Thu, 21 November 2024
Your Visitor Number :-   7254091
SuhisaverSuhisaver Suhisaver

ਭਾਰਤ ਤੇ ਚੀਨ ਦਰਮਿਆਨ ਨਿੱਘੇ ਸਬੰਧ ਦੋਹਾਂ ਮੁਲਕਾਂ ਲਈ ਲਾਭਕਾਰੀ - ਸੀਤਾਰਾਮ ਯੇਚੁਰੀ

Posted on:- 29-09-2014

suhisaver

ਚੀਨ ਦੇ ਰਾਸ਼ਟਰਪਤੀ ਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ, ਸ਼ੀ ਜਿਨ ਪਿੰਗ ਨੇ ਆਪਣੀ ਪਤਨੀ, ਚੀਨ ਦੀ ਪ੍ਰਥਮ ਮਹਿਲਾ ਪੈਂਗ ਲੁਆਨ ਦੇ ਨਾਲ, ਭਾਰਤ ਦਾ ਤਿੰਨ ਦਿਨ ਦਾ ਦੌਰਾ ਕੀਤਾ ਹੈ। 2012 ਵਿਚ ਇਸ ਅਹੁਦੇ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਭਾਰਤੀ ਦੌਰਾ ਸੀ। ਇਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਕੁੱਲ 16 ਸਮਝੌਤੇ ਸਹੀਬੰਦ ਕੀਤੇ ਗਏ ਹਨ, 11 ਕੇਂਦਰ ਸਰਕਾਰ ਨਾਲ ਤੇ 5 ਮਹਾਂਰਾਸ਼ਟਰ ਤੇ ਗੁਜ਼ਰਾਤ ਪ੍ਰਾਂਤ ਦੇ ਨਾਲ। ਪ੍ਰਧਾਨ ਮੰਤਰੀ ਬਨਣ ਤੋਂ 100 ਦਿਨ ਦੇ ਅੰਦਰ ਹੀ ਨਰੇਂਦਰ ਮੋਦੀ ਨੇਪਾਲ, ਭੂਟਾਨ ਤੇ ਜਾਪਾਨ, ਸਾਰਕ ਮੈਂਬਰ ਦੇਸ਼ਾਂ ਦਾ ਦੌਰਾ ਕਰ ਚੁਕੇ ਹਨ, ਅਸਟਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ, ਚੀਨ ਦੇ ਰਾਸ਼ਟਰਪਤੀ ਦਾ ਸਵਾਗਤ ਵੀ ਕਰ ਚੁਕੇ ਹਨ, ਸਯੁੰਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਦੇ ਲਈ ਨਿਉਯਾਰਕ ਤੇ ਅਮਰੀਕਾ ਜਾ ਰਹੇ ਹਨ ਜਿਥੇ ਵਿਸ਼ਵ ਦੇ ਨੇਤਾਵਾਂ, ਬਾਰਾਕ ਓਬਾਮਾ ਤੇ ਨੇਤਨਯਾਹੂ ਸਮੇਤ ਕਈ ਹੋਰਨਾਂ ਨਾਲ ਵੀ ਮੁਲਾਕਾਤ ਕਰਨਗੇ।



