ਤਨ ਮਨ ਰਹੇ ਤੰਦਰੁਸਤ -ਪਵਨ ਉੱਪਲ
Posted on:- 31-07-2014
ਤਨ ਅਤੇ ਮਨ ਜਦੋਂ ਇਕਮਿਕ ਹੋ ਜਾਂਦੇ ਹਨ ਤਾਂ ਜ਼ਿੰਦਗੀ ਖੁਸ਼ਖ਼ਤ ਹੋ ਜਾਂਦੀ ਹੈ, ਸਿਹਤਮੰਦੀ ਦੀ ਨਵੀਂ ਇਬਾਰਤ ਲਿਖੀ ਜਾਂਦੀ ਹੈ। ਫਿਰ ਇਸ ਇਬਾਰਤ ਨਾਲ ਹੀ ਮਨੁੱਖ ਨਵੀਆਂ ਮੰਜ਼ਿਲਾਂ ਸਰ ਕਰ ਜਾਂਦਾ ਹੈ। ਸ਼ਖਸੀਅਤ ਮਿਕਨਾਤਿਸੀ ਹੋ ਜਾਂਦੀ ਹੈ। ਜੇ ਬਿਲਕੁਲ ਸਰਲਤਾ ਨਾਲ ਕਹਿਣਾ ਹੋਵੇ ਤਾਂ, ਤਨ ਅਤੇ ਮਨ ਦੀ ਤੰਦਰੁਸਤੀ ਨਾਲ ਹੀ ਮਨੁੱਖ ਸੁੰਦਰਤਾ, ਪਿਆਰ, ਸਵੱਛ ਵਿਚਾਰ, ਕੋਮਲ ਭਾਵ, ਸਥਿਰਤਾ, ਸਹਿਜਤਾ, ਸਕੂਨ, ਸਪੱਸ਼ਟਤਾ ਆਦਿ ਨਾਲ ਓਤਪ੍ਰੋਤ ਹੋ ਜਾਂਦਾ ਹੈ। ਇਸ ਤੰਦਰੁਸਤੀ ਨੂੰ ਬਦਾਮ, ਅਖਰੋਟ ਦੀ ਪ੍ਰਕਿਰਤੀ ਤੋਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਪਰ ਮਨੁੱਖੀ ਸੁਭਾਅ ਹੀ ਕੁਝ ਅਜਿਹਾ ਹੈ ਕਿ ਜਦੋਂ ਤਕ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਫਿਰ ਅਸੀਂ ਡੁੱਲੇ ਬੇਰ ਚੁੱਕਣ ਵਾਲੀ ਗੱਲ ਹੀ ਕਰਦੇ ਹਾਂ।
ਅਸਲ ਵਿਚ ਤਨ ਅਤੇ ਮਨ ਦੋਵਾਂ ਦੀ ਤੰਦਰੁਸਤੀ ਦੇ ਪ੍ਰਤੀ ਅਗਾੳੂਂ ਸੁਚੇਤ ਹੋਣਾ ਤਾਂ ਦੂਰ ਦੀ ਗੱਲ, ਵੱਡੀ ਗਿਣਤੀ ਲੋਕਾਂ ਨੂੰ ਇਸ ਬਾਰੇ ਪਤਾ ਤਕ ਨਹੀਂ। ਤਰਾਸਦੀ ਤਾਂ ਇਸ ਗੱਲ ਦੀ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਇਸ ਮਾਮਲੇ ’ਚ ਗਿਆਨ ਵਿਹੂਣਾ ਹੈ। ਅੰਗਰੇਜ਼ਾਂ ਦੀ ਕਹਾਵਤ ਹੈ ‘ਹੈਲਥ ਇਜ਼ ਵੈਲਥ’, ਪਰ ਸਾਡੀ ਸਮਝ ਤੋਂ ਇਹ ਗੱਲ ਪਰੇ ਹੈ ਕਿ ਸਿਹਤ ਧੰਨ ਜਾਂ ਸਰਮਾਇਆ ਕਿਵੇਂ ਹੋ ਸਕਦੀ ਹੈ? ਸ਼ਾਇਦ ਇਹੀ ਕਾਰਨ ਹੈ ਕਿ ‘ਟਾਈਮ ਇਜ਼ ਮਨੀ’ ਵਾਲਾ ਕਥਨ ਵੀ ਸਾਨੂੰ ਕਦੀ ਸਮਝ ਨਹੀਂ ਆਉਦਾ। ਸਿਹਤ ਸਾਡੀਆਂ ਪਹਿਲਤਾਵਾਂ ’ਚ ਸ਼ੁਮਾਰ ਇਸ ਕਰਕੇ ਵੀ ਨਹੀਂ ਹੁੰਦੀ ਕਿਉਕਿ ਸਾਡਾ ਤਾਂ ਪੂਰਾ ਧਿਆਨ ਦੁਨੀਆਂ ਭਰ ਦੀ ਦੌਲਤ ਇਕੱਠੀ ਕਰਨ ਵੱਲ ਲੱਗਾ ਰਹਿੰਦਾ ਹੈ ਤਾਂ ਕਿ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਇਕੱਠੀਆਂ ਕਰ ਸਕੀਏ ਪਰ ਏਦਾਂ ਹੁੰਦਾ ਨਹੀਂ। ਪ੍ਰਸਿੱਧ ਰੂਸੀ ਲੇਖਕ ਮੈਕਸਿਮ ਗੋਰਕੀ ਕਹਿੰਦੈ, ‘‘ਅਸੀਂ ਪੂਰੀ ਜ਼ਿੰਦਗੀ ਜਿਉਣ ਦਾ ਸਮਾਨ ਇਕੱਠਾ ਕਰਦੇ ਰਹਿੰਦੇ ਹਾਂ, ਜਦੋਂ ਇਹ ਇਕੱਠਾ ਹੋ ਜਾਂਦਾ ਹੈ ਤਾਂ ਅਸੀਂ ਮਰ ਜਾਂਦੇ ਹਾਂ।’’ ਸ਼ਾਇਦ ਇਸ ਲਈ ਹੀ ਅਸੀਂ ਅੱਜ ਚੌਤਰਫਾ ਸਿਹਤ ਸਮੱਸਿਆਵਾਂ ਨਾਲ ਘਿਰੇ ਹੋਏ ਹਨ।
ਅੱਜ ਜਵਾਨੀ ਟੱਪਦਿਆਂ ਹੀ ਢੇਰ ਸਾਰੀਆਂ ਬਿਮਾਰੀਆਂ ਨੇ ਘੇਰਾ ਪਾਇਆ ਹੁੰਦਾ ਹੈ। ਸ਼ਾਇਦ ਹੀ ਕੋਈ ਬਚਦਾ ਹੋਵੇਗਾ, ਜਿਸਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ, ਜਿਗਰ, ਦਿਲ ਨਾਲ ਸਬੰਧਤ ਸਮੱਸਿਆਵਾਂ ਨੇ ਨਾ ਘੇਰਾ ਪਾਇਆ ਹੋਵੇ। ਸਰੀਰਕ ਸਮੱਸਿਆਵਾਂ ਹੀ ਨਹੀਂ ਮਾਨਸਿਕ ਸਮੱਸਿਆਵਾਂ ਨਾਲ ਵੀ ਮਨੁੱਖ ਦੋ-ਚਾਰ ਹੋ ਰਿਹਾ ਹੈ। ਟੈਨਸ਼ਨ, ਤਣਾਅ ਤੋਂ ਕੋਈ ਹੀ ਬਚਦਾ ਹੋਵੇਗਾ। ਤਣਾਅ ਤਾਂ ਵੈਸੇ ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਜੜ੍ਹ ਹੈ। ਇਸ ਵਜ੍ਹਾ ਨਾਲ ਹਾਲਤ ਇਹ ਹੋ ਜਾਂਦੀ ਹੈ ਕਿ ਜ਼ਿੰਦਗੀ ‘ਜੀਵੀ’ ਨਹੀਂ ‘ਕੱਟੀ’ ਜਾਂਦੀ ਹੈ। ਸਿਤਮ ਜ਼ਰੀਫੀ ਤਾਂ ਇਹ ਹੈ ਕਿ ਇਸਦੇ ਬਾਵਜੂਦ ਅਸੀਂ ਮੈਦਾਨ, ਪਾਰਕ, ਜਿੰਮ, ਯੋਗਾ ਸੈਂਟਰ ਤਕ ਨਹੀਂ ਪਹੁੰਚਦੇ।
