ਸਿਵਿਆਂ ਦੇ ਨਾਲ ਸੈਸੀਆਂ ਦੀਆਂ ਕੁੱਲੀਆਂ ਸਨ। ਇਸ ਤਰ੍ਹਾਂ ਮੇਰਾ ਲੜਕਪਨ ਦਲਿਤਾਂ ਸਾਥੀਆਂ ਦੀਆਂ ਕੁੱਲੀਆਂ ਵਿਚਕਾਰ ਉਨਾਂ ਦੇ ਦੁਖਾਂ-ਦਰਦਾਂ ਨਾਲ ਸਾਲਾਂ ਪਾਉਂਦੇ ਬੀਤਿਆ। ਇਸ ਆਲੇ-ਦੁਆਲੇ ਨੇ ਮੈਨੂੰ ਦਲਿਤ ਵਰਗ ਦੀਆਂ ਸਮੱਸਿਆਵਾਂ ਦਾ ਗਿਆਨ ਕਰਵਾਇਆ ਜਿਹੜਾ ਹੁਣ ਤੱਕ ਮੇਰਾ ਸਹਾਈ ਹੈ ਤੇ ਮੇਰੀਆਂ ਰਚਨਾਵਾਂ ਵਿਚ ਸਹਿਜੇ ਹੀ ਪ੍ਰਗਟ ਹੁੰਦਾ ਹੈ। ਇਹ ਲੋਕ ਮੇਰੀ ਲਿਖਣ ਸਮੱਗਰੀ ਦਾ ਸੋਮਾ ਹਨ।
ਉਨ੍ਹਾਂ ਦਿਨਾਂ ’ਚ ਨਕਸਲੀ ਲਹਿਰ ਜ਼ੋਰਾਂ ’ਤੇ ਸੀ। 1968 ’ਚ ਦਸਵੀਂ ਪਾਸ ਕਰਨ ਤੋਂ ਬਾਅਦ ਜਦੋਂ ਕਾਲਜ ਵਿਚ ਪ੍ਰਵੇਸ਼ ਕੀਤਾ ਤਾਂ ਨਕਸਲੀ ਦੋਸਤਾਂ ਨਾਲ ਵਾਹ ਪਿਆ। ਦਲਿਤ ਦੋਸਤਾਂ ਦੀ ਭੈੜੀ ਹਾਲਤ ਦੇਖ ਕੇ ਮਨ ’ਚ ਪ੍ਰਸ਼ਨ ਪੈਦਾ ਹੁੰਦਾ ਸੀ ਕਿ ਇਹ ਲੋਕ ਨਰਕ ਕਿਉਂ ਭੋਗ ਰਹੇ ਹਨ? ਨਕਸਲੀਆਂ ਦੇ ਸਾਥ ਨੇ ਇਸ ਭੈੜੀ ਦਸ਼ਾ ਦੇ ਕਾਰਨਾਂ ਦਾ ਪਤਾ ਲਗਾਉਣ ’ਚ ਮਦਦ ਕੀਤੀ। ਮੇਰੀ ਸੋਚ ’ਚ ਨਿਖਾਰ ਆਉਣ ਲੱਗਾ।
ਹਾਂ, ਇੱਕ ਗੱਲ ਹੋਰ ਵੀ ਹੈ ਕਿ ਸਾਡੇ ਪਰਿਵਾਰ ’ਚ ਨਿਰੋਲ ਪੰਜਾਬੀ ਸੱਭਿਆਚਾਰ ਭਾਰੂ ਸੀ। ਘਰ ’ਚ ਪੂਜਾ-ਪਾਠ ਨਹੀਂ ਹੁੰਦਾ, ਕੋਈ ਵਹਿਮ-ਭਰਮ ਨਹੀਂ ਸੀ ਪਾਲਿਆ ਜਾਂਦਾ, ਨਾ ਹੀ ਕੋਈ ਅਡੰਬਰ ਰਚਿਆ ਜਾਂਦਾ ਸੀ। ਸਾਰੇ ਧਰਮਾਂ ਦਾ ਸਤਿਕਾਰ ਸੀ। ਮੇਰਾ ਬਚਪਨ ਧਾਰਮਿਕ ਕੱਟੜਤਾ ਤੋਂ ਮੁਕਤ ਸੀ ਤੇ ਅੱਗੋਂ ਚੱਲ ਕੇ ਵਿਗਿਆਨਕ ਸੋਚ ਅਪਨਾਉਣ ’ਚ ਸੌਖ ਰਹੀ।
ਬੀ.ਏ. ਮੈਂ 1972 ’ਚ ਆਨਰਜ਼-ਇਨ-ਮੈਥ ’ਚ ਕੀਤੀ। ਇਸ ਇਮਤਿਹਾਨ ’ਚ ਮੈਂ ਪੰਜਾਬੀ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ ’ਤੇ ਰਿਹਾ ਤੇ ਗੋਲਡ-ਮੈਡਲ ਪ੍ਰਾਪਤ ਕੀਤਾ। ਐੱਲ.ਐੱਲ.ਬੀ. 1976 ’ਚ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ ਤੋਂ ਸ਼ਾਮ ਦੀਆਂ ਜਮਾਤਾਂ ’ਚ ਕੀਤੀ। ਗੁਜ਼ਾਰੇ ਲਈ ਨੌਕਰੀ ਕਰਦਾ ਸੀ। ਐੱਲ.ਐੱਲ.ਬੀ. ’ਚੋਂ ਵੀ ਮੈਂ ਦੂਜਾ ਸਥਾਨ ਹਾਸਲ ਕੀਤਾ। ਵਿਚਕਾਰਦੀ ਗਿਆਨੀ ਤੇ ਬੀ.ਐੱਡ. ਵੀ ਕਰ ਲਈ। ਇਨਾਂ ਵਾਧੂ ਡਿਗਰੀਆਂ ਨਾਲ ਮੈਨੂੰ ਪੰਜਾਬੀ, ਸਿੱਖਿਆ ਤੇ ਮਨੋਵਿਗਿਆਨਕ ਵਿਸ਼ਿਆਂ ਦੀ ਸਮਝ ਵੀ ਆ ਗਈ। ਜਨਵਰੀ 1979 ’ਚ ਮੈਨੂੰ ਸਰਕਾਰੀ ਵਕੀਲ ਦੀ ਨੌਕਰੀ ਮਿਲੀ।
?(ਸਵਾਲ) : ਸਾਹਿਤਕ ਸਫ਼ਰ ਦਾ ਆਗਾਜ਼ ਕਦੋਂ ਤੇ ਕਿਵੇਂ ਹੋਇਆ?
ਜਵਾਬ: ਬਰਨਾਲੇ ਦੀ ਮਿੱਟੀ ਵਿੱਚ ਲੇਖਕ ਪੈਦਾ ਕਰਨ ਦਾ ਕੋਈ ਖਾਸ ਗੁਣ ਹੈ ਜਾਂ ਉਥੋਂ ਦਾ ਵਾਤਾਵਰਨ ਲੋਕਾਂ ਨੂੰ ਲੇਖਕ ਬਣਨ ਨੂੰ ਪ੍ਰੇਰਦਾ ਹੈ। ਸੱਠਵਿਆਂ ਦੇ ਅਖੀਰ ਤੇ ਸੱਤਰਵਿਆਂ ਦੇ ਸ਼ੁਰੂ ’ਚ ਬਰਨਾਲੇ ਦੀ ਮੁੰਡੀਰ ਦਾ ਰੁਝਾਨ ਕੁੜੀਆਂ ਪਿੱਛੇ ਖਾਕ ਛਾਨਣ ਵੱਲ ਘੱਟ, ਅੰਮਿ੍ਰਤਾ ਅਤੇ ਪਾਸ਼ ਦੀਆਂ ਕਵਿਤਾਵਾਂ, ਕੰਵਲ ਤੇ ਗੁਰਦਿਆਲ ਸਿੰਘ ਦੇ ਨਾਵਲਾਂ ਬਾਰੇ ਬਹਿਸਾਂ ਕਰਨ ਵੱਲ ਵਧੇਰੇ ਹੁੰਦਾ ਸੀ। ਉਨੀ ਦਿਨੀਂ ਬਰਨਾਲ ਵਿਚ ਦੋ ਸਾਹਿਤਕ ਪੱਤਰਕਾਵਾਂ ‘ਪ੍ਰਤੀਕ’ ਅਤੇ ‘ਮੁਹਾਂਦਰਾ’ ਜ਼ੋਰ ਸ਼ੋਰ ਨਾਲ ਨਿੱਕਲ ਰਹੀਆਂ ਸਨ। ਬਰਨਾਲਾ ਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਸਕੂਲਾਂ ’ਚ ਰਾਮ ਸਰੂਪ ਅਣਖੀ, ਇੰਦਰ ਸਿੰਘ ਖਾਮੋਸ਼, ਓਮ ਪ੍ਰਕਾਸ਼ ਗਾਸੋ ਤੇ ਬਸੰਤ ਕੁਮਾਰ ਰਤਨ ਵਰਗੇ ਨਾਵਲਕਾਰ ਬਾਲ ਮਨਾਂ ਵਿੱਚ ਸਾਹਿਤਕ ਰੁਚੀਆਂ ਦੇ ਬੀਜ ਬੋ ਰਹੇ ਸਨ। ਐੱਸ.ਡੀ. ਕਾਲਜ ਬਰਨਾਲਾਂ ਪ੍ਰੋ. ਜੋਗਾ ਸਿੰਘ, ਰਵਿੰਦਰ ਭੱਠਲ ਤੇ ਪ੍ਰੀਤਮ ਸਿੰਘ ਰਾਹੀ ਵਰਗੇ ਸ਼ਾਇਰ ਲੇਖਕਾਂ ਦੀ ਨਵੀਂ ਪੁਨੀਰੀ ਪੈਦਾ ਕਰਨ ’ਚ ਜੁਟੇ ਹੋਏ ਸਨ। ਕਾਲਜ ਦੇ ਮੈਗਜ਼ੀਨ ਤੇ ਸਾਹਿਤ ਸਭਾ ਨੂੰ ਜੋਗਿੰਦਰ ਸਿੰਘ ਨਿਰਾਲਾ, ਵਰਿਆਮ ਮਸਤ ਤੇ ਸੁਖਜੀਤ ਭੱਠਲ ਵਰਗੇ ਹੋਣਹਾਰ ਸਾਹਿਤਕਾਰ ਵਿਦਿਆਰਥੀ ਚਾਰ ਚੰਨ ਲਾ ਰਹੇ ਸਨ। ਆਲੇ-ਦੁਆਲੇ ਇਨਕਲਾਬੀ ਲਹਿਰ ਜੋਬਨ ’ਤੇ ਸੀ।
ਸੰਤ ਰਾਮ ਉਦਾਸੀ ਦੇ ਗੀਤਾਂ, ਪਾਸ਼ ਦੀਆਂ ਕਵਿਤਾਵਾਂ ’ਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਗੂੰਜ ਕਾਲਜ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਸੁਣਾਈ ਦਿੰਦੀ ਸੀ। ‘ਸਰਦਲ’ ‘ਹੇਮ ਜਯੋਤੀ’ ਤੇ ‘ਸਿਆੜ’ ਵਰਗੇ ਸਾਹਿਤਕ ਪੱਤਰ ਅਗਾਹਵਧੂ ਲੇਖਕਾਂ ਦੀਆਂ ਕੱਚ-ਘਰੜ ਰਚਨਾਵਾਂ ਵੀ ਖੁਸ਼ ਹੋ ਕੇ ਛਾਪਦੇ ਸਨ। ਇਹੋ ਜਿਹੇ ਖੁਸ਼ਗਵਾਰ ਸਾਹਿਤਕ ਮਾਹੌਲ ਵਿੱਚ ਮੈਂ ਮਿੱਤਰ ਸੈਨ ਗੋਇਲ ਤੋਂ ਮਿੱਤਰ ਸੈਨ ਮੀਤ ਬਣ ਗਿਆ।ਪ੍ਰਗਟ ਸਿੰਘ ਖਹਿਰਾ ਦਸਵੀਂ ਜਮਾਤ ਦਾ ਜਮਾਤੀ ਸੀ। ਉਨੀਂ ਦਿਨੀਂ ਉਸ ਦੀ ਇੱਕ ਕਹਾਣੀ ‘ਬਾਲ ਸੰਦੇਸ਼’ (ਪ੍ਰੀਤ ਨਗਰ) ਵਿੱਚ ਛਪੀ। ਸ਼ੁਰੂ ਤੋਂ ਹੀ ਮੇਰੇ ਮਨ ਵਿੱਚ ਹਰ ਕੰਮ ਵਿੱਚ ਮੋਹਰੀ ਰਹਿਣ ਦੀ ਪ੍ਰਵਿਰਤੀ ਸੀ। ਮੈਂ ਸੋਚਿਆ ਮੈਨੂੰ ਵੀ ਲਿਖਣਾ/ਛਪਣਾ ਚਾਹੀਦਾ ਹੈ। ਖਹਿਰਾ ਦੀ ਰੀਸ ਨਾਲ ਮੈਂ ਇੱਕ ਕਹਾਣੀ ਲਿਖ ਕੇ ‘ਬਾਲ ਸੰਦੇਸ਼’ ’ਚ ਭੇਜ਼ ਦਿੱਤੀ ਜੋ ਅਗਲੇ ਹੀ ਅੰਕ ’ਚ ਛਪ ਗਈ। ਉਤਸਾਹਿਤ ਹੋ ਕੇ ਮੈਂ ਇੱਕ ਹੋਰ ਕਹਾਣੀ ਲਿਖੀ। ਦੋ-ਤਿੰਨ ਮਹੀਨਿਆਂ ਬਾਅਦ ਉਹ ਵੀ ਛਪ ਗਈ। ਇਨਾਂ ਦੋ ਕਹਾਣੀਆਂ ਨਾਲ ਮੇਰੇ ਲੇਖਕ ਬਣਨ ਦੀ ਨੀਂਹ ਰੱਖੀ ਗਈ। ਮੁੜ ਕੇ ਭਾਵੇਂ ਮੇਰੀ ਕਹਾਣੀ ‘ਬਾਲ ਸੰਦੇਸ਼’ ’ਚ ਨਾ ਛਪੀ ਪਰ ‘ਹਾਣੀ’ ਤੇ ‘ਸਮਰਾਟ’ ਸਪਤਾਹਿਕਾਂ ਨੇ ਮੈਨੂੰ ਧੜਾ-ਧੜ ਛਾਪਿਆ। ਮੇਰੇ ਲੇਖਕ ਅਖਵਾਉਣ ਦੀ ਹਊਮੈ ਨੂੰ ਪੱਠੇ ਪੈਂਦੇ ਰਹੇ।
ਇਨਕਲਾਬੀ ਦੋਸਤਾਂ ਦੇ ਸਾਥ ਕਾਰਣ ਹੋਰ ਪੁਸਤਕਾਂ ਦੇ ਨਾਲ-ਨਾਲ ਮਾਸਿਕ ‘ਸਰਦਲ’ ਵੀ ਪੜਨ ਨੂੰ ਮਿਲਣ ਲੱਗੀ। ਮੇਰੀ ਸੋਚ ਨੇ ਪਲਟਾ ਖਾਧਾ ਤੇ ਮੈਂ ਇਨਕਲਾਬੀ ਦਿ੍ਰਸ਼ਟੀਕੌਣ ਤੋਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਗੁਰਸ਼ਰਨ ਭਾਅ ਜੀ ਉਨਾਂ ਦਿਨਾਂ ’ਚ ਸਰਦਲ ਦੇ ਸੰਪਾਦਕ ਸਨ। ਉਨਾਂ ਮੇਰੀਆਂ ਕਹਾਣੀਆਂ ਨੂੰ ਇਸ ਮੈਗਜ਼ੀਨ ’ਚ ਵਿਸ਼ੇਸ਼ ਸਥਾਨ ਦਿੱਤਾ। 1971 ਦੇ ਅਖੀਰ ’ਚ ਮੈਂ ਬੀ.ਏ ਜਮਾਤ ਦਾ ਵਿਦਿਆਰਥੀ ਹੀ ਸੀ ਤਾਂ ਭਾਅ ਜੀ ਨੇ ਮੇਰਾ ਪਹਿਲਾਂ ਨਾਵਲ ‘ਅੱਗ ਦੇ ਬੀਜ’ ਸਾਹਿਤ ਕਲਾ ਕੇਂਦਰ ਅੰਮਿ੍ਰਤਸਰ ਵੱਲੋਂ ਛਾਪਿਆ। ਬਲਰਾਜ ਸਾਹਨੀ ਪ੍ਰਕਾਸ਼ਨ ਉਸ ਸਮੇਂ ਨਹੀਂ ਸੀ। ਇਸ ਨਾਵਲ ਦੀ ਇਨਕਲਾਬੀ ਸੁਰ ਸੀ। ਇਹ ਨਕਸਲੀ ਦੌਰ ਦਾ ਪੰਜਾਬੀ ’ਚ ਸਭ ਤੋਂ ਪਹਿਲਾ ਨਾਵਲ ਸੀ।
ਲਾਅ ਦੀ ਪੜਾਈ ਲਈ 1972 ’ਚ ਮੈਨੂੰ ਚੰਡੀਗੜ ਜਾਣਾ ਪਿਆ। ਬਰਨਾਲੇ ਦਾ ਸਾਹਿਤਕ ਮਾਹੌਲ ਛੁੱਟ ਗਿਆ। ਇਨਕਲਾਬੀ ਲਹਿਰ ਪਤਨ ਵੱਲ ਤੁਰ ਪਈ। ਇੱਕ-ਇੱਕ ਕਰਦੇ ਸਾਹਿਤਕ ਪਰਚੇ ਬੰਦ ਹੋਣ ਲੱਗੇ। ਸਧਾਰਨ ਵਿਚਾਰਧਾਰਾ ਵਾਲੇ ਪਰਚੇ ਸਾਨੂੰ ਛਾਪਣ ਤੋਂ ਡਰਦੇ ਸਨ। ਨਿਰ ਉਤਸਾਹਤ ਹੋਣ ਕਾਰਨ ਲਿਖਣਾ ਛੱਡ ਦਿੱਤਾ।
ਪਟਿਆਲੇ ਤੇ ਨਾਭੇ ਦਾ ਪਾਣੀ ਪੀਣ ਬਾਅਦ 1983 ’ਚ ਮੈਂ ਰਾਮਪੁਰਾ ਫੂਲ ਆ ਗਿਆ। ਉਸ ਸਮੇਂ ਦਰਸ਼ਨ ਗਿੱਲ (ਬਠਿੰਡਾ) ਇਸ ਹਲਕੇ ਵਿੱਚ ਐਕਸਾਈਜ਼ ਇੰਸਪੈਕਟਰ ਸੀ। ਲਾਹਨ ਦੇ ਕੇਸਾਂ ’ਚ ਗਵਾਹੀ ਦੇਣ ਉਹ ਮੇਰੇ ਕੋਲ ਕਚਹਿਰੀ ਆਉਂਦਾ ਹੁੰਦਾ ਸੀ। ਗੱਲੀਂ-ਗੱਲੀਂ ਇੱਕ ਦਿਨ ਪੁਰਾਣੇ ਭੇਤ ਖੁੱਲ ਗਏ। ਉਸਦੀ ਪ੍ਰੇਰਨਾ ਤੋਂ 12 ਸਾਲ ਬਾਅਦ ਫੇਰ ਕਲਮ ਚੁੱਕ ਲਈ।
?(ਸਵਾਲ) : ਭਾਰਤੀ ਫੌਜਦਾਰੀ ਨਿਆਂ ਪ੍ਰਬੰਧ ਨੂੰ ਗਲਪੀ ਰੂਪ ਦੇਣ ਦਾ ਮਨ ਕਿਵੇਂ ਬਣਾਇਆ?
