ਕੰਜਕਟੀਵਾਈਟਿਸ ਤੋਂ ਰਹੋ ਸਾਵਧਾਨ -ਡਾ. ਨਵਨੀਤ ਗਰਗ
Posted on:- 19-04-2013
ਕੰਜਕਟੀਵਾਈਟਿਸ ਅੱਖਾਂ ਦਾ ਅਜਿਹਾ ਰੋਗ ਹੈ ਜਿਹੜਾ ਬੜੀ ਤੇਜ਼ੀ ਨਾਲ ਫੈਲਦਾ ਹੈ। ਅੱਖ ਦੇ ਡੇਲੇ ਦੇ ਸਫੇਦ ਹਿੱਸੇ ਅਤੇ ਪਲਕ ਦੇ ਅੰਦਰਲੇ ਹਿੱਸੇ ਵਾਲੀ ਝਿੱਲੀ ਨੂੰ ਕੰਟਕਟੀਵਾ ਕਹਿੰਦੇ ਹਨ। ਅਸਲ 'ਚ ਜਦੋਂ ਇਸ 'ਚ ਇਨਫਲਾਮੇਸ਼ਨ (ਸੋਜਿਸ਼) ਹੁੰਦੀ ਹੈ ਤਾਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਇਹੀ ਕੰਜਕਟੀਵਾਈਟਿਸ ਹੁੰਦਾ ਹੈ।
ਇਹ ਚਾਰ ਤਰ੍ਹਾਂ ਨਾਲ ਹੋ ਸਕਦਾ ਹੈ, ਬੈਕਟੀਰੀਅਲ, ਵਾਇਰਲ, ਅਲੈਰਜਿਕ ਅਤੇ ਕੈਮੀਕਲ ਪੈਣ ਦੀ ਵਜ੍ਹਾ ਨਾਲ। ਇਸ 'ਚ ਸਿਰਫ ਵਾਇਰਲ ਹੀ ਮੌਸਮੀ ਹੁੰਦਾ ਹੈ ਜਦਕਿ ਬਾਕੀ ਤਿੰਨਾਂ ਤਰ੍ਹਾਂ ਦਾ ਰੋਗ ਕਦੀ ਵੀ ਹੋ ਸਕਦਾ ਹੈ। ਰੋਗ 'ਚ ਤਿੰਨ ਤੋਂ ਪੰਜ ਦਿਨਾਂ ਤੱਕ ਅੱਖਾਂ 'ਚ ਜਲਨ ਅਤੇ ਰੜਕ ਮਹਿਸੂਸ ਹੁੰਦੀ ਰਹਿੰਦੀ ਹੈ।
ਇਹ ਹੋਣ 'ਤੇ ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਹੈ, ਅੱਖਾਂ ਲਾਲ ਰਹਿੰਦੀਆਂ ਹਨ। ਬੈਕਟੀਰੀਅਲ ਇਨਫੈਕਸ਼ਨ ਹੋਣ 'ਤੋ ਅੱਖਾਂ 'ਚੋਂ ਪਸ ਵਰਗਾ ਚਿਪਚਿਪਾ ਦ੍ਰਵ ਨਿਕਲਦਾ ਹੈ। ਕੰਜਕਟੀਵਾਈਟਸ ਹੋਣ 'ਤੇ ਜੇ ਕੁਝ ਸਾਵਧਾਨੀਆਂ ਅਪਣਾ ਲਈਆਂ ਜਾਣ ਤਾਂ ਅੱਖਾਂ ਦੇ ਹੋਣ ਵਾਲੇ ਕਿਸੇ ਵੀ ਸੰਭਾਵਿਤ ਵੱਡੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।
