ਵਰਗ ਸੰਘਰਸ਼ ਦੀ ਪ੍ਰਕਿਰਿਆ ਦੌਰਾਨ ਹੀ ਜਾਤੀ ਅੰਤ ਸੰਭਵ : ਕਬੀਰ ਕਲਾ ਮੰਚ
Posted on:- 29-03-2014
ਮੁਲਾਕਾਤੀ: ਪ੍ਰਕਾਸ਼
ਕਬੀਰ ਕਲਾ ਮੰਚ ਮਹਾਰਾਸ਼ਟਰ ਦੇ ਪੁਣੇ ਵਿਚ ਇਕ ਪ੍ਰਸਿੱਧ ਸਭਿਆਚਾਰਕ ਮੰਚ ਹੈ। ਆਨੰਦ ਪਟਵਰਧਨ ਦੀ ਡਾਕੂਮੈਂਟਰੀ ਫ਼ਿਲਮ ‘ਜੈ ਭੀਮ ਕਾਮਰੇਡ’ ਵਿਚ ਇਸ ਮੰਚ ਦੇ ਕੁਝ ਗੀਤਾਂ ਨੂੰ ਫ਼ਿਲਮਾਇਆ ਗਿਆ ਹੈ। ਮਹਾਰਾਸ਼ਟਰ ਸਰਕਾਰ ਨੇ ਕਬੀਰ ਕਲਾ ਮੰਚ ਨੂੰ ਨਕਸਲ ਸਮਰਥਕ ਗਰੁੱਪ ਐਲਾਨਦਿਆਂ ਇਸ ਦੇ ਕੁਝ ਕਾਰਕੁਨਾਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਵੀ ਚਲਾਇਆ ਹੋਇਆ ਹੈ। ਮੰਚ ਨੂੰ ਹਿੰਦੂ ਫ਼ਾਸੀਵਾਦੀਆਂ ਦੇ ਹਮਲੇ ਦਾ ਸ਼ਿਕਾਰ ਵੀ ਹੋਣਾ ਪਿਆ। ਪਿਛਲੇ ਦਿਨੀਂ ਚੰਡੀਗੜ੍ਹ ਵਿਚ ਲੋਕਾਂ ਦੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਸੰਗਠਨ ਲੋਕਾਇਤ ਅਤੇ ਵਿਦਿਆਰਥੀ ਸੰਗਠਨ ਸਟੂਡੈਂਟ ਫਾਰ ਸੁਸਾਇਟੀ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਕਬੀਰ ਕਲਾ ਮੰਚ ਦੀ ਟੀਮ ਨੂੰ ਬੁਲਾਇਆ ਗਿਆ ਸੀ। ਇਸ ਟੀਮ ਦੀ ਅਗਵਾਈ ਕਰ ਰਹੇ ਦੀਪਕ ਢੇਂਗਲੇ, ਜੋ ਕਿ ਦੋ ਸਾਲ ਬਾਅਦ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਏ ਹਨ, ਨਾਲ ਪ੍ਰਕਾਸ਼ ਦੀ ਹੋਈ ਇੰਟਰਵਿਊ ਇਥੇ ਛਾਪ ਰਹੇ ਹਾਂ।
? ਕਬੀਰ ਕਲਾ ਮੰਚ ਕਦੋਂ ਹੋਂਦ ਵਿਚ ਆਇਆ?
ਜਵਾਬ : ਗੁਜਰਾਤ ਵਿਚ ਹੋਏ 2002 ਦੇ ਦੰਗਿਆਂ ਮਗਰੋਂ ਕੁਝ ਪ੍ਰੈਫਸਰਾਂ ਤੇ ਸਮਾਜ ਸੇਵਕਾਂ ਨੇ ਸੋਚਿਆ ਕਿ ਹਿੰਦੂ-ਮੁਸਲਮਾਨ ਵਿਚਾਲੇ ਦੰਗੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਇਸ ਦਾ ਸਭਿਆਚਾਰਕ ਤੌਰ ’ਤੇ ਵਿਰੋਧ ਕਰਨ ਲਈ ਨਵਾਂ ਮੰਚ ਬਣਾਉਣ ਦਾ ਫ਼ੈਸਲਾ ਕੀਤਾ। ਇਸ ਦੌਰਾਨ ਫ਼ਿਲਮੀ ਤਰਜ਼ ’ਤੇ ‘ਰੱਬਾ ਯਾਰ ਮਿਲਾਦੇ ਰੇ, ਮੇਰਾ ਵਿਛੜਿਆ ਯਾਰ ਮਿਲਾਦੇ ਰੇ’ ਤੇ ‘ਮੰਦਰ, ਮਸਜਿਦ, ਗਿਰਜਾਘਰ ਨੇ ਬਾਂਟ ਦੀਆ ਭਗਵਾਨ ਕੋ ਵਰਗੇ ਗੀਤ ਗਾਏ।
? ਇਸ ਮੰਚ ਦਾ ਨਾਮ ਕਬੀਰ ਦੇ ਨਾਮ ’ਤੇ ਰੱਖਣ ਦਾ ਕਾਰਨ?
ਜਵਾਬ : ਕਿਉਂਕਿ ਕਬੀਰ ਜੀ ਨੇ ਜਾਤ-ਪਾਤ ਦਾ ਵਿਰੋਧ ਕੀਤਾ ਸੀ ਅਤੇ ਹਿੰਦੂ ਧਰਮ ਤੇ ਮੁਸਲਮਾਨ ਧਰਮ ਦੋਵਾਂ ’ਤੇ ਵਿਅੰਗ ਕੀਤੇ ਸਨ। ਇਸ ਲਈ ਇਸ ਮੰਚ ਦਾ ਨਾਮ ਕਬੀਰ ਜੀ ਦੇ ਨਾਮ ’ਤੇ ਰਖਿਆ। ਇਸ ਮੰਚ ਵਲੋਂ ਹੋਰ ਵੀ ਮੁੱਦੇ ਉਠਾਏ ਗਏ।
? ਕੀ ਆਹਵਾਨ ਨਾਟਯ ਮੰਚ ਤੇ ਕਬੀਰ ਕਲਾ ਮੰਚ ਇਕੋ ਸੰਗਠਨ ਹਨ?
ਜਵਾਬ : ਨਹੀਂ, ਆਹਵਾਨ ਨਾਟਯ ਮੰਚ ਮੁੰਬਈ ਵਿਚ ਕੰਮ ਕਰਦਾ ਸੀ। ਇਹ ਗਰੁੱਪ ਕਬੀਰ ਕਲਾ ਮੰਚ ਤੋਂ ਬਹੁਤ ਪਹਿਲਾਂ ਦਾ ਗਰੁੱਪ ਹੈ।
? ਆਹਵਾਨ ਨਾਟਯ ਮੰਚ ਦੇ ਕਲਾਕਾਰ ਵਿਲਾਸ ਘੋਗਰੇ ਨੇ ਖੁਦਕੁਸ਼ੀ ਕਰ ਲਈ ਸੀ, ਇਸ ਦਾ ਕੀ ਕਾਰਨ ਸੀ?
ਜਵਾਬ : ਵਿਲਾਸ ਜੀ ’ਤੇ ਮਾਰਕਸਵਾਦੀ ਫ਼ਿਲਾਸਫੀ ਦਾ ਬਹੁਤ ਪ੍ਰਭਾਵ ਸੀ। ਪਰ ਬਾਅਦ ਵਿਚ ਉਨ੍ਹਾਂ ਨੂੰ ਇਹ ਗੱਲ ਸਮਝ ਵਿਚ ਆਈ ਕਿ ਚਾਹੇ ਮਾਰਕਸਵਾਦੀ ਹੋਵੇ ਜਾਂ ਅੰਬੇਦਕਰਵਾਦੀ ਉਨ੍ਹਾਂ ਨੂੰ ਜਾਤਪਾਤ ਤੇ ਲੁੱਟ ਵਾਲੀ ਵਿਵਸਥਾ ਦੇ ਵਿਰੁਧ ਲੜਾਈ ਲੜਨ ਲਈ ਆਪਣੀ ਤਾਕਤ ਇਕੱਠੀ ਕਰਨੀ ਹੋਵੇਗੀ। ਅੰਬੇਦਕਰੀ ਸਮਾਜ ਬਹੁਤ ਟੁਕੜਿਆਂ ਵਿਚ ਵੰਡਿਆ ਹੋਇਆ ਹੈ। ਉਨ੍ਹਾਂ ਨੂੰ ਇਕ ਮੰਚ ’ਤੇ ਇਕੱਠਾ ਹੋਣ ਦਾ ਸੱਦਾ ਦਿੰਦਿਆਂ ਉਹ ਨੀਲੀ ਪੱਟੀ ਬੰਨ੍ਹ ਕੇ ਫ਼ਾਂਸੀ ’ਤੇ ਚੜ੍ਹ ਗਏ।
? ਪਰ ਕੁਝ ਲੋਕ ਨੀਲੀ ਪੱਟੀ ਦਾ ਮਤਲਬ ਲਾਲ ਨਿਸ਼ਾਨ ’ਤੇ ਇਕ ਦਾਗ਼ ਵਜੋਂ ਲੈਂਦੇ ਹਨ?