ਜਵਾਬ: ਸਰਕਾਰੀ ਪੁਲਿਸ ਤੇ ਨਿਆਂਪਾਲਿਕਾ ਵਿੱਚ ਇੱਕ ਕੜੀ ਦੇ ਤੌਰ ’ਤੇ ਕੰਮ ਕਰਦਾ ਹੈ। ਸੁਭਾਵਿਕ ਹੀ ਉਸ ਨੂੰ ਦੋਹਾਂ ਸੰਸਥਾਵਾਂ ਦੇ ਕੰਮ-ਕਾਜ ਦਾ ਗਹਿਰਾ ਅਧਿਐਨ ਹੋ ਜਾਂਦਾ ਹੈ। ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਨਵੇਂ ਦੌਰ ਵਿੱਚ ਅਛੂਤੇ ਪਏ ਪੁਲਿਸ ਪ੍ਰਬੰਧ ਬਾਰੇ ਲਿਖਣਾ ਚਾਹੀਦਾ ਹੈ।
ਮੈਂ ਵਿਗਿਆਨਕ ਤੇ ਯੋਜਨਾਬੰਧ ਢੰਗ ਨਾਲ ਪੁਲਿਸ ਸੱਭਿਆਚਾਰ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਨਾਂ ਦਿਨਾਂ ’ਚ ਅੱਤਵਾਦ ਵੀ ਜ਼ੋਰਾਂ ਤੇ ਸੀ। ਪੁਲਿਸ ਮਹਿਕਮੇ ਦਾ ਅੰਗ ਹੋਣ ਕਾਰਨ ਮੈਨੂੰ ਅੱਤਵਾਦ ਨਾਲ ਜੁੜੇ ਲੋਕਾਂ ਦੇ ਵਿਚਾਰਾਂ ਤੇ ਕਿਰਦਾਰਾਂ ਨੂੰ ਸਮਝਣ ਦਾ ਮੌਕਾ ਮਿਲਿਆ। ਦੋਹਾਂ ਸਮੱਸਿਆਵਾਂ ਨੂੰ ਲੈ ਕੇ ਕੁਝ ਕਹਾਣੀਆਂ ਦੀ ਸਿਰਜਣਾ ਕੀਤੀ, ਜਿਨਾਂ ਚੋਂ ‘ਲਾਮ’ ‘ਖਾਨਾ ਪੂਰੀ’ ਤੇ ‘ਦਹਿਸਤਗਰਦ’ ਕਹਾਣੀਆਂ ਨੇ ਲੋਕਾਂ ਦਾ ਧਿਆਨ ਖਿੱਚਿਆ।
ਦਰਸ਼ਨ ਗਿੱਲ ਨੇ ਮੇਰੀ ਬਾਂਹ ਕਾਮਰੇਡ ਸੁਰਜੀਤ ਗਿੱਲ ਨੂੰ ਫੜਾ ਦਿੱਤੀ। ਰਾਮਪੁਰਾ ਫੂਲ ਤੋਂ ਮੇਰੀ ਬਦਲੀ ਜਗਰਾਓਂਂ ਹੋ ਗਈ। ਕਾਮਰੇਡ ਗਿੱਲ ਨੂੰ ਸ਼ਾਇਦ ਮੇਰੇ ’ਚ ਛੁਪੀ ਪ੍ਰਤਿਭਾ ਨਜ਼ਰ ਆ ਗਈ। ਉਹ ਮੇਰੇ ਕੋਲ ਜਗਰਾਓਂ ਗੇੜਾ ਮਾਰਨ ਲੱਗੇ। ਕਈ ਵਾਰ ਰਾਤ ਵੀ ਰਹਿ ਜਾਂਦੇ। ਕਾਮਰੇਡਾਂ ਵਾਂਗ ਸਕੂਲਿੰਗ-ਸੰਗਤ ਤੇ ਵਿਗਿਆਨਕ ਸੋਚ ਵੱਲ ਸੇਧਤ ਹੋਣ ਲੱਗਾ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਮਾਜ ਨੂੰ ਮਾਰਕਸੀ ਨਜ਼ਰੀਏ ਤੋਂ ਸਮਝਣ ਦੀ ਕੁਝ ਸੂਝ ਮੈਨੂੰ ਕਾਲਜ ਦੇ ਦਿਨਾਂ ਤੋਂ ਆਪਣੀ ਸ਼ੁਰੂ ਹੋ ਗੀ ਸੀ। ਲਾਅ ਦੀ ਪੜਾਈ ਕਰਦੇ ਸਮੇਂ ਜੁਰਮ ਵਿਗਿਆਨ ਤੇ ਦੰਡ ਵਿਗਿਆਨ ਪੜਿਆ। ਨੌਕਰੀ ਦੌਰਾਨ ਪੁਲਿਸ ਤੇ ਜਰਾਇਮ ਪੇਸ਼ਾ ਲੋਕਾਂ ਨਾਲ ਵਾਹ ਪਿਆ। ਇਸ ਤਰਾਂ ਸਿਧਾਤਾਂ ਤੇ ਤੱਥਾਂ ਦਾ ਸੁਮੇਲ ਦਿਮਾਗ ਵਿੱਚ ਜਮਾਂ ਹੋਣ ਲੱਗਾ।
ਕਹਾਣੀ ਲਿਖਣ ਬਾਅਦ ਮੈਨੂੰ ਲੱਗਾ ਕਿ ਇਸ ਲੀ ਵੱਡੇ ਕੈਨਵਸ ਦੀ ਲੋੜ ਹੈ ਤੇ ਨਾਵਲ ਲਿਖਣ ਦਾ ਵਿਚਾਰ ਬਣਾਇਆ।
?(ਸਵਾਲ) : ਇਹ ਕੰਮ ਕਰਦੇ ਸਮੇਂ ਮੁਸ਼ਕਿਲਾਂ ਵੀ ਆਈਆਂ ਹੋਣਗੀਆਂ?
ਜਵਾਬ: ਯਾਰ ਮੁਸ਼ਕਿਲਾਂ ਤਾਂ ਆਉਣੀਆਂ ਹੀ ਸਨ। ਜਦੋਂ ਮੇਰਾ ਨਾਵਲ ‘ਤਫ਼ਤੀਸ਼’ ਛੱਪਿਆ ਤਾਂ ਮੈਨੂੰ ਸਰਕਾਰ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ। 1990 ’ਚ ਅੱਤਵਾਦ ਪੂਰੇ ਜੋਬਨ ’ਤੇ ਸੀ। ਅੱਤਵਾਦੀਆਂ ਹੱਥੋਂ ਮਰਵਾਉਣ ਲਈ ਮੈਨੂੰ ਅਜਨਾਲੇ ਬਦਲ ਦਿੱਤਾ ਗਿਆ। ਫਿਰ ਮੈਨੂੰ ਉਥੇ ਜ਼ਲੀਲ ਕੀਤਾ ਜਾਂਦਾ ਰਿਹਾ। ਪਰ ਮੈਂ ਸਬਰ ਨਾਲ ਦਿਨ ਕੱਟੀ ਕਰਦਾ ਰਿਹਾ। 14-15 ਮਹੀਨੇ ਸਜ਼ਾ ਕੱਟਣ ਬਾਅਦ ਮੈਂ ਫਿਰ ਮੁੱਖ ਧਾਰਾ ’ਚ ਆ ਗਿਆ। ਹੁਣ ਮੈਨੂੰ ਕੋਈ ਅਜਿਹੀ ਔਖ ਨਹੀਂ ਹੈ।
?(ਸਵਾਲ): ਫੌਜਦਾਰੀ ਨਿਆਂ ਪ੍ਰਬੰਧ ਦੀਆਂ ਪੂਰੀ ਤਰਾਂ ਪਰਤਾਂ ਉਖੇੜ ਚੁੱਕੇ ਹੋ। ਹੁਣ ਕੋਈ ਹੋਰ ਵਿਸ਼ਾ ਵੀ ਹੈ, ਜਿਸ ’ਤੇ ਤੁਹਾਡੀ ਕਲਮ ਚੱਲੇਗੀ ਜਾਂ ਫਿਰ ਬੱਸ. . .?
ਜਵਾਬ: ਬਹੁਤ ਵਧੀਆ ਸਵਾਲ ਕੀਤਾ ਤੁਸੀਂ; ਅਸੀਂ ਕਾਮਰੇਡ ਕਿਸੇ ਰੱਬ ਨੂੰ ਨਹੀਂ ਮੰਨਦੇ, ਪਰ ਇੱਕ ਵਿਸ਼ਵਾਸ ਹੈ ਕਿ ਇਸ ਸਿਸਟਮ ਨੂੰ ਕੋਈ ਸ਼ਕਤੀ ਜ਼ਰੂਰ ਚਲਾ ਰਹੀ ਹੈ। ਮੈਂ ਜੋ ਲਿਖਿਆ ਆਪਣਾ ਮਿਸ਼ਨ ਸਮਝ ਕੇ ਲਿਖਿਆ। ਮੈਨੂੰ ਲੱਗਦਾ ਸੀ ਕਿ ਮੈਂ ਆਪਣਾ ਮਿਸ਼ਨ ਪੂਰਾ ਕਰ ਲਿਆ ਹੈ। ਹੁਣ ਮੇਰੇ ਕੋਲ ਕੁਝ ਨਹੀਂ ਹੈ ਲਿਖਣ ਲਈ, ਪਰ ਕੁਦਰਤ ਦਾ ਐਸਾ ਕ੍ਰਿਸ਼ਮਾ ਹੋਇਆ ਕਿ ਹੁਣ ਮੇਰੇ ਕੋਲ ਇੱਕ ਮਹੱਤਵਪੂਰਨ ਕੇਸ ਆ ਗਿਆ ਹੈ। ਇਹੋ ਮੇਰਾ ਵਿਸ਼ਾ ਵਸਤੂ ਹੋਵੇਗਾ। ਤੁਸੀਂ ਇਹ ਸਮਝੋ ਕਿ ਉੱਚ ਹਲਕਿਆਂ ’ਚ ਚੱਲ ਰਹੀ ਕੁਰੱਪਸ਼ਨ ਮੇਰੇ ਅਗਲੇ ਨਾਵਲ ਦਾ ਥੀਮ ਹੋਵੇਗਾ।
?(ਸਵਾਲ): ਤੁਹਾਡੇ ਇਸ ਨਾਵਲਾਂ ਦੀ ਲੜੀ ਦਾ ਨਾਵਲੀ ਬਿਰਤਾਂਤ ਨੂੰ ਕਰਣ ਤੋਂ ਕ੍ਰਾਂਤੀ ਤੱਕ ਲਿਜਾਣ ਜਾ ਯਤਨ ਕਿਹਾ ਹੈ ਬਹੁਤੇ ਆਲੋਚਕਾਂ ਨੇ। ਕੀ ਤੁਸੀਂ ਮੰਨਦੇ ਹੋ ਕਿ ਦਰਪੇਸ਼ ਸਮੱਸਿਆਵਾਂ ਆਧੁਨਿਕ ਵਿਧਾਨਕ ਢਾਂਚੇ ਹੀ ਮਾੜੀ ਮੋਟੀ ਤਬਦੀਲੀ ਕਰਦੇ ਠੀਕ ਹੋ ਸਕਦੀਆਂ ਹਨ ਜਾਂ ਲੋਕ ਸੰਘਰਸ਼ਾਂ ਰਾਹੀਂ ਪੂਰੇ ਸਿਸਟਮ ਨੂੰ ਹੀ ਬਦਲਣ ਦੀ ਲੋੜ ਹੈ? ਕੀ ਤੁਹਾਨੂੰ ਅਜੋਕੇ ਸਮੇਂ ਕਿਸੇ ਕ੍ਰਾਂਤੀ ਦੀ ਆਸ ਹੈ?
