ਅੱਲ੍ਹੜ ਉਮਰ 'ਚ ਕਿਲ ਮੁਹਾਸੇ -ਡਾ. ਰਜਤ ਛਾਬੜਾ
Posted on:- 05-07-2012
ਅੱਲ੍ਹੜ ਉਮਰ ਸ਼ੁਰੂ ਹੁੰਦੇ ਹੀ ਸਰੀਰ 'ਚ ਸੈਕਸ ਹਾਰਮੋਨ ਸਰਗਰਮ ਹੋਣ ਦੇ ਕਾਰਨ ਕਈ ਬਦਲਾਅ ਹੁੰਦੇ ਹਨ, ਜਿਨ੍ਹਾਂ ਨੂੰ ਲੈ ਕੇ ਅੱਲ੍ਹੜ ਮੁੰਡੇ-ਕੁੜੀਆਂ ਕਾਫੀ ਬੇਚੈਨ ਹੋ ਜਾਂਦੇ ਹਨ। ਉਨ੍ਹਾਂ ਦੀ ਬੇਚੈਨੀ ਦੇ ਕਈ ਕਾਰਨਾਂ 'ਚੋਂ ਇਕ ਕਾਰਨ ਹੁੰਦਾ ਹੈ ਕਿਲ-ਮੁਹਾਸੇ। ਸੁੰਦਰਤਾ ਪ੍ਰਤੀ ਚੇਤਨ ਹੋਣ ਕਾਰਨ ਉਨ੍ਹਾਂ ਨੂੰ ਇਹ ਗੱਲ ਕਾਫੀ ਅੱਖਰਦੀ ਹੈ। ਇਸ ਵਜ੍ਹਾ ਨਾਲ ਉਹ ਇਨ੍ਹਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਪਰ ਗਿਆਨ ਦੀ ਘਾਟ ਹੋਣ ਕਾਰਨ ਉਹ ਕਈ ਤਰ੍ਹਾਂ ਦੇ ਵਹਿਮਾਂ ਅਤੇ ਨੀਮ-ਹਕੀਮਾਂ ਦੇ ਚੱਕਰ 'ਚ ਪੈ ਕੇ ਆਪਣੀ ਆਰਥਿਕ ਤੇ ਮਾਨਸਿਕ ਲੁੱਟ ਕਰਵਾਉਂਦੇ ਹਨ।
ਦਰਅਸਲ, ਇਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਹੁੰਦਾ ਕੀ ਹੈ ਕਿ ਸਾਡੀ ਚਮੜੀ 'ਚ ਕੁਝ ਗ੍ਰੰਥੀਆਂ ਤਾਂ ਪਸੀਨੇ ਲਈ ਹੁੰਦੀਆਂ ਹਨ, ਜਿਹੜੀਆਂ ਸਰੀਰ ਦਾ ਤਾਪਮਾਨ ਰੈਗੂਲਰ ਕਰਨ 'ਚ ਸਹਾਇਕ ਹੁੰਦੀਆਂ ਹਨ। ਇਸਦੇ ਨਾਲ-ਨਾਲ ਕੁਝ ਹੋਰ ਗ੍ਰੰਥੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸਿਬੇਸੀਅਮ ਗ੍ਰੰਥੀਆਂ ਕਹਿੰਦੇ ਹਾਂ। ਇਹ ਗ੍ਰੰਥੀਆਂ ਇਕ ਚਿਕਨਾਈ ਵਾਲਾ ਪਦਾਰਥ ਬਣਾਉਂਦੀਆਂ ਨ, ਜਿਹੜਾ ਸਾਡੀ ਚਮੜੀ ਦੀ ਕੁਦਰਤੀ ਚਮਕ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਗ੍ਰੰਥੀਆਂ ਪੈਰਾਂ ਦੀਆਂ ਤਲੀਆਂ, ਹਥੇਲੀਆਂ ਅਤੇ ਉ¥ਪਰੀ ਪਲਕਾਂ ਨੂੰ ਛੱਡ ਕੇ ਸਾਰੇ ਸਰੀਰ 'ਚ ਫੈਲੀਆਂ ਹੁੰਦੀਆਂ ਹਨ। ਇਨ੍ਹਾਂ ਗ੍ਰੰਥੀਆਂ ਦੀ ਗਿਣਤੀ ਸਿਰ, ਚਿਹਰੇ, ਗਰਦਨ, ਛਾਤੀ ਅਤੇ ਪਿੱਠ 'ਤੇ ਜ਼ਿਆਦਾ ਹੁੰਦੀ ਹੈ। ਕਿਲ-ਮੁਹਾਸੇ ਇਨ੍ਹਾਂ ਗ੍ਰੰਥੀਆਂ ਦੀ ਹੀ ਇਕ ਬਿਮਾਰੀ ਹੈ। ਜਦੋਂ ਸਿਬੇਸੀਅਸ ਗ੍ਰੰਥੀਆਂ 'ਚ ਚਿਕਨਾਈ ਵਾਲਾ ਪਦਾਰਥ ਜ਼ਿਆਦਾ ਮਾਤਰਾ 'ਚ ਬਣਨ ਲੱਗਦਾ ਹੈ ਤਾਂ ਉਹ ਜੰਮ ਕੇ ਕਿਲਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹੀ ਅਸਲੀ ਗੱਲ ਹੈ।