ਭਾਰਤ ਦੀ ਵਿਦੇਸ਼ ਨੀਤੀ ਵਿਚ ਕੋਈ ਬਦਲਾਅ ਤਾਂ ਆਉਣ ਵਾਲੇ ਸਮੇਂ ਵਿਚ ਹੀ ਜਾਹਰ ਹੋਵੇਗਾ ਪਰ ਵਿਦੇਸ਼ ਮੰਤਰੀ ਨੇ ਸੰਸਦ ਨੂੰ ਭਰੋਸਾ ਦਵਾਇਆ ਸੀ ਕਿ ਸਰਕਾਰ ਦੇ ਬਦਲਣ ਨਾਲ ਵਿਦੇਸ਼ ਨੀਤੀ ਵਿਚ ਕੋਈ ਤਬਦੀਲੀ ਨਹੀਂ ਆਵੇਗੀ। ਇਸ ਬਾਰੇ ਟਿਪਣੀ ਕਰਨ ਦਾ ਅਜੇ ਢੁਕਵਾਂ ਸਮਾਂ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ ਭੂਮੀ, ਜਿਵੇਂ ਜਾਪਾਨ ਜਾ ਕੇ ਬੜਾ ਵੱਡਾ ਦਾਅਵਾ ਕੀਤਾ ਹੈ ਕਿ ਉਸ ਦੀ ਸਰਕਾਰ ਨੇ ਦੇਸ਼ ਵਿਚ ਪਿਛਲੇ ਦਸਾਂ ਸਾਲਾਂ ਤੋਂ ਚਲੀ ਆ ਰਹੀ ਲਕਵੇ ਦੀ ਬਿਮਾਰੀ ਨੂੰ ਖਤਮ ਕਰ ਦਿੱਤਾ ਹੈ, ਦੇਸ਼ ਦਾ ਕਾਰਪੋਰੇਟ ਜਗਤ ਇਸ ਦਮਗਜ਼ੇ ਦਾ ਖੂਬ ਢੋਲ ਪਿਟ ਰਿਹਾ ਹੈ ਜਿਵੇਂ ਕਿ ਮਨਮੋਹਨ ਸਿੰਘ ਵੇਲੇ ਪਿਟਿਆ ਗਿਆ ਸੀ ਕਿ ਉਸ ਨੇ ਅਮਰੀਕਾ ਨਾਲ ਪ੍ਰਮਾਣੂ ਸੰਧੀ ਕਰ ਕੇ ਹਿੰਦੁਸਤਾਨ ਦੀ ਅਲਿਹਦਗੀ ਨੂੰ ਖਤਮ ਕਰ ਦਿੱਤਾ ਹੈ, ਜੀ-20 ਦੇਸ਼ਾਂ ਦੇ ਮੁਖੀਆਂ ਨਾਲ ਬੈਠ ਕੇ ਦੇਸ਼ ਦਾ ਸਿਰ ਉੱਚਾ ਕਰ ਦਿੱਤਾ ਹੈ। ਹੁਣ ਉਹ ਮੋਦੀ ਦੀਆਂ ਸਿਫ਼ਤਾਂ ਦੇ ਪੁਲ ਬੰਨ ਰਹੇ ਹਨ। ਪਰ ਕੀ ਮੋਦੀ ਇਸ ਖੇਤਰ ਵਿਚ ਮਨਮੋਹਨ ਸਿੰਘ ਨਾਲੋ ਕੁਝ ਵਖਰਾ ਕਰ ਰਿਹਾ ਹੈ?

ਮੋਦੀ ਸਰਕਾਰ, ਮਨਮੋਹਨ ਸਿੰਘ ਹਕੂਮਤ ਦੀਆਂ ਨਵ-ਉਦਾਰਵਾਦੀ ਆਰਥਿਕ ਨੀਤੀ ਅਤੇ ਵਿਦੇਸ਼ ਨੀਤੀਨੂੰ ਲੈ ਕੇ ਅਗਾਂਹ ਵਧ ਰਹੀ ਹੈ। ਦੇਸ਼ ਦੇ ਕਾਰਪੋਰੇਟ ਮੀਡੀਆ ਨੇ ਮੋਦੀ ਸਰਕਾਰ ਵਿਚ ਮਰਾਸੀ ਦੀ ਕੁਰਸੀ ਬਿਨ-ਬੁਲਾਏ ਹੀ ਸੰਭਾਲੀ ਹੋਈ ਹੈ। ਉਸਤੱਤ ਦੇ ਸੋਹਲੇ ਗਾਏ ਜਾ ਰਹੇ ਹਨ, ਬਹੁਤ ਸਾਰੇ ਟੀ ਵੀ ਚੈਨਲ ਕਈ ਦਿਨ ਪਹਿਲਾਂ ਹੀ ਨਿਉਯਾਰਕ ਪਹੁੰਚ ਗਏ ਹਨ ਮੋਦੀ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਲਗੇ ਹੋਏ ਹਨ। ਚੀਨ ਨਾਲ ਹੋਏ ਸਮਝੌਤਿਆਂ ਵਿਚ ਸ਼ਾਮਲ ਹੈ : ਕੈਲਾਸ਼ ਮਾਨਸਰੋਵਰ ਦੇ ਤੀਰਥ ਯਾਤਰੀਆਂ ਦੇ ਲਈ ਨਵਾਂ ਰਸਤਾ ਖੋਲਣਾ, ਤੇਜ਼ ਗਤੀ ਰੇਲ ਗੱਡੀਆਂ ਚਲਾਉਣ ਦੇ ਲਈ ਸਹਿਯੋਗ ਕਰਨਾ, ਸੰਤੁਲਤ ਤੇ ਸਥਾਈ ਵਪਾਰ ਸੰਬਧ ਵਿਕਸਤ ਕਰਨਾ, ਆਰਥਿਕ ਅਪਰਾਧਾਂ ਨੂੰ ਰੋਕਣਾ, ਪੁਲਾੜ ਖੋਜ਼ ਵਿਚ ਸਹਿਯੋਗ ਕਰਨਾ ਆਦਿ। ਦੋਹਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਕੀਤੀ ਗਈ ਸਾਂਝੀ ਪਰੈਸ ਮਿਲਨੀ ਮੌਕੇ ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਬਾਰੇ ਇਹ ਟਿਪਣੀ ਕੀਤੀ ਹੈ:

