ਡਾਇਬਟੀਜ਼ ਆਧੁਨਿਕ ਜੀਵਨ ਸ਼ੈਲੀ ਦੀ ਅਜਿਹੀ ਦੇਣ ਹੈ ਜਿਸ ਤੋਂ ਪਿੱਛਾ ਛੁਡਾਉਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਦੁਨੀਆਂ ’ਚ ਡਾਇਬਟੀਜ਼ ਰੋਗੀਆਂ ਦੀ ਗਿਣਤੀ ਦੇ ਮਾਮਲੇ ’ਚ ਭਾਰਤ ਮੋਹਰੀ ਦੇਸ਼ਾਂ ’ਚੋਂ ਇਕ ਹੈ, ਇਸ ਦੀ 10 ਤੋਂ 20 ਪ੍ਰਤੀਸ਼ਤ ਬਾਲਗ ਜਨਸੰਖਿਆ ਇਸ ਬਿਮਾਰੀ ਤੋਂ ਪੀੜਤ ਹੈ। ਜੇ ਤੁਸੀਂ ਸਾਵਧਾਨ ਹੋ ਜਾਓ ਤਾਂ ਡਾਇਬਟੀਜ਼ ਦੇ ਨਾਲ ਵੀ ਸਿਹਤਮੰਦ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ।
ਡਾਇਬਟੀਜ਼ ਨੂੰ ਪੂਰਨ ਰੂਪ ’ਚ ਦੂਰ ਨਹੀਂ ਕਰ ਸਕਦੇ, ਪਰ ਕਾਬੂ ’ਚ ਰੱਖ ਕੇ ਸਿਹਤਮੰਦ ਤੇ ਸਧਾਰਣ ਜੀਵਨ ਜੀਵਿਆ ਜਾ ਸਕਦਾ ਹੈ। ਜਿਵੇਂ ਹੀ ਤੁਹਾਨੂੰ ਡਾਇਬਟੀਜ਼ ਦੇ ਲੱਛਣ ਦਿਖਣ ਤੁਰੰਤ ਆਪਣੇ ਸਾਰੇ ਟੈਸਟ ਕਰਵਾਓ। ਤੁਹਾਡੀ ਫਾਸਟਿੰਗ ਸ਼ੂਗਰ 70 ਤੋਂ 140 ਦੇ ਦਰਮਿਆਨ ਅਤੇ ਨਾਨ ਫਾਸਟਿੰਗ ਸ਼ੂਗਰ 110 ਤੋਂ 140 ਦੇ ਦਰਮਿਆਨ ਰਹਿਣੀ ਚਾਹੀਦੀ ਹੈ। ਜੇ ਅਜਿਹਾ ਨਹੀਂ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹੋ। ਇਹ ਏਨੀ ਖਤਰਨਾਕ ਬਿਮਾਰੀ ਹੈ ਕਿ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਸਰੀਰ ਦੇ ਅੰਗਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ’ਤੇ ਕਾਬੂ ਲਈ ਰੈਗੂਲਰ ਸੰਤੁਲਿਤ ਖੁਰਾਕ, ਕਸਰਤ ਅਤੇ ਜ਼ਰੂਰੀ ਸਾਵਧਾਨੀਆਂ ਵਰਤੋ ਤਾਂਕਿ ਇਹ ਵਧਣ ਤੋਂ ਪਹਿਲਾਂ ਹੀ ਕੰਟਰੋਲ ਕਰ ਲਈ ਜਾਵੇ। ਅਸੀਂ ਤੁਹਾਨੂੰ ਦੱਸਦੇ ਹਾਂ ਕਿਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਡਾਇਬਟੀਜ਼ ਦੇ ਨਾਲ ਸਿਹਤਮੰਦ ਰਹਿ ਸਕਦੇ ਹੋ।
