ਅੱਖਾਂ ਦਾਨ, ਮਹਾਨ ਦਾਨ -ਵਿਕਰਮ ਸਿੰਘ ਸੰਗਰੂਰ
Posted on:- 25-08-2014
ਇਹ ਦੁਨੀਆਂ ਹੀ ਨਹੀਂ, ਸਗੋਂ ਜ਼ਿੰਦਗੀ ਦੇ ਰੰਗ ਵੀ ਓਦੋਂ ਤੀਕ ਹੀ ਖ਼ੂਬਸੂਰਤ ਹਨ, ਜਦੋਂ ਤੀਕ ਅੱਖਾਂ ਸਲਾਮਤ ਹਨ।ਜਦੋਂ ਅੱਖਾਂ ਬੁਝ ਜਾਣ ਤਾਂ ਦੁਨੀਆਂ ਦੇ ਖ਼ੂਬਸੂਰਤ ਰੰਗ ਕਾਲ਼ੇ ਪੈ ਜਾਂਦੇ ਹਨ ਤੇ ਜ਼ਿੰਦਗੀ ਫਿੱਕੀ।ਇਸ ਗੱਲ ਨੂੰ ਜੇਕਰ ਮਹਿਸੂਸ ਕਰਨਾ ਹੋਵੇ ਤਾਂ ਆਪਣੀਆਂ ਅੱਖਾਂ ’ਤੇ ਕੁਝ ਕੁ ਸਮੇਂ ਲਈ ਪੱਟੀ ਬੰਨ੍ਹ ਕੇ ਦੇਖੋ ਤਾਂ ਉਸ ਦਰਦ ਦਾ ਕੁਝ ਕੁ ਅਹਿਸਾਸ ਤਾਂ ਜ਼ਰੂਰ ਹੋ ਜਾਵੇਗਾ, ਜਿਸ ਨੂੰ ਅੱਖਾਂ ਤੋਂ ਸੱਖਣੇ ਅਣਗਿਣਤ ਲੋਕ ਅੱਜ ਹੰਢਾ ਰਹੇ ਹਨ।ਇਹ ਉਹ ਦਰਦ ਹੈ, ਜਿਸ ਨੂੰ ਅੱਖਾਂ ਦਾਨ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ, ਕੁਝ ਕੁ ਹੱਦ ਤੱਕ ਹੀ ਨਹੀਂ, ਸਗੋਂ ਪੂਰੀ ਹੱਦ ਤੱਕ ਖ਼ਤਮ ਕੀਤਾ ਜਾ ਸਕਦਾ ਹੈ।ਸਰੀਰ ਦੇ ਦੂਜੇ ਅੰਗਾਂ ਦਿਲ, ਗੁਰਦੇ ਤੇ ਫੇਫੜਿਆਂ ਆਦਿ ਵਾਂਗ ਅੱਖਾਂ ਵੀ ਮਨੁੱਖੀ ਸਰੀਰ ਦਾ ਅਜਿਹਾ ਹਿੱਸਾ ਹਨ, ਜਿਹੜੀਆਂ ਕਿ ਸਮੇਂ ਸਿਰ ਜੇਕਰ ਕਿਸੇ ਲੋੜਵੰਦ ਵਿਅਕਤੀ ਨੂੰ ਮਿਲ ਜਾਣ ਤਾਂ ਉਸ ਦੀ ਬੇਨੂਰ ਜ਼ਿੰਦਗੀ ਵਿੱਚ ਫਿਰ ਤੋਂ ਨੂਰ ਪਰਤ ਸਕਦਾ ਹੈ।
ਅੱਖਾਂ ਵਿੱਚ ਜੋ ਕਾਲਾ ਗੋਲ ਹਿੱਸਾ ਹੁੰਦਾ ਹੈ, ਉਸ ਨੂੰ ਕੋਰਨੀਆਂ (ਅੱਖ ਦੀ ਪਾਰਦਰਸ਼ਕ ਝਿੱਲੀ) ਕਿਹਾ ਜਾਂਦਾ ਹੈ।ਇਹ ਅੱਖ ਦਾ ਉਹ ਹਿੱਸਾ ਹੈ, ਜਿਸ ਸਦਕਾ ਅਸੀਂ ਬਾਹਰੀ ਚੀਜ਼ਾਂ ਨੂੰ ਦੇਖਦੇ ਹਾਂ।