*ਅੱਖਾਂ ਨੂੰ ਮਲੋ ਜਾਂ ਰਗੜੋ ਨਾ। ਗਰਮ ਪਾਣੀ ਅਤੇ ਰੂੰ ਨਾਲ ਇਨ੍ਹਾਂ ਨੂੰ ਦਿਨ 'ਚ ਦੋ ਤੋ ਤਿੰਨ ਵਾਰ ਸਾਫ ਕਰੋ। ਜ਼ਿਆਦਾ ਤਕਲੀਫ ਹੋਣ 'ਤੇ ਠੰਡੇ ਪਾਣੀ ਜਾਂ ਬਰਫ ਨਾਲ ਸੇਕ ਦਿਓ।
*ਅੱਖਾਂ 'ਤੇ ਪਾਣੀ ਦੇ ਸਿੱਧੇ ਛਿੱਟੇ ਮਾਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਮੱਸਿਆ ਵਧ ਸਕਦੀ ਹੈ।
*ਅੱਖਾਂ 'ਚ ਕੋਈ ਵੀ ਦਵਾਈ ਅੱਖਾਂ ਦੇ ਮਾਹਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਪਾਓ। ਖੁਦ ਜਾਂ ਕੈਮਿਸਟ ਤੋਂ ਪੁੱਛ ਕੇ ਪਾਏ ਗਏ ਆਈ ਡਰਾਪ ਤੁਹਾਡੀ ਅੱਖਾਂ ਦੀ ਰੋਸ਼ਨੀ ਖੋਹ ਸਕਦੇ ਹਨ।
* ਕਾਲੇ ਚਸ਼ਮੇ ਦਾ ਇਸਤੇਮਾਲ ਕਰੋ। ਕਾਲੇ ਚਸ਼ਮੇ ਦੇ ਇਸਤੇਮਾਲ ਨਾਲ ਰੋਸ਼ਨੀ ਨਾਲ ਹੋਣ ਵਾਲੀ ਪਰੇਸ਼ਾਨੀ ਤੋਂ ਆਰਾਮ ਮਿਲੇਗਾ ਅਤੇ ਅੱਖ 'ਤੇ ਵਾਰ-ਵਾਰ ਹੱਥ ਨਹੀਂ ਲੱਗੇਗਾ।
* ਅੱਖ ਨੂੰ ਜਦੋਂ ਵੀ ਦਵਾਈ ਪਾਉਣ ਲਈ ਛੂਹਣਾ ਪਵੇ ਤਾਂ ਹੱਥ ਧੋ ਕੇ ਇਸਨੂੰ ਛੂਹੋ ਅਤੇ ਬਾਅਦ 'ਚ ਤੁਰੰਤ ਹੱਥ ਧੋ ਲਵੋ। ਆਪਣੇ ਹੱਥਾਂ ਨੂੰ ਰੁਮਾਲ, ਤੌਲੀਏ, ਚਾਦਰ ਆਦਿ ਬਾਕੀ ਸਾਰੀਆਂ ਚੀਜ਼ਾਂ ਤੋਂ ਦੂਰ ਰੱਖੋ।
*ਕਾਂਟੈਕਟ ਲੈਂਜ਼, ਮੇਕਅੱਪ ਆਦਿ ਦਾ ਇਸਤੇਮਾਲ ਨਾ ਕਰੋ।
*ਬਚਾਅ ਲਈ ਰੋਗੀ ਇਸਤੇਮਾਲ ਕਿਸੇ ਵੀ ਚੀਜ਼ ਨੂੰ ਨਾ ਵਰਤੋ। ਦਿਨ 'ਚ ਕਈ ਵਾਰ ਹੱਥ ਧੋਵੋ। ਆਪਣੀਆਂ ਅੱਖਾਂ ਨੂੰ ਘੱਟ ਤੋਂ ਘੱਟ ਛੂਹੋ।
*ਜਨਤਕ ਥਾਵਾਂ 'ਤੇ ਹੱਥ ਦਾ ਕਿਸੇ ਵੀ ਚੀਜ਼ ਨਾਲ ਸੰਪਰਕ ਘੱਟ ਤੋਂ ਘੱਟ ਕਰੋ।