Thu, 21 November 2024
Your Visitor Number :-   7255806
SuhisaverSuhisaver Suhisaver

ਅਡੋਲ ਕਮਿਊਨਿਸਟ ਨਿਹਚਾ ਦਾ ਮੁਜੱਸਮਾ ਬਾਬਾ ਬੂਝਾ ਸਿੰਘ

Posted on:- 26-07-2020

suhisaver

-ਬੂਟਾ ਸਿੰਘ

50ਵੇਂ ਸ਼ਹਾਦਤ ਦਿਵਸ ’ਤੇ ਵਿਸ਼ੇਸ਼

ਇਸ ਵਰ੍ਹੇ 27 ਜੁਲਾਈ ਨੂੰ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਹੋਇਆਂ 50 ਸਾਲ ਹੋ ਜਾਣਗੇ। ਬਾਬਾ ਬੂਝਾ ਸਿੰਘ, ਕਾ. ਚਾਰੂ ਮਜੂਮਦਾਰ ਵਰਗੇ ਆਗੂਆਂ ਸਮੇਤ ਪੰਜ ਹਜ਼ਾਰ ਦੇ ਕਰੀਬ ਕਮਿਊਨਿਸਟ ਜੁਝਾਰੂਆਂ ਨੂੰ ਝੂਠੇ ਮੁਕਾਬਲਿਆਂ ਅਤੇ ਤਸੀਹਿਆਂ ਦੁਆਰਾ ਸ਼ਹੀਦ ਕਰਕੇ ਭਾਰਤੀ ਹਾਕਮਾਂ ਨੇ ਲਹਿਰ ਨੂੰ ਹਮੇਸ਼ਾ ਲਈ ਕੁਚਲ ਦੇਣ ਦਾ ਭਰਮ ਪਾਲਿਆ ਸੀ ਪਰ ਇਹ ਲਹਿਰ ਅੱਜ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਥਿਆਰਬੰਦ ਇਨਕਲਾਬ ਦਾ ਝੰਡਾ ਬੁਲੰਦ ਰੱਖ ਰਹੀ ਹੈ। 82 ਸਾਲ ਦੀ ਉਮਰ ’ਚ ਪੁਲਿਸ ਦੇ ਤਸੀਹਿਆਂ ਅਤੇ ਗੋਲੀਆਂ ਅੱਗੇ ਹਿੱਕ ਡਾਹ ਕੇ ਸ਼ਹਾਦਤ ਦੀ ਨਿਆਰੀ ਮਿਸਾਲ ਕਾਇਮ ਕਰਨ ਵਾਲਾ ਇਹ ਇਨਕਲਾਬੀ ਸੂਰਮਾ ਲੋਕ-ਮੁਕਤੀ ਲਈ ਜੂਝਣ ਵਾਲਿਆਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣਿਆ ਰਹੇਗਾ।

ਬੂਝਾ ਸਿੰਘ ਉਹਨਾਂ ਮਿਸਾਲੀ ਕਮਿਊਨਿਸਟ ਆਗੂਆਂ ਵਿੱਚੋਂ ਇਕ ਸਨ ਜਿਹਨਾਂ ਦਾ ਸਾਡੇ ਦੇਸ਼ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਇਕ ਨਿਆਰਾ ਸਥਾਨ ਹੈ। ਉਹਨਾਂ ਨੇ 82 ਸਾਲ ਦੀ ਉਮਰ ’ਚ ਵੀ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ। ਜਦ ਮਈ 1967 ’ਚ ਪੱਛਮੀ ਬੰਗਾਲ ਦੀ ਧਰਤੀ ਤੋਂ ਨਕਸਲਬਾੜੀ ਦੀ ਹਥਿਆਰਬੰਦ ਬਗ਼ਾਵਤ ਦਾ ਬਿਗਲ ਵੱਜਿਆ ਤਾਂ ਉਹ ਪੰਜਾਬ ਵਿਚ ਇਸ ਦੀ ਹਮਾਇਤ ਕਰਨ ਵਾਲੇ ਮੋਹਰੀ ਆਗੂਆਂ ਵਿਚ ਸਨ। ਉਹਨਾਂ ਨੇ ਹਥਿਆਰਬੰਦ ਇਨਕਲਾਬ ਦੇ ਸੱਦੇ ਦਾ ਪੁਰਜ਼ੋਰ ਸਵਾਗਤ ਕੀਤਾ ਅਤੇ ਬਿ੍ਰਧ ਅਵੱਸਥਾ ਵਿਚ ਵੀ ਇਨਕਲਾਬ ਦਾ ਝੰਡਾ ਬੁਲੰਦ ਕਰਨ ਦਾ ਬੇਮਿਸਾਲ ਇਨਕਲਾਬੀ ਜਜ਼ਬਾ ਦਿਖਾਇਆ। ਭਾਰਤੀ ਰਾਜ ਦੇ ਲੋਕ ਦੁਸ਼ਮਣ ਸੁਭਾਅ ਨੂੰ ਬਾਖ਼ੂਬੀ ਸਮਝਦੇ ਹੋਣ ਕਾਰਨ ਉਹ ਜਾਣਦੇ ਸਨ ਕਿ ਫੜੇ ਜਾਣ ’ਤੇ ਪੁਲਿਸ ਉਸ ਨਾਲ ਕਿਵੇਂ ਪੇਸ਼ ਆਵੇਗੀ।