‘‘ਮੈਂ ਚੀਨ ਨਾਲ ਆਪਣੇ ਦੇਸ਼ ਦੇ ਰਿਸ਼ਤੇ ਨੂੰ ਬਹੁਤ ਮਹੱਤਵ ਦਿੰਦਾ ਹਾਂ। ਅਸੀਂ ਵਿਸ਼ਵ ਦੀਆਂ ਦੋ ਪੁਰਾਤਣ ਸਭਿਆਤਾਵਾਂ ਹਾਂ ਜਿਨਾਂ੍ਹ ਦਰਮਿਆਨ ਰਿਸ਼ਤਿਆਂ ਦਾ ਲੰਬਾ ਇਤਿਹਾਸ ਹੈ। ਚੀਨ ਸਾਡਾ ਸਭ ਤੋਂ ਵੱਡਾ ਗੁਆਂਢੀ ਹੈ ਅਤੇ ਭਾਰਤ ਦੇ ਵਿਕਾਸ ਦੀ ਮੇਰੀ ਯੋਜਨਾ ਵਿਚ ਗੁਆਂਢੀ ਦੇਸ਼ਾਂ ਦੀ ਵਿਸ਼ੇਸ਼ ਭੂਮਿਕਾ ਹੈ। ਅੱਜ ਅਸੀਂ ਦੁਨੀਆਂ ਦੇ ਦੋ ਸਭ ਤੋਂ ਵੱਡੇ ਉਭਰ ਰਹੇ ਅਰਥਚਾਰੇ ਹਾਂ ਅਤੇ ਸਭ ਤੋਂ ਵਧ ਵਸੋਂ ਵਾਲੇ ਦੇਸ਼ ਹਾਂ। ਦੋਹਾਂ ਦੇਸ਼ਾਂ ਵਿਚ ਬੜੀ ਤੇਜ਼ ਗਤੀ ਨਾਲ ਅਤੇ ਬੜੇ ਵਿਸ਼ਾਲ ਪਧਰ ਤੇ ਆਰਥਿਕ ਪਰੀਵਰਤਨ ਆ ਰਿਹਾ ਹੈ।” ਇਸ ਲਈ ਆਪਸੀ ਵਿਸ਼ਵਾਸ਼ ਤੇ ਭਰੋਸੇ ਦਾ ਮਾਹੌਲ ਉਸਾਰਨਾ ਇਕ ਦੂਸਰੇ ਦੇ ਸਰੋਕਾਰਾਂ ਤੇ ਚਿੰਤਾਵਾਂ ਦਾ ਆਦਰ ਕਰਨਾ, ਆਪਸੀ ਰਿਸ਼ਤਿਆਂ ਤੇ ਸਰਹੱਦਾਂ ਤੇ ਸਥਾਈ ਅਮਨ ਬਨਾਈ ਰਖਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇਸ ਰਿਸ਼ਤੇ ਦੀ ਸ਼ਕਤੀ ਦੀਆਂ ਪੂਰਨ ਸੰਭਾਵਨਾਵਾਂ ਨੂੰ ਸਾਕਾਰ ਕਰ ਸਕਦੇ ਹਾਂ ਜੇ ਅਸੀਂ ਇਹ ਪ੍ਰਾਪਤ ਕਰ ਲੈਂਦੇ ਹਾਂ ਤਾਂ ਦੋਹਾਂ ਦੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਮਿਲੇਗੀ। ਅਸੀਂ ਖੇਤਰ ਵਿਚ ਅਮਨ, ਸਥਿਰਤਾ ਤੇ ਖੁਸ਼ਹਾਲੀ ਸਥਾਪਤ ਕਰਨ ਵਿਚ ਯੋਗਦਾਨ ਪਾ ਸਕਦੇ ਹਾਂ ਅਤੇ ਅਸੀਂ ਵਿਸ਼ਵ ਦੇ ਅਰਥਚਾਰੇ ਨੂੰ ਨਵੀਂ ਦਿਸ਼ਾ ਤੇ ਸ਼ਕਤੀ ਪ੍ਰਦਾਨ ਕਰ ਸਕਦੇ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਸਾਡੇ ਵਪਾਰਕ ਸਬੰਧ ਸਾਡੀਆਂ ਸੰਭਾਵਨਾਵਾਂ ਦੇ ਹਾਣ ਦੇ ਨਹੀਂ ਹਨ। ਮੈਂ ਵਪਾਰ ਵਿਚ ਆਈ ਸੁਸਤੀ ਤੇ ਅਸਤੁੰਲਨਤਾ ਤੇ ਚਿੰਤਾ ਪ੍ਰਗਟ ਕੀਤੀ ਹੈ। ਮੈਂ, ਚੀਨ ਵਿਚ ਭਾਰਤੀ ਕੰਪਨੀਆਂ ਦੇ ਨਿਵੇਸ਼ ਲਈ ਨਵੇਂ ਮੌਕੇ ਪੈਦਾ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਸ਼ੀ ਨੇ ਭਰੋਸਾ ਦਿੱਤਾ ਹੈ ਸਾਡੀਆਂ ਚਿੰਤਾਵਾਂ ਤੇ ਸਮਸਿਆਵਾਂ ਨੂੰ ਦੂਰ ਕਰਨ ਦੇ ਲਈ ਉਪਰਾਲੇ ਕੀਤੇ ਜਾਣਗੇ। ਦੋਹਾਂ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਤੇ ਐਲਾਨਨਾਮੇ ਦਰਸਾਉਂਦੇ ਹਨ ਕਿ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਲੋਕਾਂ ਦਰਮਿਆਨ ਦੋਸਤੀ, ਸਭਿਆਚਾਰਕ, ਕਲਾ ਤੇ ਸਾਹਿਤਕ ਮਿਲਣੀਆਂ ਤੇ ਸੈਰ ਸਪਾਟੇ ਦਾ ਬਹੁਤ ਜ਼ਿਆਦਾ ਮਹਤੱਵ ਹੈ।

ਆਪਣੇ ਦੇਸ਼ ਦੀ ਜਨਤਾ ਵਲੋਂ ਮੈਂ, ਰਾਸ਼ਟਰਪਤੀ ਸ਼ੀ ਦਾ ਕੈਲਾਸ਼ ਸਰੋਵਰ ਦੀ ਯਾਤਰਾ ਲਈ ਨਵੇਂ ਰਸਤੇ ਨੂੰ ਖੋਲਣ ਦੇ ਲਈ ਧੰਨਵਾਦ ਕਰਦਾ ਹਾਂ। ਇਹ ਉਤਰਾਖੰਡ ਵਿਚੋਂ ਦੀ ਜਾਂਦੇ ਰਸਤੇ ਤੋਂ ਵਖਰਾ ਹੋਵੇਗਾ। ਇਸ ਦੇ ਕਈ ਫ਼ਾਇਦੇ ਹਨ, ਮੋਟਰਾਂ ਰਾਹੀਂ ਕੈਲਾਸ਼ ਸਰੋਵਰ ਤੇ ਪਹੁੰਚਣਾ ਸੰਭਵ ਹੋ ਜਾਵੇਗਾ ਜਿਸ ਨਾਲ ਬਜ਼ੁਰਗ ਤੀਰਥ ਯਾਤਰੀਆਂ ਨੂੰ ਸੌਖਾ ਹੋ ਜਾਵੇਗਾ, ਬਰਸਾਤ ਦੇ ਮੌਸਮ ਵਿਚ ਸਫ਼ਰ ਕਰਨ ਦੇ ਲਈ ਵਖਰਾ ਰਸਤਾ ਮਿਲ ਜਾਵੇਗਾ, ਸਫ਼ਰ ਦਾ ਸਮਾਂ ਘੱਟ ਜਾਵੇਗਾ ਅਤੇ ਜ਼ਿਆਦਾ ਗਿਣਤੀ ਵਿਚ ਯਾਤਰੀ ਉਥੇ ਜਾ ਸਕਣਗੇ। ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੁੱਦੇ ਤੇ ਵਿਚਾਰ ਕਰਦੇ ਸਮੇਂ ਅਸੀਂ ਦੋਹਾਂ ਦੇਸ਼ਾਂ ਦਰਮਿਆਨ ਮਤਭੇਦਾਂ ਬਾਰੇ ਵੀ ਦੋਸਤਾਨਾ ਮਾਹੌਲ ਵਿਚ ਖੁਲ੍ਹ ਕੇ ਚਰਚਾ ਕੀਤੀ ਹੈ । ਅਸੀਂ ਇਸ ਗੱਲ ਤੇ ਇਕਮੱਤ ਹਾਂ ਕਿ ਆਪਸੀ