ਜਵਾਬ : ਅਜਿਹਾ ਨਹੀਂ ਹੈ, ਕਬੀਰ ਕਲਾ ਮੰਚ ਦਾ ਜੋ ਖ਼ੁਦ ਦਾ ਨਿਸ਼ਾਨ ਹੈ, ਉਹ ਲਾਲ ਤੇ ਨੀਲੇ ਦੇ ਸੁਮੇਲ ਦਾ ਨਿਸ਼ਾਨ ਹੈ। ਸਾਡਾ ਮੰਨਣਾ ਹੈ ਕਿ ਮਜ਼ਦੂਰ ਵਰਗ ਜਾਤੀਵਾਦ ਖ਼ਿਲਾਫ਼ ਲੜੇ ਬਗੈਰ ਕੋਈ ਵੱਡਾ ਬਦਲਾਅ ਨਹੀਂ ਲਿਆ ਸਕਦਾ। ਇਸ ਲਈ ਵਿਲਾਸ ਘੋਗਰੇ ਨੂੰ ਵੀ ਇਹ ਮਹਿਸੂਸ ਹੋਇਆ ਕਿ ਸਿਰਫ਼ ਲਾਲ ਨਾਲ ਕੰਮ ਨਹੀਂ ਚੱਲੇਗਾ, ਉਹ ਖੁਦ ਵੀ ਨੀਲੇ (ਦਲਿਤ) ਸਮਾਜ ’ਚੋਂ ਸਨ, ਇਸ ਲਈ ਉਹ ਲਾਲ-ਨੀਲੇ ਦੀ ਏਕਤਾ ਦੀ ਗੱਲ ਕਰਦੇ ਸਨ। ਅਜਿਹਾ ਮੇਰਾ ਮੰਨਣਾ ਹੈ!
? ਕੁਝ ਕਮਿਉਨਿਸਟ ਪਾਰਟੀਆਂ ਦਾ ਮੰਨਣਾ ਹੈ ਕਿ ਦਲਿਤਾਂ ਦੀ ਮੁਕਤੀ ਇਨਕਲਾਬ ਤੋਂ ਬਾਅਦ ਹੋਵੇਗੀ?
ਜਵਾਬ : ਇਨਕਲਾਬ ਤੋਂ ਬਾਅਦ ਹੋਵੇਗੀ, ਇਹ ਕਹਿਣਾ ਸਰਾਸਰ ਗ਼ਲਤ ਹੈ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਵਰਗ ਅੰਤ ਦੀ ਗੱਲ ਕਰੋਗੇ ਤਾਂ ਤੁਹਾਨੂੰ ਜਾਤੀ ਅੰਤ ਦੀ ਵੀ ਗੱਲ ਕਰਨੀ ਹੋਵੇਗੀ। ਇਸ ਪ੍ਰਕਿਰਿਆ ਦੌਰਾਨ ਤੁਹਾਨੂੰ ਜਾਤੀ ਨੂੰ ਵੀ ਤੋੜ ਕੇ ਚੱਲਣਾ ਹੋਵੇਗਾ ਅਤੇ ਇਸ ਦਾ ਕੋਈ ਵੀ ਰੂਪ ਹੋ ਸਕਦਾ ਹੈ।
? ਕੁਝ ਕਮਿਉਨਿਸਟ ਪਾਰਟੀਆਂ ਦਲਿਤਾਂ ਦੇ ਮੁੱਦੇ ਦੀ ਗੱਲ ਕਰਦੀਆਂ ਹਨ, ਪਰ ਉਨ੍ਹਾਂ ਵਿਚ ਦਲਿਤ ਲੀਡਰਸ਼ਿਪ ਉਪਰ ਨਹੀਂ ਆ ਰਹੀ, ਇਸ ਦਾ ਕੀ ਕਾਰਨ ਦੇਖਦੇ ਹੋ?
