Thu, 21 November 2024
Your Visitor Number :-   7256571
SuhisaverSuhisaver Suhisaver

ਐਸ ਅਸ਼ੌਕ ਭੋਰਾ : ਜਾਦੂਗਰ ਸ਼ਬਦਾਂ ਦਾ ਸਾਗਰ - ਸ਼ਿਵ ਕੁਮਾਰ ਬਾਵਾ

Posted on:- 24-08-2014

ਵਧੀਆ ਅਤੇ ਕੜਾਕੇਦਾਰ ਲਿਖਣ ਵਾਲਿਆਂ ਨਾਲ ਮੇਰਾ ਨਿਜੀ ਮੋਹ ਹੈ। ਐਸ ਅਸ਼ੌਕ ਭੌਰਾ ਪੰਜਾਬੀ ਭਾਸ਼ਾ ਦਾ ਅਜਿਹਾ ਕਲਮਕਾਰ ਹੈ ਜਿਸਦੀ ਕਲਮ ਨੇ ਲਿਖਣ ਕਲਾ ਵਿੱਚ ਨਿਵੇਕਲੀ ਦਿਲ ਟੁੰਬਵੀਂ ਛਾਪ ਛੱਡੀ ਹੈ ਜਿਸਦਾ ਕੋਈ ਮੁਕਾਬਲਾ ਨਹੀਂ । ਸ਼ਬਦਾਂ ਦੇ ਜਾਦੂਗਰ ਇਸ ਲੇਖਕ ਦਾ ਲਿਖਣ ਕਲਾ ਦਾ ਅੰਦਾਜ਼ ਅਜਿਹਾ ਹੈ ਕਿ ਉਸ ਨੂੰ ਪੜ੍ਹਦਿਆਂ ਪਾਠਕ ਥਕੇਵਾਂ ਮਹਿਸੂਸ ਨਹੀਂ ਕਰਦੈ।

ਉਸਦੀ ਹਰ ਲਿਖਤ ਨੂੰ ਪਾਠਕ ਪੂਰੀ ਨਿਚੋੜਕੇ ਛੱਡਦੈ ਜੋ ਹੁਣ ਤੱਕ ਦਾ ਉਸਦਾ ਰਿਕਾਰਡ ਹੈ। ਮੈਂ ਉਸਦੀਆਂ ਦੋ ਪੁਸਤਕਾਂ ‘ ਨੈਣ ਨਕਸ਼ ’ ਅਤੇ ਗੱਲੀਂ ਬਾਤੀਂ ਉਸਦੇ ਇੱਕ ਪ੍ਰਸੰਸਕ ਨੂੰ ਪੜ੍ਹਨ ਲਈ ਦਿੱਤੀਆਂ ਤਾਂ ਉਸਨੇ ਵੱਡ ਅਕਾਰੀ ਦੋਵੇਂ ਪੁਸਤਕਾਂ ਬੜੇ ਚਾਅ ਨਾਲ ਤਿੰਨ ਦਿਨਾਂ ਵਿੱਚ ਪੜ੍ਹਕੇ ਮੈਂਨੂੰ ਮੋੜਦਿਆਂ ਕਿਹਾ ਕਿ ਤੁਸੀਂ ਮੈਂਨੂੰ ਅੱਜ ਉਸਦੀ ਕਨੇਡਾ ਵਿੱਚ ਰਲੀਜ਼ ਹੋ ਰਹੀ ਪੁਸਤਕ ਵੀ ਪੜ੍ਹਨ ਨੂੰ ਦਿਓ..... ਉਸਦੀ ਪਰਪੱਕ ਲੇਖਣੀ ਦੀ ਖਿੱਚ ਦਾ ਕਮਾਲ ਆਖਿਆ ਜਾ ਸਕਦਾ ਹੈ।

