ਆਪਣੇ ਆਪ ਨੂੰ ਮਿਲਦਿਆਂ -ਇਕ਼ਬਾਲ ਰਾਮੂਵਾਲੀਆ
Posted on:- 14-07-2012
`ਸੂਹੀ ਸਵੇਰ` ਕਾਲਮ `ਸ਼ਖ਼ਸਨਾਮਾ` `ਚ ਅਸੀਂ ਆਪਣੇ ਪਾਠਕਾਂ ਲਈ ਵੱਖ-ਵੱਖ ਖੇਤਰਾਂ `ਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਦੀ ਮੁਲਾਕ਼ਾਤ ਪ੍ਰਕਾਸ਼ਿਤ ਕਰਦੇ ਹਾਂ। ਇਸ ਵਾਰ ਅਸੀਂ ਆਪਣੇ ਪਾਠਕਾਂ ਲਈ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਸ਼ਾਇਰ/ਲੇਖਕ ਇਕ਼ਬਾਲ ਰਾਮੂਵਾਲੀਆ ਦੀ ਮੁਲਾਕ਼ਾਤ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਵਾਰ ਮੁਲਕ਼ਾਤ ਦਾ ਅਸੀਂ ਇੱਕ ਨਵਾਂ ਢੰਗ ਇਹ ਵਰਤਿਆ ਹੈ ਕਿ ਲੇਖਕ ਖੁਦ ਆਪਣੇ-ਆਪ ਦੇ ਰੂ-ਬ-ਰੂ ਹੋਵੇਗਾ ਅਰਥਾਤ ਆਪਣੇ ਆਪ ਨੂੰ ਖੁਦ ਸਵਾਲ ਕਰੇਗਾ । ਤੁਹਾਨੂੰ ਇਹ `ਸਵੈ-ਮੁਲਾਕਾਤ`ਕਿੰਞ ਦੀ ਲੱਗੀ, ਸਾਨੂੰ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ। -ਸੰਪਾਦਕ
?ਲੈ ਬਈ ਸੱਜਣਾ! ਮੈਂ ਹਾਂ ਤਾਂ 'ਤੂੰ' ਈ; ਪਰ ਅੱਜ ਮੈਂ ਗੱਲਾਂ ਕਰਨੀਐਂ ਤੇਰੇ ਨਾਲ ਬੱਸ ਇੱਕ ਆਮ ਵਾਕਫ਼ਕਾਰ ਬਣ ਕੇ, ਜਾਣਕਾਰ ਬਣ ਕੇ! ਪਹਿਲਾਂ ਤਾਂ ਇਹ ਦੱਸ ਕਿ 27-28 ਸਾਲ ਓਪਰੇ ਮੁਲਕ ਕੈਨੇਡਾ 'ਚ ਵਿੱਦਿਆਕਾਰੀ ਕਰਨ ਤੋਂ ਬਾਅਦ ਹੁਣ ਤੂੰ ਤੇ ਤੇਰੀ ਬੀਵੀ ਰਟਾਇਰ ਹੋ ਗਏ ਓਂ; ਤੁਹਾਡੀਆਂ ਜੌੜੀਆਂ ਧੀਆਂ ਆਪਣੋ-ਆਪਣੇ ਘਰੀਂ ਚਲੀਆਂ ਗਈਆਂ ਨੇ। ਲੰਮੀ ਘਾਲਣਾ 'ਚੋਂ ਗੁਜ਼ਰਦਿਆਂ, ਵਿੱਦਿਅਕ, ਸਾਹਿਤਕ ਅਤੇ ਪਦਵੀਅਕ (ਪਦਵੀਆਂ ਨਾਲ ਸਬੰਧਤ) ਖੇਤਰਾਂ 'ਚ ਅਨੇਕਾਂ ਪ੍ਰਾਪਤੀਆਂ ਕਰਨ ਤੋਂ ਬਾਅਦ ਅੱਜ ਵਾਲ਼ੇ ਮੁਕਾਮ 'ਤੇ ਪਹੁੰਚ ਕੇ, ਬਚਪਨ ਕਿੰਨਾ ਕੁ ਯਾਦ ਆਉਂਦੈ?
-ਬਹੁਤ! ਖ਼ਾਸ ਕਰ ਕੇ ਪਿੰਡ 'ਚ ਗੁਜ਼ਾਰਿਆ ਬਚਪਨ… ਸਾਡੇ ਦਲਾਨ ਦੀਆਂ ਕੱਚੀਆਂ ਕੰਧਾਂ ਉੱਪਰ ਡੰਡ-ਬੈਠਕੀ ਮੁਦਰਾ ਵਾਲ਼ੇ ਵਿੰਗ-ਤੜਿੰਗੇ ਸ਼ਤੀਰ; ਸ਼ਤੀਰਾਂ 'ਤੇ ਚਿਣੀਆਂ ਲਕਵੇ ਦੀਆਂ ਮਾਰੀਆਂ ਕੜੀਆਂ! {ਕੜੀਆਂ, ਪੰਜਾਬ 'ਚ, ਇਮਾਰਤਸਾਜ਼ੀ ਤੋਂ ਸ਼ਾਇਦ ਅੱਜ-ਕੱਲ ਪੱਕੀ ਛੁੱਟੀ ਲੈ ਗਈਆਂ ਨੇ; ਇਹ ਬਾਲਿਆਂ ਵਾਂਗ, ਸਿੱਧੀਆਂ ਹੋਣ ਦੀ ਬਜਾਏ ਰਤਾ ਕੁ ਕੁੱਬਦਾਰ ਹੁੰਦੀਆਂ ਸਨ!} ਕੜੀਆਂ ਉੱਪਰ ਲੰਮੇ-ਲੋਟ ਪਏ ਕਾਨੇ; ਤੇ ਕਾਨਿਆਂ ਅਤੇ ਕੜੀਆਂ ਵਿਚਕਾਰਲੀਆਂ ਵਿਰਲਾਂ 'ਚੋਂ ਲਟਕਦੀਆਂ ਚਿੜੀਆਂ ਦੇ ਆਲ੍ਹਣਿਆਂ ਦੀਆਂ ਜਟੂਰੀਆਂ… ਕਦੇ-ਕਦੇ ਕੋਈ ਨੰਗ-ਧੜੰਗਾ ਬੋਟ ਆਲ੍ਹਣੇ 'ਚੋਂ ਹੇਠਾਂ ਫ਼ਰਸ਼ 'ਤੇ ਡਿੱਗ ਪੈਂਦਾ… ਹਲਕੀ ਗੁਲਾਬੀ ਜਿਹੀ ਢਿਲ਼ਕੀ ਹੋਈ ਚਮੜੀ… ਪਿਚਕਿਆ ਹੋਇਆ ਧੜ… ਮੋਟਾ ਸਿਰ…ਤੇ ਮਿਚੀਆਂ ਹੋਈਆਂ ਅੱਖਾਂ! ਉਸ ਦੇ ਨਿੱਕੇ-ਨਿੱਕੇ ਟੁੰਡ ਜਿੰਨ੍ਹਾਂ ਉੱਪਰ ਕੁਝ ਦਿਨਾਂ ਬਾਅਦ ਖੰਭ ਉੱਗਣੇ ਹੁੰਦੇ ਸਨ…ਬੋਟ ਏਨਾ ਹਲਕਾ ਕਿ ਕੀੜੀਆਂ ਦਾ ਇੱਕ ਸੰਘਣਾ ਝੁਰਮਟ ਉਸ ਨੂੰ ਮਲਕੜੇ-ਮਲਕੜੇ ਇੱਕ ਪਾਸੇ ਨੂੰ ਖਿਸਕਾਅ ਰਿਹਾ ਹੁੰਦਾ… ਮੈਂ ਉਸ ਨੂੰ ਮਲਕੜੇ ਜੇਹੇ ਉਠਾਅ ਕੇ ਤਲ਼ੀ 'ਤੇ ਧਰ ਲੈਂਦਾ, ਤੇ ਉਸ ਨੂੰ ਵਾਪਿਸ ਉਸ ਦੇ ਆਲ੍ਹਣੇ 'ਚ ਟਿਕਾਉਣ ਦੀਆਂ ਤਰਕੀਬਾਂ ਸੋਚਣ ਲਗਦਾ!
? ਚਿੜੀ ਦੇ ਬਲਹੀਣ ਬੋਟ ਦਾ ਇਹ ਬਿੰਬ…ਤੂੰ ਇਸ ਨੂੰ ਜਿੰਦਗੀ ਨਾਲ਼ ਕਿਵੇਂ ਜੋੜਦਾ ਐਂ?
-ਹਰ ਇਨਸਾਨ ਚਿੜੀ ਦੇ ਬੋਟ ਵਾਂਗ ਹੀ ਇਸ ਸੰਸਾਰ 'ਚ ਪਰਵੇਸ਼ ਕਰਦੈæææ ਖੰਭਹੀਣæææ ਤੇ ਬਲਹੀਣ! ਕਈਆਂ ਨੂੰ 'ਆਲ੍ਹਣਿਆਂ' 'ਚ ਮਾਪਿਆਂ ਵੱਲੋਂ ਚੰਗਾ 'ਚੋਗਾ' ਮਿਲ਼ ਜਾਂਦੈ, ਚੰਗੀ ਪਰਵਰਸ਼ ਮਿਲ ਜਾਂਦੀ ਐ, ਤੇ ਬਹੁਤੇ ਬੱਸ 'ਆਲ੍ਹਣਿਆਂ' 'ਚੋਂ ਗਿਰ ਜਾਂਦੇ ਨੇ, ਕੀੜੀਆਂ ਦੇ ਝੁਰਮਟਾਂ ਵੱਲੋਂ ਘੜੀਸੇ ਜਾਣ ਲਈ... ਹਾਲਾਤ ਦੀਆਂ ਕੀੜੀਆਂ ਜਿੱਧਰ ਜੀ ਕਰੇ ਖਿਸਕਾਈ ਜਾਂਦੀਆਂ ਨੇ ਇਨ੍ਹਾਂ ਨੂੰ... ਮਾੜੇ ਹਾਲਾਤ ਦੀਆਂ ਇਨ੍ਹਾਂ 'ਕੀੜੀਆਂ' ਦਾ ਸ਼ਿਕਾਰ ਮੈਂ ਵੀ ਰਿਹਾਂ...
? ਬਚਪਨ ਬਾਰੇ ਕੁਝ ਹੋਰ ਦੱਸ ਕਿ ਇਹ ਕਿੰਨਾਂ ਕੁ ਰੰਗੀਨ ਸੀ ਤੇ ਕਿੰਨਾ ਕੁ ਕਰੂਪ!
-ਵਲ਼ੇਵੇਂ-ਖਾਂਦੀਆਂ ਚਿਕੜਈ ਗਲ਼ੀਆਂ ਨਾਲ਼ ਬੱਧੇ, ਬਿਜਲੀਓਂ ਸੱਖਣੇ ਕੱਚੇ ਘਰਾਂ ਵਾਲ਼ੇ ਆਪਣੇ ਪਿੰਡ 'ਚ ਬਿਤਾਇਆ ਬਚਪਨ ਭਲਾ ਕਿੰਨਾ ਕੁ ਰੰਗੀਨ ਹੋ ਸਕਦੈ? ਇਹੀ ਯਾਦ ਐ ਪਈ ਨਿੱਕੇ ਹੁੰਦਿਆਂ ਦੇ ਤੇੜ ਫਾਂਟਾਂ ਵਾਲ਼ੀਆਂ ਕਛਣੀਆਂ ਤੇ ਗਲ਼ੀਂ ਖੱਦਰ ਦੇ ਝੱਗੇ... ਮੈਂ ਤੇ ਛੋਟੇ ਭਰਾ ਰਛਪਾਲ ਨੇ ਖੀਸੇ 'ਚ ਬਾਂਟੇ ਖੜਕਾਉਣੇ, ਲੋਹੇ ਦੇ ਕੁੰਡਲ਼ਾਂ ਨੂੰ ਜਾਂ ਸਾਈਕਲ ਦੇ ਨਾਕਾਰਾ ਰਿੰਮਾਂ ਨੂੰ ਇੱਕ ਪਤਲੀ ਜਿਹੀ ਸੁਲਾਖ਼ ਦੇ ਹੇਠਲੇ ਸਿਰੇ 'ਤੇ ਬਣਾਈ ਕੁੰਡੀ ਨਾਲ਼ ਰੇੜ੍ਹਦਿਆਂ, ਵਿਹੜੇ 'ਚ ਜਾਂ ਮੱਛਰੀਲੀਆਂ ਗਲ਼ੀਆਂ 'ਚ ਨੰਗੇ-ਪੈਰੀਂ ਭੱਜੇ ਫਿਰਨਾ, ਤੇ ਆਥਣ ਵੇਲ਼ੇ ਕਿੱਕਰਾਂ-ਟਾਹਲੀਆਂ ਦੇ ਟਾਹਣਿਆਂ ਦੀਆਂ ਅਣਘੜਤ ਜਿਹੀਆਂ ਖੂੰਡੀਆਂ ਨਾਲ਼ ਲੀਰਾਂ ਦੀ 'ਪਿੜੀਆਂ' ਵਾਲ਼ੀ ਖੁੱਦੋ ਨੂੰ ਟੋਣੇ ਮਾਰੀ ਜਾਣੇ... ਜ਼ਰਾ ਕੁ ਸੁਰਤ ਫੜੀ ਤਾਂ ਪਿੰਡ ਦਾ ਪ੍ਰਾਇਮਰੀ ਸਕੂਲ ਸੈਨਤਾਂ ਮਾਰਨ ਲੱਗਾ: ਕਹਿੰਦਾ ਆਪਣੇ ਬੈਠਣ ਲਈ ਖ਼ਾਲੀ ਬੋਰੀ ਦਾ ਨਿੱਕਾ ਜਿਹਾ ਟੁਕੜਾ ਵੀ ਨਾਲ਼ ਲੈ ਕੇ ਆਵੀਂ! ਗਾਚਣੀ ਨਾਲ ਲਿੱਪੀ ਤਖ਼ਤੀ ਉੱਪਰ ਕਾਨੇ ਦੀ ਕਲਮ ਨਾਲ਼ ਹਰਫ਼ ਜਗਾਅ ਲੈਣੇ, ਤੇ ਸਕੂਲ ਦੇ ਖ਼ਾਤਮੇ ਉੱਤੇ, ਛੱਪੜ 'ਤੇ ਜਾ ਕੇ, ਤਖ਼ਤੀ ਉਤਲੇ ਉਨ੍ਹਾਂ ਹਰਫ਼ਾਂ ਨੂੰ ਛੱਪੜ ਦੇ ਮੈਲ਼ੇ ਪਾਣੀ 'ਚ ਝਾੜ ਆਉਣਾ... ਤਖ਼ਤੀ ਨੂੰ ਦੁਬਾਰਾ ਗਾਚਣੀ ਨਾਲ਼ ਲਿੱਪ ਕੇ, ਉਸ ਨੂੰ ਅਗਲੇ ਦਿਨ ਨਵੇਂ ਹਰਫ਼ ਲਿਖਣ ਲਈ ਤਿਆਰ ਕਰਨਾ... ਕਾਗਜ਼ਾਂ ਉੱਪਰ ਕਲਮ ਘਸਾਉਣਾ ਤਾਂ ਕਿਤੇ ਚੌਥੀ-ਪੰਜਵੀਂ 'ਚ ਜਾ ਕੇ ਨਸੀਬ ਹੁੰਦਾ ਸੀ ਉਨ੍ਹੀਂ ਦਿਨੀਂ। ਸੱਤਵੀਂ 'ਚ ਹੋਇਆ ਤਾਂ ਮੈਨੂੰ ਤੇ ਮੈਥੋਂ ਛੋਟੇ ਭਰਾ ਰਛਪਾਲ ਨੂੰ ਵੱਡੇ ਭਰਾ ਬਲਵੰਤ ਨੇ 'ਸ਼ਾਹਣੀ ਕੌਲਾਂ' ਦਾ ਕਿੱਸਾ ਰਟਾਅ ਕੇ ਕਵੀਸ਼ਰੀ ਲਈ ਹਾਲ਼ੀ ਕੱਢ ਲਿਆ... ਉਸ ਤੋਂ ਬਾਅਦ ਗਾਇਕੀ ਵੀ ਕਰੀ ਗਏ... ਪੜ੍ਹੀ ਵੀ ਗਏ ਤੇ ਮੱਝਾਂ-ਗਾਈਆਂ ਦੀ ਸਾਂਭ-ਸੰਭਾਲ਼ ਵੀ ਕਰੀ ਗਏ।
? ਮੋਗਾ ਸ਼ਹਿਰ ਤੇਰੇ ਪਿੰਡ ਤੋਂ ਬਹੁਤ ਦੂਰ ਸੀ, 12-13 ਕਿਲੋਮੀਟਰ ਦਾ ਧੱਬੜ-ਧੋੜਿਆਂ ਤੇ ਫੋੜਿਆਂ-ਫਿਣਸੀਆਂ ਨਾਲ਼ ਭਰਿਆ ਕੱਚਾ-ਕਲੋਟਾ ਰਾਹ... ਚੌਵੀ-ਪੱਚੀ ਕਿਲੋਮੀਟਰ, ਹਰ ਰੋਜ਼ ਸਾਈਕਲ 'ਤੇ ਆਉਣ-ਜਾਣ ਕਰਨਾ, ਤੇ ਫਿਰ, ਜਿਵੇਂ ਤੂੰ ਅਕਸਰ ਈ ਜ਼ਿਕਰ ਕਰਦਾ ਰਹਿਨੈਂ, ਘਰ ਆ ਕੇ ਹੱਥਾਂ ਨਾਲ ਗੇੜਨ ਵਾਲ਼ੀ ਮਸ਼ੀਨ ਉੱਤੇ ਟੋਕਾ ਕਰਨਾ, ਖੇਤਾਂ 'ਚ ਗੋਡੀਆਂ ਕਰਨ, ਨੱਕੇ ਮੋੜਨ ਅਤੇ ਹਾੜ੍ਹੀਆਂ ਵੱਢਣ ਵਿੱਚ ਹੱਥ ਵਟਾਉਣਾ... ਇਹ ਸਭ ਕੁਝ ਕਰਨ ਦੇ ਨਾਲ਼-ਨਾਲ਼, ਰਸੋਈ ਨੂੰ ਸਿਹਤਮੰਦ ਰੱਖਣ ਲਈ ਤੇ ਖੁਰਲੀਆਂ 'ਚ ਖਲ਼-ਵੜੇਵਿਆਂ ਦੀ ਰੌਣਕ ਬਰਕਰਾਰ ਰੱਖਣ ਲਈ, ਗਾਇਕੀ ਵੀ ਕਰਨੀ... ਪੰਜਾਬ 'ਚ ਰਹਿੰਦਿਆਂ, ਏਨੇ ਕਠੋਰ ਹਾਲਾਤ ਦੇ ਬਾਵਜੂਦ, ਤੂੰ ਯਾਰ, ਐਮ ਏ ਤੀਕਰ ਕਿਵੇਂ ਪੜ੍ਹ ਗਿਆ?
-ਸਿਰੜ ਦੇ ਆਸਰੇ! ਬਚਪਨ 'ਚ ਭੋਗੀਆਂ ਦੁਸ਼ਵਾਰੀਆਂ ਤੇ ਕਠੋਰ ਹਾਲਾਤ ਨੇ ਚੁਣੌਤੀਆਂ ਨੂੰ ਲਲਕਾਰਨ ਦੀ ਹਿੰਮਤ ਨਾੜ-ਨਾੜ 'ਚ ਬਿਠਾਲ਼ ਦਿੱਤੀ ਸੀ। ਸਾਡੇ ਸਾਹਮਣੇ ਰੋਲ ਮਾਡਲ 'ਬਾਪੂ ਪਾਰਸ' ਸੀ। ਉਹ ਆਖਦਾ: ਗ਼ਰੀਬੀ 'ਚ ਜਨਮ ਲੈਣਾ ਕੋਈ ਮੇਹਣਾ ਨਹੀਂ ਹੁੰਦਾ ਕਿਉਂਕਿ 'ਕਿੱਥੇ ਜਨਮਣੈ' ਕਿਸੇ ਦੇ ਵੱਸ ਨਹੀਂ ਹੁੰਦਾ; ਵੱਡਾ ਮੇਹਣਾ ਹੁੰਦੈ ਗ਼ਰੀਬੀ 'ਚੋਂ ਨਿਕਲਣ ਲਈ ਹੱਥ-ਪੈਰ ਨਾ ਮਾਰਨੇ। ਬਾਪੂ ਦਾ ਬਚਪਨ ਤਾਂ ਮੂਲ਼ੋਂ ਈ ਲੀਰਾਂ-ਲੀਰਾਂ ਸੀ; 13 ਕੁ ਸਾਲ ਦੀ ਉਮਰ 'ਚ ਈ ਅਨਾਥ ਹੋ ਗਿਆ ਸੀ ਉਹ, ਤੇ ਉਹਨੇ ਤਾਂ 14 ਸਾਲ ਦੀ ਉਮਰ ਤੀਕ ਸਕੂਲ ਦਾ ਦਰਵਾਜ਼ਾ ਵ' ਨੀ ਸੀ ਦੇਖਿਆ; ਪਰ ਉਦ੍ਹੇ ਅੰਦਰ ਇੱਕ ਅੱਗ ਸੀ! ਅਣਬੁਝ ਬੇਚੈਨੀ, ਹਰਕਤ, ਅਤੇ ਜਗਿਆਸਾ! ਇਨ੍ਹਾਂ ਸਾਰੇ ਤੱਤਾਂ ਦੇ ਆਸਰੇ ਉਹ ਪੰਜਾਬੀ, ਹਿੰਦੀ ਤੇ ਉਰਦੂ ਦਾ ਵਿਦਵਾਨ ਬਣਿਆਂ ਤੇ ਕਵੀਸ਼ਰੀ ਨੂੰ ਨਵੀਂ ਨੁਹਾਰ ਦੇ ਕੇ 'ਸ਼੍ਰੋਮਣੀ ਕਵੀਸ਼ਰ' ਦਾ ਖ਼ਿਤਾਬ ਹਾਸਲ ਕਰਨ ਵਿੱਚ ਕਾਮਯਾਬ ਹੋਇਆ। ਉਹ ਦਿਲ ਨੀ ਸੀ ਛਡਦਾ; ਦੁਸ਼ਵਾਰੀਆਂ ਤੇ ਮੁਸੀਬਤਾਂ ਦੇ ਸਾਹਮਣੇ ਗੋਡੇ ਨੀ ਸੀ ਟੇਕਦਾ... ਡਾਢਾ ਹਿੰਮਤੀ ਸੀ... ਸ਼ਾਮ ਦੇ ਉੱਤਰਦਿਆਂ ਹੀ ਉਹ ਗਲਾਸ 'ਚੋਂ ਦਿਲ ਭਰ ਕੇ ਰੰਗੀਨੀ ਚੁਸਕਦਾ! ਗਲ਼ ਉਸ ਦੇ ਬੁਨਾਇਣ ਹੁੰਦੀ ਤੇ ਤੇੜ ਗੋਡਿਆਂ ਤੀਕ ਕੱਛ! ਰੰਗਦਾਰ ਤਰਲ ਵਿੱਚ ਘੁਲ਼ਿਆ ਸਰੂਰ ਜਦੋਂ ਉਸ ਦੇ ਲਹੂ ਨੂੰ ਲੋਰੀਆਂ ਦੇਣ ਲਗਦਾ ਤਾਂ ਉਸ ਦਾ ਟੀਰ ਸੰਘਣਾ ਹੋ ਜਾਂਦਾ। ਬਗ਼ਲਾਂ 'ਚ ਹੱਥ ਥੁੰਨ ਕੇ ਤੇ ਮੋਢਿਆਂ ਨੂੰ ਕੰਨਾਂ ਤੀਕਰ ਖਿੱਚ ਕੇ, ਉਹ ਸਿਰ ਨੂੰ ਝਟਕੇ ਮਾਰਦਾ ਤੇ ਸਾਥੋਂ ਕਵੀਸ਼ਰੀ ਸੁਣ-ਸੁਣ ਕੇ ਝੂੰਮਦਾ! ਦੇਰ ਰਾਤ ਤੀਕਰ ਉਹ ਪਰਿਵਾਰ ਨਾਲ ਹਾਸੇ-ਠੱਠੇ ਅਤੇ ਟਿੱਚਰਾਂ-ਮਸ਼ਕਰੀਆਂ ਦੀਆਂ ਫੁੱਲਝੜੀਆਂ ਖਿੰਡਾਰਦਾ ਰਹਿੰਦਾ, ਪ੍ਰੰਤੂ ਸਵੇਰੇ ਚਾਰ ਕੁ ਵਜੇ ਮਲਕੜੇ ਜੇਹੇ ਉੱਠ ਕੇ ਚਾਟੀ ਨੂੰ ਹਲੂਣਦਾ, ਦਹੀਂ ਦਾ ਛੰਨਾ ਨਿਗਲ਼ ਕੇ ਸਾਈਕਲ ਨੂੰ ਥਾਪੜਾ ਦਿੰਦਾ, ਤੇ ਹਨੇਰੇ ਨੂੰ ਨਿਗਲ਼ਦਾ ਹੋਇਆ, ਪੰਜ, ਸਵਾ-ਪੰਜ ਵਜਦੇ ਨੂੰ ਮੋਗੇ ਬਸ ਸਟੈਂਡ ਦੇ ਲਾਗੇ ਕਿਸੇ ਢਾਬੇ ਮੂਹਰੇ ਚਾਹ ਪੀ ਰਿਹਾ ਹੁੰਦਾ! ਨਾ ਉਹ ਠੁਰ-ਠੁਰ ਕਰਦੇ ਹਨੇਰਿਆਂ-ਸਵੇਰਿਆਂ ਤੋਂ ਤ੍ਰਭਕਦਾ ਸੀ, ਤੇ ਨਾ ਹੀ ਸੜਦੀਆਂ ਦੁਪਹਿਰਾਂ ਅਤੇ ਭਾਦੋਂ ਦੇ ਹੁੰਮਸ (ਤਪਾੜ) 'ਚ ਉਸਦੇ ਪੈਰ ਸਾਈਕਲ ਦੇ ਪੈਡਲਾਂ ਨੂੰ ਅਰਾਮ ਕਰਨ ਦੇਂਦੇ। ਬਾਪੂ ਦੀ ਇਹ ਜੀਵਨ-ਸ਼ੈਲੀ ਮੇਰੇ ਮਨ ਵਿੱਚ, ਸਪੰਜ ਅੰਦਰ ਖਿੱਚੇ ਜਾਂਦੇ ਪਾਣੀ ਵਾਂਗ, ਜਜ਼ਬ ਹੋ ਗਈ ਸੀ!
?ਪੰਜਾਬ 'ਚ ਐਮ ਏ ਕਰ ਕੇ ਤੂੰ ਲੁਧਿਆਣੇ ਦੇ ਕਸਬਾ ਸੁਧਾਰ ਦੇ ਨਾਮਵਰ ਕਾਲਜ 'ਚ ਲੈਕਚਰਰ ਬਣ ਗਿਆ ਸੀ ਐਵੇਂ 24 ਕੁ ਸਾਲ ਦੀ ਉਮਰ 'ਚ ਈ; ਤੇ ਨਾਲ਼ ਹੀ ਤੇਰੀ ਸੁਖਸਾਗਰ, ਸਮਰਾਲ਼ੇ ਕਾਲਜ ਦੇ ਸਟਾਫ਼ ਰੂਮ 'ਚ ਅੰਗਰੇਜ਼ੀ ਦੀਆਂ ਕਿਤਾਬਾਂ ਫਰੋਲ਼ਦੀ ਹੋਈ, ਅਗਲੇ ਪੀਰੀਅਡ ਦੀ ਉਡੀਕ ਵਿੱਚ ਚਾਹ ਦੇ ਗਲਾਸਾਂ ਨਾਲ਼ ਗੁਟਰਗੂੰ ਕਰਨ ਲੱਗ ਪਈ ਸੀ। ਦੋਹਾਂ ਦਾ ਚੰਗਾ ਮਾਣ-ਸਤਿਕਾਰ ਸੀ, ਕਾਲਜਾਂ 'ਚ ਵੀ ਤੇ ਸਮਾਜ ਵਿੱਚ ਵੀ! ਪੰਜਾਬੀ ਦੇ ਸਾਹਿਤਿਕ ਹਲਕਿਆਂ ਵਿੱਚ ਵੀ ਤੇਰੀ ਵਾਹਵਾ ਪਹਿਚਾਣ ਬਣ ਗਈ ਸੀ। ਇੱਕ ਦਿਨ ਦੋਹਾਂ ਨੇ ਚੰਗੇ ਕਾਲਜਾਂ 'ਚ ਪ੍ਰਿੰਸੀਪਲ ਜ਼ਰੂਰ ਬਣ ਜਾਣਾ ਸੀ, ਤੇ ਤਨਖਾਹ ਵੀ ਮਹੀਨੇ ਦੀ ਲੱਖ ਰੁਪਏ ਦੇ ਲਾਗੇ-ਛਾਗੇ ਹੋ ਜਾਣੀ ਸੀ। ਏਨੀਆਂ ਸੰਭਾਵਨਾਵਾਂ ਭਰਪੂਰ ਜ਼ਿੰਦਗੀ ਨੂੰ ਠੋਕਰ ਮਾਰ ਕੇ, ਕੈਨੇਡਾ ਤੁਰ ਜਾਣ ਦਾ ਸਬੱਬ ਕਦੋਂ ਤੇ ਕਿਵੇਂ ਬਣਿਆਂ?
-ਸੁਧਾਰ ਕਾਲਜ 'ਚ ਮੇਰਾ ਬਹੁਤ ਹੀ ਪਿਆਰਾ ਮਿੱਤਰ ਸੀ ਹਰਦਿਆਲ ਸਿੰਘ: ਸਿਰੇ ਦਾ ਟਿੱਚਰੀ ਤੇ ਮੇਰਾ ਹਮ-ਪਿਆਲਾ! ਉਹਦਾ ਇੱਕ ਸਾਬਕਾ ਵਿੱਦਿਆਰਥੀ ਸੀ ਬੜੂੰਦੀ ਪਿੰਡ ਦਾ ਪਿਆਰਾ ਸਿੰਘ ਪੰਨੂੰ: ਪਿਆਰਾ ਸਿੰਘ ਦੀ ਚਿੱਠੀ ਆਈ ਹਰਦਿਆਲ ਸਿੰਘ ਨੂੰ: ਅਖ਼ੇ ਮੈਂ ਤਾਂ ਜੀ ਕੈਨੇਡਾ ਅੱਪੜ ਗਿਆਂ; ਜੇ ਕਿਸੇ ਨੇ ਕੈਨਡਾ ਆਉਣਾ ਹੋਇਆ ਤਾਂ ਦੱਸਿਓ; ਮੈਂ ਪੂਰੀ ਮਦਦ ਕਰੂੰਗਾ। ਬੱਸ ਪਿਆਰਾ ਸਿੰਘ ਦੇ ਉੱਦਮ ਸਦਕਾ ਮੇਰਾ ਛੋਟਾ ਭਰਾ ਰਛਪਾਲ 1972 'ਚ ਕੈਨੇਡਾ ਦਾ ਬਸ਼ਿੰਦਾ ਬਣ ਗਿਆ। ਮੈਂ ਤੇ ਰਛਪਾਲ ਬਚਪਨ ਤੋਂ ਇੱਕੋ ਮੰਜੇ ਦੇ 'ਨੀਂਦਰੂ' ਰਹੇ ਸਾਂ; ਇਕੱਠੇ ਖੇਡਦੇ, ਲੜਦੇ-ਝਗੜਦੇ, ਘਰ ਦਾ ਕੰਮ-ਧੰਦਾ ਕਰਦੇ ਤੇ ਕਵੀਸ਼ਰੀ ਗਾਉਂਦੇ! ਇਸ ਲਈ ਕੈਨੇਡਾ ਤੋਂ ਆਉਂਦੀਆਂ ਉਹਦੀਆਂ ਚਿੱਠੀਆਂ 'ਚ ਮੈਨੂੰ ਇਕੋ ਤਾਕੀਦ ਹੁੰਦੀ: ਛੇਤੀ ਕੈਨੇਡਾ ਆ ਜਾ! ਕੈਨੇਡਾ ਪੱਕੇ ਹੋਣ ਸਾਰ ਰਛਪਾਲ ਨੇ ਪਹਿਲਾ ਕੰਮ ਮੈਨੂੰ ਤੇ ਸੁਖਸਾਗਰ ਨੂੰ ਸਪਾਂਸਰ ਕਰਨ ਵਾਲ਼ਾ ਕੀਤਾ, 1974 'ਚ! ਮੈਂ ਤੇ ਸੁਖਸਾਗਰ ਕੈਨੇਡਾ ਆ ਨਿਕਲ਼ੇ 1975 'ਚ! ਮੇਰੇ ਤੇ ਸੁਖਸਾਗਰ ਦੇ ਦੋ ਕਾਰਨ ਸਨ ਕੈਨੇਡਾ ਚਲੇ ਆਉਣ ਦੇ: ਪਹਿਲਾ ਸੀ ਨਵੀਂ ਦੁਨੀਆਂ ਦੇਖਣ ਦਾ ਚਾਅ ਤੇ ਜਗਿਆਸਾ; ਤੇ ਦੂਸਰਾ ਸੀ ਕੁਝ ਜ਼ਾਤੀ ਜਿਹਾ, ਉਹ ਕਿਤੇ ਫੇਰ ਦੱਸਾਂਗਾ!
?ਕੈਨੇਡਾ 'ਚ ਬੋਲੀ ਵੀ ਓਪਰੀ ਸੀ, ਮੌਸਮ ਵੀ, ਸਮਾਜਕ ਪਿੰਗਲ ਵੀ, ਤੇ ਸਮੁੱਚਾ ਰਹਿਣ-ਸਹਿਣ ਵੀ; ਕੈਨੇਡਾ ਦੀ ਧਰਤੀ 'ਤੇ ਉੱਤਰਨ ਸਾਰ ਕੀ ਮਹਿਸੂਸ ਹੋਇਆ?
-ਕੈਨੇਡਾ ਪਹੁੰਚ ਕੇ ਲਿਖੀ ਮੇਰੀ ਪਹਿਲੀ ਕਵਿਤਾ ਸੀ 'ਬਿਦੇਸ਼'! ਉਸ ਦੀਆਂ ਪਹਿਲੀਆਂ ਸਤਰਾਂ ਕੁਝ ਇਸ ਤਰ੍ਹਾਂ ਨੇ: ਕਦੇ ਨਾ ਸੋਚਿਆ ਤੱਕ ਸੀ, ਅਜਾਈਂ ਮਰ-ਮਿਟਣ ਬਾਰੇ; ਪਰ ਛੁਰੀ ਦਾ ਹੁਸਨ ਸੀ ਕਿ ਖ਼ੁਦਕੁਸ਼ੀ ਦਾ ਝੱਲ ਵਗ ਤੁਰਿਆ! ਜਹਾਜ਼ੋਂ ਉੱਤਰਨ ਦੇ ਕੁਝ ਦਿਨਾਂ ਬਾਅਦ ਹੀ ਸਾਨੂੰ ਦੋਹਾਂ ਨੂੰ ਹੀ ਇਓਂ ਮਹਿਸੂਸ ਹੋਣ ਲੱਗਾ ਕਿ ਅਸੀਂ ਆਪਣੇ-ਆਪ ਨੂੰ ਮਾਰ ਲਿਐ! ਕੈਨੇਡਾ ਨਾਲ਼ ਰਤਾ ਕੁ ਸਾਂਝ ਪੈਂਦਿਆਂ ਹੀ ਪਹਿਲਾ ਝਟਕਾ ਇਹ ਲੱਗਿਆ ਕਿ ਭਾਰਤ ਤੋਂ ਲਿਆਂਦੀਆਂ ਡਿਗਰੀਆਂ ਦਿਨਾਂ 'ਚ ਹੀ ਗੰਜੀਆਂ ਹੋ ਗਈਆਂ। ਦੋਹਾਂ ਦੀਆਂ ਕਾਲਜ-ਪ੍ਰੋਫ਼ੈਸਰੀਆਂ ਖੀਸੇ 'ਚ ਹੋਈ ਮੋਰੀ ਵਿਚਦੀ, ਬਾਂਟਿਆਂ ਵਾਂਗੂੰ ਕਿਰ ਗਈਆਂ: ਉੱਤਰੇ ਹੋਏ ਚਿਹਰਿਆਂ ਨਾਲ਼ ਮੁਤਰ-ਮੁਤਰ ਇੱਕ-ਦੂਜੇ ਵੱਲ ਝਾਕਣ ਲੱਗੇ! ਹੁਣ ਦੋ ਹੀ ਰਸਤੇ ਸਨ: ਜਾਂ ਤਾਂ ਵਾਪਿਸ ਪੰਜਾਬ ਪਰਤ ਜਾਂਦੇ, ਜਾਂ ਹਾਲਾਤ ਨਾਲ਼ ਸਿੰਗ ਭੇੜਦੇ! ਅਸਲ 'ਚ ਬਾਪੂ ਪਾਰਸ ਦੀ ਤਰਜ਼ੇ-ਜ਼ਿੰਦਗੀ ਜਹਾਜ਼ੇ ਚੜ੍ਹ ਕੇ ਮੇਰੇ ਨਾਲ਼ ਹੀ ਕੈਨੇਡਾ ਆ ਉੱਤਰੀ ਸੀ। ਉਹ ਕਹਿਣ ਲੱਗੀ, ਸੁਧਾਰ ਕਾਲਜ ਵਾਲ਼ੀ ਪ੍ਰੋਫੈਸਰੀ ਕਿੱਲੇ 'ਤੇ ਟੁੰਗ ਦੇ ਇਕਬਾਲ ਸਿਆਂ, ਤੇ ਦਸਾਂ ਉਂਗਲ਼ਾਂ ਨੂੰ ਫੈਕਟਰੀਆਂ ਦੀਆਂ ਮਸ਼ੀਨਾਂ ਦੀ ਗਰੀਸ 'ਚ ਤੇ ਚੱਕਲ਼ੀਆਂ 'ਚ ਗੱਡ ਦੇਅ। ਫ਼ਿਰ ਮੈਂ ਮਸ਼ੀਨਾਂ ਨਾਲ਼ ਹੱਥੋਪਾਈ ਹੋਣ ਲੱਗਾ; ਆਰਿਆਂ 'ਤੇ ਉੱਡਦਾ ਬੂਰਾ ਨਾਸਾਂ ਰਾਹੀਂ ਫੇਫੜਿਆਂ 'ਚ ਛਿੱਟਕਿਆ; ਦਰਬਾਨੀਆਂ ਕੀਤੀਆਂ, ਹੋਟਲਾਂ 'ਚ ਬਰਤਨ-ਸਫ਼ਾਈਆਂ ਕਰਦਿਆਂ ਆਪਣੇ ਆਪ ਨੂੰ ਕਵਿਤਾ ਵਾਂਙੂੰ ਮਸ਼ੀਨੀ ਪਿੰਗਲ 'ਚ ਫਿੱਟ ਕਰਨ ਲੱਗਿਆ, ਤੇ ਦਿਨ 'ਚ ਅਠਾਰਾਂ-ਅਠਾਰਾਂ ਘੰਟੇ ਟੈਕਸੀ ਦੇ ਸਟੀਅਰਿੰਗ ਨੂੰ ਵੀ ਵਖ਼ਤ ਪਾਈ ਰੱਖਿਆ।
?ਐਨੀ ਮੰਦਹਾਲੀ 'ਚ ਕਦੇ ਕਿਸਮਤ ਜਾਂ ਅਰਦਾਸ ਜਾਂ ਰੱਬ-ਪ੍ਰਮਾਤਮਾ ਯਾਦ ਆਇਆ ਹੋਵੇ?