ਜਵਾਬ: ਦੇਖੋ, ਇਹ ਸਿਸਟਮ ਬਿਲਕੁਲ ਫੇਲ ਹੋ ਚੁੱਕਾ ਹੈ। ਇਸ ’ਚ ਮਾੜੇ ਮੋਟੇ ਵੀ ਸੁਧਾਰ ਦੀ ਗੁੰਜ਼ਾਇਸ ਨਹੀਂ ਦਿਖਾਈ ਦਿੰਦੀ। ਇਸਨੂੰ ਢਾਹ ਕੇ ਨਵਾਂ ਬਣਾਇਆ ਜਾਣਾ ਚਾਹੀਦਾ ਹੈ, ਪਰ ਜੋ ਸਥਿਤੀ ਹੈ। ਉਸ ’ਚ ਅਸੀਂ ਮੌਜੂਦਾ ਸਮੇਂ ਜੋ ਇਸ ਵਿਧਾਨਕ ਢਾਂਚੇ ’ਚ ਮੈਨੂੰ ਹੱਕ ਮਿਲੇ ਹੋਏ ਹਨ, ਉਨਾਂ ਨੂੰ ਸੰਘਰਸ਼ ਕਰਕੇ ਪ੍ਰਾਪਤ ਕਰੀਏ। ਤੁਸੀਂ ਗੱਲ ਕ੍ਰਾਂਤੀ ਦੀ ਕੀਤੀ ਹੈ। ਕ੍ਰਾਂਤੀ ਤਾਂ ਲੋਕ ਲੈ ਕੇ ਆਉਂਦੇ ਹਨ। ਜਦੋਂ ਲੋਕ ਜਾਗਣਗੇ ਇਨਕਲਾਬ ਉਦੋਂ ਹੀ ਆ ਜਾਏਗਾ। ‘ਜਦੋਂ ਜਾਗੋਗੇ ਸਵੇਰਾ ਤਦੇ ਹੀ ਹੋਵੇਗਾ’
?(ਸਵਾਲ): ਤੁਸੀਂ ਵਧੀਆ ਨਾਵਲ ਕਿਸਨੂੰ ਮੰਨਦੇ ਹੋ? ਕੀ ਵਿਸ਼ੇਸਤਾ ਹੋਵੇ ਉਸ ਵਿੱਚ?
ਜਵਾਬ: ਦੇਖੋ, ਮੈਂ ਮੰਨਦਾ ਹਾਂ ਕਿ ਵਧੀਆ ਨਾਵਲ ਉਹ ਹੈ ਜੋ ਆਮ ਲੋਕਾਂ ਦੀ ਪਕੜ ’ਚ ਹੋਵੇ, ਉਨਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦਾ ਹੋਵੇ। ਜਿਵੇਂ ਮੈਨੂੰ ਗੋਰਕੀ ਦਾ ‘ਤਿੰਨ ਜਣੇ’ ਬਹੁਤ ਵਧੀਆ ਲੱਗਦਾ ਹੈ। ਜੋ ਤਿੰਨ ਦੋਸਤਾਂ ਦੀ ਕਹਾਣੀ ਹੈ। ਜੋ ਦਲਿਤਾਂ ਤੋਂ ਵੀ ਥੱਲੇ ਦੀ ਜਾਤ ਨਾਲ ਸਬੰਧ ਰੱਖਦੇ ਹਨ।
?(ਸਵਾਲ): ਨਾਵਲ ਲਿਖਦਿਆਂ ਸਭ ਤੋਂ ਵੱਧ ਕਿਨਾਂ ਨੁਕਤਿਆਂ ਵੱਲ ਧਿਆਨ ਦਿੰਦੇ ਹੋ?
ਜਵਾਬ: ਮੈਂ ਤਾਂ ਇਕੋ ਨੁਕਤੇ ਨੂੰ ਮੁੱਖ ਰੱਖ ਕੇ ਲਿਖਦਾ ਹਾਂ ਕਿ ਜੋ ਜ਼ਿੰਦਗੀ ਅਸੀਂ ਜੀਅ ਰਹੇ ਹਾਂ ਉਹ ਜੀਣ ਦੇ ਕਾਬਲ ਨਹੀਂ ਹੈ। ਇਸ ਮਾੜੇ ਨਿਜ਼ਾਮ ਤੋਂ ਖਹਿੜਾ ਛਡਾਉਣ ਦਾ ਢੰਗ ਕਿਹੜਾ ਹੈ?
?(ਸਵਾਲ): ਆਪਣੇ ਨਾਵਲ ‘ਤਫ਼ਤੀਸ਼’ ਦੀ ਰਚਨਾ ਪ੍ਰਕਿਰਿਆ ਤੇ ਤਕਨੀਕ ਬਾਰੇ ਦੱਸੋ?
ਜਵਾਬ: ਮੇਰੇ ਨਾਵਲ ਸਾਰੇ ਹੀ ਫੌਜਦਾਰੀ ਨਿਆਂ ਪ੍ਰਬੰਧ ਨਾਲ ਸਬੰਧਤ ਹਨ। ਇਸ ਲਈ ਇੰਨਾਂ ਨੂੰ ਸਮਝਣ ਲਈ ਇਸ ਪ੍ਰਬੰਧ ਬਾਰੇ ਸੰਖੇਪ ਜਾਨਣਾ ਜ਼ਰੂਰੀ ਹੈ। ਇਸ ਪ੍ਰਬੰਧ ਦੀ ਸਥਾਪਨਾ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਤੇ ਇਨਸਾਫ ਦੇਣ ਲਈ ਕੀਤੀ ਜਾਂਦੀ ਹੈ। ਪੁਲਿਸ ਵਿਭਾਗ ਇਸ ਪ੍ਰਬੰਧ ਦੀ ਪਹਿਲੀ ਕੜੀ ਹੈ। ਇਹਦੀ ਮੁੱਢਲੀ ਜ਼ਿੰਮੇਂਦਾਰੀ ਕਾਨੂੰਨ ਵਿਵਸਥਾ ਨੂੰ ਬਣਾਉਣ ਤੇ ਜੁਰਮ ਨੂੰ ਰੋਕਮ ਦੀ ਹੈ। ਜੇ ਫੇਰ ਵੀ ਜੁਰਮ ਹੋ ਜਾਂਦੇ ਤਾਂ ਮੁਜਰਮਾਂ ਨੂੰ ਫੜਨ ਦੀ ਹੈ, ਉਨਾਂ ਵਿਰੁੱਧ ਸਬੂਤ ਇਕੱਠੇ ਕਰਨਾ ਤੇ ਰਿਪੋਰਟ ਤਿਆਰ ਕਰਕੇ ਸਜਾ ਲਈ ਅਦਾਲਤ ਪੇਸ਼ ਕਰਨਾ ਹੈ। ਨਿਆਂ-ਪਾਲਿਕਾ ਇਸ ਪ੍ਰਬੰਧ ਦੀ ਦੂਜੀ ਕੜੀ ਹੈ। ਇਸ ਸੰਸਥਾ ਨੇ ਪੁਲਿਸ ਵੱਲੋਂ ਇਕੱਠੇ ਕੀਤੇ ਸਬੂਤਾਂ ਦੀ ਘੋਖ ਨਿਰਪੱਖਤਾ ਨਾਲ ਕਰਨੀ ਹੁੰਦੀ ਹੈ ਜੇ ਦੋਸ਼ ਸਿੱਧ ਹੋ ਜਾਣ ਤਾਂ ਦੋਸ਼ੀ ਨੂੰ ਸਜਾ ਦੇਣੀ ਹੁੰਦੀ ਹੈ। ਜੇ ਮਾਮਲਾ ਸ਼ੱਕੀ ਜਾਪੇ ਤੇ ਬਰੀ ਕਰਨਾ ਹੁੰਦਾ ਹੈ। ਦੋਸ਼ੀ ਠਹਿਰਾਏ ਮੁਜਰਿਮ ਨੂੰ ਸਜ਼ਾ ਭੁਗਤਣ ਲਈ ਚਾਰ ਦੀਵਾਰੀ (ਜੇਲ) ’ਚ ਬੰਦ ਕਰ ਦਿੱਤਾ ਜਾਂਦਾ ਹੈ। ਸੁਧਰਨ ਯੋਗ ਦੋਸ਼ੀਆਂ ਨੂੰ ਸੁਧਾਰਨ ਦੇ ਮੌਕੇ ਦੇ ਕੇ ਉਨਾਂ ਦੇ ਪੁਨਰਵਾਸ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਹੜੇ ਮੁਜਰਿਮ ਪੱਕੜ ਬਣ ਜਾਂਦੇ ਹਨ। ਉਨਾਂ ਨੂੰ ਸਮਾਜ ਤੋਂ ਦੂਰ ਰੱਖਣ ਲਈ ਕੈਦ ਕੋਠੜੀਆਂ ’ਚ ਤਾੜੀ ਰੱਖਣਾ ਵੀ ਇਸ ਵਿਭਾਗ ਦੀ ਜ਼ਿੰਮੇਵਾਰੀ ਹੈ।
ਸਿਧਾਂਤਕ ਰੂਪ ’ਚ ਫੌਜਦਾਰੀ ਨਿਆਂ ਪ੍ਰਬੰਧ ਦੀਆਂ ਜ਼ਿੰਮੇਵਾਰੀਆਂ ਜਿੰਨੀਆਂ ਅਹਿਮ ਹਨ ਅਮਲੀ ਰੂਪ ’ਚ ਇਹ ਸੰਸਥਾਵਾਂ ਆਪਣੇ ਉਦੇਸ਼ ਤੋਂ ਉਨੀਆਂ ਹੀ ਭਟਕੀਆਂ ਹੋਈਆਂ ਹਨ। ਪੁਲਿਸ ਵਿਭਾਗ ਵਾਂਗ ਜੇਲ ਵਿਭਾਗ ਗਰਕ ਚੁੱਕਾ ਹੈ। ‘ਸੁਧਾਰ ਘਰ’, ‘‘ਵਿਗਾੜ ਘਰ’’ ਜਾਂ ਕਹੋ ‘‘ਬਘਿਆੜ ਘਰ’’ ਬਣ ਚੁੱਕੇ ਹਨ। ਜੇਲੋਂ ਕੈਦੀ ਚੰਗੇ ਸ਼ਹਿਰੀ ਦੀ ਥਾਂ ਪੇਸ਼ਾਵਰ ਮੁਜਰਿਮ ਬਣ ਕੇ ਨਿਕਲਦਾ ਹੈ। ਨਿਆਂ-ਪਾਲਿਕਾ ਦਾ ਵੀ ਇਹੋ ਹਾਲ ਹੈ। ਇਹ ਲੋਕਾਂ ਦੀ ਆਸ ਦੀ ਕਿਰਨ ਹੁੰਦੀ ਹੈ। ਜੇ ਇਥੋਂ ਇਨਸਾਫ ਨਾ ਮਿਲੇ ਤਾਂ ਲੋਕ ਕਿਧਰ ਜਾਣ? ਆਪਣੀ ਇਹੋ ਚਿੰਤਾਂ ਪ੍ਰਗਟਾਉਣ ਲਈ ਕਿ ਉਹ ਇਸ ਭੁਲੇਖੇ ’ਚ ਨਾ ਰਹਿਣ ਕਿ ਅਦਾਲਤਾਂ ’ਚ ਇਨਸਾਫ ਮਿਲਦਾ ਹੈ, ਇਨਾਂ ਨਾਵਲਾਂ ਦੀ ਰਚਨਾ ਕੀਤੀ ਹੈ।
ਹੁਣ ਆਉਂਦੇ ਹਾਂ ਤੁਹਾਡੇ ਸਵਾਲ ਵੱਲ। ਸਮੁੱਚੇ ਪੁਲਿਸ ਸੱਭਿਆਚਾਰ ਨੂੰ ਬਾਰੀਕੀ ਨਾਲ ਪੇਸ਼ ਕਰਨ ਲਈ ਮੈਂ ਇਕ ਨਾਵਲ ਲਿਖਣ ਦੀ ਯੋਜਨਾ ਬਣਾਈ। ਰੂਪ ਰੇਖਾ ਘੜਨ ਲੱਗਾ ਤਾਂ ਮੇਰੇ ਪੱਲੇ ਕੁਝ ਵੀ ਨਹੀਂ ਸੀ। ਜੁਰਮਾਂ ਤੇ ਜ਼ਰਾਇਮ ਪੇਸ਼ਾ ਲੋਕਾਂ ਬਾਰੇ ਤੱਥ ਤਾਂ ਬਥੇਰੇ ਸਨ ਪਰ ਉਨਾਂ ਨੂੰ ਕਿਸ ਸਿਧਾਂਤ ਤਹਿਤ ਤੇ ਕਿਸ ਲੜੀ ਵਿਚ ਪਰੋ ਕੇ ਪੇਸ਼ ਕੀਤਾ ਜਾਵੇ ਇਹ ਸਮਝੋਂ ਬਾਹਰ ਹੋਣ ਲੱਗਾ। ਸਹੀ ਰਾਹ ਲੱਭਣ ਲਈ ਮੁੜ ਜੁਰਮ ਵਿਗਿਆਨ, ਦੰਡ ਵਿਗਿਆਨ ਤੇ ਮਾਰਕਸਵਾਦ ਦਾ ਅਧਿਐਨ ਕੀਤਾ। ਰਸਤੇ ਰੌਸ਼ਨ ਹੋਣ ਲੱਗੇ, ਕੜੀਆਂ ਜੁੜਨ ਲੱਗੀਆਂ ਤੇ ਕਹਾਣੀ ਰਾਹ ਪੈ ਗਈ।
ਪੁਲਿਸ ਦੇ ਬਹੁਤ ਕੁਕਰਮ ਥਾਣੇ ਦੀ ਚਾਰ ਦੀਵਾਰੀ ਅੰਦਰ ਹੁੰਦੇ ਹਨ। ਸਧਾਰਨ ਵਿਅਕਤੀ ਤੀ ਉਥੋਂ ਤੱਕ ਪਹੁੰਚ ਨਹੀਂ ਹੁੰਦੀ। ਨਾਵਲ ਨੂੰ ਮੈਂ ਯਥਾਰਥ ਤੋਂ ਲਾਭੇਂ ਨਹੀਂ ਸੀ ਹੋਣ ਦੇਣਾ ਚਾਹੁੰਦਾ ਮੁੱਢਲਾ ਗਿਆਨ ਹਾਸਲ ਕਰਨ ਲਈ ਮੈਂ ਆਪਣੇ ਅਹੁਦੇ ਦੀ ਵਰਤੋਂ ਕਰਕੇ ਥਾਣੇ ਗਿਆ। ਮੁਜਰਿਮਾਂ ਨੂੰ ਕੁਰਸੀਆਂ, ਘੋਟੇ ਤੇ ਰੱਸੇ ਲੱਗਦੇ ਦੇਖੇ। ਗੰਦੇ ਹਵਾਲਤਾਂ ਤੇ ਬੈਰਕਾਂ ਦੀ ਘੋਖ ਕੀਤੀ। ਮੇਰੀ ਧਾਰਨਾ ਹੈ ਕਿ ਕਿਸੇ ਪ੍ਰਬੰਧ ਨੂੰ ਚੰਗੀ ਤਰਾਂ ਸਮਝਣ ਲਈ ੁਸ ਪ੍ਰਬੰਧ ਦੇ ਹਰ ਛੋਟੇ ਵੱਡੇ ਪਹਿਲੂ ਦੀ ਬਾਰੀਕੀ ਨਾਲ ਅਧਿਐਨ ਹੋਣਾ ਚਾਹੀਦਾ ਹੈ। ਪੁਲਿਸ ਪ੍ਰਬੰਧ ਦੀ ਪਹਿਲੀ ਕੜੀ ਸਿਪਾਹੀ ਹੈ। ਥਾਣੇ ਨਾਲ ਵਾਹ ਪ੍ਰਵੇਸ਼ ਦੁਆਰ ਤੇ ਖੜੇ ਸੰਤਰੀ ਤੋਂ ਪੈਣਾ ਸ਼ੁਰੂ ਹੋ ਜਾਂਦਾ ਹੈ। ਉਹ ਇੱਕ ਸਿਪਾਹੀ ਹੁੰਦਾ ਹੈ। ਪੁਲਿਸ ਪ੍ਰਬੰਧ ਹੌਲਦਾਰ, ਥਾਣੇਦਾਰ, ਡਿਪਟੀ ਆਦਿ ਰਾਹੀਂ ਹੁੰਦਾ ਹੋਇਆ ਮੁੱਖ ਮੰਤਰੀ ਤੱਕ ਪੁੱਜਦਾ ਹੈ। ਮੈਂ ਇਨਾਂ ਕੜੀਆਂ ਨੂੰ ਵੱਖ-ਵੱਖ ਦਿ੍ਰਸ਼ਟੀਕੋਣਾ ਤੋਂ ਪੇਸ਼ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਨਾਵਲ ਨੂੰ ਸੰਤਰੀ ਤੋਂ ਸ਼ੁਰੂ ਕਰਕੇ ਮੁੱਖ ਮੰਤਰੀ ਤੱਕ ਪਹੁੰਚਾਇਆ ਹੈ। ਰਹੀ ਗੱਲ ਤਕਨੀਕ ਦੀ ਲੋੜ ਕਾਢ ਦੀ ਮਾਂ ਹੈ। ਮੇਰੇ ਦਿਮਾਗ ’ਚ ਵਿਸ਼ਾਲ ਵਿਸ਼ਾ ਸੀ। ਨਾਵਲ ਕੀ ਕੋਈ ਵੀ ਪਰੰਪਰਾਗਤ ਵਿਧੀ ਇਸ ਨੂੰ ਪ੍ਰਗਟਾ ਨਹੀਂ ਸੀ ਸਕਦੀ। ਤਕਨੀਕ ਨੇ ਆਪਣਾ ਰਾਹ ਆਪ ਬਣਾਇਆ ਹੈ। ਮੈਂ ਸੁਚੇਤ ਹੋ ਕੇ ਕੋਈ ਕਾਢ ਨਹੀਂ ਕੱਢੀ।
?(ਸਵਾਲ): ‘ਕਟਿਰਹਾ’ ਦੀ ਵਿਉਂਤ ਕਿਵੇਂ ਬਣੀ?
