ਜਦ ਸਾਲ 40ਵਾਂ ਚੜ੍ਹਦਾ ਹੈ -ਡਾ. ਸੰਦੀਪ ਜੁਨੇਜਾ
Posted on:- 04-09-2012
ਵੈਸੇ ਤਾਂ ਆਪਣੀ ਸਿਹਤ ਪ੍ਰਤੀ ਸਾਰਿਆਂ ਨੂੰ ਹਮੇਸ਼ਾਂ ਜਾਗਰੂਕ ਰਹਿਣਾ ਚਾਹੀਦਾ ਪਰ ਫਿਰ ਵੀ ਉਮਰ ਦੇ 40ਵੇਂ ਸਾਲ ਵਾਲੇ ਪੜਾਅ 'ਚ ਇਸ ਮਾਮਲੇ 'ਚ ਜਾਗਣ ਦਾ ਸਭ ਤੋਂ ਜ਼ਰੂਰੀ ਅਤੇ ਸਹੀ ਸਮਾਂ ਹੁੰਦਾ ਹੈ। ਇਸ ਉਮਰ 'ਚ ਜਿਥੇ ਵਿਅਕਤੀ ਆਪਣੇ ਕੈਰੀਅਰ ਅਤੇ ਗ੍ਰਹਿਸਥੀ ਦੇ ਮਾਮਲੇ 'ਚ ਸੈਟਲ ਹੋਣ ਲੱਗਦਾ ਹੈ, ਉੱਥੇ ਕੰਮ ਦਾ ਦਬਾਅ, ਬੱਚਿਆਂ ਦੇ ਭਵਿੱਖ ਦੀ ਚਿੰਤਾ, ਜੀਵਨ 'ਚ ਸਥਿਰਤਾ ਲਿਆਉਣ ਦਾ ਤਣਾਅ ਆਦਿ ਉਸ ਦੀ ਸਿਹਤ 'ਤੇ ਭਾਰ ਪਾਉਣ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਸਰੀਰ ਜਵਾਨੀ ਦੀ ਸਰਗਰਮੀ ਅਤੇ ਊਰਜਾ ਤੋਂ ਵਾਂਝਾ ਹੋਣ ਵੀ ਲੱਗਦਾ ਹੈ।
ਵੱਖ-ਵੱਖ ਸਰੀਰਕ ਕਿਰਿਆਵਾਂ ਅਤੇ ਮਾਸਪੇਸ਼ੀਆਂ ਦੀ ਮਜਬੂਤੀ ਘੱਟ ਹੋਣ ਲੱਗਦੀ ਹੈ। ਇਸ ਲਈ ਇਸ ਉਮਰ ਦੇ ਆਉਣ ਤੋਂ ਪਹਿਲਾਂ ਹੀ ਜਾਗਣਾ ਜ਼ਰੂਰੀ ਹੈ। ਯਾਦ ਰੱਖੋ ਜੇ ਤੁਹਾਡੀ ਸਿਹਤ 'ਚ ਸੰਨ੍ਹ ਲੱਗ ਗਈ ਤਾਂ ਤੁਸੀਂ ਉਸ ਆਰਾਮ ਅਤੇ ਸਕੂਨ ਤੋਂ ਵਾਂਝੇ ਹੋ ਜਾਵੋਗੇ ਜਿਸਨੂੰ ਹਾਸਲ ਕਰਨ ਤੁਸੀਂ ਜੀ-ਤੋੜ ਮਿਹਨਤ ਕੀਤੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਅਲਾਮਰਮਜ਼, ਸਿਗਨਲਜ਼ ਨੂੰ ਪਛਾਣੋ ਅਤੇ ਨਾਲ ਹੀ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਾਵਧਾਨੀਆਂ ਵਰਤੋ।