-ਕਿਸਮਤ ਜਾਂ 'ਧੁਰੋਂ ਲਿਖੇ ਲੇਖ', ਜੋਤਿਸ਼, ਟੂਣੇ ਅਤੇ ਤਾਂਤਰਿਕਵਾਦ, ਇਹ ਸਭ ਕਮਜ਼ੋਰ ਲੋਕਾਂ ਨੂੰ ਭਰਮਾਉਣ ਵਾਲ਼ੇ ਔਜ਼ਾਰ ਨੇ। ਇਹ ਇਨਸਾਨ ਨੂੰ ਸੰਘਰਸ਼ ਤੋਂ ਦੂਰ ਨਠਾਉਂਦੇ ਨੇ; ਗੁੰਮਰਾਹ ਕਰਦੇ ਨੇ! ਕਾਮਯਾਬੀ 'ਧੁਰੋਂ-ਲਿਖੀ' ਕਿਸੇ ਕਲਪਿਤ ਕਿਸਮਤ ਨਾਲ਼ ਨਹੀਂ, ਸਗੋਂ ਸੰਘਰਸ਼ ਨਾਲ ਮਿਲ਼ਦੀ ਐ। ਇਹ ਠੀਕ ਐ ਕਿ ਕਦੇ-ਕਦੇ ਕੋਈ ਢੁੱਕਵਾਂ ਮੌਕਾ-ਮੇਲ਼ ਵੀ ਇਨਸਾਨ ਲਈ ਕਾਮਯਾਬੀ ਦਾ ਸੋਮਾ ਬਣ ਜਾਂਦੈ, ਪਰ ਇਹ ਸਭ ਕੁਝ ਪੂਰਵ-ਨਿਰਧਾਰਤ (ਪਰੀ-ਡਟਰਮੰਡ) ਨਹੀਂ ਹੁੰਦਾ; ਮੱਥੇ 'ਚ ਜਾਂ ਹਸਤ-ਲਕੀਰਾਂ 'ਚ ਨਹੀਂ ਛਪਿਆ ਹੁੰਦਾ! ਮੈਂ ਕਿਸੇ ਗ਼ੈਬੀ ਸ਼ਕਤੀ 'ਚ ਯਕੀਨ ਨਹੀਂ ਰਖਦਾ ਜਿਹੜੀ, ਧਾਰਮਿਕ ਗ੍ਰੰਥਾਂ ਮੁਤਾਬਿਕ, ਘਟ-ਘਟ 'ਚ ਵਸਦੀ ਐ, ਤੇ ਜੀਦ੍ਹੇ ਹੁਕਮ ਬਿਨਾ, ਕਿਹਾ ਜਾਂਦੈ, ਪੱਤਾ ਨਹੀਂ ਹਿਲਦਾ। ਮੇਰੀ ਅਦਿਸਦੀ ਸ਼ਕਤੀ ਤਾਂ ਮੇਰੀਆਂ ਦਸ ਉਂਗਲ਼ਾਂ 'ਚ ਐ; ਮੇਰੀ ਸੁਖਸਾਗਰ 'ਚ ਐ ਜਿਹੜੀ ਮੇਰੀ ਬੀਵੀ ਹੋਣ ਦੇ ਨਾਲ਼-ਨਾਲ਼, ਮਾਯੂਸੀਆਂ ਤੇ ਦਰਦ ਦੇ ਪਲੀਂ, ਮੇਰੀ ਦੋਸਤ, ਮੇਰੀ ਮਾਂ, ਮੇਰੀ ਭੈਣ ਤੇ ਮੇਰੀ ਧੀ ਦਾ ਕਿਰਦਾਰ ਵੀ ਨਿਭਾਉਂਦੀ ਆਈ ਐ। ਮੈਂ ਅਰਦਾਸਾਂ ਉੱਤੇ ਨਹੀਂ ਸਗੋਂ ਅਮਲ 'ਤੇ ਅਤੇ ਸਾਧਨਾ 'ਤੇ ਟੇਕ ਰਖਦਾ ਆਂ।
?ਕਿੱਥੇ ਕਾਲਜ ਦੀ ਪ੍ਰੋਫ਼ੈਸਰੀ ਤੇ ਕਿੱਥੇ ਹਾਅ ਟੈਕਸੀ ਡਰਾਇਵਰੀ, ਦਰਬਾਨੀ ਤੇ ਫੈਕਟਰੀਆਂ ਦੀ ਗਰੀਸ! ਇਸ ਸਭ ਕਾਸੇ 'ਚੋਂ ਗੁਜ਼ਰਦਿਆਂ ਕਦੇ ਸ਼ਰਮ ਜਾਂ ਹੀਣਤ ਜ਼ਰੂਰ ਮਹਿਸੂਸ ਹੋਈ ਹੋਵੇਗੀ!
-ਭੋਰਾ ਵ' ਨੀ! ਕਦੇ ਵ' ਨੀ! ਮੰਦੇ ਤੋਂ ਮੰਦੇ ਹਾਲਾਤ 'ਚ ਵੀ ਮੈਂ ਹਿੰਮਤ ਨਹੀਂ ਹਾਰੀ; ਸ਼ਰਮ ਜਾਂ ਹੀਣ-ਭਾਵਨਾ ਨੂੰ ਨੇੜੇ ਨੀ ਢੁੱਕਣ ਦਿੱਤਾ! ਸ਼ਰਮ ਤਾਂ, ਇਕਬਾਲ ਸਿਅ੍ਹਾਂ, ਚੋਰੀ ਕਰਨ 'ਚ, ਤੇ ਵਿਹਲੜ-ਨਖੱਟੂ ਹੋਣ 'ਚ ਹੋਣੀ ਚਾਹੀਦੀ ਐ, ਜਾਂ ਵਿਹਲੇ ਰਹਿ ਕੇ ਸਰਕਾਰੀ ਭੱਤੇ ਡਕਾਰਨ ਵਿੱਚ; ਮਿਹਨਤ ਕਰਨ 'ਚ ਨਹੀਂ! ਟੈਕਸੀ ਵਾਹ-ਵਾਹ ਕੇ ਡਾਲਰਾਂ ਦੀਆਂ ਢੇਰੀਆਂ ਲਾ ਦਿੱਤੀਆਂ ਦੋ ਸਾਲਾਂ 'ਚ! ਨਾ ਦਿਨ ਦੇਖਿਆ, ਨਾ ਰਾਤ! ਫ਼ਿਰ ਯੂਨੀਵਰਸਿਟੀਆਂ 'ਚ ਵੜ ਗਿਆ: ਚਾਰ ਦਿਨ ਪੜ੍ਹਨਾ, ਤੇ ਤਿੰਨ ਦਿਨ, ਸੋਲਾਂ-ਸੋਲ਼ਾਂ, ਅਠਾਰਾਂ-ਅਠਾਰਾਂ ਘੰਟੇ ਟਰਾਂਟੋ ਦੀਆਂ ਸੜਕਾਂ ਨੂੰ ਟੈਕਸੀ ਦੇ ਟਾਇਰਾਂ ਉਦਾਲ਼ੇ ਲਪੇਟਣਾ! ਸੁਖਸਾਗਰ ਖਾਂਦੇ-ਪੀਂਦੇ ਘਰ ਦੀ ਲਾਡਲੀ ਧੀ ਸੀ-ਬਹੁਤ ਹੀ ਮਲੂਕ ਜਿਹੀ! ਉਹ ਸਮਰਾਲੇ ਦੇ ਕਾਲਜ ਤੋਂ ਪ੍ਰੋਫ਼ੈਸਰੀ ਛੱਡ ਕੇ ਆਈ ਸੀ: ਮੇਰੇ ਲਈ ਯੂਨੀਵਰਸਿਟੀਆਂ ਦੀਆਂ ਫ਼ੀਸਾਂ ਕਮਾਉਣ ਲਈ ਉਹ ਵੀ ਰੋਜ਼ਾਨਾਂ ਦੋ-ਦੋ ਜਾਬਾਂ ਕਰਦੀ ਰਹੀ। ਕਦੇ-ਕਦੇ ਦੋਵੇਂ ਜੀਅ ਉਦਾਸ ਹੋ ਜਾਂਦੇ, ਅੱਖਾਂ ਵੀ ਨਮ ਹੋ ਜਾਂਦੀਆਂ, ਖਿਝ ਵੀ ਆਉਂਦੀ, ਪ੍ਰੰਤੂ ਹਿੰਮਤ ਦੇ ਹਥਿਆਰਾਂ ਨੂੰ ਨਿੱਸਲ਼ ਨਹੀਂ ਪੈਣ ਦਿੱਤਾ!
?ਕੈਨੇਡਾ 'ਚ ਪੜ੍ਹਾਈ ਖ਼ਤਮ ਕਰਨ ਬਾਅਦ ਨੌਕਰੀ ਦਾ ਜੁਗਾੜ ਕਿਵੇਂ ਬਣਿਆਂ?
-1977 ਤੋਂ 1983 ਤੀਕ ਵਾਟਰਲੂ, ਯੋਰਕ, ਤੇ ਡਲਹਾਊਜ਼ੀ ਯੂਨੀਵਰਸਿਟੀਆਂ 'ਚੋਂ ਪੜ੍ਹਾਈ ਖ਼ਤਮ ਕਰ ਕੇ ਦੋ ਕੁ ਸਾਲ ਬੇਰੁਜ਼ਗਾਰੀ ਦੇ ਥਪੇੜੇ ਖਾਧੇ; ਨੌਕਰੀ ਦੀ ਤਲਾਸ਼ 'ਚ ਕੈਨਡਾ ਦੇ ਕਈ ਸੂਬਿਆਂ ਨੂੰ ਗਾਹ ਮਾਰਿਆ, ਪਰ ਮਯੂਸੀ ਹੀ ਪੱਲੇ ਪਈ! ਪ੍ਰੋਫ਼ੈਸ਼ਨਲ ਨੌਕਰੀਆਂ ਲੈਣ ਲਈ ਕੈਨੇਡਾ 'ਚ ਸਿਫ਼ਾਰਸ਼ਾਂ ਜਾਂ ਰਿਸ਼ਵਤਾਂ ਤਾਂ ਚਲਦੀਆਂ ਨੀ... ਅਗਲੇ ਵਿੱਦਿਅਕ ਯੋਗਤਾ ਦੇਖਦੇ ਨੇ; ਮੈਰਟਾਂ ਸੁੰਘਦੇ ਨੇ; ਤੇ ਇੰਟਰਵਿਊ ਰਾਹੀਂ ਕੈਂਡੀਡੇਟ ਨੂੰ ਖੁਰਚ-ਖੁਰਚ ਕੇ ਪੇਚ-ਦਰ-ਪੇਚ ਉਧੇੜ ਸੁਟਦੇ ਨੇ... ਆਖ਼ਿਰ 1985 'ਚ ਟਰਾਂਟੋ ਸਕੂਲ ਬੋਰਡ 'ਚ ਅੰਗਰੇਜ਼ੀ ਪੜ੍ਹਾਉਣ ਦੀ ਜਾਬ ਮਿਲ ਗਈ; ਇਸ ਤੋਂ ਬਾਅਦ ਦਿਨ ਫਿਰਨ ਲੱਗੇ, ਤੇ ਜ਼ਿੰਦਗੀ ਦੇ ਮਾਰੂਥਲ 'ਚ ਹਰਿਆਵਲ ਰੁਮਕਣ ਲੱਗੀ।
?ਕੈਨੇਡਾ 'ਚ ਪੰਜਾਬੀਆਂ ਨੇ ਵੱਡੇ-ਵੱਡੇ ਕਾਰੋਬਾਰ ਉਸਾਰੇ ਨੇ; ਮਾਇਆ ਦੇ ਅੰਬਾਰ ਲਾ ਲਾਏ ਨੇ; ਡਾਕਟਰੀਆਂ, ਅਕਾਊਂਟੈਂਟੀਆਂ, ਤੇ ਹੋਰ ਵੱਡੇ ਪ੍ਰੋਫ਼ੈਸ਼ਨਾਂ 'ਚ ਤਰੱਕੀਆਂ ਕਰੀਆਂ ਨੇ; ਪਰ ਤੂੰ ਕੈਨੇਡਾ ਵਿੱਚ ਵਿੱਦਿਆਕਾਰ ਬਣ ਜਾਣ ਉੱਤੇ ਈ ਡਾਢਾ ਮਾਣ ਕਰਦਾ ਐਂ।
-ਸਿਰਫ਼ 'ਮਾਣ' ਕਰਦਾ ਆਂ, 'ਗੁਮਾਨ' ਨਹੀਂ! ਜੇ ਮੈਂ ਕਿਸੇ ਡਾਕਟਰ, ਵਕੀਲ, ਵੱਢੀਖੋਰ ਅਫ਼ਸਰ, ਜਾਂ ਕਿਸੇ ਭ੍ਰਿਸ਼ਟ ਸਿਆਸੀ ਲੀਡਰ ਦੇ ਘਰ ਜਨਮ ਲੈ ਕੇ, ਰਿਸ਼ਵਤਖੋਰੀ ਦੇ ਪੈਸੇ ਨਾਲ਼ ਕਿਸੇ ਚੋਟੀ ਦੇ ਕਾਨਵੈਂਟ ਸਕੂਲ ਪੜ੍ਹਿਆ ਹੁੰਦਾ ਤੇ ਕੈਨੇਡਾ 'ਚ ਆ ਕੇ ਵਿੱਦਿਆਕਾਰ ਬਣ ਜਾਂਦਾ, ਤਾਂ ਏਹ ਮੇਰੀ ਕੋਈ ਫ਼ਖ਼ਰਯੋਗ ਪ੍ਰਾਪਤੀ ਨਹੀਂ ਸੀ ਹੋਣੀ; ਪਰ ਤੂੰ ਮੇਰੇ ਪਿਛੋਕੜ ਦਾ ਚਸ਼ਮਦੀਦ ਗਵਾਹ ਐਂ, ਇਕਬਾਲ ਸਿਅ੍ਹਾਂ! ਇੱਕ ਗੁੰਮਨਾਮ ਪਿੰਡ ਦੇ ਇੱਕ ਮਾਮੂਲੀ ਕਿਸਾਨ ਦਾ ਪੁੱਤਰ; ਵਿੱਦਿਆ-ਪ੍ਰਾਪਤੀ ਲਈ ਸਾਜ਼ਗਾਰ ਮਹੌਲ ਤੋਂ ਅਤੇ ਸਹੂਲਤਾਂ ਤੋਂ ਵਾਂਝਾ; ਮਿੱਟੀ ਦੇ ਤੇਲ ਨਾਲ਼ ਜਗਦੇ ਲੈਂਪ ਦੇ ਅੰਧਰਾਤੀਏ-ਚਾਨਣ 'ਚ ਕਿਤਾਬਾਂ ਦੇ ਜੰਗਲ਼ 'ਚੋਂ ਆਪਣਾ ਰੰਗੀਨ ਭਵਿਸ਼ ਟਟੋਲਣ ਲਈ ਅੱਧੀ-ਅੱਧੀ ਰਾਤ ਤੀਕਰ ਅੱਖਾਂ ਨੂੰ ਸਫ਼ਿਆਂ ਉੱਪਰ ਤੋਰੀ ਫਿਰਨ ਵਾਲ਼ਾ; ਦਸਵੀਂ ਜਮਾਤ ਤੀਕ ਕਿਸੇ ਭੜੂਏ ਨੇ ਅੰਗਰੇਜ਼ੀ ਦੀ ਗਰੈਮਰ ਦਾ ਪੂੰਝਾ ਵ' ਨੀ ਸੀ ਦਿਖਾਲ਼ਿਆ... ਰੱਟੇ ਲੁਆ ਦਿੰਦੇ ਸੀ 'ਵਨਸ ਅਪੋਨ ਏ ਟਾਈਮ' ਦੇ। ਤੰਗੀਆਂ-ਤੁਰਛੀਆਂ ਦੇ ਪਹਿਰੇ 'ਚ ਲੁਧਿਆਣੇ ਤੋਂ ਅੰਗਰੇਜ਼ੀ ਦੀ ਐਮ ਏ ਕਰ ਕੇ ਲੈਕਚਰਰ ਬਣਨਾ; ਫੇਰ ਜੇਬ 'ਚ ਦਸ ਡਾਲਰ ਲੈ ਕੇ ਕੈਨੇਡਾ 'ਚ ਪਰਵੇਸ਼ ਕਰਨਾ ਜਿੱਥੇ ਓਪਰੀ ਬੋਲੀ, ਓਪਰੇ ਰਿਵਾਜ ਤੇ ਓਪਰਾ ਪੌਣ ਪਾਣੀ! ਐਸੇ ਵਿਰੋਧਮਈ ਹਾਲਾਤ ਵਿੱਚ, ਸਿਦਕਵਾਨ ਹੋ ਕੇ, ਗੋਰਿਆਂ ਦੇ ਬੱਚਿਆ ਨੂੰ ਅੰਗਰੇਜ਼ੀ ਪੜ੍ਹਾਉਣ ਦੇ ਕਾਬਲ ਹੋ ਜਾਣਾ ਮੇਰੇ ਲਈ ਡਾਢੇ ਮਾਣ ਵਾਲੀ ਪ੍ਰਾਪਤੀ ਐ!
?ਮੈਂ ਦੇਖਿਐ ਪਈ ਪੰਜਾਬੀ ਲੋਕ ਕੈਨੇਡਾ 'ਚ ਨਸਲਵਾਦ ਤੇ ਵਿਤਕਰੇ ਦੀ ਬੜੀ ਸ਼ਕਾਇਤ ਕਰਦੇ ਨੇ!