ਐਸ ਅਸ਼ੌਕ ਭੌਰਾ ਦੀ ਲੇਖਣੀ ਬਾਰੇ ਪੰਜਾਬੀ ਦੇ ਉਘੇ ਲੇਖਕਾਂ ਅਤੇ ਪੱਤਰਕਾਰਾਂ ਵਰਿਆਮ ਸੰਧੂ, ਬਰਜਿੰਦਰ ਸਿੰਘ ਹਮਦਰਦ, ਸ਼ਮਸ਼ੇਰ ਸਿੰਘ ਸੰਧੂ ,ਗੁਰਭਜਨ ਗਿੱਲ, ਪਿ੍ਰੰਸੀਪਲ ਸਰਵਣ ਸਿੰਘ ਸਮੇਤ ਦਰਜ਼ਨ ਦੇ ਕਰੀਬ ਸ਼ਖਸ਼ੀਅਤਾਂ ਨੇ ਕਲਮ ਘਸਾਈ ਕਰਕੇ ਉਸਦੀ ਸਮੁੱਚੀ ਲੇਖਣੀ ,ਸ਼ਖਸ਼ੀਅਤ ਨੂੰ ਰਿੜਕਿਆ ਅਤੇ ਮੱਖਣ ਵਾਂਗ ਗੁਣ ਬਾਹਰ ਕੱਢੇ ਹਨ। ਭੌਰਾ ਵਧੀਆ ਲੇਖਕ ,ਪੱਤਰਕਾਰ ਅਤੇ ਇਨਸਾਨ ਹੈ। ਉਸਦੀਆਂ ਪਰਤਾਂ ਫੋਲਦਿਆਂ ਬੰਦਾ ਦੰਗ ਰਹਿ ਜਾਂਦੈ। ਉਹ ਵਧੀਆ ਪ੍ਰਬੰਧਕ, ਸਮਾਜ ਸੇਵਕ ਅਤੇ ਸਮਾਜ ਸੁਧਾਰਕ ਵੀ ਹੈ।
ਉਸਦੀ ਲੇਖਣੀ ਵਿੱਚ ਅਤਿ ਦਾ ਸੰਵਾਦ, ਲੋਹੜੇ ਦਾ ਦਰਦ, ਪੇਟ ਭਰਵਾਂ ਵਿਅੰਗ, ਢਿੱਡੀਂ ਪੀੜ੍ਹਾਂ ਪਵਾਉਣ ਵਾਲਾ ਹਾਸਾ ਹੁੰਦੈ ਜੋ ਉਸਦੀ ਆਪੇ ਆਖੀ ਗੱਲ ‘ ਜਿਹਨੂੰ ਗੱਲ ਕਰਨ ਤੇ ਗੱਲ ਸਮਝਾਉਣ ਦੀ ਕਲਾ ਆ ਜਾਵੇ , ਸ਼ਾਇਦ ਉਸਤੋਂ ਵੱਡਾ ਕਲਾਕਾਰ ਨਾ ਹੋਵੇ।’ ਦੀ ਪੂਰਤੀ ਕਰਦੀ ਹੈ। ਉਸਨੇ ਬਹੁਤ ਸਾਰੇਵਿਸ਼ਿਆਂ ਤੇ ਕਲਮ ਘਸਾਈ ਕੀਤੀ ਅਤੇ ਆਪਣੀ ਦਮ ਖਮਵਾਲੀ ਲੇਖਣੀ ਨਾਲ ਹਰ ਵਿਸੇ ਤੇ ਲਿਖਕੇ ਦੂਸਰਿਆਂ ਨਾਲੋਂ ਅਲੱਗ ਪਹਿਚਾਣ ਬਣਾਈ ਹੈ। ਉਸਨੇ ਅਜਿਹੇ ਕਲਾਕਾਰਾਂ ਬਾਰੇ ਲਿਖਕੇ ਉਹਨਾਂ ਨੂੰ ਅੰਬਰੀਂ ਚਾੜ੍ਹਿਆ ਜੋ ਉਸ ਕੋਲ ਕਿਸੇ ਸਮੇਂ ਨੰਗੇ ਪੈਰੀਂ ਅਤੇ ਫਟੇ ਪੁਰਾਣੇ ਕੱਪੜੇ ਪਾਕੇ ਆਉਂਦੇ ਸਨ। ਇੱਕ ਵਾਰੀ ਅੱਜ ਦੇ ਪੋਪ ਸਟਾਰ ਗਾਇਕ ਦਲੇਰ ਮਹਿੰਦੀ ਨੂੰ ਉਸਨੇ ਅਣਜਾਣ ਸਮਝ ਕੇ ਸ਼ੌਂਕੀ ਮੇਲੇ ਦੀ ਸਟੇਜ ਤੇ ਸਮਾਂ ਨਾ ਦਿੱਤਾ । ਉਸਨੇ ਦੂਸਰੇ ਸਾਲ ਸਮਾਂ ਲੈਣ ਵਿੱਚ ਸਫਲਤਾ ਹਾਸਿਲ ਕਰ ਲਈ ਤਾਂ ਉਸਨੇ ਸਟੇਜ ਤੇ ਹੀ ਆਖ ਦਿੱਤਾ ਕਿ ਭਰਾਵੋ ਮੈਂ ਪੰਜਾਬੀ ਗਾਇਕ ਕਹਾਉਣ ਦੇ ਅੱਜ ਲਾਇਕ ਹੋ ਗਿਆ ਹਾਂ। ਸੋ ਉਸੇ ਦਲੇਰ ਮਹਿੰਦੀ ਦੀ ਪਤਨੀ ਨੇ ਜਦ ਉਸਨੂੰ ਤਾਹਨਾਂ ਮਾਰਿਆ ਕਿ ਮੈਂ ਆਪਜੀ ਨੂੰ ਉਦੋਂ ਤੱਕ ਗਾਇਕ ਨਹੀਂ ਮੰਨਦੀ ਜਦੋਂ ਤੱਕ ਅਜੀਤ ਅਖਬਾਰ ਵਿੱਚ ਲਿਖਣ ਵਾਲਾ ਭੌਰਾ ਤੇਰੇ ਬਾਰੇ ਨਹੀਂ ਲਿਖਦਾ..? ਪੰਜਾਬੀ ਦੇ ਇਸ ਕਲਾਕਾਰ ਬਾਰੇ ਜਦ ਭੋਰਾ ਨੇ ਲਿਖਿਆ ਤਾਂ ਉਹ ਰਾਤੋ ਰਾਤ ਆਪਣੇ ਗੀਤਾਂ ਨਾਲ ਪੰਜਾਬੀ ਗਾਇਕੀ ਦਾ ਸਟਾਰ ਬਣ ਗਿਐ।

