?- ਔਰਤਾਂ ਵਾਂਗ ਜਨਮ ਮਿਤੀ ਦੱਸਣ ਤੋਂ ਕਿਉਂ ਝਿਜਕਦੇ ਹੋ?
-- ਇਸ ਵਿਚ ਝਿਜਕ ਵਾਲੀ ਤਾਂ ਕੋਈ ਗੱਲ ਨਹੀਂ ਪਰ ਮੇਰਾ ਜਨਮ 03 ਮਈ, 1953 ਨੂੰ ਹੋਇਆ।
?- ਕਿੰਨੀ ਕੁ ਵਿਦਿਆ, ਕਿੱਥੋਂ ਕਿੱਥੋਂ ਹਾਸਲ ਕੀਤੀ?
-- ਸਾਡੇ ਸਮਿਆਂ ਵਿਚ ਡੇਹਲੋਂ ਪਿੰਡ ਵਿਚ ਮਿਡਲ ਸਕੂਲ ਹੀ ਸੀ। ਮਿਡਲ ਤੱਕ ਵਿਦਿਆ ਪਿੰਡ ਦੇ ਸਕੂਲ ਵਿਚ ਲੈਣ ਤੋਂ ਬਾਅਦ ਮੈਂ ਦਸਵੀਂ ਮੰਡੀ ਬਹਾਦਰ ਗੜ੍ਹ ਦੇ ਖਾਲਸਾ ਸਕੂਲ ਤੋਂ ਕੀਤੀ। ਉਸ ਤੋਂ ਬਾਅਦ ਚਾਰ ਸਾਲ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਚ ਗੁਜ਼ਾਰੇ ਤੇ ਉਥੋਂ ਗਰੈਜੂਏਸ਼ਨ ਕੀਤੀ। ਉਥੇ ਭੰਗੜਾ ਪਾਉਣ ਦੇ ਨਾਲ ਨਾਲ ਮੇਰੇ ਅੰਦਰ ਮਘਦੀ ਸਾਹਿਤਕ ਚਿੰਗਾੜੀ ਨੂੰ ਹਵਾ ਮਿਲੀ। ਗੌਰਮਿੰਟ ਕਾਲਜ ਲੁਧਿਆਣਾ ਵਿਚ ਮੈਂ ਜਿਵੇਂ ਕਿ ਤੁਸੀਂ ਜਾਣਦੇ ਹੋ, ਅੰਗ੍ਰੇਜ਼ੀ ਐਮ.ਏ. ਦਾ ਵਿਦਿਆਰਥੀ ਬਣ ਕੇ ਪੋਸਟਗਰੈਜੂਏਟ ਕੀਤੀ। ਇਥੇ ਸ਼ਮਸ਼ੇਰ ਸੰਧੂ ਅਤੇ ਗੁਰਭਜਨ ਗਿੱਲ, ਜੋ ਪੰਜਾਬੀ ਡਿਪਾਰਟਮਿੰਟ ਵਿਚ ਸਨ, ਦੇ ਸਾਥ ਨੇ ਮੇਰੇ ਸਾਹਿਤਕ ਸਫਰ ਵਿਚ ਸਾਰਥਿਕ ਯੋਗਦਾਨ ਪਾਇਆ। ਉਸ ਤੋਂ ਬਾਅਦ ਕੈਨੇਡਾ ਆਉਣ ਤੋਂ ਪਹਿਲਾਂ ਮੈਂ ਨਾਗਪੁਰ ਯੂਨੀਵਰਸਿਟੀ ਤੋਂ ਇਕ ਸਾਲ ਉਥੇ ਰਹਿ ਕੇ ਡੀ.ਪੀ.ਐਡ. ਕੀਤੀ। ਕੈਨੇਡਾ ਆ ਕੇ ਮੈਂ ਪੜ੍ਹਾਈ ਕਰਦਾ ਰਿਹਾ ਪਰ ਇਸ ਵਿਦਿਆ ਦਾ ਸਬੰਧ ਮੇਰੀ ਨੌਕਰੀ ਨਾਲ ਸੀ। ਆਪਣੀ ਨੌਕਰੀ ਨੂੰ ਉ¥ਤਮ ਬਣਾਉਣ ਲਈ ਐਥੇ ਜਾਬ ਕਰਦੇ ਹੀ ਅਸੀਂ ਕਈ ਕੋਰਸ ਕਰ ਜਾਂਦੇ ਹਾਂ, ਜਿਸ ਨਾਲ ਤੁਹਾਡਾ ਰੁਤਬਾ ਜਾਂ ਰੈਂਕ ਉ¥ਚਾ ਹੁੰਦਾ ਜਾਂਦਾ ਹੈ।
?- ਕਵਿਤਾ ਲਿਖਣ ਦਾ ਸ਼ੌਕ ਕਦੋਂ ਜਾਗਿਆ?
-- ਜਿਸ ਤਰ੍ਹਾਂ ਮੈਂ ਆਪਣੀ ਨਵੀਂ ਕਿਤਾਬ 'ਮੋਖਸ਼' ਵਿਚ 'ਮੈਂ ਤੇ ਕਵਿਤਾ' ਵਿਚ ਜ਼ਿਕਰ ਕੀਤਾ ਹੈ ਕਿ 'ਕਵਿਤਾ ਜਨਮੀਂ ਮੇਰੇ ਸੰਗ', ਮੈਨੂੰ ਆਪ ਨੂੰ ਵੀ ਚੰਗੀ ਤਰ੍ਹਾਂ ਯਾਦ ਨਹੀਂ ਕਿ ਮੈਂ ਕਦੋਂ ਤੋਂ ਲਿਖਦਾ ਹਾਂ। ਹਾਂ! ਸੁਰਤ ਵਿਚ ਆ ਕੇ ਮੈਨੂੰ ਪਤਾ ਹੈ ਕਿ ਮੈਂ ਸਕੂਲ ਵਿਚ ਵੀ ਗੀਤ ਵਗੈਰਾ ਜੋੜ ਲੈਂਦਾ ਸੀ। ਕਾਲਜ ਵਿਚ ਆ ਕੇ ਕਵਿਤਾ ਮੁਕਾਬਲਿਆਂ ਵਿਚ ਮੈਂ ਹਮੇਸ਼ਾ ਆਪਣੀਆਂ ਲਿਖੀਆਂ ਰਚਨਾਵਾਂ ਹੀ ਬੋਲੀਆਂ। ਕਾਲਜ ਦੇ ਸਮੇਂ ਦੌਰਾਨ ਮੈਂ ਅਖਬਾਰਾਂ ਰਸਾਲਿਆਂ ਵਿਚ ਵੀ ਛਪਣਾ ਸ਼ੁਰੂ ਕਰ ਦਿੱਤਾ ਸੀ। ਬਾਕੀ ਕਾਲਜ ਦੇ ਮੈਗਜ਼ੀਨ ਦਾ ਐਡੀਟਰ ਬਣ ਕੇ ਬੜਾ ਕੁਝ ਸੰਪਾਦਕੀ ਦੇ ਅਨੁਭਵ ਬਾਰੇ ਵੀ ਸਿਖਿਆ। ਪੁਸਤਕ ਰੂਪ ਵਿਚ ਮੇਰੀ ਪਹਿਲੀ 'ਗਿਰਝਾਂ ਦੀ ਹੜਤਾਲ', ਜਿਸ ਵਿਚ ਇਸੇ ਨਾਂ ਦਾ ਇਕ ਕਾਵਿ ਨਾਟਕ ਹੈ, ਕੈਨੇਡਾ ਵਿਚ ਰਹਿੰਦਿਆਂ 1995 ਵਿਚ ਛਪੀ ਤੇ ਉਸ ਤੋਂ ਬਾਅਦ ਲੜੀਵਾਰ ਸਿਲਸਿਲਾ ਸ਼ੁਰੂ ਹੋ ਗਿਆ। ਕਵਿਤਾ ਸ਼ੌਕ ਦੇ ਤੌਰ 'ਤੇ ਲਿਖਣੀ ਸ਼ੁਰੂ ਕੀਤੀ ਸੀ, ਹੁਣ ਮੇਰੇ ਲਹੂ ਵਿਚ ਵਿਚਰ ਰਹੀ ਹੈ। ਹੁਣ ਤਾਂ ਚਾਰ ਦਿਨ ਭੋਜਨ ਤੋਂ ਬਿਨਾਂ ਰਹਿ ਸਕਦਾ ਹਾਂ ਪਰ ਚੰਗੇ ਸਾਹਿਤ ਬਿਨਾਂ ਨਹੀਂ।
?- ਕਿਸ ਕਾਲਜ ਵਿਚ ਮੈਗਜ਼ੀਨ ਦੇ ਐਡੀਟਰ ਸੀ ਅਤੇ ਕਿਹੜੇ ਸੈਕਸ਼ਨ ਦੇ?
-- ਮੈਂ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸੰਨ 70-72 ਵਿਖੇ ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਸਹਾਇਕ ਸੰਪਾਦਕ ਅਤੇ ਸੰਨ 72-73 ਵਿਚ ਸੰਪਾਦਕ ਰਿਹਾ ਹਾਂ।
?- ਕੈਨੇਡਾ ਆਉਣਾ ਕਿਵੇਂ ਹੋਇਆ?
-- ਜਦ ਮੈਂ ਨਾਗਪੁਰ ਡੀ.ਪੀ.ਐਡ. ਕਰ ਰਿਹਾ ਸੀ ਤਾਂ ਉਸ ਵਕਤ ਮੇਰੇ ਕੈਨੇਡਾ ਵਿਚ ਰਿਸ਼ਤੇ ਬਾਰੇ ਗੱਲ ਚੱਲੀ। ਮੇਰੀ ਪਤਨੀ ਮਨਜੀਤ ਕੌਰ ਨੇ ਤੇ ਮੈਂ ਇਕ ਦੂਜੇ ਨੂੰ ਦੇਖਿਆ ਹੋਇਆ ਸੀ। ਇਸ ਕਰਕੇ 'ਹਾਂ' ਕਰਨ ਵਿਚ ਦੇਰ ਨਾ ਲੱਗੀ। ਫਿਰ ਉਨ੍ਹਾਂ ਨੇ 1977 ਵਿਚ ਵਿਆਹ ਲਈ ਮੇਰੀ ਸਪਾਂਸਰਸ਼ਿਪ ਭੇਜ ਦਿੱਤੀ। ਉਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਹੀ ਕਰਦੇ ਸਨ। ਸਪਾਂਸਰਸ਼ਿਪ ਨਾਲ ਮੁੰਡਾ/ਕੁੜੀ ਐਧਰ (ਕੈਨੇਡਾ) ਆ ਜਾਂਦੇ ਸਨ। ਇਥੇ ਵਿਆਹ ਕਰਵਾ ਕੇ ਵਿਆਹ ਦਾ ਸਰਟੀਫੀਕੇਟ ਇੰਮੀਗਰੇਸ਼ਨ ਵਾਲਿਆਂ ਦੇ ਦਫਤਰ ਦਿਖਾਇਆ ਜਾਂਦਾ ਸੀ ਤੇ ਉਹ ਪਾਸਪੋਰਟ 'ਤੇ ਇੰਮੀਗਰੈਂਟ ਦੀ ਸਟੈਂਪ ਲਾ ਦਿੰਦੇ ਸਨ। ਇਹੋ ਮੇਰੇ ਨਾਲ ਹੋਇਆ। ਕੈਨੇਡਾ ਪਹੁੰਚ ਕੇ ਮੇਰਾ ਵਿਆਹ ਵਿਲੀਅਮ ਲੇਕ ਦੇ ਗੁਰਦਵਾਰਾ ਸਾਹਿਬ ਵਿਖੇ ਹੋਇਆ ਕਿਉਂਕਿ ਮੇਰਾ ਸਹੁਰਾ ਪ੍ਰੀਵਾਰ ਉਸ ਸ਼ਹਿਰ ਵਿਚ ਰਹਿੰਦਾ ਸੀ। ਮੈਂ ਦਸੰਬਰ 1977 ਵਿਚ ਵਿਆਹ ਦੇ ਬੇਸ 'ਤੇ ਕੈਨੇਡਾ ਆ ਕੇ ਇਸ ਦੇਸ਼ ਦਾ ਵਾਸੀ ਬਣ ਗਿਆ।
?- ਕਿੰਨਾ ਕੁ ਸੰਘਰਸ਼ ਕਰਨਾ ਪਿਆ?
-- ਕੈਨੇਡਾ ਵਿਚ ਆ ਕੇ ਮੈਨੂੰ ਨੌਕਰੀ ਲੱਭਣ ਲਈ ਤਾਂ ਸੰਘਰਸ ਨਹੀਂ ਕਰਨਾ ਪਿਆ ਪਰ ਨੌਕਰੀ 'ਤੇ ਜਾ ਕੇ ਸੰਘਰਸ਼ ਦਾ ਦੌਰ ਸ਼ੁਰੂ ਹੋਇਆ। ਪੰਜਾਬ ਰਹਿੰਦਿਆਂ, ਪਹਿਲੀ ਗੱਲ ਤਾਂ ਸਾਡਾ ਪ੍ਰੀਵਾਰ ਖੇਤੀ ਆਪ ਨਹੀਂ ਸੀ ਕਰਦਾ। ਜ਼ਮੀਨ ਵਟਾਈ 'ਤੇ ਜਾਂ ਮਾਮਲੇ 'ਤੇ ਦਿੱਤੀ ਹੁੰਦੀ ਸੀ। ਉਥੇ ਸਾਡੀ ਭੈਣ ਭਰਾਵਾਂ ਦੀ ਪਰਵਰਿਸ਼ ਦੌਰਾਨ ਮਾਪਿਆਂ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ, ਬੱਸ ਪੜ੍ਹਾਈ ਹੀ ਕੀਤੀ। ਕਸਰਤ ਸ਼ੌਕ ਲਈ ਹੁੰਦੀ ਸੀ। ਹੱਡ ਭੰਨਵੀਂ ਮਿਹਨਤ ਨਹੀਂ ਸੀ ਕੀਤੀ। ਕੈਨੇਡਾ ਵਿਚ ਪਰਿੰਸ ਜਾਰਜ ਸ਼ਹਿਰ ਵਿਚ ਮੈਨੂੰ ਇਕ ਮਿੱਲ ਵਿਚ ਨੌਕਰੀ ਮਿਲੀ। ਮਿੱਲਾਂ ਵਿਚ ਉਨ੍ਹੀਂ ਦਿਨੀਂ ਜ਼ਿਆਦਾ ਕੰਮ ਹੱਥਾਂ ਨਾਲ ਹੀ ਕੀਤਾ ਜਾਂਦਾ ਸੀ। ਜਦ ਪਹਿਲੇ ਦਿਨ ਨੌਕਰੀ 'ਤੇ ਗਿਆ ਤਾਂ ਪਹਿਲੇ ਘੰਟੇ ਵਿਚ ਹੀ ਸਾਰਾ ਜੀਵਨ ਅੱਖਾਂ ਅੱਗੇ ਘੁੰਮ ਗਿਆ। ਹੱਥ ਸੁੱਜ ਗਏ, ਬਾਹਾਂ ਜਵਾਬ ਦੇ ਗਈਆਂ। ਬੱਸ! ਮਨ ਕਰਦਾ ਸੀ ਕਿ ਕਰਾਏ ਦੇ ਪੈਸੇ ਇਕੱਠੇ ਕਰ ਕੇ ਵਾਪਸ ਮੁੜ ਜਾਈਏ। ਸਮਾਂ ਬੀਤਣ ਨਾਲ ਹਥਾਂ ਬਾਹਾਂ ਦੇ ਮਸਲ ਜਿਉਂ ਜਿਉਂ ਤਕੜੇ ਹੁੰਦੇ ਗਏ, ਵਾਪਸ ਮੁੜਨ ਦੀ ਸੋਚ ਉਂਨੀ ਹੀ ਕਮਜ਼ੋਰ ਹੁੰਦੀ ਗਈ। ਪਰਿੰਸ ਜਾਰਜ ਵਿਚ ਰਹਿੰਦੇ ਬੜੀ ਸਖਤ ਮਿਹਨਤ ਕੀਤੀ ਤੇ ਨਾਲ ਨਾਲ ਜ਼ਿੰਦਗੀ ਨੂੰ ਰੱਜ ਕੇ ਜੀਵਿਆ ਵੀ।
?- ਮੁੱਢਲੇ ਸੰਘਰਸ਼ ਨੂੰ ਬਿਆਨਦੀਆਂ ਆਪਣੀਆਂ ਕੋਈ ਸਤਰਾਂ ਸੁਣਾਉਗੇ?
