ਹਿੰਦੁਸਤਾਨ ਦੀਆਂ ਧਾਰਮਿਕ ਘੱਟਗਿਣਤੀਆਂ ਦੇ ਖ਼ਿਲਾਫ਼ ਵਧ ਰਹੀ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੁੱਪ ਤੋੜਨ ਨੂੰ ਕਿਵੇਂ ਲਿਆ ਜਾਵੇ? ਜਿਸ ਬੰਦੇ ਨੂੰ ਹਿੰਦੁਸਤਾਨ ਦੇ ਸ਼ਹਿਰੀਆਂ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਲਈ ਚੁਣਿਆ ਗਿਆ ਸੀ ਉਸ ਨੇ ਈਸਾਈ ਪੂਜਾ-ਸਥਾਨਾਂ ਉਪਰ ਹਮਲਿਆਂ ਬਾਰੇ ਕੋਈ ਪ੍ਰਤੀਕਰਮ ਹੀ ਨਹੀਂ ਦਿਖਾਇਆ। ਨਾ ਹੀ ਉਹ ਈਸਾਈਆਂ ਅਤੇ ਮੁਸਲਮਾਨਾਂ ਦੇ ਵੱਡੀ ਤਾਦਾਦ ’ਚ ਹਿੰਦੂਵਾਦ ਨੂੰ ਅਪਨਾਉਣ ਦੇ ਮਸਲੇ ਨੂੰ ਮੁਖ਼ਾਤਬ ਹੋਇਆ ਹੈ ਜਿਨ੍ਹਾਂ ਦੀ ਬਾਂਹ ਮਰੋੜਕੇ ਜਾਂ ਪੈਸੇ ਦਾ ਲਾਰਾ ਲਾ ਕੇ ਧਰਮ ਬਦਲਾਇਆ ਗਿਆ। ਐਸੀ ਪ੍ਰੇਸ਼ਾਨ ਕਰਨ ਵਾਲੀ ਅਸਹਿਣਸ਼ੀਲਤਾ ਬਾਰੇ ਸ਼੍ਰੀਮਾਨ ਮੋਦੀ ਦੀ ਲਗਾਤਾਰ ਖ਼ਾਮੋਸ਼ੀ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਜਾਂ ਤਾਂ ਉਹ ਹਿੰਦੂ ਰਾਸ਼ਟਰਵਾਦੀ ਸੱਜੇਪੱਖੀਆਂ ’ਤੇ ਕਾਬੂ ਪਾਉਣ ਤੋਂ ਅਸਮਰੱਥ ਹੈ ਜਾਂ ਕਾਬੂ ਪਾਉਣਾ ਹੀ ਨਹੀਂ ਚਾਹੁੰਦਾ।
ਹੁਣੇ ਜਹੇ ਹਿੰਦੁਸਤਾਨ ਵਿਚ ਕਈ ਈਸਾਈ ਗਿਰਜਾਘਰਾਂ ਨੂੰ ਜਲਾਇਆ ਗਿਆ ਅਤੇ ਭੰਨ-ਤੋੜ ਕੀਤੀ ਗਈ ਹੈ। ਪਿਛਲੇ ਦਸੰਬਰ ਵਿਚ, ਪੂਰਬੀ ਦਿੱਲੀ ਦੇ ਸੇਂਟ ਸੈਬੇਸਟੀਅਨ ਗਿਰਜਾਘਰ ਨੂੰ ਅੱਗ ਲੱਗੀ ਸੀ। ਗਿਰਜਾਘਰ ਦੇ ਪਾਦਰੀ ਨੇ ਦੱਸਿਆ ਸੀ ਕਿ ਅੱਗ ’ਤੇ ਕਾਬੂ ਜਾਣ ਪਿੱਛੋਂ ਮਿੱਟੀ ਦੇ ਤੇਲ ਦੀ ਬਦਬੂ ਆਈ ਸੀ। ਸੋਮਵਾਰ ਨੂੰ, ਨਵੀਂ ਦਿੱਲੀ ਦੇ ਸੇਂਟ ਅਲਫੌਂਸਾ ਗਿਰਜਾਘਰ ਵਿਚ ਹੜਦੁੰਗ ਮਚਾਇਆ ਗਿਆ। ਅਜਿਹਾ ਕਰਨ ਵਾਲੇ ਉੱਥੋਂ ਰਸਮਾਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਬਰਤਨ ਚੁੱਕ ਕੇ ਲੈ ਗਏ, ਜਦਕਿ ਨਗਦੀ ਨਾਲ ਭਰੇ ਗੱਲਿਆਂ ਨੂੰ ਛੂਹਿਆ ਤਕ ਨਹੀਂ ਗਿਆ। ਹਮਲਿਆਂ ਤੋਂ ਚੁਕੰਨੇ ਹਿੰਦੁਸਤਾਨ ਦੇ ਕੈਥੋਲਿਕ ਬਿਸ਼ਪ ਸੰਮੇਲਨ ਨੇ ਹਕੂਮਤ ਨੂੰ ਹਿੰਦੁਸਤਾਨ ਦੇ ਧਰਮਨਿਰਪੱਖ ਖ਼ਾਸੇ ਨੂੰ ਬੁਲੰਦ ਕਰਨ ਅਤੇ ਇੱਥੋਂ ਦੇ ਈਸਾਈਆਂ ਨੂੰ ਇਹ ਯਕੀਨ ਦਿਵਾਉਣ ਲਈ ਜ਼ੋਰ ਪਾਇਆ ਹੈ ਕਿ ਆਪਣੇ ਹੀ ਮੁਲਕ ਵਿਚ ਉਹ ‘‘ਸਹੀ-ਸਲਾਮਤ ਅਤੇ ਮਹਿਫੂਜ਼’’ ਹਨ।
ਜਨਤਕ ਪੈਮਾਨੇ ’ਤੇ ਧਰਮ-ਬਦਲੀਆਂ ਵੀ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਸੰਬਰ ਵਿਚ, ਆਗਰਾ ਵਿਚ 200 ਦੇ ਕਰੀਬ ਮੁਸਲਮਾਨ ਧਰਮ ਬਦਲਕੇ ਹਿੰਦੂਵਾਦ ’ਚ ਸ਼ਾਮਲ ਹੋ ਗਏ ਸਨ। ਜਨਵਰੀ ਵਿਚ, ਪੱਛਮੀ ਬੰਗਾਲ ਵਿਚ 100 ਈਸਾਈਆਂ ਨੇ ‘‘ਦੁਬਾਰਾ ਧਰਮ ਬਦਲਕੇ’’ ਹਿੰਦੂਵਾਦ ਨੂੰ ਅਪਣਾਇਆ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਅਤੇ ਰਾਸ਼ਟ੍ਰੀਯ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਵਰਗੇ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਧੜਿਆਂ ਨੇ ‘‘ਘਰ ਵਾਪਸੀ’’ ਦੀ ਉਸ ਮੁਹਿੰਮ ਨੂੰ ਹਮਾਇਤ ਦੇਣ ’ਚ ਕੋਈ ਲੁਕ-ਲੁਕੋਅ ਨਹੀਂ ਰੱਖਿਆ ਜੋ ਗ਼ੈਰ-ਹਿੰਦੂਆਂ ਨੂੰ ਆਪਣੇ ਘੇਰੇ ਵਿਚ ‘‘ਦੁਬਾਰਾ ਮੋੜ ਲਿਆਉਣ’’ ਲਈ ਉਲੀਕੀ ਗਈ ਹੈ। 80 ਫ਼ੀਸਦੀ ਤੋਂ ਵੱਧ ਹਿੰਦੁਸਤਾਨੀ ਹਿੰਦੂ ਹਨ, ਪਰ ਵੀ.ਐੱਚ.