ਜ਼ਿਲ੍ਹਾ ਜਲੰਧਰ ਇਲਾਕਾ ਬੰਗਾ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਚੱਕ ਮਾਈਦਾਸ ਦੇ ਜੰਮਪਲ ਬੂਝਾ ਸਿੰਘ ਨੇ ਵੀ ਆਪਣੇ ਸਮਕਾਲੀ ਹੋਰ ਨੌਜਵਾਨਾਂ ਦੀ ਤਰ੍ਹਾਂ ਬਦੇਸ਼ ਜਾ ਕੇ ਆਪਣੇ ਬਦਹਾਲ ਕਿਸਾਨ ਪਰਿਵਾਰ ਦੀ ਹਾਲਤ ਸੁਧਾਰਨ ਦਾ ਸੁਪਨਾ ਲਿਆ ਸੀ। 1930ਵਿਆਂ ਦੇ ਸ਼ੁਰੂ ਵਿਚ ਉਹ ਅਰਜਨਟਾਈਨਾ ਪਹੁੰਚੇ। ਉੱਥੇ ਭਗਤ ਸਿੰਘ ਬਿਲਗਾ ਅਤੇ ਹੋਰ ਗ਼ਦਰੀ ਇਨਕਲਾਬੀਆਂ ਦੀ ਸੰਗਤ ਵਿਚ ਉਹ ਵੀ ਗ਼ਦਰੀ ਕਾਫ਼ਲੇ ਵਿਚ ਸ਼ਾਮਲ ਹੋ ਗਏੇ। ਆਪਣੀ ਜ਼ਿੰਦਗੀ ਨੂੰ ਨਿੱਜ ਦੀ ਬਜਾਏ ਪੂਰੇ ਮੁਲਕ ਦੀ ਤਕਦੀਰ ਬਦਲਣ ਲਈ ਲੜੇ ਜਾ ਰਹੇ ਇਨਕਲਾਬੀ ਸੰਗਰਾਮ ਦੇ ਲੇਖੇ ਲਾਉਣ ਦੇ ਇਸ ਅਹਿਦ ਉੱਪਰ ਉਹ ਆਖ਼ਰੀ ਸਾਹਾਂ ਤਕ ਸ਼ਾਨਦਾਰ ਦਿ੍ਰੜਤਾ ਨਾਲ ਨਿਭੇ।]