ਜਵਾਬ: ‘ਤਫ਼ਤੀਸ਼’ ਲਿਖ ਕੇ ਮੇਰੇ ਮਨ ਸਾਰੀ ਭੜਾਸ਼ ਨਿਕਲ ਗਈ। ਪੁਲਿਸ ਸੱਭਿਆਚਾਰ ਬਾਰੇ ਜੋ ਕੁਝ ਵੀ ਲਿਖਿਆ ਜਾ ਸਕਦਾ ਸੀ। ਉਹ ਇਸ ਨਾਵਲ ’ਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਹੋ ਚੁੱਕਾ ਸੀ। ਇਸ ਨਾਵਲ ਨੂੰ ਛਪਿਆ ਜਨਵਰੀ 2009 ’ਚ ਉਨੀਂ ਸਾਲ (19 ਸਾਲ) ਹੋ ਜਾਣਗੇ। ਅੱਜ ਤੱਕ ਮੈਨੂੰ ਇੱਕ ਗੱਲ ਵੀ ਅਜਿਹੀ ਨਹੀਂ ਸੁੱਝੀ ਜੋ ਲਿਖਣੀ ਰਹਿ ਗਈ ਹੋਵੇ ਨਾ ਹੀ ਅੱਜ ਤੱਕ ਪੁਲਿਸ ਸੱਭਿਆਚਾਰ ’ਚ ਕੋਈ ਅਜਿਹੀ ਖਾਸ ਤਬਦੀਲੀ ਆਈ ਜੋ ਨਾਵਲ ’ਚ ਸੋਧ ਦੀ ਮੰਗ ਕਰਦੀ ਹੋਵੇ। ਸਾਰਾ ਅਨੁਭਵ ‘ਤਫ਼ਤੀਸ਼’ ’ਚ ਪੇਸ਼ ਕਰਨ ਤੋਂ ਬਾਅਦ ਮੇਰੇ ’ਚ ਖੜੋਤ ਆ ਗਈ। ਉੱਧਰ ਤਫ਼ਤੀਸ਼ ਉਪੱਰ ਭਰਪੂਰ ਬਹਿਸ ਛਿੜ ਪਈ। ਇੱਕ ਸੈਮੀਨਾਰ ਦੌਰਾਨ ਆਪਣੇ ਵੱਲੋਂ ਬੋਲਦੇ ਹੋਏ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਅਨੁਭਵ ਪੁਲਿਸ ਸੱਭਿਆਚਾਰ ਤੱਕ ਹੀ ਸੀਮਤ ਨਹੀਂ ਹੈ। ਪੁਲਿਸ ਵਿਭਾਗ ਤਾਂ ਫੌਜਦਾਰੀ ਨਿਆਂ-ਪ੍ਰਬੰਧ ਦੀ ਕੇਵਲ ਇੱਕ ਸੰਸਥਾ ਹੈ। ਮੈਨੂੰ ਬਾਕੀ ਦੀਆਂ ਦੋਵਾਂ ਸੰਸਥਾਵਾਂ, ਨਿਆਂ-ਪਾਲਿਕਾ ਤੇ ਜੇਲ ਬਾਰੇ ਵੀ ਲਿਖਣਾ ਚਾਹੀਦਾ ਹੈ। ਉਸੇ ਸੈਮੀਨਾਰ ਵਿੱਚ ਮੈਂ ਕਿਹਾ ਕਿ ਮੈਂ ‘ਕਟਿਹਰਾ’ ਤੇ ‘ਸੁਧਾਰ ਘਰ’ ਵੀ ਲਿਖਾਂਗਾ।
?(ਸਵਾਲ): ਤੁਸੀਂ ਨਿਆਂ-ਪ੍ਰਬੰਧ ਦੇ ਅਸਲੋਂ ਅਣਛੋਹੇ ਵਿਸ਼ੇ ਨੂੰ ਜਦ ਗਲਪ ਅਨੁਭਵ ਦਾ ਵਿਸ਼ਾ ਬਣਾਇਆ ਤਾਂ ਤੁਹਾਨੂੰ ਅਨੁਭਵ ਤੋਂ ਬਿਨਾਂ ਹੋਰ ਕਿਹੜੀਆਂ ਪੁਸਤਕਾਂ ਦੀ ਸਹਾਇਤਾ ਲੈਣੀ ਪਈ?
ਜਵਾਬ: ਨਾਵਲ ‘ਸੁਧਾਰ ਘਰ’ ਲਿਖਣ ਤੋਂ ਪਹਿਲਾਂ ਜੇਲ ਪ੍ਰਬੰਧ ਤੇ ਕੈਦੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਮੈਂ ਜੇਲ ਮੈਨੁਅਲ ਦੇ ਨਾਲ-ਨਾਲ ਮੇਰੀ ਟੇਲਰ ਦੀ ਪੁਸਤਕ ‘ਭਾਰਤੀ ਜੇਲਾਂ ਵਿੱਚ ਪੰਜ ਵਰੇ’, ਮੋਹਨ ਭਾਸਕਰ ਦੀ ਪੁਸਤਕ ‘ਮੈਂ ਸਾਂ ਪਾਕਿਸਤਾਨ ਵਿੱਚ ਭਾਰਤ ਦਾ ਜਾਸੂਸ’ ਅਤੇ ਅਨਿਲ ਵਾਰਵੇ ਦਾ ਨਾਵਲ ‘ਪਰਬਤੋਂ ਭਾਰੀ ਮੌਤ’ ਪੜੇ। ਕਿਰਨ ਬੇਦੀ ਤੇ ਕੁਲਦੀਪ ਨੀਅਰ ਦੇ ਜੇਲਾਂ ਬਾਰੇ ਅਨੁਭਵ ਦਾ ਅਧਿਐਨ ਕੀਤਾ। ਜੇਲ ਪ੍ਰਬੰਧਾਂ ਬਾਰੇ ਸੁਪਰੀਮ ਕੋਰਟ ਵੱਲੋਂ ‘ਸੁਨੀਲ ਬੱਤਰਾ ਬਨਾਮ ਦਿੱਲੀ ਪ੍ਰਸ਼ਾਸਨ’ ਨਾਂ ਦੇ ਦੋ ਅਹਿਮ ਫੈਸਲਿਆਂ ਦਾ ਇਕੱਠੇ ਮੁਤਾਲਿਆ ਕੀਤਾ। ਇਸ ਤਰਾਂ ਨਿੱਜੀ ਅਨੁਭਵ ਤੋਂ ਬਿਨਾਂ ਅਧਿਐਨ ਵੀ ਜ਼ਰੂਰੀ ਹੈ।
?(ਸਵਾਲ): ‘ਕੌਰਵ ਸਭਾ’ ਦੀ ਉਤਪਤੀ ਬਾਰੇ ਦੱਸੋ?
ਜਵਾਬ: 1992 ’ਚ ਮੇਰੀ ਬਦਲੀ ਲੁਧਿਆਣੇ ਹੋ ਗਈ। ਲੁਧਿਆਣਾ ਪੰਜਾਬ ਦਾ ਇੱਕੋ-ਇੱਕ ਮਹਾਂ-ਨਗਰ ਹੈ। ਜਿਥੇ ਵਿਗੜਿਆ ਪੂੰਜੀਵਾਦ ਪੂਰੇ ਜੋਬਨ ’ਤੇ ਟਹਿਕ ਰਿਹਾ ਹੈ। ਮੈਨੂੰ ਲੱਗਾ ਪੂੰਜੀਵਾਦ ਨੂੰ ਸਮਝਣ ਲਈ ਇਹ ਵਧੀਆ ਮੌਕਾ ਹੈ। ਮੈਂ ਆਪਣਾ ਤੀਜਾ ਨੇਤਰ ਖੋਲਿਆ। ਥੋੜੇ ਜਿਹੇ ਯਤਨਾ ਨਾਲ ਹੀ ਪੂੰਜੀਵਾਦ ਦੇ ਭੇਤਾਂ ਦੇ ਪਟਾਰੇ ਖੁੱਲਣ ਲੱਗੇ। ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾ। ਸਾਧਨ ਸੰਪੰਨ ਲੋਕ ਪੈਸੇ ਦੇ ਜ਼ੋਰ ’ਤੇ ਵੱਡੇ-ਵੱਡੇ ਜੁਰਮ ਕਰਨ ਤੋਂ ਬਾਅਦ ਬਰੀ ਹੁੰਦੇ ਦਿਖਾਈ ਦੇਣ ਲੱਗੇ। ਅਫਸਰਸ਼ਾਹੀ, ਰਾਜਨੀਤੀ, ਧਰਮ ਆਦਿ ਸਭ ਸੰਸਥਾਵਾਂ ਇਕੋ ਉਦੇਸ਼ ‘ਵੱਧ ਤੋਂ ਵੱਧ ਧੰਨ ਇਕੱਠਾ ਕਰਨ’ ਦੀ ਹੋੜ ’ਚ ਬੇਕਿਰਕ ਹੋ ਕੇ ਬੇਇਨਸਾਫੀਆਂ ਕਰਦੀਆਂ ਨਜ਼ਰ ਆਈਆਂ। ਹੋ ਰਹੀਆਂ ਇਨਾਂ ਧੱਕੇ-ਸ਼ਾਹੀਆਂ ਦੇ ਕਾਰਨ ਖੋਜੇ ਤੇ ਸਮਝੇ। ਮਨ ’ਚ ਪੀੜਤ ਧਿਰ ਲਈ ਹਮਦਰਦੀ ਜਾਗਣ ਲੱਗੀ। ਇਹੋ ਹਮਦਰਦੀ ‘ਕੌਰਵ ਸਭਾ’ ਦੇ ਬਿਰਤਾਂਤ ਦਾ ਬੀਜ ਬਣੀ। ਕਈ ਸਾਲਾਂ ਤੋਂ ਰੁਕੀ ਕਲਮ ਨੂੰ ਨਵਾਂ ਰਾਹ ਦਿਖਾਈ ਦਿੱਤਾ। ਅੰਦਰ ਉਬਲਦਾ ਲਾਵਾ ਬਾਹਰ ਨਿਕਲਣ ਲਈ ਕਾਹਲਾ ਪੈਣ ਲੱਗਾ।
?(ਸਵਾਲ): ‘ਕੌਰਵ ਸਭਾ’ ’ਚ ਤੁਹਾਡਾ ਇੱਛਤ ਯਥਾਰਥ ਕੀ ਹੈ? ਇਹ ਕਿਸ ਹੱਦ ਤੱਕ ਨਾਵਲ ਦੇ ਚੌਖਟੇ ’ਚ ਢਲ ਸਕਿਆ ਹੈ?
ਜਵਾਬ: ਇਸ ਨਾਵਲ ਰਾਹੀਂ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਦਾ ਸਮਾਂ ਕੌਰਵਾਂ ਦੇ ਵੱਧਣ ਫੁੱਲਣ ਦਾ ਹੈ। ਹਰ ਥਾਂ ਹਨੇਰ ਤੇ ਬੇਇਨਸਾਫੀ ਹੈ। ਨਾਲ ਹੀ ਮੇਰਾ ਇਹ ਸੰਦੇਸ਼ ਵੀ ਹੈ ਕਿ ਪਾਂਡਵ ਵੀ ਡਰ ਕੇ ਨਹੀਂ ਬੈਠੇ। ਉਹ ਆਪਣੇ ਹੱਕਾਂ ਲਈ ਲੜ ਰਹੇ ਹਨ। ਇਹ ਗੱਲ ਹੋਰ ਹੈ ਕਿ ਉਨਾਂ ਦੀ ਗਿਣਤੀ ਘੱਟ ਹੈ। ਮੇਰੀ ਇਹ ਚਾਹਤ ਨਾਵਲ ਦੇ ਚੌਖਟੇ ਵਿੱਚ ਪੂਰੀ ਤਰਾਂ ਢਲ ਗਈ ਹੈ।
?(ਸਵਾਲ): ਹੁਣ ਗੱਲ ਕਰਦੇ ਹਾਂ ‘ਸੁਧਾਰ ਘਰ’ ਦੀ, ਜੋ ਕਿਤਾਬਾਂ ਪਹਿਲਾਂ ਤੁਸੀਂ ਦੱਸੀਆਂ ਹਨ ਉਨਾਂ ਤੋਂ ਬਿਨਾਂ ਹੋਰ ਕਿਸ-ਕਿਸ ਦਾ ਅਧਿਐਨ ਕੀਤਾ ਇਹ ਨਾਵਲ ਲਿਖਣ ਲਈ?
