ਨੀਮ-ਹਕੀਮ ਦੇ ਚੱਕਰ 'ਚ ਫਸ ਰਹੇ ਨੌਜਵਾਨ -ਡਾ. ਸ਼ਿਆਮ ਸੁੰਦਰ ਦੀਪਤੀ
Posted on:- 04-09-2012
ਸੈਕਸ, ਤਾਕਤ ਅਤੇ ਜਵਾਨੀ ਦੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਥੇ ਬਹੁਤਾਤ ਪਹੁੰਚ ਨੌਜਵਾਨਾਂ ਦੀ ਹੈ। ਕਿਉਂ ਸਾਡਾ ਨੌਜਵਾਨ ਇਸ ਪਾਸੇ ਭਟਕ ਰਿਹਾ ਹੈ? ਕਿਸ ਸਮੱਸਿਆ ਦਾ ਹੱਲ ਲੱਭਣ ਜਾਂਦੇ ਹਨ, ਇਹ ਚੜ੍ਹਦੀ ਜਵਾਨੀ ਵਿਚੋਂ ਲੰਘ ਰਹੇ ਗੱਭਰੂ?
ਮਨੁੱਖ ਦਾ ਸੁਭਾਅ ਜਿਗਿਆਸੂ ਹੈ। ਮਨੁੱਖ ਦੀ ਸਾਰੀ ਪ੍ਰਗਤੀ ਦਾ ਸਿਹਰਾ ਇਸੇ ਇਕ ਗੁਣ ਨੂੰ ਜਾਂਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਨਜ਼ਰ ਆਉਂਦੀ ਰ ਚੀਜ਼ ਅਤੇ ਪੇਸ਼ ਹੋ ਰਹੇ ਵਰਤਾਰੇ ਬਾਰੇ ਜਾਣਨਾ ਚਾਹੁੰਦਾ ਹੈ। ਏਨਾ ਹੀ ਨਹੀਂ, ਜਦੋਂ ਤੱਕ ਉਸ ਨੂੰ ਪੂਰੀ ਤਰ੍ਹਾਂ ਤਸੱਲੀ ਨਹੀਂ ਹੁੰਦੀ, ਉਹ ਆਪਣੀ ਘੋਖ ਪੜਤਾਲ ਜਾਰੀ ਰੱਖਦਾ ਹੈ। ਮਨੁੱਖ ਵਿਚ ਇਹ ਗੁਣ ਤਕਰੀਬਨ ਚੌਦਾਂ ਪੰਦਰਾਂ ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ। ਇਹੀ ਉਹ ਉਮਰ ਹੈ ਜਦੋਂ ਸੈਕਸ ਅੰਗਾਂ ਦਾ ਵਿਕਾਸ ਸ਼ੁਰੂ ਹੁੰਦਾ ਹੈ। ਸੈਕਸ ਅੰਗ, ਜੋ ਕਿ ਜਨਮ ਤੋਂ ਹੀ ਸਰੀਰ ਵਿਚ ਮੌਜੂਦ ਹੁੰਦੇ ਹਨ, ਉਹ ਇਸ ਉਮਰ 'ਤੇ ਆ ਕੇ ਵਿਕਸਿਤ ਹੋਣੇ ਸ਼ੁਰੂ ਹੁੰਦੇ ਹਨ।
ਸੈਕਸ ਅੰਗਾਂ ਵਿਚ ਵਾਧਾ ਅਤੇ ਉਨ੍ਹਾਂ ਦੇ ਕਾਰਜ ਦੀ ਸ਼ੁਰੂਆਤ, ਦੋਹੇਂ ਹੀ ਬੱਚੇ ਲਈ ਨਵੇਂ ਵਰਤਾਰੇ ਹੁੰਦੇ ਹਨ। ਬਹੁਤ ਲੰਮੇ ਚੌੜੇ ਬਦਲਾਅ ਵੱਲ ਨਾ ਜਾਈਏ ਤਾਂ ਲੜਕੀਆਂ ਵਿਚ ਮਾਹਵਾਰੀ ਅਤੇ ਲੜਕਿਆਂ ਵਿਚ ਵੀਰਜ ਖਾਰਜ ਹੋਣਾ, ਬੇਚੈਨੀ ਅਤੇ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਲੜਕੀਆਂ ਨੂੰ ਮਾਹਵਾਰੀ ਬਾਰੇ ਮਾਂ ਤੋਂ ਥੋੜਾ ਬਹੁਤ ਪਤਾ ਚੱਲ ਜਾਂਦਾ ਹੈ ਪਰ ਇਸ ਪ੍ਰਕਿਰਿਆ ਬਾਰੇ ਕਿੰਨਾ ਕੁ ਦੱਸਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਸਮਝਾਇਆ ਜਾਂਦਾ ਹੈ, ਇਸ ਤੋਂ ਵੀ ਵੱਧ ਮਹੱਤਵਪੂਰਨ ਪਹਿਲੂ ਇਹ ਹੈ ਕਿ ਮਾਵਾਂ ਆਪਣੀਆਂ ਬੇਟੀਆਂ ਨੂੰ ਇਸ ਬਾਰੇ ਪਹਿਲਾਂ ਨਹੀਂ ਦੱਸਦੀਆਂ ਜਾਂ ਕਹੀਏ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਨਹੀਂ ਕਰਦੀਆਂ। ਇਸ ਦੇ ਕਾਰਨ, ਜਦੋਂ ਅਚਾਨਕ ਇਹ ਸ਼ੁਰੂ ਹੋ ਜਾਂਦੀ ਹੈ ਤਾਂ ਲੜਕੀ ਨੂੰ ਜਿਵੇਂ ਇਕ ਝਟਕਾ ਜਿਹਾ ਲੱਗਦਾ ਹੈ।
ਦੂਸਰੇ ਪਾਸੇ ਲੜਕਿਆਂ ਨਾਲ ਤਾਂ ਕਿਸੇ ਵੀ ਤਰ੍ਹਾਂ ਗੱਲਬਾਤ ਕਰਨ ਦਾ ਕੋਈ ਮਾਹੌਲ ਨਹੀਂ ਹੈ। ਵੀਰਜ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਅਤੇ ਹਾਰਮੋਨਜ਼ ਦੇ ਦਬਾਅ ਕਾਰਨ ਇਹ ਖਾਰਜ ਹੁੰਦਾ ਹੈ ਤਾਂ ਇਸ ਗੱਲ ਦਾ ਪਤਾ ਵੀ ਮਾਂ-ਪਿਓ ਨੂੰ ਲੱਗ ਜਾਂਦਾ ਹੈ, ਪਰ ਮਾਂ ਨੇ ਤਾਂ ਕੀ ਪਿਤਾ ਨੇ ਹੀ ਗੱਲ ਕਰਨੀ ਹੁੰਦੀ ਹੈ। ਉਹ ਵੀ ਨਹੀਂ ਕਰਦਾ।
ਮਾਂ ਨੂੰ ਲੜਕੀ ਨਾਲ ਗੱਲਬਾਤ ਮਜ਼ਬੂਰੀ ਵਿਚ ਕਰਨੀ ਪੈਂਦੀ ਹੈ, ਕਿਉਂਕਿ ਮਾਹਵਾਰੀ ਦਾ ਵਰਤਾਰਾ ਹੈ ਹੀ ਅਜਿਹਾ ਕਿ ਇਸ ਨੂੰ ਚੁਪਚਾਪ ਲੰਘਾਇਆ ਹੀ ਨਹੀਂ ਜਾ ਸਕਦਾ, ਜਿਵੇਂ ਕਿ ਵੀਰਜ ਖਾਰਜ ਹੋਣ ਦਾ ਵਰਤਾਰਾ ਹੈ। ਲੜਕਾ ਜਦੋਂ ਇਸ ਤਜ਼ਰਬੇ ਵਿਚੋਂ ਲੰਘਦਾ ਹੈ ਤਾਂ ਉਸ ਦੀ ਪਰੇਸ਼ਾਨੀ ਲਾਜ਼ਮੀ ਹੈ।
ਉਸ ਨੂੰ ਇਹ ਸਧਾਰਨ ਜਾਂ ਸਹਿਜ ਨਹੀਂ ਲਗਦਾ। ਇਸ ਤਰ੍ਹਾਂ ਦੀ ਸਥਿਤੀ ਵਿਚੋਂ ਲੰਘਣਾ, ਉਸ ਨੂੰ ਕੋਈ ਬਿਮਾਰੀ ਲਗਦਾ ਹੈ। ਪਰਿਵਾਰ ਇਸ ਸਥਿਤੀ ਨੂੰ ਸਮਝਣ ਸਮਝਾਉਣ ਲਈ ਤਿਆਰ ਨਹੀਂ ਹੈ ਤੇ ਦੂਸਰੇ ਪਾਸੇ ਇਸ ਗੱਲ ਦਾ ਗਲਤ ਫਾਇਦਾ ਲੈਣ ਲਈ ਨੀਮ ਹਕੀਮਾਂ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ।