ਸਮਾਜ ਸੇਵਾ ਨਾਲ ਬੂਝਾ ਸਿੰਘ ਨੂੰ ਬਚਪਨ ਤੋਂ ਹੀ ਲਗਾਓ ਸੀ, ਗ਼ਦਰ ਦੀ ਇਨਕਲਾਬੀ ਵਿਚਾਰਧਾਰਾ ਦੇ ਪਹੁਲ ਨੇ ਉਸ ਦੀ ਇਸ ਸ਼ਖਸੀ ਖ਼ੂਬੀ ਦੀ ਕਾਇਆਕਲਪ ਕਰਕੇ ਉਸ ਨੂੰ ਰੌਸ਼ਨ ਖ਼ਿਆਲ ਯੁਗ-ਪਲਟਾਊ ਬਣਾ ਦਿੱਤਾ। ਉਹਨਾਂ ਦੀ ਇਨਕਲਾਬੀ ਕਾਜ ਪ੍ਰਤੀ ਨਿਹਚਾ, ਵਚਨਬੱਧਤਾ, ਮਿਸਾਲੀ ਸਿਰੜ ਅਤੇ ਸੂਝ ਨੇ ਗ਼ਦਰੀ ਆਗੂਆਂ ਦੇ ਮਨ ਮੋਹ ਲਏ ਅਤੇ ਬੂਝਾ ਸਿੰਘ ਨੇ ਮੁੜ ਜਥੇਬੰਦ ਹੋਈ ਗ਼ਦਰ ਪਾਰਟੀ ਦੀ ਅਰਜਨਟਾਈਨਾ ਸ਼ਾਖਾ ਵਿਚ ਮਹੱਤਵਪੂਰਨ ਜ਼ੰੁਮੇਵਾਰੀਆਂ ਓਟਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪ੍ਰਮੁੱਖ ਗ਼ਦਰੀ ਆਗੂ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਉਹਨਾਂ ਤੋਂ ਬਾਦ ਤੇਜਾ ਸਿੰਘ ਸੁਤੰਤਰ ਵਿਸ਼ੇਸ਼ ਪ੍ਰੋਗਰਾਮ ਲੈ ਕੇ ਅਰਜਨਟਾਈਨਾ ਗਏ ਤਾਂ ਬੂਝਾ ਸਿੰਘ ਨੇ ਵੱਖ-ਵੱਖ ਹਿੱਸਿਆਂ ਵਿਚ ਉਹਨਾਂ ਦੇ ਨਾਲ ਜਾ ਕੇ ਫੰਡ ਇਕੱਠੇ ਕਰਨ, ਨਵੇਂ ਮੈਂਬਰ ਭਰਤੀ ਕਰਨ ਅਤੇ ਗ਼ਦਰੀਆਂ ਨੂੰ ਛਾਪਾਮਾਰ ਲੜਾਈ ਦੀ ਸਿਖਲਾਈ ਦੇਣ ਦੀਆਂ ਮੁਹਿੰਮਾਂ ਨੂੰ ਕਾਮਯਾਬ ਕਰਨ ਲਈ ਜੋਸ਼-ਖ਼ਰੋਸ਼ ਨਾਲ ਸਰਗਰਮੀ ਕੀਤੀ।

