ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ -ਡਾ. ਗੁਲਬਹਾਰ ਸਿੰਘ ਸਿੱਧੂ
Posted on:- 28-04-2013
ਅਸੀਂ ਸਾਰੇ ਰੋਜ਼ਾਨਾ ਉਲਟ ਪ੍ਰਸਥਿਤੀਆਂ 'ਚੋਂ ਲੰਘਦੇ ਹਾਂ। ਅਜਿਹੀਆਂ ਪ੍ਰਸਥਿਤੀਆਂ ਹਮੇਸ਼ਾਂ ਹੀ ਸਾਨੂੰ ਭਾਵਨਾਤਮਕ ਰੂਪ ਨਾਲ ਹਿਲਾਉਦੀਆਂ ਹਨ ਪਰ ਆਪਣੀ ਮਜਬੂਤ ਸ਼ਖਸੀਅਤ ਦੇ ਸਹਾਰੇ ਹਰ ਚੰਗਾ ਵਿਅਕਤੀ ਅਜਿਹੀ ਸਥਿਤੀ 'ਚ ਵੀ ਸੰਜਮ ਅਤੇ ਵਿਵੇਕ ਦਾ ਪਰਿਚੈ ਦਿੰਦਾ ਹੈ ਅਤੇ ਆਪਣਾ ਆਪਾ ਗਵਾਏ ਬਗੈਰ ਪ੍ਰੇਸ਼ਾਨੀਆਂ ਨਾਲ ਨਿਪਟਦਾ ਹੈ ਪਰ ਇਹ ਗੱਲ ਸਾਰਿਆਂ 'ਤੇ ਲਾਗੂ ਨਹੀਂ ਹੁੰਦੀ। ਤਾਂ ਹੀ ਤਾਂ ਅਨੇਕ ਲੋਕ ‘ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ' ਨਾਮਕ ਰੋਗ ਨਾਲ ਗ੍ਰਸਤ ਹੋ ਜਾਂਦੇ ਹਨ। ਇਹ ਸ਼ਖਸੀਅਤ ਦਾ ਅਜਿਹਾ ਵਿਕਾਰ ਹੈ ਜਿਸ ਨਾਲ ਗ੍ਰਸਤ ਰੋਗੀਆਂ 'ਚ ਭਾਵਨਾਤਮਕ ਅਸਥਿਰਤਾ ਬਹੁਤ ਜ਼ਿਆਦਾ ਹੁੰਦੀ ਹੈ। ਏਨੀ ਜ਼ਿਆਦਾ ਕਿ ਜ਼ਰਾ ਜਿਹੀ ਗੱਲ ਦਾ ਉਨ੍ਹਾਂ ਦੇ ਮਨ ਦੇ ਉਲਟਾ ਅਸਰ ਹੋਣ 'ਤੇ ਉਹ ਆਪਣਾ ਗਵਾ ਬੈਠਦੇ ਹਨ ਅਤੇ ਕੁੱਟਮਾਰ ਜਾਂ ਤੋੜਫੋੜ ਕਰਨ ਲੱਗਦੇ ਹਨ। ਅਜਿਹੇ ਰੋਗੀ ਭਾਵਨਾਤਮਕ ਅਸਥਿਰਤਾ ਦੇ ਕਾਰਨ ਬੜੇ ਤੁਨਕ ਮਿਜਾਜ਼, ਗੁੱਸੇ ਵਾਲੇ ਅਤੇ ਜ਼ਿੱਦੀ ਸਮਝੇ ਜਾਂਦੇ ਹਨ। ਇਸੇ ਕਾਰਨ ਮਾਪੇ, ਰਿਸ਼ਤੇਦਾਰ ਅਤੇ ਹੋਰ ਸਹਿਯੋਗੀ ਇਨ੍ਹਾਂ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਨ।
ਲੱਛਣ
* ਕੋਈ ਵੀ ਕੰਮ ਮਨ ਦੇ ਅਨੁਸਾਰ ਨਾ ਹੋਣ 'ਤੇ ਖੂਬ ਪ੍ਰੇਸ਼ਾਨ ਹੋਣਾ, ਬਹਿਸ ਕਰਨਾ ਅਤੇ ਦੂਜਿਆਂ 'ਤੇ ਦੋਸ਼ ਲਾਉਣਾ।
* ਇਸ ਰੋਗ 'ਚ ਆਮ ਤੌਰ 'ਤੇ ਰੋਗੀ ਗੰਭੀਰ ਰੂਪ 'ਚ ਤੈਸ਼ 'ਚ ਆ ਜਾਂਦੇ ਹਨ ਅਤੇ ਭਲਾ-ਬੁਰਾ ਸਮਝੇ ਬਗੈਰ ਮਾਪਿਆਂ ਅਤੇ ਸਹਿਯੋਗੀਆਂ ਦੇ ਨਾਲ ਕੁੱਟਮਾਰ ਅਤੇ ਤੋੜਫੋੜ ਕਰਨ ਲੱਗਦੇ ਹਨ।
* ਕੁਝ ਰੋਗੀ ਜਿਹੜੇ ਦੂਜਿਆਂ 'ਤੇ ਗੁੱਸਾ ਨਹੀਂ ਉਤਾਰ ਸਕਦੇ ਉਹ ਖੁਦ ਨੂੰ ਹੀ ਨੁਕਸਾਨ ਪਹੁੰਚਾਉਦੇ ਨ ਅਤੇ ਗੁੱਸੇ 'ਚ ਆਪਣਾ ਸਿਰ ਕੰਧ 'ਚ ਮਾਰ ਦਿੰਦੇ ਹਨ ਅਤੇ ਜਾਂ ਫਿਰ ਚਾਕੂ ਜਾਂ ਬਲੇਡ ਨਾਲ ਆਪਣੀ ਬਾਂਹ ਵੱਢ ਲੈਂਦੇ ਹਨ।
