ਡਾ. ਦਰਸ਼ਨ ਸਿੰਘ ਆਸ਼ਟ: ਨਿਰੋਲ ਬਾਲ ਸਾਹਿਤ ਦਾ ਰਚੇਤਾ
Posted on:- 07-02-2012
ਮੁਲਾਕਾਤੀ: ਸ਼ਿਵ ਇੰਦਰ ਸਿੰਘ
ਬਾਲ ਸਾਹਿਤ ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਦਰਸ਼ਨ ਸਿੰਘ ਆਸ਼ਟ ਪੰਜਾਬੀ ਬਾਲ ਸਾਹਿਤ ਦੇ ਪ੍ਰਸਿੱਧ ਲੇਖਕ ਤੇ ਚਿੰਤਕ ਹਨ। ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਬਾਲ ਸਾਹਿਤ ਨਾਲ ਉਸਦਾ ਕੋਈ ਰੂਹਾਨੀ ਰਿਸ਼ਤਾ ਹੋਵੇ। ਆਪਣੀ ਉਮਰ ਨਾਲੋਂ ਕਿਤੇ ਵੱਧ ਘਾਲਣਾ ਘਾਲ ਚੁੱਕੇ ਆਸ਼ਟ ਹੁਣ ਤੱਕ 35 ਤੋਂ ਵੀ ਵੱਧ ਕਿਤਾਬਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ। ਸ਼ਾਹਮੁਖੀ ਤੋਂ ਇਲਾਵਾ ਕਈ ਹੋਰ ਭਾਸ਼ਾਵਾ ’ਚ ਉਸ ਦੀਆਂ ਕਿਤਾਬਾਂ ਅਨੁਵਾਦ ਹੋ ਚੁੱਕੀਆਂ ਹਨ। ਬਾਲ ਸਾਹਿਤ ਦੇ ਚੰਗੇ ਭਵਿੱਖ ਲਈ ਉਹ ਸਦਾ ਆਸਵੰਦ ਹੈ। ਜੇ ਉਸ ਨੂੰ ਪੰਜਾਬੀ ਬਾਲ ਸਾਹਿਤ ਦਾ ਧਨਵੰਤ ਸਿੰਘ ਸੀਤਲ ਆਖ ਲਈਏ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ।
? ਸਵਾਲ- ਆਸ਼ਟ ਸਾਹਿਬ ਭਾਰਤੀ ਸਾਹਿਤ ਅਕਾਦਮੀ ਦਾ ਇਹ ਪੁਰਸਕਾਰ ਮਿਲਣ ’ਤੇ ਕਿਵੇਂ ਮਹਿਸੂਸਦੇ ਹੋ?
ਜਵਾਬ- ਬੜੀ ਖੁਸ਼ੀ ਹੋਈ ਕਿ 2010 ’ਚ ਸ਼ੁਰੂ ਕੀਤਾ ਗਿਆ ਇਹ ਇਨਾਮ 2011 ’ਚ ਮੈਨੂੰ ਪ੍ਰਾਪਤ ਹੋਇਆ (ਪੰਜਾਬੀ ਬਾਲ ਅਦਬ ਲਈ)। ਮੈਂ ਇਸ ਇਨਾਮ ਮਿਲਣ ਨੂੰ ਪੂਰੇ ਪੰਜਾਬੀ ਜਗਤ ਖ਼ਾਸਕਰ ਬਾਲ ਅਦਬ ਦਾ ਮਾਣ ਸਮਝਦਾ ਹਾਂ। ਇਸ ਨਾਲ ਪੰਜਾਬੀ ਬਾਲ ਅਦਬ ਦਾ ਸਿਰ ਹੋਰ ਉੱਚਾ ਹੋਵੇਗਾ।
? ਸਵਾਲ- ਆਸ਼ਟ ਸਾਹਿਬ, ਜਾਨਣਾ ਚਾਹਾਂਗਾ ਕਿ ਤੁਸੀਂ ਬਾਲ ਸਾਹਿਤ ਖੇਤਰ ਨੂੰ ਹੀ ਕਿਉਂ ਚੁਣਿਆ?
