ਪੇਟ ਦੀ ਇਨਫੈਕਸ਼ਨ -ਡਾ. ਅਮਿਤ ਸਿੰਗਲ
Posted on:- 04-09-2012
ਗਰਮੀ ਅਤੇ ਬਾਰਿਸ਼ ਦਾ ਮਿਲਿਆ ਜੁਲਿਆ ਮੌਸਮ ਸਿਹਤ ਦੇ ਲਿਹਾਜ਼ ਨਾਲ ਬਹੁਤ ਹੀ ਸੰਵੇਦਨਸ਼ੀਲ ਮੌਸਮ ਹੈ, ਕਿਉਂਕਿ ਇਸ ਮੌਸਮ 'ਚ ਬੈਕਟੀਰੀਆ ਨੂੰ ਵਧਣ-ਫੁੱਲਣ ਦਾ ਭਰਪੂਰ ਮੌਕਾ ਮਿਲਦਾ ਹੈ ਅਤੇ ਇਸ ਬੈਕਟੀਰੀਆ ਦੀ ਵਜ੍ਹਾ ਨਾਲ ਹੀ ਬਿਮਾਰੀਆਂ ਫੈਲਦੀਆਂ ਹਨ। ਵਾਰ-ਵਾਰ ਪਿਆਸ ਲੱਗਣ 'ਤੇ ਵਿਅਕਤੀ ਜਿੱਥੇ ਕੁਝ ਵੀ ਠੰਡਾ ਪੀ ਲੈਂਦਾ ਹੈ, ਉੱਥੇ ਇਸ ਮੌਸਮ 'ਚ ਖਾਧ ਪਦਾਰਥਾਂ ਨੂੰ ਵੀ ਖਰਾਬ ਹੁੰਦੇ ਵਕਤ ਨਹੀਂ ਲੱਗਦਾ। ਇਸ ਕਰਕੇ ਪੇਟ ਦੀ ਇਨਫੈਕਸ਼ਨ ਹੋਣ ਦਾ ਖ਼ਤਰਾ ਜਿਸਨੂੰ ਲੋਕ ‘ਫੂਡ ਪਾਇਜ਼ਨਿੰਗ' ਕਹਿ ਦਿੰਦੇ ਹਨ, ਹਮੇਸ਼ਾ ਬਣਿਆ ਰਹਿੰਦਾ ਹੈ। ਅਜਿਹੇ 'ਚ ਆਪਣੀ ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖਣੀ ਚਾਹੀਦੀ ਹੈ।
ਇਕ ਕਿਸਮ ਦੀ ਇਨਫੈਕਸ਼ਨ ਜਾਂ ‘ਫੂਡ ਪਾਇਜ਼ਨਿੰਗ' ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਜੇ ਖਾਣਾ ਖਾਣ ਦੇ ਇਕ ਘੰਟੇ ਤੋਂ 6 ਘੰਟੇ ਵਿਚਕਾਰ ਦਸਤ-ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਵਿਅਕਤੀ ਨੂੰ ਫੂਡ ਪਾਇਜ਼ਨਿੰਗ ਦੀ ਸ਼ਿਕਾਇਤ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਖਾਣਾ ਜਾਂ ਕੋਈ ਅਜਿਹੀ ਚੀਜ਼ ਖਾਧੀ ਗਈ ਹੈ ਜਿਹੜੀ ਜ਼ਹਿਰੀਲੀ ਹੋ ਚੁੱਕੀ ਸੀ। ਦੂਜੀ ਕਿਸਮ 'ਚ 2-3 ਦਿਨ ਬਾਅਦ ਤੱਕ ਦਸਤ-ਉਲਟੀਆਂ ਲੱਗ ਸਕਦੀਆਂ ਹਨ। ਇਹ ਸਮੱਸਿਆ ਸਾਫ ਪਾਣੀ ਨਾ ਪੀਣ, ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸਾਫ-ਸਫਾਈ ਨਾ ਹੋਣ ਵਰਗੇ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਇਹ ਸਾਡੇ ਸਮਾਜ 'ਚ ਜ਼ਿਆਦਾ ਕਾਮਨ ਹੈ। ਇਸਨੂੰ ਤੁਰੰਤ ਕਾਬੂ 'ਚ ਕਰਨ ਲਈ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਇਸ ਤੋਂ ਬਚਾਅ ਲਈ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਘਰ 'ਚ ਸਾਫ-ਸਫਾਈ ਨਾਲ ਬਣਿਆ ਹੋਇਆ
ਤਾਜ਼ਾ ਭੋਜਨ ਹੀ ਕੀਤਾ ਜਾਵੇ। ਇਸ ਮੌਸਮ 'ਚ ਬਾਹਰ ਦਾ ਖਾਣਾ ਬਿਲਕੁੱਲ ਨਾ ਖਾਧਾ ਜਾਵੇ। ਘਰ
ਵਿਚ ਵੀ ਖੁੱਲ੍ਹੇ 'ਚ ਰੱਖੇ ਖਾਧ ਪਦਾਰਥਾਂ, ਠੰਡੇ, ਬੇਹੇ ਅਤੇ ਅਸੁਰੱਖਿਅਤ ਭੋਜਨ ਦਾ
ਸੇਵਨ ਨਹੀਂ ਕਰਨਾ ਚਾਹੀਦਾ। ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਇਨ੍ਹੀਂ ਦਿਨੀਂ ਬਰੈਡ,
ਪਾਵ ਆਦਿ 'ਚ ਜਲਦੀ ਉੱਲੀ ਲੱਗ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਖਰੀਦਦੇ ਸਮੇਂ ਜਾਂ
ਖਾਂਦੇ ਸਮੇਂ ਇਨ੍ਹਾਂ ਦੀ ਨਿਰਮਾਣ ਤਾਰੀਕ ਨੂੰ ਜ਼ਰੂਰ ਦੇਖ ਲਵੋ। ਘਰ ਦੇ ਕਿਚਨ 'ਚ ਵੀ
ਸਾਫ-ਸਫਾਈ ਰੱਖੋ। ਗੰਦੇ ਬਰਤਨਾਂ ਦਾ ਇਸਤੇਮਾਲ ਨਾ ਕਰੋ।