ਕੋਈ ਸਮਾਂ ਸੀ ਜਦੋਂ ਅਖਬਾਰਾ ਵਿੱਚ ਆਰਟੀਕਲ ਛਪਣ ਨਾਲ ਕਲਾਕਾਰ ਆਪਣੇ ਆਪਨੂੰ ਕਲਾਕਾਰ ਮੰਨਣ ਲੱਗ ਪੈਂਦੇ ਸਨ। ਉਹ ਵੀ ਸਮਾਂ ਸੀ ਜਦ ਲੋਕ ਅਖਬਾਰਾਂ ’ ਚ ਸ਼ਮਸ਼ੇਰ ਸਿੰਘ ਸੰਧੂ ਅਤੇ ਐਸ ਅਸ਼ੌਕ ਭੋਰਾ ਦੇ ਕਲਾਕਾਰਾਂ ਬਾਰੇ ਲਿਖੇ ਰੇਖਾ ਚਿੱਤਰ ਪੜ੍ਹਕੇ ਵਿਆਹਾਂ ਸ਼ਾਦੀਆਂ ਅਤੇ ਪਾਰਟੀਆਂ ਲਈ ਬੁੱਕ ਕਰਦੇ ਸਨ।ਐਸ ਅਸ.ੋਕ ਭੋਰਾ ਨੇ ਆਪਣੀ ਕਲਮ ਨਾਲ 500 ਤੋਂ ਵੱਧ ਪੰਜਾਬੀ ਗਾਇਕਾਂ ਨੂੰ ਰਿੜਕਿਆ ਅਤੇ ਉਹਨਾਂ ਨੂੰ ਸੁਪਰ ਸਟਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਕੋਲ ਛੋਟੀ ਉਮਰ ਵਿੱਚ ਹੀ ਕੁੱਝ ਕਰਕੇ ਵੱਡਾ ਬਣਨ ਦੀ ਚਾਹਤ ਸੀ। ਆਪਣੀ ਮੰਜ਼ਿਲ ਦੀ ਤਲਾਸ਼ ਲਈ ਉਸਨੇ ਬਹੁਤ ਸਖਤ ਮਿਹਨਤ ਕੀਤੀ। ਮੰਜ਼ਿਲ ਪ੍ਰਾਪਤੀ ਲਈ ਉਸਨੇ ਮਾਹਿਲਪੁਰ ਇਲਾਕੇ ਨੂੰ ਚੁਣਿਆਂ ਪ੍ਰੰਤੂ ਉਹ ਇਥੇ ਕਿਸੇ ਦੇ ਬਾਪ ਦੇ ਨਾਂਅ ਤੇ 7-8 ਸਾਲ ਵੱਡਾ ਮੇਲਾ ਕਰਵਾਕੇ ਦੁਨੀਆਂ ਵਿੱਚ ਚਰਚਿਤ ਤਾਂ ਹੋ ਗਿਆ ਪ੍ਰੰਤੂ ਬੇਕਦਰੇ ਲੋਕਾਂ ਨੇ ਉਸਦੇ ਕੰਮ ਦੀ ਜਦ ਕੋਈ ਕਦਰ ਨਾ ਪਾਈ ਤਾਂ ਉਹ ਭਰ ਜ਼ਵਾਨ ਮੇਲੇ ਨੂੰ ਜ਼ਵਾਨੀ ਦੀਆਂ ਬਰੂਹਾਂ ਤੇ ਛੱਡਕੇ ਵਿਦੇਸ਼ੀ ਧਰਤੀ ਤੇ ਪੁੱਜ ਗਿਆ। ਮੇਲਾ ਤਾਂ ਉਸਦੇ ਨਾਲ ਹੀ ਮਿੱਟ ਗਿਆ ਪ੍ਰੰਤੂ ਭੌਰਾ ਦੀ ਸ਼ਖਸ਼ੀਅਤ ਪਹਿਲਾਂ ਨਾਲੋਂ ਵੀ ਹੋਰ ਚਮਕ ਗਈ। ਲੋਕ ਮੇਲਾ ਭੁੱਲ ਗਏ ਪ੍ਰੰਤੂ ਐਸ ਅਸ਼ੌਕ ਭੌਰਾ ਆਪਣੇ ਕੰਮ ਅਤੇ ਲਿਖਤਾਂ ਨਾਲ ਪਹਿਲਾਂ ਨਾਲੋਂ ਵੱਧ ਸਤਿਕਾਰਿਆ ਤੇ ਪਿਆਰਿਆ ਜਾ ਰਿਹੈ। ਪੰਜਾਬੀ ਦੇ ਉਘੇ ਗਾਇਕਾਂ ਨਾਲ ਉਸਦਾ ਪਰਿਵਾਰਕ ਰਿਸ਼ਤਾ ਰਿਹਾ ਹੈ। ਕੁਲਦੀਪ ਮਾਣਕ , ਸੁਰਿੰਦਰ ਕੌਰ , ਨਰਿੰਦਰ ਬੀਬੀ, ਯਮਲਾ ਜੱਟ, ਉਸਨੂੰ ਆਪਣਾ ਮਾਣ ਨਾਲ ਪੁੱਤ ਦੱਸਦੇ ਸਨ । ਗੁਰਦਾਸ ਮਾਨ, ਮੁਹੰਮਦ ਸਦੀਕ, ਸਰਦੂਲ ਸਿਕੰਦਰ, ਹੰਸ ਰਾਜ ਹੰਸ ਸਮੇਤ ਦਰਜਨਾ ਪ੍ਰਮੁੱਖ ਕਲਾਕਾਰ ਉਸਨੂੰ ਆਪਣੈ ਭਰਾ ਦੱਸਕੇ ਮਾਣ ਮਹਿਸੂਸ ਕਰਦੇ ਹਨ। ਉਹ ਆਪਣੀਆਂ ਪ੍ਰਾਪਤੀਆਂ ਅਤੇ ਲਿਖਣ ਕਾਰਜ ਨੂੰ ਨੇਪਰੇ ਚਾੜਨ ਵਿੱਚ ਬਰਜਿੰਦਰ ਸਿੰਘ ਹਮਦਰਦ, ਹਰਭਜਨ ਸਿੰਘ ਹਲਵਾਰਵੀ ਅਤੇ ਜਗਦੇਵ ਸਿੰਘ ਜੱਸੋਵਾਲ ਦਾ ਵੱਡਾ ਯੋਗਦਾਨ ਮੰਨਦੈ।