ਕਿਲ-ਮੁਹਾਸੇ ਸਾਡੇ ਮੱਥੇ, ਗਲਾਂ, ਗਰਦਨ, ਛਾਤੀ, ਪਿੱਠ ਆਦਿ ਥਾਵਾਂ 'ਤੇ ਕਾਲੇ ਬਿੰਦੂ ਦੇ ਰੂਪ 'ਚ, ਲਾਲ ਰੰਗ ਦੇ ਉਭਾਰ ਦੇ ਰੂਪ 'ਚ ਜਾਂ ਫਿੰਸੀ ਦੇ ਰੂਪ 'ਚ ਪਾਏ ਜਾ ਸਕਦੇ ਹਨ। ਇਹ ਦਿਖਣ 'ਚ ਕਾਫੀ ਭੈੜੇ ਲੱਗਦੇ ਹਨ ਅਤੇ ਨਾਲ ਦੀ ਨਾਲ ਇਨ੍ਹਾਂ 'ਚ ਕੁਝ ਦਰਦ, ਖਾਜ ਜਾਂ ਜਲਨ ਵੀ ਹੋ ਸਕਦੀ ਹੈ। ਇਹੀ ਹੀ ਇਨ੍ਹਾਂ ਨੌਜਵਾਨਾਂ ਦੀ ਪਰੇਸ਼ਾਨੀ ਦੀ ਵਜ੍ਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਹੋਣ 'ਤੇ ਕਰਨਾ ਕੀ ਚਾਹੀਦਾ ਹੈ? ਇਹ ਇਕ ਕੁਦਰਤੀ ਵਰਤਾਰਾ ਹੈ, ਜਿਹੜਾ ਕਿਸੇ 'ਚ ਘੱਟ ਹੁੰਦਾ ਹੈ ਅਤੇ ਕਿਸੇ 'ਚ ਵੱਧ ਹੁੰਦਾ ਹੈ। ਇਸ ਲਈ ਇਹ ਹੁੰਦਾ ਹੀ ਰਹਿਣਾ ਹੈ।
ਅੱਲ੍ਹੜ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਚਾਹੀਦਾ ਹੈ ਕਿ ਉਹ ਘੱਟਾ-ਮਿੱਟੀ, ਧੁੱਪ, ਪਸੀਨੇ ਅਤੇ ਸਟਰੈ¥ਸ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਕੌਸਮੈਟਿਕਸ ਦਾ ਇਸਤੇਮਾਲ ਸੁਚੇਤ ਹੋ ਕੇ ਕਰਨ। ਇਨ੍ਹਾਂ ਕਰਕੇ ਵੀ ਥੋੜੀ ਸਮੱਸਿਆ ਵੱਧ ਸਕਦੀ ਹੈ। ਖਾਣ-ਪੀਣ ਨਾਲ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ, ਇਸ ਲਈ ਉਸ 'ਤੇ ਰੋਕ ਲਾਉਣ ਜਾਂ ਜ਼ਿਆਦਾ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ। ਕਿਲ-ਮੁਹਾਸੇ, ਫਿੰਸੀਆਂ ਆਦਿ ਹੋਣ 'ਤੇ ਉਨ੍ਹਾਂ ਨਾਲ ਜ਼ਿਆਦਾ ਛੇੜ-ਛਾੜ ਨਹੀਂ ਕਰਨੀ ਚਾਹੀਦੀ। ਇਸ ਨਾਲ ਨਿਸ਼ਾਨ ਪੈ ਸਕਦੇ ਹਨ। ਜੇ ਸਮੱਸਿਆ ਜ਼ਿਆਦਾ ਹੋ ਰਹੀ ਹੈ ਤਾਂ ਕਿਸੇ ਕੁਆਲੀਫਾਈਡ ਸਕਿਨ ਸਪੈਸ਼ਲਿਸਟ ਨੂੰ ਦਿਖਾਉਣਾ ਚਾਹੀਦਾ ਹੈ। ਪਰ ਇਕ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਇਕ ਕੁਦਰਤੀ ਵਰਤਾਰਾ ਹੈ, ਇਸਨੂੰ ਰੋਕਿਆ ਨਹੀਂ ਜਾ ਸਕਦਾ ਹੈ।