ਉਹਨਾਂ ਹਾਲੇ ਮਿਡਲ ਪਾਸ ਹੀ ਕੀਤਾ ਸੀ, ਵਿਆਹ ਹੋ ਗਿਆ, ਮੇਰੀ ਦਾਦੀ ਬਹੁਤ ਸੋਹਣੀ ਅਤੇ ਦਿਆਲੂ ਔਰਤ ਸੀ। ਦਾਦੀ ਦਾ ਇਕ ਮਾਮਾ ਫੌਜ ਵਿਚ ਰਸਾਲਦਾਰ ਸੀ, ਜਿਸਨੇ ਮੇਰੇ ਦਾਦਾ ਜੀ ਨੂੰ ਰਸਾਲੇ ਵਿਚ ਭਰਤੀ ਕਰਵਾ ਦਿੱਤਾ, ਜਦੋਂ ਕਿ ਦਾਦਾ ਜੀ ਸਕੂਲ ਅਧਿਆਪਕ ਵਜੋਂ ਨੌਕਰੀ ਲਈ ਚੁਣੇ ਜਾ ਚੁਕੇ ਸਨ, ਇਸ ਗਲ ਦਾ ਪਛਤਾਵਾ ਉਹਨਾਂ ਨੂੰ ਸਾਰੀ ਉਮਰ ਰਿਹਾ। ਦਾਦਾ ਜੀ ਪੜ੍ਹੇ ਹੋਣ ਕਰਕੇ ਛੇਤੀ ਹੀ ਘੋੜ ਰਸਾਲੇ ਵਿਚ ਦਫੇਦਾਰ(ਹੌਲਦਾਰ) ਬਣ ਗਏ, ਪਰ ਉਹਨਾਂ ਦਾ ਫੌਜ ਵਿਚ ਮਨ ਨਹੀਂ ਲਗਿਆ, ਬੀਮਾਰ ਰਹਿਣ ਲਗ ਪਏ, ਛੇਤੀ ਰੀਟਾਇਰ ਹੋ ਕੇ ਘਰ ਆ ਗਏ। ਮੇਰੇ ਪਿਤਾ ਜੀ ਹੁਕਮ ਸਿੰਘ ਚਾਰ ਭਰਾਵਾਂ ‘ਚੋਂ ਸਭ ਤੋਂ ਵਡੇ ਸਨ। ਪਿੰਡਾਂ ਵਿਚ ਤੁਹਾਨੂੰ ਪਤਾ ਹੀ ਹੈ, ਆਪਣੇ ਸ਼ਰੀਕੇ ਕਬੀਲੇ ਦੀ ਕਿੰਨੀ ਸਪੋਰਟ ਜੱਟ ਦੇ ਪੁੱਤ ਨੂੰ ਸਵੈਮਾਣ ਨਾਲ ਜੀਣ ਲਈ ਚਾਹੀਦੀ ਹੁੰਦੀ ਹੈ, ਜਿਸਦੀ ਘਾਟ ਕਰਕੇ ਮੇਰੇ ਪਿਤਾ ਜੀ ਦਾ ਪਾਲਣ ਪੋਸਣ ਬਹੁਤ ਖਬਰਦਾਰੀ ਨਾਲ ਹੋਇਆ, ਉਹਨਾਂ ਨੂੰ ਬਚਪਨ ਤੋਂ ਹੀ ਓਵਰ ਪਰੋਟੈਕਸ਼ਨ ਵਿਚ ਪਾਲਿਆ ਗਿਆ ਸੀ, ਅਤੇ ਉਹ ਵੀ ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਮੈਟਰਿਕ ਕਰਕੇ ੧੭ ਸਾਲ ਦੀ ਉਮਰੇ ਫੌਜ ਵਿਚ ਭਰਤੀ ਹੋ ਗਏ, ਹਾਕੀ ਦੇ ਚੰਗੇ ਖਿਡਾਰੀ ਹੋਣ ਕਰਕੇ ਉਹਨਾਂ ਦੀ ਤਰੱਕੀ ਹੁੰਦੀ ਰਹੀ ਅਤੇ ਉਹ ਮੇਜਰ ਦੇ ਔਹਦੇ ਤੋਂ ਰੀਟਾਇਰ ਹੋਏ। ਮੈਂ ਦੋ ਭਰਾਵਾਂ ‘ਚੋਂ ਛੋਟਾ ਹਾਂ, ਸਭ ਤੋਂ ਵਡੀ ਭੈਣ ਹੈ ਅਤੇ ਦੋ ਭੈਣਾਂ ਮੇਰੇ ਤੋਂ ਛੋਟੀਆਂ ਹਨ, ਪੰਜ ਭੈਣ ਭਰਾਵਾਂ ‘ਚੋਂ ਮੈ ਵਿਚਾਲੜਾ ਹਾਂ ਮੇਰਾ ਪਾਲਣ ਪੋਸ਼ਣ ਸੰਯੁਕਤ ਪਰਿਵਾਰ ਵਿਚ ਹੋਇਆ, ਜਿਥੇ ਚਾਚੇ ਚਾਚੀਆਂ ਤੋਂ ਲਾਡ ਮਿਲਿਆ, ਚਚੇਰੇ ਭੈਣ ਭਰਾਵਾਂ ਤੋਂ ਆਦਰ । ਮੇਰਾ ਬਹੁਤਾ ਬਚਪਨ ਪਿੰਡ ਵਿਚ ਹੀ ਗੁਜ਼ਰਿਆ, ਪਰ ਜਦੋਂ ਕਦੀ ਪਿਤਾ ਜੀ ਦੀ ਬਦਲੀ ਛਾਉਣੀ ਵਿਚ ਹੋ ਜਾਂਦੀ, ਉਹ ਪਰਿਵਾਰ ਨੂੰ ਨਾਲ ਲੈ ਜਾਂਦੇ।
?ਤੁਸੀਂ ਸੁਭਾ ਅਤੇ ਆਦਤਾਂ ਕਰਕੇ ਧੜਵੈਲ ਪੜਦਾਦੇ, ਸਾਊ ਦਾਦੇ ਅਤੇ ਅਨੁਸਾਸ਼ਨੀ ਬਾਪ ਵਿਚੋਂ ਕਿਸ ਵਰਗੇ ਹੋ?
ਮੈਂ ਪੜਦਾਦੇ ਵਰਗਾ ਤਾਂ ਕਿਸੇ ਸੂਰਤ ਵਿਚ ਵੀ ਨਹੀਂ ਹਾਂ। ਕੁਝ ਕੁਝ ਆਪਣੇ ਦਾਦੇ ਵਰਗਾ ਅਤੇ ਕੁਝ ਕੁਝ ਬਾਪੂ ਜੀ ਵਰਗਾ ਜ਼ਰੂਰ ਹਾਂ। ਮੇਰੇ ਦਾਦਾ ਜੀ ਅਤੇ ਬਾਪੂ ਜੀ ਦੋਵੇਂ ਮੇਰੇ ਨਾਇਕ ਹਨ। ਕਈ ਪੁਸਤਾਂ ਤੋਂ ਸਾਡੇ ਘਰ ਵਿਚ ਮਰਦਾਂ ਦੀ ਘਾਟ ਹੋਣ ਕਰਕੇ ਸਾਡੇ ਪਰਿਵਾਰ ਵਿਚ ਮਰਦਾਂ ਨੂੰ ਇਤਿਆਤ ਨਾਲ ਜੀਵਨ ਬਸਰ ਕਰਨ ਦੀ ਜਾਚ ਸਿਖਾਈ ਜਾਂਦੀ ਰਹੀ ਅਤੇ ਮੈ ਓਸੇ ਜੀਵਨ ਜਾਚ ਦੀ ਉਪਜ ਹਾਂ।ਕਾਸ਼ ਮੇਰੇ ਜੀਨ ਨਾਨਕਿਆਂ ‘ਤੇ ਹੁੰਦੇ, ਜਿਹੜੇ ਭਾਵੇਂ ਸਾਧਾਰਣ ਵਾਹੀ ਕਰਨ ਵਾਲੇ ਜੱਟ ਸਨ, ਪਰ ਬੜੇ ਰਿਸ਼ਟ ਪੁਸਟ ਸਨ। ਮੇਰੇ ਸਾਰੇ ਮਾਮੇ ਬਿਨਾਂ ਕਿਸੇ ਰੋਗ ਤੋਂ ੯੦ ਸਾਲ ਤੋਂ ਉਪਰ ਉਮਰ ਭੋਗ ਕੇ ਪੂਰੇ ਹੋਏ। ਇਕੋ ਇਕ ਮਾਸੀ ੧੦੦ ਵਰ੍ਹੇ ਤੋਂ ਉਪਰ ਜੀਵੀ। ਮੇਰੇ ਮਾਤਾ ਜੀ ੯੨ ਸਾਲ ਦੀ ਉਮਰ ਵਿਚ ਆਪਣੀ ਕਿਰਿਆ ਸੋਧ ਰਹੇ ਹਨ।
?ਤੁਹਾਨੂੰ ਆਪਣੇ ਵਡੇਰਿਆਂ ਬਾਰੇ ਬਹੁਤ ਮਾਣ ਹੈ। ਤੁਸੀਂ ਵਿਦੇਸ਼ ਜਾਕੇ ਕੀ ਖੱਟਿਆ ਅਤੇ ਕੀ ਗੁਆਇਆ?
ਮੇਰੇ ਵਡੇਰੇ ਖਾਸ ਕਰਕੇ ਮੇਰੇ ਦਾਦਾ ਜੀ, ਬਾਪੂ ਜੀ ਅਤੇ ਚਾਚਾ ਜੀ, ਸਾਡੇ ਪਿੰਡ ਦੇ ਮੋਹਤਬਰ ਬੰਦਿਆਂ ਵਿਚ ਗਿਣੇ ਜਾਂਦੇ ਰਹੇ ਹਨ। ਮੈਨੂੰ ਇਸ ਗੱਲ ਦਾ ਮਾਣ ਵੀ ਹੈ। ਪਰ ਮੈਂ ਆਪਣੀ ਉਮਰ ਦਾ ਬਹੁਤਾ ਹਿੱਸਾ ਪ੍ਰਦੇਸ ਵਿਚ ਗੁਜ਼ਾਰਿਆ ਹੈ। ਮੈਂ ਜੋ ਕੁਝ ਵੀ ਹਾਂ ਆਪਣੀ ਮਿਹਨਤ ਅਤੇ ਜਾਤੀ ਘਾਲਣਾ ਕਰਕੇ ਹੀ ਹਾਂ। ਮੇਰੇ ਤੋਂ ਪਹਿਲਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਪਰਦੇਸ ਵਿਚ ਨਹੀਂ ਸੀ, ਇਥੋਂ ਤਕ ਕਿ ਕੋਈ ਨਜਦੀਕੀ ਰਿਸ਼ਤੇਦਾਰ ਵੀ ਨਹੀ ਸੀ। ਪਰਿਵਾਰ ਵਿਚੋਂ ਸਿਖੀ ਹਲੀਮੀ ਅਤੇ ਨਿਮਰਤਾ ਕਾਰਨ ਹੀ ਮੈਂ ਪ੍ਰਦੇਸ ਵਿਚ ਰਹਿੰਦੇ ਆਪਣੇ ਹਮਵਤਨਾਂ ਅਤੇ ਪ੍ਰਦੇਸੀ ਲੋਕਾਂ ਵਿਚ ਮਕਬੂਲ ਹੋ ਸਕਿਆ ਹਾਂ।
?ਮੁਢਲੀ ਅਤੇ ਕਾਲਜ ਦੀ ਵਿੱਦਿਆ ਬਾਰੇ ਵੀ ਦੱਸੋ?
ਜਿਵੇਂ ਮੈਂ ਪਹਿਲਾਂ ਦਸਿਆ ਹੈ, ਪਿਤਾ ਜੀ ਫੌਜ ਵਿਚ ਸਨ। ਸਾਡੇ ਮਾਤਾ ਜੀ ਨੇ ਹੀ ਸਾਡੀ ਪੜ੍ਹਾਈ ਦੀ ਨਿਗਰਾਨੀ ਰੱਖੀ। ਖਾਸ ਕਰਕੇ ਮੇਰੀਆਂ ਭੈਣਾਂ ਨੂੰ ਵਿੱਦਿਆ ਦਿਵਾਉਣ ਵਿਚ ਮਾਤਾ ਜੀ ਦਾ ਬਹੁਤ ਯੋਗਦਾਨ ਹੈ। ਸਾਨੂੰ ਕਈ ਵਾਰ ਬਾਪੂ ਜੀ ਦੇ ਨਾਲ ਫੌਜੀ ਛੌਣੀਆਂ ਵਿਚ ਜਾ ਕੇ ਰਹਿਣਾ ਪਿਆ, ਇਹੀ ਕਾਰਣ ਹੈ ਕਿ ਮੇਰੇ ਪੜ੍ਹਾਈ ਦੇ ਕਈ ਸਾਲ ਦੇਸ਼ ਦੇ ਵਖੋ ਵਖਰੇ ਭਾਸ਼ਾ ਮਾਧਿਅਮ ਅਤੇ ਸਿਲੇਬਸ ਦੀ ਭੇਂਟ ਚ੍ਹੜ ਗਏ। ਜਦੋਂ ਵੀ ਪੰਜਾਬ ਤੋਂ ਬਾਹਰ ਜਾਂ ਮੁੜ ਕੇ ਪੰਜਾਬ ਵਿਚ ਪੜ੍ਹਨ ਲਗਿਆ ਸਾਲ ਮਾਰਿਆ ਜਾਂਦਾ ਰਿਹਾ। ਮੈਂ ਕਈ ਸਕੂਲਾਂ ਵਿਚ ਪੜ੍ਹਿਆ ਹਾਂ, ਮਿਡਲ ਤਕ ਪਿੰਡ ਦੇ ਸਰਕਾਰੀ ਹਾਈ ਸਕੂਲ ਸਾਹਨੇਵਾਲ ਵਿਚ, ਫਿਰ ਕੈਂਟਬੋਰਡ ਹਾਈ ਸਕੂਲ ਜਲੰਧਰ ਛਾਉਣੀ, ਜਿਥੇ ਪੜ੍ਹਦਿਆਂ ਹਾਲੇ ਸਾਲ ਕੁ ਹੋਇਆ ਸੀ ਬਾਪੂ ਜੀ ਦੀ ਬਦਲੀ ਲਖਨਊ ਛਾਉਣੀ ਦੀ ਹੋ ਗਈ, ਉਹਨਾਂ ਨੂੰ ਫੈਮਲੀ ਨਾਲ ਲਖਨਊ ਮੂਵ ਕਰਨ ਦੀ ਸਹੂਲਤ ਫੌਜ ਵਲੋਂ ਆਫਰ ਕੀਤੀ ਗਈ, ਜਿਸਦੀ ਸਹਿਮਤੀ ਉਹਨਾਂ ਕਾਫੀ ਜਕੋ ਤਕੀ ਤੋਂ ਬਾਦ ਹੀ ਦਿੱਤੀ। ਲਖਨਊ ਵਿਚ ਫਿਰ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਾਉਣ ਦਾ ਮਸਲਾ ਉਹਨਾਂ ਸਾਹਮਣੇ ਆ ਗਿਆ। ਛੋਟੀਆਂ ਭੈਣਾਂ ਤਾਂ ਜਲੰਧਰ ਵੀ ਸੈਂਟਰਲ ਸਕੂਲ ਵਿਚ ਪੜ੍ਹਦੀਆਂ ਆਈਆਂ ਸਨ, ਉਹਨਾਂ ਨੂੰ ਝੱਟ ਲਖਨਊ ਛਾਉਣੀ ਦੇ ਸੈਂਟਰਲ ਸਕੂਲ ‘ਚ ਦਾਖਲਾ ਮਿਲ ਗਿਆ। ਵਡੇ ਭੈਣ ਜੀ ਸਿਧਵਾਂ ਕਾਲਜ ਤੋਂ ਬੀ ਏ ਕਰਕੇ ਆਏ ਸਨ, ਉਹ ਲਖਨਊ ਯੂਨੀਵਰਸਿਟੀ ਵਿਚ ਐਮ ਏ ਰਾਜਨੀਤੀ ਸ਼ਾਸਤਰ ਕਰਨ ਲਗ ਪਏ। ਹੁਣ ਸਾਨੂੰ ਦੋ ਭਰਾਵਾਂ ਨੂੰ ਸਕੂਲ ਦਾਖਲ ਕਰਵਾਉਣਾ ਸੀ। ਬਾਪੂ ਜੀ, ਟੈਰੀਟੋਰੀਅਲ ਆਰਮੀ ਦੀ ਸਿਗਨਲ ਕੋਰ ਬਟਾਲੀਅਨ ਦੇ ਕਮਾਂਡਟ ਸਨ, ਲੋਕਲ ਬੰਦੇ ਹੀ ਇਹਦੇ ਵਿਚ ਸ਼ਾਮਲ ਹੋ ਕੇ ਫੌਜੀ ਸਿਖਲਾਈ ਲੈ ਰਹੇ ਸਨ, ਜਿਹਨਾਂ ਵਿਚ (ਨਵਾਬ) ਅਮੀਰ-ਉਦ-ਦੌਲਾ ਇਸਲਾਮੀਆ ਇੰਟਰ ਕਾਲਜ ਦਾ ਫਿਜੀਕਲ ਐਜੂਕੇਸ਼ਨ ਦਾ ਟੀਚਰ ਅਹਿਮਦ ਹਸਨ ਵੀ ਸਾਮਲ ਸੀ, ਜਿਸਨੇ ਸਾਨੂੰ ਦੋਹਾਂ ਭਰਾਵਾਂ ਨੂੰ ਆਪਣੇ ਇੰਟਰ ਕਾਲਜ ਵਿਚ ਦਾਖਲ ਕਰਵਾ ਦਿੱਤਾ। ਮਸਾਂ ਡੇਢ ਕੁ ਸਾਲ ਹੀ ਲੰਘਿਆ, ਨਵੰਬਰ ੧੯੬੨ ਵਿਚ ਭਾਰਤ ਚੀਨ ਦੀ ਜੰਗ ਸ਼ੁਰੂ ਹੋ ਗਈ ਅਤੇ ਬਾਪੂ ਜੀ ਦੀ ਬਦਲੀ ਲਦਾਖ ਦੀ ਰਾਜਧਾਨੀ ਲੇਹ ਦੀ ਹੋ ਗਈ, ਅਤੇ ਅਸੀਂ ਸਾਰੇ, ਵਡੇ ਭੈਣ ਜੀ ਤੋਂ ਬਿਨਾਂ ਦੋ ਭਰਾ ਅਤੇ ਦੋ ਛੋਟੀਆਂ ਭੈਣਾਂ ਫਿਰ ਪੰਜਾਬ ਮੁੜ ਆਏ, ਓਦੋਂ ਤਕ ਮੈਂ ਮੈਟਰਿਕ ਕਰ ਚੁੱਕਾ ਸਾਂ, ਇਸ ਦੌਰਾਨ ਦੋ ਸਾਲ ਮੈਂ ਵਿਹਲਾ ਰਿਹਾ ਅਤੇ ੧੯੬੪ ਵਿਚ ਮੈਨੂੰ ਜੀ ਐਚ ਜੀ ਖਾਲਸਾ ਕਾਲਜ ਗੁਰੂ ਸਰ ਸਧਾਰ, ਜਿਲਾ ਲੁਧਿਆਣਾ ਵਿਚ ਪ੍ਰੀ ਯੂਨੀਵਰਸਿਟੀ ਵਿਚ ਦਾਖਲ ਕਰਵਾ ਦਿੱਤਾ, ਜਿਥੇ ਸਧਾਰ ਪਿੰਡ ਦੇ ਹੀ ਮੇਰੇ ਫੁਫੜ ਜੀ ਪ੍ਰੋ. ਘਮੰਡਾ ਸਿੰਘ ਗਿੱਲ ਕਾਲਜ ਵਿਚ ਇਨਾਮਿਕਸ ਪੜ੍ਹਾਉਂਦੇ ਸਨ ਅਤੇ ਦੋ ਸਾਲ ਬਾਦ ੧੯੬੬ ਵਿਚ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਆ ਗਿਆ ਜਿਥੋਂ ੧੯੬੮ ਵਿਚ ਬੀ ਏ ਕੀਤੀ।
? ਸਕੂਲ ਕਾਲਜ ਪੜ੍ਹਦਿਆਂ ਕਿਹੜੇ ਸ਼ੌਕ ਪਾਲਦੇ ਰਹੇ?
ਮੈਂ ਸਕੂਲ ਤੋਂ ਹੀ ਮਾੜਚੂ ਜਿਹਾ ਸਾਂ, ਕਿਸੇ ਖੇਡ ਵਿਚ ਰੁਚੀ ਨਹੀਂ ਬਣ ਸਕੀ ਜਾਂ ਇਹ ਕਹਿ ਲਵੋ ਕਿ ਭਾਗ ਲੈਣ ਤੋਂ ਡਰਦਾ ਸਾਂ, ਇਸੇ ਕਰਕੇ ਗੰਭੀਰ ਅਤੇ ਸੰਗਾਊ ਜਿਹਾ ਵਿਦਿਆਰਥੀ ਬਣਿਆ ਰਿਹਾ, ਪਿੰਡ ਦੇ ਸਕੂਲ ‘ਚੋਂ ਨਿਕਲ ਕੇ ਜਦ ਕੈਂਟਬੋਰਡ ਹਾਈ ਸਕੂਲ ਜਲੰਧਰ ਛਾਉਣੀ ਵਿਚ ਨੌਵੀਂ ਜਮਾਤ ਵਿਚ ਦਾਖਲ ਹੋਇਆ ਤਾਂ ਓਥੇ ਪੰਜਾਬੀ ਦੇ ਅਧਿਆਪਕ ਗਿਆਨੀ ਭਜਨ ਸਿੰਘ ਨੇ ਮੇਰਾ ਇਕ ਲੇਖ ਪੜ੍ਹ ਕੇ ਮੇਰੀ ਸਾਰੀ ਕਲਾਸ ਸਾਹਮਣੇ ਸਰਾਹਨਾ ਕੀਤੀ ਅਤੇ ਲੇਖ ਪੜ੍ਹ ਕੇ ਸੁਨਾਉਣ ਨੂੰ ਕਿਹਾ। ਮੇਰਾ ਲੇਖ ਤਾਂ ਉਹਨਾਂ ਨੂੰ ਪਹਿਲਾ ਹੀ ਚੰਗਾ ਲਗਾ ਸੀ, ਮੇਰੇ ਬੋਲਣ ਢੰਗ ਨੇ ਉਹਨਾਂ ਨੂੰ ਹੋਰ ਪ੍ਰਭਾਵਤ ਕੀਤਾ ਅਤੇ ਮੈਨੂੰ ਹੋਰ ਹੱਲਾ ਸੇਰੀ ਦਿੱਤੀ। ਫਿਰ ਲਖਨਊ ਜਾ ਕੇ ਭਾਵੇਂ ਹਿੰਦੀ ਵਿਚ ਮੁਹਾਰਤ ਪੈਦਾ ਕਰਨ ਨੂੰ ਕੁਝ ਸਮਾਂ ਲਗਾ, ਪਰ ਛੇਤੀ ਹੀ ਮੈਂ ਚੰਗਾ ਡੀਬੇਟਰ ਅਤੇ ਬੁਲਾਰਾ ਬਣ ਗਿਆ।
ਕਾਲਜ ਵਿਚ ਤਾਂ ਮੇਰੀ ਇਸ ਪ੍ਰਤਿਭਾ ਵਿਚ ਹੋਰ ਨਿਖਾਰ ਆਇਆ। ਖਾਸ ਕਰਕੇ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਵਿਚ ਦਾਖਲ ਹੁੰਦਿਆਂ ਹੀ ਮੇਰੇ ਅੰਦਰ ਸਵੈ ਵਿਸ਼ਵਾਸ ਦੀ ਚਿਣਗ ਮਘਣੀ ਸ਼ੁਰੂ ਹੋ ਗਈ, ਜਿਹੜੀ ਸੁਧਾਰ ਕਾਲਜ ਵਿਚ ਫੁੱਫੜ ਜੀ ਦੀ ਨਿਗਰਾਨੀ ਵਿਚ ਰਹਿੰਦਿਆਂ ਸੁਲਘ ਨਹੀਂ ਸਕੀ।ਲੁਧਿਆਣੇ ਪੜ੍ਹਦਿਆਂ ਡੀਬੇਟਸ, ਡੈਕਲੇਮੇਸ਼ਨ ਅਤੇ ਕਵਿਤਾ ਉਚਾਰਣ ਮੁਕਾਬਲਿਆਂ ਵਿਚ ਕਾਲਜ ਦੀ ਨੁਮਾਇੰਦਗੀ ਕਰਦਾ ਰਿਹਾ ਇਹਨਾਂ ਦਿਨਾਂ ਵਿਚ ਬਹੁਤ ਸਾਰੇ ਕਾਲਜਾਂ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਸਾਡੇ ਵਿਰੋਧੀਆਂ ਵਿਚ ਡਾ.ਦੀਪਕ ਮਨਮੋਹਨ ਸਿੰਘ,ਜਿਹੜੇ ਓਦੋਂ ਦੀਪਕ ਮਨਮੋਹਨ ਆਹਲੂਵਾਲੀਆ ਕਰਕੇ ਜਾਣੇ ਜਾਂਦੇ ਸਨ ਅਤੇ ਬੀਰ ਦਵਿੰਦਰ ਸਿੰਘ, ਸਾਬਕਾ ਡਿਪਟੀ ਸਪੀਕਰ, ਜਿਹੜੇ ਬੀਰ ਦਵਿੰਦਰ ਪਟਿਆਲਵੀ ਕਹਾਉਂਦੇ ਸਨ, ਸ਼ਾਮਲ ਹੁੰਦੇ ਸਨ। ਕਾਲਜ ਦੀ ਭੰਗੜਾ ਟੀਮ ਦਾ ਵੀ ਮੈਂਬਰ ਰਿਹਾਂ। ਕਾਲਜ ਵਿਚ ਮੈਂ ਭਾਸ਼ਨ ਪ੍ਰਤਿਯੋਗਤਾਵਾਂ ਲਈ ਲੇਖ ਵੀ ਆਪ ਹੀ ਲਿਖਦਾ ਸਾਂ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਅਵਤਾਰ ਸਿੰਘ ਢੋਡੀ ਸ਼ੁਰੂ ਸ਼ੁਰੂ ਵਿਚ ਤਾਂ ਮੈਨੂੰ ਇਹ ਲੇਖ ਲਿਖਵਾ ਦਿੰਦੇ ਸਨ, ਪਰ ਬਾਦ ਵਿਚ ਉਹਨਾਂ ਮੈਨੂੰ ਖੁਦ ਲਿਖਣ ਲਈ ਪ੍ਰੇਰਣਾ ਦਿੱਤੀ,ਅਤੇ ਇਹਨਾਂ ਲੇਖਾਂ ਨੂੰ ਉਹ ਪੜ੍ਹ ਲੈਂਦੇ, ਮੈਨੂੰ ਸੁਨਾਣ ਲਈ ਕਹਿੰਦੇ, ਜਿਥੇ ਕਿਤੇ ਸੋਧ ਦੀ ਲੋੜ ਹੁੰਦੀ ਕਰ ਦਿੰਦੇ,ਉਚਾਰਣ ਦੇ ਲਹਿਜੇ ਬਾਰੇ ਵੀ ਸਲਾਹ ਦਿੰਦੇ। ਤੁਸੀਂ ਹੈਰਾਨ ਹੋਵੋਗੇ, ਮੈਂ ਪੰਜਾਬੀ ਸਿਰਫ ਪਿੰਡ ਦੇ ਸਕੂਲ ਵਿਚ ਅੱਠਵੀਂ ਜਮਾਤ ਤਕ ਹੀ ਪੜ੍ਹੀ ਹੈ, ਅਤੇ ਕਾਲਜ ਵਿਚ ਵੀ ਪੰਜਾਬੀ ਮੇਰੀ ਪੜ੍ਹਾਈ ਦਾ ਵਿਸ਼ਾ ਨਹੀਂ ਸੀ, ਪਰ ਫਿਰ ਵੀ ਮੈਂ ਕਾਲਜ ਦੀਆਂ ਪੰਜਾਬੀ ਨਾਲ ਸਬੰਧਤ ਬਹੁਤੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਚੁਣਿਆ ਜਾਂਦਾ ਰਿਹਾ। ਮੈਂ ਕਾਲਜ ਦੇ ਮੈਗਜ਼ੀਨ ਦਾ ਪੰਜਾਬੀ ਵਿਭਾਗ ਦਾ ਐਡੀਟਰ ਬਣਿਆ ਅਤੇ ਕਾਲਜ ਦੀ ਪੰਜਾਬੀ ਐਸੋਸੀਏਸ਼ਨ ਦਾ ਪ੍ਰਧਾਨ ਵੀ ਚੁਣਿਆ ਗਿਆ।
?ਸਾਹਿਤਕ ਸੁਭਾਅ ਕਿਵੇਂ ਬਣਿਆ?
ਪੰਜਾਬੀ ਸਾਹਿਤ ਨਾਲ ਤਾਂ ਮੇਰੀ ਲਗਨ ਲੁਧਿਆਣੇ ਕਾਲਜ ਵੜਦਿਆਂ ਹੀ ਹੋ ਗਈ ਸੀ, ਪੰਜਾਬੀ ਐਸੋਸੀਏਸ਼ਨ ਦੇ ਪਰਧਾਨ ਚੁਣੇ ਜਾਣ ਬਾਦ ਕਾਲਜ ਵਿਚ ਹੋਣ ਵਾਲੇ ਬਹੁਤੇ ਸਾਹਿਤਕ ਸਮਾਗਮਾਂ ਦਾ ਪ੍ਰਬੰਧ ਕਰਨ ਅਤੇ ਕਾਲਜ ਵਿਚ ਆਉਣ ਵਾਲੇ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਨੂੰ ਮਿਲਣ ਦਾ ਸੁਭਾਗ ਮਿਲਦਾ ਰਿਹਾ, ਜਦੋਂ ਮੈਂ ਕਾਲਜ ਦੇ ਆਖਰੀ ਸਾਲ ਵਿਚ ਸੀ ਤਾਂ ਪੰਜਾਬੀ ਦੇ ਨਾਮਵਰ ਕਵੀ, ਪਟਿਆਲੇ ਵਿਚਲੇ ਬੌਧਿਕ ਮੱਠ ਭੂਤਵਾੜੇ ਦੇ ਅਹਿਮ ਮੈਂਬਰ ਨਵਤੇਜ ਭਾਰਤੀ ਮੇਰੇ ਕਾਲਜ ਵਿਚ ਪੰਜਾਬੀ ਦੇ ਲੈਕਚਰਾਰ ਲਗ ਗਏ, ਮੇਰੀ ਨੇੜਤੇ ਉਹਨਾਂ ਨਾਲ ਬਣ ਗਈ, ਅਤੇ ਉਹਨਾਂ ਨੂੰ ਮਿਲਣ ਆਉਂਦੇ ਪੰਜਾਬੀ ਸਾਹਿਤਕਾਰਾਂ ਨੂੰ ਵੀ ਮੈਨੂੰ ਨੇੜਿਓਂ ਹੋ ਕੇ ਮਿਲਣ ਦਾ ਮੌਕਾ ਮਿਲਿਆ, ਜਿਹਨਾਂ ਵਿਚ ਨਾਵਲਕਾਰ ਗੁਰਦਿਆਲ ਸਿੰਘ ਨੂੰ ਕਈ ਵਾਰ ਮਿਲਿਆਂ। ਪੰਜਾਬੀ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਦੇ ਮੁਖ ਮਹਿਮਾਨ ਵਜੋਂ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪ੍ਰੀਤ ਨਗਰ ਜਾ ਕੇ ਸੱਦਾ ਦੇਣ ਦਾ ਸੁਭਾਗ ਵੀ ਮੈਨੂੰ ਪ੍ਰਾਪਤ ਹੋਇਆ, ਉਂਜ ਮੈਂ ਪ੍ਰੀਤਲੜੀ ਦਾ ਪਾਠਕ ਤਾਂ ਪ੍ਰੀ ਯੂਨਵਰਸਿਟੀ ਤੋਂ ਹੀ ਬਣ ਗਿਆ ਸਾਂ। ਮੈਂ ਕਾਲਜ ਪੜ੍ਹਦਿਆਂ ਆਪਣੇ ਆਪ ਨੂੰ ਸਿਰਜਣਾਤਕ ਲਿਖਾਰੀ ਦੇ ਰੂਪ ਵਿਚ ਕਦੀ ਵੀ ਵਿਕਸਤ ਕਰਨ ਦਾ ਯਤਨ ਨਹੀਂ ਕੀਤਾ, ਬਸ ਬੁਲਾਰਾ ਬਣਨਾ ਹੀ ਮੇਰਾ ਸ਼ੌਕ ਰਿਹਾ।
?ਤੁਸੀਂ ਪ੍ਰਦੇਸ ਕਦੋਂ ਆਏ ?
ਬੀ ਏ ਕਰਨ ਉਪਰੰਤ ਮੇਰੀ ਚੰਗੇ ਬੁਲਾਰੇ ਹੋਣ ਦੀ ਅਹਿਮੀਅਤ ਨੂੰ ਭਾਂਪਦਿਆਂ ਮੇਰੇ ਬਹਿਨੋਈ ਸ. ਮੇਵਾ ਸਿੰਘ ਜਿਹੜੇ ਉਹਨਾਂ ਦਿਨਾਂ ਵਿਚ ਲੁਧਿਆਣੇ ਚੀਫ ਜੁਡੀਸਿਅਲ ਮੈਜਿਸਟਰੇਟ ਸਨ ਨੇ ਸਲਾਹ ਦਿੱਤੀ ਕਿ ਮੈਂ ਐਲ ਐਲ ਬੀ ਕਰਕੇ ਵਕੀਲ ਬਣਾਂ, ਉਹਨਾਂ ਦਾ ਮਸ਼ਵਰਾ ਮੰਨ ਕੇ ਮੈਂ ਪੰਜਾਬ ਯੂਨੀਵਰਸਿਟੀ ਦੇ ਲਾਅ ਕਾਲਜ ਵਿਚ ਦਾਖਲਾ ਲੈ ਲਿਆ ।ਹੋਸਟਲ ਵਿਚ ਰਹਿਣ ਦਾ ਪ੍ਰਬੰਧ ਕਰਕੇ ਸਾਮਾਨ ਲੈਣ ਘਰ ਆਇਆ ਤਾਂ ਦੂਸਰੇ ਹੀ ਦਿਨ ਮੇਰੇ ਕਾਲਜ ਵਿਚ ਮੇਰੇ ਤੋਂ ਦੋ ਸਾਲ ਪਿਛੇ ਪੜ੍ਹਦਾ ਇਕ ਲੜਕਾ ਆਪਣੇ ਪਿਓ ਨਾਲ ਸਾਡੇ ਘਰ ਆਪਣੀ ਇੰਗਲੈਂਡ ਰਹਿੰਦੀ ਭੈਣ ਲਈ ਮੇਰਾ ਰਿਸ਼ਤਾ ਮੰਗਣ ਆ ਗਿਆ। ਸੰਜੋਗ ਵਸ ਮੇਰੇ ਬਾਪੂ ਜੀ ਜਿਹੜੇ ਉਹਨਾਂ ਦਿਨਾਂ ਵਿਚ ਅੰਬਾਲਾ ਛਾਉਣੀ ਵਿਚ ਪੋਸਟਿਡ ਸਨ, ਐਤਵਾਰ ਦੀ ਛੁਟੀ ਕਰਕੇ ਆਏ ਹੋਏ ਸਨ, ਉਹਨਾਂ ਨੂੰ ਕਹਿਣ ਲਗੇ, ਵਿਚਾਰ ਕਰਕੇ ਦਸਾਂਗੇ। ਉਹਨਾਂ ਦੇ ਜਾਣ ਬਾਦ ਬਾਪੂ ਜੀ ਨੇ ਮੈਨੂੰ ਪੁਛਿਆ ‘ਕਿਉਂ ਬਈ ਵਕੀਲ ਬਣਨਾ ਹੈ ਕਿ ਵਲੈਤ ਜਾਣੈ’। ਮੇਰੀਆਂ ਅੱਖਾਂ ਵਿਚ ਲੰਡਨ ਸ਼ਹਿਰ ਦੀਆਂ ਰੌਸ਼ਨੀਆਂ ਤੈਰਨ ਲਗ ਪਈਆਂ ਸਨ,ਕੁੜੀ ਵਲੋਂ ਭੇਜੀ ਸਪੌਂਸਰਸ਼ਿਪ ‘ਤੇ ੨੪ ਸਾਲ ਦੀ ਉਮਰ ਵਿਚ ੨੩ ਨਵੰਬਰ ੧੯੬੮ ਨੂੰ ਏਅਰ ਇੰਡੀਆ ਦਾ ਜਹਾਜ ਚੜ੍ਹ ਕੇ ਇੰਗਲੈਂਡ ਦੇ ਲੀਡਜ ਸ਼ਹਿਰ ਪਹੁੰਚ ਗਿਆ। ਮਾਂ ਪਿਉ ਤੋਂ ਦੂਰ, ਕੀਨੀਆ ਤੋਂ ਆਏ ਕੁਆਰੇ ਚਾਚੇ ਕੋਲ ਰਹਿੰਣ ਲਈ ਦੋ ਭਰਾ ਅਤੇ ਇਕ ਭੈਣ ਬਹੁਤ ਛੋਟੀ ਉਮਰ ਵਿਚ ਹੀ ਇੰਗਲੈਂਡ ਆ ਗਏ ਸਨ । ਇਹ ਕੁੜੀ ਸੱਚ ਮੁੱਚ ਹੀ ਵਲੈਤਣ ਬਣ ਗਈ ਸੀ ਅਤੇ ਮੈਂ ਪੂਰਾ ਪੰਜਾਬੀ ਪੇਂਡੂ। ਸੁਭਾ ਆਦਤਾਂ ਅਤੇ ਜੀਵਨ ਸ਼ੈਲੀ ਵਿਚ ਵੱਡਾ ਅੰਤਰ ਸੀ। ਮੈਨੂੰ ਉਹ ਅੰਗਰੇਜ਼ੀ ਅੰਦਾਜ਼ ਸਿਖਾਉਣ ਲਈ ਨਿੱਕੀ ਨਿੱਕੀ ਗੱਲ ‘ਤੇ ਟੋਕਦੀ ਰਹਿੰਦੀ, ਉਹਦੇ ਲਹਿਜੇ ਵਿਚ ਜੀਵਨ ਸਾਥੀ ਹੋਣ ਨਾਲੋਂ ਮੈਨੂੰ ਗੁਲਾਮ ਬਣਾ ਕੇ ਰੱਖਣ ਦੀ ਪਰਵਿਰਤੀ ਨੂੰ ਮੈਂ ਮਹਿਸੂਸ ਕਰਨ ਲੱਗ ਪਿਆ। ਘਰੋਂ ਬਾਹਰ ਮੈਂ ਕਿਸੇ ਨੂੰ ਜਾਣਦਾ ਨਹੀਂ ਸਾਂ, ਅਤੇ ਨਾਂ ਹੀ ਉਹਨਾਂ ਦਾ ਕਿਸੇ ਪੰਜਾਬੀ ਪਰਿਵਾਰ ਨਾਲ ਆਉਣ ਜਾਣ ਹੀ ਸੀ ਸਾਡੇ ਅੰਦਰ ਪਿਆਰ ਭਾਵਨਾ ਉਤਪਨ ਹੋਣ ਦੀ ਥਾਂ ਕੁੜਤਣ ਵਧਣ ਲਗੀ ਅਤੇ ਉਹ ਵੀ ਇਸ ਰਿਸ਼ਤੇ ਤੋਂ ਮੁਕਤ ਹੋਣਾ ਚਾਹੁੰਦੀ ਸੀ। ਜਿਸ ਕਾਰਣ ਬਹੁਤ ਪਰੇਸ਼ਾਨ ਰਹਿਣ ਲਗ ਪਿਆ। ਮੈਂ ਆਪਣਾ ਇਹ ਦੁਖ ਕਿਸੇ ਕੋਲ ਦਸਣ ਨੂੰ ਵੀ ਨਮੋਸ਼ੀ ਸਮਝਦਾ ਸਾਂ, ਅਤੇ ਇਸ ਰਿਸ਼ਤੇ ਨੂੰ ਔਖਾ ਹੋ ਕੇ ਵੀ ਨਿਭਾਉਣ ਲਈ ਤਿਆਰ ਸਾਂ। ਮੇਰੇ ਕੁਝ ਲੁਧਿਆਣੇ ਦੇ ਜਾਣੂ ਮਿੱਤਰ ਵੈਸਟ ਲੰਡਨ ਵਿਚ ਰਹਿੰਦੇ ਸਨ,ਉਹਨਾਂ ਵਿਚੋਂ ਇਕ ਮਿੱਤਰ ਦੇ ਨਾਲ ਮੈਂ ਫੋਨ ‘ਤੇ ਗੱਲ ਕੀਤੀ ਅਤੇ ਆਪਣੀ ਵਿਥਿਆ ਸੁਣਾਉਂਦਿਆਂ ਫਿਸ ਪਿਆ, ਉਹਨੇ ਮੈਨੂੰ ਹੌਂਸਲਾ ਦਿੱਤਾ ਅਤੇ ਉਹਨਾਂ ਕੋਲ ਲੰਡਨ ਆ ਜਾਣ ਲਈ ਗੱਡੀ ਦੇ ਟਿਕਟ ਦਾ ਪ੍ਰਬੰਧ ਕਰ ਦਿੱਤਾ, ਮੈਂ ਦੂਸਰੇ ਦਿਨ ਉਹਨਾਂ ਕੋਲ ਸਾਉਥ ਲੰਡਨ ਪਹੁੰਚ ਗਿਆ, ਜਿਸਦੀ ਸੂਚਨਾ ਲੰਡਨ ਪਹੁੰਚ ਕੇ ਹੀ ਲੀਡਜ ਵਿਚਲੇ ਘਰ ਵਾਲਿਆਂ ਨੂੰ ਕਰ ਦਿੱਤੀ।
?ਇਸ ਵਲੈਤਣ ਕੁੜੀ ਤੋਂ ਛੁਟਕਾਰਾ ਕਿਵੇਂ ਹੋਇਅ?
ਜਿਵੇਂ ਮੈਂ ਦਸ ਚੁਕਿਆ ਹਾਂ ਕਿ ਮੇਰੇ ਲੰਡਨ ਵਲ ਚਲੇ ਜਾਣ ਬਾਰੇ ਤਾਂ ਓਥੇ ਪਹੁੰਚ ਕੇ ਮੈਂ, ਇਸ ਕੁੜੀ ਅਤੇ ਇਹਦੇ ਪਰੀਵਾਰ ਨੂੰ ਇਤਲਾਹ ਕਰ ਦਿੱਤੀ ਸੀ। ਸਾਡਾ ਵਿਆਹ ਸਿਰਫ ਕੋਰਟ ਵਿਚ ਹੀ ਹੋਇਆ ਸੀ, ਹੋਰ ਕਿਸੇ ਕਿਸਮ ਦੀ ਕੋਈ ਧਾਰਮਿਕ ਰਸਮ ਹਾਲੇ ਹੋਣੀ ਸੀ ਕਿ ਸਾਡੇ ਵਿਚਕਾਰ ਦੂਰੀ ਪੈਦਾ ਹੋ ਗਈ।ਹੁਣ ਜਦੋਂ ਮੈਂ ਦੂਰ ਹੀ ਚਲਾ ਗਿਆ, ਉਹਨੇ ਕੋਰਟ ਵਲੋਂ ਮੈਨੂੰ ਲੀਗਲ ਸੈਪਰੇਸ਼ਨ ਦਾ ਨੋਟਿਸ ਭੇਜ ਦਿੱਤਾ। ਫਿਰ ਦੋ ਕੁ ਸਾਲ ਦਾ ਸਮਾਂ ਪੈਣ ਜਾਣ ‘ਤੇ ਇਹਦੇ ਆਧਾਰ ‘ਤੇ ਤਲਾਕ ਲੈ ਲਿਆ।
?ਕੀ ਇਸ ਤੋਂ ਬਾਦ ਕਦੀ ਓਹਦੇ ਨਾਲ ਮੁਲਾਕਤ ਹੋਈ?ਕੋਈ ਸੁਪਨਾ ਜਾਂ ਕਦੀ ਯਾਦ ਆਈ ਹੋਵੇ?
ਨਹੀਂ ਜੀ ਮੁਲਾਕਾਤ ਕੀ ਹੋਣੀ ਸੀ। ਪਹਿਲਾਂ ਤਾਂ ਦੋਹਾਂ ਸ਼ਹਿਰਾਂ ਵਿਚ ਸੈਕੜੇ ਮੀਲਾਂ ਦੀ ਦੂਰੀ ਹੋਣ ਕਰਕੇ ਮੇਲ ਮੁਲਾਕਾਤ ਵੈਸੇ ਵੀ ਸੰਭਵ ਨਹੀਂ ਸੀ। ਦੂਸਰਾ ਸਾਡੇ ਮੇਲ ਮਿਲਾਪ ਵਾਲੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਵੀ ਕੋਈ ਸਾਂਝ ਨਹੀਂ ਸੀ, ਜਿਸ ਕਰਕੇ ਉਸ ਤੋਂ ਬਾਦ ਉਹਦੇ ਬਾਰੇ ਕੋਈ ਖਬਰ ਨਹੀਂ ਮਿਲ ਸਕੀ।ਸੁਪਨਾ ਕੀ ਆਉਣਾ ਸੀ ਜੀ।ਯਾਦ ਦਾ ਸਬੰਧ ਵੀ ਕਿਸੇ ਸੁਖਾਵੇਂ ਵਰਤਾਰੇ ਦੀ ਝਲਕ ਕਰਕੇ ਹੁੰਦਾ ਹੈ, ਜਿਹੜਾ ਇਸ ਸਬੰਧ ਵਿਚ ਵਾਪਰ ਹੀ ਨਹੀਂ ਸਕਿਆ ।
?ਇੰਗਲੈਂਡ ਆ ਕੇ ਸਾਹਿਤਕ ਮਹੌਲ ਕਿਥੋਂ ਮਿਲਿਆ ?
ਇਹ ਵੀ ਸੰਜੋਗ ਹੀ ਸਮਝੋ ਕਿ ਛੇਤੀ ਹੀ ਇਕ ਦਿਨ ਸਾਊਥਾਲ ਤੋਂ ਮੇਡਨਹੈਡ ਲਈ ਜਿਥੇ ਮੈਂ ਰਹਿੰਦਾ ਸਾਂ ਗੱਡੀ ਚੜ੍ਹਿਆ ਤਾਂ ਮੇਰੀ ਮੁਲਾਕਾਤ ਪੰਜਾਬੀ ਕਵੀ ਸੰਤੋਖ ਸਿੰਘ ਸੰਤੋਖ ਨਾਲ ਹੋ ਗਈ, ਉਹਨਾਂ ਮੇਡਨਹੈਡ ਤੋਂ ਅਗੇ ਰੈਡਿੰਗ , ਜਿਥੇ ਉਹ ਰਹਿੰਦੇ ਸਨ ਜਾਣਾ ਸੀ, ਅਤੇ ਐਨ ਮੇਰੀ ਸਾਹਮਣੇ ਵਾਲੀ ਸੀਟ ਤੇ ਆ ਕੇ ਬਹਿ ਗਏ। ਗੋਰਾ ਨਿਛੋਹ ਰੰਗ ਕਰੀਮ ਸੂਟ, ਸਿਰ ‘ਤੇ ਹੈਟ ਅਤੇ ਓਵਰਕੋਟ ਵਿਚ ਬੈਠੇ ਸੰਤੋਖ ਨੂੰ ਮੈਂ ਕੋਈ ਗੋਰਾ ਹੀ ਸਮਝਦਾ ਰਿਹਾ। ਗੱਡੀ ਚਲਣ ਬਾਦ ਉਹਨਾਂ ਹੈਟ ਲਾਹ ਕੇ ਰਖ ਦਿੱਤਾ ਅਤੇ ਓਵਰਕੋਟ ਦੀ ਜੇਬ ਵਿਚੋਂ ਨਾਗਮਣੀ ਰਸਾਲਾ ਕੱਢਿਆ ਅਤੇ ਪੜ੍ਹਨਾ ਸੁਰੂ ਕਰ ਦਿੱਤਾ, ਕੁਝ ਦੇਰ ਬਾਦ ਮੈਗਜੀਨ ਤੋਂ ਨਿਗਾਹ ਹਟੀ ਮੇਰੇ ਵਲ ਵੇਖਦਿਆਂ ਮੁਸਕਾਣ ਸਾਂਝੀ ਕੀਤੀ। ਮੈਂ ਦੇਸ-ਪ੍ਰਦੇਸ ਸਪਤਾਹਿਕ ਅਖਬਾਰ ਵਿਚ ਉਹਨਾਂ ਦੀ ਛਪੀ ਕਵਿਤਾ ਨਾਲ ਫੋਟੋ ਵੇਖੀ ਹੋਈ ਸੀ, ਪਹਿਚਾਣਦਿਆਂ ਪੁਛਿਆ ਤੁਸੀਂ ਸੰਤੋਖ ਹੋ? ਉਹਨਾਂ ਹਾਂ ਵਿਚ ਸਿਰ ਹਿਲਾਇਆ ਅਤੇ ਗਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੇਰੀ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਰੂਚੀ ਅਤੇ ਜਾਣਕਾਰੀ ਵੇਖ ਕੇ ਉਹਨਾਂ ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ ਦੀ ਸਾਊਥਾਲ ਵਿਚ ਅਗਾਊਂ ਹੋਣ ਵਾਲੀ ਮਾਹਵਾਰੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਮੈਨੂੰ ਸੱਦਾ ਦੇ ਦਿੱਤਾ। ਇਹ ਮੀਟਿੰਗ ਸ਼ਾਇਰ ਅਵਤਾਰ ਜੰਡਿਆਲਵੀ, ਜਿਹੜੇ ਕਿ ‘ਹੁਣ’ ਮੈਗਜੀਨ ਦੇ ਪਬਲਿਸ਼ਰ ਹਨ, ਦੇ ਘਰ ਹੋਈ। ਮਿਟਿੰਗ ਵਿਚ ਮੇਰੀ ਮੁਲਾਕਾਤ ਸਾਊਥ ਲੰਡਨ ਵਿਚ ਰਹਿੰਦੇ ਨਾਮਵਰ ਪੰਜਾਬੀ ਸਾਹਿਤਕਾਰਾਂ ਜਿਹਨਾਂ ਵਿਚ ਪ੍ਰੀਤਮ ਸਿੱਧੂ, ਸ਼ਿਵਚਰਨ ਗਿੱਲ, ਅਵਤਾਰ ਜੰਡਿਆਲਵੀ, ਸਾਥੀ ਲੁਧਿਅਣਵੀ, ਸ਼ੇਰ ਜੰਗ ਜਾਂਗਲੀ, ਜੋਗਿੰਦਰ ਸ਼ਮਸ਼ੇਰ, ਸਵਰਨ ਚੰਦਨ, ਗੁਰਨਾਮ ਢਿਲੋਂ, ਰਣਜੀਤ ਧੀਰ ਅਤੇ ਹੋਰਨਾਂ ਨਾਲ ਹੋ ਗਈ ਅਤੇ ਇਸ ਤੋਂ ਬਾਦ ਇਹ ਸਿਲਸਿਲਾ ਲਗਾਤਾਰ ਚਲਦਾ ਅਤੇ ਵਧਦਾ ਰਿਹਾ। ਮੈਂ ਪੰਜਾਬੀ ਸਾਹਿਤ ਵਿਚ ਵਾਰਤਕ ਜਾਂ ਕਵਿਤਾ ਲਿਖਣ ਕਰਕੇ ਤਾਂ ਭਾਵੇਂ ਕੋਈ ਖਾਸ ਯੋਗਦਾਨ ਨਹੀਂ ਪਾਇਆ ਸੀ, ਪਰ ਬੁਲਾਰੇ ਵਜੋਂ ਮੇਰੀ ਯੋਗਤਾ ਨੂੰ ਭਾਂਪਦਿਆਂ ਮੈਂਬਰਾਂ ਨੇ ਲਿਖਾਰੀ ਸਭਾ ਦਾ ਸੈਕਟਰੀ ਚੁਣ ਲਿਆ। ਸਮਾਜਿਕ ਵਿਸਿਆਂ ਉਤੇ ਮੇਰੇ ਲੇਖ ਵੀ ਦੇਸ-ਪ੍ਰਦੇਸ ਵਿਚ ਛਪਣ ਲਗ ਪਏ। ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਪੰਜਾਬੀ ਸਾਹਿਤਕਾਰਾਂ ਨੂੰ ਸਭਾ ਵਲੋਂ ਸਨਮਾਨਿਤ ਕੀਤਾ ਜਾਂਦਾ ਅਤੇ ਸੈਕਟਰੀ ਹੋਣ ਦੇ ਨਾਤੇ ਮੇਰੀ ਪਹਿਚਾਣ ਸਥਾਪਿਤ ਹੋਣ ਲਗੀ। ਕਰਤਾਰ ਸਿੰਘ ਦੁੱਗਲ, ਅਮ੍ਰਿਤਾ ਪ੍ਰੀਤਮ, ਅਜੀਤ ਕੌਰ, ਸ ਸ ਮੀਸ਼ਾ, ਸੰਤੋਖ ਸਿੰਘ ਧੀਰ, ਸ਼ਿਵ ਕੁਮਾਰ ਬਟਾਲਵੀ, ਰਜਿੰਦਰ ਸਿੰਘ ਬੇਦੀ, ਡਾ. ਹਰਿਭਜਨ ਸਿੰਘ, ਬਲਵੰਤ ਗਾਰਗੀ ਦੀ ਮਹਿਮਾਨ ਨਿਵਾਜੀ ਵਿਚ ਮੈਂ ਸਾਮਲ ਰਿਹਾ ਹਾਂ, ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬੀ ਨਾਵਲ ਲੇਖਕਾਂ ਅਫ਼ਜਲ ਅਹਸਨ ਰੰਧਾਵਾ ਅਤੇ ਸਲੀਮ ਖਾਨ ਗਿਮੀ ਨੂੰ ਵੀ ਮਿਲਣ ਦਾ ਮੌਕਾ ਮਿਲਿਆ।
ਮੈਂ ਕੁਝ ਅਰਸੇ ਲਈ ‘ਦੇਸ-ਪ੍ਰਦੇਸ’ ਸਪਤਾਹਿਕ ਪਰਚੇ ਦਾ ਸਹਿ ਸੰਪਾਦਕ ਵੀ ਰਿਹਾ ਹਾਂ, ਓਦੋਂ ਇਹ ਸਟਰੂਡ ਕੈਂਟ ਤੋਂ ਛਪਦਾ ਸੀ।
?ਆਪਣੇ ਪਰਿਵਾਰ ਅਤੇ ਬੱਚਿਆਂ ਬਾਰੇ ਵੀ ਕੁਝ ਦੱਸੋ?
