ਸਿਜ਼ੇਰੀਅਨ: ਕਿੱਥੇ ਖੜੇ ਅਸੀਂ -ਡਾ. ਸੋਨੀਆ ਕੰਬੋਜ
Posted on:- 23-03-2012
ਸਾਡੇ ਸਮਾਜ ’ਚ ਬਹੁਤ ਕੁਝ ਅਜਿਹਾ ਹੈ ਜਿਹੜਾ ਕਲਪਨਾ ’ਤੇ ਖੜਾ ਹੈ। ਇਸ ਤੋਂ ਅੱਗੇ ਸੁਣੀਆਂ-ਸੁਣਾਈਆਂ ਗੱਲਾਂ ਜ਼ਿਆਦਾ ਹੁੰਦੀਆਂ ਹਨ। ਸਿਹਤ ਅਤੇ ਸਿਹਤ ਸੰਭਾਲ ਨਾਲ ਸੰਬੰਧਤ ਮਾਮਲਿਆਂ ’ਚ ਬਹੁਤ ਕੁਝ ਇਸ ਤਰਾਂ ਹੀ ਵਾਪਰ ਰਿਹਾ ਹੈ। ਕੁਝ ਇਸੇ ਤਰਾਂ ਦਾ ਹੋ ਰਿਹਾ ਹੈ ਸਿਜ਼ੇਰੀਅਨ (ਵੱਡੇ ਆਪਰੇਸ਼ਨ) ਨਾਲ। ਅਸਲ ’ਚ ਤਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਕਿਨਾਂ ਹਾਲਤਾਂ ’ਚ ਬੱਚਾ ਸਿਜ਼ੇਰੀਅਨ ਨਾਲ ਪੈਦਾ ਹੁੰਦਾ ਹੈ ਅਤੇ ਕਿਨਾਂ ਹਾਲਤਾਂ ’ਚ ਸਧਾਰਣ ਡਿਲਵਰੀ ਹੁੰਦੀ ਹੈ। ਜੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ‘ਅਸੀਂ ਕਿੱਥੇ ਖੜੇ ਹਾਂ’ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਨਿਦਾਨ ਹੋ ਜਾਵੇਗਾ ਅਤੇ ਬਹੁਤ ਸਾਰੀਆਂ ਦੇ ਨਿਦਾਨ ਦੀ ਦਿਸ਼ਾ ’ਚ ਅਸੀਂ ਚੱਲ ਪਵਾਂਗੇ। ਇਹ ਇਕ ਸੁਰੱਖਿਅਤ ਆਪਰੇਸ਼ਨ ਹੈ ਪਰ ਕਿਸੇ ਵੀ ਵੱਡੇ ਆਪਰੇਸ਼ਨ ਵਰਗੇ ਸੰਭਾਵਿਤ ਨੁਕਸਾਨਾਂ ਤੋਂ ਅਣਛੋਹਿਆ ਨਹੀਂ ਹੈ। ਆਂਕੜਿਆ ਮੁਤਾਬਕ ਸੁਰੱਖਿਅਤ ਸਿਜ਼ੇਰੀਅਨ ਦੀ ਸਫਲਤਾ ਦਰ 98 ਪ੍ਰਤੀਸ਼ਤ ਹੈ ਜਦਕਿ ਘਰਾਂ ’ਚ ਜਾਂ ਅਸਿੱਖਿਅਤ ਦਾਈਆਂ ਆਦਿ ਤੋਂ ਜਣੇਪਾ ਕਰਾਉਣ ਨਾਲ ਹਰ ਸਾਲ ਭਾਰਤ ’ਚ ਵੱਡੀ ਗਿਣਤੀ ’ਚ ਜੱਚਾ-ਬੱਚਾ ਮੌਤ ਦੇ ਸ਼ਿਕਾਰ ਹੋ ਰਹੇ ਹਨ। ਇਹ ਜ਼ਿੰਦਗੀ ਨੂੰ ਬਚਾਉਣ ਵਾਲੀ ਸਰਜਰੀ ਹੈ ਨਾ ਕਿ ਫੈਸ਼ਨ। ਪਰ ਕਿਸੇ ਵੀ ਚੀਜ਼ ਦਾ ਹੱਦੋਂ ਵੱਧ ਇਸਤੇਮਾਲ ਉਸਦੇ ਨੁਕਸਾਨ ਉਭਾਰ ਸਕਦਾ ਹੈ।
ਪਰ ਤਸਵੀਰ ਦਾ ਦੂਜਾ ਪੱਖ ਇਹ ਵੀ ਹੈ ਕਿ ਸਿਜ਼ੇਰੀਅਨ ਮੁੱਢਲੇ ਤੌਰ ’ਤੇ ਸਿਜ਼ੇਰੀਅਨਾਂ ਨੂੰ ਹੀ ਵਧਾ ਰਹੇ ਹਨ ਕਿਉਕਿ ਸਧਾਰਣ ਡਿਲਵਰੀ ’ਚ ਰਿਸਕ ਤਾਂ ਹੁੰਦਾ ਹੀ ਹੈ, ਇਸ ਕਰਕੇ ਕਿਸੇ ਵੀ ਸਧਾਰਣ ਡਿਲਵਰੀ ਦਾ ਕਿਸੇ ਔਖੇ ਵੇਲੇ ਸਿਜ਼ੇਰੀਅਨ ’ਚ ਸ਼ਿਫਟ ਹੋ ਜਾਣਾ ਕੋਈ ਆਲੋਕਾਰੀ ਗੱਲ ਨਹੀਂ ਰਿਹਾ। 1967 ’ਚ ਵਿਸ਼ਵ ਸਿਹਤ ਸੰਸਥਾ ਨੇ ਸਰਵੇ ਕੀਤਾ ਕਿ ਅਮਰੀਕਾ ’ਚ ਕੁਲ ਜਣੇਪਿਆਂ ਦੇ ਮੁਕਾਬਲੇ 4.5 ਪ੍ਰਤੀਸ਼ਤ ਸਿਜ਼ੇਰੀਅਨ ਹੁੰਦੇ ਸਨ। ਅੱਜ ਇਹ ਪ੍ਰਤੀਸ਼ਤ ਵੱਧ ਕੇ 31 ਪ੍ਰਤੀਸ਼ਤ ਹੋ ਗਈ ਹੈ। ਭਾਰਤ ’ਚ ਇਹ ਗਿਣਤੀ 21 ਤੋਂ 23 ਪ੍ਰਤੀਸ਼ਤ ਹੈ। ਪਿੰਡਾਂ ’ਚ ਹਾਲੇ ਇਹ ਸਿਰਫ 6 ਪ੍ਰਤੀਸ਼ਤ ਤੱਕ ਹੀ ਹੈ।
ਵਿਸ਼ਵ ਸਿਹਤ ਸੰਸਥਾ ਦੇ ਅਧਿਐਨ ਮੁਤਾਬਕ ਕਿਸੇ ਵੀ ਮੁਲਕ, ਸੂਬੇ, ਜ਼ਿਲੇ ਅਤੇ ਹਸਪਤਾਲ ’ਚ 15 ਪ੍ਰਤੀਸ਼ਤ ਤੋਂ ਉੱਪਰ ਹੋਣ ਵਾਲੇ ਸਿਜ਼ੇਰੀਅਨ ਫਾਲਤੂ ਹੁੰਦੇ ਹਨ। ਭਾਵ ਕਿ ਇਨਾਂ ਆਪਰੇਸ਼ਨਾਂ ਨੂੰ ਟਾਲਿਆ ਜਾ ਸਕਦਾ ਹੈ। ਦੁਨੀਆਂ ’ਚ ਸਭ ਤੋਂ ਵੱਧ ਸਿਜ਼ੇਰੀਅਨ ਚੀਨ ’ਚ 50 ਪ੍ਰਤੀਸ਼ਤ ਤੱਕ ਹੋ ਰਹੇ ਹਨ। ‘ਅਮੈਰੀਕਨ ਜਨਰਲ ਆਫ ਓਬਸ ਐਂਡ ਗਾਇਨੀ’ ’ਚ ਡਾਕਟਰ ਪੋਰੀਕੋ ਨੇ ‘ਸਿਜ਼ੇਰੀਅਨ ਆਪਰੇਸ਼ਨ ਨੂੰ ਇਕ ਮਹਾਮਾਰੀ’ ਕਿਹਾ ਹੈ। ਸਧਾਰਣ ਡਿਲਵਰੀ ’ਚ ਮਰੀਜ਼ ਆਪਣੇ-ਆਪ ਜੰਮਣ ਪੀੜਾਂ ’ਚ ਚਲਿਆ ਜਾਂਦਾ ਹੈ। ਜਾਂ ਫਿਰ ਦਵਾਈਆਂ ਨਾਲ ਜੰਮਣ ਪੀੜਾਂ ਸ਼ੁਰੂ ਕਰਵਾਈਆਂ ਜਾਂਦੀਆਂ ਹਨ। ਜੰਮਣ ਪੀੜਾਂ ਸ਼ੁਰੂ ਹੋਣ ਦੇ 24 ਤੋਂ 48 ਘੰਟੇ ਵਿਚ ਬੱਚਾ ਪੈਦਾ ਹੋ ਜਾਣਾ ਚਾਹੀਦਾ ਹੈ। ਜੇ ਨਹੀਂ ਹੁੰਦਾ ਜਾਂ ਬੱਚਾ ਦੀ ਮੂਵਮੈਂਟ ਨਹੀਂ ਹੁੰਦੀ ਤਾਂ ਸਿਜ਼ੇਰੀਅਨ ਦੀ ਲੋੜ ਪੈ ਸਕਦੀ ਹੈ। ਤੇਜ਼-ਤਰਾਰ, ਰੁਝੇਵਿਆਂ ਭਰੀ ਅਤੇ ਮੁਕਾਬਲੇ ਭਰੀ ਜ਼ਿੰਦਗੀ ’ਚ ਡਾਕਟਰ ਅਤੇ ਲੋੜ ਨਾਲੋਂ ਜ਼ਿਆਦਾ ਸੈਂਸਟਿਵ ਮਰੀਜ਼ ਇਕ-ਦੂਜੇ ਦਾ ਸਹਾਰਾ ਲੈਂਦੇ ਹੋਏ ਆਪਰੇਸ਼ਨ ਟੇਬਲ ਤੱਕ ਪਹੁੰਚ ਜਾਂਦੇ ਹਨ।
ਸਿਜ਼ੇਰੀਅਨ ਦਾ ਇਤਿਹਾਸ
ਜੂਲੀਅਸ ਸੀਜ਼ਰ ਪਹਿਲੇ ਸਿਜ਼ੇਰੀਅਨ ਨਾਲ ਪੈਦਾ ਹੋਇਆ ਸੀ, ਪਰ ਇਸ ਬਾਰੇ ਮਿੱਥਾਂ ਜ਼ਿਆਦਾ ਹਨ। 12ਵੀਂ-13ਵੀਂ ਸਦੀ ’ਚ ਜਦੋਂ ਜਣੇਪੇ ਦੌਰਾਨ ਮਾਂ ਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਸੀ ਤਾਂ ਔਰਤ ਦਾ ਢਿੱਡ ਪਾੜ ਕੇ ਬੱਚੇ ਨੂੰ ਬਾਹਰ ਕੱਢ ਲਿਆ ਜਾਂਦਾ ਸੀ। ਉਸ ਸਮੇਂ ਸਰੀਰ ਨੂੰ ਟਾਂਕੇ ਲਾਉਣ ਦੀ ਕੋਈ ਤਕਨੀਕ ਮੌਜੂਦ ਨਹੀਂ ਸੀ। ਇਸ ਕਰਕੇ ਬੱਚੇ ਦੀ ਜਾਨ ਬਚਾਉਣ ਦੇ ਚੱਕਰ ’ਚ ਔਰਤ ਦੀ ਜਾਨ ਚਲੀ ਜਾਂਦੀ ਸੀ, ਪਰ ਇਸਦੇ ਕੋਈ ਪੁਖਤਾ ਸਬੂਤ ਮੌਜੂਦ ਨਹੀਂ ਹਨ। ਵੈਸੇ ਪਹਿਲਾ ਸਿਜ਼ੇਰੀਅਨ 1500 ’ਚ ਸਵਿਟਜ਼ਰਲੈਂਡ ’ਚ ਰਿਕਾਰਡ ਕੀਤਾ ਗਿਆ, ਜਿੱਥੇ ਇਕ ਸਵਿਸ ਫਾਰਮਰ ਨੇ ਉਪਰੋਕਤ ਤਰੀਕਾ ਹੀ ਅਪਣਾਇਆ ਪਰ ਉਸਨੇ ਜਿਸ ਤਰਾਂ ਵੀ ਸੰਭਵ ਹੋਇਆ ਔਰਤ ਦੇ ਟਾਂਕੇ ਲਾ ਦਿੱਤੇ। ਜਿਸ ’ਚ ਜੱਚਾ-ਬੱਚਾ ਬਚ ਗਏ, ਪਰ ਅੱਜ ਬਹੁਤੇ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਇਸ ਗੱਲ ’ਤੇ ਯਕੀਨ ਨਹੀਂ ਕਰਦੇ। 1800 ’ਚ ਡਾਕਟਰ ਜੇਮਜ਼ ਬੇਰੀ ਨੇ ਪਹਿਲਾ ਸਫਲ ਸਿਜ਼ੇਰੀਅਨ ਕੀਤਾ, ਜਿਸਦਾ ਰਿਕਾਰਡ ਮਿਲਦਾ ਹੈ। ਉਸ ਤੋਂ ਬਾਅਦ ਫਰੈਂਚ ਡਾਕਟਰਾਂ ਨੇ ਗੁਲਾਮਾਂ ’ਤੇ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਲਈ ਤਜਰਬੇ ਕੀਤੇ।
ਕੀ ਹੁੰਦਾ ਹੈ ਸਿਜ਼ੇਰੀਅਨ?
ਔਰਤ ਦੇ ਸਰੀਰ ਦੇ ਹੇਠਲੇ ਹਿੱਸੇ ’ਚ ਸਿੱਧਾ ਜਾਂ ਟੇਡਾ ਟੱਕ ਲਗਾ ਕੇ ਬੱਚਾ ਬੱਚੇਦਾਨੀ ਦੇ ਸਾਹਮਣੇ ਤੋਂ ਸਿੱਧਾ ਬਾਹਰ ਕੱਢ ਲਿਆ ਜਾਂਦਾ ਹੈ। ਇਹ ਆਪਰੇਸ਼ਨ ਰੀੜ ਦੀ ਹੱਡੀ ’ਚ ਐਨਸਥੀਸੀਆ ਦੇ ਕੇ ਕੀਤਾ ਜਾਂਦਾ ਹੈ। ਲਗਭਗ 30 ਮਿੰਟ ਦੇ ਇਸ ਆਪਰੇਸ਼ਨ ’ਚ ਇਕ ਤੋਂ ਡੇਢ ਯੂਨਿਟ ਖੂਨ ਦਾ ਨੁਕਸਾਨ ਹੁੰਦਾ ਹੈ, ਜਿਹੜਾ ਆਮ ਡਿਲਵਰੀ ਨਾਲੋਂ ਜ਼ਿਆਦਾ ਹੁੰਦਾ ਹੈ। ਇਹ ਆਪਰੇਸ਼ਨ ਇਕ ਜਾਂ ਦੋ ਡਾਕਟਰ, ਦੋ ਜਾਂ ਤਿੰਨ ਸਹਾਇਕਾਂ ਦੀ ਮਦਦ ਨਾਲ ਕਰਦੇ ਹਨ। ਡਾਕਟਰ ਦੀ ਮੁਹਾਰਤ ਦੇ ਨਾਲ ਆਪਰੇਸ਼ਨ ਦਾ ਸਮਾਂ ਅਤੇ ਖੂਨ ਦਾ ਨੁਕਸਾਨ ਘਟਾਇਆ ਜਾ ਸਕਦਾ ਹੈ।