ਜਵਾਬ : ਤੁਸੀਂ ਕਿੰਨਾ ਕਮਿਉਨਿਸਟ ਪਾਰਟੀਆਂ ਦੀ ਗੱਲ ਕਰਦੇ ਹੋ, ਜਿਹੜੀਆਂ ਮਾਰਕਸਵਾਦ ਨੂੰ ਮਾਸਕਵਾਦ (ਮਖੌਟਾ) ਦੀ ਤਰ੍ਹਾਂ ਪਹਿਨ ਕੇ ਚੱਲ ਰਹੀਆਂ ਹਨ। ਉਹ ਲੋਕ ਇਨ੍ਹਾਂ ਮੁੱਦਿਆਂ ਨੂੰ ਉਠਾਉਣਗੇ ਹੀ ਨਹੀਂ, ਕਿਉਕਿ ਉਹ ਮਾਰਕਸਵਾਦੀ ਫ਼ਿਲਾਸਫੀ ਤੋਂ ਹੀ ਹਟ ਗਏ ਹਨ। ਪਰ ਭਾਰਤ ਵਿਚ ਅਜਿਹੀਆਂ ਕੁਝ ਪਾਰਟੀਆਂ ਜਾਂ ਸੰਗਠਨ ਹਨ, ਜਿਹੜੇ ਦਲਿਤਾਂ ਨੂੰ ਉਤਸ਼ਾਹਤ ਕਰ ਰਹੇ ਹਨ। ਉਹ ਦਲਿਤ ਹਨ, ਸਿਰਫ਼ ਏਹੀ ਨਹੀਂ, ਸਗੋਂ ਉਸ ਦੀ ਯੋਗਤਾ ਨੂੰ ਵੀ ਦੇਖਦੀਆਂ ਹਨ।
? ਕਮਿਉਨਿਸਟ ਗੁੱਟਾਂ ਵਿਚ ਕੰਮ ਕਰਦੇ ਕੁਝ ਲੋਕ ਜਾਤਪਾਤ ਦਾ ਤਾਂ ਵਿਰੋਧ ਕਰਦੇ ਹਨ, ਪਰ ਵਿਆਹ ਵਾਲੇ ਮਾਮਲੇ ’ਚ ਉਹ ਆਪਣੀ ਜਾਤੀ ਦੇ ਲੋਕ ਲੱਭਦੇ ਹਨ?
ਜਵਾਬ : ਕਬੀਰ ਕਲਾ ਮੰਚ ਮਾਰਕਸਵਾਦੀ-ਅੰਬੇਦਕਰਵਾਦੀ ਫ਼ਿਲਾਸਫ਼ੀ ਨੂੰ ਲੈ ਕੇ ਚੱਲਿਆ ਹੈ। ਸਾਡੇ ਸੰਗਠਨ ’ਚ ਲੋਕ ਅੰਤਰ-ਜਾਤੀ ਵਿਆਹ ਕਰਵਾ ਰਹੇ ਹਨ ਅਤੇ ਅਸੀਂ ਇਸ ਨੂੰ ਉਤਸ਼ਾਹਤ ਕਰਦੇ ਹਾਂ। ਅਸੀਂ ਸਮਾਜ ਵਿਚ ਇਹ ਗੱਲ ਰੱਖਾਂਗੇ ਕਿ ਅਸਲੀ ਕਮਿਉਨਿਸਟ ਹੋਣਾ ਕੀ ਹੁੰਦਾ ਹੈ। ਕਹਿਣੀ ਤੇ ਕਰਨੀ ਵਿਚ ਕੀ ਫ਼ਰਕ ਹੈ।
? ਕੁਝ ਕਮਿਉਨਿਸਟ ਸੰਗਠਨ ਦਲਿਤਾਂ ਦੇ ਮੁੱਦੇ ਨੂੰ ਉਠਾ ਰਹੇ ਹਨ, ਪਰ ਉਨ੍ਹਾਂ ’ਤੇ ਜਾਤ-ਪਾਤੀ ਸਿਆਸਤ ਕਰਨ ਦੇ ਦੋਸ਼ ਲਗ ਰਹੇ ਹਨ?
