ਦੇਸ਼ ਤੇ ਦੁਨੀਆਂ ਭਰ ’ਚ ਬਹੁਤ
ਸਾਰੇ ਲੋਕ ਜੀਵਨ ਦੀਆਂ ਸਮੱਸਿਆਵਾਂ ਜਾਂ ਉਤਰਾਅ-ਚੜਾਵਾਂ ਨੂੰ ਬਰਦਾਸ਼ਤ ਨਾ ਕਰ ਸਕਣ ਕਰਕੇ ਡਿਪਰੈਸ਼ਨ
(ਅਵਸਾਦ) ਦੀ ਸਥਿਤੀ ’ਚ ਆਤਮਘਾਤੀ ਕਦਮ ਤੱਕ ਚੁੱਕ ਲੈਂਦੇ ਹਨ, ਪਰ ਸਕਾਰਾਤਮਕ ਸੋਚ ਨਾਲ ਕੁਝ
ਸੁਝਾਵਾਂ ’ਤੇ ਅਮਲ ਕਰਕੇ ਇਸ ਮਨੋਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਹ ਇਕ ਭਰਮ ਹੈ ਕਿ ਇਹ ਰੋਗ ਆਰਥਿਕ ਰੂਪ ਨਾਲ ਖੁਸ਼ਹਾਲ ਲੋਕਾਂ ਨੂੰ ਹੀ ਹੁੰਦਾ ਹੈ। ਪਰ ਅਸਲੀਅਤ ਹੈ ਕਿ ਇਹ ਕਮਜ਼ੋਰ ਆਰਥਿਕ ਹਾਲਤ ਵਾਲੇ ਲੋਕਾਂ ਨੂੰ ਵੀ ਹੋ ਸਕਦਾ ਹੈ। ਇਸ ਰੋਗ ਦੇ ਲੱਛਣ ਹੋਰ ਸਰੀਰਕ ਰੋਗਾਂ ਦੇ ਨਾਲ ਵੀ ਪ੍ਰਗਟ ਹੋ ਸਕਦੇ ਹਨ। ਇਲਾਜ ਦੀ ਘਾਟ ’ਚ ਰੋਗ ਨਿਰੰਤਰ ਬਣਿਆ ਰਹਿੰਦਾ ਹੈ। ਇਸ ਰੋਗ ਨਾਲ ਗ੍ਰਸਤ ਵਿਅਕਤੀ ਆਪਣਾ ਕੰਮ, ਨੌਕਰੀ, ਵਪਾਰ ਤੇ ਸਮਾਜਿਕ ਜੀਵਨ ਤੱਕ ਗਵਾ ਬੈਠਦਾ ਹੈ। ਡਿਪਰੈਸ਼ਨ ਅੰਦਰੂਨੀ ਕਾਰਨਾਂ ਕਰਕੇ ਵੀ ਹੋ ਸਕਦਾ ਹੈ ਅਤੇ ਬਾਹਰੀ ਕਾਰਨਾਂ ਕਰਕੇ ਵੀ। ਦਿਮਾਗ ’ਚ ਰਸੌਲੀ ਜਾਂ ਪਾਣੀ ਦੇ ਦਬਾਅ ਦੀ ਵਜ੍ਹਾ ਨਾਲ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ। ਬਾਹਰੀ ਕਾਰਨਾਂ ’ਚ ਮਰੀਜ਼ ਦਾ ਵਾਤਾਵਰਣ, ਸਮਾਜਿਕ, ਆਰਥਿਕ, ਧਾਰਮਿਕ, ਪਰਿਵਾਰਿਕ ਕਾਰਨ ਸ਼ਾਮਲ ਹਨ।
ਲੱਛਣ
* ਹਰ ਸਮੇਂ ਤੇ ਹਰ ਜਗ੍ਹਾ ਮਨ ਦਾ ਉਦਾਸ ਜਾਂ ਚਿੜਚਿੜਾ ਰਹਿਣਾ।
* ਰੋਜ਼ਮਰਾ ਦੇ ਕਿਸੇ ਵੀ ਕੰਮ ’ਚ ਮਨ ਨਾ ਲੱਗਣਾ ਅਤੇ ਹਰੇਕ ਕੰਮ ਨੂੰ ਬੋਝ ਸਮਝਣਾ।