ਜਵਾਬ- ਇਸ ਪਿੱਛੇ ਮੇਰਾ ਘਰੇਲੂ ਮਾਹੌਲ ਰਿਹਾ ਹੈ। ਮਾਤਾ ਜੀ ਸੁਰਜੀਤ ਕੌਰ ਹੁਰਾਂ ਕੋਲੋਂ ਬਚਪਨ ਦੀਆਂ ਕਹਾਣੀਆਂ ਦਾ ਆਨੰਦ ਮਾਣਿਆ। ਮੈਂ ਉਦੋਂ ਆਪਣੇ ਪਿੰਡ ਬਰਾਸ (ਤਹਿਸੀਲ ਸਮਾਣਾ) ਦੇ ਪ੍ਰਾਇਮਰੀ ਸਕੂਲ ਦੀ ਚੋਥੀ-ਪੰਜਵੀਂ ਦਾ ਵਿਦਿਆਰਥੀ ਸਾਂ ਜਦੋਂ ਵੱਡੇ ਭਰਾ ਭੁਪਿੰਦਰ ਸਿੰਘ ਆਸ਼ਟ ਘੱਗੇ ਸਕੂਲ ਦੀ ਲਾਇਬ੍ਰੇਰੀ ਵਿਚੋਂ ਬਾਲ ਪੁਸਤਕਾਂ ਤੇ ਪੰਖੜੀਆਂ, ਚੰਦਾ ਮਾਮਾ, ਨੰਦਨ, ਬਾਲ ਭਾਰਤੀ ਤੇ ਬਾਲ ਦਰਬਾਰ ਵਰਗੇ ਰਸਾਲੇ ਜਾਰੀ ਕਰਵਾ ਕੇ ਲਿਆਉਂਦੇ ਸਨ। ਗਿਆਨੀ ਧਨਵੰਤ ਸਿੰਘ ਸੀਤਲ, ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆਂ, ਅਜਾਇਬ ਚਿੱਤਰਕਾਰ ਦੇ ਬਾਲ ਸਾਹਿਤ ਅਤੇ ਰੂਸੀ ਬਾਲ ਸਾਹਿਤ ਨੇ ਮੈਨੂੰ ਪੜਨ ਦੀ ਰੁਚੀ ਨਾਲ ਜੋੜਿਆ। ਬਾਲ ਪੁਸਤਕਾਂ ਵਿਚਲੀਆਂ ਕਹਾਣੀਆਂ, ਕਵਿਤਾਵਾਂ ਅਤੇ ਆਕਰਸ਼ਕ ਚਿੱਤਰਕਾਰੀ ਨੇ ਮੇਰੇ ਮਨ ਦੇ ਕਿਰਿਆਸ਼ੀਲ ਵਲਵਲਿਆਂ ਨੂੰ ਹਲੂਣਾ ਦਿੱਤਾ ਤੇ ਮੈਂ ਬੱਚਿਆਂ ਲਈ ਲਿਖਣਾ ਸ਼ੁਰੂ ਕਰ ਦਿੱਤਾ।
? ਸਵਾਲ- ਬਾਲ ਸਾਹਿਤ ਨੂੰ ਕਿਵੇਂ ਪਰਿਭਾਸ਼ਿਤ ਕਰੋਗੇ?
ਜਵਾਬ- ਬਾਲ ਸਾਹਿਤ ਵਿਚ ਬੱਚਿਆਂ ਦੇ ਵਲਵਲੇ, ਉਮੰਗਾਂ, ਸੱਧਰਾਂ ਤੇ ਭਾਵਨਾਵਾਂ ਦੀ ਤਰਜਮਾਨੀ ਕੀਤੀ ਗਈ ਹੁੰਦੀ ਹੈ। ਜਿਸ ਸਾਹਿਤ ਵਿਚ ਬੱਚਿਆਂ ਦੇ ਵੱਖ-ਵੱਖ ਉਮਰ-ਗੁੱਟ ਮੁਤਾਬਿਕ ਭਾਸ਼ਾ ਸ਼ੈਲੀ ਅਤੇ ਸ਼ਬਦਾਵਲੀ ਦੇ ਨਾਲ ਮਨੋਰੰਜਨ ਨੂੰ ਕੇਂਦਰ ਵਿਚ ਰੱਖਿਆ ਜਾਂਦਾ ਹੈ, ਉਹ ਬਾਲ ਸਾਹਿਤ ਹੈ ਬਸ਼ਰਤੇ ਉਹ ਦੀ ਜੀਵਨ ਅਗਵਾਈ ਕਰਦਾ ਹੋਵੇ।
? ਸਵਾਲ- ਕਿਹਾ ਜਾਂਦਾ ਹੈ ਕਿ ਪੰਜਾਬੀ ਵਿਚ ਚੰਗੇ ਬਾਲ ਸਾਹਿਤ ਲਿਖਾਰੀਆਂ ਦੀ ਘਾਟ ਹੈ। ਤੁਹਾਡੇ ਕੀ ਵਿਚਾਰ ਹਨ?
ਜਵਾਬ- ਤੁਹਾਡੀ ਇਸ ਧਾਰਨਾ ਨਾਲ ਬਿਲਕੁਲ ਸਹਿਮਤ ਹਾਂ। ਇਸ ਵਿਚ ਸਾਡੇ ਵੱਡੇ ਅਤੇ ਸਥਾਪਿਤ ਲਿਖਾਰੀਆਂ ਦਾ ਵੀ ਘੱਟ ਕਸੂਰ ਨਹੀਂ ਹੈ, ਪ੍ਰਕਾਸ਼ਕ ਵੀ ਆਪਣੀ ਜਿੰਮੇਂਵਾਰੀ ਤੋਂ ਨਹੀਂ ਭੱਜ ਸਕਦੇ। ਪ੍ਰਸਿੱਧ ਲਿਖਾਰੀ ਬਾਲ ਸਾਹਿਤ ਨੂੰ ਹੀਣਤਾ ਵਾਲਾ ਕੰਮ ਸਮਝਦੇ ਹਨ ਯਾਨੀ ਤੀਜੇ ਦਰਜੇ ਦਾ। ਹੋਰ ਤਾਂ ਹੋਰ, ਸਾਡੇ ਅਜਿਹੇ ‘ਸਥਾਪਿਤ’ ਲਿਖਾਰੀ ਤਾਂ ਬਾਲ ਸਾਹਿਤ ਲਿਖਣ ਵਾਲਿਆਂ ਨੂੰ ਵੀ ਕੋਈ ਲੇਖਕ ਨਹੀ ਸਮਝਦੇ ਜਦੋਂ ਕਿ ਪੱਛਮੀ ਮੁਲਕਾਂ ’ਚ ਇਹ ਸਥਿਤੀ ਉਲਟ ਹੈ। ਅੱਜਕੱਲ ਕਰੋੜਾਂ ਦੀ ਗਿਣਤੀ ਵਿਚ ਛਪਣ ਵਾਲੀ ਬਾਲ ਸਾਹਿਤ ਕ੍ਰਿਤ ‘ਹੈਰੀ ਪੌਟਰ’ ਦੀ ਮਿਸਾਲ ਸਾਡੇ ਸਨਮੁੱਖ ਹੈ ਜਿਸ ਦੀ ਇੰਗਲੈਂਡ ਵਾਸੀ ਲੇਖਿਕਾ ਜੇ.ਕੇ ਰੋਲਿੰਗ ਨੇ ਜਿੱਥੇ ਵਿਸ਼ਵ ਪ੍ਰਸਿੱਧੀ ਹਾਸਲ ਕੀਤੀ, ਉਥੇ ਕਮਾਈ ਪੱਖੋਂ ਵੀ ਇੰਗਲੈਂਡ ਦੀ ਮਹਾਰਾਣੀ ਐਲਜ਼ਾਬਿੱਥ ਦੀ ਕੁੱਲ ਜਾਇਦਾਦ ਨਾਲੋਂ ਛੇ ਗੁਣਾ ਵੱਧ ਦੀ ਮਾਲਕ ਹੈ। ਇਹ ਕਮਾਈ ਉਸ ਨੇ ਬਾਲ ਸਾਹਿਤ ਵਿਚੋਂ ਹੀ ਖੱਟੀ ਹੈ ਪਰ ਪੰਜਾਬੀ ਵਿਚ ਬੱਚਿਆਂ ਲਈ ਲਿਖਣ ਵਾਲਿਆਂ ਨੂੰ ਅਜਿਹੀ ਮਾਨਤਾ ਨਾ ਮਿਲਣ ਕਾਰਣ ਹੀ ਆਮ ਲਿਖਾਰੀਆਂ ਵਿਚ ਬਾਲ ਸਾਹਿਤ ਲਿਖਣ ਦੀ ਘਾਟ ਪਾਈ ਜਾਂਦੀ ਹੈ।
? ਸਵਾਲ- ਤੁਸੀਂ ਪੰਜਾਬੀ ਵਿਚ ਬਾਲ ਸਾਹਿਤ ਆਲੋਚਨਾ ਦੀ ਪਹਿਲੀ ਪੁਸਤਕ ਲਿਖੀ ਸੀ, ਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ। ਇਸ ਪ੍ਰਸੰਗ ਵਿਚ ਅਜੋਕੇ ਸਮੇਂ ਵਿਚ ਪੰਜਾਬੀ ਬਾਲ ਸਾਹਿਤ ਆਲੋਚਨਾ ਦੀ ਕੀ ਸਥਿਤੀ ਹੈ।
ਜਵਾਬ- ਆਪਣੀ ਇਸ ਪੁਸਤਕ ਵਿਚ ਮੈਂ ਪੂਰੀ ਸਦੀ ਦਾ ਜਾਇਜ਼ਾ ਪੇਸ਼ ਕੀਤਾ ਸੀ। ਪਹਿਲਾਂ ਕਿਉਕਿ ਮੋਲਿਕ ਬਾਲ ਸਾਹਿਤ ਦੀ ਨਾਮਾਤਰ ਰਚਨਾ ਹੁੰਦੀ ਸੀ ਪਰ ਹੁਣ ਪਿਛਲੇ ਦੋ ਕੁ ਦਹਾਕਿਆਂ ਤੋਂ ਹੌਲੀ-ਹੌਲੀ ਨਵੇਂ ਪੋਚ ਦੇ ਲਿਖਾਰੀਆਂ ਨੇ ਇਸ ਖੇਤਰ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਰਕੇ ਵੱਡੀ ਗਿਣਤੀ ਵਿਚ ਬਾਲ ਸਾਹਿਤ ਸਾਹਮਣੇ ਆ ਰਿਹਾ ਹੈ ਅਤੇ ਉਨਾਂ ਦੀ ਆਲੋਚਨਾ ਵੀ ਹੋਣ ਲੱਗੀ ਪਈ ਹੈ। ਅਖ਼ਬਾਰਾਂ, ਰਸਾਲਿਆਂ ਵਿਚ ਇਹ ਆਲੋਚਨਾ ਆਮ ਵੇਖੀ ਜਾ ਸਕਦੀ ਹੈ।
? ਸਵਾਲ- ਜਿਵੇਂ ਭਾਰਤ ਦੇ ਕਈ ਸੂਬਿਆਂ ਦੀਆਂ ਯੂਨੀਵਰਸਿਟੀਆਂ ਵਿਚ ਵਿਸ਼ੇਸ਼ ਕਰਕੇ ਹਿੰਦੀ ਬਾਲ ਸਾਹਿਤ ਖੇਤਰ ਵਿਚ ਪੀ.ਐਚ.ਡੀ ਵਰਗੇ ਖੋਜ ਕਾਰਜ ਹੋਏ ਹਨ, ਕੀ ਪੰਜਾਬੀ ਵਿਚ ਵੀ ਅਜਿਹੀ ਸੰਭਾਵਨਾ ਪੈਦਾ ਹੋ ਰਹੀ ਹੈ?
