ਕਦੇ ਵਿਸਾਖੀ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 14-04-2016
ਕਦੇ ਵਿਸਾਖੀ ਆਉਂਦੀ ਸੀ,
ਖੁਸ਼ੀਆਂ ਲੈ ਕੇ ਆਉਂਦੀ ਸੀ।
ਪੱਕੀਆਂ ਫਸਲਾਂ ਤੱਕ-ਤੱਕ ਕੇ,
ਰੂਹ ਵੀ ਨੱਚਦੀ-ਗਾਉਂਦੀ ਸੀ।
ਅੱਜ ਵਿਸਾਖੀ ਆਉਂਦੀ ਹੈ,
ਕੋਈ ਪੱਕੀ ਫਸਲ ਦਾ ਚਾਅ ਹੀ ਨਾ।
ਸਮੇਂ ਤੇ ਕੋਈ ਖਰੀਦਦਾ ਨਹੀਂ,
ਵਾਜ਼ਬ ਮਿਲਦਾ ਭਾਅ ਹੀ ਨਾ।
ਅਸਰ ਰਿਹਾ ਨਾ ਖਾਦਾਂ ਵਿੱਚ,
ਨਕਲੀ ਦਵਾਈਆਂ ਆ ਗਈਆਂ।
ਕਿਸਾਨਾਂ, ਖੇਤ-ਮਜ਼ਦੂਰਾਂ ਨੂੰ,
ਕਰਜ਼ੇ ਦੀਆਂ ਕਿਸ਼ਤਾਂ ਖਾ ਗਈਆਂ। ।
ਕਦੇ ਸੋਕਾ ਪਏ, ਕਦੇ ਹੜ ਜਾਏ,
ਕੁਦਰਤ ਦੀ ਸਦਾ ਹੀ ਮਾਰ ਪਏ।
ਹੋਰਾਂ ਦੇ ਅਰਬਾਂ ਮੁਆਫ ਕਰੇ,
ਸਰਕਾਰ ਨਾ ਇਨ੍ਹਾਂ ਦੀ ਸਾਰ ਲਏ।
ਲੋਕ-ਵਿਰੋਧੀ ਨੀਤੀਆਂ ਨੂੰ,
ਘਰ-ਘਰ ਜਾ ਸਮਝਾਵਾਂਗੇ।
ਮਿਸ਼ਾਲ ਜਗਾ ਕੇ ਗਿਆਨ ਵਾਲੀ,
ਗਸ਼ ਲੋਟੂਆਂ ਨੂੰ ਪਾਵਾਂਗੇ।
ਕਿਸਾਨਾਂ, ਖੇਤ-ਮਜ਼ਦੂਰਾਂ ਨੂੰ,
ਜੱਥੇਬੰਦ ਕਰ ਸੰਘਰਸ਼ ਮਘਾਵਾਂਗੇ।
ਜਦੋਂ ਏਕੇ ਨਾਲ ਜਿੱਤ ਕੇ ਹੱਕ ਮਿਲਗੇ,
ਉਦੋਂ ਵਿਸਾਖੀ ਦੀ ਖੁਸ਼ੀ ਮਨਾਵਾਂਗੇ।