੀਤਾ ਸੀ।

? ਇਹ ਨਾਟਕ ਤੁਸੀਂ ਚਾਲ਼ ਦੇ ਵਿੱਚ ਕੀਤਾ ਸੀ?
- ਉਸ ਬਿਲਡਿੰਗ ਦੇ ਵਿੱਚ। ਉਹ ਜਿਹੜੀ ਬਿਲਡਿੰਗ ਬਣੀ ਹੋਈ ਸੀ।

? ਜਦੋਂ ਤੁਸੀਂ ਇਹ ਨਾਟਕ ਕਰ ਰਹੇ ਸੀ, ਉਸ ਵੇਲੇ ਰੁਜਗਾਰ ਦਾ, ਗੁਜ਼ਾਰੇ ਦਾ ਕੀ ਪ੍ਰਬੰਧ ਸੀ?
- ਕੋਈ ਨਹੀਂ। ਕੁਛ ਨਹੀਂ। ਉੱਥੇ ਕੁਛ ਵੀ ਨਹੀਂ ਸੀ। ਉਦੋਂ ਮੈਨੂੰ ਥੋੜ੍ਹਾ ਬਹੁਤ ਚੁਆਨੀਆਂ, ਧੇਲੀਆਂ ਨੁੱਕੜ ਨਾਟਕ `ਤੇ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਜ਼ਿਆਦਾਤਰ ਮੈਂ ਆਪਣੇ ਦੋਸਤਾਂ `ਤੇ ਨਿਰਭਰ ਸੀ, ਕਿਉਂਕਿ ਮੇਰੇ ਕੋਲ ਕੁਝ ਹੁੰਦਾ ਹੀ ਨਹੀਂ ਸੀ। ਅੱਠ ਰੁਪਏ ਸੀ ਜਿੱਦਣ ਮੈਂ ਗਿਆ। ਅਤੇ ਤਿੰਨ ਕੁ ਸਾਲ ਰਿਹਾ ਅੱਠਾਂ ਰੁਪਈਆਂ ਨਾਲ ਮੈਂ ਬੰਬਈ ਵਿੱਚ। ਪਰ ਇੱਥੇ ਇਕ ਘਟਨਾ ਹੋਈ। ਮੈਂ ਨਾਟਕ ਦੇ ਬਾਰੇ ਤਾਂ ਦੱਸ ਦਿੱਤਾ ਬਈ ਐਂ ਹੋਇਆ। ਨਾਟਕ ਤੋਂ ਪਹਿਲਾਂ ਇਹ ਹੋ ਗਿਆ ਕਿ ਮੇਰੇ ਯਾਰ ਬੇਲੀ ਸਾਰੇ ਪੰਜਾਬ`ਚ ਆ ਗਏ ਸੀ। ਮੈਂ ਰਹਿ ਗਿਆ ਇਕੱਲਾ ਉੱਥੇ। ਇਕੱਲਾ ਰਹਿ ਗਿਆ ਤੇ ਸਾਰਾ ਸਮਾਨ ਸੱਲਾ ਮੁੱਕ ਗਿਆ। ਕਮਰੇ `ਚ ਕੁਛ ਨਹੀਂ ਸੀ। ਚਾਰ ਦਿਨ ਹੋ ਗਏ ਸੀ ਮੈਨੂੰ ਮਾਰੂ ਚਾਹ ਪੀਂਦਿਆਂ। ਸਵੇਰੇ ਪੀਣੀ, ਦਪਹਿਰੇ ਪੀਣੀ, ਸ਼ਾਮ ਨੂੰ ਪੀਣੀ। ਮਾਰੂ ਚਾਹ ਪੀ ਪੀ ਕੇ ਰਿਹਰਸਲ ਕਰਾਉਣੀ ਨਾਟਕ ਦੀ। ਇਕ ਦਿਨ ਮੈਂ ਰਿਹਰਸਲ ਕਰਵਾ ਰਿਹਾ ਸੀ, ਤੇ ਮੈਨੂੰ ਚੱਕਰ ਜਿਹਾ ਆ ਗਿਆ। ਬੱਚੇ ਕਹਿੰਦੇ ਸਰ ਕਿਆ ਹੂਆ, ਕਿਆ ਹੂਆ? ਮੈਂ ਕਿਹਾ ਕੁਛ ਨਹੀਂ ਯਾਰ ਵੁਹ ਖਾਣਾ ਨਹੀਂ ਨਾ ਖਾਇਆ। ਬੱਸ ਏਨਾ ਕਹਿਣ ਦੀ ਦੇਰ ਸੀ। ਮੈਂ ਦੱਸਣਾ ਵੀ ਨਹੀਂ ਸੀ ਚਾਹੁੰਦਾ ਅਸਲ `ਚ ਉਨ੍ਹਾਂ ਨੂੰ। ਮੈਂ ਕਮਰੇ ਨੂੰ ਤਾਲਾ ਨਹੀਂ ਸੀ ਲਾਉਂਦਾ। ਸੋ ਸ਼ਾਮ ਤੱਕ, ਰਾਤ ਤੱਕ, ਰਿਹਰਸਲ ਤੋਂ ਬਾਅਦ, ਮੇਰੇ ਕਮਰੇ ਵਿੱਚ ਚੌਲ, ਮਿੱਟੀ ਦਾ ਤੇਲ, ਆਟਾ, ਖੰਡ, ਸਾਰਾ ਸਮਾਨ, ਥੋੜ੍ਹਾ ਥੋੜ੍ਹਾ ਸਮਾਨ, ਸਬਜ਼ੀਆਂ ਆਦਿ ਉੱਥੇ ਕਮਰੇ `ਚ ਪਹੁੰਚ ਚੁੱਕਾ ਸੀ। ਫਿਰ ਮੈਂ ਜਿੰਨੀ ਦੇਰ ਵੀ ਗੋਰੇ ਗਾਂਵ ਰਿਹਾ, ਉਸ ਕਮਰੇ `ਚ, ਮੇਰਾ ਸਮਾਨ ਨਹੀਂ ਮੁੱਕਿਆ। ਆਪਣੇ ਆਪ ਹੀ ਬੱਚਾ ਕੋਈ ਨਾ ਕੋਈ ਸਫਾਈ ਕਰ ਜਾਂਦਾ ਸੀ, ਕਿਸੇ ਸਬਜ਼ੀ ਵੇਚਣ ਵਾਲੇ ਦਾ ਬੱਚਾ ਸੀ, ਕੋਈ ਕੱਪੜੇ ਪ੍ਰੈੱਸ ਕਰਨ ਵਾਲੀ ਲੇਡੀ ਸੀ, ਉਹਦਾ ਬੱਚਾ ਸੀ, ਉਹ ਕੱਪੜੇ ਧੋ ਜਾਂਦੀ ਸੀ। ਐਂ ਸਾਰਾ ਸਮਾਨ ਮੇਰੇ ਕਮਰੇ ਵਿੱਚ ਪਹੁੰਚ ਜਾਂਦਾ ਸੀ। ਉਦੋਂ ਮੈਨੂੰ ਇਕ ਗੱਲ ਸਮਝ ਲੱਗੀ, ਜਿਹੜੀ ਹੁਣ ਤੱਕ ਮੇਰੀ ਜਿ਼ੰਦਗੀ `ਚ ਚਲ ਰਹੀ ਹੈ। ਮੈਨੂੰ ਲੱਗਾ ਕਿ ਯਾਰ ਪੈਸਾ ਕੁਛ ਨਹੀਂ। ਬੱਚਿਆਂ ਦੇ ਮਾਪਿਆਂ ਨੇ ਮੈਨੂੰ ਪੁੱਛਿਆ ਸੀ ਕਿ ਤੂੰ ਬੱਚਿਆਂ ਨੂੰ ਨਾਟਕ ਕਰਵਾ ਰਿਹਾ ਹੈਂ ਇਹਦੀ ਫੀਸ ਕੀ ਹੈ। ਮੈਂ ਕਹਿ ਦਿੱਤਾ ਸੀ ਕੁਝ ਨਹੀਂ। ਮੈਨੂੰ ਨਹੀਂ ਵਧੀਆ ਲੱਗਦਾ ਸੀ ਕਿ ਮੈਂ ਬੱਚਿਆਂ ਤੋਂ ਪੈਸਾ ਲਵਾਂ। ਅਲਟੀਮੇਟਲੀ ਮੈਨੂੰ ਇਹ ਗੱਲ ਸਮਝ ਲੱਗੀ ਕਿ ਜਿ਼ੰਦਗੀ `ਚ ਪੈਸਾ ਨਹੀਂ, ਸਭ ਤੋਂ ਮਹੱਤਵਪੂਰਨ ਮਨੁੱਖੀ ਜਿ਼ੰਦਗੀ ਹੈ, ਬੰਦਾ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਨਾਲ ਜੇ ਮੈਂ ਸ਼ਾਇਦ ਪੈਸਿਆਂ ਨਾਲ ਵਿਚਰਿਆ ਹੁੰਦਾ ਤਾਂ ਸ਼ਾਇਦ ਉਹ ਮੇਰੇ ਵਾਸਤੇ ਉਵੇਂ ਚੀਜ਼ਾਂ ਨਾ ਲੈ ਕੇ ਆਉਂਦੇ ਜਿਵੇਂ ਉਹ ਮੇਰੇ ਕਮਰੇ `ਚ ਰੱਖ ਗਏ। ਫਿਰ ਮੈਂ ਜਿੰਨੀ ਦੇਰ ਰਿਹਾਂ, ਮੈਂ ਭੁੱਖਾ ਮਰਿਆ ਹੀ ਨਹੀਂ ਉੱਥੇ।

? ਸੋ ਜਿਹੜੇ ਮਨੁੱਖੀ ਰਿਸ਼ਤੇ ਹਨ, ਉਹ ਮਹੱਤਵਪੂਰਨ ਹਨ…
- ਮੇਰੇ ਲਈ ਉਹ ਮਹੱਤਵਪੂਰਨ ਹਨ, ਮੈਨੂੰ ਲੱਗਦਾ ਕਿ ਉਹਤੋਂ ਉੱਪਰ ਕੁਝ ਨਹੀਂ ਹੈ। ਇਹ ਪੈਸਾ ਪੂਸਾ ਤਾਂ ਬਾਕੀ ਸਭ ਚੀਜ਼ਾਂ ਬਾਅਦ ਦੀਆਂ ਨੇ।

? ਫੇਰ ਉੱਥੇ ਹੋਰ ਵੀ ਨਾਟਕ ਵੀ ਕੀਤੇ?
- ਹਾਂ। ਉਸ ਤੋਂ ਬਾਅਦ ਮੈਂ ‘ਕਹਾਣੀ ਗੋਪੀ ਕੀ’, ਇਸ ਕਿਸਮ ਦਾ ਇਕ ਨਾਟਕ ਕੀਤਾ। ਤੇ ਉਹਨਾਂ ਨਾਟਕਾਂ ਦੇ ਦੌਰਾਨ ਹੀ ਮੈਨੂੰ ਇਕ ਫਿਲਮ ਮਿਲ ਗਈ ਸੀ। ਵਧੀਆ ਘਟਨਾ ਉਹ ਵੀ। ਨਰਿੰਦਰ ਹਾਂਡਾ ਨਾਮ ਦਾ ਇਕ ਬੰਦਾ ਸੀ, ਉਹ ਮੈਨੂੰ ਜਾਣਦਾ ਸੀ ਪੰਜਾਬ ਤੋਂ ਕਿਸੇ ਦੇ ਰਾਹੀਂ। ਉਹ ਕਹਿੰਦਾ ਯਾਰ ਤੈਨੂੰ ਫਿਲਮ `ਚ ਲੈਣਾ ਪਰ ਤੂੰ ਇਸ ਲਈ ਗੰਜਾ ਹੋਣਾ। ਮੈਂ ਕਿਹਾ ਠੀਕ ਹੈ ਜੀ। ਉਸ ਫਿਲਮ ਦਾ ਨਾਂ ਸੀ ‘ਢੂੰਡਤੇ ਰਹਿ ਜਾਉਗੇ’। ਸੈਮੀ ਕਾਮੇਡੀ ਜਿਹੀ ਸੀ। ਟੀਨੂੰ ਆਨੰਦ ਸੀ, ਨਸੀਰਦੀਨ ਸ਼ਾਹ ਸੀ, ਇਹ ਸੀ ਲੋਕ। ਤੇ ਅਸੀਂ ਟੀਨੂੰ ਆਨੰਦ ਦੇ ਫੀਲੇ ਜਿਹੇ ਬਣੇ ਸੀ, ਚਮਚੇ ਜਿਹੇ, ਜਿਹੜੇ ਮਗਰ ਭੱਜੇ ਭੱਜੇ ਜਿਹੇ ਫਿਰਦੇ ਹੁੰਦੇ ਆ ਐਵੇਂ। ਪਰ ਉਨ੍ਹਾਂ ਨੇ ਮੈਨੂੰ ਪੈਸੇ ਵਧੀਆ ਦੇ ਦਿੱਤੇ ਸੀ। ਉਹ ਮੈਨੂੰ ਗੋਆ ਲੈ ਕੇ ਗਏ, ਸ਼ੂਟਿੰਗ `ਤੇ। ਉੱਥੇ ਰੱਖਿਆ। ਪਰ ਉੱਥੋਂ ਦੀ ਇਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਇਕ ਦਿਨ ਚਾਹ ਬਣਾ ਰਹੇ ਸੀ, ਬੰਦੇ ਗੋਆ `ਚ। ਸਟੋਵ `ਤੇ ਉਹ ਲੱਗੇ ਹੋਏ ਸਨ। ਪ੍ਰੋਡਕਸ਼ਨ ਵਾਲੇ ਬੰਦੇ। ਚਾਹ ਬਣਾ ਕੇ ਦੇ ਰਹੇ ਸੀ। ਲਾਈਟਾ ਲੂਈਟਾਂ ਵਾਲਿਆਂ ਨੂੰ ਅਤੇ ਬਾਕੀਆਂ ਨੂੰ। ਮੈਂ ਪੈਰਾਂ ਭਾਰ ਉਨ੍ਹਾਂ ਦੇ ਕੋਲ ਬਹਿ ਗਿਆ। ਮੈਂ ਕਿਹਾ ਦੇਖਾਂ ਤਾਂ ਸਹੀ ਕਿ ਕਿਵੇਂ ਇਹ ਸਾਰਾ ਸੰਦ ਸੌਲਾ ਜਿਹਾ ਚਲਾ ਰਹੇ ਹਨ। ਇਹ ਕਿਵੇਂ ਜਿਹੇ ਮਹਿਸੂਸ ਕਰ ਰਹੇ ਹਨ, ਕੰਮ ਕਰਦੇ ਹੋਏ। ਇੰਨੇ ਨੂੰ ਉਹ ਬੰਦਾ ਆ ਗਿਆ, ਜਿਹੜਾ ਮੈਨੂੰ ਲੈ ਕੇ ਗਿਆ ਸੀ। ਕਹਿੰਦਾ ਇੱਥੇ ਬੈਠਾ ਕੀ ਕਰਦਾ ਯਾਰ ਤੂੰ? ਇਹਨਾਂ `ਚ ਥੋੜ੍ਹਾ ਬੈਠਣਾ। ਤੂੰ ਐਕਟਰ ਹੈਂ ਯਾਰ ਐਕਟਰ। ਮੈਂ ਖਿੱਝ ਗਿਆ ਉਹਦੇ `ਤੇ ਬਹੁਤ ਬੁਰੀ ਤਰ੍ਹਾਂ। ਮੈਨੂੰ ਲੱਗਾ ਕਿ ਇਹਦਾ ਮਤਲਬ ਕੀ ਹੈ। ਮੈਂ ਉਹਨੂੰ ਬਹੁਤ ਗੰਦੀ ਗਾਲ੍ਹ ਕੱਢੀ। ਮੈਂ ਕਿਹਾ, ਸਾਲਿਆ ਤੂੰ ਮੇਰਾ ਦਿਲ ਦਿਮਾਗ ਖ੍ਰੀਦ ਲਿਆ ਹੈ। ਤੂੰ ਮੈਥੋਂ ਐਕਟਿੰਗ ਕਰਾਉਣੀ ਹੈ ਕਿ ਤੂੰ ਮੈਨੂੰ ਪੂਰੇ ਦਾ ਪੂਰਾ ਖ੍ਰੀਦ ਲਿਆ ਬਈ ਮੈਂ ਕੁਝ ਸੋਚ ਨਹੀਂ ਸਕਦਾ, ਮਹਿਸੂਸ ਨਹੀਂ ਕਰ ਸਕਦਾ ਕੁਝ ਹੋਰ। ਮੈਂ ਤਾਂ ਬੈਠੂੰਗਾ ਇੱਥੇ। ਮੇਰੇ ਪੈਸੇ ਦਿਉ, ਮੈਂ ਤਾਂ ਵਾਪਸ ਜਾਣਾ। ਬਾਅਦ `ਚ ਪਤਾ ਨਹੀਂ ਉਹਨੂੰ ਕੀ ਹੋਇਆ, ਉਹ ਢੈਲਾ ਪੈ ਗਿਆ। ਕਹਿੰਦਾ ਨਹੀਂ ਯਾਰ ਤੂੰ ਉਧਰ ਬੈਠਿਆ ਕਰ, ਨਸੀਰ ਸਾਹਿਬ ਕੋਲ ਬੈਠਿਆ ਕਰ। ਮੈਂ ਕਿਹਾ ਯਾਰ ਮੈਂ ਜਿੱਥੇ ਮਰਜ਼ੀ ਬੈਠਾਂ। ਚਲੋ ਜੀ, ਪਤਾ ਨਹੀਂ ਕਿਉਂ ਉਹ ਥਿਵ ਗਿਆ। ਉਹਨੇ ਮੈਨੂੰ ਕੁਝ ਨਹੀਂ ਕਿਹਾ, ਨਾ ਹੀ ਉਹਨੇ ਕਿਹਾ ਕਿ ਆਹ ਲੈ ਪੈਸੇ ਤੇ ਵਾਪਸ ਜਾ। ਉਹ ਫਿਲਮ ਜਿਹੀ ਪੂਰੀ ਹੋ ਗਈ ਪਰ ਚੱਲੀ-ਚੁੱਲੀ ਨਹੀਂ ਬਹੁਤੀ। ਪਰ ਉਸ ਫਿਲਮ ਦੇ ਦੌਰਾਨ, ਇਸ ਘਟਨਾ ਦੇ ਦੌਰਾਨ ਮੈਨੂੰ ਲੱਗਾ ਕਿ ਯਾਰ ਇਹ ਜਿਹੜੇ ਮੀਡੀਏ ਵਾਲੇ ਬੰਦੇ ਜਾਂ ਕੋਈ ਵੀ ਸਾਰੇ ਬੰਦੇ ਆ, ਯਾਰ ਬੰਦਾ ਬੰਦੇ ਨੂੰ ਇੱਥੇ ਕੋਈ ਸਮਝ ਨਹੀਂ ਪਾ ਰਿਹਾ। ਉਹ ਚਾਹ ਹੀ ਬਣਾ ਰਹੇ ਹਨ। ਐਕਟਰ ਕੋਈ ਵਿਸ਼ੇਸ਼ ਚੀਜ਼ ਕਿਉਂ ਹੈ? ਜੇ ਕੋਈ ਚਾਹ ਬਣਾ ਰਿਹਾ, ਕੋਈ ਐਕਟਿੰਗ ਕਰ ਰਿਹਾ, ਕੀ ਫਰਕ ਹੈ? ਕੀ ਫਰਕ ਹੈ? ਕੁਛ ਵੀ ਨਹੀਂ। ਇਹ ਕਿਉਂ ਕ੍ਰਿਏਟ ਕਰ ਰੱਖੀਆਂ ਅਸੀਂ ਚੀਜ਼ਾਂ? ਇਹ ਕਿਉਂ ਪਾੜੇ ਪਾ ਰੱਖੇ ਹਨ?
ਇਸ ਫਿਲਮ ਦੇ ਸੰਬੰਧ ਵਿੱਚ ਮੈਂ ਇਕ ਹੋਰ ਘਟਨਾ ਦੱਸਦਾ ਹਾਂ। ਜਦੋਂ ਮੈਨੂੰ ਪੈਸੇ ਮਿਲੇ…। ਮੈਨੂੰ ਲੱਗਦਾ ਹੈ ਕਿ ਮਨੁੱਖ ਜਿਹੜਾ ਇਹ ਪੈਸਾ ਧੇਲਾ ਬਣਾ ਬੈਠਾ ਹੈ ਨਾ, ਇਹਨੇ ਬਹੁਤ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਮੈਂ ਖਿੱਝ ਗਿਆ ਸੀ। ਜਦੋਂ ਮੈਨੂੰ ਪੈਸੇ ਮਿਲੇ, ਮੈਂ ਰਾਤ ਨੂੰ ਕਮਰੇ `ਚ ਲਿਆਇਆ ਪੈਸੇ, ਤੇ ਥੱਲੇ ਵਿਛਾ ਲਏ ਬਿਸਤਰੇ `ਤੇ। ਪਹਿਲਾਂ ਤਾਂ ਮੈਂ ਉਹਨਾਂ ਨੂੰ ਕੁੱਟਦਾ ਰਿਹਾ ਪੈਰਾਂ ਦੇ ਨਾਲ। ਮੈਂ ਕਿਹਾ ਯਾਰ ਇਹਨਾਂ ਹੀ ਕਾਗਜ਼ਾਂ ਨੇ ਜਿ਼ੰਦਗੀ `ਚ ਭੂਚਾਲ ਪਾ ਰੱਖਿਆ ਹੈ ਜਿ਼ੰਦਗੀ `ਚ। ਕਿਉਂ ਨਹੀਂ ਬੰਦੇ ਨੂੰ ਬੰਦਾ ਰਹਿਣ ਦਿੱਤਾ ਜਾ ਰਿਹਾ? ਫਿਰ ਮੈਂ ਜਿਵੇਂ ਵਾਣ ਦੇ ਮੰਜੇ `ਤੇ ਢੂਹੀ ਰਗੜਦੇ ਹੁੰਦੇ ਹਨ, ਐਂ ਮੈਂ ਲਾਹ ਕੇ ਕੱਪੜੇ ਪੂਰੀ ਢੂਹੀ ਰਗੜੀ ਉਹਨਾਂ ਨੋਟਾਂ `ਤੇ। ਫਿਰ ਮੈਨੂੰ ਲੱਗਾ ਕਿ ਪਾਟ ਹੀ ਨਾ ਜਾਣ ਕਿਤੇ (ਹਾਸਾ), ਫਿਰ ਇਕੱਠੇ ਕਰ ਲਏ। ਹਾਂ ਇਕੱਠੇ ਕਰ ਲਏ। ਆਖਿਰ ਨੂੰ ਮਨੁੱਖ ਹੀ ਹਾਂ। ਉਵੇਂ ਹੀ ਹੈ ਜੀਵਨ। ਇਕੱਠੇ ਕਰ ਲਏ। ਸਵੇਰ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸੱਦੇ ਦਿੱਤੇ ਕਿ ਆਉ ਭਾਈ ਰੱਜ ਕੇ ਖਾਈਏ ਪੀਈਏ।

ਸੋ ਇਸ ਕਿਸਮ ਦੀਆਂ ਘਟਨਾਵਾਂ ਬੰਬੇ ਚਲਦੀਆਂ ਰਹੀਆਂ। ਢਾਈ ਤਿੰਨ ਸਾਲ ਐਂ ਹੀ ਲੰਘ ਗਏ। ਫਿਰ ਅਚਾਨਕ ਹੀ ਮੈਨੂੰ ਚਮਕੌਰ ਸਾਹਿਬ ਤੋਂ ਸੱਦਾ ਆ ਗਿਆ। ਮੇਰਾ ਇਕ ਦੋਸਤ ਹੈ ਕੁਮਾਰ ਪਵਨਦੀਪ। ਉਹਨੇ ਚਮਕੌਰ ਸਾਹਿਬ ਇਕ ਨਾਟਕਾਂ ਦੀ ਟੀਮ ਤਿਆਰ ਕਰ ਰੱਖੀ ਸੀ। ਮੈਨੂੰ ਉਹਦਾ ਸੱਦਾ ਆ ਗਿਆ ਕਿ ਚਮਕੌਰ ਸਾਹਿਬ ਆ ਜਾ ਆਪਾਂ ਬੱਚਿਆਂ ਦਾ ਇਕ ਨਾਟਕ ਕਰਨਾ। ਮੈਂ ਜੀ, ਉਹ ਪੈਸੇ ਸੀ ਮੇਰੇ ਕੋਲ, ਮੈਂ ਚਮਕੌਰ ਸਾਹਿਬ ਆ ਗਿਆ। ਉੱਥੇ ਆ ਕੇ ਬੱਚਿਆਂ ਦੇ ਅਸੀਂ ਨਾਟਕ ਕਰਦੇ ਰਹੇ ਉੱਥੇ। ਬੱਚਿਆਂ ਦੀਆਂ ਜੋ ਸਮੱਸਿਆਵਾਂ ਸਨ, ਅਸੀਂ ਉਨ੍ਹਾਂ ਨੂੰ ਡਰਾਮਾਟਾਈਜ਼ ਕਰਦੇ ਸੀ। ਜਿੱਦਣ ਮੈਂ ਡੇਢ ਦੋ ਮਹੀਨਿਆਂ ਬਾਅਦ ਜਾਣ ਲੱਗਾ, ਤਾਂ ਉਹ ਬੱਚੇ, ਨੌਜਵਾਨ ਮੁੰਡੇ ਕੁੜੀਆਂ, ਛੋਟੇ ਵੀ, ਵੱਡੇ ਵੀ, ਸਾਰੇ ਇਕੱਠੇ ਹੋ ਗਏ, ਉਹ ਜਿਹੜਾ ਗਰੁੱਪ ਸੀ ਚਮਕੌਰ ਸਾਹਿਬ ਵਾਲਾ, ਉਹ ਵੀ। ਉਹ ਸਾਰੇ ਰੌਣ-ਰਾਣ ਲੱਗ ਪਏ। ਕਹਿੰਦੇ ਭਾਅ ਜੀ ਤੁਸੀਂ ਨਾਟਕ ਹੀ ਕਰਨੇ ਹਨ, ਤੁਸੀਂ ਥਿਏਟਰ ਹੀ ਕਰਨਾ, ਇੱਥੇ ਕਰ ਲਉ। ਤੁਸੀਂ ਕਿਹੜਾ ਬੰਬੇ ਫਿਲਮਾਂ ਖਾਤਰ ਗਏ ਹੋ। ਮੈਂ ਭਾਵਕ ਹੋ ਗਿਆ। ਫਿਰ ਆਪਾਂ ਚਾਰ ਕੁ ਸਾਲ ਉੱਥੇ ਰਹਿ ਪਏ। ਚਾਰ ਸਾਲ ਫਿਰ ਮੈਂ ਚਮਕੌਰ ਸਾਹਿਬ ਹੀ ਰਿਹਾ। ਉੱਥੇ ਨਾਟਕ ਖੇਡਦਾ ਰਿਹਾ, ਬੰਬੇ ਗਿਆ ਹੀ ਨਹੀਂ। ਨਾ ਕੋਈ ਜੁੱਲੀ ਤਪੜਾ ਚੁੱਕਣ ਗਿਆ ਆਪਣਾ ਨਾ ਕੁਛ ਹੋਰ।

? ਤੇ ਜਦੋਂ ਤੁਸੀਂ ਚਮਕੌਰ ਸਾਹਿਬ ਗਰੁੱਪ ਨਾਲ ਨਾਟਕ ਖੇਡਦੇ ਸੀ, ਉਹ ਕਿਸ ਕਿਸਮ ਦੇ ਨਾਟਕ ਸਨ ਅਤੇ ਤੁਸੀਂ ਉਹ ਨਾਟਕ ਕਿੱਥੇ ਖੇਡਦੇ ਸੀ?
- ਚਮਕੌਰ ਸਾਹਿਬ ਚੇਤਨਾ ਕਲਾ ਮੰਚ ਹੈ ਇਕ। ਉਹ ਜ਼ਿਆਦਾਤਰ ਇਨਕਲਾਬੀ ਵਿਚਾਰਧਾਰਾ ਦੇ ਹੀ ਬੰਦੇ ਸੀ। ਉਸ ਕਿਸਮ ਦੇ ਉਹ ਨਾਟਕ ਖੇਡਦੇ ਸੀ। ਉੱਥੇ ਅਸੀਂ ਬ੍ਰਤੋਲਤ ਬ੍ਰੈਖਤ ਦਾ ਨਾਟਕ ‘ਮਿੱਟੀ ਨਾ ਹੋਈ ਮਤਰੇਈ’ ਵੀ ਖੇਡਿਆ, ਦਮਨ ਹੁਰਾਂ ਦੇ ਨਾਟਕ ਵੀ ਖੇਡੇ, ਗਦਰੀ ਬਾਬਿਆਂ `ਤੇ ਵੀ ਨਾਟਕ ਖੇਡੇ। ‘ਕਿਰਨਾਂ ਦਾ ਕਾਫਲਾ’ ਵੀ ਖੇਡਿਆ। ਇਸ ਕਿਸਮ ਦੇ ਨਾਟਕ ਖੇਡੇ। ਜ਼ਿਆਦਾਤਰ ਇਨਕਲਾਬੀ ਨਾਟਕ ਕਰਦੇ ਸੀ।

