ਪ੍ਰੇਮ ਗੋਰਖੀ: ਲੇਖਕ ਕਦੇ ਵੀ ਢਹਿੰਦੇ ਵਿਚਾਰਾਂ ਵਾਲਾ ਨਹੀਂ ਹੁੰਦਾ
Posted on:- 31-01-2012
ਮੁਲਾਕਾਤੀ: ਸ਼ਿਵ ਇੰਦਰ ਸਿੰਘ
ਪੰਜਾਬੀ ਅਦਬ ਵਿੱਚ ਪ੍ਰੇਮ ਗੋਰਖੀ ਦਾ ਨਾਮ ਕਿਸੇ ਜਾਣ-ਪਹਿਚਾਣ ਦਾ ਮਹੁਤਾਜ ਨਹੀ। ਇਸ ਹਰਮਨ ਪਿਆਰੇ ਕਥਾਕਾਰ ਨੇ ਉਹਨਾਂ ਲੋਕਾਂ ਨੂੰ ਕਹਾਣੀਆਂ ਦਾ ਪਾਤਰ ਬਣਾਇਆ,ਜਿੰਨਾਂ ਨੂੰ ਦਲਿਤ ਜਾਂ ਅਛੂਤ ਵਰਗੇ ਸ਼ਬਦਾਂ ਨਾਲ ਸਾਡੇ ਸਮਾਜ ਵਿੱਚ ਸੰਬੋਧਨ ਕੀਤਾ ਜਾਂਦਾ ਹੈ। ਗੋਰਖੀ ਨੇ ਨਾ ਸਿਰਫ ਨੀਵੇਂ ਲੋਕਾਂ ਦੇ ਜੀਵਨ ਨੂੰ ਆਪਣੀਆਂ ਕਹਾਣੀਆਂ ਵਿੱਚ ਬਿਆਨਿਆ ਸਗੋਂ ਇਹ ਸਭ ਨੂੰ ਆਪਣੇ ਪਿੰਡੇ ਵੀ ਹੰਢਾਇਆ। ਇਸੇ ਕਰਕੇ ਹੀ ਉਹ ਦੱਬੇ-ਕੁਚਲੇ ਲੋਕਾਂ ਦਾ ਕਹਾਣੀਕਾਰ ਹੈ, ਜੋ ਸਦਾ ਉਹਨਾਂ ਦੇ ਹੱਕ ਵਿਚ ਸਦਾ ‘ਹਾ’ ਦਾ ਨਾਅਰਾ ਮਾਰਦਾ ਹੈ। ਮਾਨਵਵਾਦੀ ਸਰੋਕਾਰਾਂ ਨੂੰ ਪਰਨਾਇਆ ਇਹ ਕਹਾਣੀਕਾਰ ਹੁਣ ਤੱਕ ਪੰਜਾਬੀ ਜਗਤ ਦੀ ਝੋਲੀ ਸੱਤ ਕਿਤਾਬਾਂ ਪਾ ਚੁੱਕਾ ਹੈ, ਜਿਨ੍ਹਾਂ ‘ਚ ਕਹਾਣੀ ਸੰਗ੍ਰਿਹ ‘ਮਿੱਟੀ ਰੰਗੇ ਲੋਕ’ ‘ਜੀਣ ਮਰਨ’ ‘ਅਰਜਨ ਸਫੈਦੀ ਵਾਲਾ’ ਅਤੇ ਧਰਤੀ ਪੁੱਤ’ ਤਿੰਨ ਨਾਵਲੈਟ ‘ਤਿੱਤਰ ਖੰਭੀ ਜੂਹ’ ‘ਵਣਵੇਲਾ’ ‘ਬੁੱਢੀ ਰਾਤ ਅਤੇ ਸੂਰਜ’ ਸ਼ਾਮਲ ਹਨ।
ਸਵਾਲ- ਗੱਲ ਸ਼ੁਰੂ ਕਰਦੇ ਹਾਂ ਤੁਹਾਡੇ ਜਨਮ,ਪੜਾਈ ਅਤੇ ਪਰਿਵਾਰ ਤੋਂ?
ਜਵਾਬ-ਮੇਰਾ ਪਿਛੋਕੜ ਇਕ ਦਲਿਤ ਪਰਿਵਾਰ ਦਾ ਹੈ। ਇਸ ਕਰਕੇ ਖਾਨਦਾਨ ‘ਚ ਦੂਰੋਂ ਨੇੜਿਓਂ ਕੋਈ ਪੜਿਆ-ਲਿਖਿਆ ਮੈਨੂੰ ਨਹੀਂ ਸੀ ਦਿਖਿਆ। ਮੇਰਾ ਆਪਣੇ ਨਾਨਕੇ ਪਿੰਡ ਬਹਾਨੀ (ਜ਼ਿਲਾ ਕਪੂਰਥਲਾ) ਨਾਲ ਗੂੜਾ ਮੋਹ ਸੀ, ਨਾਨਕਿਆਂ ਵੱਲੀਂ ਹੀ ਮੇਰੇ ਦੂਰ ਦੀ ਰਿਸ਼ਤੇਦਾਰੀ ‘ਚ ਲੱਗਦੇ ਮਾਮਾ ਜੀ ਇਕੋ ਸ਼ਖਸ ਸਨ ਜਿਨਾਂ ਨੂੰ ਮੈਂ ਪੜਿਆ-ਲਿਖਿਆ ਮੰਨਦਾ ਸੀ। ਮੇਰਾ ਦਾਦਕੇ ਪਿੰਡ ਲਾਡੋਵਾਲੀ ਹੈ, ਮੇਰੇ ਪਿਤਾ ਜੀ ਅਰਜਨ ਦਾਸ ਅਤੇ ਮਾਤਾ ਰੱਖੀ ਜੀ ਸਨ। ਮੇਰੇ ਦਾਦਕੇ ਪਰਿਵਾਰ ਵਾਲਿਆਂ ਦਾ ਕੋਈ ਪੱਕਾ ਕੰਮ-ਕਾਰ ਨਹੀ ਸੀ। ਉਹ ਭਲਵਾਨੀ ਵੀ ਕਰਦੇ ਸਨ, ਪਿੰਡਾਂ ‘ਚ ਤਾਂਗੇ ਅਤੇ ਰੇੜੇ ਜੋੜਨ ਦਾ ਕੰਮ ਵੀ ਕਰ ਲੈਂਦੇ ਸਨ। ਮੇਰੇ ਪਿਤਾ ਜੀ ਸਫੈਦੀ ਦਾ ਕੰਮ ਵੀ ਕਰ ਰਹੇ ਹਨ। ਮੈਨੂੰ ਇਹ ਸਭ ਕੰਮ ਸ਼ੁਰੂ ਤੋਂ ਪਸੰਦ ਨਹੀ ਸਨ। ਸਾਡੇ ਚਾਰ ਭਰਾਵਾਂ ਅਤੇ ਦੋ ਭੈਣਾਂ ‘ਚੋਂ ਮੈਨੂੰ ਪੜਿਆ-ਲਿਖਿਆ ਕਿਹਾ ਜਾ ਸਕਦੈ। ਹੁਣ ਮੈਂ ਆਪਣੇ ਪਰਿਵਾਰ ਨਾਲ ‘ਪੰਜਾਬੀ ਟ੍ਰਿਬਿਊਨ’ ਤੋਂ ਸੇਵਾ-ਮੁਕਤ ਹੋ ਕੇ ਜ਼ੀਰਕਪੁਰ ਰਹਿ ਰਿਹਾਂ ਹਾਂ, ਮੇਰੇ ਤਿੰਨ ਬੇਟੀਆਂ ਅਤੇ ਇੱਕ ਬੇਟਾ ਹੈ।
ਸਵਾਲ- ਕਿਸ ਗੱਲ ਦੇ ਮਾਹੌਲ ਨੇ ਤੁਹਾਨੂੰ ਸਾਹਿਤ ਵੱਲੀਂ ਖਿੱਚਿਆ?
