ਸਿਹਤ ਨਾਲ ਸਮਝੌਤਾ ਕਦੀ ਨਹੀਂ -ਡਾ. ਰਾਜਪ੍ਰੀਤ ਸਿੰਘ
Posted on:- 28-04-2013
ਕਦੀ ਬੈਠ ਕੇ ਸੋਚੋ ਕਿ ਤੁਸੀਂ ਆਪਣੀ ਜਾਂ ਆਪਣੇ ਪਰਿਵਾਰ ਦੀ ਸਿਹਤ ਬਾਰੇ ਕਿੰਨੇ ਕੁ ਫਿਕਰਮੰਦ ਰਹਿੰਦੇ ਹੋ। ਤੁਹਾਡੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਸਿਹਤ ਖਾਤਰ ਤੁਸੀਂ ਕਿੰਨਾ ਕੁ ਸਮਾਂ ਕੱਢਦੇ ਹੋ ਅਤੇ ਇਸ ਨੂੰ ਪਹਿਲ ਦਿੰਦੇ ਹੋ ਜਾਂ ਨਹੀਂ। ਅਸਲ 'ਚ ਤਾਂ ਬਿਮਾਰ ਹੋਣ 'ਤੇ ਡਾਕਟਰਾਂ ਹਸਪਤਾਲਾਂ ਦੀ ਦੌੜ ਲਾਉਣਾ, ਚੰਗੇ ਤੋਂ ਚੰਗੇ ਇਲਾਜ 'ਤੇ ਖੁੱਲ੍ਹ ਕੇ ਅਤੇ ਜ਼ਰੂਰਤ ਪੈਣ 'ਤੇ ਕਰਜਾ ਲੈ ਕੇ ਵੀ ਖਰਚ ਕਰਨਾ ਸਿਹਤ ਲਈ ਫਿਕਰਮੰਦੀ ਨਹੀਂ ਹੈ।
ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਅਤੇ ਚੁਸਤ-ਦਰੁਸਤ ਰੱਖਣ ਲਈ ਸਾਨੂੰ ਸਿਹਤ ਨੂੰ ਆਪਣੀ ਸਭ ਤੋਂ ਪਹਿਲੀ ਪ੍ਰਾਥਮਿਕਤਾ (ਪ੍ਰੀਓਰਟੀ) ਬਣਾਉਣਾ ਹੋਵੇਗਾ। ਅਕਸਰ ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਬੜੀ ਦੇਰ ਹੋ ਚੁੱਕੀ ਹੁੰਦੀ ਹੈ। ਰੋਜ਼ ਸਵੇਰੇ ਅੱਧਾ ਘੰਟਾ ਪੈਦਲ ਘੁੰਮਣ ਵਰਗੀ ਸਭ ਤੋਂ ਸੌਖੀ ਅਤੇ ਬਿਨਾਂ ਖਰਚ ਵਾਲੀ ਸਿਹਤਮੰਦ ਕਸਰਤ ਨੂੰ ਅਸੀਂ ਆਪਣੀ ਕਿਸੇ ਨਾ ਕਿਸੇ ਰੁਝੇਵੇਂ ਜਾਂ ਮਜਬੂਰੀ ਦੇ ਬਹਾਨੇ ਟਾਲ ਦਿੰਦੇ ਹਾਂ ਅਤੇ ਜਦੋਂ ਦਿਲ ਦਾ ਦੌਰਾ, ਬਾਈਪਾਸ ਸਰਜਰੀ ਜਾਂ ਸ਼ੂਗਰ ਦਾ ਝਟਕਾ ਲੱਗਦਾ ਹੈ ਤਾਂ ਜਾ ਕੇ ਕਿਤੇ ਉਸਨੂੰ ਆਪਣੀ ਰੂਟੀਨ 'ਚ ਸ਼ਾਮਲ ਕਰਦੇ ਹਾਂ। ਕਈ ਵਾਰ ਤਾਂ ਅਸੀਂ ਫੇਰ ਵੀ ਨਹੀਂ ਜਾਗਦੇ।