-- ਮੇਰੀਆਂ ਕਈ ਕਵਿਤਾਵਾਂ ਹਨ ਉਸ ਦੌਰ ਦੀਆਂ। ਜਿਵੇਂ; 'ਕਾਮੇ ਦੀ ਪਤਨੀ ਦੇ ਨਾਂ', 'ਮਿੱਲ ਮਾਲਕ ਦੀ ਪਤਨੀ ਦੇ ਨਾਂ', 'ਪਰਦੇਸੀ' ਅਤੇ 'ਬਿਮਾਰੀ' ਆਦਿ। 'ਮਜ਼ਦੂਰ ਦੀ ਪਤਨੀ' ਵਿਚੋਂ ਕੁਝ ਸਤਰਾਂ ਹਨ:
"ਮਿੱਲ ਦਾ ਕਾਮਾ ਪਤੀ
ਗਰਮ ਲੋਅ 'ਚੋਂ
ਜਾਂ ਸਰਦ ਬਰਫਾਂ 'ਚੋਂ
ਟੁੱਟੇ ਹੋਏ ਅੰਗਾਂ ਨਾਲ
ਜਦ ਘਰ ਪਰਤੇ
ਤਾਂ ਤੇਰਾ ਬੋਲ
ਉਸ ਦਾ ਥਕੇਵਾਂ ਚੁੰਬਕ ਵਾਂਗ ਚੂਸ ਲਵੇ
ਉਸ ਦੇ ਵਕਤੀ ਸੁਭਾਅ ਦੀ ਗਰਮੀ
ਤੇਰੀ ਮੁਸਕਾਨ ਤੋਂ ਸ਼ਰਮਾ ਕੇ ਰਹਿ ਜਾਵੇ
ਉਹ ਹੌਲ਼ਾ ਫੁੱਲ ਹੋ ਜਾਵੇ
ਇਹ ਸਾਰੀ ਫਿਜ਼ਾ ਦਾ ਨਜ਼ਲਾ
ਜੋ ਦਿਨ ਭਰ ਤੇਰੇ ਕਾਮੇ ਪਤੀ 'ਤੇ ਡਿਗਿਆ ਹੈ
ਤੂੰ ਸੁਚੱਜੇ ਵਾਰਸ ਦੀ ਤਰ੍ਹਾਂ ਉਸ ਨੂੰ ਸੰਭਾਲ ਲਵੇਂ
ਤੇਰੀ ਬੁੱਕਲ਼ ਉਸ ਨੂੰ ਧਰਤੀ ਤੋਂ ਚੁੱਕ ਕੇ
ਅਸਮਾਨ ਵਿਚ ਉਡਾ ਦੇਵੇ„ (ਕਾਮੇ ਦੀ ਪਤਨੀ ਦੇ ਨਾਂ)
ਜਾਂ
„ਮੈਨੂੰ ਪਤਾ ਹੈ
ਕਿ ਜਦ ਮਾਲਕ ਦੀ ਪਤਨੀ
ਨਾਸ਼ਤੇ ਵਿਚ ਗੁੱਸਾ ਪਕਾ ਕੇ ਦਿੰਦੀ ਹੈ
ਤਾਂ ਘਰੇ ਨਾ ਕਹੇ ਗੁੱਸੇ ਦਾ ਨਜ਼ਲਾ
ਜਦ ਮਿੱਲ ਦਾ ਮਾਲਕ
ਸੁਪਰਡੈਂਟ 'ਤੇ ਆਕੇ ਸਵੇਰੇ ਝਾੜ ਦਿੰਦਾ ਹੈ
ਤਾਂ ਉਹ ਫੋਰਮੈਨ ਨੂੰ ਵਖਤ ਪਾ ਦਿੰਦਾ ਹੈ
ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾਂਦੀਆਂ ਨੇ
ਪਰ ਵੱਡੇ ਅਹੁਦੇ
ਛੋਟਿਆਂ ਨੂੰ ਘੂਰਦੇ ਨੇ„ (ਮਿੱਲ ਮਾਲਕ ਦੀ ਪਤਨੀ ਦੇ ਨਾਂ)
ਇਸੇ ਤਰ੍ਹਾਂ 'ਬਿਮਾਰੀ' ਨਾਂ ਦੀ ਕਵਿਤਾ ਵਿਚ ਸਿਰੜੀ ਕਾਮੇ ਤੋਂ ਬਿਮਾਰੀ ਦਾ ਡਰਨਾ ਵੀ ਕਾਮੇ ਦੀ ਤਾਕਤ ਦਾ ਸੰਕੇਤ ਬਣ ਕੇ ਉਪਜਦਾ ਹੈ। ਜਿਵੇਂ;
„ਇਹ ਸੂਰਜ ਤੋਂ ਪਹਿਲਾਂ
ਘਰੋਂ ਨਿਕਲਦਾ ਹੈ
ਸ਼ਾਮੀਂ ਸੂਰਜ ਤੋਂ ਪਿੱਛੋਂ
ਘਰ ਪਰਤਦਾ ਹੈ
ਹਰ ਰੋਜ਼ ਘਰ ਦਾ ਭਾਰ
ਮੋਢਿਆਂ 'ਤੇ ਚੁੱਕ ਕੇ
ਕੰਮ 'ਤੇ ਜਾਂਦਾ ਹੈ
.....................
ਰਾਤੀਂ ਕਰੜੀ ਘਾਲਣਾ ਪਿੱਛੋਂ
ਘਰ ਪਰਤਦਾ ਹੈ
ਖਾ ਪੀ ਕੇ ਡਕਾਰ ਲੈਂਦਾ ਹੈ
ਮੰਜੇ 'ਤੇ ਪਿੱਛੋਂ ਪੈਂਦਾ ਹੈ
ਪਹਿਲਾਂ ਸੌਂ ਜਾਂਦਾ ਹੈ
.....................
ਇਸ ਨਾਲੋਂ ਤਾਂ ਮੈਨੂੰ
ਢਿੱਲੇ ਮਾਸ ਵਾਲਾ
ਕੋਈ ਸੁਸਤ ਜਿਹਾ ਵਿਹਲੜ ਦੇ ਦੇ
ਜੋ ਮੈਨੂੰ ਮੰਜੇ 'ਤੇ ਤਾਂ ਪਾਵੇਗਾ
ਕਦੇ ਡਾਕਟਰ ਦੇ ਤਾਂ ਜਾਵੇਗਾ
ਉਸ ਦੇ ਸਰੀਰ 'ਚ ਮੇਰਾ ਭੀ ਵਕਤ
ਚੰਗਾ ਗੁਜ਼ਰ ਜਾਵੇਗਾ
?- ਤੁਸੀਂ ਕਵਿਤਾ ਕਿਉਂ ਲਿਖਦੇ ਹੋ?
-- ਕਵਿਤਾ ਮੇਰੇ ਅੰਦਰਲੇ ਦਾ ਵਿਕਾਸ ਹੈ। ਜੇ ਮੈਂ ਇਸ ਨੂੰ ਅੰਦਰ ਰੱਖਾਂ ਤਾਂ ਇਹ ਚੰਗਾ ਨਹੀਂ ਹੋਵੇਗਾ। ਅੰਦਰ ਦੀ ਨਿਰਾਸ਼ਾ, ਅੰਦਰ ਦੀ ਖੁਸ਼ੀ, ਸੰਤੁਸ਼ਟੀ ਜਾਂ ਅਸੁੰਤਸ਼ਟੀ ਦਾ ਨਿਕਾਸ ਹੀ ਮੇਰੀ ਕਵਿਤਾ ਹੈ। ਜਿਵੇਂ ਸਰੀਰ ਦੀ ਤ੍ਰਿਪਤੀ ਲਈ ਭੋਜਨ ਦੀ ਲੋੜ ਹੈ, ਮੇਰੀ ਆਤਮਿਕ ਤ੍ਰਿਪਤੀ ਲਈ ਕਵਿਤਾ ਮੇਰੀ ਜ਼ਰੂਰਤ ਹੈ। ਮੈਂ ਆਮ ਤੌਰ 'ਤੇ ਕਹਿੰਦਾ ਹੁੰਦਾ ਹਾਂ ਕਿ ਵਿਦੇਸ਼ ਵਿਚ ਆ ਕੇ ਬਹੁਤ ਸਾਰੀਆਂ ਪ੍ਰਸਥਿਤੀਆਂ ਵਿਚੋਂ ਗੁਜ਼ਰਨ ਸਮੇਂ ਜੇ ਕਰ ਮਨ ਦੀਆਂ ਅਵਸਥਾਵਾਂ ਦਾ ਪ੍ਰਗਟਾਅ ਕਰਨ ਕਰਨ ਲਈ ਅਗਰ ਮੇਰੇ ਨਾਲ ਕਵਿਤਾ ਨਾਂ ਹੁੰਦੀ ਤਾਂ ਹੁਣ ਤੱਕ ਜਾਂ ਤਾਂ ਮੈਂ ਨਿਰਾਸ਼ਾ ਦੀ ਬਿਮਾਰੀ ਦਾ ਮਰੀਜ਼ ਹੋਣਾ ਸੀ ਜਾਂ ਪਾਗਲਖਾਨੇ ਦਾ ਵਾਸੀ। ਕਵਿਤਾ ਨੇ ਮੇਰੀ ਮਨੋਅਵਸਥਾ ਨੂੰ ਸਮਤੋਲ ਰੱਖਣ ਵਿਚ ਬੜਾ ਵੱਡਾ ਯੋਗਦਾਨ ਪਾਇਆ ਹੈ। ਕਵਿਤਾ ਮੇਰੇ ਅਸ਼ਾਂਤ ਮਨ ਨੂੰ ਸ਼ਾਂਤ ਕਰਦੀ ਹੈ।
?- ਕਵਿਤਾ ਤੋਂ ਬਿਨਾਂ ਕਿਸੇ ਹੋਰ ਵਿਧਾ ਵਿਚ ਵੀ ਕਿਧਰੇ ਛਪੇ ਹੋ?
-- ਤੁਹਾਨੂੰ ਹੈਰਾਨੀ ਹੋਵੇਗੀ ਅਗਰ ਮੈਂ ਤੁਹਾਨੂੰ ਇਹ ਦੱਸਾਂ ਕਿ ਜ਼ਿੰਦਗੀ ਵਿਚ ਮੇਰੀ ਸਭ ਤੋਂ ਪਹਿਲੀ ਕਲਾ ਕਿਰਤ ਜੋ ਕਿਸੇ ਸਾਹਿਤਕ ਪੰਨੇ ਵਿਚ ਛਪੀ ਸੀ ਤਾਂ ਉਹ ਕਹਾਣੀ ਸੀ। ਇਸ ਕਹਾਣੀ ਦਾ ਨਾਂ ਸੀ 'ਬੁਝੀ ਅੱਗ ਦਾ ਸੇਕ'। ਹੋਰ ਵੀ ਕਾਫੀ ਕਹਾਣੀਆਂ ਲਿਖੀਆਂ ਸਨ। ਵਾਰਤਕ ਉਪਰ ਵੀ ਕਾਫੀ ਹੱਥ ਅਜ਼ਮਾਈ ਕੀਤੀ ਹੈ। ਕੈਨੇਡਾ ਦੇ ਸਭ ਤੋਂ ਪੁਰਾਣੇ ਹਫਤਾਵਾਰੀ ਅਖਬਾਰ 'ਇੰਡੋ ਕੈਨੇਡੀਅਨ ਟਾਈਮਜ਼' ਵਿਚ ਪਿਛਲੇ ਡੇਢ ਸਾਲ ਤੋਂ ਹਰ ਹਫਤੇ ਮੇਰੇ ਲੇਖ ਛਪਦੇ ਹਨ। ਇਨ੍ਹਾਂ ਵਿਚ ਜ਼ਿਆਦਾ ਕੈਨੇਡਾ ਵਿਚ ਜਾਂ ਬਾਹਰਲੇ ਦੇਸ਼ਾਂ ਵਿਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮੁਲਅੰਕਣ ਹੁੰਦਾ ਹੈ। ਇਸ ਤੋਂ ਬਿਨਾਂ ਇਸ ਪਰਚੇ ਵਿਚ ਮੇਰਾ ਇਕ ਲੜੀਵਾਰ ਹਾਸ-ਵਿਅੰਗ ਦਾ ਕਾਲਮ ਛਪਦਾ ਹੈ, ਜਿਸ ਵਿਚ ਹਲਕੀਆਂ ਫੁਲਕੀਆਂ ਗੱਲਾਂ ਤੋਂ ਇਲਾਵਾ ਗੰਭੀਰ ਸਮੱਸਿਆਵਾਂ ਨਾਲ ਭੀ ਜ਼ੋਰ ਅਜਮਾਈ ਕੀਤੀ ਜਾਂਦੀ ਹੈ। ਹਾਸ-ਵਿਅੰਗ ਦੇ ਇਸ ਕਾਲਮ ਨੂੰ ਪੜ੍ਹਨ ਵਾਲੇ ਪਾਠਕਾਂ ਵੱਲੋਂ ਮੈਨੂੰ ਲਗਾਤਾਰ ਹੁੰਗਾਰਾ ਮਿਲਦਾ ਰਹਿੰਦਾ ਹੈ। ਨੇੜ ਭਵਿਖ ਵਿਚ ਕਈ ਨਾਵਲਾਂ ਦੇ ਪਲਾਟ ਮੇਰੇ ਮਨ ਵਿਚ ਸੁਲਘ ਰਹੇ ਹਨ। ਛੇਤੀ ਹੀ ਇਕ ਨਾਵਲ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ।
?- ਕਦੇ ਭਾਰਤੀ ਪੰਜਾਬ ਦਾ ਉਦਰੇਵਾਂ ਨਹੀਂ ਜਾਗਿਆ?
