ਆਧੁਨਿਕ ਭਾਰਤ ਦੇ ਪ੍ਰਤੀਭਾਸ਼ਾਲੀ ਇਤਿਹਾਸਕਾਰ ਬਿਪਨ ਚੰਦਰਾ -ਇਰਫ਼ਾਨ ਹਬੀਬ
Posted on:- 22-09-2014
ਭਾਰਤ ਦੇ ਮੁੱਢਲੇ ਇਤਿਹਾਸਕਾਰਾਂ ਵਿੱਚੋਂ ਇੱਕ ਅਤੇ ਵਿਗਿਆਨਕ ਸੁਭਾਅ ਵਾਲੇ ਅਤੇ ਧਰਮ-ਨਿਰਪੱਖਤਾ ਦੇ ਸਮਝੌਤਾਹੀਣ ਰਾਖੇ ਬਿਪਨ ਚੰਦਰਾ ਦਾ 30 ਅਗਸਤ 2014 ਨੂੰ ਸਵੇਰੇ ਦਿਹਾਂਤ ਹੋ ਗਿਆ। ਅਖ਼ਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਦੋਨਾਂ ਵਿੱਚ ਹੀ ਉਨ੍ਹਾਂ ਦੀ ਮੌਤ ਦੀਆਂ ਵਿਆਪਕ ਖ਼ਬਰਾਂ ਆਈਆਂ। ਨਾਲ ਹੀ ਅਨੇਕ ਸ਼ਰਧਾਂਜਲੀਆਂ ਵੀ ਛਪੀਆਂ ਅਤੇ ਉਨ੍ਹਾਂ ਦੇ ਜੀਵਨ ’ਤੇ ਟਿੱਪਣੀਆਂ ਲਿਖੀਆਂ ਗਈਆਂ। ਵਾਸਤਵ ਵਿੱਚ ਇਹ ਇਸ ਲਈ ਹੋਇਆ ਕਿਉਂਕਿ ਬਿਪਨ ਚੰਦਰਾ ਦੀ ਮੌਤ ਸਿਰਫ਼ ਅਕਾਦਮਿਕ ਬਰਾਦਰੀ ਦੇ ਲਈ ਹੀ ਨਹੀਂ ਬਲਕਿ ਸਾਡੇ ਦੇਸ਼ ਦੇ ਸਾਰੇ ਵਿਚਾਰਵਾਨ ਲੋਕਾਂ ਦੇ ਲਈ ਵੀ ਇੱਕ ਵੱਡਾ ਘਾਟਾ ਹੈ।
ਬਿਪਨ ਚੰਦਰਾ ਦਾ ਜਨਮ 1928 ਵਿੱਚ ਕਾਂਗੜਾ (ਹੁਣ ਹਿਮਾਚਲ ਪ੍ਰਦੇਸ਼) ਵਿੱਚ ਹੋਇਆ। ਜਿਸ ਤਰ੍ਹਾਂ ਕਿ ਪੁਰਾਣੇ ਪੰਜਾਬ ਵਿੱਚ ਰਵਾਇਤ ਸੀ, ਉਨ੍ਹਾਂ ਦੀ ਆਰੰਭਿਕ ਸਿੱਖਿਆ ਉਰਦੂ ਵਿੱਚ ਹੋਈ ਅਤੇ ਜਿਸ ਤਰ੍ਹਾਂ ਕਿ ਉਨ੍ਹਾਂ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਉਹ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਖੁਸ਼ ਸਨ, ਜਦੋ ਉਰਦੂ ਦਾ ਕੋਈ ਨਾਵਲ ਉਨ੍ਹਾਂ ਦੀ ਕੱਛ ’ਚ ਹੁੰਦਾ ਸੀ। ਉਨ੍ਹਾਂ ਨੇ ਫੋਰਮੈਨ ਕ੍ਰਿਸ਼ਚਿਅਨ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ।
ਦੇਸ਼ ਵੰਡ ਸਮੇਂ ਉਨ੍ਹਾਂ ਨੂੰ ਇਹ ਕਾਲਜ ਛੱਡਣਾ ਪਿਆ। ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ, ਜਿਥੇ ਉਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਦੇ ਲਈ ਸਟੈਨਫੋਰਡ ਯੂਨੀਵਰਸਿਟੀ (ਕੈਲੇਫੋਰਨੀਆ) ਵਿੱਚ ਪੜ੍ਹਾਈ ਕੀਤੀ। ਉਥੇ ਹੀ ਉਨ੍ਹਾਂ ਦਾ ਕਮਿਊਨਿਸਟਾਂ ਨਾਲ ਸੰਪਰਕ ਹੋਇਆ ਅਤੇ ਫਿਰ ਸੀਨੇਟਰ ਮੈਕਾਰਥੀ ਦੀ ਕਮਿਊਨਿਸਟ ਵਿਰੋਧੀ ਮੁਹਿੰਮ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ।