-ਮੈਨੂੰ ਕੋਈ ਵਿਅਕਤੀ ਦੁਨੀਆਂ ਦੀ ਐਸੀ ਥਾਂ ਦੱਸੇ ਜਿੱਥੇ ਵਿਤਕਰੇ ਤੇ ਨਸਲਵਾਦ ਦੀ ਅਣਹੋਂਦ ਹੋਵੇ! ਮੈਂ ਵੀ ਨਸਲੀ ਤੇ ਧਾਰਮਿਕ ਵਿਤਕਰੇ ਦੇ ਸਖ਼ਤ ਖ਼ਿਲਾਫ਼ ਆਂ, ਹਰ ਕਿਸਮ ਦੇ ਵਿਤਕਰੇ ਦੇ ਖ਼ਿਲਾਫ਼ ਹਾਂ, ਮਗਰ ਮੈਨੂੰ ਓਦੋਂ ਬੜੀ ਖਿਝ ਚੜ੍ਹਦੀ ਐ ਜਦੋਂ ਬਹੁਤੇ ਪੰਜਾਬੀ-ਭਾਰਤੀ ਲੋਕ ਨਸਲਵਾਦ ਦੇ ਖ਼ਿਲਾਫ਼ ਬੋਲਦੇ ਨੇ: ਮੈਂ ਇਜ ਨਹੀਂ ਕਹਿੰਦਾ ਕਿ ਨਸਲਵਾਦ ਤੇ ਵਿਤਕਰੇਬਾਜ਼ੀ ਦੇ ਖ਼ਿਲਾਫ਼ ਨਾ ਬੋਲੋ, ਜਿਹੜੇ ਆਪਣੇ ਅਮਲਾਂ 'ਚ ਛੱਜ ਹਨ, ਉਹ ਜ਼ਰੂਰ ਬੋਲਣ, ਪਰ ਸੌ ਛੇਕਾਂ ਵਾਲ਼ੀਆਂ ਛਾਨਣੀਆਂ ਕਿਹੜੇ ਮੂੰਹ ਨਾਲ਼ ਬੋਲਦੀਐਂ? ਜਾਤ-ਪਾਤ ਦਾ ਕੋਹੜ ਨਸਲਵਾਦ ਤੋਂ ਵਧੇਰੇ ਘਿਨਾਉਣਾ ਐ। ਸਾਡੇ ਲੋਕ ਬੜੇ ਹੀ ਦੰਭੀ ਨੇ; ਦੂਹਰੇ ਮਾਪਦੰਡਾਂ ਵਾਲ਼ੇ! ਮੈਨੂੰ ਕੋਈ ਦੱਸੇ ਸਾਡੇ ਭਾਰਤ-ਪੰਜਾਬ ਨਾਲੋਂ ਵੱਧ ਵਿਤਕਰਾ ਤੇ ਨਫ਼ਰਤ ਦੁਨੀਆਂ ਦੇ ਹੋਰ ਕਿਹੜੇ ਕੋਨੇ 'ਚ ਐ? ਜੇ ਬਦੇਸ਼ਾਂ 'ਚ ਨਸਲੀ ਵਿਤਕਰਾ ਹੈ, ਤਾਂ ਸਾਡੇ ਸਮਾਜ 'ਚ ਜਾਤ-ਪਾਤ ਦੇ ਵਿਤਕਰਿਆਂ ਦੇ ਟਿੱਬੇ ਲੱਗੇ ਹੋਏ ਨੇ! ਅਸੀਂ ਤਾਂ ਹਜ਼ਾਰਾਂ ਸਾਲਾਂ ਤੋਂ ਹੁਣ ਤਾਈਂ ਦਲਿਤਾਂ ਨੂੰ ਜਾਨਵਰਾਂ ਤੋਂ ਵੀ ਨੀਚ ਬਣਾ ਕੇ ਰੱਖਿਆ ਹੋਇਐ। ਬਿਹਾਰ ਤੇ ਯੂ ਪੀ 'ਚੋਂ ਆਏ ਮਜ਼ਦੂਰਾਂ ਨਾਲ ਕਿੰਨੀ ਕੁ ਭਲੀ ਗੁਜ਼ਾਰਦੇ ਆਂ ਅਸੀਂ? ਹੈ ਕੋਈ ਜੱਟ, ਬ੍ਰਾਹਮਣ, ਖੱਤਰੀ, ਜਾਂ ਬਾਣੀਆਂ ਜਿਹੜਾ ਆਪਣੇ ਧੀ-ਪੁੱਤ ਨੂੰ ਅਖਾਉਤੀ 'ਨੀਵੀਂ' ਜਾਤ 'ਚ ਹੱਸ ਕੇ ਵਿਆਹ ਦੇਵੇ? ਪੰਜਾਬ ਦਾ ਕਿਹੜਾ ਪਿੰਡ ਹੈ ਜਿੱਥੇ 'ਕੰਮੀਆਂ ਦੇ ਵੇਹੜੇ' ਤੇ 'ਚਮਾਰੜ੍ਹੀਆਂ' ਅਲੋਪ ਹੋ ਗਈਆਂ ਹੋਣ, ਤੇ ਹਰ ਵਿਅਕਤੀ ਨੂੰ ਇੱਕ ਇਨਸਾਨ ਦੇ ਤੌਰ 'ਤੇ ਹੀ ਦੇਖਿਆ ਜਾਂਦਾ ਹੋਵੇ? ਆਹ ਰਾਮਗੜ੍ਹੀਆਂ ਦੇ ਗੁਰਦਵਾਰੇ, ਰਵੀਦਾਸੀਆਂ ਦੇ ਗੁਰਦਵਾਰੇ, ਨਾਮਦੇਵੀਆਂ ਦੇ ਗੁਰਦਵਾਰੇ, 'ਰੰਘਰੇਟਿਆਂ' ਦੇ ਗੁਰਦਵਾਰੇ: ਇਹ ਵਿਤਕਰਾ ਨਹੀਂ ਤਾਂ ਹੋਰ ਕੀ ਐ? ਆਹ ਹਰ ਰੋਜ਼ ਮੀਡੀਆ 'ਚ ਨੁਮਾਇਸ਼ਿਤ ਹੁੰਦੀ 'ਆਨਰ ਕਿਲਿੰਗ' (ਅਣਖ ਖ਼ਾਤਰ ਕਤਲ) ਦੀਆਂ ਜੜ੍ਹਾਂ ਕਿੱਥੇ ਨੇ? ਕੈਨੇਡਾ 'ਚ ਵੀ ਹੈਗੇ ਨੇ ਹਰ ਨਸਲ ਤੇ ਹਰ ਰੰਗ ਦੇ ਨਸਲਵਾਦੀ ਤੇ ਵਿਤਕਰੇਬਾਜ਼, ਲੇਕਿਨ ਨਸਲਵਾਦ ਤੋਂ ਸਾਡੇ ਪੰਜਾਬੀ ਵੀ ਨਿਰਲੇਪ ਨਹੀਂ: ਖ਼ੁਦ ਨਸਲਵਾਦ ਦਾ ਸ਼ਿਕਾਰ ਹੁੰਦਿਆਂ ਵੀ ਹਰ ਹਬਸ਼ੀ ਤੇ ਹਰ ਗੋਰੇ ਨੂੰ ਨਫ਼ਰਤ ਕਰੀ ਜਾਂਦੇ ਨੇ! ਸਾਡੇ ਲੋਕ ਇਹ ਬਿਆਨ ਆਮ ਹੀ ਦਿੰਦੇ ਨੇ ਕਿ ਫਲਾਣੇ ਇਲਾਕੇ 'ਚ ਰਹਾਇਸ਼ ਨਹੀਂ ਰੱਖਣੀ ਕਿਉਂਕਿ ਉਧਰ 'ਕਾਲ਼ੇ' ਬਹੁਤੇ ਐ! ਮੈਂ ਬਥੇਰਾ ਨਸਲਵਾਦ ਹੰਡਾਇਐ ਆਪਣੀ ਰੂਹ 'ਤੇ ਗੋਰਿਆਂ-ਕਾਲ਼ਿਆਂ ਦੇ ਹੱਥੋਂ, ਪਰ ਮੈਨੂੰ ਕੈਨੇਡਾ 'ਚ ਗੋਰਿਆਂ-ਕਾਲਿਆਂ ਸਮੇਤ ਹਰ ਨਸਲ ਦੇ ਅਣਗਿਣਤ ਦੋਸਤ, ਹਮਦਰਦ ਤੇ ਪ੍ਰਸੰਸਕ ਵੀ ਮਿਲੇ/ਮਿਲ਼ੀਆਂ ਨੇ। ਕੈਨੇਡਾ 'ਚ ਮੈਨੂੰ ਵਿੱਦਿਆਕਾਰ ਦੀ ਪਹਿਲੀ ਜਾਬ ਦੇਣ ਵਾਲ਼ਾ ਪ੍ਰਿੰਸੀਪਲ, ਜੋਰਜ ਹਾਲ, ਗੋਰਾ ਸੀ! ਮੈਂ ਕੈਨਡਾ ਦੀਆਂ ਚਾਰ ਯੂਨੀਵਰਸਿਟੀਆਂ 'ਚ ਪੜ੍ਹਿਆ ਹਾਂ ਜਿੱਥੇ ਪੂਰੀ ਗੋਰਿਆਂ ਦੀ ਕਲਾਸ 'ਚ ਮੈਂ ਇਕੱਲਾ ਹਿੰਦੋਸਤਾਨੀ-ਪੰਜਾਬੀ ਹੁੰਦਾ ਸਾਂ, ਲੇਕਿਨ ਮੈਨੂੰ ਗੋਰੇ ਪ੍ਰੋਫ਼ੈਸਰਾਂ ਜਾਂ ਵਿੱਦਿਆਰਥੀਆਂ ਵੱਲੋਂ ਵਿਤਕਰੇ ਦੀ ਕਦੇ ਹਲਕੀ ਜਿਹੀ ਖੁਰਕ ਵੀ ਮਹਿਸੂਸ ਨਹੀਂ ਹੋਈ! ਦਰਅਸਲ ਵਿਤਕਰਾ ਅਤੇ ਨਸਲਵਾਦ ਮਨੁੱਖ ਦੀ ਫ਼ਿਤਰਤ 'ਚ ਹੈ। ਇਸ ਲਈ ਮੈਂ ਅੰਨ੍ਹੇਵਾਹ ਸਾਰੇ ਗੋਰਿਆਂ ਨੂੰ ਇੱਕੋ-ਰੱਸੇ ਨਹੀਂ ਬੰਨ੍ਹਦਾ! ਇਹ ਠੀਕ ਹੈ ਕਿ ਹਰ ਕਿਸਮ ਦੇ ਨਸਲਵਾਦ ਦੇ ਨਾਲ਼-ਨਾਲ਼, ਧਾਰਮਿਕ ਤੇ ਜਾਤਪਾਤੀ ਵਿਤਕਰਿਆਂ ਦੇ ਖ਼ਿਲਾਫ਼ ਅਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ, ਲੇਕਿਨ ਪਹਿਲਾਂ ਵਿਤਕਰਿਆਂ ਤੋਂ ਖ਼ੁਦ ਨੂੰ ਮੁਕਤ ਕਰੋ!
?ਹੁਣ ਆਪਣੀ ਲੇਖਣੀ ਬਾਰੇ ਦੱਸ: ਕਵੀਸ਼ਰੀ ਗਾਉਂਦਾ-ਗਾਉਂਦਾ, ਤੂੰਬੀ ਦੀਆਂ ਤਾਰਾਂ ਤੁਣਕਾਉਂਦਾ ਤੇ ਢੱਡਾਂ 'ਚੋਂ ਡੁੰਮ-ਡੁੰਮ ਛਲਕਾਉਂਦਾ ਹੋਇਆ, ਤੂੰ ਸਾਹਿਤ ਸਿਰਜਣਾ ਵੱਲੀਂ ਕਿਵੇਂ ਰੁਚਿਤ ਹੋ ਗਿਆ?
-ਇਹ ਸਭ ਕਵੀਸ਼ਰੀ ਦੀ ਮਿਹਰਬਾਨੀ ਐ। ਕਵੀਸ਼ਰੀ 'ਚ ਗੜੁੱਚ ਨਾ ਹੋਇਆ ਹੁੰਦਾ ਤਾਂ ਸ਼ਾਇਦ ਲੇਖਕ ਕਦੇ ਵ' ਨਾ ਬਣਦਾ! ਜਦੋਂ ਮੈਂ ਅੱਠਵੀਂ-ਨੌਵੀਂ 'ਚ ਸਾਂ ਤਾਂ ਘਰ 'ਚ ਅਖ਼ਬਾਰਾਂ ਰਿਸਾਲਿਆਂ ਦੀ ਭਰਵੀਂ ਰੌਣਕ ਹੁੰਦੀ ਸੀ। ਕਵੀਸ਼ਰੀ ਦਾ ਤਾਂ ਦਰਿਆ ਹੀ ਵਗਦਾ ਸੀ। ਪੱਕਾ ਯਾਦ ਨਹੀਂ ਕਿ ਲਿਖਣ ਦੀ ਚੇਟਕ ਕਦੋਂ ਜਾਗੀ। ਏਨਾ ਜ਼ਰੂਰ ਯਾਦ ਹੈ ਕਿ ਦਸਵੀਂ ਪਾਸ ਕਰਨ ਬਾਅਦ ਜਦੋਂ ਮੋਗੇ ਦੇ ਡੀ ਐਮ ਕਾਲਜ ਦੀ ਹਵਾ ਲੱਗੀ ਤਾਂ ਕਾਲਜ ਮੈਗਜ਼ੀਨ ਲਈ ਇੱਕ ਗਜ਼ਲ ਲਿਖ ਮਾਰੀ: ਰੋ ਲਵਾਂ ਬੱਸ ਰੋ ਲਵਾਂ, ਯਾਦ ਕਰ ਕੇ ਰੋ ਲਵਾਂ! ਜਦੋਂ ਉਹ ਗ਼ਜ਼ਲ ਛਪ ਗਈ ਤਾਂ ਉਸ ਨੂੰ ਦਿਹਾੜੀ 'ਚ ਪਤਾ ਨਹੀਂ ਕਿੰਨੀ-ਕਿੰਨੀ ਵਾਰ ਪੜ੍ਹਿਆ। ਫਿਰ ਕਹਾਣੀਆਂ ਲਿਖਣ ਦਾ ਸ਼ੌਕ ਅੰਗੜਾਈਆਂ ਲੈਣ ਲੱਗਾ। ਨਾਲ਼ ਦੀ ਨਾਲ਼ ਟੁੱਟੀਆਂ-ਫੁੱਟੀਆਂ ਕਵਿਤਾਵਾਂ ਵੀ ਚਲਦੀਆਂ ਰਹੀਆਂ। ਹਾਲੇ ਗਿਆਰਵੀਂ-ਬਾਰ੍ਹਵੀਂ 'ਚ ਸਾਂ ਕਿ ਮਾਰਕਸੀ ਵਿਚਾਰਾਂ ਨੂੰ ਸਮਰਪਿਤ ਰੋਜ਼ਾਨਾ ਅਖ਼ਬਾਰ 'ਨਵਾਂ ਜ਼ਮਾਨਾ' 'ਚ ਛਪਣ ਲੱਗ ਪਿਆ: ਤੁਕਬੰਦਕ ਜਿਹੀਆਂ ਪ੍ਰਗਤੀਵਾਦੀ ਮੁਹਾਂਦਰੇ ਵਾਲ਼ੀਆਂ ਕਵਿਤਾਵਾਂ।
?ਇਸ ਤੁਕਬੰਦਕ ਪੜਾਅ ਤੋਂ ਫੇਰ ਨਵੇਂ ਮੁਹਾਂਦਰੇ ਵਾਲ਼ੀ ਕਵਿਤਾ ਵੱਲ ਸਫ਼ਰ ਕਿਵੇਂ ਸ਼ੁਰੂ ਹੋਇਆ?
-ਮੈਂ ਕਵੀਸ਼ਰੀ 'ਚੋਂ ਆਇਆ ਸੀ ਤੇ ਸ਼ੁਰੂ ਸ਼ੁਰੂ 'ਚ ਮੈਨੂੰ ਸਿਰਫ਼ ਛੰਦ-ਬੱਧ ਕਵਿਤਾ ਹੀ 'ਕਵਿਤਾ' ਜਾਪਦੀ ਸੀ। ਇਸੇ ਲਈ ਮੈਨੂੰ ਓਦੋਂ ਭਾਈ ਵੀਰ ਸਿੰਘ ਤੇ ਮੋਹਨ ਸਿੰਘ ਵੱਡੇ ਸ਼ਾਇਰ ਜਾਪਦੇ ਸਨ। ਜਦੋਂ ਮੈਂ ਬੀ ਏ ਦੇ ਆਖ਼ਰੀ ਵਰ੍ਹਿਆਂ 'ਚ ਸਾਂ ਤਾਂ ਪੰਜਾਬੀ ਕਵਿਤਾ 'ਚ ਪ੍ਰਯੋਗਵਾਦ ਘੁਸੜ ਆਇਆ ਸੀ। ਏਸ ਦੌਰ 'ਚ ਮੈਂ ਬਾਵਾ ਬਲਵੰਤ ਦਾ ਦੀਵਾਨਾ ਹੋ ਗਿਆ ਸਾਂ: ਬਾਵਾ ਮੈਨੂੰ ਅੱਜ ਵੀ ਭਾਈ ਵੀਰ ਸਿੰਘ ਤੇ ਮੋਹਨ ਸਿੰਘ ਤੋਂ ਉੱਪਰ ਦਿਖਾਈ ਦੇਂਦਾ ਹੈ। ਪ੍ਰਯੋਗਵਾਦ ਮੈਨੂੰ ਇਓਂ ਜਾਪਣ ਲੱਗਾ ਜਿਵੇਂ ਸਾਡੇ ਖ਼ਰਬੂਜ਼ਿਆਂ ਦੇ ਵਾੜੇ 'ਚ ਭੱਖੜਾ ਉੱਗ ਆਇਆ ਹੋਵੇ! ਪ੍ਰਯੋਗਵਾਦੀ ਕਵਿਤਾ ਮੈਨੂੰ ਬਹੁਤ ਈ ਕਰੂਪ ਤੇ ਕਨਫ਼ਿਊਜ਼ ਕਰਨ ਵਾਲੀ ਜਾਪਦੀ ਸੀ। ਉਹ ਲੋਕਾਂ ਨਾਲੋਂ ਟੁੱਟੀ ਹੋਈ ਕਵਿਤਾ ਸੀ। ਬੇਰਸ ਤੇ ਫੋਕਲ਼ੀ! ਮੋਗੇ ਕਾਲਜ 'ਚ ਇੱਕ ਪ੍ਰੋਫ਼ੈਸਰ ਹੁੰਦਾ ਸੀ, ਕਿਰਪਾਲ ਸਾਗਰ; ਮੈਂ ਉਸ ਕੋਲ਼ ਪੰਜਾਬੀ ਦਾ ਵਿਦਿਆਰਥੀ ਸਾਂ। ਉਸ ਨੂੰ ਮੇਰੀ ਸਾਹਿਤਿਕ ਲਗਨ ਦਾ ਇਲਮ ਸੀ। ਮੈਂ ਉਸ ਨਾਲ ਬਹਿਸ ਕਰਦਾ ਕਿ ਪ੍ਰਯੋਗਵਾਦੀ ਕਵਿਤਾ ਬੱਸ ਸ਼ਬਦਾਂ ਦਾ ਅਡੰਬਰ ਹੀ ਹੁੰਦੀ ਹੈ। ਮੈਨੂੰ ਉਸ ਕਚੇਰੀ ਉਮਰੇ ਵੀ ਇਹ ਸਮਝ ਆ ਗਈ ਸੀ ਕਿ ਸਾਹਿਤ-ਰਸੀਆਂ ਵਿੱਚ ਸਿਰਫ਼ ਉਹੀ ਸਾਹਿਤ ਪਰਵਾਨ ਚੜ੍ਹੇਗਾ ਜਿਸ ਨੂੰ ਸਮਝਣ ਲਈ ਪਾਠਕ ਨੂੰ ਕਿਲ੍ਹਣਾ ਨਾ ਪਵੇ; ਪਸੀਨੋ-ਪਸੀਨੀ ਨਾ ਹੋਣਾ ਪਵੇ। ਕੋਈ ਸਾਹਿਤਿਕ ਰਚਨਾ ਪੜ੍ਹਨਾ ਕਿਸੇ ਪਾਠਕ ਦੀ ਮਜਬੂਰੀ ਨਹੀਂ ਹੁੰਦੀ; ਯਾਨੀ ਪਾਠਕ ਨੂੰ ਕਿਸੇ ਡਾਕਟਰ ਨੇ ਇਹ ਹਦਾਇਤ ਨਹੀਂ ਕੀਤੀ ਹੁੰਦੀ ਕਿ ਅਗਰ ਫਲਾਣੀ ਕਿਤਾਬ ਮੁੱਢ ਤੋਂ ਅਖ਼ੀਰ ਤੀਕਰ ਨਾ ਪੜ੍ਹੀ ਤਾਂ ਪੇਟ ਵਿੱਚ ਗੜਬੜ ਹੋ ਜਾਵੇਗੀ! ਜਿਸ ਸਾਹਿਤਿਕ ਰਚਨਾ ਵਿੱਚੋਂ ਪਾਠਕ ਨੂੰ ਕੋਈ ਰਸ ਈ ਨੀ ਆਉਂਦਾ, ਉਸ ਨੂੰ ਉਹ ਭਲਾ ਕਿਉਂ ਪੜ੍ਹੇਗਾ? ਇਸੇ ਲਈ ਇੱਕ ਦਮ ਹਨੇਰੀ ਵਾਂਗ ਉੱਠੀ ਪ੍ਰਯੋਗਵਾਦੀ ਕਵਿਤਾ ਜਲਦੀ ਹੀ ਬੱਸ ਫੁੱਸ-ਪਟਾਕਾ ਬਣ ਕੇ ਰਹਿ ਗਈ ਸੀ: ਅਰਧ-ਚੱਲੇ ਫੁੱਸ-ਪਟਾਕੇ ਜਿਹੜੇ ਦੀਵਾਲੀ ਤੋਂ ਅਗਲੀ ਸਵੇਰ ਗਲ਼ੀਆਂ 'ਚ ਰੁਲ਼ਦੇ ਫਿਰਦੇ ਹਨ। ਪ੍ਰੋਫ਼ੈਸਰ ਸਾਗਰ ਨਾਲ ਪ੍ਰਯੋਗਵਾਦੀ ਕਵਿਤਾ ਬਾਰੇ ਚਲਦੀ ਨੋਕ-ਝੋਕ ਦਾ ਇੱਕ ਫ਼ਾਇਦਾ ਜ਼ਰੂਰ ਹੋਇਆ ਕਿ ਇੱਕ ਦਿਨ ਉਹ ਤਾਰਾ ਸਿੰਘ 'ਕਾਮਲ' ਦੀ ਕਿਤਾਬ 'ਸਿੰਮਦੇ ਪੱਥਰ' ਅਤੇ ਡਾਕਟਰ ਹਰਿਭਜਨ ਸਿੰਘ ਦੀ 'ਤਾਰ-ਤੁਪਕਾ' ਮੇਰੇ ਵੱਲ ਵਧਾਅ ਕੇ ਕਹਿਣ ਲੱਗਾ: ਐਹਨਾਂ ਨੂੰ ਪੜ੍ਹੀਂ ਤੇ ਫੇਰ ਕਰੀਂ ਮੇਰੇ ਨਾਲ ਗੱਲ! ਪਹਿਲਾਂ ਮੈਂ ਹਰਿਭਜਨ ਸਿੰਘ ਦੀ 'ਤਾਰ-ਤੁਪਕਾ' ਚੁੱਕੀ! ਉਹ ਮੈਨੂੰ ਅੰਨ੍ਹੀਆਂ ਗਲ਼ੀਆਂ ਦੀਆਂ ਭੁੱਲ-ਭੁਲੱਈਆਂ 'ਚ ਫੇਰੀ ਗਿਆ; ਬਹੁਤਾ ਪੱਲੇ ਨਹੀਂ ਪਿਆ, ਪਰ ਤਾਰਾ ਸਿੰਘ ਨੇ ਤਾਂ ਮੈਨੂੰ ਗੁੱਟੋਂ ਫੜ ਕੇ ਕੋਲ਼ ਬਿਠਾਲ਼ ਲਿਆ: ਕਹਿਣ ਲੱਗਾ: 'ਪਿਆਰ ਤੇਰਾ ਜੀਵਨ ਵਿੱਚ ਮੈਨੂੰ; ਕੁੱਲ ਏਨਾ ਕੁੱਲ ਏਨਾ ਚਿਰ ਮਿਲ਼ਿਆ/ਜਿਓਂ ਥਲ ਭੁਜਦੇ ਸਿਖ਼ਰ ਦੁਪਹਿਰੇ, ਅੱਕ ਕੱਕੜੀ ਦਾ ਫੰਭਾ/ ਉੱਡਦਾ, ਉੱਡਦਾ ਇੱਕ ਕਿਣਕੇ ਤੋਂ, ਪਲ ਛਿਣ ਛਾਂ ਕਰ ਜਾਵੇ!' ਏਸ ਤੋਂ ਬਾਅਦ ਤਾਰਾ ਸਿੰਘ ਤਾਂ ਮੈਨੂੰ ਛੱਡੇ, ਪਰ ਮੈਥੋਂ ਉਸ ਦੇ ਚਰਨਾਂ 'ਚੋਂ ਉੱਠਿਆ ਹੀ ਨਾ ਜਾਵੇ! ਫ਼ਿਰ 1968 'ਚ ਗੌਰਮਿੰਟ ਕਾਲਜ ਲੁਧਿਆਣੇ ਅੰਗਰੇਜ਼ੀ ਦੀ ਐਮ ਏ ਦਾ ਵਿੱਦਿਆਰਥੀ ਬਣਿਆਂ ਤਾਂ ਓਥੇ ਨਕਸਲੀ ਦੌਰ ਦੇ ਨਾਮਵਰ ਸ਼ਾਇਰ ਹਰਭਜਨ ਹਲਵਾਰਵੀ ਨਾਲ਼ ਮੇਲ ਹੋ ਗਿਆ। 'ਕਵਿਤਾ', 'ਪੰਜ ਦਰਿਆ', 'ਆਰਸੀ', ਤੇ 'ਪ੍ਰੀਤ ਲੜੀ' ਵਰਗੇ ਰਿਸਾਲਿਆਂ ਰਾਹੀਂ ਨਵੀਂ ਕਵਿਤਾ ਨਾਲ਼ ਬਾਕਾਇਦਾ ਸਾਂਝ ਪੈਣ ਲੱਗੀ। ਉਧਰ ਅੰਗਰੇਜ਼ੀ 'ਚ ਸ਼ੇਕਸਪੀਅਰ ਦੇ ਡਰਾਮਿਆਂ ਦੀ ਕਾਵਿਕ-ਸਰੋਦੀਅਤ ਸਿਰ ਉਦਾਲ਼ਿਓਂ ਪੱਟੀਆਂ ਉਧੇੜਨ ਲੱਗੀ। ਐਨੇ ਨੂੰ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਮਾਓਵਾਦੀ ਵਿਚਾਰਧਾਰਾ ਦੀ ਲੂ ਵਗਣ ਲੱਗ ਪਈ। ਮੇਰੇ ਲਹੂ 'ਚ ਵੀ ਮੱਠੀ-ਮੱਠੀ ਗਰਮੀ ਉਦੇ ਹੋਣ ਲੱਗੀ। ਜਦੋਂ ਨੂੰ ਮੈਂ ਸੁਧਾਰ ਕਾਲਜ 'ਚ ਲੈਕਚਰਰ ਬਣਿਆਂ, ਪੰਜਾਬੀ ਰਿਸਾਲਿਆਂ ਤੇ ਕਵੀ ਦਰਬਾਰਾਂ 'ਚ ਸੇਕ ਮਾਰਦੀ ਕਵਿਤਾ ਦੀ ਹਨੇਰੀ ਝੁੱਲਣ ਲੱਗ ਪਈ ਸੀ। ਮੈਂ ਇਸ ਲਹਿਰ ਵੱਲੀਂ ਖਿੱਚਿਆ ਗਿਆ, ਤੇ ਮੇਰਾ ਮੇਲ-ਜੋਲ ਸੰਤ ਰਾਮ ਉਦਾਸੀ, ਪਾਸ਼, ਦਰਸ਼ਨ ਖਟਕੜ, ਅਮਰਜੀਤ ਚੰਦਨ ਤੇ ਹਲਵਾਰਵੀ ਹੋਰਾਂ ਨਾਲ਼ ਵਧਣ ਲੱਗਾ। ਮੇਰੀ ਸ਼ਾਇਰੀ ਦਾ ਮੁਹਾਂਦਰਾ ਵੀ ਸੇਕਮਈ ਹੋਣ ਲੱਗਾ।
? ਕੈਨੇਡਾ ਆ ਕੇ ਤੇਰੀ ਕਵਿਤਾ ਕਿਸ ਦਿਸ਼ਾ ਵੱਲ ਨੂੰ ਵਧੀ?
-ਪਹਿਲਾਂ ਪਹਿਲਾਂ ਤਾਂ ਹੇਰਵਾ ਜਿਹਾ ਹੋਣ ਲੱਗਾ ਜਿਸ ਵਿੱਚੋਂ 'ਕੁਝ ਵੀ ਨਹੀਂ' ਕਿਤਾਬ ਪਰਗਟ ਹੋਈ। ਇਸ ਦੌਰ 'ਚ ਕੈਨੇਡਾ ਦਾ ਮਹੌਲ, ਬੋਲੀ, ਕਲਚਰ, ਮੌਸਮ, ਤੇ ਰਿਸ਼ਤੇ, ਸਭ ਕੁਝ ਡਰਾਉਣਾ ਤੇ ਸੀਤ ਜਾਪਿਆ। ਹੇਰਵੇ ਨੂੰ ਨਿੰਦਣ/ਨਿਕਾਰਨ ਵਾਲ਼ਿਆਂ ਨਾਲ਼ ਮੈਂ ਸਹਿਮਤ ਨਹੀਂ: ਨਵੇਂ ਧਰਾਤਲ਼ 'ਤੇ ਆ ਕੇ ਹੇਰਵੇ ਦਾ ਦੌਰ ਕੁਦਰਤੀ ਆਉਣਾ ਈ ਹੁੰਦੈ! ਮੈਂ ਪੇਂਡੂ ਰਹਿਤਲ ਦੀ ਪੈਦਵਾਰ ਹਾਂ; ਬਚਪਨ 'ਚ ਮੈਂ ਦੇਖਦਾ ਹੁੰਦਾ ਸੀ ਕਿ ਅਗਰ ਕੋਈ ਗਾਂ ਪਿੰਡ ਦੇ ਦੂਜੇ ਪਾਸਿਓਂ ਕਿਸੇ ਤੋਂ ਖ਼ਰੀਦ ਕੇ ਆਪਣੇ ਘਰ ਲੈ ਆਉਣੀ ਤਾਂ ਕਈ ਦਿਨ ਉਹ ਏਧਰ-ਓਧਰ ਬਿਟਰ-ਬਿਟਰ ਝਾਕਦੀ ਰਹਿੰਦੀ ਸੀ। ਅਗਰ ਕਿਤੇ ਭੁੱਲ-ਭੁਲੇਖੇ ਰੱਸਾ ਖੋਲ੍ਹ ਬੈਠਦੇ ਤਾਂ ਉਹ ਸਿੱਧੀ ਆਪਣੇ ਪਹਿਲੇ ਘਰ ਵੱਲੀਂ ਦੌੜ ਜਾਂਦੀ। ਏਹ ਹੇਰਵਾ ਈ ਹੁੰਦਾ ਸੀ। ਜੇ ਇਹ ਹੇਰਵਾ ਜਾਨਵਰਾਂ 'ਚ ਹੁੰਦਾ ਹੈ, ਤਾਂ ਇਸ ਤੋਂ ਆਪਾਂ ਇਨਸਾਨ ਭਲਾ ਕਿੰਝ ਨਿਰਲੇਪ ਰਹਿ ਸਕਦੇ ਆਂ? ਤੇ ਜਦੋਂ ਮੈਂ ਉਸ ਗਾਂ ਵਾਂਗ ਨਵੀਂ ਖੁਰਲੀ 'ਤੇ ਆਇਆ, ਤਾਂ ਮੈਂ ਵੀ ਇਸ ਹੇਰਵੇ ਦੇ ਦੌਰ 'ਚੋਂ ਗੁਜ਼ਰਿਆ। ਫਿਰ ਹੌਲੀ ਹੌਲੀ ਜਦੋਂ ਕੈਨੇਡਾ ਦੇ ਕਲਚਰ ਅਤੇ ਸਿਸਟਮ ਨਾਲ਼ ਖਹਿਣਾ ਪਿਆ, ਤਾਂ ਨਵੇਂ ਮਹੌਲ ਦੇ ਅਰਥ ਅੱਖਾਂ ਖੋਲ੍ਹਣ ਲੱਗੇ। ਕੈਨੇਡਾ ਦੀ ਬਾਹਰਲੀ ਚਮਕ-ਦਮਕ ਵਿੱਚੋਂ ਹਨੇਰੇ ਦੀ ਹਮਕ ਆਉਣ ਲੱਗੀ। ਮੇਰੇ ਵਿਚਾਰ 'ਚ ਕਵਿਤਾ ਅਵਾਜ਼ਾਰੀ ਦਾ ਪ੍ਰਗਟਾਵਾ ਹੁੰਦੀ ਐ; ਹੋਣੀ ਵੀ ਚਾਹੀਦੀ ਐ: ਅਵਾਜ਼ਾਰੀ, ਯਾਨੀ ਕਿ ਡਿਸਕਾਨਟੈਂਟ। ਸ਼ਾਇਰ ਲਈ ਰੂਹਾਨੀ ਤੌਰ 'ਤੇ, ਮਾਨਸਿਕ ਤੌਰ 'ਤੇ ਅਵਾਜ਼ਾਰ ਤੇ ਬੇਚੈਨ ਹੋਣਾ ਬਹੁਤ ਜ਼ਰੂਰੀ ਐ। ਇਹ ਮਾਨਸਿਕ ਅਵਾਜ਼ਾਰੀ ਹੀ ਮਨੁੱਖ ਨੂੰ ਹਰਕਤ 'ਚ ਰਖਦੀ ਐ; ਜੀਂਦਾ ਰਖਦੀ ਐ! ਮੈਂ ਵੀ ਜਲਦੀ ਹੀ ਕੈਨੇਡਾ ਦੇ ਆਰਥਿਕ-ਸਮਾਜਕ ਸਿਸਟਮ ਤੋਂ ਅਵਾਜ਼ਾਰ ਹੋਣ ਲੱਗ ਗਿਆ ਸੀ: ਆਮ ਮਨੁੱਖ ਨੂੰ ਹਰ ਯੁਗ 'ਚ ਅਤੇ ਹਰ ਖਿੱਤੇ 'ਚ ਹਾਲਾਤ ਨਾਲ਼ ਦੋ-ਚਾਰ ਹੋਣਾ ਪੈਂਦੈ; ਆਮ ਇਨਸਾਨ ਹਰ ਸਥਿਤੀ 'ਚ, ਹਰ ਜਗ੍ਹਾ, ਹਰ ਦੇਸ਼ 'ਚ, ਸਮਾਜਕ, ਆਰਥਕ, ਸਭਿਆਚਾਰਕ, ਮਾਨਸਿਕ, ਵਾਤਾਵਰਣਕ ਜਾਂ ਹੋਰ ਅਨੇਕਾਂ ਖੇਤਰਾਂ 'ਚ ਮੁੱਢ-ਕਦੀਮ ਤੋਂ ਸ਼ੋਸ਼ਿਤ ਹੁੰਦਾ ਆਇਆ ਹੈ; ਇਸ ਸ਼ੋਸ਼ਣ ਤੋਂ ਕੈਨਡਾ ਵੀ ਬਚਿਆ ਹੋਇਆ ਨਹੀਂ! ਮੇਰੀ ਕਵਿਤਾ ਇਸ ਸ਼ੋਸ਼ਣ ਨੂੰ ਪਕੜਨ ਦੀ ਰੁਚੀ ਰਖਦੀ ਐ! ਮੈਂ ਕੈਨਡਾ 'ਚ ਰਹਿੰਦਿਆਂ ਕਨੇਡੀਅਨ ਸੰਦਰਭ ਦੀ ਕਵਿਤਾ ਲਿਖੀ ਐ।
?ਤੂੰ ਅਜ਼ਾਦ ਨਜ਼ਮ ਵੀ ਲਿਖੀ ਐ; ਗ਼ਜ਼ਲ ਵੀ ਤੇ ਗੀਤ ਵੀ। ਚਾਲ਼ੀ ਸਾਲ ਕਵਿਤਾ ਨਾਲ਼ ਬਾਵਸਤਾ ਰਹਿਣ ਬਾਅਦ ਅੱਜ ਤੂੰ 'ਖੁਲ੍ਹੀ' ਕਵਿਤਾ ਅਤੇ 'ਲੈਅਦਾਰ' ਕਵਿਤਾ ਬਾਰੇ ਕਿਸ ਤਰ੍ਹਾਂ ਸੋਚਦਾ ਹੈਂ?
-ਕਵਿਤਾ ਖੁਲ੍ਹੀ ਹੋਵੇ ਜਾਂ ਛੰਦਬੱਧ, ਇਹ ਕਵਿਤਾ ਹੋਣੀ ਚਾਹੀਦੀ ਐ। ਇਹ ਹਕੀਕਤ ਐ ਕਿ ਬਹੁਤ ਕੁਝ ਅਜੇਹਾ ਵੀ ਹੈ ਜਿਹੜਾ ਛੰਦਬੱਧ ਕਵਿਤਾ 'ਚ ਓਨੀ ਸ਼ਿੱਦਤ ਨਾਲ ਬੰਨ੍ਹਿਆਂ ਨਹੀਂ ਜਾ ਸਕਦਾ; ਉਸ ਵਾਸਤੇ ਸ਼ਾਇਦ ਖੁਲ੍ਹੀ ਕਵਿਤਾ ਦਾ ਚੌਖਟਾ ਹੀ ਠੀਕ ਰਹਿੰਦਾ ਐ। ਪਰ ਅੱਜ ਪੰਜਾਬੀ ਸਾਹਿਤ 'ਚ ਖੁੱਲ੍ਹੀ ਨਜ਼ਮ ਦੇ ਪਰਦੇ ਪਿੱਛੇ ਕੂੜੇ ਦੀਆਂ ਢੇਰੀਆਂ ਲੱਗ ਗਈਆਂ ਨੇ। ਜਣਾ-ਖਣਾ ਵਾਰਤਕ ਨੂੰ ਵੱਢ-ਟੁੱਕ ਕੇ ਸਤਰਾਂ ਨੂੰ ਉੱਪਰ-ਨੀਚੇ ਚਿਣ ਦਿੰਦਾ ਐ ਤੇ ਇਸ ਨੂੰ ਕਵਿਤਾ ਕਹਿਣ ਲੱਗ ਜਾਂਦਾ ਐ। ਇਹ ਗੱਲ ਸਵੀਕਾਰਨੀ ਪੈਣੀ ਐਂ ਕਿ ਲੈਅ (ਰਿਦਮ) ਦਾ ਤੇ ਕਾਫ਼ੀਏ ਦਾ ਵੀ ਜਲਵਾ ਹੁੰਦਾ ਐ ਜਿਹੜਾ ਸ੍ਰੋਦੀਅਤ ਪੈਦਾ ਕਰ ਕੇ ਪਾਠਕ ਨੂੰ ਝੰਜੋੜਦੈ। ਮੈਂ ਤਾਂ ਇੱਥੋਂ ਤੀਕ ਜਾਂਦਾ ਆਂ ਕਿ ਕਿਸੇ ਸ਼ਾਇਰ ਦਾ ਕਵਿਤਾ ਨੂੰ ਤਰੰਨੁਮ 'ਚ ਪੇਸ਼ ਕਰਨ ਦਾ ਹੁਨਰ ਵੀ ਉਸ ਦੇ ਸਾਹਿਤਿਕ ਕੱਦ ਨੂੰ ਦੋ-ਚਾਰ ਇੰਚ ਵਧਾਅ ਦੇਂਦਾ ਐ।
?ਤੇਰਾ ਕਾਵਿ-ਨਾਟਕ 'ਪਲੰਘ ਪੰਘੂੜਾ' ਸੰਜੀਦਾ ਪਾਠਕਾਂ-ਵਿਦਵਾਨਾਂ 'ਚ ਚਰਚਿਤ ਰਿਹੈ। ਇਸ ਰਚਨਾ ਦਾ ਖ਼ਿਆਲ ਤੇਰੇ ਦਿਮਾਗ਼ 'ਚ ਕਿਵੇਂ ਉੱਤਰਿਆ?
-ਸਾਹਿਤ ਰਚਨਾ 'ਚ ਮੈਂ ਕੁਝ ਨਵਾਂ ਕਰਨ ਵਿੱਚ, ਨਵਾਂ ਕਹਿਣ ਵਿੱਚ, ਅਤੇ ਨਵੇਂ ਅੰਦਾਜ਼ ਵਿੱਚ ਕਹਿਣ 'ਚ ਯਕੀਨ ਰਖਦਾ ਆਂ। ਇਹ ਸਵਾਲ ਮੇਰੇ ਜ਼ਿਹਨ 'ਚ ਬਹੁਤ ਚਿਰ ਤੋਂ ਘੁੰਮ ਰਿਹਾ ਸੀ ਕਿ 'ਲੂਣਾ' ਅਤੇ 'ਪੂਰਨ' ਹੋਣ ਲਈ, 'ਰਾਣੀ' ਅਤੇ 'ਰਾਜਕੁਮਾਰ' ਹੋਣਾ ਕੀ ਲਾਜ਼ਮੀ ਹੋਣਾ ਚਾਹੀਦੈ। ਪੂਰਨ-ਲੂਣਾ, ਲੂਣਾ-ਸ਼ਲਵਾਨ ਵਾਲ਼ਾ ਰਿਸ਼ਤਾ ਤਾਂ ਕਿਸੇ ਵੀ ਘਰ 'ਚ, ਕਿਸੇ ਵੀ ਦਫ਼ਤਰ 'ਚ, ਜਾਂ ਕਿਸੇ ਵੀ ਮਹੱਲੇ 'ਚ ਵਾਪਰ ਸਕਦੈ। ਕੀ ਪਤੈ ਕਿਹੜਾ ਅਫ਼ਸਰ, ਕਿਹੜਾ ਰਿਕਸ਼ਾਚਾਲਕ, ਕਿਹੜਾ ਦੁਕਾਨਦਾਰ ਜਾਂ ਕਿਹੜਾ ਕਿਰਸਾਨ ਇਸ ਰਿਸ਼ਤੇ ਨੂੰ ਹੰਢਾਅ ਰਿਹਾ ਹੋਵੇ! ਇਸ ਲਈ ਮੈਂ, ਪੂਰਨ-ਲੂਣਾ ਵਾਲੀ ਲੋਕ-ਗਾਥਾ ਦੀ ਚੌਕੜੀ ਵਾਲ਼ੇ ਰਿਸ਼ਤਿਆਂ ਨੂੰ ਹਢਾਉਂਦੇ ਅਜੋਕੇ ਜ਼ਮਾਨੇ ਦੇ ਪਾਤਰਾਂ ਨੂੰ ਇਸ ਲੋਕ-ਗਾਥਾ ਦੇ ਪਾਤਰਾਂ ਦੇ ਨਾਮ ਦੇ ਕੇ, ਇਸ ਗਾਥਾ ਨੂੰ ਨਵੇਂ ਅਰਥ ਦੇਣ ਦਾ ਯਤਨ ਕੀਤੈ। ਦੂਜਾ, 'ਪਲੰਘ ਪੰਘੂੜਾ' ਲਿਖਣ ਵੇਲ਼ੇ ਮੈਂ ਸਮਕਾਲੀ ਪੰਜਾਬੀ ਕਵਿਤਾ ਤੋਂ ਬਹੁਤ ਮਾਯੂਸ ਸਾਂ; ਮਾਯੂਸ ਈ ਨਹੀਂ ਸਗੋਂ ਬਹੁਤ ਖਿਝਿਆ ਹੋਇਆ ਸਾਂ ਕਿਉਂਕਿ ਇਹ ਕਵਿਤਾ ਲੈਅਹੀਣ, ਫੋਕਲ਼ੀ, ਅਕਾਵਿਕ, ਬੇਰਸ ਅਤੇ ਫਿੱਕੀ ਹੋਣ ਕਾਰਨ ਪਾਠਕਾਂ ਤੋਂ ਟੁੱਟ ਰਹੀ ਸੀ। ਇਸ ਲਈ ਇੱਕ ਤਾਂ ਮੈਂ ਸਾਰੇ ਨਾਟਕ ਨੂੰ ਲੈਅਬੱਧ ਸ਼ਾਇਰੀ 'ਚ ਲਿਖਣ ਦਾ ਤਹੱਈਆ ਕਰ ਲਿਆ ਸੀ; ਦੂਸਰਾ ਮੈਂ ਬਿਲਕੁਲ ਤਾਜ਼ੀ ਇਮਿਜਰੀ ਤੇ ਤਾਜ਼ੀ ਬਿੰਬਾਵਲੀ 'ਚ ਇਹ ਕਾਵਿ-ਨਾਟ ਲਿਖਣ ਦੀ ਠਾਣ ਲਈ ਸੀ। ਮੈਂ ਹੁਣ ਵੀ ਮਹਿਸੂਸ ਕਰਦਾ ਹਾਂ ਕਿ ਕਵਿਤਾ ਦੀ ਮੁੜ-ਸਥਾਪਤੀ ਲਈ ਕਵਿਤਾ ਨੂੰ ਸਾਦਾ ਅਤੇ ਅਰਥ-ਭਰਪੂਰ ਬਣਾਉਣ ਦੀ ਜ਼ਰੂਰਤ ਐ; ਲੈਅਬੱਧ ਤੇ ਸਰੋਦੀ ਬਣਾਉਣ ਦੀ ਲੋੜ ਐ!
?ਹੁਣੇ-ਹੁਣੇ ਛਪੀ ਤੇਰੀ ਸ੍ਵੈਜੀਵਨੀ 'ਸੜਦੇ ਸਾਜ਼ ਦੀ ਸਰਗਮ' ਬਾਰੇ ਕੁਝ ਦੱਸ!
-ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਮੈਂ ਕਾਫ਼ੀ ਸਾਰੀਆਂ ਕਹਾਣੀਆਂ ਵੀ ਲਿਖੀਐਂ ਤੇ ਅੰਗਰੇਜ਼ੀ 'ਚ ਦੋ ਨਵਾਲ ਵੀ। ਨਾਵਲ 'ਤੇ ਹੱਥ ਅਜ਼ਮਾਉਣ ਦਾ ਸ਼ੌਕ ਮੈਨੂੰ 1979 'ਚ ਓਦੋਂ ਜਾਗਿਆ ਸੀ ਜਦੋਂ ਵਾਟਰਲੂ ਯੂਨੀਵਰਸਿਟੀ 'ਚ ਅੰਗਰੇਜ਼ੀ ਦੀ ਐਮ ਏ ਕਰਦਿਆਂ ਮੈਂ ਬਰਤਾਨਵੀ ਲੇਖਕ ਰਡਯਾਰਡ ਕਿਪਲਿੰਗ ਦਾ ਨਾਵਲ 'ਕਿਮ' ਪੜ੍ਹਿਆ ਜਿਹੜਾ ਕਿ ਅੰਮ੍ਰਿਤਸਰ, ਲਹੌਰ, ਲੁਧਿਆਣਾ, ਸਹਾਰਨਪੁਰ ਵਗੈਰਾ 'ਚ ਵਾਪਰਦਾ ਹੈ। ਮੈਨੂੰ ਜਾਪਿਆ ਕਿ ਇੱਕ ਦਿਨ ਘੱਟੋ-ਘੱਟ ਇੱਕ ਨਾਵਲ ਮੈਂ ਜ਼ਰੂਰ ਲਿਖਾਂਗਾ। ਇੰਝ ਹੀ ਕਹਾਣੀਆਂ ਤਾਂ ਬੀ ਏ 'ਚ ਪੜ੍ਹਦਿਆਂ ਵੀ ਲਿਖੀਆਂ ਸਨ ਪਰ ਬੀਤੇ ਸਾਲਾਂ ਦੌਰਾਨ ਕਹਾਣੀਆਂ ਉੱਤੇ ਹੱਥ ਮੈਂ ਏਸ ਲਈ ਅਜ਼ਮਾਇਆ ਕਿਉਂਕਿ ਮੈਨੂੰ ਜਾਪਿਆ ਕਿ ਮੈਂ ਜ਼ਿੰਦਗੀ ਵਿੱਚ ਕਾਫ਼ੀ ਕੁਝ ਅਜੇਹਾ ਤੱਕਿਆ, ਮਹਿਸੂਸਿਆ, ਅਤੇ ਹੰਡਾਇਆ ਹੈ ਜਿਸ ਨੂੰ ਸਿਰਫ਼ ਕਹਾਣੀ 'ਚ ਹੀ ਬੰਨ੍ਹਿਆਂ ਜਾ ਸਕਦਾ ਸੀ। ਸ੍ਵੈਜੀਵਨੀ ਲਿਖਣ ਦਾ ਸੇਹਰਾ, ਅਸਲ 'ਚ, ਮੇਰੇ ਮਿੱਤਰ, ਕਹਾਣੀਕਾਰ ਵਰਿਆਮ ਸੰਧੂ ਸਿਰ ਐ। ਉਹ ਤੇ ਉਸਦਾ ਪੁੱਤਰ ਸੁਪਨ ਸੰਧੂ 'ਸੀਰਤ' ਨਾਮ ਦਾ ਇੱਕ ਅਤਿਅੰਤ ਮਿਆਰੀ ਰਸਾਲਾ ਕਢਦੇ ਸਨ। ਵਰਿਆਮ ਇੱਕ ਦਿਨ ਮੈਨੂੰ ਕਹਿਣ ਲੱਗਿਆ ਕਿ ਮੈਂ ਆਪਣੀਆਂ ਕੌੜੀਆਂ-ਮਿੱਠੀਆਂ ਯਾਦਾਂ 'ਸੀਰਤ' ਲਈ ਲਿਖਾਂ। ਮੈਂ ਕਿਹਾ ਮੈਂ ਤਾਂ ਇੱਕ ਮਾਮੂਲੀ ਜਿਹਾ ਇਨਸਾਨ ਹਾਂ; ਐਵੇਂ ਨਿੱਕੀਆਂ-ਨਿੱਕੀਆਂ ਪ੍ਰਾਪਤੀਆਂ ਨੇ ਮੇਰੀਆਂ। ਕੋਈ ਵੱਡਾ ਮਾਅਰਕਾ ਨਹੀਂ ਮਾਰਿਆ ਜ਼ਿੰਦਗੀ 'ਚ। ਉਸਨੇ ਦਲੀਲ ਦਿੱਤੀ: ਛੋਟੀਆਂ ਪ੍ਰਾਪਤੀਆਂ ਹੀ ਵੱਡੀਆਂ ਬਣ ਜਾਂਦੀਐਂ ਅਗਰ ਲੇਖਕ ਦੇ ਹੁਨਰ 'ਚ ਦਮ ਹੋਵੇ। ਤੇ ਬੱਸ ਮੈਂ ਲਿਖਣਾ ਸ਼ੁਰੂ ਕਰ ਦਿੱਤਾ।
?ਜਦੋਂ ਇਹ ਸ੍ਵੈਜੀਵਨੀ ਲੜੀਵਾਰ 'ਸੀਰਤ' 'ਚ ਛਪ ਰਹੀ ਸੀ ਤਾਂ ਆਮ ਪਾਠਕ ਤੇ ਵਿਦਵਾਨ ਕਹਿਣ ਲੱਗ ਪਏ ਸਨ ਕਿ ਇਹ ਰਵਾਇਤੀ ਸ੍ਵੈਜੀਵਨੀਆਂ ਨਾਲ਼ੋਂ ਬਿਲਕੁਲ ਹਟਵੀਂ ਐ। ਬਹੁਤਿਆਂ ਨੇ ਕਿਹਾ ਕਿ ਇਸ ਵਿੱਚ ਰੌਚਕਤਾ ਐ, ਸਸਪੈਂਸ ਐ, ਤੇ ਵਿਲੱਖਣ ਵਾਕ-ਬਣਤਰ ਐ। ਕਈ ਇਹ ਸਮਝਦੇ ਸਨ ਕਿ ਬਿਰਤਾਂਤ ਅਤੇ ਵਰਨਣ ਵਿਸਥਾਰਤ ਐ, ਸੰਘਣਾ ਐ, ਤੇ ਕਾਵਿਕ ਐ। ਇਹ ਨੁਕਤਾ ਵੀ ਕਈਆਂ ਨੇ ਉਠਾਇਆ ਕਿ 'ਕੱਲਾ, 'ਕੱਲਾ ਚੈਪਟਰ ਆਪਣੇ ਆਪ 'ਚ ਇੱਕ ਕਹਾਣੀ ਐ। ਇਹ ਵਾਰਤਕ ਪਾਠਕ ਨੂੰ ਨਾਲ਼-ਨਾਲ਼ ਤੋਰੀ ਜਾਂਦੀ ਐ। ਤੈਨੂੰ ਇਹ ਟਿੱਪਣੀਆਂ ਕਿਵੇਂ ਲੱਗੀਆਂ?
-ਖ਼ੈਰ, ਇਹ ਸਭ ਕੁਝ ਤਾਂ ਪਾਠਕ ਤੇ ਵਿਦਵਾਨ ਹੀ ਕਹਿੰਦੇ ਸਨ; ਉਨ੍ਹਾਂ ਦੀਆਂ ਟਿੱਪਣੀਆਂ ਨਾਲ਼ ਮੈਨੂੰ ਡਾਢੀ ਖ਼ੁਸ਼ੀ ਹੁੰਦੀ ਸੀ; ਲੇਕਿਨ ਮੇਰੇ 'ਤੇ ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਦਾ ਵੱਡਾ ਅਸਰ ਇਹ ਹੋਇਆ ਕਿ ਮੈਂ ਵਾਰਤਕ ਲਿਖਣ ਪ੍ਰਤੀ ਵਧੇਰੇ ਸੁਚੇਤ ਹੋ ਗਿਆ। ਮੈਨੂੰ ਜਾਪਣ ਲੱਗਾ ਕਿ ਪਾਠਕਾਂ-ਵਿਦਵਾਨਾਂ ਦੀ ਮੇਰੀ ਲੇਖਣੀ ਸਬੰਧੀ ਬਣ ਚੁੱਕੀ ਤਵੱਕੋ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਉਂਝ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਹਿਤ ਰਚਣ ਨੂੰ ਮੈਂ ਵੈਸੇ ਹੀ ਨਹਾਇਤ ਜ਼ਿੰਮੇਵਾਰੀ ਵਾਲ਼ਾ ਅਤੇ ਸੰਜੀਦਾ ਕਾਰਜ ਸਮਝਦਾ ਹਾਂ। ਮੈਂ ਸਿਰਫ਼ ਚਰਚਾ 'ਚ ਰਹਿਣ ਲਈ ਜਾਂ ਸਿਰਫ਼ ਹਾਜ਼ਰੀ ਲਵਾਉਣ ਲਈ ਹੀ ਨਹੀਂ ਲਿਖਦਾ। ਮੈਂ 'ਕੱਲੇ-'ਕੱਲੇ ਵਾਕ ਅਤੇ ਲਫ਼ਜ਼ ਨੂੰ ਟੁਣਕਾਅ ਕੇ ਵਾਕਾਂ 'ਚ ਜੜਦਾ ਹਾਂ। ਇੰਝ ਹੀ, ਜਦੋਂ ਮੈਂ ਕੋਈ ਬਿਰਤਾਂਤ ਜਾਂ ਵਰਨਣ ਲਿਖ ਰਿਹਾ ਹੋਵਾਂ ਤਾਂ ਮੈਂ ਆਪਣੇ ਆਪ ਨੂੰ ਉਸ ਸਥਿਤੀ 'ਚ ਅਤੇ 'ਕੱਲੇ-'ਕੱਲੇ ਪਾਤਰ 'ਚ ਏਨੀ ਸ਼ਿੱਦਤ ਨਾਲ਼ ਘੋਲ਼ ਲੈਂਦਾ ਹਾਂ ਕਿ ਮੈਨੂੰ ਪਾਤਰਾਂ ਦੀ ਭੁੱਖ-ਤ੍ਰੇਹ, ਗਰਮੀ-ਸਰਦੀ, ਥਕਾਵਟ ਤੇ ਹੋਰ ਸਭ ਕੁਝ ਸੱਚਮੁੱਚ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ।
?'ਸੜਦੇ ਸਾਜ਼ ਦੀ ਸਰਗਮ' ਤੇਰੇ ਬਚਪਨ ਤੋਂ ਲੈ ਕੇ ਸੁਧਾਰ ਕਾਲਜ 'ਚ ਲੈਕਚਰਰ ਬਣਨ ਤੀਕ ਦੀ ਕਹਾਣੀ ਹੀ ਐ; ਕੈਨੇਡਾ 'ਚ ਤੂੰ ਬਹੁਤ ਕੁਝ ਸੁਖਾਵਾਂ-ਅਣਸੁਖਾਵਾਂ ਹੰਢਾਇਆ ਹੈ; ਉਸ ਨੂੰ ਪਾਠਕਾਂ ਨਾਲ਼ ਸਾਂਝਾ ਕਦੋਂ ਕਰੇਂਗਾ?
-ਕੈਨੇਡਾ 'ਚ ਮੈਂ ਤਾਂਗੇ-ਜੁਟੇ ਘੋੜੇ ਵਾਂਗ ਤੇ ਇੱਟਾਂ ਢੋਣ ਵਾਲ਼ੀ ਖੱਚਰ ਵਾਂਗ ਵਗਿਆ ਹਾਂ। ਘੋਰ ਜ਼ਲਾਲਤ, ਪ੍ਰੇਸ਼ਾਨੀਆਂ, ਮਾਯੂਸੀਆਂ ਅਤੇ ਮਾਨਸਿਕ ਪੀੜ 'ਚੋਂ ਗੁਜ਼ਰਿਆ ਹਾਂ। ਇਨ੍ਹਾਂ ਸਭ ਕਸ਼ਟਾਂ ਦਾ ਵੇਰਵਾ ਮੈਂ ਆਪਣੀ ਨਵੀਂ ਕਿਤਾਬ 'ਠੁਰਕਦਾ ਸਾਜ਼' 'ਚ ਲਿਖ ਰਿਹਾ ਹਾਂ!
?ਛੱਤੀ ਸਾਲ ਕੈਨਡਾ 'ਚ ਰਹਿੰਦਿਆਂ ਤੂੰ ਪੰਜਾਬ ਹਰ ਸਾਲ, ਮਹੀਨੇ ਦੋ-ਮਹੀਨੇ ਲਈ ਚੱਕਰ ਮਾਰਦਾ ਰਿਹੈਂ; ਪੰਜਾਬ ਦੇ ਸੱਭਿਆਚਾਰ, ਆਰਥਿਕਤਾ ਅਤੇ ਨੌਜਵਾਨ ਪੀੜ੍ਹੀ ਬਾਰੇ ਕੀ ਸੋਚਦੈਂ?