ਪੀ. ਦਾ ਪ੍ਰਵੀਨ ਤੋਗੜੀਆ ਕਹਿ ਰਿਹਾ ਹੈ ਕਿ ਉਸ ਦੀ ਜਥੇਬੰਦੀ ਦਾ ਟੀਚਾ ਇਸ ਮੁਲਕ ਨੂੰ 100 ਫ਼ੀਸਦੀ ਹਿੰਦੂ ਬਣਾਉਣ ਦਾ ਹੈ। ਇਸ ਦਾ ਇਕੋ-ਇਕ ਤਰੀਕਾ ਇਹੀ ਹੈ ਕਿ ਧਾਰਮਿਕ ਘੱਟਗਿਣਤੀਆਂ ਨੂੰ ਅਕੀਦੇ ਦੀ ਆਜ਼ਾਦੀ ਦੇਣ ਤੋਂ ਨਾਂਹ ਕਰ ਦਿੱਤੀ ਜਾਵੇ।
ਰਿਪੋਰਟਾਂ ਇਹ ਹਨ ਕਿ ਵੀ.ਐੱਚ.ਪੀ. ਇਸ ਮਹੀਨੇ ਅਯੁੱਧਿਆ ਵਿਚ 3000 ਮੁਸਲਮਾਨਾਂ ਦੀ ਜਨਤਕ ਪੈਮਾਨੇ ’ਤੇ ਧਰਮ-ਬਦਲੀ ਕਰਾਉਣ ਦੀ ਵਿਉਤ ਬਣਾ ਰਹੀ ਹੈ। ਉਥੇ 1992 ’ਚ ਹਿੰਦੂ ਫਸਾਦੀਆਂ ਵਲੋਂ ਬਾਬਰੀ ਮਸਜਿਦ ਢਾਹੇ ਜਾਣ ਨੇ ਪੂਰੇ ਹਿੰਦੁਸਤਾਨ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਫਸਾਦ ਭੜਕਾ ਦਿੱਤੇ ਸਨ ਜਿਨ੍ਹਾਂ ਵਿਚ 2000 ਤੋਂ ਉਪਰ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ ਸਨ। ਵੀ.ਐੱਚ.ਪੀ. ਜਾਣਦੀ ਹੈ ਕਿ ਇਹ ਅੱਗ ਨਾਲ ਖੇਡ੍ਹ ਰਹੀ ਹੈ।
ਸ਼੍ਰੀਮਾਨ ਮੋਦੀ ਨੇ ਹਿੰਦੁਸਤਾਨ ਦੇ ਵਿਕਾਸ ਦੇ ਪੁਰਜੋਸ਼ ਅਜੰਡੇ ’ਤੇ ਚੱਲਣ ਦਾ ਵਾਅਦਾ ਕੀਤਾ ਹੈ। ਪਰ, ਜਿਵੇਂ ਪਿਛਲੇ ਮਹੀਨੇ ਰਾਸ਼ਟਰਪਤੀ ਓਬਾਮਾ ਨੇ ਨਵੀਂ ਦਿੱਲੀ ਵਿਚ ਆਪਣੀ ਤਕਰੀਰ ਵਿਚ ਕਿਹਾ ਸੀ: ‘‘ਜੇ ਹਿੰਦੁਸਤਾਨ ਧਾਰਮਿਕ ਅਕੀਦਿਆਂ ਦੇ ਅਧਾਰ ’ਤੇ ਟੁਕੜੇ-ਟੁਕੜੇ ਹੋਣ ਤੋਂ ਬਚਿਆ ਰਹਿੰਦਾ ਹੈ ਫਿਰ ਹੀ ਇਹ ਕਾਮਯਾਬ ਹੋਵੇਗਾ।’’ ਸ਼ੀ੍ਰਮਾਨ ਮੋਦੀ ਨੂੰ ਧਾਰਮਿਕ ਅਸਹਿਣਸ਼ੀਲਤਾ ਬਾਰੇ ਆਪਣੀ ਬੋਲਿਆਂ ਵਾਲੀ ਖ਼ਾਮੋਸ਼ੀ ਤੋੜਨੀ ਚਾਹੀਦੀ ਹੈ।
Harmandeep Muker
Bhaji eh ta DUR FITTE MOOH ohna loka de jinna ne isnu votes paiaan.