ਪੰਜਾਹ ਦੇ ਦਹਾਕੇ ਦੇ ਆਰੰਭਿਕ ਸਾਲਾਂ ਵਿੱਚ ਦਿੱਲੀ ਆਉਣ ’ਤੇ ਬਿਪਨ ਚੰਦਰਾ ਦਿੱਲੀ ਦੇ ਹਿੰਦੂ ਕਾਲਜ ਵਿੱਚ ਇਤਿਹਾਸ ਦੇ ਲੈਕਚਰਾਰ ਨਿਯੁਕਤ ਹੋ ਗਏ। ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਦਿੱਲੀ ਵਿੱਚ ਨਹੀਂ ਹੋਈ ਬਲਕਿ ਅਲੀਗੜ੍ਹ ਵਿੱਚ 1959 ਵਿੱਚ ਹੋਈ। ਉਹ ਇਨਕਵਾਇਰੀ ਪੱਤਰਕਾ ਦੇ ਲਈ ਮਦਦ ਦੀ ਤਲਾਸ਼ ਵਿੱਚ ਆਏ ਸਨ, ਜਿਸ ਨੂੰ ਕੱਢਣ ਦੀ ਯੋਜਨਾ ਉਹ ਅਤੇ ਕੁਝ ਦੂਸਰੇ ਮਾਰਕਸਵਾਦੀ ਵਿਦਵਾਨ ਬਣਾ ਰਹੇ ਸਨ। ਇਨ੍ਹਾਂ ਵਿੱਚ ਸਿਰਫ਼ ਮਾਰਕਸਵਾਦੀ ਸੋਚ ਵਾਲੇ ਲੇਖ ਹੀ ਨਹੀਂ ਛਾਪਣੇ ਸਨ ਜਦੋਂਕਿ ਕੁਝ ਦੂਸਰੇ ਗੰਭੀਰ ਲੇਖ ਅਤੇ ਖਾਸ ਤੌਰ ’ਤੇ ਸਮਾਜ ਵਿਗਿਆਨ ਦੇ ਵਿਸ਼ਿਆਂ ਨਾਲ ਸਬੰਧਤ ਲੇਖਾਂ ਨੂੰ ਛਾਪਣ ਦੀ ਯੋਜਨਾ ਵੀ ਸੀ।
ਉਸ ਸਮੇਂ ਬਿਪਨ ਚੰਦਰਾ ਖੁਦ ਆਪਣੀ ਪੀ ਐਚ ਡੀ ਦੇ ਥੀਸਿਸ ਹੇਠ ’ਤੇ ਕੰਮ ਕਰ ਰਹੇ ਸਨ, ਜਿਸ ਨੂੰ ਪੀਪਲ ਪਬਲਿਸ਼ਿੰਗ ਹਾਊਸ ਨੇ 1966 ਵਿੱਚ ਰਾਇਜ਼ ਐਂਡ ਗ੍ਰੋਥ ਆਫ਼ ਇਕਨੋਮਿਕ ਨੈਸ਼ਨਾਲਿਜ਼ਮ ਇਨ ਇੰਡੀਆ, 1880-1905 ਟਾਇਟਲ ਹੇਠ ਪ੍ਰਕਾਸ਼ਿਤ ਕੀਤਾ ਸੀ। ਇਹ ਆਪਣੀ ਤਰ੍ਹਾਂ ਦਾ ਔਖਾ ਕੰਮ ਸੀ ਜਿਸ ਵਿੱਚ ਉਨ੍ਹਾਂ ਵਿਆਪਕ ਆਰਥਿਕ ਮੁੱਦਿਆਂ ਦੀ ਪੂਰੀ ਤਰ੍ਹਾਂ ਨਾਲ ਪੜਤਾਲ ਕੀਤੀ ਗਈ ਸੀ, ਜਿਨ੍ਹਾਂ ’ਤੇ ਸਾਡੇ ਸ਼ੁਰੂਆਤੀ ਰਾਸ਼ਟਰਵਾਦੀ, ਬਿ੍ਰਟਿਸ਼ ਸਾਮਰਾਜਵਾਦ ਨਾਲ ਟਕਰਾਏ ਸੀ।
ਜਿਸ ਤਰ੍ਹਾਂ ਨਾਲ ਵੱਖ-ਵੱਖ ਖੇਤਰਾਂ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ ਮੈਗਜ਼ੀਨਾਂ ’ਤੇ ਅਖ਼ਬਾਰਾਂ ਤੋਂ ਉਨ੍ਹਾਂ ਨੇ ਸਮੱਗਰੀ ਇਕੱਠੀ ਕੀਤੀ ਸੀ ਉਹ ਹੈਰਾਨੀਜਨਕ ਸੀ ਓਨੀ ਹੀ ਹੈਰਾਨੀਜਨਕ ਸੀ ਉਨ੍ਹਾਂ ਦੀ ਯੋਗਤਾ ਜਿਹੜੀ ਸਪੱਸ਼ਟ ਵਿਸ਼ਲੇਸ਼ਣ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਕਾਮਰੇਡ ਈਐਮਐਸ ਨਬੂਦਰੀਪਾਦ ਨੂੰ, ਜੋ ਇਸ ਤਰ੍ਹਾਂ ਦੇ ਆਲੋਚਕ ਸਨ ਜਿਨ੍ਹਾਂ ਨੂੰ ਖੁਸ਼ ਕਰਨਾ ਅਤੇ ਸੰਤੁਸ਼ਟ ਕਰਨਾ ਬਹੁਤ ਸੌਖਾ ਨਹੀਂ ਸੀ, ਪੀਪਲਜ਼ ਡੈਮੋਕਰੇਸੀ (14 ਅਗਸਤ 1966) ਵਿੱਚ ਇਸ ਦੀ ਇਕ ਬਹੁਤ ਹੀ ਅਨੁਕੂਲ ਸਮੀਖਿਆ ਲਿਖੀ ਗਈ ਸੀ। ਉਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਸੀ ਕਿ ਬਿਪਨ ਚੰਦਰਾ ਨੇ ਅਨੇਕ ਰਾਸ਼ਟਰਵਾਦੀ ਰੁਖਾਂ ਦੇ ਵਰਗ ਆਧਾਰਾਂ ’ਤੇ ਜ਼ਿਆਦਾ ਧਿਆਨ ਨਹੀਂ ਦਿੱਤਾ।
ਬਿਪਨ ਚੰਦਰਾ ਦੇ ਪੱਖ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਉਦੋਂ ਕੀਤਾ ਜਦੋਂ ਵਰਗ ਅਤੇ ਵਿਰੋਧ ਦੇ ਵਿਚਕਾਰ ਦਾ ਸਬੰਧ ਸਪੱਸ਼ਟ ਸੀ ਜਿਸ ਤਰ੍ਹਾਂ ਕਿ ਫੈਕਟਰੀ ਕਾਨੂੰਨ ਦੀਆਂ ਰਾਸ਼ਟਰਵਾਦੀ ਆਲੋਚਨਾਵਾਂ ਵਿੱਚ ਦੇਖਿਆ ਜਾ ਸਕਦਾ ਹੈ। ਪਰ ਦੂਸਰੇ ਪਹਿਲੂਆਂ ’ਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਸਵਾਲ ਨਹੀਂ ਉਠਾਏ ਕਿਉਂਕਿ ਇਹ ਸਬੰਧ ਕਾਫ਼ੀ ਦੂਰ ਦੇ ਸਨ ਅਤੇ ਉਨ੍ਹਾਂ ਦੇ ਬਾਰੇ ਵਿੱਚ ਅਨੁਮਾਨ ਹੀ ਲਗਾਏ ਜਾ ਸਕਦੇ ਸਨ।
ਉਨ੍ਹਾਂ ਦਾ ਪ੍ਰਮੁੱਖ ਮਕਸਦ ਇਹ ਦਿਖਾਉਣ ਦਾ ਸੀ ਕਿ ਸਮਾਜਵਾਦੀ ਆਰਥਿਕ ਨੀਤੀਆਂ ਦੇ ਭਾਰਤੀ ਆਲੋਚਕਾਂ ਨੇ ਇਕ ਵੱਡੇ ਪੱਧਰ ’ਤੇ ਆਧਾਰ ਬਣਾਇਆ ਸੀ ਅਤੇ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਅੰਦੋਲਨ ਨੂੰ ਇਕ ਵਿਚਾਰਕ ਤੰਤਰ ਮੁਹੱਈਆ ਕਰਵਾਇਆ ਸੀ ਜਿਸ ਨੇ ਉਨ੍ਹਾਂ ਨੂੰ ਨਾ ਸਿਰਫ਼ ਭਾਰਤੀ ਮੱਧ ਵਰਗ ਨੂੰ ਅਪੀਲ ਕਰਨ ਵਿੱਚ ਸਫ਼ਲ ਬਣਾਇਆ ਬਲਕਿ ਸਾਰੇ ਖੇਤਰੀ ਅਤੇ ਧਾਰਮਿਕ ਬੰਧਨਾਂ ਤੋਂ ਪਾਰ ਜਾਕੇ ਭਾਰਤੀ ਗਰੀਬਾਂ ਨੂੰ ਵੀ ਅਪੀਲ ਕਰਨ ਵਿੱਚ ਸਫ਼ਲ ਬਣਾਇਆ ਸੀ। ਮੈਨੂੰ ਲੱਗਦਾ ਹੈ ਕਿ ਇਸ ਪੁਸਤਕ ਦਾ ਇਹੀ ਦਸਤਾਵੇਜ਼ੀ ਸੰਦੇਸ਼ ਉਸ ਨੂੰ ਇੰਨਾ ਮਹੱਤਵਪੂਰਨ ਬਣਾਉਂਦਾ ਹੈ।