ਨੌਜਵਾਨਾਂ ਨੂੰ ਇਸ ਤਬਦੀਲੀ ਬਾਰੇ ਸਹਿਜ ਢੰਗ ਨਾਲ ਤਿਆਰ ਕਰਨ ਦੀ ਬਜਾਏ, ਨੀਮ ਹਕੀਮਾਂ ਵਲੋਂ ਛਾਪਿਆ, ਗੈਰ ਵਿਗਿਆਨਕ ਸਾਹਿਤ ਸਗੋਂ ਇਨ੍ਹਾਂ ਨੂੰ ਵੱਧ ਪ੍ਰਭਾਵਿਤ ਕਰਦਾ ਹੈ। ਵੈਸੇ ਸਹੀ ਅਰਥਾਂ ਵਿਚ ਵੱਧ ਘੱਟ ਦਾ ਸਵਾਲ ਤਾਂ ਉਥੇ ਹੁੰਦਾ ਹੈ, ਜਦੋਂ ਸਾਡੇ ਸਾਹਮਣੇ ਦੋ ਪਹਿਲੂ ਹੋਣ।
ਸਾਡੇ ਸਮਾਜਿਕ ਤਾਣੇ ਬਾਣੇ ਵਿਚ, ਇਕ ਪਹਿਲੂ ਤਾਂ ਬਿਲਕੁਲ ਹੀ ਗਾਇਬ ਹੈ ਤੇ ਦੂਸਰਾ ਆਮ ਲੋਕਾਂ ਵਿਚ ਸੜਕਾਂ ਤੇ ਦੀਵਾਰਾਂ 'ਤੇ ਮੁਫਤ ਹੀ ਵੰਡਿਆ ਜਾ ਰਿਹਾ ਹੈ। ਨੌਜਵਾਨਾਂ ਵਿਚ ਇਸ ਤਬਦੀਲੀ ਪ੍ਰਤੀ ਬੇਚੈਨੀ ਨੂੰ ਸਗੋਂ ਹੋਰ ਭੰਬਲਭੂਸੇ ਵਿਚ ਪਾ ਦਿਤਾ ਜਾਂਦਾ ਹੈ। ਅਸੀਂ ਘਰ-ਪਰਿਵਾਰ ਜਾਂ ਸਕੂਲ ਵਿਚ ਅਕਸਰ ਇਹ ਆਸ ਕਰਦੇ ਹਾਂ ਕਿ ਕਿਸੇ ਵੀ ਮੈਂਬਰ ਨੂੰ ਪਰੇਸ਼ਾਨੀ ਹੋਵੇ ਤਾਂ ਉਸ ਦਾ ਹੱਲ ਮਾਂ-ਪਿਓ, ਵੱਡੇ ਭੈਣ-ਭਰਾ ਜਾਂ ਅਧਿਆਪਕ ਕਰਨ।
ਪਰ ਇਹ ਅਜਿਹੀ ਸਥਿਤੀ ਹੈ ਜਿਸ ਲਈ ਨੌਜਵਾਨ ਖੁਦ ਹੀ ਆਪਣੀ ਪਰੇਸ਼ਾਨੀ ਦੇ ਹੱਲ ਤਲਾਸ਼ਨ ਲਈ ਭਟਕਦਾ ਹੈ। ਉਹ ਵੱਧ ਤੋਂ ਵੱਧ ਕਿਸੇ ਆਪਣੇ ਦੋਸਤ ਨਾਲ ਗੱਲਬਾਤ ਕਰ ਲੈਂਦਾ ਹੈ ਜੋ ਕਿ ਖੁਦ ਵੀ ਇਸੇ ਹਾਲਤ ਦਾ ਸ਼ਿਕਾਰ ਹੁੰਦਾ ਹੈ ਤੇ ਨਾਲੇ ਉਸ ਨੂੰ ਕਿਸੇ ਹੱਲ ਦਾ ਪਤਾ ਨਹੀਂ ਹੁੰਦਾ।
ਮੁੱਕਦੀ ਗੱਲ ਹੈ ਕਿ ਇਹ ਸਹਿਜ ਅਵਸਥਾ, ਇਕ ਸਹਿਜ ਤਬਦੀਲੀ ਸਿਆਣੇ ਕਹਿੰਦੇ ਕਹਾਉਂਦੇ ਪਿਓ ਦੀ ਅਣਗਹਿਲੀ ਜਾਂ ਅਨਜਾਣਪੁਣੇ ਕਾਰਨ ਨੌਜਵਾਨਾਂ ਦੀ ਭਟਕਣ ਬਣ ਜਾਂਦੀ ਹੈ। ਨਾਲੇ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਭਟਕਣ ਕਿਸੇ ਵੀ ਟਿਕਾਣੇ 'ਤੇ ਨਹੀਂ ਲਗਾਉਂਦੀ ਸਗੋਂ ਉਸ ਦੀ ਭਟਕਣ ਵਿਚ ਵਾਧਾ ਕਰਦੀ ਹੈ। ਇਸ ਸਥਿਤੀ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਨੌਜਵਾਨਾਂ ਨੂੰ ਸਹੀ ਰਾਹ ਪਾਉਣ ਲਈ ਆਪ ਵੀ ਕੁਝ ਸੂਝਵਾਨ ਬਣੀਏ।
hari singh
ਤੁਸੀ ਬਿਲਕੁਲ ਠੀਕ ਕਿਹਾ ਜੀ ਡਾਕਟਰ ਸਾਹਿਬ ਜੀ