ਜੋੜਾਂ ਦੇ ਦਰਦ ਯੂਰਿਕ ਐਸਿਡ 'ਤੇ ਰੱਖੋ ਨਜ਼ਰ -ਡਾ. ਦਿਲਬੰਸ ਸਿੰਘ ਪੰਧੇਰ
Posted on:- 28-04-2013
ਜੋੜਾਂ 'ਚ ਦਰਦ ਦਾ ਇਕ ਪ੍ਰਮੁੱਖ ਕਾਰਨ ਗਾਊਟ ਨਾਂ ਦੀ ਬਿਮਾਰੀ ਹੁੰਦੀ ਹੈ। ਇਸ ਰੋਗ ਦੀ ਅਣਦੇਖੀ ਕਰਨ 'ਤੇ ਬਾਅਦ 'ਚ ਜੋੜਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਿੱਥਾਂ ਵੀ ਹਨ, ਜਿਨ੍ਹਾਂ ਤੋਂ ਬਚਣ ਦੀ ਸਖਤ ਜ਼ਰੂਰਤ ਹੈ। ਆਪਣੇ ਪੱਧਰ 'ਤੇ ਹੀ ਇਸ ਬਾਰੇ ਕਿਸੇ ਨਿਰਣੈ 'ਤੇ ਨਹੀਂ ਪਹੁੰਚਣਾ ਚਾਹੀਦਾ।
ਕਾਰਨ
ਇਹ ਰੋਗ ਯੂਰਿਕ ਐਸਿਡ ਨਾਂ ਦੇ ਤੱਤ ਦੇ ਖੂਨ 'ਚ ਵਧਣ ਨਾਲ ਪੈਦਾ ਹੁੰਦਾ ਹੈ। ਯੂਰਿਕ ਐਸਿਡ ਦੀ ਮਾਤਰਾ ਦੇ ਖੂਨ 'ਚ ਇਕ ਨਿਸ਼ਚਿਤ ਪੱਧਰ ਤੋਂ ਜ਼ਿਆਦਾ ਵੱਧ ਜਾਣ 'ਤੇ ਇਹ ਜੋੜਾਂ 'ਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਫਲਸਰੂਪ ਜੋੜਾਂ ਨੂੰ ਨੁਕਸਾਨ ਪਹੁੰਚਾਉਣ ਲੱਗਦਾ ਹੈ। ਖਾਣ-ਪੀਣ ਅਤੇ ਜੀਵਨ-ਸ਼ੈਲੀ ਦਾ ਯੂਰਿਕ ਐਸਿਡ ਦੀ ਖੂਨ 'ਚ ਮਾਤਰਾ ਵਧਣ 'ਤੇ ਕਾਫੀ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਮੋਟਾਪਾ, ਸ਼ਰਾਬ ਪੀਣਾ ਅਤੇ ਮਾਸਾਹਾਰ ਗ੍ਰਹਿਣ ਕਰਨ ਨਾਲ ਸਰੀਰ 'ਚ ਇਸਦੇ ਪੱਧਰ 'ਚ ਵਾਧਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਲੱਛਣ
ਇਸ ਰੋਗ ਨਾਲ ਜੋੜਾਂ 'ਚ ਸੋਜ਼ ਦੇ ਨਾਲ ਤੇਜ਼ ਦਰਦ ਹੁੰਦਾ ਹੈ।
- ਜ਼ਿਆਦਾਤਰ ਮਾਮਲਿਆਂ 'ਚ ਇਸ ਰੋਗ ਦੀ ਤਕਲੀਫ ਪੈਰ ਦੇ ਪੰਜਿਆਂ ਤੋਂ ਹੁੰਦੀ ਹੈ।