ਜਿਵੇਂ ਮੈਂ ਪਹਿਲਾਂ ਦਸ ਚੁੱਕਿਆ ਹਾਂ ਕਿ ਮੇਰੀ ਪਹਿਲੀ ਸ਼ਾਦੀ ਤਾਂ ਇਕ ਸੁਪਨਾ ਜਿਹਾ ਹੀ ਸੀ, ਜਿਹੜੀ ਕਿਸੇ ਲਿਹਾਜ ਨਾਲ ਵੀ ਸਾਡੇ ਦੋਹਾਂ ਵਿਚਕਾਰ ਕੋਈ ਸਬੰਧ ਪੈਦਾ ਨਹੀਂ ਕਰ ਸਕੀ। ਮੇਰੇ ਲੰਡਨ ਆਉਣ ਤੋਂ ਬਾਦ ਮੇਰੇ ਸੰਪਰਕ ਵਿਚ ਆਉਣ ਵਾਲੇ ਬਹੁਤੇ ਪੰਜਾਬੀ ਲਿਖਾਰੀ ਹੀ ਸਨ, ਜਿਹਨਾਂ ਵਿਚੋਂ ਪ੍ਰੀਤਮ ਸਿੱਧੂ ਅਤੇ ਉਹਨਾਂ ਦੀ ਪਤਨੀ ਮਿਸਿਜ ਸੁਰਜੀਤ ਸਿੱਧੂ ਨਾਲ ਮੇਰੀ ਬਹੁਤ ਨੇੜਤਾ ਬਣ ਗਈ ਸੀ,ਉਹ ਮੈਨੂੰ ਆਪਣੇ ਘਰ ਦਾ ਮੈਂਬਰ ਹੀ ਸਮਝਦੇ ਸਨ, ਅਤੇ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ। ਹਰ ਇਕ ਵੀਕ ਐਂਡ ‘ਤੇ ਮੈਨੂੰ ਫੋਨ ਕਰਦੇ, ਉਹਨਾਂ ਦੇ ਘਰ ਖਾਣਾ ਖਾਣ ਲਈ ਖੁਲ੍ਹੀ ਦਾਅਵਤ ਸੀ, ਜਿਹੜੀ ਪ੍ਰਦੇਸ ਰਹਿੰਦੇ ‘ਕਲੇ ਕਾਰੇ ਬੰਦੇ ਲਈ ਬਹੁਤ ਵਡੀ ਨਿਅਮਤ ਹੁੰਦੀ ਹੈ। ਮਿਸਿਜ ਸਿੱਧੂ ਮੈਨੂੰ ਕਈ ਵਾਰ ਗਲਾਂ ਗਲਾਂ ਵਿਚ ਪੰਜਾਬ ਰਹਿੰਦੀ ਆਪਣੀ ਭਤੀਜੀ ਦੇ ਰਿਸ਼ਤੇ ਲਈ ਪੁੱਛ ਚੁਕੇ ਸਨ, ਪਰ ਮੈਂ ਹਾਲੇ ਤਕ ਵੀ ਥੋੜ ਚਿਰੇ ਵਿਆਹ-ਬੰਧਨ ਦੀ ਕੁੜੱਤਣ ਵਿਚੋਂ ਨਹੀਂ ਨਿਕਲਿਆ ਸਾਂ। ਇਕ ਦਿਨ ਉਹਨਾਂ ਨੂੰ ਮੈਂ ਇਹਦੇ ਬਾਰੇ ਦਸਿਆ ਤਾਂ ਉਹਨਾਂ ਨੂੰ ਜਿਵੇਂ ਧੱਕਾ ਜਿਹਾ ਲਗਾ, ਉਹਨਾਂ ਨੇ ਮੈਨੂੰ ਵੀ ਇਹੋ ਜਿਹੇ ਹੋਰ ਮੁੰਡਿਆ ਵਰਗਾ ਸਮਝਿਆ ਜਿਹੜੇ ਵਲੈਤ ਪਹੁੰਚਣ ਲਈ ਵਿਆਹ ਦਾ ਢੌਂਗ ਰਚਦੇ ਸਨ। ਪਰ ਹੁਣ ਤਕ ਉਹ ਪੰਜਾਬ ਦੇ ਅਮ੍ਰਿਤਸਰ ਜਿਲੇ ਦੇ ਇਕ ਪਿੰਡ ਵਿਚ ਰਹਿੰਦੀ ਆਪਣੀ ਭਰਜਾਈ ਨਾਲ ਉਹਦੀ ਧੀ ਦੇ ਮੇਰੇ ਨਾਲ ਰਿਸ਼ਤੇ ਬਾਰੇ ਗਲ ਚਲਾ ਚੁਕੇ ਸਨ, ਜਿਸ ਕੋਲ ਉਹਨਾਂ ਨੇ ਮੇਰੀਆਂ ਤਾਰੀਫਾਂ ਦੇ ਕਿੱਸੇ ਸੁਣਾ ਕੇ ਉਹਨਾਂ ਨੂੰ ਮਨਾਣ ਦਾਯਤਨ ਅਰੰਭਿਆ ਹੋਇਆ ਸੀ। ਉਹਨਾਂ ਦੀ ਭਰਜਾਈ ਮੰਨਦੀ ਨਹੀਂ ਸੀ ਕਿਉਂਕਿ ਦੋ ਦਰਿਆਵਾਂ ਤੋਂ ਪਾਰ ਲੁਧਿਆਣੇ ਜਿਲੇ ਦੇ ਵਲੈਤ ਵਿਚ ਰਹਿੰਦੇ ਮੁੰਡੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਤੋਂ ਉਹ ਝਿਝਕਦੇ ਸਨ। ਮੇਰੀ ਛੋਟੀ ਭੈਣ ਡਾ.ਦਲਜੀਤ ਕੌਰ ਅੰਮ੍ਰਿਤਸਰ ਵਿਆਹੀ ਹੋਈ ਸੀ, ਮੇਰੇ ਬਹਿਨੋਈ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦੇ ਪਿਤਾ ਜੀ ਸ. ਅਜਾਇਬ ਸਿੰਘ, ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਫਿਜੀਕਲ ਐਜੂਕੇਸ਼ਨ ਦੇ ਮੁਖੀ ਸਨ। ਸੰਜੋਗ ਬਸ ਮਿਸਿਜ ਸੁਰਜੀਤ ਸਿਧੂ ਦੀ ਭਰਜਾਈ ਦੇ ਨਾਨਕੇ ਅਤੇ ਸ. ਅਜਾਇਬ ਸਿੰਘ ਬਾਰ ਦੇ ਇਕੋ ਪਿੰਡ ਤੋਂ ਆਏ ਸਨ। ਉਹਨਾਂ ਸ. ਅਜਾਇਬ ਸਿੰਘ ਦੇ ਘਰ ਜਾ ਕੇ ਪੁਛਿਆ ਮਾਮਾ ਜੀ ਤੁਸੀਂ ਮੁੰਡਾ ਮਾਲਵੇ ਵਿਚ ਵਿਆਹਿਆ ਅਤੇ ਉਹਨਾਂ ਦੀ ਧੀ ਨੂੰ ਵੀ ਓਧਰੋਂ ਰਿਸ਼ਤਾ ਆ ਰਿਹਾ ਪਤਾ ਨਹੀਂ ਲਗਦਾ ਕੀ ਕਰੇ, ਨਾਲ ਹੀ ਮੇਰੀ ਫੋਟੋ ਵੀ ਉਹਨਾਂ ਨੂੰ ਦਿਖਾ ਦਿੱਤੀ, ਉਹ ਹਸ ਪਏ, ਅਤੇ ਕਹਿਣ ਲਗੇ ‘ਬੀਬੀਜੇ ਇਹ ਮੁੰਡਾ ਮੰਨਦਾ, ਤਾਂ ਢਿਲ ਨਾਂ ਕਰ, ਰਿਸ਼ਤਾ ਕਰ ਦੇਹ, ਇਹਦੀ ਭੈਣ ਹੀ ਤਾਂ ਮੇਰੀ ਦੀ ਨੂੰਹ ਹੈ’।ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ੨੯ ਨਵੰਬਰ ੧੯੭੪ ਨੂੰ ਸਾਡਾ ਵਿਆਹ ਬਹੁਤ ਹੀ ਸਾਦਾ ਰਸਮ ਨਾਲ ਹੋਇਆ, ਮੇਰੇ ਸਮੇਤ ਸਿਰਫ ੧੧ ਬਰਾਤੀ ਹੀ ਸ਼ਾਮਲ ਹੋਏ। ਮੇਰੀ ਹੋਣ ਵਾਲੀ ਪਤਨੀ ਰਜਿੰਦਰ ਦੇ ਨਾਨੀ ਜੀ ਬਚਪਨ ਤੋਂ ਹੀ ਪ੍ਰੀਤਲੜੀ ਦੇ ਪਾਠਕ ਸਨ। ਘਰ ਵਿਚ ਪੰਜਾਬੀ ਸਾਹਿਤ ਨਾਲ ਮੋਹ ਸੀ। ਬਰਾਤ ਨੂੰ ਜੀ ਆਇਆਂ ਕਹਿਣ ਲਈ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੇਟੇ ਨਵਤੇਜ ਸਿੰਘ ਅਤੇ ਨਾਵਲਿਸਟ ਮੋਹਨ ਕਾਹਲੋਂ ਵੀ ਖਲੋਤੇ ਹੋਏ ਸਨ। ਤਿੰਨ ਮਹੀਨੇ ਬਾਦ ਹੀ ਅਸੀਂ ਇੰਗਲੈਂਡ ਪਹੁੰਚ ਗਏ। ਸ਼ਨਿਚਰਵਾਰ ੪ ਅਕਤੂਬਰ ੧੯੭੫ ਨੂੰ ਸਾਡੇ ਘਰ ਬੇਟੀ ਨੇ ਜਨਮ ਲਿਆ, ਜਿਸਦਾ ਨਾਂ ਰਜਿੰਦਰ ਅਤੇ ਗੁਰਮੀਤ ਦੇ ਮੁਢਲੇ ਸ਼ਬਦਾਂ ਦੇ ਜੋੜ ਤੋਂ ਅਸੀਂ ਰਮੀਤਾ ਰਖਿਆ । ਮੰਗਲਵਾਰ ੧੬ ਮਈ ੧੯੭੮ ਨੂੰ ਬੇਟਾ ਜਨਮਿਆ, ਉਹਦਾ ਨਾਂ ਇੰਗਲੈਂਡ ਰਹਿੰਦੇ ਸਾਡੇ ਮਿੱਤਰ ਵਾਰਤਕ ਲੇਖਕ ਬਲਬੀਰ ਸਿੰਘ ( ਕਬੱਡੀ ਅਤੇ ਪਹਿਲਵਾਨਾਂ ਬਾਰੇ ਲਿਖਾਰੀ) ਨੇ ਸੁਮੀਰ ਰਖ ਦਿੱਤਾ, ਉਹਨਾਂ ਦੇ ਦਸਣ ਅਨੁਸਾਰ ਸੁਮੀਰ ਦਾ ਅਰਥ ਸਰਘੀ ਵੇਲੇ ਦੀ ਪੌਣ ਹੈ। ਬੱਚਿਆਂ ਦੀ ਪੜ੍ਹਾਈ ਅਮਰੀਕਾ ਵਿਚ ਆ ਕੇ ਹੀ ਸ਼ੁਰੂ ਹੋਈ ਦੋਨੋਂ ਹੀ ਯੂਨੀਵਰਸਿਟੀ ਆਫ ਮਿਸ਼ੀਗਨ, ਜਿਥੇ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਨੇ ੧੯੧੯-੧੯੨੧ ਤਕ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਸੀ, ਦੇ ਗਰੈਜੂਏਟ ਹਨ। ਬੇਟੀ ਪੋਸਟ ਗਰੈਜੂਏਟ ਹੈ, ਅਤੇ ਸੀ ਪੀ ਏ ( ਚਾਰਟਰਡ ਅਕਾਊਂਟੈਂਟ) ਹੈ, ਫੋਰਡ ਮੋਟਰ ਕੰਪਨੀ ਦੇ ਵਰਲਡ ਹੈਟਕੁਆਟਰ ਵਿਚ ਆਡੀਟਰ ਹੈ, ਬੇਟੇ ਨੇ ਫਾਈਨੈਂਸ ਵਿਚ ਡਿਗਰੀ ਕੀਤੀ ਹੈ, ਅਤੇ ਬੈਂਕ ਵਿਚ ਸੀਨੀਅਰ ਅੰਡਰਰਾਈਟਰ ਵਜੋਂ ਕੰਮ ਕਰਦਾ ਹੈ ਦੋਵੇਂ ਵਿਆਹੇ ਹੋਏ ਹਨ ਅਤੇ ਆਪਣੇ ਪਰਿਵਾਰ ਨਾਲ ਆਪੋ ਆਪਣੇ ਘਰਾਂ ਵਿਚ ਰਹਿੰਦੇ ਹਨ। ਦੋਹਤੀ, ਦੋਹਤਾ ਅਤੇ ਪੋਤੀ ਦੋ ਚਾਰ ਦਿਨਾਂ ਬਾਦ ਆਪਣੇ ਮਾਪਿਆਂ ਨੂੰ ਲੈ ਕੇ ਸਾਨੂੰ ਮਿਲਣ ਆਂਉਂਦੇ ਰਹਿੰਦੇ ਹਨ। ਰਜਿੰਦਰ, ਮੇਰੀ ਪਤਨੀ ਨੇ ਵਿਆਹ ਸਮੇਂ ਬੀ ਏ ਤਕ ਪੜ੍ਹਾਈ ਕੀਤੀ ਹੋਈ ਸੀ, ਮੇਰੇ ਅਮਰੀਕਾ ਆਉਣ ਸਮੇਂ ਉਹ ਅੰਮ੍ਰਿਤਸਰ ਆਪਣੀ ਮਾਤਾ ਅਤੇ ਦੋ ਛੋਟੀਆਂ ਭੈਣਾਂ ਕੋਲ ਜਾ ਕੇ ਬੱਚਿਆਂ ਨਾਲ ਰਹਿਣ ਲਗ ਪਈ, ਜਿਥੇ ਉਸਨੇ ਦੋ ਸਾਲਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੋਸ਼ਾਇਲਜੀ ਵਿਚ ਐਮ ਏ ਕਰ ਲਈ।
?ਕੀ ਤੁਸੀਂ ਆਪਣੀ ਇਸ ਜੀਵਨ ਸਾਥਣ ਤੋਂ ਸੰਤੁਸ਼ਟ ਹੋ।
ਬਿਲਿੰਗ ਸਾਹਿਬ ਸੰਤੁਸ਼ਟ ਵੀ ਹਾਂ ਅਤੇ ਖੁਸ਼ ਵੀ।ਮੇਰੇ ਨਾਲ ਮੋਢਾ ਜੋੜ ਕੇ ਉਹਨੇ ਜੀਵਨ ਦੇ ਨਵੇਂ ਦਿਸਹੱਦਿਆਂ ਦੀ ਨਿਸਾਨ ਦੇਹੀ ਕੀਤੀ ਹੈ। ਉਹ ਬਹੁਤ ਹੀ ਜ਼ਹੀਨ ਅਤੇ ਮਿਹਨਤੀ ਔਰਤ ਹੈ।ਰਾਜਿੰਦਰ ਇਕ ਰਜਦੇ ਪੁਜਦੇ ਜਿੰਮੀਦਾਰ ਪਰਿਵਾਰ ਵਿਚੋਂ ਆਈ ਹੈ। ਮਾਝੇ ਦੇ ਮਸ਼ਹੂਰ ਪਿੰਡ ਝੁਬਾਲ ਵਿਚ ਪੈਦੇ ਹੋਏ ਉਹਦੇ ਦਾਦਾ ਜੀ ਨੂੰ ਅੰਗਰੇਜ ਫੌਜ ਦੀ ਨੌਕਰੀ ਕਰਦਿਆਂ ਪਹਿਲੀ ਸੰਸਾਰ ਜੰਗ ਸਮੇਂ ਬਹਾਦਰੀ ਕਰਕੇ ਲਾਇਲਪੁਰ ਅਤੇ ਸਿੰਧ ਵਿਚ ਵਿਚ ਮੁਰੱਬੇ ਮਿਲ ਗਏ ਸਨ।ਸੈਂਕੜੇ ਏਕੜ ਜਮੀਨ ਅਮ੍ਰਿਤਸਰ ਜਿਲੇ ਦੇ ਇਕਲਗਡਾ ਪਿੰਡ ਵਿਚ ਉਹਨਾਂ ਨੂੰ ਅਲਾਟ ਹੋਈ ਸੀ। ਰਜਿੰਦਰ ਦੇ ਪਿਤਾ ਜੀ ਸ. ਮਹਿੰਦਰ ਸਿੰਘ ਗੌਰਮੈਂਟ ਕਾਲਜ ਲਹੌਰ ਦੇ ਗਰੈਜੂਏਟ ਸਨ। ।ਰਜਿੰਦਰ ਦੇ ਮਾਤਾ ਜੀ ਸਰਦਾਰਨੀ ਹਰਜੰਸ ਕੌਰ ਹੰਸਰਾਜ ਮਹਿਲਾ ਕਾਲਜ ਜਲੰਧਰ ਵਿਚ ਐਫ ਏ ਤਕ ਪੜ੍ਹੇ ਹਨ।ਰਜਿੰਦਰ ਤਿੰਨ ਭੈਣਾਂ ਵਿਚੋਂ ਸਭ ਤੋਂ ਵਡੀ ਹੈ। ਉਹ ਹਾਲੇ ਮਸਾਂ ੮ ਕੁ ਸਾਲ ਦੀ ਸੀ ਜਦੋਂ ਉਹਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਰਾਜਿਦਰ ਨੇ ਭਰ ਜੁਆਨੀ ਵਿਚ ਵਿਧਵਾ ਹੋਈ ਆਪਣੀ ਮਾਂ ਦੀ ਕੁਰਬਾਨੀ ਤੋਂ ਬੜਾ ਕੁਝ ਸਿਖਿਆ। ਜਿਸਦੇ ਅਸਰ ਕਰਕੇ ਹਰ ਮੁਸ਼ਕਲ ਨੂੰ ਖਿੜੇ ਮੱਥੇ ਝੱਲ ਲੈਣ ਦੀ ਉਹਦੀ ਆਦਤ ਨੇ ਸਾਡੀ ਜੀਵਨ ਕਿਸ਼ਤੀ ਨੂੰ ਕਦੀ ਡੋਲਣ ਨਹੀਂ ਦਿੱਤਾ।
?ਜੀਵਨ ਵਿਚ ਤੁਹਾਡੀ ਕਾਮਯਾਬੀ ਲਈ ਇਹਨਾਂ ਦਾ ਕੀ ਯੋਗਦਾਨ ਹੈ?
ਮੈਂ ਜੋ ਕੁਝ ਵੀ ਹਾਂ, ਰਜਿੰਦਰ ਦੀ ਇਹਦੇ ਵਿਚ ਬਹੁਤ ਦੇਣ ਹੈ। ਉਹਦੇ ਕੋਲ ਪੜ੍ਹਾਈ ਦੀ ਉੱਚ ਯੋਗਤਾ ਹੈ। ਉਹਨੇ ਦੋ ਪੋਸਟ ਗਰੈਜੂਏਸ਼ਨ ਡਿਗਰੀਆਂ ਹਾਸਲ ਕੀਤੀਆਂ ਹਨ। ਵਿਆਹ ਵੇਲੇ ਉਹ ਸਿਰਫ ਬੇ ਏ ਪਾਸ ਸੀ। ਦੋ ਬੱਚਿਆਂ ਨਾਲ ਪੰਜਾਬ ਜਾਕੇ ਉਹਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੋਸ਼ਿਆਲਜੀ ਵਿਚ ਐਮ ਏ ਕਰ ਲਈ। ਵਾਪਸ ਅਮਰੀਕਾ ਆ ਕੇ ਯੂਨੀਵਰਸਿਟੀ ਆਫ ਵਿਸਕਾਸਨ ਤੋਂ ਗਾਈਡਿੰਗ ਐਂਡ ਕੌਨਸਲਿੰਗ ਦੀ ਮਾਸਟਰ ਆਫ ਆਰਟਸ ਡਿਗਰੀ ਹਾਸਲ ਕਰ ਲਈ। ਜਦੋਂ ਅਸੀਂ ਡੀਟਰਾਇਟ ਆ ਗਏ ਤਾਂ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਘਰ ਦੀ ਸਾਰੀ ਜਿੰਮੇਵਾਰੀ ਸਿਰ ‘ਤੇ ਚੁਕ ਲਈ,ਅਤੇ ਮੈਨੂੰ ਪੜ੍ਹਨ ਲਈ ਪ੍ਰਰੇਰਿਆ ਜਿਸ ਸਦਕਾ ਮੈਂ ਆਟੋ ਡੀਜਾਇਨ ਦੀ ਅਸੋਸੀਏਟ ਡਿਗਰੀ ਕਰ ਗਿਆ, ਜਿਸਦੀ ਬਦੌਲਤ ਆਟੋ ਇੰਡਸਟਰੀ ਵਿਚ ੨੦ ਸਾਲ ਕੰਮ ਕਰਕੇ ਸੀਨੀਡਰ ਡੀਜਾਈਨ ਟੈਕਨੀਸ਼ਅਨ ਵਜੋਂ ਰੀਟਾਇਰ ਹੋਇਆ ਹਾਂ।ਰਾਜਿੰਦਰ ਹਾਲੇ ਵੀ ਮਿਸ਼ੀਗਨ ਸਟੇਟ ਦੇ ਸ਼ੋਸ਼ਲ ਸਰਵਿਸ ਮਹਿਕਮੇ ਵਿਚ ਮੈਨੇਜਰ ਵਜੋਂ ਕੰਮ ਕਰ ਰਹੀ ਹੈ, ਜਦ ਕਿ ਮੈਂ ਰੀਟਾਇਰ ਹਾਂ, ਅਤੇ ਆਪਣਾ ਬਹੁਤਾ ਸਮਾਂ ਹਾਇਕੂ ਰਚਨ ਅਤੇ ਪੜ੍ਹਨ ਵਿਚ ਲਾਉਂਦਾ ਹਾਂ। ਮੇਰੇ ਸਾਹਿਤਕ ਰੁਝੇਵਿਆਂ ਵਿਚ ਵੀ ਉਹ ਬਰਾਬਰ ਦੀ ਭਾਈਵਾਲ ਹੈ। ਮੇਰੇ ਹਾਇਕੂ ਦੀ ਸਭ ਤੋਂ ਪਹਿਲੀ ਪਾਠਕ, ਸਰੋਤਾ ਅਤੇ ਅਲੋਚਕ ਉਹੀ ਹੈ। ਪੰਜਾਬੀ ਦੇ ਪੇਂਡੂ ਸਭਿਆਚਾਰ ਨਾਲ ਸਬੰਧਤ ਸ਼ਬਦਾਂ ਦੀ ਉਹਨੂੰ ਡੂੰਘੀ ਜਾਣਕਾਰੀ ਹੈ, ਉਹਦਾ ਸੁਝਾ ਹਮੇਸ਼ਾ ਵਧੀਆ ਹੁੰਦਾ ਹੈ। ਮੇਰੇ ਸ਼ਹਿਰ ਵਿਚ ਹੋਣ ਵਾਲੇ ਸਾਰੇ ਸਾਹਿਤਕ ਸਮਾਗਮਾਂ ਵਿਚ ਬਾਹਰੋਂ ਆਏ ਸਾਹਿਤਕਾਰ ਮਿੱਤਰਾਂ ਦੀ ਪ੍ਰਹੁਣਚਾਰੀ ਲਈ ਕੰਮ ‘ਤੇ ਸਾਰਾ ਉਹ ਕਰਦੀ ਹੈ, ਪਰ ਸ਼ੋਭਾ ਮੈਨੂੰ ਮਿਲਦੀ ਰਹਿੰਦੀ ਹੈ। ਮੇਰੇ ਰਕਤ ਰੋਗ ਕੈਂਸਰ ਨਾਲ ਬੀਮਾਰ ਹੋਣ ‘ਤੇ ਜਿਨੀ ਸੰਭਾਲ ਉਹਨੇ ਕੀਤੀ ਹੈ, ਉਹਦਾ ਸਦਕਾ ਮੈਂ ਡੋਲਿਆ ਨਹੀਂ ਅਤੇ ਬੀਮਾਰੀ ਨਾਲ ਨਜਿਠਣ ਲਈ ਆਪਣਾ ਮਨੋਬਲ ਕਾਇਮ ਰਖ ਸਕਿਆ ਹਾਂ।
?(ਰਜਿੰਦਰ ਨੂੰ ਸੰਬੋਧਨ ਕਰਕੇ) ਭੈਣ ਰਜਿੰਦਰ, ਸੰਧੂ ਸਾਹਿਬਤੁਹਾਡੀਆਂ ਝੂਠੀਆਂ ਤਾਰੀਫਾਂ ਤਾਂ ਨਹੀ ਕਰ ਰਹੇ?