ਜਵਾਬ: ਮੇਰੀ ਸਮੱਸਿਆ ਨੂੰ ਸੁਨਣਾਇਆ ਮੇਰੇ ਗਿਰਾਈਂ ਮਿੱਤਰ ਜਗਦੀਸ਼ ਕੁਮਾਰ ਮਿੱਤਲ, ਆਈ. ਪੀ. ਐਸ ਨੇ ਉਨਾਂ ਮੈਨੂੰ ਕਈ ਜੇਲਾਂ ਦਾ ਦੌਰਾ ਕਰਾਇਆ, ਜੇਲ ਬਣਤਰ ਤੇ ਜੇਲ ਜੀਵਨ ਤੋਂ ਵਾਕਿਫ ਕਰਵਾਇਆ। ਇੱਕ ਹੋਰ ਮਿੱਤਰ ਮਾਸਟਰ ਝੱਜ ਦਸ ਸਾਲ ਜੇਲ ਜੀਵਨ ਦੀ ਕਠੋਰਤਾ ਹੰਢਾ ਚੁੱਕੇ ਹਨ। ਲੰਮੀਆਂ ਮੁਲਾਕਤਾਂ ਕਰ-ਕਰ ਉਨਾਂ ਨੇ ਮੇਰੀ ਵਾਕਫੀਅਤ ਦੇ ਥੱਪਿਆਂ ਨੂੰ ਪੂਰਿਆ। ਕਈ ਪੇਸ਼ੀ ਭੁਗਤਾਉਣ ਆਉਂਦੇ ਕੈਦੀਆਂ ਨੂੰ ਮੈਂ ਆਪਣੇ ਦਫਤਰ ਬੁਲਾ ਕੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।
?(ਸਵਾਲ): ਜੇਲ ਜੀਵਨ ਬਾਰੇ ਲਿਖੇ ਹੋਰ ਮਹੱਤਵਪੂਰਨ ਸਾਹਿਤ ਨਾਲੋਂ ਵੱਖਰਾ ਲਿਖਣ ਦੀ ਯੋਜਨਾ ਕਿਸ ਤਰਾਂ ਬਣੀ? ਨਾਲੇ ਇਸ ਨਾਵਲ ਦੀ ਰਚਨਾ ਪ੍ਰਕਿਰਿਆ ਬਾਰੇ ਲਿਖੋ?
ਜਵਾਬ: ਇੱਕ ਸਰਕਾਰੀ ਵਕੀਲ ਹੋਣ ਦੇ ਨਾਤੇ ਮੇਰਾ ਜ਼ਿਆਦਾਤਰ ਵਾਹ ਪੀੜਤ ਧਿਰ ਨਾਲ ਪੈਂਦਾ ਹੈ। ਜੇਲ ’ਚ ਕੈਦੀਆਂ ਨੂੰ ਛੁੱਟੀਆਂ, ਸਿਹਤ ਕਿੱਤਾ ਤੇ ਕਾਨੂੰਨੀ ਸਹਾਇਤਾ ਆਦਿ ਸਹੂਲਤਾਂ ਮਿਲਦੀਆਂ ਰਹਿੰਦੀਆਂ ਹਨ। ਪੀੜਤ ਧਿਰ ਨੂੰ ਇਨਾਂ ਸਹੂਲਤਾਂ ’ਤੇ ਇਤਰਾਜ਼ ਹੁੰਦਾ ਹੈ। ਮੈਨੂੰ ਲੱਗਦਾ ਸੀ ਕਿ ਕੈਦੀਆਂ ਨੂੰ ਲੋੜ ਤੋਂ ਵੱਧ ਸਹੂਲਤਾਂ ਮਿਲ ਰਹੀਆਂ ਹਨ ਤੇ ਇਸ ਕਾਰਨ ਪੀੜਤ ਧਿਰ ਦੇ ਜਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ। ਮੇਰਾ ਵਿਚਾਰ ਸੀ ਕਿ ਕੈਦੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਇਸ ਤਰਾਂ ਮੇਰੇ ਦਿਮਾਗ ਵਿੱਚ ਨਾਵਲ ਦੀ ਜੋ ਰੂਪ-ਰੇਖਾ ਬਣੀ ਉਹ (ਜੋ ਪਹਿਲਾ ਬਣੀ) ਕੈਦੀਆਂ ਨੂੰ ਮਿਲਦੀਆਂ ਸਹੂਲਤਾਂ ’ਤੇ ਕਟਾਖ਼ਸ਼ ਕਰਨ ਦੀ ਸੀ। ਜੇਲ ਜੀਵਨ ਬਾਰੇ ਅਧਿਐਨ ਕਰਦੇ-ਕਰਦੇ ਮੇਰੇ ਹੱਥ ‘ਸੁਨੀਲ ਬੱਤਰ ਬਨਾਮ ਦਿੱਲੀ ਪ੍ਰਸ਼ਾਸਨ’ ਸੁਪਰੀਮ ਕੋਰਟ ਦੇ ਦੋ ਮਹੱਤਵਪੂਰਨ ਫੈਸਲੇ ਲੱਗੇ। ਪਹਿਲਾ ਫੈਸਲਾ 1978 ’ਚ ਹੋਇਆ ਦੂਜਾ 1980 ਵਿੱਚ। ਸੁਪਰੀਮ ਕੋਰਟ ਦੇ ਇੱਕ ਜੱਜ ਜਸਟਿਸ ਕ੍ਰਿਸ਼ਨਾ ਅਈਅਰ ਆਪਣੇ ਕ੍ਰਾਂਤੀਕਾਰੀ ਫੈਸਲਿਆਂ ਲਈ ਪ੍ਰਸਿੱਧ ਹਨ। ਇਹ ਵੀ ਉਨਾਂ ਦਾ ਹੀ ਸੀ। ਕੈਦੀਆਂ ਨੇ ਨਰਕ ਵਰਗੇ ਜੀਵਨ ਸਬੰਧੀ ਲਿਖੇ ਤਰਕਸੰਗਤ ਫੈਸਲੇ ਪੜ ਕੇ ਮੇਰੇ ਰੌਂਗਟੇ ਖੜੇ ਹੋ ਗਏ ਤੇ ਮੇਰੇ ਵਿਚਾਰਾਂ ਨੇ ਪਲਟਾ ਖਾਧਾ। ਮੈਨੂੰ ਗਿਆਨ ਹੋਇਆ ਕਿ ਮਿਲ ਰਹੀਆਂ ਸਹੂਲਤਾਂ ਦਾ ਮਜ਼ਾ ਤਾਂ ਕੁਝ ਸਾਧਨ ਸੰਪੰਨ ਲੋਕ ਹੀ ਮਾਣ ਰਹੇ ਹਨ। ਬਾਕੀ ਕੈਦੀ ਤਾਂ ਕੀੜਿਆਂ ਵਾਂਗ ਰਹਿ ਰਹੇ ਹਨ। ਪਹਿਲੀ ਯੋਜਨਾ ਨੂੰ ਤਰਕ ਕਰਕੇ ਮੈਂ ਨਵੀਂ ਯੋਜਨਾ ਉਲੀਕੀ। ਨਵੀਂ ਰੂਪ-ਰੇਖਾ ਵਿੱਚ ਸਾਧਨਹੀਣ ਕੈਦੀਆਂ ਦੇ ਦੁੱਖਾਂ ਦਰਦਾਂ ਦੀ ਪੇਸ਼ਕਾਰੀ ਭਾਰੂ ਹੋਈ। ਨਵੇਂ ਤੱਥ ਇਕੱਠੇ ਕੀਤੇ। ਕਹਾਣੀ ਤੇ ਪਾਤਰਾਂ ਵਿੱਚ ਪਰਿਵਰਤਨ ਕੀਤਾ। ਹਥਲੇ ਨਾਵਲ ਦਾ ਬਿਰਤਾਂਤ ਹੋਂਦ ਵਿੱਚ ਆਇਆ।
ਮਨੋਵਿਗਿਆਨ ਇਹ ਮੰਨ ਕੇ ਚੱਲਦਾ ਹੈ ਕਿ ਵਿਅਕਤੀ ਮਾਨਸਿਕ ਪ੍ਰਸਥਿਤੀਆਂ ਦੇ ਦਬਾਅ ਹੇਠ ਆ ਕੇ ਜੁਰਮ ਕਰਦਾ ਹੈ। ਪ੍ਰਸਥਿਤੀਆਂ ਮਾਨਸਿਕ, ਸਮਾਜਿਕ ਜਾਂ ਆਰਥਿਕ ਕੋਈ ਵੀ ਹੋ ਸਕਦੀਆਂ ਹਨ। ਜੇਲ ਨਿਯਮ ਮੰਗ ਕਰਦੇ ਹਨ ਕਿ ਕੈਦੀ ਦੇ ਤੌਰ ’ਤੇ ਹੀ ਕੈਦੀ ਨੂੰ ਲਿਆ ਜਾਵੇ। ਉਹਦੀਆਂ ਸਮੱਸਿਆਵਾਂ ਸਮਝ ਕੇ ਹੱਲ ਕੀਤਾ ਜਾਵੇ। ਪਰ ਮੇਰੇ ਅਨੁਭਵ ਤੋਂ ਇਹ ਸਿੱਟਾ ਨਿੱਕਲਦਾ ਹੈ ਕਿ ਵਾਪਰ ਇਸ ਦੇ ਉਲੱਟ ਰਿਹਾ ਹੈ। ਸੁਨੀਲ ਬੱਤਰਾ ਵਾਲੇ ਕੇਸ ’ਚ ਸੁਪਰੀਮ ਕੋਰਟ ਨੇ ਦਿੱਲੀ ਪ੍ਰਸ਼ਾਸਨ ਨੂੰ ਆਪਣਾ ਪੱਖ ਪੇਸ਼ ਕਰਨ ਤੇ ਜੇਲ ਸੁਧਾਰਾਂ ’ਚ ਉਨਾਂ ਨੂੰ ਪੇਸ਼ ਆਉਂਦੀਆਂ ਔਕੜਾਂ ਦੱਸਮ ਲਈ ਆਖਿਆ ਸੀ। ਦਿੱਲੀ ਪ੍ਰਸ਼ਾਸਨ ਨੇ ਖੁੱਲ ਕੇ ਆਪਣੇ ਦੁੱਖ ਰੋਏ। ਬਜਟ, ਸਿੱਖਿਆ, ਉਚਿਤ ਵੇਤਨ ਦੀ ਘਾਟ ਦੇ ਨਾਲ-ਨਾਲ ਉਨਾਂ ਨੇ ਕਰਮਚਾਰੀਆਂ ਦੀ ਘਾਟ ਤੇ ਬੈਰਕਾਂ ਦੀ ਘਾਟ ਦੇ ਰੋਣੇ ਰੋਏ। ਆਪਣੇ ਅਹੁਦੇ ਕਾਰਨ ਮੈਂ ਕਰਮਚਾਰੀਆਂ, ਜੇਲ ਅਧਿਕਾਰੀਆਂ ਨਾਲ ਮੁਲਾਕਤਾਂ ਕੀਤੀਆਂ। ਸਿੱਟਾ ਕੱਢਿਆ ਕਿ ਕੰਮ ਦੀ ਬਹੁਤਾਤ, ਵੇਤਨ ਤੇ ਉਚਿੱਤ ਸਿਖਲਾਈ ਦੀ ਘਾਟ ਕਾਰਨ ਜੇਲ ਅਧਿਾਕਰੀ ਖੁਦ ਮਾਨਸਿਕ ਤਨਾਅ ’ਚ ਰਹਿੰਦੇ ਹਨ। ਉਨਾਂ ਨੂੰ ਆਪਣੀ ਕੁਰਸੀ ਤੇ ਪੱਗ ਦਾ ਫਿਕਰ ਰਹਿੰਦਾ ਹੈ। ਅਜਿਹੇ ਹਾਲਾਤ ’ਚ ਕੋਈ ਕਰਮਚਾਰੀ ਕੈਦੀਆਂ ਦੀ ਸਮੱਸਿਆ ਕਿਸ ਤਰਾਂ ਸੁਲਝਾ ਸਕਦਾ ਹੈ? ਮੈਨੂੰ ਜੇਲ ਜੀਵਨ ਬਾਰੇ ਲਿਖਣ ਦਾ ਮਸਾਲਾ ਮਿਲ ਗਿਆ। ਮੈਂ ਜੇਲ ਪ੍ਰਸ਼ਾਸਨ ਨਾਲ ਜੁੜੇ ਵਿਅਕਤੀਆਂ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਆਪਣੇ ਨਾਵਲ ਵਿੱਚ। ਮੇਰੇ ਅਧਿਐਨ ਦਾ ਸਿੱਟਾ ਨਿਕਲਿਆ ਕਿ ਕੈਦੀਆਂ ’ਤੇ ਹੁੰਦੇ ਅੱਤਿਆਚਾਰਾਂ ਲਈ ਵਿਅਕਤੀ ਦੀ ਥਾਂ ਸਟੇਟ ਜ਼ਿੰਮਂੇਵਾਰ ਹੈ। ਇਸ ਕੁਸ਼ਾਸਨ ਦਾ ਜ਼ਿੰਮੇਵਾਰ ਸਮੁੱਚਾ ਰਾਜਨੀਤਕ ਢਾਂਚਾ ਹੈ। ‘ਸੁਧਾਰ ਘਰ’ ਤੋਂ ਪਹਿਲਾ ਲਿਖਿਆ ਗਿਆ ਸਾਹਿਤ ਇੱਕ ਪਾਸੜ ਲੱਗਾ ਮੈਨੂੰ।
?(ਸਵਾਲ): ‘ਸੁਧਾਰ ਘਰ’ ਨਾਵਲ ’ਚ ਸੈਂਕੜੇ ਕੈਦੀਆਂ ਦੇ ਪਿਛੋਕੜ ਦਾ ਜ਼ਿਕਰ ਹੈ ਨਾਲੇ ਇਕ ਕੈਦੀ ਦਾ ਪਿਛੋਕੜ ਦੂਜੇ ਨਾਲੋਂ ਵੱਖ ਹੈ, ਇਹ ਵਖਰੇਵੇਂ ਪੇਸ਼ ਕਰਨ ਲਈ ਕਿੰਨੀ ਕੁ ਖੋਜ ਤੇ ਅਧਿਐਨ ਦੀ ਲੋੜ ਪਈ?
