... ਰੁੱਤ ਬੇਈਮਾਨ ਹੋ ਗਈ - ਜਗਦੀਪ ਸਿੱਧੂ
Posted on:- 04-02-2016
ਅੱਜ ਤੋਂ ਕੁਝ ਸਾਲ ਪਹਿਲਾਂ ਇਨ੍ਹਾਂ ਦਿਨਾਂ ’ਚ ਪੰਜਾਬ ’ਚ ਫਸਲਾਂ ਨੂੰ ਦੇਖ ਕੇ ਕਿਸਾਨਾਂ ਦੇ ਚਿਹਰਿਆਂ ਤੋਂ ਚਾਅ ਨਹੀਂ ਸੀ ਚੁੱਕਿਆ ਜਾਂਦਾ ਪਰੰਤੂ ਇਸ ਸਾਲ ਪੈ ਰਹੇ ਮੀਂਹ ਤੇ ਤੇਜ਼ ਹਨ੍ਹੇਰੀ ਨੇ ਕਿਸਾਨਾਂ ਦੇ ਸਾਰੇ ਅਰਮਾਨ ਮਿੱਟੀ ’ਚ ਰੋਲ ਦਿੱਤੇ ਹਨ। ਕਈ ਥਾਵਾਂ ’ਤੇ ਗੜੇਮਾਰੀ ਹੋਣ ਕਾਰਨ ਕਣਕ ਦੀ ਫਸਲ ਬਿਲਕੁਲ ਹੀ ਤਬਾਹ ਹੋਣ ਦੇ ਕਿਨਾਰੇ ਪਹੁੰਚ ਗਈ ਹੈ। ਪਹਿਲਾਂ ਤੋਂ ਹੀ ਚਿੱਟੀ ਮੱਖੀ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦਾ ਸੰਤਾਪ ਹੰਢਾ ਰਹੇ ਕਿਸਾਨਾਂ ’ਤੇ ਇੱਕ ਹੋਰ ਬਿਪਤਾ ਆਣ ਪਈ ਹੈ। ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਇਸ ਤਰ੍ਹਾਂ ਬੇਜਾਨ ਜਿਹੀ ਹੋ ਕੇ ਧਰਤੀ ’ਤੇ ਲਿਟੀ ਵੇਖਕੇ ਕਿਸਾਨ ਅੰਦਰੋ-ਅੰਦਰੀ ਝੁਰ ਰਹੇ ਹਨ।
ਕਿਸਾਨਾਂ ਦੀ ਅੰਦਰੂਨੀ ਹਾਲਤ ਦਾ ਤਾਂ ਉਨ੍ਹਾਂ ਦੇ ਬੇਜਾਨ ਤੇ ਨੀਰਸ ਹੋਏ ਚਿਹਰਿਆਂ ਤੋਂ ਸਪੱਸ਼ਟ ਹੀ ਪਤਾ ਚੱਲ ਰਿਹਾ ਹੈ। ਬੀਜਾਂ ਤੇ ਰੇਹਾਂ-ਸਪਰੇਆਂ ’ਤੇ ਅਣਗਿਣਤ ਰੂਪ ਨਾਲ ਖਰਚ ਕਰਕੇ ਕਿਸਾਨਾਂ ਵੱਲੋਂ ਬਹੁਤ ਸਾਰੀਆਂ ਉਮੀਦਾਂ ਨਾਲ ਕਣਕ ਦੀ ਫਸਲ ਬੀਜੀ ਗਈ ਸੀ ਪਰੰਤੂ ਹਰ ਰੋਜ਼ ਵਾਂਗ ਆ ਰਹੇ ਮੀਂਹ ਨੇ ਤੇ ਤੇਜ਼ ਝੱਖੜ ਨੇ ਕਿਸਾਨਾਂ ਦੇ ਸਾਰੇ ਅਰਮਾਨ ਰੋਲ ਕੇ ਰੱਖ ਦਿੱਤੇ ਹਨ।
ਨਰਮੇ ਦੀ ਫਸਲ ਤਬਾਹ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਕਣਕ ਦੀ ਫਸਲ ’ਤੇ ਹੀ ਕਰਜ਼ਾ ਸਿਰੋਂ ਲਹਾਉਣ ਦੀ ਆਸ ਰੱਖੀ ਸੀ, ਜੋ ਕਿਸੇ ਪਾਸਿਓਂ ਵੀ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਪਿਛਲੇ 2-3 ਸਾਲਾਂ ਤੋਂ ਇਸੇ ਤਰਾਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਕੇ ਤਬਾਹ ਹੋ ਰਹੀਆਂ ਫਸਲਾਂ ਨੂੰ ਦੇਖ ਕੇ ਮੈਨੂੰ ਸੁਰਜੀਤ ਪਾਤਰ ਜੀ ਵੱਲੋਂ ਲਿਖੀਆਂ ਗਈਆਂ ਕੁਝ ਸਤਰਾਂ ਯਾਦ ਆ ਗਈਆਂ ਜੋ ਉਨ੍ਹਾਂ ਨੇ ਸ਼ਾਇਦ ਫਸਲਾਂ ਦੇ ਇਸ ਤਰਾਂ ਹੋ ਰਹੇ ਉਜਾੜੇ ਨੂੰ ਦੇਖਦਿਆਂ ਹੀ ਲਿਖੀਆਂ ਸਨ, ਉਹ ਸਤਰਾਂ ਇਸ ਤਰਾਂ ਹਨ:-‘ ਕਿੱਥੇ ਰੱਖਲਾਂ ਲੁਕੋ ਕੇ ਤੈਨੂੰ ਕਣਕੇ,