-- ਜੇ ਮੈਂ ਨਾਂਹ ਵਿਚ ਜਵਾਬ ਦਿਆਂ ਤਾਂ ਝੂਠ ਬੋਲ ਰਿਹਾ ਹੋਵਾਂਗਾ। ਫਰਕ ਐਨਾ ਹੈ ਕਿ ਪਹਿਲਾਂ ਪਹਿਲ ਜ਼ਿਆਦਾ ਹੁੰਦਾ ਸੀ, ਹੁਣ ਘੱਟ ਹੈ। ਉਦਰੇਵਾਂ ਤਾਂ ਪਿੰਡ ਤੋਂ ਸ਼ਹਿਰ ਆ ਕੇ ਵਸ ਜਾਈਏ ਤਾਂ ਪਿੰਡ ਦਾ ਵੀ ਹੁੰਦਾ ਹੈ। ਅੱਜ ਕੰਪਿਊਟਰ 'ਤੇ ਹੋਰ ਸੁਵਿਧਾਵਾਂ ਨੇ ਸੰਸਾਰ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਜਦ ਮੈਂ ਕੈਨੇਡਾ ਆਇਆ ਸੀ, ਉਸ ਵੇਲੇ ਚਿੱਠੀਆਂ ਹੀ ਸੰਪਰਕ ਦਾ ਸਾਧਨ ਹੁੰਦੀਆਂ ਸਨ। ਜੇ ਫੋਨ ਦੀ ਕਾਲ ਬੁੱਕ ਕਰਵਾਉਣੀ ਪੈਂਦੀ ਤਾਂ ਉਹ ਲੰਬੇ ਸਮੇਂ ਬਾਅਦ ਮਿਲਦਾ। ਅੱਜ ਤਾਂ ਕੰਪਿਊਟਰ 'ਤੇ ਬੈਠ ਕੇ ਸਾਰੀ ਧਰਤੀ ਉਂਗਲੀਆਂ 'ਤੇ ਨਚਾ ਸਕਦੇ ਹਾਂ। ਅੱਜ ਮੇਰੀ ਸੋਚ ਮੁਤਾਬਕ ਅਸੀਂ ਇਕ ਦੇਸ਼ ਦੇ ਨਾਂ ਹੋ ਕੇ ਵਿਸ਼ਵ ਦੇ ਨਾਗਰਿਕ ਹਾਂ। ਘੱਟ ਤੋਂ ਘੱਟ ਮੈਂ ਤਾਂ ਆਪਣੇ ਆਪ ਨੂੰ ਵਿਸ਼ਵ ਨਾਗਰਿਕ ਸਮਝਦਾ ਹਾਂ। ਸਾਰੀ ਦੁਨੀਆਂ ਦੀਆਂ ਸਮੱਸਿਆਵਾਂ ਇਕ ਤਰ੍ਹਾਂ ਦੀਆਂ ਹੀ ਹਨ। ਰੰਗ ਰੂਪ ਨੂੰ ਪਾਸੇ ਰੱਖ ਦੇਈਏ ਤਾਂ ਅੰਦਰੋਂ ਮਨੁਖ ਇਕੋ ਤਰ੍ਹਾਂ ਦੇ ਹਨ। ਅਸੀਂ ਐਥੇ ਕੈਨੇਡਾ ਵਿਚ ਵੀ ਇਕ ਭਾਰਤੀ ਪੰਜਾਬ ਵਰਗਾ ਪੰਜਾਬ ਵਸਾ ਲਿਆ ਹੈ। ਐਥੋਂ ਦੇ ਪੰਜਾਬ ਵਿਚ ਸ਼ਾਇਦ ਅੱਜ ਭਾਰਤ ਦੇ ਪੰਜਾਬ ਨਾਲੋਂ ਵੱਧ ਪੰਜਾਬੀਅਤ ਹੈ ਪਰ ਇਸ ਵਿਚ ਮੇਰੀ ਜਨਮ ਭੋਂ ਵਾਲਾ ਪਿੰਡ ਜਾਂ ਘਰ ਨਹੀਂ। ਉਹ ਜੂਹਾਂ, ਮੇਰਾ ਸਕੂਲ, ਕਾਲਜ। ਉਥੇ ਵਸਦੇ ਦੋਸਤ ਅਤੇ ਰਿਸ਼ਤੇਦਾਰ ਯਾਦ ਵਿਚ ਆਉਂਦੇ ਹਨ ਤਾਂ ਕਦੇ ਕਦੇ ਉਦਰੇਵਾਂ ਆ ਹੀ ਜਾਂਦਾ ਹੈ।
?- ਕੀ ਤੁਸੀਂ ਵੀ ਇਧਰ ਕੈਨੇਡਾ ਵਿਚ ਫਸੇ ਹੋਏ ਮਹਿਸੂਸ ਕਰਦੇ ਹੋ?
-- ਨਹੀਂ ਬਿਲਕੁਲ ਨਹੀਂ! ਪਹਿਲਾਂ ਜਦੋਂ ਮੈਂ ਨਵਾਂ ਨਵਾਂ ਕੈਨੇਡਾ ਆਇਆ ਸੀ ਤਾਂ ਸਥਾਪਤ ਹੋਣ ਵਾਲੇ ਸੰਘਰਸ਼ ਦੇ ਸਾਲਾਂ ਵਿਚ ਜ਼ਰੂਰ ਮਹਿਸੂਸ ਕੀਤਾ ਸੀ ਪਰ ਅੱਜ ਇਸ ਦੇਸ਼ ਵਿਚ ਮੈਂ ਆਪਣਿਆਂ ਵਾਂਗ ਰਹਿੰਦਾ ਹਾਂ। ਜੇਕਰ ਫਸਿਆ ਮਹਿਸੂਸ ਕਰਦਾ ਤਾਂ ਵਾਪਸ ਤਾਂ ਕਿਸੇ ਵਕਤ ਵੀ ਜਾ ਸਕਦਾ ਸਾਂ। ਇਸ ਦੇਸ਼ ਨੇ ਬੜਾ ਕੁਝ ਦਿੱਤਾ ਹੈ। ਇਸ ਦੇਸ਼ ਵਿਚ ਆ ਕੇ ਐਨੀਆਂ ਪ੍ਰਾਪਤੀਆਂ ਕੀਤੀਆਂ ਹਨ ਕਿ ਜੇਕਰ ਮੈਂ ਭਾਰਤੀ ਪੰਜਾਬ ਵਿਚ ਹੁੰਦਾ ਤਾਂ ਸ਼ਾਇਦ ਨਾ ਕਰ ਸਕਦਾ। ਅਸੀਂ ਐਸੇ ਖੁਸ਼ਕਿਸਮਤ ਲੋਕ ਹਾਂ, ਜਿਨ੍ਹਾਂ ਦੀਆਂ ਦੋ ਮਾਵਾਂ ਹਨ। ਇਕ ਜਨਮ ਦੇਣ ਵਾਲੀ ਤੇ ਦੂਜੀ ਜਿਸ ਨੇ ਸਾਨੂੰ ਪ੍ਰਫੁੱਲਤ ਹੋਣ ਲਈ ਆਪਣੀ ਬੁੱਕਲ ਬਖਸ਼ੀ ਹੈ। ਇਸ ਧਰਤੀ ਨੇ ਸੋਚ ਨੂੰ ਉਡਾਨ ਬਖਸ਼ੀ ਹੈ। ਪੈਰਾਂ ਨੂੰ ਧਰਤੀ ਤੇ ਸਿਰ ਉਪਰ ਅਸਮਾਨ, ਜਿਸ ਵਿਚ ਅੱਜ ਆਪਣਿਆਂ ਵਾਂਗੂੰ ਮਹਿਸੂਸ ਕਰਦਾ ਹਾਂ। ਮੈਂ ਆਪਣੀ ਇਕ ਕਵਿਤਾ 'ਅਸੀਸ' ਵਿਚ ਇਹ ਆਖ ਵੀ ਦਿੱਤਾ ਹੈ;
„ਇਸ ਦੇਸ਼ ਵਿਚ
ਕੀਤੇ ਕੰਮ ਦਾ
ਮੁੱਲ ਮਿਲਦਾ ਹੈ
ਨਿੱਤ ਹੀ ਮਾਏ
ਫੁੱਲਾਂ ਵਰਗਾ
ਦਿਨ ਖਿਲਦਾ ਹੈ
ਇਹ ਦੇਸ਼ ਹੁਣ
ਆਪਣਿਆਂ ਵਾਂਗੂੰ
ਨਿੱਤ ਮਿਲਦਾ ਹੈ
ਹੁਣ ਤਾਂ ਮਾਏ
ਇਸ ਦੀ ਬੁੱਕਲ ਵਿਚ
ਤੇਰੇ ਵਰਗਾ
ਨਿੱਘ ਮਿਲਦਾ ਹੈ„
?- ਕੋਈ ਬੰਦ ਓਧਰਲੇ ਅਸਲੀ ਪੰਜਾਬ ਬਾਰੇ ਲਿਖੀ ਕਵਿਤਾ ਵਿਚੋਂ ਹੋ ਜਾਵੇ?
-- ਅਸੀਂ ਐਥੇ ਬੈਠੇ ਪੰਜਾਬ ਬਾਰੇ ਸਦਾ ਹੀ ਸੋਚਦੇ ਰਹਿੰਦੇ ਹਾਂ। ਸਥਿਤੀਆਂ ਦਾ ਮੁਲਅੰਕਣ ਵੀ ਸਾਡੀਆਂ ਕਵਿਤਾਵਾਂ ਦਾ ਵਿਸ਼ਾ ਬਣਦਾ ਹੈ। ਜਿਵੇਂ ਪੰਜਾਬ ਦੀ ਜਵਾਨੀ ਦੀ ਭਟਕਣਾ ਮੇਰੀ ਇਕ ਨਜ਼ਮ ਵਿਚ ਇਸ ਤਰ੍ਹਾਂ ਬਿਆਨ ਹੈ;
„ਤੇਰੇ ਪਿੰਡ ਦੇ ਮੁੰਡਿਆਂ ਦੇ ਵਿਚ
ਮਣ ਮਣ ਭਰ ਦੀਆਂ ਮੜਕਾਂ
ਗਰਮੀਆਂ ਦੇ ਵਿਚ ਚਾਹਾਂ ਪੀਂਦੇ
ਸਿਆਲ 'ਚ ਖਾਂਦੇ ਬਰਫਾਂ
ਮੁੱਛ ਦੀ ਖਾਤਰ ਕਤਲ ਨੇ ਕਰਦੇ
ਗੁੱਤ ਦਾ ਫਿਕਰ ਨਾ ਭੋਰਾ
ਕੱਟਣ ਤੋਂ ਪਹਿਲਾਂ ਵਿਚ ਕਚਹਿਰੀ
ਵਿਕ ਜਾਂਦੀਆਂ ਨੇ ਕਣਕਾਂ
ਮੌਸਮ ਵਾਂਗੂੰ ਲੋਕ ਬਦਲ ਗਏ
ਲੋਕਾਂ ਵਾਂਗੂੰ ਜੂਹਾਂ
ਮਿੱਟੀ ਵਿਚੋਂ ਖੁਸ਼ਬੋਈਆਂ ਮੁੱਕੀਆਂ
ਦੇਖ ਦੇਖ ਮੈਂ ਤੜਪਾਂ„
ਜਾਂ ਪੰਜਾਬ ਦੇ ਬੁਰੇ ਹਾਲਾਤ ਸਮੇਂ ਮੈਂ ਇਕ ਕਵਿਤਾ ਲਿਖੀ ਸੀ, 'ਜ਼ਖਮੀ ਪੰਜਾਬ', ਜਿਸ ਵਿਚ ਚੰਗੇ ਦਿਨਾਂ ਦੀ ਦੁਆ ਕਰਦਿਆਂ ਲਿਖਿਆ ਸੀ;
„ਮੇਰੇ ਸੁਹਣੇ ਦੇਸ਼ ਪੰਜਾਬ ਦਾ ਮਸਤਕ
ਕਿਸੇ ਸ਼ੇਸ਼ਨਾਗ ਨੇ ਡੰਗਿਆ ਏ
ਅੱਜ ਗਲ਼ੀਆਂ ਵਿਚ ਲੱਡੂਆਂ ਦੀ ਥਾਂ
ਬਾਰੂਦ ਕਿਸੇ ਨੇ ਵੰਡਿਆ ਏ
ਗਲ਼ੀਆਂ ਚੌਰਾਹਿਆਂ ਸੜਕਾਂ 'ਤੇ
ਸੁੰਨ-ਸਾਨ ਸੰਨਾਟਾ ਛਾਇਆ ਏ
ਬੱਸ ਇਕੋ ਰਾਹ 'ਤੇ ਰੌਣਕ ਏ
ਜੋ ਕਬਰਾਂ ਕੋਲੋਂ ਲੰਘਿਆ ਏ
ਇਹ ਪੰਜ ਦਰਿਆ ਦਾ ਦੇਸ਼ ਮੇਰਾ
ਇਕ ਸੁਹਣਾ ਫੁੱਲ ਗੁਲਾਬ ਦਾ ਸੀ
ਏਥੇ ਤੱਤੇ ਖੂਨ ਦਾ ਅੱਜ
ਛੇਵਾਂ ਦਰਿਆ ਚੱਲਿਆ ਏ„
?- ਜੇ ਮੁੜ ਜਨਮ ਲੈਣਾ ਪੈ ਜਾਵੇ ਤਾਂ ਕਿੱਥੇ ਜਾਣਾ ਚਾਹੋਗੇ?
-- ਜੇ ਮੈਂ ਬਾਹਰ ਨਾ ਆਉਂਦਾ ਤਾਂ ਸ਼ਾਇਦ ਕਹਿੰਦਾ, 'ਜਨਮ ਭੂਮੀ 'ਤੇ ਹੀ ਰਹਿਣਾ ਚਾਹਵਾਂਗਾ'। ਪਰ ਦੁਨੀਆ ਦਾ ਅਨੁਭਵ ਮਹਿਸੂਸ ਕਰ ਕੇ ਮੈਂ ਸਾਰੀ ਧਰਤੀ ਦਾ ਭਰਮਣ ਕਰਨਾ ਚਾਹਵਾਂਗਾ। ਧਰਤੀ ਦੇ ਟੁਕੜੇ ਦੀ ਥਾਂ ਮੈਂ ਆਪਣੇ ਕਲਚਰ ਨੂੰ ਜ਼ਿਆਦਾ ਮਿੱਸ ਕਰਦਾਂ। ਕਲਚਰ ਦੀ ਖੂਬੀ ਇਹ ਹੈ ਕਿ ਅਸੀਂ ਕਿਤੇ ਵੀ ਜਾਈਏ, ਆਪਣੇ ਕਲਚਰ ਨੂੰ ਸਮੋ ਕੇ ਲਿਜਾ ਸਕਦੇ ਹਾਂ। ਮੈਂ ਫਿਰ ਇਕ ਥਾਂ ਜਨਮ ਲੈ ਕੇ ਦੂਜੀ ਥਾਂ ਜਾਣਾ ਚਾਹਵਾਂਗਾ ਅਤੇ ਆਪਣੇ ਕਲਚਰ ਨੂੰ ਉਸ ਜਗ੍ਹਾ 'ਤੇ ਫੈਲਾਉਣਾ ਚਾਹਵਾਂਗਾ। ਉਸ ਕਲਚਰ ਵਿਚ ਵਦੇਸ਼ੀ ਕਲਚਰ ਦੇ ਚੰਗੇ ਭਾਗ ਦਾ ਵੀ ਮਿਸ਼ਰਣ ਕਰਨਾ ਚਾਹਵਾਂਗਾ।
?- ਤੁਹਾਡੇ ਪਹਿਲੇ ਕਾਵਿ-ਸੰਗ੍ਰਹਿ 'ਗਿਰਝਾਂ ਦੀ ਹੜਤਾਲ' ਵਿਚ ਅਸਲੀ ਨਕਲੀ ਦਾ ਚੱਕਰ ਕੀ ਹੈ? ਉਥੇ ਸਭ ਕੁਝ ਅਸਲੀ ਅਸਲੀ...ਹੈ?
-- ਇਹ ਕਵਿਤਾ ਮੈਂ ਉਸ ਵਕਤ ਲਿਖੀ ਸੀ, ਜਦ ਮੈਂ ਨਵਾਂ ਨਵਾਂ ਕੈਨੇਡਾ ਆਇਆ ਸਾਂ। ਉਸ ਵਕਤ ਮੈਨੂੰ ਇਸ ਤਰ੍ਹਾਂ ਲਗਦਾ ਸੀ ਕਿ ਇਸ ਸਮਾਜ ਵਿਚ ਬਣਾਉਟੀਪਨ ਬਹੁਤ ਜ਼ਿਆਦਾ ਹੈ। ਜਦ ਕਿ ਉਧਰ ਪੰਜਾਬ ਵਿਚ ਘੱਟ। ਉਸ ਕਵਿਤਾ ਦਾ ਕੁਝ ਭਾਗ ਸਾਂਝਾ ਕਰਦਾ ਹਾਂ;
„ਮੈਂ ਇਹ ਕਿੱਥੇ
ਆ ਪਹੁੰਚਾ ਹਾਂ
ਮੈਂ ਮਿੱਟੀ ਦੇ
ਘਰ ਦਾ ਵਾਸੀ
ਜਿਸ ਦੇ ਦਰਵਾਜ਼ੇ
ਲੱਕੜ ਦੇ
ਰੌਸ਼ਨਦਾਨ ਬਾਰੀਆਂ ਖੁੱਲ੍ਹੇ
ਬਾਹਰ ਬਾਰੀ ਵਿਚ
ਫੁੱਲ ਗੁਲਾਬੀ ਦੇਣ ਸੁਗੰਧੀਆਂ
ਵਿਹੜੇ ਦੇ ਵਿਚ
ਸੀਤਲ ਰਾਤੀਂ ਧੂਣੀ ਬਲਦੀ
ਧੂਣੀ ਵਿਚੋਂ
ਅੱਗ ਦੀਆਂ ਲਪਟਾਂ
ਉਹ ਅੱਗ ਜਿਹੜੀ
ਠਰੇ ਦਿਲਾਂ ਨੂੰ
ਪਿਘਲਾ ਦਿੰਦੀ
ਐਥੇ ਸਭ ਕੁਝ
ਨਕਲੀ ਨਕਲੀ
ਮੇਰਿਉ ਮਿੱਤਰੋ
ਮੈਨੂੰ ਦੱਸੋ
ਮੈਂ ਅਸਲੀ
ਜਾਂ ਮੈਂ ਵੀ ਨਕਲੀ„
ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੂਰਬ ਵਿਚ ਨਕਲੀਪੁਣਾ ਵਧ ਰਿਹਾ ਹੈ ਅਤੇ ਪੱਛਮੀ ਲੋਕ ਆਪਣੇ ਕਦਮ ਅਸਲ ਵੱਲ ਵਧਾ ਰਹੇ ਹਨ।
?- ਅੱਜ ਤੁਸੀਂ ਕਿੱਥੇ ਜਨਮ ਲੈਣਾ ਚਾਹੋਗੇ?
-- ਮੈਂ ਅੱਜ ਵੀ ਆਪਣੇ ਪੰਜ ਦਰਿਆਵਾਂ ਵਾਲੇ ਅਸਲੀ ਪੰਜਾਬ ਵਿਚ ਹੀ ਜਨਮ ਲੈਣਾ ਚਾਹਾਂਗਾ।
?- ਆਪਣੀ ਖੂਬਸੂਰਤ ਕਵਿਤਾ 'ਉਮਰਾਂ ਦੇ ਗਜ਼' ਵਿਚ ਕੀ ਕਹਿਣਾ ਚਾਹੁੰਦੇ ਹੋ?
-- ਇਸ ਕਵਿਤਾ ਵਿਚ ਇਕ ਇਨਸਾਨ ਦੀ ਉਮਰ ਦੇ ਮਾਪ ਦੰਡ 'ਤੇ ਕਿੰਤੂ ਕਰਨ ਦੀ ਕੋਸ਼ਸ਼ ਕੀਤੀ ਗਈ ਹੈ। ਅਸੀਂ ਉਮਰ ਨੂੰ ਮੁੱਢ ਕਦੀਮ ਤੋਂ ਸਾਲਾਂ ਦੇ ਗਜ਼ ਨਾਲ ਮਾਪਦੇ ਆਏ ਹਾਂ ਪਰ ਉਸ ਕਵਿਤਾ ਵਿਚ ਮੈਂ ਕਹਿਣਾ ਚਾਹਿਆ ਹੈ;
„ਬੜਾ ਚਿਰ ਮਾਪ ਲਿਆ
ਸਾਲਾਂ ਦੇ ਗਜ਼ ਨਾਲ ਉਮਰਾਂ ਨੂੰ
ਅੱਜ ਆਦਮੀ ਨੂੰ ਕੀਤੇ ਹੋਏ
ਕੰਮਾਂ ਦੇ ਗਜ਼ ਨਾਲ ਮਾਪੀਏ
ਚਮੜੀ ਦੇ ਰੰਗਾਂ
ਤੇ ਨਸਲਾਂ ਤੋਂ ਉਤੇ ਉਠ ਕੇ
ਅੱਜ ਤੋਂ ਅਸੀਂ ਹਰ ਇਕ ਦੇ
ਲਹੂ ਦਾ ਰੰਗ ਵਾਚੀਏ
ਰੱਬ ਪਾ ਕੇ ਰੱਬ ਬਣਨ
ਦੀ ਤਮੰਨਾ ਤੋਂ ਪਹਿਲਾਂ
ਇਨਸਾਨਾਂ ਵਿਚ ਰਹਿ ਕੇ
ਇਨਸਾਨ ਬਣ ਕੇ ਦੇਖੀਏ
ਰੰਗ, ਰੂਪ, ਇਸ਼ਕ 'ਤੇ
ਕਰੀਆਂ ਨੇ ਬਹੁਤ ਸ਼ਾਇਰੀਆਂ
ਅੱਜ ਮਨੁਖਤਾ ਦੇ ਨਾਂ 'ਤੇ
ਕੋਈ ਸ਼ਿਅਰ ਗਾ ਕੇ ਦੇਖੀਏ„
?- ਉਤਰੀ ਅਮਰੀਕਾ ਵਿਚ ਤੁਹਾਡੀ ਮਨਪਸੰਦੀ ਦੇ ਪੰਜਾਬੀ ਸ਼ਾਇਰ ਜਾਂ ਲੇਖਕ ਕਿਹੜੇ ਹਨ?
-- ਗੁਰਚਰਨ ਰਾਮਪੁਰੀ, ਰਵਿੰਦਰ ਰਵੀ, ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਇਕਬਾਲ ਰਾਮੂਵਾਲੀਆ, ਡਾ. ਗੁਰੂਮੇਲ, ਗਿੱਲ ਮੋਰਾਂਵਾਲੀ, ਮੰਗਾ ਬਾਸੀ, ਮਨਜੀਤ ਮੀਤ, ਹਰਜਿੰਦਰ ਕੰਗ, ਕੁਲਵਿੰਦਰ, ਇੰਦਰਜੀਤ ਕੌਰ ਸਿੱਧੂ ਤੇ ਸਵਰਾਜ ਕੌਰ। ਕਈ ਹੋਰ ਵੀ ਹਨ ਜਿਹੜੇ ਇਸ ਸਮੇਂ ਯਾਦ ਨਹੀਂ ਆ ਰਹੇ।
?- ਸੰਸਾਰ ਸਾਹਿਤ ਵਿਚ ਤੁਹਾਨੂੰ ਕਿਹੜੇ ਸ਼ਾਇਰਾਂ ਨੇ ਟੁੰਬਿਆ ਹੈ?
-- ਵਾਲਟ ਵਿਟਮੈਨ, ਵਰਡਜ਼ ਵਰਥ, ਜੌਹਨ ਕੀਟਸ, ਟੀ,ਐਸ. ਇਲੀਅਟ, ਪੀ.ਬੀ. ਸ਼ੈਲੇ ਅਤੇ ਸ਼ੈਕਸਪੀਅਰ।
?- ਮੁੱਖ-ਧਾਰਾ ਪੰਜਾਬੀ ਦੇ ਕਿਹੜੇ ਪੰਜ ਸ਼ਾਇਰਾਂ ਦੀ ਕਵਿਤਾ ਤੁਹਾਡੀ ਰੂਹ ਦੇ ਸਭ ਤੋਂ ਜ਼ਿਆਦਾ ਨੇੜੇ ਹੈ?
-- ਮੇਰੇ 'ਤੇ ਸਭ ਤੋਂ ਵੱਧ ਪ੍ਰਭਾਵ ਬਾਵਾ ਬਲਵੰਤ ਦਾ ਹੈ। ਮੈਂ ਮੋਹਣ ਸਿੰਘ, ਅਮ੍ਰਿਤਾ ਪ੍ਰੀਤਮ ਤੋਂ ਬਾਅਦ ਅੱਜ ਦੇ ਸ਼ਾਇਰ ਸੁਰਜੀਤ ਪਾਤਰ, ਗੁਰਭਜਨ ਗਿੱਲ ਅਤੇ ਸੁਖਵਿੰਦਰ ਅਮ੍ਰਿਤ ਦੀ ਕਵਿਤਾ ਦਾ ਪ੍ਰਸੰਸਕ ਹਾਂ।
?- ਅੰਗ੍ਰੇਜ਼ੀ ਵਿਚ ਛਪੀ ਅਤੇ ਪਾਠ ਪੁਸਤਕਾਂ ਵਿਚ ਲੱਗੀ ਤੁਹਾਡੀ ਕਵਿਤਾ 'ਸ਼ਹੀਦਾਂ ਦੀ ਅਰਦਾਸ' ਦੀ ਖਾਸੀਅਤ ਕੀ ਹੈ?
-- ਕੈਨੇਡਾ ਅਤੇ ਅਮਰੀਕਾ ਵਿਚ ਰਿਮੈਂਬਰੈਂਸ ਡੇਅ ਮਨਾਏ ਜਾਂਦੇ ਹਨ। ਇਸ ਦਿਨ ਦੇਸ਼ ਦੇ ਉਨ੍ਹਾਂ ਸ਼ਹੀਦ ਸਿਪਾਹੀਆਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿਚ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ। ਇਸ ਦਿਨ ਇਨ੍ਹਾਂ ਸ਼ਹੀਦਾਂ ਨੂੰ ਤੋਪਾਂ ਦੀ ਸਲਾਮੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਇਸ ਵਿਚੋਂ ਖਿਆਲ ਉਪਜਿਆ ਕਿ ਸ਼ਹੀਦਾਂ ਲਈ ਤੋਪਾਂ ਦੀ ਗਰਜ ਅਤੇ ਅਧਜਲੇ ਧੂਏਂ ਦੀ ਲੋੜ ਨਹੀਂ ਬਲਕਿ ਉਨ੍ਹਾਂ ਨੂੰ ਤਾਂ ਸੁਗੰਧੀਆਂ ਦੀ ਅਤੇ ਸ਼ਾਂਤੀ ਦੀ ਲੋੜ ਹੈ, ਤਾਂ ਕਿ ਉਹ ਆਰਾਮ ਨਾਲ ਸੌਂ ਸਕਣ। ਵੰਨਗੀ ਹਾਜ਼ਰ ਹੈ;
„ਅਸੀਂ ਮੌਤ ਤੋਂ ਪਹਿਲਾਂ
ਯੁਧ ਦੇ ਮੈਦਾਨ ਵਿਚ
ਐਨੀਆਂ ਤੋਪਾਂ ਦਾਗਣ ਦੀ
ਅਵਾਜ਼ ਸੁਣ ਚੁੱਕੇ ਹਾਂ
ਸਾਡੇ ਕੰਨ ਬੋਲ਼ੇ ਹੋ ਚੁੱਕੇ ਹਨ।
ਉਨ੍ਹਾਂ ਬੰਦੂਕਾਂ ਅਤੇ ਤੋਪਾਂ ਦੇ
ਅਧਜਲੇ ਧੂਏਂ ਨਾਲ
ਸਾਡੇ ਫੇਫੜੇ ਕਾਲ਼ੇ ਹੋ ਚੁੱਕੇ ਹਨ
ਸਾਡੀ ਰੂਹ ਤਕ ਧੁੰਦਲਾ ਗਈ ਹੈ
ਸਾਡੀ ਸ਼ਹੀਦਾਂ ਦੀ ਬੇਨਤੀ ਹੈ
ਕਿ ਸਾਡੀ ਯਾਦ ਵਿਚ
ਹੋਰ ਤੋਪਾਂ ਨਾ ਚਲਾਓ
ਹੋਰ ਧੂਆਂ ਨਾ ਫਿਲਾਓ
ਜੇਕਰ ਸਾਡੀਆਂ ਆਤਮਾਵਾਂ ਦੀ ਸ਼ਾਂਤੀ ਲਈ
ਕੁਝ ਕਰਨਾ ਹੀ ਚਾਹੁੰਦੇ ਹੋ
ਤਾਂ
ਮਿੱਠਾ ਮਿੱਠਾ ਸੰਗੀਤ ਬਜਾਓ
ਤੇ ਕੁਝ ਫੁੱਲ
ਸਾਡੀ ਕਬਰ 'ਤੇ ਧਰ ਜਾਓ
ਜਿਸ ਨਾਲ
ਸਾਡੇ ਮੂੰਹ ਦਾ ਸਵਾਦ
ਧੁਰ ਆਤਮਾ ਤਕ
ਸੁਗੰਧਤ ਹੋ ਜਾਵੇ
ਅਤੇ ਅਸੀਂ
ਸ਼ਾਂਤੀ ਨਾਲ ਸੌਂ ਸਕੀਏ„
?- 'ਗਿਰਝਾਂ ਦੀ ਹੜਤਾਲ' ਕਾਵਿ-ਸੰਗ੍ਰਹਿ ਦੀ ਸਮੁੱਚੀ ਕਵਿਤਾ ਉਦਾਸੀ ਦੀ ਹੈ। ਤੁਹਾਡਾ ਸ਼ਾਇਰ ਮਨ ਏਥੇ ਕੇਵਲ ਗ਼ਮੀਆਂ ਤੇ ਜੁਦਾਈਆਂ ਦੀ ਖੱਟੀ ਦੀ ਹੀ ਗੱਲ ਕਰਦਾ ਹੈ, „ਮੇਰੀ ਖੁਸ਼ੀ ਉਧਾਰ ਲੈ ਗਈਆਂ / ਉਹ ਬੇਦਰਦ ਗੁਟਾਰਾਂ„, ਇਹ ਕਿਧਰ ਇਸ਼ਾਰਾ ਹੈ?
-- ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਮੈਂ ਉਹ ਪੁਸਤਕ, ਮੇਰੇ ਵਿਛੜ ਚੁਕੇ ਵੱਡੇ ਵੀਰ, ਜ਼ੋਰਾ ਸਿੰਘ ਗਿੱਲ ਨੂੰ ਸਮਰਪਿਤ ਕੀਤੀ ਹੈ। ਮੇਰਾ ਵੀਰ ਉਸ ਤੋਂ ਪਹਿਲਾਂ ਲੰਮੀ ਬਿਮਾਰੀ ਵਿਚੋਂ ਦੀ ਗੁਜ਼ਰਿਆ। ਉਸ ਦੇ ਜਾਣ 'ਤੇ ਮੈਂ ਅਤੇ ਮੇਰਾ ਪ੍ਰੀਵਾਰ ਜਿਵੇਂ ਪੂਰੀ ਤਰ੍ਹਾਂ ਟੁੱਟ ਗਏ ਸਾਂ। ਇਸ ਵਿਚੋਂ ਉਦਾਸੀ ਦਾ ਕਾਫੀ ਸਹਿਤ ਉਪਜਿਆ। ਇਸ ਵਿਚ ਮੋਰ ਤੇ ਗੁਟਾਰ ਦੇ ਪੈਰ ਮੰਗ ਕੇ ਲੈ ਜਾਣ ਨੂੰ ਬਿੰਬ ਦੇ ਤੌਰ 'ਤੇ ਵਰਤਿਆ ਹੈ। ਜਿਨ੍ਹਾਂ ਸਤਰਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਇਸ ਤਰ੍ਹਾਂ ਹਨ;
„ਮੇਰੇ ਦਿਲ ਦੇ ਵਿਹੜੇ ਦੇ ਵਿਚ
ਪੰਛੀਆਂ ਫੇਰੀਆਂ ਪਾਈਆਂ
ਮੈਂ ਕੋਇਲਾਂ ਨੂੰ ਸੱਦਾ ਦਿੱਤਾ
ਗਿਰਝਾਂ ਉੱੜ ਉੱੜ ਆਈਆਂ
ਮੇਰੀ ਖੁਸ਼ੀ ਉਧਾਰੀ ਲੈ ਗਈਆਂ
ਉਹ ਬੇਦਰਦ ਗੁਟਾਰਾਂ
ਮੋਰ ਤੋਂ ਲੈ ਕੇ ਪੈਰ ਉਧਾਰੇ
ਜੋ ਨਾ ਮੋੜਨ ਆਈਆਂ„
ਦੂਸਰੀ ਗੱਲ ਇਹ ਕਿ ਕਾਲਜ ਦੀ ਜ਼ਿੰਦਗੀ ਵਿਚੋਂ ਲੰਘਣ ਦੇ ਦਿਨਾਂ ਦੇ ਨਾਲ ਨਾਲ ਇਸ ਦੌਰ ਵਿਚ ਮੈਂ ਦੇਸ਼ ਵੀ ਛੱਡਿਆ ਸੀ। ਰਿਸਤਿਆਂ ਦਾ ਟੁੱਟਣਾ, ਦੇਸ਼ ਦਾ ਛੱਡਣਾ, ਨਵੇਂ ਸਭਿਆਚਾਰ ਨਾਲ ਟਕਰਾ ਤੇ ਕਲਚਰਲ ਸ਼ਾਕ ਵਿਚੋਂ ਗੁਜ਼ਰਨਾ, ਇਸ ਸਭ ਕੁਝ ਵਿਚੋਂ ਮੈਂ ਉਸ ਵਕਤ ਲੰਘ ਰਿਹਾ ਸਾਂ। ਮਨ ਦੀ ਉਦਾਸੀ ਦਾ ਕਲਮ 'ਤੇ ਭਾਰ ਹੋਣਾ ਸ਼ਾਇਦ ਇਹ ਹੀ ਕਾਰਨ ਹੈ ਕਿ ਉਸ ਸਮੇਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ 'ਤੇ ਉਦਾਸੀ ਭਾਰੂ ਹੈ।
?- 'ਵੰਡੀਆਂ' ਨਾਂ ਦੀ ਕਵਿਤਾ ਰਾਹੀਂ ਕੀ ਸਮਝਾਉਣਾ ਚਾਹੁੰਦੇ ਹੋ? ਕੁਝ ਸਤਰਾਂ ਵੀ!
-- 'ਵੰਡੀਆਂ' ਨਾਂ ਦੀ ਕਵਿਤਾ ਵਿਚ ਐਥੇ ਆ ਕੇ ਕਬੂਲੇ ਦੋ ਪ੍ਰਭਾਵਾਂ ਵਿਚੋਂ ਇਕ ਹੈ। ਇਕ ਤਾਂ ਗੋਰਿਆਂ ਦਾ ਨਸਲਵਾਦ ਸੀ। ਦੁਜਾਂ ਸਾਡੇ ਆਪਣਿਆਂ ਦਾ ਇਕ ਦੂਜੇ ਨਾਲ ਇਲਾਕਾਵਾਦ ਦੀ ਟੱਕਰ। ਸਾਥੋਂ ਪਹਿਲਾਂ ਆਏ ਬਹੁਤ ਸਾਰੇ ਪੰਜਾਬੀ ਦੇਸ਼ ਤੋਂ ਦੂਰ ਆ ਕੇ ਇਕ ਦੂਜੇ ਦੇ ਨੇੜੇ ਹੋਣ ਦੀ ਥਾਂ 'ਤੇ ਇਲਾਕਾਈ ਵੰਡੀਆਂ ਪਾਈ ਬੈਠੇ ਸਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਦੇਸ਼ ਦਾ ਬੰਦਾ ਆਪਣਾ ਲੱਗੇ ਪਰ ਇਸ ਸੋਚ ਦੀ ਮੈਨੂੰ ਸਮਝ ਨਹੀਂ ਸੀ ਆ ਰਹੀ ਤੇ ਹਜ਼ਮ ਨਹੀਂ ਸੀ ਹੋ ਰਹੀ। ਇਸੇ ਸੋਚ ਦੀ ਉਪਜ ਹੈ ਇਹ ਕਵਿਤਾ;
„....................
ਸੱਤ ਸਮੁੰਦਰ ਪਾਰ ਆ ਗਏ
ਧਰਤੀ ਅਤੇ ਸਮੁੰਦਰ ਗਾਹ ਲਏ
ਪਰ ਸਾਡੇ ਵਿਚ
ਅੱਜ ਵੀ ਹਰ ਦਿਨ
ਮਾਲਵਾ, ਮਾਝਾ ਅਤੇ ਦੁਆਬਾ
ਵਾਰ ਵਾਰ ਜਾਂਦੇ ਦੁਹਰਾਏ
ਟੁੱਟੇ ਕੱਚ ਦੇ ਸ਼ੀਸ਼ੇ ਵਾਂਗੂੰ
ਇਕ ਦੂਜੇ ਨਾਲ ਜੁੜ ਨਾ ਪਾਏ
?- ਤੁਹਾਡੇ ਦਿਲਚਸਪ ਕਾਵਿ-ਨਾਟਿ 'ਗਿਰਝਾਂ ਦੀ ਹੜਤਾਲ' ਦਾ ਵਿਸ਼ਾ ਕੀ ਹੈ?
-- ਇਹ ਕਾਵਿ-ਨਾਟਿ ਇਸ ਸੋਚ ਵਿਚੋਂ ਉਪਜਿਆ ਹੈ ਕਿ ਅੱਜ ਮਾਨਵ ਹੀ ਮਾਨਵ ਦਾ ਅਤੇ ਵਾਤਾਵਰਨ ਦਾ ਵੈਰੀ ਬਣ ਚੁੱਕਿਆ ਹੈ।ਇਸ ਵਿਚ ਵਿਰੋਧਾਭਾਸ ਦਾ ਪ੍ਰਯੋਗ ਕਰਕੇ ਮੈਂ ਇਕ ਮੁਰਦਾਰ ਖਾਣ ਵਾਲੇ ਗਿਰਝ ਪਾਤਰ ਦਾ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਉਤਮ ਜੀਵ ਅਖਵਾਉਣ ਵਾਲੇ ਮਾਨਵ ਨਾਲ ਸੰਵਾਦ ਰਚਾਇਆ ਹੈ। ਇਕ ਗਿਰਝ ਮਾਨਵ ਨੂੰ ਸੁਚੇਤ ਕਰਦੀ ਹੈ ਕਿ ਉਸ ਨੇ ਧਰਤੀ 'ਤੇ ਐਨੇ ਮੁਰਦੇ ਬਨਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਸ ਦੀ ਸੀਮਤ ਗਿਣਤੀ ਵਾਲੀ ਗਿਰਝ ਕੌਮ ਉਸ ਨੂੰ ਸਿਮਟਾ ਨਹੀਂ ਸਕਦੀ। ਗਿਰਝ ਮੂੰਹੋਂ ਉਚਾਰੀ ਵੰਨਗੀ;
„ਸੰਨ ਸੰਨਤਾਲੀ ਦੇ ਵਿਚ ਮੇਰੀ
'ਗਿਰਝ' ਦੀ ਅੱਖ ਵਿਚ ਪਾਣੀ ਆਇਆ
ਧਰਤੀ ਮਾਂ 'ਤੇ ਲੀਕਾਂ ਵਾਹ ਕੇ
ਲਾਸ਼ਾਂ ਦਾ ਇਕ ਢੇਰ ਸੀ ਲਾਇਆ„
ਜਦ ਮਾਨਵ ਇਸ ਦਾ ਸਪਸ਼ਟੀਕਰਨ ਦਿੰਦਾ ਹੋਇਆ ਇਹ ਕਹਿੰਦਾ ਹੈ;
„ਇਹ ਮੰਨਿਆ ਸਭ ਕੁਝ ਗਿਰਝੇ ਕਿ
ਇਕ ਜ਼ਮਾਨੇ ਵਿਚ ਹੋਇਆ ਸੀ
ਸਾਨੂੰ ਪਤਾ ਹੈ ਉਸ ਜ਼ਮਾਨੇ
ਮਾਨਵ ਨੇ ਮਾਨਵ ਕੋਹਿਆ ਸੀ
ਅੱਜ ਅਸੀਂ ਔਰਤ ਨੂੰ
ਜਣਨੀ ਮਾਂ ਸਮਝਦੇ
ਉਸ ਦਾ ਧਰਤੀ ਮਾਂ ਵਾਂਗੂੰ
ਸਤਿਕਾਰ ਹਾਂ ਕਰਦੇ
ਉਸ ਜ਼ਮਾਨੇ ਜੋ ਹੋਇਆ
ਉਹ ਅਸੀਂ ਨਾ ਕਰਦੇ„
ਇਹ ਸੁਣ ਕੇ ਗਿਰਝ ਭੜਕ ਜਾਂਦੀ ਹੈ ਤੇ ਭਾਵਕ ਹੋ ਕੇ ਕਹਿੰਦੀ ਹੈ;
„ਅਜੇ ਤਾਂ ਕੱਲ੍ਹ ਦੀ ਗੱਲ ਹੈ ਮਾਨਵ
ਤੂੰ ਇਕ ਐਸਾ ਸੀ ਖੇਲ੍ਹ ਖੇਲ੍ਹਿਆ
ਸੰਨ ਚੁਰਾਸੀ ਵਿਚ ਚੁਰਾਸੀ ਦਾ
ਇਕ ਭੈੜਾ ਗੇੜ ਸੀ ਚੱਲਿਆ
ਪਹਿਲਾਂ ਅਮ੍ਰਿਤਸਰ ਤੇ ਫਿਰ ਦਿੱਲੀ
ਫਿਰ ਵੱਖ ਵੱਖ ਥਾਵਾਂ 'ਤੇ ਵਰ੍ਹਿਆ
ਮਾਨਵ ਨੇ ਇਕ ਰਾਖਸ਼ ਬਣ ਕੇ
ਮਜ਼ਲੂਮਾਂ ਦਾ ਵੱਢ ਟੁਕ ਕਰਿਆ
ਦੁੱਧ ਚੁੰਗਦੇ ਬੱਚਿਆਂ ਨੂੰ ਤੂੰ
ਮਾਵਾਂ ਦੀਆਂ ਛਾਤੀਆਂ ਕੱਟ ਕੇ
ਮਾਵਾਂ ਨਾਲੋਂ ਵੱਖ ਸੀ ਕਰਿਆ
ਥਾਂ ਥਾਂ ਉਤੇ ਪਹਿਲਾਂ ਤੁਸਾਂ ਨੇ
ਮਾਂ ਤੇ ਧੀ ਕਲੰਕਤ ਕੀਤੀ
ਫੇਰ ਪਤੀ ਤੇ ਪੁੱਤ ਮੁਕਾ ਕੇ
ਵਿਧਵਾ ਅਤੇ ਨਿਪੁੱਤੀ ਕਰਿਆ
ਅੱਜ ਵੀ ਜਦ ਮੈਂ
ਉ¥ੜਦੀ ਉ¥ੜਦੀ ਦਿੱਲੀਉਂ ਲੰਘਾਂ
ਸੜਦੀਆਂ ਕੁੱਖਾਂ ਦੀ ਬੋ ਆਵੇ
ਇਹ ਸਭ ਕਰਕੇ
ਮਾਨਵ ਤੇਰਾ ਸਿਰ ਨਾ ਝੁਕਦਾ
ਮਾਨਵ ਤੈਨੂੰ ਸ਼ਰਮ ਨਾ ਆਵੇ„
ਇਸ ਨਾਟਕ ਨੂੰ ਵਿਸ਼ਵ-ਵਿਆਪੀ ਬਣਾਉਣ ਲਈ ਮੈਂ ਉਸ ਸਮੇਂ ਦੁਨੀਆਂ ਦੇ ਹਰ ਕੋਨੇ ਵਿਚ ਵਾਪਰਦੀਆਂ ਘਟਨਾਵਾਂ ਨੂੰ ਹਿੱਸਾ ਬਣਾਇਆ ਹੈ;
„ਅੱਜ ਵੀ ਦੁਨੀਆਂ ਦੇ ਹਰ ਕੋਨੇ
ਥਾਂ ਥਾਂ ਅੱਗਾਂ ਵਰ੍ਹ ਰਹੀਆਂ ਨੇ
ਇਕ ਥਾਂ ਲਾਸ਼ਾਂ ਮੁਸ਼ਕਦੀਆਂ ਨੇ
ਇਕ ਥਾਂ ਲਾਸ਼ਾਂ ਬਣ ਰਹੀਆਂ ਨੇ
ਬੋਸਨੀਆ, ਦੱਖਣੀ ਅਫਰੀਕਾ
ਕਿਤੇ ਰਵਾਂਡਾ ਫਿਰ ਅਮਰੀਕਾ
ਮਾਨਵ ਲੜਦਾ ਜੰਗਲ ਸੜਦੇ
ਟੁਕੜੇ ਟੁਕੜੇ ਹੋਏ ਮਨ ਦੇ
ਸੜ ਕੇ ਜੰਗਲ ਰਾਖ ਹੈ ਹੋਇਆ
ਟੋਟੇ ਟੋਟੇ ਹੋਏ ਘਰ ਦੇ„
ਅੱਗੇ ਮਾਨਵ 'ਤੇ ਕਟਾਕਸ਼ ਕਰਦੀ ਗਿਰਝ ਇਹ ਵੀ ਆਖ ਦਿੰਦੀ ਹੈ;
„ਮੈਂ, ਗਿਰਝ, ਮੁਰਦੇ ਖਾਂਦੀ ਹਾਂ
ਪਰ ਮੈਂ ਸ਼ਰੇ ਆਮ ਖਾਂਦੀ ਹਾਂ
ਤੁਸੀਂ ਹੋ ਸਾਰੇ ਨਾਟਕ ਵਾਲੇ
ਚਿੱਟਾ ਰੂਪ ਤੇ ਕਾਰੇ ਕਾਲ਼ੇ
ਅੱਜ ਪਿੱਛੋਂ
ਐ ਮਾਨਵ!
ਤੇਰੇ ਪਿੰਡ ਨਾ ਫੇਰਾ ਪਾਵਾਂ
ਅੱਜ ਤੋਂ ਪਿੱਛੋਂ
ਤੇਰੇ ਹੱਥੋਂ ਕਤਲ ਕਰਾਇਆ
ਇਕ ਵੀ ਮੁਰਦਾ ਹੋਰ ਨਾ ਖਾਵਾਂ
ਤੂੰ ਹੁਣ ਜਾਹ ਆਪਣੇ ਘਰ ਨੂੰ
ਤੇ ਮੈਂ ਵੀ ਆਪਣੇ ਘਰ ਨੂੰ ਜਾਵਾਂ
ਜਦ ਤਕ ਤੇਰੀ ਸੋਚ ਬੁਰੀ ਹੈ
ਜਦ ਤਕ ਤੇਰੀ ਜ਼ਮੀਰ ਮਰੀ ਹੈ
ਉਸ ਸਮੇਂ ਤਕ
ਗਿਰਝਾਂ ਨੇ ਹੜਤਾਲ ਕਰੀ ਹੈ„
?- ਤੁਹਾਡੀਆਂ ਸੰਪਾਦਿਤ ਪੁਸਤਕਾਂ 'ਪਰਦੇਸੀ ਕਲਮਾਂ' ਤੇ 'ਕਲਮਾਂ ਦਾ ਸਫਰ' ਵਿਚ ਕਿਹੜੇ ਲੇਖਕਾਂ/ਸ਼ਾਇਰਾਂ ਨੂੰ ਸ਼ਾਮਲ ਕੀਤਾ ਗਿਆ ਹੈ?
-- ਇਸ ਪ੍ਰਦੇਸ ਵਿਚ ਵਸਦੇ ਲੇਖਕਾਂ ਦੀਆਂ ਰਚਨਾਵਾਂ ਇਕੱਤਰ ਕਰ ਕੇ ਇਕ ਕਾਵਿ ਸੰਗ੍ਰਹਿ ਛਾਪਣ ਦੀ ਜ਼ਿਮੇਵਾਰੀ 'ਕੇਂਦਰੀ ਲੇਖਕ ਸਭਾ ਉਤਰੀ aਮਰੀਕਾ' ਨੇ ਮੇਰੇ ਜ਼ਿਮੇ ਲਾਈ ਸੀ। ਇਨ੍ਹਾਂ ਪੁਸਤਕਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਸਥਾਪਤ ਲੇਖਕਾਂ ਦੇ ਨਾਲ ਨਾਲ ਨਵੇਂ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਹੈ। ਇਨ੍ਹਾਂ ਪੁਸਤਕਾਂ ਵਿਚ ਨਾਂਮਵਰ ਲੇਖਕ ਸਰਵਸ੍ਰੀ ਗੁਰਦੇਵ ਸਿੰਘ ਮਾਨ, ਤਾਰਾ ਸਿੰਘ ਹੇਅਰ, ਰਵਿੰਦਰ ਰਵੀ, ਡਾ. ਗੁਰੂਮੇਲ, ਮਨਜੀਤ ਮੀਤ, ਚਰਨ ਸਿੰਘ, ਇੰਦਰਜੀਤ ਕੌਰ ਸਿੱਧੂ, ਸਵਰਾਜ ਕੌਰ, ਸੁਰਿੰਦਰਪਾਲ ਕੌਰ ਬਰਾੜ ਅਤੇ ਹੋਰ ਤਕਰੀਬਨ ਤੀਹ ਤੋਂ ਵੱਧ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ।
?- ਤੁਹਾਨੂੰ ਨਹੀਂ ਲਗਦਾ ਕਿ ਕਵਿਤਾ ਜੋ ਮਨੁਖੀ ਜਜ਼ਬਿਆਂ ਨੂੰ ਪ੍ਰਗਟਾਉਣ ਦੀ ਮੁੱਢ ਕਦੀਮੀ ਮੁੱਖ ਵਿਧਾ ਸੀ, ਅੱਜ ਬੌਧਿਕਤਾ ਪਰੋਸਣ ਕਾਰਨ ਇਕ ਗੁੰਝਲ ਬਣ ਕੇ ਆਮ ਲੋਕਾਂ ਨਾਲੋਂ ਟੁਟਦੀ ਜਾ ਰਹੀ ਹੈ?
-- ਤੁਹਾਡੀ ਗੱਲ ਦਰੁਸਤ ਹੈ ਕਿ ਬਹੁਤ ਸਾਰੇ ਲੇਖਕ ਬੌਧਿਕਤਾ ਪ੍ਰੋਸਣ ਵਿਚ ਲੱਗੇ ਹੋਏ ਹਨ। ਉਨ੍ਹਾਂ ਦੇ ਮੁਹਾਵਰੇ ਅਤੇ ਖਿਆਲ ਐਨੇ ਗੁੰਝਲਦਾਰ ਬਣਾ ਕੇ ਪੇਸ਼ ਕੀਤੇ ਹੋਏ ਹੁੰਦੇ ਹਨ ਕਿ ਆਮ ਪਾਠਕ ਦੇ ਕੁਝ ਵੀ ਪੱਲੇ ਨਹੀਂ ਪੈਂਦਾ। ਖੁਸ਼ੀ ਦੀ ਗੱਲ ਇਹ ਹੈ ਕਿ ਜ਼ਿਆਦਾ ਲੇਖਕ ਅੱਜ ਵੀ ਆਮ ਪਾਠਕ ਦੀ ਸਮਝ ਵਿਚ ਆਉਣ ਵਾਲੀਆਂ ਰਚਨਾਵਾਂ ਰਚਦੇ ਹਨ। ਜਿੱਥੋਂ ਤੱਕ ਮੇਰੀ ਆਪਣੀ ਕਵਿਤਾ ਦਾ ਸਬੰਧ ਹੈ, ਮੇਰੀਆਂ ਕੁਝ ਗਿਣਤੀ ਦੀਆਂ ਰਚਨਾਵਾਂ ਹੀ ਇਸ ਕੈਟਾਗਰੀ ਵਿਚ ਆਉਂਦੀਆਂ ਹੋਣਗੀਆਂ। ਮੇਰਾ ਖਿਆਲ ਹੈ ਕਿ ਉਨ੍ਹਾਂ ਵਿਚ ਵੀ ਬਹੁਤੀ ਬੌਧਿਕਤਾ ਭਾਰੂ ਨਹੀਂ ਪਰ ਮੇਰੀ ਜ਼ਿਆਦਾ ਕਵਿਤਾ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਹੈ। ਲੇਖਕ ਆਮ ਲੋਕਾਂ ਦੇ ਮੇਚ ਦਾ ਹੋ ਕੇ ਜਿੱਥੇ ਲਿਖਦਾ ਹੈ, ਉਥੇ ਲੇਖਕ ਦਾ ਫਰਜ਼ ਇਹ ਵੀ ਬਣਦਾ ਹੈ ਕਿ ਉਹ ਕਦੇ ਕਦੇ ਪਾਠਕ ਦੀ ਸੋਚ ਨੂੰ ਵੀ ਝੰਜੋੜੇ ਤਾਂ ਕਿ ਪਾਠਕ ਦੀ ਸੋਚ ਦਾ ਪੱਧਰ ਵੀ ਉੱਚਾ ਹੁੰਦਾ ਜਾਵੇ।
?- 1978 ਤੋਂ 1986 ਤੱਕ ਤੁਹਾਡੇ ਅੰਦਰਲਾ ਸ਼ਾਇਰ ਚੁੱਪ ਧਾਰ ਕੇ ਕਿਉਂ ਬੈਠਾ ਰਿਹਾ?
-- ਤੁਸੀਂ ਬੜੀ ਸ਼ਿੱਦਤ ਨਾਲ ਮੇਰੀ ਮਨੋਦਸ਼ਾ ਨੂੰ ਪਕੜਿਆ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਹੈ, 1978 ਤੋਂ 1986 ਤੱਕ ਮੇਰਾ ਕੈਨੇਡਾ ਵਿਚ ਆ ਕੇ ਆਰਥਿਕ ਤੌਰ 'ਤੇ ਪੈਰਾਂ ਸਿਰ ਹੋਣ ਦਾ ਸੰਘਰਸ਼ ਦਾ ਦੌਰ ਸੀ। ਇਸੇ ਸਮੇਂ ਦਰਮਿਆਨ ਸਾਡੇ ਪ੍ਰੀਵਾਰ ਵਿਚ ਕੁਝ ਅਣਹੋਣੀਆਂ ਵਾਪਰੀਆਂ, ਜਿਨ੍ਹਾਂ ਵਿਚ ਸਭ ਤੋਂ ਵੱਡੀ ਸੀ ਮੇਰੇ ਵੱਡੇ ਭਰਾ ਦੀ ਬਿਮਾਰੀ ਅਤੇ ਬਾਅਦ ਵਿਚ ਇਸ ਧਰਤੀ ਤੋਂ ਉਹਦੀ ਰੁਖਸਤ। ਇਸ ਸਮੇਂ ਵਿਚ ਮੇਰਾ ਕਵੀ ਮਨ ਜ਼ਿਆਦਾ ਚੁੱਪ ਰਿਹਾ ਅਤੇ ਜੇਕਰ ਕੁਝ ਲਿਖਿਆ ਤਾਂ ਉਹ ਗ਼ਮਗੀਨ ਸੀ। ਉਸ ਸਮੇਂ ਦੇ ਦੌਰਾਨ ਮੈਂ ਕੈਨੇਡਾ ਦੇ ਉ¥ਤਰੀ ਖਿੱਤੇ ਦੇ ਸ਼ਹਿਰ ਪਰਿੰਸ ਜਾਰਜ ਵਿਚ ਰਹਿੰਦਾ ਸਾਂ, ਜਿੱਥੇ ਕੋਈ ਸਾਹਿਤਕ ਗਤੀਵਿਧੀ ਵੀ ਨਹੀਂ ਸੀ। 1987 ਵਿਚ ਜਦ ਮੈਂ ਵੈਨਕੂਵਰ ਆਇਆ ਤਾਂ ਐਥੇ ਵਸਦੇ ਲੇਖਕਾਂ ਨਾਲ ਮਿਲ ਬੈਠਣ ਨਾਲ, ਅੱਗ ਜੋ ਧੁਖਣ ਜੋਗੀ ਰਹਿ ਗਈ ਸੀ, ਇਕ ਵਾਰ ਫਿਰ ਬਲਣੀ ਸ਼ੁਰੂ ਹੋ ਗਈ।
?- 'ਬਨਵਾਸ ਤੋਂ ਬਾਅਦ' ਕਾਵਿ-ਸੰਗ੍ਰਹਿ ਦੀ ਕਵਿਤਾ 'ਤੰਦ ਯਾਦਾਂ ਦੇ' ਪੂਰਬੀ ਪੱਛਮੀ ਜੀਵਨ ਵਿਚਕਾਰ ਆਪਸੀ ਸਮਝੌਤੇ ਦੀ ਕਵਿਤਾ ਹੈ। ਕੀ ਖਿਆਲ ਹੈ? ਕੁਝ ਸਤਰਾਂ ਸੁਣਾਉਗੇ?
-- ਅਸਲ ਵਿਚ ਇਹ ਕਵਿਤਾ ਇਕ ਧੀ ਦੀ ਆਪਣੀ ਮਾਂ ਨੂੰ ਲਿਖੀ ਹੋਈ ਇਕ ਚਿੱਠੀ ਹੈ, ਜਿਸ ਵਿਚ ਉਹ ਦੋ ਕੁ ਦਹਾਕੇ ਬਾਹਰ ਆ ਕੇ ਆਪਣੀ ਮਾਂ ਨੂੰ ਆਪਣੇ ਉਸ ਸਮੇਂ ਦਾ ਮੁਲਅੰਕਣ ਕਰਦੀ ਹੈ। ਇਸ ਦੀ ਸ਼ੁਰੂਆਤ ਹੀ ਇਸ ਦਾ ਮਕਸਦ ਦੱਸ ਦਿੰਦੀ ਹੈ;
„ਮਾਏ ਨੀ ਤੇਰੀ ਧੀ ਸਿਆਣੀ
ਕਹਿੰਦੀ ਸੀ ਜੀਹਨੂੰ
ਕਰਮਾਂ ਵਾਲੀ ਖਸਮਾਂ ਖਾਣੀ
ਪਾਰ ਸਮੁੰਦਰ ਦੇਸ਼ ਦੇ ਅੰਦਰ
ਧਰਤੀ ਦੇ ਪੀੜ੍ਹੇ 'ਤੇ ਬਹਿ ਕੇ
ਸਮੇਂ ਦੇ ਰੰਗਲੇ ਚਰਖੇ ਉ¥ਤੇ
ਯਾਦਾਂ ਦੇ ਤੰਦ ਪਾ ਰਹੀ ਹੈ
ਕੁਝ ਖੁਸ਼ੀਆਂ ਤੇ
ਕੁਝ ਗ਼ਮੀਆਂ ਦੇ
ਕੱਤ ਗਲੋਟੇ
ਛਿੱਕੂ ਭਰਦੀ ਜਾ ਰਹੀ ਹੈ।„
ਇਸ ਵਿਚ ਉਸ ਧੀ ਦੀ ਮਨੋਅਵਸਥਾ ਪਹਿਲਾਂ ਕੀ ਸੀ! ਸਮੇਂ ਦੇ ਨਾਲ ਕਿਵੇਂ ਜਿਸ ਧਰਤੀ ਨੂੰ ਬਿਗਾਨਾ ਕਹਿੰਦੀ ਸੀ, ਉਸ ਨੂੰ ਆਪਣੀ ਲੱਗਣ ਲਗਦੀ ਹੈ। ਇਹ ਅਸਲ ਵਿਚ ਹਰ ਪ੍ਰਵਾਸੀ ਧੀ ਦੀ ਮਨੋਅਵਸਥਾ ਦਾ ਚਿਤਰਨ ਕਰਦੀ ਹੈ।ਅੰਤ ਵਿਚ ਉਹੀ ਧੀ ਇਸ ਦੇਸ਼ ਬਾਰੇ ਇਉਂ ਮਹਿਸੂਸ ਕਰਦੀ ਹੈ;
„ਇਸ ਦੇਸ਼ ਵਿਚ
ਕੀਤੇ ਕੰਮ ਦਾ ਮੁੱਲ ਮਿਲਦਾ ਹੈ
ਨਿੱਤ ਹੀ ਮਾਏ
ਫੁੱਲਾਂ ਵਰਗਾ ਦਿਨ ਖਿਲਦਾ ਹੈ
ਇਹ ਦੇਸ਼ ਹੁਣ ਰੋਜ਼ ਦਿਹਾੜੀ
ਆਪਣਿਆਂ ਵਾਂਗੂੰ ਨਿੱਤ ਮਿਲਦਾ ਹੈ
ਇਸ ਦੀ ਬੁੱਕਲ ਵਿਚ ਤੇਰੇ ਵਰਗਾ ਨਿੱਘ ਮਿਲਦਾ ਹੈ।„
?'ਪੂਰਬ 'ਚ ਉੱਗਦਾ ਪੱਛਮ' ਵੀ ਦੋ ਸਭਿਆਚਾਰਾਂ ਦਾ ਸਮੀਕਰਨ ਹੈ?
