ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੀ ਮਨਾਈ 18ਵੀਂ ਬਰਸੀ
Posted on:- 12-08-2015
ਸੰਨ 1997 ‘ਚ ਮਹਿਲਕਲਾਂ ਵਿਖੇ ਬਾਰਵੀਂ ਜਮਾਤ ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਪਿੰਡ ਦੇ ਕੁਝ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਅਗਵਾ/ ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀਆਂ ਨੂੰ ਲੋਕ ਤਾਕਤ ਦੇ ਲੰਮੇਂ ਸੰਘਰਸ਼ ਆਸਰੇ ਸਖਤ ਸਜ਼ਾਵਾਂ ਦਿਵਾਈਆਂ ਗਈਆਂ ਸਨ। ਐਕਸ਼ਨ ਕਮੇਟੀ ਦੀ ਸੁਚੱਜੀ ਅਗਵਾਈ ਸਦਕਾ 18 ਵਰ੍ਹਿਆਂ ‘ਚ ਤਿੰਨ ਲੋਕ ਆਗੂਆਂ ‘ਚੋਂ ਦੋ ਨੂੰ ਝੂਠੇ ਕਤਲ ਕੇਸ ਤੋਂ ਬਰੀ ਕਰਵਾਇਆ ਗਿਆ ਅਤੇ ਔਰਤ ਮੁਕਤੀ ਲਈ ‘ਸੰਘਰਸ਼ ਦਾ ਚਿੰਨ੍ਹ’ ਬਣੀ ਕਿਰਨਜੀਤ ਕੌਰ ਦੀ ਯਾਦ ਨੂੰ ਅੱਜ ਵੀ ‘ਔਰਤ ਮੁਕਤੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਸੰਘਰਸ਼ ਲੋਕਾਂ ਨੂੰ ਹਰ ਸਾਲ ਲੋਕ ਪੱਖੀ ਸਮਾਜ ਦੀ ਸਿਰਜਨਾ ਲਈ ਜੂਝਣ ਦਾ ਸੰਦੇਸ਼ ਦਿੰਦਾ ਹੈ। ਇਹ ਗੱਲ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਨੇ ਕਹੀ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਦੇਸ਼ ਦੇ ਹਾਕਮ ਦੇਸੀ ਬਦੇਸੀ ਕਾਰਪੋਰੇਟ ਜਗਤ ਪੱਖੀ ਵਿਕਾਸ ਮਾਡਲ ਨੂੰ ਬੇਰੋਕ ਅੱਗੇ ਵਧਾਉਣ ਲਈ ਲੋਕਾਂ ਉਪਰ ਲੁੱਟ, ਜਬਰ ਤੇ ਦਾਬਾ ਪਾ ਰਹੇ ਹਨ। ਫਿਰਕੂ ਫਾਸ਼ੀਵਾਦੀ ਹਾਕਮ ਨਵਉਦਾਰਵਾਦੀ ਨੀਤੀਆਂ ਨੂੰ ਹੋਰ ਵੱਧ ਸਖਤੀ ਨਾਲ ਲਾਗੂ ਕਰਨ ਲਈ ਜਿੱਥੇ ਲੋਕਾਂ ਉੱਤੇ ਮਹਿੰਗਾਈ, ਟੈਕਸਾਂ ਆਦਿ ਦਾ ਬੋਝ ਪਾ ਰਹੇ ਹਨ ਉੱਥੇ ਉਹ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੀ ਜ਼ੁਬਾਨਬੰਦੀ ਕਰਨ ਦੇ ਵੀ ਰਾਹ ਪਏ ਹੋਏ ਹਨ।