ਜਵਾਬ- ਤੁਹਾਡਾ ਸਵਾਲ ਬਹੁਤ ਮੁੱਲਵਾਨ ਹੈ। ਬਿਨਾਂ ਸ਼ੱਕ ਹੁਣ ਪੰਜਾਬੀ ਵਿਚ ਵੀ ਐਮ.ਫਿਲ ਅਤੇ ਪੀ.ਐਚ.ਡੀ ਵਰਗੇ ਉੱਚ ਪੱਧਰੀ ਖੋਜ ਕਾਰਜ ਆਰੰਭ ਹੋ ਚੁੱਕੇ ਹਨ ਅਤੇ ਇਹ ਪਹਿਲ ਕਦਮੀ ਕਰਨ ਦਾ ਸਿਹਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਾਂਦਾ ਹੈ ਜਿਸ ਨੇ ਹੁਣ ਤੱਕ ਤਿੰਨ ਖੋਜਾਰਥੀਆਂ ਨੂੰ ਪੀ.ਐਚ.ਡੀ ਕਰਵਾਈ ਹੈ ਅਤੇ ਇਕ ਵਿਦਿਆਰਥੀ ਨੇ ਐਮ.ਫਿਲ ਕੀਤੀ ਹੈ। ਬਾਕੀ ਕੰਮ ਨਿਰੰਤਰਤਾ ਨਾਲ ਜਾਰੀ ਹੈ। ਯੂਨਿਵਰਸਿਟੀ ਦੇ ਕਈ ਵਿਭਾਗ ਵੀ ਬਾਲ ਸਾਹਿਤ ਦੇ ਖੋਜ ਕਾਰਜ ਨੂੰ ਅੱਗੇ ਵਧਾਉਣ ਵਿਚ ਮੱਦਦਗਾਰ ਸਿੱਧ ਹੋ ਰਹੇ ਹਨ। ਪੰਜਾਬ ਦੀਆਂ ਦੂਜੀਆਂ ਯੂਨਿਵਰਸਿਟੀਆਂ ਨੂੰ ਵੀ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਬਾਲ ਸਾਹਿਤ ਪਿੜ ਵਿਚ ਖੋਜ ਦੀ ਸੰਭਾਵਨਾ ਹੋਰ ਮੋਕਲੀ ਹੋ ਸਕੇ।
? ਸਵਾਲ- ਅਜੋਕਾ ਯੁੱਗ ਮੀਡੀਏ ਦਾ ਯੁੱਗ ਹੈ। ਬੱਚੇ ਟੈਲੀਵਿਜ਼ਨ ਅਤੇ ਕਾਰਟੂਨ ਨੈੱਟਵਰਕ ਨਾਲ ਆਮ ਜੁੜੇ ਰਹਿੰਦੇ ਹਨ, ਪ੍ਰੰਤੂ ਚੰਗੀਆਂ ਪੁਸਤਕਾਂ ਉਨਾਂ ਦੇ ਹੱਥਾਂ ਵਿਚ ਨਹੀ ਦਿਸਦੀਆਂ। ਇਨਾਂ ਇਲੈੱਕਟ੍ਰੋਨਿਕ ਸੰਚਾਰ ਸਾਧਨਾਂ ਨੇ ਬਾਲ ਸਾਹਿਤ ਉਪਰ ਕੀ ਅਸਰ ਪਾਇਆ ਹੈ?
ਜਵਾਬ- ਬਿਨਾਂ ਸ਼ੱਕ ਇਲੈੱਕਟ੍ਰੋਨਿਕ ਬਿਜਲਈ ਸੰਚਾਰ ਸਾਧਨਾਂ ਨੇ ਬਾਲ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੈ। ਇਲੈੱਕਟ੍ਰੋਨਿਕ ਸੂਚਨਾ ਤੰਤਰ ਨੇ ਬੱਚਿਆਂ ਨੂੰ ਜ਼ਿਹਨੀ ਤੌਰ ’ਤੇ ਇੰਨਾਂ ਜਕੜ ਲਿਆ ਹੈ ਉਹ ਆਪਣੀ ਵਿਰਾਸਤ ਅਤੇ ਜੀਵਨ ਮੁਲਾਂ ਨਾਲੋਂ ਟੁੱਟਦਾ ਜਾ ਰਿਹਾ ਹੈ। ਅਜੋਕੇ ਸੀਰੀਅਲਾਂ, ਕਾਰਟੂਨ ਨੈੱਟਵਰਕ ਅਤੇ ਇੰਟਰਨੈੱਟ ਨੇ ਉਸ ਦੀ ਸੋਚ ਨੂੰ ਵਿਕਸਤ ਤਾਂ ਜ਼ਰੂਰ ਕੀਤਾ ਹੈ ਪਰ ਦੂਜੇ ਪਾਸੇ ਇਸ ਦੀ ਸਾਹਿਤਕ ਭੁੱਖ ਵੀ ਮਾਰ ਦਿੱਤੀ ਹੈ। ਇਕ ਚੰਗੀ ਪੁਸਤਕ ਹੀ ਬੱਚੇ ਦੇ ਜੀਵਨ ਵਿਚ ਉਸਾਰੂ ਭੂਮਿਕਾ ਅਦਾ ਕਰਨ ਦੇ ਸਮੱਰਥ ਹੈ। ਕਾਰਟੂਨ ਨੈੱਟਵਰਕ ਅਤੇ ਘਟੀਆ ਕਿਸਮ ਦੇ ਚਮਤਕਾਰੀ ਜਾਂ ਦਿਸ਼ਾਹੀਣ ਸੀਰੀਅਲਾਂ ਦੀ ਅਮਰ ਵੇਲ ਨੇ ਬੱਚਿਆਂ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਇਹੀ ਕਾਰਨ ਹੈ ਕਿ ਇਸ ਵਰਤਾਰੇ ਨੇ ਅਜੋਕੇ ਬੱਚਿਆਂ ਦਾ ਸੁਭਾਅ ਚਿੜਚਿੜਾ ਅਤੇ ਅਪਰਾਧੀ ਸੋਚ ਵਾਲਾ ਬਣਾ ਦਿੱਤਾ ਹੈ। ਪ੍ਰੰਤੂ ਚੰਗਾ ਸਾਹਿਤ ਕਦੇ ਵੀ ਬੱਚਿਆਂ ਨੂੰ ਉਹਦੇ ਰਾਹ ਤੋਂ ਨਹੀਂ ਭਟਕਾਉਾਂਦਾ। ਇਲੈਕਟ੍ਰੋਨਿਕ ਮੀਡੀਏ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਭੂਮਿਕਾ ਨਿਭਾਵੇ ਜਿਸ ਨਾਲ ਬੱਚੇ ਚੰਗੇ ਸਾਹਿਤ ਨਾਲ ਜੁੜ ਕੇ ਆਪਣਾ ਮਨੋਰੰਜਨ ਵੀ ਕਰਨ ਅਤੇ ਉਨਾਂ ਦਾ ਸ਼ਖ਼ਸੀਅਤ ਦਾ ਨਿਰਮਾਣ ਵੀ ਹੋਵੇ।
? ਸਵਾਲ- ਪੰਜਾਬੀ ਵਿਚ ਬਾਲ ਰਸਾਲਿਆਂ ਦੀ ਸਥਿਤੀ ਬਹੁਤੀ ਸੰਤੋਖਜਨਕ ਨਹੀ ਹੈ। ਬਾਲ ਰਸਾਲੇ ਸ਼ੁਰੂ ਤਾਂ ਹੁੰਦੇ ਰਹੇ ਪਰ ਛੇਤੀ ਹੀ ਇਨਾਂ ਦਾ ਪ੍ਰਕਾਸ਼ਨ ਬੰਦ ਹੁੰਦਾ ਰਿਹਾ। ਇਸ ਬਾਰੇ ਕੁਝ ਚਾਨਣਾ ਪਾਉ।
ਜਵਾਬ- ਇਸ ਸਮੇਂ ਪੰਜਾਬੀ ਬਾਲ ਸਾਹਿਤ ਦੀ ਸਥਿਤੀ ਤਸੱਲੀਬਖ਼ਸ਼ ਨਾ ਹੋਣ ਦੇ ਕਈ ਕਾਰਨ ਹਨ। ਆਜ਼ਾਦੀ ਪ੍ਰਾਪਤੀ ਤੋਂ ਪਹਿਲਾਂ ਪੰਜਾਬੀ ਵਿਚ ‘ਬਾਲਕ’, ‘ਬਾਲ ਸੰਦੇਸ਼’, ‘ਸਕੂਲ’, ‘ਛਣਕਣਾ’ ਵਰਗੇ ਰਸਾਲੇ ਨਿਕਲਦੇ ਸਨ ਅਤੇ ਆਜ਼ਾਦੀ ਪ੍ਰਾਪਤੀ ਤੋਂ ਬਾਅਦ ‘ਬੀਬਾ ਰਾਣਾ’, ‘ਬਾਲ ਦਰਬਾਰ’,‘ਅੱਲੜ-ਬੱਲੜ’ ਵਰਗੇ ਰਸਾਲੇ ਨਿਕਲਣੇ ਸ਼ੁਰੂ ਹੋਏ ਪ੍ਰੰਤੂ ਸੰਪਾਦਕਾਂ ਦੀਆਂ ਨਿੱਜੀ,ਆਰਥਿਕ ਮਜ਼ਬੂਰੀਆਂ ਕਾਰਨ ਇਨਾਂ ਵਿਚੋਂ ਇਕ ਦੋਂ ਨੂੰ ਛੱਡ ਕੇ ਸਾਰਿਆਂ ਦਾ ਛੇਤੀ ਹੀ ਭੋਗ ਪੈ ਜਾਦਾਂ ਰਿਹਾ। ਅੱਜ ਪੰਜਾਬੀ ਵਿਚ ਕੇਵਲ ‘ਪੰਖੜੀਆਂ’, ‘ਪ੍ਰਾਇਮਰੀ ਸਿੱਖਿਆ’,‘ਹੰਸਤੀ ਦੁਨੀਆ’ ਅਤੇ ‘ਨਿੱਕੀਆਂ ਕਰੂਬਲਾਂ’ ਹੀ ਜ਼ਿੰਦਾ ਰਹੇ ਹਨ। ਕਦੇ-ਕਦਾਈਂ ਕੋਈ ਹੋਰ ਸਰਕਾਰੀ ਜਾਂ ਗੈਰ ਸਰਕਾਰੀ ਰਸਾਲੇ ਦੇ ਵੀ ਦਰਸ਼ਨ ਹੋ ਜਆਦੇ ਹਨ। ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਜੇ ਸਰਕਾਰ ਇਨਾਂ ਰਸਾਲਿਆਂ ਨੂੰ ਖੁਲ ਦਿਲੀ ਨਾਲ ਮਾਇਕ ਮਦਦ ਦੇਵੇ ਅਤੇ ਮਾਪੇ ਆਪਣੇ ਬੱਚਿਆਂ ਨੂੰ ਖੁਦ ਚੰਗੇ ਰਸਾਲਿਆਂ ਅਤੇ ਅਖ਼ਬਾਰਾਂ ਪੜਨ ਲਈ ਪ੍ਰੇਰਿਤ ਕਰਨ ਤਾਂ ਮੈਂ ਸਮਝਦਾ ਹਾਂ ਕਿ ਬਾਲ ਰਸਾਲਿਆਂ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ। ਦੂਜੇ ਪਾਸੇ ਮੰਨੋਰੰਜਨ ਅਤੇ ਉਸਾਰੂ ਸਮੱਗਰੀ ਦੀ ਘਾਟ, ਰਸਾਲਿਆਂ ਦਾ ਮਹਿੰਗੇ ਹੋਣਾ ਅਤੇ ਪਿੰਡਾ, ਸ਼ਹਿਰ ਦੇ ਬੱਚਿਆਂ ਤੱਕ ਰਸਾਲੇ ਪੜਨ ਦੀ ਪਹੰਚ ਦਾ ਆਸਾਨ ਨਾ ਹੋਣਾ ਵੀ ਬਾਲ ਰਸਾਲਿਆਂ ਪ੍ਰਤੀ ਰੁਝਾਨ ਨੂੰ ਢਾਹ ਲਾਉਦੀ ਹੈ। ਪੰਜਾਬੀ ਵਿਚ ਬਾਲ ਮਨੋਵਿਗਿਆਨੀਆਂ ਅਤੇ ਅਨੁਭਵੀ ਚਿਤਕਾਰਾਂ ਦੀ ਘਾਟ ਵੀ ਉਦਾਸੀਨਤਾ ਪੈਦਾ ਕਰਦੀ ਹੈ। ਲੇਖਕਾਂ ਨੂੰ ਬਣਦਾ ਸੇਵਾ ਫਲ ਨਾ ਦੇਣਾ, ਰਸਾਲੇ ਲਈ ਵਰਤਿਆ ਜਾਣ ਵਾਲਾ ਘਟੀਆ ਕਾਗਜ਼, ਟਾਈਟਲ ਦਾ ਪ੍ਰਭਾਵਸ਼ਾਲੀ ਨਾ ਹੋਣਾ, ਢੁਕਵੇਂ ਅਤੇ ਰੰਗਦਾਰ ਚਿੱਤਰਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਨੇ ਵੀ ਚੰਗੇ ਬਾਲ ਰਸਾਲਿਆਂ ਨੂੰ ਬਹੁਤਾ ਵਿਕਸਿਤ ਨਹੀ ਹੋਣ ਦਿੱਤਾ, ਜਿਸ ਕਾਰਨ ਬਾਲ ਪੱਤਰਕਾਰੀ ਦੇ ਰਾਹ ਵਿਚ ਖੜੋਤ ਜਿਹੀ ਆ ਗਈ। ਪੰਜਾਬੀ ਅਖ਼ਬਾਰ ਵੀ ਬੱਚਿਆਂ ਲਈ ਬਾਕਾਇਦਾ ਕਾਲਮ ਪ੍ਰਕਾਸ਼ਿਤ ਕਰ ਰਹੇ ਹਨ, ਇਹੀ ਚੰਗੀ ਗੱਲ ਹੈ। ਹੋਰ ਵੀ ਚੰਗਾ ਹੋਵੇ ਜੇ ਵੱਡੇ ਪੱਧਰ ’ਤੇ ਪਿੰਡ-ਪਿੰਡ ਵਿਚ ਮੋਬਾਇਲ ਲਾਇਬ੍ਰੇਰੀਆਂ ਰਾਹੀਂ ਪੁਸਤਕਾਂ,ਰਸਾਲਿਆਂ ਅਤੇ ਅਖ਼ਬਾਰਾਂ ਦਾ ਸਿਲਸਿਲਾ ਆਰੰਭਿਆ ਜਾਵੇ।
? ਸਵਾਲ- ਤੁਹਾਡੇ ਵੱਲੋਂ ਤਿਆਰ ਕੀਤਾ ਜਾ ਰਿਹਾ ‘ਪੰਜਾਬੀ ਬਾਲ ਸਾਹਿਤ ਲੇਖਕ ਕੋਸ਼’ ਕਿਸ ਸਥਿਤੀ ਵਿਚ ਹੈ?
ਜਵਾਬ- ਕੋਈ ਵੀ ਕੋਸ਼ ਕਰੜੀ ਮਿਹਨਤ, ਸਾਧਨਾ ਅਤੇ ਲੰਮੇ ਸਮੇਂ ਦੀ ਮੰਗ ਕਰਦਾ ਹੈ। ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਸਾਹਿਤ ਅਧਿਐਨ ਦੀ ਮਾਰਫਤ ਇਹ ਕੋਸ਼ ਤਿਆਰ ਕਰ ਰਿਹਾ ਹਾਂ। ਇਸ ਵਿਚ ਚੜਦੇ ਅਤੇ ਲਹਿੰਦੇ ਪੰਜਾਬ ਦੇ ਬਾਲ ਸਾਹਿਤ ਦੇ ਲੇਖਕਾਂ ਦੇ ਬਿੳੂਰੇ ਸ਼ਾਮਿਲ ਹੋਣਗੇ। ਲੇਖਕਾਂ ਦੇ ਜਨਮ ਅਤੇ ਪਰਿਵਾਰਕ ਵੇਰਵਿਆਂ ਤੋਂ ਇਲਾਵਾ ਉਨਾਂ ਦੀਆਂ ਬਾਲ ਸਾਹਿਤ ਪੁਸਤਕਾਂ ਬਾਰੇ ਤਫ਼ਸੀਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਮੀਦ ਹੈ ਕਿ 2011 ਤੱਕ ਇਹ ਮੁਕੰਮਲ ਹੋ ਜਾਵੇਗਾ।
? ਸਵਾਲ- ਲਹਿੰਦੇ ਪੰਜਾਬ ਵਿਚ ਪੰਜਾਬੀ ਬਾਲ ਸਾਹਿਤ ਦਾ ਕੀ ਹਾਲ ਹੈ?