ਜਵਾਬ : ਜਿਹੜੇ ਜਾਤ-ਪਾਤ ਦੀ ਸਿਆਸਤ ਕਰਨ ਦਾ ਦੋਸ਼ ਲਾ ਰਹੇ ਹਨ, ਉਹ ਦੱਸਣ ਕਿ ਇਸ ਮੁੱਦੇ ’ਤੇ ਕੰਮ ਕਿਵੇਂ ਕਰਨਾ ਚਾਹੀਦਾ ਹੈ। ਸਾਨੂੰ ਲੱਗਦਾ ਹੈ ਕਿ ਵਰਗ (ਜਮਾਤੀ) ਅੰਤ ਦੇ ਨਾਲ-ਨਾਲ ਜਾਤੀ ਅੰਤ ਦੀ ਲੜਾਈ ਲੜਨੀ ਚਾਹੀਦੀ ਹੈ। ਚਾਹੇ ਕੋਈ ਕੁਝ ਵੀ ਕਹੇ।
? ਰਿਜ਼ਰਵੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ : ਰਿਜ਼ਰਵੇਸ਼ਨ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ, ਕਿਉਕਿ ਸ਼ੇਰ ਤੇ ਬੱਕਰੀ ਦੀ ਕਦੇ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਚੀਜ਼ਾਂ ਅੱਜ ਵੀ ਉਵੇਂ ਹੀ ਚੱਲ ਰਹੀਆਂ ਹਨ, ਜਿਵੇਂ ਇਸ ਤੋਂ ਪਹਿਲਾਂ ਸਨ। ਜਦੋਂ ਤਕ ਸਮਾਜ ’ਚ ਬਰਾਬਰਤਾ ਨਹੀਂ ਆਉਦੀ, ਅਸੀਂ ਇਸ ਦਾ ਸਮਰਥਨ ਕਰਦੇ ਰਹਾਂਗੇ।
? ਕੁਝ ਦਲਿਤ ਰਿਜ਼ਰਵੇਸ਼ਨ ਰਾਹੀਂ ਉੱਚ ਵਰਗ ਤੱਕ ਪਹੁੰਚੇ ਹਨ, ਕੀ ਉਨ੍ਹਾਂ ਨੂੰ ਇਸ ਦੀ ਹੁਣ ਵੀ ਲੋੜ ਹੈ?
ਜਵਾਬ : ਉਪਰ ਆਏ ਕਿੰਨੇ ਦਲਿਤਾਂ ਦੀ ਅਸੀਂ ਗੱਲ ਕਰਦੇ ਹਾਂ। ਇਕ ਸਰਵੇਖਣ ਮੁਤਾਬਕ ਸਿਰਫ਼ ਇਕ ਫ਼ੀ ਸਦੀ ਦਲਿਤ ਹਨ, ਜਿਹੜੇ ਉਚ ਵਰਗ ਵਿਚ ਪਹੁੰਚੇ ਹਨ। ਉਚ ਵਰਗ ’ਚ ਪਹੁੰਚਣ ਦੇ ਬਾਵਜੂਦ ਜਾਤੀ ਬਾਰੇ ਉਨ੍ਹਾਂ ਦੀ ਓਹੀ ਸਥਿਤੀ ਹੈ। ਚਾਹੇ ਕੋਈ ਦਲਿਤ ਵੱਡੀ ਕੁਰਸੀ ’ਤੇ ਵੀ ਬੈਠ ਜਾਵੇ ਤਾਂ ਉਸ ਦੇ ਨਾਲ ਵਾਲਾ ਉਸ ਨੂੰ ਜਾਤੀ ਦੇ ਨਜ਼ਰੀਏ ਤੋਂ ਹੀ ਦੇਖਦਾ ਹੈ।
? ਕੁਝ ਪਾਰਟੀਆਂ ਆਰਥਕ ਆਧਾਰਤ ’ਤੇ ਰਿਜ਼ਰਵੇਸ਼ਨ ਦਾ ਮੁੱਦਾ ਉਠਾ ਰਹੀਆਂ ਹਨ, ਇਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਬਾਬਾ ਸਾਹਬ ਨੇ ਕਿਹਾ ਸੀ ਕਿ ਜਦੋਂ ਤਕ ਆਰਥਕ, ਸਮਾਜਕ ਤੇ ਰਾਜਨੀਤਕ ਤੌਰ ’ਤੇ ਬਰਾਬਰਤਾ ਨਹੀਂ ਆਵੇਗੀ, ਉਦੋਂ ਤਕ ਇਸ ਸਮਾਜ ਦੀ ਮੁਕਤੀ ਨਹੀਂ ਹੋਵੇਗੀ। ਮੈਨੂੰ ਲੱਗਦਾ ਹੈ ਕਿ ਪਹਿਲੀ ਗੱਲ ਆਰਥਿਕਤਾ ਦੀ ਆਉਦੀ ਹੈ, ਜਦੋਂ ਤੁਸੀਂ ਆਰਥਕ ਤੌਰ ’ਤੇ ਮਜ਼ਬੂਤ ਹੁੰਦੇ ਹੋ ਤਾਂ ਹੀ ਬਾਕੀ ਮੁੱਦਿਆਂ ਨੂੰ ਉਠਾ ਸਕਦੇ ਹੋ।
? ਇਸ ਸਮੇਂ ਕਥਿਤ ਉਚ ਜਾਤੀ ਅਤੇ ਨੀਵੀਂ ਜਾਤੀ ਦੋਵਾਂ ਦੇ ਕਾਮਿਆਂ ਦਾ ਸ਼ੋਸ਼ਣ ਹੋ ਰਿਹਾ ਹੈ, ਪਰ ਦੋਵੇਂ ਇਕੱਠੇ ਨਹੀਂ ਹੋ ਰਹੇ?
ਜਵਾਬ : ਓਹੀ ਨਾ! ਇਨ੍ਹਾਂ ਵਿਚ ਸਭ ਤੋਂ ਵੱਡਾ ਅੜਿੱਕਾ ਜਾਤੀ ਹੈ। ਸ਼ੁਰੂਆਤੀ ਸਮਿਆਂ ਦੌਰਾਨ ਮੁੰਬਈ ਦੀਆਂ ਮਿੱਲਾਂ ਵਿਚ ਕਮਿਉਨਿਸਟਾਂ ਦੇ ਅਪਣੇ ਮਜ਼ਦੂਰ ਸੰਗਠਨ ਵਿਚ ਦਲਿਤਾਂ ਲਈ ਵੱਖਰੇ ਤੌਰ ’ਤੇ ਅਤੇ ਉੱਚ ਜਾਤੀਆਂ ਲਈ ਵੱਖਰੇ ਤੌਰ ’ਤੇ ਪਾਣੀ ਸੀ। ਇਸ ਤੋਂ ਇਲਾਵਾ ਮਿੱਲਾਂ ’ਚ ਧਾਗੇ ’ਤੇ ਥੁੱਕ ਲਾ ਕੇ ਕੰਮ ਕੀਤਾ ਜਾਂਦਾ ਸੀ, ਜਿਸ ਤੋਂ ਦਲਿਤ ਮਜ਼ਦੂਰਾਂ ਨੂੰ ਦੂਰ ਰੱਖਿਆ ਜਾਂਦਾ ਸੀ। ਜੇਕਰ ਅੱਜ ਵੀ ਵਰਗ ਵਜੋਂ ਅਸੀਂ ਇਕ ਹਾਂ, ਪਰ ਮਾਨਸਿਕਤਾ ’ਚ ਸਾਡੇ ਜਾਤੀਵਾਦ ਹੈ, ਤਾਂ ਉਹ ਕਦੇ ਨਾ ਕਦੇ ਦਿਖ ਜਾਂਦਾ ਹੈ। ਆਸ ਹੈ ਕਿ ਵੱਧ ਸਮਾਂ ਇਕੱਠਿਆਂ ਕੰਮ ਕਰਨ ਨਾਲ ਇਹ ਧਾਰਨਾਵਾਂ ਟੁੱਟਣਗੀਆਂ।
? ਬਾਕੀ ਜਾਤੀਆਂ ਵਾਂਗ ਦਲਿਤਾਂ ’ਚ ਵੀ ਜ਼ਿਆਦਾਤਰ ਔਰਤਾਂ ਹੀ ਪੀੜਤ ਹੁੰਦੀਆਂ ਹਨ, ਅਜਿਹਾ ਕਿਉ?