ਅਸੀਂ ਪ੍ਰਮਾਤਮਾ ਦਾ ਭਾਣਾ ਮੰਨ ਕੇ ਚੱਲਣ ਵਾਲੇ ਲੋਕ ਹਾਂ ਪਰ ਪ੍ਰਮਾਤਮਾ ਵੱਲੋਂ ਦਿੱਤੀ ਇਹ ਅਨਮੋਲ ਦੇਹ ਰੂਪੀ ਬਖਸ਼ਿਸ਼ ਦੀ ਕਦਰ ਨਹੀਂ ਕਰਦੇ। ਸਾਡਾ ਜਿਉਣ ਢੰਗ ਅਜਿਹਾ ਹੈ, ਜਿਸ ਵਿਚ ਅਸੀਂ ਮਰਨ ਤੋਂ ਬਹੁਤ ਡਰਦੇ ਹਾਂ। ਅਸੀਂ ਸੁਚੇਤ ਨਹੀਂ ਹਾਂ, ਨਾ ਸਮਾਜ ਬਾਰੇ, ਨਾ ਪਰਿਵਾਰ ਬਾਰੇ, ਨਾ ਖੁਦ ਬਾਰੇ ਅਤੇ ਨਾ ਹੀ ਸਿਹਤ ਬਾਰੇ। ਮਹਾਤਮਾ ਬੁੱਧ ਤੋਂ ਲੈ ਕੇ ਬਾਬਾ ਫਰੀਦ ਤੇ ਫਿਰ ਗੁਰੂ ਨਾਨਕ ਦੇਵ ਜੀ ਤੇ ਭਗਤ ਕਬੀਰ ਜੀ ਸਿਹਤਮੰਦੀ ਤੇ ਸਮਾਜਿਕ ਸਿਹਤ ਦੇ ਸੰਕਲਪ ਦੀ ਗੱਲ ਕਰਦੇ ਰਹੇ ਪਰ ਅਸੀਂ ਅੱਜ ਵੀ ਇਸ ਪਾਸਿਓਂ ਅਵੇਸਲੇ ਹਾਂ।
ਅੱਜ ਪੂਰਾ ਆਧੁਨਿਕ ਸਿਹਤ ਵਿਗਿਆਨ ਵੀ ਮੁਕੰਮਲ ਸਿਹਤਮੰਦੀ ਦੀ ਗੱਲ ਕਰਦਾ ਹੈ ਪਰ ਸਾਡੇ ਵਿਚੋਂ ਬਹੁਤਿਆਂ ਲਈ ਸੁਡੌਲ ਸਰੀਰ ਹੋਣਾ ਹੀ ਕਾਫੀ ਹੁੰਦਾ ਹੈ। ਮਨ ਦੀ ਤੰਦਰੁਸਤੀ ਬਾਰੇ ਅਸੀਂ ਭੁਲੇਖਿਆਂ ਵਿਚ ਹੀ ਜਿਉਦੇ ਹਾਂ। ਪਰ ਅਸਲੀ ਤੰਦਰੁਸਤੀ ਤਾਂ ਇਨ੍ਹਾਂ ਦੋਵਾਂ ਦੀ ਇਕਸਾਰਤਾ ਵਿਚ ਹੀ ਹੈ। ਜੇ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤੀ ਭਾਲਦੇ ਹੋ ਤਾਂ ਇਸਦੇ ਲਈ ਪਹਿਲੀ ਸ਼ਰਤ ਇਹੀ ਹੈ ਕਿ ਤੁਹਾਡੇ ਅੰਦਰ ਇਸ ਵਾਸਤੇ ਚਿਣਗ ਹੋਵੇ। ਇਸ ਤੋਂ ਬਾਅਦ ਅਗਲਾ ਕਦਮ ਮੈਦਾਨ ਤਕ ਪਹੁੰਚਣ ਦਾ ਹੈ। ਇਕ ਵਾਰ ਮੈਦਾਨ ’ਚ ਪਹੁੰਚ ਗਏ ਤਾਂ ਫਿਰ ਅੱਗੋਂ ਰਸਤੇ ਆਪਣੇ-ਆਪ ਨਿਕਲਦੇ ਜਾਂਦੇ ਹਨ। ਸੈਰ, ਯੋਗਾ, ਧਿਆਨ, ਸਵੀਮਿੰਗ, ਕਿਸੇ ਖੇਡ ਨਾਲ ਪਿਆਰ ਹੋਣ ਨਾਲ ਜ਼ਿੰਦਗੀ ਜਿਉਣ ਦੇ ਮਾਇਨੇ ਬਦਲ ਜਾਂਦੇ ਹਨ, ਖੁਦ ਦੇ ਮੁਕੰਮਲ ਹੋਣ ਦਾ ਅਹਿਸਾਸ ਪੈਦਾ ਹੁੰਦਾ ਹੈ। ਬਿਮਾਰੀਆਂ ਨੇੜੇ ਨਹੀਂ ਭਟਕਦੀਆਂ। ਦੋਸਤੀ ਦਾ ਘੇਰਾ ਵਿਸ਼ਾਲ ਹੁੰਦਾ ਹੈ। ਤੁਹਾਡੀ ਰੂਹ ਤੋਂ ਦੂਸਰੇ ਸ਼ਰਸਾਰ ਹੋਏ ਬਿਨਾਂ ਨਹੀਂ ਰਹਿੰਦੇ।
ਅਸਲ ’ਚ ਤਨ ਤਾਂ ਹੀ ਤੰਦਰੁਸਤ ਰਹਿ ਸਕਦਾ ਹੈ ਜੇ ਮਨ ਤੰਦਰੁਸਤ ਹੈ। ਮਨ ਵੀ ਤੰਦਰੁਸਤ ਤਾਂ ਹੀ ਰਹਿੰਦਾ ਹੈ ਜੇ ਤਨ ਤੰਦਰੁਸਤ ਹੈ। ਇਸੇ ਕਰਕੇ ਇਨ੍ਹਾਂ ਦੀ ਇਕਰੂਪਤਾ ਤੇ ਇਕਸਾਰਤਾ ਦੀ ਗੱਲ ਹੁੰਦੀ ਹੈ। ਇਹ ਹਾਸਲ ਹੋਣ ਤੋਂ ਬਾਅਦ ਤੁਹਾਨੂੰ ਖੁਦ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਤੁਹਾਡੀ ਦੇਹ ਭਾਸ਼ਾ ਹੀ ਸਾਰਾ ਕੁਝ ਬਿਆਨ ਕਰ ਦਿੰਦੀ ਹੈ। ਹਾਂ...ਬੁੱਧ, ਨਾਨਕ ਜਾਂ ਬੁੱਲ੍ਹਾ ਹੋਣਾ ਬਹੁਤ ਉੱਪਰ ਵਾਲੀ ਗੱਲ ਹੈ। ਉੱਥੇ ਤਕ ਪਹੁੰਚਣ ਲਈ ਕਈ ਜਨਮ ਚਾਹੀਦੇ ਹਨ। ਜੇ ਬੁੱਧ ‘ਮਾਈਂਡ ਲੈੱਸ’ ਹੋਣ ਦੀ ਗੱਲ ਕਰਦੇ ਹਨ ਤਾਂ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਨਾਲ ਬੁੱਲ੍ਹਾ ਉਸ ਅਵਸਥਾ ਨੂੰ ਬਿਆਨ ਕਰਦੇ ਹਨ। ਇਸ ਸਭ ’ਚ ਸਭ ਤੋਂ ਮਹੱਤਵਪੂਰਨ ਇਹੀ ਹੈ ਕਿ ਅਸੀਂ ਇਨ੍ਹਾਂ ਮਹਾਪੁਰਸ਼ਾਂ ਤੋਂ ਜ਼ਿੰਦਗੀ ਜਿਉਣ ਦੀ ਸੇਧ ਲੈਂਦੇ ਹੋਏ ਤਨ ਤੇ ਮਨ ਦੀ ਸਿਹਤਮੰਦੀ ਨੂੰ ਮੁਖਾਤਬ ਹੋਈਏ ਅਤੇ ਆਪਣਾ ਆਵਾਗਮਨ ਸਫਲ ਕਰੀਏ। ...ਤਾਂ ਫਿਰ ਤੁਹਾਡਾ ਕੀ ਵਿਚਾਰ ਹੈ, ਅੱਜ ਤੋਂ ਹੀ ਮੈਦਾਨ ਜਾਂ ਪਾਰਕ ਵਿਚ ਜਾਣ ਬਾਰੇ?
Kusum
Very Good Article