* ਜੇ ਤੁਹਾਡਾ ਵਜ਼ਨ ਵਧਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਕਾਬੂ ’ਚ ਕਰੋ ਕਿਉਂਕਿ ਜ਼ਿਆਦਾ ਵਜ਼ਨ ਡਾਇਬਟੀਜ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
* ਰੋਜ਼ਾਨਾ ਸਵੇਰ ਦੀ ਅੱਧੇ ਘੰਟੇ ਦੀ ਵਾਕ, ਸਾਈਕਲਿੰਗ, ਪੌੜੀਆਂ ਦਾ ਇਸਤੇਮਾਲ, ਯੋਗ ਤੇ ਐਰੋਬਿਕਸ ਆਦਿ ਡਾਇਬਟੀਜ਼ ਨੂੰ ਕੰਟਰੋਲ ਕਰਨ ’ਚ ਸਹਾਇਕ ਹੈ। ਇਸਨੂੰ ਆਪਣੀ ਦੈਨਿਕ ਰੂਟੀਨ ’ਚ ਸ਼ਾਮਲ ਕਰੋ।
* ਜੇ ਬਲੱਡ ਪਰੈਸ਼ਰ ਹਾਈ ਨਹੀਂ ਹੁੰਦਾ ਤਾਂ ਬਿਸਕ-ਵਾਕ ਰੈਗੂਲਰ ਕਰੋ ਤਾਂਕਿ ਤੁਹਾਡੀਆਂ ਮਾਸਪੇਸ਼ੀਆਂ ਇੰਸੂਲੀਨ ਪੈਦਾ ਕਰ ਸਕਣ ਅਤੇ ਗਲੂਕੋਜ਼ ਨੂੰ ਪੂਰਾ ਅਬਜ਼ਾਰਬ ਕਰ ਸਕੇ।
* ਤਣਾਅ ਨੂੰ ਆਪਣੇ ਤੋਂ ਦੂਰ ਰੱਖੋ।
* ਬਲੱਡ ਸ਼ੂਗਰ ਦਾ ਲੈਵਲ ਜੇ ਕੁਦਰਤੀ ਤਰੀਕੇ ਨਾਲ ਜਾਂ ਖਾਣ-ਪੀਣ ਨਾਲ ਕੰਟਰੋਲ ਨਹੀਂ ਹੁੰਦਾ ਤਾਂ ਦਵਾਈ ਦਾ ਸਹਾਰਾ ਲਵੋ। ਸਮੇਂ-ਸਮੇਂ ’ਤੇ ਆਪਣਾ ਚੈਕਅੱਪ ਕਰਾਉਣ ’ਚ ਬਿਲਕੁਲ ਵੀ ਲਾਪਰਵਾਹੀ ਨਾ ਵਰਤੋ।
* ਤਿੰਨ ਮਹੀਨਿਆਂ ’ਚ ਸ਼ੂਗਰ ਦਾ ਪੱਧਰ ਕੀ ਰਿਹਾ ਇਸਨੂੰ ਚੈੱਕ ਕਰਨ ਲਈ ਐਚਬੀਏ1ਸੀ ਨਾਂ ਦਾ ਟੈਸਟ ਕਰਵਾਉਦੇ ਹਿਣਾ ਚਾਹੀਦਾ ਹੈ।
* ਡਾਇਬਟੀਜ਼ ਹੋਣ ’ਤੇ ਡਾਈਟ ਚਾਰਟ ਨੂੰ ਫਾਲੋ ਕਰੋ, ਹੈਲਦੀ ਲਾਈਫ ਸਟਾਈਲ ਅਪਣਾਓ ਅਤੇ ਆਪਣੇ ਖਾਣ-ਪੀਣ ’ਤੇ ਪੂਰਾ ਧਿਆਨ ਦਿਓ।
* ਫਾਈਬਰ ਯੁਕਤ ਪਦਾਰਥਾਂ ਦੀ ਮਾਤਰਾ ਆਪਣੇ ਭੋਜਨ 'ਚ ਵਧਾਓ, ਜਿਵੇਂ ਬਰਾਊਨ ਰਾਈਸ, ਬਰਾਊਨ ਬਰੈੱਡ ਆਦਿ।
* ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਨਾ ਕਰੋ, ਘੱਟ ਤੋਂ ਘੱਟ ਵੈਜੀਟੇਬਲ ਆਇਲ ਦਾ ਇਸਤੇਮਾਲ ਕਰੋ। ਆਪਣੀ ਡਾਈਟ 'ਚ ਚੌਲਾਂ ਦਾ ਸੇਵਨ ਘੱਟ ਅਤੇ ਨੱਟਸ ਦਾ ਇਸਤੇਮਾਲ ਰੈਗੂਲਰ ਤੌਰ ’ਤੇ ਕਰੋ।
* ਰੈਗੂਲਰ ਤੌਰ ’ਤੇ ਭਾਰਤੀ ਹਰਬਜ਼ ਜਿਵੇਂ ਮੇਥੀਦਾਨਾ, ਕਰੇਲਾ, ਨਿੰਮ ਦਾ ਪਾਊਡਰ, ਐਂਟੀਆਕਸੀਡੈਂਟ ਔਲੇ ਦਾ ਸੇਵਨ ਕਿਸੇ ਵੀ ਰੂਪ ’ਚ ਕਰੋ।
* ਜੇ ਤੁਸੀਂ ਇੰਸੂਲੀਨ ਲੈ ਰਹੇ ਹੋ ਤਾਂ ਇਕ ਛੋਟਾ ਕੱਪ ਟੋਂਡ ਦੁੱਧ (ਬਿਨਾਂ ਖੰਡ ਤੋਂ) ਰਾਤ ਨੂੰ ਰੈਗੂਲਰ ਰੂਪ ’ਚ ਲਵੋ।
* ਜੇ ਥੋੜੀ-ਥੋੜੀ ਦੇਰ ’ਤੇ ਖਾਣਾ ਨਹੀਂ ਲੈਂਦੇ ਤਾਂ ਹਾਈਪੋਗਲਾਈਸੇਮੀਆਂ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ, ਜਿਸ 'ਚ ਸ਼ੂਗਰ 70 ਤੋਂ ਵੀ ਘੱਟ ਹੋ ਜਾਂਦੀ ਹੈ।
* ਖਾਣਾ ਲਗਪਗ ਕੁਝ-ਕੁਝ ਘੰਟੇ ਬਾਅਦ ਲੈਂਦੇ ਰਹੋ। ਦਿਨ ਭਰ ’ਚ ਤਿੰਨ ਵਾਰ ਖਾਣ ਦੀ ਬਜਾਏ ਥੋੜਾ-ਥੋੜਾ ਪੰਜ-ਛੇ ਵਾਰ ਖਾਓ। ਖਾਣੇ ’ਚ ਫਾਈਬਰ ਜ਼ਿਆਦਾ ਲਵੋ।
* ਸੇਬ, ਸੰਤਰਾ, ਨਾਸ਼ਪਾਤੀ ’ਚੋਂ ਕੋਈ ਵੀ ਫਲ ਲਵੋ। ਧਿਆਨ ਰਹੇ, ਮਿੱਠੇ ਫਲ ਯਾਨੀ ਅੰਬ, ਕੇਲਾ, ਚੀਕੂ, ਅੰਗੂਰ ਅਤੇ ਲੀਚੀ ਤੋਂ ਪਰਹੇਜ਼ ਕਰੋ।
* ਸਮੋਕਿੰਗ ਤੋਂ ਪਰਹੇਜ਼ ਕਰੋ, ਸਮੋਕਿੰਗ ਕਰਨ ਵਾਲੇ ਡਾਇਬਟੀਜ਼ ਰੋਗੀਆਂ 'ਚ ਹਾਰਟ ਅਟੈਕ ਦੇ 50 ਪ੍ਰਤੀਸ਼ਤ ਚਾਂਸ ਜ਼ਿਆਦਾ ਹੁੰਦੇ ਹਨ ਕਿਉਂਕਿ ਸਮੋਕਿੰਗ ਨਾਲ ਬਲੱਡ ਵੈਸਲਜ਼ ਨੂੰ ਨੁਕਸਾਨ ਪਹੁੰਚਦਾ ਹੈ।
* ਆਪਣੇ ਡਾਕਟਰ ਦੇ ਸੰਪਰਕ ’ਚ ਹਮੇਸ਼ਾਂ ਰਹਿਣਾ ਚਾਹੀਦਾ ਹੈ।