ਬਣੋ ਬਿਹਤਰ ਮਾਪੇ -ਡਾ. ਗੁਰਦੇਵ ਚੌਧਰੀ
Posted on:- 29-03-2012
ਸਾਰੇ ਮਾਪੇ ਆਪਣੇ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੇ ਹਨ। ਮਾਪੇ ਉਹ ਸਭ ਕਰਦੇ ਹਨ ਜਿਹੜੇ ਉਨਾਂ ਨੂੰ ਆਪਣੇ ਬੱਚੇ ਲਈ ਸਹੀ ਲੱਗਦਾ ਹੈ। ਬੱਚੇ ਕਾਫੀ ਕੋਮਲ ਹੁੰਦੇ ਹਨ, ਉਨਾਂ ਨੂੰ ਜਿਸ ਤਰਾਂ ਢਾਲਿਆ ਜਾਂਦਾ ਹੈ ਉਹ ਓਦਾਂ ਦੇ ਹੀ ਬਣ ਜਾਂਦੇ ਹਨ। ਉਨਾਂ ’ਤੇ ਮਾਤਾ-ਪਿਤਾ ਤੇ ਪਰਿਵਾਰ ਦੀ ਸਿੱਖਿਆ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੁੰਦਾ ਹੈ। ਬੱਚਿਆਂ ਨੂੰ ਵੱਡਾ ਕਰਨ ਦੀ ਇਸ ਪ੍ਰਕਿਰਿਆ ’ਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ’ਤੇ ਬੱਚਿਆਂ ਨੂੰ ਵੱਡਾ ਕਰਨ ਦੇ ਤਰੀਕਿਆਂ ’ਤੇ ਸੋਚ-ਵਿਚਾਰ ਕਰਨ। ਇਸ ਨਾਲ ਜਿੱਥੇ ਬੱਚੇ ਸਿਹਤਮੰਦ ਰਹਿਣਗੇ ਉੱਥੇ ਉਹ ਵਧੀਆ ਮਨੁੱਖ ਵੀ ਬਣ ਸਕਣਗੇ।
ਪਿਆਰ ਬਿਨਾਂ ਸ਼ੱਕ ਸਾਰੇ ਮਾਪੇ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ, ਪਰ ਇਸ ਪਿਆਰ ਦੇ ਬਦਲੇ ਭਵਿੱਖ ’ਚ ਉਨਾਂ ਤੋਂ ਕੋਈ ਉਮੀਦ ਨਾ ਰੱਖੀ ਜਾਵੇ, ਜਿਵੇਂ ਕਿ ਸਾਡੇ ਸਮਾਜ ’ਚ ਪ੍ਰਚਲਿਤ ਹੈ ਬੱਚਾ ਵੱਡਾ ਹੋ ਕੇ ਮਾਪਿਆਂ ਦੀ ਸੇਵਾ ਕਰੇਗਾ। ਮਾਤਾ-ਪਿਤਾ ਦੇ ਰੂਪ ’ਚ ਬੱਚਿਆਂ ਨੂੰ ਹਰ ਤਰਾਂ ਨਾਲ ਪੂਰਾ ਪਿਆਰ ਦੇਣਾ ਚਾਹੀਦਾ ਹੈ। ਜਦੋਂ ਤੁਸੀਂ ਬੱਚਿਆਂ ਨੂੰ ਅਨਕੰਡੀਸ਼ਨਲ ਪਿਆਰ ਕਰਦੇ ਹੋ ਤਾਂ ਉਨਾਂ ਦੀਆਂ ਗਲਤੀਆਂ ’ਤੇ ਵੀ ਤੁਸੀਂ ਜ਼ਿਆਦਾ ਵਿਚਲਿਤ ਨਹੀਂ ਹੁੰਦੇ ਹੋ। ਨਾਲ ਹੀ ਤੁਹਾਡੇ ਬੱਚੇ ਵੀ ਇਸ ਪਿਆਰ ਨੂੰ ਸਮਝਦੇ ਹਨ ਅਤੇ ਖੁਦ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ।