ਬਾਬਾ ਰਤਨ ਸਿੰਘ ਦੀ ਤਜਵੀਜ਼ ਮੰਨ ਕੇ ਗ਼ਦਰੀਆਂ ਨੂੰ ਕਮਿਊਨਿਸਟ ਸਿਧਾਂਤ ਦੀ ਪੜ੍ਹਾਈ ਅਤੇ ਹੋਰ ਸਿਖਲਾਈ ਲਈ ਰੂਸ ਭੇਜਣ ਦੀ ਯੋਜਨਾ ਮੁਤਾਬਿਕ ਅਪ੍ਰੈਲ 1932 ’ਚ ਚਾਰ ਗ਼ਦਰੀਆਂ ਦਾ ਪਹਿਲਾ ਜੱਥਾ ਕਾ. ਬੂਝਾ ਸਿੰਘ ਦੀ ਅਗਵਾਈ ਹੇਠ ਰੂਸ ਭੇਜਿਆ ਗਿਆ। ਫਿਰ ਹੋਰ ਮੁਲਕਾਂ ਤੋਂ ਵੀ ਜੱਥੇ ਆਉਦੇ ਗਏ, ਪਰ ਇਹ ਗ਼ੌਰਤਲਬ ਹੈ ਕਿ ਸਭ ਤੋਂ ਵੱਧ ਤਕਰੀਬਨ 60ਫ਼ੀ ਸਦੀ ਇਨਕਲਾਬੀ ਅਰਜਨਟਾਈਨਾ ਤੋਂ ਆਏ ਸਨ। ਲੋੜੀਂਦੀ ਪੜ੍ਹਾਈ-ਸਿਖਲਾਈ ਤੋਂ ਬਾਦ 1934 ’ਚ ਵਾਪਸ ਹਿੰਦੁਸਤਾਨ ਭੇਜੇ ਗਏ ਅਰਜਨਟਾਈਨਾ ਵਾਲੇ ਗ਼ਦਰੀਆਂ ਵਿੱਚੋਂ ਵੀ ਬੂਝਾ ਸਿੰਘ ਮੋਹਰੀ ਸਨ। ਮੁਲਕ ਵਿਚ ਆ ਕੇ ਉਹਨਾਂ ਕਿਰਤੀ ਪਾਰਟੀ ਦੀ ਅਗਵਾਈ ਹੇਠ ਲਹਿਰ ਉਸਾਰਨ ਲਈ ਦਿਨ-ਰਾਤ ਇਕ ਕਰ ਦਿੱਤਾ। ਅਕਤੂਬਰ 1935 ’ਚ ਬੂਝਾ ਸਿੰਘ ਅਤੇ ਦੁੱਲਾ ਸਿੰਘ ਜਲਾਲਦੀਵਾਲ ਨੂੰ ਅੰਮਿ੍ਰਤਸਰ ਤੋਂ ਗਿ੍ਰਫ਼ਤਾਰ ਕਰਕੇ ਸ਼ਾਹੀ ਕਿਲ੍ਹਾ ਲਾਹੌਰ ਵਿਚ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਅਤੇ ਦੋ ਮਹੀਨੇ ਬਾਦ ਪਿੰਡ ਵਿਚ ਜੂਹਬੰਦ ਕਰ ਦਿੱਤਾ ਗਿਆ। ਕਾ. ਬੂਝਾ ਸਿੰਘ ਬਹੁਤ ਸੂਝਵਾਨ ਅਤੇ ਬਹੁਪੱਖੀ ਗੁਣਾਂ ਵਾਲੇ ਸਨ। ਉਹਨਾਂ ਨੇ ਜੂਹਬੰਦੀ ਦੌਰਾਨ ਜਿੱਥੇ ਗੁਪਤ ਤਰੀਕੇ ਨਾਲ ਆਪਣੀ ਸਰਗਰਮੀ ਜਾਰੀ ਰੱਖੀ ਉੱਥੇ ਇਸ ਸਮੇਂ ਦੌਰਾਨ ਨਵੀਂ ਸੇਧ ਦੇ ਕੇ ਪਰਿਵਾਰ ਦੀ ਆਰਥਿਕਤਾ ਦੀ ਕਾਇਆ ਕਲਪ ਵੀ ਕਰ ਦਿੱਤੀ। ਜੂਹਬੰਦੀ ਖ਼ਤਮ ਹੁੰਦੇ ਸਾਰ ਉਹ ਮੁੜ ਪਹਿਲਾਂ ਦੀ ਤਰ੍ਹਾਂ ਪੁਰਜ਼ੋਰ ਸਰਗਰਮੀ ਵਿਚ ਜੁੱਟ ਗਏ। ਦੂਜੀ ਸੰਸਾਰ ਜੰਗ ਦੌਰਾਨ ਹੋਰ ਆਗੂਆਂ ਦੇ ਨਾਲ ਉਹਨਾਂ ਨੂੰ ਵੀ ਜੇਲ੍ਹ ਵਿਚ ਬੰਦ ਰੱਖਿਆ ਗਿਆ। ਉਹਨਾਂ ਨੇ 1947 ਝੂਠੀ ਆਜ਼ਾਦੀ ਦਾ ਪਰਦਾਫਾਸ਼ ਕੀਤਾ ਅਤੇ ਲੋਕਾਂ ਨੂੰ ਸੱਚੀ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਦਾ ਹੋਕਾ ਦਿੱਤਾ। ਉਨ੍ਹਾਂ ਨੇ ਲਾਲ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਪੈਪਸੂ ਰਿਆਸਤਾਂ ਦੇ ਮੁਜ਼ਾਰੇ ਕਿਸਾਨਾਂ ਦੇ ਜਗੀਰਦਾਰੀ ਵਿਰੁੱਧ ਜੁਝਾਰੂ ਸੰਗਰਾਮ ਵਿਚ ਆਗੂ ਭੂਮਿਕਾ ਨਿਭਾਈ। ਲੀਡਰਸ਼ਿੱਪ ਦੀਆਂ ਇਨਕਲਾਬ ਵਿਰੋਧੀ ਨੀਤੀਆਂ ਵਿਰੁੱਧ ਅਡੋਲ ਵਿਚਾਰਧਾਰਕ-ਰਾਜਸੀ ਸਟੈਂਡ ਕਾਰਨ ਲਾਲ ਪਾਰਟੀ ਤੋਂ ਬਾਦ ਉਹਨਾਂ ਨੂੰ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨੇ ਮੈਂਬਰ ਨਹੀਂ ਲਿਆ। ਉਹ ਲੋਕਾਂ ਦੇ ਆਗੂ ਸਨ ਅਤੇ ਲੋਕਾਂ ਵਿਚ ਹਮੇਸ਼ਾ ਸਰਗਰਮ ਰਹੇ।
1930 ਤੋਂ ਲੈ ਕੇ ਸ਼ਹਾਦਤ ਦੇ ਆਖ਼ਰੀ ਪਲਾਂ ਤਕ ਉਹਨਾਂ ਦਾ ਚਾਰ ਦਹਾਕੇ ਲੰਮਾ ਰਾਜਸੀ ਸਫ਼ਰ ਇਨਕਲਾਬੀ ਨਿਹਚਾ ਅਤੇ ਵਚਨਬੱਧਤਾ ਦਾ ਮੁਜੱਸਮਾ ਹੈ। ਇਸੇ ਤਰ੍ਹਾਂ ਹੀ ਸ਼ਾਨਦਾਰ ਹੈ ਉਹਨਾਂ ਦਾ ਇਨਕਲਾਬੀ ਲਗਾਤਾਰਤਾ ਵਾਲਾ ਸਮਝੌਤਾਰਹਿਤ ਅਤੇ ਅਡੋਲ ਵਿਚਾਰਧਾਰਕ-ਰਾਜਸੀ ਸਟੈਂਡ। ਕਿਰਤੀ ਪਾਰਟੀ ਤੋਂ ਲੈ ਕੇ ਸੀ.ਪੀ.ਆਈ., ਫਿਰ ਲਾਲ ਕਮਿਊਨਿਸਟ ਪਾਰਟੀ, ਫਿਰ ਸੀ.ਪੀ.