ਉਸ ਕੋਲ ਸ਼ਬਦਾਂ ਦਾ ਵੱਡਾ ਭੰਡਾਰ ਹੈ। ਗੁੰਦਵੇਂ ਸ਼ਬਦਾਂ ਵਾਲੀ ਕਮਾਲ ਦੀ ਵਾਰਤਕ ਉਸਦੀ ਲੇਖਣੀ ਦੇ ਲਾਜ਼ਵਾਬ ਹੰੁਨਰ ਹਨ। ਉਹ ਬਿਨਾ ਕਿਸੇ ਤਿਆਰੀ ਦੇ ਆਪਣੀ ਗੱਲ ਕਰਨ ਦੇ ਅੰਦਾਜ ਨਾਲ ਲੋਕਾਂ ਦੀ ਵੱਡੀ ਭੀੜ ਨੂੰ ਮੂੰਹ ਵਿੱਚ ਉਂਗਲਾ ਦੇਣ ਲਈ ਮਜ਼ਬੂਰ ਕਰਨ, ਆਪਣੀ ਗੱਲ ਮਨਵਾਉਣ ਦੀ ਕਲਾ ਰੱਖਦੈ। ਉਸਨੇ ਵਧੀਆ ਗੀਤ ਲਿਖਕੇ ਗੀਤਕਾਰੀ ਵਿੱਚ ਵੀ ਆਪਣੀ ਧਾਂਕ ਜਮਾਈ । ਆਪ ਅਜਿਹੇ ਚਰਚਿਤ ਪੱਤਰਕਾਰ ਹਨ ਜਿਸਦੀ ਸਟਾਰ ਕਲਾਕਾਰ ਵਾਂਗ ਪਹਿਚਾਣ ਹੈ। ਦੂਰਦਰਸ਼ਨ ਜਲੰਧਰ ਸਮੇਤ ਟੀ ਵੀ ਚੈਨਲਾਂ ਵਿੱਚ ਕੀਤੇ ਕੰਮਾਂ ਦੀ ਅੱਜ ਵੀ ਤੂਤੀ ਬੋਲਦੀ ਹੈ। ਇਸ ਤੋਂ ਇਲਾਵਾ ਆਪਦੇ ਵਿਦੇਸ਼ਾਂ ਵਿੱਚ ਸਥਾਪਿਤ ਪੰਜਾਬੀ ਪੇਪਰਾਂ ਵਿੱਚ ਲੜੀਵਾਰ ਛਪਦੇ ਕਾਲਮਾਂ ਦੇ ਪਾਠਕਾਂ ਦੀ ਗਿਣਤੀ ਅਥਾਹ ਹੈ । ਪੰਜਾਬ ਦੇ ਢਾਡੀ ,ਅਰਜਨਾ ਐਵਾਰਡੀ ਖਿਡਾਰੀਆਂ ,ਲੇਖਕਾਂ ,ਉਘੇ ਕਲਾਕਾਰਾਂ ਸਮੇਤ ਪ੍ਰਮੁੱਖ ਵਿਦੇਸ਼ੀ ਸ਼ਖਸ਼ੀਅਤਾਂ ਦੇ ਰੇਖਾ ਚਿੱਤਰ ਅਤੇ ਉਹਨਾਂ ਸਬੰਧੀ ਲਿਖੀਆਂ ਪੁਸਤਕਾਂ ਆਪਦੀ ਅਲੱਗ ਪਚਿਾਣ ਬਣਾਉਂਦੀਆਂ ਹਨ। ਇਸ ਵਕਤ ਆਪ ਅਮਰੀਕਾ ’ਚ ‘ ਚੜ੍ਰਦੀ ਕਲਾ ਰੇਡੀਓ ਪ੍ਰਸਾਰਣ ਵਿੱਚ ਆਪਣੀ ਮੁੱਖ ਹਾਜ਼ਰੀ ਨਾਲ ਪੂਰੀ ਦੁਨੀਆਂ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ।

