Thu, 21 November 2024
Your Visitor Number :-   7253114
SuhisaverSuhisaver Suhisaver

ਲੜਕੀਆਂ ਅਤੇ ਗੋਰੇਪਨ ਦੀਆਂ ਕਰੀਮਾਂ -ਡਾ. ਰਿਤੂ ਦੀਪਤੀ

Posted on:- 19-06-2013

ਸੁੰਦਰਤਾ ਇਕ ਅਜਿਹਾ ਲਫਜ਼ ਹੈ ਜਿਸ ਨੂੰ ਸੁਣ ਕੇ ਸਾਡੇ ਮਨ ਵਿਚ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਦੀਆਂ ਹਨ। ਇਹ ਸੁੰਦਰਤਾ ਕੁਦਰਤ ਵਿਚ ਥਾਂ-ਥਾਂ ’ਤੇ ਲੁਕੀ ਹੋਈ ਹੈ। ਹਰ ਨਜ਼ਾਰੇ ਵਿਚ। ਕਵੀਆਂ, ਲੇਖਕਾਂ, ਦਾਰਸ਼ਨਿਕਾਂ ਨੇ ਇਸ ਨੂੰ ਆਪਣੇ-ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਜਦੋਂ ਮਨੁੱਖ ਵਿਚ ਅਤੇ ਖਾਸ ਕਰਕੇ ਲੜਕੀਆਂ ਵਿਚ ਸੁੰਦਰਤਾ ਦੀ ਗੱਲ ਆਉਦੀ ਹੈ ਤਾਂ ਉਹ ਸੁੰਦਰ ਦਿਖਣ ਲਈ ਰੰਗ ਗੋਰਾ ਕਰਨ ਵੱਲ ਧਿਆਨ ਦਿੰਦੀਆਂ ਹਨ। ਇਹ ਢੰਗ ਮੀਡੀਆ ਨੇ ਏਨਾ ਪ੍ਰਚਾਰਿਆ ਹੈ ਕਿ ਹੁਣ ਘਰ ਦੇ ਵਿਹੜੇ ਤੋਂ ਬਾਹਰ ਇਹ ਯਤਨ ਬਿੳੂਟੀ ਪਾਰਲਰ ਤਕ ਪਹੁੰਚ ਗਏ ਹਨ। ਮਨੁੱਖੀ ਸਰੀਰ ਵਿਗਿਆਨ ਦੱਸਦਾ ਹੈ ਕਿ ਸਾਡੀ ਚਮੜੀ ਦਾ ਕੰਮ ਸਰੀਰ ਦੇ ਅੰਦਰਲੇ ਅੰਗਾਂ ਨੂੰ ਕਈ ਤਰ੍ਹਾਂ ਨਾਲ ਸੰਭਾਲਣਾ ਹੈ ਜਿਵੇਂ ਸਰੀਰ ਦਾ ਤਾਪਮਾਨ ਠੀਕ ਰੱਖਣਾ, ਵਿਅਕਤੀ ਨੂੰ ਧੁੱਪ, ਠੰਡ ਤੋਂ ਬਚਾਉਣਾ ਅਤੇ ਕੁਝ ਅਜਿਹੇ ਤੱਤ ਹਨ, ਜੋ ਇਸ ਰਾਹੀਂ ਸਰੀਰ ਵਿਚ ਸਮਾਉਦੇ ਹਨ। ਵਿਟਾਮਿਨ-ਡੀ ਦੀ ਲੋੜ ਸਰੀਰ ਦੇ ਇਸ ਅੰਗ ਤੋਂ ਹੀ ਪੂਰੀ ਹੁੰਦੀ ਹੈ।