ਸਿਜ਼ੇਰੀਅਨ ਲਈ ਲਾਜ਼ਮੀ ਹਾਲਾਤ
ਔਲ ਦਾ ਬੱਚੇਦਾਨੀ ਦੇ ਮੂੰਹ ਦੇ ਉੱਪਰ ਜਾਂ ਮੂੰਹ ਦੇ ਨਜ਼ਦੀਕ ਹੋਣਾ।
ਜਨਮ ਤੋਂ ਪਹਿਲਾਂ ਔਲ ਦਾ ਬੱਚੇਦਾਨੀ ਤੋਂ ਹਟ ਜਾਣ ਕਰਕੇ ਖੂਨ ਵਗਣਾ।
ਬੱਚੇ ਦਾ ਟੇਢਾ ਜਾਂ ਪਹਿਲੇ ਬੱਚੇ ਦਾ ਉਲਟਾ ਹੋਣਾ।
ਪੈਦਾਇਸ਼ ਦੇ ਦੌਰਾਨ ਬੱਚੇ ਦਾ ਰਸਤੇ ’ਚ ਅਟਕ ਜਾਣਾ।
ਬੱਚੇਦਾਨੀ ਦਾ ਫੱਟ ਜਾਣਾ।
ਪਿਛਲੇ ਜਣੇਪੇ ਦੌਰਾਨ ਆਪਰੇਸ਼ਨ ਹੋਣਾ।
ਬੱਚੇ ਦੀ ਧੜਕਨ ਘੱਟ ਹੋਣਾ।
ਦਵਾਈਆਂ ਨਾਲ ਵੀ ਔਰਤ ਦਾ ਜੰਮਣ ਪੀੜਾਂ ’ਚ ਨਾ ਜਾਣਾ।
ਜੰਮਣ ਪੀੜਾਂ ਦੌਰਾਨ ਬੱਚੇ ਦਾ ਨਿਰਧਾਰਤ ਸਮੇਂ ’ਚ ਤਸੱਲੀਬਖਸ਼ ਤਰੀਕੇ ਨਾਲ ਅੱਗੇ ਨਾ ਵੱਧਣਾ।
ਔਕੜਾਂ ਨਾਲ ਜੰਮਣ ਵਾਲਾ ਬੱਚਾ (ਪ੍ਰੀਸ਼ੀਅਸ ਪ੍ਰੈਗਨੈਸੀ)।
ਬੱਚੇਦਾਨੀ ’ਚ ਦੋ ਜਾਂ ਤਿੰਨ ਬੱਚੇ ਹੋਣਾ।
ਹਾਈ ਬਲੱਡ ਪਰੈਸ਼ਰ ਹੋਣਾ ਅਤੇ ਉਸ ਨਾਲ ਦਿਮਾਗੀ ਦੌਰੇ ਪੈਣਾ।
ਨਾੜੂ ਦਾ ਬੱਚੇ ਦੇ ਅੱਗੇ ਆ ਜਾਣਾ।
ਬੱਚੇ ਦਾ ਬਹੁਤ ਕੰਮਜ਼ੋਰ ਹੋਣਾ।
ਮਾਂ ਨੂੰ ਕੋਈ ਦਿਲ ਜਾਂ ਸਾਹ ਦੀ ਗੰਭੀਰ ਬਿਮਾਰੀ ਹੋਣਾ। ਇਸ ਤੋਂ ਇਲਾਵਾ ਵੀ ਕੁਝ ਅਜਿਹੀਆਂ ਪ੍ਰਸਿਥੀਆਂ ਹੁੰਦੀਆਂ ਵੀ ਹਨ, ਜਿਨਾਂ ’ਚ ਸਿਜ਼ੇਰੀਅਨ ਦਾ ਸਹਾਰਾ ਲਿਆ ਜਾਂਦਾ ਹੈ।
ਸਿਜ਼ੇਰੀਅਨ ਦੇ ਨੁਕਸਾਨ
ਰੀੜ ਦੀ ਹੱਡੀ ’ਚ ਟੀਕਾ ਲਾਉਣ ਨਾਲ ਹੋਣ ਵਾਲੀ ਬੇਹੋਸ਼ੀ ਦੇ ਮਾੜੇ ਪ੍ਰਭਾਵ। ਇਸ ਨਾਲ ਦੇਰ-ਸਵੇਰ ਪਿੱਠ ’ਚ ਦਰਦ ਹੁੰਦੀ ਹੈ।