ਵਿਸ਼ਵਾਸ਼ ਤੇ ਭਰੋਸੇ ਦਾ ਰਿਸ਼ਤਾ ਕਾਇਮ ਕਰਨ ਦੇ ਲਈ ਸਰਹੱਦਾਂ ’ਤੇ ਸ਼ਾਂਤੀ ਕਾਇਮ ਕਰਨਾ ਜ਼ਰੂਰੀ ਹੈ। ਇਹ ਇਕ ਮਹਤੱਪੂਰਨ ਸਹਿਮਤੀ ਹੈ ਜਿਸ ਨੂੰ ਪੂਰੀ ਲਗਨ ਦੇ ਨਾਲ ਸਿਰੇ ਲਾਉਣਾ ਚਾਹੀਦਾ ਹੈ। ਜਦ ਕਿ ਸਰਹੱਦਾਂ ਨਾਲ ਸਬੰਧਤ ਸਮਝੌਤੇ ਵਿਸ਼ਵਾਸ ਪੈਦਾ ਕਰਨ ਦੇ ਯਤਨ ਕਾਰਗਰ ਸਾਬਤ ਹੋਏ ਹਨ, ਮੈਂ ਸੁਝਾਓ ਦਿੱਤਾ ਹੈ ਕਿ ਕੰਟਰੋਲ ਰੇਖਾ ਬਾਰੇ ਸਥਿਤੀ ਸਪੱਸ਼ਟ ਕਰਨ ਨਾਲ ਅਮਨ ਤੇ ਸ਼ਾਂਤੀ ਬਨਾਈ ਰਖਣ ਵਿਚ ਮਦਦ ਮਿਲੇਗੀ ਅਤੇ ਮੈਂ ਰਾਸ਼ਟਰਪਤੀ ਸ਼ੀ ਨੂੰ ਬੇਨਤੀ ਕੀਤੀ ਹੈ ਕਿ ਕੰਟਰੋਲ ਰੇਖਾ ਬਾਰੇ ਰੁਕੀ ਹੋਈ ਵਰਤਾਲਾਪ ਨੂੰ ਮੁੜ ਸ਼ੁਰੂ ਕੀਤਾ ਜਾਵੇ। ਅਸੀਂ ਸਰਹੱਦ ਰੇਖਾ ਦੇ ਮਸਲੇ ਨੂੰ ਜਲਦੀ ਹੱਲ ਕਰਨਾ ਚਾਹੁੰਦੇ ਹਾਂ।”

ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੀਨ ਦੇ ਰਾਸ਼ਟਰਪਤੀ ਦੇ ਵਿਅਕਤੀਗਤ ਬਿਆਨਾਂ ਤੋਂ ਇਲਾਵਾ ਦੋਹਾਂ ਦੇਸ਼ਾਂ ਵਲੋਂ ਸਤੰਬਰ 19 ਨੂੰ ਬਾਦ ਦੁਪਹਿਰ ਇਕ ਸਾਝਾਂ ਐਲਾਨਨਾਮਾ ਵੀ ਜਾਰੀ ਕੀਤਾ ਗਿਆ। ਹੋਰਨਾਂ ਮਸਲਿਆਂ ਤੋਂ ਇਲਾਵਾ ਇਸ ਵਿਚ ਦੋਹਾਂ ਦੇਸ਼ਾਂ ਦਰਮਿਆਨ ਸਹਿਮਤੀ ਤੇ ਅਸਹਿਮਤੀ ਦੇ ਮਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ । ਇਸ ਵਿਚ ਕਿਹਾ ਗਿਆ ਹੈ : ‘‘ਦੋਹਾਂ ਨੇਤਾਵਾਂ ਨੇ ਭਾਰਤ-ਚੀਨ ਸਬੰਧਾਂ ਦੇ ਵਿਕਾਸ ਬਾਰੇ ਸਕਾਰਾਤਮਕ ਦਿ੍ਰਸ਼ਟੀ ਨਾਲ ਵਾਚਿਆ ਹੈ ਅਤੇ ਨੋਟ ਕੀਤਾ ਹੈ ਕਿ ਦੋਵੇਂ ਆਪਸੀ ਸਬੰਧਾਂ ਨੂੰ ਰਣਨੀਤਕ ਤੇ ਸਮੁੱਚੇ ਸੰਦਰਭ ਵਿਚ ਦੇਖਦੇ ਹਨ। ਦੋਵੇਂ ਧਿਰਾਂ ਪੁਰਾਣੀ ਪ੍ਰਤੀਬਧੱਤਾ ਦੀ ਫ਼ਿਰ ਪੁਸ਼ਟੀ ਕਰਦੇ ਹਨ ਕਿ ਸ਼ਾਂਤੀਮਈ ਸਹਿਹੋਂਦ ਦੇ ਪੰਜ ਨੁਕਤਿਆਂ ਦੇ ਆਧਾਰ ਤੇ ਅਮਨ ਤੇ ਖੁਸ਼ਹਾਲੀ ਦੀ ਪ੍ਰਾਪਤੀ ਲਈ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ । ਇਕ ਦੂਸਰੇ ਦੀ ਸਰੋਕਾਰਾਂ ਤੇ ਚਿੰਤਾਵਾਂ ਦਾ ਸਤਿਕਾਰ ਕਰਨਗੇ। ਦੋਵੇਂ ਇਸ ਮੱਤ ਤੇ ਸਹਿਮਤ ਹਨ ਕਿ ਦੁਨੀਆਂ ਦੇ ਦੋ ਸਭ ਤੋਂ ਵੱਡੇ ਉਭਰ ਰਹੇ ਹੋਣ ਕਾਰਨ ਉਨ੍ਹਾਂ ਦੇ ਵਿਕਾਸ ਦੇ ਹਿੱਤ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਆਪਸੀ ਸਹਿਯੋਗ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਇਹ ਸਵੀਕਾਰਦੇ ਹੋਏ ਕਿ ਦੋਹਾਂ ਦੇਸ਼ਾਂ ਦੀਆਂ ਵਿਕਾਸ ਦੀਆਂ ਪ੍ਰੀਕਿਰਿਆਵਾਂ ਇਕ ਦੂਸਰੇ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ ਦੋਵੇਂ ਦੇਸ਼ ਇਕ ਮਜ਼ਬੂਤ ਤੇ ਕਰੀਬ ਦੀ ਸਾਂਝੇਦਾਰੀ ਉਸਾਰਨਗੇ। ਦੋਵੇਂ ਨੇਤਾ ਇਸ ਵਿਕਾਸ ਦੀ ਭਾਗੀਦਾਰੀ ਨੂੰ ਅਮਨ ਤੇ ਖੁਸ਼ਹਾਲੀ ਦੇ ਲਈ ਭਾਗੀਦਾਰੀ ਦਾ ਕੇਂਦਰ ਬਿੰਦੂ ਬਨਾਉਣ ਦੇ ਲਈ ਸਹਿਮਤ ਹੋਏ ਹਨ। ਵਿਕਾਸ ਦੇ ਲਈ ਇਹ ਭਾਗੀਦਾਰੀ ਨਾ ਸਿਰਫ਼ ਦੋਹਾਂ ਦੇ ਹਿੱਤਾਂ ਦੇ ਲਈ ਸਗੋਂ ਖੇਤਰ ਤੇ ਵਿਸ਼ਵ ਵਿਚ ਸਥਾਈ ਅਮਨ ਦੀ ਸਥਾਪਤੀ ਤੇ ਖੁਸ਼ਹਾਲੀ ਦੇ ਲਈ ਵੀ ਮਹਤੱਵਪੂਰਨ ਹੈ ‘‘ਦੋਹਾਂ ਧਿਰਾਂ ਨੇ ਹਰ ਪੱਧਰ ਤੇ ਸਿਆਸੀ ਤੇ ਰਣਨੀਤਕ ਵਿਚਾਰ ਵਟਾਂਦਰੇ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ । ਇਸ ਉਦੇਸ਼ ਦੀ ਪੂਰਤੀ ਦੇ ਲਈ ਦੋਹਾਂ ਦੇਸ਼ਾਂ ਦੇ ਮੁਖੀਆਂ ਦੀਆਂ ਮਿਲਨੀਆਂ ਨੂੰ ਜਾਰੀ ਰਖਿਆ ਜਾਵੇਗਾ, ਜਿੰਨੀ ਛੇਤੀ ਹੋ ਸਕੇ ਸੰਭਵ ਬਨਾਇਆ ਜਾਵੇਗਾ । ਰਾਸ਼ਟਰਪਤੀ ਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਜਲਦ ਚੀਨ ਆਉਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਨਾਲ ਰਾਸ਼ਟਰਪਤੀ ਸ਼ੀ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਜਲਦ ਹੀ ਚੀਨ ਦਾ ਦੌਰਾ ਕਰਨ ਦੇ ਲਈ ਉਤਸਕ ਹਨ।”