ਜਵਾਬ: ਲੰਮੀਆਂ ਸਜ਼ਾਵਾਂ ਆਮ ਤੌਰ ਤੇ ਤਿੰਨ ਚਾਰ ਕਿਸਮ ਦੇ ਮੁਜਰਿਮਾਂ ਨੂੰ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਤਲ, ਬਲਾਤਕਾਰ ਜਾਂ ਸਮੱਗਲਰ। ਜਦੋਂ ਨਾਵਲ ਲਈ ਪਾਤਰਾਂ ਦੀ ਚੋਣ ਕਰਨ ਲੱਗਾ ਤਾਂ ਲੱਗਾ ਕਿ ਪਾਤਰ ਜਾਂ ਬਲਾਤਕਾਰੀਆਂ ’ਚੋਂ ਹੀ ਚੁਣਨੇ ਪੈਣੇ ਹਨ। ਇੰਜ ਬਿਰਤਾਂਤ ਜਾਂ ਦੋ-ਤਿੰਨ ਪਾਤਰਾਂ ਬਾਰੇ ਉਸਾਰਨਾ ਪੈਣਾ ਸੀ ਜਾਂ ਦੁਹਰਾਓ ਦਾ ਸ਼ਿਕਾਰ ਹੋਣਾ ਪੈਣਾ ਸੀ। ਨਾਵਲ ਨੂੰ ਅਰਥ ਭਰਪੂਰ ਬਣਾਉਣ ਲਈ ਮੈਂ ਜੁਰਮ ਵਿਗਿਆਨ ਦਾ ਮੁੜ ਅਧਿਐਨ ਕਰਕੇ ਜੁਰਮਾਂ ਪਿਛਲੇ ਵੱਖ-ਵੱਖ ਕਾਰਨ ਲੱਭੇ ਤੇ ਉਨਾਂ ਦੁਆਲੇ ਕਹਾਣੀ ਦਾ ‘ਤਾਣਾ-ਬਾਣਾ’ ਬੁਣਿਆ। ਮੁਜਰਿਮਾਂ ਦੇ ਜਮਾਤੀ ਕਿਰਦਾਰਾਂ ਦਾ ਅਧਿਐਨ ਕੀਤਾ। ਉਨਾਂ ਵੱਖ-ਵੱਖ ਵਰਗ ਬਣਾਏ। ਇੱਕ ਵਰਗ ਦੇ ਲੋਕਾਂ ਨੂੰ ਇੱਕ ਬੈਰਕ ਵਿੱਚ ਬੰਦ ਕਰਕੇ ਉਨਾਂ ਦੇ ਜਮਾਤੀ ਪਿਛੋਕੜ, ਮੁਜਰਿਮ ਬਣਨ ਦੇ ਕਾਰਨ ਤੇ ਕਿਰਦਾਰ ਪੇਸ਼ ਕੀਤੇ ਜਿਵੇਂ; ਕਿ ‘ਬਾਦਸ਼ਾਹ ਦੀ ਬੈਰਕ‘ ’ਚ ‘ਮੰਗਤੇ’, ‘ਪੰਛੀਆਂ’ ਦੀ ਬੈਰਕ ’ਚ ਲੁੰਪਨ, ‘ਕੋਠੀ’ ਵਿੱਚ ਸਿਆਸੀ ਆਗੂ ਤੇ ਅਫ਼ਸਰਸ਼ਾਹ ਤੇ ‘ਸਿੰਘਾਂ ਦੀ ਬੈਰਕ’ ’ਚ ਅੱਤਵਾਦੀ ਕੈਦੀ ਪੇਸ਼ ਕੀਤੇ। ਮੈਂ ਆਪਣੇ ਉਦੇਸ਼ ’ਚ ਸਫਲ ਹੋਇਆ ਹਾਂ ਜਾਂ ਨਹੀਂ ਇਹ ਪਾਠਕਾਂ ਨੂੰ ਪਤਾ ਹੈ।
?(ਸਵਾਲ): ਮੇਰੇ ਖਿਆਲ ਮੁਜਰਮਾਂ ਦੇ ਪਿਛਲ-ਝਾਤ ਪਵਾਉਣੀ ਬੜੀ ਤਰਕ ਸੰਗਤ ਗੱਲ ਹੈ, ਨਾਵਲ ਦੀ?
ਜਵਾਬ: ਇਹੀ ਤਾਂ ਖ਼ਾਸੀਅਤ ਹੈ ਇਸ ਨਾਵਲ ਦੀ। ਇਸ ’ਚ ਇਹ ਦੱਸਿਆ ਹੈ ਕਿ ਕੋਈ ਜੰਮਦਾ ਹੀ ਅਪਰਾਧੀ ਨਹੀਂ ਹੁੰਦਾ। ਉਹ ਕਿਨਾਂ ਹਾਲਾਤਾਂ ’ਚ ਇੱਥੇ ਪੁੱਜਦੇ ਹਨ।
?(ਸਵਾਲ): ਸ਼ਬਦਾਂ/ਪਰੂਫ ਰੀਡਿੰਗ ਦੀਆਂ ਬੜੀਆਂ ਗਲਤੀਆਂ ਹਨ। ‘ਸੁਧਾਰ ਘਰ’ ਵਿਚਲੀਆਂ ਗਲਤੀਆਂ ਤੋਂ ਤਾਂ ਇਉਂ ਲੱਗਦਾ ਹੈ ਕਿ ਜੇ ਮੇਰੇ ਵਰਗਾ ਇਹੋ ਜਿਹੇ ਦੋ-ਚਾਰ ਨਾਵਲ ਹੋਰ ਪੜ ਲਏ ਤਾਂ ਜੋ ਮਾੜੀ-ਮੋਟੀ ਪੰਜਾਬੀ ਆਉਂਦੀ ਹੈ, ਉਹ ਵੀ ਭੁੱਲ ਜਾਵੇਗਾ?
ਜਵਾਬ: ਹਾਂ, ਇਹ ਗ਼ਲਤੀ ਰਹਿ ਗਈ ਸੀ ਇਸ ਵਿੱਚ, ਅਗਲੀ ਵਾਰ ਖਿਆਲ ਰੱਖਿਆ ਜਾਵੇਗਾ।
?(ਸਵਾਲ): ‘ਸੁਧਾਰ ਘਰ’ ਤੇ ‘ਕੌਰਵ ਸਭਾ’ ਚੋਂ ਕਿਸਨੂੰ ਪਸੰਦ ਕਰੋਗੇ?
ਜਵਾਬ: (ਹੱਸ ਕੇ) ਦੇਖੋ ‘ਕੌਰਵ ਸਭਾ’ ਦਿਲਚਸਪ ਹੈ ਤੇ ‘ਸੁਧਾਰ ਘਰ’ ਡੂੰਘਾਈ ਭਰਪੂਰ ਹੈ।
?(ਸਵਾਲ): ਸਮੁੱਚੇ ਭਿ੍ਰਸ਼ਟ ਪ੍ਰਬੰਧ ’ਚ ਕੀ ਵੈਲਫੇਅਰ ਸੁਸਾਇਟੀ ਜਾਂ ‘ਸੰਮਤੀ’ ਦਾ ਕੋਈ ਰੋਲ ਹੈ?
ਜਵਾਬ: ਯਾਰ, ਇਸ ਘੁੱਪ ਹਨੇਰੇ ’ਚ ਕਿਸੇ ਨੇ ਤਾ ਰੌਸ਼ਨੀ ਦੀ ਕਿਰਨ ਬਣਨਾ ਹੀ ਹੈ । ਬਾਕੀ ਫੇਰ ਹੌਲੀ ਹੌਲੀ ਚਾਨਣ ਵੱਲ ਕਦਮ ਵਧਣਗੇ।
?(ਸਵਾਲ): ਕੀ ਤੁਹਾਡੇ ਪਾਤਰ ਤੁਹਾਡੇ ਕੰਟਰੋਲ ’ਚ ਹਨ?
ਜਵਾਬ: ਹਾਂ ਮੇਰੇ ਨਾਵਲਾਂ ਦੇ ਪਾਤਰ ਪੂਰੀ ਤਰਾਂ ਮੇਰੇ ਕੰਟਰੋਲ ’ਚ ਹਨ। ਮੈਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਮੈਂ ਕਿਸ ਪਾਤਰ ਤੋਂ ਕੀ ਕੰਮ ਕਰਾਉਣਾ ਹੈ। ਮੈਂ ਪਹਿਲਾਂ ਹੀ ਪੂਰੀ ਯੋਜਨਾਬੰਦੀ ਕੀਤੀ ਹੁੰਦੀ ਹੈ। ਮੈਂ ਉਨਾਂ ਲੇਖਕਾਂ ਨਾਲ ਸਹਿਮਤ ਨਹੀਂ ਜੋ ਕਹਿੰਦੇ ਹਨ ਕਿ ਕਹਾਣੀ ਆਪੇ ਮੋੜਾ ਕੱਟ ਗਈ। ਪਾਤਰਾਂ ਨੇ ਮੈਥੋਂ ਇਹ ਕੰਮ ਆਪੇ ਕਰਵਾ ਲਿਆ।
?(ਸਵਾਲ): ਅੱਜ ਕੱਲ ਪੰਜਾਬੀ ਨਾਵਲ ਕਿਥੇ ਖੜਾ ਹੈ ਤੇ ਕੀ ਸੰਭਾਵਨਾਵਾਂ ਹਨ?
ਜਵਾਬ: ਦੇਖੋ ਮੈਨੂੰ ਪੜਨ ਦਾ ਬਹੁਤਾ ਸਮਾਂ ਨਹੀਂ ਲੱਗਦਾ। ਮੈਂ ਮੰਨਦਾ ਹਾਂ ਉਨਾਂ ਹੀ ਪੜਨਾ ਚਾਹੀਦਾ ਹੈ, ਜਿਨਾਂ ਕੋਲ ਕੋਈ ਸ੍ਰੋਤ ਜਾਂ ਸਾਧਨ ਨਹੀਂ ਹਨ। ਮੇਰੇ ਕੋਲ ਤਾਂ ਮੇਰੇ ਕੇਸ ਹੀ ਨਾਵਲ ਤੋਂ ਵੱਧ ਕੇ ਹਨ।ਤੁਸੀਂ ਅੱਜ ਦੇ ਪੰਜਾਬੀ ਨਾਵਲ ਦੀ ਗੱਲ ਕੀਤੀ ਹੈ। ਹੁਣ ਚੰਗੇ ਲਿਖੇ ਜਾ ਰਹੇ ਹਨ। ਸੰਭਾਵਨਾ ਦਾ ਕੋਈ ਅੰਤ ਨਹੀਂ ਹੁੰਦਾ।
?(ਸਵਾਲ): ਪੰਜਾਬੀ ਲੇਖਕ ਨਾਵਲ ਲਿਖਣ ਵੱਲ ਘੱਟ ਰੁਚਿਤ ਕਿਉਂ ਹਨ?
ਜਵਾਬ: ਮੇਰੇ ਖਿਆਲ ਹੁਣ ਪੰਜਾਬੀ ਨਾਵਲ ਚੋਖਾ ਲਿਖਿਆ ਜਾ ਰਿਹਾ ਹੈ।
?(ਸਵਾਲ): ਪੰਜਾਬੀ ਨਾਵਲ ਜਗਤ ’ਚ ਕਿਸ ਚੀਜ਼ ਦੀ ਘਾਟ ਹੈ?
ਜਵਾਬ: ਪੰਜਾਬੀ ਨਾਵਲ ਦੀ ਜੇ ਘਾਟ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬੀ ਨਾਵਲਕਾਰ ਘਸੇ-ਪਿਟੇ ਵਿਸ਼ਿਆਂ ਜਿਵੇਂ ਕਿਰਸਾਨੀ, ਮੱਧ-ਵਰਗੀ ਸਮੱਸਿਆਵਾਂ ਜਾਂ ਵਰਜਿਤ ਰਿਸ਼ਤਿਆਂ ਬਾਰੇ ਲਿਖੀ ਜਾ ਰਹੇ ਹਨ। ਖੋਜ ਕਰਕੇ ਲਿਖਣ ਦੀ ਮਨੋਬਿਰਤੀ ਨਹੀਂ ਹੈ। ਸਾਡੇ ਨਾਵਲਕਾਰਾਂ ’ਚ ਵਿਸ਼ੇ ਰਪੀਟ ਹੋ ਰਹੇ ਹਨ।
?(ਸਵਾਲ): ਮੈਂ ਤੁਹਾਡੀ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਨਹੀਂ ਹਾਂ। ਕਿਰਸਾਨੀ ਦਾ ਸਰੂਪ ਵੀ ਪਹਿਲਾਂ ਵਾਲਾ ਨਹੀਂ ਰਿਹਾ ਬਹੁਤ ਬਦਲ ਗਿਆ ਹੈ। ਨਾਵਲਕਾਰ ਇਸਨੂੰ ਵਿਸ਼ਾ-ਵਸਤੂ ਬਣਾ ਰਿਹਾ ਹੈ। ਮੱਧ ਵਰਗੀ ਸਮੱਸਿਆਵਾਂ ਵੀ ਹੁਣ ਉਹ ਨਹੀਂ ਰਹੀਆਂ ਅਸਲ ’ਚ ਇਹਨਾਂ ਦੇ ਸਰੂਪ ਬਦਲਣ ਕਰਕੇ ਇਹ ਘਸੇ-ਪਿਟੇ ਵਿਸ਼ੇ ਹਨ ਹੀ ਨਹੀਂ। ਨਵੇਂ ਨਾਵਲਕਾਰ ਇਹ ਸਮੱਸਿਆਵਾਂ ਨੂੰ ਆਪਣੇ ਨਾਵਲ ਦਾ ਵਿਸ਼ਾ ਬਣਾ ਰਹੇ ਹਨ। ਹਾਂ ਵਰਜਿਤ ਰਿਸ਼ਤਿਆਂ ਵਾਲੀ ਗੱਲ ਨਾਲ ਸਹਿਮਤ ਹੋਇਆ ਜਾ ਸਕਦਾ ਹੈ।
ਜਵਾਬ: ਯਾਰ ਜੇ ਤੂੰ ਕਹਿ ਰਿਹਾ ਏ ਤਾਂ ਮੰਨ ਲੈਂਦੇ ਹਾਂ, ਪਰ ਜੇਕਰ ਇਹਨਾਂ ’ਚ ਹੁਣ ਕੁਝ ਨਵਾਂ ਹੋ ਰਿਹਾ ਹੈ ਤੇ ਪੰਜਾਬੀ ਨਾਵਲ ’ਚ ਆ ਰਿਹਾ ਹੈ ਤਾਂ ਇਹ ਚੰਗੀ ਗੱਲ ਹੈ।
?(ਸਵਾਲ): ਕੀ ਸਾਹਿਤਕ ਸੰਸਥਾਵਾਂ ਲੇਖਕ ਦੇ ਵਿਕਾਸ ’ਚ ਕੋਈ ਭੂਮਿਕਾ ਨਿਭਾ ਸਕਦੀਆਂ ਹਨ?
ਜਵਾਬ: ਕਿਸੇ ਸਮੇਂ ਭੂਮਿਕਾ ਸੀ। ਪਰ ਗੁੱਟਬੰਦੀ ਦਾ ਸ਼ਿਕਾਰ ਹਨ।
?(ਸਵਾਲ): ਕੀ ਮਕਬੂਲੀਅਤ ਕਿਸੇ ਰਚਨਾ ਦੀ ਉੱਤਮਤਾ ਦਾ ਮਾਪਦੰਡ ਹੋ ਸਕਦੀ ਹੈ?
ਜਵਾਬ: ਨਹੀਂ, ਇਕੱਲੀ ਮਕਬੂਲੀਅਤ ਬਿਲਕੁਲ ਨਹੀਂ।
?(ਸਵਾਲ): ਕੁਝ ਸਾਹਿਤਕਾਰ ਕਹਿੰਦੇ ਹਨ ਲਿਖਣ ਦਾ ਮੂਲ ਮਨੋਰਥ ਮਨੋਰੰਜਨ ਹੈ, ਨਾਵਲ ਵਰਗੀ ਲਿਖਤ ਪਾਠਕ ਦਾ ਮਨੋਰੰਜਨ ਕਰੇ ਇਹ ਪਹਿਲੀ ਸ਼ਰਤ ਹੈ, ਬਾਕੀ ਬਾਅਦ ਦੀਆਂ ਬਾਤਾਂ ਹਨ। ਕੁਝ ਦਾ ਮੱਤ ਹੈ ਮਨੋਰੰਜਨ ਦਾ ਉੱਕਾ ਹੀ ਕੋਈ ਅਰਥ ਨਹੀਂ; ਆਪਣੀ ਰਚਨਾ ’ਚ ਦਿ੍ਰਸ਼ਟੀਕੋਣ ਦੇਣਾ ਚਾਹੀਦਾ ਹੈ? ਤੁਸੀਂ ਕਿਹੜੇ ਪਾਸੇ ਖੜੇ ਹੋ?