ਜਵਾਬ- ਭਾਵੇਂ ਬੀਜ ਰੂਪ ਘਰ ਅਤੇ ਆਲੇ-ਦੁਆਲੇ ਵਿੱਚ ਹੀ ਪਏ ਸਨ, ਪਰ ਹੁਣ ਸਮੱਸਿਆ ਇਹ ਸੀ ਕਿ ਆਖਰ ਪੜਨਾ ਕੀ ਹੈ, ਇਸ ਕੰਮ ਦੀ ਸੋਝੀ ਦਿੱਤੀ ਲਾਡੋਵਾਲੀ ਦੇ ਦੁਆਬਾ ਸਕੂਲ ਨੇ,ਇਸੇ ਸਕੂਲ ਦੇ ਮੇਰੇ ਪੰਜਾਬੀ ਦੇ ਮਾਸਟਰ ਜੀ ਸਨ ‘ਗਿਆਨੀ ਜੀ’ ਜੋ ਨੰਗਲ ਸ਼ਾਮੇ ਤੋਂ ਆਉਦੇ ਸਨ, ਦੂਜੇ ਇੱਕ ਹੋਰ ਸਾਇੰਸ ਮਾਸਟਰ ਜੀ ਸਨ ਜੋ ਸਾਨੂੰ ਕਈ ਵਿਦਿਆਰਥੀਆਂ ਨੂੰ ਪ੍ਰੇਰਿਆ ਕਰਦੇ ਸਨ। ਸਾਇੰਸ ਮਾਸਟਰ ਕੋਲ ਲਾਇਬ੍ਰੇਰੀ ਦਾ ਚਾਰਜ ਹੁੰਦਾ ਸੀ ਤੇ ਉਹਨਾਂ ਦੀ ਇੱਛਾ ਹੁੰਦੀ ਸੀ ਬੱਚੇ ਐਂਵੇ ਤੁਰਨ ਫਿਰਨ ਨਾਲੋਂ ਕਿਤਾਬਾਂ ਨਾਲ ਜੁੜਨ ਉਹਨਾਂ ਇੱਕ ਪੀਰੀਅਡ ਹੀ ਜ਼ਰੂਰੀ ਕਰ ਦਿੱਤਾ ਸੀ ਕਿ ਪੂਰੀ ਕਲਾਸ ਹੀ ਕਿਤਾਬਾਂ ਲੈ ਕੇ ਪੜੇ। ਇਸ ਸਮੇਂ ਮੇਰਾ ਜਮਾਤੀ ਆਤਮਜੀਤ ਸੀ ਜੋ ਬਾਅਦ ਵਿੱਚ ਪ੍ਰਸਿੱਧ ਪੰਜਾਬੀ ਨਾਟਕਕਾਰ ਬਣਿਆ। ਉਹ ਸਾਨੂੰ ਕੁਝ ਮਿੱਤਰਾਂ ਨੂੰ ਕਿਤਾਬਾਂ ਦੇ ਨਾਂ ਦੱਸਦਾ ਕਿ ਫਲਾਂ ਕਿਤਾਬ ਜ਼ਰੂਰ ਪੜੋ। ਇਉ ਮੈਂ ਸਮਝ ਆਉਣ ਵਾਲੇ ਸਭ ਤੋਂ ਪਹਿਲਾਂ ਨਾਨਕ ਸਿੰਘ ਦੇ ਨਾਵਲ ਪੜਨੇ ਸ਼ੁਰੂ ਕੀਤੇ। ਅਸੀਂ ਤਿੰਨ-ਚਾਰ ਮੁੰਡੇ ਵੱਧ ਤੋਂ ਵੱਧ ਲਾਇਬ੍ਰੇਰੀ ਦੀਆਂ ਕਿਤਾਬਾਂ ਪੜਦੇ। ਨਾਨਕ ਸਿੰਘ ਤੋਂ ਇਲਾਵਾ ਭਾਈ ਵੀਰ ਸਿੰਘ, ਚਰਨ ਸਿੰਘ ਸ਼ਹੀਦ, ਸ. ਸ. ਅਮੋਲ ਸਿੰਘ ਦੀਆਂ ਕਈ ਕਿਤਾਬਾਂ ਹੁੰਦੀਆਂ। ਇਹਨਾਂ ਕਿਤਾਬਾਂ ਨੇ ਮੇਰੇ ਅੰਦਰ ਕਾਵਿਕ ਮਾਹੋਲ ਸਿਰਜਿਆ। ਜਦੋਂ ਦਸਵੀਂ ‘ਚ ਹੋਇਆ ਤਾਂ , ਸਾਨੂੰ ਪੜਾਉਣ ਅੰਗਰੇਜ਼ੀ ਮਾਸਟਰ ਬਲਬੀਰ ਸਿੰਘ ਆਏ, ਉਨਾਂ ਨੂੰ ਲਿਖਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦਿਨਾਂ ਵਿੱਚ ਉਨਾਂ ਦੀ ਕਿਤਾਬ ‘ਭਾਰਤ ਦੇ ਪਹਿਲਵਾਨ’ ਛਪ ਰਹੀ ਸੀ। ਬਸ ਇਹ ਉਮਰ ਸੀ ਜਦ ਮੈਂ ਕਿਤਾਬਾਂ ਨਾਲ ਮੁਹੱਬਤ ਪਾ ਬੈਠਾ ਤੇ ਬਾਦਸਤੂਰ ਜਾਰੀ ਹੈ।
ਸਵਾਲ- ਤੁਹਾਡੀ ਪ੍ਰੇਰਨਾ ਦੇ ਉਹ ਕਿਹੜੇ ਸਰੋਤ ਸਨ ਜਿਨ੍ਹਾਂ ਕਰਕੇ ਆਪ ਦਾ ਝੁਕਾਅ ਕਹਾਣੀ ਵੱਲ ਹੋਇਆ?
ਜਵਾਬ- ਦਸਵੀਂ ਦੇ ਪੇਪਰ ਦੇ ਕੇ ਮੈਂ ਵਿਹਲਾ ਹੋਇਆ ਤਾਂ ਮੇਰੇ ਦਾਦੇ ਨੇ ਮੈਨੂੰ ਲਾਇਲਪੁਰ ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿੱਚ ਲੁਆ ਦਿੱਤਾ। ਉਥੇ ਕੰਮ ਕਰਦਿਆਂ ਹੀ ਮੈਂ ਸ. ਸ. ਅਮੋਲ, ਪੋ. ਮੋਹਨ ਸਿੰਘ ਜੌਹਲ ਅਤੇ ੳੱੁਥੇ ਹੀ ਕਿਤਾਬਾਂ ਲੈਣ ਆਏ ਹਰਨਾਮ ਦਾਸ ਸਹਿਰਾਈ ਨੂੰ ਵੇਖਿਆ। ਹੋਰ ਵੀ ਕਈ ਲੇਖਕ ਦੇਖੇ ਜੋ ਪੰਜਾਬੀ ਦੇ ਪ੍ਰਸਿੱਧ ਅਦੀਬ ਬਣੇ ਅੱਗੇ ਚਲ ਕੇ ਜਿਵੇਂ ਬਰਜਿੰਦਰ ਸਿੰਘ ਹਮਦਰਦ, ਕੰਵਰ ਸੁਖਦੇਵ ਸਿੰਘ, ਅਮਰਜੀਤ ਚੰਦਨ, ਗੁਰਦੇਵ ਸਿੰਘ ਸਿੱਧੂ ਅਤੇ ਹੋਰ। ਲਾਇਬ੍ਰੇਰੀ ਵਿੱਚ ਹੀ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ‘ਤੇ ਉਸ ਸਮੇਂ ਮੇਰੀ ਪਹਿਲੀ ਗਜ਼ਲ ਵੀ ਕਾਲਜ ਦੇ ਮੈਗਜ਼ੀਨ ‘ਬਿਆਸ’ ਵਿੱਚ ਛਪੀ। ਉਦੋਂ ਹੀ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਜਿਹੜੀ ਮੈਂ ਅਮਰਜੀਤ ਚੰਦਨ ਨੂੰ ਦਿਖਾਈ ਜਿਹਦੇ ਲਿਖਣ ਢੰਗ ਅਤੇ ਬਣਤਰ ਬਾਰੇ ਪਹਿਲਾ ਸਬਕ ਮੈਨੂੰ ਚੰਦਨ ਨੇ ਦਿੱਤਾ। ਉਹ ਉਦੋਂ ਬੀ. ਏ. ਕਰ ਰਹੇ ਸਨ।
ਸਵਾਲ- ਨਵੇਂ ਲੇਖਕਾਂ ਨੂੰ ਪਹਿਲੇ-ਪਹਿਲ ਛਪਣ ਸਮੇਂ ਅਤੇ ਕਿਤਾਬ ਛਪਾਉਣ ਲਈ ਬੜੀਆਂ ਮੁਸ਼ਕਿਲਾਂ ਪੇਸ਼ ਆਉਦੀਆਂ ਨੇ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਹੋਇਆ?