ਐਸ ਅਸ਼ੌਕ ਭੋਰਾ ਦਾ ਜਨਮ 1963 ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੌਰਾ ਵਿਖੇ ਪਿਤਾ ਸ੍ਰੀ ਰਾਮ ਦਿੱਤਾ ਜੀ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ। ਆਪਨੇ ਪੜ੍ਹਾਈ ਉਪਰੰਤ ਅਧਿਅਪਕ ਅਤੇ ਪੱਤਰਕਾਰੀ ਦੇ ਕਿੱਤੇ ਨੂੰ ਚੁਣਿਆਂ। ਆਪ ਦੀ ਤਰੱਕੀ ਵਿੱਚ ਆਪਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ। ਪਤਨੀ ਕਸ਼ਮੀਰ ਕੌਰ ਦਾ ਪਤੀ ਭੌਰਾ ਚਾਰ ਭਰਾਵਾਂ ,ਦੋ ਭੈਣਾਂ ਦਾ ਭਰਾ ਅਤੇ ਦੋ ਲੜਕਿਆਂ ਮਨਵੀਰ ਭੌਰਾ ਅਤੇ ਅਨਮੋਲ ਭੌਰਾ ਦਾ ਬਾਪ ਹੈ। ਲਿਖਣ ਦਾ ਜਨੂੰਨ ਉਸਨੂੰ ਐਨਾ ਹੈ ਕਿ ਲਿਖਦਿਆਂ ਕਈ ਵਾਰ ਰਾਤ ਦਿਨ ਲੰਘ ਜਾਂਦੈ। ਉਸਨੇ ਵੱਖ ਵੱਖ ਵਿਸ਼ਿਆਂ ਤੇ ਹਜਾਰਾਂ ਦੀ ਗਿਣਤੀ ਵਿੱਚ ਲੇਖ ਹੀ ਨਹੀਂ ਲਿਖੇ ਸਗੋਂ ਹਰ ਵਿਸ਼ੇ ਤੇ ਅਣਗਿਣਤ ਪੁਸਤਕਾਂ ਵੀ ਲਿਖੀਆਂ ਹਨ। ਇਥੇ ਪੇਸ਼ ਹਨ ਬੀਤੇ ਦਿਨੀ ਐਸ ਅਸ਼ੌਕ ਭੌਰਾ ਨਾਲ ਕੀਤੀ ਸੰਖੇਪ ਸਵਾਲਾਂ ਦੇ ਜਵਾਬ—

?ਆਪ ਨੇ ਹੁਣ ਤੱਕ ਕਿੰਨੀਆਂ ਪੁਸਤਕਾਂ ਲਿਖੀਆਂ।
- ਪੰਜਾਬ ਦੇ ਢਾਡੀ, ਕਲਮਾਂ ਦੇ ਸਰਨਾਵੇਂ, ਪੰਜਾਬ ਦੇ ਲੋਕ ਸਾਜ, ਭਾਰਤ ਦੇ ਮਹਾਨ ਸੰਗੀਤਕਾਰ, ਅਮਰੀਕੀ ਰਾਸ਼ਟਰਪਤੀ- ਉਬਾਮਾ ਤੱਕ, ਗੱਲੀਂ ਬਾਤੀਂ, ਨੈਣ ਨਕਸ਼ ਅਤੇ ਇੱਕ ਹੋਰ । ਇਸ ਤੋਂ ਇਲਾਵਾ ਮੈਂ 24 ਸਾਲ ਦੇ ਕਰੀਬ ਸਰਕਾਰੀ ਅਧਿਆਪਕ ਵਜੋਂ ਨੌਕਰੀ ਕੀਤੀ। 450 ਦੇ ਕਰੀਬ ਗੀਤ, 25 ਦੇਸ਼ਾਂ ਦੀ ਸੈਰ, 250 ਦੂਰਦਰਸ਼ਨ ਅਤੇ 200 ਦੇ ਕਰੀਬ ਰੇਡੀਓ ਸ਼ਟੇਸ਼ਨ ਤੋਂ ਪ੍ਰੋਗਰਾਮ ਪੇਸ਼ ਕੀਤੇ ਹਨ। ਪੰਜਾਬ ਦੇ ਪ੍ਰਮੁੱਖ ਸੱਭਿਆਚਾਰਕ ਮੇਲਿਆਂ ਦੀਆਂ ਸਟੇਜਾਂ ਦਾ ਸਟੇਜ ਸੰਚਾਲਨ ਅਤੇ ਮਾਹਿਲਪੁਰ ਵਿੱਚ ਢਾਡੀ ਅਮਰ ਸਿੰਘ ਸ਼ੋਂਕੀ ਸੱਭਿਆਚਾਰਕ ਮੇਲਾ 7 ਸਾਲ ਨਿਰੰਤਰ ਚਲਾਕੇ ਉਸਨੂੰ ਦੁਨੀਆਂ ਦਾ ਨੰਬਰ ਵੰਨ ਮੇਲਾ ਬਣਾਇਆ।