ਦੋਹਾਂ ਧਿਰਾਂ ਨੇ ਸ਼ਾਤਮਈ ਸਹਿਹੋਂਦ ਦੇ ਪੰਚਸ਼ੀਲ ਸਿਧਾਤ ਰਾਂਹੀ ਆਪਣੇ ਮੱਤਭੇਦ ਦੂਰ ਕਰਨ ਦੀ ਇਛਾ ਪ੍ਰਗਟ ਕੀਤੀ ਹੈ। ਇਸ ਦੌਰੇ ਦੌਰਾਨ ਭਾਰਤ - ਚੀਨ ਦਰਮਿਆਨ ਸਭ ਤੋਂ ਜਿਆਦਾ ਭਖਦੇ ਸਰਹੱਦ ਦੇ ਮਸਲੇ ਤੇ ਵੀ ਵਿਚਾਰ ਕੀਤੀ ਗਈ। ਨਿਰਣਾ ਕੀਤਾ ਗਿਆ ਕਿ ਦੋਹਾਂ ਧਿਰਾਂ ਦੇ ਹਿੱਤਾਂ ਅਤੇ ਰਿਸ਼ਤੇ ਦੀ ਮਹਤੱਤਾ ਨੂੰ ਧਿਆਨ ਵਿਚ ਰਖਦਿਆਂ ਇਸ ਮਸਲੇ ਨੂੰ ਜਲਦ ਹੱਲ ਕੀਤਾ ਜਾਵੇ । ਇਹ ਸਵੀਕਾਰ ਕੀਤਾ ਗਿਆ ਕਿ ਸਰਹੱਦ ਤੇ ਅਮਨ ਸ਼ਾਂਤੀ ਹੀ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ ਦੀ ਗਾਰੰਟੀ ਹੈ ਅਤੇ ਦੋਵੇਂ ਦੇਸ਼ ਇਸ ਕਾਰਜ਼ ਲਈ ਯਤਨਸ਼ੀਲ ਰਹਿਣਗੇ । ਦੋਹਾਂ ਧਿਰਾਂ ਦਾ ਵਿਸ਼ਵਾਸ਼ ਹੈ ਕਿ 21ਵੀਂ ਸਦੀ ਵਿਸ਼ਵ ਵਿਚ ਅਮਨ, ਸਹਿਯੋਗ , ਵਿਕਾਸ, ਸੁਰਖਿਆ ਦੇ ਲਈ ਸਮਰਪਤ ਹੋਣੀ ਚਾਹੀਦੀ ਹੈ। ਵਿਕਾਸਸ਼ੀਲ ਦੇਸ਼ ਹੋਣ ਦੇ ਕਾਰਨ ਦੋਹਾਂ ਦੇ ਵਿਸ਼ਵ ਪਧਰ ਦੇ ਮੁੱਦਿਆਂ ਬਾਰੇਸਾਂਝੇ ਹਿੱਤ ਹਨ : ਜਿਵੇਂ, ਵਤਾਵਰਣ ਸੁਰੱਖਿਆ, ਵਿਸ਼ਵ ਵਪਾਰ ਸੰਸਥਾ, ਊਰਜਾ ਤੇ ਖੁਰਾਕ ਸੁਰਖਿਆ, ਕੌਮਾਂਤਰੀ ਵਿੱਤੀ ਅਦਾਰਿਆਂ ਵਿਚ ਸੁਧਾਰ ਆਦਿ। ਇਹ ਸਭ ਬਰਿਕਸ , ਜੀ-20 ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਮੀਟਿੰਗਾਂ ਤੋਂ ਸਪਸ਼ਟ ਹੁੰਦਾ ਹੈ।

ਸਯੁੰਕਤ ਰਾਸ਼ਟਰ ਸੰਸਥਾ ਬਾਰੇ ਵੀ ਵਿਚਾਰ ਕੀਤੀ ਗਈ ਅਤੇ ਦੋਹਾਂ ਦੇਸ਼ਾਂ ਨੇ ਐਲਾਨ ਕੀਤਾ ਕਿ ਉਹ ਕੌਮਾਂਤਰੀ ਰਿਸ਼ਤਿਆਂ ਦੇ ਜਮਹੂਰੀਕਰਣ ਦੇ ਲਈ ਸਾਂਝੇ ਯਤਨ ਕਰਨਗੇ । ਦੋਵੇਂ ਦੇਸ਼ ਸਮਝਦੇ ਹਨ ਕਿ ਸੰਯੁਕਤ ਰਾਸ਼ਟਰ ਦੇ ਸਾਸ਼ਨ ਵਿਚ ਵਿਕਾਸਸ਼ੀਲ਼ ਦੇਸ਼ਾਂ ਨੂੰ ਜਿਆਦਾ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ । ਭਾਰਤ ਵਿਸ਼ਵ ਦਾ ਇਕ ਮਹਾਨ ਵਿਕਾਸਸ਼ੀਲ਼ ਦੇਸ਼ ਹੈ, ਕੌਮਾਂਤਰੀ ਮਾਮਲਿਆਂ ਵਿਚ ਚੀਨ ਭਾਰਤ ਦੀ ਭੂਮਿਕਾ ਦੇ ਮਹਤੱਵ ਨੂੰ ਸਮਝਦਾ ਹੈ ਅਤੇ ਸੁਰਖਿਆ ਪ੍ਰੀਸ਼ਦ ਤੇ ਹੋਰ ਅਦਾਰਿਆਂ ਵਿਚ ਜਿਆਦਾ ਪ੍ਰਤੀਨਿਧਤਾ ਦੀ ਭਾਰਤ ਦੀ ਮੰਗ ਦੀ ਹਮਾਇਤ ਕਰਦਾ ਹੈ।