40 ਸਾਲ ਦੀ ਉਮਰ ਪਾਰ ਕਰਨ ਦੇ ਨਾਲ ਹੀ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ, ਪਰ ਉਨ੍ਹਾਂ ਦਾ ਅਸਰ ਦੇਰ ਨਾਲ ਸਾਹਮਣੇ ਆਉਂਦਾ । ਬਿਹਤਰ ਤਾਂ ਇਹੀ ਹੁੰਦਾ ਹੈ ਕਿ ਬਿਮਾਰੀ ਦੇ ਆਉਣ ਤੋਂ ਪਹਿਲਾਂ ਹੀ ਉਸ ਤੋਂ ਸਾਵਧਾਨ ਹੋ ਜਾਈਏ। ਕਈ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਉਮਰ ਵਧਣ ਦੇ ਨਾਲ ਹੀ ਸਰੀਰ 'ਚ ਘਰ ਕਰ ਜਾਂਦੀਆਂ ਹਨ। 40 ਦੇ ਹੁੰਦੇ ਹੀ ਇਹ ਤੈਅ ਕਰਨਾ ਚਾਹੀਦਾ ਹੈ ਕਿ ਹਰ ਸਾਲ ਪੂਰੇ ਸਰੀਰ ਦੀ ਜਾਂਚ ਕਰਵਾ ਲਈਏ।
ਖਾਣ-ਪੀਣ ਦੀਆਂ ਆਦਤਾਂ ਬਦਲੋ ਅਤੇ ਅਨੁਸ਼ਾਸਨ ਅਤੇ ਸੰਜਮ 'ਚ ਰਹਿਣ ਦੀ ਆਦਤ ਪਾ ਲਵੋ। ਆਪਣੀ ਉਮਰ ਅਤੇ ਸਮਰੱਥਾ ਦੇ ਹਿਸਾਬ ਨਾਲ ਆਪਣੇ ਰਹਿਣ-ਸਹਿਣ, ਖਾਣ-ਪੀਣ ਅਤੇ ਰੂਟੀਨ ਨੂੰ ਢਾਲੋ, ਇਹ ਸਭ ਤੋਂ ਜ਼ਰੂਰੀ ਹੈ। ਜੀਵਨ ਸ਼ੈਲੀ ਕਰਕੇ ਤੁਸੀਂ ਭਵਿੱਖ 'ਚ ਹਾਈ ਬਲੱਡ ਪਰੈਸ਼ਰ, ਦਿਲ ਦੇ ਰੋਗ, ਸ਼ੂਗਰ, ਡਿਪਰੈਸ਼ਨ, ਪੋਸਚਰ ਅਤੇ ਜੋੜਾਂ ਦੀਆਂ ਸਮੱਸਿਆਵਾਂ ਨਾਲ ਪੀੜਤ ਹੋ ਸਕਦੇ ਹੋ। ਇਸ ਲਈ ਜ਼ਰੂਰੀ ਹੈ ਕਿ ਜੀਵਨ 'ਚ ਕੁਝ ਰੈਗੂਲਰ ਕਸਰਤਾਂ ਨੂੰ ਥਾਂ ਦਿਓ। ਸਵੇਰੇ ਸ਼ਾਮ ਘੱਟੋ-ਘੱਟ 4 ਕਿਲੋਮੀਟਰ ਦੀ ਪੈਦਲ ਸੈਰ ਕਰੋ ਜਾਂ ਤੈਰਨ ਜਾਓ ਅਤੇ ਨਾਲ ਹੀ ਸਟਰੈਸ ਨੂੰ ਵੀ ਘੱਟ ਕਰੋ। ਇਸ ਲਈ ਯੋਗ ਅਤੇ ਧਿਆਨ ਇਕ ਚੰਗਾ ਸਾਧਨ ਹੈ।
ਸਟਰੈਸ ਪੈਦਾ ਕਰਨ ਵਾਲੇ ਕਾਰਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰੋ। ਜਿਵੇਂ ਆਪਣੇ ਆਰਥਿਕ ਟੀਚੇ ਅਜਿਹੇ ਤੈਅ ਕਰੋ ਜਿਨ੍ਹਾਂ ਨੂੰ ਤੁਸੀਂ ਹਾਸਲ ਕਰ ਸਕੋ। ਆਪਣੇ ਖਰਚਿਆਂ ਦੀ ਯੋਜਨਾ ਆਪਣੀਆਂ ਆਰਥਿਕ ਸੀਮਾਵਾਂ ਨੂੰ ਧਿਆਨ 'ਚ ਰੱਖ ਕੇ ਬਣਾਓ। ਕਰਜ ਲਵੋ ਤਾਂ ਉਸਨੂੰ ਉਤਾਰਣ ਦੀ ਸਮਰੱਥਾ ਦਾ ਪਹਿਲਾਂ ਧਿਆਨ ਰੱਖੋ। ਪਰਿਵਾਰ ਨੂੰ ਸਮਾਂ ਦਿਓ, ਕਦੀ-ਕਦੀ ਆਪਣੇ ਨਾਲ ਮਨੋਰੰਜਨ ਤੇ ਤਬਦੀਲੀ ਲਈ ਬਾਹਰ ਜਾਓ ਅਤੇ ਇਸ ਸਮੇਂ ਆਪਣੇ ਕੰਮਕਾਜ ਅਤੇ ਕਾਰੋਬਾਰ ਦੀਆਂ ਚਿੰਤਾਵਾਂ ਨੂੰ ਘਰ ਛੱਡ ਦਿਓ।
ਇਸ ਉਮਰ 'ਚ ਸਰੀਰ ਅਨੇਕ ਤਬਦੀਲੀਆਂ ਦੇ ਰੂਬਰੂ ਹੁੰਦਾ ਹੈ। ਔਰਤਾਂ 'ਚ ਜਿੱਥੇ ਇਸ ਦੌਰਾਨ ਮੀਨੋਪਾਜ਼ ਅਤੇ ਇਸ ਨਾਲ ਜੁੜੀਆਂ ਹਾਰਮੋਨਲ ਤਬਦੀਲੀਆਂ ਹੁੰਦੀਆਂ ਹਨ ਉੱਥੇ ਪੁਰਸ਼ਾਂ 'ਚ ਕਈ ਰਸਾਇਣਿਕ ਤਬਦੀਲੀਆਂ ਹੁੰਦੀਆਂ ਹਨ। ਡਾਇਬਟੀਜ਼ ਵਰਗੀਆਂ ਪਿਤਾਪੁਰਖੀ ਬਿਮਾਰੀਆਂ ਵੀ ਇਸ ਦੌਰਾਨ ਪ੍ਰਗਟ ਹੁੰਦੀਆਂ ਹਨ, ਸਾਲਾਂ ਤੋਂ ਧਮਨੀਆਂ 'ਚ ਜਮ੍ਹਾਂ ਕੋਲੈਸਟ੍ਰੋਲ ਅਤੇ ਫੇਫੜਿਆਂ 'ਚ ਜਮਾਂ ਸਿਗਰਟ ਦੇ ਧੂੰਏਂ ਤੋਂ ਨਿਕਲਿਆ ਕਾਰਬਨ ਹਾਰਟ ਅਟੈਕ, ਦਮਾ ਅਤੇ ਬ੍ਰੋਂਕਾਈਟਿਸ ਵਰਗੀਆਂ ਸਮਸਿਆਵਾਂ ਨੂੰ ਜਨਮ ਦੇ ਸਕਦਾ ਹੈ। ਕੈਲਸ਼ੀਅਮ ਦੀ ਕਮੀ ਅਤੇ ਸਰੀਰਕ ਕਸਰਤ ਰਹਿਤ ਜੀਵਨ ਸ਼ੈਲੀ ਆਰਥਰਾਈਟਸ ਨੂੰ ਨਾਲ ਲਿਆਉਂਦੀ । ਪੜ੍ਹਨ ਲਈ ਐਨਕ ਲੱਗਣ ਦੀ ਉਮਰ ਵੀ ਇਹੀ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ 40 ਸਾਲ ਦੀ ਉਮਰ 'ਚ ਤੁਸੀਂ ਘੱਟ ਤੋਂ ਘੱਟ ਇਕ ਵਾਰ ਸਾਰੀਆਂ ਜ਼ਰੂਰੀ ਜਾਂਚਾਂ ਅਤੇ ਮੈਡੀਕਲ ਟੈਸਟ ਜ਼ਰੂਰ ਕਰਵਾ ਲਓ। ਇਨ੍ਹਾਂ ਜਾਂਚਾਂ ਤੋਂ ਜਿੱਥੇ ਇਕ ਪਾਸੇ ਸਰੀਰ ਦੇ ਅੰਦਰ ਕੋਈ ਸਮੱਸਿਆ ਜਨਮ ਲੈ ਰਹੀ ਹੋਵੇਗੀ ਤਾਂ ਉਹ ਪਕੜ 'ਚ ਆ ਜਾਵੇਗੀ ਅਤੇ ਉਸਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇਗਾ ਉੱਥੇ ਜਾਂਚ ਰਿਪੋਰਟਸ ਭਵਿੱਖ ਲਈ ਆਧਾਰ ਜਾਂ ਬੇਸਲਾਈਨ ਦਾ ਕੰਮ ਕਰਨਗੀਆਂ, ਜਿਨ੍ਹਾਂ ਤੋਂ ਭਵਿੱਖ 'ਚ ਕੀਤੀ ਗਈ ਜਾਂਚ ਦੀ ਰਿਪੋਰਟ ਦੀ ਤੁਲਨਾ ਕਰਕੇ ਸਿੱਟਾ ਕੱਢਣ 'ਚ ਤੁਹਾਡੇ ਡਾਕਟਰ ਨੂੰ ਸਹਾਇਤਾ ਮਿਲੇਗੀ।