ਖੂਨ ਵਗਣ (ਬਲੀਡਿੰਗ) ਦੀ ਸਮੱਸਿਆ ਹੋ ਸਕਦੀ ਹੈ। ਨਾਜ਼ੁਕ ਅੰਗਾਂ ਪੇਸ਼ਾਬ ਦੀ ਥੈਲੀ, ਅੰਤੜੀਆਂ ਆਦਿ ਨੂੰ ਨੁਕਸਾਨ ਹੋ ਸਕਦਾ ਹੈ।
ਸਧਾਰਣ ਡਿਲਵਰੀ ਦੇ ਮੁਕਾਬਲੇ ਦਰਦ ਜ਼ਿਆਦਾ ਹੁੰਦਾ ਹੈ ਅਤੇ ਹਸਪਤਾਲ ’ਚ ਜ਼ਿਆਦਾ ਸਮਾਂ ਰੁਕਣਾ ਵੀ ਪੈਂਦਾ ਹੈ।
ਸਧਾਰਣ ਡਿਲਵਰੀ ਦੇ ਮੁਕਾਬਲੇ 10 ਤੋਂ 20 ਪ੍ਰਤੀਸ਼ਤ ਤੱਕ ਇਨਫੈਕਸ਼ਨ ਦੇ ਜ਼ਿਆਦਾ ਖ਼ਤਰਾ। ਟਾਂਕਿਆਂ ’ਚ ਇਨਫੈਕਸ਼ਨ ਹੋਣ ਦੀ ਸੰਭਾਵਨਾ। ਕਿਸੇ ਵੀ ਅਗਲੇ ਆਪਰੇਸ਼ਨ ਲਈ ਸਮੱਸਿਆਵਾਂ ਛੱਡਣਾ।
ਮਾਂ ਨੂੰ ਬੈਠਣ ’ਚ ਤਕਲੀਫ ਹੋਣਾ ਅਤੇ ਬੱਚੇ ਨੂੰ ਦੁੱਧ ਪਿਆਉਣ ’ਚ ਸਮੱਸਿਆ ਆਉਣਾ। ਨਵਜਾਤ ਪ੍ਰਭਾਵਿਤ ਹੁੰਦਾ ਹੈ।
ਸਿਜ਼ੇਰੀਅਨ ’ਚ 100 ਔਰਤਾਂ ਪਿੱਛੇ 1 ਤੋਂ 6 ਔਰਤਾਂ ਨੂੰ ਖੂਨ ਚੜਾਉਣ ਦੀ
ਲੋੜ ਪੈਂਦੀ ਹੈ।
ਸਿਜ਼ੇਰੀਅਨ ਵਧਣ ਦੇ ਕਾਰਨ
ਜ਼ਰੂਰਤ ਨਾਲੋਂ ਜ਼ਿਆਦਾ ਸਿਜ਼ੇਰੀਅਨ ਹੋਣ ਦੇ ਕਾਰਨਾਂ ’ਚ ਸਿਰਫ ਡਾਕਟਰ ਜ਼ਿੰਮੇਵਾਰ ਨਹੀਂ ਹਨ ਉਸ ਲਈ ਦੋਵੇਂ ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਹਨ। ਡਾਕਟਰ ਕਾਨੂੰਨੀ ਮੁਸ਼ਕਿਲਾਂ ਤੋਂ ਬਚਣ ਲਈ ਸਿਜ਼ੇਰੀਅਨ ਦਾ ਰਾਹ ਫੜਦੇ ਹਨ, ਪਰ ਬਹੁਗਿਣਤੀ ਡਾਕਟਰ ਲਾਲਚ ਦਾ ਸ਼ਿਕਾਰ ਵੀ ਹੋਏ ਪਏ ਹਨ। ਦੂਜੇ ਪਾਸੇ ਖਾਸ ਦਿਨਾਂ ਅਤੇ ਮਿਤੀਆਂ, ਚੰਗੇ ਮਹੂਰਤਾਂ, ਗੰਢ ਮੂਲ ਨੂੰ ਟਾਲਣ ਆਦਿ ਲਈ ਵੀ ਲੋਕ ਸਿਜ਼ੇਰੀਅਨ ਦਾ ਸਹਾਰਾ ਲੈਂਦੇ ਹਨ।
