ਅੱਖਾਂ ਦੀ ਦੇਖਭਾਲ -ਡਾ. ਜਤਿੰਦਰ ਸਿੰਘ ਗੁੰਬਰ
Posted on:- 19-07-2014
ਬੱਚਿਆਂ ਵਿਚ ਸਿੱਖਿਆ ਦੇ ਵਿਕਾਸ ਲਈ ਦਿਮਾਗ ਅਤੇ ਗਿਆਨ ਇੰਦਰੀਆਂ ਦਾ ਅਹਿਮ ਮਹੱਤਵ ਹੈ। ਪੜ੍ਹਾਈ ਅਤੇ ਸਿਖਲਾਈ ਦਾ ਪਹਿਲਾਂ ਪੜਾਅ ਸਕੂਲ ਹੈ। ਪਹਿਲਾਂ ਬੱਚੇ ਨੂੰ 5-6 ਸਾਲ ਦੀ ਉਮਰ ’ਚ ਸਕੂਲ ਭੇਜਿਆ ਜਾਂਦਾ ਸੀ। ਅੱਜ ਬਦਲਦੇ ਯੁੱਗ ਵਿਚ ਬੱਚੇ ਨੂੰ ਸਕੂਲ ਭੇਜਣ ਦੀ ਉਮਰ ਢਾਈ-ਤਿੰਨ ਸਾਲ ਹੋ ਗਈ ਹੈ। ਇਸਦਾ ਮਾੜਾ ਅਸਰ ਸਭ ਤੋਂ ਪਹਿਲਾਂ ਅੱਖਾਂ ’ਤੇ ਪੈਂਦਾ ਹੈ। ਜੇ ਇਸ ਦੌਰਾਨ ਬੱਚੇ ਨੂੰ ਨਜ਼ਰ ਦੀ ਖਰਾਬੀ ਜਾਂ ਢੇਡਾਪਣ ਆ ਜਾਂਦਾ ਹੈ ਤਾਂ ਇਹ ਮੁਸ਼ਕਲ ਉਸਦੀ ਗਿਆਨ ਅਤੇ ਸਿਖਲਾਈ ਦੇ ਰਾਹ ਵਿਚ ਰੁਕਾਵਟ ਬਣਦੀ ਹੈ।
ਅੱਖਾਂ ਸੰਬੰਧੀ ਬਿਮਾਰੀਆਂ ਦੇ ਲੱਛਣ
ਅੱਜ ਬੱਚਿਆਂ ਦੀ ਜੀਵਨ ਸ਼ੈਲੀ ਵਿਚ ਜਿਥੇ ਟੈਲੀਵਿਜ਼ਨ, ਕੰਪਿੳੂਟਰ, ਵੀਡਿਓ ਗੇਮਾਂ ਨੇ ਅੱਖਾਂ ’ਤੇ ਬੋਝ ਪਾਇਆ ਹੋਇਆ ਹੈ ਉਥੇ ਇਨ੍ਹਾਂ ਕਰਕੇ ਅੱਖਾਂ ਦੇ ਰੋਗ ਦਾ ਵੀ ਛੇਤੀ ਪਤਾ ਚੱਲ ਜਾਂਦਾ ਹੈ। ਬੱਚਿਆਂ ਵਿਚ ਹੇਠ ਲਿਖੇ ਲੱਛਣ ਅਧਿਆਪਕਾਂ ਅਤੇ ਮਾਪਿਆਂ ਵਾਸਤੇ ਖਤਰੇ ਵਾਂਗ ਹਨ, ਜਿਵੇਂ
- ਕਲਾਸ ਵਿਚ ਪਹਿਲੀ ਸੀਟ ’ਤੇ ਬੈਠ ਕੇ ਬਲੈਕ ਬੋਰਡ ਦਾ ਨਜ਼ਰ ਨਾ ਆਉਣਾ ਜਾਂ ਕਾਪੀ ਤੇ ਗਲਤ ਉਤਾਰਨਾ।
- ਅੱਖਾਂ ਵਿਚ ਲਗਾਤਾਰ ਪਾਣੀ ਵਗਣਾ।
- ਅੱਖਾਂ ਦਾ ਵਾਰ ਵਾਰ ਝੱਪਕਣਾ।
- ਪੜ੍ਹਨ ਦੌਰਾਨ ਸਿਰਦਰਦ ਦੀ ਸ਼ਿਕਾਇਤ ਹੋਣਾ।
- ਟੀਵੀ ਦੇਖਦੇ ਸਮੇਂ ਹੌਲੀ ਹੌਲੀ ਸਕਰੀਨ ਦੇ ਕੋਲ ਜਾਣਾ।
- ਕਿਤਾਬ ਜਾਂ ਕਾਪੀ ਨੂੰ ਅੱਖਾਂ ਦੇ ਕੋਲ ਲਿਜਾ ਕੇ ਪੜ੍ਹਨਾ।
- ਅੱਖਾਂ ਨੂੰ ਸਿਕੋੜ ਕੇ ਸਾਫ ਦੇਖਣ ਦੀ ਕੋਸ਼ਿਸ਼ ਕਰਨਾ।
- ਟੀਵੀ ਦੇਖਦੇ ਜਾਂ ਪੜ੍ਹਦੇ ਸਮੇਂ ਸਿਰ ਜਾਂ ਅੱਖਾਂ ਨੂੰ ਟੇਢਾ ਕਰ ਲੈਣਾ।
- ਬਾਹਰ ਧੁੱਪ ਵਿਚ ਇਕ ਅੱਖਾਂ ਨੂੰ ਮੀਟ ਲੈਣਾ।
- ਰਾਤ ਨੂੰ ਘੱਟ ਨਜ਼ਰ ਆਉਣਾ।
- ਸੂਰਜ ਦੀ ਰੌਸ਼ਨੀ ਬਰਦਾਸ਼ਤ ਨਾ ਕਰਨਾ।
- ਪੜ੍ਹਾਈ ਵਿਚ ਧਿਆਨ ਨਾ ਲੱਗਣਾ ਜਾਂ ਪ੍ਰੀਖਿਆ ਵਿਚ ਵਾਰ ਵਾਰ ਫੇਲ ਹੋਣਾ।
- ਅੱਖਾਂ ਵਿਚ ਟੇਢਾਪਣ ਨਜ਼ਰ ਆਉਣਾ।
- ਅੱਖਾਂ ਦੇ ਆਕਾਰ ਵਿਚ ਫਰਕ ਹੋਣਾ।
ਇਨ੍ਹਾਂ ਵਿਚੋਂ ਕੁਝ ਲੱਛਣ ਕਈ ਵਾਰੀ ਆਪਣੇ ਆਪ ਕੁਝ ਦਿਨਾਂ ਵਿਚ ਠੀਕ ਹੋ ਜਾਂਦੇ ਹਨ ਪਰ ਜੇ ਇਹ ਲੰਬਾ ਸਮਾਂ ਰਹਿਣ ਤਾਂ ਸਾਨੂੰ ਸੁਚੇਤ ਤੇ ਸਾਵਧਾਨ ਹੋਣ ਦੀ ਜਰੂਰਤ ਹੈ।
ਅਧਿਆਪਕਾਂ ਦਾ ਯੋਗਦਾਨ
ਕਿਉਂਕਿ ਬੱਚਾ ਮਾਪਿਆਂ ਤੋਂ ਬਾਅਦ ਬਹੁਤਾ ਸਮਾਂ ਸਕੂਲ ਵਿਚ ਆਪਣੇ ਸਾਥੀਆਂ ਅਤੇ ਅਧਿਆਪਕਾਂ ਦੀ ਦੇਖ-ਰੇਖ ਵਿਚ ਗੁਜ਼ਾਰਦਾ ਹੈ, ਇਸ ਲਈ ਜੇ ਅਧਿਆਪਕ ਅੱਖਾਂ ਪ੍ਰਤੀ ਜਾਗਰੂਕ ਹੋਣ ਤਾਂ ਬਹੁਤ ਸਾਰੇ ਤਰੀਕਿਆਂ ਨਾਲ ਅੱਖਾਂ ਦੀ ਸੰਭਾਲ ਵਿਚ ਮੁੱਖ ਭੂਮਿਕਾ ਨਿਭਾਅ ਸਕਦੇ ਸਕਦੇ ਹਨ ਜਿਵੇਂ-
- ਬੱਚਿਆਂ ਦੀ ਹਰ ਸਾਲ ਸਕੂਲ ਸਿਹਤ ਪ੍ਰੋਗਰਾਮ ਤਹਿਤ ਨਜ਼ਰ ਟੈਸਟ ਕੀਤੀ ਜਾਵੇ ।
- ਸਕੂਲ ਦੀ ਸ਼੍ਰੇਣੀ ਵਿਚ ਬੱਚਿਆਂ ਨੂੰ ਰੋਲ ਨੰਬਰ ਮੁਤਾਬਕ ਪੱਕੀ ਸੀਟ ਨਹੀਂ ਦੇਣੀ ਚਾਹੀਦੀ ਸਗੋਂ ਸਾਰੇ ਬੱਚਿਆਂ ਦੀ ਸੀਟ ਵਾਰੀ ਵਾਰੀ ਬਦਲਣੀ ਚਾਹੀਦੀ ਹੈ।
