“ਉਡਤਾ ਪੰਜਾਬ” -ਅਕਸੈ ਖਨੌਰੀ
Posted on:- 23-06-2016
“ਉਡਤਾ ਪੰਜਾਬ” ਫਿਲਮ ਦੀ ਸ਼ਾਇਦ ਕੋਈ ਗੱਲ ਵੀ ਨਹੀਂ ਕਰਦਾ, ਜੇਕਰ ਸੈਂਸਰ ਬੋਰਡ ਅਤੇ ਰਾਜਨੀਤਕ ਪਾਰਟੀਆਂ ਇਸ ਵੱਲ ਲੋਕਾਂ ਦਾ ਧਿਆਨ ਆਕਰਸ਼ਤ ਨਾ ਕਰਦੀਆਂ। ਪੰਜਾਬ ਦੇ ਵਿੱਚ ਵਿਧਾਨ ਸਭਾ ਚੌਣਾਂ ਨਜ਼ਦੀਕ ਹੋਣ ਕਾਰਨ “ਉਡਤਾ ਪੰਜਾਬ” ਫਿਲਮ ਤੇ ਵੀ ਰਾਜਨਿਤੀ ਹੋਣੀ ਸ਼ੁਰੂ ਹੋਈ । “ਉਡਤਾ ਪੰਜਾਬ” ਫਿਲਮ ਦੇ ਚਰਚਾ ਵਿੱਚ ਆਉਣ ਨਾਲ ਨਸ਼ਿਆਂ ਦਾ ਮੁੱਦਾ ਵੀ ਦੁਬਾਰਾ ਉੱਭਰ ਕੇ ਸਾਹਮਣੇ ਆਇਆ ਹੈ । ਸ਼੍ਰੋਮਣੀ ਅਕਾਲੀ ਦਲ, ਭਾਰਤੀਆ ਜਨਤਾ ਪਾਰਟੀ , ਸ਼ਿਵ ਸੈਨਾ ਆਦਿ ਸੱਤਾਧਾਰੀ ਪਾਰਟੀਆਂ ਨੇ ਖੁੱਲ ਕੇ ਫਿਲਮ ਦਾ ਵਿਰੋਧ ਕੀਤਾ ਅਤੇ ਸੈਂਸਰ ਬੋਰਡ ਨੂੰ ਅਪੀਲਾਂ ਵੀ ਕੀਤੀਆਂ ਗਈਆਂ ਕਿ “ਉਡਤਾ ਪੰਜਾਬ” ਨੂੰ ਰਿਲੀਜ ਨਾ ਹੋਣ ਦਿੱਤਾ ਜਾਵੇ ।
ਆਰ.ਐਸ.ਐਸ ਦੀ ਕਠਪੁਤਲੀ ਬਣੇ ਸੈਂਸਰ ਬੋਰਡ ਨੇ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਨਾ ਕਰ ਦਿੱਤੀ । ਸੱਤਾਧਾਰੀ ਪਾਰਟੀਆਂ ਦੇ ਉਲਟ ਕਾਂਗਰਸ ,ਆਮ ਆਦਮੀ ਪਾਰਟੀ ,ਬਹੁਜਨ ਸਮਾਜ ਪਾਰਟੀ , ਸਵਰਾਜ ਪਾਰਟੀ ,ਫਿਲਮੀ ਜਗਤ ਦੀਆਂ ਪ੍ਰਸਿੱਧ ਹਸਤੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ “ਉਡਤਾ ਪੰਜਾਬ” ਫਿਲਮ ਦੇ ਪੱਖ ਵਿੱਚ ਭੁਗਤੀਆਂ ਅਤੇ ਸੈਂਸਰ ਬੋਰਡ , ਕੇੱਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਫਿਲਮ ਦੇ ਵਿਸ਼ੇ ਨਸ਼ਿਆਂ ਦੇ ਮੁੱਦੇ ’ਤੇ ਘੇਰਦੀਆਂ ਰਹੀਆਂ ।