- ਇਹ ਰੋਗ ਪੁਰਸ਼ਾਂ 'ਚ ਜ਼ਿਆਦਾ ਹੁੰਦਾ ਹੈ।
- ਇਹ ਰੋਗ ਇਕੋ ਜੋੜ ਨੂੰ ਤੰਗ ਕਰਦਾ ਹੈ, ਨਾ ਕਿ ਪੂਰੇ ਸਰੀਰ ਨੂੰ, ਇਸ ਲਈ ਇਹ ਮੰਨ ਲੈਣਾ ਕਿ ਪੂਰੇ ਸਰੀਰ ਦੇ ਜੋੜਾਂ 'ਚ ਦਰਦ ਯੂਰਿਕ ਐਸਿਡ ਵਧਣ ਦੀ ਵਜ੍ਹਾ ਨਾਲ ਹੁੰਦੀ ਹੈ, ਗਲਤ ਹੈ।
ਇਲਾਜ
ਇਸ ਰੋਗ ਦਾ ਇਲਾਜ ਰੋਗ ਦੀ ਅਵਸਥਾ ਮੁਤਾਬਕ ਹੁੰਦਾ ਹੈ।
ਪਹਿਲੀ ਅਵਸਥਾ
ਇਸਦੇ ਤਹਿਤ ਹਾਈਪਰਯੂਰੀਸੀਮਿਆ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਸਥਿਤੀ 'ਚ ਖੂਨ 'ਚ ਯੂਰਿਕ ਐਸਿਡ ਵਧਿਆ ਹੁੰਦਾ ਹੈ, ਪਰ ਜੋੜ ਦਰਦ ਦੇ ਕੋਈ ਲੱਛਣ ਪ੍ਰਗਟ ਨਹੀਂ ਹੁੰਦੇ। ਇਸ ਅਵਸਥਾ 'ਚ ਪੀੜਤ ਵਿਅਕਤੀ ਦੇ ਖਾਣ-ਪੀਣ 'ਚ ਸੁਧਾਰ ਕਰਨ ਅਤੇ ਦਵਾਈਆਂ ਰਾਹੀਂ ਯੂਰਿਕ ਐਸਿਡ ਨੂੰ ਕਾਬੂ ਕੀਤਾ ਜਾਂਦਾ ਹੈ।
ਦੂਜੀ ਅਵਸਥਾ
ਇਸ ਅਵਸਥਾ 'ਚ ਯੂਰਿਕ ਐਸਿਡ ਦੇ ਕਣ ਜੋੜਾਂ 'ਚ ਸੋਜ਼ ਅਤੇ ਦਰਦ ਪੈਦਾ ਕਰਦੇ ਹਨ। ਅਜਿਹੀ ਸਥਿਤੀ 'ਚ ਇਸ ਨੂੰ ਕਾਬੂ ਕਰਨ ਲਈ ਦਵਾਈਆਂ ਦਾ ਇਸਤੇਮਾਲ ਹੁੰਦਾ ਹੈ।
ਗੰਭੀਰ ਅਵਸਥਾ
ਇਸ 'ਚ ਯੂਰਿਕ ਐਸਿਡ ਦੇ ਮਾੜੇ ਪ੍ਰਭਾਵਾਂ ਨਾਲ ਜੋੜ ਸਥਾਈ ਤੌਰ 'ਤੇ ਨੁਕਸਾਨੇ ਜਾਂਦੇ ਹਨ। ਰੋਗੀ ਦਾ ਚਲਣਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਉਸਨੂੰ ਰੂਟੀਨ ਕੰਮ ਕਰਨ 'ਚ ਦਿੱਕਤ ਮਹਿਸੂਸ ਹੁੰਦੀ ਹੈ। ਇਹ ਸਥਿਤੀ ਹੋਰ ਖਰਾਬ ਨਾ ਹੋਵੇ, ਇਸਨੂੰ ਰੋਕਣਾ ਇਲਾਜ ਦਾ ਇਕ ਪ੍ਰਮੁੱਖ ਪਹਿਲੂ ਹੈ। ਜਿਹੜੇ ਜੋੜ ਨੁਕਸਾਨੇ ਜਾਂਦੇ ਹਨ, ਉਨ੍ਹਾਂ ਦੀ ਸਰਜਰੀ ਕੀਤੀ ਜਾਂਦੀ ਹੈ।