ਤਿੰਨ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ
Posted on:- 05-10-2014
ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ’ ਵੱਲੋਂ ਵਿੱਦਿਆ ਦੇ ਬਜਾਰੀਕਰਨ, ਫਿਰਕੂਕਰਨ ਤੇ ਸਮਾਨ ਸਕੂਲ ਵਿਵਸਥਾ ਦੀ ਸਥਾਪਤੀ ਲਈ ਅਤੇ ‘ਕੁੱਲ ਹਿੰਦ ਸਿੱਖਿਆ ਸੰਘਰਸ਼ ਯਾਤਰਾ’ ਦੀ ਤਿਆਰੀ ਵਜੋਂ ਗੁਰਸ਼ਰਨ ਕਲਾ ਭਵਨ ਮੁਲਾਂਪੁਰ ਵਿਖੇ ਆਯੋਜਿਤ ਕੀਤੀ ਗਈ ਤਿੰਨ ਰੋਜ਼ਾ ਵਰਕਸ਼ਾਪ ਅੱਜ ਸਫਲਤਾਪੂਰਵਕ ਸਪੰਨ ਹੋ ਗਈ। ਤਿੰਨ ਦਿਨ ਦੀ ਲੰਮੀ ਵਿਚਾਰ-ਚਰਚਾ ‘ਚ ਮੰਚ ਦੇ ਕੇਂਦਰੀ ਕਮੇਟੀ ਦੇ ਬੁਲਾਰੇ ਡਾ. ਅਨਿਲ ਸਦਗੋਪਾਲ ਤੇ ਪ੍ਰੋ. ਮਧੂਪ੍ਰਸ਼ਾਦ ਤੋਂ ਇਲਾਵਾ ਡਾ. ਸੁਖਪਾਲ ਸਿੰਘ, ਪ੍ਰੋ. ਕਮਲਜੀਤ, ਡਾ. ਰਮਿੰਦਰ ਸਿੰਘ, ਡਾ. ਕੁਲਦੀਪ, ਪ੍ਰਿੰ. ਲੋਕਬੰਧੂ, ਡਾ. ਅੰਮ੍ਰਿਤਪਾਲ, ਭੁਪਿੰਦਰ ਵੜੈਚ ਆਦਿ ਬੁੱਧੀਜੀਵੀ-ਚਿੰਤਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸਮੇਂ ਬੁਲਾਰਿਆਂ ਨੇ ਪੰਜਾਬ ਸਮੇਤ ਭਾਰਤ ਅੰਦਰ ਮੁੱਢਲੀ ਵਿਦਿਅਕ ਵਿਵਸਥਾ ਦੀ ਮਾੜੀ ਦਸ਼ਾ ਅਤੇ ਸਿੱਖਿਆ ਦੇ ਨਿੱਜੀਕਰਨ ਦੇ ਮਾਰੂ ਹਮਲਿਆਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ‘ਸਿੱਖਿਆ ਦੇ ਭਗਵੇਂਕਰਨ’ ਵਿਸ਼ੇ ਤੇ ਬੋਲਦਿਆਂ ਭਾਰਤੀ ਵਿਦਿਅਕ ਪ੍ਰਣਾਲੀ ਨੂੰ ਫਿਰਕੂ ਲੀਹਾਂ ਤੇ ਢਾਲਣ ਦੀਆਂ ਸਾਜਿਸ਼ਾਂ ਬਾਰੇ ਚਿੰਤਾ ਜਾਹਰ ਕੀਤੀ। ਇਸ ਸਮੇਂ ਡਾ. ਅਨਿਲ ਸਦਗੋਪਾਲ ਨੇ ਆਪਣੇ ਲੰਮੇ ਭਾਸ਼ਣ ਅੰਦਰ ਕਿਹਾ ਕਿ ਬਰਾਬਰ ਸਕੂਲ ਵਿਵਸਥਾ ਦੀ ਲੜਾਈ ਅਸਲ ਅਰਥਾਂ ਵਿੱਚ ਸਿੱਖਿਆ ਖੇਤਰ ‘ਚ ਨਿੱਜੀਕਰਨ-ਉਦਾਰੀਕਰਨ ਦੀ ਨੀਤੀਆਂ ਖਿਲਾਫ ਸਾਂਝੀ ਵੱਡੀ ਲੜਾਈ ਦਾ ਅਧਾਰ ਬਣਦੀ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਬਜਾਰੀਕਰਨ ਦੇ ਦੌਰ ਅੰਦਰ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਕਰੋੜਾਂ ਰੁਪਏ ਦੀਆਂ ਟੈਕਸ ਛੋਟਾਂ, ਬੇਲ ਆਊਟ ਪੈਕਜ਼ ਤੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਸਿੱਖਿਆ ਉਪਰ ਕੁੱਲ ਘਰੇਲੂ ਪੈਦਾਵਰ ਦਾ ਹਿੱਸਾ ਲਗਾਤਾਰ ਘਟਾਇਆ ਜਾ ਰਿਹਾ ਹੈ। ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ ਉੱਚ ਵਿੱਦਿਆ ਵਿਰੋਧੀ ਬਿੱਲ ਲਿਆਂਦੇ ਜਾ ਰਹੇ ਹਨ। ਮੁਫਤ, ਮਿਆਰੀ ਤੇ ਲਾਜ਼ਮੀ ਸਿੱਖਿਆ ਦੀ ਥਾਂ ਅੱਜ ਵਿਸ਼ਵੀਕਰਨ-ਨਿੱਜੀਕਰਨ ਦੀਆਂ ਨੀਤੀਆਂ ਤਹਿਤ ਗੈਰ-ਮਿਆਰੀ, ਘੱਟ ਗੁਣਵਤਾ ਵਾਲੀ ਮਹਿੰਗੀ ਸਿੱਖਿਆ ਅਤੇ ਸਿੱਖਿਆ ਦੇ ਉਦੇਸ਼ ਨੂੰ ਗੈਰ ਸਰਕਾਰੀ ਸੰਸਥਾਵਾਂ, ਧਾਰਮਿਕ ਅਦਾਰਿਆ ਤੇ ਬਹੁਰਾਸ਼ਟਰੀ ਕੰਪਨੀਆਂ ਦੇ ਰਹਿਮੋ-ਕਰਮ ਤੇ ਛੱਡਿਆ ਜਾ ਰਿਹਾ ਹੈ। ਸਿੱਖਿਆ ਦਾ ਬਜਾਰੀਕਰਨ ਤੇ ਫਿਰਕੂਕਰਨ ਕੀਤਾ ਜਾ ਰਿਹਾ ਹੈ।
ਹਾਜ਼ਰ ਸਰੋਤਿਆਂ ਨੇ ਅਨੇਕਾਂ ਮਹੱਤਵਪੂਰਨ ਸਵਾਲਾਂ ਤੇ ਵਿਚਾਰ-ਚਰਚਾ ਕੀਤੀ। ਪੰਜਾਬ ਭਰ ‘ਚੋਂ ਡੀਟੀਐਫ, ਡੀਐਸਓ, ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ, ਪੀਐਸਯੂ, ਪੀਐਸਯੂ (ਰੰਧਾਵਾ), ਨੌਜਵਾਨ ਭਾਰਤ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਕੇਂਦਰ ਪੰਜਾਬ, ਐਸਐਸਏ/ਰਮਸਾ, ਨੈਟ ਪਾਸ ਬੇਰੁਜਗਾਰ ਯੂਨੀਅਨ, ਲੋਕ ਕਲਾ ਮੰਚ ਆਦਿ ਜੱਥੇਬੰਦੀਆਂ ਅਤੇ ਲੇਖਕਾਂ, ਬੁੱਧੀਜੀਵੀਆਂ ਚਿੰਤਕਾਂ ਨੇ ਵੱਡੀ ਗਿਣਤੀ ‘ਚ ਇਸ ਤਿੰਨ ਰੋਜਾ ਵਰਕਸ਼ਾਪ ‘ਚ ਸ਼ਮੂਲੀਅਤ ਕੀਤੀ। ਵਰਕਸ਼ਾਪ ਦੌਰਾਨ ਨਵੰਬਰ ਮਹੀਨੇ ‘ਚ ਪੰਜਾਬ ਅੰਦਰ ਸਿੱਖਿਆ ਸੰਘਰਸ਼ ਯਾਤਰਾ ਕੱਢਣ ਅਤੇ 4 ਦਸੰਬਰ ਨੂੰ ਭੂਪਾਲ ਪੁੱਜਣ ਲਈ ਸੂਬਾ ਪੱਧਰੀ ਕਮੇਟੀ ਜੱਥੇਬੰਦ ਕੀਤੀ ਗਈ। ਕਮੇਟੀ ‘ਚ ਉਪਰੋਕਤ ਜੱਥੇਬੰਦੀਆਂ ਦੇ ਆਗੂ ਪ੍ਰੋ. ਜਗਮੋਹਨ ਸਿੰਘ, ਕੰਵਲਜੀਤ ਖੰਨਾ, ਭੁਪਿੰਦਰ ਵੜੈਚ, ਡਾ. ਭੀਮਇੰਦਰ, ਡਾ. ਕੁਲਦੀਪ, ਪ੍ਰਿੰ. ਤਰਲੋਕਬੰਧੂ, ਅਮਰਜੀਤ, ਮਨਦੀਪ, ਨਰਾਇਣ ਦੱਤ, ਹੇਮਰਾਜ ਸਟੈਨੋ, ਨਰਭਿੰਦਰ, ਹਰਬੰਸ ਸੋਨੂ, ਰਾਜਿੰਦਰ ਸਿੰਘ, ਸ਼ਾਮਲ ਹੋਏ। ਮੰਚ ਸੰਚਾਲਨ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਪ੍ਰੀਜ਼ੀਡੀਅਮ ਮੈਂਬਰ ਕੰਵਲਜੀਤ ਖੰਨਾ ਨੇ ਕੀਤਾ।
Balraj Cheema
ਮੈਨੂੰ ਕਈ ਦਹਾਕੇ ਹੋ ਗਏ ਹਨ ਵਿਦਿਅਕ, ਸਮਾਜਕ, ਸਾਹਤਿਕ, ਸਿਆਸੀ ਆਦਿ ਸਮਾਗਮਾਂ, ਇਕੱਠਾਂ, ਸਮੇਲਨਾਂ, ਵਰਕਸ਼ਾਪਾਂ ਦੀਆਂ ਰਿਪੋਰਟਾਂ ਪੜ੍ਹਦਿਆਂ। ਅਜਿਹੇ ਹਰ ਫ਼ੰਕਸ਼ਨ ਦੀ ਰਿਪੋਰਟ ਇਹ ਹੀ ਦਸਦੀ ਹੈ ਕਿ ਸਮਾਗਮ ਸਫ਼ਲਤਾਪੂਰਵਕ ਸਮਾਪਤ ਹੋਇਆ। ਕੀ ਕਦੇ ਕੋਈ ਸਮਾਗਮ ਅਸਫ਼ਲ ਵੀ ਹੋਇਆ ਹੈ? ਕੀ ਇਹ ਜਰਨਲਿਸਟਿਕ ਤਕੀਆ ਏ ਜਾਂ ਜਰਨਲਿਸਟਿਕ ਖ਼ਾਮੀ?