-ਸਾਡੇ ਲੋਕ ਸੱਭਿਆਚਾਰ ਨੂੰ ਕੇਵਲ ਘੱਗਰੇ, ਫੁਲਕਾਰੀਆਂ, ਸੱਗੀਆਂ, ਪੀੜ੍ਹੀਆਂ, ਮੱਕੀ ਦੀ ਰੋਟੀ, ਖੂਹਾਂ-ਟਿੰਡਾਂ, ਤੂੰਬੇ-ਸਰੰਗੀਆਂ ਆਦਿਕ ਦੇ ਪ੍ਰਸੰਗ ਵਿੱਚ ਹੀ ਦੇਖਦੇ ਨੇ ਅਤੇ ਇਨ੍ਹਾਂ ਦੇ ਅਲੋਪ ਹੋਣ ਉੱਤੇ ਹਾਉਕੇ ਲਈ ਜਾਂਦੇ ਨੇ; ਪਰ ਹਕੀਕਤ ਇਹ ਹੈ ਕਿ ਨਵੀਆਂ-ਨਵੀਆਂ ਮਸ਼ੀਨਾਂ ਤੇ ਤਕਨੀਕਾਂ ਦੀ ਆਮਦ ਨਾਲ਼ ਪੁਰਾਣੇ ਰਸਮੋ-ਰਿਵਾਜ, ਖਾਣ-ਪਹਿਨਣ, ਸ਼ਿਲਪ, ਅਤੇ ਮਸ਼ੀਨਰੀ ਬਦਲਣੇ ਹੀ ਹੁੰਦੇ ਨੇ। ਮੈਂ ਮੰਨਦਾਂ ਕਿ ਇਹ ਚੀਜ਼ਾਂ ਸਾਡੇ ਵਿਰਸੇ ਦੇ ਅਹਿਮ ਅੰਗ ਨੇ, ਤੇ ਇਨ੍ਹਾਂ ਨੂੰ ਸਾਂਭਣਾ ਵੀ ਜ਼ਰੂਰੀ ਹੈ; ਪ੍ਰੰਤੂ ਸੱਭਿਅਚਾਰ ਦੀਆਂ ਜੜ੍ਹਾਂ ਅਸਲ ਵਿੱਚ ਲੋਕਾਂ ਦੇ ਕਿਰਦਾਰ ਵਿੱਚ, ਲੋਕਾਂ ਦੇ ਇਖ਼ਲਾਕ ਵਿੱਚ ਹੁੰਦੀਆਂ ਨੇ, ਨਾ ਕਿ ਸਿਰਫ਼ ਪਹਿਰਾਵਿਆਂ, ਰਸਮਾਂ-ਰਿਵਾਜਾਂ, ਚੀਜ਼ਾਂ-ਵਸਤਾਂ ਆਦਿਕ ਵਿੱਚ। ਅੱਜ ਪੰਜਾਬ 'ਚ ਜਿੱਥੇ ਪੌਣ-ਪਾਣੀ, ਗਾਇਕੀ, ਇਨਸਾਫ਼, ਵਿੱਦਿਆ, ਧਰਮ, ਅਤੇ ਹੋਰ ਹਰ ਸ਼ੋਅਬਾ ਬੁਰੀ ਤਰ੍ਹਾਂ ਪਰਦੂਸ਼ਤ ਹੋ ਚੁੱਕਿਐ, ਉਥੇ ਪੰਜਾਬੀ ਲੋਕਾਂ ਦਾ ਕਿਰਦਾਰ ਵੀ ਵਿਗੜ ਗਿਐ। ਭਰੂਣ-ਹੱਤਿਆ, ਮੁਖ਼ਤਿਆਰਨਾਮਿਆਂ ਦੀ ਦੁਰਵਰਤੋਂ ਕਰ ਕੇ ਸਕਿਆਂ-ਸਬੰਧੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਹੜੱਪਣਾ, ਦਾਜ-ਦਹੇਜ 'ਚ ਮੋਟੀਆਂ ਰਕਮਾਂ ਵਸੂਲ ਕੇ ਵਿਆਹਾਂ ਨੂੰ ਵਪਾਰ ਬਣਾ ਲੈਣਾ, ਬਚਨਾਂ ਤੋਂ ਮੁੱਕਰ ਜਾਣਾ, ਰਿਸ਼ਵਤਖੋਰੀਆਂ, ਟੈਕਸ-ਚੋਰੀਆਂ, ਹੇਰਾਫੇਰੀਆਂ, ਨਸ਼ੇ ਵੇਚਣੇ, ਟਰੈਵਲ ਏਜੰਟ ਬਣ ਕੇ ਗਰੀਬਾਂ ਤੇ ਅਣਭੋਲ ਲੋਕਾਂ ਨੂੰ ਲੁੱਟਣਾ, ਪੈਸੇ ਲਈ ਬੱਚੇ ਅਗਵਾ ਕਰ ਲੈਣੇ, ਸੁਪਾਰੀਆਂ ਲੈ ਕੇ ਕਤਲ ਕਰਨੇ, ਚੋਣਾਂ ਵੇਲੇ ਨਸ਼ੇ-ਪੈਸਾ ਪਾਣੀ ਵਾਂਗ ਵਹਾਉਣੇ-ਕੀ ਇਹ ਸਭ ਕੁਝ ਪੰਜਾਬੀ ਕਲਚਰ ਦਾ ਅਟੁੱਟ ਅੰਗ ਨਹੀਂ ਬਣ ਗਿਆ? ਆਹ ਕਲਚਰ ਐ ਸਾਡਾ ਜਿਸ 'ਤੇ ਮਾਣ ਕਰਦਿਆਂ ਅਸੀਂ ਭੁਕਾਨਿਆਂ ਵਾਂਗੂੰ ਫੁੱਲ ਜਾਂਦੇ ਆਂ? ਦੂਜਾ ਮੁੱਦਾ ਹੈ ਆਰਥਿਕਤਾ ਦਾ: ਏਸ ਪੱਖੋਂ ਪੰਜਾਬ ਖੋਖਲਾ ਹੋ ਗਿਐ। ਬੇਰੁਜ਼ਗਾਰੀ ਤੇ ਮਹਿੰਗਾਈ ਨੇ ਪੰਜਾਬ ਨੂੰ ਨਿਚੋੜ ਸੁੱਟਿਐ। ਲੋਕਾਂ ਦੀਆਂ ਸਿਹਤਾਂ ਵੱਲ ਦੇਖੋ, ਬੀਮਾਰੀਆਂ ਵੱਲ ਦੇਖੋ! ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਨੇ। ਮਹਿੰਗੇ ਇਲਾਜ; ਮਹਿੰਗੀ ਪ੍ਰਾਈਵੇਟ ਵਿੱਦਿਆ! ਬਾਕਾਇਦਾ ਸਾਜ਼ਿਸ਼ ਤਹਿਤ ਨੌਜਵਾਨ ਪੀੜ੍ਹੀ ਨੂੰ ਅਸ਼ਲੀਲ ਗਾਇਕੀ, ਨਸ਼ੇ, ਅਤੇ ਫੈਸ਼ਨਾਂ ਦੀ ਜ਼ਹਿਰ ਨਾਲ ਨਿੱਸਲ਼ ਕੀਤਾ ਹੋਇਐ। ਅਸਲ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ, ਸਿਆਸੀ ਲੋਕਾਂ, ਅਫ਼ਸਰਸ਼ਾਹੀ, ਵਿਪਾਰੀ ਵਰਗ, ਅਤੇ ਧਾਰਮਿਕ-ਕਰਿੰਦਿਆਂ ਦਾ ਅਲਿਖਤ ਮੁਹਾਜ਼ ਬਣ ਚੁੱਕਿਐ। ਧਰਮ ਵਾਲਿਆਂ ਨੇ ਲੋਕਾਂ ਨੂੰ ਡੇਰਾਵਾਦ, ਸੰਤਵਾਦ, ਜੋਤਿਸ਼, ਕਿਸਮਤ, ਨਾਮ-ਸਿਮਰਣ, ਪ੍ਰਭੂ-ਪ੍ਰਾਪਤੀ, ਤੇ ਪਾਠਪੂਜਾ 'ਚ ਉਲਝਾਇਆ ਹੋਇਐ। ਟੀ ਵੀ ਦੇ ਚੈਨਲ ਦੇਖੋ; ਧਾਰਮਿਕ ਸਥਾਨਾਂ ਵੱਲ ਝਾਕੋ; ਡੇਰਿਆਂ 'ਤੇ ਇੱਕ ਨਜ਼ਰ ਮਾਰੋ: ਸ਼ਰਧਾਲੂ ਅੰਨ੍ਹੇ ਵਾਹ ਮੱਥੇ ਘਸਾਈ ਜਾਂਦੇ ਨੇ! ਧਰਮਾਂ ਵਾਲ਼ੇ ਐਸ ਜਨਮ 'ਚ ਭੁੱਖ, ਕੰਗਾਲੀ, ਬੀਮਾਰੀਆਂ, ਬੇਰੁਜ਼ਗਾਰੀਆਂ ਤੇ ਲਾਚਾਰੀਆਂ ਭੋਗਦੇ ਸ਼ਰਧਾਲੂਆਂ ਨੂੰ ਅਗਲੇ ਜਨਮ ਦੇ ਲਾਰਿਆਂ ਦਾ ਲਾਲਚ ਦੇ ਦੇ ਕੇ ਲੁੱਟੀ ਜਾਂਦੇ ਨੇ! ਅੱਜ ਇਹ ਸੱਭਿਆਚਾਰ ਐ ਪੰਜਾਬ ਦਾ! ਗ੍ਰਹਿ-ਚਾਲ, ਟੇਵੇ, ਹਸਤਰੇਖਾ, ਤੇ ਹੋਰ ਸਭ ਨਿਰਾ ਬਕਵਾਸ ਐ! ਸਿਆਸੀ ਲੋਕ ਡੇਰੇਦਾਰਾਂ/ਸਾਧਾਂ ਨੂੰ ਪ੍ਰੋਮੋਟ ਕਰ ਕੇ ਉਨ੍ਹਾਂ ਦੇ ਸ਼ਰਧਾਲੂਆਂ ਤੋਂ ਵੋਟਾਂ ਲੈਂਦੇ ਨੇ; ਵਪਾਰੀ ਲੋਕ, ਅਫ਼ਸਰਸ਼ਾਹੀ, ਤੇ ਰਾਜਸੀ ਰਸੂਖ਼ਦਾਰ ਇੱਕ-ਦੂਜੇ ਦੀ ਮੱਦਦ ਕਰ ਕੇ ਮਾਇਆ ਬਟੋਰਦੇ ਨੇ! ਬੇਰੁਜ਼ਗਾਰੀ ਦੇ ਭੰਨੇਂ ਹੋਏ ਮੁੰਡੇ-ਕੁੜੀਆਂ ਤੇਜ਼ੀ ਨਾਲ਼ ਨਸ਼ਿਆਂ, ਲੁੱਟਾਂ-ਖੋਹਾਂ, ਹੇਰਾਫੇਰੀਆਂ, ਨੌਸਰਬਾਜ਼ੀਆਂ, ਅਗਵਾਕਾਰੀਆਂ ਤੇ ਜਿਸਮਫ਼ਰੋਸ਼ੀ ਵੱਲ ਤਿਲਕ ਰਹੇ ਨੇ; ਉਹ ਦਿਨ ਹੁਣ ਸਾਡੀਆਂ ਬਰੂਹਾਂ 'ਤੇ ਖੜ੍ਹੇ ਨੇ ਜਦੋਂ ਪੰਜਾਬ ਮੁਕੰਮਲ ਤੌਰ 'ਤੇ ਹੇਰਾਫੇਰੀਆਂ, ਨੌਸਰਬਾਜ਼ਾਂ, ਸਮਗਲਰਾਂ, ਮੁਜਰਮਾਂ ਤੇ ਦੇਹ-ਫ਼ਰੋਖ਼ਤਾਂ ਦਾ ਸੂਬਾ ਬਣ ਕੇ ਰਹਿ ਜਾਵੇਗਾ।
?ਇਸ ਗੰਧਲ਼ੇ ਮਹੌਲ 'ਚ ਲੇਖਕ ਦੀ ਕੀ ਜ਼ਿੰਮੇਵਾਰੀ ਹੈ?
-ਇਸ ਗੰਧਲ਼ੇ ਮਹੌਲ 'ਚ ਸਭ ਪਾਸੇ ਬੱਸ ਹਨੇਰੇ ਦੀਆਂ ਕੰਧਾਂ ਹੀ ਨਜ਼ਰ ਆਉਂਦੀਆਂ ਨੇ। ਬੁੱਧੀਜੀਵੀ ਵਰਗ ਜਾਂ ਤਾਂ ਤਮਾਸ਼ਬੀਨ ਬਣ ਕੇ ਰਹਿ ਗਿਐ ਤੇ ਜਾਂ ਵਗਦੀ ਗੰਗਾ 'ਚ ਹੱਥ ਧੋਣ ਦੇ ਰਸਤੇ ਪੈ ਗਿਐ; ਮੀਡੀਆ ਦਾ ਮੁਕੰਮਲ ਵਪਾਰੀਕਰਣ ਹੋ ਗਿਐ; ਮੀਡੀਆ 'ਚ ਖਿੱਲਾਂ ਵਾਂਗ ਕਿਰੜ-ਕਿਰੜ ਖੁਲ੍ਹਦੀਆਂ ਖ਼ਬਰਾਂ ਪਿੱਛੇ ਦੌਲਤ ਤੇ ਲੋਭ ਬੋਲਦੇ ਨੇ। ਪੈਸੇ ਦੇ ਕੇ ਅਖ਼ਬਾਰਾਂ 'ਚ ਜੋ ਜੀ ਕਰੇ ਲਿਖਵਾ ਲਵੋ! ਟੀ ਵੀ ਉੱਪਰ ਡੇਰੇਦਾਰਾਂ, ਸਾਧਾਂ, ਜੋਤਸ਼ੀਆਂ ਤੇ ਵਹਿਮ-ਪ੍ਰਸਤੀ ਦੀ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਦਿਨ-ਰਾਤ ਹੋਈ ਜਾ ਰਹੀ ਐ ਜਿਸ ਨਾਲ ਅਣਭੋਲ਼ ਲੋਕ ਭਟਕਾਏ ਜਾ ਰਹੇ ਨੇ। ਜਿੰਨੀ ਦੇਰ ਲੋਕਾਂ ਦੇ ਮਨਾਂ 'ਚੋਂ ਕਲਪਿਤ ਰੱਬ ਦਾ ਭੈਅ, ਕਰਾਮਾਤਾਂ, ਕਿਸਮਤ, ਸੁਰਗ-ਨਰਕ ਤੇ ਅਗਲਾ-ਪਿਛਲਾ ਜਨਮ ਕਾਫ਼ੂਰ ਨਹੀਂ ਹੁੰਦੇ, ਓਦੋਂ ਤੀਕ ਉਹ ਇਸੇ ਤਰ੍ਹਾਂ ਗੁੰਮਰਾਹ ਹੋਈ ਜਾਣਗੇ! ਧਰਮਾਂ-ਮਜ਼੍ਹਬਾਂ ਦੇ ਨਾਮ 'ਤੇ ਕਟਾ-ਵੱਢੀ ਕਰੀ ਜਾਣਗੇ। ਬੇਇਨਸਾਫ਼ੀਆਂ ਦੇ ਖ਼ਿਲਾਫ਼ ਸੰਘਰਸ਼ਸ਼ੀਲ ਹੋਣ ਤੋਂ ਕਿਨਾਰਾ ਕਰੀ ਰੱਖਣਗੇ! ਇਸ ਲਈ ਪਹਿਲਾਂ ਲੇਖਕ ਆਪ ਜਾਗਰੂਕ ਹੋਵੇ; ਤਰਕਸ਼ੀਲ ਹੋਵੇ; ਧਰਮ, ਸਿਆਸਤ, ਅਤੇ ਸਮਾਜਕ ਰਿਸ਼ਤਿਆਂ 'ਚ ਆ ਰਹੇ ਘੋਰ ਨਿਘਾਰ ਦਾ ਵਿਸ਼ਲੇਸ਼ਣ ਕਰੇ! ਇਸ ਨੂੰ ਫਰੋਲ਼ੇ! ਤੇ ਫ਼ਿਰ ਖ਼ਾਲੀ 'ਚਿੰਤਕ' ਹੋਣ ਦੀ ਥਾਂ 'ਚਿੰਤਾਵਾਨ' ਹੋ ਕੇ ਅਮਲੀ ਤੌਰ 'ਤੇ ਲੋਕਾਂ ਨੂੰ ਤਰਕਸ਼ੀਲਤਾ ਵੱਲ ਤੋਰੇ। ਤਦ ਹੀ ਤਬਦੀਲੀ ਦੇ ਰਸਤੇ ਤੁਰਿਆ ਜਾ ਸਕੇਗਾ!
?'ਦੁਨਿਆਵੀ' ਇਕਬਾਲ, 'ਲੇਖਕ' ਇਕਬਾਲ ਨਾਲ਼ ਕਿੰਝ ਵਿਚਰਦਾ ਹੈ?
-ਰੋਜ਼-ਮੱਰਾ ਜ਼ਿੰਦਗੀ 'ਚ ਮੈਂ ਬੱਸ 'ਇਕਬਾਲ' ਬਣ ਕੇ ਜੀਂਦਾ ਹਾਂ ਜਿਹੜਾ ਪਤੀ ਵੀ ਐ, ਪਿਤਾ ਵੀ, ਭਰਾ ਵੀ ਤੇ ਦੋਸਤਾਂ ਦਾ ਦੋਸਤ ਵੀ। 'ਲੇਖਕ' ਇਕਬਾਲ ਸਿਰਫ਼ ਮੈਂ ਓਦੋਂ ਹੀ ਹੁੰਦਾ ਹਾਂ ਜਦੋਂ ਕੰਪਿਊਟਰ ਦੀ ਸਕਰੀਨ 'ਤੇ ਲਫ਼ਜ਼ਾਂ ਨਾਲ਼ ਖੇਡ ਰਿਹਾ ਹੋਵਾਂ! ਉਂਝ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਹਾਂ ਕਿ 'ਲੇਖਕ' ਇਕਬਾਲ, 'ਦੁਨਿਆਵੀ' ਇਕਬਾਲ ਨੂੰ ਆਪਣੇ ਨਾਲ਼-ਨਾਲ਼ ਤੋਰੀ ਰਖਦਾ ਹੈ; ਏਧਰ-ਓਧਰ ਗਵਾਚਣ ਤੋਂ, ਭਟਕਣ ਤੋਂ ਬਚਾਉਂਦਾ ਹੈ। ਜੇ ਮੇਰੇ ਅੰਦਰ 'ਲੇਖਕ' ਨਾ ਹੁੰਦਾ ਤਾਂ ਮੈਂ ਸ਼ਾਇਦ ਅੱਜ ਵਾਲ਼ਾ ਉਦਾਰਚਿਤ, ਰਹਿਮਦਿਲ, ਤਰਕਸ਼ੀਲ, ਤੇ ਲੋਕਪੱਖੀ ਇਕਬਾਲ ਨਹੀਂ ਸੀ ਹੋਣਾ। ਮੇਰੀ ਇੱਕ ਕਾਵਿ-ਪੁਸਤਕ ਦਾ ਨਾਮ ਹੈ 'ਕਵਿਤਾ ਮੈਨੂੰ ਲਿਖਦੀ ਹੈ'; ਮੈਨੂੰ ਜਾਪਦੈ ਮੇਰੀਆਂ ਰਚਨਾਵਾਂ ਨੇ ਮੈਨੂੰ 'ਲਿਖਿਐ', ਮੈਨੂੰ 'ਸਿਰਜਿਐ'! ਮੇਰੀਆਂ ਰਚਨਾਵਾਂ ਮੈਨੂੰ 'ਲੇਖਕ' ਇਕਬਾਲ ਵਰਗਾ ਅਮਲੀ ਜੀਵਨ ਜੀਣ ਲਈ ਪ੍ਰੇਰਤ ਕਰਦੀਆਂ ਨੇ! ਮੈਂ ਉਨ੍ਹਾਂ 'ਚੋਂ ਨਹੀਂ ਜਿਹੜੇ ਰਤਾ ਕੁ ਸ਼ੋਹਰਤ ਮਿਲ ਜਾਣ ਨਾਲ਼ ਆਪਣੇ-ਆਪ ਨੂੰ ਦੁਨੀਆਂ ਤੋਂ ਅਵੱਲੇ ਸਮਝਣ ਲੱਗ ਜਾਂਦੇ ਨੇ। ਲੇਖਕ ਦੇ ਤੌਰ 'ਤੇ ਥੋੜੀ-ਬਹੁਤ ਪਹਿਚਾਣ ਬਣ ਜਾਣ ਮਗਰੋਂ ਮੈਂ ਹੋਰ ਹਲੀਮ ਹੋ ਗਿਆ ਹਾਂ। ਮੇਰੇ ਖ਼ਿਆਲ 'ਚ ਲੇਖਕ ਦਾ ਫ਼ਰਜ਼ ਕੇਵਲ ਕਲਮ ਫੜ ਕੇ ਸਾਹਿਤਿਕ ਰਚਨਾ ਕਰਨ ਨਾਲ਼ ਹੀ ਖ਼ਤਮ ਨਹੀਂ ਹੋ ਜਾਂਦਾ; ਉਸ ਦੇ ਆਪਣੇ ਆਲ਼ੇ-ਦੁਆਲ਼ੇ ਪ੍ਰਤੀ ਅਨੇਕਾਂ ਫ਼ਰਜ਼ ਹਨ। 'ਲੇਖਕ' ਇਕਬਾਲ, 'ਦੁਨਿਆਵੀ' ਇਕਬਾਲ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਕਰਦਾ ਰਹਿੰਦਾ ਹੈ। ਇਸੇ ਲਈ ਮੈਂ ਲੋੜਵੰਦਾਂ ਦੀ, ਵਿਤ ਮੁਤਾਬਿਕ, ਮੱਦਦ ਕਰਦਾ ਰਹਿੰਦਾ ਹਾਂ। ਤੇ ਮਦਦ ਸਿਰਫ਼ ਪੈਸੇ ਨਾਲ ਹੀ ਨਹੀਂ ਹੁੰਦੀ; ਕੈਨੇਡਾ 'ਚ ਨਵ-ਆਇਆਂ ਨੂੰ ਸਲਾਹ ਦੇਣੀ, ਅਗਵਾਈ ਦੇਣੀ, ਹੱਲਾਸ਼ੇਰੀ ਦੇਣੀ, ਮਨੋਬਲ ਉੱਚਾ ਰੱਖਣ 'ਚ ਮਦਦ ਕਰਨੀ, ਕੈਨੇਡਾ 'ਚ ਕਾਮਯਾਬ ਹੋਣ ਲਈ ਜੁਗਤਾਂ ਦੱਸਣੀਆਂ; ਇਹ ਸਭ ਕੁਝ ਬਹੁਤੀ ਵਾਰੀ ਮਾਇਕ ਮਦਦ ਨਾਲੋਂ ਵੀ ਵਧੇਰੇ ਕਾਰਗਰ ਹੁੰਦਾ ਹੈ। ਕੈਨਡਾ ਵਿੱਚ ਸੈਂਕੜੇ ਲੜਕੇ-ਲੜਕੀਆਂ ਮੈਥੋਂ ਸਲਾਹ-ਮਸ਼ਵਰਾ ਲੈ ਕੇ ਟੀਚਿੰਗ, ਸੋਸ਼ਲ ਵਰਕ, ਨਰਸਿੰਗ, ਕੰਪਿਊਟਰ, ਅਤੇ ਹੋਰ ਕਿੱਤਿਆਂ 'ਚ ਕਾਮਯਾਬੀ ਨਾਲ਼ ਸੇਵਾ ਕਰ ਰਹੇ ਨੇ।
?ਕੈਂਸਰ ਤੋਂ ਅੱਜ ਸਾਰੀ ਦੁਨੀਆਂ ਖ਼ੌਫ਼ਜ਼ਦਾ ਐ; ਤੇਰਾ ਦਸਤ-ਪੰਜਾ ਵੀ ਕੈਂਸਰ ਨਾਲ਼ ਪੈ ਚੁੱਕਿਆ ਹੈ। ਏਸ ਨਾਮੁਰਾਦ ਬੀਮਾਰੀ ਦਾ ਟਾਕਰਾ ਤੂੰ ਕਿਵੇਂ ਕੀਤਾ?