-- ਆਮ ਤੌਰ 'ਤੇ ਦਰਸਾਇਆ ਜਾਂਦਾ ਕਿ ਬੱਚੇ ਵੱਡੇ ਹੋ ਕੇ ਸਭ ਤੋਂ ਵੱਖ, ਇਕੱਲੇ ਇਕੱਲੇ ਸਮਾਂ ਗੁਜ਼ਾਰਨਾ ਚਾਹੁੰਦੇ ਹਨ। ਇਹ ਸੋਚ ਤਾਂ ਹਰ ਕਿਸੇ ਨੇ ਦਰਸਾਈ ਹੈ ਪਰ ਦੂਜਾ ਪੱਖ ਕਿਸੇ ਨੇ ਨਹੀਂ ਦਰਸਾਇਆ ਕਿ ਮਾਂ ਬਾਪ ਵੀ ਆਪਣੀ ਜ਼ਿੰਦਗੀ ਦੇ ਪਿਛਲੇ ਪਹਿਰ ਇਕ ਦੂਜੇ ਨਾਲ ਵਕਤ ਇਕੱਲਿਆਂ ਬਿਤਾਉਣਾ ਚਾਹੁੰਦੇ ਹਨ। ਇਸ ਕਵਿਤਾ ਵਿਚ ਪੱਛਮ ਦੀ ਇਸ ਵਿਚਾਰਧਾਰਾ ਦਾ ਪੂਰਬ ਵਿਚ ਉਦੇ ਹੋਣਾ ਦਰਸਾਇਆ ਗਿਆ ਹੈ। ਇਸ ਕਵਿਤਾ ਦੇ ਸ਼ੁਰੂ ਵਿਚ ਹੀ ਇਸ ਦੇ ਮੰਤਵ ਦਾ ਮੁੱਢ ਬੱਝ ਜਾਂਦਾ ਹੈ;
„ਪੁੱਤ ਸਰਵਣਾ!
ਐਵੇਂ ਕਿਉਂ ਰੋਜ਼
ਸਾਡੀ ਡੰਗੋਰੀ ਵਿਚ
ਅੜ੍ਹਕਦਾ ਫਿਰਦਾ ਏਂ
ਇੱਕਵੀਂ ਸਦੀ ਸ਼ੁਰੂ ਹੈ
ਕਿਉਂ ਚਿੰਬੜਿਆ ਏਂ
ਸਾਨੂੰ ਚਿਚੜੀ ਵਾਂਗੂੰ
ਸਾਨੂੰ ਮਾਂ ਬਾਪ ਨੂੰ
ਇੱਕਲਿਆਂ ਛੱਡ ਦੇ
ਸਾਡੀ ਵੀ ਆਪਣੀ ਜ਼ਿੰਦਗੀ ਹੈ।„
?- ਸਾਹਿਤ ਨੇ ਆਪਣੇ ਸਮੇਂ ਦਾ ਯਥਾਰਥ ਚਿਤਰਨਾ ਹੁੰਦਾ ਹੈ। ਪਰਵਾਸ ਵਿਚ ਤੁਹਾਨੂੰ ਜੋ ਨਹੀਂ ਭਾਇਆ, ਆਪਣੀ ਕਵਿਤਾ ਵਿਚੋਂ ਕੋਈ ਮਿਸਾਲ ਦਿਉਗੇ?
-- ਬਿਲਕੁਲ! ਲੇਖਕ ਹਮੇਸ਼ਾ ਆਪਣੇ ਆਲ਼ੇ ਦੁਆਲ਼ੇ ਤੋਂ ਪ੍ਰਭਾਵਤ ਹੁੰਦਾ ਹੈ। ਜਿਨ੍ਹਾਂ ਸਮਿਆਂ ਵਿਚ ਅਸੀਂ ਪੰਜਾਬ ਵਿਚ ਜਨਮੇ, ਉਸ ਸਮੇਂ ਪੰਜਾਬ ਦਾ ਕੁਦਰਤ ਨਾਲ ਬੜਾ ਨੇੜੇ ਦਾ ਰਿਸ਼ਤਾ ਸੀ। ਯੁਗ ਮਸ਼ੀਨੀ ਨਹੀਂ ਸੀ। ਜੀਵਨ ਵਿਚ ਸਹਿਜਤਾ ਤੇ ਸਰਲਤਾ ਸੀ। ਰਿਸ਼ਤਿਆਂ ਵਿਚ ਬਣਾਉਟੀਪਨ ਨਹੀਂ ਸੀ। ਏਥੇ ਪ੍ਰਦੇਸ ਵਿਚ ਆ ਕੇ ਮੈਂ ਜ਼ਿੰਦਗੀ ਵਿਚ ਬਣਾਉਟੀਪਨ ਬਹੁਤ ਦੇਖਿਆ। ਲੋਕ ਦਿਖਾਵਾ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਮੇਰੀ ਕਵਿਤਾ 'ਅਸਲੀ ਨਕਲੀ' ਵਿਚ ਰਚਿਤ ਹੈ, ਜਿਸ ਵਿਚ ਮੈਂ ਆਪਣੇ ਸ਼ੁਰੂਆਤੀ ਪ੍ਰਵਾਸ ਦੇ ਦਿਨਾਂ ਵਿਚ ਤਾਂ ਐਥੋਂ ਤੱਕ ਲਿਖ ਦਿੱਤਾ ਸੀ;
„ਉਥੇ ਸਭ ਕੁਝ
ਅਸਲੀ ਅਸਲੀ
ਐਥੇ ਸਭ ਕੁਝ
ਨਕਲੀ ਨਕਲੀ
ਮੇਰਿਓ ਮਿੱਤਰੋ, ਮੈਨੂੰ ਦੱਸੋ
ਮੈਂ ਅਸਲੀ ਜਾਂ
ਮੈਂ ਵੀ ਨਕਲੀ?„
ਮਸ਼ੀਨ ਵਾਂਗ ਆਪਣੀ ਚੱਲ ਰਹੀ ਜ਼ਿੰਦਗੀ ਦਾ ਪ੍ਰਵਰਿਸ਼ ਵਿਚੋਂ ਲੰਘਦਿਆਂ ਬੱਚਿਆਂ ਦੀ ਮਾਨਸਿਕਤਾ 'ਤੇ ਸੁਭਾਵਕ ਹੀ ਅਸਰ ਪੂ ਜਾਣਾ ਵੀ ਮੇਰੀ ਕਵਿਤਾ 'ਤੰਦ ਯਾਦਾਂ' ਦੀ ਵਿਚ ਇਸ ਤਰ੍ਹਾਂ ਅੰਕਿਤ ਹੈ;
„ਮਾਏ ਨੀ ਇਸ ਦੇਸ 'ਚ ਬੱਚੇ
ਲੁਕਣਮੀਟੀ ਦਾਈਆਂ ਦੁਕੜੇ
ਗੁੱਲੀ ਡੰਡਾ ਕੁਝ ਨਾ ਖੇਡਣ
ਘਰ ਦੀ ਚਾਰ ਦੀਵਾਰੀ ਅੰਦਰ
ਕੁੱਕੜਾਂ ਵਾਂਗੂੰ ਤਾੜੇ ਰਹਿੰਦੇ
ਜਦ ਰੋਵਣ ਤਾਂ
ਮਾਂ ਬਾਪ ਬਜ਼ਾਰ ਲਿਜਾ ਕੇ
ਕੁਝ ਖਿਡਾਉਣੇ ਲੈ ਦਿੰਦੇ ਨੇ
ਜਦ ਹੀ ਉਸ ਖੇਡ ਤੋਂ
ਬੱਚੇ ਦਾ ਮਨ ਭਰ ਜਾਂਦਾ ਹੈ
ਨਵੇਂ ਖਿਡਾਉਣੇ ਲਿਆ ਦਿੰਦੇ ਨੇ
ਸ਼ਾਇਦ ਇਸੇ ਲਈ
ਛੋਟੀ ਉਮਰ ਖਿਡਾਉਣੇ ਬਦਲਣ
ਵੱਡੇ ਹੋ ਕੇ
ਨਿੱਤ ਨਵੇਂ ਉਹ ਸਾਥੀ ਬਦਲਣ।„
?- ਹਾਇਕੂ ਸ਼ਾਇਰੀ ਵੱਲ ਆਉਣ ਦੀ ਪ੍ਰੇਰਨਾ ਕਿੱਥੋਂ ਮਿਲੀ?
-- ਕੈਨੇਡਾ ਵਿਚ ਬੱਚਿਆਂ ਨੂੰ ਸਕੂਲਾਂ ਵਿਚ ਅੰਗ੍ਰੇਜ਼ੀ ਵਿਚ ਹਾਇਕੂ ਪੜ੍ਹਾਇਆ ਜਾਂਦਾ ਹੈ। ਮੈਨੂੰ ਉਹ ਥੋੜੇ ਸ਼ਬਦਾਂ ਵਿਚ ਤਸਵੀਰ ਚਿਤਰ ਕੇ ਵੱਡੀ ਗੱਲ ਕਰਨੀ ਚੰਗੀ ਲੱਗਦੀ ਹੈ। ਜਪਾਨ ਵਸਦੇ ਪ੍ਰਮਿੰਦਰ ਸੋਢੀ ਨੇ ਜਦ ਪੰਜਾਬੀ ਵਿਚ ਹਾਇਕੂ ਨੂੰ ਆਪਣੀ ਪੁਸਤਕ ਰਾਹੀਂ ਪੇਸ਼ ਕੀਤਾ ਤਾਂ ਮੈਨੂੰ ਲੱਗਿਆ ਕਿ ਸਹੀ ਵਕਤ ਹੈ ਕਿ ਇਸ ਵਿਧਾ 'ਤੇ ਹੱਥ ਅਜ਼ਮਾਇਆ ਜਾਵੇ।ਮੇਰੀ ਪੁਸਤਕ 'ਤ੍ਰੇਲ ਤੁਪਕੇ' ਨਿਰੋਲ ਹਇਕੂ ਕਵਿਤਾ ਦੀ ਪੁਸਤਕ ਹੈ। ਇਸ ਨੂੰ ਬੜਾ ਸਤਿਕਾਰ ਮਿਲਿਆ ਹੈ। ਅਮਰਜੀਤ ਸਾਥੀ ਦੀ ਪੁਸਤਕ ਤੋਂ ਬਾਅਦ ਇਹ ਪਹਿਲੀ ਪੰਜਾਬੀ ਵਿਚ ਨਿਰੋਲ ਹਾਇਕੂ ਦੀ ਪੁਸਤਕ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਇਸ ਪੁਸਤਕ ਦਾ ਰਵਿੰਦਰ ਰਵੀ ਵਰਗੇ ਪ੍ਰੌੜ ਲੇਖਕ ਨੇ ਨੋਟਿਸ ਲਿਆ ਹੈ।
?- ਕੀ ਪਰਮਿੰਦਰ ਸੋਢੀ ਨੇ ਆਪ ਹਾਇਕੂ ਲਿਖੇ ਹਨ?
-- ਪਰਮਿੰਦਰ ਸੋਢੀ ਨੇ ਕੁਝ ਗਿਣਵੇਂ ਹਾਇਕੂ ਹੀ ਲਿਖੇ ਹਨ। ਉਸ ਦੇ ਜ਼ਿਆਦਾ ਹਾਇਕੂ ਜਪਾਨੀ ਹਾਇਕੂ ਲੇਖਕਾਂ ਦੀਆਂ ਰਚਨਾਵਾਂ ਦਾ ਅਨੁਵਾਦ ਹਨ।
?- ਆਪਣੀ ਹਾਇਕੂ ਸ਼ਾਇਰੀ ਦੀ ਪੁਸਤਕ 'ਤ੍ਰੇਲ ਤੁਪਕੇ' ਵਿਚੋਂ ਕੋਈ ਪੰਜ ਹਾਇਕੂ ਸੁਣਾਉ ਜੋ ਤੁਸੀਂ ਅਕਸਰ ਗੁਣਗੁਣਾਉਂਦੇ ਹੋ?
-- ਜੀ ਜ਼ਰੂਰ! ਹਾਜ਼ਰ ਹਨ;
ਬਾਬੇ ਦੀ ਫੋਟੋ
ਮਹਿੰਗੀ ਲੱਕੜ ਦਾ ਫਰੇਮ
ਉਪਰ ਜੰਮੀ ਧੂੜ
ਨਿਸਰੀਆ ਕਣਕਾਂ
ਹਵਾ ਦਾ ਬੁੱਲਾ
ਬੱਲੀਆਂ ਪਾਉਂਦੀਆਂ ਗਿੱਧਾ
ਹੱਥ ਪੱਖੀ
ਉਪਰ ਕੱਢਿਆ ਫੁੱਲ
ਖੁਸ਼ਬੂ ਨਾਲੇ ਪੌਣ
ਨਗਰ ਕੀਰਤਨ
ਪ੍ਰੇਮੀ ਕਰਨ ਗੁਰੂ ਦਰਸ਼ਨ
ਬੀਬੀਆਂ ਦੇਖਣ ਸੂਟ
ਅੰਬਰ ਦੀ ਥਾਲ਼ੀ
ਤਾਰਿਆਂ ਦੀ ਦਾਲ਼
ਚੰਨ ਦੀ ਰੋਟੀ
?- ਕੁਝ ਮਨਪਸੰਦ ਹਾਇਕੂ ਲੇਖਕਾਂ ਦੇ ਨਾਂ ਦੇਣਾ ਚਾਹੋਗੇ?
-- ਜਪਾਨੀ ਲੇਖਕਾਂ ਵਿਚੋਂ 'ਬਾਸੋ' ਅਤੇ ਪੰਜਾਬੀ ਲੇਖਕਾਂ ਵਿਚੋਂ ਅਮਰਜੀਤ ਸਾਥੀ, ਗੁਰਮੀਤ ਸੰਧੂ ਅਤੇ ਦਵਿੰਦਰ ਪੂਨੀਆਂ। ਮੇਰੇ ਮਨਪਸੰਦ ਹਾਇਕੂ ਲੇਖਕ ਹਨ।
?- ਤੁਹਾਡੀ ਸੱਜਰੀ ਛਪੀ ਪੁਸਤਕ 'ਮੋਖਸ਼' ਮਾਂ ਦੇ ਹਰ ਰੂਪ ਨੂੰ ਸਮਰਪਿਤ ਹੈ। ਕਾਰਨ ਦੱਸੋਗੇ? ਕਵਿਤਾ ਦੁਆਰਾ ਹੀ!
-- ਸਾਡੇ ਸਮਾਜ ਵਿਚ ਮਾਂ ਦੀ ਦੇਣ ਨੂੰ ਜ਼ਿਆਦਾ ਤੌਰ 'ਤੇ ਵਪਾਰਕ ਜਿਹਾ ਬਣਾ ਦਿੱਤਾ ਗਿਆ ਹੈ। ਮੈਂ ਉਸ ਨੂੰ ਇਸ ਤੋਂ ਮੁਕਤ ਕਰਨਾ ਚਾਹੁੰਦਾ ਸਾਂ। ਦੂਸਰਾ, ਮੇਰੇ ਲਈ ਮੇਰੀ ਮਾਂ ਤਿੰਨ ਮਾਵਾਂ ਦਾ ਸੁਮੇਲ ਹੈ। ਇਸ ਕਾਵਿ ਸੰਗ੍ਰਹਿ ਵਿਚ ਜਨਮ ਦੇਣ ਵਾਲੀ ਮਾਂ ਨੂੰ ਬੜਾ ਉੱਤਮ ਕਿਹਾ ਹੈ;
„ਪੰਜ ਤੱਤਾਂ ਤੋਂ
ਬਣੀ ਸਾਰੀ ਸ੍ਰਿਸ਼ਟੀ
ਮਾਂ ਤੇਰੇ 'ਚ ਛੇ ਤੱਤ
ਛੇਵਾਂ ਤੱਤ ਕੁੱਖ
ਲੋਕ ਕਹਿੰਦੇ ਹਨ
ਮਾਂ ਦਾ ਕਰਜਾ
ਕਿਵੇਂ ਉਤਾਰੋਗੇ?