? ਤੇ ਕਰਦੇ ਪਿੰਡਾਂ ਦੇ ਵਿੱਚ ਸੀ?
- ਪਿੰਡਾਂ ਦੇ ਵਿੱਚ। ਪੂਰੇ ਪੰਜਾਬ `ਚ। ਬਹੁਤ ਮਸ਼ਹੂਰ ਹੋ ਗਈ ਸੀ ਉਹ ਟੀਮ। ਅਸੀਂ ਦੋਸਤ ਸੀ ਦੋਵੇਂ ਮੈਂ ਅਤੇ ਪਵਨ। ਉਹ ਪਹਿਲਾਂ ਹੀ ਉੱਥੇ ਕੰਮ ਕਰ ਰਿਹਾ ਸੀ। ਅਸੀਂ ਦੋਹਾਂ ਜਣਿਆਂ ਨੇ ਰਾਇ ਕੀਤੀ। ਮੈਂ ਕਿਹਾ ਤੂੰ ਡਾਇਰੈਕਟਰ ਦੇ ਤੌਰ `ਤੇ ਕੰਮ ਕਰ ਮੈਂ ਐਕਟਰ ਦੇ ਤੌਰ `ਤੇ ਡਿਵੈਲਪ ਕਰਦਾ ਹਾਂ। ਬਈ ਆਪਾਂ ਆਪੋ ਆਪਣੇ ਖੇਤਰ ਚੁਣ ਲਈਏ। ਤੂੰ ਡਾਇਰੈਕਸ਼ਨ `ਚ ਆ ਜਾ ਅਤੇ ਮੈਂ ਐਕਟਿੰਗ `ਚ ਆ ਜਾਂਦਾ ਹਾਂ। ਫਿਰ ਮੈਂ ਐਕਟਿੰਗ `ਚ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਦੋਂ। ਇਕ ਦਮਨ ਹੁਰਾਂ ਦਾ ਪਲੇਅ ਹੈ ‘ਛਿਪਣ ਤੋਂ ਪਹਿਲਾਂ’ ਭਗਤ ਸਿੰਘ `ਤੇ। ਉਹਦੇ ਵਿੱਚ ਮੈਂ ਬੋਘੇ ਦਾ ਰੋਲ ਕੀਤਾ, ਭੰਗੀ ਦਾ। ਤੇ ਸ਼ਾਇਦ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ, ਲੋਕ ਕਹਿੰਦੇ ਹਨ ਕਿ ਉਹ ਬਹੁਤ ਅੱਛਾ ਹੋਇਆ। ਪਾਤਰ ਦਾ ਅਹਿਸਾਸ, ਉਹਦੀ ਫੀਲਿੰਗ ਕੀ ਹੈ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਭਗਤ ਸਿੰਘ ਜਦੋਂ ਉਹਨੂੰ ਕਹਿੰਦਾ ਬਈ ਬੋਘਿਆ, ਇਸ ਤਰ੍ਹਾਂ ਦਾ ਨਾਂ ਹੈ ਉਹਦਾ, ਤੇ ਉਹ ਜਦੋਂ ਪਿਆਰ ਨਾਲ ਉਸ ਨੂੰ ਬੇਬੇ ਕਹਿ ਕੇ ਬੁਲਾਉਂਦਾ ਹੈ ਤਾਂ ਉਦੋਂ ਬੋਘਾ ਰੋਣ ਲੱਗ ਜਾਂਦਾ ਹੈ। ਜਿਹਦੇ ਅਰਥ ਇਸ ਤਰੀਕੇ ਦੇ ਨਿਕਲਦੇ ਸੀ ਉਹਦੇ `ਚੋਂ। ਉਹ ਕਹਿੰਦਾ ਯਾਰ ਸਾਨੂੰ ਤਾਂ ਕਦੇ ਐਂ ਕਿਸੇ ਨੇ ਬੁਲਾਇਆ ਹੀ ਨਹੀਂ। ਭਗਤ ਸਿੰਘ ਬੋਘੇ ਨੂੰ ਬੇਬੇ ਕਹਿੰਦਾ ਕਿ ਤੂੰ ਤਾਂ ਮੇਰੀ ਬੇਬੇ ਆਂ। ਬੋਘਾ ਕਹਿੰਦਾ ਨਹੀਂ ਤੂੰ ਮੈਨੂੰ ਬੇਬੇ ਬੇਬੇ ਨਾ ਕਿਹਾ ਕਰ। ਕਮਾਲ ਦਾ ਡਾਇਲਾਗ ਲਿਖਿਆ ਦਮਨ ਹੁਰਾਂ ਨੇ। ਭਗਤ ਸਿੰਘ ਉਹਨੂੰ ਕਹਿੰਦਾ ਯਾਰ ‘ਛੋਟੇ ਹੁੰਦਿਆਂ ਮੇਰੀ ਬੇਬੇ ਮੇਰਾ ਗੰਦ ਚੁੱਕਦੀ ਰਹੀ ਹੈ। ਹੁਣ ਕਾਲ ਕੋਠੜੀ `ਚ ਤੂੰ ਮੇਰਾ ਗੰਦ ਚੁੱਕਦਾ ਹੈਂ। ਫਿਰ ਤੂੰ ਵੀਂ ਤਾਂ ਮੇਰੀ ਬੇਬੇ ਹੋਈ ਨਾ।’ ਕਮਾਲ ਦੀ ਗੱਲ ਸੀ ਇਹ। ਯਾਰ ਬੰਦੇ ਧਾਹਾਂ ਮਾਰਨ ਲੱਗ ਜਾਂਦੇ ਸਨ ਉੱਥੇ। ਕੀ ਯਾਰ ਆਹ… ਸੱਚਮੁੱਚ ਬਈ ਅਸੀਂ ਗੰਦ ਚੁੱਕਣ ਵਾਲਿਆਂ ਨੂੰ, ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਬੰਦਿਆਂ ਨੂੰ ਕਿਹੜੇ ਦਰਜੇ `ਤੇ ਲੈ ਕੇ ਜਾ ਰਹੇ ਹਾਂ। ਕਿਹੜੇ ਲੈਵਲ `ਤੇ ਅਸੀਂ ਉਹਨੂੰ ਸਮਝ ਰਹੇ ਹਾਂ, ਮਹਿਸੂਸ ਕਰ ਰਹੇ ਹਾਂ। ਬਹੁਤ ਕਮਾਲ ਦਾ ਸੀ। ਉਹ ਨਾਟਕ ਫਿਰ ਬਹੁਤ ਪਾਪੁਲਰ ਹੋਇਆ ਪੰਜਾਬ ਦੇ ਵਿੱਚ। ਉਹਨੂੰ ਅਸੀਂ ਬਹੁਤ ਖੇਡਿਆ।

? ਤੁਸੀਂ ਕਹਿੰਦੇ ਹੋ ਕਿ ਉਸ ਵੇਲੇ ਤੁਸੀਂ ਐਕਟਿੰਗ `ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਆਪ ਨੂੰ ਤਿਆਰ ਕਰਨ ਲਈ। ਜਿਹੜਾ ਆਪਣਾ ਰੋਲ ਸੀ ਉਸ ਨੂੰ ਕਿਵੇਂ ਤਿਆਰ ਕਰਦੇ ਸੀ? ਕਿਵੇਂ ਤੁਸੀਂ ਮਹਿਸੂਸ ਕਰਦੇ ਸੀ, ਕਿਸੇ ਵੀ ਪਾਤਰ ਦੀ ਤਿਆਰੀ ਕਰਦੇ ਸਮੇਂ?
- ਮੇਰੇ ਤਿਆਰੀ ਕਰਨ ਦੇ ਜਿਹੜੇ ਤਰੀਕੇ ਸੀ ਉਹਨਾਂ ਵਿੱਚ ਸੀ ਇਕ ਤਾਂ ਮੈਂ ਸਵੇਰੇ ਉੱਠਣਾ, ਮੈਂ ਆਪਣਾ ਅਭਿਆਸ ਕਰਨਾ, ਯੋਗ ਦਾ ਅਭਿਆਸ ਕਰਨਾ, ਸੈਰ ਲਈ ਨਿਕਲਣਾ, ਦੌੜਨਾ। ਇਸ ਕਿਸਮ ਦੀਆਂ ਚੀਜ਼ਾਂ ਸੀ। ਅਵਾਜ਼ `ਤੇ ਮੈਂ ਬਹੁਤ ਅਭਿਆਸ ਕਰਦਾ ਰਿਹਾਂ। ਇਕ ਕਮਰਾ ਹੁੰਦਾ ਸੀ, ਸਾਹਮਣੇ ਹੀ ਉੱਥੇ ਸਾਡੇ। ਜਿਹੜੇ ਘਰ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਸੀ, ਬਹੁਤ ਵੱਡਾ ਸ਼ੀਸ਼ਾ ਲੱਗਾ ਹੁੰਦਾ ਸੀ। ਉਹਦੇ ਸਾਹਮਣੇ ਐਕਸਰਸਾਈਜ਼ਾਂ ਕਰਦੇ ਰਹਿਣਾ। ਇਹ ਹੁੰਦਾ ਸੀ ਕਿ ਸਵੇਰੇ ਤੋਂ ਉੱਠ ਕੇ ਰੋਟੀ ਖਾ ਲਈ। ਫਿਰ ਸਾਰਾ ਸਾਰਾ ਦਿਨ ਰਿਹਰਸਲ ਚਲਦੀ ਸੀ। ਮੁੱਖ ਤੌਰ `ਤੇ ਇਹ ਗੱਲਾਂ ਹੁੰਦੀਆਂ ਸੀ ਉੱਥੇ। ਇਹੋ ਜਿਹਾ ਸੈਂਟਰ ਬਣ ਗਿਆ ਸੀ ਉਹ। ਸਾਰਾ ਸਾਰਾ ਦਿਨ ਰਿਹਰਸਲ ਚੱਲਦੀ ਰਹਿੰਦੀ ਸੀ। ਮੈਂ ਹਮੇਸ਼ਾਂ ਹੀ ਕਹਿੰਦਾ ਹਾਂ ਕਿ ਜਦੋਂ ਵੀ ਤੁਹਾਡੀ ਕੋਈ ਕਲਾ ਹੈ, ਖਾਸ ਤੌਰ `ਤੇ ਰੰਗਮੰਚ ਦੀ, ਉਸ ਵਿੱਚ ਜਦੋਂ ਤੁਸੀਂ ਐਕਟਿੰਗ ਕਰ ਰਹੇ ਹੋ ਜਾਂ ਕੋਈ ਪਾਤਰ ਤਿਆਰ ਕਰ ਰਹੇ ਹੋ, ਜਾਂ ਜਿਹੜੇ ਨਾਟਕ ਤੁਸੀਂ ਕਰ ਰਹੇ ਹੋ, ਉਨ੍ਹਾਂ ਵਿੱਚ ਨਾਹਰਾ ਥੋੜ੍ਹਾ ਜਿਹਾ ਘੱਟ ਹੋਵੇ ਤੇ ਫੀਲਿੰਗ ਨਾਲ, ਅਹਿਸਾਸ ਹੋਣ, ਜਜ਼ਬਾਤ ਹੋਣ ਤਾਂ ਜੋ ਦੂਜੇ ਬੰਦੇ ਵੀ ਜੁੜ ਸਕਣ। ਇਹ ਮੇਰੇ ਅੰਦਰ ਕਿਤੇ ਚੀਜ਼ਾਂ ਉਦੋਂ ਚੱਲੀ ਜਾਂਦੀਆਂ ਸੀ। ਤੇ ਮੇਰੇ ਫੋਕਸ ਦੇ ਵਿੱਚ ਇਹ ਹੀ ਸੀ। ਤੇ ਜਦੋਂ ਮੈਂ ਆਪਣੇ ਪਾਤਰ ਵੀ ਕਰਦਾ ਸੀ, ਉਹ ਇਮੋਸ਼ਨਜ਼ ਦੇ ਬਹੁਤ ਨੇੜੇ ਹੁੰਦੇ ਸੀ। ਹਿਊਮਨ ਲਾਈਫ ਦੇ ਵਿੱਚ ਜੋ ਇਮੋਸ਼ਨਜ਼ ਨੇ ਜੋ ਜਜ਼ਬਾਤ ਨੇ ਉਹਨਾਂ ਨੂੰ ਟੱਚ ਕੀਤਾ ਜਾਵੇ। ਇਹ ਮੇਰੀ ਬੇਸਿਕ ਤਿਆਰੀ ਦੇ ਸਾਧਨ ਸਨ।

? ਤੁਸੀਂ ਮਹਿਸੂਸ ਕਰਦੇ ਸੀ ਬਈ ਨਾਹਰੇ ਨਾਲੋਂ ਜੇ ਤੁਸੀਂ ਭਾਵਨਾਵਾਂ ਨੂੰ ਛੋਹਣ ਦੀ ਕੋਸਿ਼ਸ਼ ਕਰੋ ਤਾਂ ਤੁਸੀਂ ਜ਼ਿਆਦਾ ਕਾਮਯਾਬ ਹੋ ਸਕਦੇ ਹੋ ਦੂਸਰੇ ਬੰਦੇ ਨੂੰ ਟੱਚ ਕਰਨ ਲਈ?
- ਬਿਲਕੁਲ। ਕਿਉਂਕਿ ਬੇਸਿਕਲੀ ਤਾਂ ਦੂਸਰੇ ਨੂੰ ਕਲਾਵਾਂ ਸੈਂਸਟਾਇਜ਼ ਕਰਦੀਆਂ ਹਨ, ਸੰਵੇਦਨਸ਼ੀਲ ਬਣਾਉਂਦੀਆਂ ਹਨ। ਜਦੋਂ ਅਸੀਂ ਅੰਦਰੋਂ ਸੰਵੇਦਨਸ਼ੀਲ ਹੋਵਾਂਗੇ, ਨਾਲ ਨਾਲ ਸਮਝਦਾਰੀ ਵੀ ਚਲਦੀ ਰਹੇਗੀ। ਮੈਂ ਉਸ ਤੋਂ ਮੁਨਕਰ ਨਹੀਂ ਹੁੰਦਾ ਕਿ ਤੁਹਾਡੀ ਪੁਲੀਟੀਕਲ ਸਮਝ ਜਾਂ ਸਮਾਜਕ ਸਮਝ, ਉਹ ਨਾਲ ਚੱਲੇ। ਪਰ ਇਹਨੂੰ ਅਸੀਂ ਇਕੱਲੇ ਐਂ ਪੱਥਰਾਂ ਵਾਂਗੂੰ ਨਾ ਕਰੀਏ। ਊਂ ਨਹੀਂ। ਨਾਲ ਜਜ਼ਬਾਤਾਂ, ਭਾਵਨਾਵਾਂ ਨਾਲ ਵੀ ਕਲਾਵਾਂ ਜੁੜਨ। ਉਹ ਵੀ ਅਹਿਮ ਹਨ।

? ਚਾਰ ਸਾਲ ਚਮਕੌਰ ਸਾਹਿਬ ਦੀ ਟੀਮ ਦੇ ਨਾਲ ਕੰਮ ਕੀਤਾ। ਫਿਰ ਉਸ ਤੋਂ ਬਾਅਦ ਕਿੱਥੇ ਗਏ?
- ਇਹਨਾਂ ਚਾਰ ਸਾਲਾਂ ਦੇ ਦੌਰਾਨ ਮੈਨੂੰ ਲੱਗਾ ਕਿ ਅਸੀਂ ਨਾਹਰੇਬਾਜ਼ੀ `ਤੇ ਥੋੜ੍ਹਾ ਜਿਹਾ ਵੱਧ ਜ਼ੋਰ ਦੇ ਰਹੇ ਹਾਂ। ਇਕ ਜਿਹੜੇ ਵਿਸ਼ੇ ਸੀ ਨਾ, ਮੈਂ ਕਿਤੇ ਨਾ ਕਿਤੇ ਹੌਲੀ ਹੌਲੀ ਗਰੀਬਾਂ ਵਾਲੇ ਪਾਸੇ ਨੂੰ ਵੱਧ ਆਉਣਾ ਚਾਹ ਰਿਹਾ ਸੀ। ਜਿਹੜੇ ਵਿਸ਼ੇ ਹਨ, ਉਹ ਮਜ਼ਦੂਰਾਂ ਨਾਲ ਵੱਧ ਸੰਬੰਧਤ ਹੋਣ। ਕਿਤੇ ਨਾ ਕਿਤੇ ਮੈਂ ਜਾਤਪਾਤ ਬਾਰੇ ਵੀ ਸੋਚ ਰਿਹਾ ਸੀ। ਮੈਂ ਇੱਥੇ ਚਮਕੌਰ ਸਾਹਿਬ ਹੀ ਨਾਟਕ ਤਿਆਰ ਕੀਤਾ ਸੀ ਜੂਠ। ਗੁਰਸ਼ਰਨ ਭਾਅ ਜੀ ਕਾਸਟ (ਜਾਤ) ਦੇ ਮੁੱਦੇ `ਤੇ ਆਪਣੇ ਨਾਟਕਾਂ ਵਿੱਚ ਗੱਲ ਕਰਦੇ ਸੀ, ਬਈ ਜਾਤ ਦਾ ਆਹਾ ਆਹਾ ਦੁੱਖ ਦਰਦ ਹਢਾਉਂਦੇ ਹਨ ਬੰਦੇ। ਪਰ ਮੈਨੂੰ ਲੱਗਦਾ ਸੀ ਇਸ ਦੀ ਹੋਰ ਲੋੜ ਹੈ ਅਜੇ। ਬਈ ਇਸ ਬਾਰੇ ਸਿੱਧੇ ਤੌਰ `ਤੇ ਪੂਰੇ ਪੂਰੇ ਨਾਟਕ ਹੋਣ। ਨਾ ਕਿ ਕੋਈ ਇਕ ਅੱਧਾ ਪਾਤਰ ਕਿਸੇ ਨਾਟਕ ਦੇ ਵਿੱਚ ਹੋਵੇ। ਫਿਰ ਜੂਠ ਕੀਤਾ ਸੀ। ਜੂਠ ਚਮਕੌਰ ਸਾਹਿਬ ਦੀ ਟੀਮ ਵਲੋਂ ਕੀਤਾ ਗਿਆ ਸੀ ਪਹਿਲੀ ਵਾਰ। ਇਕ ਮਈ `ਤੇ ਜਦੋਂ ਇਹ ਖੇਡਿਆ ਗਿਆ, ਫਿਰ ਗੁਰਸ਼ਰਨ ਭਾਅ ਜੀ ਨੇ ਬਿਲਕੁਲ ਸਿੱਧੇ ਤੌਰ `ਤੇ ਇਹ ਗੱਲ ਕਹਿ ਦਿੱਤੀ ਕਿ ਇਹ ਜਿਹੜੇ ਨਾਟਕ ਹਨ, ਇਸ ਕਿਸਮ ਦੇ ਇਹ ਪੰਜਾਬ `ਚ ਹੋਣੇ ਬਹੁਤ ਜ਼ਰੂਰੀ ਹਨ। ਉਹਨਾਂ ਨੇ ਮੇਰੇ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ। ਇਹਦੇ `ਤੇ ਆਰਟੀਕਲ ਵੀ ਲਿਖਿਆ।

ਫਿਰ ਚਾਰ ਕੁ ਸਾਲ ਚਮਕੌਰ ਸਾਹਿਬ ਰਹਿਣ ਤੋਂ ਬਾਅਦ ਮੈਨੂੰ ਲੱਗਾ ਕਿ ਹੁਣ ਥੋੜ੍ਹੀ ਤਬਦੀਲੀ ਕਰਨੀ ਚਾਹੀਦੀ। ਮੈਨੂੰ ਆਪਣੇ ਲੈਵਲ `ਤੇ ਚੀਜ਼ਾਂ ਨੂੰ ਕਰਨਾ ਚਾਹੀਦਾ ਹੈ। ਮੈਂ ਚਮਕੌਰ ਸਾਹਿਬ ਛੱਡ ਕੇ ਪਟਿਆਲੇ ਆ ਗਿਆ। ਪਟਿਆਲੇ ਆ ਕੇ ਮੈਂ ਨੁੱਕੜ ਨਾਟਕ ਦੀ ਪਰੰਪਰਾ ਸ਼ੁਰੂ ਕਰ ਦਿੱਤੀ। ਪਟਿਆਲੇ ਆ ਕੇ ਮੈਂ ਬਲਜਿੰਦਰ ਨਸਰਾਲੀ ਦੀ ਕਹਾਣੀ `ਤੇ ਆਧਾਰਿਤ ਨਾਟਕ ‘ਘਸਿਆ ਹੋਇਆ ਆਦਮੀ’ ਗਲੀਆਂ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਫਿਰ ਮੈਂ ਪਿੰਡਾਂ ਨੂੰ ਨਿਕਲ ਗਿਆ। ਪਿੰਡਾਂ ਦੇ ਵਿੱਚ ਵੀ ਜਾ ਜਾ ਕੇ ਨਾਟਕ ਕਰਨੇ। ਦੋ ਕੁ ਸਾਲ ਮੈਂ ਰਿਹਾ ਇਥੇ ਪਟਿਆਲੇ। ਜਦੋਂ ਅਸੀਂ ਚਮਕੌਰ ਸਾਹਿਬ ਵਾਲੀ ਟੀਮ ਵਿੱਚ ਸੀ ਤਾਂ ਅਸੀਂ ਐਧਰ ਨੂੰ ਨਿਕਲਦੇ ਹੁੰਦੇ ਸੀ ਲਹਿਰੇਗਾਗੇ ਵੱਲ ਦੇ ਏਰੀਏ ਨੂੰ। ਮਾਨਸਾ, ਬਠਿੰਡਾ ਵੱਲ ਨੂੰ। ਤੇ ਮੈਨੂੰ ਲੱਗਦਾ ਸੀ ਕਿ ਇਹ ਬਹੁਤ ਬੈਕਵਾਰਡ ਏਰੀਆ ਹੈ, ਇੱਥੇ ਆ ਕੇ ਮੈਂ ਕਦੇ ਕੰਮ ਕਰਾਂ। ਪਟਿਆਲੇ ਦੋ ਕੁ ਸਾਲ ਲਾਉਣ ਤੋਂ ਬਾਅਦ ਮੈਂ ਮਿੱਥ ਲਿਆ ਕਿ ਹੁਣ ਆਪਾਂ ਲਹਿਰੇਗਾਗੇ ਵੱਲ ਚਲਦੇ ਹਾਂ।

ਵਿਆਹ ਮੇਰਾ ਹੋ ਚੁੱਕਾ ਸੀ। ਜਸਵਿੰਦਰ ਹੈ ਮੇਰੀ ਵਾਈਫ ਦਾ ਨਾਂ। ਉਹਨੂੰ ਮੈਂ ਕਿਹਾ ਬਈ ਕਿਵੇਂ ਕਰੀਏ। ਕਹਿੰਦੀ ਕੀ? ਮੈਂ ਕਿਹਾ ਆਪਾਂ ਲਹਿਰੇ ਵੱਲ ਚੱਲਦੇ ਹਾਂ। ਉਧਰ ਨਾਟਕ ਟੀਮ ਬਣਾ ਕੇ ਸਾਰੇ ਪਿੰਡਾਂ `ਚ ਕੰਮ ਕਰਾਂਗੇ। ਉੱਧਰ ਦੇ ਏਰੀਏ ਵਿੱਚ। ਉਹ ਕਹਿੰਦੀ ਠੀਕ ਹੈ। ਤਾਂ ਮੈਂ ਸੁਨਾਮ ਜਾ ਕੇ ਰਹਿਣਾ ਚਾਹੁੰਦਾ ਸੀ ਬਈ ਸੁਨਾਮ ਕੋਈ ਇਹੋ ਜਿਹਾ ਘਰ ਲਵਾਂ ਜਿੱਥੇ ਰੀਹਰਸਲ ਲਈ ਮੈਨੂੰ ਜਗ੍ਹਾ ਮਿਲ ਜਾਏ। ਪਰ ਉੱਥੇ ਮੈਨੂੰ ਮਿਲਿਆ ਨਹੀਂ ਇਹੋ ਜਿਹਾ ਕੋਈ ਘਰ। ਮੇਰਾ ਇਕ ਦੋਸਤ ਹੈ ਕੰਵਲਜੀਤ ਢੀਂਡਸਾ, ਲਹਿਰੇ ਦੇ ਵਿੱਚ ਉਹਦਾ ਆਪਦਾ ਇਕ ਸਕੂਲ ਹੈ। ਉਹ ਮੈਨੂੰ ਕਹਿੰਦਾ ਤੂੰ ਇੱਥੇ ਆ ਜਾ ਯਾਰ। ਤੇ ਚੰਗਾਲੀ ਆਲੀ ਮੈਨੂੰ ਘਰ ਮਿਲ ਗਿਆ ਸੀ। ਇਹਨੀ ਦਿਨੀ ਮੇਰਾ ਚੰਗਾਲੀ ਆਲੀ ਘਰ ਹੈ। ਉੱਥੇ ਕਿਸੇ ਮੇਰੇ ਦੋਸਤ ਦਾ ਘਰ ਸੀ। ਉਹਨੇ ਮੈਨੂੰ ਚਾਬੀ ਦਿੱਤੀ ਹੋਈ ਸੀ। ਉਹ ਕਹਿੰਦਾ ਯਾਰ ਤੂੰ ਉੱਥੇ ਜਾ ਕੇ ਰਹਿ, ਸੁਨਾਮ ਨਾ ਰਹਿ। ਮੈਂ ਉਸ ਘਰੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਡੇਢ ਦੋ ਕਿਲੋਮੀਟਰ ਦਾ ਈ ਫਰਕ ਹੈ ਲਹਿਰੇ ਦਾ ਅਤੇ ਚੰਗਾਲੀ ਆਲੀ ਦਾ। ਡੇਢ ਕੁ ਕਿਲੋਮੀਟਰ ਦਾ। ਵਿੱਚੇ ਹੀ ਹੈ ਲਗਭਗ ਲਹਿਰੇ ਦੇ। ਉੱਥੇ ਫਿਰ ਸੈਂਟਰ ਬਣਾਇਆ। ਤੇ ਹੁਣ ਘੱਟੋ ਘੱਟ 15 ਸਾਲ ਤੋਂ ਉੱਪਰ ਹੋ ਗਏ ਹਨ। ਹੁਣ ਉੱਥੇ ਹੀ ਸਾਰਾ ਕੰਮ ਚੱਲ ਰਿਹਾ। ਅਜੇ ਤੱਕ ਵੀ। ਭਾਵੇਂ ਕਿ ਮੇਰੀ ਜਿਹੜੀ ਜੀਵਨ ਸਾਥਣ ਹੈ, ਜਸਵਿੰਦਰ ਉਹ ਪਿਛਲੇ ਅੱਠ ਸਾਲਾਂ ਤੋਂ ਚੰਡੀਗੜ੍ਹ `ਚ ਅਧਿਆਪਕ ਹੈ। ਪਰ ਮੇਰੀ ਜਿਹੜੀ ਟੀਮ ਹੈ, ਮੇਰਾ ਜਿਹੜਾ ਸੈਂਟਰ ਹੈ ਉਹ ਲਹਿਰੇਗਾਗੇ ਹੈ। ਮੈਂ ਚੰਡੀਗੜ੍ਹ `ਚ ਆਪਣੀ ਟੀਮ ਨਹੀਂ ਬਣਾਈ। ਉਹਦਾ ਕਾਰਨ ਇਹ ਸੀ ਕਿ ਮੈਨੂੰ ਲਗਦਾ ਸੀ ਕਿ ਮੈਂ ਆਪਣੀ ਐਨਰਜੀ ਵੱਧ ਅਜੇ ਉੱਥੇ ਲਾਵਾਂ। ਜਿਵੇਂ ਜਿਵੇਂ ਐਨਰਜੀ ਘਟੇਗੀ, ਚਲੋ ਫਿਰ ਕਿਤੇ ਘਰ ਬੈਠ ਕੇ ਵੀ ਕੰਮ ਕਰ ਲਵਾਂਗੇ, ਚੰਡੀਗੜ੍ਹ ਜਾਂ ਹੋਰ ਕਿਤੇ ਕੰਮ ਚੱਲ ਸਕਦਾ ਹੈ। ਪਹਿਲਾਂ ਮੈਂ ਆਪਣੀ ਪੂਰੀ ਐਨਰਜੀ ਪਿੰਡਾਂ ਦੇ ਵਿੱਚ ਲਾਵਾਂ। ਤੇ ਉਹਨਾਂ ਦੇ ਵਿੱਚ ਜਿਹੜਾਂ ਮੇਰਾ ਫੋਕਸ ਹੈ, ਜ਼ਿਆਦਾਤਰ ਉਹ ਹੈ ਕਿ ਸ਼ੋਅ ਕਰਾਉਣ ਵਾਸਤੇ ਮੈਨੂੰ ਬੁਲਾ ਲੈਂਦੇ ਬੰਦੇ, ਕਿਸਾਨ ਜਥੇਬੰਦੀਆਂ ਦੇ ਲੋਕ ਨੇ, ਕਾਮਰੇਡ ਵਿਚਾਰਧਾਰਾ ਦੇ ਲੋਕ ਨੇ। ਇਕ ਇਹ ਤਰੀਕਾ ਹੈ। ਦੂਸਰਾ ਜਿਹੜਾ ਮੇਰਾ ਖੁਦ ਦਾ ਆਪਣਾ ਤਰੀਕਾ ਹੈ, ਉਹ ਇਹ ਹੈ ਕਿ ਮੈਂ ਸਰਕਾਰੀ ਸਕੂਲਾਂ `ਚ ਜਾਂਦਾ ਹਾਂ। ਸਰਕਾਰੀ ਸਕੂਲਾਂ `ਚ ਜਾ ਕੇ ਅਸੀਂ ਬੱਚਿਆਂ ਨਾਲ ਕੁਛ ਤਾਂ ਪਹਿਲਾਂ ਅਸੀਂ ਆਪਣੇ ਲਿਖੇ ਹੋਏ ਨਾਟਕ ਖੇਡਦੇ ਰਹੇ ਹਾਂ ਬਹੁਤ ਦੇਰ ਤਾਂ ਆਪਣੇ ਤਿਆਰ ਕੀਤੇ ਹੋਏ ਨਾਟਕ। ਹੁਣ ਬੱਚਿਆਂ ਦੀਆਂ ਕਹਾਣੀਆਂ ਨੂੰ ਲੈ ਕੇ ਮੌਕੇ `ਤੇ ਉਹਨਾਂ ਨੂੰ ਨਾਟਕ ਖੇਡਣ ਦਾ ਤਰੀਕਾ ਦੱਸੀਦਾ ਹੈ ਕਿ ਕਿਵੇਂ 10-15-20 ਮਿੰਟ ਦੇ ਵਿੱਚ ਤੁਸੀਂ ਨਾਟਕ ਤਿਆਰ ਕਰ ਸਕਦੇ ਹੋ, ਬਿਨਾਂ ਕੋਈ ਪੈਸਾ ਖਰਚੇ ਦੇ। ਪਲੇਅ ਦੇ ਮੈਥਡ ਨਾਲ। ਉਹ ਅਸੀਂ ਕਰਦੇ ਹਾਂ ਕੰਮ। ਨਾਲ ਆਪ ਇਕ ਟੀਮ ਬੱਚਿਆਂ ਦਾ ਨਾਟਕ ਖੇਡਦੀ ਹੈ। ਇਕ ਤਾਂ ਉਹਨਾਂ ਨੂੰ ਬਣਾਉਣ ਦਾ ਤਰੀਕਾ ਦਸਦੇ ਹਾਂ। ਮੌਕੇ `ਤੇ ਖਿਡਾ ਦਿੰਦੇ ਹਾਂ ਉਹਨਾਂ ਤੋਂ। ਨਾਲ ਇਕ ਨਾਟਕ ਆਪ ਟੀਮ ਖੇਡਦੀ ਹੈ। ਉਹ ਉਧਰਲੇ ਸਕੂਲਾਂ `ਚ ਮਾਲਵੇ ਵਾਲਿਆਂ `ਚ ਸਾਰਿਆਂ `ਚ, ਜਿੱਥੇ ਤੱਕ ਜਾ ਸਕਦੇ ਹਾਂ। ਉੱਥੇ ਕਿਸੇ ਅਧਿਆਪਕ ਨੂੰ ਕਹੀਦਾ ਹੈ ਕਿ ਅਸੀਂ ਆ ਰਹੇ ਹਾਂ, ਨਾਟਕ ਕਰਨੇ ਹਨ। ਜਾਂ ਆਪਣੇ ਆਪ ਵੀ ਚਲੇ ਜਾਈਦਾ ਹੈ। ਦੂਸਰਾ ਤਰੀਕਾ ਇਹ ਹੈ।

? ਤੁਹਾਡੇ ਹੁਣ ਦੇ ਕੰਮ ਬਾਰੇ ਆਪਾਂ ਬਾਅਦ `ਚ ਗੱਲ ਕਰਦੇ ਹਾਂ, ਪਹਿਲਾਂ ਪਟਿਆਲੇ ਦੀ ਗੱਲ ਖਤਮ ਕਰ ਲਈਏ। ਪਟਿਆਲੇ ਦੀ ਰਿਹਾਇਸ਼ ਦੇ ਦੌਰਾਨ, ਇਕ ਤਾਂ ਤੁਸੀਂ ‘ਘਸਿਆ ਹੋਇਆ ਆਦਮੀ’ ਖੇਡਿਆ, ਉਸ ਤੋਂ ਬਿਨਾਂ ਹੋਰ ਕਿਹੜੇ ਨਾਟਕ ਕੀਤੇ ਉਨ੍ਹਾਂ ਦਿਨਾਂ `ਚ?
- ‘ਘਸਿਆ ਹੋਇਆ ਆਦਮੀ’ ਹੀ ਮੈਂ ਜ਼ਿਆਦਾ ਉੱਥੇ ਕਰਦਾ ਰਿਹਾਂ। ਉੱਥੇ ਇਕ ਦੋ ਹੋਰ ਨਾਟਕ ਕੀਤੇ ਪਰ ਉਹ ਪਹਿਲੇ ਪੁਰਾਣੇ ਨਾਟਕ ਹੀ ਸੀਗੇ, ਜਿਹੜੇ ਅਸੀਂ ਚਮਕੌਰ ਸਾਹਿਬ ਕਰਦੇ ਹੁੰਦੇ ਸੀ, ਉਸ ਕਿਸਮ ਦੇ ਸੀ। ਇੱਥੋਂ ਤੱਕ ਕਿ ਮੈਂ ‘ਬਾਲ ਭਗਵਾਨ’, ਨਾਟਕ ਵੀ ਕੀਤਾ ਜਿਹੜਾ ਨਾਟਕ ਤਰਕਸ਼ੀਲਤਾ ਨਾਲ ਜੁੜਿਆ ਹੋਇਆ ਸੀ, ਵੱਡਾ ਨਾਟਕ ਸੀ ਜਿਸ ਨੂੰ ਅੱਠ ਦਸ ਜਣੇ ਕਰਦੇ ਸੀ। ਜ਼ਿਆਦਾਤਰ ਅਸੀਂ ਉੱਥੇ ‘ਘਸਿਆ ਹੋਇਆ ਆਦਮੀ’ ਹੀ ਕਰਦੇ ਰਹੇ, ਨੁੱਕੜ ਨਾਟਕਾਂ `ਚ ਅਸੀਂ। ਥੋੜ੍ਹਾ ਟਾਇਮ ਹੀ ਰਿਹਾ ਨਾ ਮੈਂ ਉੱਥੇ ਡੇਢ ਦੋ ਸਾਲ ਹੀ।

? ਤੇ ਹੁਣ ਤੁਹਾਡੇ ਹੁਣ ਦੇ ਕੰਮ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਬਈ ਤੁਸੀਂ ਨੁੱਕੜ ਨਾਟਕ ਚੁਣਿਆ। ਤੁਸੀਂ ਦੂਜੀ ਤਰ੍ਹਾਂ ਦੇ ਨਾਟਕ ਜਿਹਨਾਂ `ਚ ਜ਼ਿਆਦਾ ਕਲਾਕਾਰ ਹੋਣ ਜਾਂ ਜਿਸ ਨਾਟਕ `ਚ ਵੱਡੇ ਸੈੱਟ ਦੀ ਲੋੜ ਹੋਵੇ, ਤੁਸੀਂ ਉਸ ਤਰ੍ਹਾਂ ਦਾ ਨਾਟਕ ਕਰਨ ਦੀ ਚੋਣ ਨਹੀਂ ਕੀਤੀ। ਤੁਸੀਂ ਨੁੱਕੜ ਨਾਟਕ ਨੂੰ ਹੀ ਕਿਉਂ ਚੁਣਿਆ? ਇਹ ਜਿਹੜੀ ਵਿਧਾ ਹੈ, ਉਹ ਕਿਉਂ ਚੁਣੀ?
- ਇਹ ਚੀਜ਼ਾਂ ਮੈਂ ਪ੍ਰੈਕਟੀਕਲੀ ਸਿੱਖੀਆਂ ਅਤੇ ਨਾਲ ਦੀ ਨਾਲ ਮੇਰੀ ਸਮਝ ਵੀ ਵਿਕਾਸ ਕਰਦੀ ਰਹੀ ਹੈ। ਉਹ ਕਿਵੇਂ ਕਿ ਮੈਂ ਸ਼ੈਕਸਪੀਅਰ ਨੂੰ ਵੀ ਕੀਤਾ, ਮੈਕਬੈੱਥ ਨੂੰ ਵੀ ਕੀਤਾ। ਪੱਚੀ-ਤੀਹ ਜਣੇ ਸੀ ਅਸੀਂ। ਹੁਣ ਜੇ ਮੇਰੀ ਚਾਰ ਕੁ ਬੰਦਿਆਂ ਦੀ ਟੀਮ ਹੈ, ਉਦੂੰ ਪਹਿਲਾਂ ਪੰਦਰਾਂ-ਪੰਦਰਾਂ, ਵੀਹ-ਵੀਹ ਜਣੇ ਵੀ ਹੁੰਦੇ ਸੀ। ਪਰ ਉਹਦੇ `ਚ ਨਾਲ ਨਾਲ ਮੈਂ ਸਿੱਖਦਾ ਰਹਿੰਦਾ ਸੀ ਕਿ ਇਹ ਚੀਜ਼ਾਂ ਕਿਵੇਂ ਹੋਣ? ਸ਼ੈਲੀ ਕੋਈ ਹੋਰ ਸ਼ੈਲੀ ਕ੍ਰਿਏਟ ਹੋਵੇ? ਵੱਡੀ ਟੀਮ ਦੇ ਖਰਚੇ ਪੂਰੇ ਨਹੀਂ ਸੀ ਹੁੰਦੇ। ਕਰਾਉਣ ਵਾਲੇ ਪ੍ਰਬੰਧਕ ਤੁਹਾਡਾ ਦਸ ਪੰਦਰਾਂ ਬੰਦਿਆਂ ਦਾ ਖਰਚਾ ਕਿੱਥੋਂ ਝੱਲਣ? ਫਿਰ ਸਾਊਂਡ ਦਾ ਪੰਗਾ। ਅਜੇ ਤੱਕ ਪੰਜਾਬ ਦੇ ਵਿੱਚ ਬੰਦਿਆਂ ਤੋਂ, ਜੇ ਉਨ੍ਹਾਂ ਦੀ ਦਸ ਬਾਰਾਂ ਬੰਦਿਆਂ ਦੀ ਟੀਮ ਹੋਵੇ ਅਤੇ ਉਹ ਸਟੇਜ `ਤੇ ਘੁੰਮ ਰਹੀ ਹੋਵੇ, ਸਾਊਂਡ ਹੀ ਕਲੀਅਰ ਨਹੀਂ ਹੁੰਦੀ। ਕਿਸੇ ਦੇ ਮਾਈਕ ਨੂੰ ਕੁਛ ਹੋ ਜਾਂਦਾ ਹੈ, ਕਿਸੇ ਦਾ ਕੈਚਰ ਹੀ ਨਹੀਂ ਚਲਦਾ। ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਹੈ। ਫਿਰ ਜਿਵੇਂ ਮੈਕਬੈੱਥ ਨੂੰ ਕੀਤਾ, ਇਕ ਵਾਰ 25-30 ਬੰਦੇ ਇਕੱਠੇ ਕਰਕੇ ਕਰ ਲਿਆ, ਉਹ ਖਰਚਾ ਏਨਾ ਹੋ ਗਿਆ, ਉਹ ਪੂਰਾ ਹੀ ਨਹੀਂ ਹੋਇਆ। ਨਾਲ ਨਾਲ ਇਹ ਹੋ ਗਿਆ ਕਿ ਇਹ ਜਿਹੜੀਆਂ ਚੀਜ਼ਾਂ ਨੇ, ਮੈਨੂੰ ਇਸ ਤਰ੍ਹਾਂ ਲੱਗਾ ਕਿ ਇਹਦੇ ਨਾਲ ਮੈਨੂੰ ਇਹ ਤਾਂ ਲੱਗ ਰਿਹਾ ਕਿ ਮੈਂ ਬਹੁਤ ਵੱਡਾ ਡਾਇਰੈਕਟਰ ਬਣ ਰਿਹਾ ਹਾਂ ਪਰ ਅਸਲ ਕੰਮ `ਚ ਕਿਤੇ ਪ੍ਰਾਬਲਮ ਜ਼ਰੂਰ ਹੈ। ਫਿਰ ਮੈਂ ਇਹਦੇ `ਤੇ ਕੱਟ ਮਾਰ ਦਿੱਤਾ।

? ‘ਅਸਲ ਕੰਮ ਦੇ ਵਿੱਚ ਪ੍ਰਾਬਲਮ ਹੈ’, ਇਹ ਤੁਹਾਨੂੰ ਕਿਉਂ ਲੱਗਾ?
- ਉਹ ਇਸ ਕਰਕੇ ਕਿ ਜਿਹੜੇ ਲੋਕਾਂ ਤੱਕ ਮੈਂ ਪਹੁੰਚ ਕਰਨੀ ਚਾਹ ਰਿਹਾ ਸੀ, ਉਹਦੇ `ਚ ਘਾਟ ਰਹਿ ਰਹੀ ਸੀ। ਜਦੋਂ ਅਸੀਂ ਵੱਡੇ ਨਾਟਕ ਕਰਦੇ ਹਾਂ ਤਾਂ ਉਹ ਕਿਹਨਾਂ ਥਾਂਵਾਂ `ਤੇ ਕਰਾਂਗੇ। ਉਹਨਾਂ ਥਾਂਵਾਂ `ਤੇ ਜਿਹਨਾਂ ਕੋਲ ਸਮਰੱਥਾ ਹੈ ਕਰਾਉਣ ਦੀ। ਤੇ ਇਹ ਗਰੀਬ ਗੁਰਬੇ ਤਾਂ ਫੇਰ ਰਹਿ ਗਏ। ਇੱਥੋਂ ਤੱਕ ਕਿ ਮੈਂ ਆਪਣਾ ਓਪਨ ਏਅਰ ਥਿਏਟਰ ਬਣਾ ਲਿਆ ਇੱਥੇ। ਲਹਿਰੇ ਦੇ ਵਿੱਚ। ਦੋ ਹਜ਼ਾਰ ਦੋ ਦੇ ਕਰੀਬ ਸ਼ਾਇਦ। ਓਪਨ ਏਅਰ ਥਿਏਟਰ ਬਣਾ ਲਿਆ। ਉੱਥੇ ਵੀ ਮੇਰੇ ਸਰਕਲ ਦੇ ਵਿੱਚ ਜਿਹੜੇ ਲੋਕ ਨਾਟਕ ਦੇਖਣ ਆਉਂਦੇ ਸੀ, ਉਹ ਥੋੜ੍ਹੇ ਜਿਹੇ ਘਰੋਂ ਠੀਕ ਸੀ ਜਾਂ ਅਧਿਆਪਕ ਜਾਂ ਇਸ ਕਿਸਮ ਦੇ ਲੋਕ ਸੀ। ਮੈਂ ਉਹਨੂੰ ਥੋੜ੍ਹਾ ਜਿਹਾ ਟਾਇਮ ਚਲਾਇਆ, ਉਦੂੰ ਬਾਅਦ ਉਹਨੂੰ ਭੰਨ ਦਿੱਤਾ। ਭੰਨ ਦਿੱਤਾ ਦਾ ਮਤਲਬ ਹੈ ਕਿ ਮੈਂ ਉੱਥੇ ਸ਼ੋਅ ਕਰਨੇ ਬੰਦ ਕਰ ਦਿੱਤੇ । ਮੈਂ ਕਿਹਾ ਯਾਰ ਇਥੇ ਤਾਂ ਉਹ ਹੀ ਆ ਰਹੇ ਹਨ, ਜਿਹਨਾਂ ਦੇ ਘਰ ਦੇ ਵਿੱਚ ਵੀ ਸੁਵਿਧਾ ਹੋ ਸਕਦੀ ਹੈ। ਉਹ ਫਿਲਮਾਂ ਲਿਆ ਕੇ ਦੇਖ ਸਕਦੇ ਹਨ ਜਾਂ ਸਾਧਨਾਂ `ਤੇ ਆ ਕੇ ਦੇਖ ਸਕਦੇ ਹਨ। ਉਹ ਬੰਦੇ ਜਿਹਨਾਂ ਕੋਲ ਕੋਈ ਨਹੀਂ ਜਾਂਦਾ, ਉੱਥੇ ਕਿਵੇਂ ਪਹੁੰਚ ਕੀਤੀ ਜਾਵੇ। ਉਹ ਫਿਰ ਤਰੀਕਾ ਲੱਭਿਆ ਕਿ ਇਕ ਦੋ ਬੰਦਿਆਂ ਵਾਲੇ ਨਾਟਕ ਲਉ ਅਤੇ ਸਿੱਧੇ ਜਾਉ ਵਿਹੜਿਆਂ `ਚ। ਵਿਹੜੇ ਚੁਣਨੇ ਚਾਹੁੰਦਾ ਸੀ ਅਸਲ `ਚ ਮੈਂ ਕਿਤੇ ਨਾ ਕਿਤੇ। ਦਲਿਤਾਂ ਦੇ ਵਿਹੜੇ ਤੇ ਛੋਟੇ ਕਿਸਾਨ। ਬਈ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਕੰਮ ਕੀਤਾ ਜਾਵੇ। ਇਹ ਮੇਰੇ ਫੋਕਸ `ਤੇ ਹੈ।

? ਜਿਹੜੀ ਤੁਸੀਂ ਗੱਲ ਆਪਣੇ ਸਕੂਲ ਟਾਇਮ ਦੀ, ਕਾਲਜ ਟਾਇਮ ਦੀ ਦੱਸੀ ਸੀ ਕਿ ਭੰਗੀਆਂ ਦੀ ਬਸਤੀ `ਚ ਨਾਟਕ ਕਰਨ ਦੀ ਤੁਹਾਡੀ ਇੱਛਾ ਸੀ, ਤੁਸੀਂ ਉਹਨਾਂ ਦਰਸ਼ਕਾਂ ਨੂੰ ਤਿਆਗਿਆ ਨਹੀਂ ਤੁਸੀਂ ਸਦਾ ਉਹਦੇ ਵੱਲ ਮੁੜ ਕੇ ਜਾਣਾ ਚਾਹੁੰਦੇ ਰਹੇ?
- ਉਹ ਗੱਲ ਪੂਰੀ ਹੋ ਗਈ। ਉਹ ਮੇਰੇ ਸੁਫਨੇ ਪੂਰੇ ਹੋ ਗਏ। ਬਿਲਕੁਲ। ਵਾਰ ਵਾਰ ਮੈਨੂੰ ਇਸ ਤਰ੍ਹਾਂ ਲੱਗਦਾ ਰਿਹਾ ਅਤੇ ਮੈਂ ਮੁੜਦਾ ਰਿਹਾਂ। ਸਮਰੱਥਾ ਹੁੰਦੀ ਹੈ ਨਾ। ਕਈ ਵਾਰ ਤੁਸੀਂ ਉਸ ਲੈਵਲ `ਤੇ ਆਪਣੀ ਸਮਝ ਨਹੀਂ ਡਿਵੈਲਪ ਕਰ ਪਾਉਂਦੇ ਜਾਂ ਤੁਹਾਡੇ ਕੋਲ ਸਾਧਨ ਨਹੀਂ ਹੁੰਦੇ ਜਾਂ ਤੁਹਾਡੇ ਅੰਦਰ ਹੰਡਰਡ ਪਰਸੈਂਟ ਕਲੈਰਟੀ (ਸਪਸ਼ਟਤਾ) ਨਹੀਂ ਹੁੰਦੀ। ਪਰ ਹੌਲੀ ਹੌਲੀ ਜੇ ਤੁਸੀਂ ਸੋਚਦੇ ਰਹਿੰਦੇ ਹੋ, ਤੁਸੀਂ ਕਲੀਅਰ ਹੁੰਦੇ ਰਹਿੰਦੇ ਹੋ। ਅੰਤ ਇਹੋ ਜਿਹਾ ਆ ਗਿਆ ਕਿ ਹੁਣ ਮੇਰਾ ਸਾਰਾ ਈ ਕੰਮ, ਜ਼ਿਆਦਾਤਰ ਕੰਮ ਜਿਹੜਾ ਹੈ ਉਹ ਵਿਹੜਿਆ `ਤੇ ਹੈ।

? ਹੁਣ ਜਿਹੜਾ ਕੰਮ ਤੁਸੀਂ ਕਰਦੇ ਹੋ, ਉਹਦੇ ਬਾਰੇ ਮੈਨੂੰ ਦੱਸੋ। ਤੁਸੀਂ ਥੋੜ੍ਹਾ ਇਸ਼ਾਰਾ ਪਹਿਲਾਂ ਕੀਤਾ ਕਿ ਤੁਸੀਂ ਸਕੂਲਾਂ ਵਿੱਚ ਨਾਟਕ ਕਰਦੇ ਹੋ, ਵਿਹੜਿਆਂ `ਚ ਕਰਦੇ ਹੋ। ਇਕ ਗੱਲ ਤਾਂ ਤੁਸੀਂ ਇਹ ਕਰ ਲਈ ਬਈ ਤੁਸੀਂ ਆਪਣਾ ਥਿਏਟਰ ਉੱਥੇ ਲੈ ਕੇ ਜਾਣਾ, ਜਿੱਥੇ ਲੋਕ ਹੋਣ, ਨਾ ਕਿ ਤੁਸੀਂ ਕਿਸੇ ਸੈਂਟਰ ਵਿੱਚ ਲੋਕਾਂ ਨੂੰ ਉਡੀਕਣਾ ਬਈ ਤੁਹਾਡਾ ਥਿਏਟਰ ਦੇਖਣ ਆਉਣ। ਇਹ ਜਿਹੜੀ ਪਿਰਤ ਆਪਣੇ ਪੰਜਾਬ ਵਿੱਚ ਪਹਿਲਾਂ ਵੀ ਹੈਗੀ ਆ, ਤੁਸੀਂ ਇਕ ਕਿਸਮ ਦਾ ਉਹਨੂੰ ਪਸਾਰ ਦੇ ਰਹੇ ਹੋ ਜਾਂ ਉਹਨੂੰ ਕੰਟਿਨਿਊ ਕਰ ਰਹੇ ਹੋ…
- ਹਾਂ ਭਾਅ ਜੀ ਹੁਰਾਂ ਦਾ ਕੰਮ ਰਿਹਾ ਖਾਸਾ…

? ਭਾਅ ਜੀ ਹੁਰਾਂ ਦਾ ਵੀ ਜਾਂ ਉਹਨਾਂ ਤੋਂ ਪਹਿਲਾਂ ਕਮਿਊਨਿਸਟ ਪਾਰਟੀਆਂ ਦਾ ਵੀ। ਉਹ ਵੀ ਪਿੰਡ ਪਿੰਡ ਜਾ ਕੇ ਨਾਟਕ ਕਰਦੀਆਂ ਸਨ। ਇਕ ਤਾਂ ਤੁਸੀਂ ਇਹ ਕਰ ਲਿਆ ਕਿ ਤੁਸੀਂ ਥਿਏਟਰ ਨੂੰ ਲੋਕਾਂ ਕੋਲ ਲੈ ਕੇ ਜਾਣਾ ਹੈ। ਤੁਹਾਡੇ ਨਾਟਕਾਂ ਦੇ ਵਿਸ਼ੇ ਹੁਣ ਕੀ ਹੁੰਦੇ ਹਨ?
- ਮੈਂ ਜਿਹੜਾ ਥਿਏਟਰ ਕਰ ਰਿਹਾ ਹਾਂ, ਜਿਸ ਮੁੱਖ ਪਾਸੇ ਮੈਂ ਆਪਣੇ ਰੰਗਮੰਚ ਨੂੰ ਸੇਧਿਤ ਕੀਤਾ ਹੈ, ਉਹ ਹੈਗੇ ਨੇ ਦਲਿਤ। ਮੈਂ ਕਿਸੇ ਨਾ ਕਿਸੇ ਤਰੀਕੇ ਮੋੜਾ ਪਾ ਕੇ ਉਨ੍ਹਾਂ ਲੋਕਾਂ ਦੀ ਗੱਲ ਹੀ ਕਰਨੀ ਹੈ। ਇਕ ਤਾਂ ਉਹ ਮੇਰੇ ਨਾਟਕਾਂ ਦੇ ਵਿੱਚ ਵਿਸ਼ਾ ਹਨ। ਮੇਨ ਵਿਸ਼ਾ ਉਹ ਲੋਕ ਹਨ। ਦੂਸਰਾ ਫਿਰ ਹੈਗਾ, ਮੈਂ ਫੁੱਲ ਟਾਇਮ ਕੰਮ ਕਰਦਾ ਹਾਂ, ਹੋਰ ਕੋਈ ਕੰਮ ਨਹੀਂ ਕਰਦਾ। ਪੂਰਾ ਟਾਇਮ ਰੰਗਮੰਚ ਕਰਦਾ ਹਾਂ। ਜਿਹੜੇ ਪ੍ਰਬੰਧਕ ਨੇ ਉਹ ਤਾਂ ਮੈਥੋਂ ਇਕ ਦੋ ਨਾਟਕ ਕਰਵਾ ਲੈਣਗੇ। ਬਾਕੀ ਟਾਇਮ ਮੈਂ ਕੀ ਕਰਨਾ ਹੈ? ਇਸ ਤੋਂ ਮੈਂ ਆਪਦਾ ਤਰੀਕਾ ਇਹ ਲੱਭਿਆ ਕਿ ਖੁਦ ਜਾਉ। ਉਨ੍ਹਾਂ ਬਸਤੀਆਂ `ਚ, ਉਨ੍ਹਾਂ ਵਿਹੜਿਆਂ `ਚ। ਮੈਂ ਸਿਰਫ ਸੱਥਾਂ `ਚ ਨਾਟਕ ਨਹੀਂ ਕਰਦਾ। ਮੈਂ ਨਾਟਕਾਂ ਨੂੰ ਲੋਕਾਂ ਦੇ ਘਰਾਂ `ਚ ਵੀ ਕਰ ਦਿੰਦਾ ਹਾਂ। ਜਿੱਥੇ ਕੋਈ ਜਾਂਦਾ ਹੀ ਨਹੀਂ ਮੈਂ ਉੱਥੇ ਪਹੁੰਚਣਾ ਹੈ। ਜਿੱਥੇ ਤੁਹਾਨੂੰ ਕੋਈ ਜਾਣਦਾ ਹੀ ਨਹੀਂ ਉੱਥੇ ਪਹੁੰਚਣਾ ਹੈ। ਡਫਲੀ ਖੜਕਾਉਣੀ ਲੋਕਾਂ ਨੂੰ ਇਕੱਠੇ ਕਰਨਾ ਬਈ ਆਜੋ ਭਾਈ ਤੁਹਾਡੀ ਜਿ਼ੰਦਗੀ ਨਾਲ ਸੰਬੰਧਤ ਨਾਟਕ ਪੇਸ਼ ਕੀਤਾ ਜਾਊਗਾ। ਅਸੀਂ ਹੋਕਾ ਦਿੰਦੇ ਹਾਂ। ਹੋਕੇ ਦੌਰਾਨ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਬੱਚੇ ਹੋ ਗਏ, ਹੋਰ ਲੋਕ ਹੋ ਗਏ। ਫਿਰ ਉਨ੍ਹਾਂ ਨੂੰ ਮੈਂ ਨਾਲ ਇਨਵਾਲਵ ਕਰ ਲੈਂਦਾ ਹਾਂ। ਬਈ ਯਾਰ ਆਪਾਂ ਨਾਟਕ ਕਿੱਥੇ ਕਰੀਏ? ਆਪਾਂ ਇਹੋ ਜਿਹਾ ਨਾਟਕ ਕਰਨਾ ਹੈ, ਗਰੀਬ ਬੰਦਿਆਂ ਬਾਰੇ ਕਰਨਾ ਹੈ, ਤੁਹਾਡੇ ਬਾਰੇ ਕਰਨਾ ਹੈ। ਉਹ ਕਹਿ ਦਿੰਦੇ ਹਨ, ਆਪਾਂ ਇੱਥੇ ਸੱਥ `ਚ ਕਰ ਲੈਂਦੇ ਹਾਂ, ਖੁੱਲ੍ਹੇ ਥਾਂ। ਮੈਂ ਕਹਿੰਦਾ ਨਹੀਂ ਯਾਰ, ਆਪਾਂ ਬੰਦੇ ਹੀ ਥੋੜ੍ਹੇ ਹੋਵਾਂਗੇ। ਆਪਾਂ ਕਿਤੇ ਹੋਰ ਕਰਦੇ ਹਾਂ। ਕਰਦੇ ਕਰਾਉਂਦੇ, ਹੋਕਾਂ ਦਿੰਦੇ ਅਸੀਂ ਕਿਸੇ ਨਾ ਕਿਸੇ ਘਰ `ਚ ਵੜ ਜਾਂਦੇ ਹਾਂ। ਫਿਰ ਘਰ `ਚ ਨਾਟਕ ਸ਼ੁਰੂ ਕਰ ਦੇਈਦਾ ਹੈ। ਭਾਵੇਂ ਭੀੜਾ ਹੋਵੇ ਘਰ। ਜਿੰਨਾ ਘਰ ਭੀੜਾ ਹੋਏਗਾ ਉਨਾ ਹੀ ਵਧੀਆ ਜਾਏਗਾ ਨਾਟਕ। ਆਪਣੇ ਆਪ ਲੋਕ ਡਸਿਪਲਨ `ਚ ਬੈਠ ਜਾਂਦੇ ਹਨ। ਆਪਣੇ ਆਪ ਪੱਲੀਆਂ ਵਿਛਾ ਲੈਂਦੇ ਹਨ। ਕੋਈ ਕੰਧਾਂ `ਤੇ ਚੜ੍ਹ ਗਿਆ, ਕੋਈ ਖੁਰਲੀਆਂ `ਤੇ ਬਹਿ ਗਿਆ। ਕੋਠੇ `ਤੇ ਚੜ੍ਹ ਗਿਆ। ਹਰ ਕੋਈ ਆਪੋ ਆਪਣੀ ਥਾਂ ਲੱਭ ਲੈਂਦਾ ਹੈ। ਖੁੱਲ੍ਹ ਹੁੰਦੀ ਹੈ ਹਰ ਇਕ ਨੂੰ। ਪਹਿਲਾਂ ਜਦੋਂ ਨਾਟਕ ਪੇਸ਼ ਕੀਤਾ ਜਾਂਦਾ ਹੈ, ਉਸ ਤੋਂ ਪਹਿਲਾਂ ਤਾਂ ਭਵਾਂ ਉਪਰਾਪਨ ਮਹਿਸੂਸ ਕਰਦੇ ਹਨ, ਬਾਅਦ `ਚ ਰਿਸ਼ਤਾ ਹੀ ਬਦਲ ਜਾਂਦਾ ਹੈ। ਨਾਟਕ ਪੇਸ਼ ਕਰਨ ਤੋਂ ਬਾਅਦ ਪੱਲਾ ਵਿਛਾ ਦਿੰਦੇ ਹਾਂ, ਡਫਲੀ ਰੱਖ ਦਿੰਦੇ ਹਾਂ। ਬਈ ਜੇ ਕਿਸੇ ਨੂੰ ਠੀਕ ਲੱਗਾ ਕੁਛ ਪਾ ਦਿਉ। ਲੋਕ ਆਟਾ ਦਾਣਾ ਪਾ ਦਿੰਦੇ ਹਨ, ਅਸੀਂ ਉਹ ਚੁੱਕ ਕੇ ਅਗਾਂਹ ਤੁਰ ਪੈਂਦੇ ਹਾਂ। ਪਰ ਜਦੋਂ ਅਸੀਂ ਜਾਂਦੇ ਹਾਂ, ਉਦੋਂ ਕਈ ਵਾਰ ਉਨ੍ਹਾਂ ਦਾ ਰਵੱਈਆ ਹੋਰ ਹੁੰਦਾ ਹੈ। ਜਦੋਂ ਨਾਟਕ ਦੇਖ ਲੈਂਦੇ ਹਨ, ਜਦੋਂ ਨਾਟਕ ਦੇਖਦੇ ਹਨ, ਫਿਰ ਰਵੱਈਆ ਬਦਲ ਜਾਂਦਾ ਹੈ। ਫਿਰ ਸਾਨੂੰ ਰੋਟੀ ਪਾਣੀ ਵੀ ਖਵਾਉਣ ਤੱਕ ਜਾਂਦੇ ਹਨ। ਫਿਰ ਸਾਨੂੰ ਕਹਿਣਗੇ ਯਾਰ ਹਰ ਮਹੀਨੇ ਹੀ ਆ ਜਾਇਆ ਕਰੋ। ਇਕ ਥਾਂ ਮੈਨੂੰ ਇਕ ਬੁੜੀ ਕਹਿੰਦੀ, ਉਹਨੇ ਏਨਾ ਕੁ ਗੁੜ ਪਾਇਆ, ਕਹਿੰਦੀ ਪੁੱਤ ਮੈਂ ਤੈਨੂੰ ਹੋਰ ਥੋੜ੍ਹੇ ਬਹੁਤੇ ਪੈਸੇ ਵੀ ਦੇ ਦਿਆ ਕਰੂੰ ਭਵਾਂ ਦਸ ਕੁ ਰੁਪਈਏ ਹੀ। ਪੁੱਤ ਤੂੰ ਹਰ ਮਹੀਨੇ ਹੀ ਆ ਜਾਇਆ ਕਰ। ਬੱਸ। ਮੈਂ ਸੋਚਦਾ ਹਾਂ ਕਿ ਜਿਹੜੀਆਂ ਸਾਡੀਆਂ ਕਲਾਵਾਂ ਹਨ, ਉਹ ਮਨੁੱਖ ਨਾਲ ਰਿਸ਼ਤਾ ਕਿਵੇਂ ਬਣਾਉਣ, ਦੱਬੇ ਕੁਚਲਿਆਂ ਨਾਲ ਰਿਸ਼ਤਾ ਕਿਵੇਂ ਬਣਾਉਣ। ਮੈਂ ਜਿਹੜੇ ਫਲਸਫੇ ਵਿੱਚ ਵਿਸ਼ਵਾਸ ਕਰਦਾ ਹਾਂ, ਉਹ ਫਲਸਫਾ ਹੈਗਾ ਹੈ, ਕਿ ਜੇ ਕਰ ਸਮਾਜ ਨੂੰ ਤੁਸੀਂ ਬਿਹਤਰ ਬਣਾਉਣਾ ਹੈ ਤਾਂ ਸਭ ਤੋਂ ਵੱਧ ਜਿਹੜਾ ਦੱਬਿਆ ਕੁਚਲਿਆਂ ਬੰਦਾ ਹੈ, ਉਹਦੇ ਨਾਲ ਖੜ੍ਹੋ, ਉਹਦੀ ਗੱਲ ਕਰੋ।