ਨੀਂ ਰੁੱਤ ਬੇਈਮਾਨ ਹੋ ਗਈ’
ਉਨ੍ਹਾਂ ਵੱਲੋਂ ਲਿਖੀਆਂ ਗਈਆਂ ਇਹ ਸਤਰਾਂ ਕਿਸਾਨਾਂ ਦੀ ਅੰਦਰਲੀ ਪੀੜ ਨੂੰ ਬਾਖੂਬੀ ਬਿਆਨ ਕਰਦੀਆਂ ਹਨ, ਜੋ ਫਸਲਾਂ ਦੇ ਉਜਾੜੇ ਕਾਰਨ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ। ਭਾਵੇਂ ਕਿ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਤਬਾਹ ਹੋਈਆਂ ਫਸਲਾਂ ਦੇ ਜਾਇਜ਼ੇ ਲੈ ਕੇ ਇਸ ਸਬੰਧੀ ਸਰਕਾਰ ਤੋਂ ਮੁਆਵਜ਼ਾ ਦਿਵਾਉਣ ਦੀ ਗੱਲ ਆਖੀ ਜਾ ਰਹੀ ਹੈ ਪਰੰਤੂ ਇਹ ਵੀ ਸਿਰਫ ਸਿਆਸੀ ਲਾਹਾ ਲੈਣ ਦਾ ਹੀ ਇੱਕ ਤਰੀਕਾ ਹੈ। ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਸ ਤਰਾਂ ਭੋਲੇ ਕਿਸਾਨਾਂ ਨੂੰ ਨਰਮੇ ਦੀ ਫਸਲ ਦਾ ਨਿਗੂਣਾ ਜਿਹਾ ਮੁਆਵਜ਼ਾ ਦਿੱਤਾ ਗਿਆ ਸੀ, ਉਸੇ ਤਰਾਂ ਹੀ ਇਸ ਵਾਰ ਫਿਰ ਕਿਸਾਨਾਂ ਨਾਲ ਮੁਆਵਜ਼ੇ ਦੇ ਨਾਮ ’ਤੇ ਕੋਝਾ ਮਜ਼ਾਕ ਕੀਤਾ ਜਾਵੇਗਾ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਮੁਆਵਜ਼ੇ ਦੇ ਚੈੱਕ ਅਜੇ ਤੱਕ ਵੀ ਕਈ ਪਿੰਡਾਂ ਦੇ ਕਿਸਾਨਾਂ ਨੂੰ ਨਹੀਂ ਮਿਲੇ ਹਨ ਤੇ ਜਿਨ੍ਹਾਂ ਨੂੰ ਮਿਲੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਦੇ ਚੈੱਕ ਬਾਊਂਸ ਹਨ। ਕਿਸਾਨਾਂ ਵੱਲੋਂ ਫਸਲਾਂ ਦਾ ਜਾਇਜ਼ ਮੁਆਵਜ਼ਾ ਲੈਣ ਲਈ ਭਾਵੇਂ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਹਨ ਪਰੰਤੂ ਕਿਸਾਨਾਂ ਨੇ ਜਿੰਨੀ ਵਾਰ ਵੀ ਧਰਨਾ ਪ੍ਰਦਰਸ਼ਨ ਕੀਤਾ ਹੈ, ਉਨੀ ਵਾਰ ਕਿਸਾਨਾਂ ਨੂੰ ਸਿਵਾਏ ਪੁਲਿਸ ਦੀਆਂ ਡਾਂਗਾਂ ਤੋਂ ਕੁਝ ਵੀ ਹਾਸਲ ਨਹੀਂ ਹੋਇਆ ਹੈ। ਹੁਣ ਇੱਕ ਵਾਰ ਫਿਰ ਤੋਂ ਕਣਕ ਦੀ ਫਸਲ ਦਾ ਉਜਾੜਾ ਹੋ ਜਾਣ ਕਾਰਨ ਕਿਸਾਨ ਪਿਆਸੀਆਂ ਨਜ਼ਰਾਂ ਨਾਲ ਸਰਕਾਰ ਦੇ ਕਿਸੇ ਵੱਡੇ ਐਲਾਨ ਦੀ ਉਡੀਕ ਕਰ ਰਹੇ ਹਨ ਪਰੰਤੂ ਹਰ ਵਾਰ ਦੀ ਤਰਾਂ ਕਹਾਣੀ ਉਹੀ ਹੀ ਹੋਵੇਗੀ ਕਿਸੇ ਪੰਜਾਬੀ ਗਾਇਕ ਨੇ ਵੀ ਸੱਚ ਹੀ ਕਿਹਾ ਹੈ ਕਿ ‘ਜੱਟ ਦੀ ਜੂਨ ਬੁਰੀ, ਤੜਫ-ਤੜਫ ਮਰ ਜਾਣਾ’ ਜੱਟ ਰੂਪੀ ਕਿਸਾਨ ਵੱਲੋਂ ਮਹਿੰਗੇ ਬੀਜ ਬੀਜ ਕੇ, ਮਹਿੰਗੀਆਂ ਰੇਹਾਂ-ਸਪਰੇਆਂ ਦਾ ਪ੍ਰਯੋਗ ਕਰਕੇ, ਪੋਹ-ਮਾਘ ਦੀ ਰਾਤਾਂ ’ਚ ਪਾਣੀ ਲਗਾ ਕੇ, ਜੇਠ-ਹਾੜ ਦੀਆਂ ਤੇਜ਼ ਧੁੱਪਾਂ ’ਚ ਸਖਤ ਮਿਹਨਤ ਕਰਕੇ ਫਸਲਾਂ ਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਜਾਂਦਾ ਹੈ। ਪਰ ਪਤਾ ਨੀਂ ਕਿਸਾਨਾਂ ਨੇ ਰੱਬ ਦੇ ਕਿਹੜੇ ਮਾਂਹ ਮਾਰੇ ਹਨ ਜੋ ਹਰ ਸਾਲ ਫਸਲ ਪੱਕ ਜਾਣ ’ਤੇ ਫਲ ਹੱਥ ਆਉਣ ਵੇਲੇ ਕੁਦਰਤੀ ਕਰੋਪੀ ਜਾਂ ਭਿ੍ਰਸ਼ਟਾਚਾਰੀ ਲੀਡਰਾਂ ਦੀਆਂ ਅਣਗਹਿਲੀਆਂ ਕਾਰਨ ਕਿਸਾਨ ਹੱਥ ਨਿਰਾਸ਼ਾ ਤੋਂ ਬਿਨਾ ਕੁਝ ਵੀ ਪੱਲੇ ਨਹੀਂ ਪੈਂਦਾ ਹੈ। ਕਿਸਾਨ ਖੇਤਾਂ ਦਾ ਰਾਜਾ ਬਣਦਾ-ਬਣਦਾ ਫਿਰ ਤੋਂ ਕੰਗਾਲੀ ਵਾਲੀ ਹਾਲਤ ’ਚ ਪਹੁੰਚ ਜਾਂਦਾ ਹੈ। ਸਰਕਾਰ ਵੱਲੋਂ ਵੀ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਵਿਰੋਧੀ ਪਾਰਟੀਆਂ ਵਾਲੇ ਕਿਸਾਨਾਂ ਦੀ ਇਸ ਹਾਲਤ ਦਾ ਫਾਇਦਾ ਉਠਾ ਕੇ ਝੂਠੇ ਵਾਅਦੇ ਕਰਕੇ ਆਪਣੀਆਂ ਸਿਆਸੀਆਂ ਰੋਟੀਆਂ ਸੇਕਣ ’ਚ ਲੱਗ ਜਾਂਦੇ ਹਨ। ਪਰ ਕਿਸਾਨਾਂ ਦੇ ਦਿਲਾਂ ਅੰਦਰ ਦੱਬੀ ਪੀੜ ਨੂੰ ਕਿਸਾਨਾਂ ਤੋਂ ਬਿਨਾ ਕੋਈ ਵੀ ਸਮਝ ਨਹੀਂ ਸਕਦਾ। ਹੁਣ ਦੇਖਣਾ ਇਹ ਹੋਵੇਗਾ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਸਬੰਧੀ ਵਿਰੋਧੀ ਪਾਰਟੀਆਂ ਸਰਕਾਰ ਨੂੰ ਇਸ ਮੁੱਦੇ ’ਤੇ ਘੇਰ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨਗੀਆਂ ਜਾਂ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੱਡਾ ਐਲਾਨ ਕਰਕੇ ਕਿਸਾਨਾਂ ਦਾ ਦਰਦ ਘਟਾਇਆ ਜਾਵੇਗਾ।ਸੰਪਰਕ: +91 86849 04969
parkash malhar
weldone jagdeep , lagge raho