ਏਡਜ਼: ਸਿਰਫ਼ ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ
Posted on:- 01-12-2014
ਅੱਜ ਵਿਸ਼ਵ ਏਡਜ਼ ਦਿਵਸ ’ਤੇ ਵਿਸ਼ੇਸ਼
ਇੱਕ ਦਸੰਬਰ ਦਾ ਦਿਨ ਸਾਲ 1988 ਤੋਂ ਪੂਰੀ ਦੁਨੀਆਂ ਵਿੱਚ ਵਿਸਵ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਦਿਹਾੜੇ ਦਾ ਪ੍ਰਮੁੱਖ ਮੰਤਵ ਲੋਕਾਂ ਨੂੰ ਏਡਜ਼ (ਐਕਵਾਇਰਡ ਇਮਿਊਨੋ ਡੈਫੀਇਸ਼ਐਂਸੀ ਸਿੰਡਰੋਮ) ਨਾਮ ਦੀ ਲਾਇਲਾਜ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ, ਜਿਸ ਤੋਂ ਦੁਨੀਆਂ ਭਰ ਕਰੋੜਾਂ ਲੋਕ ਪ੍ਰਭਾਵਿਤ ਹਨ।ਇਹ ਇੱਕ ਅਜਿਹਾ ਵਾਇਰਸ ਹੈ, ਜੋ ਸਰੀਰ ਵਿੱਚ ਬੜੀ ਤੇਜ਼ੀ ਨਾਲ ਆਪਣੀ ਜਗ੍ਹਾ ਬਣਾ ਲੈਂਦਾ ਹੈ।ਇਸ ਤਹਿਤ ਮਨੁੱਖੀ ਸਰੀਰ ਵਿੱਚ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਹੌਲੀ-ਹੌਲ਼ੀ ਖ਼ਤਮ ਹੁੰਦੀ ਜਾਂਦੀ ਹੈ ਅਤੇ ਅੰਤ ਵਿੱਚ ਇਸ ਦਾ ਸਿੱਟਾ ਮੌਤ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਦੁਨੀਆਂ ਦੀ ਨਜ਼ਰ ਵਿੱਚ ਐੱਚ ਆਈ ਵੀ ਵਾਇਰਸ (ਏਡਜ਼ ਫੈਲਾਊਣ ਵਾਲਾ ਰੋਗਾਣੂ) 80ਵਿਆਂ ਦੇ ਦਹਾਕੇ ਵਿੱਚ ਸਾਹਮਣੇ ਆਇਆ ਸੀ (ਭਾਰਤ ਵਿੱਚ ਏਡਜ਼ ਦਾ ਪਹਿਲਾ ਕੇਸ 1986 ਵਿੱਚ ਆਇਆ ਸੀ)।ਵਿਗਿਆਨੀਆਂ ਅਨੁਸਾਰ ਏਡਜ਼ ਦੀ ਉਤਪਤੀ ਕਿਨਸ਼ਾਸਾ ਸ਼ਹਿਰ ਵਿੱਚ ਹੋਈ, ਜੋ ਕਿ ਹੁਣ ਕਾਨਗੋ ਗਣਰਾਜ ਦੇ ਰੂਪ ਵਿੱਚ ਜਾਣਿਆਂ ਜਾਂਦਾ ਹੈ।ਐੱਚ ਆਈ ਵੀ ਚੀਪੈਂਜੀ ਵਾਇਰਸ ਦਾ ਬਦਲਵਾਂ ਰੂਪ ਹੈ।ਕਿਨਸ਼ਾਸਾ ਬੁਸ਼ਮੀਟ ਦਾ ਇੱਕ ਵੱਡਾ ਬਾਜ਼ਾਰ ਸੀ, ਜਿੱਥੋਂ ਇਹ ਵਾਇਰਸ ਮਨੁੱਖ ਤੱਕ ਪਹੁੰਚਿਆ।ਵਿਗਿਆਨੀ ਮੰਨਦੇ ਹਨ ਕਿ ਇਸ ਵਾਇਰਸ ਦਾ ਤੇਜ਼ੀ ਨਾਲ ਫੈਲਾਵ ਅਸੁਰੱਖਿਅਤ ਸਰੀਰਿਕ ਸਬੰਧ, ਆਬਾਦੀ ਅਤੇ ਇਕੋ ਸੂਈ/ਸਰਿੰਜ ਦੀ ਵਾਰ ਵਾਰ ਵਰਤੋਂ ਕਰਨ ਨਾਲ ਹੋਇਆ।