? ਇਕ ਤਾਂ ਤੁਸੀਂ ਦਲਿਤ ਵਿਹੜਿਆਂ `ਚ ਜਾਣ ਦੀ ਗੱਲ ਕੀਤੀ ਹੈ, ਅਤੇ ਉਹਦਾ ਤੁਸੀਂ ਰਿਐਕਸ਼ਨ ਦੱਸਿਆ ਹੈ। ਤੁਸੀਂ ਕਿਹਾ ਹੈ ਕਿ ਮੈਂ ਸੱਥਾਂ `ਚ ਨਾਟਕ ਨਹੀਂ ਕਰਦਾ, ਮੈਂ ਘਰਾਂ ਦੇ ਵਿੱਚ ਜਾ ਕੇ ਜ਼ਿਆਦਾ ਕਰਦਾ ਹਾਂ। ਇਹ ਕਿਉਂ?
- ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਟੀ ਵੀ ਹੈ ਉਹਦੀ ਤੁਸੀਂ ਕਾਟ ਕਿਵੇਂ ਕਰਨੀ ਹੈ। ਟੀ ਵੀ ਗਰੀਬ ਤੋਂ ਗਰੀਬ ਬੰਦਿਆਂ ਦੀਆਂ ਝੌਂਪੜੀਆਂ ਤੱਕ ਪਹੁੰਚ ਗਿਆ ਹੈ। ਇਹ ਬਹੁਤ ਵੱਡੀ ਸਾਜਸ਼ ਹੈ। ਜਿਵੇਂ ਫੋਨ ਹਰ ਇਕ ਬੰਦਾ, ਗਰੀਬ ਤੋਂ ਗਰੀਬ ਚੁੱਕੀ ਫਿਰਦਾ ਹੈ। ਉਲਝਾ ਦਿੱਤੇ ਹਨ ਬੰਦੇ। ਤੇ ਮੈਨੂੰ ਲੱਗਦਾ ਸੀ ਕਿ ਜੇ ਟੀ ਵੀ ਘਰ ਤੱਕ ਪਹੁੰਚ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ। ਅਸੀਂ ਤਾਂ ਜਿਉਂਦੇ ਜਾਗਦੇ ਹਾਂ, ਸਾਡੀ ਪਾਵਰ ਵੱਧ ਹੋਏਗੀ। ਉਸ ਪਾਵਰ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ। ਜਦੋਂ ਅਸੀਂ ਹੁਣ ਨਾਟਕ ਖੇਡਦੇ ਹਾਂ ਗਲੀ ਦੇ ਵਿੱਚ ਜਾਂ ਘਰਾਂ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕਿ ਜਿਸ ਸਮੇਂ ਮੈਂ ਨਾਟਕ ਖੇਡ ਰਿਹਾ ਹੋਵਾਂ ਕੋਈ ਬੰਦਾ ਟੀ ਵੀ ਤੋਂ ਨਾ ਉੱਠੇ। ਇਹ ਘਟਨਾਵਾਂ ਨੇ। ਟੀ ਵੀ ਬੰਦ ਕਰ ਦਿੰਦੇ ਨੇ ਉਸ ਟਾਇਮ ਲੋਕ। ਇਕ ਨਾਟਕ ਦਮਨ ਸਾਹਿਬ ਦਾ ਜਿਹੜਾ ‘ਛਿਪਣ ਤੋਂ ਪਹਿਲਾਂ’, ਉਹ ਸਟੇਜ `ਤੇ ਕੀਤਾ ਜਾਂਦਾ ਹੈ। ਮੈਂ ਉਹ ਨਾਟਕ ਕਿਸੇ ਦੇ ਘਰੇ ਖੇਡ ਰਿਹਾ ਸੀ। ਇਕ ਔਰਤ ਰੋਟੀਆਂ ਪਕਾ ਰਹੀ ਸੀ, ਭੱਠੇ `ਤੇ ਉਹਨਾਂ ਦੇ ਘਰ ਦੇ ਕੰਮ ਕਰਦੇ ਸੀ। ਬੰਦੇ ਉਹ ਜਿਹੜੇ, ਜਿਹਨਾਂ ਨੂੰ ਮੈਂ ਕਿਹਾ ਸੀ ਕਿ ਤੁਹਾਡੇ ਘਰ ਨਾਟਕ ਕਰਨਾ, ਉਹ ਕਹਿੰਦੇ ਚੱਲ ਇਹਨੂੰ ਹਟਾ ਦਿਉ, ਹਟਾ ਦਿਉ। ਇਹ ਨਾਟਕ ਦੇਖ ਲਊਗੀ, ਰੋਟੀਆਂ ਦਾ ਬਾਅਦ `ਚ ਕਰ ਲਊਗੀ। ਮੈਂ ਕਿਹਾ ਕਿਉਂ ਬਈ? ਇਹਨੂੰ ਪਕਾ ਲੈਣ ਦਿਉ। ਇੱਥੇ ਦ੍ਰਿਸ਼ ਚੱਲੀ ਜਾਂਦਾ ਹੈ, ਨਾਲ ਉਹ ਰੋਟੀਆਂ ਪਕਾਈ ਜਾਂਦੀ ਹੈ। ਰੋਟੀਆਂ ਪਕਾਈ ਗਈ, ਨਾਲ ਨਾਟਕ ਦੇਖੀ ਗਈ। ਨਾਟਕ ਖਤਮ ਹੋਇਆ, ਉਹਦੀਆਂ ਰੋਟੀਆਂ ਵੀ ਖਤਮ ਹੋ ਗਈਆਂ। ਉਹਨੇ ਪੋਣੇ `ਚ ਰੋਟੀਆਂ ਬੰਨੀਆਂ। ਤੇ ਮੈਨੂੰ ਕਹਿੰਦੀ “ਬਾਈ ਇਹ ਤਾਂ ਬਹੁਤ ਵਧੀਆ ਸੀ ਨਾਟਕ।” ਜਿਹੋ ਜਿਹੀ ਜਿ਼ੰਦਗੀ ਅਸੀਂ ਜੀਅ ਰਹੇ ਹਾਂ, ਉਹਦੇ ਵਿੱਚ ਹੀ ਪਈ ਹੈ ਨਾਟਕ ਵਾਲੀ ਸਾਰੀ ਗੱਲਬਾਤ ਸਾਡੀ ਪੇਸ਼ ਕਰਨ ਵਾਲੀ `ਤੇ ਵਿਸਿ਼ਆਂ ਵਾਲੀ ਅਤੇ ਜਾਂ ਦੇਖਣ ਵਾਲੀ। ਉਹ ਆਪਣਾ ਕਾਰਜ ਵੀ ਕਰੀ ਗਈ ਅਤੇ ਨਾਲ ਨਾਟਕ ਵੀ ਦੇਖੀ ਗਈ। ਮੈਨੂੰ ਨਹੀਂ ਲੱਗਦਾ ਉਹਨੇ ਨਾਟਕ ਬੇਧਿਆਨੀ ਨਾਲ ਦੇਖਿਆ। ਬਹੁਤ ਮਹਿਸੂਸ ਕਰਕੇ ਦੇਖਿਆ ਉਹਨੇ ਨਾਟਕ, ‘ਛਿਪਣ ਤੋਂ ਪਹਿਲਾਂ’। ਘਰ `ਚ ਹੀ ਖੇਡ ਦਿੱਤਾ।

ਮੈਨੂੰ ਲੱਗਦਾ ਹੈ ਕਿ ਜਿਹੜੀਆਂ ਪੈਸੇ `ਤੇ ਆਧਾਰਤ ਜਾਂ ਹਾਈ ਫਾਈ ਚੀਜ਼ਾ ਹਨ, ਜੇ ਅਸੀਂ ਕਲਾ ਦਾ ਵਿਸਥਾਰ ਉਹਨਾਂ ਚੀਜ਼ਾਂ ਨਾਲ ਕਰਾਂਗੇ ਜਾਂ ਉਸ ਨੂੰ ਹੀ ਕਲਾ ਮੰਨਾਂਗੇ ਤਾਂ ਜਿਹੜਾ ਗਰੀਬ ਬੰਦਾ ਹੈ, ਜਿਹੜਾ ਹਿੰਦੁਸਤਾਨ ਦਾ ਗਰੀਬ ਬੰਦਾ ਹੈ, ਜਿਹੜਾ ਦੋ ਕਿਸਮ ਦਾ ਦਰਦ ਹੰਢਾਉਂਦਾ ਹੈ, ਇਕ ਗਰੀਬੀ ਦਾ ਤੇ ਦੂਜਾ ਛੋਟੀ ਜਾਤੀ ਦਾ, ਉਸ ਦੇ ਅੰਦਰ ਹੀਣ ਭਾਵਨਾਵਾਂ ਭਰ ਜਾਣਗੀਆਂ। ਉਸ ਨੂੰ ਲੱਗੇਗਾ ਹੀ ਨਹੀਂ ਕਿ ਯਾਰ ਨਾਟਕ ਦੀ ਕਲਾ ਦੇ ਤਾਂ ਅਸੀਂ ਵੀ ਹਿੱਸੇਦਾਰ ਹੋ ਸਕਦੇ ਹਾਂ ਜਾਂ ਅਸੀਂ ਵੀ ਖੇਡ ਸਕਦੇ ਹਾਂ ਨਾਟਕ। ਮੇਰਾ ਮਕਸਦ ਹੈ ਕਿ ਗਰੀਬ ਤੋਂ ਗਰੀਬ ਬੰਦੇ ਨੂੰ ਲੱਗੇ, ਦਿਹਾੜੀ ਕਰਨ ਵਾਲੇ ਬੰਦੇ ਨੂੰ ਲੱਗੇ, ਨਾਲੀਆਂ ਸਾਫ ਕਰਨ ਵਾਲੇ ਬੰਦੇ ਨੂੰ ਲੱਗੇ, ਗੋਹਾ ਕੂੜਾ ਚੁੱਕਣ ਵਾਲੀ ਔਰਤ ਨੂੰ ਲੱਗੇ ਕਿ ਇਹ ਕੰਮ ਤਾਂ ਮੈਂ ਵੀ ਕਰ ਸਕਦੀ ਹਾਂ, ਜਿਹੋ ਜਿਹਾ ਕੰਮ ਇਹ ਬਾਈ ਕਰਦਾ ਹੈ। ਇਹ ਮੇਰਾ ਮੇਨ ਮਕਸਦ ਹੈ ਕਿ ਉਨ੍ਹਾਂ ਨੂੰ ਹੀਣ ਭਾਵਨਾਵਾਂ `ਚੋਂ ਕੱਢ ਦਿਉ। ਜਿਹੜੀਆਂ ਉਨ੍ਹਾਂ ਦੇ ਅੰਦਰ ਤਾਕਤਾਂ ਨੇ - ਅਵਾਜ਼ ਦੀ ਹੈ, ਬੋਲਣ ਦੀ ਹੈ, ਸਰੀਰ ਹੈ ਉਨ੍ਹਾਂ ਕੋਲ- ਉਹਨਾਂ ਨੂੰ ਉਹ ਵਰਤਣ ਆਪਣੇ ਦਿਮਾਗ ਨੂੰ ਵਰਤਣ।

ਮੈਂ ਹੁਣ ਕੱਲ ਹੀ ਕਰ ਕੇ ਆਇਆਂ ਹਾਂ ਨਾਟਕ ਕੈਲਗਰੀ ਵਿੱਚ। ਹਾਲ ਦੇ ਵਿੱਚ ਨਾਟਕ ਹੋ ਰਿਹਾ ਸੀ ‘ਕਿਰਤੀ’। ਮੈਂ ਨਾਟਕ ਸ਼ੁਰੂ ਕਰਨ ਲੱਗਾ। ਮਾੜਾ ਜਿਹਾ ਮਾਇਕ ਮੂਇਕ ਚੈੱਕ ਕੀਤਾ। ਮੈਂ ਦੂਜੇ ਕਲਾਕਾਰਾਂ ਨੂੰ ਕਿਹਾ ਠੀਕ ਹੈ, ਸਾਰਾ ਸਮਾਨ ਸਮੂਨ ਲੈ ਆਏ ਹਾਂ ਆਪਾਂ। ਸਾਰੇ ਕਹਿੰਦੇ ਹਾਂ ਜੀ, ਹਾਂ ਜੀ। ਉਨ੍ਹਾਂ ਨੂੰ ਐਂ ਹੈ ਹੀ ਨਹੀਂ ਸੀ ਟੀਮ ਨੂੰ ਬਈ ਐਂ ਵੀ ਹੋਊਗੀ ਗੱਲ। ਉਹ ਜਿਹੜੇ ਕਲਾਕਾਰ ਕਰ ਰਹੇ ਸੀ ਦੋ ਤਿੰਨ। ਮੈਂ ਕਿਹਾ ਚਲੋ ਬਈ ਆਪਾਂ ਖਬਰਾਂ ਤੋਂ ਸ਼ੁਰੂ ਕਰਦੇ ਹਾਂ। ਦਿਖਾਉਂਦੇ ਹਾਂ ਕਿ ਦੇਸ਼ ਦਾ ਮੀਡੀਆ ਕੀ ਕਹਿ ਰਿਹਾ ਹੈ ਕਿਸਾਨੀ ਬਾਰੇ, ਜੱਟਾਂ ਬਾਰੇ ਕੀ ਕਹਿ ਰਿਹਾ ਹੈ ਉਹ ਅਤੇ ਅਸਲ `ਚ ਹਾਲਤ ਕੀ ਹੈ, ਬਈ ਕਿਵੇਂ ਫਾਹੇ ਲੈ ਕੇ ਮਰਦੇ ਹਨ ਜੱਟ। ਇਕ ਕਲਾਕਾਰ ਮੁੰਡਾ ਜਦੋਂ ਖਬਰ ਸ਼ੁਰੂ ਕਰਨ ਲੱਗਾ ਤਾਂ ਉਦੂੰ ਪਹਿਲਾਂ ਉਹਨੇ ਐਂ ਮੁੱਛਾਂ `ਤੇ ਹੱਥ ਜਿਹਾ ਰੱਖ ਲਿਆ। ਮੈਂ ਕਿਹਾ ਕੀ ਗੱਲ ਬਈ? ਮੁੱਛ ਤੇਰੀ ਲਹਿ ਰਹੀ ਹੈ। ਕਹਿੰਦਾ “ਹਾਂ ਜੀ”। ਉਹ ਘਬਰਾ ਗਿਆ। ਉਹਦਾ ਨਾਂ ਜੱਸੀ ਸੀ, ਮਾਸਟਰ ਭਜਨ ਹੁਰਾਂ ਦਾ ਬੇਟਾ ਹੈ ਉਹ। ਕਹਿੰਦਾ “ਹਾਂ ਜੀ”। ਥੋੜ੍ਹਾ ਜਿਹਾ ਘਬਰਾ ਗਿਆ, ਬਈ ਇਹ ਕਿਤੇ ਐਂ ਨਾ ਕਹਿਣ ਬਈ ਤੂੰ ਲਾ ਕੇ ਆ ਜਾਂ ਕਿਉਂ ਲਹਿ ਗਈ। ਮੈਂ ਕਿਹਾ, ਲਹਿ ਰਹੀ ਹੈ ਤਾਂ ਲਾਹ ਦੇ। ਕਹਿੰਦਾ “ਅੱਛਾ ਜੀ”। ਮੈਂ ਕਿਹਾ ਲਾਹ ਦੇ, ਲਾਹ ਦੇ। ਨਾਲ ਮੈਂ ਲੋਕਾਂ ਨੂੰ ਕਿਹਾ ਕਿ ਯਾਰ ਅੱਠ-ਦਸ ਮਿੰਟ ਖਰਾਬ ਕਰਾਂਗੇ। ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਡਰਾਮਾ ਹੈ। ਇਹ ਮੁੱਛ ਮੈਂ ਬਨਾਉਟੀ ਲਾਈ ਹੈ। ਡੇਢ ਘੰਟਾ ਪਹਿਲਾਂ ਲਾਈ ਹੈ। ਮੈਂ ਜੂਠ ਨਾਟਕ ਕਰਨਾ ਸੀ। ਘੰਟੇ ਦਾ ਉਹ ਹੈ। ਟਾਇਮ ਹੈ ਨਹੀਂ ਸੀ ਆਪਣੇ ਕੋਲ। ਹੁਣ ਗੂੰਦ ਲਹਿ ਗਿਆ ਤੇ ਮੁੱਛ ਲਹਿ ਗਈ ਹੈ। ਫਿਰ ਮੈਂ ਕਿਹਾ ਮੁੱਛ ਹੈ ਨਹੀਂ ਤਾਂ ਤੁਸੀਂ ਆਪਣੇ ਦਿਮਾਗ ਵਰਤ ਲਉ। ਕਲਪਨਾ ਵਰਤ ਲਉ ਕਿ ਮੁੱਛ ਲੱਗੀ ਹੋਈ ਹੈ। ਸਾਰੇ ਕਹਿੰਦੇ ਹਾਂ ਜੀ ਠੀਕ ਹੈ। ਹੈਰਾਨੀ ਦੀ ਗੱਲ ਇਹ ਹੈ ਜੀ ਕਿ ਨਾਟਕ ਸ਼ੁਰੂ ਹੋ ਗਿਆ, ਮੁੱਛਾਂ ਉਹਦੇ ਹੈ ਨਹੀਂ। ਉਹ ਮੇਰਾ ਬਾਪੂ ਵੀ ਬਣਿਆ, ਉਹ ਜਥੇਦਾਰ ਵੀ ਬਣਿਆ, ਉਹ ਬੰਦਾ ਜਗੀਰਦਾਰ ਵੀ ਬਣਿਆ। ਇਕ ਵੀ ਬੰਦੇ ਨੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਂ ਕਿਹਾ ਕਿ ਉਸ ਨਾਟਕ ਦੇ ਵਿੱਚ ਕੋਈ ਘਾਟ ਰਹਿ ਗਈ ਹੋਵੇ ਕਿਉਂਕਿ ਉਹਦੇ ਮੁੱਛਾਂ ਹੈ ਨਹੀਂ ਸਨ। ਇਸ ਤਰ੍ਹਾਂ ਅੰਦਰ ਦੀਆਂ ਚੀਜ਼ਾਂ ਜਗਾ ਦੇਣੀਆਂ ਬੰਦਿਆਂ ਦੇ ਵਿੱਚ ਤਾਂ ਜੋ ਪੈਸਾ ਉਹਨਾ ਨੂੰ ਐਂ ਨਾ ਦਬਾ ਲਏ। ਕਿਉਂਕਿ ਜੇ ਸਾਡੀਆਂ ਗਿਆਨ ਇੰਦਰੀਆਂ, ਸਾਡਾ ਦਿਮਾਗ, ਸਾਡੀ ਅਵਾਜ਼, ਸਾਡਾ ਸਰੀਰ ਜਾਗੂਗਾ, ਤਾਂ ਅਸੀਂ ਕਲਾ ਦੀ ਤਾਕਤ ਨੂੰ ਸਮਝਾਂਗੇ। ਅਸੀਂ ਕਲਾ ਦੇ ਹਰ ਰੂਪ ਨੂੰ ਸਮਝ ਸਕਾਂਗੇ, ਮਹਿਸੂਸ ਕਰ ਸਕਾਂਗੇ। ਔਰ ਖੁਦ ਕਰ ਸਕਾਂਗੇ। ਉਹਦੇ ਵਿੱਚ ਕਿਉਂ ਨਹੀਂ ਹਿੱਸੇਦਾਰ ਬਣ ਸਕਦੇ ਅਸੀਂ।

? ਜਿਹੜੀ ਤੁਸੀਂ ਗੱਲ ਦੱਸ ਕੇ ਹਟੇ ਹੋ, ਬਹੁਤ ਹੀ ਜ਼ਬਰਦਸਤ ਗੱਲ ਹੈ…
- ਬਹੁਤ ਨਜ਼ਾਰਾ ਆਇਆ ਮੈਨੂੰ ਆਪ ਨੂੰ। ਮੇਰੀ ਜਿ਼ੰਦਗੀ `ਚ ਪਹਿਲੀ ਵਾਰ ਇਹ ਹੋਇਆ। ਔਰ ਕੋਈ ਚੱਕਰ ਨਹੀਂ। ਔਰ ਕਮਾਲ ਦਾ ਸ਼ੋਅ ਗਿਆ। ਮੇਰਾ ਖਿਆਲ ਹੈ ਕਿ ਉਨ੍ਹਾਂ ਨੇ ਤਾਂ ਡਫਲੀ ਜਿਹੀ ਉੱਥੇ ਨੋਟਾਂ ਨਾਲ ਭਰ ਦਿੱਤੀ।

? ਕਿਸੇ ਨੇ ਇਹ ਨਹੀਂ ਕਿਹਾ, ਬਈ ਇਹ ਘਾਟ ਰਹਿ ਗਈ ਵੇਸ਼ਭੂਸਾ ਦੀ, ਇਹ ਫੇਲ੍ਹ ਹੋ ਗਏ ਕਿਉਂਕਿ ਇਹਨਾਂ ਦੀਆਂ ਤਾਂ ਮੁੱਛਾਂ ਡਿਗਦੀਆਂ ਫਿਰਦੀਆਂ ਸੀ…
- ਨਾ ਨਾ। ਇਕ ਪੱਤਰਕਾਰ ਆਇਆ ਜੀ ਮੇਰੇ ਕੋਲੇ। ਮੈਨੂੰ ਉਹਦਾ ਨਾਂ ਭੁੱਲ ਗਿਆ। ਕੈਲਗਰੀ ਵਾਲਾ। ਕਹਿੰਦਾ ਜੀ ਆਮ ਤੌਰ `ਤੇ ਅਸੀਂ ਨਾਟਕ ਦੇਖੇ ਸੀ, ਪਰ ਤੁਹਾਡੇ ਨਾਟਕ ਨਹੀਂ ਹਨ, ਤੁਸੀਂ ਨਾਟਕ ਨਹੀਂ ਖੇਡਦੇ। ਮੈਂ ਪੁੱਛਿਆ ਕਿਵੇਂ, ਕੀ ਹੋਇਆ, ਕੀ ਗੱਲ ਹੈ? ਕਹਿੰਦਾ ਤੁਸੀਂ ਜੋ ਖੇਡਦੇ ਹੋ, ਜਾਂ ਜਿਹੜੀ ਗੱਲ ਤੁਸੀਂ ਕਰਦੇ ਹੋ, ਉਹ ਜਿ਼ੰਦਗੀ ਹੈ। ਕਹਿੰਦਾ ਜੀ ਉਹ ਤਾਂ ਜਿ਼ੰਦਗੀ ਹੈ। ਜੇ ਨਾਟਕ ਕਰਨ ਵਾਲੇ ਵੀ ਤੇ ਨਾਟਕ ਦੇਖਣ ਵਾਲੇ ਵੀ ਇਕਸੁਰ ਹੋ ਜਾਣ, ਵਿਚਲੀ ਵਿੱਥ ਖਤਮ ਹੋ ਜਾਵੇ, ਅਤੇ ਸਭ ਤੋਂ ਜ਼ਰੂਰੀ ਗੱਲ, ਇਕ ਮਨੁੱਖ ਦਾ ਰਿਸ਼ਤਾ ਦੂਜੇ ਮਨੁੱਖ ਨਾਲ ਹੋਵੇ, ਇਕ ਮਨੁੱਖ ਦੂਜੇ ਮਨੁੱਖ ਦੇ ਦੁੱਖ ਦਰਦ ਨੂੰ ਮਹਿਸੂਸ ਕਰੇ, ਬੱਸ ਫਿਰ ਬਿਊਟੀ ਹੈ ਧਰਤੀ `ਤੇ।

? ਤੇ ਉਹਦੇ `ਚ ਜੇ ਆਪਾਂ ਨਾਟਕ ਦੀ ਗੱਲ ਕਰਨੀ ਹੋਵੇ, ਉਹਦੇ `ਚ ਅਦਾਕਾਰ ਤੇ ਦਰਸ਼ਕ ਦੇ ਵਿੱਚ ਕੋਈ ਫਰਕ ਨਾ ਹੋਵੇ…
- ਨਾ, ਕੋਈ ਵਿੱਥ ਨਾ ਹੋਵੇ। ਆਪਦੀ ਉਨ੍ਹਾਂ ਦੀ ਏਨੀ ਹਿੱਸੇਦਾਰੀ ਹੋ ਜਾਵੇ, ਕਿ ਦੇਖਣ ਵਾਲੇ ਨੂੰ ਲੱਗੇ ਕਿ ਹਾਂ ਯਾਰ ਅਸੀਂ ਤਾਂ ਆਪ ਖੇਡ ਰਹੇ ਹਾਂ, ਇਹਦੇ ਵਿੱਚੇ ਹੀ ਹਾਂ। ਕਿਉਂਕਿ ਚਲਦੇ ਪਲੇਅ ਦੇ ਵਿੱਚ ਮੈਂ ਲਾ ਵੀ ਲੈਂਦਾ। ਵਿੱਚ ਲਾ ਲੈਂਦਾ। ਆਉਣ ਵਾਲੇ ਸਮੇਂ ਵਿੱਚ ਹੋਰ ਵਧਾਵਾਂਗਾ। ਅਜੇ ਸ਼ੁਰੂਆਤ ਹੈ, ਹੌਲੀ ਹੌਲੀ ਸਿੱਖ ਰਹੇ ਹਾਂ ਇਹ ਚੀਜ਼ਾਂ, ਬਈ ਉਨ੍ਹਾਂ ਨੂੰ ਹੋਰ ਸ਼ਾਮਲ ਕਰਨਾ ਹੈ ਨਾਟਕ ਵਿੱਚ।