?–ਢਾਡੀ ਅਮਰ ਸਿੰਘ ਸ਼ੋਂਕੀ ਮੇਲਾ ਬੰਦ ਹੋਣ ਦਾ ਕਾਰਨ।
- ਚੌਧਰ ਦੀ ਭੁੱਖ ਤੇ ਸਾਡੀ ਚੜ੍ਹਤ ਦਾ ਬਰਦਾਸ਼ਤ ਨਾ ਹੋਣਾ। ਗੱਲ ਮੁੱਕਦੀ ਕਿ ਮੇਰਾ ਤਜ਼ਰਬਾ ਹੈ ਕਿ ਕਦੇ ਵੀ ਕਿਸੇ ਦੇ ਪਿਓ ਦੇ ਨਾਂਅ ਤੇ ਮੇਲਾ ਨਹੀਂ ਲਾਉਣਾ ਚਾਹੀਦਾ—ਜੇ ਨਹੀਂ ਰਹਿ ਹੁੰਦਾ ਤਾਂ ਮੇਲਾ ਆਪਣੇ ਹੀ ਪਿਓ ਦੇ ਨਾਂ ਤੇ ਲਗਾ ਲੈਣਾ ਚਾਹੀਦੈ।

?ਅਜੋਕੇ ਗਾਇਕਾਂ ਬਾਰੇ ਕੀ ਕਹਿਣਾ ਚਾਹੋਗੇ।
ਜ਼ਵਾਬ – ਹੁਣ ਤਾਂ ਗੱਲ ਹੀ ਛੱਡ ਦਿੱਤੀ ਜਾਵੇ ਤਾਂ ਵਧੀਆ ਹੈ ਕਿਉਂਕਿ ਅਸਲ ਕਲਾਕਾਰ ਗਰੀਬੀ ਹੇਠ ਦੱਬੀ ਜਾ ਰਹੇ ਹਨ ਅਤੇ ਪੈਸੇ ਵਾਲੇ ਨਾ ਕਲਾਕਾਰ ਹੁੰਦੇ ਹੋਏ ਵੀ ਸੁਪਰ ਸਟਾਰ ਬਣੀ ਜਾ ਰਹੇ ਹਨ। ਕਲਾਕਾਰਾਂ ਬਾਰੇ ਮੈਂ ਰੱਜਕੇ ਲਿਖਿਆ ਪ੍ਰੰਤੂ ਹੁਣ ਤਾਂ ਧੜਾ ਧੜ ਲਿਖਿਆ ਜਾ ਰਿਹਾ ਜਿਸਨੂੰ ਹੁਣ ਲੋਕ ਨਾ ਪੜ੍ਹਦੇ ਹਨ ਅਤੇ ਨਾ ਹੀ ਇਸ ਪਾਸੇ ਵੱਲ ਧਿਆਨ ਦੇ ਰਹੇ ਹਨ।

? ਆਪਣੇ ਸਮੁੱਚੇ ਲਿਖਣ ਤਜ਼ਰਬੇ ਬਾਰੇ ਕੀ ਕਹਿਣਾ ਚਾਹੋਗੇ।
-ਘਟਨਾਵਾਂ ਸਾਰਿਆਂ ਦੀਆਂ ਅੱਖਾਂ ਸਾਹਮਣੇ ਵਾਪਰਦੀਆਂ ਹਨ ਪ੍ਰੰਤੂ ਵਾਚਣ ਵਾਲਿਆਂ ਦੀ ਅੱਖ ਦੇਖਣ ਵਾਲੀ ਨਹੀਂ ਹੁੰਦੀ ਜਾਂ ਫਿਰ ਅਕਲ ਤੇ ਸੋਚ ਨੂੰ ਅਧਰੰਗ ਹੋ ਗਿਆ ਹੁੰਦਾ ਹੈ। ਆਪਣੀਆਂ ਲਿਖਤਾਂ ਨਾਲ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੌਸ਼ਿਸ਼ ਕਰਦਾ ਰਹਿੰਦਾ ਹਾਂ। ਮੇਰੀਆਂ ਪੁਸਤਕਾਂ ਨੂੰ ਹਰ ਵਿਦਵਾਨ , ਇਨਸਾਨ ਤੇ ਸੂਝਵਾਨ ਹਿੱਕ ਨਾਲ ਲਾਵੇਗਾ , ਬੇਅਕਲੇ ਤਾਂ ਕੋਕ ਸ਼ਾਸ਼ਤਰ ਨੂੰ ਧੂਫ ਬੱਤੀ ਕਰਦੇ ਦੇਖੇ ਹਨ।

ਸੰਪਰਕ: +91 95929 54007

Comments

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