ਮਨ ਨਾਲ ਬੇਰੁਖੀ -ਡਾ. ਟੀਐਲ ਚੋਪੜਾ
Posted on:- 19-07-2014
ਜੇ ਸਾਡੇ ਪਰਿਵਾਰ ਵਿਚ ਕਿਸੇ ਨੂੰ ਥੋੜ੍ਹਾ ਜਿਹਾ ਵੀ ਬੁਖਾਰ ਹੋ ਜਾਵੇ ਤਾਂ ਅਸੀਂ ਉਸ ਨੂੰ ਤੰਦਰੁਸਤ ਕਰਨ ਦੀ ਕੋਸ਼ਿਸ਼ ਵਿਚ ਜੀਅ ਜਾਨ ਨਾਲ ਜੁਟ ਜਾਂਦੇ ਹਾਂ ਪਰ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਤਨ ਦਾ ਏਨਾ ਖਿਆਲ ਰੱਖਦੇ ਹਾਂ ਤਾਂ ਮਨ ਨਾਲ ਅਜਿਹੀ ਬੇਰੁਖੀ ਕਿਉਂ? ਅਜਿਹੇ ਕੁਝ ਲੱਛਣ ਹਨ ਜੋ ਸਾਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਅਕਸਰ ਦੇਖਣ ਨੂੰ ਮਿਲਦੇ ਹਨ, ਤੇ ਜਾਗਰੂਕਤਾ ਦੀ ਘਾਟ ’ਚ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਹੀ ਲੱਛਣ ਅੱਗੇ ਜਾ ਕੇ ਕਿਸੇ ਗੰਭਰ ਮਨੋਰੋਗ ਦਾ ਕਾਰਨ ਬਣ ਸਕਦੇ ਹਨ।
ਤੁਸੀਂ ਆਪਣੇ ਆਲੇ-ਦੁਆਲੇ ਕੁਝ ਅਜਿਹੇ ਲੋਕਾਂ ਨੂੰ ਜ਼ਰੂਰ ਦੇਖਿਆ ਹੋਵੇਗਾ, ਜਿਨ੍ਹਾਂ ਨੂੰ ਅਕਸਰ ਸ਼ੱਕੀ ਜਾਂ ਸਿਰਫਿਰੇ ਸਮਝਿਆ ਜਾਂਦਾ ਹੈ। ਅਜਿਹੇ ਲੋਕਾਂ ਦੇ ਮਨ ਵਿਚ ਕੁਝ ਗੱਲਾਂ ਨੂੰ ਲੈ ਕੇ ਏਨਾ ਡੂੰਘਾ ਭਰਮ ਹੁੰਦਾ ਹੈ ਕਿ ਉਹ ਉਸੇ ਨੂੰ ਸੱਚ ਮੰਨਣ ਲੱਗਦੇ ਹਨ। ਮਸਲਨ ਕੁਝ ਲੋਕਾਂ ਨੂੰ ਅਜਿਹਾ ਭਰਮ ਹੁੰਦਾ ਹੈ ਕਿ ਕੋਈ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ ਜਾਂ ਉਨ੍ਹਾਂ ਖਿਲਾਫ਼ ਸਾਜਿਸ਼ ਰਚ ਰਿਹਾ ਹੈ, ਕੁਝ ਲੋਕਾਂ ਨੂੰ ਆਪਣੇ ਸਾਥੀ ਦੇ ਚਰਿੱਤਰ ’ਤੇ ਸ਼ੱਕ ਹੁੰਦਾ ਹੈ, ਕੁਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਮੇਰੀ ਗ਼ੈਰ ਹਾਜ਼ਰੀ ਵਿਚ ਲੋਕ ਹਮੇਸ਼ਾ ਮੇਰੀ ਬੁਰਾਈ ਕਰਦੇ ਹਨ ਜਾਂ ਮੇਰਾ ਮਜ਼ਾਕ ਉਡਾ ਰਹੇ ਹੁੰਦੇ ਹਨ। ਜੇ ਕਿਸੇ ਵਿਅਕਤੀ ਵਿਚ ਅਜਿਹੇ ਲੱਛਣ ਬਹੁਤ ਜ਼ਿਆਦਾ ਦਿਖਾਈ ਦੇਣ ਤਾਂ ਅੱਗੇ ਚੱਲ ਕੇ ਉਸ ਨੂੰ ਸਿਜੋਫ੍ਰੇਨੀਆ ਹੋ ਸਕਦਾ ਹੈ। ਅਸਲ ਵਿਚ ਇਹ ਦਿੱਕਤ ਕਈ ਕਾਰਨ ਕਰਕੇ ਹੋ ਸਕਦੀ ਹੈ, ਕਈ ਵਾਰ ਜਮਾਂਦਰੂ ਗੜਬੜਾਂ ਕਰਕੇ ਅਤੇ ਕਈ ਵਾਰ ਸਮਾਜਿਕ ਕਾਰਨਾਂ ਕਰਕੇ ਇਸ ਬਿਮਾਰੀ ਦਾ ਵਿਅਕਤੀ ਸ਼ਿਕਾਰ ਹੋ ਜਾਂਦਾ ਹੈ।
ਜੇ ਪਰਿਵਾਰ ਦੇ ਕਿਸੇ ਮੈਂਬਰ ਵਿਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਬਾਕੀ ਮੈਂਬਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਛੇਤੀ ਤੋਂ ਛੇਤੀ ਕਿਸੇ ਮਨੋਰੋਗਾਂ ਦੇ ਮਾਹਰ ਡਾਕਟਰ ਦੀ ਸਲਾਹ ਲੈਣ। ਸ਼ੁਰੂਆਤੀ ਦੌਰ ਵਿਚ ਹੀ ਇਲਾਜ ਸ਼ੁਰੂ ਹੋ ਜਾਏ ਤਾਂ ਵਿਅਕਤੀ ਜਲਦੀ ਤੰਦਰੁਸਤ ਹੋ ਜਾਂਦਾ ਹੈ। ਜੇ ਇਸਦੇ ਇਲਾਜ ਵਿਚ ਦੇਰੀ ਹੋ ਜਾਵੇ ਤਾਂ ਇਹ ਇਕ ਗੰਭੀਰ ਰੋਗ ਬਣ ਜਾਂਦਾ ਹੈ।