? ਜਿਹੜੀ ਆਪਾਂ ਗੱਲਬਾਤ ਕੀਤੀ ਹੈ, ਉਹਦੇ ਵਿੱਚੋਂ ਇਕ ਗੱਲ ਉਭਰ ਕੇ ਆ ਰਹੀ ਹੈ, ਬਈ ਜਿਹੜਾ ਇਕ ਕਿਸਮ ਦਾ ਸਟੈਂਡਰਡ ਥਿਏਟਰ ਮੰਨਿਆ ਹੋਇਆ ਹੈ, ਉਹਦੀਆਂ ਜਿਹੜੀਆਂ ਚੀਜ਼ਾਂ ਹਨ, ਸਟੇਜ ਸੈਟਿੰਗ ਹੋਣੀ ਚਾਹੀਦੀ ਹੈ, ਰੌਸ਼ਨੀ ਹੋਣੀ ਚਾਹੀਦੀ ਹੈ, ਉਹਦੇ `ਚ ਸੰਗੀਤ ਹੋਣਾ ਚਾਹੀਦਾ ਹੈ, ਉਹਦੇ `ਚ ਮੇਕਅੱਪ ਹੋਣਾ ਚਾਹੀਦਾ ਹੈ। ਤੁਹਾਡੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਸਾਰਿਆਂ ਨੂੰ ਤੋੜ-ਭੰਨ ਰਹੇ ਹੋ, ਤੁਹਾਡੇ ਲਈ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ। ਸੋ ਜਿਹੜਾ ਤੁਹਾਡਾ ਥਿਏਟਰ ਹੈ, ਸੈਮੂਅਲ ਜੌਹਨ ਦਾ ਥਿਏਟਰ ਹੈ ਜਿਹੜਾ ਇਸ ਵੇਲੇ, ਉਸ ਥਿਏਟਰ ਦੇ ਮੂਲ ਤੱਤ, ਮੇਨ ਕੰਪੋਨੈਂਟਸ ਉਹ ਕੀ ਹਨ?
- ਮੇਰੇ ਰੰਗਮੰਚ ਵਾਸਤੇ ਸਭ ਤੋਂ ਜ਼ਰੂਰੀ ਹੈ ਇਕ ਜਿਉਂਦਾ ਜਾਗਦਾ ਮਨੁੱਖ। ਚਾਹੇ ਉਹ ਕਿਸੇ ਬੋਲੀ ਦਾ ਵੀ ਹੋਵੇ। ਭਾਵੇਂ ਉਹਨੂੰ ਸਾਫ ਜ਼ਬਾਨ ਵੀ ਨਾ ਆਉਂਦੀ ਹੋਵੇ ਆਪਣੀ ਬੋਲਣੀ। ਬਿਨਾਂ ਬੋਲੇ ਵੀ, ਦੇਖ ਕੇ ਅਸੀਂ ਗੱਲਾਂ ਕਨਵੇਅ ਕਰਦੇ ਹੀ ਹਾਂ। ਮੈਨੂੰ ਲੱਗਦਾ ਹੈ ਕਿ ਕੋਈ ਵੀ ਐਸਾ ਮਨੁੱਖ, ਜਿਹੜਾ ਆਪਣਾ ਦੁੱਖ ਦਰਦ ਕਿਸੇ ਵੀ ਤਰੀਕੇ ਨਾਲ ਦੂਜੇ ਮਨੁੱਖ ਤੱਕ ਪਹੁੰਚਾ ਸਕਦਾ ਹੈ, ਉਹ ਮੇਰੇ ਰੰਗਮੰਚ ਦਾ ਹਿੱਸਾ ਹੋ ਸਕਦਾ ਹੈ। ਕਿਸੇ ਵੀ ਬੋਲੀ ਦਾ ਕਿਸੇ ਵੀ ਭਾਸ਼ਾ ਦਾ। ਉਸ ਤੋਂ ਅੱਗੇ , ਜਿਹੜਾ ਮੇਰਾ ਇਸ ਟਾਇਮ ਦਾ ਰੰਗਮੰਚ ਹੈ, ਮੈਂ ਉਹਨੂੰ ਇਹਨਾਂ ਤਿੰਨ ਚੀਜ਼ਾਂ ਨਾਲ ਜ਼ਿਆਦਾ ਚਲਾ ਰਿਹਾ ਹਾਂ। ਇਕ ਹੈ ਸਰੀਰ, ਦਿਮਾਗ ਤੇ ਅਵਾਜ਼। ਇਹ ਮੈਂ ਬੱਚਿਆਂ ਦੇ ਥਿਏਟਰ ਤੋਂ ਅੱਗੇ ਡਿਵੈਲਪ ਕੀਤੀ ਹੈ। ਮੈਂ ਉਨ੍ਹਾਂ ਦੀਆਂ ਕਾਂ-ਚਿੜੀ ਦੀਆਂ ਕਹਾਣੀਆਂ ਲੈ ਲੈਂਦਾ ਹਾਂ। ਇਹ ਕਹਿ ਕੇ ਕਿ ਯਾਰ ਕੋਈ ਪੈਸਾ ਨਹੀਂ ਲਾਉਣਾ। ਤੁਸੀਂ ਕਲਾਸ ਦੇ ਵਿੱਚ ਬੈਠੇ ਹੋ। ਕਾਂ ਚਿੜੀ ਦੀ ਤੁਹਾਡੀ ਕਹਾਣੀ ਹੈ, ਕਿ ਕਿਵੇਂ ਚਿੜੀ ਕਣਕ ਦਾ ਦਾਣਾ ਲੱਭ ਕੇ ਲਿਆਉਂਦੀ ਹੈ। ਆ ਕੇ ਕਾਂ ਨੂੰ ਕਹਿੰਦੀ ਹੈ, ਕਾਂ ਵੀਰਾ ਵੇ, ਕਾਂ ਵੀਰਾ, ਚੱਲ ਆਪਾਂ ਬੀਜ ਕੇ ਆਈਏ। ਉਹ ਜਾਂਦਾ ਨਹੀਂ। ਉਹ ਵਿਹਲੜ ਹੈ। ਅੰਤ ਦੇ ਉੱਪਰ ਉਹ ਵਿਚਾਰੀ ਬੀਜਦੀ ਹੈ, ਵੱਢਦੀ ਹੈ, ਕੱਢਦੀ ਹੈ। ਫਿਰ ਉਹ ਹਿੱਸਾ ਵੰਡਾਉਣ ਵਾਸਤੇ ਚੱਲ ਪੈਂਦਾ ਹੈ। ਜਾ ਕੇ ਤੂੜੀ ਉਹਨੂੰ ਦੇ ਦਿੰਦਾ ਹੈ, ਕਣਕ ਆਪ ਰੱਖ ਲੈਂਦਾ ਹੈ। ਉਸ ਤੋਂ ਬਾਅਦ ਫਿਰ ਚੱਲਦੇ ਨਾਟਕ `ਚ ਹੀ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਬਈ ਹਾਂ ਭਾਈ ਇਹ ਕੀ ਗੱਲ ਹੋ ਗਈ? ਕਹਿੰਦੇ ਮਾੜੀ ਗੱਲ ਹੈ, ਇਹਨੇ ਪਾਪ ਕੀਤਾ ਹੈ। ਫਿਰ ਕਹਿੰਦੇ ਤੂਫਾਨ ਆਉਂਦਾ ਹੈ, ਤੂਫਾਨ ਦੇ ਵਿੱਚ ਜਿਹੜਾ ਕਾਂ ਹੈ ਉਹ ਘੇਰ ਕੇ ਮਾਰਿਆ ਜਾਂਦਾ ਹੈ। ਉੱਥੇ ਫਿਰ ਇਹੋ ਜਿਹੇ ਮਸਲੇ ਵੀ ਖੜ੍ਹੇ ਕਰ ਦੇਈਦੇ ਹਨ, ਭਾਈ ਤੂਫਾਨ ਇਹ ਹੋ ਸਕਦਾ ਹੈ ਕਿ ਕੁਝ ਤਾਂ ਉਹਨਾਂ ਚਿੜੀਆਂ ਦਾ ਹੋਵੇ, ਕਿਰਤ ਕਰਨ ਵਾਲਿਆਂ ਦਾ ਹੋਵੇ ਜਿਹੜੇ ਤੂਫਾਨ ਦੇ ਵਿੱਚ ਉਹ ਘੇਰ ਕੇ ਮਾਰਿਆ ਗਿਆ ਹੋਵੇ ਉਹ ਵਿਹਲੜ ਕਾਂ। ਤੇ ਇਹ ਵੀ ਹੋ ਸਕਦਾ ਹੈ ਜਿਹੜੇ ਰੱਬ ਨੂੰ ਮੰਨਦੇ ਹਨ ਬਈ ਭਾਈ ਉਹਨੇ ਪਾਪ ਕੀਤਾ ਹੈ, ਇਹ ਪਾਪ ਨਹੀਂ ਕਰਨਾ ਚਾਹੀਦਾ ਸੀ। ਹੁਣ ਇਹਦਾ ਨਾਟਕ ਕਿਵੇਂ ਬਣੇ?

ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਬਈ ਜਿਵੇਂ ਤੁਸੀਂ ਕਬੱਡੀ ਖੇਡਦੇ ਹੋ, ਕਬੱਡੀ ਖੇਡਣ ਲੱਗੇ ਆਪਾਂ ਕਬੱਡੀ ਕਬੱਡੀ ਕਰਦੇ ਹਾਂ, ਨਾਲ ਆਪਣਾ ਦਿਮਾਗ ਚਲ ਰਿਹਾ ਬਈ ਕਿਹੜੇ ਬੰਦੇ ਨੂੰ ਹੱਥ ਲਾ ਕੇ ਭੱਜੀਏ, ਨਾਲ ਆਪਦਾ ਸਰੀਰ ਚੱਲ ਰਿਹਾ ਹੈ। ਆਪਾਂ ਅਗਾਂਹ ਨੂੰ ਹੱਥ ਰੱਖਦੇ ਹਾਂ, ਲੱਤਾਂ ਪਿਛਾਂਹ ਨੂੰ ਰੱਖਦੇ ਹਾਂ। ਐਂ ਤਾਂ ਹੁੰਦਾ ਨਹੀਂ ਬਈ ਲੱਤ ਅਗਾਂਹ ਨੂੰ ਕੱਢ ਕੇ ਬੰਦਾ ਕਬੱਡੀ ਪਾਵੇ। ਨਾਲ ਆਪਾਂ ਬੋਲਦੇ ਹਾਂ, ਇਹ ਖੇਡਾਂ ਨੇ ਬੱਚਿਆਂ ਦੀਆਂ, ਵੱਡਿਆਂ ਦੀਆਂ ਵੀ ਨੇ। ਤਾਂ ਇਹ ਹੀ ਜਿਵੇਂ ਚੀਜ਼ਾਂ ਹਨ, ਇਹ ਨਾਟਕ ਲਈ ਵਰਤ ਲਉ ਚੀਜ਼ਾਂ, ਜਿਹੋ ਜਿਹੀ ਜਿ਼ੰਦਗੀ `ਚ ਆਮ ਕਰਦੇ ਹਾਂ। ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਜੇ ਕਾਂ ਚਿੜੀ ਦੀ ਕਹਾਣੀ ਦਾ ਨਾਟਕ ਬਣਾਉਣਾ ਹੈ ਤਾਂ ਇਕ ਵੀ ਰੁੱਪਈਆਂ ਲਾਉਣ ਦੀ ਲੋੜ ਨਹੀਂ ਹੈ। ਕਾਂ ਦੀ ਅਵਾਜ਼ ਕਿਹੋ ਜਿਹੀ ਹੁੰਦੀ ਹੈ? ਕਹਿੰਦੇ ਕਾਂ ਕਾਂ ਕਾਂ। ਮੈਂ ਕਹਿੰਦਾ ਹਾਂ ਕਿ ਥੋੜ੍ਹੇ ਜਿਹੇ ਖੰਭ ਜਿਹੇ ਹਿਲਾ ਲਉ, ਬਾਹਾਂ ਹਿਲਾ ਲਉ ਇਹ ਤੁਹਾਡੇ ਖੰਭ ਬਣ ਗਏ। ਕਾਂ ਕਾਂ ਕਾਂ। ਕਾਂ ਕਾਂ ਕਰ ਲਉ ਤਾਂ ਬੱਸ ਕਾਂ ਬਣ ਗਏ। ਐਂ ਹੀ ਚਿੜੀ ਦੀ ਅਵਾਜ਼ ਚੀਂ ਚੀਂ ਚੀਂ। ਹੱਥ ਥੋੜ੍ਹੇ ਜਿਹੇ ਨੇੜੇ ਰੱਖ ਲਉ, ਉਹ ਛੋਟੇ ਖੰਭ ਬਣ ਗਏ। ਚੀਂ ਚੀਂ ਕਰ ਲਉ। ਐਂ ਹੀ ਚਾਰ ਪੰਜ ਬੱਚੇ ਵਿੱਚਾਲੇ ਹੱਥ ਜੋੜ ਕੇ ਖੜ੍ਹ ਜਾਉ, ਪੈਰ ਥੋੜ੍ਹੇ ਜਿਹੇ ਦੂਰ ਰੱਖ ਲਉ। ਕੁੱਪ ਜਿਹਾ ਬਣ ਜਾਊ। ਕਹਿ ਦਿਉ ਤੱਤਾ ਤੂੜੀ ਦਾ ਢੇਰ, ਅਸੀਂ ਹਾਂ ਤੂੜੀ ਦਾ ਢੇਰ। ਐਂ ਦੱਦਾ ਦਾਣੇ ਦੱਦਾ ਦਾਣੇ ਕਰਕੇ ਐਂ ਨੱਚਦੇ ਨੱਚਦੇ, ਦਾਣੇ ਖੁਸ਼ੀ ਦਾ ਪ੍ਰਤੀਕ ਹਨ, ਨੱਚਦੇ ਨੱਚਦੇ ਗਾਣਾ ਗਾਉਂਦੇ ਸਿਰ ਜੋੜ ਕੇ ਬਹਿ ਜਾਉ। ਛੋਟੀ ਜਿਹੀ ਉਹ ਢੇਰੀ ਜਿਹੀ ਬਣ ਜਾਊਗੀ ਦਾਣਿਆਂ ਦੀ। ਕਹਿ ਦਿਉ ਦੱਦਾ ਦਾਣੇ ਆਏ ਦੱਦਾ ਦਾਣੇ ਆਏ। ਇਕ ਵੀ ਰੁਪੱਈਆ ਲਾਉਣ ਦੀ ਲੋੜ ਨਹੀਂ। ਇਹ ਹੀ ਸਰੀਰ, ਦਿਮਾਗ ਤੇ ਅਵਾਜ਼ ਇਹ ਤਿੰਨ ਤੱਤ ਨੇ ਜਿਹੜੇ ਇਹ ਮੇਰੇ ਰੰਗਮੰਚ ਦੇ ਮੇਨ ਨੇ। ਮੂਲ ਰੂਪ ਵਿੱਚ ਮੈਂ ਇਹਨਾਂ `ਤੇ ਕੰਮ ਕਰਦਾ ਹਾਂ। ਇਹ ਹੀ ਤਿੰਨ ਚੀਜ਼ਾਂ ਮੈਂ ਸਮਾਜਕ ਤਬਦੀਲੀ ਲਈ ਜ਼ਰੂਰੀ ਸਮਝਦਾ ਹਾਂ। ਸਮਾਜਕ ਤਬਦੀਲੀ ਲਈ ਵੀ ਇਹ ਹੀ ਜ਼ਰੂਰੀ ਨੇ। ਦਿਮਾਗ ਵਰਤਾਂਗੇ ਅਸੀਂ ਚੇਤਨ ਹੋਵਾਂਗੇ। ਚੇਤਨ ਹੋਵਾਂਗੇ, ਆਪਣੇ ਹੱਕ ਲਈ ਬੋਲਾਂਗੇ। ਆਪਦੇ ਹੱਕ ਲਈ ਬੋਲਾਂਗੇ, ਨਹੀਂ ਕੋਈ ਸੂਣੇਗਾ, ਫਿਰ ਭਾਈ ਫਿਜ਼ੀਕਲੀ ਹੋਵਾਂਗੇ। ਹੱਥੋ ਪਾਈ ਹੋਵਾਂਗੇ ਆਪਾਂ। ਮੈਂ ਸਮਾਜਕ ਤਬਦੀਲੀ ਲਈ ਵੀ ਇਹਨਾਂ ਤਿੰਨ ਤੱਤਾਂ ਨੂੰ ਜ਼ਰੂਰੀ ਸਮਝਦਾ ਹਾਂ।

? ਕੁਛ ਲੋਕ, ਜਿਹਨਾਂ ਨੂੰ ਆਪਾਂ ਨਾਟਕ ਆਲੋਚਕ ਕਹਿ ਲੈਂਦੇ ਹਾਂ, ਕਹਿੰਦੇ ਹਨ ਕਿ ਸੰਗੀਤ, ਸੈੱਟ ਡਿਜ਼ਾਈਨਿੰਗ ਵਰਗੀਆਂ ਚੀਜ਼ਾਂ ਤੁਹਾਡੀ ਨਾਟਕ ਦੀ ਕਲਾ ਨੂੰ ਵਧਾਉਂਦੀਆਂ ਹਨ, ਉਹਦੀ ਪੇਸ਼ਕਾਰੀ ਨੂੰ ਵਧਾਉਂਦੀਆਂ ਹਨ। ਕੁਛ ਲੋਕ ਕਹਿੰਦੇ ਹਨ ਕਿ ਜਿਸ ਨਾਟਕ ਦੇ ਵਿੱਚ ਸੰਗੀਤ ਨਾ ਹੋਵੇ, ਜਿਸ ਨਾਟਕ ਵਿੱਚ ਰੌਸ਼ਨੀ ਦੀ ਵਰਤੋਂ ਨਾ ਕੀਤੀ ਗਈ ਹੋਵੇ, ਜਿਸ ਨਾਟਕ ਵਿੱਚ ਵੇਸ਼-ਭੂਸ਼ਾ ਪੂਰੀ ਨਾ ਕੀਤੀ ਗਈ ਹੋਵੇ, ਉਹ ਨਾਟਕ ਕਮਜ਼ੋਰ ਰਹਿ ਜਾਂਦਾ ਹੈ। ਤੁਸੀਂ ਇਹ ਚੀਜ਼ਾਂ ਨਹੀਂ ਵਰਤਦੇ। ਤੁਸੀਂ ਇਸ ਤਰ੍ਹਾਂ ਦੇ ਵਿਚਾਰਾਂ ਬਾਰੇ ਕੀ ਸੋਚਦੇ ਹੋ?
- ਨਾਟਿਆ ਸ਼ਾਸਤਰ ਨੂੰ ਜਦੋਂ ਤੁਸੀਂ ਪੜ੍ਹਦੇ ਹੋ, ਉਸ ਵਿੱਚ ਇਕ ਸਾਤਵਿਕ ਅਭਿਨੈ ਦਾ ਜ਼ਿਕਰ ਆਉਂਦਾ ਹੈ। ਪੰਜਾਬੀ `ਚ ਇਸ ਦਾ ਅਰਥ ਹੈ, ਸੱਚੀ ਐਕਟਿੰਗ। ਸੱਚੀ ਐਕਟਿੰਗ ਕੀ ਹੈ? ਸੱਚੀ ਐਕਟਿੰਗ ਤੁਹਾਡੇ ਅੰਦਰ ਜੋ ਚੱਲ ਰਿਹਾ ਹੈ, ਉਹਨੂੰ ਐਕਸਪ੍ਰੈੱਸ ਕਰਦੀ ਹੈ, ਬੰਦੇ ਦੀਆਂ ਮਾਨਸਿਕ ਚੀਜ਼ਾਂ ਨੂੰ ਫੜ੍ਹਦੀ ਹੈ। ਉਹ ਬਾਹਰੀ ਚੀਜ਼ਾਂ ਨੂੰ ਫੜ੍ਹ ਰਹੇ ਹਨ। ਐਕਟਿੰਗ ਕੀ ਹੈ? ਐਕਟਿੰਗ ਕੌਸਟਿਊਮਜ਼ ਰਾਹੀਂ ਵੀ ਕੀਤੀ ਜਾਂਦੀ ਹੈ। ਦਾੜ੍ਹੀ ਮੁੱਛਾਂ ਲਾ ਲਈਆਂ, ਉਹਦੇ ਨਾਲ ਵੀ ਹੋ ਜਾਊ। ਅਸਲ `ਚ ਅਸੀਂ ਇੱਥੇ ਖੜ੍ਹ ਗਏ। ਇਹਦੇ ਤੋਂ ਅਸੀਂ ਪਾਰ ਜਾਣਾ ਸੀ। ਇਹਦੇ ਥਰੂ (ਰਾਹੀਂ) ਅੱਗੇ ਜਾਣਾ ਸੀ। ਕਿੱਥੇ ਜਾਣਾ ਸੀ? ਬੰਦਾ ਖੜ੍ਹਾ ਹੈ, ਉਹਦੇ ਕੋਲ ਕੁਝ ਵੀ ਨਹੀਂ। ਉਹਦੀਆਂ ਪਾਵਰਜ਼ ਏਨੀਆਂ ਕ੍ਰਿਏਟ ਕਰ ਦਿੱਤੀਆਂ ਜਾਣ, ਵਧਾ ਦਿੱਤੀਆਂ ਜਾਣ ਕਿ ਜੇ ਉਹਨੇ ਹੱਥ ਨੂੰ ਐਂ ਫੜ੍ਹ ਕੇ, ਆਪਣੇ ਹੱਥ ਨੂੰ ਐਂ ਕਰ ਲਿਆ ਤੁਹਾਡੇ ਸਾਹਮਣੇ, ਮੁੱਠੀ ਐਂ ਮੀਚੀ, ਤੇ ਐਂ ਹੇਠਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ, ਕਿ ਮੈਂ ਉਸ ਬੰਦੇ ਦੀ ਬੋਟੀ ਐਂ ਨੋਚੀ ਅਤੇ ਐਂ ਨਚੋੜ ਦਿੱਤੀ ਤਾਂ ਖੂਨ ਦਿਸਣ ਲੱਗ ਜਾਊਗਾ। ਕਨਵਿਨਸਿੰਗ ਪਾਵਰ। ਐਕਟਰ ਦੀ ਪਾਵਰ। ਕਿਉਂਕਿ ਮੁੱਖ ਚੀਜ਼ ਐਕਟਰ ਹੈ। ਐਕਟਰ ਦੇ ਹੀ ਤੁਸੀਂ ਕੌਸਟਿਊਮ ਪਾਉਣੀ ਹੈ, ਐਕਟਰ ਦੇ ਹੀ ਤੁਸੀਂ ਬਾਕੀ ਵੇਸ਼-ਭੂਸਾ ਕਰਨੀ ਹੈ। ਐਕਟਰ ਨੂੰ ਅਸੀਂ ਵੀਕ ਕਰ ਦਿੱਤਾ ਇਨ੍ਹਾਂ ਚੀਜ਼ਾਂ ਨਾਲ। ਇਹਨਾਂ ਚੀਜ਼ਾਂ ਨੇ ਐਕਟਰ ਲਈ ਸਹਾਈ ਹੋਣਾ ਸੀ, ਇਹ ਗੱਲ ਸੀ। ਪਰ ਅਸੀਂ ਉਹਨੂੰ, ਬੰਦੇ ਨੂੰ ਦੱਬ ਦਿੱਤਾ। ਜਿਵੇਂ ਦੁਲਹਨ ਨੂੰ ਆਪਾਂ ਦੱਬ ਦਿੰਦੇ ਹਾਂ, ਬਾਹਲਾ ਕਈ ਵਾਰ। ਉਵੇਂ ਚੀਜ਼ਾਂ ਕਰ ਦਿੱਤੀਆਂ ਗਈਆਂ। ਇਸ ਹੀ ਕਰਕੇ, ਖਾਸ ਤੌਰ `ਤੇ ਪੰਜਾਬ ਦੇ ਵਿੱਚ, ਜਦੋਂ ਮੈਂ ਗੱਲ ਕਰਦਾ ਹਾਂ, ਅਸੀਂ ਬਹੁਤ ਵੱਡੇ, ਬਹੁਤ ਅੱਛੇ, ਬਹੁਤ ਬਾਰੀਕੀ ਨਾਲ ਗੱਲਾਂ ਨੂੰ ਸਮਝਣ ਵਾਲੇ ਐਕਟਰ ਪੈਦਾ ਨਹੀਂ ਕਰ ਸਕੇ। ਤੇ ਮੈਨੂੰ ਲੱਗਦਾ ਹੈ ਕਿ ਜੇ ਕਰ ਅਸੀਂ ਬਾਰੀਕੀ ਨਾਲ ਚੀਜਾਂ ਨੂੰ ਸਮਝਾਂਗੇ, ਤਾਂ ਉਹ ਆਮ ਜਿ਼ੰਦਗੀ `ਚ ਵੀ ਸਾਡਾ ਵਿਵਹਾਰ ਬਣੇਗਾ। ਜੇ ਸਾਡੇ ਕਲਾਕਾਰ ਸਮਝਣ ਲੱਗਣਗੇ ਤਾਂ ਉਹ ਆਮ ਜਿ਼ੰਦਗੀ `ਚ ਵੀ ਚੀਜ਼ਾਂ ਨੂੰ ਬਾਰੀਕੀ ਨਾਲ ਸਮਝਣਗੇ । ਬਈ ਆਹਾ ਕਿਉਂ ਵਾਪਰ ਰਿਹਾ ਹੈ, ਇਹਦੀਆਂ ਤਹਿਆਂ ਕੀ ਨੇ, ਅਸਲ `ਚ ਜੜ੍ਹ ਕੀ ਹੈ। ਅਸੀਂ ਉਸ ਪ੍ਰੌਸੈੱਸ `ਚ ਪੈਣਾ। ਮੈਨੂੰ ਲੱਗਦਾ ਹੈ ਕਿ ਐਕਟਰ ਹੀ ਇਹਦੇ `ਚ ਮੇਨ ਹੈ, ਮੈਂ ਇਹਨਾਂ ਚੀਜ਼ਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ।

? ਤੁਹਾਡੇ ਖਿਆਲ ਦੇ ਵਿੱਚ ਜੇ ਤੁਸੀਂ ਇਸ ਕਿਸਮ ਦਾ ਥਿਏਟਰ ਕਰਨਾ ਹੋਵੇ ਜਿਹਦੇ ਵਿੱਚ ਸਿਰਫ ਸਰੀਰ ਦੀ, ਅਵਾਜ਼ ਦੀ ਤੇ ਦਿਮਾਗ ਦੀ ਲੋੜ ਹੈ, ਉਹਦੇ ਵਿੱਚ ਜਿਹੜਾ ਐਕਟਰ ਦਾ ਰੋਲ ਹੈ, ਐਕਟਰ ਦੀ ਭੂਮਿਕਾ ਹੈ ਉਹ ਬਹੁਤ ਵੱਡੀ ਹੈ…।
- ਉਹ ਮੁੱਖ ਹੈ, ਉਹ ਬਹੁਤ ਵੱਡੀ ਹੈ।

? ਜਿਸ ਢੰਗ ਨਾਲ ਤੁਸੀਂ ਇਸ ਚੀਜ਼ ਨੂੰ ਪੇਸ਼ ਕਰ ਰਹੇ ਹੋ ਉਹਦੇ ਵਿੱਚ ਤਾਂ ਇਹ ਕਹਿਣਾ ਚਾਹੀਦਾ ਬਈ ਜਿਹੜਾ ਇਹ ਨਾਟਕ ਹੈ, ਜਿਸ ਤਰ੍ਹਾਂ ਦਾ ਨਾਟਕ ਤੁਸੀਂ ਕਰ ਰਹੇ ਹੋ, ਉਹ ਨਾਟਕ ਨੂੰ ਕਮਜ਼ੋਰ ਨਹੀਂ ਕਰਦਾ। ਸਗੋਂ ਉਸ ਵਿੱਚ ਐਕਟਿੰਗ ਦੀ ਬਹੁਤ ਮਹੱਤਤਾ ਹੈ, ਇਸ ਕਿਸਮ ਦੇ ਨਾਟਕ ਵਿੱਚ ਬਹੁਤ ਹੀ ਵਧੀਆ ਅਦਾਕਾਰੀ ਦੀ ਲੋੜ ਹੋਏਗੀ ਤਾਂ ਹੀ ਉਹ ਟਿਕ ਸਕੇਗਾ। ਉਹਦੇ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ।
- ਮਿਹਨਤ। ਮੇਰੇ ਤੁਸੀਂ ਜਿੰਨੇ ਵੀ ਨਾਟਕ ਦੇਖੋਗੇ, ਮੇਰਾ ਰੰਗਮੰਚ ਦੇਖੋਗੇ, ਮੇਰਾ ਇਕ ਹੀ ਬੰਦੇ `ਤੇ ਦੋ ਹੀ ਬੰਦਿਆਂ `ਤੇ ਸਾਰਾ ਨਾਟਕ ਨਿਰਭਰ ਹੈ। ਇਹਦਾ ਮਤਲਬ ਇਕੋ ਹੈ, ਜਿਹੜਾ ਮਿਹਨਤੀ ਹੋਏਗਾ, ਮੇਰਾ ਰੰਗਮੰਚ ਸਿਰਫ ਮਿਹਨਤ ਵਾਲੇ ਬੰਦਿਆਂ ਦਾ ਹੈ, ਦੂਜੇ ਬੰਦਿਆਂ ਦਾ ਨਹੀਂ। ਲੋਲੋ ਪੋਪੋ ਨਹੀਂ ਐਂ ਬਈ ਦੋ ਕੁ ਮਿੰਟ ਜਿਹੇ ਖੜ੍ਹੇ, ਮੂੰਹ ਵਿੰਗਾ ਟੇਢਾ ਕਰ ਲਿਆ, ਐਂ ਨਹੀਂ ਹੈ। ਲਗਾਤਾਰ ਅਭਿਆਸ ਦੀ ਮੰਗ ਕਰਦਾ ਹੈ। ਲਗਾਤਾਰ ਮਿਹਨਤ ਦੀ ਮੰਗ ਕਰਦਾ ਹੈ ਅਤੇ ਉਹ ਮਿਹਨਤੀ ਲੋਕਾਂ ਦੇ ਵਾਸਤੇ ਹੈ। ਉਹਨਾਂ ਦੇ ਕੋਲ ਭੁੱਖ ਨੰਗ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਬਾਹਲੇ ਲੀੜੇ ਲੱਪੇ ਤੇ ਸਾਜ਼ੋ ਸਾਮਾਨ `ਚ ਕੰਮ ਕਰ ਸਕਦੇ ਹਨ। ਜਿਹੋ ਜਿਹੀ ਜਿ਼ੰਦਗੀ ਉਹ ਜਿਉਂਦੇ ਹਨ, ਕਿਰਤ ਵਾਲੀ, ਮਿਹਨਤ ਵਾਲੀ ਉੱਥੋਂ ਮੈਂ ਚੀਜ਼ਾਂ ਕੱਢ ਰਿਹਾ ਹਾਂ। ਤੇ ਜਿਹੜੇ ਬਾਹਲੇ ਉਵੇਂ ਦੇ ਜਿਉਂਦੇ ਹਨ, ਕਲਾਸ ਕੋਈ ਬਾਹਲੀ ਐਂ ਹੈ, ਜੋ ਫੂਸੋ ਫਾਸੀ ਜਿਹੇ ਤਰੀਕੇ ਨਾਲ ਜਿ਼ੰਦਗੀ ਜੀਅ ਰਹੀ ਹੈ, ਉਹ ਉਵੇਂ ਕਰ ਲੈਣ, ਪਰ ਅਸੀਂ ਨਹੀਂ ਐਂ ਕਰ ਸਕਦੇ।

? ਜਾਨੀਕਿ ਤੁਹਾਡਾ ਉਨ੍ਹਾਂ ਨਾਲ ਕੋਈ ਵਿਰੋਧ ਨਹੀ ਪਰ…।
- ਨਹੀਂ, ਨਹੀਂ ਜੇ ਉਨ੍ਹਾਂ ਨੂੰ ਐਂ ਲੱਗਦਾ ਐਂ ਕਰਨਾ, ਉਹ ਉਵੇਂ ਕਰ ਲੈਣ। ਪਰ ਮੇਰੀ ਤਾਂ ਇਕ ਸਮਝ ਹੈ। ਮੇਰੀ ਇਹ ਸਮਝ ਹੈ ਕਿ ਜੇ…, ਜੇ ਮਾਰਕਸਵਾਦੀ ਫਲਸਫੇ ਦੀ ਗੱਲ ਕਰੀਏ, ਉਹ ਫਲਸਫਾ ਮੈਨੂੰ ਕਹਿੰਦਾ ਕਿ ਪ੍ਰੋਲੋਤਾਰੀ ਜਮਾਤ ਦੀ ਗੱਲ ਕਰੋ, ਦੱਬੇ ਕੁਚਲੇ ਦੀ ਗੱਲ ਕਰੋ ਤੇ ਮੇਰੀ ਕਲਾ ਵੀ ਇਹ ਗੱਲ ਕਹਿ ਰਹੀ ਹੈ, ਤੇ ਉਹ ਫਲਸਫਾ ਵੀ ਕਹਿ ਰਹੀ ਹੈ। ਮੇਰੀ ਇਕ ਸਮਝ ਹੈ ਇਹਦੇ ਪਿੱਛੇ, ਇਹ ਵੈਸੇ ਨਹੀਂ ਹੈ। ਤੇ ਉਹਦੇ ਆਧਾਰ `ਤੇ ਇਹ ਕੰਮ ਕੀਤਾ ਜਾ ਰਿਹਾ ਹੈ।

? ਆਪਾਂ ਅਦਾਕਾਰੀ ਬਾਰੇ ਗੱਲ ਕਰ ਹਟੇ ਹਾਂ। ਦੂਸਰੀ ਜਿਹੜੀ ਗੱਲ ਹੈ ਅਵਾਜ਼ ਦੀ ਜਿਹੜੀ ਗੱਲ ਕਰਦੇ ਹੋ ਤੁਸੀਂ। ਅਵਾਜ਼ ਦਾ ਮਤਲਬ ਹੈ ਕਿ ਕੀ ਕਿਹਾ ਜਾ ਰਿਹਾ ਹੈ? ਇਹ ਨਾਟਕ ਦਾ ਕਨਟੈਂਟ ਹੈ, ਇਹ ਉਹਦਾ ਵਿਸ਼ਾ ਹੈ। ਨਾਟਕ ਦਾ ਜਿਹੜਾ ਵਿਸ਼ਾ ਹੈ, ਉਹਦੀ ਜਦੋਂ ਤੁਸੀਂ ਚੋਣ ਕਰਦੇ ਹੋ, ਉਹਨੂੰ ਜਦੋਂ ਤੁਸੀਂ ਪੇਸ਼ ਕਰਦੇ ਹੋ, ਉਦੋਂ ਉਹਨੂੰ ਤੁਸੀਂ ਕਿੰਨੀ ਮਹੱਤਤਾ ਦਿੰਦੇ ਹੋ ਆਪਣੇ ਨਾਟਕ ਵਿੱਚ?
- ਮੈਂ ਸਭ ਤੋਂ ਵੱਧ ਮਹੱਤਤਾ ਵਿਸ਼ੇ ਨੂੰ ਹੀ ਦਿੰਦਾ ਹਾਂ। ਮੈਂ ਫਿਲਮਾਂ ਵੀ ਕੀਤੀਆਂ। ਮੈਂ ਅੰਨੇ੍ਹ ਘੋੜੇ ਦਾ ਦਾਨ ਕੀਤੀ, ਉਹਦਾ ਮੈਂ ਮੇਨ ਅਦਾਕਾਰ ਹਾਂ। ਆਤੂ ਖੋਜੀ ਕੀਤੀ। ਮਿੱਟੀ ਫਿਲਮ ਕੀਤੀ। ਉਹਦੀ ਮੈਂ ਵਰਕਸ਼ਾਪ ਲਾਈ ਸੀ। ਐਕਟਿੰਗ ਡਾਇਰੈਕਟਰ ਹਾਂ ਉਹਦਾ ਮੈਂ। ਤੇ ਮੇਰਾ ਜਿੰਨਾ ਤੁਸੀਂ ਕੰਮ ਦੇਖੋਗੇ, ਉਹਦੇ `ਚ ਵਿਸ਼ੇ ਦੀ ਪ੍ਰਮੁੱਖਤਾ ਦੀ ਝਲਕ ਪਏਗੀ। ਫਿਰ ਅਗਲਾ ਕਦਮ ਹੁੰਦਾ ਹੈ ਕਿ ਉਸ ਵਿਸ਼ੇ ਨੂੰ ਪੇਸ਼ ਕਿਵੇਂ ਕੀਤਾ ਜਾਵੇ। ਉਹ ਫਿਰ ਮੇਰੇ ਕਲਾਕਾਰਾਂ `ਤੇ ਹੁੰਦਾ ਹੈ। ਪੇਸ਼ ਕਰਨ ਦੌਰਾਨ ਕਿੰਨੀ ਮਿਹਨਤ ਦੀ ਲੋੜ ਹੈ, ਕਿੰਨੇ ਮਹੀਨੇ ਰਿਹਰਸਲਾਂ ਦੀ ਲੋੜ ਹੈ, ਉਹ ਫਿਰ ਤੈਅ ਕੀਤੀਆਂ ਜਾਂਦੀਆਂ ਹਨ। ਉਹਦੇ ਵਾਸਤੇ ਸਾਨੂੰ ਕਿੱਥੇ ਕਿੱਥੇ ਜਾਣਾ ਪਏਗਾ। ਕਿਹਨਾਂ ਕਿਹਨਾਂ ਬੰਦਿਆਂ ਨੂੰ ਮਿਲਣਾ ਪਏਗਾ। ਕਿਹਨਾਂ ਕਿਹਨਾਂ ਥਿੰਕਰਾਂ ਨੂੰ ਮਿਲਣਾ ਪਏਗਾ। ਅਸਲ `ਚ ਜਿਵੇਂ ਮੈਂ ਰੰਗਮੰਚ ਕਰ ਰਿਹਾਂ ਹਾਂ, ਐਂ ਨਹੀਂ ਕਿ ਇਹ ਮੇਰੇ ਇਕੱਲੇ ਦਾ ਹੈ, ਇਹਦੇ ਵਿੱਚ ਉਨਾ ਹੀ ਯੋਗਦਾਨ ਹੈ, ਜਿਹੜੇ ਬੰਦੇ ਉੱਥੇ ਵਿਹੜਿਆਂ `ਚ ਦਲਿਤ ਜਿਹੜੇ ਜਿ਼ੰਦਗੀ ਹੰਢਾ ਰਹੇ ਹਨ, ਮੈਂ ਉਹਨਾਂ ਕੋਲ ਜਾਂਦਾ ਹਾਂ, ਗੱਲਾਂ ਕਰਦਾ ਹਾਂ ਮੈਂ ਉਹਨਾਂ ਨਾਲ। ਮੈਂ ਉਨ੍ਹਾਂ ਦੇ ਵਿੱਚ ਰਹਿੰਦਾ ਹਾਂ। ਐਂ ਹੀ ਮੈਂ ਕਿਸਾਨਾਂ ਦੇ ਵਿੱਚ ਰਹਿੰਦਾ ਹਾਂ। ਮੈਂ ਪੁਲੀਟੀਕਲ ਥਿੰਕਰਾਂ ਨਾਲ ਵਿਚਾਰ ਵਟਾਂਦਰਾ ਕਰਦਾ ਹਾਂ, ਕਿ ਸਮਾਜ ਕਿਵੇਂ ਚੱਲ ਰਿਹਾ ਹੈ, ਤੁਸੀਂ ਕਿਵੇਂ ਦੇਖ ਰਹੇ ਹੋ, ਕਲਾ ਨੂੰ ਕਿਵੇਂ ਦੇਖਣਾ ਚਾਹੀਦਾ ਹੈ। ਫਿਰ ਸਾਰਾ ਕੁਝ ਜਿੰਨੇ ਮੇਰੇ ਇਰਦ ਗਿਰਦ ਲੋਕ ਨੇ, ਮੇਰਾ ਸਮਾਜ ਹੈ, ਉਹਨਾਂ ਦੀ ਕੰਟਰੀਬਿਊਸ਼ਨ ਹੈ, ਮੇਰੇ ਇਕੱਲੇ ਦਾ ਕੰਮ ਨਹੀਂ। ਇਸ ਕਰਕੇ ਮੈਨੂੰ ਲੱਗਦਾ ਹੈ, ਕਿ ਇਹਦੇ ਵਿੱਚ ਬਿਊਟੀ ਹੈ, ਔਰ ਇਹ ਜਿਹੜਾ ਸਾਡੇ ਲੋਕ ਨੇ ਇਹ ਉਨ੍ਹਾਂ ਦਾ ਕੰਮ ਹੈ।

? ਸੋ ਜਿਹੜੀ ਇਹ ਹਿੱਸੇਦਾਰੀ ਹੈ ਉਹ ਸਾਰਿਆਂ ਦੀ ਬਰਾਬਰ ਦੀ ਹੋਣੀ ਚਾਹੀਦੀ ਹੈ। ਕੋਈ ਐਕਟਰ ਜਾਂ ਲੇਖਕ ਬਾਹਰੋਂ ਬੈਠਾ ਨਹੀਂ ਲਿਖ ਸਕਦਾ, ਉਹਦਾ ਸੰਬੰਧ ਉਹਨਾਂ ਲੋਕਾਂ ਨਾਲ ਹੋਣਾ ਚਾਹੀਦਾ ਹੈ।
- ਬਰਾਬਰ ਦੀ ਹੋਣੀ ਚਾਹੀਦੀ ਹੈ। ਮੈਂ ਅਕਸਰ ਡਾਇਲਾਗ ਬੋਲਦਾ ਹੁੰਦਾ, ਨਾਟਕ ਤੋਂ ਪਹਿਲਾਂ ਜਾਂ ਜਦੋਂ ਨਾਟਕ ਖੇਡ ਹਟੇ ਹੋਈਏ। ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਹਾਂ ਕਿ ਨਾਟਕ ਨੇ ਇਕੱਲੇ ਨੇ ਇਨਕਲਾਬ ਨਹੀਂ ਲਿਆਉਣਾ, ਇਹ ਜਿਹੜਾ ਇਨਕਲਾਬ ਆਏਗਾ ਜਾਂ ਤਬਦੀਲੀ ਆਏਗੀ, ਇਹ ਨਾ ਜਿਹੜੇ ਥਿੰਕਰ ਨੇ, ਵਿਚਾਰਵਾਨ ਨੇ, ਸਿਆਸਤਾਂ ਵਾਲੇ ਬੰਦੇ ਨੇ, ਸਿਆਸਤ ਨੂੰ ਸਮਝਦੇ ਨੇ, ਸਮਾਜ ਨੂੰ ਸਮਝਦੇ ਨੇ, ਮੇਨ ਤਬਦੀਲੀ ਉਨ੍ਹਾਂ ਨੇ ਕਰਨੀ ਹੈ। ਉਨ੍ਹਾਂ ਦੀਆਂ ਗੱਲਾਂ ਵੀ ਸੁਣੋ ਯਾਰ। ਅਸੀਂ ਉਹਦੇ ਲਈ ਜ਼ਮੀਨ ਤਿਆਰ ਕਰਦੇ ਹਾਂ, ਇਹ ਮੇਰਾ ਮੰਨਣਾ ਹੈ।

? ਜਿਹੜਾ ਵਿਸ਼ਾ ਤੁਸੀਂ ਨਾਟਕ ਵਿੱਚ ਪੇਸ਼ ਕਰਦੇ ਹੋ, ਉਹ ਜਦੋਂ ਤੁਸੀਂ ਇਕ ਵਾਰ ਲਿਖ ਲਿਆ ਤੇ ਉਹ ਫਾਈਨਲ ਹੋ ਜਾਂਦਾ ਹੈ ਜਾਂ ਉਹ ਬਦਲਦਾ ਰਹਿੰਦਾ ਹੈ?
- ਨਾ, ਮੇਰੀਆਂ ਜਿੰਨੀਆਂ ਵੀ ਸਕਰਿਪਟਾਂ ਨੇ ਅਜੇ ਤੱਕ ਕੋਈ ਵੀ ਲਿਖਤੀ ਰੂਪ ਵਿੱਚ ਨਹੀਂ। ਉਹਦਾ ਕਾਰਨ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਖੇਡੀ ਜਾ ਰਹੇ ਹਾਂ, ਉਹਦੇ ਵਿੱਚ ਤਬਦੀਲੀ ਆਉਂਦੀ ਜਾਂਦੀ ਹੈ। ਤੇ ਮੈਨੂੰ ਐਂ ਲੱਗਦਾ ਹੈ ਕਿ ਮੇਰਾ ਨਾਟਕ ਕਦੇ ਪੂਰਾ ਹੀ ਨਹੀਂ ਹੋਣਾ। ਮੈਨੂੰ ਲੱਗਦਾ ਹੈ। ਇਸ ਕਰਕੇ ਮੈਂ ਕਦੇ ਵੀ ਉਹਦੀ ਕੋਈ ਕਿਤਾਬ ਅਜੇ ਨਹੀਂ ਛਪਵਾਈ। ਕਿਉਂਕਿ ਜਿੱਥੇ ਵੀ ਜਾਂਦੇ ਹਾਂ, ਉੱਥੇ ਜਿਹੜੇ ਪੇਸ਼ਕਾਰੀ ਦੇ ਢੰਗ ਤਰੀਕੇ ਬਦਲ ਜਾਂਦੇ ਹਨ, ਲੋਕਾਂ ਦਾ ਬੈਠਣ ਉੱਠਣ ਦਾ ਤਰੀਕਾ ਬਦਲ ਜਾਂਦਾ ਹੈ, ਗੱਲਬਾਤ ਦਾ ਬਦਲ ਜਾਂਦਾ ਹੈ,ਕਿਹੋ ਜਿਹੇ ਥਾਂ `ਤੇ ਨਾਟਕ ਕਰ ਰਹੇ ਹਾਂ, ਉਨ੍ਹਾਂ ਲੋਕਾਂ ਨਾਲ, ਬਦਲ ਜਾਂਦਾ ਉਹ ਸਾਰਾ। ਇਸ ਕਰਕੇ ਅਜੇ ਸਕਰਿਪਟਾਂ ਛਾਪੀਆਂ ਨਹੀਂ। ਪਰ ਬਹੁਤ ਸਾਰੇ ਦੋਸਤ ਮਿੱਤਰ ਹੁਣ ਮੇਰੇ `ਤੇ ਜ਼ੋਰ ਪਾ ਰਹੇ ਹਨ, ਕਿ ਇਹਨਾਂ ਨੂੰ ਛਾਪੋ ਯਾਰ ਕੁਛ। ਫਿਰ ਮੈਂ ਸੋਚਦਾ ਹਾਂ, ਕਿ ਥੋੜ੍ਹਾ ਜਿਹਾ ਉਨ੍ਹਾਂ ਨੂੰ ਕਰਕੇ, ਅੱਗੇ ਨੋਟ ਲਿਖ ਦਿੱਤਾ ਜਾਏਗਾ, ਕਿ ਇਹਨੂੰ ਆਪਦੇ ਮੁਤਾਬਕ ਇਹਦੇ `ਚ ਵਾਧਾ ਘਾਟਾ ਕਰੋ , ਇਹ ਬੱਸ ਥੋੜ੍ਹੇ ਜਿਹੇ ਇਸ਼ਾਰੇ ਹੀ ਨੇ ਨਾਟਕ ਵਾਲੇ।

? ਤੇ ਤੁਸੀਂ ਲੋਕਾਂ ਤੋਂ ਆਮ ਫੀਡ ਬੈਕ ਲੈਂਦੇ ਰਹਿੰਦੇ ਹੋ, ਜਦੋਂ ਤੁਸੀਂ ਕੋਈ ਨਾਟਕ ਕਰਦੇ ਹੋ, ਲੋਕ ਤੁਹਾਨੂੰ ਦਸਦੇ ਹਨ, ਕਿ ਇਹਦੇ `ਚ ਯਾਰ ਸਾਨੂੰ ਆਹ ਚੀਜ਼ ਚੰਗੀ ਲੱਗੀ, ਆਹ ਚੀਜ਼ ਸਾਨੂੰ ਪਸੰਦ ਨਹੀਂ ਆਈ। ਇਹਨੂੰ ਐਦਾਂ ਕੀਤਾ ਜਾ ਸਕਦਾ ਸੀ। ਸੋ ਇਸ ਕਿਸਮ ਦੀ ਜਿਹੜੀ ਲੋਕਾਂ ਦੀ ਰਾਇ ਹੈ, ਉਹ ਤੁਸੀਂ ਲੈਂਦੇ ਰਹਿੰਦੇ ਹੋ, ਤੇ ਉਹਨੂੰ ਆਪਣੀ ਸਕਰਿਪਟ ਵਿੱਚ, ਜਿਹੜੀ ਫਾਈਨਲ ਨਹੀਂ ਹੋਈ ਹੁੰਦੀ, ਉਹਦੇ ਵਿੱਚ ਜੋੜਦੇ ਰਹਿੰਦੇ ਹੋ?
- ਹਾਂ,ਬਿਲਕੁਲ। ਮੈਂ ਜਦੋਂ ਵੀ ਕਿਤੇ ਵੀ ਪੇਸ਼ਕਾਰੀ ਕਰਦਾ ਹਾਂ, ਉਂਦੂ ਬਾਅਦ ਕੋਈ ਨਾ ਕੋਈ ਗੱਲਬਾਤ ਆਉਂਦੀ ਰਹਿੰਦੀ ਹੈ ਬਈ ਆਹ ਚੀਜ਼ ਚੰਗੀ ਲੱਗੀ ਸਾਨੂੰ ਅੱਜ ਅਹੁ ਚੀਜ਼ ਚੰਗੀ ਲੱਗੀ। ਮੈਂ ਉਹਦੇ `ਚ ਵਾਧਾ ਘਾਟਾ ਕਰਦਾ ਰਹਿੰਦਾ ਹਾਂ। ਕਈ ਵਾਰ ਮੈਨੂੰ ਲੱਗਦਾ ਹੈ ਕਿ ਹਾਂ ਇਹ ਤਾਂ ਬਿਲਕੁਲ ਠੀਕ ਦਿਸ਼ਾ `ਚ ਜਾ ਰਿਹਾ ਹੈ। ਜਿਵੇਂ ਮੇਰਾ ਕਿਰਤੀ ਨਾਟਕ ਹੈ, ਉਹ ਮਜ਼ਦੂਰਾਂ ਦੇ ਨਾਲ ਦੋਸਤੀ ਪੱਕੀ ਕਰਨ ਲਈ ਹੈ। ਜਿਹੜੇ ਛੋਟੀ ਜਾਤੀ ਵਾਲੇ ਬੰਦੇ ਹਨ, ਉਹ ਤਾਂ ਦਰਦ ਹੰਢਾ ਹੀ ਰਹੇ ਹਨ। ਹੁਣ ਮਾਲਵੇ ਦੇ ਵਿੱਚ ਜਿਹੜੇ ਜੱਟ ਸੀ, ਉਹ ਦਿਹਾੜੀਆਂ ਕਰਨ ਲੱਗ ਪਏ ਹਨ। ਹੁਣ ਉਹ ਜੱਟ ਹੋਣ ਦਾ ਦਰਦ ਹੰਢਾ ਰਹੇ ਹਨ। ਬ੍ਰਾਹਮਣਵਾਦੀ ਫਲਸਫਾ ਹੈ ਨਾ। ਉਹਨਾਂ ਨੂੰ ਕਹਿੰਦਾ ਹੈ ਜੱਟ ਐਂ ਹੁੰਦਾ, ਤੇਰਾ ਕੰਮ ਥੋੜ੍ਹੀ ਹੈ ਦਿਹਾੜੀ ਕਰਨਾ। ਉਹ ਬੰਦੇ ਦੁਖੀ ਹਨ। ਘਰੋਂ ਲੀੜੇ ਹੋਰ ਪਾ ਕੇ ਜਾਂਦੇ ਹਨ, ਉੱਥੇ ਜਾ ਕੇ ਹੋਰ ਪਾਉਂਦੇ ਹਨ, ਕੰਮ ਵੇਲੇ। ਉਹ ਜਦੋਂ ਮੈਂ ਨਾਟਕ ਕੀਤਾ, ਉਸ ਦੇ ਅਖੀਰ ਦੇ ਉੱਪਰ ਇਹੋ ਜਿਹੀ ਘਟਨਾ ਹੁੰਦੀ ਹੈ, ਬੂਟਾ ਹੁੰਦਾ ਮੁੰਡੇ ਦਾ ਨਾਂ ਉਸ ਨਾਟਕ `ਚ। ਉਹ ਕਿਸਾਨੀ `ਚੋਂ ਹੈ। ਉਹ ਹੁਣ ਦਿਹਾੜੀ ਕਰਨ ਵਲ ਵੱਧ ਰਿਹਾ। ਪਿਉ ਉਹਦਾ ਮਰ ਜਾਂਦਾ ਸਪਰੇਅ ਪੀ ਕੇ। ਅੰਤ ਦੇ ਉੱਪਰ ਉਹ ਕੌਲਾ ਚੁੱਕ ਕੇ ਆਪਣੇ ਦੋਸਤ ਨੂੰ ਅਵਾਜ਼ ਮਾਰਦਾ ਬਈ ਹੁਣ ਯਾਰੀ ਪੱਕੀ ਹੋਈ ਹੈ। ਹੁਣ ਆਪਾਂ ਇਕ ਥਾਂ `ਤੇ ਪਹੁੰਚ ਗਏ ਹਾਂ ਬਈ ਹੁਣ ਆਪਾਂ ਨੂੰ ਜਾਤ ਦੇ ਨਾਂ `ਤੇ ਕੋਈ ਤੋੜ ਨਹੀਂ ਸਕਦਾ। ਇਹੋ ਜਿਹੀ ਗੱਲ ਹੈ। ਉਸ ਨਾਟਕ ਨੂੰ ਮੈਂ ਮੁਕਤਸਰ ਦੇ ਮੇਲੇ `ਚ ਕਰ ਰਿਹਾ ਸਾਂ, ਤੇ ਜਿਹੜੇ ਦੋ ਚਾਰ ਕਿਲਿਆਂ ਵਾਲੇ ਬੰਦੇ ਸੀ, ਉਹ ਆ ਕੇ ਮੇਰੇ ਕੋਲ ਰੋਈ ਜਾ ਰਹੇ ਸਨ, ਜੱਟਾਂ ਦੇ ਮੁੰਡੇ ਜਾਂ ਜਿਹੜੇ ਬੇਜ਼ਮੀਨੇ ਹੋ ਗਏ ਸੀ, ਉਹ ਸੀ ਇਕ। ਉਹ ਬੰਦੇ ਰੋਂਦੇ ਰੋਂਦੇ ਕਹਿ ਰਹੇ ਸਨ “ਆਪਾਂ ਭੋਲੇ ਬੂਟੇ ਹੋਰੀਂ ਇਕੱਠੇ ਕਰਨੇ ਹਨ ਬਾਈ”। ਕਿਉਂਕਿ ਭੋਲਾ ਵਿਹੜੇ ਆਲਿਆਂ ਦਾ ਮੁੰਡਾ ਸੀ ਨਾਟਕ `ਚ ਦਿਖਾਇਆ ਤੇ ਬੂਟਾ ਕਿਸਾਨੀ ਦਾ ਦਿਖਾਇਆ ਸੀ। ਹੁਣ ਇਹ ਜਿਹੜੇ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਮਿਲਦੇ ਹਨ, ਨਾਲ ਦੀ ਨਾਲ ਤੁਹਾਨੂੰ ਉਹਦੇ ਬਾਰੇ ਪਤਾ ਲੱਗਦਾ ਹੈ ਜੋ ਲੋਕਾਂ ਨੇ ਮਹਿਸੂਸ ਕੀਤਾ। ਤਾਂ ਤੁਹਾਨੂੰ ਚੀਜ਼ਾਂ ਬਾਰੇ ਸਮਝ ਆਉਂਦੀ ਹੈ, ਜਿਹੜੀਆਂ ਤੁਸੀਂ ਕਰ ਰਹੇ ਹੋ ਨਾਟਕ ਦੇ ਵਿੱਚ। ਉਹਨਾਂ ਵਿੱਚ ਫਿਰ ਤੁਸੀਂ ਵਾਧਾ ਕਰਨਾ ਹੈ ਜਾਂ ਘਾਟਾ ਕਰਨਾ ਹੈ, ਉਸ ਗੱਲ ਦੀ ਸਮਝ ਆਉਂਦੀ ਹੈ।

? ਆਪਾਂ ਗੱਲ ਕਰ ਰਹੇ ਹਾਂ ਕਿ ਬਈ ਤੁਹਾਡੇ ਨਾਟਕਾਂ ਦਾ ਜਿਹੜਾ ਵਿਸ਼ਾ ਵਸਤੂ ਹੈ, ਉਹਦੇ ਵਿੱਚ ਜੋ ਕੁਝ ਪੇਸ਼ ਹੋਣਾ, ਉਹਦੇ ਵਿੱਚ ਲੋਕਾਂ ਦਾ ਪੂਰਾ ਯੋਗਦਾਨ ਹੈ। ਤੁਸੀਂ ਉਂਝ ਲੋਕਾਂ ਨੂੰ... ਜੇ ਮੈਂ ਤੁਹਾਨੂੰ ਸਵਾਲ ਪੁੱਛਾਂ ਜਿਹੜੇ ਆਮ ਲੋਕ ਹਨ, ਤੁਸੀਂ ਉਹਨਾਂ ਨੂੰ ਆਪਣੇ ਨਾਟਕ ਦੇ ਸੰਬੰਧ ਵਿੱਚ ਕੀ ਸਮਝਦੇ ਹੋ, ਕੀ ਉਹ ਇਕੱਲੇ ਦਰਸ਼ਕ ਹੁੰਦੇ ਹਨ ਜਾਂ ਉਹਨਾਂ ਦਾ ਕੋਈ ਹੋਰ ਰੋਲ ਵੀ ਹੁੰਦਾ ਹੈ? ਤੁਸੀਂ ਉਹਨਾਂ ਦਾ ਕੀ ਰੋਲ ਸਮਝਦੇ ਹੋ?
- ਹੌਲੀ ਹੌਲੀ ਮੈਂ ਸ਼ੁਰੂਆਤ ਕਰ ਦਿੱਤੀ ਹੈ ਕਿ ਮੈਂ ਨਾਟਕ ਜਦੋਂ ਸ਼ੁਰੂ ਕਰਦਾ ਹਾਂ ਤਾਂ ਮੈਂ ਲੋਕਾਂ ਨੂੰ ਉਸ ਵਿੱਚ ਸ਼ਾਮਲ ਕਰਦਾ ਹਾਂ। ਬਈ ਉਹਨਾਂ ਦੀ ਹਿੱਸੇਦਾਰੀ ਹੋਵੇ ਤੇ ਉਹ ਨਾਲ ਨਾਲ ਬੋਲਣ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੋਚ ਰਿਹਾ ਹਾਂ ਕਿ ਇਸ ਹਿੱਸੇਦਾਰੀ ਨੂੰ ਹੋਰ ਵਧਾਇਆ ਜਾਵੇ। ਨਾਟਕ ਜਦੋਂ ਖੇਡਿਆ ਜਾ ਰਿਹਾ ਹੈ, ਉਸ ਸਮੇਂ ਦੇਖਣ ਵਾਲੇ ਬੰਦੇ ਦੀ ਉਨੀ ਹੀ ਹਿੱਸੇਦਾਰੀ ਹੋਵੇ, ਜਿੰਨੀ ਕਰਨ ਵਾਲੇ ਦੀ। ਜਿਹੜਾ ਬੰਦਾ ਨਾਟਕ ਦਿਖਾਉਣ ਗਿਆ ਹੈ। ਇਹਦੇ `ਤੇ ਮੇਰਾ ਹੁਣ ਜ਼ੋਰ ਹੈ। ਤੇ ਮੇਰੇ ਅੰਦਰ ਇਹ ਚੀਜ਼ਾਂ ਆ ਰਹੀਆਂ ਹਨ। ਨਾਟਕ ਦੇ ਵਿੱਚ ਇਕ ਅੱਧ ਕਲਾਕਾਰ ਹੋਵੇ। ਬਾਕੀ ਆਡੀਐਂਸ ਦੇ ਵਿੱਚੋਂ ਮੈਂ ਬੰਦਾ ਉਠਾਵਾਂ। ਉਹਨੂੰ ਕਹਾਂ ਕਿ ਆ ਭਾਈ ਤੂੰ ਗੱਲ ਕਰ, ਐਸ ਗੱਲ ਨੂੰ ਅਸੀਂ ਐਂ ਸਮਝ ਰਹੇ ਹਾਂ ਤੇ ਤੈਨੂੰ ਕਿਵੇਂ ਲੱਗ ਰਿਹਾ ਹੈ। ਐਂ ਬਰਾਬਰ ਦੀ ਹਿੱਸੇਦਾਰੀ ਹੋਵੇ। ਇਸ ਗੱਲ ਨੂੰ ਆਉਣ ਵਾਲੇ ਟਾਇਮ ਦੇ ਵਿੱਚ ਮੈਂ ਵਧਾ ਰਿਹਾ ਹਾਂ।