ਜਵਾਬ- ਬਿਲਕੁਲ ਨਹੀਂ, ਉਸ ਸਮੇਂ ਦੇ ਚਰਚਿਤ ਪਰਚਿਆਂ ਨੇ ਮੇਨੂੰ ਛਾਪਿਆ ‘ਨਾਗਮਣੀ’ ਨੇ ਡੇਢ ਕੁ ਸਾਲ ਵਿੱਚ ਮੇਰੀਆਂ ਕਹਾਣੀਆਂ ਅਤੇ ਨਾਵਲੈੱਟ ਛਾਪ ਕੇ ਮੇਰੀ ਇੱਕ ਵੱਖਰੀ ਭਾਂਤ ਦੇ ਲੇਖਕ ਵਜੋਂ ਪਛਾਣ ਕਰਵਾ ਦਿੱਤੀ। ‘ਲਕੀਰ’, ‘ਹੇਮਜਯੋਤੀ’, ‘ਸਰਦਲ ਪ੍ਰੇਰਨਾ’ ਅਤੇ ਉਸ ਸਮੇਂ ਦੇ ਕਈ ਪਰਚਿਆਂ ਨੇ ਮੈਨੂੰ ਛਾਪਿਆ। ‘ਆਰਸੀ’ ਅਤੇ ‘ਸਿਰਜਣਾ’ ਨੂੰ ਮੈਂ ਬਾਅਦ ਵਿੱਚ ਰਚਨਾਵਾਂ ਭੇਜਣ ਲੱਗਾ। ਇਸੇ ਤਰ੍ਰਾਂ ਮੇਰੀ ਪਹਿਲੀ ਕਿਤਾਬ ਵੀ ਝੱਟ ਹੀ ਛਪ ਗਈ। ਅਮਰਜੀਤ ਚੰਦਨ ਮੇਰੇ ਕੋਲੋਂ ਕੁਝ ਕਹਾਣੀਆਂ ਲੈ ਗਿਆ। ਦੋਂ ਕੁ ਮਹੀਨੇ ਮਗਰੋਂ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੀ ਕਿਤਾਬ ਛਪ ਗਈ ਏ। ਇਹ ਪਹਿਲੀ ਕਿਤਾਬ ਭਾਜੀ ਗੁਰਸ਼ਰਨ ਸਿੰਘ ਨੇ ਛਾਪੀ ਸੀ ‘ਮਿੱਟੀ ਰੰਗੇ ਲੋਕ’ ਦੂਜੀ ਵੀ ਇਉਂ ਹੀ ਛਪ ਗਈ, ਉਹ ਮਹਿੰਦਰ ਭੱਟੀ ਦੀ ਕੋਸ਼ਿਸ਼ ਸਦਕਾ ਛਪੀ।
ਸਵਾਲ- ਕੋਈ ਉਸਤਾਦ ਵੀ ਧਾਰਿਆ?
ਜਵਾਬ- ਮੈਂ ਕੁਝ ਇਸ ਤਰਾਂ ਦੇ ਮਾਹੌਲ ਵਿੱਚੋਂ ਨਿਕਲਿਆ ਸੀ ਕਿ ਕਿਸੇ ਨਾਲ ਸਬੰਧ ਬਣਾਉਣੋਂ ਝਿਜਕਦਾ। ਸਹੀ ਗੱਲ ਤਾਂ ਇਹ ਹੈ ਕਿ ਮੇੇਰੇ ਅੰਦਰ ਕੋਈ ਕੰਪਲੈਕਸ ਛੁਪਿਆ ਬੈਠਾ ਸੀ। ਮੈਂ ਕਿਸੇ ਨਾਲ ਵਾਧੂ ਗੱਲ ਨਹੀਂ ਸੀ ਕਰਦਾ।
ਸਵਾਲ- ਕਹਾਣੀ ਦਾ ਮੁੱਢਲਾ ਖਾਕਾ ਕਿਵੇਂ ਬਣਦਾ ਏ ਮਨ ‘ਚ?
ਜਵਾਬ- ਮੈਨੂੰ ਲੱਗਦਾ ਕਹਾਣੀ ਕੋਈ ਗੁਆਚੀ ਚੀਜ਼ ਨਹੀ ਹੁੰਦੀ। ਅਚਾਨਕ ਹੀ ਜਦੋਂ ਘਟਨਾਵਾਂ ਵਾਪਰਦੀਆਂ ਨੇ ਤੇ ਲੇਖਕ ਸਰਸਰੀ ਜਿਹਾ ਵਾਚਦਾ ਹੈ। ਉਨਾਂ ‘ਚੋਂ ਜੋਂ ਕਹਾਣੀਆਂ ਉਸਦੇ ਜ਼ਹਿਨ ‘ਚ ਬੈਠੀ ਰਹਿ ਜਾਂਦੀ ਹੈ ਉਹਦੀ ਕਲਪਨਾ ‘ਚ ਚੱਕਰ ਕੱਟਣ ਲੱਗਦਾ ਹੈ ‘ਤੇ ਜਦੋਂ ਜ਼ਹਿਨ ਤੇ ਵਿਚਾਰਾਂ ਦਾ ਟਕਰਾਓ ਹੁੰਦਾ ਹੈ,ਤਾਂ ਕਹਾਣੀ ਦਾ ਢਾਂਚਾ ਬਣਨ ਲੱਗਦਾ ਹੈ। ਕਹਾਣੀ ਦਾ ਖਾਕਾ ਅਸਲ ‘ਚ ਲੇਖਕ ਦੇ ਜ਼ਹਿਨ ‘ਚ ਹੋਣਾ ਜ਼ਰੂਰੀ ਹੈ। ਜਿਹੜਾ ਲੇਖਕ ਕਹਿੰਦਾ ਹੈ ਕਿ ਬੱਸ ਉਹ ਤਾਂ ਲਿਖੀ ਤੁਰੀ ਜਾਂਦਾ ਹੈ। ਅਸਲ ‘ਚ ਉਨਾਂ ਨੂੰ ਸ਼ਾਇਦ ਕਿਸੇ ਦੇ ਹੁੰਗਾਰੇ ਦੀ ਲੋੜ ਨਹੀਂ ਹੁੰਦੀ। ਮੈਂ ਜ਼ਹਿਨ ਵਿੱਚ ਹੀ ਨਹੀ ਬਲਕਿ ਕਈ ਵਾਰ ਕਾਗਜ਼ ਉਤੇ ਹੀ ਖਾਕਾ ਬਣਾ ਲੈਂਦਾ ਹਾਂ ਜਿਵੇਂ ਪਾਤਰਾਂ ਦੇ ਨਾਂ, ਸਮਾਂ, ਸਥਾਨ ਤੇ ਵਿਸ਼ੇ ਦਾ ਸਾਰ। ਇਹ ਮੈਂ ਡਾਇਰੀ ਵੀ ਚਾੜ ਲੈਂਦਾ ਹਾਂ।
ਸਵਾਲ- ਕਹਾਣੀ ਸਮੇਂ ਸਭ ਤੋਂ ਵੱਧ ਧਿਆਨ ਕਿਨਾਂ ਨੁਕਤਿਆਂ ‘ਤੇ ਦਿੰਦੇ ਹੋ?
ਜਵਾਬ- ਕਹਾਣੀ ਲਿਖਣ ਸਮੇਂ ਮੇਰੇ ਜਿਹਨ ਵਿੱਚ ਪਾਤਰ ਵਸੇ ਹੁੰਦੇ ਹਨ, ਉਨਾਂ ਦੀਆਂ ਗੱਲਾਂ ਮੇਰੇ ਦਿਮਾਗ ‘ਤੇ ਭਾਰੂ ਹੋਏ ਹੁੰਦੇ ਹਨ। ਮੈਨੂੰ ਇਨਾਂ ਤੋਂ ਪਤਾ ਹੁੰਦਾ ਹੈ ਕਿ ਮੇਰੀ ਕਹਾਣੀ ਦਾ ਵਿਸ਼ਾ ਕੀ ਏ।
ਸਵਾਲ- ਤੁਹਾਡੇ ਲਈ ਲੇਖਕ ਹੋਣ ਦਾ ਕੀ ਅਰਥ ਹੈ? ਕਿਨਾਂ ਗੱਲਾਂ ਕਰਕੇ ਕਿਸੇ ਲੇਖਕ ਦੀ ਕਿਰਤ ਨੂੰ ਚੰਗੀ ਰਚਨਾ ਸਮਝਿਆ ਜਾਵੇ?