ਜਵਾਬ : ਹਿੰਦੂ ਧਰਮ ਦੀ ਜਿਹੜੀ ਮਾਨਸਿਕਤਾ ਹੈ, ਉਹ ਤਾਂ ਸਾਰਿਆਂ ਵਿਚ ਹੀ ਹੈ ਨਾ! ਹਿੰਦੂ ਧਰਮ ਵਿਚ ਤਾਂ ਔਰਤ ਨੂੰ ਪੈਰ ਦੀ ਜੁੱਤੀ ਹੀ ਕਿਹਾ ਗਿਆ ਹੈ। ਦਲਿਤ ਹੋਣ ਨਾਲ ਇਹ ਮਾਨਸਿਕਤਾ ਬਦਲ ਨਹੀਂ ਜਾਂਦੀ, ਭਾਵੇਂ ਤੁਸੀਂ ਆਪਣਾ ਧਰਮ ਬਦਲ ਲਿਆ ਹੈ। ਅਸੀਂ ਖੁਦ ਅੰਬੇਦਕਰਵਾਦੀ ਇਹ ਗੱਲ ਕਰਦੇ ਹਾਂ ਕਿ ਸਾਨੂੰ ਇਨਸਾਨੀਅਤ ਵਾਂਗ ਦੇਖਣਾ ਚਾਹੀਦਾ ਹੈ, ਪਰ ਖੁਦ ਅਸੀਂ ਆਪਣੀਆਂ ਔਰਤਾਂ ’ਤੇ ਜ਼ੁਲਮ ਕਰਦੇ ਹਾਂ। ਅਸੀਂ ਬਸਤੀਆਂ ਵਿਚ ਜਾਂਦੇ ਹਾਂ, ਜਾਂ ਕੁੱਲੀਆਂ ਵਿਚ ਜਾਂਦੇ ਹਾਂ ਤਾਂ ਉਥੇ ਕਿੰਨੀਆਂ ਔਰਤਾਂ ਕਿਸੇ ਪ੍ਰੋਗਰਾਮ ਦਾ ਹਿੱਸਾ ਬਣ ਪਾਉਦੀਆਂ ਹਨ। ਜਦੋਂ ਅਸੀਂ ਬੁੱਧ ਦੀ, ਫੂਲੇ ਦੀ ਜਾਂ ਬਾਬਾ ਸਾਹਬ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਨੂੰ ਖੁਦ ਅਪਣੇ ਅੰਦਰ ਕਿਉ ਨਹੀਂ ਲਿਆ ਰਹੇ। ਜੇਕਰ ਅਸੀਂ ਸਮਝਦੇ ਹਾਂ ਕਿ ਜਾਤਵਾਦੀ ਪ੍ਰਬੰਧ ਬੇਇਨਸਾਫ਼ੀ ਵਾਲਾ ਪ੍ਰਬੰਧ ਹੈ ਤਾਂ ਸਾਨੂੰ ਨਾਲ ਇਹ ਵੀ ਸਮਝਣਾ ਪਵੇਗਾ ਕਿ ਮਰਦਪ੍ਰਧਾਨ ਪ੍ਰਬੰਧ ਵੀ ਇਕ ਗੈਰ-ਬਰਾਬਰਤਾ ਵਾਲਾ ਪ੍ਰਬੰਧ ਹੈ, ਇਸ ਲਈ ਇਸ ਵਿਰੁਧ ਲੜਾਈ ਲੜੇ ਬਗੈਰ ਸਮਾਜਕ ਬਰਾਬਰਤਾ ਦੀ ਲੜਾਈ ਅਧੂਰੀ ਹੋਵੇਗੀ।
? ਫਿਰ ਕੀ ਲੱਗਦਾ ਹੈ ਕਿ ਦਲਿਤਾਂ ਦੀ ਮੁਕਤੀ ਕਿਵੇਂ ਹੋਵੇਗੀ?
ਜਵਾਬ : ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਵਰਗ ਸੰਘਰਸ਼ ਦੀ ਪ੍ਰਕਿਰਿਆ ਦੌਰਾਨ ਹੀ ਜਾਤੀ ਅੰਤ ਦੀ ਪ੍ਰਕਿਰਿਆ ਚਲਾਉੁਣੀ ਹੋਵੇਗੀ। ਅੰਤਰ-ਜਾਤੀ ਵਿਆਹ ਕਰਵਾਉਣੇ ਹੋਣਗੇ। ਬਰਾਬਰਤਾ ਦੇ ਸਮਾਜ ਵਿਚ ਹੀ ਜਾ ਕੇ ਇਹ ਮੁਕਤੀ ਸੰਭਵ ਹੈ।
sunny
gud