ਬੱਚੇ ਦੀ ਪੈਦਾਇਸ਼ ਵੇਲੇ ਮਾਂ ਦੀ ਉਮਰ ਜ਼ਿਆਦਾ ਹੋਣਾ ਅਤੇ ਪਰਿਵਾਰ ਛੋਟਾ ਹੋਣ ਕਰਕੇ ਲੋੜ ਨਾਲੋਂ ਜ਼ਿਆਦਾ ਭਾਵਕੁਤਾ ਦਿਖਾਉਣਾ। ਜੰਮਣ ਪੀੜਾਂ ਤੋਂ ਘਬਰਾ ਜਾਣ ਅਤੇ ਨਾਜ਼ੁਕਤਾ ਦਾ ਹਵਾਲਾ ਦੇ ਕੇ ਸਿਜ਼ੇਰੀਅਨ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਮਰੀਜ਼ ਦੀ ਵਿੱਤੀ ਹਾਲਤ ਚੰਗੀ ਹੋਣ ’ਤੇ ਸਿਜ਼ੇਰੀਅਨ ਦੀ ਦਰ ਉੱਚੀ ਪਾਈ ਗਈ ਹੈ। ਮੈਡੀਕਲ ਇੰਸ਼ੋਰੈਂਸ ਅਤੇ ਰੀ-ਐਂਬਰਸਮੈਂਟ ਨੇ ਵੀ ਸਿਜ਼ੇਰੀਅਨ ਦੇ ਦਰ ਨੂੰ ਉੱਚਾ ਕੀਤਾ ਹੈ।
ਕੀ ਹੋਣਾ ਚਾਹੀਦੈ
ਸਿਜ਼ੇਰੀਅਨ ਉਦੋਂ ਹੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਸਿਜ਼ੇਰੀਅਨ ਨਾ ਕਰਨ ਦਾ ਨੁਕਸਾਨ ਸਿਜ਼ੇਰੀਅਨ ਆਪਰੇਸ਼ਨ ਕਰਨ ਦੇ ਨੁਕਸਾਨ ਤੋਂ ਜ਼ਿਆਦਾ ਹੋਵੇ। ਮਰੀਜ਼ ਅਤੇ ਡਾਕਟਰ ਨੂੰ ਆਪਸੀ ਤਾਲਮੇਲ ਨਾਲ ਇਸ ਤੋਂ ਬਚਣ ਦੇ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ। ਪੈਸਾ ਫੈਸਲੇ ਦਾ ਭਾਗ ਨਹੀਂ ਬਣਨਾ ਚਾਹੀਦਾ ਹੈ। ਮਰੀਜ਼ ਨੂੰ ਜਣੇਪੇ ਦੀ ਪ੍ਰਕਿਰਿਆ ਦੀ ਸਮਝ ਹੋਣੀ ਚਾਹੀਦੀ ਹੈ। ਮਰੀਜ਼ ਨੂੰ ਡਾਕਟਰ ਨਾਲ ਮਿਲ ਕੇ ਇਹ ਫੈਸਲਾ ਆਪ ਲੈਣਾ ਚਾਹੀਦਾ ਹੈ। ਗਰਭ ਅਵਸਥਾ ਦਾ ਅਧਿਐਨ ਅਤੇ ਸਹੀ ਤੇ ਜ਼ਰੂਰੀ ਟੈਸਟ ਹੋਣ ਤਾਂ ਜੋ ਆਉਣ ਵਾਲੇ ਸਮੇਂ ’ਚ ਆਪਰੇਸ਼ਨ ਦੀ ਲੋੜ ਦਾ ਸਹੀ ਅੰਦਾਜ਼ਾ ਸਹੀ ਲਗਾਇਆ ਜਾ ਸਕੇ।