ਮਾਂ ਤਾਂ
ਕਰਜ ਚਾੜ੍ਹਦੀ ਹੀ ਨਹੀਂ
ਮਾਂ ਕੋਈ
ਸ਼ਾਹੂਕਾਰ ਨਹੀਂ ਹੈ
ਉਹ ਬੁੱਕਲ ਦੇ ਨਿੱਘ
ਮੱਥੇ 'ਤੇ ਦਿੱਤੇ ਚੁੰਮਣ
ਦਾ ਹਿਸਾਬ ਨਹੀਂ ਰਖਦੀ
ਉਸ ਦਾ ਪਿਆਰ
ਕੋਈ ਕਰਜਾ ਨਹੀਂ
ਉਸ ਦਾ ਮੋਹ
ਇਕ ਦਾਤ ਹੈ / ਇਕ ਸੌਗਾਤ ਹੈ
ਦਾਤ ਦਾ / ਸੌਗਾਤ ਦਾ
ਕੋਈ ਵੀ
ਮੋੜ ਨਹੀਂ ਹੁੰਦਾ।„
?- ਤੁਹਾਡੀ ਸੁਪਤਨੀ ਤੁਹਾਡੀ ਲੇਖਣੀ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਕਦੇ ਉਨ੍ਹਾਂ ਨੇ ਵੀ ਕਵਿਤਾ ਨੂੰ ਪ੍ਰਭਾਵਤ ਕੀਤਾ?
-- ਤੁਸੀਂ ਮੇਰੀ ਇਕ ਪੁਰਾਣੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ ਹੈ। ਅਸਲ ਵਿਚ ਮੇਰੀ ਪਤਨੀ ਮਨਜੀਤ, ਮੈਨੂੰ ਮਿਲਣ ਤੋਂ ਪਹਿਲਾਂ ਮੇਰੀ ਰਚਨਾ ਨੂੰ ਮਿਲ ਚੁੱਕੀ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈ ਕਿ ਮੈਂ ਨਾਰੰਗਵਾਲ ਕਾਲਜ ਵਿਚ ਮੈਗਜ਼ੀਨ ਦਾ ਸੰਪਾਦਕ ਰਿਹਾ ਹਾਂ। ਕਾਲਜ ਦੇ ਪਰਚੇ ਵਿਚ ਮੇਰੀਆਂ ਰਚਨਾਵਾਂ ਛਪਦੀਆਂ ਸਨ। ਉਹ ਇਨ੍ਹਾਂ ਨੇ ਪੜ੍ਹੀਆਂ ਹੋਈਆਂ ਸਨ। ਮੇਰੇ ਸਹੁਰੇ 'ਚਮਿੰਡਾ' ਪਿੰਡ ਹਨ ਜੋ ਕਿ ਗਰੇਵਾਲਾਂ ਦੇ ਪਿੰਡਾਂ ਵਿਚ ਘਿਰਿਆ ਹੋਇਆ ਇਕੋ ਇਕ ਸਿੱਧੂਆਂ ਦਾ ਪਿੰਡ ਹੈ। ਉਸ ਪਿੰਡ ਦੇ ਵਿਦਿਆਰਥੀ ਨਾਰੰਗਵਾਲ ਕਾਲਜ ਵਿਚ ਹੀ ਪੜ੍ਹਦੇ ਸਨ। ਕੈਨੇਡਾ ਆਉਣ ਤੋਂ ਪਹਿਲਾਂ ਮਨਜੀਤ ਵੀ ਨਾਰੰਗਵਾਲ ਪੜ੍ਹਦੀ ਸੀ। ਮੇਰੀਆਂ ਲਿਖਤਾਂ ਨੇ ਉਸ ਉਪਰ ਕਾਫੀ ਪ੍ਰਭਾਵ ਛੱਡਿਆ ਹੋਇਆ ਸੀ। ਬੱਸ ਵਿਆਹ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਂ ਆਮ ਜਿਹਾ ਬੰਦਾ ਹੀ ਹੈ। ਵਿਆਹ ਤੋਂ ਬਾਅਦ ਮਨਜੀਤ ਦਾ ਮੇਰੀ ਲੇਖਣੀ 'ਤੇ ਵੱਡਾ ਪ੍ਰਭਾਵ ਹੈ। ਮੇਰੇ ਪਾਠਕਾਂ ਤੋਂ ਪਹਿਲਾਂ ਉਨ੍ਹਾਂ ਨੂੰ ਮੈਂ ਆਪਣੀਆਂ ਰਚਨਾਵਾਂ ਸਣਾਉਂਦਾ ਹਾਂ। ਬਹੁਤ ਸਾਰੀਆਂ ਨੂੰ ਉੇਨ੍ਹਾਂ ਨੇ ਨਾ ਪਸੰਦ ਵੀ ਕੀਤਾ ਹੈ। ਇਸ ਅਲੋਚਣਾ ਕਰਕੇ ਮੈਂ ਆਪਣੀਆਂ ਕਈ ਰਚਨਾਵਾਂ ਪਾੜ ਕੇ ਸੁੱਟੀਆਂ ਹਨ। ਕਈ ਰਚਨਾਵਾਂ ਉਨ੍ਹਾਂ ਨੂੰ ਸੰਬੋਧਨ ਵੀ ਹਨ ਤੇ ਕਈ ਉਨ੍ਹਾਂ ਤੋਂ ਪ੍ਰਭਾਵ ਕਬੂਲ ਕੇ ਲਿਖੀਆਂ ਗਈਆਂ ਹਨ। 'ਮੋਖਸ਼' ਵਿਚਲੇ ਮਾਂ ਦੇ ਪਾਤਰ ਵਿਚ ਉਸ ਦੀ ਆਤਮਾ ਵੀ ਸ਼ਾਮਲ ਹੈ। ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਮਨਜੀਤ ਨੇ ਜਿਸ ਕਵਿਤਾ ਨੂੰ ਪਸੰਦ ਕੀਤਾ ਹੈ, ਪਾਠਕਾਂ ਨੇ ਵੀ ਉਸ ਨੂੰ ਸਲਾਹਿਆ ਹੈ। ਅੱਜ ਵੀ ਮੇਰੀਆਂ ਰਚਨਾਵਾਂ ਦੀ ਉਹ ਪਹਿਲੀ ਪਾਠਕ ਹੁੰਦੀ ਹੈ। ਉਹ ਆਪ ਵੀ ਕਲਚਰਲ ਤੌਰ 'ਤੇ ਕਾਫੀ ਸਰਗਰਮ ਹੈ। ਉਨ੍ਹਾਂ ਦੀਆਂ ਮੀਟਿੰਗਾਂ ਵਿਚ ਵੀ ਲੋੜ ਪੈਣ 'ਤੇ ਉਹ ਮੇਰੀਆਂ ਰਚਨਾਵਾਂ ਸਾਂਝੀਆਂ ਕਰਦੀ ਰਹਿੰਦੀ ਹੈ।
?- ਗਿੱਲ ਸਾਹਿਬ, ਇਹ ਤਾਂ ਵਧੀਆ ਗੱਲ ਹੈ। ਹੁਣ ਬੱਚਿਆਂ ਬਾਰੇ ਵੀ ਦੱਸੋ?
-- ਸਾਡੀ ਇਕੋ ਬੱਚੀ ਹੈ, ਕਮਲਪ੍ਰੀਤ। ਉਸ ਨੇ ਮੈਰੀਨ-ਇੰਜਨੀਰਿੰਗ ਦੀ ਡਿਗਰੀ ਕੀਤੀ ਹੋਈ ਹੈ। ਵਿਆਹ ਤੋਂ ਪਹਿਲਾਂ ਉਹ 'ਪਰਿੰਸਸ ਕਰੂਜ਼ਜ਼' ਨਾਮ ਦੀ ਕਰੂਜ਼ ਕੰਪਨੀ ਵਿਚ ਇੰਜਨੀਅਰ ਦੀ ਨੌਕਰੀ ਕਰਦੀ ਸੀ। ਉਸ ਦਾ ਵਿਆਹ ਅਮਨ ਬੋਪਾਰਾਏ ਨਾਲ ਹੋਇਆ, ਜਿਸ ਨੇ ਬਿਜਨਸ ਐਡਮਨਿਸਟਰੇਸ਼ਨ ਦੀ ਮਾਸਟਰਜ਼ ਕੀਤੀ ਹੋਈ ਹੈ। ਸਾਡਾ ਤਿੰਨ ਸਾਲ ਦਾ ਦੋਹਤਾ ਹੈ, ਜਿਸ ਦਾ ਨਾਂ ਏਕਮ ਹੈ। ਕਮਲਪ੍ਰੀਤ ਹੁਣ 'ਯੋਡੀਅਕ' ਨਾਮ ਦੀ ਕੰਪਨੀ ਵਿਚ ਇੰਜਨੀਅਰ ਹੈ ਅਤੇ ਅਮਨ ਫਾਈਨਾਨਸ ਕੰਪਨੀ ਵਿਚ ਹੈ। ਉਹ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਵੱਲੋਂ ਅਸੀਂ ਸੰਤੁਸ਼ਟ ਹਾਂ। ਅੱਜ ਅਸੀਂ ਆਪਣੇ ਜੀਵਨ ਤੋਂ ਵੀ ਸੰਤੁਸ਼ਟ ਹਾਂ। ਮੇਰੇ ਮਾਤਾ ਪਿਤਾ ਵੀ ਸਾਡੇ ਨਾਲ ਰਹਿੰਦੇ ਹਨ ਅਤੇ ਉਹ ਸਿਆਲਾਂ ਵਿਚ ਪੰਜ ਮਹੀਨਿਆਂ ਲਈ ਇੰਡੀਆ ਚਲੇ ਜਾਂਦੇ ਹਨ।
?- 'ਮੋਖਸ਼' ਤੋਂ ਮਗਰੋਂ ਵੈਸੇ ਕੁਝ ਪ੍ਰਾਪਤੀ ਪੱਖ ਤੋਂ ਬਕਾਇਆ ਤਾਂ ਨਹੀਂ ਬਚ ਜਾਂਦਾ, ਫੇਰ ਵੀ ਤੁਹਾਡੀ ਭਵਿਖੀ ਯੋਜਨਾ ਕੀ ਹੈ?
-- ਮੈਂ ਕੁਝ ਕਿਤਾਬਾਂ 'ਤੇ ਕੰਮ ਕਰ ਰਿਹਾ ਹਾਂ ਜੋ ਹੌਲ਼ੀ ਹੌਲ਼ੀ ਛਪਣ ਲਈ ਜਾਣਗੀਆਂ। ਜਿਵੇਂ ਮੈਂ ਪਹਿਲਾਂ ਦੱਸਿਆ ਹੈ, 'ਇੰਡੋ ਕੈਨੇਡੀਅਨ ਟਾਇਮਜ਼' ਜੋ ਕੈਨੇਡਾ ਦਾ ਸਭ ਤੋਂ ਪੁਰਾਣਾ ਹਫਤਾਵਾਰੀ ਪਰਚਾ ਹੈ, ਉਸ ਵਿਚ ਮੇਰੇ ਵਾਰਤਕ ਅਤੇ ਹਾਸ ਵਿਅੰਗ ਦੇ ਲੜੀਵਾਰ ਛਪਦੇ ਕਾਲਮ ਕਾਫੀ ਪਸੰਦ ਕੀਤੇ ਜਾ ਰਹੇ ਹਨ।ਭਵਿਖ ਵਿਚ ਕਹਾਣੀਆਂ ਅਤੇ ਨਾਵਲ ਰਚਣ ਦਾ ਵੀ ਇਰਾਦਾ ਹੈ। ਕਈ ਕਹਾਣੀਆਂ ਮੇਰੇ ਅੰਦਰ ਸੁਲਘ ਰਹੀਆਂ ਹਨ, ਜਦ ਸਮਾਂ ਆਇਆ ਤਾਂ ਉਨ੍ਹਾਂ ਨੂੰ ਵੀ ਕਾਗਜ਼ ਦੀ ਹਿੱਕ ਨਸੀਬ ਹੋਵੇਗੀ। ਜਿੱਥੋਂ ਤੱਕ ਮੇਰੀ ਕਵਿਤਾ ਦਾ ਸਬੰਧ ਹੈ, ਮੈਂ ਕਵਿਤਾ ਨਹੀਂ ਲਿਖਦਾ, ਕਵਿਤਾ ਆਪ ਆ ਕੇ ਮੈਨੂੰ ਲਿਖਣ ਲਈ ਮਜਬੂਰ ਕਰਦੀ ਹੈ। ਮੈਂ ਸਹੇ ਦੀ ਚਾਲ ਨਾਲੋਂ ਕੱਛੂਕੁੰਮੇ ਦੀ ਚਾਲ ਨਾਲ ਲਿਖਣਾ ਪਸੰਦ ਕਰਦਾ ਹਾਂ। ਚੰਗਾ ਸਾਹਿਤ ਪੜ੍ਹਨਾ ਮੇਰੀ ਕਮਜ਼ੋਰੀ ਹੈ। ਭਵਿਖ ਵਿਚ ਛੇਤੀ ਹੀ ਕਵਿਤਾ ਦੀਆਂ ਪੁਸਤਕਾਂ ਵੀ ਪਾਠਕਾਂ ਸਾਹਵੇਂ ਹੋਣਗੀਆਂ।
?- ਕੋਈ ਹੋਰ ਸਵਾਲ ਜੋ ਆਪਣੇ ਆਪ ਨੂੰ ਕਰਨਾ ਚਾਹੋ?
-- ਬਿਲਿੰਗ ਜੀ, ਤੁਹਾਡੇ ਸੁਆਲ ਐਨੇ ਵਿਸਥਰਿਤ ਸਨ ਕਿ ਮੈਨੂੰ ਨਹੀਂ ਲਗਦਾ ਹੋਰ ਕੋਈ ਪੱਖ ਰਹਿ ਗਿਆ ਹੋਵੇ ਪਰ ਅੰਤ ਵਿਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਮੇਰੇ ਨਾਲ ਗੱਲ ਬਾਤ ਕਰਨ ਤੋਂ ਪਹਿਲਾਂ ਤੁਸੀਂ ਮੇਰੀਆਂ ਅੱਜ ਤੱਕ ਦੀਆਂ ਸਾਰੀਆਂ ਰਚਨਾਵਾਂ ਪੜ੍ਹੀਆਂ ਅਤੇ ਭਾਵਪੂਰਤ ਸਵਾਲ ਪੁੱਛੇ। ਮੇਰੇ ਅੰਦਰ ਕਿਸੇ ਕਾਲ ਕੋਠੜੀ ਵਿਚ ਛੁਪੇ ਬੈਠੇ ਵਲਵਲਿਆਂ ਨੂੰ ਤੁਸਾਂ ਰੌਸ਼ਨੀ ਵਿਚ ਲਿਆਂਦਾ। ਬਹੁਤ ਬਹੁਤ ਧੰਨਵਾਦ!
ਅਵਤਾਰ ਬਿਲਿੰਗ ਦਾ ਸੰਪਰਕ ਨੰਬਰ: 82849 09596
Manga Basi
good