ਜਵਾਬ- ਮੇਰੇ ਅਨੁਸਾਰ ਲਿਖਣਾ ਇਕ ਕਲਾ ਹੈ, ਜਿਸਨੂੰ ਲੇਖਕ ਆਪਣੇ ਅਨੁਸਾਰ ਵਰਤਦਾ ਹੈ। ਅਸਲ ਰਚਨਾ ਉਹ ਜੋ ਪਾਠਕ ਨੂੰ ਕੁਝ ਸੋਚਣ ਲਈ ਮਜ਼ਬੂਰ ਕਰੇ ‘ਤੇ ਸੁਹਜ ਦੀ ਪ੍ਰਾਪਤੀ ਵੀ ਕਰੇ। ਨਿਰੋਲ ਵਿਚਾਰਧਾਰਾ ਦਾ ਪ੍ਰਗਟਾਵਾ ਵੀ ਸਾਹਿਤ ਨਹੀ ਕਿਹਾ ਜਾ ਸਕਦਾ।
ਸਵਾਲ- ਵਿਚਾਰਧਾਰਾ ਸਾਹਿਤਕ ਕਿਰਤ ਵਿੱਚ ਕਿਵੇਂ ਆਵੇ? ਤੁਸੀਂ ਕਿਸ ਵਿਚਾਰਧਾਰਾ ਨਾਲ ਜੁੜੇ ਹੋ?
ਜਵਾਬ- ਮੈਂ ਕਿਸੇ ਸਿਆਸੀ ਪਾਰਟੀ ਨਾਲ ਸਿੱਧੇ ਤੋਰ ‘ਤੇ ਨਹੀ ਜੁੜਿਆ। ਬਹੁਤੇ ਲੇਖਕ ਇਸ ਤਰਾਂ ਜੁੜਿਆ ਵੀ ਨਹੀ ਕਰਦੇ। ਪਰ ਇਸਦੇ ਬਾਵਜੂਦ ਲੇਖਕ ਅੰਦਰ ਨਿਰਨਾਇਕ ਸ਼ਕਤੀ ਹੁੰਦੀ ਹੈ, ਜੋ ਉਸ ਲਈ ਪਥ-ਪਰਦਰਸ਼ਕ ਦਾ ਕੰਮ ਕਰਦੀ ਹੈ ਉਸਨੇ ਕਿਹੜਾ ਰਾਹ ਅਪਨਾਉਣਾ ਹੈ। ਉਸ ਦੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦਾ ਕਿਹੜੇ ਨਜ਼ਰੀਏ ਨਾਲ ਵਿਸ਼ਲੇਸ਼ਣ ਕਰਨਾ ਹੈ। ਜਦੋ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਉਦੋਂ ਨਕਸਲੀ ਲਹਿਰ ਦਾ ਜ਼ੋਰ ਸੀ ਜੋ ਸਾਹਿਤ ਨਾਲ ਜੁੜੇ ਨੋਜ਼ਵਾਨਾਂ ‘ਤੇ ਸਿੱਧਾ ਅਸਰ ਪਾਉਦੀ ਸੀ। ਮੈਂ ਮਹੁੱਲੇ ਵਿੱਚ ਭਾਰਤ ਨੋਜ਼ਵਾਨ ਸਭਾ ਵਿੱਚ ਆਉਦਾ ਸੀ। ਉਸ ਸਭਾ ਦਾ ਮੇਰੇ ‘ਤੇ ਏਨਾ ਅਸਰ ਸੀ ਕਿ ਮੈਂ ਪਿੰਡ ਜੇ ਸਫੈਦਪੋਸ਼ਾ ਦਾ ਸਿੱਧਾ ਵਿਰੋਧ ਕਰਨ ਲੱਗ ਪਿਆ ਪੁਲਸ ਨਾਲ ਵੀ ਆਢਾ ਲਿਆ, ਥਾਣਿਆਂ ‘ਤੇ ਪੁਲਸ ਰਿਮਾਡਾਂ ਵਿੱਚ ਵੀ ਉਲਝਿਆ। ਇਹ ਸਭ ਮੇਰੀਆ ਪਹਿਲੀਆਂ ਕਹਾਣੀਆਂ ਵਿੱਚ ਵੀ ਨਜ਼ਰ ਆਵੇਗਾ। ਇੱਕ ਗੱਲ ਸਾਫ ਹੈ ਕਿ ਲੇਖਕ ਕਦੇ ਢਹਿੰਦੇ ਵਿਚਾ੍ਰਰਾਂ ਵਾਲਾ ਨਹੀਂ ਹੁੰਦਾ। ਉਹ ਜ਼ਿੰਦਗੀ ਦੀ ਖੂਬਸੂਰਤੀ ਤੇ ਬੇਹਤਰੀ ਲਈ ਆਪਣੀ ਰਚਨਾ ਨੂੰ ਹਥਿਆਰ ਵਜੋਂ ਵਰਤਦਾ ਹੈ। ਮੈਂ ਵਿਚਾਰਧਾਰਕ ਪੱਖੋਂ ਇਥੇ ਖੜਾ ਹਾਂ।
ਸਵਾਲ- ਤੁਹਾਡੇ ਪਹਿਲੇ ਕਹਾਣੀ ਸੰਗ੍ਰਿਹ ‘ਮਿੱਟੀ ਰੰਗੇ ਲੋਕ’ ਦੇ ਪਾਤਰ ‘ਧਰਤੀ ਪੁੱਤਰ’ ਦੇ ਪਾਤਰਾਂ ਤੋਂ ਬਿਲਕੁਲ ਵੱਖਰੀ ਸੋਚਣੀ ਤੇ ਰਹਿਤਲ ਦੇ ਮਾਲਕ ਹਨ। ‘ਧਰਤੀ ਪੁੱਤਰ’ ਸੰਗ੍ਰਿਹ ਦੇ ਪਾਤਰਾਂ ਦੇ ਮਸਲੇ ਮੁਹੱਬਤ ਅਤੇ ਪ੍ਰੇਮ ਵਿਆਹ ਨਾਲ ਸਬੰਧਤ ਹਨ। ਇਹ ਬਦਲਾਅ ਕਿਉ?
ਜਵਾਬ- ‘ਮਿੱਟੀ ਰੰਗੇ ਲੋਕ’ ਦੀਆਂ ਕਹਾਣੀਆਂ ਮੈਂ 1970 ਤੋਂ 74 ਤੱਕ ਦੇ ਸਮੇਂ ਦੌਰਾਨ ਲਿਖੀਆਂ। ‘ਧਰਤੀ ਪੁੱਤਰ’ ਦੀਆਂ ਕਹਾਣੀਆ 1997 ਤੋਂ 2002 ਤੱਕ ਦੀਆਂ ਹਨ। ਲੇਖਕ ਨੂੰ ਬਹੁਤਾ ਕੁਝ ਸਮਾਜ ਹੀ ਦਿੰਦਾ ਹੈ- ਸਮਾਜ ਵਿੱਚ ਨਵੇਂ-ਨਵੇਂ ਮਸਲੇ ਪੈਦਾ ਹੋ ਰਹੇ ਹਨ। ਇਸ ਸਮੇਂ ਦੌਰਾਨ ਮੇਰਾ ਅਨੁਭਵ ਕੁਝ ਇਸ ਤਰਾਂ ਹੀ ਰਿਹਾ।
ਸਵਾਲ- ‘ਧਰਤੀ ਪੁੱਤਰ’ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਨੂੰ ਫਾਰਮੂਲਾ ਟਾਈਪ ਕਹਾਣੀਆਂ ਸਮਿਝਆ ਜਾ ਰਿਹਾ ਹੈ। ਇੱਕ ਕਲਾਕਾਰ ਦੇ ਅੰਦਰੋਂ ਇਕੋ ਕਿਸਮ ਦਾ ਰਚਨਾਤਮਕ ਅਮਲ ਕਿਹੜੀਆਂ ਸਥਿਤੀਆਂ ਕਾਰਨ ਭਾਰੂ ਰਹਿੰਦਾ ਹੈ। ਨਾਲੇ ਇਹ ਦੱਸੋ ਤੁਹਾਡੀਆਂ ਇਨਾ ਕਹਾਣੀਆਂ ‘ਚ ਨੀਵੀ ਜਾਤ ਦੇ ਮੁੰਡੇ ਤੇ ਉਚੀ ਜਾਤ ਦਾ ਪਿਆਰ ਕਿਉ ਦਿਖਾਇਆ ਜਾਂਦਾਂ ਹੈ, ਜਦ ਇਸ ਕਿ ਤੋਂ ਉਲਟ ਕਿਉ ਨਹੀਂ ਵਾਪਰਦਾ ਕਿਤੇ ਉੱਚੀ ਜਾਤ ਨਾਲ ਕੋਈ ਖੁੰਦਕ ਤਾਂ ਨਹੀ?