ਏਡਜ਼ ਦੀ ਬਿਮਾਰੀ ਕਿਸੇ ਏਡਜ਼ ਤੋਂ ਪੀੜਤ ਵਿਅਕਤੀ ਨੂੰ ਛੂਹਣ ਨਾਲ ਨਹੀਂ, ਸਗੋਂ ਇਹ ਰੋਗਾਣੂੰ ਜ਼ਿਆਦਾਤਰ ਏਡਜ਼ ਤੋਂ ਪੀੜਤ ਵਿਅਕਤੀ ਨਾਲ ਸਰੀਰਿਕ ਸਬੰਧ ਬਣਾਉਣ, ਐੱਚ ਆਈ ਵੀ ਵਾਲਾ ਖ਼ੂਨ ਚੜ੍ਹਾਉਣ ਨਾਲ, ਐੱਚ ਆਈ ਵੀ ਪੀੜ੍ਹਤ ਔਰਤ ਦੀ ਕੁੱਖੋਂ ਜਨਮ ਲੈਣ ਵਾਲੇ ਬੱਚੇ ਨੂੰ, ਇੱਕੋ ਸੂਈ ਦੀ ਵਾਰ-ਵਾਰ ਵਰਤੋਂ ਕਰਨ ਆਦਿ ਨਾਲ ਫੈਲਦੀ ਹੈ।ਏਡਜ਼ ਦੇ ਲੱਛਣਾਂ ਦਾ ਵਿਅਕਤੀ ਨੂੰ ਲੰਮਾ ਸਮਾਂ ਪਤਾ ਨਹੀਂ ਚਲਦਾ, ਜੋ ਕਿ ਇਸ ਬੀਮਾਰੀ ਦੇ ਖ਼ਤਰਨਾਕ ਹੋਣ ਦਾ ਇੱਕ ਅਹਿਮ ਪੱਖ ਹੈ।ਮੁੱਖ ਤੌਰ ’ਤੇ ਵਿਅਕਤੀ ਦਾ ਵਜ਼ਨ ਦਸ ਫੀਸਦ ਘਟਣਾ, ਭੁੱਖ ਘੱਟ ਲਗਣੀ, ਸਰੀਰ ਵਿੱਚ ਦਰਦ ਰਹਿਣਾ, ਗਲੇ ਵਿੱਚ ਖਰਾਸ਼, ਜੀਭ ਜਾਂ ਮੂੰਹ ’ਤੇ ਚਿੱਟੇ ਦਾਗ਼, ਸਾਹ ਲੈਣ ਵਿੱਚ ਮੁਸ਼ਕਲ, ਇੱਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਬੁਖਾਰ ਅਤੇ ਦਸਤ ਆਦਿ ਲ਼ੱਛਣ ਹਨ।ਏਡਜ਼ ਤੋਂ ਬਚਾਅ ਲਈ ਲਾਜ਼ਮੀ ਹੈ ਕਿ ਸਰੀਰਿਕ ਸਬੰਧ ਬਣਾਉਣ ਸਮੇਂ ਹਮੇਸ਼ਾਂ ਸੁਰੱਖਿਅਤ ਢੰਗ ਅਪਨਾਇਆ ਜਾਵੇ।ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਏਡਜ਼ ਹੋਣ ਦਾ ਖਦਸ਼ਾ ਹੋਵੇ, ਉਸ ਨਾਲ ਸਰੀਰਿਕ ਸਬੰਧ ਨਾ ਬਣਾਏ ਜਾਣ।ਖ਼ੂਨ ਚੜ੍ਹਾਉਣ ਸਮੇਂ ਇਹ ਵਿਸ਼ੇਸ਼ ਤੌਰ ’ਤੇ ਚੇਤੇ ਰੱਖਿਆ ਜਾਵੇ ਕਿ ਜਿਸ ਖ਼ੂਨ ਦੀ ਵਰਤੋਂ ਕੀਤੀ ਜਾ ਰਹੀ ਹੈ ਕੀ ਉਹ ਐੱਚ ਆਈ ਵੀ ਰੋਗਾਣੂੰ ਤੋਂ ਮੁਕਤ ਹੈ।ਟੀਕਾਕਰਨ ਸਮੇਂ ਹਮੇਸ਼ਾਂ ਡਿਸਪੋਜ਼ੇਬਲ ਸਰਿੰਜਾਂ/ਸੂਈਆਂ ਦੀ ਹੀ ਵਰਤੋਂ ਵੱਲ ਖਿਆਲ ਰੱਖਿਆ ਜਾਵੇ।ਇਨ੍ਹਾਂ ਵਿੱਚ ਇਸਤੇਮਾਲਕੀਤੀਆਂ ਜਾਣ ਵਾਲੀਆਂ ਸੂਈਆਂ ਨੂੰ ਹੱਬ ਕਟਰ ਨਾਲ ਨਸ਼ਟ ਕਰਨਾ ਯਕੀਨੀ ਬਣਾਇਆ ਜਾਵੇ।