? ਸੋ ਤੁਸੀਂ ਹਾਲੇ ਇਹ ਤਜਰਬਾ ਪੂਰੀ ਤਰ੍ਹਾਂ ਕੀਤਾ ਨਹੀਂ, ਪਰ ਇਹਦੇ ਬਾਰੇ ਕੀ ਸੋਚਦੇ ਹੋ, ਇਹ ਕਿਸ ਢੰਗ ਨਾਲ ਸਿਰੇ ਲੱਗੇਗਾ?
- ਇਹਦੇ ਬਾਰੇ ਇਹ ਹੈ ਕਿ ਵੱਧ ਤੋਂ ਵੱਧ ਇਹ ਤਾਂ ਸਿਰੇ ਲੱਗੇਗਾ ਜੇ ਮੈਂ ਛੋਟੋ ਛੋਟੇ ਨਾਟਕਾਂ ਦੀ ਰੂਪ ਰੇਖਾ ਤਿਆਰ ਕਰਕੇ, ਭਾਵੇਂ ਉਹ ਕੱਚੀ ਹੀ ਹੋਵੇ, ਸਿੱਧੇ ਤੌਰ `ਤੇ ਬਿਨਾਂ ਕਿਸੇ ਵਿੱਥ ਤੋਂ ਦਰਸ਼ਕਾਂ ਦੇ ਵਿੱਚ ਹੀ ਖੜ੍ਹ ਕੇ ਨਾਟਕ ਕਰ ਰਿਹਾ ਹੋਵਾਂਗਾ। ਜੇ ਮੈਂ ਸਟੇਜ ਤੋਂ ਕਰਾਂਗਾਂ ਤਾਂ ਉਹ ਪ੍ਰਾਬਲਮ ਕ੍ਰੀਏਟ ਕਰੇਗਾ। ਮੈਂ ਚਾਹੁੰਦਾ ਹਾਂ ਵਿੱਚ ਹੀ ਕਰਾਂ। ਜਿਵੇਂ ਕਿਸੇ ਦੇ ਘਰ `ਚ ਬੈਠੇ ਹੋਈਏ, ਉੱਥੇ ਹੀ ਕਰ ਰਿਹਾ ਹੋਵਾਂ। ਜਿਹੜਾ ਕਿਰਤੀ ਨਾਟਕ ਹੈ, ਇਹਨੂੰ ਮੈਂ ਬਹੁਤ ਥਾਂਵਾਂ `ਤੇ ਬਿਲਕੁਲ ਵੱਖਰੇ ਰੂਪ ਨਾਲ ਕੀਤਾ। ਗਦਰੀ ਬਾਬਿਆਂ ਦੇ ਮੇਲੇ `ਤੇ ਮੈਂ ਗਿਆ। ਉਂਝ ਵੈਸੇ ਦੇਖਣ ਗਿਆ ਸੀ ਨਾਟਕ। ਬਾਹਰ ਚਾਹ ਵਾਲੀ ਦੁਕਾਨ `ਤੇ ਅਸੀਂ ਪੰਜ-ਸੱਤ ਜਣੇ ਖੜ੍ਹੇ ਸੀ। ਮੈਂ ਕਿਰਤੀ ਦੀ ਕਹਾਣੀ ਸ਼ੁਰੂ ਕਰ ਦਿੱਤੀ। ਬਈ ਇਸ ਤਰ੍ਹਾਂ ਕਰਕੇ ਐਂ ਭਾਈ ਗੱਲਬਾਤ ਹੈਗੀ ਹੈ। ਯਾਰੋ ਦੇਖੋ ਅਖਬਾਰ ਤਾਂ ਕੀ ਕਹਿੰਦੇ ਹਨ ਕਿ ਸਾਰਾ ਦੇਸ਼ ਐਂ ਹੈ ਮਹਾਨ ਹੈ, ਫਲਾਣਾ ਢਿਮਕਾ ਹੈ। ਸੁਣਨ ਵਾਲੇ ਕਹਿੰਦੇ ਹਾਂ ਯਾਰ। ਉਹ ਵਿੱਚ ਗੱਲਾਂ ਕਰੀ ਗਏ। ਮੈਂ ਕਿਹਾ ਯਾਰ ਬੰਦੇ ਤਾਂ ਆਪਣੇ ਫਾਹੇ ਲਈ ਜਾਂਦੇ ਹਨ। ਕਹਿੰਦੇ ਹਾਂ ਯਾਰ ਐਧਰ ਮਾਨਸਾ ਵੱਲ ਵੀ ਮਰੀ ਜਾਂਦੇ ਹਨ, ਉਧਰ ਵੀ ਐਂ ਹੋ ਗਿਆ ਯਾਰ ਐਨੇ ਬੰਦੇ ਮਰ ਗਏ। ਪਿੰਡ `ਚ ਤਾਂ ਬੰਦੇ ਇਕ ਦੋ ਹੀ ਰਹਿ ਗਏ, ਜਿਹੜੇ ਤੱਕੜੇ ਨੇ। ਉਹ ਵਿੱਚ ਐਂ ਬੋਲੀ ਗਏ। ਅਖੀਰ `ਤੇ ਮੈਂ ਕਿਹਾ… ਉਦੂੰ ਬਾਅਦ ਕਈ ਥਾਂਵਾਂ ਤੇ ਐਂ ਹੀ ਹੋਇਆ ਕਈ ਬੰਦਿਆਂ ਨੂੰ ਐਂ ਕਰਨਾ ਪਿਆ, ਸਪਰੇਅ ਪੀ ਕੇ। ਅਖੀਰ `ਤੇ ਮੈਂ ਉਸ ਨਾਟਕ ਦਾ ਅੰਤ ਉੱਥੇ ਹੀ ਕਰ ਦਿੱਤਾ ਜਿੱਦਾਂ ਮੈਂ ਹੁਣ ਸਕਰਿਪਟ `ਚ ਕਰਦਾ ਹਾਂ। ਉਹ ਕਹਿੰਦੇ ਯਾਰ ਇਹ ਤਾਂ ਬਹੁਤ ਵਧੀਆ। ਮੈਂ ਕਿਹਾ ਬਈ ਮੈਂ ਇਹੋ ਜਿਹਾ ਨਾਟਕ ਲਿਖ ਰਿਹਾ ਹਾਂ। ਉਹ ਮੈਂ ਪੂਰਾ ਸੁਣਾ ਦਿੱਤਾ। ਉਹ ਵੀ ਵਿੱਚ ਹੀ ਸ਼ਾਮਲ ਹੁੰਦੇ ਰਹੇ। ਕਹਿੰਦੇ ਬਈ ਇਹ ਤਾਂ ਬਹੁਤ ਹੀ ਵਧੀਆ ਹੈ ਯਾਰ। ਮੈਂ ਕਿਹਾ ਇਹ ਵੀ ਇਕ ਨਾਟਕ ਦਾ ਤਰੀਕਾ ਬਈ। ਇਹ ਵੀ ਨੁੱਕੜ ਨਾਟਕ ਹੈ। ਉਹਨਾਂ ਨੇ ਪਰਸ ਕੱਢੇ ਤੇ ਮੈਨੂੰ ਕਿਸੇ ਨੇ ਸੌ ਦੇ ਦਿੱਤੇ ਕਿਸੇ ਨੇ ਪੰਜਾਹ। ਇਹ ਉਹਨਾਂ ਨੂੰ ਲੱਗ ਹੀ ਨਹੀਂ ਸੀ ਰਿਹਾ ਕਿ ਬੰਦਾ ਨਾਟਕ ਖੇਡ ਰਿਹਾ। ਮੈਂ ਖੜ੍ਹੇ ਖੜ੍ਹੇ ਨੇ ਉਹਨੂੰ ਨਾਟਕ ਦੀ ਵਿਧਾ ਵਿੱਚ ਬਦਲ ਦਿੱਤਾ ਗੱਲਬਾਤ ਨੂੰ।

? ਜਦੋਂ ਤੁਸੀਂ ਇਹ ਸੋਚ ਰਹੇ ਹੋ ਕਿ ਇਸ ਤਰ੍ਹਾਂ ਕਰਨਾ ਹੈ, ਇਹਦੇ ਪਿੱਛੇ ਕੀ ਸੋਚ ਕੰਮ ਕਰ ਰਹੀ ਹੈ? ਕੀ ਤੁਸੀਂ ਸਮਝਦੇ ਬਈ ਨਾਟਕ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ, ਕੀ ਤੁਸੀਂ ਸਮਝਦੇ ਹੋ ਕਿ ਜਿਹੜੀ ਇਹ ਕਲਾ ਹੈ ਉਹ ਹਰ ਬੰਦੇ ਦੇ ਹੱਥ ਵਿੱਚ ਹੋਵੇ? ਕਿਉ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ।
- ਮੈਂ ਇਹ ਇਸ ਕਰਕੇ ਕਰ ਰਿਹਾਂ ਹਾਂ ਕਿ ਜਿਵੇਂ ਅਜ਼ਾਦੀ ਖੋਹ ਲਈ ਗਈ ਹੈ, ਉਸ ਤਰ੍ਹਾਂ ਇਸ ਕਲਾ ਨੂੰ ਸਾਡੇ ਗਰੀਬ ਲੋਕਾਂ ਤੋਂ ਖੋਹ ਨਾ ਲਿਆ ਜਾਵੇ। ਮੈਂ ਸਾਰੀ ਦੀ ਸਾਰੀ ਤਾਕਤ ਉਨ੍ਹਾਂ ਲੋਕਾਂ ਦੇ ਹੱਥ ਵਿੱਚ ਦੇਣੀ ਚਾਹੁੰਦਾ ਹਾਂ। ਉਹਨਾਂ ਨੂੰ ਇਹ ਜੁਗਤ, ਉਹਨਾਂ ਨੂੰ ਇਹ ਸਮਝ ਆ ਜਾਵੇ ਕਿ ਸਾਰਾ ਕੁਝ ਉਹਨਾਂ ਦੇ ਕੋਲ ਹੈ ਤੇ ਉਹਂ ਖੁਦ ਸਿਰਜ ਸਕਦੇ ਹਨ। ਇਹ ਪੈਸੇ ਵਾਲੇ ਨਾ ਖੋਹ ਖਿੱਚ ਕੇ ਲੈ ਜਾਣ। ਮੇਰਾ ਮੇਨ ਮਕਸਦ ਇਹ ਹੈ।

? ਪੈਸੇ ਵਾਲਾ ਨਾ ਵੀ ਹੋਵੇ। ਇੱਥੋਂ ਤੱਕ ਕਿ ਤੁਹਾਡੇ ਵਰਗਾ ਬੰਦਾ ਵੀ ਜਦੋਂ ਬਾਹਰੋਂ ਜਾ ਕੇ ਨਾਟਕ ਕਰਦਾ ਹੈ ਤਾਂ ਲੋਕਾਂ ਨੂੰ ਕਿਸੇ ਹੋਰ `ਤੇ ਨਿਰਭਰ ਹੋਣਾ ਪੈ ਰਿਹਾ ਹੈ। ਮਤਲਬ ਤੁਸੀਂ ਉਹਨਾਂ ਦੀ ਨਿਰਭਰਤਾ ਖਤਮ ਕਰਨੀ ਚਾਹੁੰਦੇ ਹੋ?
- ਮੇਨਲੀ ਇਹ ਕਿ ਜਿਹੜਾ ਇਹ ਕੰਮ ਹੈ ਉਹ ਸਿਰਫ ਪੈਸੇ `ਤੇ ਨਿਰਭਰ ਨਾ ਹੋਵੇ। ਮੇਰਾ ਮਤਲਬ ਪੈਸੇ ਤੋਂ ਇਹ ਹੈ। ਨਾਟਕਾਂ ਵਾਲੇ ਬੰਦੇ ਤੁਹਾਨੂੰ ਏਨਾ ਸਾਜ਼ੋ ਸਮਾਨ ਤੇ ਸਾਰਾ ਕੁਛ ਲਾ ਕੇ ਦਿਖਾਈ ਜਾਣ ਤੇ ਤੁਸੀਂ ਹੀਣ ਭਾਵਨਾਵਾਂ ਦਾ ਸਿ਼ਕਾਰ ਹੋਈ ਜਾਵੋ। ਤੁਹਾਡੇ ਅੰਦਰ ਇਹ ਗੱਲ ਪੈਦਾ ਹੀ ਨਾ ਹੋਵੇ ਕਿ ਅਸੀਂ ਇਹ ਕਰ ਸਕਦੇ ਹਾਂ। ਮੈਂ ਲੋਕਾਂ ਨੂੰ ਇਸ ਚੀਜ਼ ਤੋਂ ਮੁਕਤ ਕਰਨਾ ਚਾਹੁੰਦਾਂ ਹਾਂ। ਮੈਂ ਉਨ੍ਹਾਂ ਨੂੰ ਮੱਛੀ ਨਹੀਂ ਫੜ੍ਹ ਕੇ ਖਵਾਉਣੀ ਚਾਹੁੰਦਾ। ਉਹਨਾਂ ਨੂੰ ਮੱਛੀ ਫੜ੍ਹਨ ਦਾ ਤਰੀਕਾ ਦੱਸਣਾ ਚਾਹੁੰਦਾ ਹਾਂ। ਮੈਂ ਬੰਦੇ ਨੂੰੰ ਦੱਸਣਾ ਚਾਹੁੰਦਾ ਹਾਂ ਬਈ ਤੂੰ ਮੱਛੀ ਖੁਦ ਫੜ੍ਹਨੀ ਸਿੱਖ। ਇਹ ਕਰਨਾ ਚਾਹੁੰਦਾ ਹਾਂ। ਮੈਨੂੰ ਤਾਂ ਲੱਗਦਾ ਹੈ ਕਿ ਨਾਲੀ ਸਾਫ ਕਰਨ ਵਾਲਾ ਬੰਦਾ ਵੀ, ਅੱਧੇ ਪੌਣੇ ਘੰਟੇ ਦਾ ਨਾਟਕ ਸਿਰਜ ਦੇਵੇ ਖੜ੍ਹਾ ਖੜ੍ਹਾ ਹੀ। ਕਿਉਂ ਨਹੀਂ ਸਿਰਜ ਸਕਦਾ ਬਈ? ਜੇ ਮੈਂ ਵੱਧ ਤੋਂ ਵੱਧ ਉਹਨਾਂ ਕੋਲ ਆਉਣ ਵਾਲੇ ਟਾਇਮ ਵਿੱਚ ਜਾਵਾਂਗਾ ਤਾਂ ਇਹ ਚੀਜ਼ਾਂ ਹੋ ਜਾਣਗੀਆ। ਅਸੀਂ ਇਹ ਕਰ ਸਕਾਂਗੇ।

? ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ? ਤੁਸੀਂ ਰੋਜ਼ ਉੱਠ ਕੇ ਨਾਟਕ ਕਰਨ ਜਾਂਦੇ ਹੋ। ਤੁਸੀਂ ਆਪਣੇ ਆਪ ਨੂੰ ਅਦਾਕਾਰ ਸਮਝਦੇ ਹੋ, ਡਾਇਰੈਕਟਰ ਸਮਝਦੇ ਹੋ, ਨਾਟਕਕਾਰ ਸਮਝਦੇ ਹੋ, ਕੀ ਸਮਝਦੇ ਹੋ? ਦਿਹਾੜੀਦਾਰ ਸਮਝਦੇ ਹੋ?
- ਮੈਂ ਤਾਂ ਅਕਸਰ ਨਾ ਸਾਰੇ ਥਾਂਵਾਂ ਤੇ ਇਹ ਹੀ ਬੋਲ ਦਿੰਦਾ ਹੁੰਦਾ ਹਾਂ ਬਈ ਮੈਂ ਦਿਹਾੜੀਦਾਰ ਬੰਦਾ ਹਾਂ। ਇਕ ਤਾਂ ਮੈਂ ਬਿਲਕੁਲ ਬਹੁਤ ਜ਼ੋਰ ਦੇ ਕੇ ਗੱਲ ਕਹਿੰਦਾ ਹਾਂ ਕਿ ਜਿਵੇਂ ਦਿਹਾੜੀਦਾਰ ਬੰਦਾ ਹੈ, ਮੈਂ ਉਹੋ ਜਿਹੀ ਜਿ਼ੰਦਗੀ ਵਾਲਾ ਬੰਦਾ ਹਾਂ। ਜੇ ਮੈਂ ਨਾਟਕ ਕਰ ਲੈਂਦਾ ਹਾਂ ਤਾਂ ਮੈਨੂੰ ਕੋਈ ਬਹੁਤ ਵੱਖ ਨਾ ਸਮਝਿਆ ਜਾਵੇ ਤੇ ਨਾ ਕੋਈ ਵਿਸ਼ੇਸ਼ ਸਹੂਲਤ ਦੀ ਲੋੜ ਹੈ ਮੈਨੂੰ। ਇਹ ਮੈਂ ਖਾਸ ਤੌਰ `ਤੇ ਸਭ ਜਗ੍ਹਾ ਬੋਲਦਾ ਹਾਂ। ਇਕ ਤਾਂ ਇਹ ਚੀਜ਼ਾਂ ਮੈਨੂੰ ਹੰਕਾਰ ਤੋਂ ਬਚਾਉਂਦੀਆਂ ਹਨ, ਜਦੋਂ ਮੈਂ ਦੇਖਦਾ ਹਾਂ ਕਿ ਅਸੀਂ ਤਾਂ ਕੁਝ ਵੀ ਨਹੀਂ। ਅਸੀਂ ਦੋ ਚਾਰ ਘੰਟੇ ਰਿਹਰਸਲ ਕਰਦੇ ਹਾਂ। ਅਤੇ ਜਿਹੜੇ ਬੰਦੇ ਦਿਨ ਅਤੇ ਰਾਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਤਾਂ ਮਾਣ ਸਨਮਾਨ ਵੀ ਨਹੀਂ ਮਿਲਦਾ। ਮੈਨੂੰ ਇੱਜ਼ਤ ਤਾਂ ਮਿਲਦੀ ਹੈ। ਅਖਬਾਰ ਜਿਹੇ ਮੇਰੇ ਮਗਰ ਤੁਰੇ ਫਿਰਦੇ ਹਨ, ਜਾਂ ਹੋਰ ਕੋਈ ਮੀਡੀਆ ਇੱਜ਼ਤ ਦਿੰਦਾ ਹੈ ਜਾਂ ਬੰਦੇ ਇੱਜ਼ਤ ਦਿੰਦੇ ਹਨ। ਉਨ੍ਹਾਂ ਨੂੰ ਤਾਂ ਉਹ ਵੀ ਨਹੀਂ ਮਿਲ ਪਾ ਰਹੀ। ਹੌਲੀ ਹੌਲੀ ਮੈਂ ਇਹ ਹੀਰੋਜ਼ਿਮ ਨੂੰ ਭੰਨ ਰਿਹਾ ਹਾਂ। ਬਈ ਭੰਨ ਦਿਉ। ਜਿਹੜਾ ਕਿਰਤ ਕਰਨ ਵਾਲਾ ਬੰਦਾ ਹੈ, ਮੈਨੂੰ ਲੱਗਦਾ ਹੈ ਬਈ ਉਹ ਸਭ ਤੋਂ ਮਹਾਨ ਹੈ। ਇਹ ਨਾਟਕ ਵਾਟਕ ਤਾਂ ਬਾਅਦ ਦੀਆਂ ਗੱਲਾਂ ਨੇ। ਮੈਨੂੰ ਉਹ ਬੰਦਾ ਮਹਾਨ ਲੱਗਦਾ ਹੈ। ਧਰਤੀ `ਤੇ ਇਕੋ ਇਕ ਬੰਦਾ ਮਹਾਨ ਹੈ। ਉਹ ਹੈ ਕਿਰਤ ਕਰਨ ਵਾਲਾ। ਬਾਕੀ ਚੀਜ਼ਾਂ ਸਭ ਬਾਅਦ `ਚ। ਕਲਾਵਾਂ ਵੀ ਬਾਅਦ `ਚ। ਤੇ ਮੈਂ ਆਪਣੇ ਆਪ ਨੂੰ ਉਸ ਬੰਦੇ ਨਾਲ ਜੋੜਦਾ ਹਾਂ।

? ਸੋ ਜਿਹੜਾ ਇਹ ਨਾਟਕ ਕਰਨ ਵਾਲਾ ਦਿਹਾੜੀਦਾਰ ਸੈਮੂਅਲ ਜੌਹਨ ਹੈ, ਉਹ ਆਪਣੇ ਗੁਜ਼ਾਰੇ ਬਾਰੇ ਕਿਵੇਂ ਸੋਚਦਾ ਹੈ? ਉਹ ਕਿਵੇਂ ਮਹਿਸੂਸ ਕਰਦਾ ਹੈ ਕਿ ਉਹਦਾ ਗੁਜ਼ਾਰਾ ਕਿੱਥੋਂ ਹੋਣਾ ਚਾਹੀਦਾ ਹੈ?
- ਮੈਂ ਇਹ ਸਮਝਦਾ ਹਾਂ ਕਿ ਨਾ ਤਾਂ ਮੈਂ ਸਰਕਾਰਾਂ ਤੋਂ ਪੈਸਾ ਲਵਾਂ, ਨਾ ਮੈਂ ਹੋਰ ਕਿਸੇ ਤਕੜੇ ਬੰਦਿਆਂ ਤੋਂ ਪੈਸੇ ਲਵਾਂ। ਮੇਰੀ ਇਹ ਸਮਝ ਹੈ ਕਿ ਮੈਂ ਕਲਾ ਦੇ ਨਾਲ ਲੋਕਾਂ ਨਾਲ ਜੁੜਦਾ ਹਾਂ, ਆਪਣੀ ਕਲਾ ਦੇ ਰਾਹੀਂ, ਤੇ ਉਹ ਲੋਕ ਮੈਨੂੰ ਜਿਉਂਦਾ ਰੱਖਣ ਤੇ ਉਹ ਮੈਨੂੰ ਜਿਉਂਦਾ ਰੱਖ ਰਹੇ ਹਨ। ਜਦੋਂ ਤੁਸੀਂ ਯੂਨੀਵਰਸਿਟੀਆਂ ਤੋਂ ਪੜ੍ਹਨ ਤੋਂ ਬਾਅਦ ਵੀ ਇਹ ਹੀ ਗੱਲ ਕਰਦੇ ਹੋ ਜਾਂ ਉਨ੍ਹਾਂ ਤੱਕ ਪਹੁੰਚਣ ਦੀ ਕੋਸਿ਼ਸ਼ ਕਰਦੇ ਹੋ, ਤਾਂ ਕਿਤੇ ਨਾ ਕਿਤੇ ਤੁਸੀਂ ਸੋਚਦੇ ਹੁੰਦੇ ਹੋ ਬਈ ਤੁਹਾਡੀ ਹਾਲਤ ਕਿਧਰੇ ਥੋੜ੍ਹੀ ਜਿਹੀ ਸੁਧਰੇ। ਪਰ ਮੇਰੀ ਇਹ ਸਮਝ ਕੰਮ ਕਰਦੀ ਹੈ, ਮੈਂ ਇਸ ਸਿੱਟੇ `ਤੇ ਪਹੁੰਚਿਆਂ ਹਾਂ ਕਿ ਮੈਂ ਜਿਹੋ ਜਿਹੇ ਲੋਕਾਂ ਵਾਸਤੇ ਕੰਮ ਕਰ ਰਿਹਾ ਹਾਂ ਤਾਂ ਮੇਰੀ ਹਾਲਤ ਉਹੋ ਜਿਹੇ ਲੋਕਾਂ ਵਰਗੀ ਹੀ ਰਹੂਗੀ। ਜੇ ਤਾਂ ਮੈਂ ਤੱਕੜੇ ਅਮੀਰ ਬੰਦਿਆਂ ਵਾਸਤੇ ਕੰਮ ਕਰਨ ਲੱਗ ਜਾਊਂਗਾ ਤਾਂ ਹਾਲਤ ਉਹੋ ਜਿਹੀ ਹੋ ਜਾਊਗੀ, ਜੇ ਗਰੀਬਾਂ ਵਾਸਤੇ ਕਰਾਂਗਾ ਤਾਂ ਉਹੋ ਜਿਹੀ ਰਹੂਗੀ। ਮੈਨੂੰ ਇਹਦੇ `ਚ ਕੋਈ ਜ਼ਿਆਦਾ ਕਿੰਤੂ ਪਰੰਤੂ ਨਹੀਂ। ਮੈਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਠੀਕ ਹਾਂ। ਮੈਂ ਉਨ੍ਹਾਂ ਵਰਗਾ ਹੋ ਕੇ ਹੀ ਇਹ ਕੰਮ ਕਰਨਾ ਚਾਹੁੰਦਾ ਹਾਂ।

? ਜਿਹਨਾਂ ਲੋਕਾਂ ਨੂੰ ਤੁਸੀਂ ਆਪਣਾ ਨਾਟਕ ਦਿਖਾਲਣਾ ਚਾਹੁੰਦੇ ਹੋ, ਤੁਸੀਂ ਉਹਨਾਂ ਵਰਗੇ ਹੀ ਹੋ ਕੇ…।
- ਮੈਂ ਉਹਨਾਂ ਦੇ ਲੈਵਲ `ਤੇ ਹੀ, ਉਨ੍ਹਾਂ ਵਰਗਾ ਹੋ ਕੇ ਹੀ ਕੰਮ ਕਰਨਾ ਚਾਹੁੰਦਾ ਹਾਂ। ਵੱਖ ਨਹੀਂ ਮੈਂ ਲੱਗਣਾ ਚਾਹੁੰਦਾ ਉਨ੍ਹਾਂ ਤੋਂ। ਮੈਂ ਤਾਂ ਕਈ ਵਾਰ ਗੱਲ ਹੀ ਨਹੀਂ ਕਰਦਾ ਕਿ ਮੈਂ ਪੜ੍ਹਿਆ ਹੋਇਆ ਹਾਂ। ਕਿਉਂ ਕਰਨੀ ਹੈ? ਕੀ ਹੈ? ਪੜ੍ਹੇ ਲਿਖੇ ਹੋਣਾ ਕੀ ਹੁੰਦਾ ਹੈ? ਕੀ ਹੋ ਗਿਆ ਜੇ ਤੁਹਾਨੂੰ ਮੌਕਾ ਮਿਲ ਗਿਆ ਜਾਂ ਤੁਸੀਂ ਕਿਸੇ ਤਰੀਕੇ ਇੱਥੇ ਪਹੁੰਚ ਗਏ ਹੋ। ਨਹੀਂ ਯਾਰ ਐਂ ਨਹੀਂ ਹੈ। ਐਂ ਨਹੀਂ ਹੈ।

? ਅੱਛਾ ਜਿਹੜਾ ਤੁਹਾਡਾ ਨਾਟਕ ਹੈ, ਜੋ ਕੁਛ ਤੁਸੀਂ ਕਰ ਰਹੇ ਹੋ, ਤੁਸੀਂ ਉਹਦੇ ਬਾਰੇ ਇਹ ਕਹਿੰਦੇ ਹੋ ਕਿ ਤੁਸੀਂ ਲੋਕਾਂ ਨੂੰ ਚੇਤਨ ਕਰਨਾ ਚਾਹੁੰਦੇ ਹੋ, ਜਾਂ ਸਾਡੇ ਵਰਗੇ ਕਹਿੰਦੇ ਹਨ ਕਿ ਸੈਮੂਅਲ ਜੌਹਨ ਲੋਕਾਂ ਨੂੰ ਚੇਤਨ ਕਰ ਰਿਹਾ ਹੈ। ਸੋ ਇਹ ਜਿਹੜਾ ਚੇਤਨ ਕਰਨ ਦਾ ਕੰਮ ਹੈ, ਇਹ ਕੀ ਹੈ? ਤੁਸੀਂ ਲੋਕਾਂ ਨੂੰ ਕਾਹਦੇ ਬਾਰੇ ਚੇਤਨ ਕਰ ਰਹੇ ਹੋ? ਚੇਤਨਾ ਤੋਂ ਤੁਹਾਡਾ ਕੀ ਭਾਵ ਹੈ?
- ਚੇਤਨਾ ਤੋਂ ਮੇਰਾ ਭਾਵ ਹੈ ਕਿ ਜਿਹੜੇ ਸਾਡੇ ਦੇਸ਼ ਚਲਦੇ ਹਨ, ਇਹ ਚਲਦੇ ਹਨ ਕਿ ਇਕਨਾਮੀਕਲ ਰਿਸੋਰਸਜ਼ (ਆਰਥਿਕ ਵਸੀਲੇ) ਕਿੱਥੇ ਨੇ? ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਕੁਦਰਤੀ ਸੋਮੇ ਸੀ ਉਹ ਸਭ ਦੇ ਸਾਂਝੇ ਸੀ। ਉਹਦੇ `ਤੇ ਨਿੱਜੀ ਹੱਕ ਕਿਉਂ ਕਿਸੇ ਦਾ ਹੋਵੇ? ਜ਼ਮੀਨ ਹੈ, ਇਹ ਕੁਝ ਕੁ ਬੰਦਿਆਂ ਕੋਲ ਕਿਉਂ ਹੈ? ਪੈਦਾਵਾਰ ਦੇ ਸਾਧਨ ਕੁਝ ਕੁ ਬੰਦਿਆਂ ਕੋਲ ਕਿਉਂ ਹਨ? ਜਾਂ ਤਾਂ ਕਿਸੇ ਦੇ ਵੀ ਨਾ ਹੋਣ ਜਾਂ ਫਿਰ ਸਾਰਿਆਂ ਦੇ ਹੋਣ। ਹੌਲੀ ਹੌਲੀ ਮੈਂ ਉਹਨਾਂ ਬੰਦਿਆਂ ਨੂੰ ਇਸ ਚੇਤਨਤਾ ਵੱਲ ਨੂੰ ਲੈ ਕੇ ਜਾਣਾ ਚਾਹੁੰਦਾ ਹਾਂ।