ਇਸ ਫਿਲਮ ਵਿੱਚ ਸ਼ਾਹਿਦ ਕਪੂਰ ਜ਼ੋ ਕਿ ਟੋਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਸਦੀ ਭੂਮਿਕਾ ਗਾਇਕ ਦੀ ਹੈ ਤੇ ਉਹ ਨਸ਼ਿਆਂ ਦੇ ਸੇਵਨ ਵਿਚ ਲੱਗਿਆ ਰਹਿੰਦਾ ਹੈ, ਜਿਸ ਕਾਰਨ ਉਹ ਆਪ ਅੰਦਰੋਂ ਖੋਖਲਾ ਹੋ ਜਾਂਦਾ ਹੈ । ਫਿਲਮ ਵਿਚ ਵਿਖਾਇਆ ਗਿਆ ਹੈ ਕਿ ਕਿਵੇਂ ਛੋਟੇ -ਛੋਟੇ ਬੱਚੇ ਟੋਮੀ ਗਾਇਕ ਦਾ ਪ੍ਰਭਾਵ ਕਬੂਲ ਕੇ ਨਸ਼ੇ ਕਰਨ ਲੱਗ ਪੈਂਦੇ ਹਨ, ਇਥੋਂ ਤੱਕ ਕਿ ਆਪਣੀ ਮਾਂ ਦਾ ਵੀ ਕਤਲ ਕਰ ਦਿੰਦੇ ਹਨ । ਦੂਜ਼ਾ ਮੁੱਖ ਕਿਰਦਾਰ ਆਲੀਆ ਭੱਟ ਦਾ ਹੈ ਜੋ ਕਿ ਬਿਹਾਰ ਤੋਂ ਆ ਕੇ ਪੰਜਾਬ ਵਿਚ ਖੇਤਾਂ ਵਿਚ ਕੰਮ ਕਰਦੀ ਹੈ ।ਉਸ ਵਿਚ ਵੱਧ ਪੈਸੇ ਕਮਾਉਣ ਦੀ ਲਾਲਸਾ ਹੁੰਦੀ ਹੈ। ਇਕ ਦਿਨ ਅਚਾਨਕ ਉਸਨੂੰ ਹੈਰੋਇਨ ਦਾ ਪੈਕਟ ਮਿਲ ਜਾਂਦਾ ਹੈ ਤਾਂ ਉਹ ਲਾਲਚ ਵਿਚ ਆ ਕੇ ਵੇਚਣ ਲਈ ਕਿਸੇ ਨਸ਼ਾ ਸਮਗਲਰ ਦੇ ਕੋਲ ਪਹੁੰਚ ਜਾਂਦੀ ਹੈ ।ਉਹ ਉਥੇ ਨਸ਼ਾ ਸਮਗਲਰਾਂ ਤੇ ਉਹਨਾਂ ਨਾਲ ਮਿਲੇ ਪੁਲਿਸ ਅਫਸਰਾਂ ਦੇ ਜਿਸਮਾਨੀ ਸ਼ੋਸ਼ਨ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਉਸਨੂੰ ਬਹੁਤ ਜ਼ਿਆਦਾ ਕੁੱਟਿਆ ਵੀ ਜਾਂਦਾ ਹੈ ।ਤੀਸਰਾ ਮੁੱਖ ਪਾਤਰ ਦਿਲਜੀਤ ਦਾ ਹੈ ਜੋ ਕਿ ਸਰਤਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਫਿਲਮ ਵਿਚ ਉਸਨੂੰ ਪੰਜਾਬ ਪੁਲਿਸ ਵਾਲਾ ਵਿਖਾਇਆ ਗਿਆ ਹੈ ਜੋ ਕਿ ਨਸ਼ੇ ਦੀਆਂ ਸ਼ੀਸ਼ੀਆਂ ,ਦਵਾਈਆਂ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਟਰੱਕਾਂ ਨੂੰ ਮੋਟੇ ਰੁਪਏ ਲੈ ਕੇ ਛੱਡ ਦਿੰਦਾ ਹੈ ।