ਮੇਲਿਆਂਆਦਿ ਵਿੱਚ ਸਰੀਰਿਕ ਟੈਟੂ ਖੁਦਵਾਉਣ ਤੋਂ ਵੀ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਵਿੱਚ ਕਈ ਵਾਰ ਇੱਕ ਹੀ ਸੂਈ ਨਾਲ ਟੈਟੂ ਬਣਾਏ ਜਾਂਦੇ ਹਨ।
ਬੇਸ਼ਕ ਏਡਜ਼ ਲਈ ਏ ਆਰ ਟੀ (ਐਂਟੀ ਰੈਟਰੋਵਾਇਰਲ ਥਰੇਪੀ) ਦਵਾਈਆਂ ਮੌਜੂਦ ਹਨ, ਪਰ ਇਹ ਇੰਨੀਆਂ ਮਹਿੰਗੀਆਂ ਹਨ ਕਿ ਇਨ੍ਹਾਂ ਦਾ ਖਰਚਾ ਆਮ ਬੰਦੇ ਦੇ ਵਸ ਤੋਂ ਬਾਹਰ ਹੈ।ਦੂਜਾ ਇਨ੍ਹਾਂ ਦਵਾਈਆਂ ਨਾਲ ਬਿਮਾਰੀ ਓਦੋਂ ਤੱਕ ਹੀ ਠੱਲ੍ਹੀ ਰਹਿੰਦੀ ਹੈ, ਜਦੋਂ ਤੱਕ ਇਨ੍ਹਾਂ ਦੀ ਵਰਤੋਂ ਵਿਅਕਤੀ ਕਰਦਾ ਰਹੇ।ਜੇਕਰ ਇਹ ਦਵਾਈ ਲੈਣੀ ਬੰਦ ਕਰ ਦਿੱਤੀ ਜਾਵੇ ਤਾਂ ਤਾਂ ਇਸ ਬਿਮਾਰੀ ਦੇ ਲੱਛਣ ਮੁੜ ਤੋਂ ਵਧਣੇ ਸ਼ੁਰੂ ਹੋ ਜਾਂਦੇ ਹਨ।ਸੋ ਏਡਜ਼ ਦਾ ਇਲਾਜ ਜਾਗਰੂਕਤਾ ਹੀ ਹੈ।
ਵਿਸ਼ਵ ਏਡਜ਼ ਦਿਹਾੜੇ ਦਾ ਮੰਤਵ ਸਿਰਫ ਏਡਜ਼ ਫੈਲਣ ਦੇ ਕਾਰਨਾਂ, ਲੱਛਣਾਂ ਅਤੇ ਬਚਾਓ ਸਬੰਧੀ ਜਾਗਰੂਕ ਕਰਨਾ ਹੀ ਨਹੀਂ, ਸਗੋਂ ਏਡਜ਼ ਤੋਂ ਪੀੜਤ ਵਿਅਕਤੀਆਂ ਪ੍ਰਤੀ ਸਮਾਜ ਦਾ ਨਜ਼ਰੀਆਂ ਬਦਲਣਾ ਵੀ ਹੈ।ਸੋ ਇਸ ਮੌਕੇ ਇਸ ਗੱਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਏਡਜ਼ ਤੋਂ ਪੀੜਤ ਵਿਅਕਤੀ ਨੂੰ ਵੀ ਸਮਾਜ ਦਾ ਇੱਕ ਹਿੱਸਾ ਮੰਨਣ ਦੀ ਗੱਲ ’ਤੇ ਜ਼ੋਰ ਦਿੱਤਾ ਜਾਵੇ, ਜਿਸ ਨੂੰ ਕਿ ਬਹੁਤੀ ਵਾਰ ਮਾੜਾ ਵਿਅਕਤੀ ਆਖ ਕੇ ਸਮਾਜ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ।ਇਹੀ ਕਾਰਨ ਸੀ ਕਿ ਸਾਲ 1991 ਵਿੱਚ ਪਹਿਲੀ ਵਾਰ‘ਰੈੱਡ ਰੀਬਨ’ ਨੂੰ ਏਡਜ਼ ਦਾ ਨਿਸ਼ਾਨ ਬਣਾ ਕੇ ਏਡਜ਼ ਤੋਂ ਪੀੜਤ ਲੋਕਾਂ ਖ਼ਿਲਾਫ ਚੱਲੇ ਆ ਰਹੇ ਭੇਦਭਾਵ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ।