ਮਾਂ ਦਾ ਦੁੱਧ ਜਿਸ ਹੱਦ ਤਕ ਕੀਟਾਣੂ ਰਹਿਤ ਹੁੰਦਾ ਹੈ, ਉਸ ਹੱਦ ਤਕ ਹੋਰ ਖ਼ੁਰਾਕ ਨਹੀਂ ਹੋ ਸਕਦੀ। ਹੋਰ ਖ਼ੁਰਾਕ ਜਿਵੇਂ ਕਿ ਬੋਤਲ ਰਾਹੀਂ ਪਿਆਇਆ ਜਾਣ ਵਾਲਾ ਦੁੱਧ ਲੱਖ ਯਤਨ ਕਰਨ ਦੇ ਬਾਵਜੂਦ ਵੀ ਮਾਂ ਦੇ ਦੁੱਧ ਜਾਣ ਸਾਫ਼ ਨਹੀਂ ਹੋ ਸਕਦਾ, ਜਿਸ ਦੇ ਸਿੱਟੇ ਵਜੋਂ ਬੱਚਾ ਦਸਤ ਜਾਂ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਮਾਂ ਦੇ ਦੁੱਧ ਦਾ ਜਿੱਥੇ ਤਾਪਮਾਨ ਸਹੀ ਹੁੰਦਾ ਹੈ, ਉੱਥੇ ਇਹ ਪਚਣਯੋਗ ਵੀ ਹੁੰਦਾ ਹੈ।
ਮਾਂ ਦਾ ਦੁੱਧ ਕਿੰਜ ਵਧੇ?
ਮਾਂ ਨੂੰ ਖ਼ੁਰਾਕ ਵਿੱਚ ਵੱਧ ਤੋਂ ਵੱਧ ਤਰਲ ਪਦਾਰਥ ਦਿੱਤੇ ਜਾਣ।
ਮਾਂ ਨੂੰ ਰੱਜਵੀਂ ਖ਼ੁਰਾਕ ਖਾਣੀ ਚਾਹੀਦੀ ਹੈ ਖ਼ਾਸ ਕਰ ਦੁੱਧ ਤੋਂ ਤਿਆਰ ਹੋਈ ਖ਼ੁਰਾਕ ਲੈਣੀ ਚਾਹੀਦੀ ਹੈ।
ਨੀਂਦ ਪੂਰੀ ਲੈਣੀ ਚਾਹੀਦੀ ਹੈ।
ਮਾਂ ਨੂੰ ਖਿਝਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮਾਂ ਤੇ ਬੱਚੇ ਦੇ ਆਲ਼ੇ-ਦੁਆਲ਼ੇ ਦਾ ਮਾਹੌਲ ਸ਼ਾਂਤ ਰੱਖਣਾ ਚਾਹੀਦਾ ਹੈ।
ਕਿਹੜੀਆਂ ਗੱਲਾਂ ਤੋਂ ਧਿਆਨ ਰੱਖਿਆ ਜਾਵੇ?
ਪਹਿਲੇ ਛੇ ਮਹੀਨੇ ਬੱਚੇ ਨੂੰ ਮਾਂ ਦੇ ਦੁੱਧ ਤੋਂ ਬਿਨਾਂ ਹੋਰ ਕੁਝ ਨਾ ਪਿਆਇਆ/ਖੁਆਇਆ ਜਾਵੇ। ਇਸ ਤੋਂ ਬਾਅਦ ਘਰ ਵਿੱਚ ਬਣਦਾ ਹਲਕਾ ਪੌਸ਼ਟਿਕ ਭੋਜਨ ਬੱਚੇ ਨੂੰ ਖੁਆਇਆ ਜਾ ਸਕਦਾ ਹੈ ਪਰ ਮਾਂ ਦਾ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਇਹ ਕਰੀਬ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤਕ ਬੱਚੇ ਦੀ ਖ਼ੁਰਾਕ ਦਾ ਹਿੱਸਾ ਹੋਣਾ ਚਾਹੀਦਾ ਹੈ।
ਛੇ ਮਹੀਨੇ ਤਕ ਬੱਚੇ ਨੂੰ ਬੋਤਲ ਰਾਹੀਂ ਦੁੱਧ ਨਾ ਪਿਆਇਆ ਜਾਵੇ। ਇਸ ਪਿੱਛੋਂ ਜੇ ਬੋਤਲ ਨਾਲ ਦੁੱਧ ਦੇਣ ਦੀ ਨੌਬਤ ਆਵੇ ਤਾਂ ਬੋਤਲ ਦੀ ਵਰਤੋਂ ਕਰਨ ਤੋਂ ਪਹਿਲਾਂ ਹਰ ਵਾਰ ਉਸ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਸਾਫ਼ ਕੀਤਾ ਜਾਵੇ।
ਬੱਚੇ ਨੂੰ ਹਮੇਸ਼ਾਂ ਗੋਦੀ ਵਿੱਚ ਬਿਠਾ ਕੇ ਦੁੱਧ ਪਿਆਇਆ ਜਾਵੇ। ਦੁੱਧ ਪਿਆਉਣ ਵੇਲੇ ਇਹ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਬੱਚੇ ਨੂੰ ਸਾਹ ਲੈਣ ਵਿੱਚ ਕੋਈ ਸਮੱਸਿਆ ਤਾਂ ਨਹੀਂ ਆ ਰਹੀ।
ਦੁੱਧ ਪਿਆਉਣ ਤੋਂ ਬਾਅਦ ਬੱਚੇ ਨੂੰ ਮੋਢੇ ਨਾਲ ਲਾ ਕੇ ਉਸ ਦੀ ਪਿੱਠ ਨੂੰ ਹਲਕਾ ਹਲਕਾ ਥਾਪੜੋ ਤਾਂ ਕਿ ਉਸ ਨੂੰ ਡਕਾਰ ਆ ਜਾਵੇ ਨਹੀਂ ਤਾਂ ਬੱਚਾ ਕਈ ਵਾਰ ਢਿੱਡ ਵਿੱਚ ਗੈਸ ਭਰਨ ਕਾਰਨ ਰੋਣ ਲੱਗ ਪੈਂਦਾ ਹੈ।
ਦੁੱਧ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਛਾਤੀ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ।
ਮਾਂ ਨੂੰ ਚਾਹੀਦਾ ਹੈ ਕਿ ਉਹ ਸਾਫ਼-ਸੁਥਰੇ ਤੇ ਖੁੱਲ੍ਹੇ ਕੱਪੜੇ ਪਹਿਨੇ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਦਾ ਵਿਸ਼ੇਸ਼ ਖ਼ਿਆਲ ਰੱਖੇ।
ਡੱਬਾ ਬੰਦ ਜਾਂ ਪਾਊਡਰ ਆਦਿ ਤੋਂ ਤਿਆਰ ਦੁੱਧ ਬੱਚੇ ਨੂੰ ਹਰਗਿਜ਼ ਨਹੀਂ ਪਿਲਾਉਣਾ ਚਾਹੀਦਾ।
ਪਹਿਲੇ ਕੁਝ ਦਿਨਾਂ ਦੌਰਾਨ ਮਾਂ ਨੂੰ ਦੁੱਧ ਘੱਟ ਉੱਤਰਦਾ ਹੁੰਦਾ ਹੈ, ਅਜਿਹੀ ਸਥਿਤੀ ਵਿੱਚ ਮਾਂ ਨੂੰ ਘਬਰਾਹਟ ਵਿੱਚ ਆ ਕੇ ਬੱਚੇ ਨੂੰ ਬੋਤਲ ਰਾਹੀਂ ਦੁੱਧ ਨਹੀਂ ਦੇਣਾ ਚਾਹੀਦਾ, ਸਗੋਂ ਮਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਵੱਧ ਤੋਂ ਵੱਧ ਵਾਰ ਆਪਣਾ ਦੁੱਧ ਪਿਆਏ। ਮਾਂ ਦਾ ਦੁੱਧ ਫਰਿੱਜ ਵਿੱਚ 24 ਘੰਟੇ ਅਤੇ ਬਾਹਰ 8 ਘੰਟਿਆਂ ਤਕ ਸਟੋਰ ਕਰਕੇ ਰੱਖਿਆ ਜਾ ਸਕਦਾ ਸਕਦਾ ਹੈ।