ਗੱਲਾਂ ਧਿਆਨ ਨਾਲ ਸੁਣੋ ਜਦੋਂ ਬੱਚਾ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਆਪਣਾ ਕੰਮ ਛੱਡ ਕੇ ਬੱਚੇ ਦੀ ਗੱਲ ’ਤੇ ਪੂਰਾ ਧਿਆਨ ਦਿਓ। ਇਹ ਸੱਚ ਹੈ ਕਿ ਤੁਸੀਂ ਸ਼ਾਇਦ ਖੁਦ ਕੰਮ ਕਰਦੇ ਹੋਏ ਵੀ ਬੱਚੇ ਦੀਆਂ ਗੱਲਾਂ ’ਤੇ ਧਿਆਨ ਦੇ ਰਹੇ ਹੋ ਪਰ ਜਦੋਂ ਤੁਸੀਂ ਸਭ ਕੰਮ ਛੱਡ ਕੇ ਬੱਚੇ ਦੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦੇ ਹੋ ਤਾਂ ਬੱਚਾ ਖੁਦ ਵੀ ਫਖ਼ਰ ਮਹਿਸੂਸ ਕਰੇਗਾ।
ਕੁਆਲਿਟੀ ਟਾਈਮ
ਇਹ ਜ਼ਰੂਰੀ ਨਹੀਂ ਕਿ ਤੁਸੀਂ ਬੱਚੇ ਦੇ ਨਾਲ ਪੂਰਾ ਸਮਾਂ ਰਹੋ ਪਰ ਜ਼ਰੂਰੀ ਇਹ ਹੈ ਕਿ ਤੁਸੀਂ ਉਸਦੇ ਨਾਲ ਜਿੰਨਾ ਵੀ ਸਮਾਂ ਬਤੀਤ ਕਰੋ ਉਹ ਕੁਆਲਿਟੀ ਹੋਵੇ। ਬੱਚੇ ਦੇ ਨਾਲ ਘੱਟ ਸਮਾਂ ਗੁਜ਼ਾਰ ਕੇ ਵੀ ਤੁਸੀਂ ਇਹ ਤਾਂ ਜਤਾ ਹੀ ਸਕਦੇ ਹੋ ਕਿ ਉਹ ਤੁਹਾਡੇ ਲਈ ਕਿੰਨਾ ਮਹੱਤਵਪੂਰਣ ਹੈ। ਤੁਸੀਂ ਇਸ ਸਮੇਂ ’ਚ ਬੱਚੇ ਨਾਲ ਉਸ ਦੀਆਂ ਰੋਜ਼ਾਨਾ ਗਤੀਵਿਧੀਆਂ, ਉਸਦੇ ਦੋਸਤਾਂ ਦੇ ਬਾਰੇ, ਉਸਦੇ ਵੱਲੋਂ ਦੇਖੇ ਗਏ ਟੀ ਵੀ ਪ੍ਰੋਗਰਾਮਾਂ ਦੇ ਬਾਰੇ ’ਚ ਗੱਲ ਕਰੋ। ਇਸ ਨਾਲ ਉਹ ਖੁਦ ਨੂੰ ਤੁਹਾਡੇ ਬਹੁਤ ਨੇੜੇ ਮਹਿਸੂਸ ਕਰੇਗਾ।
ਮਨ ਮਰਜ਼ੀ ਵੀ ਕਰਨ ਦਿਓ
ਬੱਚੇ ਨੂੰ ਮਨ ਮਰਜ਼ੀ ਕਰਨ ਦੀ ਵੀ ਖੁਲ ਦੇਣੀ ਚਾਹੀਦੀ ਹੈ। ਹਰ ਵੇਲੇ ਉਸ ਦਾ ਖਿਆਲ ਰੱਖੀ ਜਾਣਾ ਵੀ ਨੁਕਸਾਨਦਾਇਕ ਹੋ ਸਕਦਾ ਹੈ। ਉਸ ਪ੍ਰਤੀ ਓਵਰਪ੍ਰੋਟੈਕਟਿਵ (ਜ਼ਰੂਰਤ ਨਾਲੋਂ ਜ਼ਿਆਦਾ ਖਿਆਲ ਰੱਖਣਾ) ਹੋਣਾ ਬੱਚੇ ਦੀ ਅਜ਼ਾਦੀ ’ਚ ਖਲਲ ਪਾਉਦਾ ਹੈ।
ਅਨੁਸ਼ਾਸਨ