ਐੱਮ. ਅਤੇ ਆਖ਼ਿਰਕਾਰ ਨਕਸਲੀ ਲਹਿਰ, ਗੱਲ ਕੀ ਕਮਿਊਨਿਸਟ ਲਹਿਰ ਦੇ ਹਰ ਮਹੱਤਵਪੂਰਨ ਮੋੜ ਉੱਪਰ ਬਹੁਤ ਹੀ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਕਾ ਬੂਝਾ ਸਿੰਘ ਦੀ ਸਿਰਕੱਢ ਆਗੂ ਭੂਮਿਕਾ ਅਤੇ ਧੜੱਲੇਦਾਰ ਦਖ਼ਲਅੰਦਾਜ਼ੀ ਹਮੇਸ਼ਾ ਧਿਆਨ ਖਿੱਚਦੀ ਹੈ। ਉਹ ਜਿਸ ਵੀ ਪਾਰਟੀ ਵਿਚ ਰਹੇ ਹਮੇਸ਼ਾ ਜ਼ਾਤੀ ਨੇੜਤਾ, ਲਿਹਾਜ਼ਾਂ ਅਤੇ ਪੁਰਾਣੇ ਰਿਸ਼ਤਿਆਂ ਤੋਂ ਬੇਪ੍ਰਵਾਹ ਹੋ ਕੇ ਅਤੇ ਕਮਿਊਨਿਸਟ ਸਿਧਾਂਤਾਂ ਤੇ ਅਸੂਲਾਂ ਅਨੁਸਾਰ ਹਥਿਆਰਬੰਦ ਇਨਕਲਾਬ ਨੂੰ ਪ੍ਰਣਾਈ ਜੁਝਾਰੂ ਇਨਕਲਾਬੀ ਧਾਰਾ ਨਾਲ ਖੜ੍ਹੇ। 1950ਵਿਆਂ ਦੇ ਅਖ਼ੀਰ ’ਚ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਸ਼ੁਰੂ ਹੋਈ ਸਿਧਾਂਤਕ ਬਹਿਸ ਅਤੇ 1960ਵਿਆਂ ਦੇ ਸ਼ੁਰੂ ਵਿਚ ਭਾਰਤ-ਚੀਨ ਯੁੱਧ ਵਰਗੇ ਫ਼ੈਸਲਾਕੁਨ ਇਤਿਹਾਸਕ ਮੋੜਾਂ ਉੱਪਰ ਉਹਨਾਂ ਦੇ ਰਾਜਸੀ ਸਟੈਂਡ ਬੜੇ ਸਪਸ਼ਟ ਕੌਮਾਂਤਰੀਵਾਦੀ ਸਨ। ਜਦ ਖ਼ਾਸ ਦੌਰ ਵਿਚ ਉਹ ਕਮਿਊਨਿਸਟ ਜਥੇਬੰਦੀ ਤੋਂ ਬਾਹਰ ਕਰ ਦਿੱਤੇ ਗਏ, ਉਦੋਂ ਵੀ ਉਹ ਗ਼ੈਰਸਰਗਰਮ ਨਹੀਂ ਹੋਏ। ਜਿਉ ਹੀ ਮੌਕਾ ਮਿਲਿਆ ਉਹ ਮੁੜ ਸਰਗਰਮ ਰਾਜਸੀ ਭੂਮਿਕਾ ਵਿਚ ਆ ਗਏ। ਐਸੇ ਸਮਿਆਂ ’ਚ ਉਹਨਾਂ ਦਾ ਸਟੈਂਡ ਬਹੁਤ ਹੀ ਅਡੋਲ ਅਤੇ ਦਿ੍ਰੜ ਹੰੁਦਾ ਸੀ ਅਤੇ ਉਹ ਵੱਡੇ ਤੋਂ ਵੱਡੇ ਖ਼ਤਰਿਆਂ ਦਾ ਖਿੜੇ ਮੱਥੇ ਮੁਕਾਬਲਾ ਕਰਨ ਦਾ ਦਮ ਰੱਖਦੇ ਸਨ। ਉਹ ਡੂੰਘੀ ਰਾਜਸੀ ਸੂਝ ਵਾਲੇ ਆਗੂ, ਨਿਪੁੰਨ ਨੀਤੀਘਾੜੇ ਅਤੇ ਪ੍ਰਭਾਵਸ਼ਾਲੀ ਵਕਤਾ ਸਨ। ਉਸ ਦੀ ਲੋਕਾਂ ਦੀ ਨਬਜ਼ ਉੱਪਰ ਪੂਰੀ ਪਕੜ ਸੀ। ਉਹ ਮਾਰਕਸੀ ਫ਼ਲਸਫ਼ੇ ਨੂੰ ਸਾਡੇ ਆਪਣੇ ਸਮਾਜੀ ਇਤਿਹਾਸ ਵਿੱਚੋਂ ਠੋਸ ਮਿਸਾਲਾਂ ਦੇ ਕੇ ਲੋਕ ਮੁਹਾਵਰੇ ਵਿਚ ਬਿਆਨ ਕਰਨ ਦੀ ਕਲਾ ਦੇ ਧਨੀ ਸਨ। ਪਿੰਡ-ਪਿੰਡ ਉਹਨਾਂ ਵੱਲੋਂ ਲਾਏ ਸਿਧਾਂਤਕ ਸਕੂਲਾਂ ਤੋਂ ਪ੍ਰਭਾਵਿਤ ਹੋ ਕੇ ਅਣਗਿਣਤ ਨੌਜਵਾਨ ਸਮਾਜ ਨੂੰ ਬਦਲਣ ਦਾ ਸੁਪਨਾ ਲੈ ਕੇ ਨਕਸਲੀ ਲਹਿਰ ਵਿਚ ਸ਼ਾਮਲ ਹੋਏ।
ਬਾਬਾ ਭਗਤ ਸਿੰਘ ਬਿਲਗਾ ਉਹਨਾਂ ਦੀ ਦਿ੍ਰੜਤਾ ਅਤੇ ਅਡੋਲਤਾ ਬਾਰੇ ਦੱਸਦੇ ਹਨ ਕਿ ਜਦੋਂ ਨਕਸਲੀ ਲਹਿਰ ਦੌਰਾਨ ਕਾ. ਬੂਝਾ ਸਿੰਘ ਦੇ ਵਾਰੰਟ ਨਿੱਕਲੇ ਹੋਏ ਸਨ ਤਾਂ ਬਾਬਾ ਬਿਲਗਾ ਜੀ ਦੇ ਪੁੱਤਰ ਕੁਲਬੀਰ ਨੇ ਉਹਨਾਂ ਦੀ ਕਮਜ਼ੋਰ ਸਿਹਤ ਦੇ ਮੱਦੇਨਜ਼ਰ ਉਹਨਾਂ ਨੂੰ ਦੋ ਮਹੀਨੇ ਪਹਾੜਾਂ ਉੱਪਰ ਜਾ ਕੇ ਅਰਾਮ ਕਰਨ ਅਤੇ ਫਿਰ ਸਿਹਤ ਬਣਾ ਕੇ ਰਾਜਸੀ ਸਰਗਰਮੀ ਵਿਚ ਪਰਤਣ ਦੀ ਸਲਾਹ ਦਿੱਤੀ। ਅੱਗੋਂ ਉਹਨਾਂ ਦਾ ਜਵਾਬ ਉਹਨਾਂ ਦੇ ਅਟੱਲ ਇਰਾਦੇ ਦੇ ਦੀਦਾਰ ਕਰਾਉਦਾ ਹੈ। ਕਾ. ਬੂਝਾ ਸਿੰਘ ਨੇ ਕਿਹਾ ਕਿ ਸਾਡੇ ਕਹਿਣ ’ਤੇ ਜੋ ਨੌਜਵਾਨ ਲਹਿਰ ਵਿਚ ਕੁੱਦੇ ਹਨ ਉਹਨਾਂ ਨੂੰ ਪੁਲਿਸ ਦੀਆਂ ਗੋਲੀਆਂ ਨਾਲ ਉਡਾਇਆ ਜਾ ਰਿਹਾ ਹੋਵੇ ਅਤੇ ਮੈਂ ਸਿਹਤ ਬਣਾਉਣ ਦੀ ਸੋਚਾਂ, ਇਹ ਹਰਗਿਜ਼ ਨਹੀਂ ਹੋ ਸਕਦਾ। ਉਹ ਲੋਕਾਂ ਵਿਚ ਐਨੇ ਸਤਿਕਾਰੇ ਜਾਂਦੇ ਸਨ ਕਿ ਮਫ਼ਰੂਰੀ ਸਮੇਂ ਜਲੰਧਰ ਦੇ ਜੰਡਿਆਲਾ ਆਦਿ ਮਸ਼ਹੂਰ ਵੱਡੇ ਪਿੰਡਾਂ ਵਿਚ ਜਿੱਥੇ ਉਹਨਾਂ ਦੀ ਪੱਕੀ ਠਾਹਰ ਸੀ, ਉੱਥੋਂ ਗਿ੍ਰਫ਼ਤਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੀ ਸੂਹ ਲੈਣ ਲਈ ਯਤਨਸ਼ੀਲ ਇਕ ਡੀ.ਐੱਸ.ਪੀ. ਨੂੰ ਸਾਫ਼ ਸੁਣਾਉਣੀ ਕਰ ਦਿੱਤੀ ਗਈ ਸੀ ਕਿ ਉਹਨਾਂ ਪਿੰਡਾਂ ਦੇ ਲੋਕ ਬੂਝਾ ਸਿੰਘ ਦੀ ਗਿ੍ਰਫ਼ਤਾਰੀ ਨੂੰ ਬਰਦਾਸ਼ਤ ਨਹੀਂ ਕਰਨਗੇ।

