ਦੰਦ ਰਹਿਣ ਚਮਕਦੇ -ਡਾ. ਸਿੰਮੀ ਖਨੇਜਾ
Posted on:- 04-09-2012
ਹਰ ਕਿਸੇ ਦੀ ਚਾਹਤ ਹੁੰਦੀ ਹੈ ਕਿ ਉਸ ਦੇ ਦੰਦ ਮੋਤੀਆਂ ਵਰਗੇ ਹੋਣ। ਇਸ ਤਰ੍ਹਾਂ ਦੇ ਦੰਦ ਹਾਸਲ ਕਰਨ ਲਈ ਮਿਹਨਤ ਦੀ ਲੋੜ ਹੁੰਦੀ ਹੈ, ਜਿਹੜੀ ਕਿ ਬਹੁਤ ਸਾਰੇ ਲੋਕ ਨਹੀਂ ਕਰਦੇ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਮੋਤੀਆਂ ਵਰਗੇ ਤਾਂ ਕੀ ਦੰਦ ਸਿਹਤਮੰਦ ਵੀ ਨਹੀਂ ਰਹਿੰਦੇ। ਇਸ ਵਜ੍ਹਾ ਨਾਲ ਖਾਣਾ ਸਹੀ ਤਰੀਕੇ ਨਾਲ ਖਾਣ 'ਚ ਦਿੱਕਤ ਹੁੰਦੀ ਹੈ ਅਤੇ ਭੋਜਨ ਪੂਰੀ ਤਰ੍ਹਾਂ ਚਬਾ ਕੇ ਨਾ ਖਾਣ ਨਾਲ ਹੋਰ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਜਰੂਰੀ ਹੈ ਕਿ ਜੇ ਦੰਦ ਚਮਕਦੇ ਅਤੇ ਮੋਤੀਆਂ ਵਰਗੇ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ।
- ਭੋਜਨ ਪੌਸ਼ਟਿਕ ਹੋਣਾ ਚਾਹੀਦਾ ਹੈ ਅਤੇ ਇਸ 'ਚ ਸਹੀ ਮਾਤਰਾ 'ਚ ਵਿਟਾਮਿਨ, ਖਣਿਜ ਆਦਿ ਹੋਣੇ ਚਾਹੀਦੇ ਹਨ।
- ਚਾਕਲੇਟ, ਮਿੱਠੀਆਂ ਗੋਲੀਆਂ ਜਾਂ ਚਿਪਚਿਪੇ ਪਦਾਰਥ ਨਾ ਖਾਓ ਜਾਂ ਖਾਣ ਤੋਂ ਬਾਅਦ ਇਕ ਵਾਰ ਬੁਰਸ਼ ਜ਼ਰੂਰ ਕਰੋ।
- ਦਿਨ 'ਚ ਘੱਟ ਤੋਂ ਘੱਟ ਦੋ ਵਾਰ ਬੁਰਸ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਨਿਯਮ ਨਾਲ ਬੁਰਸ਼ ਕਰੋ, ਜਿਸ ਨਾਲ ਦੰਦਾ ਵਿਚ ਫਸੇ ਅਤੇ ਮਸੂੜਿਆਂ ਵਿਚ ਚਿਪਕੇ ਅੰਨ ਦੇ ਕਣ ਜਾਂ ਹੋਰ ਭੋਜਨ ਸਮੱਗਰੀ ਨਿਕਲ ਜਾਵੇ ਅਤੇ ਰਾਤ ਨੂੰ ਤੁਸੀਂ ਤੰਦਰੁਸਤ ਮੂੰਹ ਲੈ ਕੇ ਸੌਂਵੋ।
- ਜੇ ਬੁਰਸ਼ ਪੁਰਾਣਾ ਹੋ ਜਾਵੇ ਜਾਂ ਬੁਰਸ਼ ਦੇ ਬ੍ਰਿਸਲਜ਼ ਖਰਾਬ ਹੋ ਗਏ ਹੋਣ ਤਾਂ ਬੁਰਸ਼ ਤੁਰੰਤ ਬਦਲ ਲੈਣਾ ਚਾਹੀਦਾ ਹੈ ਨਹੀਂ ਤਾਂ ਖਰਾਬ ਬੁਰਸ਼ ਤੁਹਾਡੇ ਮਸੂੜਿਆਂ ਅਤੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਦੰਦਾ ਜਾਂ ਮਸੂੜਿਆਂ ਜਾਂ ਮੂੰਹ ਵਿਚ ਥੋੜੀ ਵੀ ਪਰੇਸ਼ਾਨੀ ਹੋਵੇ ਤਾਂ ਤੁਰੰਤ ਦੰਦਾਂ ਦੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬਿਮਾਰੀ ਜਲਦੀ ਪਕੜ 'ਚ ਆ ਜਾਣ 'ਤੇ ਜ਼ਿਆਦਾ ਸੌਖਾ ਅਤੇ ਘੱਟ ਖਰਚ ਹੁੰਦਾ ਹੈ। ਕਹਿੰਦੇ ਹਨ ਬਿਮਾਰੀ ਨਾਲੋਂ ਸਾਵਧਾਨੀ ਚੰਗੀ।
- ਆਮ ਤੌਰ 'ਤੇ ਇਹ ਧਾਰਣਾ ਹੈ ਕਿ ਬਹੁਤ ਤਾਕਤ ਲਾ ਕੇ ਲਗਾਤਾਰ ਦੰਦਾਂ ਨੂੰ ਘਸਾਉਣਾ ਚਾਹੀਦਾ ਹੈ ਤਾਂ ਹੀ ਦੰਦ ਸਾਫ ਹੋ ਸਕਦੇ ਹਨ ਇਹ ਗ਼ਲਤ ਧਾਰਨਾ ਹੈ। ਲੋਕ ਬੁਰਸ਼ ਕਰਨ ਦੇ ਨਾਲ ਦੰਦਾਂ ਨਾਲ ਪਹਿਲਵਾਨੀ ਕਰਕੇ ਦੰਦਾਂ ਨੂੰ ਖਰਾਬ ਕਰਦੇ ਹਨ।
- ਸਹੀ ਅਤੇ ਵਿਗਿਆਨਕ ਤਰੀਕੇ ਨਾਲ ਬੁਰਸ਼ ਕਰਨਾ ਚਾਹੀਦਾ ਹੈ। ਨਾਲ ਹੀ ਮਸੂੜਿਆਂ ਦੀ ਮਾਲਸ਼ ਕਰਨੀ ਚਾਹੀਦੀ ਹੈ ਅਤੇ ਡੈਂਟਲ ਫਲਾਸ ਦਾ ਉਪਯੋਗ ਦੰਦਾਂ ਦੀਆਂ ਵਿਰਲਾਂ ਨੂੰ ਸਾਫ ਕਰਨ ਲਈ ਕਰਨਾ ਚਾਹੀਦਾ ਹੈ।