ਹਾ ਹਾ ਹਾ, ਭਾਜੀ ਇਹਨਾਂ ਨੂੰ ਮਸਕਾ ਬਹੁਤ ਵਧੀਆ ਲਾਉਣਾ ਆਉਂਦਾ। ਸਾਡੀ ਪਰਿਵਾਰਕ ਸੰਘਰਸ਼ ਵਿਚ ਇਹਨਾਂ ਦਾ ਬਹੁਤਾ ਹਿਸਾ ਹੈ। ਮੈਂ ਤਾਂ ਇਕ ਛੋਟੇ ਜਿਹੇ ਪਿੰਡ ਵਿਚ ਜੰਮੀ ਸਕੂਲ ਵਿਚ ਪੜ੍ਹੀ। ਕਾਲਜ ਸਮੇਂ ਹੋਸਟਲ ‘ਚ ਰਹਿ ਕੇ ਬੀ ਏ ਤਕ ਪੜ੍ਹੀ ਹਾਂ। ਮੈਨੂੰ ਤਾਂ ਘਰੋਂ ਬਾਹਰਲੀ ਦੁਨੀਆਂ ਦਾ ਪਤਾ ਹੀ ਨਹੀਂ ਸੀ। ਬਾਈ ਸਾਲ ਦੀ ਉਮਰ ਸੀ ਮੇਰੀ ਜਦ ਵਿਆਹ ਹੋ ਗਿਆ, ਇੰਗਲੈਂਡ ਆਈ ਤਾਂ ਛੇਤੀ ਹੀ ਗ੍ਰਹਿਸਤੀ ਸੁਰੂ ਹੋ ਗਈ। ਵਿਆਹ ਤੋਂ ਬਾਦ ਇਹਨਾਂ ਨੇ ਹੀ ਮੈਨੂੰ ਹੋਰ ਪੜ੍ਹਾਈ ਕਰਨ ਲਈ ਉਤਸ਼ਾਹ ਦਿੱਤਾ। ਇਕ ਗਲ ਜਿਹੜੀ ਮੈਂ ਆਪਣੇ ਪੇਕੇ ਘਰੋਂ ਆਪਣੀ ਮਾਂ ਨੂੰ ਘਾਲਣਾ ਕਰਦਿਆਂ ਵੇਖ ਕੇ ਸਿੱਖੀ, ਉਹ ਸੰਜਮ ਸੀ,ਉਹ ਗੁਣ ਇਹਨਾਂ ਵਿਚ ਵੀ ਹੈ। ਅਸੀਂ ਆਪਣੇ ਸੀਮਿਤ ਵਸੀਲਿਆਂ ਵਿਚ ਗੁਜਾਰਾ ਕਰਦੇ ਰਹੇ ਹਾਂ। ਬੱਚਿਆਂ ਦੀ ਪਰਵਰਿਸ਼ ਅਤੇ ਉਹਨਾਂ ਦੀ ਪੜ੍ਹਾਈ ਵਲ ਸਾਡਾ ਦੋਹਾਂ ਦਾ ਨਜ਼ਰੀਆ ਇਹੋ ਸੀ ਕਿ ਆਪ ਭਾਵੇਂ ਔਖਾ ਰਹਿ ਲਈਏ, ਬੱਚਿਆਂ ਨੂੰ ਆਪਣੇ ਵਿਤ ਅਨੁਸਾਰ ਲੋੜੀਂਦੀਆਂ ਸਹੂਲਤਾਂ ਜਰੂਰ ਮੁਹਈਆ ਕਰਵਾਈਏ। ਦੋਹਾਂ ਧੀ, ਪੁੱਤ ਨੂੰ ਯੂਨੀਵਰਸਿਟੀ ਤਕ ਦੀ ਪੜ੍ਹਾਉਣ ਦਾ ਸਾਰਾ ਖਰਚਾ ਅਸੀਂ ਆਪ ਕੀਤਾ ਹੈ।
?(ਰਜਿੰਦਰ ਨੂੰ)ਤੁਸੀਂ ਸੰਧੂ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਹੋ?
(ਹਸ ਕੇ) ਭਾਜੀ ਹੁਣ ਇਹਨਾਂ ਦੀਆਂ ਤਾਰੀਫਾਂ ਮੇਰੇ ਕੋਲੋਂ ਕਰਵਾਉਣੀਆਂ ਨੇ? ਬੰਦੇ ਵਿਚ ਗੁਣ ਅਤੇ ਔਗੁਣ ਦੋਵੇਂ ਹੁੰਦੇ ਹਨ।ਸਾਡੇ ਜੀਵਨ ਵਿਚ ਜਿਹੜੇ ਵੀ ਉਤਰਾ ਚੜ੍ਹਾ ਆਉਂਦੇ ਰਹੇ ਹਨ, ਉਹਨਾਂ ਅਨੁਸਾਰ ਅਸੀਂ ਆਪਣੇ ਆਪ ਨੂੰ ਢਾਲ ਲੈਂਦੇ ਰਹੇ ਹਾਂ। ਇਹਨਾਂ ਦੀ ਸ਼ਖਸੀਅਤ ਵਿਚ ਸਵੈ ਭਰੋਸਾ ਬਹੁਤ ਹੈ। ਪਰਿਵਾਰਕ ਜਾਇਦਾਦ ਦੇ ਝਗੜਿਆਂ ਵਿਚ ਵੀ ਇਹਨਾਂ ਇਨਸਾਫ ਲਈ ਲੰਮੀ ਲੜਾਈ ਲੜੀ ਹੈ। ਆਪਣੀ ਕੈਂਸਰ ਦੀ ਬੀਮਾਰੀ ਦਾ ਪਤਾ ਲਗਣ ‘ਤੇ ਵੀ ਇਹ ਡੋਲੇ ਨਹੀਂ। ਇਹਦੇ ਲੰਮੇ ਇਲਾਜ ਸਮੇਂ ਹੌਂਸਲੇ ਵਿਚ ਰਹੇ ਹਨ। ਇਹ ਜਿਹੜੇ ਲੋਕਾਂ ਵਿਚ ਵੀ ਵਿਚਰਦੇ ਹਨ, ਉਹਨਾਂ ਵਿਚ ਇਹਨਾਂ ਦਾ ਰੋਲ ਅਹਿਮੀਅਤ ਵਾਲਾ ਗਿਣਿਆ ਜਾਂਦਾ ਰਿਹਾ ਹੈ। ਇਹੀ ਕਾਰਣ ਹੈ ਕਿ ਸ਼ੁਰੂ ਵਿਚ ਸੀਮਿਤ ਵਿਦਿਆ ਹੋਣ ਦੇ ਬਾਵਜੂਦ ਵੀ ਇਹ ਆਪਣੀ ਕਮਿਊਨਿਟੀ ਵਿਚ ਲੀਡਰਸ਼ਿਪ ਰੋਲ ਵਿਚ ਰਹੇ ਹਨ। (ਹਸ ਕੇ) ਮਾੜੀਆਂ ਗਲਾਂ ਵੀ ਨੇ, ਇਕ ਤਾਂ ਇਹ ਜਿੱਦੀ ਬੜੇ ਨੇ, ਆਪਣੀ ਗਲ ਨੂੰ ਮਨਵਾ ਕੇ ਹਟਦੇ ਨੇ। ਦੂਜਾ ਇਹ ਟਿਕ ਕੇ ਬੈਠਣ ਦੇ ਆਦੀ ਨਹੀਂ ਹਨ, ਇਹੀ ਕਾਰਣ ਸੀ ਕਿ ਸ਼ੁਰੂ ਸ਼ੁਰੂ ਵਿਚ ਘਰ ਬਣਾ ਲੈਣ ਦੇ ਹੱਕ ਵਿਚ ਵੀ ਨਹੀਂ ਸਨ, ਕਿਉਂਕਿ ਘਰ ਨਾਲ ਬੰਨ੍ਹੇ ਜਾਣ ਤੋਂ ਡਰਦੇ ਸਨ।
?ਕੀ ਤੁਹਾਡੇ ਬੱਚਿਆਂ ਨੇ ਆਪਣੇ ਜੀਵਨ ਸਾਥੀ ਆਪ ਚੁਣੇ ਹਨ, ਜਾਂ ਅਰੇਂਜ ਵਿਆਹ ਹਨ?
ਬਿਲਿੰਗ ਸਾਹਿਬ, ਸਾਰੇ ਮਾਪਿਆਂ ਦਾ ਸਭ ਤੋਂ ਵਡਾ ਫਿਕਰ ਬੱਚਿਆਂ ਦੇ ਵਿਆਹ ਦਾ ਹੁੰਦਾ ਹੈ। ਜਦੋਂ ਸਾਡੇ ਬੱਚੇ ਪੜ੍ਹਾਈ ਖਤਮ ਕਰ ਚੁੱਕੇ ਵਿਆਹੁਣ ਯੋਗ ਹੋ ਗਏ, ਸਾਨੂੰ ਵੀ ਇਹ ਫਿਕਰ ਹੋਇਆ। ਬੇਟੀ ਵਡੀ ਸੀ, ਉਹਨੂੰ ਪੁਛਿਆ ਗਿਆ, ਉਹਨੇ ਪਹਿਲਾਂ ਤਾਂ ਕਈ ਮਹੀਨੇ ਸਾਡੀ ਗਲ ਦਾ ਕੋਈ ਉੱਤਰ ਹੀ ਨਾਂ ਦਿੱਤਾ। ਫਿਰ ਰਜਿੰਦਰ ਨੇ ਜੋਰ ਪਾ ਕੇ ਪੁੱਛਿਆ ਤਾਂ ਪਤਾ ਲਗਾ, ਉਹਨੇ ਆਪਣਾ ਜੀਵਨ ਸਾਥੀ ਲੱਭ ਲਿਆ ਹੈ। ਉਹਦੀ ਯੂਨਵਰਸਿਟੀ ਵਿਚ ਇੰਜਨੀਅਰਿੰਗ ਕਰ ਚੁੱਕਾ ਅਮਰੀਕਨ ਗੋਰਾ ਲੜਕਾ ਉਹਦੀ ਪਸੰਦ ਸੀ। ਆਮ ਪੰਜਾਬੀ ਮਾਪਿਆਂ ਵਾਂਗ ਸਾਡੇ ਸੰਸਕਾਰ ਵੀ ਇਹ ਚਾਹੁੰਦੇ ਸਨ ਕਿ ਉਹ ਸਾਡੀ ਬਰਾਦਰੀ ਦੇ ਪੰਜਾਬੀ ਜੱਟ ਸਿੱਖ ਮੁੰਡੇ ਨਾਲ ਵਿਆਹ ਕਰਵਾਏ। ਪਰ ਅਸੀਂ ਉਹਦੇ ਫੈਸਲੇ ਨੂੰ ਸਵੀਕਾਰ ਕਰ ਲਿਆ। ਉਹਨਾਂ ਦਾ ਵਿਆਹ ਧੂਮ ਧਾਮ ਨਾਲ ਕੀਤਾ। ਦੋਵੇਂ ਬਹੁਤ ਖੁਸ਼ ਹਨ। ਬੇਟਾ ਪੰਜਾਬ ਜਾ ਕੇ ਵਿਆਹ ਕਰਵਾਉਣਾ ਚਾਹੁੰਦਾ ਸੀ। ਇਥੇ ਰਹਿੰਦੇ ਸਾਡੇ ਇਕ ਮਿੱਤਰ ਨੇ ਪੰਜਾਬ ਵਿਚ ਆਪਣੀ ਰਿਸ਼ਤੇਦਾਰੀ ਵਿਚੋਂ ਲੜਕੀ ਦੀ ਦਸ ਪਾਈ। ਬੇਟਾ ਪੰਜਾਬ ਗਿਆ ਕੁੜੀ ਉਹਨੂੰ ਚੰਗੀ ਲਗੀ, ਅਸੀਂ ਪੰਜਾਬ ਗਏ ਉਹਦਾ ਵਿਆਹ ਕਰ ਦਿੱਤਾ।
?ਕੀ ਤਹਾਨੂੰ ਵੀ ਪ੍ਰਦੇਸ ਆ ਕੇ ਸੰਘਰਸ਼ ਕਰਨਾ ਪਿਆ?
ਹਾਂ ਜੀ ਸੰਘਰਸ਼ ਤਾਂ ਓਸੇ ਦਿਨ ਸੁਰੂ ਹੋ ਗਿਆ ਜਦੋਂ ਮੈਂ ਲੀਡਜ, ਇੰਗਲੈਂਡ ਪਹੁੰਚਿਆਂ ਸੀ। ਲੰਡਨ ਦੇ ਇਲਾਕੇ ਵਲ ਮੂਵ ਹੋਣ ਤਾਂ ਬਾਦ ਅਸਲੀ ਜਦੋਜਹਿਦ ਸ਼ੁਰੂ ਹੋਈ। ਮੇਰੇ ਇਹ ਦੋਸਤ, ਜਿਹਨਾਂ ਕੋਲ ਮੈਂ ਗਿਆ ਸਾਂ, ਨੈਸਲ ਕਾਫੀ ਪਰਾਸੈਸਿੰਗ ਪਲਾਂਟ ਵਿਚ ਪੈਕਜਿੰਗ ਯੂਨਿਟ ਵਿਚ ਕੰਮ ਕਰਦੇ ਸਨ, ਮੈਨੂੰ ਵੀ ਉਹਨਾਂ ਨੇ ਆਪਣੇ ਨਾਲ ਹੀ ਕੰਮ ‘ਤੇ ਲੁਆ ਲਿਆ। ਰਾਤ ਦੀ ੧੦ ਘੰਟੇ ਦੀ ਸਿਫਟ, ਕੌਫੀ ਦੀਆਂ ਪੌਂਡ ਵਜਨ ਦੀਆਂ ੨੪ ਸੀਸੀਆਂ ਗੱਤੇ ਦੇ ਬਾਕਸ ਵਿਚ ਪੈਕ ਕਰਕੇ ਲੱਕੜੀ ਦੇ ਫੱਟੇ(ਪੈਲਟ) ਉਤੇ ਰਖਣੀਆਂ ਹੁੰਦੀਆਂ ਸਨ। ਰਾਤ ਭਰ ਵਿਚ ਖਾਣਾ ਖਾਣ ਲਈ ਅੱਧੇ ਘੰਟੇ ਲਈ ਅਤੇ ਦੋ ਬਾਰ ਹੋਰ ਪੰਦਰਾਂ ਕੁ ਮਿੰਟ ਦੀ ਬਰੇਕ ਤੋਂ ਸਿਵਾ ਮਸ਼ੀਨ ਨਾਲ ਲਗਾਤਾਰ ਕੰਮ ਕਰਦਿਆਂ ਸਵੇਰ ਤਕ ਮੈਂ ਡਿਗਣ ਵਾਲਾ ਹੋ ਗਿਆ। ਪਿੰਡ ਘਰ ਵਿਚ ਤਾਂ ਮੈਂ ਕਦੀ ਵੀ ਹੱਥੀਂ ਕੋਈ ਕੰਮ ਨਹੀਂ ਸੀ ਕੀਤਾ। ਵਾਹੀ ਦਾ ਕੰਮ ਮੇਰੇ ਚਾਚੇ ਕਰਦੇ ਸਨ। ਸੰਯੁਕਤ ਪਰਿਵਾਰ ‘ਚ ਰਹਿੰਦਿਆਂ ਲਾਡਾਂ ਨਾਲ ਪਲਿਆ ਮੈਂ ਬੜਾ ਸੋਹਲ ਜਿਹਾ ਸਾਂ। ਪਲਾਂਟ ਤੋਂ ਨਿਕਲ ਕੇ ਦੋਸਤਾਂ ਨਾਲ ਰਹਾਇਸ਼ ਵਾਲੀ ਥਾਂ ‘ਤੇ ਪਹੁੰਚ ਕੇ ਸਿੱਧਾ ਬੈਡ ‘ਤੇ ਡਿਗਾ, ਸ਼ਾਮ ਨੂੰ ਕੰਮ ‘ਤੇ ਜਾਣ ਲਈ ਮੈਨੂੰ ਦੋਸਤਾਂ ਨੇ ਹਲੂਣ ਹਲੂਣ ਕੇ ਜਗਾਇਆ, ਸੁਤ ਉਣੀਂਦਾ ਹੀ ਉਹਨਾਂ ਨਾਲ ਤੁਰ ਪਿਆ। ਇਹ ਸਿਲਸਿਲਾ ਵੀਕਐਂਡ ਤਕ ਚਲਦਾ ਰਿਹਾ। ਸ਼ਨਿਚਰਵਾਰ ਦਿਨ ਅਤੇ ਰਾਤ ਸੌਂ ਕੇ ਹੀ ਗੁਜਾਰਿਆ। ਐਤਵਾਰ ਸਵੇਰੇ ਉਹਨਾਂ ਧੂਹ ਕੇ ਮੈਨੂੰ ਬਿਸਤਰ ‘ਚੋਂ ਕੱਢਿਆ, ਖਿੱਚ ਕੇ ਬਾਥਰੂਮ ਵਿਚ ਧੱਕਿਆ। ਨਹਾ ਕੇ ਬਾਹਰ ਆਇਆ ਤਾਂ ਸੁਰਤ ਆਈ। ਹੋਲੀ ਹੌਲੀ ਮੇਰਾ ਸਰੀਰ ਇਸ ਮੁਸ਼ੱਕਤ ਲਈ ਚਾਲੂ ਹੋ ਗਿਆ। ਔਖੇ ਅਤੇ ਭਾਰੇ ਕੰਮਾਂ ਦੀ ਦਾਸਤਾਨ ਬੜੀ ਲੰਮੀ ਹੈ। ਪੰਜ ਦਿਨ ਕੰਮ ਕਰਨਾ ਵੀਕਐਂਡ ‘ਤੇ ਦੋਸਤਾਂ ਨਾਲ ਲੰਡਨ ਦੀਆਂ ਕਲੱਬਾਂ ਪੱਬਾਂ ‘ਚ ਘੁੰਮਦੇ ਦੇਰ ਰਾਤ ਘਰ ਪਰਤਣਾ, ਬਸ ਇਸ ਘੁੰਮਣ ਘੇਰੀ ਵਿਚ ਕਈ ਸਾਲ ਫਸਿਆ ਰਿਹਾ। ਹਾਈਡ ਪਾਰਕ ਅਤੇ ਕਿਊ ਗਾਰਡਨ ਵਿਚਲੇ ਹਿੱਪੀਆਂ ਦੇ ਸੰਪਰਕ ਵਿਚ ਮੇਰੇ ਇਹ ਪੰਜਾਬੀ ਦੋਸਤ ਪਹਿਲਾਂ ਹੀ ਸਨ, ਉਹਨਾਂ ਦੇ ਸੰਗ ਰਲ ਕੇ ਮੈਂ ਵੀ ਓਥੇ ਜਾਂਦਾ ਰਿਹਾਂ। ਸ਼ੁਰੂ ਵਿਚ ਕੋਈ ਨਜਦੀਕੀ ਰਿਸ਼ਤੇਦਾਰ ਵੀ ਨਹੀਂ ਸਨ, ਜਿਹੜੇ ਚੰਗੇ ਮਾੜੇ ਕੰਮਾਂ ਤੋਂ ਵਰਜਦੇ ਜਾਂ ਜਿਹਨਾਂ ਦੀ ਸੰਗ ਸ਼ਰਮ ਕਰਕੇ ਭੈੜੀ ਵਾਦੀ ਤੋਂ ਬਚਾ ਹੋ ਜਾਂਦਾ।
ਇਕ ਦਿਨ ਕੰਮ ਦੀ ਲੰਚ ਬਰੇਕ ਵੇਲੇ ਲੋਕਲ ਅਖਬਾਰ ਵਿਚ ਛਪਿਆ ਇਸ਼ਤਿਹਾਰ ਪੜ੍ਹਿਆ, ਇਹਦੇ ਵਿਚ ਪੋਸਟ ਆਫਸ ਲਈ ਕਾਊਂਟਰ ਕਲਰਕ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰ ਮੰਗੇ ਗਏ ਸਨ, ਜਿਹਨਾਂ ਕੋਲ ਹਿਸਾਬ ਕਿਤਾਬ ਰਖਣ ਦੀ ਲੋੜੀਂਦੀ ਯੋਗਤਾ ਹੋਵੇ। ਮੈਂ ਅਰਜੀ ਭੇਜੀ, ਉਹਨਾਂ ਹਿਸਾਬ ਦਾ ਟੈਸਟ ਲਿਆ, ਮੇਰੀ ਚੋਣ ਹੋ ਗਈ। ਮੈਨੂੰ ਮੇਡਨਹੈਡ ਜਿਹੜਾ ਕਿ ਲੰਡਨ ਦੇ ਹੋਰ ਸਾਉਥ ਵਿਚ ਹੈ, ਨੌਕਰੀ ਜਾਇਨ ਕਰਨ ਲਈ ਕਿਹਾ ਗਿਆ, ਮੈਂ ਓਥੇ ਚਲਾ ਗਿਆ। ਪਰ ਬਹੁਤੇ ਦਿਨ ਓਥੇ ਟਿਕ ਨਾਂ ਸਕਿਆ, ਕਿਉਂਕਿ ਮੇਰੇ ਮਿੱਤਰ ਤਾਂ ਲੰਡਨ ਵਿਚ ਸਨ, ਮੇਡਨਹੈਡ ਵਿਚ ਮੇਰਾ ਦਿਲ ਨਾਂ ਲਗਾ। ਮੁੜ ਕੇ ਸਾਊਥਾਲ ਆ ਗਿਆ। ਇਕ ਵੇਅਰਹਾਊਸ ਵਿਚ ਕੁਆਲਟੀ ਕੰਟਰੋਲ ਦੀ ਨੌਕਰੀ ਮਿਲ ਗਈ ,ਜਿਹੜੀ ਫੈਕਟਰੀ ਦੀ ਹੱਡ ਭੰਨਵੀਂ ਮਿਹਨਤ ਨਾਲੋਂ ਬਹੁਤ ਸੌਖੀ ਸੀ। ਵਿਆਹ ਤੋਂ ਬਾਦ ਜਦੋਂ ਕਈ ਮਹੀਨੇ ਪੰਜਾਬ ਰਹਿ ਕੇ ਵਾਪਸ ਰਜਿੰਦਰ ਨਾਲ ਸਾਊਥਾਲ ਪ੍ਰੀਤਮ ਸਿਧੂ ਹੋਰਾਂ ਕੋਲ ਆਇਆ ਤਾਂ ਦੋਬਾਰਾ ਫਿਰ ਨਵੇਂ ਸਿਰਿਓਂ ਜਿੰਦਗੀ ਸੁਰੂ ਕਰਨੀ ਪਈ ਅਤੇ ਫਿਰ ਓਹੀ ਫੈਕਟਰੀਆਂ ਵਿਚ ਕੰਮ ਕਰਨ ਦਾ ਸਿਲਸਿਲਾ ਸੁਰੂ ਹੋ ਗਿਆ, ਪਰ ਛੇਤੀ ਹੀ ਮੈਂ ਉੱਦਮ ਕਰਕੇ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਵੈਸਟ ਈਲਿੰਗ ਦੇ ਅਨਇਮਪਲਾਇਮੈਂਟ ਬੈਨੀਫਿਟ ਆਫਸ ਵਿਚ ਜੁਨੀਅਰ ਅਗਜੈਕਟਿਵ ਦੀ ਨੌਕਰੀ ਮਿਲ ਗਈ, ਜਿਹੜੀ ਮੈਂ ਅਮਰੀਕਾ ਜਾਣ ਤਕ ਜਾਰੀ ਰਖੀ।
?ਤੁਸੀਂ ਅਮਰੀਕਾ ਕਦੋਂ ਆਏ?ਅਤੇ ਇਥੋਂ ਦੇ ਸੰਘਰਸ਼ ਬਾਰੇ ਦਸੋ