ਪਰ ਜਦੋਂ ਉਸਦਾ ਭਰਾ ਨਸ਼ੇ ਦੇ ਧੰਦੇ ਵਿਚ ਪੈ ਜਾਂਦਾ ਹੈ ਤਾਂ ਉਹ ਡਾਕਟਰ (ਕਰੀਨਾ ਕਪੂਰ) ਨਾਲ ਮਿਲ ਕੇ ਨਸ਼ਾ ਵੇਚਣ ਵਾਲੇ ਰਾਜ ਨੇਤਾਵਾਂ , ਪੁਲਿਸ ਅਫਸਰਾਂ ਅਤੇ ਗੁੰਡਾ ਸਮਗਲਰਾਂ ਦੀ ਲਿਸਟ ਤਿਆਰ ਕਰਦਾ ਹੈ ।ਫਿਲਮ ਦੇ ਵਿਚ ਕਲਾਤਮਕ ਪੱਖ ਵਧੀਆ ਹੈ । ਫਿਲਮ ਜਿਸ ਉਦੇਸ ਜਾਂ ਆਪਣੇ ਵਿਸੇ ਨੂੰ ਸਹੀ ਢੰਗ ਨਾਲ ਪੇਸ਼ ਕਰਨ ਵਿਚ ਸਫਲ ਨਹੀਂ ਹੋ ਸਕੀ ।ਫਿਲਮ ਨਸ਼ਿਆਂ ਦਾ ਵਪਾਰ ਕਰਨ ਵਾਲੇ ਸਿਆਸੀ, ਪੁਲਿਸ ਅਤੇ ਗੁੰਡਾ ਗਠਜੋੜ ਨੂੰ ਲੋਕਾਂ ਦੇ ਸਾਹਮਣੇ ਠੀਕ ਢੰਗ ਨਾਲ ਪੇਸ਼ ਨਹੀਂ ਕਰ ਸਕੀ ਕਿਉਂਕਿ ਆਮ ਲੋਕਾਂ ਦੇ ਸਮਝ ਵਿਚ ਇਸ ਗਠਜੋੜ ਪ੍ਰਤੀ ਵਿਚਾਰ ਉਤਪੰਨ ਹੋ ਸਕੇ ।ਫਿਲਮ ਦੇ ਵਿਚ ਗਾਲਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਹੈ। ਹਰ ਲੇਖਕ ਲਈ ਇਹ ਜ਼ਰੂਰੀ ਹੈ ਕਿ ਉਹ ਕੁਝ ਵੀ ਸਾਹਿਤਕ ਲਿਖ ਰਿਹਾ ਹੋਵੇ ਤਾਂ ਉਹ ਆਪਣੀ ਭਾਸ਼ਾ ਅਤੇ ਸ਼ੈਲੀ ਨੂੰ ਸਮਾਜਿਕ ਕਦਰਾਂ ਕੀਮਤਾਂ , ਭਾਸ਼ਾ ਦੇ ਤੱਤਾਂ ਦੀ ਮਹੱਤਤਾ , ਸਾਝੇ ਪਰਿਵਾਰਾਂ ਦੀ ਮਹੱਤਤਾ ਆਦਿ ਵਿਸ਼ਿਆਂ ਦੇ ਅਧਾਰਿਤ ਹੋਵੇ । ਕੋਈ ਵੀ ਫਿਲਮ, ਟੈਲੀ ਫਿਲਮ , ਸਕਰਿਪਟ , ਨਾਟਕ ਹਰ ਦਾ ਅੰਤ ਅਜਿਹਾ ਹੁੰਦਾ ਹੈ ਕਿ ਲੋਕਾਂ ਨੂੰ , ਸਮਾਜ ਨੂੰ ਕੋਈ ਸੁਨੇਹਾ ਦੇ ਸਕੇ । ਉਡਤਾ ਪੰਜਾਬ ਦਾ ਅੰਤ ਕੋਈ ਵਿਸ਼ਾ ਦਿਸ਼ਾ ਦੇਣ ਵਾਲਾ ਨਹੀਂ ਹੈ ।ਠੀਕ ਹੈ , ਇਸ ਫਿਲਮ ਨੇ ਪੰਜਾਬ ਦੇ ਸਮਾਜਿਕ ਮੁੱਦਿਆਂ ਨੂੰ ਪੇਸ਼ ਕੀਤਾ ਹੈ ਪਰ ਇਹ ਉਨੀ ਸਾਰਥਕ ਸਿੱਧ ਨਹੀਂ ਹੋ ਸਕੀ । ਨਸ਼ਿਆਂ ਦੇ ਮੁੱਦੇ ਤੇ ਸਘੰਸ਼ਰਸੀਲ ਜਥੇਬੰਦੀਆਂ ਤੇ ਲੋਕਾਂ ਨੂੰ ਹੀ ਲੜਨ ਲਈ ਅੱਗੇ ਆਉਣਾ ਪੈਣਾ ਹੈ ।