ਗਰਭ ਅਵਸਥਾ ਤੇ ਕਿਡਨੀ ਰੋਗ -ਡਾ. ਸੋਨੀਆ ਕੰਬੋਜ
Posted on:- 10-02-2012
ਗਰਭਵਤੀ ਔਰਤ ਦੇ ਕਿਡਨੀ ਰੋਗ ਨਾਲ ਪੀੜਤ ਹੋਣ ’ਤੇ ਬੱਚਾ ਵੀ ਇਸ ਨਾਲ ਪ੍ਰਭਾਵਿਤ ਹੋ ਸਕਦਾ ਹੈ। ਪਹਿਲਾਂ ਤੋਂ ਕਿਡਨੀ ਰੋਗ ਨਾਲ ਪੀੜਤ ਔਰਤ ’ਚ ਗਰਭ ਅਵਸਥਾ ਦੇ ਕਾਰਨ ਬੀਮਾਰੀ ਦੀ ਗੰਭੀਰਤਾ ’ਤੇ ਅਸਰ ਪੈਂਦਾ ਹੈ। ਸਿਹਤਮੰਦ ਔਰਤ ’ਚ ਗਰਭ ਅਵਸਥਾ ਦੇ ਕਾਰਨ ਕਿਡਨੀ ਨਾਲ ਜੁੜੀਆਂ ਪਰੇਸ਼ਾਨੀਆਂ ਸ਼ੁਰੂ ਹੋ ਸਕਦੀਆਂ ਹਨ। ਗਰਭ ਅਵਸਥਾ ’ਚ ਕਿਡਨੀ ਰੋਗ ਦੀ ਸ਼ੁਰੂਆਤ ਜਾਂ ਕਿਡਨੀ ਫੇਲ ਨਾਲ ਗਰਭ ’ਚ ਪਲ ਰਹੇ ਬੱਚੇ ਦਾ ਵਿਕਾਸ ਰੁਕ ਸਕਦਾ ਹੈ ਅਤੇ ਅਚਾਨਕ ਗਰਭਪਾਤ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਇਸ ਤੋਂ ਇਲਾਵਾ ਹਾਈ ਬਲੱਡ ਪਰੈਸ਼ਰ ਅਤੇ ਸਮੇਂ ਤੋਂ ਪਹਿਲਾਂ ਜੰਮਣ ਪੀੜਾਂ ਵੀ ਸ਼ੁਰੂ ਹੋ ਸਕਦੀਆਂ ਹਨ।
*ਗਰਭ ਅਵਸਥਾ ਦੌਰਾਨ ਰੀਨਲ ਪਲਾਜ਼ਮਾ ਫਲੋ 50-70 ਪ੍ਰਤੀਸ਼ਤ ਤੱਕ ਵੱਧ ਜਾਂਦਾ ਹੈ। (ਪਹਿਲੇ 6 ਮਹੀਨਿਆਂ ’ਚ ਇਹ ਤਬਦੀਲੀ ਸਾਫ ਮਹਿਸੂਸ ਕੀਤੀ ਜਾ ਸਕਦੀ ਹੈ)
*ਇਸ ਦੌਰਾਨ ਗਲੋਮੇਰੂਲਰ ਫਿਲਟਰੇਸ਼ਨ ਰੇਟ ਵੱਧ ਜਾਂਦਾ ਹੈ। ਗਰਭ ਅਵਸਥਾ ਦੇ 13ਵੇਂ ਹਫਤੇ ’ਚ ਇਹ ਸਭ ਤੋਂ ਜ਼ਿਆਦਾ ਹੋ ਜਾਂਦਾ ਹੈ ਅਤੇ ਸਧਾਰਣ ਦੇ ਮੁਕਾਬਲੇ 150 ਪ੍ਰਤੀਸ਼ਤ ਤੱਕ ਵੀ ਵੱਧ ਸਕਦਾ ਹੈ।
*ਤਬਦੀਲੀ ਦੇ ਕਾਰਨ ਯੂਰੀਆ ਅਤੇ ਕ੍ਰਿਏਟਿਨਨ ਦਾ ਪੱਧਰ ਵੀ ਡਿੱਗ ਜਾਂਦਾ ਹੈ।
*ਗਰਭ ਅਵਸਥਾ ਦੇ ਸ਼ੁਰੂਆਤ ’ਚ ਪ੍ਰੋਜੈਸਟੋਰੋਨ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਸ਼ੁਰੂਆਤੀ 24 ਹਫਤਿਆਂ ’ਚ ਬਲੱਡ ਪਰੈਸ਼ਰ ਘੱਟ ਜਾਂਦਾ ਹੈ।
ਕਿਡਨੀ ਰੋਗ ਦੇ ਲੱਛਣ :