ਜਵਾਬ: ਦ੍ਰਿਸ਼ਟੀਕੋਣ ਵਾਲੇ ਮੱਤ ਨਾਲ ਤਾਂ ਮੈਂ ਸਹਿਮਤ ਹਾਂ ਹੀ, ਜਿਥੋ ਤੱਕ ਮਨੋਰੰਜਨ ਦੀ ਗੱਲ ਹੈ ਜੇਕਰ ਮਨੋਰੰਜਨ ਦਾ ਅਰਥ ਅਸ਼ਲੀਲਤਾ ਜਾਂ ਘਟੀਆ ਪੱਧਰ ਤੋਂ ਹੈ ਤਾਂ ਮੈਂ ਰੱਦ ਕਰਦਾ ਹਾਂ। ਜੇਕਰ ਮਨੋਰੰਜਨ ਤੋਂ ਭਾਵ ਰੌਚਕਤਾ ਤੋਂ ਹੈ ਤਾਂ ਮੈਂ ਸਹਿਮਤ ਹਾਂ।
?(ਸਵਾਲ): ਤੁਸੀਂ ਨਾਵਲ ਵੀ ਲਿਖੇ ਹਨ ਤੇ ਕਹਾਣੀਆਂ ਵੀ, ਇਸ ਲਈ ਇਹ ਦੱਸੋ ਕਿ ਕੁਝ ਲੋਕ ਨਾਵਲ ਨੂੰ ਕਹਾਣੀ ਲਿਖਣ ਨਾਲੋਂ ਸੌਖਾ ਮੰਨਦੇ ਹਨ? ਕੀ ਕਹੋਗੇ?
ਜਵਾਬ: ਜੇਕਰ ਕਿਸੇ ਨੇ ਨਾਵਲ ਸਹੀ ਢੰਗ ਨਾਲ ਲਿਖਣਾ ਹੈ ਤਾਂ ਔਖਾ ਹੈ।
?(ਸਵਾਲ): ਆਮ ਪਾਠਕ ਨਾਵਲ ਲਿਖਣੀ ਨੂੰ ਕਹਾਣੀ ਤੋਂ ਅਗਲੀ ਪੌੜੀ ਸਮਝਦਾ ਹੈ?
ਜਵਾਬ: ਮੈਂ ਇਸ ਮੱਤ ਨਾਲ ਸਹਿਮਤ ਹਾਂ ਨਾਵਲ ਕਹਾਣੀ ਤੋਂ ਅਗਲੀ ਪੌੜੀ ਹੀ ਹੈ।
?(ਸਵਾਲ): ਵਕਾਲਤ ਕਰਨ ’ਤੇ ਸਾਹਿਤਕਾਰੀ ਕਰਨ ’ਚ ਕਿੰਨਾ ਕੁ ਫਰਕ ਨਜ਼ਰ ਆਉਂਦਾ ਹੈ? ਵਕੀਲੀ ਤਾਂ ਤੁਹਾਡੀ ਸਾਹਿਤਕਾਰੀ ਲਈ ਵਰਦਾਨ ਸਿੱਧ ਹੋਈ ਹੈ ਨਾ?
ਜਵਾਬ: ਮੇਰੀ ਵਕੀਲੀ ਤੇ ਸਿਰਜਣਾ ਦਾ ਗੂੜਾ ਰਿਸ਼ਤਾ ਹੈ। ਇੱਕ ਲੇਖਕ ਲਈ ਵਕਾਲਤ ਤੋਂ ਵਧੀਆ ਕੋਈ ਕਿੱਤਾ ਹੋ ਹੀ ਨਹੀਂ ਸਕਦਾ। ਵਕੀਲ ਹਰ ਸਮੇਂ ਗਿਆਨ ਦੇ ਸਮੁੰਦਰ ਵਿੱਚ ਵਿਚਰਦਾ ਹੈ। ਕੇਸ ਤਿਆਰ ਕਰਦੇ ਸਮੇਂ ਉਸਦਾ ਹਰ ਵਰਗ, ਹਰ ਜਮਾਤ ਤੇ ਹਰ ਕਿੱਤੇ ਨਾਲ ਸਬੰਧਤ ਵਿਅਕਤੀਆਂ ਨਾਲ ਪੈਂਦਾ ਹੈ। ਮਜਬੂਰੀ ਵੱਸ ਸਾਇਲ ਨੂੰ ਵਾਪਰੀ ਘਟਨਾ ਦੀ ਜਾਣਕਾਰੀ ਵਕੀਲ ਨੂੰ ਬਾਰੀਕੀ ਨਾਲ ਦੇਣੀ ਪੈਂਦੀ ਹੈ। ਆਪਣੇ ਹਰ ਰਾਜ਼ ਤੋਂ ਪਰਦਾ ਚੁੱਕਣਾ ਪੈਂਦਾ ਹੈ। ਇਥੋਂ ਤੱਕ ਕਿ ਕਾਤਲ ਨੂੰ ਵੀ ਇਹ ਦੱਸਣਾ ਪੈਂਦਾ ਹੈ ਕਿ ਉਸਨੇ ਕਤਲ ਕੀਤਾ ਹੈ। ਤਿੱਖੀ ਬੁੱਧੀ ਵਾਲਾ ਵਕੀਲ ਸਮੱਸਿਆ ਪਿਛਲੇ ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਦੀ ਘੋਖ ਕਰਦਾ ਹੈ। ਸਰਕਾਰੀ ਵਕੀਲ ਹੋਣ ਦਾ ਇੱਕ ਹੋਰ ਫਾਇਦਾ ਹੈ। ਪ੍ਰਾਈਵੇਟ ਵਕੀਲ ਕੋਲ ਕੇਵਲ ਇੱਕ ਧਿਰ ਆਉਂਦੀ ਹੈ। ਇਸ ਲਈ ਉਹਨੂੰ ਸਮੱਸਿਆ ਦੇ ਇੱਕ ਪੱਖ ਬਾਰੇ ਸਮਝ ਪੈਂਦੀ ਹੈ ਪਰ ਸਰਕਾਰੀ ਵਕੀਲ ਕੋਲ ਦੋਵੇਂ ਧਿਰਾਂ ਆਉਂਦੀਆਂ ਹਨ (ਕਈ ਵਾਰ)। ਮੈਂ ਲੇਖਕ ਪਹਿਲਾਂ ਹਾਂ ਵਕੀਲ ਬਾਅਦ ਵਿੱਚ। ਇਸ ਲਈ ਮੇਰੇ ਵਰਗੇ ਪਾਰਖੂ ਨੂੰ ਸੱਚ ਤੱਕ ਪੁੱਜਣ ’ਚ ਦੇਰ ਨਹੀਂ ਲੱਗਦੀ। ਜੇ ਮੈਂ ਸਰਕਾਰੀ ਵਕੀਲ ਨਾ ਹੁੰਦਾ ਤਾਂ ਸ਼ਾਇਦ ਮਨੁੱਖੀ ਵੇਦਨਾ ਨੂੰ ਇੰਨੀ ਗਹਿਰਾਈ ਨਾਲ ਨਾ ਸਮਝ ਸਕਦਾ।
?(ਸਵਾਲ): ਪੰਜਾਬੀ ’ਚ ਵੱਡ-ਅਕਾਰੀ ਨਾਵਲ ਦੀ ਘਾਟ ਕਿਉਂ ਰਹੀ ਹੈ? ਕੋਈ ਵੱਡ-ਅਕਾਰੀ ਨਾਵਲ ਲਿਖਣ ਬਾਰੇ ਸੋਚਿਆ?
ਜਵਾਬ: ਪੰਜਾਬੀ ’ਚ ਘਾਟ ਕਿਉਂ ਰਹੀ ਹੈ ਮੈਂ ਕਹਿ ਨਹੀਂ ਸਕਦਾ ਪਰ ਹਾਂ ਮੈਂ ਅਕਾਰ ਦੇਖ ਕੇ ਨਹੀਂ ਲਿਖਦਾ।
?(ਸਵਾਲ): ਆਪਣੇ ਪਸੰਦੀਦਾ ਪੰਜਾਬੀ ਤੇ ਪੰਜਾਬੀ ਤੋਂ ਬਾਹਰਲੇ ਲੇਖਕਾਂ ਜਾਂ ਰਚਨਾਵਾਂ ਦੇ ਨਾਂ ਗਿਣਾਉਗੇ?
ਜਵਾਬ: ਕੰਮ ਭਾਵੇਂ ਔਖਾ ਹੈ ਪਰ ਗਿਣਾ ਦਿੰਦਾ ਹਾਂ। ਗੁਰਦਿਆਲ ਸਿੰਘ ਦਾ ‘ਮੜੀ ਦਾ ਦੀਵਾ’ ਦਲੀਪ ਕੌਰ ਟਿਵਾਣਾ ਦਾ ‘ਏਹ ਹਮਾਰਾ ਜੀਵਣਾ’ ਗੋਰਕੀ ਦਾ ‘ਤਿੰਨ ਜਣੇ’ ‘ਬੁੱਢਾ ਤੇ ਸਮੁੰਦਰ’ ਟਾਲਸਟਾਏ ਦਾ ‘ਮੋਇਆ ਦੀ ਜਾਗ’ ਬਾਕੀ ਜੇਲ ਜੀਵਨ ਬਾਰੇ ਸਬੰਧਤ ਕਿਤਾਬਾਂ ਤੈਨੂੰ ਪਹਿਲਾਂ ਹੀ ਇੱਕ ਸਵਾਲ ਦੇ ਜਵਾਬ ’ਚ ਦੱਸ ਚੁੱਕਾ ਹਾਂ।
?(ਸਵਾਲ): ਆਪਣੇ ਪਸੰਦੀਦਾ ਆਲੋਚਕਾਂ ਦੇ ਨਾਂ ਗਿਣਾਉਗੇ?
ਜਵਾਬ: ਯਾਰ ਕਿਉਂ ਮੇਰੇ ਗਲ ਆਲੋਚਕਾਂ ਨੂੰ ਪਾਉਣ ਲੱਗਿਆ ਏਂ; ਫੇਰ ਵੀ ਮੈਂ ਮੰਨਦਾ ਹਾਂ ਕਿ ਆਲੋਚਕ ਸਾਰੇ ਹੀ ਠੀਕ ਹਨ। ਟੀ.ਆਰ.ਵਿਨੋਦ ਤੇ ਪ੍ਰੀਤਮ ਸਿੰਘ ਰਾਹੀ ਦਾ ਨਾਂ ਲੈ ਲੈਂਦਾ ਹਾਂ।
?(ਸਵਾਲ): ਨਾਵਲ ਦਾ ਨਾਂ ‘ਸੁਧਾਰ ਘਰ’ ਵਿਅੰਗ ਵਜੋਂ ਰੱਖਿਆ ਹੈ?
ਜਵਾਬ: ਹਾਂ।
?(ਸਵਾਲ): ਹਰ ਰੋਜ਼ ਦਾ ਨਿੱਤਨੇਮ ਕੀ ਹੈ?
ਜਵਾਬ: ਕੋਈ ਖਾਸ ਨਹੀਂ; ਸਵੇਰੇ ਪੰਜ ਵਜੇ ਉੱਠਦਾ ਹਾਂ, ਸੈਰ ਕਰਦਾ ਹਾਂ, ਫੇਰ ਯੋਗਾ ਜਾਂ ਕੋਈ ਹੋਰ ਵਰਜ਼ਿਸ ਕਰਦਾ ਹਾਂ। ਚਾਹ ਪੀਂਦਾ ਹਾਂ, ਰਾਤ ਨੂੰ ਘੁੱਟ ਲਾ ਵੀ ਲਈਦੀ ਹੈ।
?(ਸਵਾਲ): ਪਰਿਵਾਰ ਬਾਰੇ ਦੱਸੋ?
ਜਵਾਬ: ਮੈਂ ਹਾਂ, ਮੇਰੀ ਪਤਨੀ ਰਾਜਰਾਣੀ, ਮੇਰਾ ਬੇਟਾ ਤੇ ਬੇਟੀ ਹੈ। ਬੇਟੀ ਵਿਆਹੀ ਹੈ। ਅਸੀਂ ਸਾਰੇ ਹੀ ਨੈਸ਼ਨਲ ਸਕਾਲਰਸ਼ਿਪ ਹਾਂ।
?(ਸਵਾਲ): ਪਰਿਵਾਰ, ਕਿੱਤਾ ਤੇ ਸਿਰਜਣਾ ’ਚੋਂ ਸਭ ਤੋਂ ਪਹਿਲਾਂ ਤਰਜੀਹ ਕਿਸਨੂੰ ਦਿੰਦੇ ਹੋ?
ਜਵਾਬ: ਮੇਰੇ ਲਈ ਪਹਿਲਾਂ ਪਰਿਵਾਰ ਹੈ ਫੇਰ ਕਿੱਤਾ ਹੈ ਤੇ ਅਖੀਰ ’ਚ ਸਿਰਜਣਾ ਹੈ।
?(ਸਵਾਲ): ਆਪਣੇ ਸਮਕਾਲੀਆਂ ਦਾ ਹੁੰਗਾਰਾ ਕਿੱਦਾਂ ਦਾ ਮਿਲਿਆ?
ਜਵਾਬ: ਘੱਟ ਮਿਲਿਆ ਹੈ, ਤੂੰ ਆਪ ਹੀ ਅੰਦਾਜ਼ਾ ਲਾ ਲੈ ਕਿ ‘ਸੁਧਾਰ ਘਰ’ ਨੂੰ ਭਾਸ਼ਾ ਵਿਭਾਗ ਦੇ ‘ਨਾਨਕ ਸਿੰਘ ਪੁਰਸਕਾਰ’ ਲਈ ਦਲੀਪ ਕੌਰ ਟਿਵਾਣਾ ਤੇ ਉਮ ਪ੍ਰਕਾਸ ਗਾਸੋ ਨੇ ਕੁਆਲੀਫਾਈਡ ਨੰਬਰ ਵੀ ਨਹੀਂ ਦਿੱਤੇ। ਸਿਰਫ ਨਰਿੰਜਨ ਤਸਨੀਮ ਨੇ ਖੁੱਲ-ਦਿਲੀ ਦਿਖਾਈ ਹੈ। ਹੁਣ ਇਹੀ ਨਾਵਲ ਸਾਹਿਤ ਅਕਾਦਮੀ ਪੁਰਸਕਾਰ ਲੈ ਗਿਆ ਹੈ।
?(ਸਵਾਲ): ਵਕੀਲਾਂ ਵਿੱਚ ਸੌ ਤਰ੍ਹਾਂ ਦੇ ਗੁਣ-ਔਗੁਣ ਹੁੰਦੇ ਹਨ। ਉਹ ਰਿਸ਼ਵਤ ਲੈਂਦੇ ਹਨ। ਹੋਰ ਵਧੇਰੇ ਪੁੱਠ-ਸਿੱਧੇ ਕੰਮ ਕਰਦੇ ਹਨ। ਕੀ ਤੁਸੀਂ ਵੀ ਇਸ ਤਰ੍ਹਾਂ ਦੇ ਹੋ?
ਜਵਾਬ: ਵਕੀਲਾਂ ਵਾਲੇ ਜਿਸ ਸਿਸਟਮ ’ਚ ਅਸੀਂ ਰਹਿ ਰਹੇ ਹਾਂ। ਰਹਿਣਾ ਹੀ ਪੈਂਦਾ ਹੈ। ਜਦੋਂ ਸਿਸਟਮ ਹੀ ਕੁਰੱਪਟ ਹੈ। ਫਿਰ ਅਸੀਂ ਕਿਵੇਂ ਬਚ ਸਕਦੇ ਹਾਂ। ਹਾਂ ਪਰ ਮੈਂ ਪੂਰੀ ਤਰਾਂ ਖੁੱਭਿਆ ਨਹੀਂ ਹੋਇਆ।
?(ਸਵਾਲ): ਇੱਕ ਨਾਵਲਕਾਰ ਕਹਿੰਦਾ ਹੈ ਕਿ ਪੰਜਾਬੀ ਨਾਵਲ ’ਚ ਸਮਾਜਿਕ ਚਿਤਰਨ ਤਾਂ ਹੈ ਪਰ ਨਾਵਲੀਅਤਾ ਨਹੀਂ ਹੈ। ਕੀ ਕਹੋਗੇ?
ਜਵਾਬ: ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ। ਸਿਰਫ ਏਨਾ ਕਹਾਂਗਾ ਕਿ ਆਪਣੀ ਗੱਲ ਕਿਸੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਹਿਣਾ ਕਲਾ ਹੈ।
?(ਸਵਾਲ): ਇੱਕ ਨਾਵਲਕਾਰ ਕਹਿੰਦਾ ਹੈ ਕਿ ਮੇਰੇ ਨਾਵਲਾਂ ਨੂੰ ਸਧਾਰਨ ਪਾਠਕ ਪੜ ਹੀ ਨਹੀਂ ਸਕਦਾ?
ਜਵਾਬ: ਜਦੋਂ ਕਿਸੇ ਦੇ ਗੱਲ ਸਮਝ ਹੀ ਨਾ ਆਉਂਦੀ ਹੋਵੇ ਤਾਂ ਲਿਖਣ ਦਾ ਕੀ ਫਾਇਦਾ। ਮੇਰਾ ਉਦੇਸ਼ ਇਹੀ ਹੁੰਦਾ ਹੈ ਕਿ ਮੇਰੇ ਨਾਵਲ ਸਧਾਰਨ ਤੋਂ ਸਧਾਰਨ ਤੇ ਗਿਆਨੀ ਤੋਂ ਗਿਆਨੀ ਨੂੰ ਵੀ ਸਮਝ ਆਉਣ। ਕਵਿਤਾ ਆਮ ਪਾਠਕ ਤੋਂ ਦੂਰ ਚਲੀ ਗਈ, ਕੀ ਸਿੱਟਾ ਨਿਕਲਿਆ। ਮੈਨੂੰ ਅੱਜ ਦੀ ਕਵਿਤਾ ਸਮਝ ਨਹੀਂ ਆਉਂਦੀ।
?(ਸਵਾਲ): ਕਦੇ ਗਿਆਨਪੀਠ ਦਾ ਖੁਆਬ ਵੇਖਿਆ?
ਜਵਾਬ: ਓ ਨਾਂਹ ਯਾਰ ਨਾ, ਏਨੇ ਜੋਗਾ ਕਿੱਥੇ।
?(ਸਵਾਲ): ਕਦੇ ਸਾਹਿਤ ਅਕਾਦਮੀ ਦੇ ਇਨਾਮ ਦਾ ਖੁਆਬ ਵੇਖਿਆ ਸੀ?
ਜਵਾਬ: ਹਾਂ, ਏਨੇ ਜੋਗਾ ਤਾਂ ਮੈਂ ਸੀ।(ਹੱਸ ਕੇ)
?(ਸਵਾਲ): ਇਹ ਇਨਾਮ ਲੈਣ ਲਈ ਕੀ ਜੁਗਾੜ ਕੀਤਾ?
ਜਵਾਬ: ਕਮਾਲ ਏ ਯਾਰ! ਤੈਨੂੰ ਵੀ ਇਹ ਜੁਗਾੜ ਲੱਗ ਰਿਹਾ ਹੈ? ਭਰਾਵਾ ਮੈਨੂੰ ਕੀਹਨੇ ਪੁੱਛਣਾ ਸੀ ਮੇਰਾ ਤਾਂ ‘ਰੱਬ ਸਬੱਬੀ’ ਕੰਮ ਬਣ ਗਿਆ। ਨਾਟਕਕਾਰ ਆਤਮਜੀਤ, ਪ੍ਰਮਿੰਦਰਜੀਤ ਤੇ ਮਨਮੋਹਨ ਬਾਵਾ ਵੀ ਇਸ ਦੌੜ ’ਚ ਸਨ। ਆਤਮਜੀਤ ਨੂੰ ਇਸ ਲਈ ਨਹੀਂ ਮਿਲ ਸਕਿਆ ਉਸਦੇ ਨਾਟਕ ਕਿਸੇ ਹੋਰ ਦੀਆਂ ਕਹਾਣੀਆਂ ਤੇ ਆਧਾਰਤ ਸਨ। ਮਨਮੋਹਨ ਬਾਵਾ ਇਸ ਲਈ ਬਾਹਰ ਹੋ ਗਿਆ ਕਿ ਉਸ ਉੱਤੇ ਇਤਿਹਾਸ ਨੂੰ ਤੋੜਨ-ਮਰੋੜਨ ਦਾ ਦੋਸ਼ ਲੱਗ ਗਿਆ। ਪ੍ਰਮਿੰਦਰਜੀਤ ਪਤਾ ਨਹੀਂ ਇਸ ਲਈ ਰਹਿ ਗਿਆ ਕਿ ਚੋਣਕਾਰ ਕਮੇਟੀ ਨੂੰ ਉਹ ਪਸੰਦ ਨਹੀਂ ਸੀ ਜਾਂ ਉਹਦੀ ਕਿਤਾਬ ਮਿਆਦ ਤੋਂ ਛੇ ਮਹੀਨੇ ਪੁਰਾਣੀ ਹੋ ਗਈ ਸੀ ਤੇ ਰਹਿ ਗਿਆ ਇਕੱਲਾ ਮੈਂ ਮੁਕਾਬਲੇ ’ਚ ਤੇ ਖੜਾ ਹੀ ਜਿੱਤ ਗਿਆ।
?(ਸਵਾਲ): ਕੀ ਲੇਖਕ ਪੂਰਾ-ਸੂਰਾ ਆਪਣੀ ਰਚਨਾ ਵਰਗਾ ਹੋ ਸਕਦਾ ਹੈ? ਤੁਸੀਂ ਕਿੰਨੇ ਫੀਸਦੀ ਹੋ?
ਜਵਾਬ: ਲੇਖਕ ਆਪਣੀ ਰਚਨਾ ਵਰਗਾ ਪੂਰ-ਸੂਰਾ ਨਹੀਂ ਹੋ ਸਕਦਾ। ਮੈਂ ਵੀ ਆਪਣੀ ਰਚਨਾ ਵਰਗਾ ਦਸ ਫ਼ੀਸਦੀ ਹੀ ਹਾਂ। ਅਸੀਂ ਸਭ ਇਸ ਸਿਸਟਮ ਦੇ ਬੰਨੇ ਹੋਏ ਹਾਂ। ਮੈਂ ਜੋ ਆਪਣੇ ਨਾਵਲਾਂ ’ਚ ਯਥਾਰਥ ਪੇਸ਼ ਕੀਤਾ ਹੈ। ਅਸਲ ਯਥਾਰਥ ਉਸ ਤੋਂ ਵੀ ਕਰੂਰ ਹੈ। ਮੈਂ ਕੇਵਲ ਉਹ ਸੱਚ ਪੇਸ਼ ਕੀਤਾ ਹੈ ਜੋ ਆਮ ਨਜ਼ਰ ਆਉਂਦਾ ਹੈ। ਲੱਖ ਯਤਨਾਂ ਦੇ ਬਾਵਜੂਦ ਕਥਨੀ ਤੇ ਕਰਨੀ ’ਚ ਫਰਕ ਰਹਿ ਜਾਂਦਾ ਹੈ। ਇੱਕ ਸਰਕਾਰੀ ਵਕੀਲ (ਕਰਮਚਾਰੀ) ਹਾਂ ਤੇ ਬੰਦਸ਼ਾ ’ਚ ਬੱਝਿਆ ਹੋਇਆ ਹਾਂ। ਸਬ ਕੁਝ ਮਰਜ਼ੀ ਨਾਲ ਨਹੀਂ ਕਰ ਸਕਦਾ। ਵਰਤਾਰਾ ਏਨਾ ਪੇਚੀਦਾ ਹੈ ਕਿ ਰੋਟੀ-ਰੋਜ਼ੀ ਕਮਾਉਣ ਲਈ ਇੱਕ ਆਜ਼ਾਦ ਵਕੀਲ ਵੀ ਸੱਚ ਦਾ ਪੱਲਾ ਫੜ ਕੇ ਆਪਣੇ ਫਰਜ਼ ਨਹੀਂ ਨਿਭਾ ਸਕਦਾ। ਜੇ ਉਹ ਇੰਜ ਕਰੇਗਾ ਤਾਂ ਭੁੱਖਾ ਮਰੇਗਾ। ਫਿਰ ਵੀ ਮੈਂ ਬਹੁਤਿਆਂ ਨਾਲੋਂ ਵਿੱਥ ਬਣਾਈ ਹੋਈ ਹੈ ਤੇ ਆਦਰਸ਼ਾ ’ਤੇ ਚੱਲਣ ਦਾ ਯਤਨ ਕਰ ਰਿਹਾ ਹਾਂ, ਭਾਵੇਂ ਕਦੇ-ਕਦੇ ਨਤੀਜੇ ਵੀ ਭੁਗਤਣੇ ਪੈਂਦੇ ਹਨ।
?(ਸਵਾਲ): ਲਿਖਣ ਵੇਲੇ ਕਿਹੋ ਜਿਹਾ ਮਾਹੌਲ ਭਾਲਦੇ ਹੋ?
ਜਵਾਬ: ਕੋਈ ਖਾਸ ਨਹੀਂ।
?(ਸਵਾਲ): ਛਪਣ ਤੋਂ ਪਹਿਲਾਂ ਖਰੜਾ ਕਿਸਨੂੰ ਦਿਖਾਉਂਦੇ ਹੋ?
ਜਵਾਬ: ਕੁਝ ਕੁ ਬੰਦੇ ਕਾਮਰੇਡ ਸੁਰਜੀਤ ਗਿੱਲ, ਸੂਫੀ ਅਮਰਜੀਤ।
?(ਸਵਾਲ): ਤੁਹਾਡੀ ਸਮੁੱਚੀ ਰਚਨਾ ਵਿੱਚ ਯੋਗਨਾ ਤੇ ਸਹਿਜ ਪ੍ਰਗਟਾਵੇ ਦਾ ਕੀ ਰਿਸ਼ਤਾ ਹੈ?
ਜਵਾਬ: ਕਰੀਬ 20-21 ਸਾਲ ਤੋਂ ਫੌਜਦਾਰੀ ਨਿਆਂ-ਪ੍ਰਬੰਧ ਬਾਰੇ ਲਿਖ ਰਿਹਾ ਹਾਂ। ਮੈਂ ਪੋ੍ਰਜੈਕਟ ਬਣਾ ਕੇ ਤੇ ਯੋਜਨਾ ਤਹਿਤ ਲਿਖਦਾ ਹਾਂ। ਮੈਂ ਉਨਾਂ ਦੀ ਗੱਲ ਨਾਲ ਸਹਿਮਤ ਨਹੀਂ ਜੋ ਕਹਿੰਦੇ ਹਨ ਕਿ ਸਾਡੀ ਕਹਾਣੀ ਤਾਂ ਆਪੇ ਮੌੜ ਕੱਟ ਜਾਂਦੀ ਹੈ। ਮੇਰਾ ਹਰ ਪਾਤਰ ਤੇ ਨਾਵਲਾਂ ਵਿੱਚ ਘਟਦੀ ਘਟਨਾ, ਹਰ ਘਟਨਾ ਇੱਕ ਨਿਸ਼ਚਿਤ ਉਦੇਸ਼ ਨੂੰ ਸਪੱਸ਼ਟ ਕਰਦੀ ਹੈ। ਰਚਨਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਵਾਰ ਸੋਧਦਾ ਹਾਂ। ‘ਸੁਧਾਰ ਘਰ’ ਨੂੰ ਅੰਤਮ ਰੂਪ ਦੇਣ ਲਈ ਮੈਂ ਦੋ ਹਜ਼ਾਰ ਪੰਨਿਆਂ ਦਾ ਰਫ ਕੰਮ ਕੀਤਾ। ਇਸ ਤਰਾਂ ਸਹਿਜ ਪ੍ਰਗਟਾਵੇ ਲਈ ਅਨੁਭਵ ਤੇ ਅਧਿਐਨ ਨਾਲ ਕਰੜੀ ਮਿਹਨਤ ਦੀ ਲੋੜ ਵੀ ਪੈਂਦੀ ਹੈ।
?(ਸਵਾਲ): ਤੁਹਾਡੇ ਨਾਵਲਾਂ ’ਚ ਕੀ ਵੱਖਰਾਪਣ ਹੈ?
ਜਵਾਬ: ਮੈਂ ਪੁਲਿਸ, ਜੇਲ ਤੇ ਨਿਆਂ-ਪ੍ਰਬੰਧ ਵਰਗੇ ਵਿਸ਼ੇ ਨੂੰ ਛੋਹਿਆ ਹੈ। ਇਹ ਕੰਮ ਜੋ ਮੈਂ ਕੀਤਾ ਹੈ ਹੋਰ ਕਿਸੇ ਭਾਰਤੀ ਭਾਸ਼ਾ ’ਚ ਨਹੀਂ ਹੈ। ਅੱਜ ਤੱਕ ਸਮਝਿਆ ਜਾਂਦਾ ਸੀ ਕਿ ਨਾਵਲ ਨੂੰ ਰੁਮਾਂਸ ਦੀ ਪੁੱਠ ਤੋਂ ਬਿਨਾਂ ਲੋਕਾਂ ਨੂੰ ਪੜਾਇਆ ਨਹੀਂ ਜਾ ਸਕਦਾ। ਨਾਇਕ ਤੋਂ ਖਲਨਾਇਕ ਹੋਣਾ ਜ਼ਰੂਰੀ ਹੈ। ਮੈਂ ਚਾਰੇ ਨਾਲਵਾਂ ’ਚ ਰੁਮਾਂਸ ਨੂੰ ਤਿਲਾਂਜਲੀ ਦੇ ਕੇ ਰੱਖੀ ਹੈ। ਮੇਰੇ ਬਿਰਤਾਂਤ ਕਿਸੇ ਇਕ ਨਾਇਕ ਜਾਂ ਖਲਨਾਇਕ ਦੁਆਲੇ ਨਹੀਂ ਉਸਰੇ ਹੋਏ। ਮੈਂ ਪਾਤਰਾਂ ਨੂੰ ਸਮੂਹਿਕ ਰੂਪ ’ਚ ਪੇਸ਼ ਕਰਕੇ ਵਿਚਰਦਾ ਹਾਂ। ਹਰ ਵਿਅਕਤੀ ਚੰਗਾ ਜਾਂ ਮਾੜਾ ਨਹੀਂ ਹੁੰਦਾ। ਮੇਰੇ ਵਿਚਾਰਾਂ ’ਚ ਭੈੜੇ ਵਿਚਾਰ ਲਈ ਇਕ ਵਿਅਕਤੀ ਉਨਾਂ ਕਸੂਰਵਾਰ ਨਹੀਂ ਜਿਨ੍ਹਾਂ ਕਿ ਪ੍ਰਬੰਧ ਹੈ।
?(ਸਵਾਲ) ਨਵੇਂ ਲੇਖਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
ਜਵਾਬ: ਸੁਨੇਹਾ ਦੇਣ ਜੋਗੇ ਹੋਏ ਹੀ ਨਹੀਂ।
(ਮਿੱਤਰ ਸੈਨ ਮੀਤ ਨਾਲ ਰਾਬਤਾ ਕਰਨ ਲਈ ਸੰਪਰਕ : 98556 31777 )
jeet s parminder
nyc 1