ਜਵਾਬ- ਜੀ ਬਿਲਕੁਲ ਨਹੀ ਮੇਰੇ ਬਹੁਤ ਸਾਰੇ ਦੋਸਤ ਜੱਟ ਬਰਾਦਰੀ ਨਾਲ ਸਬੰਧਤ ਹਨ। ਇਹਨਾਂ ਕਹਾਣੀਆਂ ਦੇ ਅਸਲ ਕਾਰਨ ਮੇਰੀ ਆਲਾ ਦੁਆਲਾ ਵੀ ਸੀ। ਮੇੇਰੇ ਬਹੁਤ ਸਾਰੇ ਨਿਮਨ ਤਬਕੇ ਨਾਲ ਸਬੰਧਤ ਦੋਸਤਾਂ ਦੇ ਇੰਟਰ-ਕਾਸਟ ਵਿਆਹ ਹੋਏ ਹਨ, ਜਿਵੇਂ ਲਕਸ਼ਮੀ ਨਾਰਾਇਣ ਭੀਖੀ, ਨਰਿੰਦਰ ਸੱਤੀ, ਦੇਸ ਰਾਜ ਕਾਲੀ,ਪ੍ਰੋਫੈਸਰ ਅਜੀਤ ਲੰਗੇਰੀ, ਤੇ ਮੇਰੇ ਚਾਚੇ ਦੇ ਲੜਕੇ ਦੀ - ਇਹ ਸਭ ਘਟਨਾਵਾਂ ਨੇ ਮੇਨੂੰ ਲਿਖਣ ਲਈ ਪ੍ਰੇਰਿਤ ਕੀਤਾ।
ਸਵਾਲ- ਕੀ ਤੁਸੀ ਹੁਣ ਤੀਕ ਦਲਿਤਾਂ ਬਾਰੇ ਲਿਖੀ ਕਹਾਣੀ ਤੋਂ ਸੰਤੁਸ਼ਟ ਹੋ, ਉਹ ਪੱਖ ਦੱਸੋ ਜਿਨਾਂ ‘ਤੇ ਅਜੇ ਤੀਕ ਲਿਖਿਆ ਨਾ ਗਿਆ ਹੋਵੇ?
ਜਵਾਬ- ਦਲਿਤਾਂ ਬਾਰੇ ਕਈ ਬਹੁਤ ਵਧੀਆ ਕਹਾਣੀਆਂ ਲਿਖੀਆਂ ਗਈਆਂ ਹਨ। ਅਤਰਜੀਤ ਨੇ ਕਾਮਰੇਡ ਦੇ ਝੰਡੇ ਨੂੰ ਬੁਲੰਦ ਰੱਖਣ ਦੇ ਮੱਤ ਵਿੱਚ ਭਾਵੇਂ ਦਲਿਤ ਪਾਤਰ ਦੀ ਅਮੀਰੀ ‘ਤੇ ਕਮੀਨਗੀ ਬਾਰੇ ‘ਠੂਗਾਂ’ ਕਹਾਣੀ ਲਿਖੀ ਪਰ ਉਹ ਬਹੁਤ ਵਧੀਆ ਸੀ। ਮੋਹਨ ਲਾਲ ਫਿਲੋਰੀਆ, ਦੇਸ ਰਾਜ ਕਾਲੀ, ਸਰੂਪ ਸਿਆਲਵੀ, ਗੁਰਮੀਤ ਕੜਿਆਨਵੀ ਤੇ ਭਗਵੰਤ ਰਸੂਲਪੁਰੀ ਸਾਡੇ ਤੋਂ ਬਾਅਦ ਦੇ ਵਧੀਆ ਕਹਾਣੀਕਾਰ ਹਨ।
ਸਵਾਲ- ਤੁਸੀ ਆਪਣੇ ਕਹਾਣੀ ਸੰਗ੍ਰਿਹ ‘ਜੀਣ-ਮਰਨ’ ਅਤੇ ‘ਅਰਜਨ ਸਫੈਦੀ ਵਾਲਾ’ ‘ਚ ਆਰਥਕ ਪੱਖੋਂ ਦੱਬੇ ‘ਤੇ ਸਮਾਜਕ ਤੋਰ ‘ਤੇ ਹੀਣੇ ਪਾਤਰਾਂ ਦੀ ਜਾਤੀ ਦ੍ਰਿਸ਼ਟੀਕੋਣ ‘ਤੋਂ ਪੇਸ਼ ਕੀਤਾ ਹੈ ਜਾਂ ਜਮਾਤੀ?
ਜਵਾਬ- ਮੈਂ ਕਹਾਣੀਆਂ ਦੋਹਾਂ ਪੱਖਾਂ ਨੂੰ ਲੈ ਕੇ ਲਿਖੀਆਂ ਹਨ। ਸਾਡਾ ਸਮਾਜਕ ਢਾਂਚਾ ਏਨਾ ਨਿੱਘਰਿਆ ਹੋਇਆ ਹੈ ਕਿ ਅੱਜ ਵੀ ਜਾਤੀ ਵਿਸ਼ੇਸ਼ ਵੱਲ ਹੀ ਤਵੱਜੋ ਦਿੱਤੀ ਜਾਂਦੀ ਹੈ। ਮੈਂ ਨਾਵਲੈੱਟ ‘ਤਿੱਤਰ ਖੰਭੀ ਜੂਹ’ ਨੂੰ ਵਿਚਾਰਾਤਕਮ ਪੱਧਰ ਤੇ ਲਿਖਿਆ ਸੀ।
ਸਵਾਲ- ਆਪ ਦੀ ਕਿਹੜੀ ਕਹਾਣੀ ‘ਚ ‘ਅਰਜਨ ਸਫੈਦੀ ਵਾਲਾ’ ਲੁੱਕਿਆ ਹੋਇਆ ਹੈ?
ਜਵਾਬ- ਮੇਰੀ ਕੋਈ ਕਹਾਣੀ ਨਹੀਂ ਜਿਸ ਦਾ ਨਾਂ ‘ਅਰਜਨ ਸਫੈਦੀ ਵਾਲਾ’ ਹੋਵੇ।
ਸਵਾਲ- ‘ਤਿੱਤਰ ਖੰਭੀ ਜੂਹ’ ਨਾਵਲੈੱਟ ‘ਚ ਤੁਸੀ ਕਿਹੜੀ ਨਵੀਂ ਗੱਲ ਪੇਸ਼ ਕੀਤੀ ਹੈ ਨਾਲੇ ਇਹ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸੋ?
ਜਵਾਬ- ਇਸ ਨਾਵਲੈੱਟ ਨੂੰ ਲਿਖਣ ਵੇਲੇ ਮੇਰੇ ‘ਤੇ ਨਕਸਲਵਾੜੀ ਲਹਿਰ ਦਾ ਪ੍ਰਭਾਵ ਸੀ। ਇਸ ਵਿਚਲਾ ਮਸਲਾ ਵੱਡਾ ਸੀ- ਖੇਤ ਮਜ਼ਦੂਰ, ਕਿਸਾਨ ‘ਤੇ ਆੜਤੀਆ ਦਾ ਮਸਲਾ ਸੀ। ਤਿੰਨੋ ਵੱੱਖੋਂ-ਵੱਖ ਤਰਾਸਦੀਆਂ ਦੇ ਸ਼ਿਕਾਰ ਸਨ, ਤਿੰਨੋਂ ਪੰਜਾਬ ਦੀ ਆਰਥਕਤਾ ਦਾ ਆਧਰ ਹਨ ਪਰ ਤਿੰਨੋਂ ਆਪਣੇ-ਆਪਣੇ ਹੱਕਾਂ ਲਈ ਜੂਝ ਰਹੇ ਹਨ। ਦੋ ਧਿਰਾਂ ਮਾੜੀ ਧਿਰ ਦਾ ਹਰ ਪੱਖੋਂ ਸ਼ੋਸ਼ਣ ਕਰ ਰਹੀਆਂ ਹਨ- ਆਰਥਿਕ ਵੀ ‘ਤੇ ਜਿਸਮਾਨੀ ਵੀ, ਕਿਸਾਨ ਦੀ ਆੜਤੀਆ ਧਿਰ ਸ਼ੋਸ਼ਣ ਕਰਦੀ ਹੈ। ਇਉ ਕਈ ਪੱਖ ਸਨ ਵਿਅਕਤੀਗਤ ਪੱਧਰ ‘ਤੇ ਇਹ ਸਾਰਾ ਕੁਝ ਕਹਾਣੀਆਂ ਵਿੱਚ ਨਹੀਂਕਯ ਸੀ ਆ ਸਕਦਾ। ਜਿਸ ਕਰਕੇ ਨਾਵਲੈੱਟ ਲਿਖਣਾ ਪਿਆ।
ਸਵਾਲ- ਆਪ ਦੀ ਕਹਾਣੀ ‘ਬਚਨਾ ਬੱਕਰ ਵੱਢ’ ਕਿਨਾਂ ਪ੍ਰਸਥਿਤੀਆਂ ਦੀ ਦੇਣ ਹੈ?
ਜਵਾਬ- ਬੜੇ ਘੱਟ ਲੇਖਕ ਹੋਏ ਹਨ ਜਿਨਾਂ ਦੇ ਪੰਜਾਬ ਦੇ ਮਾੜੇ ਹਾਲਾਤਾਂ (1984 ਤੋਂ 90 ਤੱਕ) ਦੋਰਾਨ ਮਾਹੌਲ ਖ਼ਰਾਬ ਕਰਨ ਵਾਲੀਆਂ ਤਾਕਤਾਂ ਵਿਰੁੱਧ ਆਵਾਜ਼ ਉਠਾਈ। ਉਨਾਂ ਹਾਲਾਤਾਂ ਨੇ ਪੰਜਾਬ ਨੂੰ ਹਲੂਣਿਆ ਸੀ। ਮੇਰੀ ਸੋਚ ਅਨੁਸਾਰ ਅਜਿਹੀ ਲੜਾਈ ਵਿੱਚ ਸ਼ਾਮਲ ਦੋਹਾਂ ਹਿੱਤ ਜਦੋਂ ਕਿਸੇ ਟਰਨਿੰਗ ਪੁਆਇੰਟ ਆ ਕੇ ਟਕਰਾਉਣ ਦੀ ਬਜਾਏ ਆਪਸੀ ਪਛਾਣ ‘ਚ ਉਲਝਣ ਉਦੋਂ ‘ਬੱਕਰਾ ਵੱਢ’ ਜਨਮ ਲੈਂਦੀ ਹੈ।
ਸਵਾਲ- ਤੁਹਾਡੀਆਂ ਕਹਾਣੀਆਂ ਵਿੱਚ ਫੈਲਾਓ ਬਹੁ-ਪਸਾਰੀ ਹੈ ਪਰ ਨਿਭਾਏ ਕਿਸੇ ਇਕ ਨੁਕਤੇ ‘ਤੇ ਵੀ ਨਹੀ ਅਜਿਹਾ ਕਿਉ?
ਜਵਾਬ- ਤੁਹਾਡੇ ਇਸ ਸਵਾਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਕਹਾਣੀ ਦੀ ਵਿਉਤ ਕਹਾਣੀ ਦਾ ਅੰਤ ਤੇ ਕਹਾਣੀ ਅੰਦਰ ਦੀ ਰੌਚਕਤਾ ਸਮੇਂ ਹੋਰ ਨੁਕਤਿਆਂ ਵੱਲ ਵੀ ਧਿਆਨ ਕੇਂਦਰਿਤ ਰੱਖਦਾ ਹਾਂ, ਇਹ ਫੈਲਾਓ ਹੁੰਦਾ ਵੀ ਹੈ ਤਾਂ ਨਿਭਾਓ ਸਥਿਤੀ ਅਨੁਸਾਰ ਨੁਕਤਿਆਂ ਉਪਰ ਹੁੰਦਾ ਹੈ ਤਦ ਹੀ ਕਹਾਣੀ ਸੰਪੂਰਨ ਹੁੰਦੀ ਹੈ ਜਾਂ ਤੁਸੀ ਆਖੋ ਕਹਾਣੀਆਂ ਅਧੂਰੀਆਂ ਹਨ ਜਾਂ ਕੋਈ ਹੋਰ ਗੱਲ।
ਸਵਾਲ- ਤੁਹਾਡੀਆਂ ਕਹਾਣੀਆਂ ਦੇ ਸਿਰਲੇਖ ਇਕਹਿਰੇ ਤੇ ਵਿਅੰਜਨਾਤਮਕ ਅਰਥ ਭਰਪੂਰ ਮੰਨੇ ਜਾਂਦੇ ਨੇੇ ਆਮ ਪਾਠਕ ਕਿਵੇਂ ਸਮਝੇ?
ਜਵਾਬ- ਮੇਰੀ ਸੋਚ ਇਹ ਹੈ ਕਿ ਮੇਰਾ ਆਮ ਪਾਠਕ ਵੀ ਆਮ ਜਿਹਾ ਨਾ ਹੋਵੇ, ਉਹ ਗੱਲ ਨੂੰ ਤਾਂ ਫੜੇ ਰਚਨਾ ਵਿੱਚ ਬਥੇਰੀ ਵਾਰੀ ਲੁਕਵੇਂ ਅੱਖਰਾਂ ਵਿੱਚ ਲੁਕਵੀਂ ਭਾਸ਼ਾ ਵਿੱਚ ਗੱਲ ਕੀਤੀ ਹੁੰਦੀ ਹੈ। ਬਹੁਤੇ ਲੇਖਕ ਇਸ ਤਕਨੀਕ ਦੀ ਵਰਤੋਂ ਕਰਦੇ ਹਨ। ਪਾਠਕ ਨੂੰ ਸਾਹਿਤ-ਮੰਥਨ ਕਰਦਿਆਂ ਬੜਾ ਸੁਚੇਤ ਹੋਣਾ ਪੈਂਦਾ ਹੈ।
ਸਵਾਲ- ਆਪਣੀ ਨਿਵੇਕਲੀ ਭਾਸ਼ਾ ਸੈਲੀ ਬਾਰੇ ਕੀ ਕਹੋਗੇ?
ਜਵਾਬ- ਮੇਰੀਆਂ ਕਹਾਣੀਆਂ ਦੀ ਬੋਲੀ ਜਾਂ ਸ਼ੈਲੀ ਦੁਆਬੀ ਹੈ, ਤੁਹਾਨੂੰ ਮਾਲਵੇ ਵਾਲਿਆਂ ਨੂੰ ਸ਼ਾਇਦ ਕੁਝ ਨਿਵੇਕਲੀ ਲੱਗਦੀ ਜਿਵੇਂ ਸਾਨੂੰ ਦੁਆਬੀਆਂ ਨੂੰ ਮਲਵਈ ਜਾਂ ਮਾਝੀ। ਮੇਰੀਆਂ ਪਹਿਲੀਆਂ ਰਚਨਾਵਾਂ ਦਾ ਰੰਗ ਮਲਵਈ ਹੈ ਲੁਧਿਆਣੇ ਨੇੜਲੇ ਇਲਾਕੇ ਦਾ ਪਰ ਹੌਲੀ-ਹੌਲੀ ਮੈਂ ਆਪਣੀ ਬੋਲੀ ਸ਼ੈਲੀ ਪਰਤ ਆਇਆ ਹਾਂ।
ਸਵਾਲ- ਆਪ ਦੀ ਕਿਹੜੀ ਕਹਾਣੀ ਵੱਧ ਚਰਚਿਤ ਰਹੀ?
ਜਵਾਬ- ਇੱਕ ਸਮੇਂ ਮੇਰੀ ‘ਅਫ਼ਸਰ’ ਕਹਾਣੀ ਬਹੁਤ ਚਰਚਿਤ ਹੋਈ ਸੀ। ਉਸ ‘ਚ ਸਾਡੇ ਛੋਟੇ ਕਲਰਕ ਟਾਈਪ ਲੋਕਾਂ ਦਾ ਜ਼ਿਕਰ ਸੀ ਜਿਨਾਂ ਨੂੰ ਪੇਂਡੂ ਅਨਪੜ, ਲੋਕ ਅਫ਼ਸਰ ਹੀ ਸਮਝਦੇ ਸਨ ‘ਤੇ ਇਹ ਅਫ਼ਸਰ ਆਪਣੇ ਅਧੀਨ ਚਪੜਾਸੀ ਕੋਲੋਂ ਉਹਦੇ ਪਿੰਡ ਜਾ ਕੇ ਕੀ ਮੰਗਦੇ ਤੇ ਤਵੱਕੋ ਰੱਖਦੇ ਹਨ ਅਜਿਹੇ ਮਾਹੌਲ ਨੂੰ ਮੈਂ ਸਿਰਜਿਆ ਸੀ। ਇਸ ਤੋਂ ਬਾਅਦ ‘ਜੀਣ-ਮਰਨ’ ਵੀ ਬਹੁਤ ਚਰਚਿਤ ਰਹੀ। ਨਾਵਲੈੱਟ ‘ਤਿੱਤਰ ਖੰਭੀ ਜੂਹ’ ਨੇ ਲੰਮਾ ਸਮਾਂ ਲੋਕਾਂ ਦੇ ਦਿਲ ‘ਤੇ ਰਾਜ ਕੀਤਾ। ਇਸੇ ਤਰਾਂ ‘ਕੁੰਡਾ’ ‘ਇੱਕ ਟਿਕਟ ਰਾਮਪੁਰਾਫੂਲ’ ‘ਭਲਾ ਇਉਂ ਵੀ ਕੋਈ ਜਿਉਂਦਾ’ ਚਰਚਾ ਦਾ ਵਿਸ਼ਾ ਰਹੀਆਂ ਹਨ।
ਸਵਾਲ- ਜ਼ਿੰਦਗੀ ਦੀ ਕੋਈ ਅਜਿਹੀ ਘਟਨਾ ਜੋ ਮਨ-ਮਸਤਕ ‘ਤੇ ਉੱਕਰ ਗਈ ਹੋਵੇ?