ਮੇਰੀ ਛੋਟੀ ਭੈਣ ਡਾ. ਦਲਜੀਤ ਕੌਰ ਅਤੇ ਉਹਨਾਂ ਦੇ ਪਤੀ ਡਾ. ਅਰਜਿੰਦਰਪਾਲ ਸਿੰਘ ਸੇਖੋਂ ੧੯੭੨ ਵਿਚ ਇਮੀਗਰੇਸ਼ਨ ਲੈ ਕੇ ਅਮਰੀਕਾ ਆ ਗਏ ਸਨ, ਉਹਨਾਂ ਨੇ ਕਈ ਵਾਰ ਸਾਨੂੰ ਅਮਰੀਕਾ ਮੂਵ ਹੋ ਜਾਣ ਲਈ ਆਖਿਆ ਸੀ, ਛੋਟੀ ਭੈਣ ਦੀ ਦਲੀਲ ਸੀ ਕਿ ਜੇਕਰ ਪ੍ਰਦੇਸ ਵਿਚ ਹੀ ਰਹਿਣਾ ਹੈ ਤਾਂ ਕਿਉਂ ਨਾਂ ਇਕੋ ਦੇਸ਼ ਵਿਚ ਰਿਹਾ ਜਾਵੇ। ਅਮਰੀਕਾ ਦੀ ਅਮੀਰੀ ਦਾ ਲਾਲਚ ਵੀ ਉਹਨਾਂ ਦੇ ਤਰਕ ਦਾ ਹਿਸਾ ਸੀ। ਸਾਡੇ ਬੇਟੇ ਦੇ ਜਨਮ ‘ਤੇ ਰਜਿੰਦਰ ਦੇ ਮਾਤਾ ਜੀ, ਇੰਗਲੈਂਡ ਆਏ ਸਨ, ਕੁਝ ਦੇਰ ਸਾਡੇ ਕੋਲ ਰਹਿ ਕੇ ਉਹ ਰਜਿੰਦਰ ਅਤੇ ਬੱਚਿਆਂ ਨੂੰ ਲੈ ਕੇ ਅਮ੍ਰਿਤਸਰ ਚਲੇ ਗਏ। ਇਹਨਾਂ ਦਿਨਾਂ ਵਿਚ ਫਿਰ ਭੈਣ ਦਾ ਫੋਨ ਆਇਆ, ਉਹਨਾਂ ਕਿਹਾ ਮੈਂ ਇੱਕਲਾ ਹਾਂ ਅਮਰੀਕਾ ਦਾ ਚੱਕਰ ਮਾਰ ਲਵਾਂ। ਤਿੰਨ ਹਫਤੇ ਦੀ ਛੁੱਟੀ ਲੈ ਕੇ ਮਾਰਚ ੧੯੭੯ ਦੇ ਸੁਰੂ ਵਿਚ ਮੈਂ ਕੈਲੀਫੋਰਨੀਆ ਲਈ ਜਹਾਜ ਚੜ੍ਹ ਗਿਆ। ਕੁਝ ਦਿਨਾਂ ਬਾਦ ਮੇਰੇ ਬਹਿਨੋਈ ਡਾ.ਅਰਜਿੰਦਰਪਾਲ ਸਿੰਘ ਸੇਖੋਂ ਕਹਿਣ ਲਗੇ ਇਥੇ ਪੰਜਾਬੀ ਦਾ ਅਖਬਾਰ ਕੋਈ ਨਹੀਂ, ਦੇਸ-ਪ੍ਰਦੇਸ ਵਿਚ ਕੰਮ ਕਰਨ ਦੇ ਮੇਰੇ ਤਜਰਬੇ ਕਰਕੇ ਕਿਉਂ ਨਾਂ ਅਖਬਾਰ ਸ਼ੁਰੂ ਕੀਤਾ ਜਾਵੇ । ਉਹਨਾਂ ਦਾ ਮਸ਼ਵਰਾ ਮੰਨ ਕੇ ਅਸੀਂ ਸਪਤਾਹਿਕ ਅਖਬਾਰ ਸ਼ੁਰੂ ਕਰਨ ਲਈ ਜਾਣਕਾਰੀ ਇੱਕਤਰ ਕਰਨੀ ਸ਼ੁਰੂ ਕਰ ਦਿੱਤੀ। ਵੈਨਕੂਵਰ ਤੋਂ ਉਹਨਾਂ ਦਿਨਾਂ ਵਿਚ ਇੰਡੋ-ਕੈਨੇਡੀਅਨ ਹੀ ਇਕ ਇਕੱਲਾ ਅਖਬਾਰ ਛਪਦਾ ਸੀ। ਇਸ ਸਿਲਸਿਲੇ ਵਿਚ ਜਾਣਕਾਰੀ ਲੈਣ ਹਿਤ ਵੈਨਕੂਵਰ ਗਏ ਅਤੇ ਸਵਰਗੀ ਤਾਰਾ ਸਿੰਘ ਹੇਅਰ, ਜਿਹੜੇ ਇਹਦੇ ਸੰਪਾਦਕ, ਮਾਲਕ ਸਨ, ਨੂੰ ਮਿਲੇ। ਉਹਨਾਂ ਕੋਲੋਂ ਟਾਈਪ ਸੈਟਿੰਗ ਮਸ਼ੀਨ ਅਤੇ ਹੋਰ ਲੋੜੀਂਦੀ ਜਾਣਕਾਰੀ ਹਾਸਲ ਕੀਤੀ। ਮੈਂ ਇੰਗਲੈਂਡ ਮੁੜਿਆ, ਰਜਿੰਦਰ ਨੂੰ ਅੰਮ੍ਰਿਤਸਰ ਕੀਤਾ, ਅਮਰੀਕਾ ਦੀ ਵਧੀਆ ਜਿੰਦਗੀ, ਵਧ ਸਹੂਲਤਾਂ ਦਾ ਲਾਲਚ ਦਸ ਕੇ ਮਨਾ ਲਿਆ। ਦੋ ਮਹੀਨੇ ਬਾਦ ਆਪਣਾ ਕੌਂਸਲ ਦਾ ਘਰ ਛੱਡਿਆ, ਸਾਮਾਨ ਦੋਸਤਾਂ ਨੂੰ ਦੇ ਕੇ ਲੋੜੀਂਦੀਆਂ ਵਸਤਾਂ ਲੈ ਅਮਰੀਕਾ ਆ ਗਿਆ। ਕੈਲੇਫੋਰਨੀਆ ਦੇ ਛੋਟੇ ਜਿਹੇ ਕਸਬੇ ਡੀਲੈਨੋ ਤੋਂ ਪੰਜਾਬੀ ਸਪਤਾਹਿਕ ‘ਪੰਜਾਬ ਪੱਤਰ’ ਦੀ ਸੰਪਾਦਨਾ ਸੁਰੂ ਕਰ ਦਿੱਤੀ। ਗਦਰੀ ਲਹਿਰ ਦੇ ਦੇਸ਼ਭਗਤਾਂ ਵਲੋਂ ਸ਼ੁਰੂ ਕੀਤੇ ‘ਗਦਰ’ ਪਰਚੇ ਦੇ ੬੬ ਸਾਲ ਬਾਦ ਅਮਰੀਕਾ ਵਿਚ ਛਪਣ ਵਾਲਾ ਇਹ ਪਹਿਲਾ ਪੰਜਾਬੀ ਅਖਬਾਰ ਸੀ, ਜਿਹੜਾ ਦੋ ਸਾਲ ਤਕ ਛਪਦਾ ਰਿਹਾ, ਪਰ ਉਹਨਾਂ ਦਿਨਾਂ ਵਿਚ ਇਹਨੂੰ ਮਾਲੀ ਤੌਰ ‘ਤੇ ਸਹਾਇਤਾ ਕਰਨ ਲਈ ਨਾਂ ਹੀ ਬਹੁਤੇ ਪੰਜਾਬੀ ਵਪਾਰਕ ਅਦਾਰੇ ਸਨ, ਜਿਹਨਾਂ ਕੋਲੋਂ ਇਸ਼ਤਿਹਾਰ ਮਿਲ ਸਕਦੇ ਅਤੇ ਨਾਂ ਹੁਣ ਵਰਗੇ ਹਾਈ ਟੈਕ ਅਤੇ ਇੰਟਰਨੈਟ ਦੇ ਸਾਧਨ ਸਨ ਕਿ ਪੰਜਾਬ ਤੋਂ ਤਾਜਾ ਤਰੀਨ ਖਬਰਾਂ ਸਮੇਤ ਕੰਪੋਜ ਕਰਵਾ ਲੈਂਦੇ ਅਤੇ ਇਥੇ ਪਰਿੰਟ ਕਰਵਾ ਕੇ ਡਿਸਟਰੀਬਿਊਟ ਕਰੀ ਜਾਂਦੇ। ਇਹਨਾਂ ਦਿਨਾਂ ਵਿਚ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਓਦੋਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਕੈਲੇਫੋਰਨੀਆ ਆਏ ਸਨ, ਸੰਤ ਜੀ ਨਾਲ ਉਹਨਾਂ ਦੀ ਯਾਤਰਾ ਨੂੰ ਅਖਬਾਰ ਵਿਚ ਕਵਰ ਕਰਨ ਲਈ ਉਹਨਾਂ ਦੇ ਨਾਲ ਸਮਾਗਮਾਂ ਵਿਚ ਜਾਣ ਦਾ ਮੌਕਾ ਮਿਲਦਾ ਰਿਹਾ, ਕਈ ਥਾਵਾਂ ‘ਤੇ ਸੰਤ ਜੀ ਦੀ ਸੰਖੇਪ ਜੀਵਨੀ ਦੀ ਜਾਣ ਪਹਿਚਾਣ ਕਰਾਉਣ ਲਈ ਵੀ ਮੈਨੂੰ ਬੋਲਣਾ ਪਿਆ, ਜਿਸ ਨੂੰ ਬੜਾ ਪਸੰਦ ਕੀਤਾ ਗਿਆ, ਅਤੇ ਮੇਰੇ ਬੁਲਾਰੇ ਹੋਣ ਦੇ ਗੁਣ ਨੂੰ ਪਹਿਚਾਣ ਮਿਲਣ ਲਗੀ,ਅਤੇ ਇਹਦੀ ਚਰਚਾ ਦੂਰ ਨੇੜੇ ਕੁਝ ਸੰਤ ਜੀ ਨੇ ਅਤੇ ਕੁਝ ਹੋਰ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਕਰਨੀ ਸ਼ੁਰੂ ਕਰ ਦਿੱਤੀ, ਜਿਸਦਾ ਬਾਦ ਵਿਚ ਮੈਨੂੰ ਬੜਾ ਲਾਭ ਹੋਇਆ। ਅਖਬਾਰ ਬੰਦ ਕਰਨ ਬਾਰੇ ਅਖਬਾਰ ਵਿਚ ਨੋਟ ਲਿਖ ਦਿੱਤਾ ।ਦਰਸ਼ਨ ਸਿੰਘ ਧਾਲੀਵਾਲ, ਜਿਹਨਾਂ ਦਾ ਮਿਲਵਾਕੀ ਵਿਚ ਪੈਟਰੋਲ ਦਾ ਵੱਡਾ ਕਾਰੋਬਾਰ ਹੈ, ਨਾਲ ਮੇਰੀ ‘ਪੰਜਾਬ ਪੱਤਰ’ ਅਖਬਾਰ ਦੇ ਸੰਪਾਦਕ ਵਜੋਂ ਜਾਣ ਪਹਿਚਾਣ ਓਦੋਂ ਹੋ ਗਈ, ਜਦੋਂ ਉਹ ਸਨਫਰਾਂਸਿਸਕੋ ਵਿਖੇ ਸਿੱਖ ਕੌਂਸਲ ਦੀ ਕਵੈਨਸਨ ‘ਤੇ ਸਾਲ ਕੁ ਪਹਿਲਾਂ ਆਏ ਸਨ, ਇਹਨਾਂ ਦਿਨਾਂ ਵਿਚ ਹੀ ਉਹਨਾਂ ਦੇ ਛੋਟੇ ਭਰਾ ਸੁਰਜੀਤ ਸਿੰਘ ਰਖੜਾ, ਜਿਹੜੇ ਅੱਜ ਕਲ੍ਹ ਪੰਜਾਬ ਦੇ ਕੈਬਨਿਟ ਮੰਤਰੀ ਹਨ ਵੀ ਭਾਰਤ ਤੋਂ ਯੰਗ ਫਾਰਮਰ ਕਲਬ ਦੇ ਇਕ ਡੈਲੀਗੇਸ਼ਨ ਵਿਚ ਕੈਲੀਫੋਰਨੀਆ ਫੇਰੀ ‘ਤੇ, ਸੈਨਫਰਾਂਸਿਸਕੋ ਆਏ ਹੋਏ ਸਨ। ਅਚਾਨਕ ਹੀ ਦਰਸ਼ਨ ਸਿੰਘ ਧਾਲੀਵਾਲ ਦਾ ਫੋਨ ਆਇਆ ਕਿ ਅਖਬਾਰ ਬੰਦ ਨਾਂ ਕਰੋ, ਇਹਨੂੰ ਮਿਲਵਾਕੀ ਤੋਂ ਜਾਰੀ ਕਰਨ ਲਈ ਉਹਨਾਂ ਕੋਲ ਆ ਚਲਿਆ ਜਾਵਾਂ। ਮੈਂ ਮਿਲਵਾਕੀ ਚਲਾ ਗਿਆ, ਪਰ ਅਖਬਾਰ ਨੂੰ ਦੋਬਾਰਾ ਸ਼ੁਰੂ ਕਰਨ ਲਈ ਓਹੀ ਮੁਸ਼ਕਲਾਂ ਮੇਰੇ ਸਾਹਮਣੇ ਸਨ, ਜਿਹਨਾਂ ਦਾ ਮੈਂ ਪਹਿਲਾਂ ਜਿਕਰ ਕਰ ਚੁੱਕਾ ਹਾਂ। ਆਪਣੇ ਗੁਜਾਰੇ ਲਈ ਆਮਦਨ ਦਾ ਜਰੀਆਂ ਤਾਂ ਅਖਬਾਰ ਪਹਿਲਾਂ ਵੀ ਨਹੀਂ ਸੀ। ਦਰਸ਼ਨ ਸਿੰਘ ਧਾਲੀਵਾਲ ਇਹਨਾਂ ਦਿਨਾਂ ਵਿਚ ਆਪਣੇ ਪੈਟਰੋਲ ਦੇ ਕਾਰੋਬਾਰ ਨੂੰ ਨਿੱਜੀ ਵਿਓਪਾਰ ਤੋਂ ਬਦਲ ਕੇ ਇਕ ਕੰਪਨੀ ਦਾ ਰੂਪ ਦੇਣ ਬਾਰੇ ਸੋਚ ਰਿਹਾ ਸੀ ਜਿਸ ਲਈ ਉਹਨੂੰ ਕੁਝ ਭਰੋਸੇ ਵਾਲੇ ਬੰਦਿਆਂ ਦੀ ਲੋੜ ਸੀ, ਮੈਨੂੰ ਉਹਨਾਂ ਨੇ ਮੈਨੇਜਰ ਦੇ ਤੌਰ ‘ਤੇ ਨੌਕਰੀ ਆਫਰ ਕੀਤੀ, ਜਿਸਦੀ ਕਿ ਮੈਨੂੰ ਲੋੜ ਵੀ ਸੀ।ਰਜਿੰਦਰ ਨੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪਣੀ ਐਮ ਏ ਦੀ ਪੜ੍ਹਾਈ ਮੁਕਾ ਲਈ,ਅਤੇ ਬੱਚਿਆਂ ਸਮੇਤ ਮੇਰੇ ਕੋਲ ਮਿਲਵਾਕੀ ਆ ਗਈ । ਰਜਿੰਦਰ ਨੇ ਯੂਨੀਵਰਸਿਟੀ ਆਫ ਵਿਸਕਾਸਨ ਤੋਂ ਫੈਮਲੀ ਕੌਂਸਲਿੰਗ ਦੀ ਮਾਸਟਰ ਡਿਗਰੀ ਲਈ ਦਾਖਲਾ ਲੈ ਲਿਆ, ਦੋ ਸਾਲ ਵਿਚ ਡਿਗਰੀ ਪੂਰੀ ਹੋ ਗਈ। ਰਾਜਿੰਦਰ ਨੂੰ ਡੀਟਰਾਇਟ ਵਿਚ ਮਿਸ਼ੀਗਨ ਸਟੇਟ ਦੀ ਇਕ ਏਜੈਂਸੀ ਵਿਚ ਕੌਂਸਲਰ ਵਜੋਂ ਜੌਬ ਦੀ ਆਫਰ ਆ ਗਈ, ਅਤੇ ਅਸੀਂ ੧੯੮੫ ਦੀ ਕ੍ਰਿਸਮਿਸ ਤੋਂ ਕੁਝ ਦਿਨ ਪਹਿਲਾਂ ਡੀਟਰਾਇਟ ਮੂਵ ਹੋ ਗਏ। ਰਜਿੰਦਰ ਨੇ ਨੌਕਰੀ ਸ਼ੁਰੂ ਕਰ ਲਈ, ਮੈਂ ਵੀ ਕਈ ਛੋਟੇ ਮੋਟੇ ਕੰਮ ਕਰਦਿਆਂ ਨਾਲ ਹੀ ਡੀਜਾਇਨ ਇੰਜਨੀਅਰਿੰਗ ਦੀ ਐਸੋਸੀਏਟ ਡਿਗਰੀ ਕਰ ਲਈ ਅਤੇ ਆਟੋ ਇੰਡਸਟਰੀ ਵਿਚ ਡੀਜਾਈਨ ਟੈਕਨੀਸੀਅਨ ਵਜੋਂ ਕੰਮ ਮਿਲ ਗਿਆ।
?ਤੁਸੀਂ ਤਾਂ ਲਗਦੈ ਇਉਂ ਅਮਰੀਕਾ ਆ ਵੜੇ ਜਿਵੇਂ ਨਾਨਕੇ ਆਈਦਾ?
ਨਹੀਂ ਜੀ ਨਾਨਕੇ ਆਉਣ ਵਾਲੀ ਤਾਂ ਕੋਈ ਗਲ ਨਹੀਂ। ਮੈਂ ਵੀ ਓਵੇਂ ਹੀ ਆਇਆਂ ਜਿਵੇਂ ਬਾਕੀ ਲੋਕਾਂ ਨੂੰ ਆਉਣਾ ਪੈਂਦਾ। ਇਗਲੈਂਡ ਦਾ ਨਾਗਰਿਕ ਹੋਣ ਕਰਕੇ ਮੈਨੂੰ ਅਮਰੀਕਾ ਦਾ ਵੀਜਾ ਮਿਲਣ ਵਿਚ ਦਿੱਕਤ ਨਹੀਂ ਆਈ। ਜਦੋਂ ਕੈਲੇਫੋਰਨੀਆਂ ਤੋਂ ਅਖਬਾਰ ਸ਼ੁਰੂ ਕੀਤਾ ਤਾਂ ਅਖਬਾਰ ਦੇ ਕਾਰੋਬਾਰ ਸ਼ੁਰੂ ਕਰਨ ਦੇ ਅਧਾਰ ‘ਤੇ ਅਮਰੀਕਾ ਦੀ ਇਮੀਗਰੇਸ਼ਲਨ ਲਈ ਅਪਲਾਈ ਕਰ ਦਿੱਤਾ, ਜਿਹੜੀ ਕਿ ਮੈਨੂੰ ੬ ਕੁ ਮਹੀਨੇ ਅੰਦਰ ਹੀ ਮਿਲ ਗਈ ਸੀ।
?ਕੀ ਤੁਸੀਂ ਜੀਵਨ ਤੋਂ ਸੰਤੁਸ਼ਟ ਹੋ?
ਬਿਲਿੰਗ ਸਾਹਿਬ ਕਾਸ਼ ਇਸ ਸਵਾਲ ਦਾ ਜਵਾਬ ਦੋ ਅੱਖਰਾਂ ਵਿਚ ‘ਹਾਂ’ ਹੁੰਦਾ! ਮੇਰਾ ਜੀਵਨ ਜਿਥੇ ਸੰਤੁਸ਼ਟੀ ਵਾਲਾ ਹੈ, ਉਤਨਾ ਹੀ ਦੁਖਦਾਈ ਵੀ ਹੈ। ਮੈਂ ਆਪਣੇ ਪਰਵਾਰ ਵਲੋਂ ਸੰਤੁਸ਼ਟ ਹਾਂ। ਦੋਵੇਂ ਬੱਚੇ ਚੰਗੀ ਵਿਦਿਆ ਲੈ ਕੇ ਚੰਗੀਆਂ ਨੌਕਰੀਆਂ ਕਰ ਰਹੇ ਹਨ। ਦੋਹਾਂ ਦੇ ਜੀਵਨ ਸਾਥੀ ਵੀ ਚੰਗੇ ਪੜ੍ਹੇ ਲਿਖੇ ਅਤੇ ਪਰੋਫੈਸ਼ਨਲ ਹਨ। ਦੋਹਾਂ ਦੇ ਆਪਣੇ ਘਰ ਹਨ। ਜਦੋਂ ਉਹਨਾਂ ਦਾ ਦਿਲ ਕਰੇ ਬੱਚਿਆਂ ਨੂੰ ਲੈ ਕੇ ਦੋ ਚਾਰ ਦਿਨਾਂ ਬਾਦ ਚੱਕਰ ਮਾਰ ਜਾਂਦੇ ਹਨ, ਅਤੇ ਜਦੌਂ ਅਸੀਂ ਚਾਹੀਏ, ਉਹਨਾਂ ਕੋਲ ਜਾ ਵੜੀਦਾ ਹੈ। ਆਪਣੀ ਕਮਿਊਨਿਟੀ ਵਿਚ ਬੜਾ ਆਦਰ ਸਤਿਕਾਰ ਹੈ। ਮੇਰੇ ਪਬਲਿਕ ਸਪੀਕਰ ਹੋਣ ਕਰਕੇ ਮੈਂ ਸਾਡੇ ਸ਼ਹਿਰ ਦੇ ਮੁਢਲੇ ਗੁਰਦੁਆਰੇ ਦਾ ਕਈ ਵਰ੍ਹੇ ਸੈਕਟਰੀ, ਵਾਈਸ ਪ੍ਰਧਾਨ, ਕਨਵੀਨਰ ਰਿਹਾ ਹਾਂ, ਕਮਿਉਨਟੀ ‘ਚ ਹੋਣ ਵਾਲੀ ਹਰ ਗਤੀਵਿਧੀ ਲਈ ਮੈਨੂੰ ਸੱਦਾ ਆਇਆ ਹੀ ਰਹਿੰਦਾ ਹੈ। ਜਿਵੇਂ ਮੈਂ ਪਹਿਲਾਂ ਵੀ ਜਿਕਰ ਕਰ ਚੁੱਕਾ ਹਾਂ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਯੂਨੀਵਰਸਿਟੀ ਆਫ ਮਿਸ਼ੀਗਨ ਤੋ ਪੜ੍ਹ ਕੇ ਗਏ ਸਨ। ੧੯੯੫ ਵਿਚ ਉਹਨਾਂ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਯੂਨੀਵਰਸਿਟੀ ਵਿਚ ਮਨਾਉਣ ਦਾ ਪਰਬੰਧ ਵੀ ਮੇਰੇ ਉਦੱਮ ਨਾਲ ਹੀ ਹੋਇਆ ਸੀ। ਮੇਰੀ ਪ੍ਰੇਰਣਾ ਸਦਕਾ ਪੰਜਾਬੀ ਸਾਹਿਤ ਨਾਲ ਪਿਆਰ ਕਰਨ ਵਾਲੇ ਕੁਝ ਪੜ੍ਹੇ ਲਿਖੇ ਰੀਟਾਇਰ ਸਜਣਾਂ ਨੇ ਪੰਜਾਬੀ ਸਾਹਿਤ ਸਭਾ ਬਣਾਈ ਹੋਈ ਹੈ, ਅਸੀਂ ਸਮੇਂ ਸਮੇਂ ਇਕੱਤਰ ਹੋ ਕੇ ਸਾਹਿਤ ਬਾਰੇ ਚਰਚਾ ਕਰਦੇ ਰਹਿੰਦੇ ਹਾਂ। ਪੱਤਝੜ ਦੇ ਦਿਨਾਂ ਵਿਚ ਕਵੀ ਦਰਬਾਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ, ਜਿਸ ਵਿਚ ਬਾਹਰੋਂ ਖਾਸ ਕਰਕੇ ਟੋਰਾਂਟੋ ਇਲਾਕੇ ਦੇ ਕਵੀਆਂ ਨੂੰ ਵੀ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਰਾਜਿੰਦਰ ਹਾਲੇ ਕੰਮ ਕਰਦੀ ਹੈ, ਉਹ ਆਪਣੀ ਨੌਕਰੀ ਤੋਂ ਬਹੁਤ ਖੁਸ਼ ਹੈ। ਉਹਦੇ ਅਧੀਨ ਕੰਮ ਕਰਨ ਵਾਲੇ ਉਹਦਾ ਆਦਰ ਕਰਦੇ ਹਨ, ਅਤੇ ਅਫਸਰਾਂ ਵਿਚ ਉਹਦੀ ਕਦਰ ਹੈ। ਮੈਂ ੨੦੦੪ ਵਿਚ ਜਨਰਲ ਮੋਟਰ ਕੰਪਨੀ ਵਿਚੋਂ ਏਜੰਸੀ ਰਾਹੀਂ ਕੰਮ ਕਰਦਾ ਰੀਟਾਇਰ ਹੋ ਗਿਆ ਸਾਂ । ਜਿਵੇਂ ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਆਪਣੀ ਜ਼ਮੀਨ ਜਾਇਦਾਦ ਦੇ ਝਗੜਿਆਂ ਕਰਕੇ ਠਾਣੇ ਕਚਹਿਰੀਆਂ ਵਿਚ ਖੱਜਲ ਖੁਆਰ ਹੋਣਾ ਪਿਆ, ਮੈਂ ਵੀ ਉਹਨਾਂ ਵਿਚੋਂ ਇਕ ਹਾਂ। ਇਹਦੇ ਬਾਰੇ ਸੋਚ ਕੇ ਕਈ ਵਾਰ ਬਹੁਤ ਉਦਾਸ ਹੋ ਜਾਂਦਾ ਹਾਂ ਕਿ ਜਿਹਨਾਂ ਆਪਣਿਆਂ ਦਾ ਸਾਰੀ ਉਮਰ ਏਨਾ ਕੁਝ ਕੀਤਾ, ਅੰਤ ਨੂੰ ਲਾਲਚ ਕਾਰਣ ਉਹ ਹੀ ਦੁਸ਼ਮਨ ਬਣ ਗਏ। ਇਸੇ ਬੇਚੈਨੀ ਕਰਕੇ ੨੦੦੯ ਵਿਚ ਮੈਂ ਅਚਾਨਕ ਬੀਮਾਰ ਹੋ ਗਿਆ, ਅਤੇ ਡਾਕਟਰਾਂ ਨੇ ਮੇਰਾ ਰੋਗ ਬਲਡ ਕੈਂਸਰ ਲੱਭਿਆ, ਜਿਹੜਾ ਕਿ ਉਹਨਾਂ ਦੇ ਦੱਸਣ ਅਨੁਸਾਰ ਬਹੁਤ ਜਿਆਦਾ ਫਿਕਰ ਕਰਨ ਕਰਕੇ ਹੋਇਆ ਅਤੇ ਪਹਿਲੀ ਸਟੇਜ ਵਿਚ ਸੀ। ਜਿਸਦਾ ਸਾਲ ਭਰ ਇਲਾਜ ਚਲਦਾ ਰਿਹਾ, ਕੀਮੋ ਥੈਰਪੀ, ਸਟੈਮ ਸੈਲ ਟਰਾਂਸਪਲਾਂਟ ਅਤੇ ਟਾਕਸਿਕ ਦਵਾਈਆਂ ਨੇ ਮੇਰੇ ਸਰੀਰ ਨੂੰ ਜਿਥੇ ਸਰੀਰਕ ਤੌਰ ‘ਤੇ ਨਢਾਲ ਕਰ ਦਿੱਤਾ, ਉਹਦੇ ਨਾਲ ਮਾਨਸਿਕ ਤੌਰ ‘ਤੇ ਵੀ ਬਹੁਤ ਅਸਰ ਪਾਇਆ। ਪਰਵਾਰ ਅਤੇ ਮਿੱਤਰਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ। ਇਲਾਜ ‘ਤੇ ਭਾਵੇਂ ਹੁਣ ਵੀ ਜਾਰੀ ਹੈ, ਹਮੇਸਾ ਜਾਰੀ ਰਹੇਗਾ। ਪਰ ਡਾਕਟਰਾਂ ਦੇ ਕਹਿਣ ਅਨੁਸਾਰ ਮੇਰਾ ਰੋਗ ਕੰਟਰੋਲ ਵਿਚ ਹੈ, ਇਹੀ ਉਹਨਾਂ ਦਾ ਟੀਚਾ ਹੈ। ਹਾਇਕੂ ਰਚਨਾ ਵੀ ਮੇਰੀ ਮਾਨਸਿਕ ਸਿਹਤ ਦੇ ਨਰੋਏਪਨ ਲਈ ਬੜੀ ਸਹਾਈ ਹੋਈ ਹੈ।
?ਪ੍ਰਦੇਸ ਆਉਣ ਲਈ ਤੜਫਦੇ ਨੌਜਵਾਨਾਂ ਨੂੰ ਕੀ ਆਖਣਾ ਚਾਹੋਗੇ?