ਕੁਦਰਤ ਨੇ ਚੰਗੀ ਸਿਹਤ ਨੂੰ ਬਹੁਤ ਸਸਤਾ, ਘੱਟ ਖਰਚੀਲੀ ਬਣਾਇਆ ਹੈ। ਰੈਗੂਲਰ ਖਾਣ-ਪੀਣ, ਸਿਹਤਮੰਦ ਭੋਜਨ (ਜਿਹੜਾ ਜੰਕ ਫੂਡ ਤੋਂ ਕਈ ਗੁਣਾ ਸਸਤਾ ਹੈ), ਹਲਕੀ-ਫੁਲਕੀ ਕਸਰਤ ਅਤੇ ਤਣਾਅ ਮੁਕਤ ਜੀਵਨ, ਇਹ ਉਹ ਉਪਾਅ ਹਨ ਜਿਹੜੇ ਤੁਹਾਨੂੰ ਸਭ ਤੋਂ ਵੱਡਾ ਸੁਖ ਨਿਰੋਗੀ ਸਰੀਰ ਦੇ ਸਕਦੇ ਹਨ। ਲਾਈਫ ਸਟਾਈਲ ਨੂੰ ਠੀਕ ਕਰਕੇ ਅਸੀਂ ਜ਼ਿੰਦਗੀ ਨੂੰ ਬਿਹਤਰ ਦਰ ਬਿਹਤਰ ਬਣਾਉਦੇ ਲੇ ਜਾਂਦੇ ਹਾਂ। ਬਸ ਜ਼ਰੂਰਤ ਹੁੰਦੀ ਹੈ ਇਸ ਗੱਲ ਨੂੰ ਸਮਝਣ ਦੀ ਕਿ ਅਸੀਂ ਖੁਦ ਦੀ ਅਤੇ ਪਰਿਵਾਰ ਦੀ ਸਿਹਤ ਪ੍ਰਤੀ ਜਾਗਰੂਕ ਹਾਂ ਜਾਂ ਨਹੀਂ। ਇਸ ਨਾਲ ਨਾ ਸਿਰਫ ਅਸੀਂ ਤੇ ਸਾਡਾ ਪਰਿਵਾਰ ਸਿਹਤਮੰਦ ਰਹੇਗਾ ਬਲਕਿ ਅਸੀਂ ਆਪਣੇ ਆਲੇ-ਦੁਆਲੇ ਅਤੇ ਸਮਾਜ ਨੂੰ ਠੀਕ ਰੱਖਣ 'ਚ ਵੀ ਆਪਣੀ ਭੂਮਿਕਾ ਨਿਭਾ ਰਹੇ ਹੋਵਾਂਗੇ।
ਬਿਨਾਂ ਨੇਮ ਤੋਂ ਅਤੇ ਬਿਨਾ ਕੰਟਰੋਲ ਤੋਂ ਖਾਣ-ਪੀਣ, ਸ਼ਰਾਬ ਪੀਣਾ, ਸਿਗਰਟਨੋਸ਼ੀ, ਫਾਲਤੂ ਦਾ ਤਣਾਅ ਅਤੇ ਅਰਾਮ ਤਲਬ ਜ਼ਿੰਦਗੀ ਦਾ ਰਸਤਾ ਬਿਮਾਰੀਆਂ ਵੱਲ ਨੂੰ ਜਾਂਦਾ ਹੈ ਅਤੇ ਇਕ ਚੰਗਾ ਲਾਈਫ ਸਟਾਈਲ ਬਿਹਤਰ ਸਿਹਤ ਤੇ ਜ਼ਿੰਦਗੀ ਵੱਲ ਲੈ ਕੇ ਜਾਂਦਾ ਹੈ। ਹੁਣ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਸੰਕਟ ਦਾ ਇੰਤਜ਼ਾਰ ਕਰਨਾ ਚਾਹੁੰਦੇ ਹੋ ਜਾਂ ਸੰਕਟ ਤੋਂ ਪਹਿਲਾਂ ਜਾਗਣਾ?