ਜਵਾਬ- ਕਿਤਾਬਾਂ ਦੇ ਗਿਆਨ ਨੇ ਜਾਂ ਖਾਲਸਾ ਕਾਲਜ ‘ਚ ਮਿਲਦੇ ਵਿਦਵਾਨ ਲੋਕਾਂ ਦੇ ਸਾਥ ਨੇ ਮੇਰਾ ਦਿਮਾਗ ਹੋਰ ਪਾਸੇ ਪਾ ਦਿੱਤਾ ਸੀ ਤੇ ਮੈਂ ਪਿੰਡ ਦੇ ਹੋਰ ਲੋਕਾਂ ਨਾਲੋਂ ਬੜਾ ਵੱਖਰਾ, ਉੱਚਾ-ਉੱਚਾ ਤੇ ਨਿਵੇਕਲੀ ਸੋਚ ਵਾਲਾ ਸਮਝਣ ਲੱਗ ਪਿਆ ਸੀ ਪਰ ਸਾਡੇ ਘਰਾਂ ਤੋਂ ਬਾਹਰ ਆ ਕੇ ਵਸੇ ਤੇ ਰਤਾ ਕੁ ਆਰਥਕ ਪੱਖੋਂ ਸਾਡੇ ਘਰਾਂ ਨਾਲੋਂ ਚੰਗਾ ਹੋਣ ਕਰਕੇ ਕਰਤਾਰ ਸਿੰਘ ਸਾਡੇ ਘਰਾਂ, ਸਾਡੇ ਤਾਇਆਂ, ਚਾਚਿਆਂ ‘ਤੇ ਬਾਬਿਆਂ,ਦਾਦਿਆਂ ਨੂੰ ਉਹ ਹੈਂਕੜ ਨਾਲ ਵਗਾਰੀ ਰਲਾਈ ਰੱਖਦਾ। ਮੈਨੂੰ ਇਹ ਗੱਲਾਂ ਚੁਭਦੀਆਂ ਸਨ ਤੇ ਮੈਂ ਇਧਰ-ਉਧਰ ਦੂਜਿਆਂ ਵਾਂਗ ਵਗਾਰ ਨੂੰ ਕਰ ਸਕਦਾ ਸੀ ਤੇ ਆਪਣੇ ਘਰਦਿਆਂ ਨੂੰ ਵੀ ਰੋਕਦਾ ਸੀ। ਕਿਸੇ ਨੇ ਕਰਤਾਰ ਸਿੰਘ ਦੇ ਕੰਨ ਮੇਰੇ ਵਿਰੁੱਧ ਭਰ ਦਿੱਤੇ। ਕਰਤਾਰ ਸਿੰਘ ਪੁਲਿਸ ਦਾ ਟੋਟ ਵੀ ਸੀ ਤੇ ਥਾਣਿਆਂ ‘ਚ ਉਹਦੀ ਚੱਲਦੀ ਵੀ ਸੀ। ਕਰਤਾਰ ਸਿੰਘ ਨੇ ਇੱਕ ਦਿਨ ਸਾਈਕਲ ਮੇਨੂੰ ਫੜਾ ਕੇ ਕਿਹਾ ਕਿ ‘ਪ੍ਰੇਮ ਇਹਨੂੰ ਗਿੰਦੂ ਕੋਲ ਲੈ ਕੇ ਆਈਂ ਤੇ ਕਹੀਂ ਕਿ ਇਹਦਾ ਅਗਲਾ ਟਾਇਰ ਦੂਜੇ ਨਾਲ ਬਦਲ ਦੇਵੇ’। ਮੈਂ ਗਿੰਦੂ ਕੋਲ ਸਾਈਕਲ ਲੈ ਗਿਆ ਤੇ ਉਹਦੇ ਕੋਲ ਖੜਾ ਕਰ ਕਾਲਜ ਨੂੰ ਚਲਿਆ ਗਿਆ ਪਰ ਮੈਨੂੰ ਕਿਸੇ ਆ ਕੇ ਦੱਸਿਆ ਕਿ ਤੇਰੇ ਭਾਈਏ ਨੂੰ ਪੁਲਸ ਫੜ ਕੇ ਲੈ ਗਈ ‘ਅਖੇ ਤੇਰਾ ਮੁੰਡਾ ਪ੍ਰੇਮ ਚੋਰੀ ਦਾ ਸਾਈਕਲ ਇਥੇ ਦੇ ਗਿਆ’। ਦੂਜੇ ਦਿਨ ਥਾਣੇ ਜਾ ਕੇ ਮੈਂ ਸਾਰੀ ਗੱਲ ਥਾਣੇਦਾਰ ਨੂੰ ਦੱਸੀ ਪਰ ਉਹਨੇ ਨਾ ਸੁਣੀ। ਫਿਰ ਦੂਰ ਸ਼ੁਰੂ ਹੋਇਆ ਕਦੇ ਹਵਾਲਾਤ, ਕਦੇ ਸੀ.ਆਈ.ਏ ਸਟਾਫ ਫਿਰ ਛਾਉਣੀ ਦੀ ਮਾਰ ਡਾਢਾ ਪੁਲਿਸ ਤਸ਼ੱਦਦ ਝੱਲਿਆ ਮੈਂ, ਹੁਣ ਤੱਕ ਵੀ ਇਹ ਡਰਾਉਣਾ ਹਾਦਸਾ ਮਨ ਮਸਤਕ ‘ਤੇ ਉਕਰਿਆ ਪਿਆ ਹੈ।
ਸਵਾਲ- ਕੀ ਲੇਖਕ ਨੂੰ ਪਾਤਰਾਂ ਤੋਂ ਪਰੇ ਹੋ ਕੇ ਖਲੋ ਜਾਣਾ ਚਾਹੀਦੇ ਹੈ ਜਾਂ ਆਪ ਪਾਤਰਾਂ ਦੇ ਰੂਪ ‘ਚ ਆਉਣਾ ਚਾਹੀਦੇ ਹੈ?
ਜਵਾਬ- ਲੇਖਕ ਪਾਤਰਾਂ ਦੇ ਨਾਲ ਜ਼ਰੂਰ ਰਹੇ ਭਾਵੇਂ ਪਾਤਰਾਂ ਦੇ ਰੂਪ ‘ਚ ਆਏ ਜਾਂ ਨਾ ਆਏ।
ਸਵਾਲ- ਕਲਪਨਾ, ਅਧਿਐਨ ਤੇ ਤਜਰਬਾ ਕਹਾਣੀ ਲਿਖਣ ਲਈ ਕਿਸ ਦੀ ਵਧੇਰੇ ਲੋੜ ਹੁੰਦੀ ਹੈ?
ਜਵਾਬ- ਦੇਖੋ ਲੋੜ ਤਾਂ ਤਿੰਨਾ ਦੀ ਹੁੰਦੀ ਹੈ ਪਰ ਕਲਪਨਾ ਨਾਲੋਂ ਵਧੇਰੇ ਤਜਰਬਾ ‘ਤੇ ਅਧਿਐਨ ਕੰਮ ਕਰਦਾ ਹੈ।
ਸਵਾਲ- ਕੀ ਤੁਹਾਡੇ ਪਾਤਰ ਤੁਹਾਡੇ ਤੋਂ ਬਾਗੀ ਵੀ ਹੋ ਜਾਂਦੇ ਹਨ?
ਜਵਾਬ- ਮੇਰੇ ਪਾਤਰ ਭਾਂਵੇ ਪੂਰੀ ਤਰ੍ਹਾਂ ਮੇਰੇ ਹੱਥ ਵੱਸ ਹੁੰਦੇ ਹਨ, ਪਰ ਕਈ ਵਾਰ ਕਹਾਣੀ ਦੇ ਹਿਸਾਬ ਨਾਲ ਪਾਤਰਾਂ ‘ਚ ਤਬਦੀਲੀ ਵੀ ਆ ਜਾਂਦੀ ਹੈ।
ਸਵਾਲ- ਕੀ ਕਹਾਣੀ ਨਾਵਲ ਤੋਂ ਅਗਲੀ ਪੌੜੀ ਹੈ?