ਜਵਾਬ- ਉਥੇ ਬਹੁਤਾ ਚੰਗਾ ਹਾਲ ਨਹੀਂ। ਪਹਿਲੀ ਗੱਲ ਉਥੇ ਬੱਚਿਆਂ ਲਈ ਗੁਰਮੁਖੀ ਲਿੱਪੀ ਵਿਚ ਸਾਹਿਤ ਉਪਲੱਬਧ ਹੀ ਨਹੀਂ ਹੈ, ਦੂਜਾ ਸ਼ਾਹਮੁਖੀ ਲਿੱਪੀ ਯਾਨੀ (ਫਾਰਸੀ ਅੱਖਰਾਂ ਵਿਚ ਪੰਜਾਬੀ) ਵਿਚ ਜਿਹੜਾ ਬਾਲ ਸਾਹਿਤ ਮੌਜੂਦ ਹੈ, ਉਹ ਵੀ ਵੱਡੀ ਗਿਣਤੀ ਵਿਚ ਨਹੀਂ ਛਪਦਾ। ਇਲਿਆਸ ਘੁੰਮਣ ਨੇ ਸਭ ਤੋਂ ਪਹਿਲਾਂ ਮੀਟੀ ਨਾਂ ਦਾ ਰਸਾਲਾ ਕੱਢਿਆ ਸੀ ਪਰ ਡੇਢ ਕੁ ਸਾਲ ਵਿਚ ਹੀ ਬੰਦ ਹੋ ਗਿਆ। ਦੂਜਾ ਅਸ਼ਰਫ਼ ਸੁਹੇਲ ਨੇ ਕੱਢਿਆ ਸੀ ‘ਪਖੇਰੂ’ ਜਿਸ ਨੂੰ ਇਸ ਵੇਲੇ ਪੰਦਰਾ ਸਾਲ ਹੋ ਗਏ ਨੇ ਛਪਦਿਆਂ। ਇਕ ਹੋਰ ਬਾਲ ਰਸਾਲਾ ‘ਸਰਘੀ’ ਅਹਿਮਦ ਯਾਰ ਜੰਜੂਆ ਨੇ ਲਾਹੌਰ ਤੋਂ ਹੀ ਕੱਢਿਆ। ਉਥੇ ਲਾਹੌਰ ਵਿਚ ਪੰਜਾਬੀ ਬਾਲ ਅਦਬੀ ਬੋਰਡ ਨੇ ਬੱਚਿਆਂ ਲਈ ਚੰਗੀਆਂ ਕਿਤਾਬਾਂ ਛਾਪੀਆਂ ਹਨ। ਇਹ ਚੰਗੀ ਗੱਲ ਹੈ ਕਿ ਮਸੳੂਦ ਖੱਦਰ ਪੋਸ਼ ਟਰੱਸਟ ਲਾਹੌਰ ਪੰਜਾਬੀ ਵਿਚ ਲਿਖੀਆਂ ਗਈਆਂ ਪੁਸਤਕਾਂ ਉਪਰ ਨਕਦ ਐਵਾਰਡ ਦੇ ਕੇ ਬਾਲ ਸਾਹਿਤ ਲਿਖਾਰੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪਾਕਿਸਤਾਨ ਦੇ ਸਕੂਲਾਂ ਵਿਚ ਬੱਚਿਆਂ ਵਿਚ ਸਾਹਿਤ ਪੜਨ ਦਾ ਅਜੇ ਬਹੁਤਾ ਰੁਝਾਨ ਨਹੀਂ ਹੈ, ਪ੍ਰੰਤੂ ਸੁਹੇਲ ਵਰਗੇ ਸਿਰੜੀ ਕਾਮੇ ਪੱਲਿਉ ਖ਼ਰਚਾ ਕਰਕੇ ਵੀ ਪੰਜਾਬੀ ਮਾਂ ਬੋਲੀ ਦੇ ਦੀਪਕ ਨੂੰ ਜਗਦਾ ਰੱਖਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਥੇ ਹੋਰ ਯਤਨਾਂ ਦੀ ਲੋੜ ਹੈ।
? ਸਵਾਲ- ਉਹ ਕਿਹੜੇ ਵਿਸ਼ੇ ਹਨ ਜੋ ਬਾਲ ਸਾਹਿਤ ਵਿਚ ਅਜੇ ਅਛੂਤੇ ਪਏ ਹਨ?
ਜਵਾਬ- ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਇਸ ਲਈ ਅਜੋਕੇ ਬਾਲ ਸਾਹਿਤ ਵਿਚ ਪੁਰਾਣੀਆਂ ਚਮਤਕਾਰੀ ਵਿਸ਼ਿਆਂ ਦੀ ਥਾਂ ਗਿਆਨ ਵਿਗਿਆਨ ਦੀ ਸਮੱਗਰੀ ਨੂੰ ਬੱਚਿਆਂ ਅੱਗੇ ਪਰੋਸ ਕੇ ਰੱਖਿਆ ਜਾਣਾ ਚਾਹੀਦਾ ਹੈ ਪਰ ਇਹ ਕਾਰਜ ਇਸ ਤਰਾਂ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਵਿਰਾਸਤ ਵੀ ਹਾਸ਼ੀਏ ’ਤੇ ਨਾ ਚਲੀ ਜਾਵੇ ਅਤੇ ਬੱਚੇ ਗੂੜੇ ਵਿਗਿਆਨ ਮਸਲਿਆਂ ਵਿਚ ਹੀ ਉਲਝ ਕੇ ਰਹਿ ਜਾਣ। ਵਿਗਿਆਨਕ ਗੱਲ ਕਹਿਣ ਲਈ ਕਹਾਣੀ ਵਾਲਾ ਰਸ ਅਤੇ ਕਵਿਤਾ ਵਾਲੀ ਖਿੱਚ ਜ਼ਰੂਰ ਪੈਦਾ ਹੋਣੀ ਚਾਹੀਦੀ ਹੈ।
? ਸਵਾਲ- ਤੁਹਾਡੇ ਬਾਲ ਸਾਹਿਤ ਪਰਾਗੇ ਵਿਚ ਕੀ ਕੁਝ ਸ਼ਾਮਲ ਹੈ।