ਮਨੁੱਖੀ ਰੰਗ ਰੂਪ ਬਦਲਦਾ ਰਹਿੰਦਾ ਹੈ। ਇਹ ਭੌਤਿਕ ਵਾਤਾਵਰਣ ਤੇ ਨਿਰਭਰ ਕਰਦਾ ਹੈ। ਦੇਖਣ ਵਿਚ ਆਇਆ ਹੈ ਕਿ ਕੁਦਰਤ ਅਤੇ ਮੌਸਮ ਨਾਲ ਰੰਗ ਰੂਪ ਵਿਚ ਫਰਕ ਆਉਂਦਾ ਹੈ। ਅਫਰੀਕਾ ਵਿਚ ਰਹਿਣ ਵਾਲੇ ਲੋਕਾਂ ਦਾ ਰੰਗ ਕਾਲਾ ਹੁੰਦਾ ਹੈ ਕਿਉਕਿ ਉਥੇ ਸੂਰਜ ਦੀਆਂ ਕਿਰਨਾਂ ਦਾ ਸਿੱਧਾ ਅਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਠੰਢੇ ਮੁਲਕਾਂ ਵਾਲੇ ਯੂਰਪੀ ਦੇਸ਼ਾਂ ਦੇ ਲੋਕਾਂ ਦਾ ਰੰਗ ਉਥੋਂ ਦੀ ਕੁਦਰਤ ਦੇ ਕਾਰਨ ਹੈ। ਪੰਜਾਬੀ ਜਾਂ ਉੱਤਰ ਭਾਰਤ ਦੇ ਲੋਕ ਕਣਕ ਭਿੰਨੇ ਰੰਗ ਦੇ ਹੁੰਦੇ ਹਨ ਤੇ ਦੱਖਣ ਭਾਰਤ ਦੇ ਸਾਂਵਲੇ। ਸਭ ਪਿੱਛੇ ਕੁਦਰਤ ਕੰਮ ਕਰਦੀ ਹੈ।

ਇਨਸਾਨ ਦੀ ਪਹਿਲੀ ਨਜ਼ਰ ਜ਼ਰੂਰ ਰੰਗ ਪ੍ਰਤੀ ਖਿੱਚੀ ਜਾਂਦੀ ਹੈ ਪਰ ਮਨ ਦੀ ਸੁੰਦਰਤਾ, ਮਨੁੱਖ ਦੇ ਨਿੱਘੇਪਨ ਅਤੇ ਉਸ ਦੇ ਹੋਰ ਗੁਣਾਂ ਜਿਵੇਂ ਸੰਜਮ, ਪਿਆਰ, ਵਿਸ਼ਵਾਸ ਵਿਚ ਹੈ ਜੋ ਕਿ ਵੱਧ ਕੀਮਤੀ ਹੈ। ਮਨੁੱਖ ਨੂੰ ਇਨ੍ਹਾਂ ਸਦੀਵੀ ਗੁਣਾਂ ਵਿਚ ਹੀ ਵਿਅਕਤੀ ਦਾ ਮੁੱਲ ਪਛਾਨਣਾ ਚਾਹੀਦਾ ਹੈ। ਲੜਕੀਆਂ ਦਾ ਵਿਸ਼ੇਸ਼ ਤੌਰ ’ਤੇ ਇਸ ਤਰ੍ਹਾਂ ਗੋਰੇਪਨ ਲਈ ਪਾਗਲ ਹੋਣਾ, ਦਰਅਸਲ ਲੜਕੀਆਂ ਨੂੰ ਸਮਾਜ ਵਿਚ ਜਿਸ ਤਰ੍ਹਾਂ ਦੇਖਿਆ ਸਮਝਿਆ ਜਾਂਦਾ ਹੈ ਉਸ ਦਾ ਹੀ ਪ੍ਰਗਟਾਵਾ ਹੈ, ਲੜਕੀ ਦੇ ਵਿਆਹ ਵੇਲੇ ਉਸ ਦੀ ਚੋਣ ਸਮੇਂ ਇਹ ਗੋਰੇਪਨ ਦਾ ਗੁਣ ਕੰਮ ਆਉਦਾ ਹੈ। ਜਦੋਂ ਕਿ ਬਾਅਦ ਵਿਚ ਪਤਾ ਚਲਦਾ ਹੈ ਕਿ ਸਾਡੀ ਸੁੰਦਰਤਾ ਸਾਡੀ ਰੂਹ ਵਿਚ ਹੁੰਦੀ ਹੈ, ਜਦੋਂ ਅਸੀਂ ਆਪਣੇ ਕੰਮ ਤੋਂ ਖੁਸ਼ੀ ਅਤੇ ਤਸੱਲੀ ਪਾ ਰਹੇ ਹੁੰਦੇ ਹਾਂ। ਉਦੋਂ ਵੀ ਅਸੀਂ ਚਮਕ ਰਹੇ ਹੁੰਦੇ ਹਾਂ ਅਤੇ ਲੋਕਾਂ ਵਿਚ ਸਾਡੀ ਖੁਸ਼ਬੂ ਫੈਲ ਰਹੀ ਹੁੰਦੀ ਹੈ। ਉਹੀ ਅਸਲੀ ਅਤੇ ਸਦੀਵੀ ਸੁੰਦਰਤਾ ਹੈ।