ਬਾਬਾ ਬਿਲਗਾ ਕਾ. ਬੂਝਾ ਸਿੰਘ ਦੀ ਸ਼ਖਸੀਅਤ ਨੂੰ ਬਹੁਤ ਹੀ ਢੁੱਕਵੇਂ ਸ਼ਬਦਾਂ ਵਿਚ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਕਾ. ਬੂਝਾ ਸਿੰਘ ਬਹੁਪੱਖੀ ਸਿਫ਼ਤਾਂ ਦਾ ਮਾਲਕ ਸੀ। ਸ਼ੁਰੂ-ਸ਼ੁਰੂ ਵਿਚ ਚੰਗਾ ਬੁਲਾਰਾ ਅਤੇ ਅਖ਼ੀਰ ਤੱਕ ਮਾਰਕਸਵਾਦ ਦਾ ਗਿਆਨ ਦੇਣ ਵਾਲਾ ਆਹਲਾ ਅਧਿਆਪਕ। ਉਹ ਪਾਰਟੀ ਜਾਂ ਧੜੇ ਬਾਬਤ ਅਡੋਲ ਸਟੈਂਡ ਲੈਣ ਵਾਲਾ ਵਿਅਕਤੀ ਸੀ। ਇਸ ਦੇ ਬਾਵਜੂਦ ਉਹ ਕਮਿਊਨਿਸਟਾਂ ਵਿਚ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਬੜਾ ਮਿਲਾਪੜਾ ਮੰਨਿਆ ਜਾਂਦਾ ਸੀ। ਰਾਜਸੀ ਹਲਕਿਆਂ ’ਚ ਹੀ ਨਹੀਂ, ਆਪਣੇ ਪਿੰਡ ਦੇ ਦਲਿਤ ਵਿਹੜੇ ਅਤੇ ਲਹਿਰ ਦੇ ਹਮਦਰਦ ਪਰਿਵਾਰਾਂ ਵਿਚ ਵੀ ਉਹਨਾਂ ਦੀ ਸਾਦਗੀ ਅਤੇ ਅਪਣੱਤ ਦਾ ਡੂੰਘਾ ਪ੍ਰਭਾਵ ਸੀ।