ਸ਼ੁਰੂਆਤੀ ਭਾਰਤੀ ਰਾਸ਼ਟਰਵਾਦ ਦੀਆਂ ਪ੍ਰਮੁੱਖ ਚਿੰਤਾਵਾਂ ਵਿੱਚੋਂ ਇਕ ਚਿੰਤਾ ਅਨਸਨਤੀਕਰਨ ਦੀ ਪ੍ਰਕਿਰਿਆ ਦੀ ਸੀ ਜਿਸ ਨੂੰ ਭਾਰਤ ਵਿੱਚ ਬਸਤੀਵਾਦੀਆਂ ਨੇ ਪੈਦਾ ਕੀਤਾ ਸੀ। ਜਦੋਂਕਿ ਅਮਰੀਕੀ ਵਿਦਵਾਨ ਮੋਰਿਸ ਡੀ ਮੋਰਿਸ ਨੇ ਬਸਤੀਵਾਦੀ ਸ਼ੋਸ਼ਣ ਅਤੇ ਖਾਸ ਤੌਰ ’ਤੇ ਵਿਸ਼ਵ ਅਨਸਨਤੀਕਰਨ ’ਤੇ ਸੰਦੇਹ ਖੜ੍ਹਾ ਕਰਦੇ ਹੋਏ ਇਕ ਲੇਖ ਲਿਖਿਆ ਤਾਂ ਬਿਪਨ ਚੰਦਰਾ ਨੇ 1968 ਵਿੱਚ ਇੰਡੀਅਨ ਇਕਨੋਮਿਕ ਐਂਡ ਸ਼ੋਸ਼ਲ ਹਿਸਟਰੀ ਰਿਵਿਊ ਵਿੱਚ ਇਸ ਦਾ ਮੂੰਹਤੋੜ ਜਵਾਬ ਦਿੱਤਾ ਸੀ। ਇਹ ਇੱਕ ਬਹੁਤ ਹੀ ਪ੍ਰਭਾਵੀ ਲੇਖ ਸੀ ਅਤੇ ਆਪਣੇ ਵਿਚਾਰਾਂ ਵਿੱਚ ਮੈਂ ਇਹ ਕਹਿ ਸਕਦਾ ਹਾਂ ਕਿ ਉਨੀਵੀਂ ਸਦੀ ਦੇ ਭਾਰਤੀ ਆਰਥਿਕ ਇਤਿਹਾਸ ਦੇ ਮੇਰੇ ਸਾਰੇ ਨਰਮ ਅਧਿਐਨ ਵਿੱਚ ਇਹ ਪ੍ਰੇਰਨਾ ਦਾ ਮੌਲਿਕ ਸਰੋਤ ਸੀ।
ਸੱਠ ਮੁੱਦਿਆਂ ਦਹਾਕੇ ਵਿੱਚ ਬਿਪਨ ਚੰਦਰਾ ਇਨਕੁਆਰੀ ਪੱਤਰਕਾ ਦੇ ਪਿੱਛੇ ਮੁੱਖ ਸੰਚਾਲਕ ਸ਼ਕਤੀ ਬਣੇ ਰਹੇ ਜੋ ਕਿ ਮਾਰਕਸਵਾਦੀਆ ਵਿੱਚ ਭਾਰੀ ਫੁੱਟ ਦਾ ਦੌਰ ਸੀ ਅਤੇ ਇਸ ਪੱਤਰਿਕਾ ਨੇ ਮੁੱਦਿਆਂ ਨੂੰ ਸਪੱਸ਼ਟ ਕਰਨ ਵਿੱਚ ਬੜੀ ਅਹਿਮ ਭੂਮਿਕਾ ਅਦਾ ਕੀਤੀ ਸੀ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਥਾਪਨਾ ਦੇ ਤੁਰੰਤ ਬਾਅਦ ਹੀ ਬਿਪਨ ਚੰਦਰਾ ਉਸ ਦੇ ਸੈਂਟਰ ਫਾਰ ਹਿਸਟੋਰੀਕਲ ਸਟਡੀਜ਼ ਵਿੱਚ ਪ੍ਰੋਫੈਸਰ ਬਣਕੇ ਉਥੇ ਚਲੇ ਗਏ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਹ ਜੇ ਐਨ ਯੂ ਨੂੰ ਇਕ ਇਸ ਤਰ੍ਹਾਂ ਦੇ ਭਾਈਚਾਰੇ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ ਜਿਥੇ ਪ੍ਰੋਫੈਸਰ ਅਤੇ ਚਪੜਾਸੀ ਇਕ ਹੀ ਮੇਜ਼ ’ਤੇ ਬੈਠ ਸਕਣ। ਅਸਲ ਜੀਵਨ ਸਾਡੇ ਸੁਪਨਿਆਂ ਤੋਂ ਕਿਤੇ ਜ਼ਿਆਦਾ ਜਟਿਲ ਹੁੰਦਾ ਹੈ, ਪਰ ਜਦੋਂ ਜੇ ਐਨ ਯੂ ਵਿੱਚ ਜਨਤੰਤਰ ਦੀ ਭਾਵਨਾ ਕਿਤੇ ਜ਼ਿਆਦਾ ਨਜ਼ਰ ਆਉਂਦੀ ਹੈ ਅਤੇ ਇਸ ਦੇ ਪਰਿਸਰ ਵਿੱਚ ਇਸ ਤਰ੍ਹਾਂ ਦੀਆਂ ਦੂਸਰੇ ਅਨੇਕ ਸੰਸਥਾਵਾਂ ਦੇ ਮੁਕਾਬਲੇ ਜ਼ਿਆਦਾ ਸਮਾਨਤਾ ਦਿਖਾਈ ਦਿੰਦੀਆਂ ਹਨ ਤਾਂ ਸਾਨੂੰ ਇਸ ਦਾ ਸਿਹਰਾ ਉਸ ਪਹਿਲੀ ਯੂਟੋਪਿਅਨ ਪੀੜ੍ਹੀ ਨੂੰ ਦੇਣਾ ਹੋਵੇਗਾ ਜਿਸ ਨਾਲ ਬਿਪਨ ਚੰਦਰਾ ਸਬੰਧਿਤ ਹਨ। ਸੱਤਰ ਦੇ ਦਹਾਕੇ ਵਿੱਚ ਬਿਪਨ ਚੰਦਰਾ ਨੇ ਜਿਸ ਇਕ ਪ੍ਰਮੁੱਖ ਉੱਦਮ ’ਤੇ ਕੰਮ ਕਰਨਾ ਸ਼ੁਰੂ ਕੀਤਾ ਉਹ ਸੀ ਐਨ ਸੀ ਏ ਆਈ ਆਰ ਟੀ ਦੇ ਲਈ ਆਧੁਨਿਕ ਭਾਰਤ ’ਤੇ ਲਿਖੀ ਗਈ ਉਨ੍ਹਾਂ ਦੀ ਸਕੂਲੀ ਪਾਠ ਪੁਸਤਕ। ਇਤਿਹਾਸ ਦੀ ਇਹ ਇਕ ਆਦਰਸ਼ ਪਾਠ ਪੁਸਤਕ ਹੈ। ਇਸ ਵਿੱਚ ਅਤੇ ਰਾਸ਼ਟਰੀ ਸੰਗਰਾਮ ਦੀ ਇਕ ਸਪੱਸ਼ਟ ਰੂਪ ਰੇਖਾ ਪੇਸ਼ ਕੀਤੀ ਗਈ ਹੈ। ਇਤਿਹਾਸ ਅਤੇ ਆਰਥਿਕ, ਸਮਾਜਿਕ, ਸਭਿਆਚਾਰਕ ਸਥਿਤੀ ਦੇ ਦੂਸਰੇ ਪਹਿਲੂਆਂ ਨੂੰ ਵੀ ਅਣਗੋਲੇ ਨਹੀਂ ਕੀਤਾ ਗਿਆ। ਸਾਲ 1977 ਵਿੱਚ ਪ੍ਰਕਾਸ਼ਿਤ ਇਸ ਪੁਸਤਕ ’ਤੇ ਆਰ ਐਸ ਐਸ ਅਤੇ ਦੂਸਰੇ ਲੋਕਾਂ ਦੇ ਵੱਲੋਂ ਹਿੰਸਕ ਹਮਲੇ ਹੋਏ ਅਤੇ ਕੇਂਦਰ ’ਚ ਪਹਿਲੀ ਭਾਜਪਾ ਸਰਕਾਰ ਆਉਣ ’ਤੇ 2001 ਵਿੱਚ ਇਸ ਨੂੰ ਪਾਠਕ੍ਰਮ ਤੋਂ ਹਟਾ ਦਿੱਤਾ ਗਿਆ। ਬਹਰਹਾਲ ਵਰਗ 2009 ਵਿੱਚ ਇਸ ਦਾ ਪੁਨਰ ਪ੍ਰਕਾਸ਼ਨ ਹੋਇਆ।
ਸੱਤਰ ਦੇ ਦਹਾਕੇ ਵਿੱਚ ਬਿਪਨ ਚੰਦਰਾ ਸੰਪਰਦਾਇਕਤਾ ਵਧਣ ਤੋਂ ਬਹੁਤ ਜ਼ਿਆਦਾ ਚਿੰਤਤ ਹੁੰਦੇ ਗਏ ਜਿਸ ਦੇ ਥੋੜ੍ਹੇ ਜਿਹੇ ਪ੍ਰਗਟਾਵੇ ਦਾ ਵੀ ਉਨ੍ਹਾਂ ਹਮੇਸ਼ਾ ਵਿਰੋਧ ਕੀਤਾ। ਇਸ ਵਿਸ਼ੇ ’ਤੇ ਉਨ੍ਹਾਂ ਦੇ ਲੇਖਾਂ ਨੂੰ ਕਮਨਿਯੂਲਿਜ਼ਮ ਇਨ ਮਾਡਰਨ ਇੰਡੀਆ (1984) ਵਿੱਚ ਸੰਕਲਿਤ ਕੀਤਾ ਗਿਆ। ਇਸ ਦੇ ਨਾਲ ਹੀ ਨਾਲ ਉਨ੍ਹਾਂ ਨੇ ਰਾਸ਼ਟਰੀ ਅੰਦੋਲਨ ਦੀ ਵੀ ਪੁਨਰਵਿਆਖਿਆ ਸ਼ੁਰੂ ਕੀਤੀ, ਜਿਸ ਦਾ ਆਰੰਭਿਕ ਸੂਤਰੀਕਰਨ 1985 ਵਿੱਚ ਅੰਮਿ੍ਰਤਸਰ ਵਿੱਚ ਹੋਈ ਇੰਡੀਅਨ ਹਿਸਟਰੀ ਕਾਂਗਰਸ ਦੇ ਉਨ੍ਹਾਂ ਦੇ ਪ੍ਰਧਾਨਗੀ ਭਾਸ਼ਨ ਵਿੱਚ ਦੇਖਿਆ ਜਾ ਸਕਦਾ ਹੈ। ਇਹ ਸਪੱਸ਼ਟ ਹੈ ਕਿ ਇਥੇ ਉਹਨਾਂ ਕਮਿਊਨਿਸਟਾਂ ਦੀ ਗਾਂਧੀਵਾਦੀ ਅਗਵਾਈ ਦੀ ਉਸ ਸਥਾਈ ਆਲੋਚਨਾ ਨੂੰ ਚੁਣੌਤੀ ਦੇ ਰਹੇ ਸੀ ਕਿ ਉਹ ਸਮਝੌਤੇ ਦੀ ਅਧੋਗਤੀ ਨੂੰ ਪ੍ਰਾਪਤ ਹੋਇਆ ਹੈ। ਬਿਪਨ ਚੰਦਰਾ ਗਾਂਧੀਵਾਦੀ ਅਗਵਾਈ ਅਤੇ ਉਸ ਦੀ ਉੱਚ ਪੱਧਰ ’ਤੇ ਐਸ ਟੀ ਐਸ (ਸਟਰਗਲ-ਟਰਸ-ਸਟਰਗਲ) ਯਾਨੀ (ਸੰਘਰਸ਼ ਵਿਰਾਮ ਸੰਘਰਸ਼) ਦੀ ਕਲਪਿਤ ਰਣਨੀਤੀ ਦੇ ਪੱਖ ਵਿੱਚ ਖੜ੍ਹੇ ਹੋਏ। ਇਸ ਤਰ੍ਹਾਂ ਦੇ ਬਚਾਓ ’ਤੇ, ਘਟਨਾ ਤੋਂ ਬਾਅਦ ਉਸ ਨੂੰ ਸਹੀ ਦੱਸਣ ਦਾ ਦੋਸ਼ ਲੱਗਣਾ ਹੀ ਸੀ ਪਰ ਉਸ ਲੈਕਚਰ ਦਾ ਅਸਲ ਸਰੋਤਾ ਹੋਣ ਦੇ ਕਾਰਨ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਧਾਰਨਾ ਪੇਸ਼ ਕਰਦੇ ਹੋਏ ਬਿਪਨ ਚੰਦਰਾ ਪੂਰੀ ਤਰ੍ਹਾਂ ਗੰਭੀਰ ਸਨ।
ਇਹ ਸਮਾਂ ਅਜਿਹਾ ਵੀ ਸੀ ਜਦੋਂ ਖੱਬੇ ਪੱਖੀਆਂ ਨਾਲੋਂ ਉਨ੍ਹਾਂ ਦੀ ਦੂਰੀ ਤੈਅ ਹੋ ਗਈ ਸੀ ਪਰ 1981 ਵਿੱਚ ਜਦੋਂ ਜੇ ਐਨ ਯੂ ਦੀ ਪੱਤਰਿਕਾ ਸਟਡੀਜ਼ ਇਨ ਹਿਸਟਰੀ ਦੇ ਲੈਫਟ ਇਨ ਇੰਡੀਆ (ਭਾਰਤ ਵਿੱਚ ਖੱਬੇ ਪੱਖੀ) ਦਾ ਵਿਸ਼ੇਸ਼ ਅੰਕ ਮੈਂ ਦੇਖਿਆ ਤਾਂ ਇਹ ਮੇਰੇ ਲਈ ਹੈਰਾਨੀ ਭਰਿਆ ਸੀ। ਜਿਸ ਵਿੱਚ ਹਕੀਕਤ ’ਚ ਸਾਰੇ ਪੇਪਰ, ਜਿਨ੍ਹਾਂ ਦੀ ਗਿਣਤੀ 8 ਸੀ ਅਤੇ ਜਿਨ੍ਹਾਂ ਵਿੱਚ ਖ਼ੁਦ ਬਿਪਨ ਚੰਦਰਾ ਦਾ ਇੱਕ ਲੰਬਾ ਪੇਪਰ (ਕੋਈ 140 ਸਫ਼ੇ ਦਾ) ਵੀ ਸ਼ਾਮਲ ਸੀ ਲੇਖ ਭਾਰਤੀ ਕਮਿਊਨਿਸਟਾਂ ਅਤੇ ਉਨ੍ਹਾਂ ਦੇ ਪੂਰੇ ਇਤਿਹਾਸ ਬਾਰੇ ਬੇਹੱਦ ਆਲੋਚਨਾਤਮਕ ਸਨ।
ਇੱਕ ਚਾਈਨੀਜ਼ ਭੋਜ਼, ਜਿਸ ਲਈ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਨੇ ਮੈਨੂੰ ਸੱਦਾ ਦਿੱਤਾ ਸੀ, ਦੇ ਵਕਤ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਕਿ ਘੱਟੋ-ਘੱਟ ਉਨ੍ਹਾਂ ਨੂੰ ਕਮਿਊਨਿਸਟ ਪੱਖ ਤੋਂ ਹੀ ਕੁਝ ਵਿਦਵਾਨਾਂ ਨੂੰ ਇਸ ਵਿਸ਼ੇਸ਼ ਅੰਕ ਵਿੱਚ ਆਪਣਾ ਯੋਗਦਾਨ ਪਾਉਣ ਲਈ ਸੱਦਾ ਦੇਣਾ ਚਾਹੀਦਾ ਸੀ, ਤਾਂ ਮੇਰੇ ਨਾਲ ਤਰਕ ਕਰਦਿਆਂ ਉਨ੍ਹਾਂ ਦੀ ਸੁਰ ਨਰਮ ਨਹੀਂ ਸੀ। ਬਹਰਹਾਲ ਇੰਡੀਆਜ਼ ਸਟਰਗਲ ਫਾਰ ਇੰਡੀਪੈਂਡੇਂਸ 1857-1947 ਵਿੱਚ ਉਨ੍ਹਾਂ ਨੇ ਕਿਤੇ ਵਧੇਰੇ ਸੰਤੁਲਿਤ ਰੁਖ ਅਪਣਾਇਆ ਸੀ। ਬਿਪਨ ਚੰਦਰਾ ਨੇ 1987 ’ਚ ਇਸ ਨੂੰ ਸੰਪਾਦਿਤ ਕੀਤਾ ਸੀ। ਬੇਹਦ ਪੜ੍ਹਨਯੋਗ ਸ਼ੈਲੀ ਵਿੱਚ ਇਹ ਕੰਮ ਖਾਸ ਤੌਰ ’ਤੇ ਸਲਾਹੁਣਯੋਗ ਹੈ।