ਅਨੁਸ਼ਾਸਨ ਉਹ ਹੁੰਦਾ ਹੈ ਜਿਸਦਾ ਬੱਚਾ ਖੁਦ ਹੀ ਪਾਲਣ ਕਰੇ। ਤੁਹਾਡੇ ਵੱਲੋਂ ਥੋਪਿਆ ਗਿਆ ਅਨੁਸ਼ਾਸਨ ਬੱਚਾ ਜਲਦ ਹੀ ਤੋੜ ਦੇਵੇਗਾ। ਏਦਾਂ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਤੁਸੀਂ ਅਨੁਸ਼ਾਸਨ ਦੇ ਨਿਯਮ ’ਚ ਬੱਚੇ ਨੂੰ ਵੀ ਸ਼ਾਮਿਲ ਕਰੋਗੇ। ਜੇ ਬੱਚਾ ਰੋਜ਼ ਚਾਕਲੇਟ ਖਾਣ ਦੀ ਜ਼ਿਦ ਕਰਦਾ ਹੈ ਤਾਂ ਉਸਨੂੰ ਚਾਕਲੇਟ ਖਾਣ ਦੇ ਮਾੜੇ ਪ੍ਰਭਾਵ ਦੱਸੋ ਕਿ ਅਸੀਂ ਚਾਕਲੇਟ ਹਫ਼ਤੇ ’ਚ ਸਿਰਫ ਇਕ ਵਾਰ ਹੀ ਖਾਵਾਂਗੇ। ਹੋ ਸਕਦਾ ਹੈ ਸ਼ੁਰੂ ’ਚ ਬੱਚਾ ਇਸਨੂੰ ਨਾ ਮੰਨੇ ਪਰ ਤੁਸੀਂ ਜਦੋਂ ਇਸ ਨਿਯਮ ਬਾਰੇ ਉਸਨੂੰ ਵਾਰ-ਵਾਰ ਦੱਸੋਗੇ ਤਾਂ ਉਹ ਸਮੇਂ ਦੇ ਨਾਲ-ਨਾਲ ਤੁਹਾਡੀ ਗੱਲ ਮੰਨਣ ਲੱਗੇਗਾ। ਇਸਦੇ ਨਾਲ ਹੀ ਬੱਚੇ ਨੂੰ ਨਾਂਹ ਸੁਣਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ।
ਖੁਦ ਵੀ ਰਹੋ ਜ਼ਾਬਤੇ ’ਚ
ਅਨੁਸ਼ਾਸਨ ਦੇ ਨਿਯਮਾਂ ’ਤੇ ਦਿ੍ਰੜ ਰਹੋ। ਢਿਲ ਦੇਣ ਨਾਲ ਹੋ ਸਕਦਾ ਹੈ ਕਿ ਬੱਚਾ ਮਾੜੀਆਂ ਗੱਲਾਂ ਨੂੰ ਪੱਲੇ ਬੰਨ ਲਵੇ ਅਤੇ ਨਿਯਮਾਂ ਨੂੰ ਗੰਭੀਰਤਾ ਨਾਲ ਨਾ ਲਵੇ। ਜਦੋਂ ਬੱਚੇ ਨੂੰ ਅਨੁਸ਼ਾਸਨ ’ਚ ਰੱਖਣ ਦੀ ਗੱਲ ਹੋਵੇ ਤਾਂ ਤੁਹਾਨੂੰ ਖੁਦ ਨੂੰ ਵੀ ਅਨੁਸ਼ਾਸਨ ’ਚ ਰਹਿਣਾ ਪਵੇਗਾ। ਇਸ ਤਰਾਂ ਨਹੀਂ ਹੋਣਾ ਚਾਹੀਦਾ ਹੈ ਕਿ ਤੁਹਾਡੇ ਵਿਚਾਰ ਹੋਰ ਹੋਣ ਅਤੇ ਤੁਹਾਡੇ ਮਾਪਿਆਂ ਦੇ ਵਿਚਾਰ ਹੋਰ ਹੋਣ। ਤੁਹਾਡੇ ਆਪਸੀ ਵਿਚਾਰਾਂ ਦੀ ਭਿੰਨਤਾ ਬੱਚੇ ਦਾ ਨੁਕਸਾਨ ਕਰ ਸਕਦੀ ਹੈ। ਬੱਚੇ ਦੇ ਸਾਹਮਣੇ ਲੜਨ, ਗਾਲਾਂ ਕੱਢਣ, ਸਿਗਰਟ, ਸ਼ਰਾਬ ਪੀਣ ਤੋਂ ਪੂਰੀ ਤਰਾਂ ਪਰਹੇਜ਼ ਕਰੋ। ਤੁਹਾਡੀਆਂ ਵੀ ਸਮੇਂ ਸਿਰ ਸੌਣ, ਉੱਠਣ, ਸੈਰ ਕਰਨ ਅਤੇ ਖਾਣ-ਪੀਣ ਦੀਆਂ ਆਦਤਾਂ ਹੋਣੀਆਂ ਚਾਹੀਦੀਆਂ ਹਨ, ਕਿਉਕਿ ਤੁਸੀਂ ਜੋ ਕੁਝ ਵੀ ਕਰੋਗੇ ਬੱਚਾ ਉਸਨੂੰ ਅਚੇਤ ਰੂਪ ’ਚ ਹੀ ਗ੍ਰਹਿਣ ਕਰੇਗਾ।
(ਲੇਖਕ ਜਲੰਧਰ ਦੇ ਕਿਡਸ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਬੱਚਿਆਂ ਦੇ ਮਾਹਰ ਡਾਕਟਰ ਹਨ)