? ਜਾਨੀਕਿ ਲੋਕੀਂ ਇਹ ਸਵਾਲ ਉਠਾਉਣ…
- ਸਵਾਲ ਉਠਾਉਣ ਕਿ ਸਾਡੇ ਹੱਕ ਕਿੱਥੇ ਹਨ? ਸਾਡੇ ਘਰੇ ਉਸੇ ਥਾਂ `ਤੇ ਪਸ਼ੂ ਬੱਝਾ ਹੋਇਆ ਹੈ, ਉਸ ਹੀ ਥਾਂ ਤੇ ਬੱਕਰੀ ਬੱਝੀ ਹੋਈ ਹੈ, ਉਸ ਹੀ ਥਾਂ `ਤੇ ਮਾਂ ਸੌਂ ਰਹੀ ਹੈ, ਉਸੇ `ਤੇ ਪਿਉ, ਉਸ ਹੀ ਥਾਂ `ਤੇ ਨਵਾਂ ਵਿਆਹਿਆ ਮੁੰਡਾ ਸੌਂ ਰਿਹਾ ਹੈ ਨਾਲ ਹੀ ਉਸ ਕਮਰੇ `ਚ। ਅਜਿਹਾ ਕਿਉਂ ਹੈ? ਸਾਡੇ ਘਰ ਰੋਟੀ ਕਿਉਂ ਨਹੀਂ ਪੱਕਦੀ? ਇਹ ਸਵਾਲ ਖੜ੍ਹੇ ਹੋਣ। ਜਾਤ ਦੇ ਨਾਂ `ਤੇ ਵਿਤਕਰਾ ਕਿਉਂ? ਧਰਤੀ ਤਾਂ ਸਾਡੀ ਸੀ। ਇਹ ਸਵਾਲ ਖੜ੍ਹੇ ਹੋਣਗੇ, ਆਉਣ ਵਾਲੇ ਟਾਇਮਾਂ `ਚ ਬਹੁਤ ਵੱਡੇ ਪੱਧਰ `ਤੇ। ਹਾਂ ਨਾਲ ਇਕ ਮੈਂ ਥੋੜ੍ਹੀ ਕੋਸਿ਼ਸ਼ ਕਰ ਰਿਹਾ ਹਾਂ ਕਿ ਜਿਹੜੀ ਛੋਟੀ ਕਿਸਾਨੀ ਹੈ ਨਾ, ਉਹ ਆਪਣੇ ਜੰਜ਼ਾਲ `ਚੋਂ ਨਿਕਲ ਜਾਵੇ, ਜਾਤ ਵਾਲੇ `ਚੋਂ ਅਤੇ ਆਪਣੇ ਆਪ ਨੂੰ ਹੇਠਲੇ ਬੰਦਿਆਂ ਨਾਲ ਜੋੜ ਲਵੇ ਜੇ ਉਹਨਾਂ ਨੇ ਬਚਣਾ ਹੈ ਤਾਂ। ਇਹ ਮੇਰੀ ਕੋਸਿ਼ਸ਼ ਹੈ। ਇਹੋ ਜਿਹਾ ਰਿਸ਼ਤਾ ਮੈਂ ਕ੍ਰੀਏਟ ਕਰਨਾ ਚਾਹੁੰਦਾ ਹਾਂ।

? ਉਨ੍ਹਾਂ ਨੂੰ ਵੀ ਇਸ ਗੱਲ ਤੋਂ ਚੇਤਨ ਕਰ ਰਹੇ ਹੋ ਕਿ ਬਈ ਜਿਹੜੀ ਇਹ ਕੈਦ ਹੈ ਜਾਤ ਵਾਲੀ…।
- ਹਾਂ ਉਹਨੂੰ ਭੰਨ ਕੇ ਬਈ ਤੁਸੀਂ ਕਿਰਤ ਵਾਲੇ ਹੇਠਲੇ ਬੰਦੇ ਨਾਲ ਜੁੜ ਜਾਉ ਤਾਂ ਕਿ ਇਕੱਠੇ ਹੋ ਕੇ ਕੁਝ ਨਾ ਕੁਝ ਕੀਤਾ ਜਾ ਸਕੇ। ਇਹ ਮੇਰੀ ਸਮਝ ਹੈ

? ਜਿਹੜਾ ਸਵਾਲ ਮੈਂ ਹੁਣ ਤੁਹਾਨੂੰ ਪੁੱਛਣ ਲੱਗਾ ਹਾਂ, ਉਸ ਦਾ ਜੁਆਬ ਤੁਹਾਡੀ ਸਾਰੀ ਇੰਟਰਵਿਊ `ਚੋਂ ਲੱਭਦਾ ਹੈ, ਪਰ ਕੁਝ ਸਵਾਲ ਇਹੋ ਜਿਹੇ ਹੁੰਦੇ ਹਨ ਜਿਹੜੇ ਸਿੱਧੇ ਪੁੱਛੇ ਜਾਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦਾ ਸਿੱਧਾ ਜਵਾਬ ਮਿਲੇੇ। ਤੁਹਾਡੇ ਖਿਆਲ ਵਿੱਚ ਨਾਟਕ ਜਾਂ ਕਲਾ ਦਾ ਸਿਆਸਤ ਨਾਲ ਵੀ ਕੋਈ ਸੰਬੰਧ ਹੁੰਦਾ ਹੈ?
- ਕੋਈ ਵੀ ਕਲਾ ਬਿਨਾਂ ਸਿਆਸਤ ਦੇ ਨਹੀਂ ਹੁੰਦੀ। ਜਿਹੜੀ ਮੇਰੀ ਕਲਾ ਹੈ ਇਹਦੇ ਪਿੱਛੇ ਬਾਕਾਇਦਾ ਸਿਆਸਤ ਹੈ। ਉਹ ਐਸੀ ਸਿਆਸਤ ਹੈ ਜਿਹੜੀ ਇਹ ਕਹਿੰਦੀ ਹੈ, ਜਿਵੇਂ ਭਗਤ ਸਿੰਘ ਹੁਰੀਂ ਇਹ ਕਹਿੰਦੇ ਹਨ ਕਿ ਜਦੋਂ ਸਾਡਾ ਰਾਜ ਆਇਆ ਤਾਂ ਇਸ ਧਰਤੀ ਦਾ ਧਨ, ਦੌਲਤ, ਜ਼ਮੀਨ, ਜਾਇਦਾਦ ਸਭ ਕੁਛ ਲੋਕਾਂ ਦਾ ਸਾਂਝਾ ਹੋਵੇਗਾ। ਸੋ ਮੇਰੀ ਕਲਾ ਦੇ ਵਿੱਚ ਇਹੋ ਜਿਹੀ ਸਿਆਸਤ ਹੈ। ਪਰ ਉਹ ਅਜੇ ਥੋੜ੍ਹੀ ਜਿਹੀ ਕਲਾਤਮਕ ਤਰੀਕੇ ਦੀ ਹੈ, ਜਿਵੇਂ ਮੈਂ ਪਹਿਲਾਂ ਮੁੱਦਾ ਉਠਾਇਆ ਸੀ ਕਿ ਮੈਨੂੰ ਚੰਗਾ ਲੱਗਦਾ ਹੈ ਕਿ ਮੈਂ ਥੋੜ੍ਹੀ ਜਿਹੀ ਕਲਾਤਮਕ ਤਰੀਕੇ ਨਾਲ ਗੱਲ ਕਰਾਂ। ਮੇਰਾ ਸਭਿਆਚਾਰਕ ਫਰੰਟ ਹੈ। ਤਬਦੀਲੀ ਜਿਹੜੀ ਲਿਆਉਣੀ ਹੈ, ਉਹ ਸਿਆਸੀ ਵਿਚਾਰਾਂ ਨੇ ਲਿਆਉਣੀ ਹੈ। ਮੈਂ ਸਭਿਆਚਾਰਕ ਫਰੰਟ `ਤੇ ਹਾਂ। ਉਹਦੇ ਵਿੱਚ ਜਿੰਨੀ ਹੋਣੀ ਚਾਹੀਦੀ ਹੈ, ਉਹ ਮੈਂ ਲੈ ਕੇ ਆ ਰਿਹਾ ਹਾਂ। ਪਰ ਮੇਰੇ ਨਾਲੋਂ ਵੀ ਸਿੱਧੇ ਰੂਪ ਵਿੱਚ ਹੋਰ ਵੀ ਕਈ ਬੰਦੇ ਐਸੀ ਗੱਲ ਕਰ ਸਕਦੇ ਹਨ, ਜਿਹੜੇ ਸਿਰਫ ਸਿਆਸਤ ਦੇ ਨੇ ਅਤੇ ਉਨ੍ਹਾਂ ਦੀ ਟੀਮ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨਾਂ ਤੇ ਕੋਈ ਕਿੰਤੂ ਪਰੰਤੂ ਕਰਾਂ। ਮੇਰਾ ਇਹ ਹੈ ਕਿ ਮੈਂ ਸਭਿਆਚਾਰਕ ਫਰੰਟ `ਤੇ ਕੰਮ ਕਰ ਰਿਹਾ ਹਾਂ, ਤੇ ਮੈਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਹੈ, ਇਮੋਸ਼ਨਜ਼ ਦਾ ਵੀ ਖਿਆਲ ਰੱਖਣਾ ਹੈ। ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ, ਜਿਹੜੀ ਮੇਰੀ ਸਿਆਸਤ ਹੈ, ਉਹਨੂੰ ਵੀ ਮੈਂ ਨਾਲ ਨਾਲ ਥੋੜ੍ਹਾ ਥੋੜ੍ਹਾ ਤੋਰੀ ਰੱਖਣਾ ਹੈ।

? ਫਿਲਮਾਂ ਦੇ ਵਿੱਚ ਤੁਸੀਂ ਗਏ, ‘ਅੰਨੇ ਘੋੜੇ ਦੇ ਦਾਨ’ ਵਿੱਚ ਕੰਮ ਕੀਤਾ, ਉਹਦੇ ਵਿੱਚ ਤੁਸੀਂ ਹੀਰੋ ਸੀ, ਉਹਨੂੰ ਨੈਸ਼ਨਲ ਅਵਾਰਡ ਮਿਲੇ…।
- ਇੰਟਰਨੈਸ਼ਨਲ ਤੱਕ ਪਹੁੰਚ ਗਏ।

? ਇੰਟਰਨੈਸ਼ਨਲ ਤੱਕ ਪਹੁੰਚ ਗਏ। ਫਿਲਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਉਹਦੇ ਵਿੱਚ ਤੁਸੀਂ ਕਿੰਨੇ ਕੁ ਜਾਣ ਨੂੰ ਤਿਆਰ ਹੋ, ਜਾਂ ਕਿੰਨਾ ਕੁ ਟਾਇਮ ਲਾਉਣ ਨੂੰ ਤਿਆਰ ਹੋ ਫਿਲਮਾਂ ਵਿੱਚ?
- ਇਕ ਤਾਂ ਮੇਰੀ ਇਹ ਸਮਝ ਹੈ ਕਿ ਫਿਲਮਾਂ ਦੇ ਵਿੱਚ ਪੈਸਾ ਸਿੱਧੇ ਤੌਰ `ਤੇ ਇਨਵਾਲਵ ਹੈ। ਪਰ ਫਿਰ ਵੀ ਕਈ ਵਾਰੀ ਬੰਦੇ ਕੋਸਿ਼ਸ਼ ਕਰਦੇ ਹਨ ਕਿ ਉਹਦੇ ਵਿਸ਼ੇ ਠੀਕ ਹੋ ਜਾਣ। ਬਈ ਚੰਗੇ ਵਿਸ਼ੇ ਆਉਣ ਫਿਲਮਾਂ ਵਿੱਚ। ਕਿਸੇ ਟਾਇਮ ਰਹੇ ਵੀ ਹਨ। ਇਪਟਾ ਆਲੇ ਬੰਦੇ ਵੀ ਬਹੁਤ ਸਾਰੇ ਫਿਲਮਾਂ ਦੇ ਸੀ। ਪਰ ਉਸ ਟਾਇਮ ਕੋਸਿ਼ਸ਼ ਕੀਤੀ ਜਾ ਰਹੀ ਸੀ ਬਈ ਫਿਲਮ ਵੀ ਸਮਾਜ ਲਈ ਹੋਵੇ। ਅੱਜ ਜਿਹੜੇ ਪੱਧਰ `ਤੇ ਅਸੀਂ ਪਹੁੰਚ ਗਏ ਹਾਂ, ਉੱਥੇ ਜ਼ਿਆਦਾ ਹੈ ਪੈਸਾ, ਪੈਸਾ ਤੇ ਪੈਸਾ। ਬਹੁਤ ਵੱਡਾ ਬਿਜ਼ਨਿਸ ਹਨ, ਫਿਲਮਾਂ। ਉਹਦੇ ਵਿੱਚ ਸਿੱਧੇ ਤੌਰ `ਤੇ ਸਮਾਜਕ ਤਬਦੀਲੀ ਦੀ ਗੱਲ ਕਰਨੀ ਜਾਂ ਸਮਾਜ ਦੀ ਗੱਲ ਕਰਨੀ, ਉਹ ਮੁਸ਼ਕਿਲ ਲੱਗਦੀ ਹੈ ਮੈਨੂੰ। ਪਰ ਮੈਂ ਜਿਹੜੀਆਂ ਫਿਲਮਾਂ ਕਰਦਾ ਹਾਂ, ਉਹ ਵਿਸ਼ਾ ਦੇਖ ਕੇ ਕਰਦਾ ਹਾਂ। ‘ਅੰਨੇ ਘੋੜੇ ਦਾ ਦਾਨ’ ਕੀਤੀ, ‘ਆਤੂ ਖੋਜੀ’ ਕੀਤੀ ਤੇ ‘ਮਿੱਟੀ’ ਕੀਤੀ। ਸੋ ਮੈਂ ਜ਼ਿਆਦਾ ਟਾਇਮ ਤਾਂ ਆਪਦਾ ਥਿਏਟਰ ਵੱਲ ਲਾਉਣਾ ਹੀ ਪਸੰਦ ਕਰਦਾ ਹਾਂ। ਹਾਂ ਮੇਰੀ ਕਿਤੇ ਨਾ ਕਿਤੇ ਇਹ ਕੋਸਿ਼ਸ਼ ਜ਼ਰੂਰ ਹੁੰਦੀ ਹੈ, ਕਿ ਇਹ ਸਾਡਾ ਜਿਹੜਾ ਸਿਨੇਮਾ ਹੈ, ਇਹਦੇ ਵਿੱਚ ਵੀ ਜੇ ਹੋ ਸਕੇ ਤਾਂ ਚੰਗੇ ਐਕਟਰ ਆ ਜਾਣ। ਤਾਂ ਇਕ ਦੋ ਵਾਰੀ ਮੈਂ ਟ੍ਰੇਨਿੰਗ ਤਾਂ ਦਿੱਤੀ ਸੀ। ਜੋ ਥੋੜ੍ਹੀ ਬਰੀਕੀ ਨਾਲ ਐਕਟਿੰਗ ਨੂੰ ਸਮਝਦੇ ਹਨ, ਬਈ ਐਕਟਿੰਗ ਆਹ ਚੀਜ਼ ਹੈ, ਉਹ ਜੇ ਇਸ ਪਾਸੇ ਆਉਣ ਤਾਂ ਮੈਨੂੰ ਚੰਗਾ ਲੱਗਦਾ ਹੈ।

? ਅੱਜਕੱਲ੍ਹ ਜਿਹੜਾ ਯੁੱਗ ਹੈ: ਫੇਸਬੁੱਕ ਦਾ, ਯੂ ਟਿਊਬ ਦਾ, ਇਸ ਕਿਸਮ ਦਾ ਜਿਸ ਨੂੰ ਸੋਸ਼ਲ ਮੀਡੀਆ ਕਹਿੰਦੇ ਹਨ। ਕੁਛ ਕੁ ਬੰਦੇ ਇਹ ਵੀ ਮਹਿਸੂਸ ਕਰ ਰਹੇ ਹਨ, ਬਈ ਥਿਏਟਰ ਦੀ ਹੁਣ ਲੋੜ ਨਹੀਂ ਰਹੀ ਸਾਨੂੰ। ਅਸੀਂ ਜਿਹੜਾ ਸੋਸ਼ਲ ਮੀਡੀਆ, ਯੂ ਟਿਊਬ, ਫੇਸਬੁੱਕ ਏਦਾਂ ਦੀਆਂ ਜਿਹੜੀਆਂ ਹੋਰ ਚੀਜ਼ਾਂ ਹਨ, ਉਹ ਵਰਤ ਸਕਦੇ ਹਾਂ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਸ ਦੇ ਬਾਰੇ, ਇਹ ਜਿਹੜਾ ਹੁਣ ਦਾ ਸਮਾਂ ਹੈ, ਇਹਦੇ ਵਿੱਚ ਥਿਏਟਰ ਦਾ ਕੀ ਰੋਲ ਹੈ? ਕੀ ਜਿਹੜਾ ਨਵਾਂ ਮੀਡੀਆ ਹੈ, ਇਹ ਕਿਸੇ ਤਰ੍ਹਾਂ ਥਿਏਟਰ ਨੂੰ ਢਾਹ ਲਾ ਰਿਹਾ ਹੈ, ਜਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਇਹਨੂੰ ਆਪਣੀ ਗੱਲ ਲੋਕਾਂ ਤੱਕ ਪਹੁੰਚਾਣ ਲਈ। ਇਹਦੇ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
- ਨਹੀਂ। ਇਹਦੇ ਵਿੱਚ ਮੇਰਾ ਇਹ ਵਿਚਾਰ ਹੈ ਕਿ ਜਿੱਥੇ ਮੈਂ ਕੰਮ ਕਰ ਰਿਹਾ ਹਾਂ, ਉੱਥੇ ਤਾਂ ਕੋਈ ਬਹੁਤ ਵੱਡੇ ਪੱਧਰ `ਤੇ ਇਹਦੀ ਜ਼ਰੂਰਤ ਨਹੀਂ ਹੈ। ਪਰ ਬਾਹਰਲੇ ਪਾਸੇ ਮੇਰੇ ਸਰਕਲ `ਚ ਹੋਰ ਵੀ ਲੋਕ ਨੇ, ਉਹ ਇਹਦੇ `ਤੇ ਕੁਛ ਕੁ ਜੁੜੇ ਹੋਏ ਹਨ, ਵੱਡੇ ਪੱਧਰ `ਤੇ ਵੀ ਜੁੜੇ ਹੋਏ ਹਨ, ਮੀਡੀਏ ਦੇ ਨਾਲ ਜੁੜੇ ਹੋਏ ਹਨ, ਇੰਟਰਨੈੱਟ ਨਾਲ ਜੁੜੇ ਹੋਏ ਹਨ, ਉਹ ਇਹ ਕਰ ਲੈਣ ਤਾਂ ਮੇਰਾ ਖਿਆਲ ਕੋਈ ਉਸ ਕਿਸਮ ਦੀ ਇਤਰਾਜ਼ ਵਾਲੀ ਗੱਲ ਨਹੀਂ । ਪਰ ਜੇ ਇਹ ਸਮਝ ਲਿਆ ਜਾਵੇ ਕਿ ਸਾਰਾ ਕੁਝ ਇਹ ਹੀ ਹੁੰਦਾ ਹੈ ਤਾਂ ਇਹ ਠੀਕ ਨਹੀਂ, ਇਹਦੇ ਨਾਲ ਮੈਂ ਸਹਿਮਤ ਨਹੀਂ। ਮੈਨੂੰ ਲੱਗਦਾ ਹੈ ਕਿ ਅੱਜ ਵੀ ਆਪਾਂ ਜਦੋਂ ਫੋਨ `ਤੇ ਗੱਲ ਕਰਦੇ ਹਾਂ, ਮਾੜੀ ਨਹੀਂ, ਅਸੀਂ ਇਕ ਦੂਜੇ ਦੀ ਸੁੱਖਸਾਂਦ ਪੁੱਛ ਲੈਂਦੇ ਹਾਂ। ਪਰ ਤਾਰਾਂ ਤਾਂ ਉਦੋਂ ਹੀ ਜੁੜਦੀਆਂ ਹਨ, ਜਦੋਂ ਅਸੀਂ ਇਕ ਦੂਜੇ ਦੇ ਸਾਹਮਣੇ ਆਣ ਕੇ ਬੈਠਦੇ ਹਾਂ। ਉਹ ਜਿਹੜੀ ਗੱਲ ਹੁੰਦੀ ਹੈ, ਮੇਰੇ ਖਿਆਲ `ਚ ਉਹ ਸਾਡੀ ਫੋਨ `ਤੇ ਨਹੀਂ ਹੋ ਪਾਉਂਦੀ। ਤਹਿ ਤੱਕ ਨਹੀਂ ਅਸੀਂ ਪਹੁੰਚਦੇ ਇਕ ਦੂਜੇ ਦੀ। ਸਾਰੇ ਸੰਸਾਰ `ਚ ਜਦੋਂ ਵੀ ਮੈਂ ਚੀਜ਼ਾਂ ਨੂੰ ਦੇਖਦਾ ਹਾਂ, ਤਾਂ ਮੇਰੇ ਲਈ ਮਹੱਤਵਪੂਰਨ ਹੁੰਦਾ ਹੈ, ਲਾਈਵ, ਜਿਉਂਦਾ ਜਾਗਦਾ ਮਨੁੱਖ। ਬਾਕੀ ਸੁੱਖ ਸਹੂਲਤ ਵਾਸਤੇ ਮਾੜੀਆਂ ਮੋਟੀਆਂ ਚੀਜ਼ਾਂ ਉਹ ਵਰਤਦੇ ਰਹੋ, ਉਹਦੇ `ਚ ਕੋਈ ਇਤਰਾਜ਼ ਵਾਲੀ ਗੱਲ ਨਹੀਂ।

? ਭਵਿੱਖ ਦੀਆਂ ਕੀ ਯੋਜਨਾਵਾਂ ਹਨ, ਕੀ ਕਰਨਾ ਹੈ ਭਵਿੱਖ `ਚ?
- ਭਵਿੱਖ `ਚ… ਹੁਣ ਮੈਂ ਇਸ ਕਿਸਮ ਦੀਆਂ ਚੀਜ਼ਾਂ ਸੋਚ ਰਿਹਾ ਹਾਂ। ਮੰਨ ਲਉ ਕਲਾਕਾਰ ਹਾਂ ਅਸੀਂ ਘਰ ਦੇ ਦੋ ਚਾਰ ਜਣੇ, ਉਹ ਤਾਂ ਰਹਿਣ। ਹੁਣ ਮੈਂ ਇਸ ਤਰ੍ਹਾਂ ਦਾ ਨਾਟਕ ਕਰਨਾ ਹੈ ਕਿ ਜਿਹੜਾ ਪਰਿਵਾਰ, ਜਿਹੜੀ ਮਾਂ ਗੋਹਾ-ਕੂੜਾ ਸੁੱਟਦੀ ਹੈ, ਉਹਦੇ ਬੱਚੇ `ਤੇ ਇਸ ਦਾ ਕੀ ਅਸਰ ਹੁੰਦਾ ਹੈ। ਤੇ ਮੈਂ ਸੋਚਦਾ ਹਾਂ ਕਿ ਇਹ ਨਾਟਕ ਉਹ ਬੱਚਾ ਹੀ ਕਰੇ। ਉਸ ਬੱਚੇ ਨਾਲ ਗੱਲਾਂ ਕੀਤੀਆਂ ਜਾਣ। ਉਸ ਤੋਂ ਗੱਲਾਂ ਸੁਣ ਸੁਣ ਕੇ ਕੁਝ ਨਾਟਕ ਦੇ ਵਿੱਚ ਥੋੜ੍ਹਾ ਜਿਹਾ ਸੂਤਰਬੱਧ ਕੀਤਾ ਜਾਵੇ। ਐਂ ਹੀ ਮੈਂ ਸੋਚ ਰਿਹਾ ਹਾਂ ਕਿ ਜੇ ਗੋਹਾ ਕੂੜਾ ਕਰਨ ਵਾਲੀ ਮਾਂ ਹੈ ਤਾਂ ਉਹ ਅਸਲੀ ਹੋਵੇ। ਇਸ ਕਿਸਮ ਦਾ ਮੈਂ ਤਜਰਬਾ ਕਰਨਾ ਚਾਹ ਰਿਹਾ ਹਾਂ। ਤੇ ਮੇਰਾ ਖਿਆਲ ਹੈ ਕਿ ਮੈਂ ਜਾ ਕੇ ਇੱਥੋਂ ਇਹ ਕੋਸਿ਼ਸ਼ ਕਰਾਂਗਾ।

? ਇਹ ਗੱਲ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਕਿ ਜਿਹੜੇ ਲੋਕਾਂ ਦੀ ਗੱਲ ਹੈ, ਉਹ ਆਪਣੀ ਗੱਲ ਆਪ ਕਹਿਣ…
- ਆਪ ਕਿਵੇਂ ਕਹਿਣੀ ਸਿੱਖਣ, ਮੈਂ ਉਧਰ ਵੱਲ ਨੂੰ ਹੁਣ ਵਧ ਰਿਹਾ ਹਾਂ। ਇੱਥੋਂ ਜਾ ਕੇ ਮੈਂ ਇਹ ਤਜਰਬਾ ਕਰਨਾ ਹੈ।

? ਇਕ ਤਾਂ ਇਹ ਹੋ ਗਿਆ ਬਈ ਜਿਹੜੇ ਲੋਕੀ ਨਾਟਕ ਕਰਨ ਵਾਲੇ ਹੋਣਗੇ, ਉਹ ਹੋਣਗੇ ਜਿਹਨਾਂ ਬਾਰੇ ਤੁਸੀਂ ਨਾਟਕ ਕਰਨਾ ਚਾਹੁੰਦੇ ਹੋ। ਇਸ ਤੋਂ ਬਿਨਾਂ ਕੋਈ ਸਬਜੈਕਟ ਮੈਟਰ ਬਾਰੇ, ਵਿਸਿ਼ਆਂ ਬਾਰੇ ਭਵਿੱਖ ਦੀਆਂ ਪਲੈਨਾਂ? ਭਵਿੱਖ `ਚ ਤੁਸੀਂ ਕਿਸ ਕਿਸਮ ਦੇ ਵਿਸ਼ੇ ਲੈਣੇ ਚਾਹੁੰਦੇ ਹੋ? ਜਾਂ ਤੁਹਾਡੇ ਖਿਆਲ ਦੇ ਵਿੱਚ ਐਸ ਵੇਲੇ ਪੰਜਾਬੀ ਥਿਏਟਰ ਨੂੰ ਜਾਂ ਉਸ ਥਿਏਟਰ ਨੂੰ ਜਿਹੜਾ ਲੋਕਾਂ ਨੂੰ ਸਮਾਜਕ ਤਬਦੀਲੀ ਲਈ ਚੇਤਨ ਕਰਨ ਦੀ ਗੱਲ ਕਰਦਾ ਹੈ, ਕਿਹਨਾਂ ਚੀਜ਼ਾਂ `ਤੇ ਫੋਕਸ ਕਰਨਾ ਚਾਹੀਦਾ ਹੈ?
- ਮੈਨੂੰ ਲੱਗਦਾ ਹੈ ਕਿ ਮੈਂ ਲੰਮਾਂ ਸਮਾਂ ਅਜੇ ਦਲਿਤਾਂ `ਤੇ ਹੀ ਕੰਮ ਕਰਾਂਗਾ। ਉਨ੍ਹਾਂ ਨੂੰ ਮੈਂ ਕੇਂਦਰ `ਚ ਲਿਆ ਕੇ ਹੀ ਜ਼ਿਆਦਾ ਕੰਮ ਕਰ ਰਿਹਾ ਹਾਂ। ਉਹਨਾਂ ਦੀਆਂ ਔਰਤਾਂ, ਉਹਨਾਂ ਦੇ ਬੱਚੇ, ਉਹਨਾਂ ਦੇ ਜਿ਼ੰਦਗੀ ਜਿਉਣ ਦੇ ਢੰਗ ਤਰੀਕੇ, ਮੈਂ ਉਨ੍ਹਾਂ `ਤੇ ਹੀ ਕੰਮ ਕਰਾਂਗਾ। ਨਾਲ ਮੈਂ ਜੋੜ ਕੇ ਰੱਖਾਂਗਾ ਛੋਟੇ ਕਿਸਾਨ ਨੂੰ, ਮੈਂ ਨਹੀਂ ਚਾਹੁੰਦਾ ਕਿ ਉਹ ਟੁੱਟਣ। ਮੈਨੂੰ ਨਹੀਂ ਵਧੀਆ ਲੱਗਦਾ ਕਿ ਉਹ ਲੋਕੀ ਫਾਹੇ ਲੈ ਲੈ ਕੇ ਮਰਨ। ਛੋਟੇ ਕਿਸਾਨ ਨੂੰ, ਬੇਜ਼ਮੀਨੇ ਕਿਸਾਨ ਨੂੰ ਵੀ ਜੋੜ ਕੇ ਰੱਖਾਂਗਾ। ਠੀਕ ਹੈ। ਇਸ ਕਿਸਮ ਦਾ ਜ਼ਿਆਦਾ ਰਹੇਗਾ।

? ਬਹੁਤ ਵਧੀਆ। ਮੈਨੂੰ ਲੱਗਦਾ ਹੈ ਕਿ ਗੱਲਾਂ ਆਪਾਂ ਸਾਰੀਆਂ ਕਰ ਲਈਆਂ ਹਨ।
- ਥੈਂਕਯੂ। ਜਿ਼ੰਦਾਬਾਦ।

***
ਇਸ ਇੰਟਰਵਿਊ ਨੂੰ ਯੂ-ਟਿਊਬ `ਤੇ ਸੁਣਨ ਲਈ ਕਲਿੱਕ ਕਰੋ:

Comments

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