...ਜੇ ਹੋਵੇ ਟੈਨਸ਼ਨ -ਡਾ. ਸੰਦੀਪ ਗੋਇਲ
Posted on:- 08-05-2012
ਇਹ ਆਮ ਹੀ ਕਿਹਾ ਜਾਂਦਾ ਹੈ ਕਿ ਜੇ ਜ਼ਿੰਦਗੀ ’ਚ ਅੱਗੇ ਵਧਣਾ ਹੈ ਤਾਂ ਟੈਨਸ਼ਨ ਲੈਣੀ ਹੀ ਪਵੇਗੀ, ਇਸ ਨਾਲ ਹੀ ਵਿਕਾਸ ਹੁੰਦਾ ਹੈ। ਪਰ ਮੌਜੂਦਾ ਮਾਹੌਲ ’ਚ ਡਾਕਟਰਾਂ ਦੇ ਕੋਲ ਜਾਣ ਵਾਲੇ ਬਹੁਗਿਣਤੀ ਮਰੀਜ਼ ਟੈਨਸ਼ਨ ਨਾਲ ਸੰਬੰਧਤ ਬੀਮਾਰੀਆਂ ਦੇ ਕਾਰਨ ਜਾਂਦੇ ਹਨ। ਇਹ ਤਾਂ ਹੀ ਹੁੰਦਾ ਹੈ ਜੇ ਲੋੜ ਨਾਲੋਂ ਵੱਧ ਟੈਨਸ਼ਨ ਲੈ ਲਈ ਜਾਵੇ। ਦਰਅਸਲ ਵਰਤਮਾਨ ਦੌਰ ਦਾ ਲਾਈਫ ਸਟਾਈਲ, ਤੇਜ਼ ਰਫਤਾਰ ਜ਼ਿੰਦਗੀ ਅਤੇ ਕੰਮਕਾਜੀ ਹਾਲਤਾਂ ਨੇ ਮਨੁੱਖੀ ਸਿਹਤ ’ਤੇ ਲੋੜ ਨਾਲੋਂ ਵੱਧ ਭਾਰ ਪਾ ਦਿੱਤਾ ਹੈ। ਜੇ ਇਸ ਨੂੰ ਮੈਡੀਕਲ ਨਜ਼ਰੀਏ ਤੋਂ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਜਦੋਂ ਸਾਡੇ ਸਰੀਰ ਜਾਂ ਮਨ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਾਡੀ ਮੈਟਾਬੌਲਿਜ਼ਮ ਕਿਰਿਆ ਤੇਜ਼ ਹੋ ਜਾਂਦੀ ਹੈ, ਬਲੱਡ ਪਰੈਸ਼ਰ ਅਤੇ ਹਾਰਟ ਬੀਟ ਵੱਧ ਜਾਂਦੀ ਹੈ ਅਤੇ ਬਾਡੀ ’ਚ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ। ਸਰੀਰ ’ਚ ਐਂਡਰਲੀਨ ਦੀ ਮਾਤਰਾ ਵੱਧ ਜਾਂਦੀ ਹੈ। ਇਹ ਸਥਿਤੀ ਜ਼ਿਆਦਾ ਦੇਰ ਬਣੀ ਰਹੇ ਤਾਂ ਕਈ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅਹਿਮ ਸਵਾਲ ਹੈ ਕਿ ਇਸ ਨਾਲ ਨਿਪਟਿਆ ਕਿਸ ਤਰਾਂ ਜਾਵੇ। ਕੁਝ ਉਪਾਅ ਹਨ ਜੇ ਇਨਾਂ ਨੂੰ ਜ਼ਿੰਦਗੀ ’ਚ ਅਪਣਾ ਲਿਆ ਜਾਵੇ ਤਾਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਪੌਸ਼ਟਿਕ ਭੋਜਨ
ਕੁਝ ਭੋਜਨ ਏਦਾਂ ਦੇ ਹਨ, ਜਿਹੜੇ ਸਾਡੇ ਸਰੀਰ ਨੂੰ ਤਣਾਅ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ। ਸੰਤਰੇ, ਦੁੱਧ ਅਤੇ ਸੁੱਕੇ ਮੇਵੇ ’ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਹੜੀ ਸਾਡੇ ਦਿਮਾਗ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਆਲੂ ’ਚ ਵਿਟਾਮਿਨ ‘ਬੀ’ ਸਮੂਹ ਦੇ ਵਿਟਾਮਿਨ ਕਾਫੀ ਮਾਤਰਾ ’ਚ ਹੁੰਦੇ ਹਨ, ਜਿਹੜੇ ਸਾਨੂੰ ਚਿੰਤਾ ਅਤੇ ਖਰਾਬ ਮੂਡ ਦਾ ਮੁਕਾਬਲਾ ਕਰਨ ’ਚ ਸਹਾਇਤਾ ਦਿੰਦੇ ਹਨ।
ਚੌਲ, ਫਿਸ਼, ਬਿਨਸ ਅਤੇ ਅਨਾਜ ’ਚ ਵਿਟਾਮਿਨ ‘ਬੀ’ ਹੁੰਦਾ ਹੈ, ਜਿਹੜਾ ਦਿਮਾਗੀ ਬੀਮਾਰੀਆਂ ਅਤੇ ਡਿਪਰੈਸ਼ਨ ਨੂੰ ਦੂਰ ਰੱਖਣ ’ਚ ਸਹਾਇਕ ਹੈ। ਹਰੀ ਪੱਤੇ ਵਾਲੀਆਂ ਸਬਜ਼ੀਆਂ, ਕਣਕ, ਸੋਇਆਬੀਨ, ਮੂੰਗਫਲੀ, ਅੰਬ ਅਤੇ ਕੇਲੇ ’ਚ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਹੜੇ ਸਾਡੇ ਸਰੀਰ ਨੂੰ ਤਣਾਅ ਨਾਲ ਲੜਨ ’ਚ ਸਹਾਇਤਾ ਦਿੰਦੀ ਹੈ।
ਥੋੜਾ-ਥੋੜਾ ਖਾਓ
ਤਣਾਅ ਦੀ ਸਥਿਤੀ ’ਚ ਥੋੜਾ-ਥੋੜਾ ਕਰਕੇ ਕਈ ਵਾਰ ਖਾਣਾ ਤਣਾਅ ਨੂੰ ਦੂਰ ਭਜਾਉਣ ’ਚ ਸਹਾਇਕ ਹੋ ਸਕਦਾ ਹੈ। ਇਸ ਨਾਲ ਉਨਾਂ ਲੋਕਾਂ ਨੂੰ ਵੀ ਸਹਾਇਤਾ ਮਿਲ ਸਕਦੀ ਹੈ, ਜਿਹੜੇ ਤਣਾਅ ਦੀ ਸਥਿਤੀ ’ਚ ਜ਼ਿਆਦਾ ਖਾਣ ਦੇ ਆਦੀ ਹਨ। ਥੋੜਾ-ਥੋੜਾ ਖਾਣ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਰਹਿੰਦੀ ਹੈ।
ਮਨ ’ਚ ਨਾ ਰੱਖੋ