-ਕਿਸੇ ਵੀ ਬੀਮਾਰੀ ਤੋਂ ਵੱਧ ਖ਼ਤਰਨਾਕ ਹੁੰਦੈ ਉਸ ਬੀਮਾਰੀ ਦਾ ਭੈਅ! ਜਿਹੜਾ ਵਿਅਕਤੀ ਬੀਮਾਰੀ ਤੋਂ ਡਰ ਗਿਆ, ਉਹ ਸਮਝੋ ਮਰਨ ਤੋਂ ਪਹਿਲਾਂ ਈ ਮਰ ਗਿਆ! ਮੈਂ ਹਾਲੇ ਵੀ ਏਸ ਲਈ ਜੀਂਦਾ ਹਾਂ ਕਿਉਂਕਿ ਮੈਂ ਕੈਂਸਰ ਨੂੰ ਹਿੱਕ ਤਾਣ ਕੇ ਟੱਕਰਿਆਂ। ਸੰਨ 2010 ਦੇ ਪਹਿਲੇ ਮਹੀਨੇ ਡਾਕਟਰ ਨੇ ਜਦੋਂ ਮੈਨੂੰ ਦੱਸਿਆ ਕਿ ਮੇਰੇ ਸਰੀਰ 'ਚ ਕੈਂਸਰ ਨੇ ਨੀਹਾਂ ਖੋਦ ਲਈਆਂ ਨੇ ਤੇ ਜਲਦੀ ਹੀ ਇਸ ਨੇ ਕੰਧਾਂ ਉਸਾਰ ਕੇ ਲੈਂਟਰ ਬੰਨ੍ਹਣ ਦੀ ਤਿਆਰੀ ਕਰ ਲੈਣੀ ਹੈ, ਤਾਂ ਮੇਰੀ ਬੀਵੀ ਤੇ ਜੌੜੀਆਂ ਧੀਆਂ ਸਿਸਕਣ ਲੱਗ ਪਈਆਂ। ਉਨ੍ਹਾਂ ਨੂੰ ਦੇਖ ਕੇ, ਮੇਰੀਆਂ ਰਗ਼ਾਂ ਵੀ ਮੁੱਠੀ ਵਾਂਗ ਘੁੱਟੀਆਂ ਗਈਆਂ; ਸ਼ਬਦ ਗਲ਼ੇ ਵਿੱਚ ਹੀ ਨਪੀੜੇ ਗਏ; ਤੇ ਮੇਰੀਆਂ ਅੱਖਾਂ 'ਚ ਛਲਕ ਉੱਠੀ ਤਰਲਤਾ ਮੇਰੇ ਕੰਬ ਰਹੇ ਬੁੱਲ੍ਹਾਂ ਨੂੰ ਵੱਲ ਨੂੰ ਵਹਿਣ ਲੱਗੀ। ਪਰ ਮੈਂ ਪੰਜ-ਸੱਤ ਮਿੰਟਾਂ 'ਚ ਹੀ ਸੰਭਲ਼ ਗਿਆ। ਤਿੰਨਾਂ ਮਾਵਾਂ-ਧੀਆਂ ਨੂੰ ਕਲ਼ਾਵੇ 'ਚ ਲੈ ਕੇ ਮੈਂ ਉਨ੍ਹਾਂ ਨੂੰ ਦਲੀਲ ਦਿੱਤੀ: ਤੁਸੀਂ ਰੋਵੋਂਗੀਆਂ ਤਾਂ ਕੈਂਸਰ ਹੱਸੇਗੀ! ਅਗਰ ਤੁਸੀਂ ਹੀ ਹੌਸਲਾ ਹਾਰ ਗਈਆਂ, ਤਾਂ ਮੈਂ ਇਕੱਲਾ ਕੈਂਸਰ ਨਾਲ਼ ਕਿਵੇਂ ਲੜੂੰ? ਦੂਸਰਾ, ਅਗਰ ਭਲਾ ਅਚਾਨਕ ਮੇਰਾ ਕਿਧਰੇ ਕਿਸੇ ਸੜਕ ਹਾਦਸੇ 'ਚ ਅੰਤ ਹੋ ਜਾਵੇ, ਫ਼ਿਰ ਵੀ ਤਾਂ ਤੁਸੀਂ ਸਬਰ ਕਰੋਗੀਆਂ ਹੀ! ਤੀਜਾ, ਪਹਿਲੀ ਗੱਲ ਤਾਂ ਕੈਂਸਰ ਮੈਨੂੰ ਮਾਰ ਹੀ ਨਹੀਂ ਸਕਦੀ; ਦੂਜੀ ਇਹ ਕਿ ਤੁਸੀਂ ਮੇਰਾ ਸਾਥ ਦਿਓ, ਮੈਂ ਤੁਹਾਡੇ ਸਾਹਮਣੇ ਕੈਂਸਰ ਨੂੰ ਬਰੂ ਵਾਂਗ ਪੁੱਟ ਕੇ ਲਾਗਲੇ ਛੱਪੜ 'ਚ ਵਗਾਹ ਮਾਰੂੰਗਾ! ਕੈਂਸਰ ਨਾਲ਼ ਗਹਿ-ਗੱਚ ਲੜਾਈ ਆਪਾਂ ਚਹੁੰਆਂ ਨੇ ਰਲ਼ ਕੇ ਲੜਨੀ ਐ, ਅਤੇ ਕੈਂਸਰ ਵੱਲੋਂ ਮੇਰੇ ਜਿਸਮ 'ਚ ਕੱਢੀਆਂ ਨੀਹਾਂ ਨੂੰ ਮੁੰਦ ਕੇ, ਉੱਪਰ ਸੁਹਾਗਾ ਵੀ ਇਕੱਠਿਆਂ ਹੀ ਫੇਰਨਾ ਐ। ਬੱਸ ਫੇਰ ਕੀ ਸੀ: ਇੱਕ ਵੱਡੀ ਸਰਜਰੀ ਨੇ ਕੈਂਸਰ ਦੀਆਂ ਜੜ੍ਹਾਂ 'ਚ ਚਾਕੂ ਫੇਰ ਦਿੱਤੇ, ਪਰ ਮਹੀਨੇ ਕੁ ਬਾਅਦ ਜਿਹੜੇ ਟੈਸਟ ਹੋਏ ਉਨ੍ਹਾਂ 'ਚ ਕੈਂਸਰ ਦੀਆਂ ਮੱਧਮ ਜਿਹੀਆਂ ਪੈੜਾਂ ਹਾਲੇ ਵੀ ਦਿਸਦੀਆਂ ਸਨ। ਮੈਂ ਫੇਰ ਵੀ ਨਹੀਂ ਘਬਰਾਇਆ! ਡਾਕਟਰ ਆਪਣਾ ਇਲਾਜ ਚਲਾਈ ਗਏ, ਅਤੇ ਇਧਰ ਦੋਵੇਂ ਧੀਆਂ ਇੰਟਨੈੱਟ ਦੀਆਂ ਜੇਬਾਂ ਫਰੋਲਣ ਲੱਗੀਆਂ; ਕਈ ਕੁਦਰਤੀ-ਫਾਰਮੂਲੇ ਲੱਭ ਲਏ; ਇਹ ਲੱਭ ਲਿਆ ਕਿ ਮੀਟ, ਸ਼ਰਾਬ, ਆਂਡੇ, ਦੁੱਧ-ਉਤਪਾਦ ਤੇ ਮਿੱਠਾ, ਕੈਂਸਰ ਲਈ, ਖਾਦ ਦਾ ਕੰਮ ਕਰਦੇ ਨੇ! ਅੰਗਰੇਜ਼ੀ ਦੀ ਇੱਕ ਕਹਾਵਤ ਹੈ: ਯੂ ਆਰ ਵਟ੍ਹ ਯੂ ਈਟ! {ਤੁਸੀਂ ਉਹ ਹੋ ਜੋ ਤੁਸੀਂ ਖਾਦੇ ਹੋ!} ਇਸ ਲਈ ਖਾਣ-ਪੀਣ ਦੇ ਮਾਮਲੇ 'ਚ ਮੈਂ ਆਪਣੀ ਸਾਰੀ ਜੀਵਨ-ਸ਼ੈਲੀ ਹੀ ਬਦਲ ਸੁੱਟੀ। ਸਾਦਾ ਖੁਰਾਕ, ਸਾਦਾ ਵਿਚਰਨ, ਮਨਾਸਿਕ ਤੌਰ 'ਤੇ ਤਣਾਓ-ਮੁਕਤ ਰਹਿਣ ਦੀ ਕੋਸ਼ਿਸ਼, ਮਨ 'ਚੋਂ ਕੈਂਸਰ ਦਾ ਖ਼ੌਫ਼ ਅੰਬ 'ਚੋਂ ਗਿਟਕ ਵਾਂਗ ਕੱਢ ਕੇ ਔਹ ਵਗਾਹ ਮਾਰਿਆ! ਮੈਂ ਕਦੇ ਮੰਨਿਆਂ ਹੀ ਨਹੀਂ ਕਿ ਕੈਂਸਰ ਮੈਨੂੰ ਹਰਾ ਸਕਦੀ ਹੈ। ਮੈਂ ਕਹਿੰਦਾ ਹਾਂ: ਕੈਂਸਰ ਮੈਨੂੰ ਮਾਰਨਾ ਚਾਹੁੰਦੀ ਹੈ? ਪਰ ਦੇਖਦੇ ਜਾਇਓ: ਮੈਂ ਮਾਰੂੰ ਸਾਲ਼ੀ ਹੰਕਾਰਨ ਕੈਂਸਰ ਨੂੰ! ਜਲਦੀ ਹੀ, ਮੈਂ ਰੇਡੀਓ, ਟੀ ਵੀ, ਅਖ਼ਬਾਰਾਂ ਤੇ ਸਮਾਗਮਾਂ 'ਚ ਕੈਂਸਰ ਤੋਂ ਬਚਣ ਦੀਆਂ ਜੁਗਤਾਂ ਲੋਕਾਂ ਨਾਲ਼ ਸਾਂਝੀਆਂ ਕਰਨ ਲੱਗਾ! ਹੁਣ ਮੈਂ ਕੈਂਸਰ ਦੇ ਮਰੀਜ਼ਾਂ ਨੂੰ ਹੱਲਾਸ਼ੇਰੀਆਂ ਦੇਂਦਾ ਹਾਂ! ਮੈਂ ਘਰ 'ਚ ਆਲਮ ਲੋਹਾਰ ਦੇ ਚਿਮਟੇ ਵਾਂਗ ਖੜਕਦਾ ਹਾਂ; ਦਗੜ-ਦਗੜ ਪੌੜੀਆਂ ਚੜ੍ਹਦਾ-ਉੱਤਰਦਾ ਹਾਂ! ਸਵਖ਼ਤੇ ਉੱਠ ਕੇ ਸੁਖਸਾਗਰ ਲਈ ਚਾਹ ਬਣਾਉਂਦਾ ਹਾਂ; ਉਸ ਨਾਲ ਟਿੱਚਰਬਾਜ਼ੀ ਕਰਦਾ ਹਾਂ; ਦੋਸਤਾਂ ਨਾਲ਼ ਫ਼ੋਨ 'ਤੇ ਸੰਜੀਦਾ ਗੱਲਾਂ ਦੇ ਨਾਲ-ਨਾਲ਼ ਲਤੀਫ਼ੇ ਭੋਰਦਾ ਰਹਿੰਦਾ ਹਾਂ; ਸਾਹਿਤ ਲਿਖਦਾ ਹਾਂ; ਸਾਹਿਤਿਕ-ਸਮਾਜਕ ਸਮਾਗਮਾਂ 'ਚ ਜਾਂਦਾ ਹਾਂ; ਤੇ ਜ਼ਿੰਦਗੀ ਨੂੰ ਆਮ ਵਾਂਗ ਜੀਂਦਾ ਹਾਂ।
?ਚੰਦ ਕੁ ਲਫ਼ਜ਼ਾਂ 'ਚ ਦੱਸ ਕਿ ਕੈਂਸਰ ਨਾਲ਼ ਲੜਾਈ 'ਚ ਕਿਹੜੇ-ਕਿਹੜੇ ਹਥਿਆਰ ਕਾਰਗਰ ਸਿੱਧ ਹੋਏ!
-ਸਭ ਤੋਂ ਵੱਡਾ ਹਥਿਆਰ ਸੀ ਮੇਰੀ ਜ਼ਿੰਦਾਦਿਲੀ: ਮੈਂ ਨੀ ਡੋਲਿਆ! ਮੈਂ ਨੀ ਡਰਿਆ! ਮੈਂ ਨੀ ਬੁੱਲ੍ਹਾਂ ਨੂੰ ਢਿਲ਼ਕਣ ਦਿੱਤਾ! ਮੈਂ ਨੀ ਅੱਖਾਂ 'ਚ ਸੁੰਞਤਾ ਵਿਛਣ ਦਿੱਤੀ! ਦੂਜਾ ਸੀ ਮੇਰੇ ਪਰਿਵਾਰ ਵੱਲੋਂ ਮੈਨੂੰ ਮਿਲ਼ਿਆ ਭਰਪੂਰ ਸਹਾਰਾ: ਸੁਖਸਾਗਰ ਤੇ ਮੇਰੀਆਂ ਧੀਆਂ ਕਿੰਨੂੰ ਤੇ ਸੁੱਖੀ, ਮੇਰੀਆਂ ਦੋ ਭੈਣਾਂ ਚਰਨਜੀਤ ਤੇ ਕਰਮਜੀਤ ਅਤੇ ਛੋਟਾ ਭਰਾ ਰਛਪਾਲ, ਮੇਰੇ ਘਰ 'ਚ ਚਾਰ-ਪੰਜ ਸਾਲਾਂ ਤੋਂ ਮਹਿਮਾਨਾਂ ਵਜੋਂ ਰਹਿ ਰਹੇ ਬੱਚੇ: ਦੋ ਲੜਕੀਆਂ ਨਵਪ੍ਰੀਤ ਤੇ ਹਰਦੀਪ ਅਤੇ ਇਕ ਲੜਕਾ ਹਰਿੰਦਰ; ਅਤੇ ਮੇਰੇ ਅਣਗਿਣਤ ਸ਼ੁਭਚਿੰਤਕ-ਸਨੇਹੀਂ ਤੇ ਦੋਸਤ: ਇਨ੍ਹਾਂ ਸਭ ਨੇ ਮੈਨੂੰ ਚਿੜੀਆਂ ਦੇ ਓਸ ਬਲਹੀਣ ਬੋਟ ਵਾਂਗ ਆਪਣੀਆਂ ਤਲ਼ੀਆਂ 'ਤੇ ਟਿਕਾਅ ਕੇ ਸਾਂਭਿਆ ਜਿਹੜਾ ਸਾਡੇ ਦਲਾਨ ਦੀ ਛੱਤ 'ਚ ਪਾਏ ਆਲ੍ਹਣਿਆਂ 'ਚੋਂ ਡਿੱਗ ਕੇ ਕੀੜੀਆਂ ਦੇ ਝੁੰਡਾਂ ਦਾ ਸ਼ਿਕਾਰ ਹੋ ਜਾਇਆ ਕਰਦਾ ਸੀ!
?ਹੁਣ ਤੂੰ ਪੈਨਸ਼ਨੀਆਂ ਹੋ ਗਿਐਂ; ਮੈਨੂੰ ਪਤੈ ਪਈ ਬੈਠਾ-ਬੈਠਾ ਤੂੰ ਡੇਢ-ਦੋ ਮਿੰਟਾਂ 'ਚ ਹੀ ਸੰਘਣੀ ਨੀਂਦ 'ਚ ਉੱਤਰ ਜਾਨੈਂ, ਤੇ ਜਦੋਂ ਤੂੰ ਸੁੱਤਾ ਹੋਵੇਂ ਤਾਂ ਕੁੰਭ ਕਰਨ ਵੀ ਨੀਂਦ ਦੇ ਹੁਲਾਰੇ ਤੈਥੋਂ ਈ ਮੰਗਣ ਔਂਦੈ! ਅਲਾਰਮ ਕਲਾਕ ਦੇ ਬਜ਼ਰ ਨੂੰ ਹੁਣ ਤੂੰ ਸਦਾ ਦੀ ਨੀਂਦ ਈ ਸੁਲ਼ਾਅ ਦਿੱਤਾ ਜਾਪਦੈ। ਪਰ ਜਾਗਦਿਆਂ ਪਲਾਂ ਨੂੰ ਰਿਝਾਈ ਰੱਖਣ ਲਈ ਅੱਜ-ਕੱਲ ਰੋਜ਼ਾਨਾ ਕੀ ਰੁਝੇਵੇਂ ਰਹਿ ਗਏ ਨੇ?
-ਨੈੱਟ 'ਤੇ ਅਖ਼ਬਾਰ ਪੜ੍ਹਨੇ; ਆਪਣਾ ਨਾਸ਼ਤਾ, ਲੰਚ ਤੇ ਡਿਨਰ ਆਪ ਬਣਾਉਣਾ; ਕਸਰਤ/ਸੈਰ ਕਰਨੀ; ਅਤੇ ਪੜ੍ਹਨਾ-ਲਿਖਣਾ!
ਕੋਮਲ ਪ੍ਰੀਤ ਕੌਰ
ਬਹੁਤ ਖੂਬ ਰਾਮੂਵਾਲੀਆ ਜੀ ਦੀ ਜਿੰਦਗੀ ਤੋਂ ਸਾਨੂੰ ਮੇਹਨਤੀ ਤੇ ਸਿਰੜੀ ਬਣਨ ਦੀ ਸਿਖਿਆ ਮਿਲਦੀ ਏ