ਜਵਾਬ- ਮੈਂ ਹੁਣ ਤੱਕ ਬੱਚਿਆਂ ਲਈ 34 ਪੁਸਤਕਾਂ ਲਿਖੀਆਂ ਹਨ। ਇਹ ਪੁਸਤਕਾਂ ਭਾਸ਼ਾ ਵਿਭਾਗ, ਪੰਜਾਬ, ਪੰਜਾਬੀ ਅਕਾਦਮੀ ਦਿੱਲੀ, ਪ੍ਰੀਤਲੜੀ ਪ੍ਰੈਸ, ਲੋਕ ਗੀਤ ਪ੍ਰਕਾਸ਼ਨ, ਨੈਸ਼ਨਲ ਬੁੱਕ ਟਰੱਸਟ, ਇੰਡੀਆ, ਦਿੱਲੀ ਅਤੇ ਕਈ ਹੋਰ ਅਦਾਰਿਆਂ ਨੇ ਛਾਪੀਆਂ ਹਨ। ਮੈਂ ਪੰਜਾਬੀ ਬਾਲ ਸਾਹਿਤ ਦੇ ਇਤਿਹਾਸ ਨੂੰ ਆਲੋਚਨਾਤਮਕ ਦਿ੍ਰਸ਼ਟੀਕੋਣ ਤੋਂ ‘ਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ’ ਪੁਸਤਕ ਵਿਚ ਪਹਿਲੀ ਵਾਰ ਪੇਯਸ ਕੀਤਾ ਹੈ। ਮੇਰੀਆਂ ਤਿੰਨ ਪੁਸਤਕਾਂ ਪਾਕਿਸਤਾਨ ਵਿਚ ਸ਼ਾਹਮੁਖੀ ਲਿੱਪੀ ਵਿਚ ਛਪੀਆਂ ਹਨ। ਪੰਜਾਬ ਸੂਬੇ ਤੋਂ ਇਲਾਵਾ ਮਹਾਰਾਸ਼ਟਰ, ਦਿੱਲੀ ਅਤੇ ਰਾਜਸਥਾਨ ਦੇ ਸਿਲੇਬਸਾਂ ਵਿਚ ਮੇਰੀਆਂ ਪੁਸਤਕਾਂ ਸ਼ਾਮਿਲ ਹਨ। ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲੋਂ ਮੇਰੀਆਂ ਕੁਝ ਕਿਤਾਬਾਂ ਹਿੰਦੁਸਤਾਨ ਦੀਆਂ ਕਈ ਕਿਤਾਬਾਂ ਵਿਚ ਤਰਜਮਾ ਕਰਕੇ ਛਾਪੀਆਂ ਜਾ ਚੁਕੀਆਂ ਹਨ।
? ਸਵਾਲ- ਮਾਨਾਂ-ਸਨਮਾਨਾਂ ਬਾਰੇ ਵੀ ਗੱਲ ਹੋ ਜਾਣੀ ਚਾਹੀਦੀ ਹੇ?
ਜਵਾਬ- ਪੰਜਾਬੀ ਸੱਥ ਲਾਂਬੜਾ, ਭਾਰਤੀ ਬਾਲ ਕਲਿਆਣ ਸੰਸਥਾਨ ਕਾਨਪੁਰ, ਡਾ. ਭੀਮ ਰਾਓ ਅੰਬੇਦਕਰ ਯੂਨਿਵਰਸਿਟੀ ਆਗਰਾ, ਪੰਜਾਬੀ ਬਾਲ ਅਦਬੀ ਬੋਰਡ ਲਾਹੌਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਤੋਂ ਇਲਾਵਾ ਅਨੇਕਾਂ ਸਾਹਿਤਕ ਸੰਸਥਾਵਾਂ ਨੇ ਮੈਨੂੰ ਮਾਣ ਬਖਸ਼ਿਆ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ 2005 ਵਿਚ ਸ਼ੋ੍ਰਮਣੀ ਬਾਲ ਸਾਹਿਤ ਲੇਖਕ ਦਾ ਪੁਰਸਕਾਰ ਦਿੱਤਾ ਸੀ। ਮੈਂ ਆਪਣੇ ਬਾਲ ਪਾਠਕਾਂ ਦਾ ਧੰਨਵਾਦੀ ਹਾਂ, ਜਿਨਾਂ ਨੇ ਮੈਨੂੰ ਪ੍ਰਵਾਨ ਕੀਤਾ ਹੈ।
? ਸਵਾਲ- ਪੰਜਾਬੀ ਬਾਲ ਸਾਹਿਤ ਦਾ ਭਵਿੱਖ ਕਿਸ ਤਰਾਂ ਦਾ ਨਜ਼ਰ ਆ ਰਿਹਾ ਹੈ?
ਜਵਾਬ- ਸਾਨੂੰ ਆਸਵੰਦ ਰਹਿਣਾ ਚਾਹੀਦਾ ਹੈ ਕਿ ਮਾਂ ਬੋਲੀ ਦਾ ਇਹ ਖੇਤਰ ਵਿਕਸਿਤ ਹੋਵੇਗਾ। ਹਾਂ ਸਾਨੂੰ ਆਪਣੀ ਉਸਾਰੂ ਕੋਸ਼ਿਸ਼ਾਂ ਦਾ ਲੜ ਕਦੇ ਨਹੀ ਛੱਡਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਇਕ ਦਿਨ ਬਾਲ ਸਾਹਿਤ ਨਾਲ ਨਵੀਂ ਪੀੜੀ ਨਾਲ ਜੁੜ ਕਿ ਆਪਣੀਆਂ ਮਜ਼ਬੂਤ ਰਵਾਇਤਾਂ ਨੂੰ ਅੱਗੇ ਤੋਰਦੀ ਰਹੇਗੀ। ਇਹ ਮਾਰੀ ਕਾਮਨਾ ਵੀ ਹੈ ਤੇ ਅਰਦਾਸ ਵੀ।
Raj Bhatti
bahut wadhiya