ਅੱਖਾਂ ਦੀ ਰੌਸ਼ਨੀ ਬੁਝਨ ਜਾਂ ਝਿੱਲੀ ਦੇ ਪ੍ਰਭਾਵਤ ਹੋਣ ਦੇ ਮੁੱਖ ਕਾਰਨ ਕੁਪੋਸ਼ਣ, ਸੱਟ ਲੱਗਣਾ, ਜੰਮਾਦਰੂ ਬਿਮਾਰੀ ਅਤੇ ਲਾਗ ਆਦਿ ਹੋ ਸਕਦੇ ਹਨ।ਬੁਝੀਆਂ ਅੱਖਾਂ ਫਿਰ ਤੋਂ ਜਗਮਗਾ ਸਕਦੀਆਂ ਹਨ, ਬਸ਼ਰਤੇ ਕਿਸੇ ਮਰੇ ਵਿਅਕਤੀ ਦੀਆਂ ਅੱਖਾਂ ਦੀਆਂ ਝਿੱਲੀਆਂ ਜੇਕਰ ਛੇ ਤੋਂ ਅੱਠ ਘੰਟਿਆਂ ਵਿੱਚ ਉਨ੍ਹਾਂ ਅੱਖਾਂ ਨੂੰ ਨਸੀਬ ਹੋ ਜਾਣ, ਪਰ ਹਿੰਦੁਸਤਾਨ ਵਿੱਚ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਰਾਹ ਵਿੱਚ ਹਾਲੇ ਕਈ ਰੋੜ੍ਹੇ ਹਨ।
ਹਿੰਦੁਸਤਾਨ ਵਿੱਚ ਅੱਖਾਂ ਦਾਨ ਕਰਨ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜ੍ਹਾ ਅੰਧ-ਵਿਸ਼ਵਾਸ ਦਾ ਹੈ।ਇੱਥੇ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਵਿਅਕਤੀ ਦੀ ਮੌਤ ਪਿੱਛੋਂ ਅੱਖਾਂ ਕੱਢ ਲਈਆਂ ਜਾਣ ਤਾਂ ਉਹ ਅਗਲੇ ਜਨਮ ਵਿੱਚ ਅੱਖਾਂ ਤੋਂ ਸੱਖਣਾ ਪੈਦਾ ਹੋਵੇਗਾ ਜਾਂ ਫਿਰ ਉਸ ਦੀ ਆਤਮਾ ਨੂੰ ਦਿਖਾਈ ਨਹੀਂ ਦੇਵੇਗਾ।ਇਸ ਤੋਂ ਬਿਨਾਂ ਇੱਥੇ ਲੋਕਾਂ ਦਾ ਇੱਕ ਅਜਿਹਾ ਵਰਗ ਵੀ ਹੈ, ਜਿਹਨਾਂ ਦੀ ਸੋਚ ਅੱਖਾਂ ਦਾਨ ਸਬੰਧੀ ਅੰਧ-ਵਿਸ਼ਵਾਸ ਤੋ ਪੀੜਤ ਹੋਣ ਦੇ ਨਾਲ-ਨਾਲ ਇਸ ਗੱਲ ਤੋਂ ਵੀ ਘਬਰਾਉਂਦੀ ਹੈ ਕਿ ਅੱਖਾਂ ਕੱਢਣ ਸਮੇਂ ਚੀਰ-ਫਾੜ ਕਰਨ ਨਾਲ ਮੁਰਦਾ ਸਰੀਰ ਦਾ ਚਿਹਰਾ ਵਿਗੜ ਜਾਂਦਾ ਹੈ।