ਫਿਰਕੂ ਤਾਕਤਾਂ ਅਗਾਂਹਵਧੂ ਵਿਅਕਤੀਆਂ ਤੇ ਸ਼ਕਤੀਆਂ ਉੱਤੇ ਕਾਤਲਾਨਾ ਹਮਲੇ ਤੇਜ਼ ਕਰ ਰਹੀਆਂ ਹਨ। ਜਮਹੂਰੀ ਹੱਕਾਂ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸੀਪੀਐਮ ਪੰਜਾਬ ਦੇ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੱਜ ਦੱਬੇ-ਲਤਾੜੇ ਜਾਂਦੇ ਤਬਕਿਆਂ ਵੱਲੋਂ ਸਾਮਰਾਜਪ੍ਰਸਤ ਲੋਕਮਾਰੂ ਨੀਤੀਆਂ ਖਿਲਾਫ ਡਟਵੀ ਜੱਦੋਜਹਿਦ ਕਰਨ ਦੀ ਅਹਿਮ ਲੋੜ ਹੈ।ਸਾਥੀ ਪਾਸਲਾ ਨੇ ਕਿਹਾ ਕਿ ਮੌਜੂਦਾ ਰਾਜ ਤੇ ਸਮਾਜ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ। ਇਸਨੂੰ ਚੰਗੇ ਪਾਸੇ ਲਿਜਾਣ ਲਈ ਲੋਕ ਏਕਤਾ ਦੀ ਵੱਡੀ ਲੋੜ ਹੈ ।ਸੀਪੀਆਈ ਦੇ ਕਾ. ਜਗਰੂਪ ਨੇ ਬੋਲਦਿਆਂ ਕਿਹਾ ਕਿ ਔਰਤ ਜਮਾਤ ਉੱਪਰ ਹਰ ਤਰ੍ਹਾਂ ਦਾ ਹਮਲਾ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਦੁਆਰਾ ਕੀਤੀ ਜਾਂਦੀ ਹਰ ਤਰ੍ਹਾਂ ਦੀ ਲੁੱਟ ਦਾ ਇਕ ਅੰਗ ਹੈ। ਇਸਤੋਂ ਮੁਕਤੀ ਲਈ ਜ਼ਰੂਰੀ ਹੈ ਕਿ ਜਮਾਤੀ ਜੱਦੋਜਹਿਦ ਨੂੰ ਹੋਰ ਵੱਧ ਤੇਜ਼ ਕੀਤਾ ਜਾਵੇ। ਡੀਟੀਐਫ ਦੇ ਭੁਪਿੰਦਰ ਵੜੈਚ ਨੇ ਸਿੱਖਿਆ ਦਾ ਬਜਾਰੀਕਰਨ, ਵਪਾਰੀਕਰਨ ਤੇ ਭਗਵਾਂਕਰਨ ਕਰਨ ਵਾਲੀਆਂ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਨਾਲ ਹੀ ਸਮਾਜ ਜਬਰ ਵਿਰੁੱਧ ਮਹਿਲਕਲਾਂ ਦੀ ਧਰਤੀ ਉੱਤੇ ਚੱਲ ਰਹੀ ਜੱਦੋਜਹਿਦ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਰਹਿਣ ਦਾ ਵਾਅਦਾ ਕੀਤਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸੂਬੇ ਦਾ ਦਰਮਿਆਨਾ ਤੇ ਗਰੀਬ ਕਿਸਾਨ ਕਰਜ਼ੇ, ਖੁਦਕਸ਼ੀਆਂ, ਬੇਰੁਜਗਾਰੀ, ਬਿਮਾਰੀਆਂ, ਅਣਪੜ੍ਹਤਾ ਤੇ ਮਾਨਸਿਕ ਪ੍ਰੇਸ਼ਾਨੀਆਂ ‘ਚ ਦਿਨ ਕੱਟ ਰਿਹਾ ਹੈ। ਕਿਸਾਨਾਂ ਦੀ ਮੁਕਤੀ ਲਈ ਕਿਸਾਨ ਲਹਿਰ ਨੂੰ ਮਜ਼ਬੂਤ ਕਰਦਿਆਂ ਚੇਤੰਨ ਤੇ ਜੁਝਾਰੂ ਸੰਗਰਾਮ ਛੇੜਣ ਦੀ ਲੋੜ ਹੈ। ਆਮ ਆਦਮੀ ਪਾਰਟੀ ਵੱਲੋਂ ਅਬਜਿੰਦਰ ਸਿੰਘ ਸੰਘਾ ਨੇ ਸਰਕਾਰਾਂ ਵੱਲੋਂ ਕੀਤੇ ਰਹੇ ਜਬਰ ਤਸ਼ੱਦਦ ਦੀ ਨਿਖੇਧੀ ਕਰਦਿਆਂ ਪਾਰਟੀ ਵੱਲੋਂ ਮਹਿਲਕਲਾਂ ਦੇ ਲੋਕ ਸੰਘਰਸ ਹਰ ਪੱਖ ਤੋਂ ਸਹਿਯੋਗ ਕਰਨ ਦਾ ਵਾਅਦਾ ਕੀਤਾ।ਅਧਿਆਪਕ ਦਲ ਪੰਜਾਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਨੇ ਸਮਾਜਿਕ ਜਬਰ ਖਾਸ ਕਰ ਔਰਤਾਂ ਉੱਤੇ ਜਬਰ ਦੇ ਵਰਤਾਰੇ ਉੱਪਰ ਚਿੰਤਾ ਕਰਦਿਆਂ ਇਸ ਵਰਤਾਰੇ ਨੂੰ ਨੱਥ ਪਾਉਣ ਲਈ ਮਹਿਲਕਲਾਂ ਵਾਂਗ ਸਾਂਝੇ ਵਿਸ਼ਾਲ ਸੰਘਰਸ਼ਾਂ ਦੀ ਲੋੜ’ਤੇ ਜ਼ੋਰ ਦਿੱਤਾ।ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਧੰਨਾ ਮੱਲ ਨੇ ਕਿਹਾ ਕਿ ਜਦੋਂ ਸਰਕਾਰ ਕਿਰਤੀ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਗਰੀਬ ਮੱਧਵਰਗੀ ਪੇਂਡੂ ਡਾਕਟਰਾਂ ਨੂੰ ਨਵੀਆਂ ਨੀਤੀਆਂ ਦੇ ੳੇਜਾੜਨ ਦੇ ਰਾਹ ਪਈ ਹੋਈ ਹੈ ਤਾਂ ਸਮਾਜਿਕ ਜਬਰ ਵੀ ਸਾਰੇ ਹੱਦਾਂ ਬੰਨੇ ਪਾਰ ਕਰ ਰਿਹਾ ਹੈ । ਇਸ ਲਈ ਸਾਂਝੇ ਸੰਘਰਸ਼ਾਂ ਨੂੰ ਸਹੀ ਬੁਨਿਆਦ ਰਾਹੀਂ ਅੱਗੇ ਵਧਾਇਆ ਜਾਵੇ।ਟੀ.ਐੱਸ.ਯੂ. ਦੇ ਸਰਕਲ ਆਗੂ ਗੁਰਦੇਵ ਸਿੰਘ ਨੇ ਨਿੱਜੀਕਰਨ,ਨਿਗਮੀਕਰਨ ਦੀਆਂ ਨੀਤੀਆਂ ਵਿਰੱਧ ਆਪਣੀ ਤਬਕਾਤੀ ਮੰਗਾਂ ਲਈ ਚੱਲ ਰਹੇ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਹਾਕਮਾਂ ਦਾ ਹੱਲਾ ਵੱਡਾ ਹੈ।