ਅੱਜ ਅਨੇਕਾਂ ਹੀ ਕਰੀਮਾਂ ਰਾਹੀਂ ਜ਼ੋਰ ਲੱਗ ਰਿਹਾ ਹੈ ਜਦੋਂ ਕਿ ਇਨ੍ਹਾਂ ਕਰੀਮਾਂ ਦਾ ਪਿਛੋਕੜ ਦੇਖੀਏ ਜਾਂ ਇਨ੍ਹਾਂ ਦੇ ਖੋਜ ਕਾਰਜ ਵੱਲ ਝਾਤੀ ਮਾਰੀਏ ਤਾਂ ਕਿਸੇ ਵੀ ਕੰਪਨੀ ਕੋਲ ਖੋਜ ਅਧਾਰਤ ਤੱਥ ਨਹੀਂ ਹਨ, ਜੋ ਇਹ ਦਰਸਾ ਸਕਣ ਕਿ ਇਨ੍ਹਾਂ ਨੂੰ ਕਿਥੇ ਇਸਤੇਮਾਲ ਕਰਕੇ ਨਤੀਜੇ ਕੱਢੇ ਗਏ ਹਨ। ਸਗੋਂ ਇਸ ਦੇ ਉਲਟ ਇਹ ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਕਰੀਮਾਂ ਵਿਚ ਇਸਤੇਮਾਲ ਹੋਣ ਵਾਲੇ ਰਸਾਇਣ ਸਗੋਂ ਚਮੜੀ ਨੂੰ ਨੁਕਸਾਨ ਪਹੁੰਚਾਉਦੇ ਹਨ। ਇਨ੍ਹਾਂ ਦੇ ਨੁਕਸਾਨਾਂ ਦੇ ਤੱਥ ਚਮੜੀ ਵਿਭਾਗ ਕੋਲ ਮੌਜੂਦ ਹਨ। ਸ਼ਖਸੀਅਤ ਸਿਰਫ ਦਿੱਖ ਦੀ ਮੋਹਤਾਜ ਨਹੀਂ ਹੁੰਦੀ। ਲੜਕੀਆਂ ਨੂੰ ਆਪਣੇ ਅੰਦਰ ਸੁੰਦਰਤਾ ਤਲਾਸ਼ਣ ਦਾ ਹੁਨਰ ਸਿੱਖਣਾ ਚਾਹੀਦਾ ਹੈ ਨਾ ਕਿ ਇਨ੍ਹਾਂ ਗੈਰ ਕੁਦਰਤੀ ਢੰਗਾਂ ਦੇ ਜਾਲ ਵਿਚ ਫਸਣਾ ਚਾਹੀਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