ਬਿਪਨ ਚੰਦਰਾ ਅਤੀਤ ਨੂੰ ਹਮੇਸ਼ਾ ਵਰਤਮਾਨ ਨਾਲ ਜੋੜਦੇ ਸਨ ਅਤੇ ਸਮਨਾਮਇਕ ਘਟਨਾਵਾਂ ਦੇ ਪ੍ਰਤੀ ਉਹ ਬਹੁਤ ਸਵੇਦਨਸ਼ੀਲ ਸਨ। ਸ੍ਰੀਮਤੀ ਇੰਦਰਾ ਗਾਂਧੀ ਦੁਆਰਾ 1975 ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੇ ਜਾਣ ’ਤੇ ਉਹ ਬਹੁਤ ਪ੍ਰੇਸ਼ਾਨ ਸਨ, ਪਰ ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਚੱਲ ਰਹੇ ਜੈਪ੍ਰਕਾਸ਼ ਨਾਰਾਇਣ ਦੇ ‘ਸੰਪੂਰਨ ਕ੍ਰਾਂਤੀ ਅੰਦੋਲਨ’ ਨੂੰ ਲੈ ਕੇ ਵੀ ਉਨੇ ਹੀ ਚਿੰਤਤ ਸਨ। ਇਸ ਦੀ ਵਜਹ ਇਹ ਉਸ ਦੀ ਅਸੰਵਿਧਾਨਕ ਰੂਪ ਅਤੇ ਫ਼ਿਰਕਾਪ੍ਰਸਤ ਤਾਕਤਾਂ ਤੋਂ ਸਮਰਥਨ ਪ੍ਰਾਪਤ ਕਰਨ ਨੂੰ ਮੰਨਦੇ ਸਨ। ਉਨ੍ਹਾਂ ਦੀ ਇਹ ਦੁਬਿਧਾ 1999 ਵਿੱਚ ਪ੍ਰਕਾਸ਼ਿਤ ਇੰਡੀਆ ਆਫਟਰ ਇੰਡੀਪੈਂਡਸ 1947-2000 ਦੇ ਅੰਕ ਵਿੱਚ ਇਸ ਵਿਸ਼ੇ ’ਤੇ ਉਨ੍ਹਾਂ ਦੇ ਦੁਆਰਾ ਲਿਖੇ ਗਏ ਅਧਿਆਏ (18) ਵਿੱਚ ਅਤੇ 2003 ਵਿੱਚ ਪ੍ਰਕਾਸ਼ਿਤ ਇਨ ਦਾ ਨੇਮ ਆਫ਼ ਡੈਮੋਕਰੇਸੀ : ਦਾ ਜੇ ਪੀ ਮੂਵਮੈਂਟ ਐਂਡ ਦਾ ਐਮਰਜੈਂਸੀ ਨਿਬੰਧ ਵਿੱਚ ਦਿਖਾਈ ਦਿੰਦੀ ਹੈ। ਇਸ ਲਈ ਇਹ ਕਹਿਣਾ ਗ਼ਲਤ ਹੋਵੇਗਾ ਕਿ ਬਿਪਨ ਚੰਦਰਾ ਕਾਂਗਰਸ ਪਾਰਟੀ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਕ ਸਨ। ਅੰਤ ਤੱਕ ਉਨ੍ਹਾਂ ਨੇ ਸੰਪਰਦਾਇਕਤਾ ਦੇ ਲਈ ਦਿੱਤੀ ਗਈ ਹਰ ਰਿਆਇਤ ਦਾ ਵਿਰੋਧ ਕੀਤਾ।
ਸਾਲ 2004 ਵਿੱਚ ਬਿਪਨ ਚੰਦਰਾ ਨੈਸ਼ਨਲ ਬੁੱਕ ਟਰੱਸਟ ਦੇ ਚੇਅਰਮੈਨ ਨਿਯੁਕਤ ਕੀਤੇ ਗਏ। ਇਸ ਅਹੁਦੇ ’ਤੇ ਉਹ 2012 ਤੱਕ ਰਹੇ। ਜਦੋਂ ਤੱਕ ਖ਼ਰਾਬ ਹਾਲਤ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ। ਉਨ੍ਹਾਂ ਨੇ ਨੈਸ਼ਨਲ ਬੁੱਕ ਟਰੱਸਟ ਦੇ ਪ੍ਰਕਾਸ਼ਨ ਪ੍ਰੋਗਰਾਮ ਨੂੰ ਮਹੱਤਵਪੂਰਨ ਬਣਾਉਣ ਦੇ ਲਈ ਭਾਰੀ ਉਤਸ਼ਾਹ ਅਤੇ ਕਲਪਨਾ ਸ਼ਕਤੀ ਦਾ ਪ੍ਰਗਟਾਵਾ ਕੀਤਾ। ਇਕ ਅਧਿਆਪਕ ਦੇ ਰੂਪ ਵਿੱਚ ਬਿਪਨ ਚੰਦਰਾ ਨੇ ਅਨੇਕ ਸਨਮਾਨ ਪ੍ਰਾਪਤ ਕੀਤੇ ਸਨ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਐਮਰੇਟਸ ਨਿਯੁਕਤ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਭੂਸ਼ਣ ਨਾਲ ਨਿਵਾਜਿਆ ਸੀ ਅਤੇ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ (1985 ਵਿੱਚ) ਇੰਡੀਅਨ ਹਿਸਟਰੀ ਕਾਂਗਰਸ ਦੇ ਉਹ ਪ੍ਰਧਾਨ ਰਹੇ ਸਨ।
1959 ਵਿੱਚ ਜਦੋਂ ਮੈਂ ਪਹਿਲੀ ਵਾਰ ਅਲੀਗੜ੍ਹ ਦੇ ਇਕ ਭੀੜ-ਭੜੱਕੇ ਵਾਲੇ ਟੀ ਹਾਊਸ ਵਿੱਚ ਬਿਪਨ ਚੰਦਰਾ ਨਾਲ ਮਿਲਿਆ ਸੀ ਤਾਂ ਮੈ ਗੌਰ ਕੀਤਾ ਸੀ ਕਿ ਉਨ੍ਹਾਂ ਵਿੱਚ ਇਕ ਬੌਧਿਕ ਕੰਮ ਦੇ ਲਈ ਇਕ ਜ਼ਬਰਦਸਤ ਪ੍ਰਤੀਬੱਧਤਾ ਹੈ, ਕਦੀ ਘੱਟ ਨਾ ਹੋਣ ਵਾਲਾ ਉਤਸ਼ਾਹ ਹੈ ਅਤੇ ਜਬਰਦਸਤ ਹਾਸੇਮਜਾਖ ਵਾਲੇ ਹਨ, ਜਿਸ ਵਿੱਚ ਖ਼ੁਦ ਆਪਣੇ ’ਤੇ ਹਸਨ ਦੀ ਸਮਰਥਾ ਵੀ ਸ਼ਾਮਲ ਸੀ। ਇਕ ਵਾਰ ਜਦੋਂ ਇਹ ਮਿੱਤਰਤਾ ਬਣੀ ਤਾਂ ਫਿਰ ਉਦੋਂ ਤੱਕ ਚੱਲੀ ਜਦੋਂ ਤੱਕ ਉਨ੍ਹਾਂ ਨੇ ਵਿਚਾਰਧਾਰਕ ਵੱਖਰੇਵੇਂ ਨੂੰ ਇਸ ਵਿੱਚ ਦਖ਼ਲ ਨਹੀਂ ਦੇਣ ਦਿੱਤਾ। ਮੇਰੀ ਪਤਨੀ ਸ਼ਾਇਰਾ ਅਤੇ ਮੇਰੇ, ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਦੇ ਨਾਲ ਗਹਿਰੇ ਵਿਅਕਤੀਗਤ ਸਬੰਧ ਸਨ। ਊਸ਼ਾ ਚੰਦਰਾ ਦੀ ਮੌਤ ਬਾਅਦ ਆਪਣੇ ਸਹਿਯੋਗੀਆਂ ਅਤੇ ਪੁਰਾਣੇ ਸੁਗਿਰਦਾਂ ਵੱਲੋਂ ਉਨ੍ਹਾਂ ਦਾ ਖ਼ਿਆਲ ਰੱਖੇ ਜਾਣ ਦੇ ਬਾਵਜੂਦ ਆਪਣੇ ਅੰਤਿਮ ਦਿਨਾਂ ਵਿੱਚ ਬਿਪਨ ਚੰਦਰਾ ਕਾਫ਼ੀ ਇਕੱਲੇ ਹੋ ਗਏ ਸਨ।
ਆਧੁਨਿਕ ਭਾਰਤੀ ਇਤਿਹਾਸ ਦੀ ਬਸਤੀਵਾਦੀ ਅਤੇ ਨਵ-ਬਸਤੀਵਾਦ ਵਿਆਖਿਆਵਾਂ ਦੇ ਖਿਲਾਫ਼ ਅਤੇ ਮਾਰਕਸਵਾਦ ਵਿਰੋਧੀਆਂ ਦੇ ਖ਼ਿਲਾਫ ਮਾਰਕਸਵਾਦ ਦੇ ਬਚਾਅ ਲਈ ਬਿਪਨ ਚੰਦਰਾ ਨੇ ਬਹੁਤ ਕੁਝ ਕੀਤਾ ਸੀ। ਜੇਕਰ ਮਾਰਕਸਵਾਦ ਨੂੰ ਲੈ ਕੇ ਕੁਝ ਮੱਤਭੇਦ ਸਨ ਤਾਂ ਇਹ ਦੂਜਾ ਮੁੱਦਾ ਸੀ। ਉਨ੍ਹਾਂ ਦੀ ਯਾਦ ਨੂੰ ਸਾਡਾ ਸਭ ਦਾ ਸਲਾਮ।