ਇਸ ਹੱਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਕਰਦਿਆਂ ਇਸ ਨੂੰ ਤੇਜ ਕਰਨਾ ਪਵੇਗਾ।ਐਕਸ਼ਨ ਕਮੇਟੀ ਦੇ ਆਗੂ ਨਰਾਇਣ ਦੱਤ, ਮਨਜੀਤ ਧਨੇਰ, ਕੁਲਵੰਤ ਰਾਏ ਨੇ ਸਾਂਝੇ ਸੰਬੋਧਨ ‘ਚ ਕਿਹਾ ਕਿ ਅੱਜ ਔਰਤ ਸਮੇਤ ਦੇਸ਼ ਦਾ ਹਰ ਕਿਰਤੀ ਤਬਕਾ ਘੋਰ ਤੰਗੀਆਂ-ਤੁਰਸ਼ੀਆਂ ‘ਚ ਕਰਾਹ ਰਿਹਾ ਹੈ ਤੇ ਗੁਲਾਮੀ ਦੀ ਜੂਨ ਭੋਗ ਰਿਹਾ ਹੈ। ਇਸ ਗੁਲਾਮੀ ਤੋਂ ਮੁਕਤੀ ਲਈ ਕਿਰਤੀ ਲੋਕਾਂ ਨੂੰ ਮਹਿਲਕਲਾਂ ਦੇ ਇਸ ਸਾਂਝੇ ਲੋਕ ਘੋਲ ਤੋਂ ਪ੍ਰੇਰਨਾ ਹਾਸਲ ਕਰਦਿਆਂ ਲੋਕ ਜੱਦੋਜਹਿਦ ਨੂੰ ਚੇਤੰਨ ਤੇ ਲਾਮਬੰਦ ਕੀਤਾ ਜਾਣਾ ਅਤੀ ਜ਼ਰੂਰੀ ਹੈ। ਐਕਸ਼ਨ ਕਮੇਟੀ ਵੱਲੋਂ ਵਿਦਿਆਰਥੀ ਸੰਘਰਸ਼ ’ਚ ਜੇਲ੍ਹ ਕੱਟਣ ਤੇ ਆਪਣੀ ਜ਼ਿੰਦਗੀ ਇਨਕਲਾਬ ਦੇ ਲੇਖੇ ਲਾਉਣ ਵਾਲੀ ਬਹਾਦੁਰ ਲੜਕੀ ਹਰਦੀਪ ਕੌਰ ਕੋਟਲਾ ਨੂੰ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਸਮੁੱਚੀ ਐਕਸ਼ਨ ਕਮੇਟੀ ਵੱਲੋਂ ਤੇ ਇਸ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਔਰਤ ਆਗੂਆਂ ਐਕਸ਼ਨ ਕਮੇਟੀ ਦੇ ਕਨਵੀਨਰ ਰਹੇ ਮਰਹੂਮ ਆਗੂ ਸਾਥੀ ਭਗਵੰਤ ਸਿੰਘ ਦੀ ਜੀਵਨ ਸਾਥਣ ਭੇਣ ਪ੍ਰੇਮਪਾਲ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ ਜੋਧਪੁਰ, ਬਰਿੰਦਰ ਕੌਰ, ਪਰਮਜੀਤ ਕੌਰ ਸ਼ਹਿਣਾ ਦੇ ਸਹਿਯੋਗ ਨਾਲ ਦਿੱਤਾ ਗਿਆ।ਹਰਦੀਪ ਕੌਰ ਕੋਟਲਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਔਰਤ ਜਮਾਤ ਦੀ ਮੁਕਤੀ ਲਈ ਉਨ੍ਹਾਂ ਨੂੰ ਖੁਦ ਅਪਣੇ ਹੱਕਾਂ ਲਈ ਸਭ ਤਰ੍ਹਾਂ ਦੀਆਂ ਰੁਕਾਵਟਾਂ ਤੋੜਕੇ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਐਕਸ਼ਨ ਕਮੇਟੀ ਵੱਲੋਂ ਮਨਜੀਤ ਧਨੇਰ ਦੀ ਸਜਾ ਰੱਦ ਕਰਨ, ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਨਾਮ ਬਦਲੀ ਕਰਨ ਵਿਰੁੱਧ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡਾ ਟੋਲੇ ਨੂੰ ਚਿਤਾਵਨੀ,ਸਾਜਿਸ਼ਾਂ ਰਚਣ ਵਾਲਿਆਂ ਨਾਲ ਲੋਕ ਤਾਕਤ ਦੇ ਆਸਰੇ ਕਰੜੇ ਹੱਥੀਂ ਨਜਿੱਠਣ ਦਾ ਫੈਸਲਾ,ਵਿੱਦਿਆ ਦਾ ਭਗਵਾਂਕਰਨ/ਬਜਾਰੀਕਰਨ/ਵਿਸ਼ਵ ਵਪਾਰ ਸੰਸਥਾ ਦੇ ਹਵਾਲੇ ਕਰਨ ਵਿਰੱਧ, ਔਰਤਾਂ ਖਾਸ ਕਰ ਦਲਿਤ ਪ੍ਰੀਵਾਰ ਦੀਆਂ ਔਰਤਾਂ ਉਪਰ ਜਬਰ ਨੂੰ ਠੱਲ੍ਹਣ, ਨਸ਼ਾਖੋਰੀ ਤੇ ਲੱਚਰ-ਲੋਟੂ ਸੱਭਿਆਚਾਰ ਬੰਦ ਕਰਨ, ਕਿਸਾਨ ਆਗੂ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਕਾਤਲਾਂ ਨੂੰ ਅਦਾਲਤ ਵੱਲੋਂ ਬਰੀ ਕਰਨ ਵਿਰੁੱਧ, ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਸਰਕਾਰ ਦੀ ਸ਼ਹਿ ਪ੍ਰਾਪਤ ਭੌਂ ਮਾਫੀਏ ਵੱਲੋਂ ਜਬਰੀ ਕਬਜੇ ਕਰਕੇ ਉਜਾੜਨ ਵਿਰੁੱਧ, ਸੰਘਰਸ਼ ਦੀ ਅਗਵਾਈ ਕਰ ਰਹੇ ਬੀ. ਕੇ. ਯੂ. ਏਕਤਾ ਡਕੌਂਦਾ ਦੇ 26 ਕਿਸਾਨਾਂ ਉੱਪਰ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਜੇਲ੍ਹੀਂ ਡੱਕਣ ਵਿਰੁੱਧ, ਬਿਜਲੀ ਬੋਰਡ ਦੇ ਨਿੱਜੀਕਰਨ/ਨਿਗਮੀਕਰਨ ਵਿਰੁੱਧ ਸੰਘਰਸ਼ ਕਰ ਰਹੇ ਪਟਿਆਲਾ ਸਰਕਲ ਦੇ ਦੋ ਆਗੂਆਂ ਨੂੰ ਅਦਾਲਤੀ ਫੈਸਲੇ ਦੇ ਲੰਗੜੇ ਬਹਾਨੇ ਤਹਿਤ ਡਿਸਮਿਸ ਕਰਨ, ਪੰਜ ਆਗੂਆਂ ਦੀ ਪੈਨਸ਼ਨ ਵਿੱਚ 30 ਪ੍ਰਤੀਸ਼ਤ ਕਟੌਤੀ ਕਰਨ ਵਿਰੁੱਧ, ਕੇਂਦਰੀ ਹਕੂਮਤ ਵੱਲੋਂ ਕਿਸਾਨਾਂ ਦੀ ਜਬਰੀ ਜਮੀਨ ਹਥਿਆਉਣ ਵਾਲਾ “ਭੂਮੀ ਅਧਿਗ੍ਰਹਿਣ ਬਿੱਲ” ਰੱਦ ਕਰਨ, ਸੰਘਰਸ਼ ਕਰਨ ਵਾਲੇ ਤਬਕਿਆਂ ਉੱਪਰ ਪੰਜਾਬ ਸਰਕਾਰ ਵੱਲੋਂ ਮੜੀ ਅਣਐਲਾਨੀ ਐਮਰਜੈਂਸੀ ਵਿਰੁੱਧ, ਦਰਜ ਝੂਠੇ ਪੁਲਿਸ ਕੇਸ ਵਾਪਸ ਲੈਣ, ਕਿਰਤ ਕਾਨੂੰਨਾਂ ਵਿਰੁੱਧ ਕੀਤੀਆਂ ਜਾ ਰਹੀਆਂ ਕਿਰਤੀਆਂ ਵਿਰੋਧੀ ਸੋਧਾਂ ਵਾਪਸ ਲੈਣ, ਵੱਖ-ਵੱਖ ਤਬਕਿਆਂ ਦੇ ਚੱਲ ਰਹੇ ਹੱਕੀ ਅਤੇ ਜਾਇਜ ਸੰਘਰਸ਼ਾਂ ਦੀ ਡਟਵੀਂ ਹਮਾਇਤ ਕਰਨ ਦੇ ਮਤੇ ਪਾਸ ਕੀਤੇ ਗਏ। ਬੁਲਾਰਿਆਂ ਤੇ ਹਜ਼ਾਰਾਂ ਦੇ ਲੋਕ ਇਕੱਠ ਨੇ ਕਿਰਨਜੀਤ ਕੌਰ ਨੂੰ ਸ਼ਰਧਾਂਜਲੀ ਦਿੰਦਿਆਂ ਮਨਜੀਤ ਧਨੇਰ ਦੀ ਸਜਾ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਸ ਸਮੇਂ ਆਜ਼ਾਦ ਰੰਗ ਮੰਚ ਬਰਨਾਲਾ (ਰਣਜੀਤ ਭੋਤਨਾ) ਦੀ ਨਾਟਕ ਟੀਮ ਵੱਲੋਂ ਖੂਬਸੂਰਤ ਕੋਰਿੳੇਗ੍ਰਾਫੀ “ਗੁਜਰਾਤ ਕਾ ਮੰਜਰ”, ਚੇਤਨਾ ਕਲਾ ਕੇਂਦਰ ਬਰਨਾਲਾ (ਹਰਵਿੰਦਰ ਦੀਵਾਨਾ) ਦੀ ਟੀਮ ਵੱਲੋਂ ਕੋਰਉਗ੍ਰਾਫੀ “ਅੰਬਰਾਂ ਨੂੰ ਉੱਡ ਚੱਲੀਏ” ਅਤੇ ਪੀਪਲਜ ਥੀਏਟਰ ਲਹਿਰਾਗਾਗਾ (ਸੈਮੂਅਲ) ਦੀ ਨਾਕਟ ਟੀਮ ਵੱਲੋਂ ਨਾਟਕ “ਕਹਾਣੀ ਚੰਦ ਸਿੰਘ ਦੀ” ਪੇਸ਼ ਕੀਤਾ ਗਿਆ। ਜੁਗਰਾਜ ਧੌਲਾ, ਜਗਦੇਵ ਭੁਪਾਲ ਤੇ ਅਜਮੇਰ ਅਕਲੀਆ,ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਇਸ ਸਮੇਂ ਗੁਰਦੇਵ ਸਹਿਜੜਾ, ਅਮਰਜੀਤ ਕੁੱਕੂ, ਮਲਕੀਤ ਸਿੰਘ ਵਜੀਦਕੇ,ਪ੍ਰੇਮ ਕੁਮਾਰ,ਜਰਨੈਲ ਸਿੰਘ,ਨਿਹਾਲ ਸਿੰਘ,ਮਲਕੀਤ ਸਿੰਘ ਮਹਿਲਕਲਾਂ,ਪ੍ਰੀਤਮ ਦਰਦੀ,ਸੁਰਿੰਦਰ ਸਿੰਘ, ਗੁਰਜੰਟ ਸਿੰਘ ਆਦਿ ਆਗੂ ਹਾਜ਼ਰ ਸਨ। ਅਗਾਂਹਵਧੂ ਕਿਤਾਬਾਂ ਦੀਆਂ ਡੇਢ ਦਰਜਨ ਦੇ ਕਰੀਬ ਸਟਾਲਾਂ ਲੱਗੀਆਂ ਹੋਈਆਂ ਸਨ। ਸਟੇਜ ਸਕੱਤਰ ਦੀ ਅਹਿਮ ਭੂਮਿਕਾ ਮਨਜੀਤ ਧਨੇਰ ਤੇ ਮਾ. ਗੁਰਦੇਵ ਸਿੰਘ ਨੇ ਨਿਭਾਈ।