ਪੁਲਿਸ ਵੱਲੋਂ ਹੁਕਮਰਾਨਾਂ ਦੇ ਇਸ਼ਾਰੇ ’ਤੇ ਉਹਨਾਂ ਨੂੰ ਨਹਾਇਤ ਬੁਜ਼ਦਿਲ ਤਰੀਕੇ ਨਾਲ ਗਿ੍ਰਫ਼ਤਾਰ ਕੀਤਾ ਗਿਆ ਅਤੇ 27-28 ਜੁਲਾਈ 1970 ਦਰਮਿਆਨ ਦੀ ਰਾਤ ਨੂੰ ਕਤਲ ਕਰਕੇ ਝੂਠਾ ਮੁਕਾਬਲਾ ਦਿਖਾ ਦਿੱਤਾ ਗਿਆ। ਬਾਦਲ ਰਾਜ ਦੇ ਇਸ ਘਿਣਾਉਣੇ ਕਾਰੇ ਦਾ ਵਿਆਪਕ ਵਿਰੋਧ ਹੋਇਆ। ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਮੁਕਾਬਲੇ ਦੀ ਜੁਡੀਸ਼ੀਅਲ ਜਾਂਚ ਕਰਾਉਣ ਤੋਂ ਵੀ ਸਾਫ਼ ਨਾਂਹ ਕਰ ਦਿੱਤੀ ਕਿਉਕਿ ਇਸ ਨਾਲ ਇਸ ਦਾ ਆਪਣਾ ਖ਼ੂਨੀ ਚਿਹਰਾ ਨੰਗਾ ਹੁੰਦਾ ਸੀ।