ਪੁਰਾਣੀ ਕਹਾਤ ਹੈ, ਬਾਹਰ ਦੀ ਸਾਰੀ ਘਰ ਦੀ ਅੱਧੀ। ਇਹਦੇ ਬਹੁਤ ਡੂੰਗੇ ਅਰਥ ਹਨ। ਮਿਹਨਤ ਕਰਨ ਵਾਲੇ ਇਨਸਾਨ ਲਈ ਪੰਜਾਬ ਵਿਚ ਵੀ ਉਹ ਸਭ ਕੁਝ ਹਾਸਲ ਹੋ ਸਕਦਾ ਹੈ, ਜਿਸ ਦੀ ਪ੍ਰਾਪਤੀ ਲਈ ਜੇਕਰ ਉਹ ਨੇਕ ਨੀਯਤੀ ਨਾਲ ਕੰਮ ਕਰਨ ਲਈ ਤਿਆਰ ਹੋਵੇ। ਜਦੋਂ ਮੈਂ ਬਾਹਰ ਆਇਆਂ, ਉਹਦੇ ਨਾਲੋਂ ਹੁਣ ਬਹੁਤ ਕੁਝ ਬਦਲ ਗਿਆ ਹੈ। ਪੰਜਾਬ ਵਿਚ ਵੀ ਬਹੁਤ ਸਾਰੇ ਅਜੇਹੇ ਰੋਜ਼ਗਾਰ ਹਨ, ਜਿਹਨਾਂ ਨੂੰ ਜੇਕਰ ਸਾਡੇ ਨੌਜਵਾਨ ਕਰਨ ਦਾ ਮਨ ਬਣਾ ਲੈਣ ਤਾਂ ਉਹ ਸਹਿਜੇ ਹੀ ਕਾਮਯਾਬ ਹੋ ਸਕਦੇ ਹਨ, ਅਤੇ ਧਨਾਢ ਵੀ। ਹੈਰਾਨੀ ਦੀ ਗਲ ਹੈ, ਜਿਹੜਾ ਕੰਮ ਉਹ ਪੰਜਾਬ ਵਿਚ ਕਰਨ ਲਈ ਹੱਤਕ ਮਹਿਸੂਸ ਕਰਦੇ ਹਨ, ਉਸ ਤੋਂ ਵੀ ਭੈੜੇ ਕੰਮ ਪ੍ਰਦੇਸ ਵਿਚ ਕਰਨ ਲਈ ਤਿਆਰ ਹੋ ਜਾਂਦੇ ਹਨ। ਸਚਾਈ ਇਹ ਹੈ ਕਿ ਜੇਕਰ ਉਹਨਾਂ ਕੋਲ ਕੋਈ ਹੁਨਰ ਨਹੀਂ ਜਾਂ ਤਕਨੀਕੀ ਵਿਦਿਆ ਨਹੀਂ ਤਾਂ ਪ੍ਰਦੇਸ ਵਿਚ ਵੀ ਉਹਨਾਂ ਨੂੰ ਭਾਰੀ ਮੁਸ਼ਕਤ ਤੋਂ ਬਾਦ ਘੱਟ ਤਨਖਾਹ ਵਾਲੇ ਕੰਮ ਹੀ ਮਿਲਦੇ ਹਨ।ਇਸ ਤੋਂ ਇਲਾਵਾ ਗੈਰਕਾਨੂੰਨੀ ਢੰਗ ਨਾਲ ਪ੍ਰਦੇਸ ਗਏ ਪੰਜਾਬੀ ਮੁੰਡੇ ਬਹੁਤ ਥੋੜੀ ਤਨਖਾਹ ‘ਤੇ ਲੰਮੇ ਘੰਟੇ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ ਅਤੇ ਆਪਣੀ ਸਿਹਤ ਵਿਗਾੜ ਲੈਂਦੇ ਹਨ। ਮੈਂ ਤਾਂ ਇਹੋ ਸਲਾਹ ਦਿਆਂਗਾ ਲੱਖਾਂ ਰੁਪਏ ਖਰਚ ਕੇ ਗੈਰਕਾਨੂੰਨੀ ਢੰਗ ਨਾਲ ਪਰਦੇਸਾਂ ਵਿਚ ਜਿੰਦਗੀ ਬਰਬਾਦ ਕਰਨ ਦੀ ਥਾਂ ਉਹਨਾਂ ਪੈਸਿਆਂ ਨਾਲ ਉਹ ਕੋਈ ਵੀ ਕਾਰੋਬਾਰ ਪੰਜਾਬ ਵਿਚ ਸ਼ੁਰੂ ਕਰਨ ਅਤੇ ਇੱਜਤ ਦਾ ਜੀਵਨ ਬਸਰ ਕਰਨ।
?ਜੇਕਰ ਦੋਬਾਰਾ ਜਨਮ ਲੈਣਾ ਪਵੇ ਤਾਂ ਕਿਥੇ ਪੈਦਾ ਹੋਣਾ ਹੋਣਾ ਚਾਹੋਗੇ?
ਜੇਕਰ ਕੋਈ ਪੁਨਰ ਜਨਮ ਹੈ, ਅਤੇ ਉਹਦੇ ਲਈ ਮੇਰੀ ਰਾਏ ਲਈ ਜਾਵੇ ਤਾਂ ਅਮਰੀਕਾ ਹੀ ਮੇਰੀ ਚੋਣ ਹੋਵੇਗੀ।ਮੈਂ ਭਾਰਤ ਅਤੇ ਅਮਰੀਕਾ ਦੀ ਤੁਲਨਾ ਕਰਨ ਲਗਿਆਂ ਕਿਸੇ ਪੂਰਵ ਧਾਰਣ ਕੀਤੇ ਹੋਏ ਭਾਵੁਕ ਕਾਰਣ ਕਰਕੇ ਨਹੀਂ ਸਗੋਂ ਤਜ਼ਰਬੇ ਦੇ ਅਧਾਰ ‘ਤੇ ਕਹਿ ਰਿਹਾ ਹਾਂ। ਅਮਰੀਕਾ ਭਾਵੇਂ ਸਰਮਾਏਦਾਰੀ ਮੁਲਕ ਹੈ, ਜਿਥੇ ਹਰ ਹਾਲਤ ਵਿਚ ਸਰਮਾਏਦਾਰ ਅਤੇ ਵਡੀਆਂ ਕਾਰਪੋਰੇਟ ਕੰਪਨੀਆਂ ਦੇ ਹਿਤਾਂ ਦੀ ਖੁਲ੍ਹੇਆਮ ਰਖਿਆ ਕੀਤੀ ਜਾਂਦੀ ਹੈ। ਪਰ ਇਥੇ ਕਾਨੂੰਨ ਦਾ ਰਾਜ ਹੈ। ਆਮ ਵਰਕਰ ਅਤੇ ਕੰਪਨੀ ਦੇ ਮਾਲਕ ‘ਤੇ ਇਕੋ ਕਾਨੂੰਨ ਲਾਗੂ ਹੁੰਦਾ ਹੈ। ਸਾਧਾਰਣ ਨਾਗਰਿਕ ਨੂੰ ਆਪਣੇ ਕੰਮਕਾਰ ਲਈ ਨਾਂ ਰਿਸ਼ਵਤ ਦੇਣੀ ਪੈਂਦੀ ਹੈ ਨਾਂ ਸਮਾਂ ਗੁਆਣਾ ਪੈਂਦਾ ਹੈ।ਇਨਸਾਫ ਲਈ ਥਾਨੇ ਕਚਹਿਰੀ ਵਿਚ ਰੁਲਣਾ ਨਹੀਂ ਪੈਂਦਾ। ਇਥੇ ਨਾਂ ਪ੍ਰਦੂਸ਼ਨ ਹੈ, ਖਾਦ ਖੁਰਾਕ ਸਾਫ ਸੁਥਰੀ, ਆਰਾਮ ਦੇਹ ਘਰ ਅਤੇ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਨਿਰੰਤਰਣ ਵਿਚ ਹਨ। ਨਾਂ ਬਿਜਲੀ ਜਾਂਦੀ ਹੈ, ਨਾਂ ਪਾਣੀ ਵਿਚ ਟਾਕਿਸਕ ਤੱਤ ਹਨ। ਸੜਕਾਂ ਵਿਚ ਨਾਂ ਖੱਡੇ ਹਨ, ਨਾਂ ਹੀ ਭੀੜ ਭੜੱਕਾ। ਸਾਰੀਆਂ ਸਿਵਲ ਅਤੇ ਸਿਹਤ ਸੇਵਾਵਾਂ ਬਹੁਤ ਹੀ ਵਧੀਆ ਹਨ, ਅਤੇ ਸਭ ਲਈ ਕਿਸੇ ਭੇਦ ਭਾਵ ਤੋਂ ਬਿਨਾਂ ਇਕੋ ਜਿਹੀਆਂ ਉਪਲਭਧ ਹਨ। ਮੇਰੀ ਬੀਮਾਰੀ ‘ਤੇ ਹਰ ਮਹੀਨੇ ਪੰਜ ਹਜਾਰ ਡਾਲਰ ਦੀ ਦਵਾਈ ਲਗਦੀ ਹੈ, ਜਿਸਦਾ ਸਾਰਾ ਖਰਚਾ ਸਰਕਾਰ ਕਰ ਰਹੀ ਹੈ।ਲਾਅ ਐਂਡ ਆਰਡਰ ਏਨਾ ਸਖਤ ਹੈ ਕਿ ਅਸੀਂ ਕਈ ਵਾਰ ਆਪਣੇ ਘਰ ਨੂੰ ਤਾਲਾ ਲਾਉਣਾ ਭੁੱਲ ਕੇ ਬਾਹਰ ਚਲੇ ਜਾਂਦੇ ਰਹੇ ਹਾਂ,ਮਜਾਲ ਹੈ ਕੋਈ ਚੀਜ ਇਧਰ ਤੋਂ ਓਧਰ ਹੋਈ ਹੋਵੇ।ਇਸ ਦੇ ਉਲਟਪੰਜਾਬ ਵਿਚ ਲੋਕ ਤਾਲਾ ਤੋੜ ਕੇ ਤੁਹਾਡੀ ਜਾਇਦਾਦ ‘ਤੇ ਕਬਜਾ ਕਰ ਲੈਂਦੇ ਹਨ,ਫਿਰ ਖਾਲੀ ਕਰਾਉਣ ਲਈ ਜਿਹੜੇ ਸੰਤਾਪ ਵਿਚੋਂ ਬੰਦੇ ਨੂੰ ਲੰਘਣਾ ਪੈਂਦਾ ਹੈ, ਉਹਦਾ ਸ਼ਿਕਾਰ ਮੈਂ ਹੋਇਆ ਹਾਂ।ਜਿਸਨੇ ਇਮਾਨਦਾਰੀ ਨਾਲ ਸ਼ਾਂਤੀ ਪੂਰਵਕ ਜੀਣਾ ਹੋਵੇਭਲਾ ਉਹ ਅਮਰੀਕਾ ਵਰਗੇ ਸਮਰਿਧ,ਕਾਨੂੰਨ ਪਾਲਕ ਦੇਸ਼ ਨੂੰ ਛੱਡ ਕੇ ਕਿਸੇ ਹੋਰ ਕੁੰਭੀ ਨਰਕ ਵਿਚ ਜੰਮਣਾ ਕਿਉਂ ਪਸੰਦ ਕਰੇਗਾ।
?‘ਹਾਇਕੂ’ ਵਲ ਕਿਥੋਂ ਪ੍ਰਰੇਣਾ ਮਿਲੀ?
ਜਾਪਾਨੀ ਹਾਇਕੂ ਬਾਰੇ ਤਾਂ ਮੇਰੀ ਜਾਣਕਾਰੀ ਕਈ ਵਰ੍ਹੇ ਪਹਿਲਾਂRobert Hassਦੀ ਪੁਸਤਕ The Essential Haikuਪੜ੍ਹਨ ਨਾਲ ਹੋ ਗਈ ਸੀ,ਅੰਗਰੇਜੀ ਦੀ ਇਸ ਪੁਸਤਕ ਵਿਚ ਲੇਖਕ ਨੇ ਜਾਪਾਨੀ ਭਾਸਾ ਦੇ ਉਸਤਾਦ ਹਾਇਜਨ(ਹਾਇਕੂ ਕਵੀਆਂ) ਮਤਸੂਓ ਬਾਸ਼ੋ, ਯੋਸਾ ਬੁਸੋਨ ਅਤੇ ਕੋਬਾਯਾਸ਼ੀ ਇਸਾ ਦੇ ਜੀਵਨ, ਉਹਨਾਂ ਦੇ ਹਾਇਕੂ ਸਫਰ ਅਤੇ ਕਾਵਿ ਬਾਰੇ ਵਿਸਥਾਰ ਵਿਚ ਲਿਖਿਆ ਹੈ। ਪੁਸਤਕ ਵਿਚ ਇਹਨਾਂ ਕਵੀਆਂ ਦੇ ਚੋਣਵੇਂ ਹਾਇਕੂ ਵੀ ਅੰਗਰੇਜੀ ਵਿਚ ਉਲੱਥਾ ਕਰਕੇ ਅੰਕਿਤ ਕੀਤੇ ਹੋਏ ਹਨ।
ਮੇਰੇ ਸ਼ਹਿਰ ਡੀਟਰਾਇਟ, ਮਿਸੀਗਨ ਵਿਚ ਕੁਝ ਵਰ੍ਹਿਆਂ ਤੋਂ ਮੇਰੇ ਉੱਦਮ ਸਕਦਾ ਪੰਜਾਬੀ ਸਾਹਿਤ ਨਾਲ ਦਿਲਚਸਪੀ ਰਖਣ ਵਾਲੇ ਦੋਸਤਾਂ ਦੇ ਸਹਿਯੋਗ ਸਦਕਾ ਅਸੀਂ ਹਰ ਵਰ੍ਹੇ ਅਕਤੂਬਰ ਵਿਚ ਪੰਜਾਬੀ ਕਵੀ ਦਰਬਾਰ ਦਾ ਪ੍ਰਬੰਧ ਕਰਦੇ ਹਾਂ, ਅਤੇ ਕੈਨੇਡਾ ਦੇ ਓਂਟੈਰੀਓ ਪ੍ਰਾਂਤ ਦੇ ਮੁੱਖ ਸ਼ਹਿਰ ਟਰਾਂਟੋ ਦੁਆਲੇ ਰਹਿੰਦੇ ਪੰਜਾਬੀ ਕਵੀਆਂ ਨੂੰ ਇਸ ਕਵੀ ਦਰਬਾਰ ਵਿਚ ਸ਼ਾਮਲ ਹੋਣ ਲਈ ਬੁਲਾਇਆ ਜਾਂਦਾ ਹੈ, ਜਿਹਨਾਂ ਵਿਚ ਮੁਖ ਤੌਰ ‘ਤੇ ਨਵਤੇਜ ਭਾਰਤੀ, ਡਾ.ਸੁਖਪਾਲ, ਸ਼ਮੀਲ, ਅਮਰਜੀਤ ਸਾਥੀ ਭਾਗ ਲੈਂਦੇ ਰਹਿੰਦੇ ਹਨ। ਸਾਲ ੨੦੦੮ ਵਿਚ ਹੋਏ ਕਵੀ ਦਰਬਾਰ ਵਿਚ ਅਮਰਜੀਤ ਸਾਥੀ ਨੇ ਉਹਨਾਂ ਦੇ ਓਸੇ ਸਾਲ ਪ੍ਰਕਾਸ਼ਿਤ ਹੋਏ ਹਾਇਕੂ ਸੰਗ੍ਰਹਿ ‘ਨਿਮਖ’ ਵਿਚੋਂ ਪੰਜਾਬੀ ਹਾਇਕੂ ਸੁਣਾਏ। ਮੇਰੇ ਲਈ ਇਹ ਅਚੰਭੇ ਵਾਲੀ ਗੱਲ ਸੀ ਕਿ ਪੰਜਾਬੀ ਵਿਚ ਵੀ ਹਾਇਕੂ ਲਿਖੇ ਜਾ ਰਹੇ ਹਨ?ਸਾਥੀ ਜੀ ਦੇ ਹਾਇਕੂ ਸੰਗ੍ਰਹਿ ਨੂੰ ਪੜ੍ਹਨ ਤੋਂ ਕੁਝ ਦਿਨ ਬਾਦ ਮੈਂ ਆਪਣਾ ਪਹਿਲਾ ਹਾਇਕੂ ਲਿਖ ਕੇ ਅਮਰਜੀਤ ਸਾਥੀ ਹੋਰਾਂ ਨੂੰ ਫੋਨ ‘ਤੇ ਸੁਣਾਇਆ ਜੋ ਇੰਜ ਸੀ:
ਝੜਦੇ ਪੱਤੇ
ਢਲਦਾ ਸੂਰਜ-
ਰੰਗ ਵਟਾ ਕੇ
ਸਾਥੀ ਜੀ ਨੇ ਹਾਇਕੂ ਪਸੰਦ ਕੀਤਾ ਅਤੇ ਮੈਨੂੰ ਹੋਰ ਹਾਇਕੂ ਲਿਖਣ ਦੀ ਪ੍ਰਰੇਣਾ ਦਿੱਤੀ, ਅੰਗਰੇਜੀ ਵਿਚ ਹਾਇਕੂ ਬਾਰੇ ਕੁਝ ਚੋਣਵੀਆਂ ਪੁਸਤਕਾਂ ਪੜ੍ਹਨ ਦਾ ਮਸ਼ਵਰਾ ਵੀ ਦਿੱਤਾ। ਮੇਰਾ ਇਹ ਹਾਇਕੂ ਉਹਨਾਂ ਨੇ ਆਪਣੇ ਬਲਾਗ ‘ਹਾਇਕੂ ਪੰਜਾਬੀ’ ਉਤੇ ਵੀ ਪੋਸਟ ਕਰ ਦਿੱਤਾ। ਇਹ ਹਾਇਕੂ ਪੜ੍ਹ ਕੇ ਪਾਠਕਾਂ ਨੇ ਸੁਖਾਵੀਆਂ ਟਿੱਪਣੀਆਂ ਕੀਤੀਆਂ। ਉਸ ਤੋਂ ਬਾਦ ਮੇਰਾ ਹਾਇਕੂ ਸਫਰ ਸ਼ੁਰੂ ਹੋ ਗਿਆ, ਅਤੇ ਮੇਰੇ ਹਾਇਕੂ ਲਗਾਤਾਰ ਬਲਾਗ ‘ਤੇ ਪੋਸਟ ਹੋਣ ਲਗੇ, ਸਾਥੀ ਸਾਹਿਬ ਨੇ ਮੈਨੂੰ ਬਲਾਗ ਦਾ ਸਹਿ-ਸੰਪਾਦਕ ਵੀ ਨਿਯੁਕਤ ਕਰ ਲਿਆ, ਇਹ ਸਫਰ ਬਾਦ ਵਿਚ ਫੇਸ ਬੁਕ ‘ਤੇ ‘ਪੰਜਾਬੀ ਹਾਇਕੂ’ ਨਾਂ ਦੇ ਗਰੁਪ ਅਧੀਨ ਚਲਦਾਰਿਹਾ, ਜਿਹੜਾ ਹੁਣ ਤਕ ਜਾਰੀ ਹੈ।
? ਹਾਇਕੂ ਦਾ ਕੀ ਅਰਥ ਹੈ?
ਹਾਇਕੂ ਸ਼ਬਦ ਜਾਪਾਨੀ ਭਾਸਾ ਦੇ ਵਿਧਾਨ ਅਨੁਸਾਰ ਤਿੰਨ ਧੁਨੀ-ਖੰਡਾਂ, ਹਾ-ਇ-ਕੂ ਨਾਲ ਬਣਿਆ ਹੈ, ਪੱਛਮੀ ਖਾਸ ਕਰ ਅੰਗਰੇਜ਼ੀ ਭਾਸ਼ਾਈ ਵਿਦਵਾਨਾਂ ਨੇ ਇਹਦੇ ਸ਼ਾਬਦਿਕ ਅਰਥ ਕਰਨ ਲਈ ਦੋ ਭਾਗ ਹਾਇ+ ਕੂ ਮੰਨੇ ਹਨ।
ਹਾਇ =ਵਾਹ ਅਤੇ ਕੂ=ਕਵਿਤਾ, ਭਾਵ ਵਾਹ! ਜਾਂ ਆਹਾ! ਦੀ ਕਵਿਤਾ, ਉਹ ਕਾਵਿ ਜਿਸਨੂੰ ਪੜ੍ਹ ਸੁਣ ਕੇ ਪਾਠਕ ਵਾਹ! ਵਾਹ! ਕਰ ਉਠੇ, ਅਨੰਦਿਤ ਹੋ ਜਾਵੇ।
?ਤੁਹਾਨੂੰ ਇਸ ਵਿਚ ਕੀ ਵਿਸ਼ੇਸ਼ ਲਗਿਆ?
ਜਾਪਾਨ ਦੇ ਧਰਾਤਲ ਵਿਚ ਬੋਧੀ ਭਿਕਸ਼ੂਆ ਦੁਆਰਾ ਰਚਨਾ ਦਾ ਮਾਧਿਅਮ ਬਣੀ ਇਹ ਲਘੂ ਕਵਿਤਾ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਲਿਖੀ ਜਾ ਰਹੀ ਹੈ। ਜਿਵੇਂ ਮੈਂ ਪਹਿਲਾਂ ਦਸ ਚੁਕਾ ਹਾਂ ਕਿ ਮੇਰੀ ਇਕ ਬੁਲਾਰੇ ਦੇ ਤੌਰ ‘ਤੇ ਪਹਿਚਾਣ ਬਣ ਗਈ ਸੀ, ਜਿੱਥੇ ਮੈਂ ਪ੍ਰਭਾਵਸਾਲੀ ਉਚਾਰਣ ਵਿਚ ਬੋਲ ਸਕਦਾ ਸਾਂ, ਉਹਦੇ ਨਾਲ ਹੀ ਮੈਂ ਬਹੁਤ ਹੀ ਸੰਖੇਪ ਸ਼ਬਦਾਂ ਵਿਚ ਆਪਣੀ ਗਲ ਕਹਿਣ ਦਾ ਵੀ ਮਾਹਿਰ ਸਾਂ। ਕਿਉਂ ਕਿ ਹਾਇਕੂ ਸੰਸਾਰ ਦੀ ਸਭ ਤੋਂ ਵੱਧ ਸੰਖੇਪਿਤ ਕਵਿਤਾ ਹੈ, ਜਿਸ ਵਿਚ ਤਿੰਨ ਸਤਰਾਂ ਵਿਚ ਪੂਰਾ ਭਾਵ ਪ੍ਰਗਟ ਕੀਤਾ ਜਾਂਦਾ ਹੈ। ਮੈਂ ਸਮਝਦਾ ਹਾਂ ਇਹੀ ਕਾਰਣ ਹੈ ਕਿ ਹਾਇਕੂ ਕਾਵਿ ਵੱਲ ਮੈਂ ਇੱਕ ਦਮ ਰੁਚਿਤ ਹੋ ਗਿਆ।
ਜੋ ਕੁਝ ਵੀ ਅਸੀਂ ਸੰਚਾਰ ਇੰਦਰੀਆਂ( ਵੇਖਣ, ਸੁਨਣ, ਸੁੰਘਣ, ਛੋਹਣ, ਚੱਖਣ) ਦੁਆਰਾ ਅਨੁਭਵ ਕਰਦੇ ਹਾਂ, ਉਹਨੂੰ ਸੰਖੇਪਿਤ ਪਰ ਸਾਧਾਰਣ ਸ਼ਬਦਾਂ ਰਾਹੀਂ ਤਿੰਨ ਸਤਰਾਂ ਵਿਚ ਬਿਆਨ ਕਰਨਾ ਹਾਇਕੂ ਦਾ ਉਦੇਸ਼ ਹੈ। ਹਾਇਕੂ ਅਨੁਭਵ ਪ੍ਰਕਿਰਤੀ ਨੂੰ ਵੇਖਣ ਲਈ ਇੱਕ ਵਿਲੱਖਣ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ, ਨਜ਼ਰੀਆ ਬਦਲ ਦਿੰਦਾ ਹੈ, ਨਵੀਂ ਜੀਵਨ ਜਾਚ ਪੈਦਾ ਕਰਦਾ ਹੈ।
?ਹਾਇਕੂ ਦੇ ਇਤਿਹਾਸ ਬਾਰੇ ਦੱਸੋ।ਕੀ ਹਾਇਕੂ ਰਚਨਾ ਦੇ ਕੋਈ ਖਾਸ ਨਿਯਮ ਹਨ?