*ਘੱਟ ਮਾਤਰਾ ’ਚ ਪੇਸ਼ਾਬ ਆਉਣਾ।
*ਹੱਥਾਂ ਤੇ ਪੈਰਾਂ ’ਚ ਸੋਜ਼ ਆਉਣੀ, ਅੱਖਾਂ ਦੇ ਆਸਪਾਸ ਸੋਜ਼ ਹੋਣੀ।
*ਮੂੰਹ ਦਾ ਸਵਾਦ ਖਰਾਬ ਹੋਣਾ, ਮੂੰਹ ’ਚੋਂ ਬਦਬੂ ਆਉਣੀ, ਭੁੱਖ ਘੱਟ ਲੱਗਣੀ।
*ਥਕਾਵਟ ਰਹਿਣੀ, ਸਾਹ ਫੁੱਲਣਾ।
*ਬਲੱਡ ਪਰੈਸ਼ਰ ਵਧਣਾ।
*ਚਮੜੀ ਪੀਲੀ ਪੈਣਾ, ਚਮੜੀ ’ਚ ਬਹੁਤ ਰੁੱਖਾਪਨ ਹੋਣਾ, ਖਾਜ ਹੋਣਾ।
ਕਿਡਨੀ ਫੰਕਸ਼ਨ
*ਗਰਭ ਅਵਸਥਾ ’ਚ ਐਸਟੀਮੇਟਡ ਗਲੋਮੇਰੂਲਰ ਫਿਲਟਰੇਸ਼ਨ ਰੇਟ (ਈ. ਜੀ.ਐਫ.ਆਰ) ਜਾਂਚ ਕਰਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ। *ਪੇਸ਼ਾਬ ’ਚ ਗਲੂਕੋਜ਼ ਦੀ ਮੌਜੂਦਗੀ ਵੈਸੇ ਤਾਂ ਸ਼ੂਗਰ ਦੇ ਕਾਰਨ ਹੁੰਦੀ ਹੈ ਪਰ ਗਰਭ ਅਵਸਥਾ ਦੌਰਾਨ ਇਹ ਆਮ ਹੈ। ਗਰਭਵਤੀ ਔਰਤ ’ਚ ਇਹ ਸ਼ੂਗਰ ਦੀ ਸੂਚਕ ਨਹੀਂ ਹੈ।
*ਗਰਭ ਅਵਸਥਾ ਦੌਰਾਨ ਪੇਸ਼ਾਬ ਰਾਹੀਂ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਨਿਕਲਣ ਲੱਗਦਾ ਹੈ, ਪਰ ਇਹ ਇਕ ਦਿਨ ’ਚ 300 ਮਿਲੀਗ੍ਰਾਮ ਤੋਂ ਜ਼ਿਆਦਾ ਨਹੀਂ ਨਿਕਲਦਾ ਹੈ।
*ਗਰਭਵਤੀ ਮਹਿਲਾ ਦੇ ਪੇਸ਼ਾਬ ’ਚ ਪ੍ਰੋਟੀਨ ਦੀ ਮਾਤਰਾ ਲਗਾਤਾਰ 500 ਮਿਲੀਗ੍ਰਾਮ ਦਿਨ ’ਚ ਜ਼ਿਆਦਾ ਹੋਣ ’ਤੇ ਤੁਰੰਤ ਕਿਡਨੀ ਰੋਗ ਮਾਹਰ ਨੂੰ ਦਿਖਾਉਣਾ ਚਾਹੀਦਾ ਹੈ।
ਕਿਡਨੀ ਰੋਗ ਹੋਣ ’ਤੇ ਗਰਭ ਧਾਰਣ
ਕਿਡਨੀ ਰੋਗ ਨਾਲ ਪੀੜਤ ਔਰਤ ਨੂੰ ਗਰਭ ਧਾਰਣ ਤੋਂ ਪਹਿਲਾਂ ਔਰਤ ਰੋਗਾਂ ਦੀ ਮਾਹਰ ਡਾਕਟਰ ਅਤੇ ਕਿਡਨੀ ਰੋਗਾਂ ਦੇ ਮਾਹਰ ਡਾਕਟਰ ਤੋਂ ਕਾਉਸਲਿੰਗ ਲੈਣੀ ਚਾਹੀਦੀ ਹੈ ਤਾਂਕਿ ਇਹ ਪਤਾ ਚਲ ਸਕੇ ਕਿ ਔਰਤ ਸੁਰੱਖਿਅਤ ਗਰਭ ਧਾਰਣ ਕਰ ਸਕਦੀ ਹੈ ਜਾਂ ਨਹੀਂ। ਜੇ ਕਿਡਨੀ ਫੰਕਸ਼ਨ ਜ਼ਿਆਦਾ ਪ੍ਰਭਾਵਿਤ ਨਾ ਹੋਣ ਤਾਂ ਔਰਤ ਸੁਰੱਖਿਅਤ ਗਰਭ ਧਾਰਣ ਕਰ ਸਕਦੀ ਹੈ। ਹਾਲਾਂਕਿ ਮਰੀਜ਼ ਨੂੰ ਡਿਲਵਰੀ ਤੋਂ ਪਹਿਲਾਂ ਕੁਝ ਮੁਸ਼ਕਿਲਾਂ ਹੋ ਸਕਦੀਆਂ ਹਨ ਜਿਵੇਂ ਹਾਇਪਰਟੈਂਸ਼ਨ ਅਤੇ ਪ੍ਰੀ-ਐਕਲੈਂਪਸ਼ੀਆ। ਕਿਡਨੀ ਰੋਗ ਦੀ ਹਾਲਤ ਥੋੜੀ ਗੰਭੀਰ ਹੋਣ ’ਤੇ ਗਰਭ ਅਵਸਥਾ ਦੇ ਦੌਰਾਨ ਮਹਿਲਾ ਨੂੰ ਹਾਈ ਬਲੱਡ ਪਰੈਸ਼ਰ, ਪ੍ਰੀ-ਐਕਲੈਂਪਸ਼ੀਆ, ਸਮੇਂ ਤੋਂ ਪਹਿਲਾਂ ਜੰਮਣ ਪੀੜਾਂ, ਜਨਮ ਦੇ ਸਮੇਂ ਬੱਚੇ ਦਾ ਵਜ਼ਨ ਘੱਟ ਹੋਣਾ ਜਾਂ ਗਰਭਪਾਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਏਦਾਂ ਦੀ ਹਾਲਤ ’ਚ ਕਿਡਨੀ ਨੂੰ ਸਥਾਈ ਤੌਰ ’ਤੇ ਨੁਕਸਾਨ ਵੀ ਹੋ ਸਕਦਾ ਹੈ।
ਬਚਾਅ
*ਸਹੀ ਮਾਤਰਾ ’ਚ ਪਾਣੀ ਨਾ ਪੀਣ ਦੀ ਆਦਤ ਲੰਬੇ ਸਮੇਂ ’ਚ ਗੁਰਦਿਆਂ ਨੂੰ ਕਾਫੀ ਨੁਕਸਾਨ ਪਹੁੰਚਾਉਦੀ ਹੈ। ਇਸ ਲਈ ਕਿਡਨੀ ਦੀ ਸਿਹਤ ਲਈ ਰੋਜ਼ਾਨਾ ਸਹੀ ਮਾਤਰਾ ’ਚ ਪਾਣੀ ਤੇ ਹੋਰ ਤਰਲ ਪਦਾਰਥ ਪੀਣਾ ਬਹੁਤ ਜ਼ਰੂਰੀ ਹੈ।
*ਭੋਜਨ ਜੇਕਰ ਰੇਸ਼ੇ ਵਾਲਾ ਹੋਵੇ ਤਾਂ ਇਹ ਵਾਧੂ ਲੂਣ ਤੇ ਖਣਿਜ ਤੱਤਾਂ ਨੂੰ ਸੋਖ ਲੈਂਦਾ ਹੈ। ਇਸ ਲਈ ਰੇਸ਼ਾ ਵਾਲਾ ਭੋਜਨ ਖਾਣ ਨੂੰ ਪਹਿਲ ਦੇਣੀ ਚਾਹੀਦੀ ਹੈ।
*ਜ਼ਿਆਦਾ ਮਾਤਰਾ ’ਚ ਲੂਣ ਖਾਣ ਨਾਲ ਇਹ ਕਿਡਨੀਆਂ ’ਚ ਇਕੱਠਾ ਹੋਣ ਲੱਗਦਾ ਹੈ। ਲੰਬੇ ਸਮੇਂ ਤੱਕ ਏਦਾਂ ਹੀ ਚੱਲਦਾ ਰਹੇ ਤਾਂ ਇਸ ਨਾਲ ਪੱਥਰੀ ਦੀ
ਸਮੱਸਿਆ ਹੋ ਸਕਦੀ ਹੈ ਅਤੇ ਹੋਰ ਸਮੱਸਿਆਵਾਂ ਵੀ ਘੇਰ ਲੈਂਦੀਆਂ ਹਨ।
*ਦਰਦ ਨਿਵਾਰਕ ਦਵਾਈਆਂ ਅਤੇ ਸਟੀਰਾਇਡ ਆਦਿ ਦਵਾਈਆਂ ਲੰਬੇ ਸਮੇਂ ’ਚ ਕਿਡਨੀ ਨੂੰ ਨੁਕਸਾਨ ਪਹੁੰਚਾਦੀਆਂ ਹਨ। ਇਨਾਂ ਨੂੰ ਡਾਕਟਰ ਦੇ ਦੱਸੇ ’ਤੇ ਹੀ ਲੈਣਾ ਚਾਹੀਦਾ ਹੈ।