ਇਕ ਕਮਿਊਨਿਸਟ ਦਾ ਕਿਰਦਾਰ ਕਿਸ ਤਰ੍ਹਾਂ ਦਾ ਅਸੂਲੀ ਅਤੇ ਦਿ੍ਰੜ ਹੋਣਾ ਚਾਹੀਦਾ ਹੈ ਕਾ. ਬੂਝਾ ਸਿੰਘ ਦੀ ਜ਼ਿੰਦਗੀ ਇਸ ਦੀ ਆਦਰਸ਼ ਮਿਸਾਲ ਹੈ। ਉਹਨਾਂ ਦੀ ਦੇਣ ਅਤੇ ਕੁਰਬਾਨੀ ਸਮੁੱਚੀ ਕਮਿਊਨਿਸਟ ਲਹਿਰ ਦੇ ਚੇਤਿਆਂ ਵਿਚ ਵਸੀ ਹੋਈ ਹੈ। ਉਹਨਾਂ ਦੀ ਯਾਦ ਵਿਚ ਹਰ ਸਾਲ 28 ਜੁਲਾਈ ਨੂੰ ਚੱਕ ਮਾਈਦਾਸ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ। ਇਸ ਵਾਰ ਉਹਨਾਂ ਦੀ 50ਵਾਂ ਸ਼ਹਾਦਤ ਦਿਵਸ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ - ਸੀ.ਪੀ.ਆਈ.ਐੱਮ.ਐੱਲ.(ਨਿਊ ਡੈਮੋਕਰੇਸੀ), ਲੋਕ ਸੰਗਰਾਮ ਮੋਰਚਾ, ਇਨਕਲਾਬੀ ਕੇਂਦਰ ਪੰਜਾਬ ਅਤੇ ਇਨਕਲਾਬੀ ਜਮਹੂਰੀ ਮੋਰਚਾ ਵੱਲੋਂ ਸਾਂਝੇ ਤੌਰ ’ਤੇ ਜੋਸ਼-ਖ਼ਰੋਸ਼ ਨਾਲ ਮਨਾਇਆ ਜਾ ਰਿਹਾ ਹੈ।

Comments

Bittu

ਬਾਬਾ ਜੀ ਦੀ ਸ਼ਖਸ਼ੀਅਤ ਸਦਾ ਸਾਡੇ ਲਈ ਚਾਨਣ ਮੁਨਾਰਾ ਰਹੇਗੀ ਤੇ ਬਾਬਾ ਜੀ ਦੀ ਸ਼ਹੀਦੀ ਸਦਾ ਲੋਕ ਦੋਖੀ ਆਗੂਆਂ ਦੇ ਮੂੰਹ ਕਾਲੇ ਕਰਦੀ ਰਹੇਗੀ।

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