ਜਵਾਬ- ਅਗਲੀ ਪੜੀ ਨਹੀ ਦੋਵੇਂ ਆਪਸ ‘ਚ ਸੁਤੰਤਰ ਵਿਧਾਵਾਂ ਹਨ।
ਸਵਾਲ- ਅੱਜ ਪੰਜਾਬੀ ਕਹਾਣੀ ਕਿੱਥੇ ਖੜੀ ਹੈ?
ਜਵਾਬ- ਪੰਜਾਬੀ ਕਹਾਣੀ ਅੱਜ ਬਹੁਤ ਤਰੱਕੀ ਵਿੱਚ ਹੈ। ਨਵੇਂ ਕਹਾਣੀਕਾਰਾਂ ਨੇ ਬਹੁਤ ਸਾਰੇ ਨਵੇਂ ਵਿਸ਼ੇ ਕਹਾਣੀ ਵਿੱਚ ਲਿਆਂਦੇਂ ਹਨ।
ਸਵਾਲ- ਕੀ ਕਹਾਣੀ ਲਿਖਣੀ ਸੋਖੀ ਹੈ ਜਾਂ ਨਾਵਲ?
ਜਵਾਬ- ਕਹਾਣੀ ਲਿਖਣੀ ਨਾਵਲ ਤੋਂ ਸੌਖੀ ਹੈ, ਇਹ ਮੈਂ ਇਮਾਨਦਾਰੀ ਨਾਲ ਕਬੂਲਦਾ ਹਾਂ।
ਸਵਾਲ-ਪਾਠਕਾਂ, ਆਲੋਚਕਾਂ ਦਾ ਹੁੰਗਾਰਾ?
ਜਵਾਬ- ਪਾਠਕਾਂ ਦਾ ਹੁੰਗਾਰਾ ਤਾਂ ਠੀਕ ਰਿਹਾ ਹੈ ਅਸਲ ‘ਚ ਮੈਨੂੰ ਲੋਕਾਂ ਸਾਹਿਤਕਾਰ ਨਾਲੋਂ ਵੱਧ ਪੱਤਰਕਾਰ ਕਰਕੇ ਪਛਾਣਿਆ ਹੈ। ਰਹੀ ਗੱਲ ਆਲੋਚਕਾਂ ਦੀ ਉਹਨਾਂ ਨੂੰ ਤਾਂ ਬਾਹਰਲੇ (ਵਿਦੇਸ਼ੀ) ਲੇਖਕਾਂ ਦੇ ਕਸੀਦੇ ਪੜਨ ਤੋਂ ਵਿਹਲ ਨਹੀਂ ਮਿਲਦੀ। ਹੁਣ ਪੰਜਾਬੀ ਆਲੋਚਕ ਪਹਿਲੇ ਆਲੋਚਕਾਂ ਵਰਗੇ ਨਹੀਂ ਰਹੇ ਹੁਣ ਤਾਂ ਇਹ ਪੜੇ ਬਣੇ ਹੋਏ ਹਨ। ਪਰ ਫਿਰ ਵੀ ਮੇਰੇ ਬਾਰੇ ਡਾ. ਰਘਵੀਰ ਸਿੰਘ ‘ਸਿਰਜਣਾ’ ਨੇ ਜ਼ਰੂਰ ਲਿਖਿਆ ਹੈ, ਉਹ ਬਹੁਤ ਬਾਰੀਕ ਬੁੱਧੀ ਵਾਲਾ ਆਲੋਚਕ ਹੈ ਉਨਾਂ ਮੈਨੂੰ ‘ਦਲਿਤ ਅਨੁਭਵ ‘ਤੇ ਦਲਿਤ ਚੇਤਨਾ’ ਦਾ ਮੁੱਢਲਾ ਕਥਾਕਾਰ ਕਿਹਾ ਹੈ।
ਸਵਾਲ- ਲੇਖਕ ਲਈ ਇਨਾਮਾਂ-ਸਨਮਾਨਾਂ ਦੀ ਕੀ ਮਹੱਤਤਾ ਹੈ?
ਜਵਾਬ- ਇਨਾਮਾਂ-ਸਨਮਾਨਾਂ ਨਾਲ ਲੇਖਕ ਦਾ ਨਾਂ ਜ਼ਰੂਰ ਵੱਡਾ ਹੋ ਜਾਂਦਾ ਹੈ, ਪਰ ਰਚਨਾ ਨਹੀ। ਮੈਨੂੰ ਵੀ ਇਨਾਮ ਤਾਂ ਕਈ ਮਿਲੇ ਨੇ ਪਰ ਦਿੱਲੀ ‘ਚ ਮਿਲੇ ਡਾ. ਅੰਬੇਡਕਰ ਇਨਾਮ ਨੂੰ ਜ਼ਿਕਰਯੋਗ ਕਹਿ ਸਕਦੇ ਹਾਂ।
ਸਵਾਲ- ਲਿਖਣ ਵੇਲੇ ਕੋਈ ਖ਼ਾਸ ਮਾਹੌਲ?
ਜਵਾਬ- ਨਹੀਂ।
ਸਵਾਲ- ਪੱਤਰਕਾਰੀ ਵਰ ਰਹੀਂ ਜਾਂ ਸਰਾਪ?
ਜਵਾਬ- ਪੱਤਰਕਾਰੀ ਤਾਂ ਵਰ ਰਹੀ ਇਸਦੇ ਸਿਰ ‘ਤੇ ਹੀ ਮਾਣ-ਤਾਣ ਹੋਇਆ ਹੈ, ਨਾਲੇ ਵਿਦੇਸ਼ਾਂ ‘ਚ ਚੱਕਰ ਮਾਰ ਸਕਿਆ ਹਾਂ।
ਸਵਾਲ- ਸਮਕਾਲੀਆਂ ਤੋਂ ਕੀ ਵੱਖਰਾ ਲਿਖਿਆ ਹੈ?
ਜਵਾਬ- ਜਦੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ ਉਦੋਂ ਮੇਰੇ ਸਾਹਮਣੇ ਗੁਰਦਿਆਲ ਸਿੰਘ ਦਾ ‘ਮੜੀ ਦਾ ਦੀਵਾ’ ਸੀ ਉਸਦਾ ਪਾਤਰ ਮੈਨੂੰ ਬੜਾ ਕਮਜ਼ੋਰ ਨੂੰ ‘ਤੇ ਗਲੈਮਰ ਭਰਿਆ ਲੱਗਿਆ। ਅਸਲ ‘ਚ ਮੈਂ ਆਪਣੀਆਂ ਰਚਨਾਵਾਂ ‘ਚ ਦਲਿਤਾਂ ਦੇ ਜੀਵਨ ਦਾ ਕਰੂਰ ਯਥਾਰਥ ਪੇਸ਼ ਕੀਤਾ ਹੈ।
ਸਵਾਲ- ਤੁਸੀਂ ਦਲਿਤਵਾਦੀ ਕਹਾਣੀਕਾਰ ਹੋ ਜਾਂ ਪ੍ਰਗਤੀਵਾਦੀ?
ਜਵਾਬ- ਮੈਂ ਦੱਬੇ-ਕੁਚਲੇ ਤੇ ਗਰੀਬ ਲੋਕਾਂ ਦਾ ਕਹਾਣੀਕਾਰ ਹਾਂ।
ਸਵਾਲ- ਕੁਝ ਹੋਰ ਕਹਿਣਾ ਚਾਹੋਗੇ?
ਜਵਾਬ- ਮੇਰੇ ਖ਼ਿਆਲ ਤੁਸੀਂ ਬਹੁਤ ਪੁੱਛ ਲਿਆ।
ਲੋਕ ਰਾਜ
ਪ੍ਰੇਮ ਗੋਰਖੀ ਜੀ ਨੂੰ ਲੇਖਕ ਦੇ ਤੌਰ ਤੇ ਵੀ ਜਾਣਦਾ ਹਾਂ ਤੇ ਇੱਕ ਮਿੱਤਰ ਦੇ ਤੌਰ ਤੇ ਨੇੜਤਾ ਵੀ ਹੈ...ਗੋਰਖੀ ਦੀ ਰਚਨਾ ਨੂੰ ਸਿਰਫ ਤਥਾਕਥਿਤ ਦਲਿਤ ਚੇਤਨਾ ਨਾਲ ਜੋੜਨਾ ਗਲਤ ਹੈ....ਉਹ ਬੁਨਿਆਦੀ ਤੌਰ ਤੇ ਜਮਾਤੀ ਨਜ਼ਰੀਏ ਵਾਲਾ ਲੇਖਕ ਹੈ...ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਲਿਖਣਾ ਤੇ ਖੜੇ ਹੋਣਾ ਹਰ ਚੇਤਨ ਲੇਖਕ ਦਾ ਮੁਢਲਾ ਫਰਜ਼ ਹੈ.