ਜ਼ਰੂਰੀ ਟੈਸਟਾਂ 'ਚ ਲਿਪਡ ਪ੍ਰੋਫਾਈਲ, ਬਲੱਡ ਯੂਰੀਆ, ਸੀਰਮ ਕ੍ਰਿਏਟਨੀਨ, ਲਿਵਰ ਫੰਕਸ਼ਨ ਟੈਸਟ, ਈਸੀਜੀ, ਚੈਸਟ ਐਕਸ-ਰੇ, ਐਬਡੋਮਿਨਲ ਸੋਨੋਗ੍ਰਾਫੀ, ਟੀਐਮਟੀ (ਟਰੈਡਮਿਲ ਟੈਸਟ), ਯੂਰੇਨ ਅਤੇ ਕੰਪਲੀਟ ਹੀਮੋਗ੍ਰਾਮ। ਨਾਲ ਹੀ ਔਰਤਾਂ ਲਈ ਬੋਨ ਡੈਂਸਟੀ (ਬੀਐਮਡੀ), ਸਰਵਾਈਕਲ ਪੈਪਸਮੀਅਰ ਅਤੇ ਮੈਮੋਗ੍ਰਾਫੀ ਆਦਿ ਦੀ ਜਾਂਚ ਘੱਟੋ-ਘੱਟ ਇਕ ਵਾਰ ਕਰਵਾ ਕੇ ਰੱਖ ਲੈਣੀ ਚਾਹੀਦੀ ਹੈ।
ਜੇ ਪਰਿਵਾਰ 'ਚ ਡਾਇਬਟੀਜ਼ ਹਿਸਟਰੀ ਹੈ ਤਾਂ 45 ਸਾਲ ਦੀ ਉਮਰ ਤੱਕ ਦੋ ਸਾਲ 'ਚ ਇਕ ਵਾਰ ਅਤੇ ਫਿਰ ਹਰੇਕ ਸਾਲ ਖੂਨ 'ਚ ਸ਼ੂਗਰ ਦੀ ਜਾਂਚ ਜ਼ਰੂਰੀ ਹੈ। ਇਸੇ ਤਰ੍ਹਾਂ ਪਰਿਵਾਰ 'ਚ ਬ੍ਰੈਸਟ ਕੈਂਸਰ ਪਹਿਲਾਂ ਹੋਇਆ ਹੋਵੇ ਤਾਂ ਔਰਤਾਂ ਨੂੰ ਸਾਲ 'ਚ ਇਕ ਵਾਰ ਮੈਮੋਗ੍ਰਾਫੀ ਜ਼ਰੂਰ ਕਰਾਉਣੀ ਚਾਹੀਦੀ ਹੈ। ਸਾਲ 'ਚ ਇਕ ਵਾਰ ਅੱਖਾਂ ਦੀ ਜਾਂਚ ਫੰਡੋਸਕੋਪੀ ਅਤੇ ਕੰਨਾਂ ਦੀ ਜਾਂਚ ਵੀ ਕਰਵਾ ਸਕੋ ਤਾਂ ਚੰਗਾ ਹੈ। ਇਸ ਤੋਂ ਇਲਾਵਾ ਸਾਲ 'ਚ ਇਕ ਵਾਰ ਆਪਣੇ ਡਾਕਟਰ ਤੋਂ ਆਪਣੀ ਪੂਰੀ ਜਾਂਚ ਕਰਵਾਓ ਅਤੇ ਜੋ ਜਾਂਚ ਉਹ ਜ਼ਰੂਰੀ ਸਮਝਣ, ਉਹ ਕਰਵਾਓ।
ਖਾਣ-ਪੀਣ 'ਚ ਸੰਜਮ ਇਸ ਉਮਰ ਦੀ ਇਕ ਹੋਰ ਜ਼ਰੂਰਤ ਹੈ। ਆਪਣੇ ਵਜ਼ਨ 'ਤੇ ਖਾਸ ਧਿਆਨ ਦੇਵੋ। ਘਿਓ, ਤੇਲ, ਚਿਕਨਾਈ ਵਾਲੇ ਅਤੇ ਮਿੱਠੇ ਭੋਜਨ ਪਦਾਰਥਾਂ ਤੋਂ ਜਿੰਨਾ ਸੰਭਵ ਹੋ ਸਕੇ ਬਚੋ, ਲੂਣ ਵੀ ਸੀਮਤ ਮਾਤਰਾ 'ਚ ਲਵੋ। ਭੋਜਨ 'ਚ ਸਹੀ ਮਾਤਰਾ 'ਚ ਹਰੀਆਂ ਸਬਜ਼ੀਆਂ, ਸਲਾਦ ਅਤੇ ਹੋਰ ਰੇਸ਼ੇਦਾਰ ਪਦਾਰਥ ਲਵੋ। ਪੁੰਗਰੀ ਮੂੰਗੀ, ਛੋਲੇ ਅਤੇ ਫਲਾਂ ਦਾ ਰਸ ਨਾਸ਼ਤੇ 'ਚ ਸ਼ਾਮਲ ਕਰੋ। ਕਈ ਲੋਕ ਇਸ ਉਮਰ 'ਚ ਆਪਣੇ ਮਨ ਤੋਂ ਹੀ ਵਿਟਾਮਿਨ ਅਤੇ ਐਂਟੀ-ਆਕਸੀਡੈਂਟਸ ਦੀਆਂ ਗੋਲੀਆਂ ਲੈਣ ਲੱਗਦੇ ਹਨ। ਇਸ ਨਾਲ ਸਿਰਫ ਇਨ੍ਹਾਂ ਮਹਿੰਗੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ
ਹੀ ਲਾਭ ਹੁੰਦਾ ਵਿਅਕਤੀ ਨੂੰ ਨਹੀਂ। ਇਕ ਸੰਤੁਲਿਤ ਭੋਜਨ ਨਾਲ ਇਨ੍ਹਾਂ ਸਾਰਿਆਂ ਦੀ ਪੂਰਤੀ ਕੁਦਰਤੀ ਰੂਪ ਨਾਲ ਹੋ ਜਾਂਦੀ ਹੈ।
ਇਕ ਹੋਰ ਅਹਿਮ ਗੱਲ ਹੈ ਕਿ ਸਾਡੇ ਮੁਲਕ 'ਚ ਫੈਮਿਲੀ ਡਾਕਟਰ ਦਾ ਕਨਸੈਪਟ ਨਹੀਂ ਹੈ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਫੈਮਿਲੀ ਡਾਕਟਰ ਦੇ ਹੋਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਵਿਅਕਤੀ ਬਚ ਜਾਂਦਾ ਹੈ। ਇਸ ਲਈ ਜੇ ਸੰਭਵ ਹੋਵੇ ਤਾਂ ਕਿਸੇ ਨਾ ਕਿਸੇ ਡਾਕਟਰ ਨੂੰ ਆਪਣਾ ਫੈਮਿਲੀ ਡਾਕਟਰ ਜ਼ਰੂਰ ਬਣਾਓ ਅਤੇ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਉਸ ਨਾਲ ਚਰਚਾ ਕਰਦੇ ਰਹੋ।
[email protected]
ਬਹੁਤ ਹੀ ਕਾਿਬਲੇ ਗੌਰ ਲੇਖ ਹੈ। ਸੁਹੀ ਸਵੇਰ ਿੲਹੋ ਿਜਹੇ ਲੇਖਾਂ ਨੰੂ ਛਾਪਣ ਲਈ ਧੰਨਵਾਧ ਦੀ ਪਾਤਰ ਹੈ। ਤੇ ਉਨ੍ਹਾ ਡਾਕਟਰਾਂ ਦਾ ਵੀ ਸ਼ੁਕਰੀਆਂ ਜੋ ਅਜੇ ਵੀ ਅਸਲੀ ਡਾਕਟਰਾਂ ਵਾਲਾ ਕੰਮ ਯਾਿਨ ਿਕ ਿਲਖ ਕੇ ਮੁਫਤ ਲੋਕਾਂ ਦੀ ਸੇਵਾ ਕਰ ਰਹੇ ਹਨ। ਮੈਂ ਿੲਸ ਲੇਖ ਿਵੱਚੌ ਬਹੁਤ ਕੁੱਸ਼ ਸਿਿਖਆ ਹੈ ਮੈਂ ਿਦਲੋਂ ਡਾਕਟਰ ਸੰਦੀਪ ਜੁਨੇਜਾਂ ਦਾ ਦੰਨਵਾਧੀ ਹਾਂ।