ਜਾਪਾਨੀ ਭਾਸ਼ਾ ਵਿਚ ਸਦੀਆਂ ਤੋਂ ਲਿਖੀ ਜਾ ਰਹੀ ਕਵਿਤਾ ਹਾਇਕੂ ਦੁਨੀਆਂ ਵਿਚ ਸਭ ਤੋਂ ਸੰਖੇਪਿਤ ਕਵਿਤਾ ਮੰਨੀ ਜਾਂਦੀ ਹੈ। ਇਕੋ ਸਾਹ ਵਿਚ ਕਹੀ ਜਾਣ ਵਾਲੀ ਕਵਿਤਾ। ਜਿਸ ਵਿਚ 17 ਧੁਨੀ-ਇਕਾਈਆਂ (onji) ਨੂੰ5-7-5 ਕਰਕੇ ਤਿੰਨ ਪੰਕਤੀਆਂ ਵਿਚ ਲਿਖਿਆ ਹੁੰਦਾ ਹੈ। ਹਾਇਕੂ ਦੇ ਜਨਮ ਦੀ ਕਥਾ ਬੜੀ ਦਿਲਚਸਪ ਹੈ। ਜਾਪਾਨ ਵਿਚ ਸਦੀਆਂ ਤੋਂ ਇਕ ਲੰਮੀ ਲੜੀਦਾਰ ਕਵਿਤਾ ਲਿਖਣ ਦੀ ਪ੍ਰਥਾ ਸੀ, ਜਿਸ ਨੂੰ ‘ਹਾਇਕਾਇ ਨੋ ਰੈਂਗਾ’ ਕਿਹਾ ਜਾਂਦਾ ਸੀ। ਇਸ ਨੂੰ ਬਹੁਤ ਸਾਰੇ ਕਵੀ ਇਕੱਠੇ ਹੋ ਕੇ ਲਿਖਦੇ ਸਨ। ਇਕ ਕਵੀ ਕਵਿਤਾ ਦਾ ਮੁਢਲਾ ਬੰਦ ਪੇਸ਼ ਕਰਦਾ ਸੀ ਜਿਸ ਨੂੰ ‘ਹੋਕੂ’ ਕਿਹਾ ਜਾਂਦਾ ਸੀ। ਕਿਉਂਕਿ ਕਿਸੇ ਕਵੀ ਨੂੰ ਵੀ ਹੋਕੂ ਕਹਿਣ ਲਈ ਕਿਹਾ ਜਾ ਸਕਦਾ ਸੀ ਇਸ ਲਈ ਭਾਗ ਲੈਣ ਵਾਲ਼ੇ ਸਾਰੇ ਕਵੀ ਅਪਣਾ ਅਪਣਾ ਮੁਢਲਾ ਬੰਦ ਲਿਖਕੇ ਲਿਆਉਂਦੇ। ਪਰ ਜੋ ਹੋਕੂ ਲੜੀਦਾਰ ਕਵਿਤਾ ਲਿਖਣ ਲਈ ਨਾ ਵਰਤੇ ਜਾਂਦੇ ਉਹ ਵੱਖਰੇ ਲਿਖ ਲਏ ਜਾਂਦੇ। ਇਸ ਤਰਾਂ ਹੌਲ਼ੀ ਹੌਲ਼ੀ ਹੋਕੂ ਦਾ ਅਪਣਾ ਵੱਖਰਾ ਅਸਥਾਨ ਬਣ ਗਿਆ। ਉਨ੍ਹੀਵੀਂ ਸਦੀ ਦੇ ਅਖੀਰ ਵਿਚ ਜਾਪਾਨੀ ਕਵੀ ਅਤੇ ਆਲੋਚਕ ਸ਼ਿਕੀ ਮਾਸਾਓਕਾ ਨੇ ਹੋਕੂ ਨੂੰ ਲੜੀਦਾਰ ਕਵਿਤਾ ਨਾਲੋਂ ਵੱਖਰਾ ਕਰ ਲਿਆ ਅਤੇ ਇਸ ਨੂੰ ਹਾਇਕੂ ਦਾ ਨਾਮ ਦੇ ਦਿੱਤਾ। ਜਾਪਾਨੀ ਭਾਸਾ ਦੀਆਂ ਧੁਨੀ-ਇਕਾਈਆਂ (onji)ਨੂੰ 5-7-5 ਰਾਹੀਂ ਪੰਜਾਬੀ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ ਜਿਥੇ ਜਾਪਾਨੀ ਭਾਸਾ ਵਿਚ ਵਰਤੀਆਂ ਜਾਂਦੀਆਂ ਇਹ ਧੁਨੀ ਇਕਾਈਆਂ ਪੰਜਾਬੀ ਲਗਾ ਮਾਤਰਾਂ ਨਾਲੋਂ ਬਹੁਤ ਵਖਰੀਆਂ ਹਨ। ਅੰਗਰੇਜੀ ਵਿਚ ਵੀ onjiਜਾਂsyllabulsਨੂੰ ਅਧਾਰ ਬਣਾ ਕੇ 5-7-5 ਦੇ ਨਿਯਮ ਦੀ ਪਾਲਣਾ ਨੂੰ ਜਰੂਰੀ ਨਹੀਂ ਸਮਝਿਆ ਜਾਂਦਾ, ਇਹਦੀ ਬਜਾਏ ਪ੍ਰਕਿਰਤੀ ਵਿਚਲੇ ਅਲੌਕਿਕ ਖਿਣ, ਜਿਸਨੇ ਲੇਖਕ ਨੂੰ ਪ੍ਰਭਾਵਿਤ ਕੀਤਾ ਹੋਵੇ ਨੂੰ ਸੰਖੇਪ ਵਿਚ ਸ਼ਬਦਾਂ ਰਾਹੀਂ ਦਰਸਾਉਣਾ ਹੈ, ਅਤੇ ਹਾਇਕੂ ਦੀਆਂ ਤਿੰਨ ਪੰਕਤੀਆਂ ਪਹਿਲੀ ਅਤੇ ਤੀਸਰੀ ਛੋਟੀਆਂ ਅਤੇ ਵਿਚਕਾਰ ਵਾਲੀ ਵਡੀ ਰਖੀ ਜਾਂਦੀ ਹੈ।
ਹਾਇਕੂ ਵਿਚ ਰੁੱਤ ਦਾ ਜਿਕਰ ਜਾਂ ਇਹਦਾ ਹਵਾਲਾ ਹੋਣਾ ਹਾਇਕੂ ਦਾ ਅਹਿਮ ਅਤੇ ਮੂਲ ਗੁਣ ਹੈ। ਇਸ ਤੋਂ ਇਲਾਵਾ ਹਾਇਕੂ ਵਾਂਗ ਹੀ ਤਿੰਨ ਸਤਰਾਂ ਵਿਚ ਲਿਖੀ ਜਾਂਦੀ ਕਵਿਤਾ ਨੂੰ ਸੈਨਰਿਊ ਕਿਹਾ ਜਾਂਦਾ ਹੈ, ਇਤਿਹਾਸ ਅਨੁਸਾਰ ਲੜੀਵਾਰ ਕਵਿਤਾ ਦੇ ਵਿਚਕਾਰ ਵਾਲੇ ਪਦਿਆਂ ਵਿਚ ਇਹ ਸੈਨਰਿਓ ਦਰਜ ਕੀਤੇ ਹੁੰਦੇ ਸਨ। ਜਿਵੇਂ ਹਾਇਕੂ ਵਿਚ ਪ੍ਰਕਿਰਤੀ ਅਤੇ ਰੁੱਤਾਂ ਦਾ ਜਿਕਰ ਜਰੂਰੀ ਹੈ, ਓਵੇਂ ਹੀ ਸੈਨਰਿਓ ਵਿਚ ਮਨੁਖੀ ਭਵਾਨਾਵਾਂ ਨੂੰ ਸਾਦਗੀ ਨਾਲ ਪੇਸ਼ ਕੀਤਾ ਜਾਂਦਾ ਹੈ। ਸੈਨਰਿਓ ਰਚਨਾ ਰਾਹੀਂ ਮਾਨਵੀ ਵਰਤਾਰਿਆਂ ਵਿਚ ਹਾਸਰਸ, ਮਜਾਹ ਅਤੇ ਕਟਾਖਸ਼ ਨੂੰ ਦਰਸਾਇਆ ਜਾਂਦਾ ਹੈ।
ਹਾਇਕੂ ਰਚਨਾ ਦੇ ਚਾਰ ਸੌ ਸਾਲਾਂ ਦੇ ਇਤਿਹਾਸ ਵਿਚ ਬਹੁਤ ਨਿਯਮ ਬਣੇ, ਪਰਵਾਨ ਹੋਏ ਅਤੇ ਬਦਲ ਵੀ ਗਏ। ਹਾਇਕੂ ਨੂੰ ਜਿਤਨਾ ਹੀ ਸੌਖਾ, ਸੰਖਿਪਤ ਅਤੇ ਥੋੜੇ ਸ਼ਬਦਾਂ ਵਿਚ ਰਚਿਆ ਜਾਂਦਾ ਹੈ, ਉਤਨੇ ਹੀ ਇਹਦੀ ਰਚਣ ਪ੍ਰਕਿਰਿਆ ਲਈ ਕੁਝ ਖਾਸ ਨਿਯਮਾਂ ਦੀ ਪਾਲਣਾ ਜਰੂਰੀ ਹੈ।
- ਹਾਇਕੂ "ਹੁਣ" ਖਿਨ ਦੀ ਕਵਿਤਾ ਹੈ ਜੋ ਵਰਤਮਾਨ ਕਾਲ ਵਿਚ ਲਿਖੀ ਜਾਂਦੀ ਹੈ।
- ਹਾਇਕੂ ਤਿੰਨ ਲਾਇਨਾ- ਛੋਟੀ- ਲੰਮੀ -ਛੋਟੀ ਲਾਇਨ 'ਚ ਰਚਿਆ ਜਾਂਦਾ ਹੈ।
- ਹਾਇਕੂ 'ਜੋ ਹੈ ਸੋ ਹੈ' ਦੇ ਸੱਚ ਨੂੰ ਦਰਸਾਉਂਦੀ ਕਵਿਤਾ ਹੈ।
- ਹਾਇਕੂ ਉੱਤਮ ਪੁਰਖ ਵਿਚ ਨਹੀਂ ਲਿਖਿਆ ਜਾਂਦਾ, ਭਾਵ ਮੈਂ, ਮੇਰਾ ਆਦਿ ਸ਼ਬਦ ਵਰਤਣ ਤੋਂ ਗੁਰੇਜ਼ ਕੀਤਾ ਜਾਂਦਾ ਹੈ।
- ਹਾਇਕੂ ਕੁਦਰਤ ਦਾ ਚਿਤਰਣ ਕਰਦਾ ਹੈ।
- ਹਾਇਕੂ 'ਚ ਠੋਸ ਇੰਦਰਾਵੀ ਬਿੰਬ ਹੁੰਦੇ ਹਨ - ਜੋ ਪਾਠਕ ਖੁਦ ਮਹਿਸੂਸ ਕਰ ਸਕੇ...
- ਹਾਇਕੂ ਵਿਚ ਲਿਖਣ ਵਾਲਾ ਅਪਣੇ ਵਿਚਾਰ, ਭਾਵ ਜਾਂ ਨਿਰਨਾ ਨਹੀਂ ਦਿੰਦਾ।
- ਹਾਇਕੂ ਬਹੁਤ ਸੰਖੇਪ ਹੋਣ ਕਰ ਕੇ ਬਹੁ-ਅਰਥੀ ਵੀ ਹੁੰਦਾ ਹੈ।
- ਹਾਇਕੂ ਵਿਚ ਰੁੱਤ ਦਾ ਜਿਕਰ ਜਾਂ "ਰੁੱਤ ਦਾ ਪ੍ਰਤੀਕ" ਸ਼ਬਦ ਹੋਣਾ ਜਰੂਰੀ ਹੈ।
- ਹਾਇਕੂ 'ਚ ਦੋ ਬਿੰਬਾਂ ਨੂੰ ਸਮੀਪਤਾ ਵਿਚ ਰਖ ਕੇ ਦਰਸਾਇਆ ਜਾ ਸਕਦਾ ਹੈ।
- ਹਾਇਕੂ 'ਚ ਕਹੇ ਨਾਲੋਂ ਅਣਕਿਹਾ ਵੱਧ ਹੁੰਦਾ ਹੈ।
ਇਕ ਵਧੀਆ ਹਾਇਕੂ ਲਿਖਣ ਦਾ ਤਰੀਕਾ ਇਕੋ ਹੈ ਕਿ ਬਹੁਤ ਸਾਰੇ ਨਹੀਂ ਸਗੋਂ ਘੱਟ ਪਰ ਵਧੀਆ ਹਾਇਕੂ ਲਿਖੇ ਜਾਣ। ਹਾਇਕੂ ਨੂੰ ਲਿਖ ਕੇ ਉੱਚੀ ਬੋਲ ਕੇ ਪੜ੍ਹ ਲੈਣਾ ਚਾਹੀਦਾ ਹੈ ਤਾਂ ਕਿ ਇਹਦੇ ਵਿਚ ਵਰਤੇ ਗਏ ਸ਼ਬਦਾਂ ਦੇ ਉਚਾਰਣ ਦੀ ਰਵਾਨੀ ਓਪਰੀ ਨਾਂ ਲਗੇ, ਲੋੜ ਹੋਵੇ ਤਾਂ ਸ਼ਬਦ ਬਦਲੇ ਜਾ ਸਕਣ। ਹਾਇਕੂ ਨੂੰ ਸਰਲ ਭਾਸ਼ਾ, ਭਾਵ ਬੋਲ ਚਾਲ ਦੀ ਭਾਸ਼ਾ ਵਿਚ ਲਿਖਣਾ ਚਾਹੀਦਾ ਹੈ, ਬੌਧਿਕ ਭਾਸ਼ਾ ਹਾਇਕੂ ਨੂੰ ਬੋਝਲ ਬਣਾ ਦਿੰਦੀ ਹੈ।
ਹਾਇਕੂ ਦੇ ਦੋ ਭਾਗ ਹੁੰਦੇ ਹਨ।ਦੋਹਾਂ ਭਾਗਾਂ ਵਿਚ ਇਕ ਅਕਿਹ ਸਬੰਧ ਹੁੰਦਾ ਹੈ, ਜਿਹੜਾਂ ਇਕ ਸਤਰ ਵਿਚ ਦਰਸਾਏ ਭਾਵ ਨੂੰ ਵਿਸਤਾਰ ਲਈ ਦੂਜੀਆਂ ਦੋ ਸਤਰਾਂ ਵਿਚ ਪ੍ਰਗਟਾਉਂਦਾ ਹੈ, ਜਿਹੜੀ ਪਾਠਕ ਨੂੰ ਅਨੰਦਿਤ ਕਰਦੀ ਹੈ। ਹਾਇਕੂ ਲੇਖਕ ਦੀ ਸਿਰਜਕ ਨਿਪੁੰਨਤਾ ਇਸੇ ਵਿਚ ਹੈ ਕਿ ਉਹਦੇ ਵਲੋਂ ਹਾਇਕੂ ਵਿਚ ਵਰਤੇ ਗਏ ਸ਼ਾਬਦਿਕ ਬਿੰਬ ਪਾਠਕ ਨੂੰ ਵਾਹ! ਕਹਿਣ ਲਾ ਦੇਣ।
ਦੋਹਾਂ ਭਾਗਾਂ ਨੂੰ ਨਖੇੜਨ ਲਈ ਕਟ ਮਾਰਕ ਵਰਤਿਆ ਜਾਂਦਾ ਹੈ, ਜਾਪਾਨੀ ਭਾਸਾ ਵਿਚ ਉਹਦੇ ਲਈ ਖਾਸ ਧੁੰਨੀ ਚਿੰਨ ਹਨ, ਜਿਹਨਾਂ ਨੂੰ kirejiਕਹਿੰਦੇ ਹਨ। ਅੰਗਰੇਜੀ ਅਤੇ ਪੰਜਾਬੀ ਵਿਚ ਇਹਦੇ ਲਈ ਵਿਸ਼ਰਾਮ-ਚਿੰਨ (punctuation)ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਲਈ ਮੁਖ ਤੌਰ ‘ਤੇ – ਡੰਡੀ ਵਰਤੀ ਜਾਂਦੀ ਹੈ। ਤੁਸੀਂ ਇਥੇ ਦਰਜ ਕੀਤੇ ਮੇਰੇ ਹਾਇਕੂ ਦੀ ਪਹਿਲੀ ਜਾਂ ਕਿਤੇ ਕਿਤੇ ਦੂਸਰੀ ਪੰਕਤੀ ਦੇ ਅੰਤ ਵਿਚ ਇਹ ਡੰਡੀ ਦੀ ਵਰਤੋਂ ਵੇਖੋਗੇ, ਜਿਹੜੀ ਹਾਇਕੂ ਦੇ ਦੋ ਭਾਗਾਂ ਨੂੰ ਨਿਖੇੜਨ ਵਲ ਸੰਕੇਤ ਹੈ। ਦੋਬਾਰਾ ਦਸ ਦੇਵਾਂ, ਹਾਇਕੂ ਵਿਚ ਵਰਤੇ ਗਏ ਅਨੁਭਵ ਨਿਜੀ ਹੋਣ ਅਤੇ ਇੰਦਰੀ ਬੋਧ ਦੁਆਰਾ ਗ੍ਰਹਿਣ ਕੀਤੇ ਗਏ ਹੋਣ।
ਹਾਇਕੂ ਵਰਤਮਾਨ ਕਾਲ ਵਿਚ ਲਿਖਿਆ ਹੋਵੇ, ਸੰਖੇਪਤਾ ਭਾਵ ਘੱਟ ਤੋਂ ਘਟ ਸ਼ਬਦ ਵਰਤੇ ਜਾਣ, ਕਿਰਿਆ ਬਿਨਾਂ ਹਾਇਕੂ ਲਿਖਿਆ ਹੋਵੇ। ਹਾਇਕੂ ਨੂੰ ਨਾਂਵ ਦੀ ਕਵਿਤਾ (poetry of noun)ਕਿਹਾ ਜਾਂਦਾ ਹੈ। ਹਾਇਕੂ ਵਿਚ ਤਾਲ ਸੁਭਾਵਕ ਹੋਵੇ, ਤੁਕਾਂਤ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਵੇ , ਬਿੰਬਾਂ ਦਾ ਪਰਸਪਰ ਮੇਲ ਹੋਵੇ, ਅਤੇ ਸਮੀਪਤਾ( juxtaposition)ਹੋਵੇ ਆਦਿ।
?ਤੁਹਾਨੂੰ ਕਿਹੜੇ ਹਾਇਕੂ ਲੇਖਕ ਨੇ ਪ੍ਰਭਾਵਿਤ ਕੀਤਾ?
ਪੰਜਾਬੀ ਵਿਚ ਹਾਇਕੂ ਸਾਹਿਤ ਨੇ ਹਾਲੇ ਪੈਰ ਹੀ ਧਰਿਆ ਹੈ, ਇਸ ਲਈ ਇਹਦੀ ਕਾਰਗੁਜਾਰੀ ਦਾ ਮੂਲਅੰਕਣ ਕਰਨ ਦਾ ਵੇਲਾ ਹਾਲੇ ਨਹੀਂ ਆਇਆ। ਥੋੜੇ ਅਰਸੇ ਵਿਚ ਅਤੇ ਵਡੀ ਗਿਣਤੀ ਵਿਚ ਪੰਜਾਬੀ ਹਾਇਕੂ ਵਲ ਲੇਖਕਾਂ ਦੀ ਰੁਚੀ ਤੋਂ ਇਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਹਾਇਕੂ ਦਾ ਭਵਿਖ ਉਜਵਲ ਹੈ। ਪੰਜਾਬੀ ਵਿਚ ਹਾਇਕੂ ਲਿਖਾਰੀਆਂ ਦੀ ਗਿਣਤੀ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ, ਜਿਹੜਾ ਕਿ ਚੰਗਾ ਸੰਕੇਤ ਹੈ।ਕਈ ਨਾਂ ਹਨ, ਜਿਹਨਾਂ ਦਾ ਪੰਜਾਬੀ ਹਾਇਕੂ ਵਿਚ ਯੋਗਦਾਨ ਹਮੇਸਾ ਯਾਦ ਕੀਤਾ ਜਾਂਦਾ ਰਹੇਗਾ, ਜਿਹਨਾਂ ਵਿਚੋਂ ਪੰਜਾਬੀ ਹਾਇਕੂ ਨਾਲ ਮੇਰਾ ਨਾਤਾ ਜੋੜਨ ਵਾਲੇ ਅਮਰਜੀਤ ਸਾਥੀ ਦਾ ਨਾਮ ਵਿਸੇਸ਼ ਤੌਰ ‘ਤੇ ਲੈਣਾ ਚਾਹਾਂਗਾ। ਜਾਪਾਨ ਰਹਿੰਦੇ ਪੰਜਾਬੀ ਕਵੀ ਪਰਮਿੰਦਰ ਸੋਢੀ ਨੇ ਸਭ ਤੋਂ ਪਹਿਲਾਂ ਪੰਜਾਬੀਆਂ ਦੀ ਜਾਣ ਪਹਿਚਾਣ ਹਾਇਕੂ ਨਾਲ ਕਰਵਾਈ ਹੈ, ਉਹਨਾਂ ਦਾ ਜਿਕਰ ਵੀ ਹੁੰਦਾ ਰਹੇਗਾ। ਉਂਜ ਪੰਜਾਬੀ ਦੇ ਦਰਵੇਸ਼ ਕਵੀ ਪ੍ਰੋ. ਪੂਰਨ ਸਿੰਘ ਜੀ ਨੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਹਾਇਕੂ ਰਚਨਾ ਕੀਤੀ ਮੰਨੀ ਜਾਂਦੀ ਹੈ। ਜਾਪਾਨੀ ਉਸਤਾਦ ਹਾਇਜਨ ਬਾਸੋ, ਬੁਸੋਨ ਅਤੇ ਇਸਾ ਦੇ ਹਾਇਕੂ ਮੈਂ ਅੰਗਰੇਜ਼ੀ ਦੇ ਮਾਧਿਅਮ ਰਾਹੀਂ ਹੀ ਪੜ੍ਹੇ ਹਨ। ਇਹਨਾਂ ‘ਚੋਂ ਮੈਨੂੰ ਇਸਾ ਨੇ ਸਭ ਤੋਂ ਵਧ ਪ੍ਰਭਾਵਿਤ ਕੀਤਾ ਹੈ ਕਿਉਂਕਿ ਉਹਨੇ ਪ੍ਰਕਿਰਤੀ ਵਿਚ ਨਿਗੂਣੇ ਜਾਣੇ ਜਾਂਦੇ ਜੀਵ ਜੰਤੂਆਂ ਨੂੰ ਆਪਣੀ ਲੇਖਣੀ ਦਾ ਮਧਿਅਮ ਬਣਾਇਆ। ਉਹਦੇ ਅਨੇਕਾਂ ਹਾਇਕੂ ਮੱਖੀਆ, ਮੱਕੜੀਆਂ, ਬਿੰਡਿਆਂ, ਜੂਆਂ, ਧਮੋੜੀਆਂ ਦੀ ਜੀਵ ਮਹਤੱਤਾ ਨੂੰ ਮਾਨਵ ਬਰਾਬਰ ਦਰਸਾਉਣ ਵਾਲੇ ਲਿਖੇ ਹੋਏ ਹਨ।
ਅੰਗਰੇਜ਼ੀ ਵਿਚ ਅਨੇਕਾਂ ਨਾਂ ਹਨ ਜਿਹਨਾਂ ਵਿਚ ਜੇਨ ਰਾਇਸ਼ੋਲਡ, ਲੀ ਗੁਰਗਾ, ਜੌਹਨ ਬਰੈਂਡੀ, ਸਿਡ ਕੋਰਮੈਨ ਅਤੇ ਪਟਰੀਸੀਆ ਡੋਨੇਗਨ ਦੇ ਨਾਂ ਵਰਨਣ ਯੋਗ ਹਨ, ਜਿਹਨਾਂ ਦੇ ਹਾਇਕੂ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਹੈ।ਮੇਰਾ ਹਾਇਕੂ ਪਾਠ ਦਾ ਸਫਰ ਜਾਰੀ ਹੈ। ਹਾਲੇ ਬਹੁਤ ਸਾਰੇ ਹੋਰ ਲੇਖਕਾਂ ਨੂੰ ਪੜ੍ਹਨਾ ਬਾਕੀ ਹੈ।
?ਤੁਸੀਂ ਕਿੰਨੇ ਕੁ ਹਾਇਕੂ ਲਿਖੇ?ਕੋਈ ਪੁਸਤਕ?
ਮੈਂ ਤਕਰੀਬਨ ੬੦੦ ਤੋਂ ਉਪਰ ਹਾਇਕੂ ਲਿਖ ਚੁੱਕਾ ਹੈ, ਜਿਹਨਾਂ ਵਿਚ ੧੯੮ ਦੇ ਕਰੀਬ ਮੇਰੇ ਹਾਇਕੂ ਸੰਗ੍ਰਹਿ “ਖਿਵਣ” ਜਿਹੜਾ ੨੦੧੦ ਵਿਚ ਲੋਕਗੀਤ ਪ੍ਰਕਾਸ਼ਨ ਨੇ ਛਾਪਿਆ ਅਤੇ ਪਬਲਿਸ਼ ਕੀਤਾ ਹੈ ਵਿਚ ਅੰਕਿਤ ਹਨ ਖਿਵਣ ਨੂੰ ਪਹਿਲੀ ਪੰਜਾਬੀ ਹਾਇਕੂ ਕਾਨਫਰੰਸ ਦੌਰਾਨ ਪੰਜਾਬੀ ਯੂਨਵਰਸਿਟੀ ਵਿਚ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਨੇ ਰੀਲੀਜ ਕੀਤਾ ਸੀ। ਹਾਇਕੂ ਰਚਨਾ ਬਾਰੇ ਨਵੀਆਂ ਪਰਤਾਂ ਹਰ ਰੋਜ਼ ਖੁੱਲ੍ਹ ਰਹੀਆਂ ਹਨ ਜਿਹਨਾਂ ਸਦਕਾ ਬੜਾ ਕੁਝ ਨਵਾਂ ਸਿਖਣ ਨੂੰ ਮਿਲ ਰਿਹਾ ਹੈ।
?ਪਾਠਕਾਂ ਵੱਲੋਂ ਕਿੰਨਾ ਕੁ ਹੁੰਗਾਰਾ ਮਿਲਿਆ?
ਪੰਜਾਬੀ ਹਾਇਕੂ ਨੂੰ ਬੜੀ ਕਠਨ ਪ੍ਰੀਖੀਆ ਵਿਚੋਂ ਲੰਘਣਾ ਪਿਆ ਹੈ, ਪੰਜਾਬੀ ਦੇ ਸਥਾਪਤ ਕਾਵਿ ਰਚਣਹਾਰਿਆਂ ਨੇ ਇਹਦਾ ਬੜਾ ਵਿਰੋਧ ਕੀਤਾ। ਹਾਇਕੂ ਨੂੰ ਪੰਜਾਬੀ ਲੋਕ ਸਾਹਿਤ ਵਿਚ ਪਹਿਲਾਂ ਤੋਂ ਮੌਜੂਦ ਟੱਪਿਆਂ ਦੇ ਬਰਾਬਰ ਪਰਚਾਰ ਕੇ ਇਹਦੀ ਪੰਜਾਬੀ ਸਾਹਿਤ ਖੇਤਰ ਵਿਚ ਲੋੜ ‘ਤੇ ਸਵਾਲੀਆ ਨਿਸ਼ਾਨ ਲਾਉਣ ਦਾ ਯਤਨ ਕੀਤਾ ਗਿਆ। ਜਦ ਕਿ ਟੱਪੇ ਅਤੇ ਹਾਇਕੂ ਵਿਚ ਕੁਝ ਵੀ ਸਾਂਝਾ ਨਹੀਂ ਹੈ।ਹਾਇਕੂ ਨੇ ਪੰਜਾਬੀ ਸਾਹਿਤ ਵਿਚ ਆਪਣਾ ਸਥਾਨ ਬਣਾ ਲਿਆ ਹੈ, ਮੇਰੇ ਹਾਇਕੂ ਸੰਗ੍ਰਹਿ ਦੇ ਲੋਕ ਅਰਪਣ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਵਾਨਾਂ, ਪੰਜਾਬੀ ਦੇ ਪੋਸਟ ਗਰੈਜੂਏਟ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਇਹਨੂੰ ਜੀ ਆਇਆਂ ਕਿਹਾ। ਜਿਸਦੇ ਸਿੱਟੇ ਵਜੋਂ ਖੋਜਾਰਥੀ ਸਿਮਰਨਜੀਤ ਸਿੰਘ ਨੇ ਪੰਜਾਬੀ ਹਾਇਕੂ ਨੂੰ ਆਪਣੀ ਐਮ ਫਿਲ ਲਈ ਖੋਜ ਦਾ ਵਿਸ਼ਾ ਚੁਣਿਆ ਹੈ।
?ਕਿੰਨੇ ਕੁ ਹਾਇਕੂ ਲੇਖਕਾਂ ਨੂੰ ਸੰਸਾਰ ਪੱਧਰ ‘ਤੇ ਜਾਣਦੇ ਹੋ?
ਸੰਸਾਰ ਪੱਧਰ ‘ਤੇ ਜਾਪਾਨੀ ਅਤੇ ਦੂਸਰੀਆਂ ਭਾਸਾਵਾਂ ਵਿਚ ਬੇਸ਼ੁਮਾਰ ਹਾਇਜਨ(ਹਾਇਕੂ ਲੇਖਕ) ਹਰ ਰੋਜ਼ ਹਾਇਕੂ ਰਚ ਰਹੇ ਹਨ, ਉਹਨਾਂ ਨਾਲ ਨਿੱਜੀ ਤੌਰ ‘ਤੇ ਜਾਣ ਪਹਿਚਾਣ ਹੋਣੀ ਸੰਭਵ ਨਹੀਂ, ਫਿਰ ਵੀ ਮੈਨੂੰ ਪ੍ਰਸਿਧ ਅਮਰੀਕਨ ਹਾਇਕੂ ਲੇਖਕ ਜੌਹਨ ਬਰੈਂਡੀ ਨੂੰ ਨੇੜਿਓਂ ਹੋ ਕੇ ਮਿਲਣ ਅਤੇ ਉਹਦੇ ਹਾਇਕੂ ਪੜ੍ਹਨ ਸੁਨਣ ਦਾ ਮੌਕਾ ਮਿਲਿਆ ਹੈ। ਨਵੰਬਰ ੮, ੨੦੧੦ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਪੰਜਾਬੀ ਹਾਇਕੂ ਕਾਨਫਰੰਸ ਵਿਚ ਵੀ ਜੌਹਨ ਬਰਾਂਡੀ ਸ਼ਾਮਲ ਹੋਇਆ ਸੀ, ਜਿਸ ਨਾਲ ਕਈ ਦਿਨ ਗੁਜਾਰਨ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਅਮਰੀਕਾ ਅਤੇ ਮਿਸ਼ੀਗਨ ਵਿਚ ਰਹਿੰਦੇ ਅਮਰੀਕਨ ਹਾਇਜਨ ਨਾਲ ਉਹਨਾਂ ਦੀਆਂ ਰਚਨਾਵਾਂ ਰਾਹੀਂ ਮਿਲਾਪ ਹੁੰਦਾ ਰਹਿੰਦਾ ਹੈ, ਜਿਹਨਾਂ ਵਿਚ ਮਾਈਕਲ ਰੇਹਲਿੰਗ, ਮੌਰੀਨ ਸੈਕਸਟਨ, ਸਾਰਲਟ ਡਿਗਰੇਗੋਰੀਓ ਆਦਿ ਦੇ ਨਾਂ ਵਰਨਣਯੋਗ ਹਨ। ਰੂਸ ਦੀ ਹਾਇਕੂ ਅਤੇ ਸੈਨਰਿਊ ਕਵਿਤਰੀ ਜਹਾਨਾ ਰਾਡੇਰ ਨਾਲ ਮੇਰੀ ਫੇਸ ਬੁਕ ਰਾਹੀਂ ਮਿੱਤਰਤਾ ਬਣੀ ਹੈ, ਇਹ ਰੀਟਾਇਰਡ ਲਾਇਬਰੇਰੀਨ ਅਮਰੀਕਾ ਦੀ ਜੌਰਜੀਆ ਸਟੇਟ ਵਿਚ ਰਹਿੰਦੀ ਹੈ। ਹਾਇਕੂ ਅਤੇ ਸੈਨਰਿਓ ਰਚਨਾ ਅਤੇ ਇਹਦੇ ਨਿਯਮਾਂ ਬਾਰੇ ਮੈਂ ਉਹਦੇ ਨਾਲ ਵਿਚਾਰ ਵਟਾਂਦਰਾ ਕਰਦਾ ਰਹਿੰਦਾ ਹਾਂ, ਉਹਦਾ ਇਸ ਵਿਧਾ ਬਾਰੇ ਵਸੀਹ ਗਿਆਨ ਹੈ।
? ਪੰਜਾਬੀ ਵਿਚ ਹਾਇਕੂ ਦੇ ਪ੍ਰਸਿਧ ਲੇਖਕ ਕਿਹੜੇ ਹਨ?