* ਅਜਿਹੇ ਗੁੱਸੇ ਤੋਂ ਰੋਗੀ ਚਾਹੁੰਦੇ ਹੋਏ ਵੀ ਨਿਕਲ ਨਹੀਂ ਪਾਉਦੇ ਤੇ ਬਹੁਤ ਜ਼ਿਆਦਾ ਮਾਤਰਾ 'ਚ ਸ਼ਰਾਬ ਜਾਂ ਨੀਂਦ ਦੀਆਂ ਗੋਲੀਆਂ ਲੈਣ ਲੱਗਦੇ ਹਨ।
* ਅਜਿਹੀ ਸ਼ਖਸੀਅਤ ਦੇ ਲੋਕ ਜਿਨ੍ਹਾਂ ਨੂੰ ਚੰਗਾ ਸਮਝਦੇ ਹਨ ਉਨ੍ਹਾਂ ਨੂੰ ਬਹੁਤ ਚਾਹੁੰਦੇ
ਹਨ ਅਤੇ ਉਨ੍ਹਾਂ ਲਈ ਕੁਝ ਵੀ ਕਰ ਸਕਦੇ ਹਨ ਪਰ ਇਹ ਜਿਨ੍ਹਾਂ ਨੂੰ ਗਲਤ ਸਮਝਦੇ ਹਨ ਜਾਂ
ਜਿਨ੍ਹਾਂ ਨਾਲ ਨਫਰਤ ਕਰਦੇ ਹਨ ਉਨ੍ਹਾਂ ਨੂੰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਤੇ ਫਿਰ
ਇਨ੍ਹਾਂ ਨਾਲ ਕਿਸੇ ਵੀ ਹੱਦ ਤਕ ਲੜ ਝਗੜ ਸਕਦੇ ਹਨ।
ਕਿਵੇਂ ਮਹਿਸੂਸ ਕਰਦਾ ਹੈ ਰੋਗੀ
* ਭਾਵਨਾਤਮਕ ਅਸਥਿਰਤਾ ਨਾਲ ਗ੍ਰਸਤ ਵਿਅਕਤੀ ਅਕਸਰ ਅਜਿਹਾ ਮਹਿਸੂਸ ਕਰਦਾ ਹੈ ਕਿ ਉਹ ਖੁਦ ਜਿਨ੍ਹਾਂ ਲੋਕਾਂ ਲਈ ਕਰਦਾ ਹੈ, ਓਨਾ ਲੋਕ ਉਸ ਲਈ ਨਹੀਂ ਕਰਦੇ।
* ਉਹ ਹਮੇਸ਼ਾਂ ਇਹ ਅਨੁਭਵ ਕਰਦਾ ਹੈ ਕਿ ਸਹੀ ਹੁੰਦੇ ਹੋਏ ਵੀ ਸਾਰੇ ਲੋਕ ਉਸਨੂੰ ਗਲਤ ਸਮਝਦੇ ਹਨ ਅਤੇ ਗਲਤ ਠਹਿਰਾਉਦੇ ਨ।
* ਰੋਗੀ ਮੰਨਦਾ ਹੈ ਕਿ ਉਸ ਤੋਂ ਗੁੱਸਾ ਨਹੀਂ ਸੰਭਾਲ ਹੁੰਦਾ ਅਤੇ ਕੁੱਟਮਾਰ ਜਾਂ ਭੰਨ-ਤੋੜ ਕਰਨ 'ਤੇ ਉਸਨੂੰ ਪਛਤਾਵਾ ਵੀ ਹੁੰਦਾ ਹੈ।
* ਰੋਗੀ ਖੁਦ ਨੂੰ ਬਹੁਤ ਖੋਖਲਾ ਅਤੇ ਸੁੰਨਾ ਮਹਿਸੂਸ ਕਰਦਾ ਹੈ। ਉਸਨੂੰ ਇਹ ਡਰ ਵੀ
ਸਤਾਉਦਾ ਹਿੰਦਾ ਹੈ ਕਿ ਉਸਨੂੰ ਚਾਹੁਣ ਵਾਲੇ ਲੋਕ ਉਸਨੇ ਕਿਤੇ ਛੱਡ ਨਾ ਦੇਣ।
ਇਲਾਜ
ਇਸ ਰੋਗ ਦਾ ਇਲਾਜ ਸੰਭਵ ਹੈ ਪਰ ਥੋੜਾ ਲੰਬਾ ਹੈ। ਰੋਗੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ
ਦੀ ਕੌਂਸਲਿੰਗ ਕੀਤੀ ਜਾਂਦੀ ਹੈ। ਜੇ ਰੋਗੀ 'ਚ ਭਾਵਨਾਤਮਕ ਅਸਥਿਰਤਾ ਦੇ ਨਾਲ ਗੁੱਸਾ ਬਹੁਤ
ਜ਼ਿਆਦਾ ਹੈ, ਗੰਭੀਰ ਰੂਪ ਨਾਲ ਨਸ਼ਾ ਵੀ ਕਰਦਾ ਹੈ ਜਾਂ ਉਹ ਅਵਸਾਦ ਨਾਲ ਵੀ ਗ੍ਰਸਤ ਹੈ ਤਾਂ
ਮਨੋਰੋਗ ਇਲਾਜ ਦੇ ਨਾਲ ਦਵਾਈਆਂ ਦਾ ਲਗਾਤਾਰ ਇਸਤੇਮਾਲ ਜ਼ਰੂਰੀ ਹੋ ਜਾਂਦਾ ਹੈ।