ਤੁਸੀਂ ਕਿਸੇ ਵੀ ਕਾਰਨ ਤੋਂ ਤਣਾਅਗ੍ਰਸਤ ਹੋ ਆਪਣੀ ਸਮੱਸਿਆ ਆਪਣੇ ਪਾਰਟਨਰ, ਪ੍ਰੇਮੀ ਜਾਂ ਕਿਸੇ ਨੇੜੇ ਦੇ ਦੋਸਤ ਨਾਲ ਖੁੱਲ ਕੇ ਚਰਚਾ ਕਰੋ। ਇਸ ਗੱਲਬਾਤ ਨਾਲ ਹੀ ਤੁਹਾਡਾ ਅੱਧਾ ਤਣਾਅ ਦੂਰ ਹੋ ਜਾਂਦਾ ਹੈ। ਬਾਕੀ ਸਮੱਸਿਆ ਖਾਣ, ਹਲਕੀ ਕਸਰਤ ਅਤੇ ਖੁੱਲ ਕੇ ਸੌਣ ਨਾਲ ਦੂਰ ਕੀਤੀ ਜਾ ਸਕਦੀ ਹੈ।
ਖੁਦ ਨੂੰ ਦਿਓ ਸਮਾਂ
ਜਿਨਾਂ ਦੇ ਜੀਵਨ ’ਚ ਜ਼ਿਆਦਾ ਤਣਾਅ ਰਹਿੰਦਾ ਹੈ, ਉਨਾਂ ਨੂੰ ਦਿਨ ’ਚ ਕੁਝ ਸਮਾਂ ’ਕੱਲੇ ਬਿਤਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕੁਝ ਲੋਕ ਇਕੱਲੇ ਸੈਰ ਕਰਨਾ ਪਸੰਦ ਕਰਦੇ ਹਨ। ਕੁਝ ਲੋਕਾਂ ਨੂੰ ਇਕੱਲੇ ਪੁਸਤਕ ਪੜਨ ਨਾਲ ਸ਼ਾਂਤੀ ਮਿਲਦੀ ਹੈ। ਕਈ ਵਾਰ ਹਨੇਰੇ ਕਮਰੇ ’ਚ ਲੇਟਣਾ ਹੀ ਮਨ ਨੂੰ ਸ਼ਾਂਤ ਰੱਖਣ ਲਈ ਕਾਫੀ ਹੁੰਦਾ ਹੈ, ਪਰ ਬਹੁਤ ਜ਼ਿਆਦਾ ਇਕੱਲੇ ਰਹਿਣਾ ਵੀ ਠੀਕ ਨਹੀਂ, ਖਾਸਕਰ ਉਨਾਂ ਲੋਕਾਂ ਲਈ ਜਿਹੜੇ ਜਲਦੀ ਨਿਰਾਸ਼ ਹੋ ਜਾਂਦੇ ਹਨ। ਸਿਰਫ ਕੁਝ ਸਮਾਂ ਖੁਦ ਲਈ ਕੱਢੋ।
ਮੈਡੀਟੇਸ਼ਨ
ਕੁਰਸੀ ’ਤੇ ਆਰਾਮਦਾਇਕ ਮੁਦਰਾ ’ਚ ਬੈਠ ਜਾਓ। ਅੱਖਾਂ ਬੰਦ ਕਰੋ ਅਤੇ ਆਪਣੀਆਂ ਮਾਸਪੇਸ਼ੀਆਂ ਨੂੰ ਢਿੱਲਾ ਛੱਡ ਦਿਓ। ਹੌਲੀ ਗਤੀ ਨਾਲ ਸਾਹ ਲੈਂਦੇ ਰਹੋ। ਮਨ ਹੀ ਮਨ ਕੋਈ ਵੀ ਇਕ ਸ਼ਬਦ ਜਾਂ ਮੰਤਰ ਵਾਰ-ਵਾਰ ਦੁਹਰਾਉਦੇ ਰਹੋ। ਜੇ ਤੁਹਾਡਾ ਮਨ ਭਟਕ ਜਾਏ ਤਾਂ ਵਾਪਸ ਉਸੇ ਸ਼ਬਦ ਜਾਂ ਮੰਤਰ ’ਤੇ ਆ ਜਾਓ। ਇਸਨੂੰ ਦਸ ਜਾਂ ਵੀਹ ਮਿੰਟ ਤੱਕ ਕਰੋ।
(ਲੇਖਕ ਜਲੰਧਰ ਦੇ ਗੋਇਲ ਹਸਪਤਾਲ ’ਚ ਸੀਨੀਅਰ ਕੰਸਲਟੈਂਟ ਨਿਓਰੋਲੌਜਿਸਟ ਹਨ)