ਪੰਜਾਬੀ ਹਾਇਕੂ ਹਾਲੇ ਰਿੜਨੇ ਵੀ ਨਹੀਂ ਪਿਆ, ਇਸ ਕਰਕੇ ਪ੍ਰਸਿੱਧੀ ਵਾਲੀ ਗਲ ਦਾ ਜਿਕਰ ਕਰਨਾ ਬਹੁਤ ਅਗੇਤਰੀ ਗੱਲ ਹੈ, ਜਿਸ ਗਤੀ ਨਾਲ ਨਵੇਂ ਨਵੇਂ ਲਿਖਾਰੀ ਹਰ ਰੋਜ਼ ਇਸ ਵਿਧਾ ਵਲ ਅਕ੍ਰਸ਼ਿਤ ਹੋ ਰਹੇ ਹਨ, ਉਸ ਤੋਂ ਇਹਦੇ ਚੰਗੇਰੇ ਭਵਿੱਖ ਦੀ ਆਸ ਬੱਝ ਰਹੀ ਹੈ। ਪੰਜਾਬੀ ਭਾਸ਼ਾ ਹਾਇਕੂ ਲਿਖਣ ਲਈ ਬਹੁਤ ਅਨੁਕੂਲ ਹੈ ਕਿਉਂ ਕਿ ਘੱਟ ਤੋਂ ਘੱਟ ਸ਼ਬਦਾਂ ਵਿਚ ਅਨੁਭਵ ਨੂੰ ਦਰਸਾਉਣ ਲਈ ਪੰਜਾਬੀ ਕੋਲ ਅਥਾਹ ਸ਼ਬਦ ਭੰਡਾਰ ਹੈ।
?ਫਿਰ ਵੀ ਪੰਜਾਬੀ ਦੇ ਹਾਇਕੂ ਨੂੰ ਸਮਰਪਿਤ ਲੇਖਕ ਕਹਿੜੇ ਹਨ?
ਜਿਵੇਂ ਮੈਂ ਪਹਿਲਾਂ ਵੀ ਦਸ ਚੁੱਕਾ ਹਾਂ ਪੰਜਾਬੀ ਹਾਇਕ ਦਾ ਸਫਰ ਮਸਾਂ ਪੰਜ ਕੁ ਸਾਲ ਦਾ ਹੀ ਹੈ ਪੰਜਾਬੀ ਹਾਇਕੂ ਵਲ ਹਾਲੇ ਅਲੋਚਕਾਂ ਟਿੱਪਣੀਕਾਰਾਂ ਦਾ ਧਿਆਨ ਨਹੀਂ ਗਿਆ ਜਾਂ ਤਾਂ ਉਹਨਾਂ ਨੇ ਹਾਲੇ ਇਹਨੂੰ ਪੰਜਾਬੀ ਸਾਹਿਤ ਦੇ ਅੰਗ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਜਾਂ ਫਿਰ ਇਸ ਵਿਧਾ ਦੀ ਰਚਣ ਪ੍ਰਕਿਰਿਆ ਇਹਦੇ ਨਿਯਮਾਂ ਨੂੰ ਸਮਝਣ ਵਿਚ ਭੁਲੇਖਾ ਖਾ ਰਹੇ ਹਨ। ਉਮੀਦ ਹੈ ਐਕੇਡੈਮਿਕ ਪੱਧਰ ‘ਤੇ ਸਾਨੂੰ ਚੰਗੇ ਅਲੋਚਕ ਭਵਿਖ ਵਿਚ ਮਿਲਣਗੇ, ਜਿਹੜੇ ਪੰਜਾਬੀ ਹਾਇਕੂ ਅਤੇ ਹਾਇਕੂ ਕਵੀਆਂ(ਹਾਇਜਨ) ਬਾਰੇ ਆਲੋਚਨਾਤਮਕ ਰਾਏ ਦੇਣਗੇ। ਅਗਸਤ ੨੦੦੭ ਵਿਚ ਅਮਰਜੀਤ ਸਾਥੀ ਨੇ ਹਾਇਕੂ ਪੰਜਾਬੀ ਬਲਾਗ ਸ਼ੁਰੂ ਕੀਤਾ ਸੀ, ਜਿਸ ਦੁਆਰਾ ਪੰਜਾਬੀਆਂ ਨੂੰ ਪੰਜਾਬੀ ਹਾਇਕੂ ਲਿਖਣ ਲਈ ਮੰਚ ਮਿਲ ਗਿਆ, ਉਸ ਤੋਂ ਬਾਦ ੨ ਸਾਲ ਤੋਂ ਫੇਸ ਬੁਕ ‘ਤੇ ਪੰਜਾਬੀ ਹਾਇਕ ਗਰੁਪ ਵਿਚ ਹਰ ਰੋਜ਼ ਹਾਇਕੂ ਪੋਸਟ ਹੋ ਰਹੇ ਹਨ। ਹੁਣ ਤਕ ੧੫ ਦੇ ਕਰੀਬ ਪੰਜਾਬੀ ਹਾਇਕੂ ਸੰਗ੍ਰਹਿ ਪ੍ਰਕਾਸਿਤ ਹੋ ਚੁਕੇ ਹਨ।
ਮੇਰੀ ਰਾਏ ਵਿਚ ਬਹੁਤ ਸਾਰੇ ਨਾਂ ਹਨ, ਪਰ ਜਿਹੜੇ ਲਗਾਤਾਰ ਹਾਇਕੂ ਰਚਨਾ ਲਈ ਕਾਰਜਸ਼ੀਲ ਹਨ, ਉਹਨਾਂ ਵਿਚ ਅਮਰਜੀਤ ਸਾਥੀ,ਦਵਿੰਦਰ ਪੂਨੀਆ,ਦਰਬਾਰਾ ਸਿੰਘ, ਰਣਜੀਤ ਸਰਾ, ਰੋਜੀ ਮਾਨ,ਅਰਵਿੰਦਰ ਕੌਰ,ਅਮਰਾਓ ਗਿੱਲ, ਜਗਜੀਤ ਸੰਧੂ, ਮੋਹਨ ਗਿੱਲ, ਮਨਦੀਪ ਮਾਨ, ਜਗਰਾਜ ਨੌਰਵੇ,ਸੰਜੇ ਸਨਨ, ਸਵਗ ਦਿਓਲਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ , ਹੋ ਸਕਦਾ ਹੈ ਇਸ ਵੇਲੇ ਮੇਰੀ ਸਿਮਰਤੀ ‘ਚ ਕਈ ਨਾਂ ਜਿਕਰ ਕਰੇ ਬਿਨਾਂ ਰਹਿ ਗਏ ਹੋਣਗੇ,ਜਿਸ ਲਈ ਖਿਮਾ ਮੰਗਦਾ ਹਾਂ। ਜਿਸ ਤਰ੍ਹਾਂ ਫੇਸਬੁੱਕ ਦੇ ਪੰਜਾਬੀ ਹਾਇਕੂ ਗਰੁਪ ਵਿਚ ਹਰ ਰੋਜ਼ ਨਵੇਂ ਪੁਰਾਣੇ ਹਾਇਕੂ ਲੇਖਕ ਆਪਣੇ ਹਾਇਕੂ/ਸੈਨਰਿਓ ਪੋਸਟ ਕਰ ਰਹੇ ਹਨ, ਉਹਨਾਂ ਦੀ ਹਾਇਕੂ ਰਚਨਾ ਵਿਚ ਨਿਤਦਿਨ ਨਿਖਾਰ ਆ ਰਿਹਾ ਹੈ, ਉਸ ਤੋਂ ਲਗਦਾ ਹੈ ਪੰਜਾਬੀ ਹਾਇਕੂ ਲਈ ਸਮਰਪਿਤ ਲੇਖਕਾਂ ਦੀ ਲਿਸਟ ਵਿਚ ਵਾਧਾ ਹੁੰਦਾ ਰਹੇਗਾ।
?ਕੀ ਇਹ ਲੋਕ ਮਿੰਨੀ ਕਹਾਣੀ ਵਾਂਗ ਹਾਇਕੂ ਨੂੰ ਸੌਖੀ ਵਿਧਾ ਸਮਝਕੇ ਇਧਰ ਤਾਂ ਨਹੀਂ ਖਿੱਚੇ ਗਏ?
ਨਹੀਂ ਇਹ ਗੱਲ ਨਹੀਂ ਹਾਇਕੂ ਰਚਨਾ ਰੂਪ ਦੇ ਪੱਖੋਂ ਜਿੰਨੀ ਸਾਦੀ ਹੈ, ਉਤਨਾ ਹੀ ਇਹਦੇ ਅੰਦਰ ਸਮੋਏ ਭਾਵ ਡੂੰਘੇ ਅਤੇ ਅਨੁਭਵ ਦੀ ਗਹਿਰਾਈ ਨੂੰ ਦਰਸਾਉਣ ਵਾਲੇ ਹੁੰਦੇ ਹਨ। ਮੈਂ ਕੁਝ ਹਦ ਤਕ ਤੁਹਾਡੇ ਨਾਲ ਸਹਿਮਤ ਹਾਂ, ਬਹੁਤੀ ਬਾਰ ਨਵੇਂ ਲੇਖਕ ਤਿੰਨ ਸਤਰਾਂ ਦੀ ਇਸ ਕਵਿਤਾ ਨੂੰ ਸੌਖਾ ਸਮਝ ਕੇ ਇਹਦੇ ਵਲ ਖਿਚੇ ਜਾਂਦੇ ਹਨ, ਪਰ ਜਿਉਂ ਜਿਉਂ ਇਹਦੇ ਬਾਰੇ ਉਹਨਾਂ ਦੇ ਗਿਆਨ ਵਿਚ ਵਾਧਾ ਹੁੰਦਾ, ਉਹ ਇਹਦੇ ਨਿਯਮਾਂ ਦੇ ਅਧਿਅਨ ਕਰਨ ਵੱਲ ਪ੍ਰੇਰਿਤ ਹੋ ਜਾਂਦੇ ਹਨ ਅਤੇ ਸਥਾਪਿਤ ਲੇਖਕਾਂ ਦੇ ਹਾਇਕੂ ਪੜ੍ਹਨ ਵਲ ਰੁਚਿਤ ਹੋਣ ਕਾਰਨ ਚੰਗੇ ਹਾਇਕੂ ਲਿਖਣ ਲੱਗ ਪੈਂਦੇ ਹਨ। ਖੁਸ਼ੀ ਦੀ ਗਲ ਹੈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਪੰਜਾਬੀ ਦੀ ਕਿਸੇ ਵੀ ਹੋਰ ਕਾਵਿ ਵਿਧਾ ਵਿਚ ਪਹਿਲਾਂ ਰਚਨਾ ਨਹੀਂ ਸਨ ਕਰਦੇ , ਹੁਣ ਚੰਗੇ ਹਾਇਕੂ ਲਿਖ ਰਹੇ ਹਨ।
? ਕਿਹਾ ਜਾਂਦਾ ਹੈ ਕਿ ਤਿੰਨ ਸਤਰੀ ਇਸ ਵਿਧਾ ਨੂੰ ਪਰਗਟਾਉਣ ਲਈ ਪੰਜਾਬੀ ਭਾਸਾ ਇਕ ਯੋਗ ਮਾਧਿਅਮ ਨਹੀਂ ਹੈ। ਤਹਾਡੀ ਰਾਇ?
ਬਿਲਿੰਗ ਸਾਹਿਬ ਸਚਾਈ ਤਾਂ ਇਹ ਹੈ ਕਿ ਪੰਜਾਬੀ ਭਾਸ਼ਾ ਤੋਂ ਵਧ ਸ਼ਾਇਦ ਹੀ ਦੁਨੀਆਂ ਦੀ ਕੋਈ ਹੋਰ ਭਾਸ਼ਾ ਹੋਵੇ ਜਿਹੜੀ ਹਾਇਕੂ ਲਿਖਣ ਲਈ ਏਨੀ ਯੋਗ ਹੋਵੇ। ਪੰਜਾਬੀ ਦੀ ਇਹ ਖੁਸ਼ਕਿਸਮਤੀ ਹੈ ਕਿ ਇਹਦੇ ਕੋਲ ਅਥਾਹ ਸ਼ਬਦ ਭੰਡਾਰ ਹੈ। ਇਹਦੇ ਇਕ ਪਾਸੇ ਫਾਰਸੀ ਅਰਬੀ ਅਤੇ ਤੁਰਕੀ ਦੇ ਸ਼ਬਦਾਂ ਦੀ ਅਣਗਿਣਤ ਪੰਜੀ ਹੈ, ਦੂਸਰੇ ਪਾਸੇ ਸੰਸਕ੍ਰਿਤ ਅਤੇ ਇਹਦੀਆਂ ਉਪ ਭਾਖਾਵਾਂ ਦਾ ਵਡਮੁੱਲਾ ਖਜਾਨਾ ਹੈ। ਅੰਗਰੇਜੀ ਦੇ ਸ਼ਬਦਾਂ ਦਾ ਵੀ ਅਸੀਂ ਪੰਜਾਬੀਕਰਣ ਕਰ ਲਿਆ ਹੈ। ਲੋੜ ਪੈਣ ‘ਤੇ ਇਹਨਾਂ ਸਾਰੇ ਸੋਮਿਆਂ ਤੋਂ ਸ਼ਬਦ ਵਰਤ ਲੈਂਦੇ ਹਾਂ। ਹਾਇਕੂ ਦਾ ਇਕ ਮੂਲ ਗੁਣ ਇਹ ਹੈ ਕਿ ਤਿੰਨ ਸਤਰਾਂ ਵਿਚ ਘੱਟ ਤੋਂ ਘਟ ਸ਼ਬਦਾਂ ਰਾਹੀਂ ਇੰਦਰੀਆਂ ਨਾਲ ਗ੍ਰਹਿਣ ਕੀਤੇ ਅਨੁਭਵ ਨੂੰ ਦਰਸਾਉਣਾ ਹੈ। ਇਸ ਲਈ ਸ਼ਬਦ ਚੋਣ ਦੀ ਇਹ ਵਸੀਹ ਸਹੂਲਤ ਪੰਜਾਬੀ ਹਾਇਕੂ ਰਚਨਾ ਲਈ ਬਹੁਤ ਲਾਹੇਵੰਦੀ ਹੈ।ਇਸ ਤੋਂ ਇਲਾਵਾ ਪੰਜਾਬੀ ਵਿਚ ਸ਼ਬਦ ਜੋੜਾਂ ਦੀ ਸੰਧੀ ਰਾਹੀਂ ਦੋ ਸ਼ਬਦਾਂ ਨੂੰ ਇਕ ਬਨਾਣ ਦੀ ਸਹੂਲਤ ਕਰਕੇ ਵੀ ਥੋੜੇ ਸ਼ਬਦਾਂ ਨਾਲ ਸਰ ਜਾਂਦਾ ਹੈ। ਮਿਸਾਲ ਵਜੋਂ ਇਹ ਹਾਇਕੂ:
ਹਾੜ ਦੀ ਮੱਸਿਆ
ਰੁੱਖੋਂ ‘ਤਾਂਹ ਤਾਰੇ ਚਮਕਣ
ਪੱਤਿਆਂ ਵਿਚ ਜੁਗਨੂੰ
ਦੂਸਰੀ ਸਤਰ ਲਿਖਣ ਲਈ ਅੰਗਰੇਜ਼ੀ ਵਾਲੇ ਨੂੰ ਇੰਜ ਲਿਖਣਾ ਪਏਗਾ stars shines above the treesਇੰਜ ਲਿਖਣ ਲਈ ਅੰਗਰੇਜੀ ਵਿਚ ਪੰਜ ਸ਼ਬਦ ਵਰਤਣੇ ਪੈਣਗੇ ਪਰ ਪੰਜਾਬੀ ਵਿਚ ਚਾਰ ਸ਼ਬਦਾਂ ਨਾਲ ਭਾਵ ਸਪਸ਼ਟ ਹੋ ਗਿਆ ਹੈ।
?ਤੁਸੀਂ ਕਿੰਨੇ ਕੁ ਆਸਵੰਦ ਹੋ?
ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਪੰਜਾਬੀ ਹਾਇਕੂ ਦਾ ਭਵਿੱਖ ਬਹੁਤ ਉਜਵਲ ਹੈ। ਪੰਜਾਬੀ ਹਾਇਕੂ ਕਵੀਆਂ ਦੀਆਂ ਪੁਸਤਕਾਂ ਤੇਜ਼ੀ ਨਾਲ ਛਪ ਰਹੀਆਂ ਹਨ। ਫੇਸਬੁੱਕ ‘ਤੇ ਇਸ ਵੇਲੇ ਪੰਜਾਬੀ ਹਾਇਕੂ ਨੂੰ ਸਮਰਪਿਤ ਤਿੰਨ ਗਰੁੱਪ ਸਰਗਰਮ ਹਨ। ਇਕੱਲੇ ਪੰਜਾਬੀ ਹਾਇਕੂ ਗਰੁਪ ਦੇ ਹੀ 1750 ਤੋਂ ਵੱਧ ਮੈਂਬਰ ਹਨ, ਜਿਹਨਾਂ ਵਿਚ 100 ਦੇ ਕਰੀਬ ਹਾਇਕੂ ਲੇਖਕ ਸਰਗਰਮ ਹਨ ਅਤੇ ਹਰ ਰੋਜ਼ ਉਹਨਾਂ ਦੇ ਹਾਇਕੂ ਪੋਸਟ ਹੁੰਦੇ ਰਹਿੰਦੇ ਹਨ। ਪੰਜਾਬੀ ਹਾਇਕੂ ਦੇ ਬਲਾਗ ‘ਤੇ ਵੀ ਹਾਇਕੂ ਲੇਖਕਾਂ ਦੇ ਹਾਇਕੂ ਪੋਸਟ ਹੋ ਰਹੇ ਹਨ।
? ਆਪਣੇ ਮਨ ਪਸੰਦ ਹਾਇਕੂ ਸੁਣਾਉਗੇ? ਵੀਹ ਪੱਚੀ ਹੋ ਜਾਣ।
ਜ਼ਰੂਰ ਜੀ, ਕੁਝ ਹਾਇਕੂ ਪੇਸ਼ ਹਨ ਜਿਹਨਾਂ ਵਿਚ ਰੁੱਤ ਦਾ ਹਵਾਲਾ ਹੈ ਅਤੇ ਬਾਕੀ ਸੈਨਰਿਊ।
ਸੌਣ ਦਾ ਵਿਆਹ-
ਜਾਗੋ ਕੱਢਦਿਆਂ ਭਿੱਜ ਰਿਹਾ
ਤਿੱਲੇ ਵਾਲਾ ਸੂਟ
~~~~~~~
ਹਨੇਰੀ ਵਗੇ
ਟਿੱਬੀਓਂ ਆਈ ਕੱਕੀ ਰੇਤ-
ਖਿੰਡੀ ਭੂਰੀ ਖੰਡ
~~~~~~~
ਰੋਜ਼ ਗਾਰਡਨ-
'ਕਠੀਆਂ ਹੋ ਕੇ ਉਡੀਆਂ
ਸੁਰਖ ਸਿਆਹ ਪੱਤੀਆਂ
~~~~~~~
ਦੂਰ ਘਲਾੜੀ ਚੱਲੇ-
ਤੱਤੇ ਗੁੜ ਦੀ ਆਵੇ
ਮਹਿਕ ਘਰ ਵਲੇ
~~~~~~~
ਬਰਫ਼ ਪੈ ਰਹੀ-
ਬਾਰ ਬਾਰ ਉੱਬਲ ਰਿਹੈ
ਕੇਤਲੀ 'ਚ ਪਾਣੀ
~~~~~~~
ਸੀਤ 'ਵਾ ਵਗੇ-
ਬਰਫ਼ ਮਿੱਧਦਿਆਂ ਖਰੀਦਦਾਰੀ
ਦੇਸ਼ ਜਾਣ ਲਈ
~~~~~~~
ਮੁੜ ਰਹੀ
ਵਰ੍ਹਦੀ ਬਰਫ਼ ‘ਚ ਕਾਟੋ-
ਸੁੰਘ ਸੁੱਕੀ ਰੋਟੀ
~~~~~~~
ਪਤਝੜ-
ਮੁਰਝਾ ਰਹੇ ਫੁੱਲਾਂ 'ਤੇ ਡਿਗਿਆ
ਸੂਹਾ ਪੱਤਾ
~~~~~~~
ਰੇਤਲੀ ਫੁੱਲਕਾਰੀ-
ਮੁਕਲਾਵਾ ਲੈ ਕੇ ਲੰਘਿਆ
ਟਿੱਬੀ 'ਚੋਂ ਬੋਤਾ
~~~~~~~
ਸ਼ਗਨਾਂ ਵਾਲੀ ਰਾਤ-
'ਚੰਨ' ਨਾਲ ਅਠਖੇਲੀਆਂ ਕਰਨ
ਚੁੰਨੀ ਦੇ ਸਿਤਾਰੇ
~~~~~~~
ਸੀਤ ਹਵਾ-
ਖੁਲ੍ਹ ਖੁਲ੍ਹ ਜਾਵੇ ਬੁੱਕਲ
ਨਾਜ਼ੁਕ ਹੱਥ ਠਰੇ
~~~~~~~
ਮਾਘ ਮਹੀਨਾ-
ਸੀਤ ਹਵਾ ਚੱਲੇ
ਅੰਦਰ ਅੱਗ ਬਲੇ
~~~~~~~
ਉਡਾਣ ਦੀ ਸੂਚਨਾ -
ਪੀਢੀ ਹੋ ਗਈ ਗਲਵਕੜੀ
ਵਿਦਾਇਗੀ ਵਾਲੀ
~~~~~~~
ਨਨਕਾਣੇ ਦੀ ਯਾਤਰਾ-
ਪਿੰਡ ਦੀ ਬੀਹੀਂ ‘ਚ ਲੱਭਾਂ
ਬਾਬੇ ਦੀ ਪੈੜ
~~~~~~~
ਪ੍ਰਵਾਸੀ ਲਾੜਾ ਮੰਗੇ
ਵਿਦੇਸ਼ੀ ਕਾਰ ਦੀ ਚਾਬੀ-
ਲਾਵਾਂ ਤੋਂ ਪਹਿਲਾਂ
~~~~~~~
ਚੜ੍ਹਿਆ ਨਵਾਂ ਸਾਲ-
ਭੁੱਲਣ ਲਈ ਦੁਹਰਾ ਰਿਹਾ
ਪੁਰਾਣੇ ਪ੍ਰਸਤਾਵ
~~~~~~~
ਏਅਰਪੋਰਟ ਦੁਆਰ-
ਚੂੜੇ ਵਾਲੀ ਧੱਕੇ ਟਰਾਲੀ
ਵੇਖੇ ਜੰਗਲੇ ਪਾਰ
~~~~~~~
ਪੁੱਤਾਂ ਬਣਾਈ-
ਪਰਦੇਸੀਂ ਮੋਏ ਪਿਉ ਦੀ
ਪਿੰਡ ਜਾ ਸਮਾਧ
~~~~~~~
ਪਹਿਲਾ ਡਾਂਸ-
ਮਾਹੀ ਘੁੱਟਿਆ ਰੰਗਲਾ ਹੱਥ
ਨੀਵੀਂ ਪਾ ਲਰਜਾਵੇ
~~~~~~~
ਕਿਰਿਆ
ਦਾਹੜੀ ‘ਚੋਂ ਇਕ ਧੌਲਾ-
ਝੜਿਆ ਪੱਤਾ
~~~~~~~
ਪੱਤਝੜੀ ਸੂਰਜ-
ਨਿੱਖਰੇ ਦਿਨ ਵਿਚ ਚੁੱਭੇ
ਬੱਦਲੀਂ ਠਾਰੇ
~~~~~~~
ਤਬਲੇ ਦੀ ਥਾਪ-
ਥਿੜਕ ਰਿਹਾ ਪ੍ਰਕਰਮਾ ਵੇਲੇ
ਲਾੜੀ ਦਾ ਪੈਰ
~~~~~~~
ਕਿਤਾਬਾਂ ਦੀ ਦੁਕਾਨ-
ਰੱਦੀ ਦੇ ਢੇਰ ‘ਤੇ ਪਈ
ਸ਼ਾਹਮੁਖੀ ਹੀਰ
~~~~~
ਬਾਰੀ ਦੀ ਚੌਗਾਠ-
ਨਵਾਂ ਪੇਂਟ ਕਰਦਿਆਂ ਚੁਭਿਆ
ਪੁਰਾਣਾ ਕਿੱਲ
~~~~~~~
ਪੁੰਨਿਆਂ ਦੀ ਰਾਤ-
ਝੀਲ ‘ਚ ਚੰਨ ਦਾ ਅਕਸ
ਬਾਹਰ ਚਿੱਟਾ ਫੁੱਲ
?ਧੰਨਵਾਦ ਸੰਧੂ ਸਾਹਿਬ.
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਿਲਿੰਗ ਸਾਹਿਬ।
Mandeep Maan
ਬਹੁਤ ਵਧੀਆ ਜੀ ਪੜ ਕੇ ਕਈ ਕੁਝ ਜਾਣਨ ਨੂੰ ਮਿਲਿਆ ਤੇ ਇਸ ਮੁਲਾਕਾਤ ਵਿਚ ਸ਼ਾਮਿਲ ਕੀਤੇ ਹਾਇਕੂ ਵੀ ਵਧੀਆ ਹਣ