ਇੱਥੇ ਇਸ ਗੱਲ ਨੂੰ ਜਾਣਨ ਦੀ ਲੋੜ ਹੈ ਕਿ ਮੁਰਦਾ ਸਰੀਰ ਦੀਆਂ ਅੱਖਾਂ ਕੱਢਣ ਦਾ ਮਤਲਬ ਉਸ ਦੀ ਸਾਰੀ ਅੱਖ ਕੱਢਣਾ ਨਹੀਂ ਹੁੰਦਾ, ਸਗੋਂ ਇਸ ਕਾਰਜ ਵਿੱਚ ਅੱਖ ਵਿਚਲੀ ਸਿਰਫ਼ੳਮਪ; ਗੋਲ ਕਾਲੀ ਝਿੱਲੀ ਹੀ ਕੱਢੀ ਜਾਂਦੀ ਹੈ ਅਤੇ ਇਸ ਨਾਲ ਚਿਹਰਾ ਖ਼ਰਾਬ ਨਹੀਂ ਹੁੰਦਾ।
ਅੱਖਾਂ ਦਾਨ ਕਰਨ ਦਾ ਜਿੱਥੋਂ ਤੱਕ ਸਵਾਲ ਹੈ ਤਾਂ ਇਸ ਮਾਮਲੇ ਵਿੱਚ ਸਾਡਾ ਗੁਆਂਢੀ ਮੁਲਕ ਸ੍ਰੀ ਲੰਕਾ ਇੱਕ ਮਿਸਾਲ ਬਣਿਆ ਹੋਇਆ ਹੈ। ਸ੍ਰੀ ਲੰਕਾ ਆਕਾਰ ਵਿੱਚ ਬੇਸ਼ੱਕ ਭਾਰਤ ਨਾਲੋਂ ਛੋਟਾ ਹੈ, ਪਰ ਉਹ ਸਾਰੀ ਦੁਨੀਆਂ ਦੀਆਂ ਅੱਖਾਂ ਵਿੱਚ ਚਾਨਣ ਵੰਡਣ ਦੇ ਮਾਮਲੇ ਵਿੱਚ ਵੱਡਾ ਬਣ ਚੁੱਕਾ ਹੈ।ਜਿੱਥੇ ਭਾਰਤ ਵਿੱਚ ਅੱਖਾਂ ਦਾਨ ਕਰਨ ਸਬੰਧੀ ਅੰਧ-ਵਿਸ਼ਵਾਸ ਅੱਖੋਂ ਸੱਖਣੇ ਵਿਅਕਤੀਆਂ ਲਈ ਸ਼ਰਾਪ ਬਣਿਆ ਹੋਇਆ ਹੈ, ਉੱਥੇ ਇਹੋ ਅੰਧ-ਵਿਸ਼ਵਾਸ ਸ੍ਰੀ ਲੰਕਾ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ।ਸ੍ਰੀ ਲੰਕਾ ਵਿੱਚ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਜਿਹੜਾ ਵਿਅਕਤੀ ਅੱਖਾਂ ਦਾਨ ਕਰਦਾ ਹੈ, ਉਹ ਸਵਰਗ ਵਿੱਚ ਜਾਂਦਾ ਹੈ।ਅਸਲ ਵਿੱਚ ਇਸ ਦੀਆਂ ਜੜ੍ਹਾਂ ਸ੍ਰੀ ਲੰਕਾ ਦੇ ਸੱਭਿਆਚਾਰਕ ਪਿਛੋਕੜ ਵਿੱਚ ਲੁਕੀਆਂ ਹੋਈਆਂ ਹਨ, ਜਿਸ ਵਿੱਚ ਬੁੱਧ ਧਰਮ ਵਿਚਲਾ ‘ਦਾਨ’ ਦਾ ਸੰਕਲਪ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ।ਇਹੋ ਕਾਰਨ ਹੈ ਕਿ ਜਦੋਂ ਉੱਥੇ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਰਿਸ਼ਤੇਦਾਰ ਨੇੜਲੇ ਡਾਕਟਰ ਨਾਲ ਰਾਬਤਾ ਕਰਕੇ ਸਬੰਧਤ ਵਿਅਕਤੀ ਦੀਆਂ ਅੱਖਾਂ ਦਾਨ ਕਰਦੇ ਹਨ।
ਅੱਖਾਂ ਦਾਨ ਕਰਨ ਲਈ ਜ਼ਰੂਰੀ ਹੈ ਕਿ ਇਛੁੱਕ ਵਿਅਕਤੀ ਆਪਣਾ ਨਾਂ ਅੱਖਾਂ ਦੇ ਬੈਂਕ ਜਾਂ ਹਸਪਤਾਲ ਵਿੱਚ ਦਰਜ ਕਰਵਾਏ।ਇਸ ਤੋਂ ਬਿਨਾਂ ਇਹ ਹੋਰ ਵੀ ਜ਼ਰੂਰੀ ਹੈ ਕਿ ਵਿਅਕਤੀ ਦੀ ਮੌਤ ਤੋਂ ਤੁਰੰਤ ਬਾਅਦ ਰਿਸ਼ਤੇਦਾਰ ਇਸ ਸਬੰਧੀ ਨੇੜਲੇ ਅੱਖਾਂ ਦੇ ਬੈਂਕ ਨੂੰ ਸੂਚਿਤ ਕਰਨ ਅਤੇ ਦੂਜਿਆਂ ਨੂੰ ਵੀ ਇਸ ਕਾਰਜ ਪ੍ਰਤੀ ਜਾਗਰੂਕ ਕਰਨ ਨਾ ਕਿ ਅੰਧ-ਵਿਸ਼ਵਾਸ ਦਾ ਪ੍ਰਸਾਰ ਕਰਨ।ਅੱਖਾਂ ਦਾਨ ਕਰਨ ਸਬੰਧੀ ਪ੍ਰੇਰਿਤ ਕਰਨ ਅਤੇ ਇਸ ਸਬੰਧੀ ਲੋਕ ਮਨਾਂ ਵਿੱਚ ਵੱਸੇ ਅੰਧ-ਵਿਸ਼ਵਾਸ ਦੀ ਕਾਲਖ਼ ਨੂੰ ਮੇਟਣ ਵਿੱਚ ਧਾਰਮਿਕ ਸਥਾਨ ਬਹੁਤ ਵੱਡੀ ਭੂਮਿਕਾ ਨਿਭਾਅ ਸਕਦੇ ਹਨ।ਇਸ ਤੋਂ ਬਿਨਾਂ ਅੱਖਾਂ ਦੀ ਮਹੱਤਤਾ ਅਤੇ ਦਾਨ ਸਬੰਧੀ ਸਕੂਲੀ ਪੱਧਰ ਤੋਂ ਹੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।ਇਸ ਨਾਲ ਨਾ ਸਿਰਫ਼ੳਮਪ; ਬੱਚਿਆਂ ਦੀ, ਸਗੋਂ ਉਨ੍ਹਾਂ ਦੇ ਮਾਪਿਆਂ ਦੀ ਸੋਚ ਵਿੱਚ ਵੀ ਬਦਲਾਓ ਆਵੇਗਾ, ਜਿਸ ਸਦਕਾ ਅੱਖਾਂ ਦਾਨ ਕਰਨ ਭਾਵਨਾ ਇੱਕ ਪਰਿਵਾਰਕ ਰੀਤ ਵਜੋਂ ਵੀ ਉੱਭਰ ਸਕੇਗੀ।
ਆਓ ਆਪਣੀਆਂ ਅੱਖਾਂ ਦਾਨ ਕਰੀਏ ਤੇ ਉਨ੍ਹਾਂ ਦੀ ਦੁਨੀਆਂ ਨੂੰ ਰੌਸ਼ਨੀ ਨਾਲ ਸੁਜਾਖਾ ਕਰੀਏ, ਜਿਹਨਾਂ ਲਈ ਇਹ ਦੁਨੀਆਂ ਦੇ ਮਾਅਨੇ ਸਿਰਫ਼ ਤੇ ਸਿਰਫ਼ ਹਨੇਰਾ ਬਣ ਚੁੱਕੇ ਹਨ।