* ਅਜਿਹੇ ਰੋਗੀ ਆਪਣੇ ਨਿੱਜੀ ਕੰਮ ਜਿਵੇਂ ਬੁਰਸ਼ ਕਰਨਾ, ਨਹਾਉਣਾ-ਧੋਣਾ, ਦੂਜਿਆਂ ਨਾਲ ਮਿਲਣਾ, ਗੱਲਬਾਤ ਕਰਨਾ ਅਤੇ ਇੱਥੋਂ ਤੱਕ ਕਿ ਮਨੋਰੰਜਨ ਦੇ ਸਾਧਨਾਂ ਨੂੰ ਵੀ ਬੋਝ ਜਾ ਨੀਰਸ ਮਹਿਸੂਸ ਕਰਦੇ ਹਨ।
* ਗੰਭੀਰ ਨਕਾਰਾਤਮਕ ਸੋਚ ਰੱਖਣਾ। ਹਰ ਵਿਸ਼ੇ, ਕੰਮ ਤੇ ਯੋਜਨਾ ਨੂੰ ਲੈ ਕੇ ਨਿਰਾਸ਼ ਮਹਿਸੂਸ ਕਰਨਾ। ਇਹ ਸੋਚਣਾ ਕਿ ਮੇਰੇ ਤੋਂ ਕੁਝ ਵੀ ਸੰਭਵ ਨਹੀਂ ਹੈ।
* ਰਹਿ-ਰਹਿ ਕੇ ਰੋਣਾ, ਨੀਂਦ ਨਾ ਆਉਣੀ, ਭੁੱਖ ਨਾ ਲੱਗਣੀ ਅਤੇ ਯੌਨ ਇੱਛਾ ਸ਼ਕਤੀ ਖਤਮ ਹੋ ਜਾਣੀ।
ਇਲਾਜ
ਡਿਪਰੈਸ਼ਨ ਦੇ ਇਲਾਜ ’ਚ ਕਾਉਸਲਿੰਗ ਦੇ ਨਾਲ-ਨਾਲ ਡਿਪਰੈਸ਼ਨ ਘੱਟ ਕਰਨ ਵਾਲੀਆਂ ਦਵਾਈਆਂ ਦਾ ਪ੍ਰਮੁੱਖ ਸਥਾਨ ਹੈ।
* ਬਾਹਰੀ ਵਾਤਾਵਰਣ ਨੂੰ ਠੀਕ ਕਰਨ ਅਤੇ ਰੀਹੈਬਲੀਟੇਸ਼ਨ ਨਾਲ ਵੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ।
* ਕਈ ਵਾਰ ਮੁੱਢਲੇ ਇਲਾਜ ਦੇ ਬਾਵਜੂਦ ਡਿਪਰੈਸ਼ਨ ਵਾਰ-ਵਾਰ ਹੁੰਦਾ ਹੈ ਅਤੇ ਸਮੇਂ ਦੇ ਨਾਲ ਰੋਗੀ ਨੂੰ ਗੰਭੀਰ ਰੂਪ ਨਾਲ ਪ੍ਰਭਾਵਤ ਕਰਨ ਲੱਗਦਾ ਹੈ।
ਡਿਪਰੈਸ਼ਨ ਦੇ ਇਲਾਜ ਨਾਲ ਜੁੜੀਆਂ ਹੇਠ ਲਿਖੀਆਂ ਸਥਿਤੀਆਂ ’ਚ ਡਾਕਟਰ ਨਾਲ ਜ਼ਰੂਰ ਮਿਲੋ।
* ਜੇ ਪੀੜਤ ਵਿਅਕਤੀ ਨੀਂਦ ਦੀਆਂ ਗੋਲੀਆਂ ਲੈਣ ਲੱਗੇ ਅਤੇ ਇਸਦੀ ਮਾਤਰਾ ’ਚ ਵਾਧਾ ਕਰੇ।
* ਜੇ ਰੋਗੀ ਸ਼ਰਾਬ ਪੀ ਰਿਹਾ ਹੈ ਅਤੇ ਇਸਦੀ ਮਾਤਰਾ ’ਚ ਵਾਧਾ ਕਰ ਰਿਹਾ ਹੈ।
* ਜੇ ਇਲਾਜ ਦੇ ਦੌਰਾਨ ਜਾਂ ਪਹਿਲਾਂ ਰੋਗੀ ਦੇ ਮਨ ’ਚ ਆਤਮਹੱਤਿਆ ਦੇ ਵਿਚਾਰ ਆਉਦੇ ਹੋਣ ਜਾਂ ਉਸਨੇ ਆਤਮਹੱਤਿਆ ਦਾ ਯਤਨ ਕੀਤਾ ਹੋਵੇ।