ਅਸਲ ’ਚ ਤਾਂ ਸਿਸਟਮ ’ਚ ਬਹੁਤ ਸਾਰੀਆਂ ਖਾਮੀਆਂ ਹਨ, ਜਿਨਾਂ ਦੀ ਵਜਾ ਨਾਲ ਸਿਜ਼ੇਰੀਅਨ ਲਗਾਤਾਰ ਵੱਧ ਰਹੇ ਹਨ। ਡਾਕਟਰ ਸਿਜ਼ੇਰੀਅਨ ਕਰਕੇ ਨਾਰਮਲ ਡਿਲਵਰੀ ’ਚ ਹੋਣ ਵਾਲੇ ਨੁਕਸਾਨ ਤੋਂ ਖੁਦ ਨੂੰ ਲਾਂਭੇ ਕਰ ਲੈਂਦਾ ਹੈ ਅਤੇ ਪੈਸੇ ਕਮਾਉਣ ਦੇ ਆਪਣੇ ਨਿਸ਼ਾਨੇ ਨੂੰ ਵੀ ਹਾਸਲ ਕਰ ਲੈਂਦਾ ਹੈ। ਹਰ ਪੇਸ਼ੇ ਵਾਂਗੂ ਇਹ ਭਾਵਨਾਤਮਕ ਬਲੈਕਮੇਲ ਅਤੇ ਪੈਸਾ ਕਮਾਉਣ ਦਾ ਜੁਗਾੜ ਹੈ। ਮੌਜੂਦਾ ਸਿਸਟਮ ਨੁਕਸਾਨ ਦੀ ਸਥਿਤੀ ’ਚ ਇਹ ਤਾਂ ਪੁੱਛ ਸਕਦਾ ਹੈ ਕਿ ਸਿਜ਼ੇਰੀਅਨ ਸਹੀ ਸਮੇਂ ’ਤੇ ਕਿਉ ਨਹੀਂ ਕੀਤਾ ਗਿਆ ਪਰ ਇਹ ਕਦੀ ਨਹੀਂ ਪੁੱਛੇਗਾ ਕਿ ਟਾਈਮ ਤੋਂ ਪਹਿਲਾਂ ਸਿਜ਼ੇਰੀਅਨ ਕੀਤਾ ਗਿਆ।
ਇੰਗਲੈਂਡ ਵਰਗੇ ਮੁਲਕਾਂ ’ਚ ਇਸ ਨੂੰ ਲੈ ਕੇ ਪੂਰੀ ਤਰਾਂ ਜਵਾਬਦੇਹੀ ਹੈ, ਪਰ ਸਾਡੇ ਇੱਥੇ ਇਸ ਤਰਾਂ ਦਾ ਕੁਝ ਨਹੀਂ ਹੈ। ਇਸ ਨੂੰ ਨੱਥ ਪਾਉਣ ਲਈ ਜਵਾਬਦੇਹੀ ਹੋਣੀ ਚਾਹੀਦੀ ਹੈ ਅਤੇ ਸੰਸਥਾਗਤ ਪੱਧਰ ’ਤੇ ਆਡਿਟ ਹੋਣਾ ਚਾਹੀਦਾ ਹੈ। ਇਹ ਇਕ ਬਹਿਸ ਹੈ, ਜਿਸਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
(ਲੇਖਿਕਾ ਜਲੰਧਰ ’ਚ ਔਰਤ ਰੋਗਾਂ ਅਤੇ ਟੈਸਟ ਟਿਊਬ ਬੇਬੀ ਦੀ ਮਾਹਰ ਡਾਕਟਰ ਹਨ)
Shouichi
Thanks for the instghi. It brings light into the dark!