ਦੋਹਾਂ ਨੇਤਾਵਾਂ ਨੇ ਹਰ ਕਿਸਮ ਦੇ ਅੱਤਵਾਦ ਦੀ ਸਖਤ ਨਿੰਦਾ ਕੀਤੀ ਹੈ ਤੇ ਇਸ ਖਿਲਾਫ਼ ਰਲ ਕੇ ਲੜਣ ਦਾ ਪ੍ਰਣ ਵੀ ਦੁਹਰਾਇਆ ਹੈ। ਸਾਂਝੇ ਐਲਾਨਨਾਮੇ ਵਿਚ ਮੌਸਮੀ ਤਬਦੀਲੀ ਦਾ ਵੀ ਜਿਕਰ ਕੀਤਾ ਗਿਆ ਹੈ । ਮੰਨਿਆ ਗਿਆ ਹੈ ਕਿ ਮਨੁਖਤਾ ਦੇ ਸਾਹਮਣੇ ਇਸ ਵੇਲੇ ਸਭ ਤੋਂ ਵੱਡਾ ਖਤਰਾ ਹੈ ਜਿਸ ਦਾ ਮੁਕਾਬਲੇ ਲਈ ਕੌਮਾਂਤਰੀ ਸਹਿਯੋਗ ਦੀ ਜ਼ਰੂਰਤ ਹੈ। ਐਲਾਨ ਕੀਤਾ ਗਿਆ ਹੈ ਕਿ ਦੋਵੇਂ ਦੇਸ਼ ਇਸ ਮਾਮਲੇ ਤੇ ਹੋਣ ਵਾਲੀਆਂ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਸਹਿਯੋਗ ਕਰਨੇ।

ਇਨ੍ਹਾਂ ਵਿਅਕਤੀਗਤ ਤੇ ਸਾਂਝੇ ਬਿਆਨਾਂ ਵਿਚ ਜੋ ਨੁਕਤੇ ਪ੍ਰਗਟ ਕੀਤੇ ਗਏ ਹਨ ਉਹ ਦੋਹਾਂ ਦੇਸ਼ਾਂ ਦਰਮਿਆਨ ਦੋਸਤੀ ਦਾ ਆਧਾਰ ਹੋਣੇ ਚਾਹੀਦੇ ਹਨ। ਮਾਰਕਸੀ ਕਮਿਉਨਿਸਟ ਪਾਰਟੀ ਦਾ ਵਿਚਾਰ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਦੋਸਤਾਨਾ ਸਬੰਧ ਹੀ, ਦੱਖਣੀ ਏਸ਼ੀਆ, ਏਸ਼ੀਆ ਪੈਸੇਫ਼ਿਕ ਖੇਤਰ, ਵਿਸ਼ਵ ਭਰ ਵਿਚ ਅਮਨ ਸਥਾਪਤ ਕਰਨ ਲਈ ਇਕ ਪ੍ਰਮੁਖ ਜ਼ਰੂਰਤ ਹੈ। ਆਪਣੇ ਦੇਸ਼ ਦੀ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਧਿਆਨ ਵਿਚ ਰਖਦਿਆਂ ਦੋਹਾਂ ਦੇਸ਼ਾਂ ਵਿਚਕਾਰ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੋ ਮਹਾਨ ਦੇਸ਼ਾਂ ਦੇ ਲੋਕਾਂ ਵਿਚਕਾਰ ਰਿਸ਼ਤੇ ਹੋਰ ਨਿੱਘੇ ਹੋਣੇ ਚਾਹੀਦੇ ਹਨ। ਇਸ ਦਾ ਕਿਸੇ ਇਕ ਨੂੰ ਨਹੀਂ, ਦੋਹਾਂ ਨੂੰ ਹੀ ਲਾਭ ਹੋਵੇਗਾ। ਵਿਦੇਸ਼ ਮੰਤਰੀ ਨੇ ਸੰਸਦ ਨੂੰ ਭਰੋਸਾ ਦਿੱਤਾ ਸੀ ਭਾਰਤ ਦੀ ਰਵਾਇਤੀ ਵਿਦੇਸ਼ ਨੀਤੀ ਨੂੰ ਜਾਰੀ ਰਖਿਆ ਜਾਵੇਗਾ। ਇਹ ਵਾਅਦਾ ਜ਼ਰੂਰ ਵਫ਼ਾ ਹੋਣਾ ਚਾਹੀਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