- ਜੇ ਕੋਈ ਬੱਚਾ ਸਕੂਲ ਵਿਚ ਐਨਕ ਲਗਾ ਕੇ ਆਉਂਦਾ ਹੈ ਤਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਸ ਦੇ ਸੰਗੀ ਸਾਥੀਆਂ ਨੂੰ ਤੰਗ ਕਰਨ ਤੋਂ ਰੋਕਣ ਅਤੇ ਬੱਚਿਆਂ ਨੂੰ ਐਨਕ ਲਾਉਣ ਦੀ ਪ੍ਰੇਰਨਾ ਦੇਣ।
- ਜੇ ਕੋਈ ਬੱਚਾ ਸਕੂਲੀ ਜਾਂਚ ਵਿਚ ਕਲਰ ਬਲਾਈਂਡ ਹੈ ਤਾਂ ਅਧਿਆਪਕ ਸ਼ੁਰੂ ਤੋਂ ਹੀ ਉਸਨੂੰ ਰੇਲਵੇ, ਹਵਾਈ ਫੌਜ, ਸਮੁੰਦਰੀ ਫੌਜ, ਕੱਪੜਾ ਉਤਪਾਦਕ ਜਾਂ ਡਰਾਇੰਗ ਖੇਤਰ ਵਿਚ ਜਾਣ ਤੋਂ ਮਨ੍ਹਾਂ ਕਰ ਸਕਦੇ ਹਨ ਤਾਂ ਜੋ ਵੱਡਾ ਹੋ ਕੇ ਉਸਨੂੰ ਮਾਯੂਸ ਨਾ ਹੋਣਾ ਪਵੇ।
ਮਾਪਿਆਂ ਦਾ ਯੋਗਦਾਨ
- ਬੱਚਿਆਂ ਨੂੰ ਘਰ ਵਿਚ ਕੁਦਰਤੀ ਰੌਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਘੱਟ ਰੌਸ਼ਨੀ ਜਾਂ ਹਨੇਰੇ ਕਮਰੇ ਵਿਚ ਬੈਠ ਕੇ ਪੜ੍ਹਨ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਕਮਜੋਰ ਹੋ ਜਾਂਦੀਆਂ ਹਨ।
- ਬੱਚਿਆਂ ਨੂੰ ਕੁਰਸੀ ਮੇਜ਼ ਉਤੇ ਬੈਠ ਕੇ ਪੜ੍ਹਨ ਦੀ ਆਦਤ ਪਾਈ ਜਾਵੇ।
- ਬੱਚਿਆਂ ਦੀ ਖੁਰਾਕ ਵਿਚ ਦੁੱਧ, ਅੰਡਾ, ਪਨੀਰ, ਹਰੀਆਂ ਸਬਜ਼ੀਆਂ, ਅੰਬ, ਪਪੀਤਾ, ਮਛਲੀ ਸ਼ਾਮਲ ਹੋਵੇ।
- ਬੱਚਿਆਂ ਨੂੰ ਰੋਜ਼ਾਨਾ ਖੇਡ ਅਤੇ ਕਸਰਤ ਲਈ ਪ੍ਰੇਰਿਤ ਕੀਤਾ ਜਾਵੇ।
- ਲਗਾਤਾਰ ਇਕ ਘੰਟੇ ਤੋਂ ਵੱਧ ਟੈਲੀਵਿਜ਼ਨ ਜਾਂ ਕੰਪਿੳੂਟਰ ’ਤੇ ਨਹੀਂ ਬੈਠਣਾ ਚਾਹੀਦਾ।
- ਤਿਉਹਾਰ ਮੌਕੇ ਹਮੇਸ਼ਾ ਆਪਣੀ ਨਿਗਰਾਨੀ ਵਿਚ ਹੀ ਬੱਚਿਆਂ ਨੂੰ ਪਟਾਖੇ ਚਲਾਉਣ ਦਿਓ।
ਬੱਚਿਆਂ ਨੂੰ ਤੇਜ ਅਤੇ ਨੁਕੀਲੇ ਹਥਿਆਰ ਜਿਵੇਂ ਕਿ ਤੀਰ ਕਮਾਨ, ਸੋਟੀਆਂ, ਗੁੱਲੀ ਡੰਡੇ, ਪਿੰਨ, ਤਿੱਖੇ ਨੋਕਦਾਰ ਔਜ਼ਾਰਾਂ ਨਾਲ ਖੇਡਣ ਤੋਂ ਵਰਜਣਾ ਚਾਹੀਦਾ ਹੈ।